|
ਫੁੱਟਬਾਲ 'ਚ ਅਰਜਨਟੀਨਾ ਦੀ ਬੱਲੇ ਬੱਲੇ
ਬੀਜਿੰਗ, 23 ਅਗਸਤ-ਬਰਡਜ
ਨੈਸਟ ਨੈਸ਼ਨਲ ਸਟੇਡੀਅਮ ਬੀਜਿੰਗ ਵਿਖੇ 29ਵੀਆਂ ਉਲੰਪਿਕ ਖੇਡਾਂ ਦੇ ਫੁੱਟਬਾਲ ਦੇ
ਫਾਈਨਲ ਮੁਕਾਬਲੇ ਵਿਚੋਂ ਅਰਜਨਟੀਨਾ ਨੇ ਨਾਈਜੀਰੀਆ ਨੂੰ 1-0 ਨਾਲ ਹਰਾ ਕੇ ਉਲੰਪਿਕ
ਚੈਂਪੀਅਨਸ਼ਿਪ 'ਤੇ ਕਬਜ਼ਾ ਕੀਤਾ। ਆਖਰੀ ਗੋਲ 92ਵੇਂ ਮਿੰਟ ਵਿਚ ਕਰਕੇ ਟੀਮ ਨੇ ਕਾਂਸੀ
ਦਾ ਤਗਮਾ ਜਿੱਤਿਆ।
85 ਦੇਸ਼ਾਂ ਨੇ ਤਗਮੇ ਜਿੱਤੇ
ਬੀਜਿੰਗ, 23 ਅਗਸਤ -
ਉਲੰਪਿਕ ਵਿਚ ਪਹਿਲੀ ਵਾਰ ਸਭ ਤੋਂ ਵੱਧ ਦੇਸ਼ਾਂ ਵੱਲੋਂ ਤਗਮੇ ਜਿੱਤ ਕੇ ਨਵਾਂ ਰਿਕਾਰਡ
ਕਾਇਮ ਕੀਤਾ ਗਿਆ। ਇਸ ਵਾਰ ਹੁਣ ਕੁੱਲ 85 ਦੇਸ਼ ਉਲੰਪਿਕ ਵਿਚ ਸੋਨੇ, ਚਾਂਦੀ ਜਾਂ
ਕਾਂਸੇ ਦਾ ਤਗਮਾ ਜਿੱਤਣ ਵਿਚ ਸਫਲ ਰਹੇ ਹਨ। ਹਾਲਾਂ ਕਿ ਅਜੇ ਕਰੀਬ 40 ਹੋਰ ਤਗਮਿਆਂ
ਦਾ ਫੈਸਲਾ ਹੋਣਾ ਬਾਕੀ ਹੈ। ਏਥਨਜ਼ ਉਲੰਪਿਕ ਵਿਚ 74 ਦੇਸ਼ ਤਗਮੇ ਜਿੱਤਣ ਵਾਲੇ ਕਲੱਬ
ਵਿਚ ਸ਼ਾਮਿਲ ਹੋਏ ਸਨ। ਸਿਡਨੀ ਉਲੰਪਿਕ ਵਿਚ ਬਣਿਆ 80 ਦੇਸ਼ਾਂ ਵੱਲੋਂ ਤਗਮੇ ਜਿੱਤਣ ਦਾ
ਰਿਕਾਰਡ ਪਿਛਲੀ ਵਾਰ 2004 ਵਿਚ ਹੋਏ ਏਥਨਜ਼ ਵਿਚ ਨਹੀਂ ਟੁੱਟ ਸਕਿਆ ਸੀ। ਏਥਨਜ਼ ਵਿਚ
74 ਦੇਸ਼ ਹੀ ਤਗਮੇ ਜਿੱਤਣ ਵਿਚ ਸਫਲ ਹੋਏ ਸਨ।
ਜਰਮਨੀ ਤੇ ਨੀਦਰਲੈਂਡ ਨੇ ਹਾਕੀ ਚੈਂਪੀਅਨਸ਼ਿਪ 'ਤੇ ਕੀਤਾ ਕਬਜ਼ਾ
ਬੀਜਿੰਗ, 23 ਅਗਸਤ-29ਵੀਆਂ
ਉਲੰਪਿਕ ਖੇਡਾਂ 'ਚ ਮਰਦਾਂ ਦੀ ਹਾਕੀ 'ਚ ਜਰਮਨੀ ਅਤੇ ਮਹਿਲਾਵਾਂ ਦੀ ਹਾਕੀ 'ਚ
ਨੀਦਰਲੈਂਡ ਨੇ ਚੈਂਪੀਅਨਸ਼ਿਪ 'ਤੇ ਕਬਜ਼ਾ ਕੀਤਾ। ਫਾਈਨਲ ਮੁਕਾਬਲਿਆਂ 'ਚ ਮਰਦ ਵਰਗ 'ਚ
ਜਰਮਨੀ ਨੇ ਸਪੇਨ ਨੂੰ 1-0 ਗੋਲਾਂ ਨਾਲ ਅਤੇ ਮਹਿਲਾ ਵਰਗ 'ਚ ਨੀਦਰਲੈਂਡ ਨੇ ਚੀਨ ਨੂੰ
2-0 ਗੋਲਾਂ ਨਾਲ ਹਰਾਇਆ। ਮਹਿਲਾ ਹਾਕੀ ਦੇ ਫਾਈਨਲ ਮੁਕਾਬਲੇ ਦੇ 'ਚ ਨੀਦਰਲੈਂਡ ਨੇ
ਚੀਨ ਨੂੰ 2-0 ਨਾਲ ਹਰਾ ਕੇ 24 ਸਾਲਾ ਬਾਅਦ ਉਲੰਪਿਕ 'ਚ ਸੋਨ ਤਗਮਾ ਪ੍ਰਾਪਤ ਕੀਤਾ।
2006 ਵਿਚ ਵਿਸ਼ਵ ਕੱਪ ਤੇ 2007 ਦੀ ਚੈਂਪੀਅਨਸ ਟਰਾਫੀ ਵਿਚ ਵੀ ਨੀਦਰਲੈਂਡ ਸੋਨ ਤਗਮਾ
ਜਿੱਤ ਚੁੱਕੀ ਹੈ।
ਪੰਜਾਬ ਬਾਸਕਟਬਾਲ ਚੈਂਪੀਅਨਸ਼ਿਪ
ਰਾਹੋਂ, 23 ਅਗਸਤ -
ਕਿਰਪਾਲ ਸਾਗਰ ਅਕਾਦਮੀ ਵਿਖੇ ਪੰਜਾਬ ਬਾਸਕਟਬਾਲ ਚੈਂਪੀਅਨਸ਼ਿਪ ਚੱਲ ਰਹੀ ਹੈ। ਇਹ
ਚੈਂਪੀਅਨਸ਼ਿਪ ਚਾਰ ਦਿਨਾਂ ਤੱਕ ਚੱਲੇਗੀ। ਇਸ ਦੇ ਪਹਿਲੇ ਦਿਨ ਦੇ ਪਹਿਲੇ ਮੈਚ ਵਿਚ
ਲੁਧਿਆਣਾ ਦੇ ਲੜਕਿਆਂ ਨੇ ਰੋਪੜ ਦੇ ਲੜਕਿਆਂ ਨੂੰ 47-11 ਦੇ ਅੰਤਰ ਨਾਲ, ਮਾਨਸਾ ਦੇ
ਲੜਕਿਆਂ ਨੇ ਕਪੂਰਥਲਾ ਦੇ ਲੜਕਿਆਂ ਨੂੰ 59-59 ਨਾਲ ਜਦਕਿ ਫ਼ਿਰੋਜ਼ਪੁਰ ਦੇ ਲੜਕਿਆਂ ਨੇ
40-32 ਨਾਲ ਹੁਸ਼ਿਆਰਪੁਰ ਨੂੰ ਹਰਾਇਆ। ਲੜਕੀਆਂ ਦੇ ਵਰਗ ਵਿਚ ਮਾਨਸਾ ਨੇ ਫਰੀਦਕੋਟ
ਨੂੰ 41-17 ਨਾਲ, ਕਪੂਰਥਲਾ ਨੇ ਰੋਪੜ ਨੂੰ 34-29 ਨਾਲ ਹਰਾਇਆ।
ਬਿੰਦਰਾ ਨੂੰ ਵੋਲਵੋ ਲਗਜ਼ਰੀ ਕਾਰ ਨਾਲ ਸਨਮਾਨਿਤ
ਚੰਡੀਗੜ੍ਹ, 23 ਅਗਸਤ -
29ਵੀਆਂ ਬੀਜਿੰਗ ਉਲੰਪਿਕ 'ਚ ਭਾਰਤ ਲਈ ਪਹਿਲੀ ਵਾਰ ਅਤੇ ਇਕੋ-ਇਕ ਵਿਅਕਤੀਗਤ
ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ ਸੋਨ ਤਗਮਾ ਜਿੱਤ ਕੇ ਆਪਣੇ ਦੇਸ਼ ਦਾ ਨਾਂ ਰੌਸ਼ਨ ਕੀਤਾ।
ਇਸ ਕਰਕੇ ਉਸ ਨੂੰ ਕਾਰਾਂ ਦੀ ਵੋਲਵੋ ਇੰਡੀਆ ਕੰਪਨੀ ਵੱਲੋਂ 44 ਲੱਖ ਰੁਪਏ ਦੀ ਕੀਮਤ
ਵਾਲੀ ਵੋਲਵੋ ਸੇਡਾਨ ਕਾਰ ਨਾਲ ਸਨਮਾਨਿਤ ਕੀਤਾ ਗਿਆ। ਇਕ ਦੌਰਾਨ ਬਿੰਦਰਾ ਨੂੰ ਚਿੱਟੇ
ਰੰਗ ਦੀ ਐੱਸ-80 ਵੀ 8 ਮਾਡਲ ਕਾਰ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਪਾਲ ਡੀ ਵੋਇਜ
ਨੇ ਦਿੱਤੀ ਗਈ। ਬਿੰਦਰਾ ਨੂੰ ਇਹ ਕਾਰ ਉਸ ਵੱਲੋਂ ਖੇਡ ਖੇਤਰ 'ਚ ਮਾਰੀ ਉੱਚੀ ਛਾਲ
ਕਰਕੇ ਦਿੱਤੀ ਗਈ ਹੈ। ਇਸਦਾ ਇਹ ਮਤਲਬ ਨਹੀਂ ਲੈਣਾ ਚਾਹੀਦਾ ਹੈ ਕਿ ਉਹ ਕੰਪਨੀ ਦਾ
ਬ੍ਰਾਂਡ ਅੰਬੈਸਡਰ ਬਣਨ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਭਿਨਵ ਦੇ ਪਿਤਾ ਸ. ਏ.
ਐੱਸ. ਬਿੰਦਰਾ ਕੰਪਨੀ ਦੇ ਪੰਜਾਬ 'ਚ ਕਾਰ ਖਰੀਦਣ ਵਾਲੇ ਪਹਿਲੇ ਖਰੀਦਦਾਰ ਸੀ। ਏ.
ਐੱਸ. ਬਿੰਦਰਾ ਨੇ ਕੁਝ ਸਮਾਂ ਪਹਿਲਾਂ ਵੋਲਵੋ ਦੀ ਐਕਸ ਸੀ 90 ਮਾਡਲ ਕਾਰ ਖਰੀਦੀ ਸੀ।
ਬੀਜਿੰਗ ਉਲੰਪਿਕ 'ਚ ਟੈਲੀਵੀਜ਼ਨ ਦੇਖਣ ਵਾਲਿਆਂ ਨੇ ਬਣਾਇਆ ਵਿਸ਼ਵ ਰਿਕਾਰਡ
ਬੀਜਿੰਗ, 24 ਅਗਸਤ -
ਬੀਜਿੰਗ ਉਲੰਪਿਕ ਦੌਰਾਨ ਟੈਲੀਵੀਜ਼ਨ ਰਾਹੀਂ ਸਭ ਤੋਂ ਵੱਧ ਦਰਸ਼ਕਾਂ ਵੱਲੋਂ ਦੇਖਣ ਦਾ
ਰਿਕਾਰਡ ਦਰਜ ਕੀਤਾ ਗਿਆ। ਉਲੰਪਿਕ ਦੇ ਪਹਿਲੇ 10 ਦਿਨਾਂ ਦੌਰਾਨ ਕਰੀਬ 4.4 ਅਰਬ ਲੋਕਾਂ
ਨੇ ਉਲੰਪਿਕ ਨੂੰ ਟੈਲੀਵਿਜ਼ਨ 'ਤੇ ਦੇਖਿਆ। ਮਾਰਕਿਟ ਰਿਸਰਚ ਫਰਮ ਨੇਲਸਨ ਵੱਲੋਂ ਜਾਰੀ
ਅੰਕੜਿਆਂ ਮੁਤਾਬਿਕ ਬੀਜਿੰਗ ਉਲੰਪਿਕ ਦੌਰਾਨ 8 ਅਗਸਤ ਤੋਂ 17 ਅਗਸਤ ਤੱਕ 4.4 ਅਰਬ
ਲੋਕਾਂ ਨੇ ਟੈਲੀਵਿਜ਼ਨ ਰਾਹੀਂ ਖੇਡਾਂ ਦਾ ਆਨੰਦ ਮਾਣਿਆ। ਜਦਕਿ 2004 ਦੀਆਂ ਏਥਨਜ਼ ਅਤੇ
2000 ਦੀਆਂ ਸਿਡਨੀ ਉਲੰਪਿਕ ਦੌਰਾਨ ਕੁੱਲ ਦਰਸ਼ਕਾਂ ਦੀ ਗਿਣਤੀ ਕ੍ਰਮਵਾਰ 3.9 ਅਤੇ
3.6 ਅਰਬ ਸੀ। ਫਰਮ ਅਨੁਸਾਰ ਏਸ਼ੀਆ 'ਚ 50 ਫੀਸਦੀ, ਯੂਰਪ 'ਚ 30 ਫੀਸਦੀ ਅਤੇ ਉੱਤਰੀ
ਅਮਰੀਕਾ 'ਚ 24 ਫੀਸਦੀ ਅਬਾਦੀ ਨੇ ਇਨ੍ਹਾਂ ਖੇਡਾਂ ਨੂੰ ਟੈਲੀਵਿਜ਼ਨ 'ਤੇ ਦੇਖਿਆ।
29ਵੀਆਂ ਉਲੰਪਿਕ ਖੇਡਾਂ 'ਚ ਚੀਨ ਓਵਰ ਆਲ ਚੈਂਪੀਅਨ ਬਣਿਆ
ਬੀਜਿੰਗ, 24 ਅਗਸਤ-29ਵੀਆਂ
ਉਲੰਪਿਕ ਖੇਡਾਂ ਜੋ ਚੀਨ ਦੀ ਰਾਜਧਾਨੀ ਬੀਜਿੰਗ ਵਿਖੇ 8 ਤੋਂ 24 ਅਗਸਤ ਤੱਕ ਕਰਵਾਈਆਂ
ਗਈਆਂ। ਇਨ੍ਹਾਂ ਖੇਡਾਂ ਵਿਚ ਚੀਨ ਨੇ 51 ਸੋਨ ਤਗਮੇ, 21 ਚਾਂਦੀ ਦੇ ਤਗਮੇ ਤੇ 28
ਕਾਂਸੀ ਸਮੇਤ ਕੁਲ 100 ਤਗਮੇ ਜਿੱਤ ਕੇ ਉਲੰਪਿਕ ਖੇਡਾਂ ਦਾ ਚੈਂਪੀਅਨ ਬਣਨ ਦਾ ਮਾਣ
ਹਾਸਿਲ ਕੀਤਾ। ਅਮਰੀਕਾ ਨੇ 36 ਸੋਨ, 38 ਚਾਂਦੀ ਤੇ 36 ਕਾਂਸੀ ਸਮੇਤ ਕੁਲ 110 ਤਗਮੇ
ਜਿੱਤ ਕੇ ਦੂਜਾ ਸਥਾਨ, ਰੂਸ ਨੇ 23 ਸੋਨ, 21 ਚਾਂਦੀ ਤੇ 28 ਕਾਂਸੀ ਦੇ ਤਗਮੇ ਤੇ
ਕੁਲ 72 ਤਗਮੇ ਜਿੱਤ ਕੇ ਤੀਜਾ ਸਥਾਨ ਹਾਸਿਲ ਕੀਤਾ। ਇਨ੍ਹਾਂ ਖੇਡਾਂ ਵਿਚ 204 ਦੇਸ਼ਾਂ
ਨੇ ਹਿੱਸਾ ਲਿਆ। 87 ਮੁਲਕਾਂ ਨੇ ਇਨ੍ਹਾਂ ਖੇਡਾਂ ਵਿਚ ਤਗਮੇ ਜਿੱਤੇ। ਇਨ੍ਹਾਂ ਖੇਡਾਂ
ਵਿਚ 40 ਦੇ ਕਰੀਬ ਵਿਸ਼ਵ ਰਿਕਾਰਡ ਤੇ 120 ਦੇ ਕਰੀਬ ਉਲੰਪਿਕ ਰਿਕਾਰਡ ਬਣੇ ਇਸ ਵਾਰੀ
ਇਨ੍ਹਾਂ ਖੇਡਾਂ ਵਿਚ 45 ਪ੍ਰਤੀਸ਼ਤ ਮਹਿਲਾ ਅਥਲੀਟਾਂ ਨੇ ਹਿੱਸਾ ਲਿਆ ਜੋ ਕਿ ਹੁਣ ਦੀ
ਤੱਕ ਸੰਖਿਆ ਤੋਂ ਸਭ ਤੋਂ ਵੱਧ ਹੈ।
ਐਥਲੈਟਿਕਸ-ਮਰਦਾਂ ਦੀ ਮੈਰਾਥਨ ਦੌੜ ਵਿਚੋਂ ਕੀਨੀਆ ਦੇ ਕਮਾਯੂ ਐਸ ਵਾਨਸੀਓ
ਨੇ ਸੰਨ, ਮਰਾਕੋ ਦੇ ਜੇ ਗਾਹਿਬ ਨੇ ਚਾਂਦੀ ਤੇ ਈਥੋਪੀਆ ਦੇ ਟੈਸਗੇ ਕੀਬੀਡੀ ਨੇ ਕਾਂਸੀ
ਦਾ ਤਗਮਾ ਪ੍ਰਾਪਤ ਕੀਤਾ।
ਬਾਸਕਿਟਬਾਲ-ਮਰਦਾਂ ਦੇ ਮੁਕਾਬਲੇ ਵਿਚੋਂ ਅਮਰੀਕਾ ਦੀ ਟੀਮ ਨੇ ਸੋਨ ਤਗਮਾ,
ਸਪੇਨ ਨੇ ਕਾਂਸੀ ਤੇ ਅਰਜਨਟੀਨਾ ਦੀ ਟੀਮ ਨੇ ਕਾਂਸੀ ਦਾ ਤਗਮਾ ਹਾਸਿਲ ਕੀਤਾ।
ਮੁੱਕੇਬਾਜ਼ੀ-ਮਰਦਾਂ ਦੇ 48 ਕਿਲੋ ਫਲਾਈ ਵੇਟ ਦੇ ਵਿਚ ਚੀਨ ਦੇ ਜਾਉ ਸਿੰਪਿੰਗ
ਨੇ ਸੋਨ ਤੇ ਮੰਗੋਲੀਆ ਦੇ ਐਸ ਪੁਰੀਵਡੋਜ ਨੇ ਚਾਂਦੀ ਦਾ ਤਗਮਾ ਹਾਸਿਲ ਕੀਤਾ।
54 ਕਿਲੋ ਬੈਟਮ ਵੇਟ ਵਿਚ-ਮੰਗੋਲੀਆ ਦੇ ਯੂਗਾਨ ਬੀ ਇੰਕਬਾਤ ਨੇ ਸੋਨ ਤੇ ਕਿਯੂਬਾ ਦੇ
ਲੀਉਨ ਏਯੈਕਲ ਨੇ ਚਾਂਦੀ ਦਾ ਤਗਮਾ ਹਾਸਿਲ ਕੀਤਾ।
60 ਕਿਲੋ ਲਾਈਟ ਵੇਟ ਵਿਚੋਂ-ਰੂਸ ਦੇ ਅਲੈਕਸੀ ਟੀ ਨੇ ਸੋਨ ਤੇ ਫਰਾਂਸ ਦੇ ਸਾਉ ਦੋਜ
ਨੇ ਚਾਂਦੀ ਦਾ ਤਗਮਾ ਹਾਸਿਲ ਕੀਤਾ।
69 ਕਿਲੋ ਵੈਲਟਰ ਵੇਟ ਵਿਚ-ਕਜ਼ਾਕਿਸਤਾਨ ਦੇ ਐਸ ਬਕਿਆਤ ਨੇ ਸੋਨ ਤੇ ਕਾਰੲੋਨ ਸੁਰੇਜ
ਕਿਸੂਰਾ ਨੇ ਚਾਂਦੀ ਦਾ ਤਗਮਾ ਹਾਸਿਲ ਕੀਤਾ।
81 ਕਿਲੋ ਹੈਵੀ ਵੇਟ ਵਿਚ-ਚੀਨ ਦੇ ਜੈਂਗ ਨੇ ਸੋਨ ਤੇ ਆਇਰਲੈਂਡ ਦੇ ਕੈਨੀ ਈਗਨ ਨੇ
ਚਾਂਦੀ ਦਾ ਤਮਗਾ ਹਾਸਿਲ ਕੀਤਾ।
ਰਿਦਮਿਲ ਜਿਮਨਾਸਟਕ ਦੇ ਆਲ ਰਾਊਂਡ ਦੇ ਮੁਕਾਬਲੇ ਵਿਚ-ਰੂਸ ਨੇ ਸੋਨ, ਚੀਨ ਨੇ ਚਾਂਦੀ
ਤੇ ਬੇਲਾਰੂਸ ਨੇ ਕਾਂਸੀ ਦਾ ਤਗਮਾ ਹਾਸਿਲ ਕੀਤਾ।
ਹੈਂਡਬਾਲ-ਮਰਦਾਂ ਦੇ ਮੁਕਾਬਲੇ ਵਿਚ ਫਰਾਂਸ ਨੇ ਸੋਨ, ਆਈਸਲੈਂਡ ਨੇ ਚਾਂਦੀ
ਤੇ ਸਪੇਨ ਨੇ ਕਾਂਸੀ ਦਾ ਤਗਮਾ ਹਾਸਿਲ ਕੀਤਾ।
ਵਾਲੀਬਾਲ-ਮਰਦਾਂ ਦੇ ਮੁਕਾਬਲੇ ਵਿਚ ਅਮਰੀਕਾ ਦੀ ਟੀਮ ਨੇ ਸੋਨ ਤਗਮਾ,
ਬ੍ਰਾਜ਼ੀਲ ਦੀ ਟੀਮ ਨੇ ਚਾਂਦੀ ਤੇ, ਰੂਸ ਦੀ ਟੀਮ ਨੇ ਕਾਂਸੀ ਦਾ ਤਗਮਾ ਹਾਸਿਲ ਕੀਤਾ।
ਵਾਟਰਪੋਲੋ-ਹੰਗਰੀ ਦੀ ਟੀਮ ਨੇ ਸੋਨ ਤਗਮਾ, ਅਮਰੀਕਾ ਦੀ ਟੀਮ ਨੇ ਚਾਂਦੀ ਤੇ
ਸਰਬੀਆ ਦੀ ਟੀਮ ਨੇ ਕਾਂਸੀ ਦਾ ਤਗ਼ਮਾ ਪ੍ਰਾਪਤ ਕੀਤਾ।
ਭਾਰਤ
ਦੇ ਮੁੱਕੇਬਾਜ਼ ਵਿਜੇਂਦਰ ਨੇ ਉਲੰਪਿਕ ਵਿਚ ਜਿੱਤਿਆ ਕਾਂਸੇ ਦਾ ਤਗਮਾ
ਬੀਜਿੰਗ, 22 ਅਗਸਤ -
ਭਾਰਤ ਲਈ ਇਕ ਹੋਰ ਸੋਨ ਤਗਮਾ ਜਿੱਤਣ ਦਾ ਸੁਪਨਾ ਭਾਰਤੀ ਮੁੱਕੇਬਾਜ਼ ਵਿਜੇਂਦਰ ਕੁਮਾਰ
ਪੂਰਾ ਨਹੀਂ ਕਰ ਸਕਿਆ। ਉਹ ਅੱਜ ਇਥੇ ਕਿਊਬਾ ਦੇ ਮੁੱਕੇਬਾਜ਼ ਐਮੀਲੋ ਕੋਰਿਆ ਕੋਲੋਂ
8-5 ਅੰਕਾਂ ਨਾਲ ਹਾਰ ਗਿਆ। ਇਹ 75 ਕਿਲੋ ਵਰਗ ਦਾ ਪੁਰਸ਼ ਮਿਡਲ ਵੇਟ ਸੈਮੀਫਾਈਨਲ ਮੈਚ
ਸੀ। ਭਾਵੇਂ ਵਿਜੇਂਦਰ ਕੁਮਾਰ ਇਹ ਮੈਚ ਹਾਰ ਗਿਆ ਹੈ ਪਰ ਭਾਰਤ ਲਈ ਕਾਂਸੀ ਦਾ ਤਗਮਾ
ਉਹ ਜਿੱਤ ਚੁੱਕਾ ਹੈ ਤੇ ਇਹ ਭਾਰਤ ਲਈ ਇਕ ਪ੍ਰਾਪਤੀ ਹੈ। ਪਹਿਲੇ ਗੇੜ ਵਿਚ ਵਿਜੇਂਦਰ
2-0 ਨਾਲ ਪਿਛੜ ਗਿਆ ਸੀ, ਇਸ ਲਈ ਪਹਿਲੇ ਗੇੜ ਵਿਚ ਕਿਊਬਾ ਦਾ ਮੁੱਕੇਬਾਜ਼ ਕਾਫੀ ਹਾਵੀ
ਨਜ਼ਰ ਆਇਆ।
