|
ਏਸ਼ੀਅਨ ਸਟਾਰ ਐਥਲੈਟਿਕ ਮੀਟ 29
ਨੂੰ
ਪਟਿਆਲਾ, 27 ਜੁਲਾਈ - ਨਵੀਂ ਦਿੱਲੀ 'ਚ 29-30 ਜੁਲਾਈ ਨੂੰ
ਏਸ਼ੀਅਨ ਸਟਾਰ ਐਥਲੈਟਿਕ ਮੀਟ ਸ਼ੁਰੂ ਹੋ ਰਹੀ ਹੈ। ਜਿਸ ਵਿਚ ਏਸ਼ੀਆ ਦੇ 15
ਤੋਂ ਜ਼ਿਆਦਾ ਮੁਲਕਾਂ ਦੇ ਐਥਲੀਟ ਸ਼ਾਮਿਲ ਹੋ ਰਹੇ ਹਨ। ਇਸ ਮੀਟ ਵਿਚ ਵਿਦੇਸ਼ਾਂ
'ਚ ਸਿਖਲਾਈ ਲੈਣ ਗਏ ਭਾਰਤੀ ਐਥਲੀਟ ਵੀ ਦਿੱਲੀ ਵਿਖੇ ਪੁੱਜ ਗਏ ਹਨ। ਅਮਰੀਕਾ
'ਚ ਸਿਖਲਾਈ ਲੈ ਰਹੇ ਥਰੋਅਰ ਓਮ ਪ੍ਰਕਾਸ਼ ਤੇ ਵਿਕਾਸ ਗੌੜ, ਦੌੜਾਕ ਮਨਜੀਤ
ਕੌਰ, ਮਨਦੀਪ ਕੌਰ ਤੇ ਸਿਨੀ ਜੋਸ਼ ਆਦਿ ਇਸ ਮੀਟ 'ਚ ਹਿੱਸਾ ਲੈਣ ਲਈ ਵਤਨ
ਪਰਤ ਆਈਆਂ ਹਨ। ਇਸ ਮੀਟ 'ਚ ਚੀਨ, ਜਪਾਨ ਤੇ ਦੱਖਣੀ ਕੋਰੀਆ ਵਰਗੇ ਨਾਮਵਰ
ਮੁਲਕਾਂ ਦੇ ਖਿਡਾਰੀਆਂ ਨਾਲ ਹਰੇਕ ਈਵੈਂਟ 'ਚ ਭਾਰਤੀ ਖਿਡਾਰੀ ਲੋਹਾ ਲੈਣਗੇ।
ਕਰਾਸ ਕੰਟਰੀ ਦੀ ਟੀਮ ਦੇ ਚੋਣ
ਟਰਾਇਲ 2 ਨੂੰ
ਪਟਿਆਲਾ, 27 ਜੁਲਾਈ - ਸਤੰਬਰ 2010 'ਚ ਸਰਬ ਭਾਰਤੀ ਅੰਤਰ
ਯੂਨੀਵਰਸਿਟੀ ਕਰਾਸ ਕੰਟਰੀ ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਕਰਵਾਏ ਜਾ ਰਹੇ
ਹਨ। ਇਸ ਸਬੰਧ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਕਰਾਸ ਕੰਟਰੀ ਲੜਕੇ
ਅਤੇ ਲੜਕੀਆਂ ਦੀ ਤਿਆਰੀ ਲਈ ਕੈਂਪ ਲਗਾਇਆ ਜਾਣਾ ਹੈ। ਪੰਜਾਬੀ ਯੂਨੀਵਰਸਿਟੀ
ਕੈਂਪਸ ਵਿਖੇ ਯੂਨੀਵਰਸਿਟੀ ਦੀ ਕਰਾਸ ਕੰਟਰੀ ਦੀ ਟੀਮ ਦੇ ਚੋਣ ਟਰਾਇਲ 2
ਅਗਸਤ ਨੂੰ ਸਵੇਰੇ 5.30 ਵਜੇ ਕਰਵਾਏ ਜਾਣਗੇ। ਇਨ੍ਹਾਂ ਚੋਣ ਟਰਾਇਲਾਂ ਵਿਚ
ਭਾਗ ਲੈਣ ਵਾਲੇ ਖਿਡਾਰੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਆਪਣੇ
ਕਾਲਜ ਦੇ ਪ੍ਰਿੰਸੀਪਲ ਤੋਂ ਤਸਦੀਕਸ਼ੁਦਾ ਸ਼ਨਾਖਤੀ ਕਾਰਡ ਅਤੇ ਯੋਗਤਾ
ਪ੍ਰੋਫਾਰਮਾ ਨਾਲ ਲੈ ਕੇ ਆਉਣ।
ਵੱਡਾ ਇਨਾਮੀ ਕੁਸ਼ਤੀ ਮੇਲਾ 10
ਫਰਵਰੀ ਤੋਂ
ਬਠਿੰਡਾ, 27 ਜੁਲਾਈ - ਸ਼ਹੀਦ ਭਗਤ ਸਿੰਘ ਦੇ ਨਾਮ 'ਤੇ ਵੱਡਾ ਇਨਾਮੀ
ਕੁਸ਼ਤੀ ਮੇਲਾ ਫਰਵਰੀ ਦੇ ਦੂਜੇ ਹਫ਼ਤੇ 10 ਤੋਂ 12 ਫਰਵਰੀ ਤੱਕ ਭਾਰਤ ਵਿਚ
ਕਰਵਾਇਆ ਜਾ ਰਿਹਾ ਹੈ। ਇਸ ਇਨਾਮੀ ਕੁਸ਼ਤੀ ਮੇਲੇ ਵਿਚ ਭਾਰਤ ਦੇ ਮਰਦ ਔਰਤਾਂ
ਤੋਂ ਇਲਾਵਾ ਇਰਾਨ, ਪਾਕਿ, ਕਜ਼ਾਕਿਸਤਾਨ, ਉਜ਼ਬੇਕਿਸਤਾਨ, ਚੀਨ, ਜਾਪਾਨ,
ਜਰਮਨੀ, ਕਨੇਡਾ, ਇੰਗਲੈਂਡ, ਆਸਟਰੇਲੀਆ, ਕੋਰੀਆ, ਮੰਗੋਲੀਆ ਨੂੰ ਵਿਸ਼ੇਸ਼
ਤੌਰ 'ਤੇ ਸੱਦਾ ਪੱਤਰ ਭੇਜਿਆ ਜਾ ਰਿਹਾ ਹੈ। ਇਸ ਕੁਸ਼ਤੀ ਮੇਲੇ ਵਿਚ ਸਾਰੇ
ਵਰਗਾਂ ਦੇ ਮਰਦ-ਔਰਤਾਂ ਦੇ ਕੁਸ਼ਤੀ ਦੇ ਫਰੀ ਸਟਾਇਲ ਮੁਕਾਬਲੇ ਉਲੰਪਿਕ ਨਿਯਮਾਂ
ਅਨੁਸਾਰ ਹੋਣਗੇ। ਗੱਦੇ 'ਤੇ ਹੋਣ ਵਾਲੇ ਇਨ੍ਹਾਂ ਕੁਸ਼ਤੀ ਮੁਕਾਬਲਿਆਂ ਵਿਚ
ਕ੍ਰਿਕਟ ਵਾਂਗ ਰੀ-ਪਲੇਅ ਦਾ ਨਿਯਮ ਵੀ ਲਾਗੂ ਕੀਤਾ ਜਾਵੇਗਾ। ਇਸ ਮੇਲੇ ਦੇ
ਸਬੰਧ ਵਿਚ ਪੰਜਾਬ ਕੁਸ਼ਤੀ ਸੰਸਥਾ ਦੀ ਵੈੱਬਸਾਈਟ ਅਗਸਤ ਦੇ ਪਹਿਲੇ ਹਫਤੇ
ਤੱਕ ਜਾਰੀ ਕਰ ਦਿੱਤੀ ਜਾਵੇਗੀ। ਇਸ ਕੁਸ਼ਤੀ ਮੇਲੇ ਦਾ ਬਜਟ ਲਗਭਗ ਦੋ ਕਰੋੜ
ਹੋਵੇਗਾ ਜੋ ਵੱਡੀਆਂ ਕੰਪਨੀਆਂ ਵੱਲੋਂ ਸਪਾਂਸਰ ਕੀਤਾ ਜਾਵੇਗਾ। ਇਹ ਕੁਸ਼ਤੀ
ਮੇਲਾ ਪੰਜਾਬ ਕੁਸ਼ਤੀ ਸੰਸਥਾ ਅਤੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਂਝੇ ਉਦਮ
ਨਾਲ ਕਰਵਾਇਆ ਜਾਵੇਗਾ।
ਪੰਜਾਬੀ ਮੁਟਿਆਰਾਂ ਨੇ ਕਰਵਾਈ
ਪੰਜਾਬ ਦੀ ਬੱਲੇ ਬੱਲੇ
ਪਟਿਆਲਾ, 26 ਜੁਲਾਈ - 6ਵੀਂ ਕੌਮੀ ਯੂਥ ਮਹਿਲਾ ਮੁੱਕੇਬਾਜ਼ੀ
ਚੈਂਪੀਅਨਸ਼ਿਪ ਗੁਹਾਟੀ ਵਿਖੇ ਕਰਵਾਈ ਗਈ। ਜਿਸ ਚੈਂਪੀਅਨਸ਼ਿਪ ਵਿਚ ਪੰਜਾਬ ਨੇ
1 ਸੋਨ, 2 ਚਾਂਦੀ ਅਤੇ 3 ਕਾਂਸੀ ਦੇ ਤਗਮੇ ਜਿੱਤ ਕੇ ਤੀਜਾ ਦਰਜਾ ਹਾਸਲ
ਕੀਤਾ ਹੈ। ਇਸ ਚੈਂਪੀਅਨਸ਼ਿਪ 'ਚ ਮਨੀਪੁਰ 28 ਅੰਕਾਂ ਨਾਲ ਪਹਿਲੇ, ਅਸਾਮ 25
ਅੰਕਾਂ ਨਾਲ ਦੂਸਰੇ ਅਤੇ ਪੰਜਾਬ 19 ਅੰਕਾਂ ਨਾਲ ਤੀਸਰੇ ਸਥਾਨ 'ਤੇ ਰਿਹਾ।
ਚੈਂਪੀਅਨਸ਼ਿਪ 'ਚ ਪੰਜਾਬ ਦੀ ਮੋਨਿਕਾ ਐਸ. ਟੀ. ਸੀ. ਪਟਿਆਲਾ ਨੇ 64 ਕਿਲੋ
ਵਰਗ 'ਚ ਅਸਾਮ ਦੀ ਬਾਸਮਤੀ ਨੂੰ 3-1 ਨਾਲ ਹਰਾ ਕੇ ਸੋਨ ਤਗਮਾ, 57
ਕਿਲੋਵਰਗ 'ਚ ਪੰਜਾਬ ਦੀ ਪ੍ਰਿਯੰਕਾ ਜਲੰਧਰ ਨੇ ਚਾਂਦੀ ਤੇ 81 ਕਿਲੋ ਵਰਗ
'ਚ ਅਮਨਦੀਪ ਕੌਰ ਲੁਧਿਆਣਾ ਨੇ ਚਾਂਦੀ ਦਾ ਤਗਮਾ ਜਿੱਤਿਆ। ਇਸ ਤੋਂ ਇਲਾਵਾ
ਨੈਣਾ ਐਸ. ਟੀ. ਸੀ. ਪਟਿਆਲਾ ਨੇ 48 ਕਿਲੋ, ਨਵਨੀਤ ਕੌਰ ਗੁਰਦਾਸਪੁਰ ਨੇ
75 ਕਿਲੋ ਅਤੇ ਦੀਕਸ਼ਾ ਬਠਿੰਡਾ ਨੇ 54 ਕਿਲੋ ਵਰਗ 'ਚ ਕਾਂਸੀ ਦੇ ਤਗਮੇ
ਜਿੱਤੇ।
ਪੰਜਾਬ ਸਕੂਲ ਖੇਡਾਂ ਹੁਣ 26
ਤੋਂ 19 ਨਵੰਬਰ ਤੱਕ
ਪਟਿਆਲਾ/ਬਟਾਲਾ 26 ਜੁਲਾਈ - ਡਾਇਰੈਕਟਰ ਜਨਰਲ ਸਕੂਲ ਸਿੱਖਿਆ
ਵਿਭਾਗ ਪੰਜਾਬ ਵੱਲੋਂ ਜਾਰੀ ਪੱਤਰ ਅਨੁਸਾਰ 26 ਤੋਂ 29 ਅਗਸਤ ਤੱਕ ਹੋਣ
ਵਾਲੇ ਜ਼ੋਨਲ ਖੇਡ ਮੁਕਾਬਲੇ ਸੋਧੀਆਂ ਤਾਰੀਕਾਂ ਅਨੁਸਾਰ 6 ਅਕਤੂਬਰ ਤੋਂ
ਪਹਿਲਾਂ-ਪਹਿਲਾਂ ਨੇਪਰੇ ਚਾੜ੍ਹਨ ਦੀ ਹਦਾਇਤ ਕੀਤੀ ਗਈ ਹੈ। ਐਥਲੈਟਿਕਸ ਤੋਂ
ਇਲਾਵਾ 29 ਤੋਂ 31 ਅਗਸਤ ਤੱਕ ਹੋਣ ਵਾਲੇ ਜ਼ਿਲ੍ਹਾ ਪੱਧਰੀ ਮੁਕਾਬਲੇ ਹੁਣ
18 ਤੋਂ 28 ਅਗਸਤ ਤੱਕ ਨੇਪਰੇ ਚਾੜ੍ਹਨ ਦਾ ਆਦੇਸ਼ ਜਾਰੀ ਕੀਤਾ ਗਿਆ ਹੈ।
ਪਹਿਲਾਂ ਇਹ ਖੇਡ ਮੁਕਾਬਲੇ ਤਿੰਨ ਦਿਨਾਂ 'ਚ ਹੋਣੇ ਸਨ, ਪਰ ਹੁਣ ਜ਼ਿਲ੍ਹਾ
ਪੱਧਰੀ ਮੁਕਾਬਲਿਆਂ ਲਈ 11 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਰਾਜ ਪੱਧਰੀ
ਖੇਡ ਮੁਕਾਬਲੇ 9 ਤੋਂ 13 ਅਕਤੂਬਰ ਤੱਕ ਕਰਵਾਏ ਜਾਣਗੇ ਅਤੇ ਕੌਮੀ ਖੇਡਾਂ
ਨਵੰਬਰ ਦੇ ਪਹਿਲੇ ਹਫ਼ਤੇ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ 8 ਤੋਂ 11
ਸਤੰਬਰ ਅਤੇ 29 ਅਗਸਤ ਤੋਂ 1 ਅਕਤੂਬਰ ਤੱਕ ਹੋਣ ਵਾਲੇ ਰਾਜ ਪੱਧਰੀ ਖੇਡ
ਮੁਕਾਬਲੇ 15 ਤੋਂ 19 ਅਕਤੂਬਰ ਤੱਕ ਹੋਣਗੇ। 15 ਤੋਂ 19 ਨਵੰਬਰ ਤੱਕ ਹੋਣ
ਵਾਲੇ ਰਾਜ ਪੱਧਰੀ ਖੇਡ ਮੁਕਾਬਲੇ 22 ਤੋਂ 26 ਅਕਤੂਬਰ ਤੱਕ ਕਰਵਾਏ ਜਾਣਗੇ।
ਕੌਮੀ ਸਕੂਲ ਖੇਡਾਂ ਦੇ ਸਮੇਂ ਤੇ ਸਥਾਨ ਬਾਰੇ ਬਾਅਦ ਵਿਚ ਐਲਾਨ ਕੀਤਾ
ਜਾਵੇਗਾ।
ਜੂਨੀਅਰ ਮੁੱਕੇਬਾਜ਼ਾਂ ਦਾ ਦੋ
ਸੋਨ ਤਗਮਿਆਂ 'ਤੇ ਕਬਜ਼ਾ
ਨਵੀਂ ਦਿੱਲੀ, 26 ਜੁਲਾਈ - 25ਵਾਂ ਅਹਿਮਦ ਕਮਰਟ ਕੱਪ ਤੁਰਕੀ ਵਿਖੇ
ਇਸਤਾਬੁੰਲ 'ਚ ਕਰਵਾਇਆ ਗਿਆ। ਜਿਸ ਵਿਚ ਭਾਰਤ ਦੇ ਅੱਠ ਜੂਨੀਅਰ ਮੁੱਕੇਬਾਜ਼ਾਂ
ਨੇ ਦੋ ਸੋਨੇ ਦੇ, ਇਕ ਚਾਂਦੀ ਅਤੇ ਇਕ ਕਾਂਸੀ ਦਾ ਤਗਮਾ ਜਿੱਤਿਆ। ਓਵਰਆਲ
ਪ੍ਰਦਰਸ਼ਨ 'ਚ ਭਾਰਤੀ ਟੀਮ ਚੌਥੇ ਨੰਬਰ 'ਤੇ ਰਹੀ। ਭਾਰਤ ਵੱਲੋਂ ਨਾਮਬਾਲਾ
ਗੋਵਰਧਨ (57 ਕਿੱਲੋਗ੍ਰਾਮ) ਅਤੇ ਧੀਰਜ ਕੁਮਾਰ (52 ਕਿੱਲੋਗ੍ਰਾਮ) ਨੇ ਸੋਨੇ
ਦੇ ਤਮਗੇ ਜਦੋਂਕਿ ਸੁਰਿੰਦਰ ਕੁਮਾਰ ਸਿੰਘ (50 ਕਿੱਲੋਗ੍ਰਾਮ) ਨੇ ਚਾਂਦੀ
ਦਾ ਅਤੇ ਗੁਰਲੀਨ ਸਿੰਘ (63 ਕਿੱਲੋਗ੍ਰਾਮ) ਨੇ ਕਾਂਸੀ ਦਾ ਤਮਗਾ ਜਿੱਤਿਆ।
ਖੇਡਾਂ ਦੇ ਨਵੇਂ ਬਣੇ ਤਕਨੀਕੀ
ਨਿਯਮ ਲਾਗੂ
ਜਲੰਧਰ, 25 ਜੁਲਾਈ - ਸਕੂਲਜ਼ ਗੇਮਜ਼ ਫੈਡਰੇਸ਼ਨ ਆਫ ਇੰਡੀਆ ਵੱਲੋਂ
ਸਕੂਲ ਖੇਡਾਂ ਕਰਵਾਉਣ ਲਈ ਕਈ ਖੇਡਾਂ ਦੇ ਤਕਨੀਕੀ ਨਿਯਮਾਂ ਨੂੰ ਮਨਜ਼ੂਰੀ
ਦਿੱਤੀ ਗਈ ਹੈ। ਇਨ੍ਹਾਂ ਨਿਯਮਾਂ ਨੂੰ 56ਵੀਆਂ ਨੈਸ਼ਨਲ ਸਕੂਲ ਖੇਡਾਂ
2010-11 ਤੋਂ ਲਾਗੂ ਕੀਤਾ ਗਿਆ ਹੈ। ਇਸ ਸਾਲ ਤੋਂ ਹਾਕੀ ਲੜਕੇ ਤੇ ਲੜਕੀਆਂ
ਦੇ ਅੰਡਰ 14, 17, 19 ਸਾਲ ਵਰਗ ਵਿਚ 18 ਖਿਡਾਰੀਆਂ ਨੂੰ ਮਾਨਤਾ ਦਿੱਤੀ
ਹੈ ਜਦ ਕਿ ਇਸ ਤੋਂ ਪਹਿਲਾਂ 16 ਖਿਡਾਰੀ ਖੇਡਦੇ ਸਨ। ਕਬੱਡੀ ਨੈਸ਼ਨਲ ਸਟਾਈਲ
ਵਰਗ ਦੇ ਅੰਡਰ 14 ਸਾਲ ਲੜਕੇ ਤੇ ਲੜਕੀਆਂ ਦੀ ਚੈਂਪੀਅਨਸ਼ਿਪ ਵਿਚ ਇਸ ਸਾਲ
ਤੋਂ ਭਾਰ ਦਾ ਨਿਯਮ ਵੀ ਲਾਗੂ ਕੀਤਾ ਗਿਆ ਹੈ। ਲੜਕੇ ਦਾ ਭਾਰ 48 ਕਿਲੋ ਤੋਂ
ਵੱਧ ਤੇ ਲੜਕੀ ਦਾ ਭਾਰ 45 ਕਿਲੋ ਤੋਂ ਵੱਧ ਨਹੀਂ ਹੋਣਾ ਚਾਹੀਦਾ।
ਤਲਵਾਰਬਾਜ਼ੀ (ਫੈਸਿੰਗ) ਵਿਚ ਸੈਬਰੇ ਈਵੈਂਟਸ ਲੜਕੀਆਂ ਦੇ ਵਰਗ ਵਿਚ ਲਾਗੂ
ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਸਕੇਟਿੰਗ ਦੇ ਮੁਕਾਬਲੇ ਵਿਚ ਅੰਡਰ 11,
14, 17 ਤੇ 19 ਸਾਲ ਲੜਕੇ ਤੇ ਲੜਕੀਆਂ ਦੇ ਵਰਗ ਵਿਚ ਟੂਰਨਾਮੈਂਟ ਕੁਆਰਟਜ਼
ਤੇ ਇਨਲਾਈਨ ਵਿਚ ਹੀ ਸਿਰਫ ਕਰਵਾਇਆ ਜਾਵੇਗਾ। ਸਕਾਈ ਮਾਰਸ਼ਲ ਆਰਟ ਦੇ ਅੰਡਰ
14 ਸਾਲ ਲੜਕੇ ਤੇ ਲੜਕੀਆਂ ਨੂੰ ਇਸ ਸਾਲ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ
ਤੋਂ ਪਹਿਲਾਂ ਅੰਡਰ 17 ਤੇ 19 ਸਾਲ ਵਰਗ ਦੇ ਮੁਕਾਬਲੇ ਹੀ ਲੜਕੇ ਤੇ ਲੜਕੀਆਂ
ਦੇ ਵਰਗ ਦੇ ਕਰਵਾਏ ਜਾਂਦੇ ਸਨ। ਇਸ ਸਾਲ ਤੋਂ ਅੰਡਰ 14 ਸਾਲ ਲੜਕੇ ਵਰਗ ਦੇ
ਭਾਰ ਵਰਗ 25 ਕਿਲੋ, 33 ਕਿਲੋ, 37 ਕਿਲੋ, 41 ਕਿਲੋ, 45 ਕਿਲੋ ਤੇ ਓਪਨ
ਵਰਗ ਹੋਣਗੇ ਤੇ ਲੜਕੀਆਂ ਦੇ ਵਰਗ ਵਿਚ 23 ਕਿਲੋ, 27 ਕਿਲੋ, 31 ਕਿਲੋ, 35
ਕਿਲੋ, 41 ਕਿਲੋ ਤੇ ਓਪਨ ਵਰਗ ਦੇ ਮੁਕਾਬਲੇ ਇਨ੍ਹਾਂ ਭਾਰ ਵਰਗਾਂ ਵਿਚ
ਕਰਵਾਏ ਜਾਣਗੇ। ਸਾਈਕਲਿੰਗ ਦੀ ਖੇਡ ਦੇ ਵਿਚ ਇਸ ਵਾਰੀ ਮੇਡ ਇੰਨ ਇੰਡੀਆ
ਜਾਣੀ ਕਿ ਭਾਰਤ ਦੇ ਬਣੇ ਸਾਈਕਲ ਨੂੰ ਮਨਜ਼ੂਰੀ ਦਿੱਤੀ ਗਈ। ਜਦ ਕਿ ਇਸ ਤੋਂ
ਪਹਿਲਾਂ ਸਿਰਫ ਵਿਦੇਸ਼ ਦੇ ਬਣੇ ਸਾਈਕਲ ਨੂੰ ਟੂਰਨਾਮੈਂਟ ਲਈ ਮਨਜ਼ੂਰੀ ਸੀ।
ਭਾਰਤ ਦੇ ਬਣੇ ਸਾਈਕਲ ਇਨ੍ਹਾਂ ਟੂਰਨਾਮੈਂਟਾਂ 'ਚ ਹਿੱਸਾ ਨਹੀਂ ਸੀ ਲੈ ਸਕਦੇ।
ਰਾਜ ਪੱਧਰੀ ਸਕੂਲ ਖੇਡਾਂ ਦੀਆਂ
ਤਰੀਕਾਂ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 24 ਜੁਲਾਈ - ਰਾਜ ਦੇ ਸਕੂਲਾਂ ਵਿਚ
ਭੇਜੇ ਗਏ ਵਿਦਿਅਕ ਕੈਲੰਡਰ ਸੈਕੰਡਰੀ ਵਿਚ ਡਾਇਰੈਕਟਰ ਸਿੱਖਿਆ ਵਿਭਾਗ
ਸੈਕੰਡਰੀ ਪੰਜਾਬ ਚੰਡੀਗੜ੍ਹ ਖੇਡ ਸ਼ਾਖ਼ਾ ਵੱਲੋਂ ਸੋਧ ਕੀਤੀ ਗਈ ਹੈ। ਜ਼ਿਲ੍ਹਾ
ਖੇਡਾਂ ਐਥਲੈਟਿਕਸ ਤੋਂ ਬਿਨਾਂ 18 ਅਗਸਤ ਤੋਂ 28 ਅਗਸਤ ਤੱਕ ਕਰਵਾਈਆਂ
ਜਾਣਗੀਆਂ। ਇਸੇ ਤਰ੍ਹਾਂ ਜ਼ੋਨਲ ਅਤੇ ਜ਼ਿਲ੍ਹਾ ਪੱਧਰੀ ਐਥਲੈਟਿਕਸ ਮੁਕਾਬਲੇ 6
ਅਕਤੂਬਰ ਤੋਂ ਪਹਿਲਾਂ ਮੁਕੰਮਲ ਕਰਵਾਏ ਜਾਣਗੇ। ਰਾਜ ਪੱਧਰੀ ਐਥਲੈਟਿਕ ਮੀਟ
10 ਅਕਤੂਬਰ ਤੱਕ ਅਤੇ ਰਾਜ ਪੱਧਰੀ ਖੇਡਾਂ 15 ਅਕਤੂਬਰ ਤੋਂ 19 ਅਕਤੂਬਰ ਅਤੇ
22 ਅਕਤੂਬਰ ਤੋਂ 26 ਅਕਤੂਬਰ ਤੱਕ ਹੋਣਗੀਆਂ।
ਰਾਸ਼ਟਰ ਮੰਡਲ ਖੇਡਾਂ 'ਚ ਸ਼ਾਮਿਲ
ਹੋ ਰਹੇ 6 ਪਾਕਿਸਤਾਨੀ ਮੁੱਕੇਬਾਜ਼
ਕਰਾਚੀ, 23 ਜੁਲਾਈ - ਬ੍ਰਿਟਿਸ਼ ਮੁੱਕੇਬਾਜ਼ੀ ਚੈਂਪੀਅਨ ਆਮੀਰ ਖਾਨ
ਦਾ ਭਰਾ ਹਾਰੂਨ ਸ਼ਾਹਿਦ ਦਿੱਲੀ ਰਾਸ਼ਟਰ ਮੰਡਲ ਖੇਡਾਂ ਦੌਰਾਨ ਮੁੱਕੇਬਾਜ਼ੀ
ਮੁਕਾਬਲੇ 'ਚ ਪਾਕਿਸਤਾਨ ਦੇ 6 ਮੈਂਬਰੀ ਦਲ ਨਾਲ ਹਿੱਸਾ ਲਵੇਗਾ। ਕਿਊਬਾ ਦੇ
ਕੋਚ ਫ੍ਰਾਂਸਿਕੋ ਹੇਰਨਾਂਦੇਜ ਰੋਲਡਨ ਵੱਲੋਂ ਤਿਆਰ ਕੀਤੀ ਗਈ ਪਾਕਿ ਟੀਮ 'ਚ
ਮੁਹੰਮਦ ਵਾਸੀਮ (49 ਕਿੱਲੋ), ਹਾਰੂਨ ਸ਼ਾਹਿਦ (52 ਕਿੱਲੋ), ਕਾਦਿਰ ਖਾਨ
(56 ਕਿੱਲੋ), ਅਦਨਾਨ ਹੁਸੈਨ (60 ਕਿੱਲੋ), ਨਾਸਿਰ ਖਾਨ (75 ਕਿੱਲੋ) ਅਤੇ
ਮੀਰਵੇਜ ਖਾਨ (91 ਕਿੱਲੋ ਤੋਂ ਵੱਧ) ਸ਼ਾਮਿਲ ਹੋਣਗੇ। ਪਾਕਿਸਤਾਨ ਦੇ ਦੋ
ਮੁੱਕੇਬਾਜ਼ ਨੇਮਤ ਉਲਾ (56 ਕਿੱਲੋ) ਅਤੇ ਅਰਸ਼ਦ ਹੁਸੈਨ (60 ਕਿੱਲੋ) ਨੂੰ
ਸੁਰੱਖਿਅਤ ਸੂਚੀ 'ਚ ਰੱਖਿਆ ਗਿਆ ਹੈ ਅਤੇ ਅਲੀ ਬਖ਼ਸ਼ ਨੂੰ ਸਹਾਇਕ ਕੋਚ
ਬਣਾਇਆ ਗਿਆ ਹੈ।
ਰਾਸ਼ਟਰ ਮੰਡਲ ਖੇਡਾਂ 'ਤੇ
ਅੱਤਵਾਦੀਆਂ ਦੀ ਨਜ਼ਰ
ਚੰਡੀਗੜ੍ਹ, 23 ਜੁਲਾਈ - ਰਾਸ਼ਟਰ ਮੰਡਲ ਖੇਡਾਂ ਜੋ ਕਿ ਦਿੱਲੀ ਵਿਚ
ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਉਤੇ ਅੱਤਵਾਦੀ ਆਪਣੇ ਹਮਲੇ ਕਰਨ
ਦੀ ਯੋਜਨਾ ਬਣਾ ਰਹੇ ਹਨ। ਖੇਡਾਂ ਦੌਰਾਨ ਖਾਲਿਸਤਾਨੀ ਖਾੜਕੂ ਵੱਡੇ ਧਮਾਕੇ
ਕਰਨ ਦੀ ਕੋਸ਼ਿਸ਼ ਵਿਚ ਹਨ ਅਤੇ ਇਸ ਦੇ ਲਈ ਭਾਰੀ ਮਾਤਰਾ 'ਚ ਆਰ. ਡੀ. ਐਕਸ
ਮੁਲਕ 'ਚ ਦਾਖ਼ਲ ਹੋ ਚੁੱਕਾ ਹੈ। ਇਹ ਸਨਸਨੀਖੇਜ਼ ਖੁਲਾਸਾ ਹੋਇਆ ਹੈ ਪੰਜਾਬ
ਪੁਲਿਸ ਦੇ ਖੁਫ਼ੀਆ ਵਿਭਾਗ ਦੀ ਇਕ ਚਿੱਠੀ ਤੋਂ, ਜਿਸ ਅਨੁਸਾਰ ਪਾਕਿਸਤਾਨ 'ਚ
ਬੈਠਾ ਖਾਲਿਸਤਾਨ ਕਮਾਂਡੋ ਫੋਰਸ ਦਾ ਖ਼ਤਰਨਾਕ ਖਾੜਕੂ ਰਣਜੀਤ ਸਿੰਘ ਨੀਟਾ
ਰਾਸ਼ਟਰ ਮੰਡਲ ਖੇਡਾਂ ਦੌਰਾਨ ਵੱਡੇ ਧਮਾਕੇ ਕਰਨ ਕਰਨ ਦੀ ਯੋਜਨਾ ਬਣਾ ਰਿਹਾ
ਹੈ ਅਤੇ ਇਹ ਕੰਮ ਅਮਰੀਕਾ, ਯੂ. ਕੇ. ਅਤੇ ਫਰਾਂਸ ਤੋਂ ਭਾੜੇ 'ਤੇ ਲਏ ਚਾਰ
ਮੁੰਡਿਆਂ ਨੂੰ ਸੌਂਪਿਆ ਗਿਆ ਹੈ। ਰਣਜੀਤ ਸਿੰਘ ਉਹੀ ਖਾੜਕੂ ਹੈ, ਜਿਸ ਦੇ
ਬਾਰੇ 'ਚ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੋਇਆ ਹੈ। ਪੰਜਾਬ ਪੁਲਿਸ ਦੇ
ਖੁਫ਼ੀਆ ਵਿਭਾਗ ਦੀ ਚਿੱਠੀ ਤੋਂ ਇਹ ਖੁਲਾਸਾ ਹੋਇਆ ਹੈ। ਜੇਕਰ ਇਹ ਚਾਰੋਂ
ਨਾਕਾਮ ਰਹਿੰਦੇ ਹਨ ਤਾਂ ਉਹ ਖੁਦ ਹਮਲੇ ਨੂੰ ਅੰਜਾਮ ਦੇਵੇਗਾ। ਪੰਜਾਬ
ਪੁਲਿਸ ਅਨੁਸਾਰ ਰਾਸ਼ਟਰ ਮੰਡਲ ਖੇਡਾਂ ਨੂੰ ਨਿਸ਼ਾਨਾ ਬਣਾਉਣ ਲਈ ਲੱਗਭਗ 15
ਕਿਲੋ ਆਰ. ਡੀ. ਐਕਸ ਮੁਲਕ 'ਚ ਦਾਖ਼ਲ ਕਰਵਾਇਆ ਗਿਆ ਹੈ। ਇਸ ਸਬੰਧ 'ਚ
ਪੰਜਾਬ ਪੁਲਿਸ ਨੇ 5 ਕਿਲੋ ਆਰ. ਡੀ. ਐਕਸ ਸਮੇਤ ਇਕ ਵਿਅਕਤੀ ਨੂੰ ਪਹਿਲਾਂ
ਗ੍ਰਿਫ਼ਤਾਰ ਵੀ ਕੀਤਾ ਹੈ। ਬਾਕੀ ਦਾ ਆਰ. ਡੀ. ਐਕਸ ਕਿਥੇ ਹੈ, ਇਸ ਦਾ ਪਤਾ
ਨਹੀਂ ਲੱਗ ਸਕਿਆ। ਉਧਰ, ਆਈ. ਬੀ. ਦੇ ਸੂਤਰਾਂ ਨੇ ਵੀ ਰਾਸ਼ਟਰ ਮੰਡਲ ਖੇਡਾਂ
'ਤੇ ਹਮਲੇ ਦਾ ਸੰਕੇਤ ਦਿੱਤਾ ਹੈ। ਆਈ. ਬੀ. ਦੇ ਸੂਤਰਾਂ ਅਨੁਸਾਰ ਰਾਸ਼ਟਰ