ਦੂਜੇ ਗੇੜ ਵਿਚ ਮੁਕਾਬਲਾ ਬਹੁਤ ਸਖਤ ਨਜ਼ਰ ਆਇਆ। ਇਸ ਗੇੜ ਵਿਚ ਵਿਜੇਂਦਰ ਨੇ ਬਹੁਤ ਜਦੋ
ਜਹਿਦ ਕਰਕੇ 3 ਅੰਕ ਲਏ ਜਦੋਂ ਕਿ ਐਮੀਲੋ 2 ਅੰਕ ਹੀ ਲੈ ਸਕਿਆ। ਪਰ ਫਿਰ ਵੀ ਵਿਜੇਂਦਰ
ਦੂਜੇ ਗੇੜ ਦੀ ਸਮਾਪਤੀ 'ਤੇ 4-3 ਨਾਲ ਪਿੱਛੇ ਚੱਲ ਰਿਹਾ ਸੀ। ਤੀਸਰੇ ਗੇੜ ਵਿਚ ਐਮੀਲੋ
ਬਹੁਤ ਹਾਵੀ ਹੋ ਗਿਆ ਤੇ 7-3 ਨਾਲ ਅੱਗੇ ਹੋ ਗਿਆ ਤੇ ਚੌਥੇ ਗੇੜ ਵਿਚ ਭਾਵੇਂ
ਵਿਜੇਂਦਰ ਨੇ ਐਮੀਲੋ ਤੋਂ 1 ਦੇ ਮੁਕਬਾਲੇ 2 ਅੰਕ ਲਏ ਪਰ ਉਹ 8-5 ਨਾਲ ਹਾਰ ਗਿਆ।
ਭਾਰਤੀ ਮਹਿਲਾਵਾਂ ਦੀ ਰੀਲੇਅ ਟੀਮ ਬਾਹਰ
ਬੀਜਿੰਗ, 22 ਅਗਸਤ -29ਵੀਆਂ
ਉਲੰਪਿਕ ਖੇਡਾਂ ਦੇ ਬੀਜਿੰਗ ਦੇ ਬਰਡਜ਼ ਨੈਸਟ 'ਚ ਐਥਲੈਟਿਕਸ ਦੇ 4×400 ਮੀਟਰ ਔਰਤਾਂ
ਦੀ ਰੀਲੇਅ ਦੌੜ ਵਿਚ ਭਾਰਤੀ ਮਹਿਲਾਵਾਂ ਦੀ ਟੀਮ ਪਹਿਲੇ ਗੇੜ ਦੇ ਹੀਟ ਮੁਕਾਬਲੇ ਵਿਚੋਂ
ਸੱਤਵੇਂ ਸਥਾਨ 'ਤੇ ਆ ਕੇ ਫਾਈਨਲ ਲਈ ਕੁਆਲੀਫਾਈ ਕਰਨ ਤੋਂ ਅਸਫਲ ਰਹੀ। ਭਾਰਤੀ ਟੀਮ
ਨੇ 3.28.83 ਦਾ ਸਮਾਂ ਕੱਢਿਆ ਤੇ ਰੂਸ ਦੀ ਟੀਮ ਨੇ 2.23.71, ਕਿਊਬਾ ਦੀ ਟੀਮ ਨੇ
3.25.46 ਤੇ ਬਰਤਾਨੀਆ ਦੀ ਮਹਿਲਾਵਾਂ ਦੀ ਟੀਮ ਨੇ 3.25.48 ਨਾਲ ਫਾਈਨਲ ਚੋਣ ਲਈ
ਕੁਆਲੀਫਾਈ ਕੀਤਾ। ਯੂਕਰੇਨ ਪੰਜਵੇਂ ਤੇ ਪੋਲੈਂਡ ਛੇਵੇਂ ਤੇ ਜਾਪਾਨ ਅੱਠਵੇਂ ਸਥਾਨ
'ਤੇ ਰਿਹਾ। ਇਸ ਤੋਂ ਇਹ ਸਾਬਿਤ ਹੋ ਜਾਂਦਾ ਹੈ ਕਿ ਐਥਲੈਟਿਕਸ ਵਿਚ ਬਾਕੀ ਦੇਸ਼ ਸਾਡੇ
ਨਾਲੋਂ ਚੰਗੇ ਹਨ ਪਿਛਲੀ ਏਂਥਨਜ਼ ਉਲੰਪਿਕ ਵਿਚ ਭਾਰਤੀ ਮਹਿਲਾਵਾਂ ਦੀ ਟੀਮ ਨੇ ਫਾਈਨਲ
'ਚ ਪੁੱਜਣ 'ਚ ਕਾਮਯਾਬੀ ਹਾਸਿਲ ਕੀਤੀ ਸੀ ਪਰ ਬੀਜਿੰਗ 'ਚ ਐਸਾ ਕਰਨ ਤੇ ਅਸਫਲ ਰਹੀਆਂ।
ਦੂਜੇ ਹੀਟ ਦੇ ਵਿਚੋਂ ਅਮਰੀਕਾ ਨੇ 3.22.45, ਜਮਾਇਕਾ ਨੇ 3.22.60 ਤੇ ਬੇਲਾਰੂਸ
ਦੀਆਂ ਮਹਿਲਾਵਾਂ ਦੀ ਰੀਲੇਅ ਟੀਮ ਨੇ ਫਾਈਨਲ ਲਈ ਕੁਆਲੀਫਾਈ ਕੀਤਾ।
2 ਨਵੇਂ ਉਲੰਪਿਕ ਰਿਕਾਰਡ ਕਾਇਮ
ਮੇਜ਼ਬਾਨ ਚੀਨ ਦੀ ਜੇਤੂ ਚੜ੍ਹਤ ਬਰਕਰਾਰ ਹੈ। ਇਸ ਨੇ ਹੁਣ ਤੱਕ 46 ਸੋਨ, 15 ਚਾਂਦੀ,
ਤੇ 22 ਕਾਂਸੀ ਤੇ ਕੁੱਲ 83 ਤਗਮੇ ਹਾਸਿਲ ਕਰਕੇ ਆਪਣਾ ਦਬਦਬਾ ਕਾਇਮ ਕੀਤਾ ਹੋਇਆ ਹੈ।
ਅੱਜ ਦੋ ਨਵੇਂ ਰਿਕਾਰਡ ਕਾਇਮ ਹੋਏ। ਪਹਿਲਾ ਔਰਤਾਂ ਦੇ ਮੈਰਾਥਨ ਤੈਰਾਕੀ ਦੇ ਵਿਚ
ਅਮਰੀਕਾ ਦੀ ਸੈਇਲਾ ਤਾਊਰਮੀਲਾ ਨੇ 2.08.86 ਨਾਲ ਨਵਾਂ ਉਲੰਪਿਕ ਰਿਕਾਰਡ ਐਥਲੈਟਿਕਸ
'ਚ ਮਰਦਾਂ ਦੇ 50 ਕਿਲੋਮੀਟਰ ਪੈਦਲ ਚਾਲ ਦੇ ਵਿਚੋਂ ਇਟਲੀ ਦੇ ਐਲਕਸ ਨੇ 3.37.09
ਨਾਲ ਨਵਾਂ ਉਲੰਪਿਕ ਰਿਕਾਰਡ ਕਾਇਮ ਕੀਤਾ।
ਮਹਿਲਾ ਹਾਕੀ 'ਚ ਨੀਦਰਲੈਂਡ ਬਣਿਆ ਚੈਂਪੀਅਨ
ਬੀਜਿੰਗ ਉਲੰਪਿਕ ਖੇਡਾਂ ਦੇ ਮਹਿਲਾ ਹਾਕੀ ਦੇ ਫਾਈਨਲ ਮੁਕਾਬਲੇ ਵਿਚ ਨੀਦਰਲੈਂਡ ਨੇ
ਮੇਜ਼ਬਾਨ ਚੀਨ ਨੂੰ 2-0 ਨਾਲ ਹਰਾ ਕੇ ਉਲੰਪਿਕ ਚੈਂਪੀਅਨ ਬਣਨ ਦਾ ਮਾਣ ਹਾਸਿਲ ਕੀਤਾ।
ਤੀਜੀ ਥਾਂ ਲਈ ਖੇਡੇ ਗਏ ਮੈਚ 'ਚ ਅਰਜਨਟੀਨਾ ਨੇ ਜਰਮਨੀ ਨੂੰ 3-1 ਨਾਲ ਹਰਾ ਕੇ ਕਾਂਸੀ
ਦਾ ਤਗਮਾ ਹਾਸਿਲ ਕੀਤਾ। ਆਸਟਰੇਲੀਆ ਨੇ ਬਰਤਾਨੀਆ ਨੂੰ 2-0 ਨਾਲ ਹਰਾ ਕੇ 5ਵਾਂ ਤੇ
ਦੱਖਣੀ ਅਫਰੀਕਾ ਨੇ ਨਿਊਜੀਲੈਂਡ ਨੂੰ 4-1 ਨਾਲ ਹਰਾ ਕੇ 11ਵਾਂ ਸਥਾਨ ਹਾਸਿਲ ਕੀਤਾ।
ਹਾਕੀ ਦੇ ਫਾਈਨਲ ਮੁਕਾਬਲੇ 'ਚ ਜਰਮਨੀ ਦੀ ਸਪੇਨ ਨਾਲ ਟੱਕਰ ਅੱਜ
ਬੀਜਿੰਗ, 22 ਅਗਸਤ -29ਵੀਆਂ
ਉਲੰਪਿਕ ਖੇਡਾਂ ਦੇ ਹਾਕੀ ਮੁਕਾਬਲੇ 'ਚ ਚੈਂਪੀਅਨ ਬਣਨ ਲਈ ਵਿਸ਼ਵ ਚੈਂਪੀਅਨ ਜਰਮਨੀ ਦੀ
ਟੱਕਰ ਸਪੇਨ ਨਾਲ ਕੱਲ੍ਹ 23 ਅਗਸਤ ਨੂੰ ਬੀਜਿੰਗ ਦੇ ਉਲੰਪਿਕ ਗਰੀਨ ਹਾਕੀ ਸਟੇਡੀਅਮ
ਵਿਚ ਹੋਵੇਗੀ। ਸਪੇਨ ਇਸ ਤੋਂ ਪਹਿਲਾਂ 1980 ਦੀ ਮਾਸਕੋ ਉਲੰਪਿਕ ਵਿਚ ਤੇ 1996 ਦੀ
ਐਟਲਾਂਟਾ ਉਲੰਪਿਕ ਵਿਚ ਚਾਂਦੀ ਦਾ ਤਗਮਾ ਜਿੱਤ ਚੁੱਕਾ ਹੈ ਤੇ ਤੀਜੀ ਵਾਰੀ ਫਾਈਨਲ 'ਚ
ਪੁੱਜਾ ਹੈ। ਸਪੇਨ ਦੇ ਖਿਡਾਰੀਆਂ ਦੇ ਕੋਲ ਟੇਂਲੈਟ ਅਤੇ ਯੋਗਤਾ ਹੈ। ਉਹ ਜਰਮਨੀ ਦੇ
ਖਿਡਾਰੀਆਂ ਨੂੰ ਪੂਰੀ ਟੱਕਰ ਦੇਣ ਵਿਚ ਸਮਰੱਥ ਹਨ। ਜਰਮਨ ਦੀ ਰੱਖਿਆਤਮਕ ਲਾਈਨ ਕਾਫੀ
ਮਜ਼ਬੂਤ ਮੰਨੀ ਜਾ ਰਹੀ ਹੈ ਅਤੇ ਇਹ ਤੇਜ਼ ਹਮਲੇ ਕਰਨ ਵਿਚ ਵੀ ਮਾਹਿਰ ਹੈ। ਜਰਮਨੀ ਦੀ
ਟੀਮ ਵਿਚ ਕਾਰਲਸ, ਮਾਥਿਨ, ਟੀਬੂਰ, ਜੀਲਰ ਫਿਲਪ ਕਿਸੇ ਵੀ ਵੇਲੇ ਬਾਜ਼ੀ ਪਲਟਣ ਲਈ
ਮਾਹਿਰ ਮੰਨੇ ਜਾਂਦੇ ਹਨ। ਜਦਕਿ ਜਰਮਨੀ ਜਿੱਤ ਕੇ ਇਸ ਵਾਰੀ ਉਲੰਪਿਕ ਚੈਂਪੀਅਨ ਬਣ ਕੇ
ਵਿਸ਼ਵ ਵਿਚ ਹਾਕੀ ਵਿਚ ਫਿਰ ਤੋਂ ਆਪਣੀ ਸਰਦਾਰੀ ਕਾਇਮ ਕਰਨ ਦਾ ਯਤਨ ਕਰੇਗਾ। ਸਪੇਨ ਇਸ
ਵਾਰੀ ਹਰ ਹਾਲਤ ਦੇ ਵਿਚ ਸੋਨ ਤਗਮੇ 'ਤੇ ਕਬਜ਼ਾ ਕਰਨ ਦੀ ਕੋਸ਼ਿਸ ਕਰੇਗਾ ਕਿਉਂਕਿ ਅੱਜ
ਤੱਕ ਇਸ ਦੇ ਹੱਥ ਸੋਨ ਤਗਮਾ ਨਹੀਂ ਲੱਗਾ। ਕਾਂਸੀ ਦੇ ਤਗਮੇ ਲਈ ਨੀਦਰਲੈਂਡ ਤੇ
ਆਸਟਰੇਲੀਆ ਦਰਮਿਆਨ ਟੱਕਰ ਹੋਵੇਗੀ।
ਅਮਰੀਕਾ ਨੇ ਜਿੱਤੇ 100 ਤਗਮੇ
ਬੀਜਿੰਗ, 22 ਅਗਸਤ-ਅੱਜ
ਬੀਜਿੰਗ ਵਿਚ ਹੋ ਰਹੇ 29ਵੇਂ ਉਲੰਪਿਕ ਵਿਚ ਹੁਣ ਤੱਕ ਅਮਰੀਕਾ ਕੁਲ 100 ਮੈਡਲ ਜਿੱਤਣ
ਵਾਲਾ ਪਹਿਲਾ ਦੇਸ਼ ਬਣ ਗਿਆ। ਅੱਜ ਸ਼ਾਮ ਤੱਕ ਭਾਵੇਂ ਸੋਨੇ ਦੇ ਮੈਡਲਾਂ ਦੇ ਮਾਮਲੇ ਵਿਚ
ਅਮਰੀਕਾ ਚੀਨ ਤੋਂ 46 ਦੇ ਮੁਕਾਬਲੇ 30 ਮੈਡਲਾਂ ਨਾਲ ਪਿੱਛੇ ਹੈ ਪਰ ਉਹ ਹੁਣ ਤੱਕ
ਸੋਨੇ, ਚਾਂਦੀ ਤੇ ਕਾਂਸੇ ਦੇ ਕੁੱਲ 100 ਮੈਡਲ ਜਿੱਤ ਚੁੱਕਾ ਹੈ ਜਦੋਂ ਕਿ ਚੀਨ ਨੇ
ਅਜੇ ਤੱਕ ਕੁੱਲ 83 ਮੈਡਲ ਹੀ ਜਿੱਤੇ ਹਨ। ਇਸ ਦੌੜ ਵਿਚ 18 ਗੋਲਡ ਮੈਡਲ ਜਿੱਤ ਕੇ
ਬਰਤਾਨੀਆ ਤੀਸਰੇ ਨੰਬਰ 'ਤੇ ਹੈ ਪਰ ਕੁੱਲ ਮੈਡਲਾਂ ਦੀ ਗਿਣਤੀ ਵਿਚ 53 ਮੈਡਲ ਜਿੱਤ
ਕੇ (ਜਿਨਾਂ ਵਿਚ 16 ਗੋਲਡ ਮੈਡਲ ਵੀ ਹਨ) ਰੂਸ ਗੋਲਡ ਮੈਡਲਾਂ ਦੇ ਹਿਸਾਬ ਨਾਲ ਚੌਥੇ
ਪਰ ਮੈਡਲਾਂ ਦੇ ਹਿਸਾਬ ਨਾਲ ਤੀਸਰੇ ਸਥਾਨ 'ਤੇ ਚੱਲ ਰਿਹਾ ਹੈ। ਹੁਣ ਤੱਕ ਇਸ ਉਲੰਪਿਕ
ਵਿਚ ਕੁੱਲ 788 ਮੈਡਲ ਜਿੱਤੇ ਜਾ ਚੁੱਕੇ ਹਨ ਅਤੇ ਕੁੱਲ 73 ਦੇਸ਼ ਹੀ ਕੋਈ ਨਾ ਕੋਈ
ਮੈਡਲ ਜਿੱਤਣ ਵਿਚ ਸਫਲ ਰਹੇ ਹਨ। ਹੁਣ ਤੱਕ 247 ਗੋਲਡ, 248 ਸਿਲਵਰ ਅਤੇ 293 ਕਾਂਸੀ
ਦੇ ਮੈਡਲ ਜਿੱਤੇ ਜਾ ਚੁੱਕੇ ਹਨ। ਭਾਰਤ ਅਜੇ ਤੱਕ 1 ਗੋਲਡ ਮੈਡਲ ਅਤੇ 2 ਕਾਂਸੀ ਦੇ
ਮੈਡਲਾਂ ਨਾਲ 45ਵੇਂ ਸਥਾਨ 'ਤੇ ਹੈ। ਵਰਨਣਯੋਗ ਹੈ ਕਿ ਭਾਵੇਂ ਅਮਰੀਕਾ ਨੇ ਅਜੇ ਤੱਕ
ਕੁੱਲ 100 ਮੈਡਲ ਜਿੱਤੇ ਹਨ ਪਰ ਅੱਜ ਰਾਤ ਹੀ ਉਸ ਦੇ ਐਥਲੀਟਾਂ ਨੇ ਅਜੇ ਦੋ ਹੋਰ
ਗੋਲਡ ਮੈਡਲ ਦੇ ਫਾਈਨਲ ਮੁਕਾਬਲੇ ਲੜਨੇ ਹਨ। ਜਿਨਾਂ ਤੋਂ ਬਾਅਦ ਉਸ ਦੇ ਮੈਡਲਾਂ ਦੀ
ਗਿਣਤੀ 100 ਨੂੰ ਪਾਰ ਕਰ ਜਾਵੇਗੀ।
2012 ਲੰਡਨ ਉਲੰਪਿਕ ਲਈ ਝੰਡੇ ਦੀ ਸਪੁਰਦਗੀ ਲਈ ਬੈਕਹਮ ਆਵੇਗਾ ਬੀਜਿੰਗ
ਬੀਜਿੰਗ, 22 ਅਗਸਤ -ਬੀਜਿੰਗ
ਉਲੰਪਿਕ ਖੇਡਾਂ ਦਾ ਸਫਰ 24 ਅਗਸਤ ਦਿਨ ਐਤਵਾਰ ਨੂੰ ਖ਼ਤਮ ਹੋ ਜਾਵੇਗਾ। ਇਸੇ ਦਿਨ ਸ਼ਾਮ
ਨੂੰ ਹੋਣ ਵਾਲੇ ਸਮਾਪਤੀ ਸਮਾਰੋਹ 'ਚ ਸਾਲ 2012 'ਚ ਹੋਣ ਵਾਲੀਆਂ ਲੰਡਨ ਉਲੰਪਿਕਸ ਲਈ
ਉਲੰਪਿਕ ਝੰਡਾ ਇੰਗਲੈਂਡ ਨੂੰ ਸਪੁਰਦ ਕਰ ਦਿੱਤਾ ਜਾਵੇਗਾ। ਇਸ ਸਪੁਰਦਗੀ ਸਮਾਗਮ 'ਚ
ਇੰਗਲੈਂਡ ਦਾ ਪ੍ਰਸਿੱਧ ਫੁੱਟਬਾਲ ਖਿਡਾਰੀ ਡੇਵਿਡ ਬੇਕਹਮ ਵੀ ਸ਼ਾਮਿਲ ਹੋਵੇਗਾ। ਬੇਕਹਮ
ਜਿਸਦੀ ਪ੍ਰਸਿੱਧੀ ਨੂੰ ਅਮਰੀਕਾ ਦੇ ਗੋਲਡਨ ਤੈਰਾਕ ਮਾਈਕਲ ਫੇਲਪਸ ਅਤੇ ਜਮਾਇਕਾ ਦੇ
ਤੇਜ਼ ਦੌੜਾਕ ਉਸੇਨ ਬੋਲਟ ਨੇ ਨਿਗੂਣਾ ਕਰ ਦਿੱਤਾ ਹੈ, 2012 ਦੀਆਂ ਲੰਡਨ ਉਲੰਪਿਕ ਲਈ
ਇੰਗਲੈਂਡ ਦਾ ਦੂਤ ਬਣ ਕੇ ਸਮਾਪਤੀ ਸਮਾਰੋਹ 'ਚ ਸ਼ਾਮਿਲ ਹੋਵੇਗਾ। ਇਸ ਸਮਾਰੋਹ 'ਚ 8
ਮਿੰਟ ਦਾ ਉਲੰਪਿਕ ਝੰਡਾ ਸਪੁਰਦਗੀ ਸਮਾਗਮ ਹੋਵੇਗਾ। ਬੇਕਹਮ ਦੇ ਨਾਲ ਇਸ ਸਮੇਂ
ਇੰਗਲੈਂਡ ਦੇ ਪ੍ਰਸਿੱਧ ਗਿਟਾਰਵਾਦਕ ਲੈੱਡ ਜ਼ੈਪੇਲਿਨ, ਜਿੰਮੀ ਪੇਜ਼ ਅਤੇ ਇੰਗਲੈਂਡ ਦਾ
ਪ੍ਰਸਿੱਧ ਗਾਇਕ ਲਿਓਨਾ ਲੁਈਸ ਵੀ ਹੋਣਗੇ।
ਚੀਨ ਦੀ ਚੜ੍ਹਤ ਜਾਰੀ
ਬੀਜਿੰਗ, 21 ਅਗਸਤ -29ਵੀਆਂ
ਬੀਜਿੰਗ ਉਲੰਪਿਕ ਖੇਡਾਂ ਦੇ ਅੱਜ ਤੱਕ ਹੋਏ ਵੱਖ-ਵੱਖ ਮੁਕਾਬਲਿਆਂ ਵਿਚੋਂ ਮੇਜ਼ਬਾਨ
ਚੀਨ ਦੀ ਜੇਤੂ ਚੜ੍ਹਤ ਬਰਕਰਾਰ ਹੈ। ਇਸ ਨੇ ਹੁਣ ਤੱਕ 45 ਸੋਨੇ, 15 ਚਾਂਦੀ ਅਤੇ 21
ਕਾਂਸੀ ਦੇ (ਕੁੱਲ 81 ਤਗਮੇ) ਹਾਸਿਲ ਕਰਕੇ ਚੜ੍ਹਤ ਬਣਾਈ ਹੋਈ ਹੈ। ਅਮਰੀਕਾ ਨੇ ਦੂਜੀ
ਤੇ ਬਰਤਾਨੀਆ ਨੇ ਤੀਜੀ ਥਾਂ 'ਤੇ ਕਬਜ਼ਾ ਕਾਇਮ ਕੀਤਾ ਹੋਇਆ ਹੈ। ਉਲੰਪਿਕ ਖੇਡਾਂ ਵਿਚ
ਅੱਜ ਤਿੰਨ ਨਵੇਂ ਉਲੰਪਿਕ ਰਿਕਾਰਡ ਬਣੇ। ਪਹਿਲਾ ਮਰਦਾਂ ਦੇ ਸ਼ੂਟਿੰਗ ਮੁਕਾਬਲੇ 'ਚ
ਚੈੱਕ ਗਣਰਾਜ ਦੇ ਡੇਵਿਡ ਨੇ 191 ਅੰਕ ਲੈ ਕਾਇਮ ਕੀਤਾ। ਦੂਜਾ ਰਿਕਾਰਡ ਮਰਦਾਂ ਦੇ
ਮੈਰਾਥਨ ਤੈਰਾਕੀ ਮੁਕਾਬਲੇ 'ਚ ਮਿਸ਼ਰ ਦੇ ਆਮਾਰੋ ਨੇ 1. 55.86 ਨਾਲ ਕਾਇਮ ਕੀਤਾ ਅਤੇ
ਤੀਜਾ ਰਿਕਾਰਡ ਅਥਲੈਟਿਕਸ ਮਹਿਲਾਵਾਂ ਦੇ 20 ਕਿਲੋਮੀਟਰ ਪੈਦਲ ਚਾਲ ਦੇ ਵਿਚੋਂ ਰੂਸ
ਦੀ ਉਲਗਾ ਕਿਨਸਿਕਨਾ ਨੇ 1.26.31 ਨਾਲ ਕਾਇਮ ਕੀਤਾ।
ਭਾਰਤੀ ਪਹਿਲਵਾਨ ਰਾਜੀਵ ਤੋਮਰ ਉਲੰਪਿਕ 'ਚੋ ਬਾਹਰ
ਬੀਜਿੰਗ, 21 ਅਗਸਤ -ਅੱਜ
ਬੀਜਿੰਗ ਉਲੰਪਿਕ ਵਿਚ ਭਾਰਤ ਦੇ ਪਹਿਲਵਾਨ ਰਾਜੀਵ ਤੋਮਰ ਦੇ ਪ੍ਰਦਰਸ਼ਨ ਨੇ ਖੇਡ
ਪ੍ਰੇਮੀਆਂ ਨੂੰ ਬੁਰੀ ਤਰ੍ਹਾਂ ਨਿਰਾਸ਼ ਕੀਤਾ। 120 ਕਿਲੋ ਫ੍ਰੀਸਟਾਈਲ ਕੁਸ਼ਤੀ ਵਿਚ
ਰਾਜੀਵ ਤੋਮਰ ਕਵਾਲੀਫਾਇੰਗ ਰਾਊਂਡ ਵਿਚ ਅਮਰੀਕਾ ਦੇ ਸਟੀਵ ਮੋਕੋ ਕੋਲੋਂ 4-0 ਨਾਲ
ਹਾਰ ਗਿਆ। ਅੱਜ ਉਲੰਪਿਕ ਵਿਚ ਇਹ ਭਾਰਤ ਦਾ ਇਕੋ-ਇਕ ਮੁਕਾਬਲਾ ਸੀ। ਇਕਪਾਸੜ ਮੁਕਾਬਲੇ
ਵਿਚ ਹਾਰਨ ਤੋਂ ਬਾਅਦ ਰਾਜੀਵ ਤੋਮਰ ਦੀ ਕਿਸਮਤ ਕਾਂਸੀ ਦਾ ਤਗਮਾ ਜਿੱਤਣ ਵਾਲੇ ਸੁਸ਼ੀਲ
ਕੁਮਾਰ ਵਾਂਗ ਮਿਹਰਬਾਨ ਨਹੀਂ ਰਹੀ, ਕਿਉਂਕਿ ਉਸ ਤੋਂ ਜਿੱਤਣ ਵਾਲਾ ਅਮਰੀਕੀ ਪਹਿਲਵਾਨ