ਮੰਡਲ ਖੇਡਾਂ 'ਤੇ ਰਿਮੋਟ ਕੰਟਰੋਲ ਰਾਹੀਂ ਹਮਲਾ ਕੀਤਾ ਜਾ ਸਕਦਾ ਹੈ।
ਮਨਕਿਰਨ ਕੌਰ ਰਾਸ਼ਟਰ ਮੰਡਲ ਖੇਡਾਂ
'ਚ ਵੀ ਖੇਡੇਗੀ
ਸੰਗਰੂਰ, 22 ਜੁਲਾਈ - ਰੋਪੜ ਵਿਚ ਸਬ ਜੂਨੀਅਰ ਅਤੇ ਜੂਨੀਅਰ
ਪੰਜਾਬ ਸਟੇਟ ਤੈਰਾਕੀ ਚੈਂਪੀਅਨਸ਼ਿਪ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿਚ
ਗੋਲਡਨ ਅਰਥ ਗਲੋਬਲ ਸਕੂਲ ਸੰਗਰੂਰ ਦੇ ਖਿਡਾਰੀ ਹਰਰੂਪ ਸਿੰਘ, ਮਮਨੀਕ ਸਿੰਘ,
ਧਨਵੰਤ ਸਿੰਘ, ਸਿਮਰਵੀਰ ਸਿੰਘ ਅਤੇ ਖਿਡਾਰਨਾਂ ਮਨਕਿਰਨ ਕੌਰ, ਅਰਪਨਜੀਤ
ਕੌਰ, ਹਰਲੀਨ ਕੌਰ ਅਤੇ ਸਹਿਜਵੀਰ ਕੌਰ ਨੇ 40 ਦੇ ਕਰੀਬ ਸੋਨੇ, ਚਾਂਦੀ ਅਤੇ
ਕਾਂਸੀ ਦੇ ਤਗਮੇ ਜਿੱਤੇ। ਬੰਗਲੋਰ ਵਿਖੇ ਹੋਈ ਜੂਨੀਅਰ ਅਤੇ ਸਬ ਜੂਨੀਅਰ
ਨੈਸ਼ਨਲ ਚੈਂਪੀਅਨਸ਼ਿਪ 'ਚ ਇਸ ਸਕੂਲ ਦੀ ਤੈਰਾਕ ਮਨਕਿਰਨ ਕੌਰ ਨੇ 50 ਮੀਟਰ
ਅਤੇ 100 ਬ੍ਰੈਸਟ ਸਟੋਕ 'ਚ ਸੋਨੇ ਅਤੇ ਚਾਂਦੀ ਦਾ ਤਗਮਾ ਹਾਸਿਲ ਕੀਤਾ ਹੈ।
ਇਹ ਖਿਡਾਰਨ ਰਾਸ਼ਟਰ ਮੰਡਲ ਅਤੇ ਏਸ਼ੀਆ ਖੇਡਾਂ ਲਈ ਵੀ ਚੁਣੀ ਗਈ ਹੈ।
ਕੋਰ ਗਰੁੱਪ 'ਚ ਸ਼ਾਮਿਲ ਹੋਣਗੇ
ਸਿਰਫ਼ 41 ਮੁੱਕੇਬਾਜ਼
ਪਟਿਆਲਾ, 22 ਜੁਲਾਈ - ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ ਨੇ ਕੋਰ
ਗਰੁੱਪ 'ਚ 48 ਮੁੱਕੇਬਾਜ਼ਾਂ ਨੂੰ ਸ਼ਾਮਿਲ ਕਰਨ ਲਈ ਕਿਹਾ ਸੀ ਪਰ ਕੇਂਦਰੀ
ਖੇਡ ਮੰਤਰਾਲੇ ਨੇ 41 ਮੁੱਕੇਬਾਜ਼ਾਂ ਨੂੰ ਹੀ ਰਾਸ਼ਟਰ ਮੰਡਲ ਤੇ ਏਸ਼ੀਅਨ ਖੇਡਾਂ
ਦੀ ਤਿਆਰੀ ਲਈ ਚੁਣਿਆ ਹੈ। ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ ਦੇ ਜਨਰਲ ਸਕੱਤਰ
ਸ੍ਰੀ ਐਮ. ਕੇ. ਰਾਜਾ ਨੇ ਦੱਸਿਆ ਕਿ ਅਸੀਂ ਚੁਣੇ ਕੋਰ ਗਰੁੱਪ 'ਚੋਂ ਢਿੱਲੀ
ਕਾਰਗੁਜ਼ਾਰੀ ਦਿਖਾਉਣ ਵਾਲੇ ਮੁੱਕੇਬਾਜ਼ਾਂ ਦੀ ਖੇਡ ਮੰਤਰਾਲੇ ਤੋਂ ਛਾਂਟੀ
ਕਰਨ ਦੀ ਅਤੇ 16 ਨਵੇਂ ਮੁੱਕੇਬਾਜ਼ ਸ਼ਾਮਿਲ ਕਰਨ ਦੀ ਪ੍ਰਵਾਨਗੀ ਮੰਗੀ ਸੀ,
ਪਰ ਖੇਡ ਮੰਤਰਾਲੇ ਨੇ 9 ਮੁੱਕੇਬਾਜ਼ਾਂ ਦੀ ਛਾਂਟੀ ਕਰਨ ਦੀ ਆਗਿਆ ਤਾਂ ਦੇ
ਦਿੱਤੀ ਹੈ ਅਤੇ ਨਾਲ ਹੀ ਸਿਰਫ਼ 10 ਨਵੇਂ ਮੁੱਕੇਬਾਜ਼ ਜਿਨ੍ਹਾਂ ਨੇ ਹੁਣੇ
ਜਿਹੇ ਹੋਈ ਕੌਮੀ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਵਧੀਆ ਖੇਡ ਕੇ ਉਲਟਫੇਰ ਕਰਨ
ਕਰਕੇ ਕੌਮੀ ਟੀਮ ਲਈ ਆਪਣੀ ਦਾਅਵੇਦਾਰੀ ਠੋਕੀ ਸੀ, ਉਨ੍ਹਾਂ ਨੂੰ ਕੋਰ
ਗਰੁੱਪ 'ਚ ਸ਼ਾਮਿਲ ਕਰਨ ਦੀ ਪ੍ਰਵਾਨਗੀ ਦਿੱਤੀ ਹੈ। ਕੋਰ ਗਰੁੱਪ 'ਚੋਂ ਛਾਂਟੀ
ਕੀਤੇ ਗਏ ਕੌਮਾਂਤਰੀ ਤਜ਼ਰਬਾ ਰੱਖਣ ਵਾਲੇ ਮੁੱਕੇਬਾਜ਼ਾਂ 'ਚ ਰਾਕੇਸ਼ ਕਲਾਸਕਰ
ਸੈਨਾ, ਕ੍ਰਿਸ਼ਨ ਕੁਮਾਰ ਭਾਰਤੀ ਪੁਲਿਸ, ਪ੍ਰਮੋਦ ਕੁਮਾਰ ਰੇਲਵੇ, ਨਰੇਸ਼
ਕੁਮਾਰ ਸੈਨਾ, ਏ. ਐਲ. ਲਾਕੜਾ, ਮਨਜੀਤ ਸਿੰਘ ਹਰਿਆਣਾ, ਮਨਜੀਤ ਸਿੰਘ
ਪੰਜਾਬ ਤੇ ਐਸ. ਸੰਤੋਸ਼ ਸੈਨਾ ਸ਼ਾਮਿਲ ਹਨ। ਕੋਰ ਗਰੁੱਪ 'ਚ ਨਵੇਂ ਸ਼ਾਮਿਲ
ਕੀਤੇ ਗਏ ਮੁੱਕੇਬਾਜ਼ਾਂ 'ਚੋਂ ਮਦਨ ਲਾਲ ਹਰਿਆਣਾ, ਵਿਕਾਸ ਕੁਮਾਰ ਹਰਿਆਣਾ,
ਦਿਲਬਾਗ ਸਿੰਘ (ਜੂਨੀਅਰ) ਰੇਲਵੇ, ਜਗਤ ਸਿੰਘ ਭਾਰਤੀ ਪੁਲਿਸ, ਹਰਦੀਪ ਸਿੰਘ
ਸੈਨਾ, ਸੰਮੂ ਰਾਮ ਸੈਨਾ ਤੇ ਮੁਰਗਨ ਸ਼ਾਮਿਲ ਹਨ।
ਰਾਸ਼ਟਰੀ ਖੇਡ ਪੁਰਸਕਾਰਾਂ ਲਈ
ਚੁਣੀਆਂ ਕਮੇਟੀਆਂ
ਜਲੰਧਰ, 22 ਜੁਲਾਈ - ਰਾਸ਼ਟਰੀ ਖੇਡ ਐਵਾਰਡਾਂ ਲਈ ਕੇਂਦਰ ਸਰਕਾਰ
ਨੇ ਉਡਨਪਰੀ ਪੀ.ਟੀ.ਊਸ਼ਾ ਦੀ ਪ੍ਰਧਾਨਗੀ ਹੇਠ ਕਮੇਟੀਆਂ ਦੀ ਚੋਣ ਕੀਤੀ ਹੈ।
ਜੋ 2010 ਸਾਲ ਲਈ ਰਾਜੀਵ ਗਾਂਧੀ ਖੇਡ ਰਤਨ ਐਵਾਰਡ, ਅਰਜੁਨ ਐਵਾਰਡ, ਧਿਆਨ
ਚੰਦ ਐਵਾਰਡ ਤੇ ਪਹਿਲੀ ਵਾਰ ਦਿੱਤੇ ਜਾ ਰਹੇ ਰਾਸ਼ਟਰੀ ਖੇਡ ਪ੍ਰੋਤਸਾਹਨ
ਐਵਾਰਡ ਲਈ ਖਿਡਾਰੀਆਂ ਦੀ ਚੋਣ ਕਰੇਗੀ। ਦਰੋਣਾਚਾਰੀਆਾ ਐਵਾਰਡ ਲਈ ਕਮੇਟੀ
ਦੀ ਪ੍ਰਧਾਨਗੀ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਸਪੁੱਤਰ ਅਸ਼ੋਕ
ਕੁਮਾਰ ਨੂੰ ਬਣਾਇਆ ਗਿਆ ਹੈ। ਪੀ. ਟੀ. ਊਸ਼ਾ ਵਾਲੀ ਚੋਣ ਕਮੇਟੀ ਦੇ ਵਿਚ
ਅਰਪਨਾ ਪੋਪਟ (ਬੈਡਮਿੰਟਨ), ਐਸ. ਸੋਮਾਇਆ (ਹਾਕੀ), ਨਿਸ਼ਾ ਮਿਲਣੇ (ਤੈਰਾਕੀ),
ਲੀਏਂਡਰ ਪੇਸ (ਟੈਨਿਸ), ਕਰਨਮ ਮਲੇਸ਼ਵਰੀ (ਵੇਟ ਲਿਫਟਿੰਗ), ਲਿੰਬਾ ਰਾਮ (ਤੀਰਅੰਦਾਜ਼ੀ),
ਅਧਿਰਾਜ ਸਿੰਘ (ਘੋੜ ਸਵਾਰੀ), ਮੁਹੰਮਦ ਹਬੀਬ (ਫੁੱਟਬਾਲ), ਸ੍ਰੀ ਰਾਮ
ਭਵਸਰ (ਕਬੱਡੀ) ਨੂੰ ਬਤੌਰ ਮੈਂਬਰ ਨਾਮਜ਼ਦ ਕੀਤਾ ਹੈ, ਜਿਸ ਤੋਂ ਇਲਾਵਾ
ਦਰੋਣਾਚਾਰੀਆ ਐਵਾਰਡ ਲਈ ਬਣੀ ਕਮੇਟੀ ਦੇ ਪ੍ਰਧਾਨ ਅਸ਼ੋਕ ਕੁਮਾਰ, ਵੰਦਨਾ
ਰਾਵ (ਅਥਲੈਟਿਕਸ), ਰਜਿੰਦਰ ਪ੍ਰਸਾਦ (ਮੁੱਕੇਬਾਜ਼ੀ), ਜ਼ੁਲਫਕਾਰੂਦੀਨ (ਫੁੱਟਬਾਲ),
ਅੰਜਲੀ ਭਾਗਵਤ (ਨਿਸ਼ਾਨੇਬਾਜ਼ੀ), ਮਨਜੀਤ ਦੁਆ (ਟੇਬਲ ਟੈਨਿਸ), ਗੁਰਚਰਨ
ਸਿੰਘ (ਕ੍ਰਿਕਟ), ਇਸਮਾਈਲ ਬੇਗ (ਨੰਕਾਯਾਨ), ਸ੍ਰੀਧਰਨ (ਫੁੱਟਬਾਲ),
ਸਾਈਰਸ ਪੋਨਚਾ (ਸਕਵੈਸ) ਨੂੰ ਮੈਂਬਰ ਨਾਮਜ਼ਦ ਕੀਤਾ ਹੈ।
ਰਾਸ਼ਟਰ ਮੰਡਲ ਖੇਡਾਂ ਸਬੰਧੀ
ਟੈਸਟ ਮੁਕਾਬਲੇ ਸ਼ੁਰੂ
ਚੰਡੀਗੜ੍ਹ, 22 ਜੁਲਾਈ - ਦਿੱਲੀ ਵਿਚ ਹੋਣ ਵਾਲੀਆਂ ਰਾਸ਼ਟਰ ਮੰਡਲ
ਖੇਡਾਂ ਲਈ ਯਮੁਨਾ ਸਪੋਰਟਸ ਕੰਪਲੈਕਸ ਵਿਖੇ ਇਨਡੋਰ ਏ.ਸੀ.ਸਾਈਕਲਿੰਗ
ਸਟੇਡੀਅਮ ਵਿਚ ਸਾਈਕਲਿੰਗ ਖੇਡ ਸਬੰਧੀ 23 ਜੁਲਾਈ ਨੂੰ ਇਕ ਟੈਸਟ ਈਵੈਂਟ
ਕਰਵਾਇਆ ਜਾ ਰਿਹਾ ਹੈ। ਇਸ ਮੁਕਾਬਲੇ ਵਿਚ ਮਲੇਸ਼ੀਆ, ਚਾਈਨਾ ਤਾਈਪਾਈ,
ਆਸਟ੍ਰੇਲੀਆ ਤੇ ਭਾਰਤ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਪੰਜਾਬ ਤੋਂ
ਰਾਜ ਸਭਾ ਦੇ ਮੈਂਬਰ ਤੇ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਸ:
ਸੁਖਦੇਵ ਸਿੰਘ ਢੀਂਡਸਾ ਨੇ ਕਿਹਾ, ਰਾਸ਼ਟਰ ਮੰਡਲ ਖੇਡਾਂ ਤੋਂ ਪਹਿਲਾਂ ਇਹੋ
ਜਿਹਾ ਮੁਕਾਬਲਾ ਕਰਵਾਉਣਾ ਇਸ ਲਈ ਜ਼ਰੂਰੀ ਹੈ, ਤਾਂ ਕਿ ਇਸ ਸਟੇਡੀਅਮ ਵਿਚ
ਲੱਗੇ ਉਪਕਰਨਾਂ ਦੀ ਜਾਂਚ ਹੋ ਸਕੇ ਤੇ ਖੇਡਾਂ ਕਰਵਾਉਣ ਵਿਚ ਜੇਕਰ ਕੋਈ ਕਮੀ
ਜਾਂ ਸਮੱਸਿਆ ਆਉਂਦੀ ਹੈ, ਤਾਂ ਉਸ ਦਾ ਹੱਲ ਕੱਢਿਆ ਜਾ ਸਕੇ। ਇਨ੍ਹਾਂ ਟੈਸਟ
ਮੁਕਾਬਲਿਆਂ ਦਾ ਉਦਘਾਟਨ ਦਿੱਲੀ ਦੀ ਮੁੱਖ ਮੰਤਰੀ ਸ੍ਰੀਮਤੀ ਸ਼ੀਲਾ ਦੀਕਸ਼ਿਤ
ਵੱਲੋਂ ਕੀਤਾ ਜਾ ਰਿਹਾ ਹੈ, ਜਦੋਂਕਿ ਇਸ ਦੇ ਸਮਾਪਤੀ ਸਮਾਰੋਹ ਵਿਚ ਮੁੱਖ
ਮਹਿਮਾਨ ਦੇ ਤੌਰ 'ਤੇ ਇੰਡੀਅਨ ਉਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼
ਕਾਲਮਾਡੀ ਸ਼ਾਮਿਲ ਹੋਣਗੇ।
ਕੌਮੀ ਜੂਨੀਅਰ ਬਾਸਕਟਬਾਲ 'ਚ
ਸ਼ਾਮਿਲ 4 ਪੰਜਾਬੀ ਖਿਡਾਰੀ
ਪਟਿਆਲਾ, 21 ਜੁਲਾਈ - 21ਵੀਂ ਫੀਬਾ ਏਸ਼ੀਆ ਅੰਡਰ-18 ਚੈਂਪੀਅਨਸ਼ਿਪ
'ਚ ਸ਼ਾਮਿਲ ਹੋਣ ਲਈ ਮੱਧ ਏਸ਼ੀਆ ਜ਼ੋਨ ਦੇ ਕੁਆਲੀਫਾਇੰਗ ਟੂਰਨਾਮੈਂਟ ਲਈ ਕੌਮੀ
ਬਾਸਕਟਬਾਲ ਦੇ 16 ਸੰਭਾਵਿਤ ਖਿਡਾਰੀਆਂ 'ਚ 4 ਪੰਜਾਬੀ ਖਿਡਾਰੀਆਂ ਨੂੰ
ਸ਼ਾਮਿਲ ਕੀਤਾ ਗਿਆ ਹੈ। ਬੰਗਲੌਰ ਨੇੜੇ ਪੁਤਾਪਾਰਥੀ ਵਿਖੇ ਹੋਣ ਵਾਲੇ ਮੱਧ
ਏਸ਼ੀਆ ਜ਼ੋਨਲ ਕੁਆਲੀਫਾਇੰਗ ਟੂਰਨਾਮੈਂਟ ਰਾਹੀਂ ਹੀ ਭਾਰਤ ਟੀਮ ਏਸ਼ੀਅਨ
ਚੈਂਪੀਅਨਸ਼ਿਪ 'ਚ ਖੇਡਣ ਦੇ ਯੋਗ ਹੋਵੇਗੀ। ਇਹ ਟੂਰਨਾਮੈਂਟ 22 ਸਤੰਬਰ ਤੇ 1
ਅਕਤੂਬਰ ਨੂੰ ਯਮਨ ਦੇ ਸ਼ਹਿਰ ਸੇਨਾ ਵਿਖੇ ਹੋਵੇਗਾ। 16 ਸੰਭਾਵਿਤ ਖਿਡਾਰੀਆਂ
'ਚ ਸ਼ਿਆਮ ਸੁੰਦਰ ਤੇ ਅਜੇ ਪ੍ਰਤਾਪ ਸਿੰਘ ਦੋਨੋਂ ਛੱਤੀਸਗੜ੍ਹ, ਸੁਖਜੀਤ
ਦਿੱਲੀ, ਦਿਸ਼ਾਂਤ ਸ਼ਾਹ ਗੁਜਰਾਤ, ਸੰਨੀ ਰੌਤ ਤੇ ਕੀਰਤੀ ਗੋਸਵਾਮੀ ਦੋਨੋਂ
ਮੱਧ ਪ੍ਰਦੇਸ਼, ਰਾਜਨ ਸ਼ਰਮਾ, ਜਸਕਰਨ ਸਿੰਘ, ਸਤਨਾਮ ਸਿੰਘ ਤੇ ਅਮੀਜੋਤ ਸਿੰਘ
ਚਾਰੇ ਪੰਜਾਬ ਤੋਂ, ਅਨੰਤ ਸਿੰਘ ਰਾਜਸਥਾਨ, ਸੀ.ਬੀ. ਕਰਮਲ ਜੌਸਫ ਤਾਮਿਲਨਾਡੂ,
ਰਾਕੇਸ਼ ਕੁਮਾਰ ਯਾਦਵ ਤੇ ਬੌਬੀ ਸਿੰਘ ਦੋਨੋਂ ਉੱਤਰ ਪ੍ਰਦੇਸ਼, ਅਰਜੁਨ ਸਿੰਘ
ਤੇ ਸ਼ਦਾਬ ਖਾਨ ਦੋਨੋਂ ਭਾਰਤੀ ਰੇਲਵੇ ਸ਼ਾਮਿਲ ਹਨ। ਇਸ ਟੀਮ ਦੇ ਤਿਆਰੀ ਕੈਂਪ
ਦੀ ਜ਼ਿੰਮੇਵਾਰੀ ਪੰਜਾਬ ਨੂੰ ਸੌਂਪੀ ਗਈ ਹੈ। ਇਸ ਟੀਮ ਦਾ ਕੈਂਪ 20 ਜੁਲਾਈ
ਤੋਂ 8 ਅਗਸਤ ਤੱਕ ਗੁਰੂ ਨਾਨਕ ਦੇਵ ਇਨਡੋਰ ਸਟੇਡੀਅਮ ਲੁਧਿਆਣਾ ਵਿਖੇ
ਲਗਾਇਆ ਜਾਵੇਗਾ।
ਚੈਂਪੀਅਨਸ ਲੀਗ ਟਵੰਟੀ 20 'ਚ
ਸ਼ਾਮਿਲ ਹੋਣ ਵਾਲੀਆਂ ਟੀਮਾਂ
ਮੁੰਬਈ, 21 ਜੁਲਾਈ - ਜਿਨ੍ਹਾਂ ਖਿਡਾਰੀਆਂ ਨੇ ਇਕ ਤੋਂ ਵੱਧ ਟੀਮਾਂ
ਲਈ ਕੁਆਲੀਫਾਈ ਕੀਤਾ ਹੈ, ਉਨ੍ਹਾਂ ਛੇ ਖਿਡਾਰੀਆਂ ਵਿਚ ਇੰਡੀਅਨ ਪ੍ਰੀਮੀਅਰ
ਲੀਗ-3 ਦੀ ਨਿਲਾਮੀ ਦਾ ਸਭ ਤੋਂ ਮਹਿੰਗਾ ਖਿਡਾਰੀ ਕੀਰੋਨ ਪੋਲਾਰਡ ਵੀ
ਸ਼ਾਮਿਲ ਹੈ। ਇਸ ਟੂਰਨਾਮੈਂਟ ਵਿਚ ਮੁੰਬਈ ਇੰਡੀਅਨਸ ਦੁਆਰਾ 22 ਲੱਖ ਡਾਲਰ
'ਚ ਖਰੀਦੇ ਗਏ ਪੋਲਾਰਡ ਦੱਖਣੀ ਆਸਟ੍ਰੇਲੀਆ ਰੈਡਬੈਕਸ ਲਈ ਖੇਡਣ ਦੇ ਪਾਤਰ
ਵੀ ਹਨ। ਪੋਲਾਰਡ ਤੋਂ ਇਲਾਵਾ ਜਿਨ੍ਹਾਂ ਖਿਡਾਰੀਆਂ ਨੇ ਇਕ ਤੋਂ ਵੱਧ ਟੀਮਾਂ
ਲਈ ਕੁਆਲੀਫਾਈ ਕੀਤਾ ਹੈ, ਉਨ੍ਹਾਂ ਵਿਚ ਜੈਕਸ ਕਾਲਿਸ (ਘਰੇਲੂ ਟੀਮ
ਵਾਰੀਅਰਸ ਅਤੇ ਰਾਇਲ ਚੈਲੇਂਜਰਸ ਬੰਗਲੌਰ), ਮਾਰਕ ਬਾਊਚਰ (ਘਰੇਲੂ ਟੀਮ
ਵਾਰੀਅਰਸ ਅਤੇ ਰਾਇਲ ਚੈਲੇਂਜਰਸ ਬੰਗਲੌਰ), ਰੋਸ ਟੇਲਰ (ਘਰੇਲੂ ਟੀਮ
ਸੈਂਟਰਲ ਸਟੈਗਸ, ਵਿਕਟੋਰੀਆ ਬੁਸ਼ਰੇਂਜਰਸ ਅਤੇ ਰਾਇਲ ਚੈਲੇਂਜਰਸ ਬੰਗਲੌਰ),
ਡਵੇਨ ਬ੍ਰਾਵੋ (ਵਿਕਟੋਰੀਆ ਬੁਸ਼ਰੇਂਜਰਸ ਅਤੇ ਮੁੰਬਈ ਇੰਡੀਅਨਸ) ਅਤੇ
ਕੈਮਰੂਨ ਵਾਈਟ (ਘਰੇਲੂ ਟੀਮ ਵਿਕਟੋਰੀਆ ਬੁਸ਼ਰੇਂਜਰਸ ਅਤੇ ਰਾਇਲ ਚੈਲੇਂਜਰਸ
ਬੰਗਲੌਰ)। ਟੂਰਨਾਮੈਂਟ ਲਈ ਕੁਆਲੀਫਾਈ ਕਰ ਚੁੱਕੀਆਂ 9 ਟੀਮਾਂ 'ਚੋਂ ਅੱਠ
ਨੇ ਆਪਣੀਆਂ ਸ਼ੁਰੂਆਤੀ ਟੀਮਾਂ ਦਾ ਐਲਾਨ ਕਰ ਦਿੱਤਾ ਹੈ। ਵਾਯੰਬਾ ਨੇ ਹਾਲੇ
ਆਪਣੀ ਟੀਮ ਦਾ ਐਲਾਨ ਨਹੀਂ ਕੀਤਾ ਜਦਕਿ 15 ਮੈਂਬਰੀ ਅੰਤਿਮ ਟੀਮ ਦਾ ਐਲਾਨ
9 ਅਗਸਤ ਨੂੰ ਕੀਤੀ ਜਾਣਾ ਹੈ।
ਦੂਜੇ ਹਾਕੀ ਟੈਸਟ 'ਚ ਭਾਰਤ
ਅੱਵਲ
ਨਵੀਂ ਦਿੱਲੀ, 20 ਜੁਲਾਈ - ਪੈਰਿਸ 'ਚ ਹਾਕੀ ਦੇ ਟੈਸਟਾਂ ਦੀ ਲੜੀ
ਚੱਲ ਰਹੀ ਹੈ। ਇਸ ਲੜੀ ਵਿਚ ਭਾਰਤ ਨੇ ਦੂਜੇ ਹਾਕੀ ਟੈਸਟ 'ਚ ਸੰਦੀਪ ਸਿੰਘ
ਸਦਕਾ ਫਰਾਂਸ ਨੂੰ 6-0 ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 'ਚ 2-0 ਨਾਲ
ਜਿੱਤ ਪ੍ਰਾਪਤ ਕਰ ਲਈ ਹੈ। ਭਾਰਤ ਨੇ ਪਹਿਲਾ ਮੈਚ 4-3 ਨਾਲ ਜਿੱਤਿਆ ਸੀ।
ਤੀਸਰਾ ਅਤੇ ਆਖਰੀ ਮੈਚ ਕੱਲ੍ਹ ਖੇਡਿਆ ਜਾਵੇਗਾ। ਇਸ ਦੇ ਬਾਅਦ ਭਾਰਤੀ ਟੀਮ
ਆਪਣੇ ਯੂਰਪ ਦੌਰੇ ਦੇ ਆਖਰੀ ਪੜਾਅ ਦੇ ਲਈ ਨੀਦਰਲੈਂਡ ਰਵਾਨਾ ਹੋਵੇਗੀ।
ਦੂਸਰੇ ਟੈਸਟ 'ਚ ਪੂਰੀ ਤਰ੍ਹਾਂ ਨਾਲ ਭਾਰਤ ਦਾ ਦਬਦਬਾ ਰਿਹਾ।
ਸਬ ਜੂਨੀਅਰ ਏਸ਼ੀਅਨ ਕੁਸ਼ਤੀ
ਚੈਂਪੀਅਨਸ਼ਿਪ ਲਈ ਕੋਚਿੰਗ ਕੈਂਪ
ਜਲੰਧਰ, 20 ਜੁਲਾਈ - 30 ਜੁਲਾਈ ਤੋਂ 1 ਅਗਸਤ ਤੱਕ ਥਾਈਲੈਂਡ (ਬੈਂਕਾਕ)
'ਚ ਸਬ ਜੂਨੀਅਰ ਏਸ਼ੀਅਨ ਰੈਸਲਿੰਗ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਇਸ
ਚੈਂਪੀਅਨਸ਼ਿਪ ਦੀ ਤਿਆਰੀ ਲਈ ਰਾਸ਼ਟਰੀ ਕੋਚਿੰਗ ਕੈਂਪ ਫ੍ਰੀ ਸਟਾਈਲ ਵਰਗ ਦਾ
ਹੰਸ ਰਾਜ ਸਟੇਡੀਅਮ ਜਲੰਧਰ ਵਿਖੇ ਤੇ ਗਰੀਕੋ ਰੋਮਨ ਵਰਗ ਦੇ ਪਹਿਲਵਾਨਾਂ ਦਾ
ਕੋਚਿੰਗ ਕੈਂਪ ਪੀ. ਏ. ਪੀ. ਇੰਡੋਰ ਸਟੇਡੀਅਮ ਵਿਖੇ ਚੱਲ ਰਿਹਾ ਹੈ। ਇਸ
ਕੈਂਪ ਵਿਚ 80 ਪਹਿਲਵਾਨ 2 ਫਿਜ਼ੀਓ ਤੇ 10 ਕੋਚ ਹਿੱਸਾ ਲੈ ਰਹੇ ਹਨ। ਇਹ
ਕੋਚਿੰਗ ਕੈਂਪ 27 ਜੁਲਾਈ ਤੱਕ ਚੱਲੇਗਾ।
ਅੰਮ੍ਰਿਤਸਰ ਦੇ ਗੱਭਰੂ ਤੇ
ਮੁਟਿਆਰਾਂ ਚਮਕੀਆਂ
ਮਲੋਟ, 20 ਜੁਲਾਈ - ਤਿੰਨ ਦਿਨਾ ਐਡਵਰਡਗੰਜ ਪੰਜਾਬ ਸਟੇਟ ਜੂਨੀਅਰ
ਬਾਸਕਟਬਾਲ ਲੀਗ (ਮੁੰਡੇ ਅਤੇ ਕੁੜੀਆਂ) ਪੰਜਾਬ ਪੁਲਿਸ ਸ੍ਰੀ ਮੁਕਤਸਰ
ਸਾਹਿਬ ਜ਼ਿਲ੍ਹਾ ਬਾਸਕਟਬਾਲ ਐਸੋਸੀਏਸ਼ਨ, ਐਡਵਰਡਗੰਜ਼ ਪਬਲਿਕ ਵੈਲਫੇਅਰ
ਐਸੋਸੀਏਸ਼ਨ ਅਤੇ ਯੂਥ ਵੈਲਫੇਅਰ ਕਲਚਰਲ ਅਤੇ ਸਪੋਰਟਸ ਕਲੱਬ ਮਲੋਟ ਵੱਲੋਂ
ਕਰਵਾਈ ਗਈ। ਇਸ ਲੀਗ ਵਿਚ ਲੁਧਿਆਣਾ ਅਕੈਡਮੀ ਅਤੇ ਲੁਧਿਆਣਾ ਜ਼ਿਲ੍ਹੇ ਵਿਚ
ਮੁਕਾਬਲਾ ਕਰਵਾਇਆ ਗਿਆ। ਜਿਸ ਵਿਚ ਲੁਧਿਆਣਾ ਅਕੈਡਮੀ ਨੇ ਲੁਧਿਆਣੇ ਜ਼ਿਲ੍ਹੈ
ਨੂੰ 52-49 ਦੇ ਫ਼ਰਕ ਨਾਲ ਹਰਾਇਆ। ਇਸ ਤਰ੍ਹਾਂ ਇਸ ਲੀਗ ਵਿਚ ਲੁਧਿਆਣਾ
ਅਕੈਡਮੀ ਪਹਿਲੇ, ਲੁਧਿਆਣਾ ਜ਼ਿਲ੍ਹਾ ਦੂਜੇ ਅਤੇ ਸ੍ਰੀ ਮੁਕਤਸਰ ਸਾਹਿਬ ਦੇ
ਲੜਕੇ ਤੀਜੇ ਨੰਬਰ 'ਤੇ ਰਹੇ। ਜਦ ਕਿ ਲੜਕੀਆਂ ਵਿਚ ਅੰਕਾਂ ਦੇ ਆਧਾਰ 'ਤੇ
ਅੰਮ੍ਰਿਤਸਰ ਨੇ ਬਾਜ਼ੀ ਮਾਰੀ। ਕ੍ਰਮਵਾਰ ਗੁਰਦਾਸਪੁਰ ਦੂਜੇ ਤੇ ਲੁਧਿਆਣੇ
ਦੀਆਂ ਲੜਕੀਆਂ ਤੀਜੇ ਨੰਬਰ 'ਤੇ ਰਹੀਆਂ। ਇਸ ਲੀਗ ਵਿਚ ਤੇਜਿੰਦਰਪਾਲ ਸਿੰਘ
ਅੰਮ੍ਰਿਤਸਰ ਨੂੰ ਬੈਸਟ ਖਿਡਾਰੀ ਅਤੇ ਲੜਕੀਆਂ 'ਚੋਂ ਮਮਤਾ ਅੰਮ੍ਰਿਤਸਰ
ਬੈਸਟ ਖਿਡਾਰਣ ਬਣੀ। ਲੜਕੇ ਅਤੇ ਲੜਕੀਆਂ ਦੀਆਂ ਪਹਿਲੇ ਨੰਬਰ 'ਤੇ ਰਹੀਆਂ
ਟੀਮਾਂ ਨੂੰ ਗਿਆਰਾਂ-ਗਿਆਰਾਂ ਹਜ਼ਾਰ, ਦੂਜੇ ਸਥਾਨ ਨੂੰ 5100-5100 ਰੁਪਏ
ਨਕਦ ਤੇ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ। ਇਸ ਮੌਕੇ ਬੈਸਟ ਖਿਡਾਰੀਆਂ ਨੂੰ
2200-2200 ਰੁਪਏ ਦਿੱਤਾ ਗਿਆ।
ਭਾਗੋਵਾਲ ਦਾ ਛਿੰਝ ਮੇਲਾ 22
ਜੁਲਾਈ ਤੋਂ
ਬਟਾਲਾ, 20 ਜੁਲਾਈ - 22-23 ਜੁਲਾਈ ਨੂੰ ਪਿੰਡ ਭਾਗੋਵਾਲ 'ਚ
ਛਿੰਝ ਮੇਲਾ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਜਿੱਥੇ ਦੇਸ਼-ਵਿਦੇਸ਼ਾਂ ਤੋਂ
ਕਬੱਡੀ ਟੀਮਾਂ ਹਿੱਸਾ ਲੈਂਦੀਆਂ ਹਨ, ਉਥੇ ਦੇਸ਼-ਵਿਦੇਸ਼ ਦੇ ਚੋਟੀ ਦੇ
ਪਹਿਲਵਾਨ ਵੀ ਆਪਣੀਆਂ ਕੁਸ਼ਤੀਆਂ ਦੇ ਜ਼ੌਹਰ ਦਿਖਾਉਂਦੇ ਹਨ ਅਤੇ ਹਰ ਸਾਲ ਦੀ
ਤਰ੍ਹਾਂ ਇਸ ਸਾਲ ਵੀ ਮਾਲੀ ਦੀ ਕੁਸ਼ਤੀ ਜਿੱਤਣ ਵਾਲੇ ਪਹਿਲਵਾਨ ਨੂੰ
ਪਹਿਲਵਾਨ ਸਵ: ਮਹਿੰਦਰ ਸਿੰਘ ਦੇ ਪਰਿਵਾਰ ਵੱਲੋਂ 51 ਹਜ਼ਾਰ ਰੁਪਏ ਅਤੇ
ਗੁਰਜ ਇਨਾਮ ਵਜੋਂ ਦਿੱਤਾ ਜਾਵੇਗਾ। ਇਸ ਸਾਲ ਮਾਲੀ ਦੀ ਕੁਸ਼ਤੀ ਪਰਮਿੰਦਰ
ਸਿੰਘ ਡੂੰਮਛੇੜੀ ਅਤੇ ਭਾਰਤ ਕੇਸਰੀ ਐਵਾਰਡ ਜੇਤੂ ਪਹਿਲਵਾਨ ਸੋਨੀ ਦਿੱਲੀ
ਦਰਮਿਆਨ ਹੋਵੇਗੀ। ਜਿਨ੍ਹਾਂ 'ਚੋਂ ਜੇਤੂ ਨੂੰ ਉਨ੍ਹਾਂ ਦੇ ਪਰਿਵਾਰ ਵੱਲੋਂ
ਆਪਣੇ ਪਿਤਾ ਪਹਿਲਵਾਨ ਸਵ: ਮਹਿੰਦਰ ਸਿੰਘ ਦੀ ਯਾਦ ਵਿਚ 51 ਹਜ਼ਾਰ ਰੁਪਏ ਅਤੇ
ਗੁਰਜ ਦਿੱਤਾ ਜਾਵੇਗਾ।
9ਵੀਂ ਜੂਨੀਅਰ ਨੈਸ਼ਨਲ ਫੁੱਟਬਾਲ
ਚੈਂਪੀਅਨਸ਼ਿਪ
ਚੰਡੀਗੜ੍ਹ, 20 ਜੁਲਾਈ - 9ਵੀਂ ਜੂਨੀਅਰ ਨੈਸ਼ਨਲ ਲੜਕੀਆਂ
(ਅੰਡਰ-19) ਫੁੱਟਬਾਲ ਚੈਂਪੀਅਨਸ਼ਿਪ ਚੰਡੀਗੜ੍ਹ ਦੇ ਇੰਜੀਨੀਅਰਿੰਗ ਕਾਲਜ
ਵਿਚ ਚੱਲ ਰਹੀ ਹੈ। ਇਸ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਲੀਗ ਮੁਕਾਬਲਿਆਂ
ਦੇ ਦੌਰ ਦੇ ਇਕ ਮੈਚ 'ਚ ਮਹਾਰਾਸ਼ਟਰ ਦੀ ਟੀਮ ਨੇ ਅਸਾਮ ਦੀ ਟੀਮ 'ਤੇ ਵੱਡੀ
ਜਿੱਤ ਦਰਜ ਕੀਤੀ। ਮਹਾਂਰਾਸ਼ਟਰ ਦੀ ਟੀਮ ਵੱਲੋਂ 12 ਗੋਲ ਦਾਗੇ ਗਏ, ਜਦਕਿ
ਅਸਾਮ ਦੀ ਟੀਮ ਉਨ੍ਹਾਂ ਦੇ ਮੁਕਾਬਲੇ 'ਚ 6 ਗੋਲ ਕਰ ਸਕੀ। ਇਸ ਤੋਂ ਇਲਾਵਾ
ਪੱਛਮੀ ਬੰਗਾਲ ਦੀ ਟੀਮ ਨੇ ਪੰਜਾਬ ਦੀ ਟੀਮ ਨੂੰ 5-0 ਗੋਲਾਂ ਦੇ ਫਰਕ ਨਾਲ,
ਤ੍ਰਿਪੁਰਾ ਦੀ ਟੀਮ ਨੇ ਰਾਜਸਥਾਨ ਵਿਰੁੱਧ 5-0 ਗੋਲਾਂ ਦੇ ਫਰਕ 'ਚ ਹੀ
ਜਿੱਤ ਦਰਜ ਕੀਤੀ। ਪੱਛਮੀ ਬੰਗਾਲ ਦੀ ਟੀਮ ਨੇ ਗੋਲ ਔਸਤ ਆਧਾਰ 'ਤੇ ਕੁਆਰਟਰ
ਫਾਈਨਲ 'ਚ ਪ੍ਰਵੇਸ਼ ਪਾਇਆ।
ਹਾਕੀ ਇੰਡੀਆ ਦੀ ਚੋਣ ਲਈ ਉਮਰ
ਅਤੇ ਕਾਰਜਕਾਲ ਸਬੰਧੀ ਦਿਸ਼ਾ ਨਿਰਦੇਸ਼
ਜਲੰਧਰ, 19 ਜੁਲਾਈ - 28 ਜੁਲਾਈ ਨੂੰ ਹਾਕੀ ਇੰਡੀਆ ਦੀ ਵੱਕਾਰੀ
ਚੋਣ ਕਰਵਾਈ ਜਾ ਰਹੀ ਹੈ। ਕੇਂਦਰੀ ਖੇਡ ਮੰਤਰਾਲੇ ਨੇ ਚੋਣਾਂ ਲਈ ਉਮਰ ਅਤੇ
ਕਾਰਜਕਾਲ ਸਬੰਧੀ ਕੁਝ ਨਿਯਮ ਸੁਣਾਏ ਹਨ। ਸਰਕਾਰੀ ਅਬਜ਼ਰਵਰ
ਐਸ.ਕੇ.ਮਹਿੰਦੀਰੱਤਾ ਨੇ ਚੋਣ ਅਧਿਕਾਰੀ ਸੇਵਾਮੁਕਤ ਜੱਜ ਮਾਨਯੋਗ
ਆਰ.ਸੀ.ਚੋਪੜਾ ਨੂੰ ਇਕ ਪੱਤਰ ਰਾਹੀਂ ਕਿਹਾ ਹੈ ਕਿ ਕੇਂਦਰੀ ਯੂਥ ਤੇ ਖੇਡ
ਮੰਤਰਾਲੇ ਦੇ ਅਨੁਸਾਰ ਹਾਕੀ ਇੰਡੀਆ ਦੀਆਂ ਚੋਣਾਂ ਤਾਂ ਹੀ ਸੰਭਵ ਹਨ ਜੇ ਇਸ
ਵਿਚ ਉਮਰ ਤੇ ਕਾਰਜਕਾਲ ਸਬੰਧੀ ਦਿਸ਼ਾ ਨਿਰਦੇਸ਼ ਲਾਗੂ ਕੀਤੇ ਜਾਣਗੇ। ਸਾਬਕਾ
ਮਹਿਲਾ ਹਾਕੀ ਫੈਡਰੇਸ਼ਨ ਦੀ ਪ੍ਰਧਾਨ 83 ਸਾਲਾ ਵਿਦਿਆ ਸਟੋਕਸ ਫਿਲਹਾਲ ਹਾਕੀ
ਇੰਡੀਆ ਦੀ ਅੰਤਰਿਮ ਪ੍ਰਧਾਨ ਹੈ ਤੇ ਆਉਣ ਵਾਲੀਆਂ ਚੋਣਾਂ ਲਈ ਪ੍ਰਧਾਨਗੀ ਦੇ
ਅਹੁਦੇ ਲਈ ਦਾਅਵੇਦਾਰ ਹੈ ਤੇ ਇਸ ਦਾ ਮੁਕਾਬਲਾ ਸਾਬਕਾ ਉਲੰਪੀਅਨ ਪਦਮਸ੍ਰੀ
ਪ੍ਰਗਟ ਸਿੰਘ ਨਾਲ ਹੋ ਰਿਹਾ ਹੈ। ਚੋਣਾਂ ਲਈ ਨਾਮਜ਼ਦਗੀਆਂ ਲਈ ਅੰਤਿਮ ਮਿਤੀ
17 ਜੁਲਾਈ ਸੀ ਤੇ 20 ਜੁਲਾਈ ਨੂੰ ਇਨ੍ਹਾਂ ਦੀ ਜਾਂਚ ਪੜਤਾਲ ਕੀਤੀ ਜਾਵੇਗੀ।
15 ਜੁਲਾਈ ਨੂੰ ਮੈਨੂੰ ਜੋ ਪੱਤਰ ਲਿਖਿਆ ਹੈ ਉਸ ਵਿਚ ਕਿਹਾ ਗਿਆ ਹੈ ਕਿ
ਹਾਕੀ ਇੰਡੀਆ ਦੀ ਚੋਣ ਕਰਵਾਉਣ ਲਈ ਐਨ. ਓ. ਸੀ. ਇਸੇ ਸ਼ਰਤ 'ਤੇ ਦਿੱਤੀ ਗਈ
ਹੈ ਕਿ ਉਮਰ ਤੇ ਕਾਰਜਕਾਲ ਨਾਲ ਸਬੰਧਿਤ ਮੰਤਰਾਲੇ ਦੇ ਦਿਸ਼ਾ ਨਿਰਦੇਸ਼ ਇਸ
ਵਿਚ ਲਾਗੂ ਕੀਤੇ ਜਾਣਗੇ। ਹਾਕੀ ਇੰਡੀਆ ਦੀਆਂ ਚੋਣਾਂ ਪਹਿਲੀ ਵਾਰ ਹੋ ਰਹੀਆਂ
ਹਨ ਇਸ ਲਈ ਇਸ ਵਿਚ ਕਾਰਜਕਾਲ ਸਬੰਧੀ ਨਿਯਮ ਲਾਗੂ ਨਹੀਂ ਹੁੰਦੇ ਪਰ ਉਮਰ ਦੀ
ਸ਼ਰਤ ਲਾਗੂ ਹੁੰਦੀ ਹੈ। ਸ੍ਰੀ ਮਹਿੰਦੀਰੱਤਾ ਨੇ ਪੱਤਰ ਵਿਚ ਹਾਕੀ ਇੰਡੀਆ ਦੇ
ਸਕਤੱਰ ਨਰਿੰਦਰ ਬਤਰਾ ਨੂੰ ਇਹ ਯਕੀਨ ਦਿਵਾਉਣ ਲਈ ਕਿਹਾ ਹੈ ਕਿ ਚੋਣਾਂ
ਸਬੰਧੀ ਸਾਰੀ ਕਾਰਵਾਈ ਇਨ੍ਹਾਂ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕਰਦਿਆਂ ਪੂਰੀ
ਕੀਤੀ ਜਾਵੇਗੀ। ਇਹ ਨਿਯਮ ਪ੍ਰਧਾਨ, ਸਕੱਤਰ, ਖਜ਼ਾਨਚੀ ਤੇ ਸਾਰੇ ਅਹੁਦਿਆਂ
'ਤੇ ਲਾਗੂ ਹੋਵੇਗਾ।
ਤਲਵਾਰਬਾਜ਼ੀ ਚੈਂਪੀਅਨਸ਼ਿਪ ਸ਼ੁਰੂ
ਜਲੰਧਰ, 19 ਜੁਲਾਈ - 20 ਤੋਂ 22 ਜੁਲਾਈ ਤੱਕ ਪਹਿਲੀ ਸਾਊਥ
ਏਸ਼ੀਅਨ ਫੈਸਿੰਗ ਚੈਂਪੀਅਨਸ਼ਿਪ ਚੇਨਈ ਵਿਖੇ ਮਰਦਾਂ ਤੇ ਔਰਤਾਂ ਦੇ ਵਰਗਾਂ
ਵਿਚ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਵਿਚ ਪਾਕਿਸਤਾਨ, ਬੰਗਲਾਦੇਸ਼,
ਨੇਪਾਲ, ਸ੍ਰੀਲੰਕਾ, ਅਫ਼ਗਾਨਿਸਤਾਨ ਤੇ ਭਾਰਤ ਦੀਆਂ ਟੀਮਾਂ ਹਿੱਸਾ ਲੈ ਰਹੀਆਂ
ਹਨ।
ਭਾਰਤ ਦੀ ਬੱਲੇ ਬੱਲੇ, ਬਾਕੀ
ਸਾਰੇ ਥੱਲੇ ਥੱਲੇ
ਨਵੀਂ ਦਿੱਲੀ, 19 ਜੁਲਾਈ - ਪੈਰਿਸ ਦੇ ਨੈਸ਼ਨਲ ਇੰਸਟੀਚਿਊਟ ਆਫ਼
ਸਪੋਰਟਸ ਐਂਡ ਐਕਸਪਰਟ ਪਰਫਾਰਮੈਂਸ (ਐਨ.ਆਈ.ਐਸ.ਈ.ਪੀ.) ਮੈਦਾਨ ਵਿਚ ਹਾਕੀ
ਟੀਮ ਦੇ ਤਿੰਨ ਮੈਚਾਂ ਦੀ ਟੈਸਟ ਲੜੀ ਦੇ ਮੁਕਾਬਲੇ ਕਰਵਾਏ ਗਏ। ਇਸ ਵਿਚ
ਭਾਰਤੀ ਹਾਕੀ ਟੀਮ ਨੇ ਲੜੀ ਦੇ ਪਹਿਲੇ ਮੁਕਾਬਲੇ ਵਿਚ ਫਰਾਂਸ ਨੂੰ 4-3 ਨਾਲ
ਹਰਾਇਆ। ਇਸ ਮੁਕਾਬਲੇ 'ਚ ਭਾਰਤ ਦੇ ਲਈ ਸੰਦੀਪ ਸਿੰਘ ਨੇ 2 ਗੋਲ ਕੀਤੇ।
ਰਾਸ਼ਟਰ ਮੰਡਲ ਕੋਰ ਗਰੁੱਪ 'ਚੋਂ
9 ਮੁੱਕੇਬਾਜ਼ ਬਾਹਰ
ਪਟਿਆਲਾ, 19 ਜੁਲਾਈ - ਕੌਮੀ ਸੀਨੀਅਰ ਮੁੱਕੇਬਾਜ਼ੀ ਚੈਂਪੀਅਨਸ਼ਿਪ
ਲਈ 16 ਮੁੱਕੇਬਾਜ਼ਾਂ ਨੂੰ ਰਾਸ਼ਟਰ ਮੰਡਲ ਖੇਡਾਂ ਲਈ ਚੁਣੇ ਕੋਰ ਗਰੁੱਪ ਵਿਚ
ਸ਼ਾਮਿਲ ਕੀਤਾ ਜਾ ਰਿਹਾ ਹੈ। ਲੰਬੇ ਅਰਸੇ ਤੋਂ ਕੌਮੀ ਕੈਂਪ 'ਚ ਚਲੇ ਆ ਰਹੇ
9 ਮੁੱਕੇਬਾਜ਼ਾਂ ਦੀ ਛਾਂਟੀ ਕੀਤੀ ਜਾ ਰਹੀ ਹੈ। ਭਾਰਤੀ ਮੁੱਕੇਬਾਜ਼ੀ
ਫੈਡਰੇਸ਼ਨ ਦੇ ਜਨਰਲ ਸਕੱਤਰ ਸ੍ਰੀ ਮੁਰਲੀ ਰਾਜਾ ਨੇ ਦੱਸਿਆ ਕਿ ਕੌਮੀ
ਚੈਂਪੀਅਨਸ਼ਿਪ ਦੌਰਾਨ ਬਹੁਤ ਸਾਰੇ ਮੁੱਕੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ
ਹੈ ਅਤੇ ਕਈ ਉਲਟਫੇਰ ਵੀ ਦੇਖਣ ਨੂੰ ਮਿਲੇ। ਇਸ ਕਰਕੇ ਅਜੇ ਵੀ ਉਨ੍ਹਾਂ ਕੋਲ
ਸਮਾਂ ਹੈ ਕਿ ਉਹ ਨਵੇਂ ਉਭਰਦੇ ਮੁੱਕੇਬਾਜ਼ਾਂ ਨੂੰ ਰਾਸ਼ਟਰ ਮੰਡਲ ਤੇ ਏਸ਼ੀਅਨ
ਖੇਡਾਂ ਵਾਲੇ ਕੋਰ ਗਰੁੱਪ 'ਚ ਸ਼ਾਮਿਲ ਕੀਤਾ ਜਾਵੇ। ਉਨ੍ਹਾਂ ਕੇਂਦਰੀ ਖੇਡ
ਮੰਤਰਾਲੇ ਨੂੰ 16 ਮੁੱਕੇਬਾਜ਼ਾਂ ਦੀ ਸੂਚੀ ਭੇਜੀ ਹੈ, ਜਿਸ ਦੇ ਨਾਲ ਹੀ
ਪਹਿਲਾਂ ਤੋਂ ਕੌਮੀ ਕੈਂਪ 'ਚ ਸ਼ਾਮਿਲ ਅਤੇ ਢਿੱਲੀ ਕਾਰਗੁਜ਼ਾਰੀ ਦਿਖਾਉਣ ਵਾਲੇ
9 ਮੁੱਕੇਬਾਜ਼ਾਂ ਦੀ ਕੋਰ ਗਰੁੱਪ 'ਚੋਂ ਛਾਂਟੀ ਵੀ ਕੀਤੀ ਜਾ ਰਹੀ ਹੈ। ਕੈਂਪ
'ਚੋਂ ਛਾਂਟੀ ਕੀਤੇ ਅਤੇ ਨਵੇਂ ਰੱਖੇ ਜਾਣ ਵਾਲੇ ਮੁੱਕੇਬਾਜ਼ਾਂ ਦੇ ਨਾਵਾਂ
ਸਬੰਧੀ ਸ੍ਰੀ ਰਾਜਾ ਨੇ ਕਿਹਾ ਕਿ ਖੇਡ ਮੰਤਰਾਲੇ ਵੱਲੋਂ ਮੁੱਕੇਬਾਜ਼ਾਂ ਨੂੰ
ਕੈਂਪ 'ਚੋਂ ਕੱਢਣ ਤੇ ਸ਼ਾਮਿਲ ਕਰਨ ਬਾਰੇ ਸੂਚੀ ਨੂੰ ਪ੍ਰਵਾਨਗੀ ਤੋਂ ਬਾਅਦ
ਹੀ ਉਹ ਇਸ ਨੂੰ ਜਨਤਕ ਕਰਨਗੇ।
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ
ਸ਼ਾਮਿਲ ਹੋਣ ਵਾਲੇ ਭਾਰਤੀ ਖਿਡਾਰੀ
ਪਟਿਆਲਾ, 18 ਜੁਲਾਈ - ਵਿਸ਼ਵ ਜੂਨੀਅਰ ਕੁਸ਼ਤੀ ਚੈਂਪੀਅਨਸ਼ਿਪ 20
ਤੋਂ 25 ਜੁਲਾਈ ਤੱਕ ਹੰਗਰੀ ਦੀ ਰਾਜਧਾਨੀ ਬੁੱਡਾਪੈਸਟ 'ਚ ਕਰਵਾਈ ਜਾ ਰਹੀ
ਹੈ। ਇਸ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਚੁਣ ਲਈ ਗਈ ਹੈ। ਇਸ ਟੀਮ 'ਚ 8
ਖਿਡਾਰਨਾਂ ਸ਼ਾਮਿਲ ਹਨ। ਟੀਮ ਦੇ 44 ਕਿਲੋਗ੍ਰਾਮ ਭਾਰ ਵਰਗ 'ਚ ਕਵਿਤਾ ਉੱਤਰ
ਪ੍ਰਦੇਸ਼, 48 ਕਿਲੋ 'ਚ ਸਨੇਸ਼ ਹਰਿਆਣਾ, 51 ਕਿਲੋ 'ਚ ਪ੍ਰਿਯੰਕਾ ਹਰਿਆਣਾ,
55 ਕਿਲੋ 'ਚ ਰਿਤੂ ਮਲਿਕ ਹਰਿਆਣਾ, 59 ਕਿਲੋ 'ਚ ਸ਼ਾਕਸ਼ੀ ਮਲਿਕ ਹਰਿਆਣਾ,
63 ਕਿਲੋ 'ਚ ਸੋਨੀਆ ਮੋਰ ਹਰਿਆਣਾ, 67 ਕਿਲੋ 'ਚ ਆਸ਼ੂ ਤੋਮਰ ਉੱਤਰ ਪ੍ਰਦੇਸ਼
ਅਤੇ 72 ਕਿਲੋ 'ਚ ਨਿੱਕੀ ਹਰਿਆਣਾ ਸ਼ਾਮਿਲ ਹਨ।
ਦੋ ਰੋਜ਼ਾ ਪੇਂਡੂ ਖੇਡ ਮੇਲਾ
ਮੁੱਲਾਂਪੁਰ ਦਾਖ਼ਾ, 18 ਜੁਲਾਈ - 2 ਰੋਜ਼ਾ ਪੇਂਡੂ ਖੇਡ ਮੇਲਾ ਪਿਆਕਾ
ਤਹਿਤ ਮੁੱਲਾਂਪੁਰ 'ਚ ਚੱਲ ਰਿਹਾ ਹੈ। ਇਸ ਟੂਰਨਾਮੈਂਟ ਵਿਚ ਫੁੱਟਬਾਲ ਦੇ
ਫਾਈਨਲ ਮੁਕਾਬਲੇ ਵਿਚ 2-1 ਗੋਲ ਦੇ ਫ਼ਰਕ ਨਾਲ ਦਾਖ਼ਾ ਦੀ ਟੀਮ ਨੇ
ਮੁੱਲਾਂਪੁਰ ਨੂੰ ਹਰਾਇਆ। ਲੰਬੀ ਛਾਲ ਮੁਕਾਬਲੇ 'ਚ ਕਮਲਜੀਤ ਸਿੰਘ, ਸੁਖਮੀਤ
ਸਿੰਘ ਕ੍ਰਮਵਾਰ ਜੇਤੂ ਬਣੇ। ਸ਼ਾਟਪੁੱਟ 'ਚ ਸਿਮਰਜੀਤ ਸਿੰਘ ਸੰਗੋਵਾਲ ਜੇਤੂ
ਤੇ ਇਕਬਾਲ ਸਿੰਘ ਸੰਗੋਵਾਲ ਉਪ ਜੇਤੂ, ਡਿਸਕਸਥਰੋ 'ਚ ਦਰਸ਼ਪ੍ਰੀਤ ਸਿੰਘ,
ਇਕਬਾਲ ਸਿੰਘ ਕ੍ਰਮਵਾਰ ਜੇਤੂ ਬਣੇ, ਲੜਕੀਆਂ ਦੀ 1500 ਮੀਟਰ ਦੌੜ 'ਚ
ਸੁਖਜੀਤ ਕੌਰ, ਹਰਜੋਤ ਕੌਰ ਕ੍ਰਮਵਾਰ ਜੇਤੂ ਬਣੀਆਂ। ਲੜਕਿਆਂ ਦੀ ਕਬੱਡੀ
ਸ਼ੋਅ ਮੈਚ ਮੁਕਾਬਲੇ 'ਚ ਸੰਗੋਵਾਲ ਦੀ ਕਬੱਡੀ ਟੀਮ ਜੇਤੂ ਤੇ ਗਹੌਰ ਉਪ ਜੇਤੂ
ਰਿਹਾ। ਲੜਕੀਆਂ ਦੀ ਕਬੱਡੀ ਵਿਚ ਮੁੱਲਾਂਪੁਰ ਜੇਤੂ, ਦਾਖ਼ਾ ਉਪ ਜੇਤੂ ਰਿਹਾ।
ਰੰਗਾਸਵਾਮੀ ਕੱਪ 'ਚ ਮੁੰਬਈ
ਅੱਵਲ
ਭੁਪਾਲ, 18 ਜੁਲਾਈ - ਰੰਗਾਸਵਾਮੀ ਕੱਪ ਸੀਨੀਅਰ ਹਾਕੀ
ਚੈਂਪੀਅਨਸ਼ਿਪ ਭੁਪਾਲ 'ਚ ਕਰਵਾਈ ਗਈ। ਇਸ ਚੈਂਪੀਅਨਸ਼ਿਪ ਦੇ ਫਾਈਨਲ ਮੁਕਾਬਲੇ
ਵਿਚ ਮੁੰਬਈ ਨੇ ਹਰਿਆਣਾ ਨੂੰ 3-2 ਨਾਲ ਹਰਾ ਦਿੱਤਾ। ਮੈਨ ਆਫ਼ ਦਾ
ਟੂਰਨਾਮੈਂਟ ਮੁੰਬਈ ਦੇ ਗੁਲਸ਼ੇਫ ਨੂੰ ਚੁਣਿਆ ਗਿਆ ਜਦੋਂਕਿ ਮੁੰਬਈ ਦੇ ਹੀ
ਡਿਸੂਜਾ ਮੈਨ ਆਫ਼ ਦਾ ਮੈਚ ਰਹੇ।
ਭਾਰਤ ਦੀ ਸਰਦਾਰੀ
ਨਵੀਂ ਦਿੱਲੀ, 17 ਜੁਲਾਈ - ਭਾਰਤ ਨੇ ਬੁਰਸੇਲਸ ਵਿਚ ਵੇਲਿੰਗਟਨ
'ਚ ਦੂਸਰੇ ਅੱਧ 'ਚ ਚਾਰ ਗੋਲ ਕਰਕੇ ਤੀਸਰੇ ਅਤੇ ਆਖ਼ਰੀ ਟੈਸਟ 'ਚ ਮੇਜ਼ਬਾਨ
ਬੈਲਜੀਅਮ ਨੂੰ 6-0 ਨਾਲ ਹਰਾ ਕੇ ਹਾਕੀ ਟੈਸਟ ਲੜੀ 2-0 ਨਾਲ ਆਪਣੇ ਨਾਂਅ
ਕਰ ਲਈ। ਭਾਰਤ ਨੇ ਦੂਸਰਾ ਮੈਚ 3-2 ਨਾਲ ਜਿੱਤਿਆ ਸੀ ਜਦੋਂਕਿ ਸ਼ੁਰੂਆਤੀ
ਮੈਚ 3-3 ਨਾਲ ਡਰਾਅ ਖੇਡਿਆ ਸੀ।
ਫਾਈਨਲ ਮੁਕਾਬਲਾ ਮੁੰਬਈ ਅਤੇ
ਹਰਿਆਣਾ 'ਚ
ਭੁਪਾਲ, 17 ਜੁਲਾਈ - 63ਵੀਂ ਸੀਨੀਅਰ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ
ਭੁਪਾਲ ਦੇ ਐਸ਼ਬਾਗ ਸਟੇਡੀਅਮ ਵਿਚ ਚੱਲ ਰਹੀ ਹੈ। ਇਸ ਚੈਂਪੀਅਨਸ਼ਿਪ ਦਾ
ਫਾਈਨਲ ਮੁਕਾਬਲਾ ਮੁੰਬਈ ਅਤੇ ਹਰਿਆਣਾ 'ਚ ਖੇਡਿਆ ਜਾਵੇਗਾ। ਪਹਿਲੇ
ਸੈਮੀਫਾਈਨਲ ਮੈਚ 'ਚ ਮੁੰਬਈ ਨੇ ਚੰਡੀਗੜ੍ਹ ਨੂੰ 3-0 ਨਾਲ ਜਦੋਂ ਕਿ ਦੂਸਰੇ
ਸੈਮੀਫਾਈਨਲ 'ਚ ਹਰਿਆਣਾ ਨੇ ਤਾਮਿਲਨਾਡੂ ਨੂੰ 2-1 ਨਾਲ ਹਰਾ ਕੇ ਫਾਈਨਲ 'ਚ
ਜਗ੍ਹਾ ਬਣਾਈ।
ਸਿਆਟਲ ਦਾ ਅੰਤਰਰਾਸ਼ਟਰੀ ਖੇਡ
ਮੇਲਾ ਸ਼ੁਰੂ
ਲੁਧਿਆਣਾ, 17 ਜੁਲਾਈ - 18 ਜੁਲਾਈ ਨੂੰ ਕੈਂਟ ਫੀਨਿਕਸ ਅਕੈਡਮੀ
ਸਿਆਟਲ 'ਚ ਅੰਤਰਰਾਸ਼ਟਰੀ ਪੱਧਰ ਦਾ ਸਾਲਾਨਾ ਖੇਡ ਮੇਲਾ ਕਰਵਾਇਆ ਜਾ ਰਿਹਾ
ਹੈ। ਇਸ ਖੇਡ ਮੇਲੇ ਵਿਚ ਕਬੱਡੀ ਦੀਆਂ 8 ਟੀਮਾਂ ਦੇ ਅੰਤਰਰਾਸ਼ਟਰੀ ਮੁਕਾਬਲੇ
ਹੋਣਗੇ ਇਸ ਤੋਂ ਇਲਾਵਾ ਫੁੱਟਬਾਲ, ਵਾਲੀਬਾਲ, ਕੁਸ਼ਤੀਆਂ ਅਤੇ ਪੰਜਾਬੀ
ਭਾਈਚਾਰੇ ਨਾਲ ਸਬੰਧਿਤ ਬੱਚਿਆਂ ਦੇ ਅਥਲੈਟਿਕਸ ਮੁਕਾਬਲੇ ਕਰਵਾਏ ਜਾਣਗੇ।
ਭਾਰਤ ਨੇ ਬੈਲਜੀਅਮ ਨੂੰ
ਲਾਇਆ ਥੱਲੇ
ਨਵੀਂ ਦਿੱਲੀ, 16 ਜੁਲਾਈ - ਦੂਜਾ ਹਾਕੀ ਟੈਸਟ ਏਟਵਰਪ 'ਚ ਕਰਵਾਇਆ
ਗਿਆ। ਜਿਸ ਵਿਚ ਭਾਰਤ ਨੇ ਬੈਲਜੀਅਮ ਨੂੰ 3-2 ਨਾਲ ਹਰਾ ਕੇ ਤਿੰਨ ਮੈਚਾਂ
ਦੀ ਲੜੀ 'ਚ 1-0 ਨਾਲ ਅਜੇਤੂ ਬੜ੍ਹਤ ਬਣਾ ਲਈ ਹੈ। ਸੰਦੀਪ ਸਿੰਘ ਦੇ ਦੋ
ਗੋਲਾਂ ਅਤੇ ਗੋਲਕੀਪਰ ਭਰਤ ਛੇਤਰੀ ਦੇ ਪੈਨਲਟੀ ਸਟ੍ਰੋਕ ਦੇ ਬਚਾਅ ਨਾਲ
ਭਾਰਤ ਨੂੰ ਜਿੱਤ ਹਾਸਲ ਹੋਈ ਹੈ। ਭਾਰਤ ਅਤੇ ਬੈਲਜੀਅਮ 'ਚ ਫਾਈਨਲ ਮੁਕਾਬਲਾ
17 ਜੁਲਾਈ ਨੂੰ ਹੋਵੇਗਾ।
ਏਸ਼ੀਅਨ ਚੈਂਪੀਅਨਜ਼ ਟਰਾਫੀ ਲਈ
ਚੁਣੀ ਗਈ ਭਾਰਤੀ ਮਹਿਲਾ ਹਾਕੀ ਟੀਮ
ਲੁਧਿਆਣਾ, 16 ਜੁਲਾਈ - ਪਹਿਲੀ ਮਹਿਲਾ ਚੈਂਪੀਅਨਜ਼ ਹਾਕੀ ਟਰਾਫੀ
ਜੋ ਕਿ ਦੱਖਣੀ ਕੋਰੀਆ ਦੇ ਸ਼ਹਿਰ ਬੁਸਾਨ 'ਚ 27 ਤੋਂ 31 ਜੁਲਾਈ ਤੱਕ ਕਰਵਾਈ
ਜਾ ਰਹੀ ਹੈ। ਜਿਸ ਵਿਚ ਏਸ਼ੀਅਨ ਮਹਾਂਦੀਪ ਦੀਆਂ ਪਹਿਲੀਆਂ ਚਾਰ ਟੀਮਾਂ ਨੂੰ
ਐਂਟਰੀ ਦਿੱਤੀ ਗਈ ਹੈ। ਜਿਸ ਵਿਚ ਏਸ਼ੀਅਨ ਚੈਂਪੀਅਨ ਟੀਮ ਚੀਨ, ਉਪ ਜੇਤੂ
ਭਾਰਤ, ਮੇਜ਼ਬਾਨ ਦੱਖਣੀ ਕੋਰੀਆ ਅਤੇ ਜਪਾਨ ਦੀਆਂ ਟੀਮਾਂ ਸ਼ਾਮਿਲ ਹੋਣਗੀਆਂ।
ਯੂਰਪ ਅਤੇ ਕੈਨੇਡਾ ਦੇ ਦੌਰੇ ਦੌਰਾਨ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੀ
ਖਿਡਾਰਣ ਸੁਰਿੰਦਰ ਕੌਰ ਡੀ. ਐਸ. ਪੀ. ਹਰਿਆਣਾ ਪੁਲਿਸ ਨੂੰ ਮੁੜ ਭਾਰਤੀ
ਟੀਮ ਦੀ ਵਾਂਗਡੋਰ ਸੰਭਾਲੀ ਗਈ ਹੈ। ਚੁਣੀ ਗਈ ਭਾਰਤੀ ਟੀਮ ਵਿੱਚ ਸ਼ਾਹਬਾਦ
ਮਾਰਕੰਡਾ ਹਾਕੀ ਸੈਂਟਰ ਦੀਆਂ ਛੇ ਖਿਡਾਰਣਾਂ ਸੁਰਿੰਦਰ ਕੌਰ, ਜਸਜੀਤ ਕੌਰ,
ਰਾਣੀ, ਰਿਤੂ ਰਾਣੀ, ਮੋਨਿਕਾ ਅਤੇ ਜੋਆਏਦੀਪ ਤੋਂ ਇਲਾਵਾ ਇੱਕ ਖਿਡਾਰਣ
ਪੰਜਾਬ ਤੋਂ ਚੁਣੀ ਗਈ ਹੈ। ਭਾਰਤੀ ਟੀਮ ਦੇ ਮੈਂਬਰਾਂ ਦੇ ਨਾਮ ਇਸ ਤਰ੍ਹਾਂ
ਹਨ।
ਗੋਲਕੀਪਰਜ਼:-ਏ ਰਜਨੀ, ਦੀਪਿਕਾ ਮੂਰਤੀ,
ਫੁੱਲ ਬੈਕ:- ਜੋਆਏਦੀਪ ਕੌਰ, ਵਿਨੀਤਾ ਟੋਪੋ, ਸੁਭੱਦਰਾ ਪ੍ਰਧਾਨ।
ਹਾਫ ਲਾਇਨ :- ਰਿਤੂ ਰਾਣੀ, ਮੋਨਿਕਾ, ਮੁਕਤਾ ਬਾਰਲਾ, ਕਿਰਨਦੀਪ ਕੌਰ।
ਫਾਰਵਰਡ ਲਾਇਨ :- ਸੁਰਿੰਦਰ ਕੌਰ ਕਪਤਾਨ, ਰਾਣੀ ਰਾਮਪਾਲ, ਜਸਜੀਤ ਕੌਰ,
ਸੁਭਹਾ ਅੰਜਮ, ਚੰਨਣ ਦੇਵੀ, ਆਸੁੰਤਾ ਲਾਕੜਾ, ਸੌਦਰਿਆ ਅਡਾਲਾ। ਟੀਮ ਦੇ
ਕੋਚ ਸਾਬਕਾ ਉਲੰਪੀਅਨ ਐਮ. ਕੇ.