ਸਟੀਵ ਮੋਕੋ ਸੈਮੀਫਾਈਨਲ ਵਿਚ ਹਾਰ ਗਿਆ। ਜੇ ਮੋਕੋ ਫਾਈਨਲ ਵਿਚ ਪਹੁੰਚ ਜਾਂਦਾ ਤਾਂ
ਰਾਜੀਵ ਨੂੰ ਸੁਸ਼ੀਲ ਵਾਂਗ ਹੀ ਫ੍ਰੀਸਟਾਈਲ ਕੁਸ਼ਤੀ ਦੇ ਅਸੂਲਾਂ ਮੁਤਾਬਿਕ ਰੈਪਚੇਜ
ਖੇਲਣ ਦਾ ਮੌਕਾ ਮਿਲ ਜਾਂਦਾ ਪਰ ਅਜਿਹਾ ਨਹੀਂ ਹੋਇਆ। ਰਾਜੀਵ ਤੋਮਰ ਦੇ ਪ੍ਰਦਰਸ਼ਨ ਤੋਂ
ਕੋਚ ਸ੍ਰੀ ਪੀ. ਆਰ. ਸੋਂਧੀ ਬਹੁਤ ਨਿਰਾਸ਼ ਦਿਖ ਰਹੇ ਸਨ।
ਪਾਕਿਸਤਾਨ ਹਾਕੀ ਟੀਮ 8ਵੇਂ ਸਥਾਨ 'ਤੇ
ਭਾਰਤੀ ਉਪ ਮਹਾਂਦੀਪ ਦੀ ਹਾਕੀ,
ਜੋ ਕਦੇ ਸਿਖ਼ਰ 'ਤੇ ਹੁੰਦੀ ਸੀ, ਅੱਜ ਆਪਣੀ ਸ਼ਾਖ ਬਚਾਉਣ ਲਈ ਸੰਘਰਸ਼ ਕਰ ਰਹੀ ਹੈ। ਅੱਜ
ਉਲੰਪਿਕ ਵਿਚ ਪਾਕਿਸਤਾਨ ਦੇ ਅਠਵੇਂ ਨੰਬਰ 'ਤੇ ਜਾ ਡਿੱਗਣ ਨਾਲ ਅਜਿਹਾ ਲਗਦਾ ਹੈ ਜਿਵੇਂ
ਇਸ ਖੇਤਰ ਵਿਚ ਹਾਕੀ ਦੇ ਖਿਡਾਰੀਆਂ ਵਿਚ ਕੋਈ ਕਲਾ ਬਾਕੀ ਨਹੀਂ ਰਹੀ। ਭਾਰਤ ਤਾਂ
ਪਹਿਲਾਂ ਹੀ ਉਲੰਪਿਕ ਵਿਚ ਕੁਆਲੀਫਾਈ ਨਾ ਕਰਨ ਕਰਕੇ ਉਲੰਪਿਕ ਹਾਕੀ ਤੋਂ ਬਾਹਰ ਹੋ
ਗਿਆ ਸੀ ਪਰ ਅੱਜ ਪਾਕਿਸਤਾਨ ਦੀ ਹਾਕੀ ਟੀਮ ਨੇ ਵੀ ਆਪਣਾ ਅੱਜ ਤੱਕ ਦਾ ਸਭ ਤੋਂ ਖਰਾਬ
ਪ੍ਰਦਰਸ਼ਨ ਕੀਤਾ ਅਤ ਨਿਊਜ਼ੀਲੈਂਡ ਤੋਂ 2-4 ਨਾਲ ਹਾਰ ਗਿਆ। ਅੱਜ ਪਾਕਿਸਤਾਨ ਦੀ ਹਾਕੀ
ਟੀਮ ਦਾ ਮੁਕਾਬਲਾ ਸ਼ੁਰੂ ਹੁੰਦੇ ਹੀ ਪਾਕਿਸਤਾਨੀ ਟੀਮ ਬਿੱਖਰੀ-ਬਿੱਖਰੀ ਨਜ਼ਰ ਆਈ
ਜਦੋਂਕਿ ਨਿਊਜ਼ੀਲੈਂਡ ਦੀ ਟੀਮ ਪਾਕਿਸਤਾਨ 'ਤੇ ਪੂਰੀ ਤਰ੍ਹਾਂ ਹਾਵੀ ਨਜ਼ਰ ਆ ਰਹੀ ਸੀ।
ਹਾਲਾਂਕਿ ਪਾਕਿਸਤਾਨ ਨੂੰ 5 ਪੈਨਲਟੀ ਕਾਰਨਰ ਵੀ ਮਿਲੇ ਪਰ ਉਹ ਉਨ੍ਹਾਂ ਦਾ ਫਾਇਦਾ ਨਹੀਂ
ਉਠਾ ਸਕਿਆ। ਨਿਊਜ਼ੀਲੈਂਡ ਦੀ ਟੀਮ ਨੇ 26ਵੇਂ ਮਿੰਟ ਵਿਚ ਪਾਕਿਸਤਾਨ ਦੇ ਖਿਲਾਫ ਪਹਿਲਾ
ਗੋਲ ਕੀਤਾ ਫਿਰ 39ਵੇਂ ਮਿੰਟ ਵਿਚ ਦੂਸਰਾ ਗੋਲ ਦਾਗ ਦਿੱਤਾ ਜਦੋਂਕਿ ਖੇਡ ਦੇ 43ਵੇਂ
ਮਿੰਟ 'ਤੇ ਨਿਊਜ਼ੀਲੈਂਡ ਪਾਕਿਸਤਾਨ ਨਾਲੋਂ 3-0 'ਤੇ ਅੱਗੇ ਹੋ ਗਿਆ। ਭਾਵੇਂ ਖੇਡ ਦੇ
46ਵੇਂ ਮਿੰਟ 'ਤੇ ਪਾਕਿਸਤਾਨ ਦੇ ਅੱਬਾਸ ਹੈਦਰ ਨੇ ਵੀ ਇਕ ਗੋਲ ਕਰਕੇ ਮੁਕਾਬਲਾ 1-3
'ਤੇ ਲੈ ਆਂਦਾ ਪਰ 7 ਮਿੰਟਾਂ ਬਾਅਦ ਹੀ ਨਿਊਜ਼ੀਲੈਂਡ ਨੇ ਇਕ ਹੋਰ ਗੋਲ ਕਰ ਦਿੱਤਾ।
ਮੈਚ ਦੇ ਅੰਤਲੇ ਪਲਾਂ ਵਿਚ 56ਵੇਂ ਮਿੰਟ 'ਤੇ ਪਾਕਿਸਤਾਨ ਦੇ ਰਿਹਾਨ ਬੱਟ ਨੇ ਇਕ ਹੋਰ
ਮੈਦਾਨੀ ਗੋਲ ਕੀਤਾ। ਆਖਿਰ ਪਾਕਿਸਤਾਨ ਇਹ ਮੈਚ 2-4 ਨਾਲ ਹਾਰ ਕੇ ਉਲੰਪਿਕ ਵਿਚ 8ਵੇਂ
ਸਥਾਨ 'ਤੇ ਰਿਹਾ।
ਜਰਮਨੀ ਦੀ ਹਾਕੀ ਮਰਦਾਂ ਦੀ ਟੀਮ ਉਲੰਪਿਕ ਦੇ ਫਾਈਨਲ 'ਚ ਦਾਖਲ
ਬੀਜਿੰਗ, 21 ਅਗਸਤ-ਮਰਦਾਂ
ਦੀ ਹਾਕੀ ਦੇ ਮੁਕਾਬਲੇ ਜੋ ਬੀਜਿੰਗ ਦੇ ਉਲੰਪਿਕ ਗਰੀਨ ਹਾਕੀ ਸਟੇਡੀਅਮ 'ਚ ਖੇਡੇ ਗਏ,
ਦੇ ਪਹਿਲੇ ਸੈਮੀਫਾਈਨਲ ਮੈਚ ਵਿਚ ਜਰਮਨੀ ਨੇ ਨੀਦਰਲੈਂਡ ਨੂੰ ਪੈਨਲਟੀ ਸਟਰੋਕ ਰਾਹੀਂ
4-3 ਨਾਲ ਹਰਾ ਕੇ ਉਲੰਪਿਕ ਖੇਡਾਂ ਦੇ ਫਾਈਨਲ 'ਚ ਪ੍ਰਵੇਸ਼ ਕੀਤਾ। ਅੱਧੇ ਸਮੇਂ ਤੱਕ
ਦੋਵੇਂ ਟੀਮਾਂ ਬਿਨਾਂ ਕੋਈ ਗੋਲ ਕੀਤਿਆਂ ਤੇ ਪੂਰੇ ਸਮੇਂ ਤੱਕ 1-1 ਗੋਲ ਨਾਲ ਬਰਾਬਰੀ
'ਤੇ ਸਨ। ਫਿਰ ਪੈਨਲਟੀ ਸਟਰੋਕ ਰਾਹੀਂ ਫੈਸਲਾ ਕੀਤਾ ਗਿਆ ਜਿਸ ਵਿਚ ਜਰਮਨੀ ਨੇ
ਨੀਦਰਲੈਂਡ 'ਤੇ 4-3 ਨਾਲ ਜਿੱਤ ਦਰਜ ਕੀਤੀ। ਅੱਜ ਇਸ ਤੋਂ ਪਹਿਲਾਂ ਖੇਡੇ ਗਏ ਮੈਚ
ਵਿਚ ਨਿਊਜ਼ੀਲੈਂਡ ਨੇ ਪਾਕਿਸਤਾਨ ਨੂੰ 4-2 ਨਾਲ ਹਰਾ ਕੇ ਸੱਤਵੀਂ ਤੇ ਬੈਲਜੀਅਮ ਨੇ
ਕੈਨੇਡਾ ਨੂੰ 3-0 ਨਾਲ ਹਰਾ ਕੇ ਨੌਵੀਂ ਥਾਂ ਹਾਸਿਲ ਕੀਤੀ। ਔਰਤਾਂ ਦਾ ਫਾਈਨਲ ਕੱਲ੍ਹ
22 ਅਗਸਤ ਨੂੰ ਮੇਜ਼ਬਾਨ ਚੀਨ ਤੇ ਨੀਦਰਲੈਂਡ ਦਰਮਿਆਨ ਖੇਡਿਆ ਜਾਵੇਗਾ। ਕਾਂਸੀ ਦੇ ਤਗਮੇ
ਲਈ ਟੱਕਰ ਜਰਮਨੀ ਤੇ ਅਰਜਨਟੀਨਾ ਦਰਮਿਆਨ ਹੋਵੇਗੀ।
ਅਪਾਹਜ ਖਿਡਾਰੀਆਂ ਲਈ ਪ੍ਰੇਰਣਾ ਸਰੋਤ ਹੈ ਨੈਟਲੀ
ਬੀਜਿੰਗ, 21 ਅਗਸਤ -ਪੱਕਾ
ਇਰਾਦਾ ਅਤੇ ਦ੍ਰਿੜ੍ਹ ਨਿਸਚਾ ਇਨਸਾਨ ਨੂੰ ਹਰ ਮੋਰਚੇ ਦੇ ਵਿਚ ਸਫਲਤਾ ਦਿਵਾਉਂਦਾ ਹੈ।
ਇਹ ਕਹਿਣਾ ਹੈ ਦੱਖਣੀ ਅਫਰੀਕਾ ਦੀ ਤੈਰਾਕ ਨੈਟਲੀ ਡੂ ਟੋਇਟ ਦਾ ਜਿਸ ਨੇ 29ਵੀਆਂ
ਬੀਜਿੰਗ ਉਲੰਪਿਕ ਖੇਡਾਂ ਵਿਚ ਕਰਕੇ ਵਿਖਾਇਆ ਤੇ ਸਾਰੇ ਖਿਡਾਰੀਆਂ ਨੂੰ ਇਹ ਸੋਚਣ ਲਈ
ਮਜਬੂਰ ਕੀਤਾ ਹੈ ਕਿ ਅਪਾਹਜ ਖਿਡਾਰੀ ਵੀ ਜ਼ਿੰਦਗੀ ਵਿਚ ਕੁਝ ਕਰ ਸਕਦੇ ਹਨ। ਦੱਖਣੀ
ਅਫਰੀਕਾ ਦੀ ਨੈਟਲੀ ਦਾ ਜਨਮ 29 ਜਨਵਰੀ 1984 ਨੂੰ ਕੇਪਟਾਊਨ ਸਾਊਥ ਅਫਰੀਕਾ ਵਿਖੇ
ਹੋਇਆ। ਹੁਣ ਤੱਕ ਉਹ 10 ਕਿਲੋਮੀਟਰ ਫ੍ਰੀ ਸਟਾਈਲ ਸਪੇਨ ਅਤੇ 5 ਕਿਲੋਮੀਟਰ
ਫ੍ਰੀਸਟਾਈਲ ਸਪੇਨ ਵਿਖੇ ਹੋਈ ਵਿਸ਼ਵ ਚੈਂਪੀਅਨਸ਼ਿਪ ਵਿਚ ਚੌਥੇ ਅਤੇ 15ਵੇਂ ਸਥਾਨ 'ਤੇ
ਰਹਿ ਚੁੱਕੀ ਹੈ। ਇਸ ਤੋਂ ਇਲਾਵਾ ਉਹ 2004 ਦੀਆਂ ਪੈਰਾਉਲੰਪਿਕ ਖੇਡਾਂ ਏਥਨਜ਼ ਵਿਚ 50
ਮੀਟਰ ਫ੍ਰੀਸਟਾਈਲ ਵਿਚੋਂ ਪਹਿਲਾ, 100 ਮੀਟਰ ਫ੍ਰੀਸਟਾਈਲ, 400 ਮੀਟਰ ਫ੍ਰੀ ਸਟਾਈਲ,
200 ਮੀਟਰ ਵਿਅਕਤੀਗਤ ਵਿਚੋਂ ਪਹਿਲਾ ਸਥਾਨ ਹਾਸਲ ਕਰ ਚੁੱਕੀ ਹੈ। ਇਸ ਖਿਡਾਰਨ ਦੀ
ਖੱਬੀ ਲੱਤ ਜਦੋਂ ਇਹ ਸੱਤ ਸਾਲ ਦੀ ਸੀ, ਇਕ ਮੋਟਰਸਾਈਕਲ ਹਾਦਸੇ ਵਿਚ ਖਰਾਬ ਹੋ ਗਈ
ਜਿਸ ਨੂੰ ਕੱਟਣਾ ਪਿਆ। ਹੁਣ ਨੈਟਲੀ ਇਕ ਲੱਤ ਨਾਲ ਮਸਨੂਈ ਲੱਤ ਲਗਾ ਕੇ ਮੈਦਾਨ ਵਿਚ
ਉਤਰਦੀ ਹੈ। ਬੀਜਿੰਗ ਉਲੰਪਿਕ ਖੇਡਾਂ ਦੇ 10 ਕਿਲੋਮੀਟਰ ਮੈਰਾਥਨ ਤੈਰਾਕੀ ਦੇ ਮੁਕਾਬਲੇ
ਵਿਚ ਇਸ ਨੇ 16ਵਾਂ ਸਥਾਨ ਹਾਸਲ ਕੀਤਾ ਅਤੇ ਇਹ ਦੌੜ 2 ਘੰਟੇ 49 ਮਿੰਟ ਤੇ 9 ਸੈਕਿੰਡ
ਵਿਚ ਪੂਰੀ ਕੀਤੀ। ਨੈਟਲੀ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਉਹ ਅਪਾਹਜ ਖਿਡਾਰੀਆਂ ਨੂੰ
ਇਕ ਸੁਨੇਹਾ ਦੇਣਾ ਚਾਹੁੰਦੀ ਹੈ ਕਿ ਜੇ ਇਨਸਾਨ ਪੱਕਾ ਇਰਾਦਾ ਕਰ ਲਵੇ ਤਾਂ ਕੋਈ ਕੰਮ
ਮੁਸ਼ਕਿਲ ਨਹੀਂ ਹੈ।
ਸੈਮੀਫਾਈਨਲ 'ਚ ਵਿਜੇਂਦਰ ਦੀ ਟੱਕਰ ਕਿਊਬਾ ਦੇ ਈਮੋਨੋ ਨਾਲ ਅੱਜ
ਬੀਜਿੰਗ,21 ਅਗਸਤ-ਬੀਜਿੰਗ
ਤੋਂ ਜਤਿੰਦਰ ਸਾਬੀ-29ਵੀਆਂ ਬੀਜਿੰਗ ਉਲੰਪਿਕ ਖੇਡਾਂ ਦੇ ਮੁੱਕੇਬਾਜ਼ੀ ਦੇ (75 ਕਿਲੋ
ਭਾਰ ਵਰਗ) ਮਿਡਲ ਵੇਟ ਸੈਮੀਫਾਈਨਲ ਮੁਕਾਬਲੇ 'ਚ ਭਾਰਤ ਦੇ ਮੁੱਕੇਬਾਜ਼ ਵਿਜੇਂਦਰ
ਕੁਮਾਰ ਦਾ ਮੁਕਾਬਲਾ ਕਿਊਬਾ ਦੇ ਮੁੱਕੇਬਾਜ਼ ਈਮੋਨੋ ਬੀ ਕੋਰੀਆ ਨਾਲ ਹੋਵੇਗਾ।
ਵਿਜੇਂਦਰ ਨੇ ਕੁਆਟਰ ਫਾਈਨਲ ਵਿਚ ਜਿੱਤ ਕੇ ਭਾਰਤ ਲਈ ਕਾਂਸੀ ਦੇ ਤਗਮੇ ਲਈ ਥਾਂ ਪੱਕੀ
ਕੀਤੀ ਹੈ ਤੇ ਜੇ ਇਸ ਸੈਮੀਫਾਈਨਲ ਦੇ ਵਿਚੋ ਵਧੀਆ ਕਾਰਗੁਜ਼ਾਰੀ ਕਰ ਜਾਂਦਾ ਹੈ ਤਾਂ ਇਹ
ਸੋਨ ਤਗਮੇ ਦੀ ਚੋਣ ਲਈ ਵੀ ਦਾਅਵੇਦਾਰ ਹੋ ਸਕਦਾ ਹੈ। 2005 'ਚ ਚੀਨ ਵਿਖੇ ਹੋਈ ਵਿਸ਼ਵ
ਮੁੱਕੇਬਾਜ਼ੀ ਮੁਕਾਬਲੇ 'ਚੋਂ ਤੀਜਾ ਸਥਾਨ, ਪੈਨ ਅਮਰੀਕਨ ਚੈਂਪੀਅਨਸ਼ਿਪ ਵਿਚੋਂ ਪਹਿਲਾ
ਸਥਾਨ ਹਾਸਿਲ ਕੀਤਾ ਹੈ। ਵਿਜੇਂਦਰ ਕੁਮਾਰ ਨੇ 2004 ਏਥਨਜ਼ ਉਲੰਪਿਕ ਦੇ ਵਿਚੋਂ 17ਵਾਂ
ਵਿਸ਼ਵ ਚੈਂਪੀਅਨਸ਼ਿਪ ਅਮਰੀਕਾ 'ਚ 17ਵਾਂ ਅਤੇ ਏਸ਼ੀਅਨ ਚੈਂਪੀਅਨਸ਼ਿਪ ਮੰਗੋਲੀਆ ਵਿਚ ਦੂਜਾ
ਸਥਾਨ ਹਾਸਿਲ ਕੀਤਾ ਹੈ। ਵਿਜੇਂਦਰ ਦੇ ਕੋਚ ਜੀ. ਐਸ. ਸੰਧੂ ਨੇ ਦੱਸਿਆ ਕਿ ਵਿਜੇਂਦਰ
ਦੇ ਹੌਸਲੇ ਬੁਲੰਦ ਹਨ ਅਤੇ ਉਹ ਪੂਰੀ ਰਣਨੀਤੀ ਤਹਿਤ ਰਿੰਗ ਵਿਚ ਉਤਰੇਗਾ। ਗੁਰਬਖਸ਼
ਸਿੰਘ ਸੰਧੂ ਨੇ ਅੱਗੇ ਦੱਸਿਆ ਕਿ ਅਸੀਂ ਇਸ ਮੁਕਾਬਲੇ ਲਈ ਪੂਰੀ ਤਿਆਰੀ ਕਰ ਰਹੇ ਹਾਂ
ਅਤੇ ਕਿਊਬਾ ਦੇ ਮੁੱਕੇਬਾਜ਼ ਦੀਆਂ ਵੀਡੀਓ ਵਿਜੇਂਦਰ ਨੂੰ ਵਿਖਾਈਆਂ ਹਨ।
ਔਰਤਾਂ ਦੇ 4×400 ਮੀਟਰ ਰੀਲੇਅ ਮੁਕਾਬਲੇ ਅੱਜ ਤੋਂ
ਬੀਜਿੰਗ ਉਲੰਪਿਕ ਖੇਡਾਂ 'ਚ
ਅਥਲੈਟਿਕਸ ਦੇ 4×400 ਮੀਟਰ ਔਰਤਾਂ ਦੇ ਰੀਲੇਅ ਮੁਕਾਬਲੇ ਕੱਲ੍ਹ 22 ਅਗਸਤ ਤੋਂ
ਨੈਸ਼ਨਲ ਸਟੇਡੀਅਮ ਵਿਚ ਸ਼ੁਰੂ ਹੋ ਰਹੇ ਹਨ। ਭਾਰਤੀ ਟੀਮ ਨੂੰ ਇਸ ਰੀਲੇਅ ਦੇ ਮੁੱਢਲੇ
ਰਾਊਂਡ ਦੀ ਪਹਿਲੀ ਹੀਟ ਵਿਚ ਚੌਥੀ ਲੇਨ ਮਿਲੀ ਹੈ। ਪੋਲੈਂਡ ਨੂੰ ਦੂਜੀ, ਰੂਸ ਨੂੰ
ਤੀਜੀ, ਬਰਤਾਨੀਆ ਨੂੰ ਪੰਜਵੀਂ, ਜਰਮਨੀ ਨੂੰ ਛੇਵੀਂ, ਕਿਊਬਾ ਨੂੰ ਸੱਤਵੀਂ, ਯੂਕਰੇਨ
ਨੂੰ 8 ਵੀਂ ਤੇ ਜਪਾਨ ਨੂੰ 9ਵੀਂ ਲੇਨ ਮਿਲੀ ਹੈ।
ਕੈਂਸਰ ਦੇ ਮਰੀਜ਼ ਮਾਰਟਿਨ ਨੇ ਤੈਰਾਕੀ ਦਾ ਗੋਲਡ ਮੈਡਲ ਜਿੱਤਿਆ
ਬੀਜਿੰਗ, 21 ਅਗਸਤ -ਬਲੱਡ
ਕੈਂਸਰ ਦੇ ਮਰੀਜ਼ ਰਹੇ ਨੀਦਰਲੈਂਡ ਦੇ ਅਥਲੀਟ ਮਾਰਟਿਨ ਵੇਇਡਿਨ ਨੇ ਅੱਜ ਤੈਰਾਕੀ ਦੇ
ਪੁਰਸ਼ਾਂ ਦੇ 10 ਕਿਲੋਮੀਟਰ ਮੈਰਾਥਨ ਵਿਚ ਸੋਨੇ ਦਾ ਤਗਮਾ ਜਿੱਤ ਕੇ ਇਹ ਵਿਖਾ ਦਿੱਤਾ
ਕਿ ਆਦਮੀ ਦੀਆਂ ਸੰਭਾਵਨਾਵਾਂ ਵੀ ਅਸੀਮ ਹਨ। ਮਾਰਟਿਨ ਨੂੰ 2001 ਵਿਚ ਬਲੱਡ ਕੈਂਸਰ
ਹੋ ਗਿਆ ਸੀ। ਜਿਥੇ ਉਸ ਨੇ ਆਪਣੀ ਬਿਮਾਰੀ ਦਾ ਇਲਾਜ ਜਾਰੀ ਰੱਖਿਆ ਉਥੇ ਉਸ ਨੇ ਤੈਰਾਕੀ
ਵਿਚ ਵੀ ਆਪਣੀ ਤਿਆਰੀ ਜਾਰੀ ਰੱਖੀ। ਪਹਿਲਾਂ ਉਹ ਓਪਨ ਵਾਟਰ ਚੈਂਪੀਅਨਸ਼ਿਪ ਵਿਚ
ਕੁੱਦਿਆ ਅਤੇ ਇਸ ਸਾਲ ਸਪੇਨ ਵਿਚ ਹੋਈ 25 ਕਿਲੋਮੀਟਰ ਫ੍ਰੀਸਟਾਈਲ ਤੈਰਾਕੀ ਵਿਚ ਓਪਨ
ਵਾਟਰ ਵਰਲਡ ਚੈਂਪੀਅਨ ਬਣਿਆ। ਅੱਜ ਉਸ ਨੇ ਪੁਰਸ਼ਾਂ ਦੀ 10 ਕਿਲੋਮੀਟਰ ਮੈਰਾਥਨ ਵਿਚ
ਉਲੰਪਿਕ ਗੋਲਡ ਮੈਡਲ 1:51:51.6 ਦੇ ਸਮੇਂ ਨਾਲ ਜਿੱਤ ਕੇ ਹੌਂਸਲੇ ਤੇ ਮਿਹਨਤ ਦੇ
ਜਿੱਤ ਦਾ ਇਕ ਨਵਾਂ ਸਬੂਤ ਦੇ ਦਿੱਤਾ।
56 ਸਾਲਾਂ ਬਾਅਦ ਭਾਰਤ ਨੇ ਜਿੱਤਿਆ ਉਲੰਪਿਕ ਕੁਸ਼ਤੀ 'ਚ ਕਾਂਸੀ ਦਾ ਤਗਮਾ

ਬੀਜਿੰਗ, 20 ਅਗਸਤ -29ਵੀਆਂ
ਬੀਜਿੰਗ ਉਲੰਪਿਕ ਖੇਡਾਂ ਵਿਚੋਂ ਬੀਜਿੰਗ ਦੇ ਸੀ. ਏ. ਯੂ. ਜਿਮਨੇਜ਼ੀਅਮ ਵਿਖੇ ਭਾਰਤ
ਨੂੰ ਕੁਸ਼ਤੀ ਦੇ 66 ਕਿਲੋ ਮੁਕਾਬਲੇ 'ਚੋਂ ਉਸ ਵੇਲੇ ਵੱਡੀ ਖੁਸ਼ੀ ਮਿਲੀ ਜਦੋਂ ਭਾਰਤ
ਦੇ ਭਲਵਾਨ ਸੁਸ਼ੀਲ ਕੁਮਾਰ ਨੇ ਕਾਂਸੀ ਦਾ ਤਗਮਾ ਜਿੱਤ ਕੇ ਕੁਸ਼ਤੀ 'ਚ ਭਾਰਤ ਦੀ ਲਾਜ