ਕੌਸ਼ਿਕ ਅਤੇ ਮੈਨੇਜਰ ਮਧੂ ਯਾਦਵ ਹੋਣਗੇ।
ਕੁਲਦੀਪ ਸਿੰਘ ਨੇ ਕੀਤਾ ਪੰਜਾਬ
ਦਾ ਨਾਮ ਰੌਸ਼ਨ
ਪਟਿਆਲਾ, 16 ਜੁਲਾਈ - ਕੌਮੀ ਸੀਨੀਅਰ ਮੁੱਕੇਬਾਜ਼ੀ ਚੈਂਪੀਅਨਸ਼ਿਪ
ਵਿਚ ਪੰਜਾਬ ਦੇ ਰਹਿਣ ਵਾਲੇ ਕੁਲਦੀਪ ਸਿੰਘ ਸ਼ਾਦੀਪੁਰ (ਪਟਿਆਲਾ) ਨੇ ਮਿਡਲ
ਵੇਟ ਵਰਗ ਵਿਚ ਸੈਨਾ ਦੇ ਕੁਲਵੰਤ ਸਿੰਘ ਨੂੰ ਇਕ ਪਾਸੜ ਢੰਗ ਨਾਲ ਹਰਾ ਦਿੱਤਾ
ਹੈ। ਇਸ ਨੂੰ ਤਿੰਨ ਸਾਲਾਂ ਤੋਂ ਲਗਾਤਾਰ ਚੈਂਪੀਅਨ ਬਣਨ ਦਾ ਮਾਣ ਮਿਲ ਰਿਹਾ
ਹੈ। ਕੁਲਦੀਪ ਦੇ ਸੋਨ ਤਗਮੇ ਤੋਂ ਇਲਾਵਾ ਅਮਨਦੀਪ ਸਿੰਘ ਸੰਗਰੂਰ ਤੇ
ਮਨਪ੍ਰੀਤ ਸਿੰਘ ਤਰਨਤਾਰਨ ਨੇ ਵੀ ਕਾਂਸੀ ਦੇ ਤਗਮੇ ਜਿੱਤਣ ਦਾ ਮਾਣ ਪ੍ਰਾਪਤ
ਕੀਤਾ ਹੈ। ਰੇਲਵੇ ਵੱਲੋਂ ਕੌਮੀ ਚੈਂਪੀਅਨ 'ਚ ਹਿੱਸਾ ਲੈਣ ਵਾਲੇ ਪੰਜਾਬੀ
ਮੁੱਕੇਬਾਜ਼ ਕੁਲਦੀਪ ਸਿੰਘ ਨੇ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੈਨਾ ਦੇ
ਕੁਲਵੰਤ ਸਿੰਘ ਨੂੰ 15-3 ਨਾਲ ਹਰਾਇਆ। ਕੁਲਦੀਪ ਨੇ ਪਹਿਲੇ ਦੌਰ ਤੋਂ ਹੀ
ਆਪਣੇ ਵਿਰੋਧੀ ਖਿਡਾਰੀ 'ਤੇ ਦਬਦਬਾ ਬਣਾ ਲਿਆ ਸੀ। ਕੁਲਦੀਪ ਪਹਿਲੇ ਦੌਰ 'ਚ
3-1, ਦੂਜੇ ਦੌਰ 'ਚ 8-2 ਤੇ ਆਖਰੀ ਦੌਰ 'ਚ 15-3 ਨਾਲ ਅੱਗੇ ਰਹਿ ਕੇ ਜੇਤੂ
ਬਣਿਆ। ਕੁਲਦੀਪ ਨੇ ਪਿਛਲੀ ਵਾਰ ਵੀ ਕੁਲਵੰਤ ਸਿੰਘ ਨੂੰ ਹਰਾ ਕੇ ਕੌਮੀ
ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ ਸੀ।
ਸਪੈਨਿਸ਼ ਗ੍ਰਾ ਪ੍ਰੀ ਕੁਸ਼ਤੀ
ਟੂਰਨਾਮੈਂਟ ਸਮਾਪਤ
ਪਟਿਆਲਾ, 15 ਜੁਲਾਈ
- ਗ੍ਰਾ ਪ੍ਰੀ ਕੁਸ਼ਤੀ ਟੂਰਨਾਮੈਂਟ ਸਪੇਨ ਦੀ ਰਾਜਧਾਨੀ ਮੈਡਰਿਡ 'ਚ
ਕਰਵਾਇਆ ਗਿਆ। ਇਸ ਵਿਚ ਭਾਰਤੀ ਪਹਿਲਵਾਨਾਂ ਨੇ ਤਿੰਨ ਤਗਮੇ ਜਿੱਤ ਕੇ ਆਪਣੇ
ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਇਸ ਟੂਰਨਾਮੈਂਟ ਵਿਚ ਭਾਰਤ ਦੀ 13 ਮੈਂਬਰੀ
ਟੀਮ ਸ਼ਾਮਿਲ ਹੋਈ। ਫ੍ਰੀ ਸਟਾਈਲ ਕੁਸ਼ਤੀ ਦੇ 48 ਕਿਲੋ ਵਰਗ 'ਚ ਨਿਰਮਲ ਨੇ
ਸੋਨ ਅਤੇ 67 ਕਿਲੋ ਵਰਗ 'ਚ ਗੀਤਿਕਾ ਜਾਖੜ ਨੇ ਕਾਂਸੀ ਦਾ ਤਗਮਾ ਜਿੱਤਿਆ।
ਇਸ ਮੁਕਾਬਲੇ 'ਚ ਪੰਜਾਬ ਦੀ ਨਵਜੋਤ ਕੌਰ ਚੌਥੇ ਸਥਾਨ 'ਤੇ ਰਹੀ। ਪੁਰਸ਼ਾਂ
ਦੇ ਫ੍ਰੀ ਸਟਾਈਲ ਵਰਗ 'ਚ ਇਕਲੋਤਾ ਚਾਂਦੀ ਦਾ ਤਗਮਾ ਉਲੰਪੀਅਨ ਰਾਜੀਵ ਤੋਮਰ
ਨੇ 120 ਕਿਲੋ ਭਾਰ ਵਰਗ 'ਚ ਜਿੱਤਿਆ। ਇਸ ਟੂਰਨਾਮੈਂਟ 'ਚ ਵਿਸ਼ਵ ਦੇ ਚੋਟੀ
ਦੇ ਪਹਿਲਵਾਨਾਂ ਨੇ ਹਿੱਸਾ ਲਿਆ। ਇਹ ਟੂਰਨਾਮੈਂਟ ਇਸੇ ਮਹੀਨੇ 18 ਜੁਲਾਈ
ਤੋਂ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ 'ਚ ਜਾਣ ਵਾਲੀ ਭਾਰਤੀ ਮਹਿਲਾ ਟੀਮ ਲਈ
ਕਾਫੀ ਲਾਹੇਵੰਦ ਸਾਬਿਤ ਹੋਇਆ। ਇਸ ਟੂਰਨਾਮੈਂਟ 'ਚ ਖਿਡਾਰਣਾਂ ਨੂੰ ਕਈ
ਵਿਸ਼ਵ ਪੱਧਰੀ ਖਿਡਾਰਨਾਂ ਨਾਲ ਲੋਹਾ ਲੈਣਾ ਪਿਆ।
31 ਖਿਡਾਰੀਆਂ ਨੂੰ ਤਰੱਕੀਆਂ
ਲੁਧਿਆਣਾ, 15
ਜੁਲਾਈ - ਵੱਖ ਵੱਖ ਖੇਡਾਂ ਵਿਚ ਪਿਛਲੇ ਤਿੰਨ ਸਾਲ ਤੋਂ ਕੌਮੀ ਪੱਧਰ
'ਤੇ ਵਧੀਆ ਖੇਡਣ ਵਾਲੇ 31 ਖਿਡਾਰੀਆਂ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ
ਲਿਮ: ਨੇ ਤਰੱਕੀਆਂ ਦਿੱਤੀਆਂ ਹਨ। ਜਿਨ੍ਹਾਂ ਵਿਚ 3 ਐਥਲੀਟ, 3 ਕ੍ਰਿਕਟਰ,
5 ਫੁੱਟਬਾਲਰ, 3 ਹਾਕੀ ਖਿਡਾਰੀ, 4 ਪਾਵਰ ਲਿਫਟਰ ਤੋਂ ਇਲਾਵਾ 6 ਖਿਡਾਰੀ
ਰੱਸਾਕੱਸੀ ਵਿਚ, 4 ਵਾਲੀਬਾਲ ਦੇ ਖਿਡਾਰੀ, 2 ਕੁਸ਼ਤੀਆਂ ਅਤੇ 1 ਬਾਸਕਟਬਾਲ
ਦੇ ਖਿਡਾਰੀ ਨੂੰ ਤਰੱਕੀਆਂ ਦੇ ਕੇ ਪਦਉਨਤ ਕੀਤਾ ਹੈ। ਇਹ ਸੂਚੀ ਸੀਨੀਅਰ
ਸਪੋਰਟਸ ਅਫਸਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵਲੋਂ ਜਾਰੀ ਕੀਤੀ ਗਈ ਹੈ।
ਇਸ ਵਿਚ ਕੌਮੀ ਪੱਧਰ ਦੇ ਹਾਕੀ ਖਿਡਾਰੀ ਨਰਾਇਣ ਸਿੰਘ ਗਰੇਵਾਲ ਕਿਲ੍ਹਾ
ਰਾਏਪੁਰ ਨੂੰ ਫੋਰਮੈਨ, ਸਾਬਕਾ ਅੰਤਰਰਾਸ਼ਟਰੀ ਖਿਡਾਰੀ ਰਾਮਲਾਲ ਨੂੰ ਸਪੈਸ਼ਲ
ਫੋਰਮੈਨ, ਗੋਲਕੀਪਰ ਅਜੀਤ ਪਾਲ ਸਿੰਘ ਨੂੰ ਲਾਇਨਮੈਨ ਦੀ ਤਰੱਕੀ ਦਿੱਤੀ ਗਈ
ਹੈ। ਜਦਕਿ ਐਥਲੀਟ ਗੁਰਚਰਨ ਸਿੰਘ ਅਤੇ ਬਲਦੇਵ ਸਿੰਘ ਨੂੰ ਫੋਰਮੈਨ, ਸਲਿੰਦਰ
ਸਿੰਘ ਨੂੰ ਉੱਚ ਸ਼੍ਰੇਣੀ ਕਲਰਕ, ਕ੍ਰਿਕਟਰ ਸੰਦੀਪ ਕੋਹਲੀ ਨੂੰ ਸਪੈਸ਼ਲ
ਫੋਰਮੈਨ, ਰਾਜੇਸ਼ ਕੁਮਾਰ ਅਤੇ ਅਜੇ ਜੋਸ਼ੀ ਨੂੰ ਲਾਇਨਮੈਨ ਬਣਾਇਆ ਗਿਆ ਹੈ।
ਫੁੱਟਬਾਲਰ ਜਤਿੰਦਰ ਸਿੰਘ ਨੂੰ ਲਾਇਨਮੈਨ, ਸੁਖਵੀਰ ਸਿੰਘ, ਹਰਜਿੰਦਰ ਸਿੰਘ
ਨੂੰ ਫੋਰਮੈਨ, ਪਰਮਿੰਦਰ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਨੂੰ ਸਪੈਸ਼ਲ
ਫੋਰਮੈਨ ਬਣਾਇਆ ਗਿਆ ਹੈ। ਪਾਵਰ ਲਿਫਟਿੰਗ ਵਿਚ ਓਮ ਪ੍ਰਕਾਸ਼, ਗੁਰਿੰਦਰਪਾਲ
ਸਿੰਘ ਅਤੇ ਅਸ਼ੋਕ ਕੁਮਾਰ ਨੂੰ ਲਾਇਨਮੈਨ, ਸੁਸ਼ੀਲ ਕੁਮਾਰ ਨੂੰ ਫੋਰਮੈਨ
ਬਣਾਇਆ ਗਿਆ ਹੈ। ਰੱਸਾਕੱਸੀ ਵਿਚ ਜਸਵਿੰਦਰ ਸਿੰਘ, ਸੁਰਿੰਦਰ ਸਿੰਘ,
ਸਤਵਿੰਦਰ ਸਿੰਘ ਨੂੰ ਲਾਇਨਮੈਨ, ਦਰਸ਼ਨ ਸਿੰਘ ਨੂੰ ਫੋਰਮੈਨ, ਜਗਤਾਰ ਸਿੰਘ
ਨੂੰ ਮੀਟਰ ਰੀਡਰ, ਧਰਮਵੀਰ ਸਿੰਘ ਨੂੰ ਫੋਰਮੈਨ ਬਣਾਇਆ ਗਿਆ ਹੈ। ਵਾਲੀਬਾਲ
ਵਿਚ ਹੈਪੀ ਅਤੇ ਦਵਿੰਦਰ ਸਿੰਘ ਨੂੰ ਫੋਰਮੈਨ, ਗੁਰਮੀਤ ਸਿੰਘ ਅਤੇ ਹਰਜਿੰਦਰ
ਸਿੰਘ ਨੂੰ ਲਾਇਨਮੈਨ ਬਣਾਇਆ ਗਿਆ ਹੈ। ਕੁਸ਼ਤੀਆਂ ਵਿਚ ਨਰਿੰਦਰ ਸਿੰਘ,
ਨਿਰਵੈਲ ਸਿੰਘ ਨੂੰ ਲਾਇਨਮੈਨ ਅਤੇ ਬਾਸਕਟਬਾਲ ਦੇ ਵਿਚ ਗੁਰਲਾਲ ਸਿੰਘ
ਬਠਿੰਡਾ ਨੂੰ ਤਰੱਕੀ ਦੇ ਕੇ ਲਾਇਨਮੈਨ ਨਿਯੁਕਤ ਕੀਤਾ ਹੈ।
40 ਮੈਂਬਰੀ ਕੁਸ਼ਤੀ ਦਲ ਨੂੰ ਨਹੀਂ
ਮਿਲ ਰਿਹਾ ਵੀਜਾ
ਨਵੀਂ ਦਿੱਲੀ, 15
ਜੁਲਾਈ - ਵਿਸ਼ਵ ਜੂਨੀਅਰ ਕੁਸ਼ਤੀ ਚੈਂਪੀਅਨਸ਼ਿਪ ਜੋ ਕਿ 18 ਜੁਲਾਈ ਨੂੰ
ਹੰਗਰੀ ਵਿਖੇ ਹੋ ਰਹੀ ਹੈ। ਇਸ ਵਿਚ ਭਾਰਤੀ ਕੁਸ਼ਤੀ ਦਲ ਦੇ 40 ਮੈਂਬਰਾਂ ਨੇ
ਹਿੱਸਾ ਲੈਣਾ ਹੈ। ਪਰ ਦੂਤਘਰ ਨੇ ਵੀਜਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਕੁਝ ਦਿਨ ਪਹਿਲਾ ਹੀ ਕੈਨੇਡਾ ਕੱਪ ਦੇ ਲਈ ਜਾਣ ਵਾਲੀ ਕੁਸ਼ਤੀ ਟੀਮ ਨੂੰ ਵੀਜਾ
ਨਹੀਂ ਦਿੱਤਾ ਗਿਆ ਸੀ। ਇਸ ਦੇ ਇਲਾਵਾ ਇੰਗਲੈਂਡ ਲਈ ਰਵਾਨਾ ਹੋਣ ਵਾਲੀ ਇਕ
ਹੋਰ ਟੀਮ ਨੂੰ ਵੀ ਜਾਣ 'ਚ ਪ੍ਰੇਸ਼ਾਨੀ ਆਈ। ਭਾਰਤ ਦੇ 24 ਭਲਵਾਨਾਂ ਸਮੇਤ
40 ਮੈਂਬਰਾਂ ਨੇ 16 ਜੁਲਾਈ ਨੂੰ ਹੰਗਰੀ 'ਚ ਐਤਵਾਰ ਤੋਂ ਹੋਣ ਜਾ ਰਹੀ
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਲਈ ਰਵਾਨਾ ਹੋਣਾ ਸੀ ਪਰ ਵੀਜੇ ਦੀ ਸਮੱਸਿਆ
ਦੇ ਕਾਰਨ ਇਹ ਦੌਰਾ ਰੱਦ ਹੋ ਸਕਦਾ ਹੈ। ਉਨ੍ਹਾਂ ਕਿਹਾ ਹੈ ਕਿ ਅਸੀਂ ਸਾਰੇ
ਦਸਤਾਵੇਜ਼ ਜਮ੍ਹਾਂ ਕਰਵਾ ਦਿੱਤੇ ਹਨ ਪਰ ਦੂਤਘਰ ਵਾਲੇ ਕੁਝ ਹੋਰ ਜਾਣਕਾਰੀ
ਚਾਹੁੰਦੇ ਹਨ। ਸਾਡੇ ਕੋਲ ਸਮਾਂ ਘੱਟ ਹੈ। ਸਾਡੇ ਕੋਲ ਅੱਜ ਹੀ ਪੂਰੇ ਕਾਗਜ਼
ਆਏ ਹਨ ਅਤੇ ਅਜੇ ਤੱਕ ਚੈਂਪੀਅਨਸ਼ਿਪ ਸਬੰਧੀ ਸੱਦਾ ਪੱਤਰ ਦੀ ਅਸਲ ਕਾਪੀ ਨਹੀਂ
ਦਿੱਤੀ ਗਈ ਹੈ, ਜੋ ਵੀਜਾ ਜਾਰੀ ਕਰਨ ਤੋਂ ਪਹਿਲਾ ਜ਼ਰੂਰੀ ਹੁੰਦਾ ਹੈ। ਫਿਰ
ਵੀ ਸੀਨੀਅਰ ਅਧਿਕਾਰੀ ਭਾਰਤੀ ਕੁਸ਼ਤੀ ਸੰਘ ਦੇ ਬੇਨਤੀ ਪੱਤਰ 'ਤੇ ਵਿਚਾਰ ਕਰ
ਰਹੇ ਹਨ।
63ਵੀਂ ਰੰਗਾਸਵਾਮੀ ਕੱਪ ਸੀਨੀਅਰ
ਮਰਦ ਨੈਸ਼ਨਲ ਹਾਕੀ ਚੈਂਪੀਅਨਸ਼ਿਪ
ਭੁਪਾਲ, 14 ਜੁਲਾਈ
- 63ਵੀਂ ਰੰਗਾਸਵਾਮੀ ਕੱਪ ਸੀਨੀਅਰ ਮਰਦ ਨੈਸ਼ਨਲ ਹਾਕੀ ਚੈਂਪੀਅਨਸ਼ਿਪ
ਭੁਪਾਲ ਦੇ ਐਸ਼ਬਾਗ ਸਟੇਡੀਅਮ ਵਿਚ ਕਰਵਾਈ ਜਾ ਰਹੀ ਹੈ। ਇਸ ਹਾਕੀ
ਚੈਂਪੀਅਨਸ਼ਿਪ ਵਿਚ ਚੰਡੀਗੜ੍ਹ ਅਤੇ ਮੁੰਬਈ ਨੇ ਸੈਮੀਫਾਈਨਲ ਵਿਚ ਆਪਣੀ ਜਗ੍ਹਾ
ਬਣਾਈ ਲਈ ਹੈ। ਚੰਡੀਗੜ੍ਹ ਨੇ ਮੱਧ ਪ੍ਰਦੇਸ਼ ਹਾਕੀ ਅਕੈਡਮੀ ਭੁਪਾਲ ਨੂੰ 7-5
ਨਾਲ ਹਰਾ ਦਿੱਤਾ ਅਤੇ ਮੁੰਬਈ ਨੇ ਪੰਜਾਬ ਨੂੰ 4-2 ਨਾਲ ਹਰਾਇਆ।
ਬਾਸਕਿਟਬਾਲ ਵਿਚ ਗੁਰਦਾਸਪੁਰ ਦੀਆਂ
ਕੁੜੀਆਂ ਅੱਵਲ
ਗੁਰਦਾਸਪੁਰ, 14
ਜੁਲਾਈ - ਪਹਿਲਾ ਪੰਜਾਬ ਪੱਧਰੀ ਇਨਵੀਟੇਸ਼ਨ ਬਾਸਕਿਟਬਾਲ ਕੈਂਪ ਮੋਗਾ
ਵਿਚ ਕਰਵਾਇਆ ਗਿਆ। ਇਸ ਕੈਂਪ ਵਿਚ ਗੁਰਦਾਸਪੁਰ ਦੀਆਂ ਕੁੜੀਆਂ ਨੇ ਗੋਲਡ
ਮੈਡਲ ਜਿੱਤ ਕੇ ਆਪਣਾ ਅਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਇਸ ਟੀਮ
ਨੇ ਅੰਡਰ 14 ਸਾਲ ਦੇ ਮੁਕਾਬਲਿਆਂ ਵਿਚ 50 ਹਜ਼ਾਰ ਰੁਪਏ ਨਕਦ ਤੋਂ ਇਲਾਵਾ
ਸ਼ਾਨਦਾਰ ਟਰਾਫੀ ਵੀ ਜਿੱਤੀ ਹੈ।
ਕੁਈਨਜ ਬੈਟਨ ਰਿਲੇ ਟੀਮ ਦਾ ਸਵਾਗਤ
ਪਟਨਾ 'ਚ
ਪਟਨਾ, 14 ਜੁਲਾਈ -
ਕੁਈਨਜ ਬੈਟਨ ਰਿਲੇ ਟੀਮ ਜੋ ਕਿ ਰਾਸ਼ਟਰ ਮੰਡਲ ਖੇਡਾਂ ਲਈ ਚੁਣੀ ਗਈ
ਹੈ। ਇਹ ਪਟਨਾ ਪਹੁੰਚ ਗਈ ਹੈ। ਜਿਥੇ ਬਿਹਾਰ ਦੇ ਰਾਜਪਾਲ ਡੀ. ਕੋਨਵਰ ਨੇ
ਰਾਜਭਵਨ 'ਚ ਇਕ ਸਮਾਗਮ ਦੌਰਨ ਇਸ ਦਾ ਸਵਾਗਤ ਕੀਤਾ ਅਤੇ ਬਾਅਦ 'ਚ ਇਸ ਨੂੰ
50 ਮੀਟਰ ਦੀ ਦੌੜ ਲਈ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਤੋਂ ਪਹਿਲਾਂ
ਕੁਈਨਜ ਬੈਟਨ ਰਿਲੇ ਟੀਮ ਸਾਸਾਰਾਮ ਸ਼ੇਰ ਸ਼ਾਹ ਮਕਬਰੇ ਪੁੱਜੀ ਸੀ ਜਿਥੋਂ
ਦੁਪਹਿਰ ਤੋਂ ਬਾਅਦ ਬਰਾਸਤਾ ਗਯਾ ਅਤੇ ਜਹਾਨਾਬਾਦ, ਪਟਨਾ ਪੁੱਜੀ।
ਰਾਸ਼ਟਰਮੰਡਲ ਖੇਡਾਂ ਦੌਰਾਨ ਭਾਫ ਵਾਲੇ
ਇੰਜਣ ਦਾ ਸਫ਼ਰ ਕਰਨਗੇ ਸੈਲਾਨੀ
ਜਲੰਧਰ, 13 ਜੁਲਾਈ -ਭਾਰਤੀ
ਰੇਲਵੇ ਨੇ 3 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਰਾਸ਼ਟਰਮੰਡਲ ਖੇਡਾਂ ਦੇ ਦੌਰਾਨ
ਦਿੱਲੀ ਅਤੇ ਹਰਿਆਣਾ ਦੇ ਰੇਵਾੜੀ ਦਰਮਿਆਨ 1947 ਦੇ ਬਣੇ ਭਾਫ ਵਾਲੇ ਇੰਜਣ
ਵਾਲੀ ਰੇਲ ਚਲਾਉਣ ਦੀ ਯੋਜਨਾ ਬਣਾਈ ਹੈ। ਯੋਜਨਾ ਦੇ ਅਨੁਸਾਰ ਵਿਰਾਸਤ ਵਾਲੇ
ਚਾਰ ਡੱਬੇ ਸਹਿਤ ਭਾਫ ਵਾਲੇ ਇੰਜਣ ਵਾਲੀ ਰੇਲ ਗੱਡੀ ਜੋ ਦਿੱਲੀ ਤੋਂ ਰੇਵਾੜੀ
ਦਰਮਿਆਨ 80 ਕਿਲੋਮੀਟਰ ਦਾ ਸਫ਼ਰ 2 ਘੰਟੇ ਵਿਚ ਕਰੇਗੀ। ਰੇਵਾੜੀ ਇੰਜਨ ਸ਼ੈੱਡ
ਵਿਚ 1893 ਦੇ ਬਣੇ ਇਕ ਇੰਜਨ ਸਮੇਤ ਕੁਲ 10 ਭਾਫ ਵਾਲੇ ਇੰਜਣ ਹਨ। ਭਾਰਤੀ
ਰੇਲਵੇ ਖੇਡਾਂ ਦੇ ਦੌਰਾਨ ਪੁਰਾਣੀ ਖੂਬਸੂਰਤੀ ਨੂੰ ਪ੍ਰਦਰਸ਼ਨ ਕਰਨਾ ਚਾਹੁੰਦਾ
ਹੈ ਤੇ ਇਸ ਤੋਂ ਇਲਾਵਾ ਰੇਲ ਦੇ ਸਮੇਂ, ਟਿਕਟਾਂ ਸਮੇਤ ਕਈ ਹੋਰ ਚੀਜ਼ਾਂ ਨੂੰ
ਵੀ ਅਜੇ ਅੰਤਿਮ ਰੂਪ ਦਿੱਤਾ ਜਾਣਾ ਹੈ ਜੋ ਅਸੀਂ ਦਰਸ਼ਕਾਂ ਨੂੰ ਵਿਖਾਉਣਾ
ਬਾਕੀ ਹੈ।
ਤੁਰ ਗਿਆ ਫੁੱਟਬਾਲ ਦਾ ਤਾਰਾ
ਹਰਵਿੰਦਰ ਸਿੰਘ ਰੰਧਾਵਾ
ਬਠਿੰਡਾ, 13 ਜੁਲਾਈ -ਪੰਜਾਬ
ਪੁਲਿਸ ਦਾ ਪ੍ਰਸਿੱਧ ਫੁੱਟਬਾਲ ਖਿਡਾਰੀ ਹਰਵਿੰਦਰ ਸਿੰਘ ਰੰਧਾਵਾ ਡੀ. ਐਸ.