ਰੱਖੀ। ਇਸੇ ਦੌਰਾਨ ਭਾਰਤ ਦੇ ਮਿਡਲਵੇਟ (75 ਕਿਲੋਗ੍ਰਾਮ) ਭਾਰ ਵਰਗ ਦੇ ਮੁੱਕੇਬਾਜ਼
ਵਜਿੰਦਰ ਸਿੰਘ ਨੇ ਭਾਰਤ ਲਈ ਇਕ ਹੋਰ ਤਗਮੇ ਦੀ ਆਸ ਨੂੰ ਪੱਕੀ ਕਰਦਿਆਂ ਕੁਆਰਟਰ
ਫਾਈਨਲ ਮੁਕਾਬਲੇ 'ਚ ਇਕਵਾਡੋਰ ਦੇ ਕਾਰਲੋਸ ਗੋਂਗੋਰਾ ਨੂੰ 9-4 ਅੰਕਾਂ ਨਾਲ ਹਰਾ
ਦਿੱਤਾ। ਕਾਂਸੀ ਦੇ ਤਗਮੇ ਲਈ ਹੋਏ ਪਹਿਲੇ ਮੁਕਾਬਲੇ ਵਿਚੋਂ ਪਹਿਲੇ ਬਾਊਟ ਵਿਚ ਸੁਸ਼ੀਲ
ਕੁਮਾਰ ਨੂੰ ਯੂਕਰੇਨ ਦੇ ਐਡਰੀ ਸਟੈਡਨਿਕ ਨੇ 3-1 ਨਾਲ ਅੰਕਾਂ ਦੇ ਆਧਾਰ 'ਤੇ ਹਰਾ
ਦਿੱਤਾ। ਇਸ ਤੋਂ ਬਾਅਦ ਇਸ ਨੇ ਅਗਲੇ ਬਾਊਟ ਦੇ ਵਿਚ ਅਮਰੀਕਾ ਦੇ ਡਾਊਗ ਸਕਾਊਬ ਨੂੰ
3-1 ਨਾਲ ਅੰਕਾਂ ਦੇ ਆਧਾਰ 'ਤੇ ਹਰਾਇਆ। ਇਸ ਤੋਂ ਅਗਲੇ ਬਾਊਟ ਦੇ ਵਿਚ ਸੁਸ਼ੀਲ ਨੇ
ਬੁਲਗਾਰੀਆ ਦੇ ਐਲਬਰਟ ਬਟੀਰੋਵ ਨੂੰ 3-1 ਨਾਲ ਹਰਾਇਆ ਤੇ ਅੰਤਿਮ ਬਾਊਟ ਦੇ ਵਿਚੋਂ
ਸੁਸ਼ੀਲ ਨੇ ਕਜ਼ਾਕਿਸਤਾਨ ਦੇ ਲੀਈਨਿਡ ਸਪਹਿਤਨੇਵ ਨੂੰ 3-1 ਨਾਲ ਹਰਾ ਕੇ ਕਾਂਸੀ ਦੇ
ਤਗਮੇ 'ਤੇ ਕਬਜ਼ਾ ਕੀਤਾ। ਇਸ ਮੁਕਾਬਲੇ ਦਾ ਸੋਨ ਤਗਮਾ ਟਰਕੀ ਦੇ ਰਮਾਜਾਨ ਸਾਹਿਨ ਨੇ
ਤੇ ਚਾਂਦੀ ਦਾ ਤਗਮਾ ਯੂਕਰੇਨ ਦੇ ਐਡਰੀ ਸਟਾਤਨਿਕ ਨੇ ਤੇ ਕਾਂਸ਼ੀ ਦਾ ਤਗਮਾ ਭਾਰਤ ਦੇ
ਸੁਸ਼ੀਲ ਕੁਮਾਰ ਤੇ ਜਾਰਜੀਆ ਦੇ ਓਟਰ ਟੂਸੀਸਵੀਲੀ ਨੇ ਹਾਸਿਲ ਕੀਤਾ।ਭਾਰਤ ਦੇ ਪ੍ਰਧਾਨ
ਮੰਤਰੀ ਡਾ: ਮਨਮੋਹਨ ਸਿੰਘ, ਰਾਸ਼ਟਰਪਤੀ ਪ੍ਰਤਿਭਾ ਪਾਟਿਲ ਅਤੇ ਉਪ ਰਾਸ਼ਟਰਪਤੀ ਹਾਮਿਦ
ਅੰਸਾਰੀ ਨੇ ਵੀ ਪਹਿਲਵਾਨ ਸੁਸ਼ੀਲ ਕੁਮਾਰ ਵੱਲੋਂ ਉਲੰਪਿਕ ਕਾਂਸੀ ਤਗਮਾ ਜਿੱਤਣ 'ਤੇ
ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ 56 ਸਾਲ ਬਾਅਦ ਕੁਸ਼ਤੀ ਮੁਕਾਬਲਿਆਂ 'ਚ
ਉਲੰਪਿਕ ਤਗਮਾ ਜਿੱਤਣ ਨਾਲ ਸੁਸ਼ੀਲ ਨੇ ਇਤਿਹਾਸ ਨੂੰ ਦੁਹਰਾ ਦਿੱਤਾ ਹੈ। ਸੁਸ਼ੀਲ ਦੀ
ਇਸ ਪ੍ਰਾਪਤੀ ਨਾਲ ਸਭ ਦਾ ਸਿਰ ਮਾਣ ਨਾਲ ਉੱਚਾ ਹੋ ਗਿਆ ਹੈ।
ਕੇਂਦਰੀ ਖੇਡ ਮੰਤਰੀ ਸ: ਮਨੋਹਰ ਸਿੰਘ ਗਿੱਲ ਨੇ ਕਿਹਾ ਕਿ ਉਹ ਤੇ ਪੂਰਾ ਦੇਸ਼ ਸੁਸ਼ੀਲ
ਦੀ ਇਸ ਕਾਮਯਾਬੀ 'ਤੇ ਖੁਸ਼ ਹੈ। ਇਸ ਦੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ ਸੁਸ਼ੀਲ
ਕੁਮਾਰ ਨੂੰ ਕੇਂਦਰ ਸਰਕਾਰ ਵੱਲੋਂ 20 ਲੱਖ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ
ਜਾਵੇਗਾ।
ਕੇਂਦਰੀ ਰੇਲਵੇ ਮੰਤਰੀ ਲਾਲੂ ਪ੍ਰਸ਼ਾਦ ਯਾਦਵ ਨੇ ਸੁਸ਼ੀਲ ਕੁਮਾਰ ਵੱਲੋਂ ਉਲੰਪਿਕ ਖੇਡਾਂ
'ਚ ਕਾਂਸੀ ਦਾ ਤਗਮਾ ਜਿੱਤਣ ਤੋਂ ਖੁਸ਼ ਹੋ ਕੇ ਮੰਤਰਾਲੇ ਵੱਲੋਂ 55 ਲੱਖੋ ਰੁਪਏ ਦਾ
ਨਕਦ ਇਨਾਮ ਅਤੇ ਰੇਲਵੇ ਮਹਿਕਮੇ 'ਚ ਉਸਨੂੰ ਤਰੱਕੀ ਦੇ ਕੇ ਟਿਕਟਿੰਗ ਇੰਸਪੈਕਟਰ ਤੋਂ
ਅਸਿਸਟੈਂਟ ਕਮਰਸ਼ੀਅਲ ਮੈਨੇਜਰ ਬਣਾਉਣ ਦਾ ਐਲਾਨ ਕੀਤਾ ਹੈ। ਿਦੱਲੀ ਦੀ ਮੁੱਖ ਮੰਤਰੀ
ਸ਼੍ਰੀਮਤੀ ਸ਼ੀਲਾ ਦੀਕਸ਼ਤ ਨੇ ਐਲਾਨ ਕੀਤਾ ਹੈ ਕਿ ਸਰਕਾਰ ਵੱਲੋਂ ਜਲਦੀ ਹੀ ਸੁਸ਼ੀਲ
ਕੁਮਾਰ ਨੂੰ 50 ਲੱਖ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ। ਇਨ੍ਹਾਂ ਤੋ ਇਲਾਵਾ
ਹੋਰ ਵੀ ਕਈ ਆਗੂਆਂ ਨੇ ਸੁਸ਼ੀਲ ਨੂੰ ਵਧਾਈ ਦਿੱਤੀ।
ਜਤਿੰਦਰ ਅਤੇ ਕਮਲ ਉਲੰਪਿਕ 'ਚੋ ਬਾਹਰ
ਬੀਜਿੰਗ, 20 ਅਗਸਤ-ਉਲੰਪਿਕ
'ਚ ਭਾਰਤ ਦੀ ਇਕ ਹੋਰ ਤਗਮਾ ਜਿੱਤਣ ਦੀ ਆਸ ਨੂੰ ਉਦੋਂ ਝੱਟਕਾ ਲੱਗਾ ਜਦੋਂ 51 ਕਿਲੋ
ਫਲਾਈਵੇਟ ਮੁਕਾਬਲੇ 'ਚੋਂ ਭਾਰਤ ਦਾ ਮੁੱਕੇਬਾਜ਼ ਜਤਿੰਦਰ ਸਿੰਘ ਬਾਹਰ ਹੋ ਗਿਆ।
ਜਤਿੰਦਰ ਸਿੰਘ ਨੂੰ ਤਿੰਨ ਵਾਰ ਦੇ ਯੂਰਪ ਚੈਂਪੀਅਨ ਰੂਸ ਦੇ ਗ੍ਰੇਗਰੀ ਬਾਲਕਸ਼ਿਨ ਨੇ
15-11 ਅੰਕਾਂ ਨਾਲ ਹਰਾਇਆ।
ਸ਼ਰਦ ਕਮਲ ਦੀ ਟੈਨਿਸ ਮੁਕਾਬਲੇ 'ਚ ਹਾਰ
ਬੀਜਿੰਗ, 20 ਅਗਸਤ-ਉਲੰਪਿਕ
ਦੇ ਟੇਬਲ ਟੈਨਿਸ ਮੁਕਾਬਲਿਆਂ 'ਚ ਅੱਜ ਭਾਰਤ ਦੀ ਚੁਣੌਤੀ ਉਦੋਂ ਖਤਮ ਹੋ ਗਈ ਜਦੋਂ
ਅੰਚਤ ਸ਼ਰਦ ਕਮਲ ਚੀਨੀ ਮੂਲ ਦੇ ਆਸਟਰੀਆਈ ਖਿਡਾਰੀ ਚੇਨ ਵੇਅਝਿੰਗ ਤੋਂ ਆਸਾਨੀ ਨਾਲ
ਹਾਰ ਗਿਆ। ਚੇਨ ਨੇ ਕਮਲ ਨੂੰ 32 ਮਿੰਟ ਤੱਕ ਚੱਲੇ ਮੁਕਾਬਲੇ 'ਚ 11-15, 14-12,
11-2, 8-11, 12-10 ਅੰਕਾਂ ਨਾਲ ਹਰਾਇਆ।
ਫੁੱਟਬਾਲ ਦਾ ਫਾਈਨਲ ਅਰਜਨਟੀਨਾ ਤੇ ਨਾਈਜੀਰੀਆ ਵਿਚਕਾਰ 23 ਨੂੰ
ਫੁੱਟਬਾਲ ਦਾ ਫਾਈਨਲ ਮੁਕਾਬਲਾ
ਬੀਜਿੰਗ ਦੇ ਬਰਡਜ਼ ਨੈਸਟ ਨੈਸ਼ਨਲ ਸਟੇਡੀਅਮ ਵਿਚ ਅਰਜਨਟੀਨਾ ਤੇ ਨਾਈਜੀਰੀਆ ਦਰਮਿਆਨ 23
ਅਗਸਤ ਨੂੰ ਭਾਰਤੀ ਸਮੇਂ ਅਨੁਸਾਰ 9.30 ਵਜੇ ਸਵੇਰੇ ਖੇਡਿਆ ਜਾਵੇਗਾ ਤੇ ਤੀਜੀ ਤੇ
ਚੌਥੀ ਪੁਜ਼ੀਸ਼ਨ ਲਈ ਮੈਚ ਸ਼ਿੰਘਾਈ ਦੇ ਫੁੱਟਬਾਲ ਸਟੇਡੀਅਮ ਵਿਚ 22 ਅਗਸਤ ਨੂੰ ਖੇਡਿਆ
ਜਾਵੇਗਾ।
ਚੀਨ ਮਹਿਲਾ ਹਾਕੀ ਮੁਕਾਬਲੇ ਦੇ ਫਾਈਨਲ ਗੇੜ 'ਚ ਪੁਹੰਚਿਆ
ਬੀਜਿੰਗ, 20 ਅਗਸਤ-ਮੇਜ਼ਬਾਨ
ਚੀਨ ਨੇ ਮਹਿਲਾ ਹਾਕੀ ਦੇ ਸੈਮੀਫਾਈਨਲ ਮੁਕਾਬਲੇ ਜਰਮਨੀ ਨੂੰ 3-2 ਨਾਲ ਹਰਾ ਕੇ
ਫਾਈਨਲ 'ਚ ਪ੍ਰਵੇਸ਼ ਪਾ ਲਿਆ। ਅੱਧੇ ਸਮੇਂ ਤੱਕ ਦੋਵੇਂ ਟੀਮਾਂ 1-1 ਗੋਲ ਨਾਲ ਬਰਾਬਰ
ਸਨ।
ਭਾਰਤੀ ਟੇਬਲ ਟੈਨਿਸ ਖਿਡਾਰੀ ਕਮਲ ਦੂਜੇ ਗੇੜ 'ਚ ਪਹੁੰਚਿਆ ਅਤੇ ਅੰਜੂ ਤੇ ਦੱਤ
ਬਾਹਰ ਹੋ ਗਏ
ਬੀਜਿੰਗ, 19 ਅਗਸਤ-ਭਾਵੇਂ
ਬੀਜਿੰਗ ਉਲੰਪਿਕ ਵਿਚ ਅੱਜ ਭਾਰਤ ਦੇ ਪ੍ਰਮੁੱਖ ਟੇਬਲ ਟੈਨਿਸ ਖਿਡਾਰੀ ਸ਼ਰਤ ਕਮਲ ਅਚੰਤਾ
ਨੇ ਆਪਣਾ ਪਹਿਲਾ ਗੇੜ ਜਿੱਤ ਭਾਰਤੀ ਮੁਹਿੰਮ ਨੂੰ ਜਿੰਦਾ ਰੱਖਣ ਵਿਚ ਮਦਦ ਕੀਤੀ ਪਰ
ਭਾਰਤ ਦੀ ਬਹੁਤ ਵਧੀਆ ਅਥਲੀਟ ਅੰਜੂ ਬੌਬੀ ਜੋਰਜ ਦੇ ਲਾਂਗ ਜੰਪ ਫਾਈਨਲ ਵਿਚ
ਕੁਆਲੀਫਾਈ ਨਾ ਕਰ ਸਕਣ ਅਤੇ ਭਾਰਤੀ ਪਹਿਲਵਾਨ ਯੋਗੇਸ਼ਵਰ ਦੱਤ ਦੇ 60 ਕਿਲੋ ਪੁਰਸ਼
ਫਰੀਸਟਾਈਲ ਕੁਸ਼ਤੀ ਦੇ ਕੁਆਰਟਰ ਫਾਈਨਲ ਵਿਚੋਂ ਹਾਰ ਜਾਣ ਨਾਲ ਭਾਰਤ ਨੂੰ ਵੱਡਾ ਧੱਕਾ
ਲੱਗਾ। ਟੇਬਿਲ ਟੈਨਿਸ ਵਿਚ ਭਾਰਤੀ ਖਿਡਾਰੀ ਸ਼ਰਤ ਕਮਲ ਅਚੰਤਾ ਨੇ ਸਪੇਨ ਦੇ ਖਿਡਾਰੀ
ਅਲਫਰੇਡੋ ਕਾਰਨਰੋਬ ਨੂੰ 4-2 ਨਾਲ ਹਰਾਇਆ। ਉਸ ਨੇ ਇਹ ਮੈਚ 6-11, 12-10, 11-8,
9-11 ਅਤੇ 11-7 ਦੇ ਫਰਕ ਨਾਲ ਜਿੱਤਿਆ। ਭਾਰਤ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਾ
ਜਦੋਂ ਭਾਰਤ ਪ੍ਰਮੁੱਖ ਅਥਲੀਟ ਅੰਜੂ ਬੌਬੀ ਜੌਰਜ ਔਰਤਾਂ ਦੇ ਲਾਂਗ ਜੰਪ ਕੁਆਲੀਫਾਇੰਗ
ਮੁਕਾਬਲੇ ਵਿਚ ਬੁਰੀ ਤਰ੍ਹਾਂ ਅਸਫਲ ਰਹੀ। ਉਹ ਆਪਣੀਆਂ ਕੋਸ਼ਿਸ਼ਾਂ ਨੂੰ ਰਿਕਾਰਡ ਵਿਚ
ਵੀ ਦਰਜ ਕਰਵਾਉਣ ਵਿਚ ਅਸਫਲ ਰਹੀ ਤੇ ਉਸ ਦੇ ਨਾਂਅ ਪਿੱਛੇ ਐਨ. ਐਮ. (ਨੋ ਮਾਰਕ) ਲੱਗ
ਪਿਆ। ਅਸਲ ਵਿਚ ਅੰਜੂ ਦਾ ਕਹਿਣਾ ਹੈ ਕਿ ਅੱਜ ਸਵੇਰੇ ਜਦੋਂ ਉਹ ਇਸ ਕੁਆਲੀਫਾਇੰਗ
ਰਾਊਂਡ ਦੀ ਤਿਆਰੀ ਲਈ ਵਾਰਮ ਅੱਪ ਕਰ ਰਹੀ ਸੀ ਤਾਂ ਉਸ ਦਾ ਗਿੱਟਾ ਮੁਚ ਗਿਆ ਸੀ। ਉਸ
ਨੂੰ ਪਤਾ ਸੀ ਕਿ ਉਹ ਜ਼ਖ਼ਮੀ ਗਿੱਟੇ ਨਾਲ ਕੁਝ ਨਹੀਂ ਕਰ ਸਕੇਗੀ। ਮੈਂ ਆਪਣੇ ਵੱਲੋਂ
ਪੂਰੀ ਕੋਸ਼ਿਸ਼ ਕੀਤੀ ਪਰ ਅਸਫਲ ਰਹੀ। ਵਰਨਣਯੋਗ ਹੈ ਕਿ ਅੰਜੂ ਨੇ 2005 ਵਿਚ 6.65
ਮੀਟਰ ਲਾਂਗ ਜੰਪ ਵਿਚ ਏਸ਼ੀਅਨ ਚੈਂਪੀਅਨਸ਼ਿਪ ਜਿੱਤੀ ਸੀ। ਉਹ ਪਿਛਲੇ ਏਥਨਜ਼ ਉਲੰਪਿਕ
ਵਿਚ ਆਪਣੇ ਸਭ ਤੋਂ ਵਧੀਆ ਪ੍ਰਦਰਸ਼ਨ 6.83 ਮੀਟਰ ਨਾਲ 6ਵੇਂ ਸਥਾਨ 'ਤੇ ਰਹੀ ਸੀ।
ਭਾਰਤ ਲਈ ਦੂਸਰਾ ਝਟਕਾ 60 ਕਿਲੋ ਵਰਗ ਵਿਚ ਪੁਰਸ਼ਾਂ ਦੀ ਫਰੀਸਟਾਈਲ ਕੁਸ਼ਤੀ ਵਿਚ ਲੱਗਾ
ਜਦੋਂ ਬੀਜਿੰਗ ਵਿਚ ਪੁਰਸ਼ਾਂ ਦੀ ਇਸ ਕੁਸ਼ਤੀ ਦੇ ਕੁਆਰਟਰ ਫਾਈਨਲ ਵਿਚ ਭਾਰਤੀ ਪਹਿਲਵਾਨ
ਯੋਗੇਸ਼ਵਰ ਦੱਤ ਜਾਪਾਨ ਦੇ ਕੋਨੀਚੀ ਯੂਮੋਤੋ ਤੋਂ ਹਾਰ ਗਿਆ।
ਜਰਮਨੀ ਸੈਮੀਫਾਈਨਲ 'ਚ- ਹਾਲੈਂਡ ਨੇ ਪਾਕਿਸਤਾਨ ਨੂੰ ਹਰਾਇਆ
ਵਿਸ਼ਵ ਚੈਂਪੀਅਨ ਜਰਮਨੀ ਦੀ ਹਾਕੀ
ਟੀਮ ਨੇ ਅੱਜ ਯੋਜਨਾਬੱਧ ਖੇਡ ਦਾ ਮੁਜ਼ਾਹਰਾ ਕਰਦਿਆਂ ਨਿਊਜ਼ੀਲੈਂਡ ਦੀ ਟੀਮ ਨੂੰ 3-1
ਗੋਲਾਂ ਨਾਲ ਹਰਾ ਕੇ ਉਲੰਪਿਕ ਦੇ ਮਰਦਾਂ ਦੇ ਵਰਗ ਦੇ ਸੈਮੀਫਾਈਨਲ ਮੁਕਾਬਲੇ 'ਚ
ਕੁਆਲੀਫਾਈ ਕਰ ਲਿਆ। ਇਸ ਤਰ੍ਹਾਂ ਸੈਮੀਫਾਈਨਲ 'ਚ ਪਹੁੰਚਣ ਵਾਲਾ ਜਰਮਨੀ ਤੀਜਾ ਦੇਸ਼
ਬਣ ਗਿਆ ਹੈ। ਯਾਦ ਰਹੇ ਇਸ ਤੋਂ ਪਹਿਲਾਂ ਆਸਟਰੇਲੀਆ ਅਤੇ ਹਾਲੈਂਡ ਪਹਿਲਾਂ ਹੀ
ਸੈਮੀਫਾਈਨਲ ਗੇੜ 'ਚ ਪਹੁੰਚ ਚੁੱਕੇ ਹਨ। ਇਕ ਹੋਰ ਮੁਕਾਬਲੇ 'ਚ ਤਿੰਨ ਵਾਰ ਦੀ
ਚੈਂਪੀਅਨ ਪਾਕਿਸਤਾਨ ਦੀ ਟੀਮ ਹਾਲੈਂਡ ਦੀ ਟੀਮ ਨੂੰ ਲੀਗ ਮੈਚ 'ਚ ਹਾਰ ਕੇ ਉਲੰਪਿਕ
ਤੋਂ ਬਾਹਰ ਹੋ ਗਈ। ਹਾਲੈਂਡ ਨੇ ਪਾਕਿਸਤਾਨ ਨੂੰ 4-2 ਗੋਲਾਂ ਦੇ ਫਰਕ ਨਾਲ ਹਰਾਇਆ।
ਇਸ ਤੋਂ ਇਲਾਵਾ ਕੈਨੇਡਾ ਨੇ ਦੱਖਣੀ ਅਫਰੀਕਾ ਨੂੰ 5-3 ਗੋਲਾਂ ਦੇ ਫਰਕ ਨਾਲ ਹਰਾਇਆ।
ਅੱਜ ਤੇ ਖੇਡ ਨਤੀਜੇ
ਬੀਜਿੰਗ, 19 ਅਗਸਤ-ਐਥਲੈਟਿਕਸ
: ਮਰਦਾਂ ਦੇ ਉੱਚੀ ਛਾਲ ਦੇ ਮੁਕਾਬਲੇ ਵਿਚੋਂ ਰੂਸ ਦੇ ਐਡਰੀ ਸਿਲਨੋਵ ਨੇ ਸੋਨ,
ਬਰਤਾਨੀਆ ਦੇ ਜੀ ਮੈਸਨ ਨੇ ਚਾਂਦੀ ਤੇ ਰੂਸ ਦੇ ਯਾਰੋਸਲਾਵ ਨੇ ਕਾਂਸੀ ਦਾ ਤਗਮਾ
ਹਾਸਿਲ ਕੀਤਾ।
ਕੁਸ਼ਤੀ : ਮਰਦਾਂ ਦੇ ਫ੍ਰੀ ਸਟਾਈਲ ਦੇ 55 ਕਿਲੋ ਵਰਗ ਵਿਚੋਂ ਅਮਰੀਕਾ ਦੇ
ਹੈਨਰੀ ਸੀਜੂਡੋ ਨੇ ਸੋਨ, ਜਾਪਾਨ ਦੇ ਟੋਮੋਰੀਓ ਨੇ ਚਾਂਦੀ ਤੇ ਬੁਲਗਾਰੀਆ ਦੇ
ਗਡੋਸਲਾਵ ਵੈਲੀਕੋਵ ਨੇ ਤੇ ਈਰਾਨ ਦੇ ਮੈਵਲਵ ਨੇ ਕਾਂਸੀ ਦਾ ਤਗਮਾ ਹਾਸਿਲ ਕੀਤਾ। 60
ਕਿਲੋ ਭਾਰ ਵਰਗ ਦੇ ਵਿਚੋਂ ਯੂਕਰੇਨ ਦੇ ਮੈਵਲੈਕ ਨੇ ਸੋਨ, ਜਾਪਾਨ ਦੇ ਵਾਸਲ ਫੈਡਰੇਸ਼ਨ
ਨੇ ਚਾਂਦੀ ਤੇ ਜਾਪਾਨ ਦੇ ਕੇ ਯੂਮੋਟੇ ਤੇ ਇਰਾਨ ਦੇ ਐਸ ਮੁਹੰਮਦੀ ਨੇ ਕਾਂਸੀ ਦੇ ਤਗਮਾ
ਹਾਸਿਲ ਕੀਤਾ।
ਵੇਟਲਿਫਟਿੰਗ : ਮਰਦਾਂ ਦੇ +165 ਕਿਲੋ ਭਾਰ ਵਰਗ ਵਿਚੋਂ ਜਰਮਨੀ ਦੇ ਐਮ.
ਸਟੀਨਰ ਨੇ ਸੋਨ, ਰੂਸ ਦੇ ਈ ਚਿਤਾਸ਼ੀਵ ਨੇ ਚਾਂਦੀ ਤੇ ਲਵਾਨੀਆ ਦੇ ਵਿਕਟਰ ਐਸ ਨੇ
ਕਾਂਸੀ ਦਾ ਤਗਮਾ ਹਾਸਿਲ ਕੀਤਾ।
ਟ੍ਰਾਈਐਥਲਨ : ਮਰਦਾਂ ਦੇ ਵਰਗ ਵਿਚੋਂ ਜਰਮਨੀ ਦੇ ਜਾਨ ਫੋਰਡੋਨੋ ਨੇ ਸੋਨ
ਤਗਮਾ, ਕੈਨੇਡਾ ਦੇ ਸਾਈਮਨ ਵਿਟਫੀਲਡ ਨੇ ਚਾਂਦੀ ਤੇ ਨਿਊਜ਼ੀਲੈਂਡ ਦੇ ਬੀਵਲ ਡੋਚਰਟੀ
ਨੇ ਕਾਂਸੀ ਦਾ ਤਗਮਾ ਹਾਸਿਲ ਕੀਤਾ।
ਜਿਮਨਾਸਟਿਕ ਟ੍ਰੈਮਪੋਲੀਨ : ਚੀਨ ਦੇ ਚੂਹਾ ਲਾਹਾ ਲੀ ਨੇ ਸੋਨ ਤਗਮਾ, ਕੈਨੇਡਾ
ਦੇ ਜੈਸਨ ਨੇ ਚਾਂਦੀ ਤੇ ਚੀਨ ਦੇ ਡਾਂਗ ਡਾਂਗ ਨੇ ਕਾਂਸੀ ਦਾ ਤਗਮਾ ਹਾਸਿਲ ਕੀਤਾ।
ਜਿਮਨਾਸਟਿਕ, ਆਰਟਿਸਟਿਕ : ਮਰਦ ਦੇ ਪੈਰਲਰਬਾਰ ਵਿਚੋਂ ਚੀਨ ਦੇ ਐਕਸ ਲੀ ਨੇ
ਸੋਨ ਕੋਰੀਆ ਦੇ ਵੂਨਚੂਲ ਯੋ ਨੇ ਚਾਂਦੀ ਤੇ ਉਜਬੇਕਿਸਤਾਨ ਦੇ ਐਲਨ ਫੋਕਨ ਨੇ ਕਾਂਸੀ
ਦਾ ਤਗਮਾ ਹਾਸਿਲ ਕੀਤਾ।
ਸਾਈਕਲਿੰਗ ਟਰੈਕ : ਮਰਦਾਂ ਦੇ ਸਪਰਿਟ ਦੇ ਮੁਕਾਬਲੇ ਵਿਚੋਂ ਬਰਤਾਨੀਆ ਦੇ
ਚੈਰੀਸ ਰਾਏ ਨੇ ਸੋਨ, ਬਰਤਾਨੀਆ ਦੇ ਜੈਸਨ ਕੈਨੀ ਨੇ ਚਾਂਦੀ ਤੇ ਫਰਾਂਸ ਦੇ ਫਰਨਾਂਡਿਜ
ਨੇ ਕਾਂਸੀ ਦਾ ਤਗਮਾ ਹਾਸਿਲ ਕੀਤਾ।
ਉਲੰਪਿਕ ਖੇਡਾਂ 'ਚ ਚੀਨ ਦਾ ਦਬਦਬਾ ਕਾਇਮ
ਬੀਜਿੰਗ, 18 ਅਗਸਤ -29ਵੀਆਂ
ਉਲੰਪਿਕ ਖੇਡਾਂ ਵਿਚ ਭਾਰਤੀ ਮੁੱਕੇਬਾਜ਼ ਅਖਿਲ ਕੁਮਾਰ ਨੇ 54 ਕਿਲੋ ਭਾਰ ਵਰਗ ਵਿਚੋਂ
ਮਾਲਦੋਵ ਦੇ ਵਿਆਸਨੇਲ ਗੋਜਾਨ ਕੋਲੋਂ 10-3 ਨਾਲ ਹਾਰ ਕੇ ਭਾਰਤ ਲਈ ਤਗਮੇ ਦੀ ਆਸ ਗੁਆ
ਲਈ ਹੈ। ਇਨ੍ਹਾਂ ਖੇਡਾਂ ਵਿਚ ਮੇਜ਼ਬਾਨ ਚੀਨ ਦੀ ਤਗਮਾ ਸੂਚੀ ਵਿਚ ਪੂਰੀ ਸਰਦਾਰੀ ਕਾਇਮ
ਹੈ। ਇਸ ਨੇ ਤਗਮਾ ਸੂਚੀ ਦੇ ਵਿਚ ਪਹਿਲਾ ਤੇ ਅਮਰੀਕਾ ਨੇ ਦੂਜਾ ਤੇ ਬਰਤਾਨੀਆ ਨੇ ਤੀਜੀ
ਥਾਂ 'ਤੇ ਕਬਜ਼ਾ ਕੀਤਾ ਹੋਇਆ ਹੈ। ਇਨ੍ਹਾਂ ਖੇਡਾਂ ਵਿਚ ਅੱਜ ਇਕ ਉਲੰਪਿਕ ਰਿਕਾਰਡ ਅਤੇ
2 ਨਵੇਂ ਵਿਸ਼ਵ ਰਿਕਾਰਡ ਕਾਇਮ ਹੋਏ ਪਹਿਲਾ ਵਿਸ਼ਵ ਕਿਰਾਰਡ ਸਾਈਕਲਿੰਗ 'ਚ ਮਰਦਾਂ ਦੀ
ਟੀਮ (ਪਰਸੂਇਟ ਵਿਚ) ਬਰਤਾਨੀਆ ਦੀ ਟੀਮ ਨੇ 3.53.314 ਸੈਕਿੰਡ ਨਾਲ ਕਾਇਮ ਕੀਤਾ।
ਦੂਜਾ ਰਿਕਾਰਡ ਮਰਦਾਂ ਦੇ 105 ਕਿਲੋ ਭਾਰ ਵਰਗ ਵਿਚੋਂ ਵੇਟਲਿਫਟਿੰਗ ਵਿਚ ਕਾਇਮ ਹੋਇਆ।
ਬੇਲਾਰੂਸ ਦੇ ਐਡਰੀ ਅਰਮਾਨੂੰ ਨੇ 200 ਕਿਲੋ ਸਨੈਚ ਲਗਾ ਕੇ ਨਵਾਂ ਉਲੰਪਿਕ ਰਿਕਾਰਡ
ਅਤੇ ਵਿਸ਼ਵ ਰਿਕਾਰਡ ਕਾਇਮ ਕੀਤਾ।
ਅੱਜ ਦੇ ਖੇਡ ਨਤੀਜੇ
ਐਥਲੈਟਿਕਸ:-ਔਰਤਾਂ ਦੇ ਟਰਾਈਥਲੈਨ ਦੇ ਮੁਕਾਬਲੇ ਵਿਚ ਆਸਟਰੇਲੀਆ ਦੀ ਈਮਾ
ਸਨੇਸਿਲ ਨੇ ਸੋਨੇ ਦਾ ਪੁਰਤਗਾਲ ਦੀ ਵੀਨੀਸ ਫਰਨਾਡਿਸ ਨੇ ਚਾਂਦੀ ਤੇ ਆਸਟਰੇਲੀਆ ਦੀ
ਈਮਾ ਮੋਫਟ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ।
ਸਾਈਕਲਿੰਗ:-ਟਰੈਕ ਦੇ ਵਿਚੋਂ ਬਰਤਾਨੀਆ ਦੀ ਮਰਦਾਂ ਟੀਮ ਨੇ ਸੋਨ ਤਗਮਾ,
ਡੈਨਮਾਰਕ ਨੇ ਚਾਂਦੀ ਤੇ ਨਿਊਜ਼ੀਲੈਂਡ ਦੀ ਟੀਮ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ। ਔਰਤਾਂ
ਦੀ ਪੁਆਂਇਟ ਰੇਸ ਵਿਚ ਨੀਦਰਲੈਂਡ ਦੀ ਮੇਰਾਈਨ ਬੋਸ ਨੇ ਸੋਨ, ਕਿਊਬਾ ਦੀ ਸੋਨਾਕਾ ਜੀ
ਨੇ ਚਾਂਦੀ ਤੇ ਸਪੇਨ ਦੀ ਲੀਰੀ ਉਲਬੇਰੀਆ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ।
ਆਰਟਿਸਟਿਕ ਜਿਮਨਾਸਟਿਕ ਵਿਚੋਂ:-ਚੀਨ ਦੀ ਮਰਦਾਂ ਦੀ ਟੀਮ ਨੇ ਮਰਦਾਂ ਦੇ
ਰਿੰਗ ਮੁਕਾਬਲੇ ਵਿਚੋਂ ਜੀਬਿੰਗ ਨੇ ਸੋਨ, ਚੀਨ ਨੇ ਵੀ ਯਾਂਗ ਦੇ ਚਾਂਦੀ ਤੇ ਯੂਕਰੈਨ
ਦੇ ਓ ਵੇਰੋਵੇਵ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ। ਔਰਤਾਂ ਦੇ ਅਨਈਵਨ ਬਾਰ ਦੇ
ਮੁਕਾਬਲੇ ਵਿਚੋਂ ਚੀਨ ਦੀ ਨੇਕੇਸਿਨ ਹੀ ਨੇ ਸੋਨ ਤਗਮਾ, ਅਮਰੀਕਾ ਦੀ ਨਾਸੀਤਾ ਲੂਕਨ
ਨੇ ਚਾਂਦੀ ਤੇ ਚੀਨ ਦੀ ਜੀਲਿਨ ਯਾਂਗ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ।
ਸੇਲਿੰਗ 'ਚ ਮਰਦਾਂ ਦੇ 470 ਮੀਟਰ ਈਵੇਂਟਸ ਦੇ ਵਿਚੋਂ ਆਸਟਰੇਲੀਆ ਨੇ ਸੋਨ, ਬਰਤਾਨੀਆ
ਨੇ ਚਾਂਦੀ ਤੇ ਫਰਾਂਸ ਨੇ ਕਾਂਸੀ ਦੀ ਤਗਮਾ ਹਾਸਲ ਕੀਤਾ। ਔਰਤਾਂ 470 ਈਵੈਂਟਸ ਦੇ
ਮੁਕਾਬਲੇ ਵਿਚੋਂ ਆਸਟਰੇਲੀਆ ਦੀ ਟੀਮ ਨੇ ਸੋਨ, ਨੀਦਰਲੈਂਡ ਦੀ ਟੀਮ ਨੇ ਚਾਂਦੀ ਤੇ
ਬ੍ਰਾਜੀਲ ਦੀ ਟੀਮ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ।
ਉਲੰਪਿਕ ਖੇਡਾਂ ਦੇ ਫੁੱਟਬਾਲ ਦੇ ਫਾਈਨਲ 'ਚ ਅਰਜਨਟਾਈਨਾ ਦੀ ਟੱਕਰ ਨਾਈਜੀਰੀਆ ਨਾਲ
ਹੋਵੇਗੀ
ਬੀਜਿੰਗ, 19 ਅਗਸਤ -29ਵੀਆਂ
ਉਲੰਪਿਕ ਖੇਡਾਂ ਦੇ ਵਿਚ ਬੀਜਿੰਗ ਦੇ ਵਰਕਰਜ਼ ਸਟੇਡੀਅਮ ਦੇ ਵਿਚ ਅੱਜ ਫੁੱਟਬਾਲ ਦੇ
ਸੈਮੀਫਾਈਨਲ ਦੇ ਵਿਚ ਅਰਜਨਟਾਈਨਾ ਦੀ ਟੱਕਰ ਬਰਾਜ਼ੀਲ ਨਾਲ ਹੋਈ। ਖਚਾਖਚ ਭਰੇ ਇਸ
ਸਟੇਡੀਅਮ ਦੇ ਵਿਚ ਦਰਸ਼ਕਾਂ ਦੀ ਹਾਜ਼ਰੀ ਨੇ ਅੱਜ ਵੀ ਫੁੱਟਬਾਲ ਖੇਡ ਨੂੰ ਸਭ ਤੋਂ ਵੱਧ
ਹਰਮਨ-ਪਿਆਰੀ ਖੇਡ ਦਾ ਸਬੂਤ ਦਿੱਤਾ। ਇਸ ਮੈਚ ਦੇ ਵਿਚ ਮੈਰਾਡੋਨਾ ਵਿਸ਼ੇਸ਼ ਤੌਰ 'ਤੇ
ਖਿੱਚ ਦਾ ਕੇਂਦਰ ਸੀ ਤੇ ਉਹ ਟੀਮ ਦੀ ਹੌਸਲਾ-ਅਫਜ਼ਾਈ ਵਾਸਤੇ ਇਥੇ ਆਇਆ ਸੀ। ਅਰਜਨਟਾਈਨਾ
ਦੀ ਟੀਮ ਨੇ ਸ਼ੁਰੂ ਤੋਂ ਹੀ ਬਰਾਜ਼ੀਲ 'ਤੇ ਕਈ ਹਮਲੇ ਕੀਤੇ ਪਰ ਗੋਲ ਕਰਨ ਦੇ ਵਿਚ ਸਫਲਤਾ
ਨਾ ਮਿਲੀ ਅਤੇ ਅੱਧੇ ਸਮੇਂ ਤੱਕ ਦੋਵੇਂ ਟੀਮਾਂ 0-0 ਗੋਲ ਨਾਲ ਬਰਾਬਰ ਰਹੀਆਂ। ਜਿਉਂ
ਹੀ ਦੂਜਾ ਅੱਧ ਸ਼ੁਰੂ ਹੋਇਆ ਤਾਂ ਅਰਜਨਟਾਈਨਾ ਦੇ ਸੈਰਗਿਉ ਨੇ 52 ਮਿੰਟ ਦੇ ਵਿਚ ਤੇ
ਦੂਜਾ 58ਵੇਂ ਮਿੰਟ 'ਚ ਮੈਦਾਨੀ ਗੋਲ ਦਾਗ ਕੇ ਟੀਮ ਨੂੰ 2-0 ਨਾਲ ਲੀਡ ਦਿਵਾਈ ਤੇ
ਤੀਜਾ ਗੋਲ ਅਰਜਨਟਾਈਨਾ ਦੇ ਜੁਆਨ ਹਿਕਉਲਮੀ ਨੇ 76ਵੇਂ ਮਿੰਟ ਦੇ ਵਿਚ ਪੈਨਲਟੀ ਗੋਲ
ਰਾਹੀਂ ਕਰਕੇ ਟੀਮ ਨੂੰ 3-0 ਨਾਲ ਸ਼ਾਨਦਾਰ ਜਿੱਤ ਦਿਵਾਈ ਤੇ ਫਾਈਨਲ 'ਚ ਪ੍ਰਵੇਸ਼ ਕੀਤਾ।
ਦੂਜੇ ਸੈਮੀਫਾਈਨਲ ਮੈਚ ਦੇ ਵਿਚ ਨਾਇਜ਼ੀਰੀਆ ਨੇ ਬੈਲਜੀਅਮ ਨੂੰ 4-1 ਨਾਲ ਹਰਾ ਕੇ
ਫਾਈਨਲ 'ਚ ਪ੍ਰਵੇਸ਼ ਕੀਤਾ। ਅੱਧੇ ਸਮੇਂ ਤੱਕ ਨਾਈਜੀਰੀਆ 1-0 ਨਾਲ ਅੱਗੇ ਸੀ, ਇਸ ਦਾ
ਫਾਈਨਲ ਮੁਕਾਬਲਾ ਅਰਜਨਟਾਈਨਾ ਨਾਲ ਹੋਵੇਗਾ।
ਮਹਿਲਾ ਹਾਕੀ ਦੇ ਮੁਕਾਬਲੇ 'ਚ ਜਰਮਨੀ ਸੈਮੀਫਾਈਨਲ 'ਚ ਪਹੁੰਚਿਆ
ਬੀਜਿੰਗ, 18 ਅਗਸਤ -ਉਲੰਪਿਕ
ਖੇਡਾਂ ਦੇ ਮਹਿਲਾ ਹਾਕੀ ਦੇ ਮੁਕਾਬਲੇ ਜੋ ਬੀਜਿੰਗ ਦੇ ਉਲੰਪਿਕ ਗਰੀਨ ਹਾਕੀ ਸਟੇਡੀਅਮ
ਵਿਚ ਕਰਵਾਏ ਜਾ ਰਹੇ ਹਨ। ਅੱਜ ਪਿਛਲੇ ਵਿਸ਼ਵ ਚੈਂਪੀਅਨ ਜਰਮਨੀ ਨੇ ਜਾਪਾਨ ਨੂੰ 1-0
ਨਾਲ ਹਰਾ ਕੇ ਸੈਮੀਫਾਈਨਲ 'ਚ ਥਾਂ ਬਣਾਈ। ਇਸ ਤੋਂ ਪਹਿਲਾਂ ਨੀਦਰਲੈਂਡ ਸੈਮੀਫਾਈਨਲ
'ਚ ਆਪਣੀ ਥਾਂ ਬਣਾਉਣ 'ਚ ਕਾਮਯਾਬ ਹੋ ਚੁੱਕਾ ਹੈ। ਦੂਜੇ ਮੈਚ ਵਿਚ ਕੋਰੀਆ ਨੇ ਸਾਊਥ
ਅਫਰੀਕਾ ਨੂੰ 5-2 ਨਾਲ ਹਰਾਇਆ। ਨੀਦਰਲੈਂਡ ਨੇ ਸਪੇਨ ਨੂੰ 2-0 ਨਾਲ ਹਰਾਇਆ ਤੇ ਗਰੇਟ
ਬ੍ਰਿਟੇਨ ਤੇ ਅਮਰੀਕਾ ਦੀਆਂ ਟੀਮਾਂ 0-0 ਨਾਲ ਬਰਾਬਰ ਰਹੀਆਂ।
ਮਹੇਸ਼ਵਰੀ ਤੀਹਰੀ ਛਾਲ ਦੇ ਮੁਕਾਬਲੇ ਵਿਚੋਂ ਬਾਹਰ
ਬੀਜਿੰਗ, 18 ਅਗਸਤ -ਭਾਰਤੀ
ਐਥਲੀਟ ਰਣਜੀਤ ਮਹੇਸ਼ਵਰੀ ਉਲੰਪਿਕ 'ਚ ਤੀਹਰੀ ਛਾਲ ਦੇ ਮੁਕਾਬਲੇ ਦੌਰਾਨ ਫਾਈਨਲ 'ਚ ਨਹੀਂ
ਪਹੁੰਚ ਸਕੇ। ਉਲੰਪਿਕ 'ਚ ਬਾਕੀ ਭਾਰਤੀ ਐਥਲੀਟਾਂ ਦਾ ਵੀ ਖਰਾਬ ਪ੍ਰਦਰਸ਼ਨ ਜਾਰੀ ਹੈ।
ਮਹੇਸ਼ਵਰੀ ਨੇ 15.77 ਮੀਟਰ ਲੰਮੀ ਛਾਲ ਮਾਰੀ, ਜੋ ਕਿ ਉਸਦਾ ਸਰਬੋਤਮ ਪ੍ਰਦਰਸ਼ਨ 17.04
ਤੋਂ ਵੀ ਬਹੁੱਤ ਘੱਟ ਸੀ। ਇਹ ਰਿਕਾਰਡ ਪਹਿਲੀ ਛਾਲ ਦਾ ਹੈ, ਦੂਸਰੀ ਛਾਲ ਗਲਤ ਹੋ ਗਈ
ਅਤੇ ਤੀਸਰੀ ਦੌਰਾਨ ਮਹੇਸ਼ਵਰੀ ਦਬਾਅ 'ਚ ਆ ਗਿਆ। ਮਹੇਸ਼ਵਰੀ ਨੇ ਆਪਣੇ ਸਮੂਹ ਦੇ 20
ਖਿਡਾਰੀਆਂ 'ਚੋਂ 18ਵਾਂ ਸਥਾਨ ਪ੍ਰਾਪਤ ਕੀਤਾ ਅਤੇ ਆਪਣੇ ਵਰਗ ਦੇ ਕੁੱਲ 37 ਐਥਲੀਟਾਂ
ਵਿਚੋਂ 35ਵੇਂ ਸਥਾਨ 'ਤੇ ਰਹੇ। ਦੱਸਣਯੋਗ ਹੈ ਕਿ ਮਹੇਸ਼ਵਰੀ ਨੇ ਪਿਛਲੇ ਸਾਲ ਮਹਿੰਦਰ
ਸਿੰਘ ਗਿੱਲ ਦੁਆਰਾ 36 ਸਾਲ ਪਹਿਲਾਂ ਕਾਇਮ ਕੀਤੇ ਰਾਸ਼ਟਰੀ ਰਿਕਾਰਡ (16.79 ਮੀਟਰ)
ਨੂੰ ਤੋੜ ਕੇ ਚੰਗੇ ਭਵਿੱਖ ਦੇ ਸੰਕੇਤ ਦਿੱਤੇ ਸਨ।
ਨੇਹਾ ਅਗਰਵਾਲ ਮੁੱਢਲੇ ਗੇੜ 'ਚ ਵਿਚ ਹੀ ਉਲੰਪਿਕ ਤੋਂ ਬਾਹਰ
ਬੀਜਿੰਗ, 18 ਅਗਸਤ -ਟੇਬਲ
ਟੇਨਿਸ ਦੀ ਰਾਸ਼ਟਰੀ ਚੈਂਪੀਅਨ ਨੇਹਾ ਅਗਰਵਾਲ ਆਸਟਰੇਲੀਆ ਦੀ ਲੇਅ ਜਿਆਂਗ ਫਾਂਗ ਤੋਂ
ਮੁੱਢਲੇ ਗੇੜ ਵਿਚੋਂ ਹਾਰ ਕੇ ਮੁਕਾਬਲੇ ਵਿਚੋਂ ਬਾਹਰ ਹੋ ਗਈ ਹੈ। ਪਹਿਲੀ ਵਾਰ
ਉਲੰਪਿਕ 'ਚ ਗਈ ਨੇਹਾ ਅਗਰਵਾਲ ਨੂੰ ਉਸਦੀ ਵਿਰੋਧੀ ਖਿਡਾਰਣ ਨੇ 12-10, 8-11,
11-13, 8-11, 4-11 ਨਾਲ ਹਰਾਇਆ।
ਅਮਰੀਕੀ
ਤੈਰਾਕ ਫੇਲਪਸ ਨੇ 8 ਸੋਨ ਤਗਮੇ ਜਿੱਤ ਕੇ ਨਵਾਂ ਇਤਿਹਾਸ ਰਚਿਆ
ਬੀਜਿੰਗ, 17 ਅਗਸਤ -ਅਮਰੀਕਾ
ਦੇ ਵੰਡਰ ਬੁਆਏ ਦੇ ਨਾਂਅ ਨਾਲ ਮਸ਼ਹੂਰ ਤੈਰਾਕ ਮਾਈਕਲ ਫੇਲਪਸ ਨੇ ਅੱਜ ਨਵਾਂ ਇਤਿਹਾਸ
ਸਿਰਜਦਿਆਂ ਮਰਦਾਂ ਦੀ 4 ਗੁਣਾ 100 ਮਿਡਲੇਅ ਰਿਲੇਅ ਦੌੜ ਜਿੱਤ ਕੇ ਬੀਜਿੰਗ ਉਲੰਪਿਕ
ਦਾ 8ਵਾਂ ਸੋਨ ਤਗਮਾ ਜਿੱਤ ਲਿਆ। ਇਸ ਤਰ੍ਹਾਂ ਉਸਨੇ ਇਕ ਉਲੰਪਿਕ 'ਚ 7 ਸੋਨ ਤਗਮੇ
ਜਿੱਤਣ ਦੇ ਅਮਰੀਕਾ ਦੇ ਹੀ ਤੈਰਾਕ ਮਾਰਕ ਸਪਿਜ਼ ਦਾ ਸਾਲ 1972 ਦੀਆਂ ਮਿਊਨਿਖ
ਉਲੰਪਿਕਸ 'ਚ ਬਣਾਇਆ ਰਿਕਾਰਡ ਤੋੜ ਦਿੱਤਾ। ਫੇਲਪਸ ਦੇ ਹੁਣ ਤੱਕ ਦੇ ਉਲੰਪਿਕ ਸੋਨ
ਤਗਮਿਆਂ ਦੀ ਗਿਣਤੀ ਹੁਣ 14 ਹੋ ਗਈ ਹੈ। ਉਸਨੇ ਸਾਲ 2004 ਦੀਆਂ ਏਥਨਜ਼ ਉਲੰਪਿਕਸ 'ਚ
ਵੀ 6 ਸੋਨ ਅਤੇ 2 ਚਾਂਦੀ ਦੇ ਤਗਮੇ ਵੀ ਜਿੱਤੇ ਸਨ। ਅਮਰੀਕੀ ਟੀਮ ਨੇ 4 ਗੁਣਾ 100
ਮੀਟਰ ਦੌੜ 3.29.34 ਸਕਿੰਟ 'ਚ ਜਿੱਤ ਕੇ ਸਾਲ 2004 'ਚ 3.30.68 ਸਕਿੰਟ ਦੇ ਬਣੇ
ਰਿਕਾਰਡ ਤੋੜ ਦਿੱਤਾ। ਇਸ ਦੌੜ 'ਚ ਆਸਟਰੇਲੀਆ ਟੀਮ ਨੇ ਚਾਂਦੀ ਅਤੇ ਜਾਪਾਨ ਟੀਮ ਨੇ