ਪੀ. ਬੱਲੂਆਣਾ ਅੱਜ ਸਾਡੇ ਵਿਚਕਾਰ ਨਹੀਂ ਰਿਹਾ। ਹਰਵਿੰਦਰ ਸਿੰਘ ਰੰਧਾਵਾ
ਦਾ ਜਨਮ ਪਿੰਡ ਬੂਲੇਵਾਲ ਜ਼ਿਲ੍ਹਾ ਗੁਰਦਾਸਪੁਰ ਵਿਖੇ ਮਾਤਾ ਰਣਜੀਤ ਕੌਰ ਅਤੇ
ਪਿਤਾ ਬੂਆ ਸਿੰਘ ਰੰਧਾਵਾ ਦੇ ਘਰ 1 ਮਾਰਚ, 1958 ਨੂੰ ਹੋਇਆ। ਹਰਵਿੰਦਰ ਨੇ
ਨੌਸ਼ਹਿਰਾ ਮੱਝਾ ਸਿੰਘ ਦੀ ਟੀਮ ਵਿਚ ਹਾਫ਼ ਬੈਕ ਖੇਡਦਿਆਂ ਹੀ ਦਸਵੀਂ
1975-76 ਵਿਚ ਪਾਸ ਕੀਤੀ ਤੇ ਫਿਰ ਸਪੋਰਟਸ ਕਾਲਜ ਜਲੰਧਰ ਵਿਚ ਦਾਖਲਾ ਲੈ
ਲਿਆ। ਅਜੇ ਕੁਝ ਸਮਾਂ ਹੀ ਕਾਲਜ ਦੀ ਟੀਮ ਵਿਚ ਖੇਡਿਆ ਸੀ ਕਿ ਪੰਜਾਬ ਪੁਲਿਸ
ਦੀ ਫੁੱਟਬਾਲ ਟੀਮ ਲਈ ਹਰਵਿੰਦਰ ਸਿੰਘ ਨੇ ਟਰਾਇਲ ਦੇ ਦਿੱਤੇ ਤੇ ਇਸ ਤਰ੍ਹਾਂ
ਇੰਟਰਵਰਸਿਟੀ ਖੇਡਣ ਦੀ ਤਮੰਨਾ ਮਨ ਵਿਚ ਹੀ ਲੈ ਕੇ 1978-79 'ਚ ਹਰਵਿੰਦਰ
ਪੰਜਾਬ ਪੁਲਿਸ ਦਾ ਫੁੱਲਬੈਕ ਜਾ ਬਣਿਆ। ਕੌਮੀ ਪੱਧਰ ਦੀਆਂ ਜਿੱਤਾਂ ਵਿਚ
ਹਰਵਿੰਦਰ ਰੰਧਾਵਾ ਦੀ ਵਧੀਆ ਖੇਡ ਦਾ ਚਰਚਾ ਰਿਹਾ ਅਤੇ ਪੰਜਾਬ ਪੁਲਿਸ ਵੱਲੋਂ
ਉਸਨੂੰ ਵਧੀਆ ਤਰੱਕੀਆਂ ਮਿਲਦੀਆਂ ਰਹੀਆਂ। 1990 ਤੋਂ 1993 ਤੱਕ ਲਗਾਤਾਰ
ਆਲ ਇੰਡੀਆ ਪੁਲਿਸ ਵਿਚ ਜਿੱਤਾਂ ਦਿਵਾਉਣ ਬਦਲੇ ਉਨ੍ਹਾਂ ਨੂੰ ਇੰਸਪੈਕਟਰ
ਬਣਾਇਆ। 2001 ਵਿਚ ਰੰਧਾਵਾ ਨੂੰ ਪੰਜਾਬ ਪੁਲਿਸ ਦੀ ਟੀਮ ਦਾ ਕੋਚ ਬਣਾਇਆ
ਗਿਆ ਅਤੇ 2001 ਵਿਚ ਉਹ ਡੀ. ਐਸ. ਪੀ. ਬਣੇ ਤੇ ਬੱਲੂਆਣੇ ਵਿਚ ਡਿਊਟੀ
ਨਿਭਾਅ ਰਹੇ ਸਨ। ਪੰਜਾਬ ਦਾ ਇਹ ਵਧੀਆ ਖਿਡਾਰੀ ਬੀਤੀ 8 ਜੁਲਾਈ ਨੂੰ ਭਾਵੇਂ
ਇਸ ਸੰਸਾਰ ਤੋਂ ਚਲਾ ਗਿਆ ਹੈ ਪਰੰਤੂ ਖੇਡ ਜਗਤ 'ਚ ਉਹ ਹਮੇਸ਼ਾ ਯਾਦ ਕੀਤਾ
ਜਾਂਦਾ ਰਹੇਗਾ। ਹਰਵਿੰਦਰ ਸਿੰਘ ਨਮਿੱਤ ਸ੍ਰੀ ਅਖੰਡ ਪਾਠ ਦਾ ਭੋਗ ਤੇ
ਅੰਤਿਮ ਅਰਦਾਸ 17 ਜੁਲਾਈ ਨੂੰ ਅੰਮ੍ਰਿਤਸਰ ਵਿਖੇ ਉਸਦੇ ਵੀਰ ਸੂਬਾ ਸਿੰਘ
ਰੰਧਾਵਾ ਦੇ ਗ੍ਰਹਿ ਵਿਖੇ ਬਾਅਦ ਦੁਪਿਹਰ 12.30 ਵਜੇ ਹੋ ਰਹੀ ਹੈ।
ਸਬ ਜੂਨੀਅਰ ਪੱਧਰ ਦੇ ਟੂਰਨਾਮੈਂਟ
ਹੁਣ 16 ਤੋਂ
ਲੁਧਿਆਣਾ, 13 ਜੁਲਾਈ -
ਪੰਜਾਬ ਖੇਡ ਵਿਭਾਗ ਵਲੋਂ ਪਿਆਕਾ ਸਕੀਮ ਤਹਿਤ ਕਰਵਾਏ ਜਾਣ ਵਾਲੇ ਵੱਖ-ਵੱਖ
ਬਲਾਕਾਂ ਤੇ ਅੰਡਰ 16 ਸਾਲ ਮੁੰਡੇ ਅਤੇ ਕੁੜੀਆਂ ਦੀ ਵੱਖ-ਵੱਖ ਖੇਡਾਂ ਨਾਲ
ਸਬੰਧਿਤ ਟੂਰਨਾਮੈਂਟ 9 ਜੁਲਾਈ ਤੋਂ ਕਰਵਾਏ ਜਾਣੇ ਸਨ ਪਰ ਬਰਸਾਤਾਂ ਕਾਰਨ
ਮੁਲਤਵੀ ਕਰ ਦਿੱਤੇ ਗਏ ਸਨ, ਹੁਣ ਇਹ ਟੂਰਨਾਮੈਂਟ 16 ਜੁਲਾਈ ਤੋਂ ਸ਼ੁਰੂ
ਹੋਣਗੇ। ਇਕ ਬਲਾਕ ਦੇ ਓਵਰ ਆਲ ਚੈਂਪੀਅਨ ਟੀਮ ਨੂੰ 20 ਹਜ਼ਾਰ ਰੁਪਏ ਅਤੇ ਉਪ
ਜੇਤੂ ਟੀਮ ਨੂੰ 12 ਹਜ਼ਾਰ ਰੁਪਏ ਅਤੇ ਤੀਸਰੇ ਸਥਾਨ ਵਾਲੀ ਟੀਮ ਨੂੰ 4 ਹਜ਼ਾਰ
ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ। ਇਨ੍ਹਾਂ ਟੂਰਨਾਮੈਂਟਾਂ ਦੌਰਾਨ ਅੰਡਰ 16
ਫੁੱਟਬਾਲ, ਹਾਕੀ, ਕਬੱਡੀ, ਅਥਲੈਟਿਕਸ, ਵਾਲੀਬਾਲ, ਬਾਸਕਿਟਬਾਲ, ਕੁਸ਼ਤੀਆਂ,
ਖੋਹ-ਖੋਹ ਆਦਿ ਖੇਡਾਂ ਸਮੇਤ 10 ਖੇਡਾਂ ਦੇ ਮੁਕਾਬਲੇ ਹੋਣਗੇ। ਜਦਕਿ
ਵੱਖ-ਵੱਖ ਜ਼ਿਲ੍ਹਿਆਂ ਦੇ ਖੇਡ ਪੱਧਰੀ ਮੁਕਾਬਲੇ ਹਾਕੀ ਦੇ ਜਾਦੂਗਰ ਧਿਆਨ
ਚੰਦ ਦੇ ਜਨਮ ਦਿਨ ਮੌਕੇ ਹੋਣ ਵਾਲੀ ਕੌਮੀ ਖੇਡ ਦਿਵਸ ਮੌਕੇ 29 ਅਗਸਤ ਨੂੰ
ਕਰਵਾਏ ਜਾਣਗੇ। ਹਰ ਜ਼ਿਲ੍ਹੇ ਦੀ ਓਵਰਆਲ ਚੈਂਪੀਅਨ ਟੀਮ ਨੂੰ 40 ਹਜ਼ਾਰ ਰੁਪਏ
ਦੀ ਨਗਦ ਰਾਸ਼ੀ, ਉਪ ਜੇਤੂ ਨੂੰ 24 ਹਜ਼ਾਰ ਅਤੇ ਤੀਜੇ ਸਥਾਨ 'ਤੇ ਰਹਿਣ ਵਾਲੀ
ਟੀਮ ਨੂੰ 8 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ।
ਪੰਜਾਬ ਰਾਜ ਸਨੂਕਰ ਚੈਂਪੀਅਨਸ਼ਿਪ 18
ਤੋਂ
ਲੁਧਿਆਣਾ, 13 ਜੁਲਾਈ
-ਦੀ ਪੰਜਾਬ ਬਿਲੀਅਰਡਜ਼ ਐਂਡ ਸਨੂਕਰ ਐਸੋਸੀਏਸ਼ਨ (ਪੀ. ਬੀ. ਐਸ. ਏ.) ਨੇ
ਅੱਜ ਇਥੇ ਐਲਾਨ ਕੀਤਾ ਕਿ ਪੰਜਾਬ ਸਟੇਟ ਸਨੂਕਰ ਚੈਂਪੀਅਨਸ਼ਿਪ 18 ਤੋਂ 25
ਜੁਲਾਈ ਤੱਕ ਸਤਲੁਜ ਕਲੱਬ ਲੁਧਿਆਣਾ ਵਿਖੇ ਕਰਵਾਈ ਜਾਵੇਗੀ। ਸਬ ਜੂਨੀਅਰ ਅਤੇ
ਜੂਨੀਅਰਜ਼ ਚੈਂਪੀਅਨਸ਼ਿਪ 18 ਤੋਂ 21 ਜੁਲਾਈ ਤੱਕ ਹੋਵੇਗੀ ਜਦੋਂਕਿ ਸੀਨੀਅਰਜ਼
ਚੈਂਪੀਅਨਸ਼ਿਪ 22 ਤੋਂ 25 ਜੁਲਾਈ ਤੱਕ ਹੋਵੇਗੀ। ਐਂਟਰੀਆਂ 15 ਜੁਲਾਈ ਤੱਕ
ਲਾਈਆਂ ਜਾਣਗੀਆਂ।
ਸਪੇਨ ਦੀ ਟੀਮ ਨੂੰ ਮੁਬਾਰਕਾਂ
ਜਲੰਧਰ, 12 ਜੁਲਾਈ -ਵਿਸ਼ਵ
ਕੱਪ ਫੁੱਟਬਾਲ ਦੀ ਨਵੀਂ ਬਣੀ ਵਿਸ਼ਵ ਚੈਂਪੀਅਨ ਸਪੇਨ ਦੀ ਟੀਮ ਦੀ ਜਿੰਨੀ
ਤਾਰੀਫ਼ ਕੀਤੀ ਜਾਵੇ ਥੋੜ੍ਹੀ ਹੈ। ਇਕ ਅਜਿਹੀ ਟੀਮ ਜਿਸ ਨੇ ਪਹਿਲੀ ਵਾਰ ਹੀ
ਵਿਸ਼ਵ ਕੱਪ ਵਿਚ ਖੇਡ ਕੇ ਪਹਿਲੀ ਵਾਰ ਹੀ ਵਿਸ਼ਵ ਚੈਂਪੀਅਨ ਬਣਨ ਦਾ ਮਾਣ
ਹਾਸਿਲ ਕੀਤਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਟੀਮ ਹੀ 2008 'ਚ ਬਣੀ
ਸੀ ਤੇ ਪਹਿਲੇ ਸਾਲ ਹੀ ਇਸ ਨੇ ਜਰਮਨੀ ਵਰਗੀ ਤਾਕਤਵਰ ਟੀਮ ਨੂੰ ਹਰਾ ਕੇ
ਯੂਰੋ ਕੱਪ ਜਿੱਤ ਕੇ ਵਿਸ਼ਵ ਕੱਪ ਜਿੱਤਣ ਦੀ ਨੀਂਹ ਰੱਖ ਦਿੱਤੀ ਸੀ। ਯੂਰੋ
ਕੱਪ ਤੋਂ ਬਾਅਦ ਸਿੱਧਾ ਵਿਸ਼ਵ ਕੱਪ ਜਿੱਤਣ ਦਾ ਮਾਣ ਸਿਰਫ ਦੋ ਹੀ ਟੀਮਾਂ ਦੇ
ਹਿੱਸੇ ਆਇਆ ਹੈ ਇਕ ਸਪੇਨ ਤੇ ਦੂਜਾ ਇਸ ਤੋਂ ਪਹਿਲਾਂ ਪੱਛਮੀ ਜਰਮਨੀ ਨੇ ਇਹ
ਕਾਰਨਾਮਾ ਕਰ ਵਿਖਾਇਆ ਸੀ। ਸਪੇਨ ਨੇ 74 ਸਾਲਾ ਦੇ ਫੁੱਟਬਾਲ ਇਤਿਹਾਸ 'ਚ
ਪਹਿਲੀ ਵਾਰ ਵਿਸ਼ਵ ਚੈਂਪੀਅਨ ਬਣਨ ਦਾ ਕੀਰਤੀਮਾਨ ਹਾਸਲ ਕੀਤਾ ਹੈ। ਕਮਾਲ ਦੀ
ਗੱਲ ਇਹ ਹੈ ਕਿ ਵਿਸ਼ਵ ਕੱਪ ਫੁੱਟਬਾਲ 2010 ਦੇ ਸ਼ੂਰੁ ਹੋਣ 'ਤੇ ਹੀ ਸਪੇਨ
ਨੂੰ ਕੱਪ ਜਿੱਤਣ ਦਾ ਪ੍ਰਬਲ ਦਾਅਵੇਦਾਰ ਮੰਨਿਆ ਜਾ ਰਿਹਾ ਸੀ। ਹਾਲਾਂਕਿ
ਪਹਿਲੇ ਹੀ ਮੈਚ ਵਿਚ ਉਸ ਨੂੰ ਸਵਿਟਜ਼ਰਲੈਂਡ ਤੋਂ 1-0 ਨਾਲ ਹਾਰ ਖਾਣੀ ਪਈ
ਸੀ ਪਰ ਉਸ ਤੋਂ ਬਾਅਦ ਤਾਂ ਸਪੇਨ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਤੇ ਕੋਈ
ਵੀ ਮੈਚ ਨਹੀਂ ਹਾਰਿਆ। ਚਾਹੇ ਉਹ ਪੁਰਤਗਾਲ ਸੀ ਤੇ ਚਾਹੇ ਜਰਮਨੀ ਤੇ ਆਖਰ
ਫਾਈਨਲ 'ਚ ਉਹ ਨੀਦਰਲੈਂਡ ਵਰਗੀ ਮਜ਼ਬੂਤ ਟੀਮ ਸੀ। ਇਹੀ ਨਹੀਂ ਸਪੇਨ ਨੇ ਐਸਾ
ਜੇਤੂ ਰੱਥ ਆਰੰਭਿਆ ਕਿ ਬਾਕੀ ਟੀਮਾਂ ਲਈ ਜਿੱਤਣ ਦੇ ਰਸਤੇ ਹੀ ਬੰਦ ਕਰਦਾ
ਗਿਆ ਜਿਥੇ ਵਿਸ਼ਵ ਕੱਪ ਦਾ ਅੱਠਵਾਂ ਅਜੂਬਾ ਭਾਵ ਅੱਠਵਾ ਦੇਸ਼ ਸਪੇਨ ਫੁੱਟਬਾਲ
ਪ੍ਰੇਮੀਆਂ ਨੂੰ ਮਿਲਿਆ ਹੈ ਉਥੇ ਹੀ ਵਿਸ਼ਵ ਪ੍ਰਸਿੱਧ ਇਕ ਹੋਰ ਖਿਡਾਰੀ ਵੀ
ਜੱਗ ਜ਼ਾਹਿਰ ਹੋਇਆ ਹੈ ਉਹ ਹੈ ਆਕਟੋਪਸ ਪਾਲ। ਜਿਸ ਨੂੰ ਅੰਧ ਵਿਸ਼ਵਾਸ਼ ਕਿਹਾ
ਜਾਵੇ ਜਾਂ ਕੁਝ ਹੋਰ ਪਰ ਜਿਸ ਤਰੀਕੇ ਨਾਲ ਉਸ ਨੇ ਭਵਿੱਖਬਾਣੀ ਕੀਤੀ ਉਹ
ਸਾਰੀ ਦੀ ਸਾਰੀ ਸੱਚ ਹੁੰਦੀ ਗਈ। ਤੀਜੀ ਥਾਂ ਲਈ ਜਰਮਨੀ ਤੇ ਉਰੂਗਵੇ
ਵਿਚਕਾਰ ਹੋਏ ਮੈਚ ਵਿਚ ਆਕਟੋਪਸ ਨੇ ਕਿਹਾ ਸੀ ਕਿ ਜਰਮਨੀ ਜਿੱਤੇਗਾ ਤੇ ਉਹੀ
ਹੋਇਆ ਹਾਰਦਾ ਹਾਰਦਾ ਜਰਮਨੀ ਜਿੱਤ ਗਿਆ। ਇਸ ਟੂਰਨਾਮੈਂਟ ਵਿਚ ਸਪੇਨ ਦੀ
ਦਾਅਵੇਦਾਰੀ ਇਸ ਲਈ ਮਜ਼ਬੂਤ ਹੁੰਦੀ ਗਈ ਕਿਉਂਕਿ ਉਸ ਨੇ ਛੋਟੇ-ਛੋਟੇ ਪਾਸ
ਦੇਣ ਦੀ ਜੋ ਨਵੀਂ ਕਮਾਲ ਦੀ ਤਕਨੀਕ ਅਪਣਾਈ ਉਹ ਉਸ ਲਈ ਬੇਹੱਦ ਕਾਰਗਰ ਸਿੱਧ
ਹੋਈ। ਹਰ ਵੇਲੇ ਗੇਂਦ 'ਤੇ ਕਬਜ਼ਾ ਜਮਾਈ ਰੱਖਣਾ ਤੇ ਛੋਟੇ-ਛੋਟੇ ਪਾਸ ਨਾਲ
ਵਿਰੋਧੀ ਟੀਮ ਨੂੰ ਉਲਝਾਈ ਰੱਖਣਾ ਸਪੇਨ ਦੀ ਜਿੱਤ ਦੇ ਰਾਜ਼ਾਂ ਵਿਚੋਂ ਇਕ ਹੈ
ਫਾਈਨਲ ਮੈਚ ਵਿਚ ਵੀ ਇਕ ਛੋਟੇ ਜਿਹੇ ਪਾਸ ਨੇ ਗੇਂਦ ਨੂੰ ਅੱਗੇ ਤੋਰਦਿਆਂ
ਇਨੇਇਸਤਾ ਨੇ ਬਾਖੂਬੀ ਤਰੀਕੇ ਨਾਲ ਗੋਲ ਕਰਕੇ ਸਪੇਨ ਨੂੰ ਇਕੋ ਇਕ ਗੋਲ ਨਾਲ
ਵਿਸ਼ਵ ਫੁੱਟਬਾਲ ਵਿਜੇਤਾ ਬਣਾ ਦਿੱਤਾ। ਦੂਜੇ ਪਾਸ ਨੀਂਦਰਲੈਂਡ ਨੇ ਵੀ ਪੂਰੀ
ਟੱਕਰ ਦਿੱਤੀ ਸਪੇਨ ਨੂੰ। ਪੂਰੇ ਸਮੇਂ ਦੇ ਮੈਚ ਦੌਰਾਨ ਕੋਈ ਗੋਲ ਨਹੀਂ ਹੋਣਾ
ਨੀਂਦਰਲੈਂਡ ਦੀ ਮਜ਼ਬੂਤ ਟੀਮ ਦੀ ਤਾਕਤ ਦਰਸਾਉਂਦੀ ਸੀ। ਟੂਰਨਾਮੈਂਟ 'ਚ ਕੋਈ
ਵੀ ਮੈਚ ਨਾ ਹਾਰਨ ਵਾਲੀ ਨੀਦਰਲੈਂਡ ਦੀ ਟੀਮ ਆਖਰ ਸਪੇਨ ਹੱਥੋਂ ਫਾਈਨਲ 'ਚ
ਹਾਰ ਗਈ। ਖੈਰ ਕੁਝ ਵੀ ਹੈ ਬੇਹੱਦ ਰੋਮਾਂਚਕ ਚੱਲੇ ਇਸ ਫੀਫਾ ਟੂਰਨਾਮੈਂਟ
ਦਾ ਅੰਤ ਵੀ ਬਹੁਤ ਹੀ ਰੋਮਾਂਚਕ ਰਿਹਾ।
ਪਟਿਆਲਾ ਦੇ ਗੱਭਰੂ ਤੇ ਬਠਿੰਡੇ ਦੀਆਂ
ਮੁਟਿਆਰਾਂ ਬਣੀਆਂ ਚੈਂਪੀਅਨ
ਪਟਿਆਲਾ, 12 ਜੁਲਾਈ (ਚਹਿਲ)-ਪਟਿਆਲਾ
ਦੇ ਗੱਭਰੂਆਂ ਤੇ ਬਠਿੰਡਾ ਦੀਆਂ ਮੁਟਿਆਰਾਂ ਨੇ ਪਾਵਰ ਲਿਫਟਿੰਗ
ਚੈਂਪੀਅਨਸ਼ਿਪ ਦੇ ਕ੍ਰਮਵਾਰ ਪੁਰਸ਼ ਅਤੇ ਮਹਿਲਾ ਵਰਗ ਦੇ ਖਿਤਾਬ ਜਿੱਤਣ ਦਾ
ਮਾਣ ਪ੍ਰਾਪਤ ਕੀਤਾ ਹੈ। ਪੰਜਾਬ ਪਾਵਰ ਲਿਫਟਿੰਗ ਐਸੋਸੀਏਸ਼ਨ ਵੱਲੋਂ ਪ੍ਰਧਾਨ
ਸ: ਦਵਿੰਦਰ ਸਿੰਘ ਮੱਲੀ ਦੀ ਅਗਵਾਈ ਵਿਚ ਮਰਹੂਮ ਇੰਦਰਪ੍ਰੀਤ ਸਿੰਘ ਸੋਨੂੰ
ਨੂੰ ਸਮਰਪਿਤ ਇਹ ਚੈਂਪੀਅਨਸ਼ਿਪ ਅਰੋੜਾ ਪੈਲੇਸ ਨੇੜੇ ਬੱਸ ਅੱਡਾ ਪਟਿਆਲਾ
ਵਿਖੇ ਕਰਵਾਈ ਗਈ। ਪੁਰਸ਼ਾਂ ਦੇ 67.5 ਕਿਲੋ ਵਰਗ 'ਚ ਗੁਰਿੰਦਰਜੀਤ ਸਿੰਘ
ਫਤਹਿਗੜ੍ਹ ਪਹਿਲੇ, ਰਣਜੀਤ ਸਿੰਘ ਪਟਿਆਲਾ ਦੂਸਰੇ ਤੇ ਰੋਮੀ ਚਾਸਵਾਲ ਪਟਿਆਲਾ
ਤੀਸਰੇ, 75 ਕਿਲੋ ਵਰਗ 'ਚ ਜਸਪ੍ਰੀਤ ਸਿੰਘ ਕਪੂਰਥਲਾ ਪਹਿਲੇ, ਹਰਜੀਤ ਸਿੰਘ
ਲੁਧਿਆਣਾ ਦੂਸਰੇ ਤੇ ਵਿਕਰਮਜੀਤ ਸਿੰਘ ਕਪੂਰਥਲਾ ਤੀਸਰੇ, 82.5 ਕਿਲੋ ਵਰਗ
'ਚ ਪੁਸ਼ਪਿੰਦਰ ਸਿੰਘ ਲੁਧਿਆਣਾ ਪਹਿਲੇ, ਜੀਵਨ ਸਿੰਘ ਪਟਿਆਲਾ ਦੂਸਰੇ ਤੇ
ਗੁਰਪ੍ਰੀਤ ਸਿੰਘ ਫ਼ਤਹਿਗੜ੍ਹ ਸਾਹਿਬ ਤੀਸਰੇ, 90 ਕਿਲੋ 'ਚ ਰਾਜੇਸ਼ ਕੁਮਾਰ
ਪਟਿਆਲਾ ਪਹਿਲੇ, ਤਾਜਵਿੰਦਰ ਸਿੰਘ ਦੂਸਰੇ ਤੇ ਰਾਜਵੀਰ ਸਿੰਘ ਤੀਸਰੇ (ਦੋਵੋਂ
ਫ਼ਤਹਿਗੜ੍ਹ ਸਾਹਿਬ), 100 ਕਿਲੋ 'ਚ ਗੁਰਦੀਪ ਸਿੰਘ ਫ਼ਤਹਿਗੜ੍ਹ ਸਾਹਿਬ ਪਹਿਲੇ,
ਕੇਤਨ ਤਨੇਜਾ ਪਟਿਆਲਾ ਦੂਸਰੇ ਤੇ ਮਨਦੀਪ ਸਿੰਘ ਫ਼ਤਹਿਗੜ੍ਹ ਤੀਸਰੇ, 110
ਕਿਲੋ 'ਚ ਪਰਮਿੰਦਰ ਸਿੰਘ ਬਠਿੰਡਾ ਪਹਿਲੇ, ਅਮਰਜੀਤ ਸਿੰਘ ਪਟਿਆਲਾ ਦੂਸਰੇ
ਤੇ ਭੁਪੇਸ਼ ਉਤਰੇਜਾ ਪਟਿਆਲਾ ਤੀਸਰੇ, 125 ਕਿਲੋ ਵਰਗ 'ਚ ਤ੍ਰਿਪਤਪਾਲ ਸਿੰਘ
ਤਰਨਤਾਰਨ ਪਹਿਲੇ ਤੇ ਪ੍ਰਤਾਪ ਸਿੰਘ ਪਟਿਆਲਾ ਦੂਸਰੇ, +125 ਕਿਲੋ 'ਚ
ਗੁਰਪ੍ਰੀਤ ਸਿੰਘ ਕਪੂਰਥਲਾ ਪਹਿਲੇ ਤੇ ਗੁਰਪ੍ਰਤਾਪ ਸਿੰਘ ਪਟਿਆਲਾ ਦੂਸਰੇ
ਸਥਾਨ 'ਤੇ ਰਿਹਾ। ਮਹਿਲਾ ਵਰਗ 'ਚ +90 ਕਿਲੋ 'ਚ ਗਗਨਦੀਪ ਕੌਰ ਤਰਨਤਾਰਨ
ਪਹਿਲੇ ਤੇ ਗਗਨਪ੍ਰੀਤ ਕੌਰ ਲੁਧਿਆਣਾ ਦੂਸਰੇ, 90 ਕਿਲੋ ਵਰਗ 'ਚ
ਸਿਮਰਨਪ੍ਰੀਤ ਬਰਾੜ ਬਠਿੰਡਾ ਤੇ ਸਿਮਰਨ ਸ਼ਰਮਾ ਬਠਿੰਡਾ ਦੂਸਰੇ, 82.5 ਕਿਲੋ
'ਚ ਹਰਪ੍ਰੀਤ ਕੌਰ ਲੁਧਿਆਣਾ ਪਹਿਲੇ, ਪ੍ਰਿੰਯਕਾ ਚੌਧਰੀ ਲੁਧਿਆਣਾ ਦੂਸਰੇ
ਤੇ ਹਰਲੀਨ ਕੌਰ ਬਠਿੰਡਾ ਤੀਸਰੇ, 75 ਕਿਲੋ 'ਚ ਮਮਤਾ ਰਾਣਾ ਲੁਧਿਆਣਾ ਪਹਿਲੇ,
ਨਵਜੋਤ ਕੌਰ ਲੁਧਿਆਣਾ ਦੂਸਰੇ ਤੇ ਰਮਣੀਕ ਕੌਰ ਮੋਹਾਲੀ ਤੀਸਰੇ, 67.5 ਕਿਲੋ
'ਚ ਕਮਲਜੀਤ ਕੌਰ ਬਠਿੰਡਾ ਪਹਿਲੇ, ਰਜਨੀ ਲੁਧਿਆਣਾ ਦੂਸਰੇ ਤੇ ਸਾਧਨਾ
ਲੁਧਿਆਣਾ ਤੀਸਰੇ ਸਥਾਨ 'ਤੇ ਰਹੀ।
ਪੀ. ਸੀ. ਏ. ਵੱਲੋਂ ਰਾਜ 'ਚ 6
ਮਹਿਲਾ ਕ੍ਰਿਕਟ ਕੇਂਦਰ ਖੋਲ੍ਹਣ ਦਾ ਫੈਸਲਾ ਲਿਆ ਗਿਆ
ਪਟਿਆਲਾ, 12 ਜੁਲਾਈ -ਪੰਜਾਬ
ਕ੍ਰਿਕਟ ਐਸੋਸੀਏਸ਼ਨ ਵੱਲੋਂ ਰਾਜ 'ਚ ਲੜਕਿਆਂ ਵਾਂਗ ਹੀ ਲੜਕੀਆਂ ਨੂੰ
ਕ੍ਰਿਕਟ ਨਾਲ ਸਬੰਧਿਤ ਸਹੂਲਤਾਂ ਪ੍ਰਦਾਨ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ
6 ਜ਼ਿਲ੍ਹਾ ਹੈਡਕੁਆਟਰਾਂ 'ਤੇ ਮਹਿਲਾ ਸਿਖਲਾਈ ਕੇਂਦਰ ਖੋਲ੍ਹਣ ਦਾ ਫੈਸਲਾ
ਕੀਤਾ ਗਿਆ ਹੈ। ਇਹ ਕੇਂਦਰ ਅੰਮ੍ਰਿਤਸਰ, ਚੰਗੀਗੜ੍ਹ, ਲੁਧਿਆਣਾ, ਪਟਿਆਲਾ,
ਮੋਹਾਲੀ ਤੇ ਜਲੰਧਰ ਵਿਖੇ ਖੋਲ੍ਹੇ ਜਾਣਗੇ। ਜਿਨ੍ਹਾਂ ਵਿਚ ਸੀਨੀਅਰ ਤੇ
ਅੰਡਰ-19 ਉਮਰ ਗੁੱਟ ਦੀਆਂ ਮੁਟਿਆਰਾਂ ਨੂੰ ਸਿਖਲਾਈ ਦਿੱਤੀ ਜਾਵੇਗੀ। ਉਕਤ
ਜ਼ਿਲ੍ਹਿਆਂ ਨੂੰ ਸਿਖਲਾਈ ਕੇਂਦਰ ਸਥਾਪਤ ਕਰਨ ਲਈ 25 ਜੁਲਾਈ ਤੱਕ ਦਾ ਸਮਾਂ
ਦਿੱਤਾ ਗਿਆ ਹੈ। ਸਬੰਧਿਤ ਜ਼ਿਲ੍ਹਿਆਂ ਦੀਆਂ ਐਸੋਸੀਏਸ਼ਨਾਂ ਵੱਲੋਂ ਇਕ
ਤਜ਼ਰਬੇਕਾਰ ਪੁਰਸ਼ ਤੇ ਇਕ ਮਹਿਲਾ ਕੋਚ ਲਗਾਏ ਜਾਣਗੇ। ਇਸ ਦੇ ਨਾਲ ਹੀ
ਸਿਖਲਾਈ ਕੇਂਦਰ ਦਾ ਪ੍ਰਬੰਧ ਕਰਨਾ ਵੀ ਜ਼ਿਲ੍ਹਾ ਐਸੋਸੀਏਸ਼ਨ ਦੀ ਜ਼ਿੰਮੇਵਾਰੀ
ਹੈ। ਬਾਕੀ ਸਹੂਲਤਾਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਦਿੱਤੀਆਂ ਜਾਣਗੀਆਂ।
ਹਾਕੀ ਇੰਡੀਆ ਦੀ ਚੋਣ 28 ਨੂੰ
ਜਲੰਧਰ, 12 ਜੁਲਾਈ-
ਭਾਰਤੀ ਹਾਕੀ ਪਿਛਲੇ 2 ਸਾਲਾਂ ਤੋਂ ਕਾਫੀ ਮੁਸ਼ਕਿਲ ਦੌਰ ਦੇ ਵਿਚੋਂ ਲੰਘ ਰਹੀ
ਹੈ। ਕੌਮਾਂਤਰੀ ਹਾਕੀ ਫੈਡਰੇਸ਼ਨ ਨੇ ਭਾਰਤ ਦੇ ਵਿਚ ਹਾਕੀ ਇੰਡੀਆ ਨੂੰ ਮਾਨਤਾ
ਤਾਂ ਦੇ ਦਿੱਤੀ ਪਰ ਹਾਕੀ ਇੰਡੀਆ ਨੇ ਇਸ ਅਰਸੇ ਦੌਰਾਨ ਆਪਣੀਆਂ ਚੋਣਾਂ ਨਹੀਂ
ਕਰਵਾਈਆਂ। ਹੁਣ ਹਾਕੀ ਇੰਡੀਆ ਦੀਆਂ ਚੋਣਾਂ 28 ਜੁਲਾਈ ਨੂੰ ਹੋਣ ਜਾ ਰਹੀਆਂ
ਹਨ ਤੇ ਇਸ ਦੇ ਵਿਚ ਪ੍ਰਧਾਨਗੀ ਦੇ ਅਹੁਦੇ ਲਈ ਕਈਆਂ ਨੇ ਤਿਆਰੀਆਂ ਕੱਸ ਲਈਆਂ।
ਇਸ ਦੌੜ ਵਿਚ ਵਿੱਦਿਆ ਸਟੈਕਸ ਅਤੇ ਭਾਰਤ ਦੀ ਤਿੰਨ ਉਲੰਪਿਕ ਖੇਡਾਂ ਵਿਚ
ਨੁਮਾਇੰਦਗੀ ਕੀਤੀ ਤੇ 2 ਵਾਰੀ ਕਪਤਾਨੀ ਕੀਤੀ ਤੇ ਪਦਮਸ੍ਰੀ ਤੇ ਅਰਜੁਨ
ਐਵਾਰਡ ਹਾਸਲ ਕਰਕੇ ਇਸ ਵੇਲੇ ਪੰਜਾਬ ਦੇ ਡਾਇਰੈਕਟਰ ਸਪੋਰਟਸ ਦੇ ਅਹੁਦੇ
'ਤੇ ਤਾਇਨਾਤ ਪ੍ਰਗਟ ਸਿੰਘ ਵੀ ਸ਼ਾਮਲ ਹੈ। ਇਸ ਚੋਣ ਲਈ 17 ਜੁਲਾਈ ਤੋਂ
ਨਾਮਜ਼ਦਗੀਆਂ ਸ਼ੁਰੂ ਹੋ ਜਾਣੀਆਂ ਹਨ ਤੇ ਜਿਸ ਤਰ੍ਹਾਂ ਦੀ ਸਥਿਤੀ ਇਸ ਵੇਲੇ
ਦੇਸ਼ ਵਿਚ ਬਣੀ ਹੈ ਪਤਾ ਨਹੀਂ ਹਾਕੀ ਕਿਸ ਪਾਸੇ ਵੱਲ ਨੂੰ ਜਾਵੇਗੀ ਕਿਉਂਕਿ
ਕੇ. ਪੀ. ਐਸ. ਗਿੱਲ ਦੀ ਹਾਕੀ ਫੈਡਰੇਸ਼ਨ ਨੂੰ ਹਾਈ ਕੋਰਟ ਨੇ ਮਾਨਤਾ ਬਹਾਲ
ਕਰ ਦਿੱਤੀ ਹੈ।
ਨਿਰਮਲ ਦੇਵੀ ਨੇ ਸੋਨ ਤਮਗਾ ਜਿੱਤਿਆ
ਨਵੀਂ ਦਿੱਲੀ, 12
ਜੁਲਾਈ -ਅੰਤਰਰਾਸ਼ਟਰੀ ਕੁਸ਼ਤੀ ਮੁਕਾਬਲੇ ਜੋ 10 ਅਤੇ 11 ਜੁਲਾਈ ਨੂੰ
ਮੈਡਰਿਡ ਵਿਖੇ ਕਰਵਾਏ ਗਏ 'ਚ ਭਾਰਤ ਦੀ ਨਿਰਮਲ ਦੇਵੀ ਨੇ ਔਰਤਾਂ ਦੇ 48
ਕਿਲੋ ਭਾਰ ਵਰਗ ਮੁਕਾਬਲੇ 'ਚ ਸੋਨੇ ਦਾ ਤਮਗਾ ਜਿੱਤਿਆ। ਰੈਸਲਿੰਗ ਫੈਡਰੇਸ਼ਨ
ਆਫ਼ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ ਪੁਰਸ਼ਾਂ ਦੇ 120 ਕਿਲੋ ਭਾਰ ਵਰਗ ਦੇ
ਮੁਕਾਬਲੇ 'ਚ ਰਾਜੀਵ ਤੋਮਰ ਨੇ ਚਾਂਦੀ ਦਾ ਅਤੇ ਗੀਤਿਕਾ ਜਾਖਰ ਨੇ 67 ਕਿਲੋ
ਭਾਰ ਵਰਗ ਮੁਕਾਬਲੇ 'ਚ ਕਾਂਸੀ ਦਾ ਤਮਗਾ ਪ੍ਰਾਪਤ ਕੀਤਾ।
ਪੰਜਾਬ ਰਾਜ ਸਨੂਕਰ ਚੈਂਪੀਅਨਸ਼ਿਪ 18
ਤੋਂ
ਲੁਧਿਆਣਾ, 13 ਜੁਲਾਈ
-ਦੀ ਪੰਜਾਬ ਬਿਲੀਅਰਡਜ਼ ਐਂਡ ਸਨੂਕਰ ਐਸੋਸੀਏਸ਼ਨ (ਪੀ. ਬੀ. ਐਸ. ਏ.) ਨੇ