ਕਾਂਸੀ ਦਾ ਤਗਮਾ ਜਿੱਤਿਆ। ਫੇਲਪਸ ਵੱਲੋਂ ਜਿੱਤੇ 8 ਸੋਨ ਤਗਮਿਆਂ 'ਚ 7 ਨਵੇਂ
ਰਿਕਾਰਡ ਵੀ ਬਣਾਏ ਗਏ ਹਨ।
ਉਲੰਪਿਕ ਖੇਡਾਂ 'ਚ ਚੀਨ ਨੇ 5 ਨਵੇਂ ਉਲੰਪਿਕ ਰਿਕਾਰਡ ਤੇ 2 ਨਵੇਂ ਵਿਸ਼ਵ ਰਿਕਾਰਡ
ਬਣਾਏ
ਬੀਜਿੰਗ, 17 ਅਗਸਤ-29ਵੀਆਂ
ਬੀਜਿੰਗ ਉਲੰਪਿਕ ਖੇਡਾਂ ਵਿਚ ਅੱਜ ਵੀ ਚੀਨ ਦੀ ਜੇਤੂ ਚੜ੍ਹਤ ਬਰਕਰਾਰ ਰਹੀ। ਇਸ ਨੇ
28 ਸੋਨ ਤਗਮੇ, 13 ਚਾਂਦੀ ਤੇ 9 ਕਾਂਸੀ ਦੇ ਤਗਮੇ ਤੇ ਕੁੱਲ 50 ਤਗਮੇ ਜਿੱਤ ਕੇ ਤਗਮਾ
ਸੂਚੀ ਵਿਚ ਆਪਣੀ ਪਹਿਲੀ ਥਾਂ 'ਤੇ ਕਬਜ਼ਾ ਜਮਾਇਆ ਹੋਇਆ ਹੈ। ਅਮਰੀਕਾ ਨੇ ਦੂਜੀ ਤੇ
ਜਰਮਨੀ ਨੇ ਤੀਜੀ ਥਾਂ 'ਤੇ ਕਬਜ਼ਾ ਕੀਤਾ ਹੋਇਆ ਹੈ। ਅੱਜ ਇਨ੍ਹਾਂ ਖੇਡਾਂ ਵਿਚ 5 ਨਵੇਂ
ਉਲੰਪਿਕ ਰਿਕਾਰਡ ਤੇ 2 ਨਵੇਂ ਵਿਸ਼ਵ ਰਿਕਾਰਡ ਬਣੇ।
ਤੈਰਾਕੀ 'ਚ : ਔਰਤਾਂ ਦੇ 50 ਮੀਟਰ ਫ੍ਰੀ ਸਟਾਈਲ ਮੁਕਾਬਲੇ ਵਿਚ ਜਰਮਨੀ ਦੀ ਬ੍ਰਿਟਾ
ਸਟੀਫਨ ਨੇ 24.06 ਸੈਕਿੰਡ ਨਾਲ ਨਵਾਂ ਉਲੰਪਿਕ ਰਿਕਾਰਡ ਕਾਇਮ ਕੀਤਾ। ਔਰਤਾਂ ਦੇ
4×100 ਮੀਟਰ ਮੈਡਲੇ ਰੀਲੇਅ ਦੌੜ ਵਿਚੋਂ ਆਸਟ੍ਰੇਲੀਆ ਦੀ ਟੀਮ ਨੇ 3.52.69 ਸੈਕਿੰਡ
ਨਾਲ ਨਵਾਂ ਉਲੰਪਿਕ ਤੇ ਨਵਾਂ ਰਿਕਾਰਡ ਕਾਇਮ ਕੀਤਾ। ਮਰਦਾਂ ਦੇ 4×100 ਮੀਟਰ ਮੈਡਲੇ
ਰੀਲੇਅ ਦੌੜ ਵਿਚੋਂ ਅਮਰੀਕਾ ਦੀ ਟੀਮ ਨੇ 3.52.69 ਸੈਕਿੰਡ ਨਾਲ ਨਵਾਂ ਵਿਸ਼ਵ ਤੇ ਨਵਾਂ
ਉਲੰਪਿਕ ਰਿਕਾਰਡ ਕਾਇਮ ਕੀਤਾ।
ਸਾਈਕਲਿੰਗ ਟਰੈਕ : ਔਰਤਾਂ ਦੇ 200 ਮੀਟਰ ਫਲਾਈਇੰਗ ਸਟਾਰਟ ਵਿਚ ਬਰਤਾਨੀਆ
ਦੀ ਵਿਕਟੋਰੀਆ ਨੇ 10.963 ਨਾਲ ਨਵਾਂ ਉਲੰਪਿਕ ਰਿਕਾਰਡ ਤੇ ਬਰਤਾਨੀਆ ਦੇ ਚੈਰਿਸ ਹਾਲੀ
ਨੇ ਮਰਦਾਂ ਦੇ 200 ਮੀਟਰ ਫਲਾਈਇੰਗ ਸਟਾਰਟ ਵਿਚ 9.815 ਨਾਲ ਨਵਾਂ ਉਲੰਪਿਕ ਰਿਕਾਰਡ
ਕਾਇਮ ਕੀਤਾ।
ਅਥਲੈਟਿਕਸ : ਮਹਿਲਾਵਾਂ ਦੀ ਮੈਰਾਥਨ ਦੌੜ ਵਿਚ ਰੁਮਾਨੀਆ ਦੀ ਟੀ ਟੰਮੇਂਸਕਯੂ
ਨੇ ਸੋਨ, ਕੀਨੀਆ ਦੀ ਕੈਟਰੀਨਾ ਨੇ ਚਾਂਦੀ ਤੇ ਚੀਨ ਦੀ ਚੋਨੈਕਸੂ ਜਾਊ ਨੇ ਕਾਂਸ਼ੀ ਦਾ
ਤਗਮਾ ਹਾਸਲ ਕੀਤਾ। ਸੇਲਿੰਗ ਦੇ ਸੇਂਗਲਿੰਗ ਮੁਕਾਬਲੇ ਵਿਚ ਬਰਤਾਨੀਆ ਦੀ ਟੀਮ ਨੇ ਸੋਨ,
ਨੀਦਰਲੈਂਡ ਨੇ ਚਾਂਦੀ ਤੇ ਜਰਮਨੀ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ।
ਤੈਰਾਕੀ ਵਿਚ ਮਰਦਾਂ ਦੇ 1500 ਮੀਟਰ ਫ੍ਰੀ ਸਟਾਈਲ ਮੁਕਾਬਲੇ ਵਿਚੋਂ ਤਨਜਾਨੀਆ ਦੇ
ਉਸਾਮਾ ਮੈਝੋਲੀ ਨੇ ਸੋਨ ਤਗਮਾ, ਆਸਟ੍ਰੇਲੀਆ ਦੇ ਗਰੈਟ ਹੈਕਟ ਨੇ ਚਾਂਦੀ ਤੇ ਕੈਨੇਡਾ
ਦੇ ਹਿਆਨ ਸੀ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ। ਮਰਦਾਂ ਦੇ 4×100 ਮੀਟਰ ਮੈਡਲੇ
ਰੀਲੇਅ ਵਿਚੋਂ ਅਮਰੀਕਾ ਦੀ ਟੀਮ ਨੇ ਸੋਨ ਤਗਮਾ, ਆਸਟ੍ਰੇਲੀਆ ਨੇ ਚਾਂਦੀ ਤੇ ਜਾਪਾਨ
ਨੇ ਕਾਂਸੀ ਦਾ ਤਗਮਾ ਹਾਸਲ ਕੀਤਾ। ਔਰਤਾਂ ਦੀ 50 ਮੀਟਰ ਫ੍ਰੀ ਸਟਾਈਲ ਵਿਚ ਬਰਤਾਨੀਆ
ਦੀ ਬ੍ਰਿਟਾ ਸਟੀਫਨ ਨੇ ਸੋਨ, ਅਮਰੀਕਾ ਦੀ ਤਾਹਾ ਟੌਰਸ ਨੇ ਚਾਂਦੀ ਤੇ ਆਸਟ੍ਰੇਲੀਆ ਦੀ
ਕੇਟ ਕੈਮਪਵੈਲ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ। ਔਰਤਾਂ ਦੀ 4×100 ਮੀਟਰ ਮੈਡਲੇ
ਰੀਲੇਅ ਵਿਚੋਂ ਆਸਟ੍ਰੇਲੀਆ ਦੀ ਟੀਮ ਨੇ ਸੋਨ ਤਗਮਾ, ਅਮਰੀਕਾ ਨੇ ਚਾਂਦੀ ਤੇ ਚੀਨ ਨੇ
ਕਾਂਸੀ ਦਾ ਤਗਮਾ ਹਾਸਲ ਕੀਤਾ।
ਨਿਸ਼ਾਨੇਬਾਜ਼ੀ : ਮਰਦਾਂ ਦੇ 50 ਮੀਟਰ ਰਾਈਫਲ ਦੇ ਤਿੰਨ ਪੁਜ਼ੀਸ਼ਨ ਦੇ ਮੁਕਾਬਲੇ
ਵਿਚੋਂ ਚੀਨ ਦੇ ਜੈਨ ਕਿਸੂ ਨੇ ਸੋਨ, ਯੂਕਰੇਨ ਦੇ ਜੂਹੀ ਸੁਖਾਰੋਵ ਨੇ ਚਾਂਦੀ ਤੇ
ਸਲਵਾਕੀਆ ਦੇ ਗਜਮੰਡ ਨੇ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ ਤੇ ਭਾਰਤ ਦਾ ਗਗਨ ਨਾਰੇਗ
ਇਸ ਮੁਕਾਬਲੇ ਵਿਚੋਂ 1336 ਅੰਕ ਲੈ ਕੇ 13ਵਾਂ ਤੇ ਸੰਜੀਵ ਰਾਜਪੂਤ 1337 ਅੰਕ ਲੈ ਕੇ
26ਵੇਂ ਸਥਾਨ 'ਤੇ ਰਿਹਾ।
ਦੇਮੇਂਤੀਏਵਾ ਨੇ ਜਿੱਤਿਆ ਸਿੰਗਲਜ਼ ਖਿਤਾਬ: ਰੂਸ ਦੀ ਏਲੇਨਾ ਦੇਮੇਂਤੀਏਵਾ ਨੇ ਮਹਿਲਾਵਾਂ
ਦਾ ਟੈਨਿਸ ਸਿੰਗਲਜ਼ ਖਿਤਾਬ ਜਿੱਤਿਆ। ਫਾਈਨਲ 'ਚ ਉਸ ਨੇ ਆਪਣੀ ਹੀ ਦੇਸ਼ ਦੀ ਦਿਨਾਰਾ
ਸੇਫਿਨਾ ਨੂੰ ਹਰਾਇਆ। ਇਸ ਮੁਕਾਬਲੇ ਦੌਰਾਨ ਚਾਂਦੀ ਦਾ ਤਗਮਾ ਵੀ ਰੂਸ ਦੀ ਹੀ ਵੇਰਾ
ਵਨੋਰੇਵਾ ਨੂੰ ਮਿਲਿਆ।
ਵੀਨਸ ਭੈਣਾਂ ਨੂੰ ਮਿਲਿਆ ਸੋਨ ਤਗਮਾ: ਅਮਰੀਕਾ ਦੀਆਂ ਵੀਨਸ ਵਿਲੀਅਮਜ਼ ਅਤੇ ਸੇਰੇਨਾ
ਵਿਲੀਅਮਜ਼ ਨੇ ਮਹਿਲਾਵਾਂ ਦੇ ਡਬਲਜ਼ ਗੇੜ ਵਿਚ ਖਿਤਾਬੀ ਸੋਨ ਤਗਮਾ ਜਿੱਤ ਲਿਆ ਹੈ।
ਫਾਈਨਲ 'ਚ ਵਿਲੀਅਮਜ਼ ਭੈਣਾਂ ਨੇ ਸਪੇਨ ਦੀ ਅਨੇਬਲ ਮਦੀਨਾ ਗਰੀਗਜ਼ ਅਤੇ ਵਰਜੀਨੀਆ ਰੁਆਨੋ
ਪਸਕਲ ਦੀ ਜੋੜੀ ਨੂੰ 6-2, 6-0 ਨਾਲ ਹਰਾਇਆ।
ਨਿਸ਼ਾਨੇਬਾਜ਼ੀ ਵਿਚੋਂ ਕੋਈ ਹੋਰ ਮੈਡਲ ਜਿੱਤਣ ਦੀਆਂ ਭਾਰਤ ਦੀਆਂ ਆਸਾਂ ਖਤਮ: ਹਾਲਾਂ
ਕਿ ਭਾਰਤ ਦੇ ਅਭਿਨਵ ਬਿੰਦਰਾ ਨੇ ਨਿਸ਼ਾਨੇਬਾਜ਼ੀ ਵਿਚ ਹੀ ਭਾਰਤ ਦਾ ਪਹਿਲਾ ਵਿਅਕਤੀਗਤ
ਗੋਲਡ ਮੈਡਲ ਜਿੱਤਿਆ ਹੈ ਪਰ ਅੱਜ ਭਾਰਤ ਦੀਆਂ ਨਿਸ਼ਾਨੇਬਾਜ਼ੀ ਵਿਚ ਕੋਈ ਹੋਰ ਮੈਡਲ
ਪ੍ਰਾਪਤ ਕਰ ਸਕਣ ਦੀਆਂ ਸਾਰੀਆਂ ਆਸਾਂ ਉਸ ਵੇਲੇ ਖਤਮ ਹੋ ਗਈਆਂ ਜਦੋਂ ਅੱਜ ਪੁਰਸ਼ਾਂ
ਦੇ 50 ਮੀਟਰ ਰਾਇਫਲ 3 ਪੁਜੀਸ਼ਨ ਦੇ ਕੁਆਲੀਫੀਕੇਸ਼ਨ ਮੈਚ ਵਿਚੋਂ ਭਾਰਤ ਦੇ ਦੋਵੇਂ
ਨਿਸ਼ਾਨੇਬਾਜ਼ ਗਗਨ ਨਾਰੰਗ ਅਤੇ ਸੰਜੀਵ ਰਾਜਪੂਤ ਕੁਆਲੀਫਾਈ ਨਾ ਕਰ ਸਕੇ। ਗਗਨ ਇਸ
ਮੁਕਾਬਲੇ ਵਿਚ ਕੁੱਲ 1167 ਅੰਕ ਲੈ ਕੇ 13 ਸਥਾਨ 'ਤੇ ਰਿਹਾ ਜਦੋਂ ਕਿ ਸਜੀਵ ਰਾਜਪੂਤ
1162 ਅੰਕਾਂ ਨਾਲ 26ਵੇਂ ਸਥਾਨ 'ਤੇ ਆਇਆ। ਵਰਨਣਯੋਗ ਹੈ ਕਿ ਅਖੀਰਲੇ ਕੁਆਲੀਫਾਈ ਕਰਨ
ਵਾਲੇ ਖਿਡਾਰੀ ਦੇ ਗਗਨ ਤੋਂ 3 ਅੰਕ ਹੀ ਵੱਧ ਸਨ। ਆਸਟਰੀਆ ਦਾ ਮਾਰੀਓ 1170 ਅੰਕ ਲੈ
ਕੇ ਇਸ ਨਿਸ਼ਾਨੇਬਾਜ਼ੀ ਦੇ ਮੁਕਾਬਲੇ ਦੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ।
ਤਿੰਨ ਭਾਰਤੀ ਮੁੱਕੇਬਾਜ਼ ਮੈਡਲ ਤੋਂ ਬਸ ਥੋੜ੍ਹੀ ਹੀ ਦੂਰੀ 'ਤੇ: ਇਸ ਵੇਲੇ
ਭਾਵੇਂ ਭਾਰਤ ਦੇ ਬਹੁਤੇ ਖਿਡਾਰੀ ਅਭਿਨਵ ਬਿੰਦਰਾ ਦੀ ਗੋਲਡ ਮੈਡਲ ਜਿੱਤਣ ਦੀ ਸ਼ਾਨਦਾਰ
ਕਾਰਗੁਜ਼ਾਰੀ ਤੋਂ ਬਾਅਦ ਕੋਈ ਚੰਗੀ ਕਾਰਗੁਜ਼ਾਰੀ ਦਿਖਾਉਣ ਵਿਚ ਅਸਫਲ ਰਹੇ ਹਨ ਪਰ ਫਿਰ
ਵੀ ਭਾਰਤ ਦੇ 3 ਮੁੱਕੇਬਾਜ਼ਾਂ ਦੇ ਵੱਖ-ਵੱਖ ਵਰਗਾਂ ਦੇ ਕੁਆਰਟਰ ਫਾਈਨਲ ਵਿਚ ਪਹੁੰਚਣ
ਕਰਕੇ ਅਜੇ ਭਾਰਤ ਹੋਰ ਮੈਡਲ ਪ੍ਰਾਪਤ ਕਰਨ ਦੀ ਆਸ ਕਰ ਸਕਦਾ ਹੈ। ਭਾਰਤੀ ਮੁੱਕੇਬਾਜ਼
ਵਿਜੇਂਦਰ ਕੁਮਾਰ, ਅਖਿਲ ਕੁਮਾਰ ਤੇ ਜਤਿੰਦਰ ਕੁਮਾਰ ਤਿੰਨੇ ਵੱਖ-ਵੱਖ ਭਾਰ ਵਰਗਾਂ ਦੀ
ਮੁੱਕੇਬਾਜ਼ੀ ਦੇ ਕੁਆਰਟਰ ਫਾਈਨਲ ਵਿਚ ਪਹੁੰਚ ਚੁੱਕੇ ਹਨ। ਅਖਿਲ ਕੁਮਾਰ ਦਾ ਮੁਕਾਬਲਾ
ਹੁਣ 18 ਅਗਸਤ ਸੋਮਵਾਰ ਨੂੰ ਚੀਨੀ ਸਮੇਂ ਅਨੁਸਾਰ ਸ਼ਾਮ ਦੇ 7.31 'ਤੇ ਮਾਲਦੋਵਾ ਦੇ
ਮੁੱਕੇਬਾਜ਼ ਗੋਜਾਨ ਨਾਲ (54 ਕਿਲੋ) ਬੈਂਟਮ ਵੇਟ ਵਰਗ ਵਿਚ ਹੋ ਰਿਹਾ ਹੈ। ਜਦੋਂ ਕਿ
ਜਤਿੰਦਰ ਕੁਮਾਰ (51 ਕਿਲੋ) ਦੇ ਫਲਾਈਵੇਟ ਵਰਗ ਵਿਚ ਰੂਸ ਦੇ ਯੂਰਪੀਨ ਚੈਂਪੀਅਨ ਰਹੇ
ਜੌਰਜੀ ਬਾਲਕਸ਼ਿਨ ਨਾਲ ਭਿੜੇਗਾ। ਇਹ ਮੁਕਾਬਲਾ ਬੁੱਧਵਾਰ 20 ਅਗਸਤ ਨੂੰ ਚੀਨੀ ਸਮੇਂ
ਅਨੁਸਾਰ ਸ਼ਾਮ ਦੇ 7.16 ਵਜੇ ਹੋਵੇਗਾ। ਤੀਜੇ ਕੁਆਰਟਰ ਫਾਈਨਲ ਵਿਚ ਭਾਰਤੀ ਖਿਡਾਰੀ
ਵਿਜੇਂਦਰ ਕੁਮਾਰ ਪੁਰਸ਼ਾਂ ਦੇ ਮਿਡਲ ਵੇਟ (75 ਕਿਲੋ) ਵਰਗ ਵਿਚ 20 ਅਗਸਤ ਨੂੰ ਹੀ
ਇਕੁਆਡੋਰ ਦੇ ਮੁੱਕੇਬਾਜ਼ ਕਾਰਲੋਸ ਨਾਲ ਟੱਕਰ ਲਵੇਗਾ।
ਉਲੰਪਿਕ ਹਾਕੀ ਵਿਚ ਕੋਰੀਆ ਨੇ ਬੈਲਜ਼ੀਅਮ ਨੂੰ ਹਰਾਇਆ
ਬੀਜਿੰਗ, 17 ਅਗਸਤ -ਉਲੰਪਿਕ
ਦੇ ਮਰਦਾਂ ਦੇ ਹਾਕੀ ਮੁਕਾਬਲਿਆਂ 'ਚ ਏਸ਼ੀਆਈ ਚੈਂਪੀਅਨ ਦੱਖਣੀ ਕੋਰੀਆ ਨੇ ਅੰਤਲੇ ਸਮੇਂ
'ਚ ਬੇਹੱਦ ਰੋਮਾਂਚਕ ਬਣੇ ਮੈਚ 'ਚ ਬੈਲਜ਼ੀਅਮ ਦੀ ਟੀਮ ਨੂੰ 3-1 ਗੋਲਾਂ ਨਾਲ ਹਰਾ ਕੇ
ਸੈਮੀਫਾਈਨਲ 'ਚ ਪਹੁੰਚਣ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ। ਇਹ ਮੈਚ 46ਵੇਂ ਮਿੰਟ
ਤੱਕ 0-1 ਗੋਲਾਂ ਨਾਲ ਬੈਲਜ਼ੀਅਮ ਦੇ ਹੱਕ 'ਚ ਜਾ ਰਿਹਾ ਸੀ। ਪਰ ਵੀਡੀਓ ਅੰਪਾਇਰ ਵੱਲੋਂ
ਦਿੱਤੇ ਗਏ ਕੋਰੀਆ ਦੇ ਹੱਕ 'ਚ ਦੋ ਫੈਸਲਿਆਂ ਨਾਲ ਮੈਚ ਦਾ ਨਤੀਜਾ ਬਦਲ ਗਿਆ। ਇਸ ਤੋਂ
ਇਲਾਵਾ ਹੋਰ ਮੁਕਾਬਲਿਆਂ 'ਚ ਪਾਕਿਸਤਾਨ ਨੇ ਦੱਖਣੀ ਅਫਰੀਕਾ ਨੂੰ 3-1 ਨਾਲ ਹਰਾਇਆ
ਜਦਕਿ ਬਰਤਾਨੀਆ ਅਤੇ ਕੈਨੇਡਾ ਦੀਆਂ ਟੀਮਾਂ 1-1 ਗੋਲ ਨਾਲ ਬਰਾਬਰੀ 'ਤੇ ਰਹੀਆਂ।
ਨਡਾਲ ਪਹਿਲੇ ਨੰਬਰ 'ਤੇ
ਬੀਜਿੰਗ, 17 ਅਗਸਤ -ਸਪੇਨ
ਦੇ ਟੈਨਿਸ ਸਟਾਰ ਰਫੇਲ ਨਡਾਲ ਨੇ ਉਲੰਪਿਕ 'ਚ ਮਰਦਾਂ ਦਾ ਸਿੰਗਲਜ਼ ਟੈਨਿਸ ਖ਼ਿਤਾਬ ਆਪਣੇ
ਨਾਂਅ ਕਰ ਲਿਆ ਹੈ। ਇਸ ਤਰ੍ਹਾਂ ਉਸਨੇ ਸਵਿਟਜ਼ਰਲੈਂਡ ਦੇ ਪਹਿਲਾ ਦਰਜਾ ਪ੍ਰਾਪਤ ਟੈਨਿਸ
ਖਿਡਾਰੀ ਰੋਜ਼ਰ ਫੈਡਰਰ ਦੀ ਬਾਦਸ਼ਾਹਤ ਤੋੜ ਦਿੱਤੀ ਹੈ। ਅੱਜ ਦੇ ਫਾਈਨਲ ਮੁਕਾਬਲੇ 'ਚ
ਉਸਨੇ ਚਿੱਲੀ ਦੇ ਫਰਨੈਂਡੋ ਗੋਂਜ਼ਾਲੇਜ਼ ਨੂੰ 6-3, 7-6 (2), 6-3 ਅੰਕਾਂ ਨਾਲ ਹਰਾਇਆ।
ਉਲੰਪਿਕ ਦਾ ਇਹ ਸਪੇਨ ਦਾ ਪਹਿਲਾ ਸੋਨ ਤਗਮਾ ਹੈ। ਇਸ ਸੋਨ ਤਗਮੇ ਨਾਲ ਰਫੇਲ ਨਡਾਲ
ਮਰਦਾਂ ਦੀ ਟੈਨਿਸ ਦਰਜਾਬੰਦੀ 'ਚ ਪਹਿਲੇ ਸਥਾਨ 'ਤੇ ਚਲਿਆ ਗਿਆ ਹੈ।
ਜਮਾਇਕਾ ਦੀਆਂ ਖਿਡਾਰਨਾਂ ਨੇ ਕੀਤਾ ਨਵਾਂ ਰਿਕਾਰਡ ਕਾਇਮ
ਬੀਜਿੰਗ, 17 ਅਗਸਤ -ਮਰਦਾਂ
ਦੀ 100 ਮੀਟਰ ਦੌੜ ਜਿੱਤਣ ਤੋਂ ਬਾਅਦ ਅੱਜ ਜਮਾਇਕਾ ਦੇਸ਼ ਨੇ ਮਹਿਲਾਵਾਂ ਦੀ 100
ਮੀਟਰ ਦੌੜ 'ਚ ਵੀ ਸੋਨ ਤਗਮਾ ਜਿੱਤ ਲਿਆ ਹੈ। ਜਮਾਇਕਾ ਦੀ ਸ਼ੈਲੀ ਏਨ ਫਰੇਜ਼ਰ ਨੇ ਅੱਜ
ਇਹ ਦੌੜ 10.78 ਸਕਿੰਟ ਨਾਲ ਜਿੱਤੀ। ਇਸ ਮੁਕਾਬਲੇ ਦਾ ਦੂਜਾ ਤੇ ਤੀਜਾ ਸਥਾਨ ਵੀ
ਜਮਾਇਕਾ ਦੀਆਂ ਦੌੜਾਕਾਂ ਨੇ ਜਿੱਤਿਆ। ਇਸ ਤਰ੍ਹਾਂ ਜਮਾਇਕਾ ਦੀਆਂ ਮਹਿਲਾਵਾਂ ਨੇ ਇਕ
ਨਵਾਂ ਉਲੰਪਿਕ ਰਿਕਾਰਡ ਬਣਾ ਦਿੱਤਾ।
ਭਾਰਤੀ
ਮੁੱਕੇਬਾਜ਼ ਨੇ ਵਿਸ਼ਵ ਚੈਂਪੀਅਨ ਨੂੰ ਹਰਾ ਕੇ ਰਚਿਆ ਨਵਾਂ ਇਤਿਹਾਸ
ਬੀਜਿੰਗ ਉਲੰਪਿਕ ਖੇਡਾਂ ਦੇ ਵਰਕਰਜ਼
ਜਿਮਨੇਜ਼ੀਅਮ ਵਿਖੇ ਕਰਵਾਏ ਗਏ ਮੁੱਕੇਬਾਜ਼ੀ ਦੇ54 ਕਿਲੋ ਭਾਰ ਵਰਗ ਦੇ ਮੁਕਾਬਲੇ ਵਿਚੋਂ
ਭਾਰਤ ਦੇ ਮੁੱਕੇਬਾਜ਼ ਅਖਿਲ ਕੁਮਾਰ ਨੇ ਰੂਸ ਦੇ ਵਿਸ਼ਵ ਚੈਂਪੀਅਨ ਸਰਜੀ ਵੋਡਾਮੀਲੋਨ
ਨੂੰ ਅੰਕਾਂ ਨਾਲ ਹਰਾ ਕੇ ਕੁਆਟਰ ਫਾਈਨਲ 'ਚ ਪ੍ਰਵੇਸ਼ ਕੀਤਾ।
ਫੇਲਪਸ ਨੇ
6ਵਾਂ ਸੋਨ ਤਗਮਾ ਜਿੱਤ ਕੇ
ਨਵਾਂ ਰਿਕਾਰਡ
ਬਣਾਇਆ
ਅਮਰੀਕਾ ਦੇ ਤੈਰਾਕ ਮਾਈਕਲ ਫੇਲਪਸ
ਨੇ ਅੱਜ ਤੈਰਾਕੀ ਮੁਕਾਬਲੇ ਦੇ 200 ਮੀਟਰ ਵਿਅਕਤੀਗਤ ਮੈਡਲੇਅ ਵਰਗ 'ਚ ਸੋਨ ਤਗਮਾ
ਜਿੱਤ ਕੇ ਬੀਜਿੰਗ ਦਾ ਹੁਣ ਤੱਕ ਦਾ 6ਵਾਂ ਅਤੇ ਉਲੰਪਿਕ ਖੇਡ ਜੀਵਨ ਦਾ 12ਵਾਂ ਸੋਨ
ਤਗਮਾ ਆਪਣੇ ਨਾਂਅ ਕੀਤਾ। ਫਾਈਨਲ 'ਚ ਉਸ ਨੇ ਪ੍ਰਸਿੱਧ ਤੈਰਾਕ ਲਸਜ਼ਲੋ ਸ਼ੇਹ ਅਤੇ ਆਪਣੀ
ਹੀ ਟੀਮ ਦੇ ਰਿਆਨ ਲੋਚੇ ਨੂੰ ਹਰਾਇਆ। ਚਾਰ ਸਾਲ ਪਹਿਲਾਂ ਏਥਨਜ਼ ਉਲੰਪਿਕਸ 'ਚ ਵੀ ਇਹ
ਖ਼ਿਤਾਬ ਫੇਲਪਸ ਨੇ ਹੀ ਜਿੱਤਿਆ ਸੀ। ਫੇਲਪਸ ਨੇ ਇਹ ਮੁਕਾਬਲਾ 1.54.23 ਸਕਿੰਟ ਨਾਲ
ਜਿਤਿਆ। ਇਸ ਤਰ੍ਹਾਂ ਉਸਨੇ ਪਿਛਲੇ ਮਹੀਨੇ ਬਣਾਏ ਆਪਣੇ ਹੀ 1.54.80 ਸਕਿੰਟ ਦੇ ਵਿਸ਼ਵ
ਰਿਕਾਰਡ ਨੂੰ ਤੋੜਿਆ। ਫੇਲਪਸ ਦਾ ਇਹ ਬੀਜਿੰਗ ਉਲੰਪਿਕ ਦਾ 6ਵਾਂ ਸੋਨ ਤਗਮਾ ਅਤੇ
6ਵਾਂ ਰਿਕਾਰਡ ਹੈ। ਇਸ ਮੁਕਾਬਲੇ 'ਚ ਹੰਗਰੀ ਦੇ ਸੇਹ ਨੇ ਚਾਂਦੀ ਅਤੇ ਲੋਚੇ ਨੇ ਕਾਂਸੀ
ਦਾ ਤਗਮਾ ਜਿੱਤਿਆ। ਫੇਲਪਸ ਵੱਲੋਂ ਬਣਾਇਆ ਗਿਆ ਇਹ ਰਿਕਾਰਡ ਬੀਜਿੰਗ ਦਾ 21ਵਾਂ
ਰਿਕਾਰਡ ਸੀ।
ਪੇਸ-ਭੂਪਤੀ ਦੀ ਜੋੜੀ ਵੀ ਹੋਈ ਡਬਲਜ਼ ਮੁਕਾਬਲੇ 'ਚੋਂ ਬਾਹਰ
ਟੈਨਿਸ 'ਚ ਭਾਰਤ ਦੀਆਂ ਤਗਮੇ ਦੀਆਂ
ਉਮੀਦਾਂ ਉਸ ਵੇਲੇ ਚਕਨਾਚੂਰ ਹੋ ਗਈਆਂ ਜਦੋਂ 'ਇੰਡੀਅਨ ਐਕਸਪ੍ਰੈਸ' ਨਾਂਅ ਨਾਲ ਮਸ਼ਹੂਰ
ਲਿਏਂਡਰ ਪੇਸ ਅਤੇ ਮਹੇਸ਼ ਭੂਪਤੀ ਮਰਦਾਂ ਦੇ ਡਬਲਜ਼ ਵਰਗ 'ਚੋਂ ਹਾਰ ਕੇ ਟੂਰਨਾਮੈਂਟ
ਤੋਂ ਬਾਹਰ ਹੋ ਗਏ। ਚੌਥਾ ਦਰਜਾ ਪ੍ਰਾਪਤ ਸਵਿਟਜ਼ਰਲੈਂਡ ਦੇ ਰੌਜਰ ਫੈਡਰਰ ਅਤੇ
ਸਟੇਨਿਸਲਸ ਵਵਰਿੰਕਾ ਦੀ ਜੋੜੀ ਨੇ ਪੇਸ ਅਤੇ ਭੂਪਤੀ ਦੀ ਜੋੜੀ ਨੂੰ ਦੋ ਦਿਨ ਰੁਕ-ਰੁਕ
ਕੇ ਖੇਡੇ ਗਏ ਮੈਚ 'ਚ 6-2, 6-4 ਅੰਕਾਂ ਦੇ ਫਰਕ ਨਾਲ ਹਰਾਇਆ। ਕੱਲ੍ਹ ਸ਼ੁਰੂ ਹੋਏ ਇਸ
ਮੈਚ 'ਚ ਭਾਰਤੀ ਜੋੜੀ 1-4 ਨਾਲ ਪਿੱਛੇ ਚੱਲ ਰਹੀ ਸੀ ਪਰ ਮੀਂਹ ਆ ਜਾਣ ਕਾਰਨ ਇਹ ਮੈਚ
ਅੱਜ ਤੱਕ ਮੁਅੱਤਲ ਕਰ ਦਿੱਤਾ ਗਿਆ ਸੀ। ਅੱਜ ਦੁਬਾਰਾ ਸ਼ੁਰੂ ਹੋਏ ਇਸ ਮੈਚ 'ਚ ਸਵਿਸ
ਜੋੜੀ ਨੇ ਭਾਰਤੀ ਜੋੜੀ ਨੂੰ ਪੂਰੀ ਤਰ੍ਹਾਂ ਆਪਣੇ ਦਬਾਅ ਹੇਠ ਰੱਖਿਆ ਅਤੇ ਮੈਚ 'ਤੇ
ਪਕੜ ਬਣਾਈ ਰੱਖੀ।
ਡੋਪ ਟੈਸਟ ਕਾਰਨ ਦੋ ਖਿਡਾਰੀ ਉਲੰਪਿਕ ਖੇਡਾਂ ਤੋਂ ਬਾਹਰ
ਬੀਜਿੰਗ, 15 ਅਗਸਤ -ਕੌਮਾਂਤਰੀ
ਉਲੰਪਿਕ ਕਮੇਟੀ ਪ੍ਰਬੰਧਕੀ ਬੋਰਡ ਨੇ ਕੋਰੀਆ ਦੇ ਨਿਸ਼ਾਨਬਾਜ਼ ਜੋਨ ਸੂਕਿੰਮ ਨੂੰ ਡੋਪ
ਟੈਸਟ ਕਾਰਨ ਉਲੰਪਿਕ ਖੇਡਾਂ ਤੋਂ ਬਾਹਰ ਕਰ ਦਿੱਤਾ ਗਿਆ ਹੈ। ਇਸ ਨੇ ਨਿਸ਼ਾਨੇਬਾਜ਼ੀ ਦੇ
10 ਮੀਟਰ ਏਅਰ ਪਿਸਟਲ ਦੇ ਮੁਕਾਬਲੇ ਵਿਚੋਂ ਕਾਂਸੀ ਦਾ ਤਗਮਾ ਤੇ ਮਰਦਾਂ ਦੇ 50 ਮੀਟਰ
ਪਿਸਟਲ ਦੇ ਮੁਕਾਬਲੇ ਵਿਚੋਂ ਚਾਂਦੀ ਦਾ ਤਗਮਾ ਹਾਸਲ ਕੀਤਾ ਸੀ। ਇਸ ਤੋਂ ਇਲਾਵਾ ਬੋਰਡ
ਨੇ ਵੀਅਤਨਾਮ ਦੀ ਆਰਟਿਸਟਿਕ ਜਿਮਨਾਸਟ ਥਾਈ ਨਾਗਨ ਥੇਗ ਨੂੰ ਵੀ ਐਂਟੀ ਡੋਪਿੰਗ ਕਾਰਨ
ਬੀਜਿੰਗ ਉਲੰਪਿਕ ਖੇਡਾਂ 'ਚ ਮੁਅੱਤਲ ਕਰ ਦਿੱਤਾ ਗਿਆ ਹੈ।
ਬੀਜਿੰਗ ਉਲੰਪਿਕ ਖੇਡਾਂ 'ਚ ਚੀਨ ਦੀ ਲਗਾਤਾਰ ਮੋਹਰੀ
29ਵੀਆਂ ਉਲੰਪਿਕ ਖੇਡਾਂ ਦੇ
ਮੁਕਾਬਲੇ ਜੋ ਚੀਨ ਦੀ ਰਾਜਧਾਨੀ ਬੀਜਿੰਗ ਦੇ ਵਿਚ ਕਰਵਾਏ ਜਾ ਰਹੇ ਹਨ। ਇਨ੍ਹਾਂ ਖੇਡ
ਮੁਕਾਬਲਿਆਂ ਦੇ ਵਿਚ ਅਥਲੈਟਿਕਸ ਦੇ ਮੁਕਾਬਲੇ 15 ਅਗਸਤ ਨੂੰ ਬਰਡਜਨੈਸਟ (ਨੈਸ਼ਨਲ
ਸਟੇਡੀਅਮ) ਦੇ ਵਿਚ ਸ਼ੁਰੂ ਹੋਣਗੇ। ਦੂਸਰੇ ਮੁਕਾਬਲੇ ਜੋ 8 ਅਗਸਤ ਤੋਂ ਜਾਰੀ ਹਨ, ਚੀਨ
ਨੇ ਤਗਮਾ ਸੂਚੀ ਵਿਚ ਜੇਤੂ ਬੜ੍ਹਤ ਲਗਾਤਾਰ ਬਰਕਰਾਰ ਰੱਖੀ ਹੋਈ ਹੈ। ਮੇਜ਼ਬਾਨ ਚੀਨ ਨੇ
ਹੁਣ ਤੱਕ 21 ਸੋਨੇ ਦੇ 7 ਚਾਂਦੀ ਤੇ 5 ਕਾਂਸੀ ਦੇ ਕੁੱਲ 33 ਤਗਮੇ ਜਿੱਤ ਕੇ ਤਗਮਾ
ਸੂਚੀ ਵਿਚ ਪਹਿਲਾ ਸਥਾਨ ਕਾਇਮ ਰੱਖਿਆ ਹੋਇਆ ਹੈ। ਅਮਰੀਕਾ ਨੇ ਦੂਜਾ ਤੇ ਕੋਰੀਆ ਨੇ
ਤੀਜੀ ਥਾਂ 'ਤੇ ਕਬਜਾ ਕੀਤਾ ਹੋਇਆ ਹੈ। ਅੱਜ ਇਨ੍ਹਾਂ ਖੇਡਾਂ ਦੇ ਵਿਚ 2 ਨਵੇਂ ਵਿਸ਼ਵ
ਰਿਕਾਰਡ ਤੇ 7ਨਵੇਂ ਉਲੰਪਿਕ ਰਿਕਾਰਡ ਬਣੇ। ਮਰਦਾਂ ਦੇ ਤੈਰਾਕੀ ਦੇ 200 ਮੀਟਰ
ਬ੍ਰੈਸਟਸਟਰੋਕ ਮੁਕਾਬਲੇ ਦੇ ਵਿਚੋਂ ਜਪਾਨ ਦੇ ਕੋਸਕੀ ਕਿਟਾਜਮਾ ਨੇ 20.07.64
ਸੈਕਿੰਡ ਨਾਲ ਨਵਾਂ ਉਲੰਪਿਕ ਰਿਕਾਰਡ ਕਾਇਮ ਕੀਤਾ। ਔਰਤਾਂ ਦੇ 200 ਮੀਟਰ ਬਟਰਫਲਾਈ
ਦੇ ਤੈਰਾਕੀ ਮੁਕਾਬਲੇ ਵਿਚੋਂ ਚੀਨ ਦੀ ਜਿੰਗੀਲਿਯੂ ਨੇ 2.04.18 ਸੈਕਿੰਡ ਨਾਲ ਨਵਾ
ਉਲੰਪਿਕ ਤੇ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ। ਔਰਤਾਂ ਦੇ 4×200 ਮੀਟਰ ਫ੍ਰੀ ਸਟਾਈਲ
ਸਟਾਈਲ ਰੀਲੇਅ ਦੇ ਮੁਕਾਬਲੇ ਦੇ ਵਿਚੋਂ ਆਸਟਰੇਲੀਆ ਦੀ ਟੀਮ ਨੇ 7.44.31 ਸੈਕਿੰਡ ਸਮਾਂ
ਕੱਢ ਕੇ ਨਵਾਂ ਵਿਸ਼ਵ ਤੇ ਨਵਾਂ ਉਲੰਪਿਕ ਰਿਕਾਰਡ ਕਾਇਮ ਕੀਤਾ। ਮਰਦਾਂ ਦੇ 50 ਮੀਟਰ
ਫ੍ਰੀ ਸਟਾਈਲ ਤੈਰਾਕੀ ਮੁਕਾਬਲੇ 'ਚ ਫਰਾਂਸ ਦੇ ਐਮਯੂਰੀ ਲੀਵੀਉਸਕਸ ਨੇ 21.46
ਸੈਕਿੰਡ ਨਾਲ ਨਵਾਂ ਉਲੰਪਿਕ ਰਿਕਾਰਡ ਕਾਇਮ ਕੀਤਾ। ਔਰਤਾਂ ਦੇ 12 ਐਰੋ ਦੇ ਤੀਰਅੰਦਾਜ਼ੀ
ਮੁਕਾਬਲੇ ਦੇ ਵਿਚੋਂ ਕੋਰੀਆ ਦੀ ਹਿਯੂਨ ਸੂੰਗ ਪਾਰਕ ਨੇ 115 ਅੰਕ ਹਾਸਿਲ ਕਰਕੇ ਨਵਾਂ
ਉਲੰਪਿਕ ਰਿਕਾਰਡ ਕਾਇਮ ਕੀਤਾ। ਸ਼ੂਟਿੰਗ ਦੇ ਔਰਤਾਂ ਦੇ ਸਕੀਟ ਦੇ ਫਾਈਨਲ ਮੁਕਾਬਲੇ ਦੇ
ਵਿਚੋਂ ਇਟਲੀ ਦੀ ਚੈਗ ਕੈਨੀਰੋ ਨੇ 72 ਅੰਕ ਹਾਸਿਲ ਕਰਕੇ ਨਵਾਂ ਵਿਸ਼ਵ ਰਿਕਾਰਡ ਕਾਇਮ
ਕੀਤਾ।
ਅਭਿਨਵ ਬਿੰਦਰਾ ਦਾ ਹੋਇਆ ਸ਼ਾਹੀ ਸਵਾਗਤ
ਨਵੀਂ ਦਿੱਲੀ, 14 ਅਗਸਤ-ਬੀਜਿੰਗ
ਉਲੰਪਿਕ 'ਚ ਭਾਰਤ ਲਈ ਹੁਣ ਤੱਕ ਦਾ ਪਹਿਲਾ ਵਿਅਕਤੀਗਤ ਸੋਨ ਤਮਗਾ ਜਿੱਤਣ ਵਾਲੇ
ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਅੱਜ ਤੜਕੇ ਨਵੀਂ ਦਿੱਲੀ ਪਹੁੰਚੇ, ਜਿਥੇ ਉਨ੍ਹਾਂ ਦਾ
ਸ਼ਾਹਾਨਾ ਸਵਾਗਤ ਕੀਤਾ ਗਿਆ। ਇਸ ਮੌਕੇ ਢੋਲ ਵੱਜੇ ਅਤੇ ਲੋਕਾਂ ਨੇ ਨਾਅਰੇ ਵੀ ਲਗਾਏ।
ਬਿੰਦਰਾ ਦੀ ਇਕ ਝਲਕ ਪਾਉਣ ਲਈ ਭਾਰਤੀ ਉਲੰਪਿਕ ਸੰਘ ਅਤੇ ਭਾਰਤੀ ਰਾਸ਼ਟਰੀ ਰਾਈਫ਼ਲ
ਐਸੋਸੀਏਸ਼ਨ ਦੇ ਮੈਂਬਰਾਂ ਤੋਂ ਇਲਾਵਾ ਭਾਰੀ ਸੰਖਿਆ 'ਚ ਖਿਡਾਰੀ ਦਿੱਲੀ ਦੇ ਇੰਦਰਾ
ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਮੌਜੂਦ ਸਨ। ਬਿੰਦਰਾ ਨੇ ਇਸ ਮੌਕੇ ਪੱਤਰਕਾਰਾਂ
ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਲਈ ਮਹਾਨ ਸਨਮਾਨ ਹੇ। ਉਹ ਸਹੀ ਮਾਅਨਿਆਂ
'ਚ ਮਾਣ ਮਹਿਸੂਸ ਕਰ ਰਹੇ ਹਨ। ਬਿੰਦਰਾ ਨੇ ਇਸ ਮੌਕੇ ਆਪਣੇ ਕੋਚਾਂ, ਪਿਤਾ ਅਤੇ
ਰਾਸ਼ਟਰੀ ਰਾਈਫ਼ਲ ਐਸੋਸੀਏਸ਼ਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਨੂੰ 'ਗੰਭੀਰ'
ਉਲੰਪਿਕ ਪ੍ਰੋਗਰਾਮ ਦੀ ਲੋੜ ਹੈ ਅਤੇ ਇਸੇ ਦੀ ਘਾਟ ਕਾਰਨ ਭਾਰਤੀ ਖਿਡਾਰੀ ਉਲੰਪਿਕ 'ਚ
ਚਮਕ ਨਹੀਂ ਸਕੇ। ਬਿੰਦਰਾ ਦੀ ਅਗਵਾਈ ਉਨ੍ਹਾਂ ਦੇ ਪਿਤਾ ਏ ਐਸ ਬਿੰਦਰਾ, ਮਾਂ ਬਬਲੀ,
ਭੈਣ ਅਤੇ ਰਿਸ਼ਤੇਦਾਰਾਂ ਤੇ ਦੋਸਤਾਂ ਨੇ ਕੀਤੀ। ਇਸ ਤੋਂ ਬਾਅਦ ਉਹ ਰਾਸ਼ਟਰਪਤੀ ਸ੍ਰੀਮਤੀ
ਪ੍ਰਤਿਭਾ ਪਾਟਿਲ, ਸਾਂਝਾ ਪ੍ਰਗਤੀਸ਼ੀਲ ਗਠਜੋੜ ਦੀ ਚੇਅਰਪਰਸਨ ਸ੍ਰੀਮਤੀ ਸੋਨੀਆ ਗਾਂਧੀ,
ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਖੇਡ ਮੰਤਰੀ ਡਾ. ਮਨੋਹਰ ਸਿੰਘ ਗਿੱਲ ਨੂੰ
ਮਿਲੇ, ਜਿਨ੍ਹਾਂ ਨੇ ਬਿੰਦਰਾ ਦੀ ਇਸ ਮਹਾਨ ਕਾਮਯਾਬੀ 'ਤੇ ਉਸ ਨੂੰ ਮੁਬਾਰਕਾਂ
ਦਿੱਤੀਆਂ।
ਅੰਜਲੀ ਭਾਗਵਤ ਤੇ ਅਵਨੀਤ ਸਿੱਧੂ ਵੀ ਉਲੰਪਿਕ ਖੇਡਾਂ ਤੋਂ ਬਾਹਰ
ਬੀਜਿੰਗ, 14 ਅਗਸਤ -ਭਾਰਤ
ਦੀਆਂ ਪ੍ਰਮੁੱਖ ਨਿਸ਼ਾਨੇਬਾਜ ਅੰਜਲੀ ਭਾਗਵਤ ਅਤੇ ਅਵਨੀਤ ਕੌਰ ਸਿੱਧੂ ਅੱਜ ਇੱਥੇ ਖੇਡ
ਪ੍ਰੇਮੀਆਂ ਨੂੰ ਉਸ ਵੇਲੇ ਬਹੁਤ ਨਿਰਾਸ਼ ਕੀਤਾ ਜਦੋਂ ਉਹ ਦੋਵੇਂ 50 ਮੀਟਰ ਰਾਈਫਲ 3
ਪੁਜ਼ੀਸ਼ਨ ਮੁਕਾਬਲੇ ਵਿਚ ਕੁਆਲੀਫਾਈ ਹੀ ਨਾਂ ਕਰ ਸਕੀਆਂ। ਅੰਜਲੀ ਭਾਗਵਤ ਨੇ 32ਵੀਂ ਅਤੇ
ਅਵਨੀਤ ਕੌਰ ਸਿੱਧੂ ਨੇ 42ਵੀਂ ਜਗ੍ਹਾ ਹਾਸਿਲ ਕੀਤੀ। ਅੰਜਲੀ ਨੇ ਮੁਕਾਬਲੇ ਵਿਚ ਕੁੱਲ
571 ਅੰਕ ਲਏ ਅਤੇ ਅਵਨੀਤ ਸਿਰਫ 565 ਹੀ ਲੈ ਸਕੀ। ਇਸੇ ਤਰ੍ਹਾਂ ਤੈਰਾਕੀ ਦੇ 100
ਮੀਟਰ ਪੁਰਸ਼ ਬਟਰਫਲਾਈ ਵਿਚ ਭਾਰਤ ਦੇ ਅੰਕੁਰ ਪੋਸਰੀਆ 7ਵੇਂ ਨੰਬਰ 'ਤੇ ਰਹੇ ਅਤੇ 50
ਮੀਟਰ ਫ੍ਰੀ ਸਟਾਇਲ 'ਚ ਵਿਰਧਾਵਲ ਖਾਡੇ ਵੀ 7ਵੇਂ ਨੰਬਰ 'ਤੇ ਰਹਿੰਦਿਆਂ ਮੁਕਾਬਲੇ
ਤੋਂ ਬਾਹਰ ਹੋ ਗਏ।
ਪੇਸ ਤੇ ਭੂਪਤੀ ਦੀ ਜੋੜੀ ਅਗਲੇ ਗੇੜ 'ਚ ਪਹੁੰਚੀ
ਬੀਜਿੰਗ, 13 ਅਗਸਤ-ਭਾਰਤ
ਦੀ ਸਟਾਰ ਟੈਨਿਸ ਖਿਡਾਰੀਆਂ ਦੀ ਜੋੜੀ ਮਹੇਸ਼ ਭੂਪਤੀ ਤੇ ਲਿਏਂਡਰ ਪੇਸ ਨੇ ਅੱਜ ਦੂਸਰੇ
ਦਿਨ ਵੀ ਪੁਰਸ਼ਾਂ ਦੇ ਡਬਲਜ਼ ਦੇ ਦੂਜੇ ਗੇੜ ਵਿਚ ਬਰਾਜ਼ੀਲ ਦੇ ਮਾਰਸੈਲੋ ਮੇਲੋ ਅਤੇ
ਐਂਡਰੋ ਸਾ ਨੂੰ ਆਸਾਨੀ ਨਾਲ ਹਰਾ ਕੇ ਜਿੱਤ ਦੇ ਝੰਡੇ ਗੱਡੇ। ਇਹ ਜੋੜੀ ਹੁਣ ਪੂਰਸ਼ਾਂ
ਦੇ ਡਬਲਜ਼ ਦੇ ਕੁਆਰਟਰ ਫਾਈਨਲ ਵਿਚ ਪਹੁੰਚ ਗਈ ਹੈ। ਭਾਰਤ ਨੂੰ ਇਸ ਜੋੜੀ ਤੋਂ ਮੈਡਲ