ਅੱਜ ਇਥੇ ਐਲਾਨ ਕੀਤਾ ਕਿ ਪੰਜਾਬ ਸਟੇਟ ਸਨੂਕਰ ਚੈਂਪੀਅਨਸ਼ਿਪ 18 ਤੋਂ 25
ਜੁਲਾਈ ਤੱਕ ਸਤਲੁਜ ਕਲੱਬ ਲੁਧਿਆਣਾ ਵਿਖੇ ਕਰਵਾਈ ਜਾਵੇਗੀ। ਸਬ ਜੂਨੀਅਰ ਅਤੇ
ਜੂਨੀਅਰਜ਼ ਚੈਂਪੀਅਨਸ਼ਿਪ 18 ਤੋਂ 21 ਜੁਲਾਈ ਤੱਕ ਹੋਵੇਗੀ ਜਦੋਂਕਿ ਸੀਨੀਅਰਜ਼
ਚੈਂਪੀਅਨਸ਼ਿਪ 22 ਤੋਂ 25 ਜੁਲਾਈ ਤੱਕ ਹੋਵੇਗੀ। ਐਂਟਰੀਆਂ 15 ਜੁਲਾਈ ਤੱਕ
ਲਾਈਆਂ ਜਾਣਗੀਆਂ।
ਸੂਬਾ ਪੱਧਰੀ ਬਾਸਕਿਟਬਾਲ
ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸਮਾਪਤ
ਮੋਗਾ, 11 ਜੁਲਾਈ -ਜ਼ਿਲ੍ਹਾ
ਬਾਸਕਿਟਬਾਲ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਡਾ: ਸ਼ਰਨਪ੍ਰੀਤ ਸਿੰਘ ਮਿੱਕੀ
ਗਿੱਲ ਦੀ ਯੋਗ ਰਹਿਨੁਮਾਈ ਹੇਠ ਸ਼ੁਰੂ ਹੋਇਆ ਚਾਰ ਰੋਜ਼ਾ ਸੂਬਾ ਪੱਧਰੀ
ਬਾਸਕਟਬਾਲ ਅੰਡਰ 14 ਸਾਲਾ ਟੂਰਨਾਮੈਂਟ ਸਥਾਨਕ ਸ਼ਹਿਰ ਦੇ ਗੋਧੇਵਾਲਾ
ਸਟੇਡੀਅਮ ਵਿਖੇ ਅੱਜ ਦੇਰ ਸ਼ਾਮ ਸ਼ਾਨੋ ਸ਼ੌਕਤ ਸਮਾਪਤ ਹੋਇਆ। ਇਸ ਚਾਰ ਰੋਜ਼ਾ
ਟੂਰਨਾਮੈਂਟ ਵਿਚ ਪੰਜਾਬ ਭਰ ਤੋਂ ਕੁੱਲ 16 ਟੀਮਾਂ, ਜਿਸ ਵਿਚ 8 ਲੜਕਿਆਂ
ਅਤੇ 8 ਲੜਕੀਆਂ ਦੀਆਂ ਟੀਮਾਂ ਨੇ ਹਿੱਸਾ ਲਿਆ। ਆਖਰੀ ਦਿਨ ਜੇਤੂ ਟੀਮਾਂ
ਨੂੰ ਇਨਾਮਾਂ ਦੀ ਵੰਡ ਕਰਨ ਲਈ ਪੰਜਾਬ ਦੇ ਡੀ. ਜੀ. ਪੀ. ਪਰਮਦੀਪ ਸਿੰਘ
ਗਿੱਲ ਉਚੇਚੇ ਤੌਰ 'ਤੇ ਪੁੱਜੇ। ਖੇਡੇ ਗਏ ਫਾਈਨਲ ਮੁਕਾਬਲਿਆਂ ਵਿਚ ਅੰਡਰ
14 ਸਾਲਾ ਲੜਕਿਆਂ ਦੀ ਮੋਗਾ ਟੀਮ ਨੇ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ
ਕਰਦਿਆਂ ਬਠਿੰਡਾ ਨੂੰ ਹਰਾਇਆ। ਜਦ ਕਿ ਲੁਧਿਆਣਾ ਦੀ ਟੀਮ ਤੀਸਰੇ ਸਥਾਨ 'ਤੇ
ਰਹੀ। ਅੰਡਰ 14 ਸਾਲਾ ਲੜਕੀਆਂ ਦੀ ਟੀਮ ਵਿਚ ਗੁਰਦਾਸਪੁਰ ਪਹਿਲੇ, ਲੁਧਿਆਣਾ
ਦੂਸਰੇ ਤੇ ਮੋਗਾ ਤੀਸਰੇ ਸਥਾਨ 'ਤੇ ਰਿਹਾ।
ਕੇਂਦਰ ਖੇਡ ਮੰਤਰੀ ਵੱਲੋਂ ਟੈਨਿਸ
ਸਟੇਡੀਅਮ ਦਾ ਉਦਘਾਟਨ ਕੀਤਾ ਗਿਆ
ਨਵੀਂ ਦਿੱਲੀ, 11
ਜੁਲਾਈ -ਕੇਂਦਰੀ ਖੇਡ ਮੰਤਰੀ ਡਾ. ਮਨੋਹਰ ਸਿੰਘ ਗਿੱਲ ਨੇ ਪਹਿਲੀ ਵਾਰ
ਰਾਸ਼ਟਰ ਮੰਡਲ ਖੇਡਾਂ 'ਚ ਸ਼ਾਮਿਲ ਕੀਤੇ ਟੈਨਿਸ ਦੇ ਮੁਕਾਬਲੇ ਲਈ ਇਥੇ 65
ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਆਰ. ਕੇ. ਖੰਨਾ ਟੈਨਿਸ
ਸਟੇਡੀਅਮ ਦਾ ਉਦਘਾਟਨ ਕੀਤਾ।
ਸਮਾਪਤੀ ਸਮਾਹੋਰ ਦਾ ਸਿੱਧਾ
ਪ੍ਰਸਾਰਨ 215 ਦੇਸ਼ਾਂ 'ਚ ਹੋਵੇਗਾ
ਨੀਦਰਲੈਂਡ ਅਤੇ ਸਪੇਨ
'ਚ ਖੇਡੇ ਜਾਣ ਵਾਲੇ ਫਾਈਨਲ ਮੁਕਾਬਲੇ ਤੋਂ ਦੋ ਘੰਟੇ ਪਹਿਲਾਂ 30 ਮਿੰਟ ਦਾ
ਇਕ ਸ਼ਾਨਦਾਰ ਸਮਾਪਤੀ ਸਮਾਰੋਹ ਕਰਵਾਇਆ ਜਾਵੇਗਾ। ਇਹ ਸਮਾਗਮ ਦਾ ਦੁਨੀਆਂ ਦੇ
215 ਦੇਸ਼ਾਂ ਵਿਚ ਸਿੱਧਾ ਪ੍ਰਸਾਰਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਕ
ਅਨੁਮਾਨ ਦੇ ਅਨੁਸਾਰ ਕਰੀਬ 500 ਮਿਲੀਅਨ ਦਰਸ਼ਕ ਇਸ ਸਮਾਗਮ ਨੂੰ ਦੇਖਣਗੇ ਤੇ
ਇਸ ਸਮਾਗਮ ਦੌਰਾਨ ਦੱਖਣੀ ਅਫਰੀਕਾ ਦੇ 780 ਸੰਗੀਤਕਾਰ ਤੇ ਕਲਾਕਾਰ ਆਪਣੀ
ਕਲਾ ਦਾ ਜੌਹਰ ਦਿਖਾਉਣਗੇ। ਇਸ ਸਮਾਗਮ ਦੌਰਾਨ ਕੋਲੰਬੀਆ ਦੀ ਪੋਪ ਸਟਾਰ
ਸ਼ਕੀਰਾ ਆਪਣੀ ਕਲਾ ਦਾ ਪ੍ਰਦਰਸ਼ਨ ਕਰੇਗੀ। ਵਿਸ਼ਵ ਕੱਪ ਦਾ ਉਦਘਾਟਨੀ ਸਮਾਗਮ
ਜੋ ਕਿ ਇਕ ਅਫਰੀਕੀ ਪ੍ਰੰਪਰਾ 'ਤੇ ਆਧਾਰਿਤ ਸੀ ਉਥੇ ਸਮਾਪਤੀ ਸਮਾਗਮ ਦਾ
ਥੀਮ ਨੌਜਵਾਨਾਂ ਨੂੰ ਧਿਆਨ 'ਚ ਰੱਖ ਕੇ ਕੀਤਾ ਗਿਆ ਹੈ। ਵਿਸ਼ਵ ਕੱਪ ਦੀ
ਪ੍ਰਬੰਧਕ ਕਮੇਟੀ ਦੇ ਪ੍ਰਮੁੱਖ ਮਾਰਕੀਟਿੰਗ ਅਧਿਕਾਰੀ ਡੇਰਨੇ ਕਾਸਟੇਨ ਨੇ
ਦਰਸ਼ਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਮੇਂ ਸਿਰ ਸਟੇਡੀਅਮ 'ਚ ਪੁਹੰਚ ਕੇ
ਇਸ ਪ੍ਰੋਗਰਾਮ ਦਾ ਆਨੰਦ ਮਾਨਣ।
ਹਾਕੀ ਚੈਂਪੀਅਨਸ਼ਿਪ ਵਿਚ ਪੰਜਾਬ,
ਚੰਡੀਗੜ੍ਹ, ਮੁੰਬਈ, ਤਾਮਿਲਨਾਡੂ ਅਤੇ ਮੱਧ ਪ੍ਰਦੇਸ਼ ਕੁਆਰਟਰ ਫਾਈਨਲ 'ਚ
ਪਹੁੰਚੇ
ਭੁਪਾਲ, 10 ਜੁਲਾਈ -ਸਥਾਨਕ
ਐਸ਼ਬਾਗ ਸਟੇਡੀਅਮ 'ਚ ਜਾਰੀ 63ਵੀਂ ਰੰਗਾਸੁਆਮੀ ਕੱਪ ਸੀਨੀਅਰ ਰਾਸ਼ਟਰੀ ਹਾਕੀ
ਚੈਂਪੀਅਨਸ਼ਿਪ ਦੌਰਾਨ ਪੰਜਾਬ, ਚੰਡੀਗੜ੍ਹ, ਮੁੰਬਈ, ਤਾਮਿਲਨਾਡੂ ਅਤੇ
ਮੇਜ਼ਬਾਨ ਮੱਧ ਪ੍ਰਦੇਸ਼ ਦੀਆਂ ਟੀਮਾਂ ਕੁਆਰਟਰ ਫਾਈਨਲ 'ਚ ਪੁੱਜ ਗਈਆਂ।
ਕੱਲ੍ਹ ਮੁੰਬਈ ਨੇ ਮਨੀਪੁਰ 'ਚ 4-1 ਨਾਲ, ਤਾਮਿਲਨਾਡੂ ਨੇ ਮਹਾਰਾਸ਼ਟਰ ਨੂੰ
2-1 ਨਾਲ ਹਰਾਇਆ। ਜਦੋਂਕਿ ਪੰਜਾਬ, ਚੰਡੀਗੜ੍ਹ ਅਤੇ ਮੱਧ ਪ੍ਰਦੇਸ਼ ਦੀਆਂ
ਟੀਮਾਂ ਪਹਿਲਾ ਹੀ ਕੁਆਟਰ ਫਾਈਨਲ 'ਚ ਜਗ੍ਹਾ ਬਣਾ ਚੁੱਕੀਆਂ ਹਨ। ਕੁਆਰਟਰ
ਫਾਈਨਲ ਦੀ ਛੇਵੀਂ ਟੀਮ ਦਾ ਫੈਸਲਾ ਅੱਜ ਸ਼ਾਮ ਕਰਨਾਟਕ ਅਤੇ ਹਰਿਆਣਾ 'ਚ ਖੇਡੇ
ਜਾਣ ਵਾਲੇ ਮੈਚ ਦੇ ਬਾਅਦ ਹੋਵੇਗਾ।
ਪੰਜਾਬ ਪਾਵਰ ਲਿਫਟਿੰਗ ਚੈਂਪੀਅਨਸ਼ਿਪ
'ਚ ਬਠਿੰਡਾ ਤੇ ਲੁਧਿਆਣਾ ਦੀਆਂ ਕੁੜੀਆਂ ਦੀ ਬੱਲੇ ਬੱਲੇ
ਪਟਿਆਲਾ, 9 ਜੁਲਾਈ -
ਮਰਹੂਮ ਇੰਦਰਜੀਤ ਸਿੰਘ ਸੋਨੂੰ ਨੂੰ ਸਮਰਪਿਤ ਪੰਜਾਬ ਸੀਨੀਅਰ ਪਾਵਰ
ਲਿਫਟਿੰਗ ਚੈਂਪੀਅਨਸ਼ਿਪ ਦੇ ਦੂਸਰੇ ਦਿਨ ਮਹਿਲਾ ਵਰਗ 'ਚ ਲੁਧਿਆਣਾ ਤੇ
ਬਠਿੰਡਾ ਦੀਆਂ ਮੁਟਿਆਰਾਂ ਦੀ ਚੜ੍ਹਤ ਰਹੀ। ਸਥਾਨਕ ਅਰੋੜਾ ਪੈਲੇਸ 'ਚ ਚੱਲ
ਰਹੀ ਇਸ ਚੈਂਪੀਅਨਸ਼ਿਪ ਦੇ ਦੂਸਰੇ ਦਿਨ ਮਹਿਲਾ ਵਰਗ ਦੇ 48 ਕਿਲੋ ਵਜ਼ਨ 'ਚ
ਕਮਲਜੀਤ ਕੌਰ ਲੁਧਿਆਣਾ ਨੇ 172.5 ਕਿਲੋ ਭਾਰ ਚੁੱਕ ਕੇ ਸੋਨ, ਅਨਮੋਲਪ੍ਰੀਤ
ਕੌਰ ਬਠਿੰਡਾ ਨੇ ਚਾਂਦੀ ਅਤੇ ਅਮਨਦੀਪ ਕੌਰ ਬਠਿੰਡਾ ਨੇ ਕਾਂਸੀ, 52 ਕਿਲੋ
'ਚ ਭੁਪਿੰਦਰ ਕੌਰ ਲੁਧਿਆਣਾ ਨੇ 210 ਕਿਲੋ ਭਾਰ ਚੁੱਕ ਕੇ ਸੋਨ, ਹਰਿੰਦਰ
ਕੌਰ ਤਰਨਤਾਰਨ ਨੇ ਚਾਂਦੀ ਤੇ ਸੁਖਪ੍ਰੀਤ ਕੌਰ ਬਠਿੰਡਾ ਨੇ ਕਾਂਸੀ, 56 ਕਿਲੋ
'ਚ ਪੂਨਮ ਬਠਿੰਡਾ ਨੇ ਸੋਨ, ਪ੍ਰੀਜਾ ਲੁਧਿਆਣਾ ਨੇ ਚਾਂਦੀ ਅਤੇ ਸਿਮਰਜੀਤ
ਕੌਰ ਬਠਿੰਡਾ ਨੇ ਕਾਂਸੀ, 60 ਕਿਲੋ 'ਚ ਕਿਰਨ ਬਠਿੰਡਾ ਨੇ ਸੋਨ, ਮਨਜੋਤ
ਕੌਰ ਲੁਧਿਆਣਾ ਨੇ ਚਾਂਦੀ ਅਤੇ ਗਗਨਦੀਪ ਕੌਰ ਬਠਿੰਡਾ ਨੇ ਕਾਂਸੀ, 67.5
ਕਿਲੋ ਵਰਗ 'ਚ ਮਮਤਾ ਰਾਣਾ ਲੁਧਿਆਣਾ ਨੇ 215 ਕਿਲੋ ਵਜ਼ਨ ਚੁੱਕ ਕੇ ਸੋਨ,
ਮਨਜੋਤ ਕੌਰ ਲੁਧਿਆਣਾ ਨੇ ਚਾਂਦੀ ਅਤੇ ਸਾਧਨਾ ਲੁਧਿਆਣਾ ਨੇ ਕਾਂਸੀ ਦਾ ਤਗਮਾ
ਹਾਸਲ ਕੀਤਾ।
ਕੌਮਾਂਤਰੀ ਹਾਕੀ ਖਿਡਾਰੀ ਪਿਆਰਾ
ਸਿੰਘ ਨਹੀਂ ਰਹੇ
ਜਲੰਧਰ, 9 ਜੁਲਾਈ -ਭਾਰਤੀ
ਹਾਕੀ ਟੀਮ ਦੇ ਸਾਬਕਾ ਕੌਮਾਂਤਰੀ ਖਿਡਾਰੀ ਪਿਆਰਾ ਸਿੰਘ 8 ਜੁਲਾਈ ਨੂੰ ਆਪਣੇ
ਜੱਦੀ ਪਿੰਡ ਸੰਸਾਰਪੁਰ ਵਿਖੇ ਅਕਾਲ ਚਲਾਣਾ ਕਰ ਗਏ। ਇਨ੍ਹਾਂ ਦਾ ਅੰਤਿਮ
ਸੰਸਕਾਰ ਐਤਵਾਰ 11 ਜੁਲਾਈ ਨੂੰ ਸਵੇਰੇ 10.30 ਵਜੇ ਸੰਸਾਰਪੁਰ ਦੇ
ਸਮਸ਼ਾਨਘਾਟ ਵਿਖੇ ਕੀਤਾ ਜਾਵੇਗਾ ਤੇ ਇਨ੍ਹਾਂ ਦੀ ਅੰਤਿਮ ਅਰਦਾਸ ਬੁੱਧਵਾਰ
14 ਜੁਲਾਈ ਨੂੰ 12 ਤੋਂ 1 ਵਜੇ ਤੱਕ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ। ਸ.
ਪਿਆਰਾ ਸਿੰਘ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਤੇ ਉਲੰਪੀਅਨ ਜਗਦੇਵ
ਸਿੰਘ ਦੇ ਪਿਤਾ ਸਨ।
ਹਰਸ਼ਾ ਛੀਨਾ ਦੇ ਬੌਬੀ ਵੱਲੋਂ ਨਵਾਂ
ਰਿਕਾਰਡ ਬਣਾਇਆ
ਹਰਸ਼ਾ ਛੀਨਾ, 9 ਜੁਲਾਈ
-ਉੱਚਾ ਕਿਲ੍ਹਾ ਵਾਸੀ ਜਗਬੀਰ ਸਿੰਘ ਛੀਨਾ ਦਾ ਫਰਜੰਦ ਤੇ ਮਾਤਾ ਹਰਮੀਤ ਕੌਰ
ਦੀਆਂ ਅੱਖਾਂ ਦਾ ਤਾਰਾ ਅਰਪਿੰਦਰ ਸਿੰਘ ਬੌਬੀ ਛੀਨਾ, ਜਿਸ ਨੇ ਟ੍ਰਿਪਲ ਜੰਪ
ਵਿਚ ਵੀ ਅਤਨਾਮ ਵਿਚ ਹੋਈਆਂ ਜੂਨੀਅਰ ਏਸ਼ੀਅਨ ਖੇਡਾਂ, ਜੋ 1 ਜੁਲਾਈ ਤੋਂ 4
ਜੁਲਾਈ ਤੱਕ ਹੋਈਆਂ, ਵਿਚ ਚਾਂਦੀ ਦਾ ਤਮਗਾ ਹਾਸਲ ਕੀਤਾ ਅਤੇ ਨਾਲ ਹੀ
ਅੰਤਰ-20 ਵਿਚ ਟ੍ਰਿਪਲ ਜੰਪ ਵਿਚ 16.13 ਮੀਟਰ ਜੰਪ ਲਗਾ ਕੇ ਨਵਾਂ
ਕੀਰਤੀਮਾਨ ਸਥਾਪਤ ਕੀਤਾ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ 16.06 ਮੀਟਰ
ਦਾ ਸੀ। ਅਰਪਿੰਦਰ ਸਿੰਘ ਜੂਨੀਅਰ ਵਰਲਡ ਐਥਲੈਟਿਕਸ ਦੀ ਤਿਆਰੀ ਲਈ ਭੋਪਾਲ
ਪੁੱਜ ਚੁੱਕਾ ਹੈ, ਜੋ ਕਿ 15 ਜੁਲਾਈ ਤੋਂ ਕੈਨੇਡਾ ਵਿਚ ਹੋ ਰਹੀਆਂ ਹਨ।
ਖੇਡਾਂ 'ਚ ਮੱਲਾਂ ਮਾਰਨ ਵਾਲਿਆਂ
ਨੂੰ ਮਿਲਣਗੇ ਵਜ਼ੀਫੇ
ਫ਼ਿਰੋਜ਼ਪੁਰ, 8 ਜੁਲਾਈ -ਖੇਡਾਂ
'ਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਦਾ ਮਾਣ ਸਨਮਾਨ ਕਰਨ ਸਬੰਧੀ
ਅਕਾਲੀ-ਭਾਜਪਾ ਪੰਜਾਬ ਸਰਕਾਰ ਨੇ ਉੱਚ ਪੱਧਰੀ ਖਿਡਾਰੀਆਂ ਨੂੰ ਵਜ਼ੀਫੇ ਦੇਣ
ਦਾ ਐਲਾਨ ਕੀਤਾ ਹੈ ਅਤੇ 26 ਜੁਲਾਈ ਤੱਕ ਉੱਘੇ ਖਿਡਾਰੀਆਂ ਤੋਂ ਅਰਜ਼ੀਆਂ
ਮੰਗੀਆਂ ਹਨ। ਇਸੇ ਸਬੰਧੀ ਡਾਇਰੈਕਟਰ ਸਪੋਰਟਸ ਪੰਜਾਬ ਚੰਡੀਗੜ੍ਹ ਵੱਲੋਂ
ਸਮੂਹ ਜ਼ਿਲ੍ਹਾ ਸਪੋਰਟਸ ਅਫ਼ਸਰ ਨੂੰ ਪੱਤਰ ਨੰਬਰ ਸਪਰੋਟਸ ਏ. ਡੀ. ਐਸ. ਜੇ.
ਏ. 4-19/10060-79 ਜਾਰੀ ਕੀਤੇ ਹਨ। ਜਿਸ ਵਿਚ ਵਿਭਾਗ ਵੱਲੋਂ ਜਾਰੀ ਹਨ।
ਜਿਸ ਵਿਚ ਵਿਭਾਗ ਵੱਲੋਂ ਸਾਲ 2010-11 ਲਈ ਐਥਲੈਟਿਕਸ, ਬੈਡਮਿੰਟਨ,
ਬਾਸਕਟਬਾਲ, ਹਾਕੀ, ਬਾਕਸਿੰਗ, ਕ੍ਰਿਕਟ, ਸਾਈਕਲਿੰਗ, ਫੁੱਟਬਾਲ,
ਜਿਮਨਾਸਟਿਕਸ, ਹੈਂਡਬਾਲ, ਜੂਡੋ, ਕਬੱਡੀ, ਖੋਹ-ਖੋਹ, ਲਾਅਨ ਟੈਨਿਸ,
ਰੈਸਲਿੰਗ, ਟੇਬਲ ਟੈਨਿਸ, ਵਾਲੀਵਾਲ, ਵੈਟ ਲਿਫਟਿੰਗ, ਤੈਰਾਕੀ ਅਤੇ ਰਾਈਫਲ
ਸ਼ੂਟਿੰਗ ਖੇਡਾਂ ਵਿਚ ਖਿਡਾਰੀਆਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਸਾਲ
2009-10 ਦੇ ਆਧਾਰ 'ਤੇ ਸਪੋਰਟਸ ਸਕਾਲਰਸ਼ਿਪ ਦਿੱਤੀ ਜਾਵੇਗੀ। ਨਿਯਮਾਂ
ਅਨੁਸਾਰ ਉਲੰਪਿਕ, ਰਾਸ਼ਟਰ ਮੰਡਲ ਅਤੇ ਏਸ਼ੀਅਨ ਖੇਡਾਂ 'ਚ ਪਹਿਲੇ ਸਥਾਨ ਵਾਲੇ
ਨੂੰ 12 ਹਜ਼ਾਰ ਰੁਪਏ ਅਤੇ ਦੂਜੇ ਅਤੇ ਤੀਜੇ ਸਥਾਨ ਵਾਲੇ ਨੂੰ 12 ਹਜ਼ਾਰ
ਰੁਪਏ, ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ 'ਚ ਪਹਿਲੇ ਸਥਾਨ ਵਾਲੇ ਨੂੰ 4800
ਰੁਪਏ ਅਤੇ ਦੂਜੇ ਅਤੇ ਤੀਜੇ ਸਥਾਨ ਵਾਲੇ ਨੂੰ 3000 ਰੁਪਏ, ਆਲ ਇੰਡੀਆ
ਅੰਤਰ ਯੂਨੀਵਰਸਿਟੀ 'ਚ ਪਹਿਲੇ ਸਥਾਨ ਵਾਲੇ ਨੂੰ 3000 ਰੁਪਏ ਅਤੇ ਦੂਜੇ ਅਤੇ
ਤੀਜੇ ਸਥਾਨ ਨੂੰ 2400 ਰੁਪਏ, ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ 'ਚ ਪਹਿਲੇ
ਸਥਾਨ ਵਾਲੇ ਨੂੰ 2400 ਰੁਪਏ ਅਤੇ ਦੂਜੇ ਅਤੇ ਤੀਜੇ ਸਥਾਨ ਵਾਲੇ ਨੂੰ 1800
ਰੁਪਏ, ਰਾਸ਼ਟਰੀ ਸਕੂਲ ਖੇਡਾਂ 'ਚ ਪਹਿਲੇ ਸਥਾਨ ਵਾਲੇ ਨੂੰ 1800 ਰੁਪਏ ਅਤੇ
ਦੂਜੇ ਅਤੇ ਤੀਜੇ ਸਥਾਨ ਵਾਲੇ ਨੂੰ 1200 ਰੁਪਏ ਵਜੀਫਾ ਦਿੱਤਾ ਜਾਵੇਗਾ।
ਉਲੰਪਿਕ ਤਗਮਾ ਜੇਤੂ ਮੁੱਕੇਬਾਜ਼
ਵਿਜੇਂਦਰ ਬਣਿਆ ਨੈਸਲੇ ਦਾ ਬ੍ਰਾਂਡ ਅੰਬੈਸਡਰ
ਪਟਿਆਲਾ, 8 ਜੁਲਾਈ -ਬੀਜਿੰਗ
ਉਲੰਪਿਕ 'ਚ ਦੇਸ਼ ਲਈ ਕਾਂਸੀ ਦਾ ਤਗਮਾ ਜੇਤੂ ਮੁੱਕੇਬਾਜ਼ ਵਿਜੇਂਦਰ ਸਿੰਘ
ਨੈਸਲੇ ਕੰਪਨੀ ਦਾ ਬ੍ਰਾਂਡ ਅੰਬੈਸਡਰ ਬਣ ਗਿਆ ਹੈ। ਉਹ ਇਸ ਕੰਪਨੀ ਦੇ
ਚਾਕਲੇਟ 'ਮੰਚ' ਦੀ ਮਸ਼ਹੂਰੀ ਕਰਦਾ ਆਉਂਦੇ ਕੁਝ ਦਿਨਾਂ 'ਚ ਟੀ. ਵੀ. 'ਤੇ
ਦਿਖਾਈ ਦੇਵੇਗਾ। ਜ਼ਿਕਰਯੋਗ ਹੈ ਕਿ ਮੰਚ ਚਾਕਲੇਟ ਦਾ ਪ੍ਰਚਾਰ ਰਾਣੀ ਮੁਖਰਜੀ
ਵਰਗੀਆਂ ਅਭਿਨੇਤਰੀਆਂ ਕਰਦੀਆਂ ਰਹੀਆਂ ਹਨ। ਵਿਜੇਂਦਰ ਕੁਝ ਸਮਾਂ ਪਹਿਲਾਂ
ਵਿਸ਼ਵ ਪ੍ਰਸਿੱਧ ਖੇਡਾਂ ਦਾ ਸਾਮਾਨ ਬਣਾਉਣ ਵਾਲੀ ਕੰਪਨੀ ਨਾਇਕੀ ਦਾ ਬ੍ਰਾਂਡ
ਅੰਬੈਸਡਰ ਵੀ ਬਣਿਆ ਸੀ। ਕ੍ਰਿਕਟ ਤੋਂ ਬਾਅਦ ਹੋਰਨਾਂ ਖੇਡਾਂ ਵਾਲਿਆਂ ਲਈ
ਵਿਜੇਂਦਰ ਦਾ ਇਨ੍ਹਾਂ ਨਾਮੀ ਕੰਪਨੀਆਂ ਦਾ ਬ੍ਰਾਂਡ ਅੰਬੈਸਡਰ ਬਣਨਾ ਬਹੁਤ
ਵੱਡੀ ਪ੍ਰਾਪਤੀ ਹੈ।
ਬਲਾਕਾਂ ਦੇ ਸਬ ਜੂਨੀਅਰ ਪੱਧਰ ਦੇ
ਟੂਰਨਾਮੈਂਟ ਕੱਲ੍ਹ ਤੋਂ-ਪ੍ਰਗਟ ਸਿੰਘ
ਲੁਧਿਆਣਾ, 7 ਜੁਲਾਈ -
ਪੰਜਾਬ ਖੇਡ ਵਿਭਾਗ ਵੱਲੋਂ 'ਪਿਆਕਾ' ਸਕੀਮ ਤਹਿਤ ਕਰਵਾਏ ਜਾਣ ਵਾਲੇ
ਵੱਖ-ਵੱਖ ਬਲਾਕਾਂ ਤੇ ਅੰਡਰ 16 ਸਾਲ ਮੁੰਡੇ ਅਤੇ ਕੁੜੀਆਂ ਦੀਆਂ ਵੱਖ-ਵੱਖ
ਖੇਡਾਂ ਨਾਲ ਸਬੰਧਿਤ ਟੂਰਨਾਮੈਂਟ 9 ਜੁਲਾਈ ਤੋਂ ਵੱਖ-ਵੱਖ ਬਲਾਕਾਂ ਵਿਚ
ਪੰਜਾਬ ਭਰ ਵਿੱਚ ਕਰਵਾਏ ਜਾ ਰਹੇ ਹਨ, ਜਿਸ ਲਈ ਵੱਖ-ਵੱਖ ਪ੍ਰਬੰਧਕੀ
ਕਮੇਟੀਆਂ ਦਾ ਗਠਨ ਕੀਤਾ ਗਿਆ ਅਤੇ ਇਕ ਬਲਾਕ ਦੇ ਓਵਰ ਆਲ ਚੈਪੀਅਨ ਟੀਮ ਨੂੰ
20 ਹਜ਼ਾਰ ਰੁਪਏ ਅਤੇ ਉਪ ਜੇਤੂ ਟੀਮ ਨੂੰ 12 ਹਜ਼ਾਰ ਰੁਪਏ ਅਤੇ ਤੀਸਰੇ ਸਥਾਨ
ਵਾਲੀ ਟੀਮ ਨੂੰ 4 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ
ਕਿ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਸੁਧਾਰ ਅਤੇ ਮਾਛੀਵਾੜਾ ਬਲਾਕ ਦੇ
ਟੂਰਨਾਮੈਂਟ 9 ਅਤੇ 10 ਜੁਲਾਈ ਨੂੰ, ਲੁਧਿਆਣਾ 1 ਅਤੇ ਦੋਰਾਹਾ ਬਲਾਕ ਦੇ
ਟੂਰਨਾਮੈਂਟ 12 ਅਤੇ 13 ਜੁਲਾਈ ਨੂੰ ਬਾਬਾ ਸੁੱਖਾ ਸਿੰਘ ਯਾਦਗਾਰੀ
ਸਟੇਡੀਅਮ ਪਿੰਡ ਧਮੋਟ ਵਿਖੇ, ਪੱਖੋਵਾਲ ਅਤੇ ਖੰਨਾ ਬਲਾਕ ਦੇ ਟੂਰਨਾਮੈਂਟ
16 ਤੇ 17 ਜੁਲਾਈ ਨੂੰ, ਸਮਰਾਲਾ ਅਤੇ ਸਿੱਧਵਾਂ ਬੇਟ ਬਲਾਕ ਦੇ ਟੂਰਨਾਮੈਂਟ
19 ਅਤੇ 20 ਜੁਲਾਈ ਨੂੰ, ਲੁਧਿਆਣਾ ਦੇ ਜਗਰਾਉਂ ਬਲਾਕ ਦੇ ਟੂਰਨਾਮੈਂਟ 23
ਅਤੇ 24 ਜੁਲਾਈ ਨੂੰ, ਡੇਹਲੋਂ ਅਤੇ ਰਾਏਕੋਟ ਬਲਾਕ ਦੇ ਟੂਰਨਾਮੈਂਟ 26 ਅਤੇ
27 ਜੁਲਾਈ ਨੂੰ ਕਰਵਾਏ ਜਾਣਗੇ। ਇਨ੍ਹਾਂ ਵਿਚ ਫੁੱਟਬਾਲ, ਹਾਕੀ, ਕਬੱਡੀ,
ਅਥਲੈਟਿਕਸ, ਵਾਲੀਬਾਲ, ਬਾਸਕਿਟਬਾਲ, ਕੁਸ਼ਤੀਆਂ, ਖੋਹ-2 ਆਦਿ ਖੇਡਾਂ ਸਮੇਤ
10 ਖੇਡਾਂ ਦੇ ਮੁਕਾਬਲੇ ਹੋਣਗੇ। ਜਦਕਿ ਵੱਖ-ਵੱਖ ਜ਼ਿਲ੍ਹਿਆਂ ਦੇ ਖੇਡ
ਮੁਕਾਬਲੇ ਹਾਕੀ ਦੇ ਜਾਦੂਗਰ ਧਿਆਨ ਚੰਦ ਦੇ ਜਨਮ ਦਿਨ ਮੌਕੇ 'ਤੇ ਹੋਣ ਵਾਲੀ
ਕੌਮੀ ਖੇਡ ਦਿਵਸ ਵੇਲੇ 29 ਅਗਸਤ ਨੂੰ ਕਰਵਾਏ ਜਾਣਗੇ। ਹਰ ਜ਼ਿਲ੍ਹੇ ਦੀ
ਓਵਰਆਲ ਚੈਂਪੀਅਨ ਟੀਮ ਨੂੰ 40 ਹਜ਼ਾਰ ਰੁਪਏ ਦੀ ਨਕਦ ਰਾਸ਼ੀ, ਉਪ ਜੇਤੂ ਨੂੰ
24 ਹਜ਼ਾਰ ਅਤੇ ਤੀਜੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 8 ਹਜ਼ਾਰ ਰੁਪਏ ਦੀ
ਇਨਾਮੀ ਰਾਸ਼ੀ ਦਿੱਤੀ ਜਾਵੇਗੀ।
ਅੰਤਰਰਾਸ਼ਟਰੀ ਸਰੀ ਗੋਲਡ ਹਾਕੀ ਕੱਪ
23 ਤੋਂ
ਲੁਧਿਆਣਾ, 7 ਜੁਲਾਈ -'ਸਰੀ
ਫੀਲਡ ਹਾਕੀ ਕਲੱਬ' ਵਲੋਂ ਤੀਸਰਾ ਸਾਲਾਨਾ 'ਅੰਤਰਰਾਸ਼ਟਰੀ ਸਰੀ ਗੋਲਡ ਕੱਪ
ਹਾਕੀ ਟੂਰਨਾਮੈਂਟ' 23, 24 ਅਤੇ 25 ਜੁਲਾਈ ਨੂੰ ਪੰਜਾਬੀਆਂ ਦੇ ਗੜ੍ਹ ਸਰੀ
ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਵਿਚ 28 ਦੇ ਕਰੀਬ ਟੀਮਾਂ ਰਜਿਸਟਰ ਹੋ
ਚੁੱਕੀਆਂ ਹਨ। ਭਾਰਤ ਤੋਂ ਏਅਰ ਇੰਡੀਆ ਦੀ ਹਾਕੀ ਟੀਮ, ਜਿਸ ਦੇ 5-6 ਖਿਡਾਰੀ
ਭਾਰਤ ਦੀ ਹਾਕੀ ਟੀਮ 'ਚ ਖੇਡਦੇ ਹਨ, ਆਪਣੇ ਕੋਚ ਉਲੰਪੀਅਨ ਧੰਨਰਾਜ ਪਿੱਲੇ
ਦੀ ਕਮਾਨ ਹੇਠ ਇਸ ਟੂਰਨਾਮੈਂਟ 'ਚ ਖੇਡੇਗੀ। ਇਸ ਤੋਂ ਇਲਾਵਾ ਭਾਰਤ ਤੋਂ
ਨਾਮਧਾਰੀ ਇਲੈਵਨ, ਇੰਗਲੈਂਡ, ਅਮਰੀਕਾ ਅਤੇ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ
ਤੋਂ ਟੀਮਾਂ ਆਪਣੀ ਖੇਡ ਦਾ ਪ੍ਰਦਰਸ਼ਨ ਕਰਨ ਪਹੁੰਚ ਰਹੀਆਂ ਹਨ। ਇਸ
ਟੂਰਨਾਮੈਂਟ ਵਿਚ ਇਸ ਵਾਰ ਵੀ ਪ੍ਰਾਇਮਰੀ ਅਤੇ ਸੋਸ਼ਲ ਦੋ ਸ਼੍ਰੇਣੀਆਂ 'ਚ
14-14 ਟੀਮਾਂ ਦੇ ਮੁਕਾਬਲੇ ਹੋਣਗੇ। ਸਰੀ ਦੀ 126 ਸਟਰੀਟ ਅਤੇ 64 ਐਵੇਨਿਊ
'ਤੇ ਸਥਿਤ ਟਮਾਨਵਿਸ ਸੈਕੰਡਰੀ ਸਕੂਲ ਦੇ ਨਾਲ ਲਗਦੀਆਂ ਗਰਾਊਂਡਾਂ 'ਚ ਹੋਣ
ਜਾ ਰਿਹਾ ਹੈ।
ਸੀਨੀਅਰ ਪੰਜਾਬ ਖੋ-ਖੋ ਚੈਂਪੀਅਨਸ਼ਿਪ
ਅਣਮਿੱਥੇ ਸਮੇਂ ਲਈ ਮੁਲਤਵੀ
ਰਾਏਕੋਟ, 7 ਜੁਲਾਈ -ਖਰਾਬ
ਮੌਸਮ ਕਾਰਨ ਗੁਰੂ ਗੋਬਿੰਦ ਸਿੰਘ ਸਟੇਡੀਅਮ ਰਾਏਕੋਟ ਵਿਖੇ ਹੋਣ ਵਾਲੀ
ਕਾਰਗਿਲ ਸ਼ਹੀਦ ਬਲਵੰਤ ਸਿੰਘ ਬੜੈਚ ਯਾਦਗਾਰੀ ਸੀਨੀਅਰ ਪੰਜਾਬ ਖੋ-ਖੋ
ਚੈਂਪੀਅਨਸ਼ਿਪ, ਜੋ ਪਹਿਲਾਂ 9 ਤੋਂ 11 ਜੁਲਾਈ ਤੱਕ ਹੋਣ ਵਾਲੀ ਸੀ, ਅਣਮਿੱਥੇ
ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਹੈ। ਜਲਦ ਨਵੀਆਂ ਤਰੀਕਾਂ ਦਾ ਐਲਾਨ ਕਰ
ਦਿੱਤਾ ਜਾਵੇਗਾ।
ਪੰਜਾਬ ਨੇ ਬਿਹਾਰ ਨੂੰ 9-0 ਨਾਲ
ਹਰਾਇਆ
ਭੁਪਾਲ, 6 ਜੁਲਾਈ
-63ਵਾਂ ਰੰਗਾਸੁਆਮੀ ਕੱਪ ਪੁਰਸ਼ਾਂ ਦੀ ਸੀਨੀਅਰ ਨੈਸ਼ਨਲ ਹਾਕੀ ਚੈਂਪੀਅਨਸ਼ਿਪ
ਕੱਲ੍ਹ ਸਥਾਨਕ ਐਸ਼ਬਾਗ ਸਟੇਡੀਅਮ 'ਚ ਸ਼ੁਰੂ ਹੋਈ। ਇਸ ਦੌਰਾਨ ਪੰਜਾਬ ਦੀ ਟੀਮ
ਨੇ ਬਿਹਾਰ ਨੂੰ 9-0 ਨਾਲ ਅਤੇ ਮੁੰਬਈ ਦੀ ਟੀਮ ਨੇ ਛੱਤੀਸ਼ਗੜ੍ਹ ਨੂੰ 7-0
ਨਾਲ ਹਰਾਇਆ। ਇਕ ਹੋਰ ਮੈਚ 'ਚ ਗੋਆ ਨੇ ਹਿਮਾਚਲ ਪ੍ਰਦੇਸ਼ ਨੂੰ 1-0 ਨਾਲ
ਮਾਤ ਦਿੱਤੀ।
ਪੰਜਾਬ ਪਾਵਰ ਲਿਫਟਿੰਗ ਚੈਂਪੀਅਨਸ਼ਿਪ
ਦਾ ਕੱਲ੍ਹ ਤੋਂ ਆਗਾਜ਼
ਪਟਿਆਲਾ, 6 ਜੁਲਾਈ -ਸੀਨੀਅਰ
ਪੰਜਾਬ ਸਟੇਟ ਪਾਵਰਲਿਫਟਿੰਗ ਚੈਂਪੀਅਨਸ਼ਿਪ 8 ਤੇ 9 ਜੁਲਾਈ ਨੂੰ ਅਰੋੜਾ
ਪੈਲੇਸ, ਨੇੜੇ ਬੱਸ ਅੱਡਾ ਪਟਿਆਲਾ ਵਿਖੇ ਕਰਵਾਈ ਜਾ ਰਹੀ ਹੈ। ਪੰਜਾਬ ਪਾਵਰ
ਲਿਫਟਿੰਗ ਐਸੋਸੀਏਸ਼ਨ ਵੱਲੋਂ ਕਰਵਾਈ ਜਾਣ ਵਾਲੀ ਇਸ ਚੈਂਪੀਅਨਸ਼ਿਪ ਦੌਰਾਨ 4
ਤੋਂ 8 ਅਗਸਤ ਤੱਕ ਕੋਇੰਬਟੂਰ (ਤਾਮਿਲਨਾਡੂ) ਵਿਖੇ ਹੋਣ ਵਾਲੀ ਕੌਮੀ
ਚੈਂਪੀਅਨਸ਼ਿਪ ਲਈ ਪੰਜਾਬ ਦੀ ਟੀਮ ਦੀ ਚੋਣ ਕੀਤੀ ਜਾਵੇਗੀ।
ਨਿਪਾਲ 'ਚ ਹੋਈ ਤਾਈਕਵਾਂਡੋ
ਚੈਂਪੀਅਨਸ਼ਿਪ 'ਚੋਂ ਮਨਦੀਪ ਤੇ ਵਿਨੋਦ ਕੁਮਾਰ ਨੇ ਸੋਨ ਤਗਮੇ ਹਾਸਲ ਕੀਤੇ
ਜਲੰਧਰ, 6 ਜੁਲਾਈ -ਪਹਿਲੀ
ਇੰਡੋ ਫਰੈਂਡਲੀ ਇਨਵੀਟੇਸ਼ਨ ਤਾਈਕਵਾਂਡੋ ਚੈਂਪੀਅਨਸ਼ਿਪ ਬੀਤੇ ਦਿਨੀਂ ਕਾਠਮੰਡੂ
(ਨਿਪਾਲ) ਵਿਖੇ ਕਰਵਾਈ ਗਈ, ਜਿਸ ਵਿਚ ਭਾਰਤੀ ਤਾਈਕਵਾਂਡੋ ਟੀਮ ਵੱਲੋਂ
ਹਿੱਸਾ ਲੈਂਦਿਆਂ ਜਲੰਧਰ ਦੇ ਮਨਦੀਪ ਸਿੰਘ ਨੇ ਲਾਈਟਵੇਟ ਵਰਗ ਵਿਚੋਂ ਸੋਨ
ਤਗਮਾ ਤੇ ਵਿਨੋਦ ਕੁਮਾਰ ਨੇ ਹੈਵੀਵੇਟ ਵਰਗ ਵਿਚੋਂ ਸੋਨ ਤਗਮਾ ਜਿੱਤ ਕੇ
ਭਾਰਤ ਦਾ ਮਾਣ ਵਧਾਇਆ ਤੇ ਇਸ ਚੈਂਪੀਅਨਸ਼ਿਪ ਵਿਚ ਭਾਰਤੀ ਟੀਮ ਨੇ ਓਵਰਆਲ
ਤੀਜਾ ਸਥਾਨ ਹਾਸਲ ਕੀਤਾ।
ਕੁਲਹਿੰਦ ਅੰਤਰ 'ਵਰਸਿਟੀ ਖੇਡ
ਮੁਕਾਬਲਿਆਂ ਲਈ ਉਮਰ ਹੱਦ ਵਧਾਈ
ਪਟਿਆਲਾ, 6 ਜੁਲਾਈ -ਕੁਲਹਿੰਦ
ਅੰਤਰ 'ਵਰਸਿਟੀ ਖੇਡ ਮੁਕਾਬਲਿਆਂ ਲਈ ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼
ਨੇ ਕੁਝ ਨਿਯਮਾਂ 'ਚ ਬਦਲਾਅ ਕਰਦੇ ਹੋਏ ਖਿਡਾਰੀਆਂ ਲਈ ਉਮਰ ਹੱਦ 'ਚ 3 ਸਾਲ
ਦਾ ਵਾਧਾ ਕਰਦਿਆਂ ਵੱਧ ਤੋਂ ਵੱਧ ਉਮਰ ਹੱਦ 28 ਸਾਲ ਕਰਨ ਦਾ ਫੈਸਲਾ ਕੀਤਾ
ਹੈ। ਪਹਿਲਾਂ ਇਹ ਉਮਰ ਹੱਦ 25 ਸਾਲ ਸੀ। ਇਸ ਦੇ ਨਾਲ ਹੀ ਘੱਟ ਤੋਂ ਘੱਟ
ਉਮਰ ਦੀ ਸੀਮਾ ਵੀ ਖ਼ਤਮ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਘੱਟ ਤੋਂ ਘੱਟ
ਉਮਰ ਹੱਦ 17 ਸਾਲ ਸੀ। ਵੱਧ ਤੋਂ ਵੱਧ ਉਮਰ ਦੀ ਹੱਦ ਤਹਿ ਕਰਨ ਲਈ ਉਮਰ
ਸਬੰਧਿਤ ਖੇਡ ਸੈਸ਼ਨ ਦੀ 1 ਜੁਲਾਈ ਤੋਂ ਮੰਨੀ ਜਾਵੇਗੀ। ਉਪਰੋਕਤ ਫੈਸਲੇ
ਏ.ਆਈ.ਯੂ. ਵੱਲੋਂ ਵਿਸ਼ਵ ਯੂਨੀਵਰਸਿਟੀ ਖੇਡਾਂ ਦੇ ਨਿਯਮਾਂ ਦੀ ਰੋਸ਼ਨੀ 'ਚ
ਲਏ ਗਏ ਹਨ।
ਅੰਤਰਰਾਸ਼ਟਰੀ ਖੇਡ ਮੇਲਾ 18 ਨੂੰ
ਲੁਧਿਆਣਾ, 6 ਜੁਲਾਈ -ਸਿਆਟਲ
ਸਪੋਰਟਸ ਐਂਡ ਕਲਚਰਲ ਕਲੱਬ ਵਲੋਂ ਕਰਵਾਇਆ ਜਾਣ ਵਾਲਾ ਅੰਤਰਰਾਸ਼ਟਰੀ ਪੱਧਰ
ਦਾ ਸਾਲਾਨਾ ਖੇਡ ਮੇਲਾ 18 ਜੁਲਾਈ ਨੂੰ ਹੋਵੇਗਾ। ਇਸ ਖੇਡ ਮੇਲੇ ਦੇ
ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। ਇਸ ਖੇਡ ਮੇਲੇ ਵਿੱਚ ਕਬੱਡੀ ਤੋਂ
ਇਲਾਵਾ ਫੁੱਟਬਾਲ, ਵਾਲੀਬਾਲ, ਕੁਸ਼ਤੀਆਂ ਅਤੇ ਪੰਜਾਬੀ ਭਾਈਚਾਰੇ ਨਾਲ
ਸਬੰਧਿਤ ਬੱਚਿਆਂ ਦੇ ਅਥਲੈਟਿਕਸ ਮੁਕਾਬਲੇ ਕਰਵਾਏ ਜਾਣਗੇ। ਕਬੱਡੀ ਮੁਕਾਬਲੇ
ਵਾਸਤੇ ਕੈਨੇਡਾ-ਅਮਰੀਕਾ ਦੀਆਂ ਉਘੀਆਂ 8 ਕਲੱਬਾਂ ਹਿੱਸਾ ਲੈਣਗੀਆਂ। ਇਸ
ਤੋਂ ਇਲਾਵਾ ਫੁੱਟਬਾਲ ਦੀਆਂ 8 ਅਤੇ ਵਾਲੀਬਾਲ ਦੀਆਂ 12 ਟੀਮਾਂ ਹਿੱਸਾ
ਲੈਣਗੀਆਂ।
ਜੂਨੀਅਰ ਐਥਲੈਟਿਕ ਚੈਂਪੀਅਨਸ਼ਿਪ
ਅੰਮ੍ਰਿਤਸਰ 'ਚ
ਚੰਡੀਗੜ੍ਹ, 6 ਜੁਲਾਈ -ਉੱਤਰੀ
ਜ਼ੋਨ ਦੀ ਜੂਨੀਅਰ ਐਥਲੈਟਿਕਸ ਚੈਂਪੀਅਨਸ਼ਿਪ ਅੰਮ੍ਰਿਤਸਰ ਵਿਖੇ 14 ਤੋਂ 16
ਅਗਸਤ ਤੱਕ ਕਰਵਾਈ ਜਾਵੇਗੀ। ਹਰਿਆਣਾ ਦੀ ਰਾਜ ਐਥਲੈਟਿਕਸ ਐਸੋਸੀਏਸ਼ਨ ਵੱਲੋਂ
ਚੋਣ ਟਰਾਇਲ ਸੀ. ਬੀ. ਐਸ. ਐਮ. ਸਕੂਲ ਨਿਦਾਨੀ (ਜੀਂਦ) ਵਿਖੇ 24 ਅਤੇ 25
ਜੁਲਾਈ ਨੂੰ ਉਮਰ ਗਰੁੱਪ ਅੰਡਰ-20, 18, 16 ਅਤੇ 14 ਲੜਕੇ ਅਤੇ ਲੜਕੀਆਂ
ਲਈ ਲਏ ਜਾਣਗੇ।
ਡਬਲਜ਼ ਅਤੇ ਮਿਕਸਡ ਡਬਲਜ਼ ਦਾ ਅਸਲ
ਯੋਧਾ ਹੈ ਪੇਸ
ਨਵੀਂ ਦਿੱਲੀ, 5 ਜੁਲਾਈ
-ਜ਼ਿੰਬਾਬਵੇ ਦੀ ਕਾਰਾ ਬਲੈਕ ਦੇ ਨਾਲ ਕੱਲ੍ਹ ਆਪਣੇ ਖੇਡ ਜੀਵਨ ਦਾ 12
ਗਰੈਂਡ ਸਲੈਮ ਖਿਤਾਬ ਜਿੱਤਣ ਵਾਲੇ ਭਾਰਤ ਦੇ ਚੋਟੀ ਦੇ ਟੈਨਿਸ ਖਿਡਾਰੀ
ਲਿਏਂਡਰ ਪੇਸ ਨੇ ਡਬਲਜ਼ ਅਤੇ ਮਿਕਸਡ ਡਬਲਜ਼ ਮੁਕਾਬਲਿਆਂ 'ਚ ਬਰਾਬਰ ਸਫਲਤਾ
ਪ੍ਰਾਪਤ ਕੀਤੀ ਹੈ। ਪੇਸ ਅਤੇ ਬਲੈਕ ਦੀ ਦੂਸਰਾ ਦਰਜਾ ਪ੍ਰਾਪਤ ਜੋੜੀ ਨੇ
ਕੱਲ੍ਹ ਆਲ ਇੰਗਲੈਂਡ ਕਲੱਬ ਦੇ ਸੈਂਟਰ ਕੋਰਟ 'ਚ ਖੇਡੇ ਗਏ ਖਿਤਾਬੀ ਮੁਕਾਬਲੇ
'ਚ ਦੱਖਣੀ ਅਫਰੀਕਾ ਦੇ ਵੇਸਲੇ ਮੂਡੀ ਅਤੇ ਅਮਰੀਕਾ ਦੀ ਲੀਸਾ ਰੇਮੰਡ ਨੂੰ
6-4, 7-6 ਨਾਲ ਹਰਾ ਕੇ ਵਿੰਬਲਡ ਦਾ ਮਿਕਸਡ ਡਬਲਜ਼ ਖਿਤਾਬ ਜਿੱਤਿਆ। ਪੇਸ
ਨੇ ਦੂਸਰੀ ਵਾਰ ਇਸ ਖਿਤਾਬ 'ਤੇ ਕਬਜ਼ਾ ਕੀਤਾ ਹੈ। ਮਜ਼ੇ ਦੀ ਗੱਲ ਇਹ ਹੈ ਕਿ
ਉਨ੍ਹਾਂ ਨੇ 1999 'ਚ ਰੇਮੰਡ ਦੇ ਨਾਲ ਇਹ ਖਿਤਾਬ ਜਿੱਤਿਆ ਸੀ। ਪੇਸ ਨੇ
ਆਪਣੇ ਖੇਡ ਜੀਵਨ 'ਚ ਹੁਣ ਤੱਕ ਛੇ ਡਬਲਜ਼ ਅਤੇ ਐਨ੍ਹੇ ਹੀ ਮਿਕਸਡ ਡਬਲਜ਼
ਖਿਤਾਬ ਜਿੱਤੇ ਹਨ। ਉਨ੍ਹਾਂ ਨੇ ਸਭ ਤੋਂ ਵੱਧ ਤਿੰਨ ਮਿਕਸਡ ਡਬਲਜ਼ ਖਿਤਾਬ
ਬਲੈਕ ਦੇ ਨਾਲ ਜਿੱਤੇ ਹਨ ਜਦੋਂ ਕਿ ਦੋ ਵਾਰ ਉਨ੍ਹਾਂ ਨੇ ਮਾਰਟੀਨਾ
ਨਵਰਾਤਿਲੋਵਾ ਨੂੰ ਆਪਣਾ ਜੋੜੀਦਾਰ ਬਣਾ ਕੇ ਸਫਲਤਾ ਪ੍ਰਾਪਤ ਕੀਤੀ ਸੀ। ਇਕ
ਵਾਰ ਉਸ ਨੇ ਰੇਮੰਡ ਦੇ ਨਾਲ ਚੈਂਪੀਅਨ ਬਣਨ ਦਾ ਸਨਮਾਨ ਪ੍ਰਾਪਤ ਕੀਤਾ ਹੈ।
ਡਬਲਜ਼ ਮੁਕਾਬਲਿਆਂ 'ਚ ਵੀ ਪੇਸ ਨੇ ਐਨ੍ਹੇ ਹੀ ਖਿਤਾਬ ਜਿੱਤੇ ਹਨ। ਉਨ੍ਹਾਂ
ਨੇ ਤਿੰਨ ਵਾਰ ਮਹੇਸ਼ ਭੂਪਤੀ ਦੇ ਨਾਲ ਗਰੈਂਡ ਸਲੈਮ ਜਿੱਤਿਆ ਹੈ ਜਦੋਂਕਿ ਇਕ
ਮੌਕੇ 'ਤੇ ਚੈੱਕ ਗਣਰਾਜ ਦੇ ਮਾਰਟਿਨ ਡੈਮ ਉਨ੍ਹਾਂ ਦੇ ਜੋੜੀਦਾਰ ਅਤੇ ਦੋ
ਵਾਰ ਉਨ੍ਹਾਂ ਨੇ ਲੁਕਾਸ ਡੁਲੋਹੀ ਦੇ ਨਾਲ ਖਿਤਾਬੀ ਜਿੱਤ ਪ੍ਰਾਪਤ ਕੀਤੀ
ਹੈ।
ਡਬਲਜ਼ ਖਿਤਾਬ
1999-ਫਰੈਂਚ ਓਪਨ, ਭੂਪਤੀ ਦੇ ਨਾਲ
1999-ਵਿੰਬਲਡਨ , ਭੂਪਤੀ ਦੇ ਨਾਲ
2001-ਫਰੈਂਚ ਓਪਨ , ਭੂਪਤੀ ਦੇ ਨਾਲ
2006-ਅਮਰੀਕਾ ਓਪਨ, ਡੈਮ ਦੇ ਨਾਲ
2009-ਫਰੈਂਚ ਓਪਨ, ਡੁਲੋਹੀ ਦੇ ਨਾਲ
2009-ਅਮਰੀਕਾ ਓਪਨ, ਡੁਲੋਹੀ ਦੇ ਨਾਲ
ਮਿਕਸਡ ਡਬਲਜ਼ ਖਿਤਾਬ
1999-ਵਿੰਬਲਡਨ, ਰੇਮੰਡ ਦੇ ਨਾਲ
2003-ਆਸਟ੍ਰੇਲੀਅਨ ਓਪਨ, ਨਵਰਾਤੀਲੋਵਾ ਦੇ ਨਾਲ
2003-ਵਿੰਬਲਡਨ, ਨਵਰਾਤੀਲੋਵਾ ਦੇ ਨਾਲ
2008-ਅਮਰੀਕੀ ਓਪਨ, ਬਲੈਕ ਦੇ ਨਾਲ
2010-ਆਸਟ੍ਰੇਲੀਅਨ ਓਪਨ, ਬਲੈਕ ਦੇ ਨਾਲ
2010- ਵਿੰਬਲਡਨ, ਬਲੈਕ ਦੇ ਨਾਲ
ਏਸ਼ੀਅਨ ਜੂਨੀਅਰ ਐਥਲੈਟਿਕ
ਚੈਂਪੀਅਨਸ਼ਿਪ 'ਚ ਭਾਰਤ ਨੇ ਜਿੱਤੇ 14 ਤਗਮੇ
ਪਟਿਆਲਾ, 5 ਜੁਲਾਈ -ਵੀਅਤਨਾਮ
ਦੀ ਰਾਜਧਾਨੀ ਹੈਨੋਈ 'ਚ ਹੋਈ ਏਸ਼ੀਅਨ ਜੂਨੀਅਰ ਐਥਲੈਟਿਕ ਚੈਂਪੀਅਨਸ਼ਿਪ 'ਚ
ਭਾਰਤੀ ਟੀਮ ਨੇ 2 ਸੋਨ, 6 ਚਾਂਦੀ ਤੇ 6 ਕਾਂਸੀ ਦੇ ਤਗਮੇ ਜਿੱਤ ਕੇ ਅੱਠਵਾਂ
ਸਥਾਨ ਹਾਸਲ ਕੀਤਾ ਜਦਕਿ ਚੀਨ ਨੇ 11 ਸੋਨ, 10 ਚਾਂਦੀ ਅਤੇ 5 ਕਾਂਸੀ (ਕੁੱਲ
26) ਤਗਮੇ ਜਿੱਤ ਕੇ ਚੈਂਪੀਅਨ ਬਣਨ ਦਾ ਮਾਨ ਹਾਸਲ ਕੀਤਾ।
ਵਿਸ਼ਵ ਕੱਪ ਫੁੱਟਬਾਲ
ਜੋਹਾਨਸਬਰਗ, 4
ਜੁਲਾਈ - ਵਿਸ਼ਵ ਕੱਪ ਫੁੱਟਬਾਲ ਜੋ ਕਿ ਜੋਹਾਨਸਬਰਗ ਵਿਖੇ ਚੱਲ ਰਿਹਾ
ਹੈ। ਇਸ ਵਿਚ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਨੂੰ 'ਗੋਲਡਨ ਬੂਟ' ਦੇ
ਨਾਲ ਸਨਮਾਨਿਆ ਜਾਣ ਦਾ ਫੈਸਲਾ ਕੀਤਾ ਗਿਆ ਹੈ। ਇਸ 'ਗੋਲਡਨ ਬੂਟ' ਦੀ ਦੌੜ
ਵਿਚ ਸਭ ਤੋਂ ਅੱਗੇ ਸਪੇਨ ਦਾ ਸਟਾਰ ਸਟ੍ਰਾਈਕਰ ਡੇਵਿਡ ਵਿਲਾ ਚੱਲ ਰਿਹਾ
ਹੈ। ਵਿਲਾ ਨੇ ਹੁਣ ਤੱਕ ਕੁੱਲ ਪੰਜ ਗੋਲ ਕੀਤੇ ਹਨ ਜਦੋਂਕਿ ਜਰਮਨੀ ਦਾ
ਖਿਡਾਰੀ ਥਾਮਸ ਮੁਲਰ, ਹਾਲੈਂਡ ਦਾ ਵੇਸਲੇ ਸ਼ਨਾਈਡਰ, ਅਰਜਨਟੀਨਾ ਦਾ ਗੋਂਜਾਲੋ
ਹਿਗਵੇਨ, ਸਲੋਵਾਕੀਆ ਦਾ ਰਾਬਰਟ ਵਿਟਟੇਕ ਅਤੇ ਜਰਮਨੀ ਦਾ ਮਿਰੋਸਲਾਵ ਕਲੋਜ
ਚਾਰ-ਚਾਰ ਗੋਲ ਦੇ ਨਾਲ ਦੂਸਰੇ ਸਥਾਨ 'ਤੇ ਚੱਲ ਰਹੇ ਹਨ। ਹਿਗਵੇਨ ਦੇ ਨਾਂਅ
ਇਸ ਵਿਸ਼ਵ ਕੱਪ ਦੀ ਹੁਣ ਤੱਕ ਦੀ ਇਕ ਮਾਤਰ ਹੈਟ੍ਰਿਕ ਦਰਜ਼ ਹੈ। ਸ਼ਨਿਚਰਵਾਰ
ਨੂੰ ਖੇਡੇ ਗਏ ਕੁਆਰਟਰ ਫਾਈਨਲ ਮੁਕਾਬਲੇ 'ਚ ਜਰਮਨੀ ਦੇ ਹੱਥੋਂ ਅਰਜਨਟੀਨਾ
ਦੀ ਕਰਾਰੀ ਹਾਰ ਦਾ ਬਾਅਦ ਹਿਗਵੇਨ ਅਤੇ ਵਿਟਟੇਕ ਹਾਲਾਂਕਿ ਇਸ ਦੌੜ 'ਚੋਂ
ਹੁਣ ਬਾਹਰ ਹੋ ਚੁੱਕੇ ਹਨ ਪਰ ਜਰਮਨੀ, ਹਾਲੈਂਡ ਅਤੇ ਸਪੇਨ ਦੇ ਸੈਮੀਫਾਈਨਲ
'ਚ ਪਹੁੰਚਣ ਦੇ ਕਾਰਨ ਕਲੋਜ, ਮਿਲਰ ਅਤੇ ਸ਼ਨਾਈਡਰ ਹੁਣ ਵੀ ਆਪਣੀ ਦਾਅਵੇਦਾਰੀ
ਪੇਸ਼ ਕਰਦੇ ਦਿਖ ਰਹੇ ਹਨ। ਉਰੂਗਵੇ ਦੇ ਲੁਈਸ ਸੁਆਰੇਜ਼, ਘਾਨਾ ਦੇ ਅਸੋਮਹ
ਗਿਆਨ, ਬ੍ਰਾਜ਼ੀਲ ਦਾ ਲੁਈਸ ਫੇਬਿਆਨੋ, ਉਰੂਗਵੇ ਦਾ ਦਿਏਗੋ ਫਾਲਾਰਨ ਅਤੇ
ਅਮਰੀਕਾ ਦਾ ਲੇਂਡਰ ਡੋਨੋਵਾਨ ਤਿੰਨ-ਤਿੰਨ ਗੋਲਾਂ ਦੇ ਨਾਲ ਇਸ ਦੌੜ 'ਚ
ਤੀਸਰੇ ਸਥਾਨ 'ਤੇ ਚੱਲ ਰਹੇ ਹਨ। ਇਸ ਦੇ ਇਲਾਵਾ 12 ਖਿਡਾਰੀ ਅਜਿਹੇ ਹਨ
ਜਿਨ੍ਹਾਂ ਨੇ ਵਿਸ਼ਵ ਕੱਪ 'ਚ ਦੋ-ਦੋ ਗੋਲ ਕੀਤੇ ਹਨ।
ਵਿਸ਼ਵ ਕੱਪ ਫੁੱਟਬਾਲ 'ਚ ਪੈਰਾਗੂਏ ਦੇ ਖ਼ਿਲਾਫ਼ ਮੁਕਾਬਲੇ 'ਚ ਆਪਣੀ ਟੀਮ ਨੂੰ
1-0 ਨਾਲ ਜਿੱਤ ਦਿਵਾ ਕੇ ਆਖਰੀ ਚਾਰ 'ਚ ਪਹੁੰਚਾਉਣ ਵਾਲੇ ਸਪੇਨ ਦੇ ਮਸ਼ਹੂਰ
ਖਿਡਾਰੀ ਡੇਵਿਡ ਵਿਲਾ ਇਸ ਮੈਚ 'ਚ ਗੋਲ ਕਰਨ ਦੇ ਨਾਲ ਹੀ ਦੇਸ਼ ਵੱਲੋਂ ਸਭ
ਤੋਂ ਵੱਧ ਗੋਲ ਕਰਨ ਦੇ ਰਿਕਾਰਡ ਦੇ ਨੇੜੇ ਪਹੁੰਚ ਗਿਆ ਹੈ। ਪੈਰਾਗੂਏ ਦੇ
ਖ਼ਿਲਾਫ਼ ਮੈਚ 'ਚ ਆਖਰੀ ਮਿੰਟਾਂ 'ਚ ਕੀਤੇ ਗਏ ਗੋਲ ਦੇ ਨਾਲ ਵਿਲਾ ਦੇ 63ਵੇਂ
ਅੰਤਰਰਾਸ਼ਟਰੀ ਮੈਚਾਂ 'ਚ ਕੀਤੇ ਗਏ ਗੋਲਾਂ ਦੀ ਗਿਣਤੀ 43 ਹੋ ਗਈ ਹੈ, ਜੋ
ਸਪੇਨ ਦੇ ਰਾਲ ਤੋਂ ਇਕ ਘੱਟ ਹੈ। ਰਾਲ ਨੇ 102 ਮੈਚਾਂ 'ਚ 44 ਗੋਲ ਕੀਤੇ
ਸਨ। ਸਪੇਨ ਦਾ ਅਗਲਾ ਮੁਕਾਬਲਾ ਬੁੱਧਵਾਰ ਨੂੰ ਜਰਮਨੀ ਦੇ ਖ਼ਿਲਾਫ਼ ਡਰਬਨ 'ਚ
ਹੋਵੇਗਾ। ਡਿਏਗੋ ਮਾਰਾਡੋਨਾ ਨੇ ਚਾਰ ਮਹੀਨੇ ਪਹਿਲਾ 'ਬਾਲ ਬੁਆਏ' ਸਮਝ ਕੇ
ਥਾਮਸ ਮਿਊਲਰ ਦੇ ਨਾਲ ਪੱਤਰਕਾਰ ਸੰਮੇਲਨ 'ਚ ਹਿੱਸਾ ਲੈਣ ਤੋਂ ਇਨਕਾਰ ਕਰ
ਦਿੱਤਾ ਸੀ ਪਰ ਅਰਜਨਟੀਨਾ ਦਾ ਇਹ ਕੋਚ ਨਿਸ਼ਚਿਤ ਤੌਰ 'ਤੇ ਹੁਣ ਇਸ
ਮਿਡਫੀਲਡਰ ਨੂੰ ਹਮੇਸ਼ਾ ਯਾਦ ਰੱਖੇਗਾ। ਇਸ 20 ਸਾਲ ਦੇ ਮਿਡਫੀਲਡਰ ਨੇ
ਸ਼ਨਿਚਰਵਾਰ ਨੂੰ ਕੁਆਰਟਰ ਫਾਈਨਲ 'ਚ ਜਰਮਨੀ ਵੱਲੋਂ ਪਹਿਲਾ ਗੋਲ ਕਰਕੇ
ਅਰਜਨਟੀਨਾ 'ਤੇ 4-0 ਦੀ ਜਿੱਤ 'ਚ ਮੁੱਖ ਭੂਮਿਕਾ ਨਿਭਾਈ ਸੀ।
ਪੰਜਾਬ ਹਾਟ ਵੈਦਰ ਬਾਡੀ ਬਿਲਡਿੰਗ
ਚੈਂਪੀਅਨਸ਼ਿਪ
ਜਲੰਧਰ, 4 ਜੁਲਾਈ -
ਜਲੰਧਰ 'ਚ ਪੰਜਾਬ ਹਾਟ ਵੈਦਰ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਚੱਲ ਰਹੀ
ਹੈ। ਇਸ ਚੈਂਪੀਅਨਸ਼ਿਪ ਦੇ ਅੰਡਰ 55 ਕਿਲੋ ਇੰਟਰ ਮੀਡੀਆ ਵਰਗ 'ਚੋਂ ਮਨਜੀਤ
ਗਿੱਲ ਨੇ ਪਹਿਲਾ, ਸੂਰੀਆ ਬਹਾਦਰ ਨੇ ਦੂਜਾ ਤੇ ਮੁਹੰਮਦ ਅਕਰਮ ਨੇ ਤੀਜਾ,
55 ਕਿਲੋ ਤੇ 60 ਕਿਲੋ ਵਰਗ 'ਚੋਂ ਅਮਨਜੋਤ ਨੇ ਪਹਿਲਾ, ਮਨੋਜ ਨੇ ਦੂਜਾ,
65 ਕਿਲੋ ਤੇ 70 ਕਿਲੋ ਵਰਗ 'ਚੋਂ ਜਸਪ੍ਰੀਤ ਸਿੰਘ ਨੇ ਪਹਿਲਾ, ਧਰਮਿੰਦਰ
ਨੇ ਦੂਜਾ ਤੇ ਬਲਤੇਜ ਸਿੰਘ ਨੇ ਤੀਜਾ, 70 ਤੋਂ 75 ਕਿਲੋ ਵਰਗ 'ਚੋਂ ਹਰਪਾਲ
ਸਿੰਘ ਨੇ ਪਹਿਲਾ, ਸ਼ਸ਼ੀ ਕਪੂਰ ਨੇ ਦੂਜਾ ਤੇ ਮਨਦੀਪ ਸਿੰਘ ਨੇ ਤੀਜਾ ਸਥਾਨ
ਹਾਸਲ ਕੀਤਾ। 75 ਤੋਂ 80 ਕਿਲੋ ਵਰਗ ਤੱਕ ਕੁਲਦੀਪ ਸਿੰਘ ਨੇ ਪਹਿਲਾ,
ਗਗਨਅਜੀਤ ਨੇ ਦੂਜਾ ਤੇ ਗੁਰਵਿੰਦਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। 80
ਕਿਲੋ ਵਰਗ 'ਚੋਂ ਸਤਬੀਰ ਸਿੰਘ ਨੇ ਪਹਿਲਾ, ਨੁਪਿੰਦਰ ਨੇ ਦੂਜਾ ਤੇ ਗੁਰਦੀਪ
ਨੇ ਤੀਜਾ ਸਥਾਨ ਹਾਸਲ ਕੀਤਾ। ਐਡਵਾਂਸ ਵਰਗ 'ਚੋਂ 70 ਕਿਲੋ ਤੋਂ ਹੇਠਾਂ
ਵਰਗ 'ਚੋਂ ਹੀਰਾ ਲਾਲ ਨੇ ਪਹਿਲਾ, ਇੰਦਰ ਮੋਹਨ ਨੇ ਦੂਜਾ ਤੇ ਬਿਹਾਰੀ ਲਾਲ
ਨੇ ਤੀਜਾ, 70 ਤੋਂ 80 ਕਿਲੋ ਵਰਗ 'ਚੋਂ ਜਗਜੀਤ ਸਿੰਘ ਨੇ ਪਹਿਲਾ, ਹਰਪਾਲ
ਸਿੰਘ ਨੇ ਦੂਜਾ ਤੇ ਗੁਰਵਿੰਦਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। 80
ਕਿਲੋ ਤੋਂ ਉੱਪਰ ਵਰਗ 'ਚੋਂ ਰੋਹਿਤ ਨੇ ਪਹਿਲਾ, ਰਵਿੰਦਰ ਨੇ ਦੂਜਾ ਤੇ
ਨਵਤੇਜ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।
86ਵੀਂ ਓਪਨ ਪੰਜਾਬ ਐਥਲੈਟਿਕਸ
ਚੈਂਪੀਅਨਸ਼ਿਪ
ਸੰਗਰੂਰ, 4 ਜੁਲਾਈ
- 86ਵੀਂ ਓਪਨ ਪੰਜਾਬ ਐਥਲੈਟਿਕਸ ਚੈਂਪੀਅਨਸ਼ਿਪ ਸੰਗਰੂਰ ਦੇ ਵਾਰ
ਹੀਰੋਜ਼ ਸਟੇਡੀਅਮ ਵਿਚ ਚੱਲ ਰਹੀ ਹੈ। ਇਸ ਦੇ ਪਹਿਲੇ ਦਿਨ ਖਿਡਾਰੀਆਂ ਨੇ
ਵੱਖ-ਵੱਖ ਮੁਕਾਬਲਿਆਂ ਵਿਚ ਹਿੱਸਾ ਲਿਆ। ਪਹਿਲੇ ਦਿਨ ਦੇ ਮੁਕਾਬਲਿਆਂ ਵਿਚ
10 ਹਜ਼ਾਰ ਮੀਟਰ ਵਿਚ ਜਤਿੰਦਰਪਾਲ ਸਿੰਘ ਰੇਲ ਕੋਚ ਫੈਕਟਰੀ ਕਪੂਰਥਲਾ ਪਹਿਲੇ,
ਤੇਜਿੰਦਰ ਸਿੰਘ ਰੇਲ ਕੋਚ ਫੈਕਟਰੀ ਕਪੂਰਥਲਾ ਦੂਸਰੇ ਅਤੇ ਅਮਨਦੀਪ ਸਿੰਘ
ਕਪੂਰਥਲਾ ਤੀਸਰੇ ਸਥਾਨ 'ਤੇ ਰਿਹਾ। ਇਸੇ ਵਰਗ 'ਚ ਕੁੜੀਆਂ ਦੇ ਮੁਕਾਬਲੇ
ਵਿਚ ਹਰਪ੍ਰੀਤ ਕੌਰ ਪਟਿਆਲਾ ਪਹਿਲੇ, ਸ਼ਰਨਜੀਤ ਕੌਰ ਸੰਗਰੂਰ ਦੂਸਰੇ ਅਤੇ
ਗਗਨਦੀਪ ਕੌਰ ਜਲੰਧਰ ਤੀਸਰੇ ਸਥਾਨ 'ਤੇ ਰਹੀ। 20 ਕਿਲੋਮੀਟਰ ਪੈਦਲ ਚਾਲ
ਵਿਚ ਸੁਰਿੰਦਰ ਸਿੰਘ ਸੰਗਰੂਰ ਪਹਿਲੇ ਅਤੇ ਜਗਸੀਰ ਸਿੰਘ ਸੰਗਰੂਰ ਦੂਸਰੇ
ਸਥਾਨ 'ਤੇ, ਅਮਨਦੀਪ ਕੌਰ ਅੰਮ੍ਰਿਤਸਰ, ਅਮਨਦੀਪ ਕੌਰ ਅਤੇ ਵਰਿੰਦਰ ਕੌਰ
ਸੰਗਰੂਰ ਕ੍ਰਮਵਾਰ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ 'ਤੇ ਰਹੀਆਂ। ਲੰਬੀ
ਛਾਲ ਵਿਚ ਸਮਸ਼ੇਰ ਪਾਲ ਸਿੰਘ ਜਲੰਧਰ, ਅਖਿਲ ਡਡਵਾਲ ਹੁਸ਼ਿਆਰਪੁਰ, ਕਪਿਲ ਦੇਵ
ਜਲੰਧਰ, ਉੱਚੀ ਛਾਲ 'ਚ ਅਜੈ ਪਾਲ ਸਿੰਘ ਪੰਜਾਬ ਪੁਲਿਸ, ਸੇਵਕ ਸਿੰਘ
ਫਤਹਿਗੜ੍ਹ ਸਾਹਿਬ ਕ੍ਰਮਵਾਰ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ 'ਤੇ ਰਹੇ।
1500 ਮੀਟਰ ਕੁੜੀਆਂ 'ਚ ਜੋਤੀ ਸੈਣੀ ਹੁਸ਼ਿਆਰਪੁਰ, ਕੁਲਜੀਤ ਕੌਰ ਤਰਨਤਾਰਨ
ਕ੍ਰਮਵਾਰ ਪਹਿਲੇ ਅਤੇ ਦੂਸਰੇ ਸਥਾਨ 'ਤੇ ਰਹੇ। 10 ਹਜ਼ਾਰ ਮੀਟਰ ਪੈਦਲ ਚਾਲ
20 ਸਾਲ ਵਰਗ 'ਚ ਗੁਰਜੰਟ ਸਿੰਘ ਮੁਹਾਲੀ, ਦੀਪਕ ਕੁਮਾਰ ਪਟਿਆਲਾ, ਮਨਿੰਦਰ
ਸਿੰਘ ਸੰਗਰੂਰ, 1500 ਮੀਟਰ 20 ਸਾਲ ਕੁੜੀਆਂ ਦੇ ਵਰਗ ਵਿਚ ਰੋਮਾ ਪਟਿਆਲਾ,
ਨਵਨੀਤ ਸੰਗਰੂਰ, ਗੁਰਪ੍ਰੀਤ ਨਵਾਂਸ਼ਹਿਰ, 1500 ਮੀਟਰ ਅੰਡਰ 20 ਸਾਲ
ਮੁੰਡਿਆਂ ਵਿਚ ਤਰਲੋਚਨ ਸਿੰਘ ਸੰਗਰੂਰ, ਗੁਰਜੀਤ ਸਿੰਘ ਸੰਗਰੂਰ, ਕੁਲਦੀਪ
ਸਿੰਘ ਪਟਿਆਲਾ, 10 ਹਜ਼ਾਰ ਮੀਟਰ ਅੰਡਰ 20 ਸਾਲ ਕੁੜੀਆਂ ਦੀ ਪੈਦਲ ਚਾਲ ਵਿਚ
ਕਰਮਜੀਤ ਕੌਰ ਕਪੂਰਥਲਾ, ਬਬੀਤਾ ਰਾਣੀ ਮੁਕਤਸਰ ਅਤੇ ਮਨਪ੍ਰੀਤ ਕੌਰ ਸੰਗਰੂਰ,
ਲੰਬੀ ਛਾਲ ਲੜਕੇ ਅੰਡਰ 20 ਸਾਲ ਰੋਹਿਤ ਮਹਿਰਾ ਨਵਾਂ ਸ਼ਹਿਰ, ਅਵਿਨਾਸ਼ ਸਿੰਘ
ਕਪੂਰਥਲਾ, ਕੁਲਦੀਪ ਸਿੰਘ ਗੁਰਦਾਸਪੁਰ, 5000 ਮੀਟਰ ਪੈਦਲ ਚਾਲ ਅੰਡਰ 18
ਸਾਲ ਕੁੜੀਆਂ 'ਚ ਖੁਸ਼ਬੀਰ ਕੌਰ ਅੰਮ੍ਰਿਤਸਰ, ਸਰੋਜ ਰਾਣੀ ਮੁਕਤਸਰ,
ਹਰਜਿੰਦਰ ਕੌਰ ਸੰਗਰੂਰ, ਉੱਚੀ ਛਾਲ ਅੰਡਰ 18 ਸਾਲ ਹਰਮਨਦੀਪ ਸਿੰਘ ਜਲੰਧਰ,
ਸੁਖਵਿੰਦਰ ਸਿੰਘ ਸੰਗਰੂਰ, ਮੁਕੇਸ਼ ਕੁਮਾਰ ਅੰਮ੍ਰਿਤਸਰ, 10 ਹਜ਼ਾਰ ਮੀਟਰ
ਲੜਕਿਆਂ ਦੀ ਪੈਦਲ ਚਾਲ ਅੰਡਰ 20 ਸਾਲ ਵਿਚ ਰਾਜੇਸ਼ ਕੁਮਾਰ ਮੁਹਾਲੀ,
ਜਸਪ੍ਰੀਤ ਸਿੰਘ ਫਤਹਿਗੜ੍ਹ, ਲਖਵੀਰ ਸਿੰਘ ਰੋਪੜ, 3000 ਮੀਟਰ ਪੈਦਲ ਚਾਲ
ਅੰਡਰ 16 ਸਾਲ ਕੁੜੀਆਂ ਵਿਚ ਅਰਸ਼ਨੂਰ ਮੁਕਤਸਰ, ਸ਼ਰਨਜੀਤ ਕੌਰ ਅੰਮ੍ਰਿਤਸਰ,
ਅਮਨਦੀਪ ਕੌਰ ਮੁਹਾਲੀ, ਲੰਬੀ ਛਾਲ ਅੰਡਰ 16 ਸਾਲ ਮੁੰਡਿਆਂ ਵਿਚ ਵਿਕਰਮਜੀਤ
ਸਿੰਘ ਲੁਧਿਆਣਾਂ, ਮੋਹਨਪ੍ਰੀਤ ਸਿੰਘ ਸੰਗਰੂਰ, ਇੰਦਰਜੀਤ ਸਿੰਘ ਗੁਰਦਾਸਪੁਰ,
ਉੱਚੀ ਛਾਲ ਅੰਡਰ 14 ਸਾਲ ਕੁੜੀਆਂ ਵਿਚ ਬਲਵਿੰਦਰ ਕੌਰ ਮਾਨਸਾ, ਜਸਬੀਰ ਕੌਰ
ਸੰਗਰੂਰ, ਅਮਨਦੀਪ ਕੌਰ ਸੰਗਰੂਰ, ਉਚੀ ਛਾਲ ਅੰਡਰ 16 ਸਾਲ ਲੜਕਿਆਂ ਵਿਚ
ਸੁਰਿੰਦਰ ਸਿੰਘ ਸੰਗਰੂਰ, ਗੁਰਕੀਰਤ ਸਿੰਘ ਗੁਰਦਾਸਪੁਰ, ਸੰਦੀਪ ਸਿੰਘ
ਫਿਰੋਜ਼ਪੁਰ, ਉਚੀ ਛਾਲ ਅੰਡਰ 16 ਸਾਲ ਕੁੜੀਆਂ ਵਿਚ ਪ੍ਰਨੀਤ ਕੌਰ ਸੰਗਰੂਰ,
ਵੀਰਦੀਪ ਕੌਰ ਫਿਰੋਜ਼ਪੁਰ, ਮਨਪ੍ਰੀਤ ਕੌਰ, ਉੱਚੀ ਛਾਲ ਅੰਡਰ 14 ਸਾਲ
ਮੁੰਡਿਆਂ ਵਿਚ ਮਨਪ੍ਰੀਤ ਤਰਨਤਾਰਨ, ਗੌਰਵ ਕੁਮਾਰ ਲੁਧਿਆਣਾ, ਜੈ ਸਿੰਘ,
600 ਮੀਟਰ ਅੰਡਰ 14 ਸਾਲ ਸਾਲ ਕੁੜੀਆਂ 'ਚ ਜੋਗ ਨੰਦਨੀ ਬਠਿੰਡਾ, ਮਨਜੋਤ
ਕੌਰ ਗੁਰਦਾਸਪੁਰ ਅਤੇ ਹਰਮਿਲਨ ਕੌਰ ਹੁਸ਼ਿਆਰਪੁਰ ਨੇ ਕ੍ਰਮਵਾਰ ਪਹਿਲਾ,
ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਹਰਵਿੰਦਰ ਸਿੰਘ ਨੇ ਚਮਕਾਇਆ ਭਾਰਤ
ਦਾ ਨਾਮ
ਪਟਿਆਲਾ, 4 ਜੁਲਾਈ
- ਏਸ਼ੀਅਨ ਜੂਨੀਅਰ ਐਥਲੈਟਿਕ ਚੈਂਪੀਅਨਸ਼ਿਪ ਵੀਅਤਨਾਮ ਦੀ ਰਾਜਧਾਨੀ
ਹੈਨੋਈ ਵਿਖੇ ਕਰਵਾਈ ਗਈ। ਜਿਸ ਵਿਚ ਭਾਰਤੀ ਥਰੋਅਰ ਹਰਵਿੰਦਰ ਸਿੰਘ ਨੇ
ਹੈਮਰ ਥਰੋਅ ਮੁਕਾਬਲੇ 'ਚ 71.53 ਮੀਟਰ ਥਰੋਅ ਕਰਕੇ ਨਵਾਂ ਏਸ਼ੀਅਨ
ਚੈਂਪੀਅਨਸ਼ਿਪ ਅਤੇ ਕੌਮੀ ਰਿਕਾਰਡ ਬਣਾਇਆ।
ਕੌਮੀ ਜੂਨੀਅਰ ਫੁੱਟਬਾਲ
ਚੈਂਪੀਅਨਸ਼ਿਪ 15 ਤੋਂ
ਪਟਿਆਲਾ, 4 ਜੁਲਾਈ
- 15 ਤੋਂ 30 ਜੁਲਾਈ ਤੱਕ 9ਵੀਂ ਕੌਮੀ ਜੂਨੀਅਰ ਫੁੱਟਬਾਲ
ਚੈਂਪੀਅਨਸ਼ਿਪ (ਲੜਕੀਆਂ) ਕਰਵਾਈ ਜਾ ਰਹੀ ਹੈ। ਜਿਸ ਵਿਚ 15 ਰਾਜਾਂ ਦੀਆਂ
ਟੀਮਾਂ ਹਿੱਸਾ ਲੈ ਰਹੀਆਂ ਹਨ। ਜਿਨ੍ਹਾਂ ਨੂੰ 8 ਪੂਲਾਂ 'ਚ ਵੰਡਿਆ ਗਿਆ
ਹੈ। ਚੰਡੀਗੜ੍ਹ ਵਿਖੇ ਹੋਣ ਵਾਲੀ ਇਸ ਚੈਂਪੀਅਨਸ਼ਿਪ ਦੇ ਮੁੱਢਲੇ ਗੇੜ ਦੇ
ਮੁਕਾਬਲੇ 15 ਤੋਂ 20 ਜੁਲਾਈ ਤੱਕ, ਕੁਆਰਟਰ ਫਾਈਨਲ ਮੁਕਾਬਲੇ 21 ਤੋਂ 26,
ਸੈਮੀਫਾਈਨਲ ਮੈਚ 28 ਅਤੇ ਫਾਈਨਲ ਮੁਕਾਬਲਾ 30 ਜੁਲਾਈ ਨੂੰ ਹੋਵੇਗਾ ਪੂਲ ਏ
ਵਿਚ ਤਾਮਿਲਨਾਡੂ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼, ਪੂਲ ਬੀ ਵਿਚ ਗੋਆ,
ਹਿਮਾਚਲ ਪ੍ਰਦੇਸ਼, ਕੇਰਲਾ ਅਤੇ ਸਿੱਕਮ, ਪੂਲ ਸੀ 'ਚ ਹਰਿਆਣਾ ਮਿਜੋਰਮ ਅਤੇ
ਗੁਜਰਾਤ, ਪੂਲ ਡੀ ਵਿੱਚ ਝਾਰਖੰਡ, ਚੰਡੀਗੜ੍ਹ, ਪਾਂਡੀਚਰੀ ਅਤੇ ਬਿਹਾਰ,
ਪੂਲ ਈ ਵਿਚ ਉੜੀਸਾ, ਕਰਨਾਟਕਾ, ਜੰਮੂ-ਕਸ਼ਮੀਰ ਅਤੇ ਆਂਧਰਾ ਪ੍ਰਦੇਸ਼, ਪੂਲ
ਐਫ ਵਿਚ ਮਨੀਪੁਰ, ਚੰਡੀਗੜ੍ਹ ਅਤੇ ਦਿੱਲੀ, ਪੂਲ ਜੀ ਵਿਚ ਅਸਾਮ, ਉਤਰਾਖੰਡ
ਅਤੇ ਮਹਾਂਰਾਸ਼ਟਰ, ਪੂਲ ਐਚ 'ਚ ਤ੍ਰਿਪਰਾ, ਪੱਛਮੀ ਬੰਗਾਲ, ਪੰਜਾਬ ਤੇ
ਰਾਜਸਥਾਨ ਦੀਆਂ ਟੀਮਾਂ ਨੂੰ ਰੱਖਿਆ ਗਿਆ ਹੈ।
ਵਿਸ਼ਵ ਕੱਪ ਫੁੱਟਬਾਲ 'ਚ ਨੀਦਰਲੈਂਡ
ਸੈਮੀਫਾਈਨਲ 'ਚ

ਨੀਦਰਲੈਂਡ ਅਤੇ
ਬ੍ਰਾਜ਼ੀਲ ਦੇ ਖਿਡਾਰੀ ਖੇਡਦੇ ਹੋਏ, (ਸੱਜੇ) ਨੀਦਰਲੈਂਡ ਦੇ ਖਿਡਾਰੀ ਆਪਣੀ
ਜਿੱਤ 'ਤੇ ਖੁਸ਼ ਹੁੰਦੇ ਹੋਏ
ਪੋਰਟ ਐਲਿਜ਼ਬੈਥ, 2
ਜੁਲਾਈ - ਵਿਸ਼ਵ ਕੱਪ ਫੁੱਟਬਾਲ ਜੋ ਕਿ ਨੇਲਸਨ ਮੰਡੇਲਾ ਬੇਅ ਸਟੇਡੀਅਮ
ਵਿਚ ਖੇਡਿਆ ਗਿਆ। ਇਸ ਦੇ ਪਹਿਲੇ ਕੁਆਰਟਰ ਫਾਈਨਲ ਮੈਚ 'ਚ ਯੂਰਪੀ ਪਾਵਰ
ਹਾਊਸ ਨੀਦਰਲੈਂਡ ਨੇ ਬ੍ਰਾਜ਼ੀਲ ਨੂੰ 2-1 ਨਾਲ ਹਰਾ ਦਿੱਤਾ ਹੈ। ਜਿਸ ਨਾਲ
ਪੰਜ ਵਾਰ ਦਾ ਚੈਂਪੀਅਨ ਬ੍ਰਾਜ਼ੀਲ ਵਿਸ਼ਵ ਕੱਪ ਫੁੱਟਬਾਲ 'ਚੋਂ ਬਾਹਰ ਹੋ ਗਿਆ
ਹੈ।
ਉਰੂਗਵੇ ਸੈਮੀਫਾਈਨਲ 'ਚ
ਜੋਹਾਨਸਬਰਗ, 2
ਜੁਲਾਈ - ਜੋਹਾਨਸਬਰਗ ਦੇ ਸਾਕਰ ਸਿਟੀ ਸਟੇਡੀਅਮ ਵਿਚ ਉਰੂਗਵੇ ਅਤੇ
ਘਾਨਾ ਵਿਚਕਾਰ ਮੈਚ ਕਰਵਾਇਆ ਗਿਆ। ਜਿਸ ਵਿਚ ਦੋਵੇਂ ਟੀਮਾਂ ਨੇ ਬਹੁਤ ਵਧੀਆ
ਖੇਡ ਦਾ ਪ੍ਰਦਰਸ਼ਨ ਕੀਤਾ, ਅੰਤ ਵਿਚ ਪੈਨਲਟੀ ਸ਼ੂਟ ਆਊਟ ਨਾਲ ਜਿੱਤ ਦਾ
ਫ਼ੈਸਲਾ ਹੋਇਆ ਤੇ ਉਰੂਗਵੇ ਨੇ ਘਾਨਾ ਨੂੰ 4-2 ਨਾਲ ਹਰਾਇਆ।
'ਕਾਮਨਵੈਲਥ ਐਕਸਪ੍ਰੈਸ' ਦਾ
ਚੰਡੀਗੜ੍ਹ 'ਚ ਪ੍ਰਵੇਸ਼
ਚੰਡੀਗੜ੍ਹ, 2
ਜੁਲਾਈ - ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਰਾਸ਼ਟਰ ਮੰਡਲ ਖੇਡਾਂ ਦੀ
ਕਾਮਨਵੈਲਥ ਐਕਸਪ੍ਰੈਸ ਪਹੁੰਚ ਗਈ ਹੈ। 101 ਦਿਨਾਂ 'ਚ 20 ਰਾਜਾਂ ਅਤੇ 49
ਸ਼ਹਿਰਾਂ 'ਚ ਦਸਤਕ ਦੇਣ ਵਾਲੀ ਇਹ ਵਿਸ਼ੇਸ਼ ਰੇਲਗੱਡੀ ਨਾ ਕੇਵਲ ਖੇਡਾਂ, ਬਲਕਿ
ਵਰਤਮਾਨ ਜ਼ਿੰਦਗੀ ਦਾ ਅਟੁੱਟ ਹਿੱਸਾ ਬਣ ਚੁੱਕੀ ਸੂਚਨਾ ਸੰਚਾਰ ਤਕਨਾਲੋਜੀ
ਬਾਰੇ ਵੀ ਜਾਗ੍ਰਿਤੀ ਪੈਦਾ ਕਰਨ ਦੇ ਮਿਸ਼ਨ 'ਤੇ ਹੈ। ਰਾਸ਼ਟਰ ਮੰਡਲ ਖੇਡਾਂ
ਸਬੰਧੀ ਇਸ ਰੇਲਗੱਡੀ ਦੇ 11 'ਚੋਂ 5 ਡੱਬਿਆਂ 'ਚ ਲੱਗੀ ਪ੍ਰਦਰਸ਼ਨੀ ਰਾਹੀਂ
ਰਾਸ਼ਟਰ ਮੰਡਲ ਖੇਡਾਂ ਦੀ ਸ਼ੁਰੂਆਤ, ਮੇਜ਼ਬਾਨ ਦੇਸ਼ਾਂ, ਵੱਖ-ਵੱਖ ਖੇਡਾਂ ਅਤੇ
ਰਿਕਾਰਡ ਧਾਰਕ ਖਿਡਾਰੀਆਂ ਸਮੇਤ ਸਟੇਡੀਅਮਾਂ ਦੇ ਮਾਡਲਾਂ ਅਤੇ ਖੇਡ
ਮੈਦਾਨਾਂ ਬਾਰੇ ਬੇਹੱਦ ਰੋਚਕ ਜਾਣਕਾਰੀ ਹੈ। ਜਿਸ ਦਾ ਪ੍ਰਸ਼ਾਸਨਿਕ
ਅਧਿਕਾਰੀਆਂ, ਵਿਦਿਆਰਥੀਆਂ ਅਤੇ ਹੋਰ ਦਰਸ਼ਕਾਂ ਨੇ ਭਰਪੂਰ ਆਨੰਦ ਮਾਣਿਆ। ਇਸ
ਤੋਂ ਇਲਾਵਾ ਰੇਲਗੱਡੀ ਦੇ 6 ਡੱਬਿਆਂ 'ਚ ਸੂਚਨਾ ਸੰਚਾਰ ਤਕਨਾਲੋਜੀ ਬਾਰੇ
ਪ੍ਰਦਰਸ਼ਨੀ ਐਜੂਕੋਂਪ ਦੇ ਸਹਿਯੋਗ ਨਾਲ ਲੱਗੀ ਹੋਈ ਹੈ।
ਫੀਫਾ ਵਿਸ਼ਵ ਕੱਪ
ਕੁਆਰਟਰ ਫਾਈਨਲ 'ਚ 8 ਟੀਮਾਂ
ਵਿਚਾਲੇ ਹੋਵੇਗਾ ਮੁਕਾਬਲਾ
ਜੋਹਾਨਸਬਰਗ, 1
ਜੁਲਾਈ - ਫੀਫਾ ਵਿਸ਼ਵ ਕੱਪ ਦਾ ਪਹਿਲਾ ਕੁਆਰਟਰ ਫਾਈਨਲ ਮੁਕਾਬਲਾ
ਬ੍ਰਾਜ਼ੀਲ ਅਤੇ ਯੂਰਪੀਅਨ ਪਾਵਰਹਾਊਸ ਹਾਲੈਂਡ ਵਿਚਕਾਰ ਕਰਵਾਇਆ ਗਿਆ। ਇਹ
ਮੁਕਾਬਲਾ ਭਾਰਤੀ ਸਮੇਂ ਮੁਤਾਬਿਕ ਸ਼ਾਮ 7.30 ਵਜੇ ਪੋਰਟ ਐਲਜ਼ਾਬਿਥ ਦੇ
ਨੈਲਸਨ ਮੰਡੇਲਾ ਬੇ ਸਟੇਡੀਅਮ 'ਚ ਕਰਵਾਇਆ ਗਿਆ। ਭਾਰਤੀ ਸਮੇਂ ਅਨੁਸਾਰ ਰਾਤ
12.00 ਵਜੇ ਤੋਂ ਦੂਸਰੇ ਕੁਆਰਟਰ ਫਾਈਨਲ ਮੁਕਾਬਲੇ 'ਚ ਦੱਖਣੀ ਅਮਰੀਕੀ ਦੇਸ਼
ਉਰੂਗਵੇ ਅਤੇ ਅਫ਼ਰੀਕੀ ਦੇਸ਼ ਘਾਨਾ ਦੀਆਂ ਟੀਮਾਂ ਆਹਮਣੇ ਸਾਹਮਣੇ ਹੋਇਆ। ਇਹ
ਮੈਚ ਜੋਹਾਨਸਬਰਗ ਦੇ ਸਾਕਰ ਸਿਟੀ ਸਟੇਡੀਅਮ 'ਚ ਖੇਡਿਆ ਜਾਵੇਗਾ। ਤਿੰਨ
ਜੁਲਾਈ ਨੂੰ ਕੇਪਟਾਊਨ ਦੇ ਗ੍ਰੀਨ ਪੁਆਇੰਟ 'ਚ ਖੇਡੇ ਜਾਣ ਵਾਲੇ ਤੀਸਰੇ
ਕੁਆਰਟਰ ਫਾਈਨਲ ਮੁਕਾਬਲੇ 'ਚ ਅਰਜਨਟੀਨਾ ਅਤੇ ਜਰਮਨੀ ਦੀਆਂ ਟੀਮਾਂ ਆਹਮਣੇ
ਸਾਹਮਣੇ ਹੋਣਗੀਆਂ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ ਦੇ 7.30 ਵਜੇ
ਖੇਡਿਆ ਜਾਵੇਗਾ। ਇਸ ਦਿਨ ਦੇ ਦੂਸਰੇ ਮੁਕਾਬਲੇ ਰਾਤ 12 ਵਜੇ ਤੋਂ ਪਰਾਗਵੇ
ਅਤੇ ਯੂਰਪੀਅਨ ਚੈਂਪੀਅਨ ਸਪੇਨ ਦੀਆਂ ਟੀਮਾਂ ਜੋਹਾਨਸਬਰਗ ਦੇ ਐਲਿਸ ਪਾਰਕ
ਸਟੇਡੀਅਮ 'ਚ ਭਿੜਣਗੀਆਂ। ਪਹਿਲਾ ਸੈਮੀਫਾਈਨਲ 6 ਜੁਲਾਈ ਨੂੰ ਕੇਪਟਾਊਨ 'ਚ
ਸ਼ਾਮ ਦੇ 7.30 ਵਜੇ ਤੋਂ ਅਤੇ ਦੂਸਰਾ 7 ਜੁਲਾਈ ਨੂੰ ਡਰਬਨ 'ਚ ਇਸ ਸਮੇਂ ਹੀ
ਖੇਡਿਆ ਜਾਵੇਗਾ। ਫਾਈਨਲ ਮੁਕਾਬਲਾ 11 ਜੁਲਾਈ ਨੂੰ ਸਾਕਰ ਸਿਟੀ ਸਟੇਡੀਅਮ
'ਚ ਹੋਵੇਗਾ। ਆਖਰੀ-8 ਦੌਰ 'ਚ ਪਹੁੰਚਣ ਵਾਲੀਆਂ ਟੀਮਾਂ ਵਿਚੋਂ 4 ਟੀਮਾਂ
ਦੱਖਣੀ ਅਮਰੀਕਾ ਅਤੇ 3 ਟੀਮਾਂ ਯੂਰਪ ਦੀਆਂ ਹਨ। ਘਾਨਾ ਦੇ ਰੂਪ 'ਚ ਇਕੋ ਇਕ
ਅਫਰੀਕੀ ਟੀਮ ਇਸ ਵਾਰ ਅੰਤਿਮ-8 ਦੌਰ 'ਚ ਸ਼ਾਮਿਲ ਹੋ ਸਕੀ ਹੈ। ਉਰੂਗਵੇ,
ਅਰਜਨਟੀਨਾ, ਬ੍ਰਾਜ਼ੀਲ ਅਤੇ ਪਰਾਗਵੇ ਦੱਖਣੀ ਅਫਰੀਕਾ ਦੀ ਪ੍ਰਤੀਨਿਧਤਾ ਕਰ
ਰਹੇ ਹਨ, ਜਦੋਂ ਕਿ ਸਪੇਨ, ਹਾਲੈਂਡ ਅਤੇ ਜਰਮਨੀ ਦੇ ਰੂਪ 'ਚ 3 ਯੂਰਪੀਨ
ਟੀਮਾਂ ਇਸ ਦਲ 'ਚ ਸ਼ਾਮਿਲ ਹਨ।
ਹਿਗਵੇਨ ਤੇ ਵਿਲਾ ਵਿਸ਼ਵ ਕੱਪ ਵਿਚ
ਸਭ ਤੋਂ ਅੱਗੇ
ਜੋਹਾਨਸਬਰਗ, 30
ਜੂਨ - ਫੀਫਾ ਵਿਸ਼ਵ ਕੱਪ 'ਚ ਅਰਜਨਟੀਨਾ ਦਾ ਸਟਾਰ ਮਿਡਫੀਲਡਰ ਗੋਂਜ਼ਾਲੋ
ਹਿਗਵੇਨ, ਸਪੇਨ ਦਾ ਡੇਵਿਡ ਵਿਲਾ ਅਤੇ ਸਲੋਵਾਕੀਆ ਦਾ ਰਾਬਰਟ ਵਿਟੇਕ
ਵੱਕਾਰੀ 'ਗੋਲਡਨ ਬੂਟ' ਦੀ ਦੌੜ ਵਿਚ ਸਭ ਤੋਂ ਅੱਵਲ ਦਰਜੇ 'ਤੇ ਹਨ।
ਸਲੋਵਾਕੀਆ ਦੇ ਬਾਹਰ ਹੋਣ ਕਰਕੇ ਵਿਟਕੇ ਦੀ ਦਾਅਵੇਦਾਰੀ ਕਮਜ਼ੋਰ ਹੋ ਗਈ ਹੈ
ਪਰ ਹਿਗਵੇਨ ਅਤੇ ਵਿਲਾ ਦੀਆਂ ਟੀਮਾਂ ਹਾਲੇ ਵੀ ਉਸੇ ਤਰ੍ਹਾਂ ਖੇਡ ਰਹੀਆਂ
ਹਨ। ਹਿਗਵੇਨ, ਵਿਲਾ ਅਤੇ ਵਿਟੇਕ ਦੇ ਨਾਮ ਚਾਰ-ਚਾਰ ਗੋਲ ਹਨ ਜਦਕਿ ਹਿਗਵੇਨ
ਦੇ ਨਾਂਅ ਇਸ ਵਿਸ਼ਵ ਕੱਪ ਦੀ ਹੁਣ ਤੱਕ ਦੀ ਇਕੋ-ਇਕ ਹੈਟ੍ਰਿਕ ਸ਼ਾਮਿਲ ਹੈ।
ਜਰਮਨੀ ਦੇ ਨੌਜਵਾਨ ਸਟਾਰ ਥਾਮਸ ਮੁਲਰ, ਉਰੂਗਵੇ ਦੇ ਲੁਈਸ ਸੁਆਰੇਜ਼, ਘਾਨਾ
ਦੇ ਅਸੋਮਾਹ ਗਿਆਨ, ਬ੍ਰਾਜ਼ੀਲ ਦੇ ਲੁਈਸ ਫੇਬਿਆਨੋ ਅਤੇ ਅਮਰੀਕਾ ਦੇ ਲੇਂਡਨ
ਡੋਨੋਵਾਨ ਤਿੰਨ-ਤਿੰਨ ਗੋਲਾਂ ਨਾਲ ਇਸ ਦੌੜ ਵਿਚ ਦੂਜੇ ਨੰਬਰ 'ਤੇ ਚੱਲ ਰਹੇ
ਹਨ।
ਫੀਫਾ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ
'ਚ ਹੋਵੇਗਾ ਬ੍ਰਾਜ਼ੀਲ ਅਤੇ ਨੀਦਰਲੈਂਡ ਦਾ ਮੁਕਾਬਲਾ
ਜੋਹਾਨਸਬਰਗ, 30
ਜੂਨ - ਫੀਫਾ ਵਿਸ਼ਵ ਕੱਪ ਦਾ ਕੁਆਰਟਰ ਫਾਈਨਲ ਪੋਰਟ ਐਲਿਜ਼ਾਬੈਥ ਦੇ
ਨੈਲਸਨ ਮੰਡੇਲਾ ਸਟੇਡੀਅਮ ਵਿਚ 2 ਜੁਲਾਈ ਨੂੰ ਭਾਰਤੀ ਸਮੇਂ ਮੁਤਾਬਿਕ ਸ਼ਾਮ
ਸਾਢੇ ਸੱਤ ਵਜੇ ਬ੍ਰਾਜ਼ੀਲ ਅਤੇ ਉਪ ਜੇਤੂ ਨੀਦਰਲੈਂਡ ਵਿਚਕਾਰ ਖੇਡਿਆ
ਜਾਵੇਗਾ। ਇਸੇ ਦਿਨ ਭਾਰਤੀ ਸਮੇਂ ਅਨੁਸਾਰ ਰਾਤ 12 ਵਜੇ ਦੂਸਰੇ ਕੁਆਰਟਰ
ਫਾਈਨਲ ਮੁਕਾਬਲੇ 'ਚ ਉਰੂਗਵੇ ਅਤੇ ਘਾਨਾ ਦੀਆਂ ਟੀਮਾਂ ਆਹਮੋ-ਸਾਹਮਣੇ
ਹੋਣਗੀਆਂ। ਇਹ ਮੈਚ ਜੋਹਾਨਸਬਰਗ ਦੇ ਸਾਕਰ ਸਿਟੀ ਸਟੇਡੀਅਮ 'ਚ ਹੋਵੇਗਾ। 3
ਜੁਲਾਈ ਨੂੰ ਕੇਪਟਾਊਨ ਦੇ ਗ੍ਰੀਨ ਪੁਆਇੰਟ 'ਚ ਖੇਡੇ ਜਾਣ ਵਾਲੇ ਤੀਸਰੇ
ਕੁਆਰਟਰ ਫਾਈਨਲ ਮੁਕਾਬਲੇ 'ਚ ਅਰਜਨਟੀਨਾ ਅਤੇ ਜਰਮਨੀ ਦੀਆਂ ਟੀਮਾਂ
ਆਹਮੋ-ਸਾਹਮਣੇ ਹੋਣਗੀਆਂ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ ਸਾਢੇ ਸੱਤ
ਵਜੇ ਤੋਂ ਖੇਡਿਆ ਜਾਵੇਗਾ। ਦਿਨ ਦੇ ਦੂਸਰੇ ਮੁਕਾਬਲੇ 'ਚ ਰਾਤ 12 ਵਜੇ
ਪੈਰਾਗਵੇ ਅਤੇ ਯੂਰਪੀ ਚੈਂਪੀਅਨ ਸਪੇਨ ਦੀਆਂ ਟੀਮਾਂ ਜੋਹਾਨਸਬਰਗ ਦੇ ਐਲਿਸ
ਪਾਰਕ ਸਟੇਡੀਅਮ 'ਚ ਭਿੜਨਗੀਆਂ। ਪਹਿਲਾ ਸੈਮੀਫਾਈਨਲ 6 ਜੁਲਾਈ ਨੂੰ
ਕੇਪਟਾਊਨ 'ਚ ਸ਼ਾਮ ਸਾਢੇ ਸੱਤ ਵਜੇ ਅਤੇ ਦੂਸਰਾ 7 ਜੁਲਾਈ ਨੂੰ ਡਰਬਨ 'ਚ
ਇਸੇ ਸਮੇਂ ਖੇਡਿਆ ਜਾਵੇਗਾ। ਫਾਈਨਲ ਮੁਕਾਬਲਾ 11 ਜੁਲਾਈ ਨੂੰ ਸਾਕਰ ਸਿਟੀ
ਸਟੇਡੀਅਮ 'ਚ ਹੋਣਾ ਹੈ।
ਰਾਸ਼ਟਰ ਮੰਡਲ ਖੇਡਾਂ ਦੀ ਮਸ਼ਾਲ ਨੂੰ
ਘੁਮਾਇਆ ਜਾਵੇਗਾ ਪੂਰੀ ਦਿੱਲੀ 'ਚ
ਨਵੀਂ ਦਿੱਲੀ, 30
ਜੂਨ - ਰਾਸ਼ਟਰ ਮੰਡਲ ਖੇਡਾਂ ਦੀ ਮਸ਼ਾਲ ਨੂੰ ਦਿੱਲੀ ਦੀ ਮੈਟਰੋ ਰੇਲ
ਆਟੋ ਰਿਕਸ਼ਾ ਅਤੇ ਵਿਸ਼ੇਸ਼ ਬੱਸਾਂ ਵਿਚ ਵੀ ਘੁਮਾਇਆ ਜਾਵੇਗਾ। ਇਸ ਦੇ ਨਾਲ ਹੀ
ਇਸ ਮਸ਼ਾਲ ਨੂੰ ਦਿੱਲੀ ਦੇ ਸਾਰੇ ਕੋਨੇ ਘੁੰਮਾਏ ਜਾਣਗੇ, ਜਿਸ ਦੇ ਲਈ ਹਰੇਕ
ਸ਼ਾਮ ਸੱਭਿਆਚਰਕ ਪ੍ਰੋਗਰਾਮਾਂ ਦੀ ਯੋਜਨਾ ਬਣਾਈ ਗਈ ਹੈ। ਇਸ ਮਸ਼ਾਲ ਨੂੰ
ਦਿੱਲੀ ਦੇ ਲਾਲ ਕਿਲ੍ਹਾ, ਕੁਤਬ ਮੀਨਾਰ ਅਤੇ ਇੰਡੀਆ ਗੇਟ ਵਿਖੇ ਵੀ
ਘੁੰਮਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਇਹ ਮਸ਼ਾਲ ਵਿਸ਼ਵ ਦੇ ਸਾਰੇ ਦੇਸ਼ਾਂ ਵਿਚ
ਘੁੰਮਦੀ ਹੋਈ ਪਾਕਿਸਤਾਨ ਰਾਹੀਂ 25 ਜੂਨ, 2010 ਨੂੰ ਅਟਾਰੀ ਬਾਘਾ ਬਾਰਡਰ
'ਤੇ ਭਾਰਤ ਦੇ ਵਿਚ ਦਾਖਲ ਹੋਈ ਹੈ। |