ਦੀਆਂ ਬਹੁਤ ਆਸਾਂ ਹਨ। ਅੱਜ ਮਹੇਸ਼ ਭੂਪਤੀ ਨੇ ਪਹਿਲਾ ਸੈੱਟ 31 ਮਿੰਟਾਂ ਵਿਚ 4-6
ਨਾਲ ਜਿੱਤਿਆ ਜਦੋਂ ਕਿ ਦੂਸਰਾ ਸੈੱਟ 38 ਮਿੰਟਾਂ ਦੀ ਖੇਡ ਨਾਲ 2-6 ਨਾਲ ਜਿੱਤਿਆ।
ਭਾਵੇਂ ਬਰਾਜ਼ੀਲ ਦੇ ਖਿਡਾਰੀਆਂ ਨੇ ਬਹੁਤ ਜ਼ੋਰ ਲਾਇਆ ਪਰ ਉਨ੍ਹਾਂ ਦੀ ਇਕ ਨਾ ਚੱਲੀ।
ਸਾਈਨਾ ਵੀ ਉਲੰਪਿਕ ਤੋਂ ਬਾਹਰ
ਭਾਰਤ ਦੀ ਵੰਡਰਗਰਲ ਸਾਈਨਾ ਤੋਂ
ਅੱਜ ਸਾਰੀਆਂ ਉਮੀਦਾਂ ਉਦੋਂ ਖਤਮ ਹੋ ਗਈਆਂ ਜਦੋਂ ਉਸ ਨੂੰ ਆਪਣੀਆਂ ਗਲਤੀਆਂ ਦਾ
ਖਮਿਆਜ਼ਾ ਭੁਗਤਣਾ ਪਿਆ ਜਿਸ ਕਾਰਨ ਉਹ ਮਹਿਲਾਵਾਂ ਦੇ ਬੈਡਮਿੰਟਨ ਦੇ ਨਿਰਣਾਇਕ ਮੈਚ 'ਚ
ਅੱਠ ਅੰਕਾਂ ਦੀ ਮਹੱਤਵਪੂਰਨ ਬੜਤ ਲੈਣ ਤੋਂ ਬਾਵਜੂਦ ਹਾਰਨ ਤੋਂ ਬਾਅਦ ਉਲੰਪਿਕ ਤੋਂ
ਬਾਹਰ ਹੋ ਗਈ। ਵਿਸ਼ਵ 16 ਨੰਬਰ ਦਰਜਾ ਪ੍ਰਾਪਤ ਮਾਰੀਆ ਨੇ ਸਾਈਨਾ ਨੂੰ 28-26,
14-21, 15-21 ਅੰਕਾਂ ਨਾਲ ਹਰਾਇਆ।
ਨਡਾਲ ਕੁਆਰਟਰ ਫਾਈਨਲ 'ਚ
ਬੀਜਿੰਗ-ਸਪੇਨ ਦੇ ਟੈਨਿਸ
ਸਟਾਰ ਰਫੇਲ ਨਡਾਲ ਨੇ ਬੀਜਿੰਗ ਉਲੰਪਿਕ ਦੇ ਮਰਦਾਂ ਦੇ ਸਿੰਗਲਜ਼ ਟੈਨਿਸ ਵਰਗ 'ਚ
ਕੁਆਰਟਰ ਫਾਈਨਲ 'ਚ ਪ੍ਰਵੇਸ਼ ਪਾ ਲਿਆ ਹੈ। ਨਡਾਲ ਨੇ ਰੂਸ ਦੇ ਇਗੋਰ ਅੰਦਰੀਵ ਨੂੰ
6-4, 6-2 ਅੰਕਾਂ ਨਾਲ ਹਰਾਇਆ। ਨਡਾਲ ਦਾ ਕੁਆਰਟਰ ਫਾਈਨਲ ਮੁਕਾਬਲਾ ਆਸਟਰੀਆ ਦੇ
ਜੁਰਜੇਨ ਮੇਲਜ਼ਰ ਨਾਲ ਹੋਵੇਗਾ।
ਭਾਰਤੀ ਤੀਰ ਅੰਦਾਜ਼ ਮੰਗਲ ਸਿੰਘ ਪਹਿਲਾ ਮੈਚ ਜਿੱਤ ਕੇ ਦੂਜਾ ਹਾਰਿਆ
ਭਾਰਤੀ ਤੀਰ ਅੰਦਾਜ਼ ਮੰਗਲ ਸਿੰਘ
ਜੋ ਪੁਰਸ਼ ਤੀਰ ਅੰਦਾਜ਼ੀ ਵਿਚ ਭਾਰਤ ਦੀ ਇਕੋ-ਇਕ ਆਸ ਸੀ, ਅੱਜ ਚੰਗੀ ਸ਼ੁਰੂਆਤ ਕਰਕੇ
ਪਹਿਲੇ ਦੌਰ ਵਿਚ ਜਿੱਤ ਜਾਣ ਤੋਂ ਬਾਅਦ ਦੂਸਰੇ ਦੌਰ ਵਿਚ ਹਾਰ ਕੇ ਬਾਹਰ ਹੋ ਗਿਆ।
ਪਹਿਲੇ ਦੌਰ ਵਿਚ ਉਸ ਨੇ ਆਪਣੇ ਵਿਰੋਧੀ ਈਰਾਨ ਦੇ ਹੌਜ਼ਾ ਤੋਲਾਹ ਵਾਇਜ਼ੀ ਨੂੰ 98 ਦੇ
ਮੁਕਾਬਲੇ 112 ਅੰਕ ਲੈ ਕੇ ਹਰਾਇਆ ਤੇ ਉਹ ਆਖਰੀ 16 ਵਿਚ ਸ਼ਾਮਿਲ ਹੋ ਗਿਆ ਪਰ ਅਗਲੇ
ਦੌਰ ਵਿਚ ਕਿਸਮਤ ਨੇ ਉਸ ਦਾ ਸਾਥ ਨਾ ਦਿੱਤਾ ਤੇ ਉਹ ਰੂਸ ਦੇ ਬੈਦਾਨੇਵ ਬੇਅਰ ਕੋਲੋਂ
ਸਿਰਫ 1 ਅੰਕ ਨਾਲ ਹਾਰ ਗਿਆ। ਰੂਸੀ ਤੀਰ ਅੰਦਾਜ਼ ਦੇ 109 ਅੰਕਾਂ ਦੇ ਮੁਕਾਬਲੇ ਉਸ ਨੇ
108 ਅੰਕ ਲਏ।
ਚੀਨ ਫਿਰ ਮੋਹਰੀ ਰਿਹਾ
ਚੀਨ ਨੇ ਕਿਸੇ ਵੀ ਹੋਰ ਦੇਸ਼ ਨੂੰ
ਤਗਮਾ-ਸੂਚੀ ਦੇ ਵਿਚ ਨੇੜੇ ਵੀ ਨਹੀਂ ਫਟਕਣ ਦਿੱਤਾ ਅਤੇ ਹੁਣ ਤੱਕ 17 ਸੋਨੇ ਦੇ 3
ਚਾਂਦੀ ਤੇ 5 ਕਾਂਸੀ ਦੇ ਕੁੱਲ 25 ਤਗਮੇ ਜਿੱਤ ਕੇ ਤਗਮਾ ਸੂਚੀ ਆਪਣੀ ਸਰਦਾਰੀ ਕਾਇਮ
ਕੀਤੀ ਹੋਈ ਹੈ। ਅਮਰੀਕਾ ਦੂਜੀ ਤੇ ਕੋਰੀਆ ਤੀਜੀ ਥਾਂ 'ਤੇ ਖੜ੍ਹਾ ਹੈ। ਅੱਜ ਇਨ੍ਹਾਂ
ਖੇਡਾਂ ਵਿਚ 11 ਨਵੇਂ ਉਲੰਪਿਕ ਰਿਕਾਰਡ ਤੇ 8 ਨਵੇਂ ਵਿਸ਼ਵ ਰਿਕਾਰਡ ਬਣੇ। ਸਭ ਤੋਂ
ਵੱਧ ਰਿਕਾਰਡ ਤੈਰਾਕੀ ਵਿਚ ਬਣੇ।
ਤੈਰਾਕੀ:-ਮਰਦਾਂ ਦੇ ਤੈਰਾਕੀ ਦੇ 100 ਮੀਟਰ ਫ੍ਰੀ ਸਟਾਈਲ ਮੁਕਾਬਲੇ ਆਸਟਰੇਲੀਆ ਦੇ
ਈਮਨ ਸੁਲੀਵਾਨ ਨੇ 47.05 ਸੈਕਿੰਡ ਸਮਾਂ ਕੱਢ ਕੇ ਨਵਾਂ ਉਲੰਪਿਕ ਰਿਕਾਰਡ ਤੇ ਨਵਾਂ
ਵਿਸ਼ਵ ਰਿਕਾਰਡ ਕਾਇਮ ਕੀਤਾ। ਮਰਦਾਂ ਦੇ 200 ਮੀਟਰ ਬਟਰ ਫਲਾਈ ਮੁਕਾਬਲੇ ਅਮਰੀਕਾ ਦੇ
ਮਾਈਕਲ ਫਿਲਪਸ ਨੇ 1.52.03 ਸੈਕਿੰਡ ਸਮਾਂ ਕੱਢ ਕੇ ਨਵਾਂ ਉਲੰਪਿਕ ਤੇ ਨਵਾਂ ਵਿਸ਼ਵ
ਰਿਕਾਰਡ ਕਾਇਮ ਕੀਤਾ। ਮਰਦਾਂ ਦੇ 200 ਮੀਟਰ ਬ੍ਰੈਸਟਸਟਰੋਕ ਦੇ ਮੁਕਾਬਲੇ ਵਿਚ ਜਾਪਾਨ
ਦੇ ਕਾਸੋਕੀ ਕਿਟਜਾਮਾ ਨੇ 2.08.61 ਸੈਕਿੰਡ ਨਾਲ ਨਵਾਂ ਉਲੰਪਿਕ ਰਿਕਾਰਡ ਕਾਇਮ ਕੀਤਾ।
ਮਰਦਾਂ ਦੇ 4ਘ200 ਮੀਟਰ ਫ੍ਰੀ ਸਟਾਈਲ ਰੀਲੇਅ ਮੁਕਾਬਲੇ ਵਿਚ ਅਮਰੀਕਾ ਦੀ ਟੀਮ ਨੇ
6.58.56 ਸੈਕਿੰਡ ਸਮਾਂ ਕੱਢ ਕੇ ਨਵਾਂ ਉਲੰਪਿਕ ਤੇ ਵਿਸ਼ਵ ਰਿਕਾਰਡ ਕਾਇਮ ਕੀਤਾ। ਔਰਤਾਂ
ਦੇ 200 ਮੀਟਰ ਫ੍ਰੀ ਸਟਾਈਲ ਮੁਕਾਬਲੇ ਵਿਚ ਇਟਲੀ ਦੀ ਫੈਡਰਿਜ ਨੇ 1.54.82 ਸੈਕਿੰਡ
ਸਮਾਂ ਕੱਢ ਕੇ ਨਵਾਂ ਉਲੰਪਿਕ ਤੇ ਵਿਸ਼ਵ ਰਿਕਾਰਡ ਕਾਇਮ ਕੀਤਾ।
ਵੇਟਲਿਫਟਿੰਗ:-ਮਹਿਲਾਵਾਂ ਦੇ 69 ਕਿਲੋ ਵਰਗ ਦੇ ਮੁਕਾਬਲੇ ਵਿਚ ਚੀਨ ਦੀ ਚੂਨਹੌਗ ਯੂ
ਨੇ ਸੋਨ, ਰੂਸ ਦੀ ਓਕਸਾਨਾ ਐਸ ਨੇ ਚਾਂਦੀ ਤੇ ਯੂਕਰੇਨ ਦੀ ਨਤਾਲੀਆ ਡਵੀਡੋਵਾ ਨੇ
ਕਾਂਸੀ ਦਾ ਤਗਮਾ ਹਾਸਲ ਕੀਤਾ।
ਤੀਰ ਅੰਦਾਜ਼ੀ:-ਮਰਦਾਂ ਦੇ ਤੀਰ ਅੰਦਾਜ਼ੀ ਦੇ 12 ਐਰੋ ਦੇ ਮੁਕਾਬਲੇ ਵਿਚ ਕੋਰੀਆ ਦੇ
ਲੀਚੈਗ ਹਵਾਨ ਨੇ 117 ਅੰਕ ਹਾਸਲ ਕਰਕੇ ਨਵਾਂ ਉਲੰਪਿਕ ਰਿਕਾਰਡ ਕਾਇਮ ਕੀਤਾ।
ਵੇਟਲਿਫਟਿੰਗ:-ਔਰਤਾਂ ਦੇ ਵੇਟਲਿਫਟਿੰਗ ਦੇ 69 ਕਿਲੋ ਮੁਕਾਬਲੇ ਦੇ ਵਿਚੋਂ ਚੀਨ ਦੀ
ਮਹਿਲਾ ਵੇਟਲਿਫਟਰ ਚੂਨੌਹਰ ਯੂ ਨੇ ਸਨੈਂਚ ਵਿਚ 128 ਕਿਲੋ, ਕਲੀਨ ਐਂਡ ਜਰਲ ਦੇ ਵਿਚ
158 ਕਿਲੋ, ਕੁੱਲ 286 ਕਿਲੋ ਭਾਰ ਚੁੱਕ ਕੇ ਤਿੰਨ ਨਵੇਂ ਉਲੰਪਿਕ ਤੇ ਤਿੰਨ ਨਵੇਂ
ਵਿਸ਼ਵ ਰਿਕਾਰਡ ਕਾਇਮ ਕੀਤੇ।
ਰੋਇੰਗ:-ਰੋਇੰਗ ਦੇ ਮੁਕਾਬਲੇ ਜੋ ਰੋਇੰਗ ਪਾਰਕ ਵਿਚ ਕਰਵਾਏ ਜਾ ਰਹੇ ਹਨ ਇਨ੍ਹਾਂ ਦੇ
ਮਰਦਾਂ ਦੇ ਸਿੰਗਲਜ਼ ਦੇ ਸੈਮੀਫਾਈਨਲ ਦੇ ਮੁਢਲੇ ਰਾਊਂਡ ਦੇ ਵਿਚ ਭਾਰਤ ਦਾ ਬਜਰੰਗ ਲਾਲ
ਠਾਕੁਰ ਚੌਥੀ ਪੁੱਜੀਸ਼ਨ 'ਤੇ ਰਿਹਾ। ਹੁਣ ਇਹ 19 ਤੋਂ 24 ਪੁਜ਼ੀਸ਼ਨ ਲਈ ਜ਼ੋਰ-ਅਜ਼ਮਾਈ
ਕਰੇਗਾ।
ਉਲੰਪਿਕ ਖੇਡਾਂ ਵਿਚੋਂ ਭਾਰਤ ਦੇ ਕਈ ਖਿਡਾਰੀ ਬਾਹਰ
ਬੀਜਿੰਗ, 12 ਅਗਸਤ-ਬੀਜਿੰਗ ਉਲੰਪਿਕ ਦੇ ਵਿਅਕਤੀਗਤ ਵਰਗ 'ਚ ਪਹਿਲੀ ਵਾਰ
ਸੋਨ ਤਗਮਾ ਜਿੱਤਣ ਦੀ ਖੁਸ਼ੀ 'ਚ ਫੁੱਲੇ ਨਹੀਂ ਸਮਾ ਰਹੇ ਭਾਰਤ ਦੇ ਲੋਕਾਂ 'ਚ
ਮੰਗਲਵਾਰ ਨੂੰ ਉਸ ਸਮੇਂ ਮਾਯੂਸੀ ਫੈਲ ਗਈ ਜਦੋਂ ਭਾਰਤ ਲਈ ਤਗਮੇ ਦੀ ਆਸ ਨਿਸ਼ਾਨੇਬਾਜ਼
ਰਾਜਵਰਧਨ ਸਿੰਘ ਰਾਠੌਰ ਅਤੇ ਸਮਰੇਸ਼ ਜੰਗ ਫਾਈਨਲ ਗੇੜ 'ਚ ਨਹੀਂ ਪਹੁੰਚ ਸਕੇ। ਏਥਨਜ਼
ਉਲੰਪਿਕ 'ਚ ਚਾਂਦੀ ਦਾ ਤਗਮਾ ਜਿੱਤਣ ਵਾਲੇ ਰਾਠੌਰ ਅਤੇ ਰਾਸ਼ਟਰਮੰਡਲ ਖੇਡਾਂ ਦੇ ਹੀਰੋ
ਸਮਰੇਸ਼ ਜੰਗ ਅੱਜ ਕੋਈ ਕਮਾਲ ਨਹੀਂ ਕਰ ਸਕੇ। ਸ਼ੂਟਿੰਗ ਰੇਂਜ 'ਚ ਡਬਲ ਟਰੈਪ
ਨਿਸ਼ਾਨੇਬਾਜ਼ ਰਾਠੌਰ ਕੁਆਲੀਫਿਕੇਸ਼ਨ ਗੇੜ 'ਚ 131 ਦੇ ਸਕੋਰ ਨਾਲ 15ਵੇਂ ਸਥਾਨ 'ਤੇ
ਰਿਹਾ। ਉਸਨੇ 43, 45, 43 ਅੰਕਾਂ ਨਾਲ ਖਰਾਬ ਪ੍ਰਦਰਸ਼ਨ ਕੀਤਾ। ਇਸੇ ਤਰ੍ਹਾਂ ਗੋਲਡਨ
ਫਿੰਗਰ ਦੇ ਨਾਂਅ ਨਾਲ ਜਾਣੇ ਜਾਂਦੇ ਸਮਰੇਸ਼ ਦਾ ਪ੍ਰਦਰਸ਼ਨ ਵੀ ਬਹੁਤ ਖਰਾਬ ਰਿਹਾ। ਉਹ
ਮਰਦਾਂ ਦੇ 50 ਮੀਟਰ ਪਿਸਟਲ ਵਰਗ 'ਚ ਮਹਿਜ਼ 540 ਅੰਕਾਂ ਨਾਲ 42ਵੇਂ ਸਥਾਨ 'ਤੇ ਰਿਹਾ।
ਅੱਜ ਭਾਰਤ ਲਈ ਤੀਰ ਅੰਦਾਜ਼ੀ ਵਿਚ ਵੀ ਦਿਨ ਬੁਰਾ ਰਿਹਾ। ਭਾਰਤ ਦੀਆਂ ਦੋ ਮਹਿਲਾ ਤੀਰ
ਅੰਦਾਜ਼ ਡੋਲਾ ਬੈਨਰਜੀ ਅਤੇ ਬੰਬਿਆਲਾ ਲੈਸ਼ਰਾਮ ਦੇਵੀ ਵੀ ਅਲੀਮੀਨੇਸ਼ਨ ਰਾਊਂਡ ਵਿਚ
ਬਾਹਰ ਹੋ ਗਈਆਂ। ਡੋਲਾ ਨੂੰ ਕੈਨੇਡਾ ਦੀ ਮੈਰੀ ਪੇਅਰ ਨੇ ਅਤੇ ਬੰਬਿਆਲਾ ਨੂੰ ਪੋਲੈਂਡ
ਦੀ ਇਵੋਨਾ ਨੇ ਹਰਾਇਆ। ਹਾਲਾਂ ਕਿ ਸਖਤ ਮੁਕਾਬਲੇ ਵਿਚ ਡੋਲਾ ਨੇ ਕੈਨੇਡਾ ਦੀ ਮੈਰੀ
ਪੇਅਰ ਦੇ ਮੁਕਾਬਲੇ ਵਿਚ 109 ਦੇ ਮੁਕਾਬਲੇ 109 ਸਕੋਰ ਹੀ ਕੀਤੇ ਪਰ ਫੈਸਲੇ ਦੇ
ਅੰਤਿਮ ਦੌਰ ਵਿਚ ਕੈਨੇਡਾ ਦੀ ਤੀਰ ਅੰਦਾਜ਼ ਨੇ 10 ਨਿਸ਼ਾਨੇ ਲਾਏ ਜਦੋਂ ਕਿ ਡੋਲਾ 8 ਹੀ
ਲਾ ਸਕੀ। ਦੂਜੇ ਪਾਸੇ ਬੰਬਾਲਿਆ 101 ਦੇ ਮੁਕਾਬਲੇ 103 ਅੰਕਾਂ ਨਾਲ ਹਾਰ ਗਈ।
ਅੱਜ ਭਾਰਤ ਦੀਆਂ 2 ਤੀਰ-ਅੰਦਾਜ਼ੀ ਮਹਿਲਾਵਾਂ ਬੈਨਰਜੀ ਡੋਲਾ ਅਤੇ ਬੰਬਿਆਲਾ ਦੇਵੀ ਦੇ
1/32 ਇਲੀਮੀਨੇਸ਼ਨ ਮੁਕਾਬਲੇ ਵਿਚ ਬਾਹਰ ਹੋਣ ਤੋਂ ਬਾਅਦ 1/32 ਵਿਚ ਭਾਰਤ ਦੀ ਇਕ ਹੋਰ
ਤੀਰ-ਅੰਦਾਜ਼ ਮਹਿਲਾ ਵਰਧੀਨਿਨੀ ਆਸਟਰੇਲੀਆ ਦੀ ਵਲੇਰ ਜੇਨ ਨੂੰ 100 ਦੇ ਮੁਕਾਬਲੇ 106
ਅੰਕਾਂ ਨਾਲ ਹਰਾ ਕੇ 1/16 ਮੁਕਾਬਲੇ ਵਿਚ ਤਾਂ ਪ੍ਰਵੇਸ਼ ਕਰ ਗਈ ਪਰ ਬਾਅਦ ਵਿਚ
ਡੈਮੋਕ੍ਰੇਟਿਕ ਪਬਲਿਕ ਰਿਪਬਲਿਕ ਕੋਰੀਆ ਦੀ ਵੌਨ ਅਨ ਸਿਲ ਕੋਲੋਂ 106 ਦੇ ਮੁਕਾਬਲੇ
99 ਅੰਕ ਪ੍ਰਾਪਤ ਕਰਕੇ ਹਾਰ ਗਈ।
ਬਰਤਾਨੀਆ ਨੂੰ 56 ਸਾਲ ਦੇ ਸਬਰ ਕਰਨ ਦਾ ਫਲ ਮਿੱਠਾ ਮਿਲਿਆ
ਬਰਤਾਨੀਆ ਦੀ ਹਾਕੀ ਦੇ ਵਿਚ ਪਾਕਿਸਤਾਨੀ ਟੀਮ ਨੂੰ ਹਰਾਉਣ ਦੀ ਤਮੰਨਾ ਆਖਿਰ 56 ਸਾਲ
ਬਾਅਦ ਬੀਜਿੰਗ ਉਲੰਪਿਕ ਖੇਡਾਂ ਵਿਚ ਪੂਰੀ ਹੋਈ ਜਦੋਂ ਬਰਤਾਨੀਆ ਨੇ ਪਾਕਿਸਤਾਨ ਨੂੰ
4-2 ਨਾਲ ਹਰਾ ਦਿੱਤਾ। ਬਰਤਾਨੀਆ ਨੇ ਪਾਕਿਸਤਾਨੀ ਹਾਕੀ ਟੀਮ 'ਤੇ ਜਿੱਤ 1952 ਦੀਆਂ
ਹੈਲਸਿੰਕੀ ਖੇਡਾਂ ਦੇ ਵਿਚ 2-1 ਨਾਲ ਦਰਜ ਕੀਤੀ ਸੀ ਤੇ ਸਿਡਨੀ ਵਿਖੇ ਬਰਤਾਨੀਆ
ਪਾਕਿਸਤਾਨ ਹੱਥੋਂ 8-1 ਨਾਲ ਤੇ ਏਂਥਨਜ਼ ਉਲੰਪਿਕ ਦੇ ਵਿਚ ਬਰਤਾਨੀਆ 8-2 ਨਾਲ ਹਾਰਿਆ
ਸੀ ਤੇ ਆਖਿਰ ਇਸ ਦੀ ਜਿੱਤ ਦੀ ਇੱਛਾ ਬੀਜਿੰਗ ਉਲੰਪਿਕ ਖੇਡਾਂ ਦੇ ਵਿਚ ਪੂਰੀ ਹੋਈ।
ਜਤਿੰਦਰ ਕੁਮਾਰ ਪਹੁੰਚਿਆ ਕੁਆਰਟਰ ਫਾਈਨਲ 'ਚ
ਭਾਰਤ ਦੇ ਏਸ਼ੀਅਨ ਖੇਡਾਂ ਵਿਚ ਤਾਂਬੇ ਦਾ ਤਗਮਾ ਜਿੱਤਣ ਵਾਲੇ ਮੁੱਕੇਬਾਜ਼ ਜਤਿੰਦਰ
ਕੁਮਾਰ ਨੇ ਉਲੰਪਿਕ ਖੇਡਾਂ ਵਿਚ ਭਾਰਤ ਵੱਲੋਂ ਹੋਰ ਤਗਮਾ ਜਿੱਤੇ ਜਾਣ ਦੀ ਆਸ ਨੂੰ
ਬਹਾਲ ਰੱਖਿਆ ਹੈ ਜਦੋਂ ਅੱਜ ਉਸ ਨੇ ਫਲਾਈ ਵੇਟ ਪ੍ਰੀ-ਕੁਆਲੀਫਿਕੇਸ਼ਨ ਮੁਕਾਬਲੇ ਵਿਚ
ਆਪਣੇ ਤੁਰਕੀ ਦੇ ਵਿਰੋਧੀ ਉਲਾਸ ਟਰਕਨ ਮੈਮਿਸ ਨੂੰ 12-3 ਨਾਲ ਹਰਾ ਦਿੱਤਾ।
ਲੀਏਂਡਰ ਪੇਸ ਤੇ ਮਹੇਸ਼ ਭੂਪਤੀ ਤੋਂ ਆਸਾਂ ਅਜੇ ਬਾਕੀ
ਅੱਜ ਟੈਨਿਸ ਦੇ ਮਰਦਾਂ ਦੇ ਡਬਲਜ਼ ਦੇ ਖੇਡੇ ਗਏ ਪਹਿਲੇ ਰਾਊਂਡ ਦੇ ਮੁਕਾਬਲੇ ਵਿਚੋਂ
ਭਾਰਤ ਦੇ ਮਹੇਸ਼ ਭੂਪਤੀ ਤੇ ਲੀਏਂਡਰ ਪੇਸ ਦੀ ਜੋੜੀ ਨੇ ਫਰਾਂਸ ਤੋਂ ਗੀਲ ਮੰਨਫਿਲਸ ਤੇ
ਸੀਮੇਨ ਦੀ ਜੋੜੀ ਨੂੰ 6-3, 6-3 ਨਾਲ ਹਰਾ ਕੇ ਅਗਲੇ ਦੌਰ ਵਿਚ ਪ੍ਰਵੇਸ਼ ਕੀਤਾ।
ਮੁੱਕੇਬਾਜ਼ੀ ਦੇ ਫਲਾਈ ਵੇਟ ਵਿਚੋਂ ਭਾਰਤ ਦਾ ਵਿਜੇਂਦਰ ਕੁਮਾਰ ਟਰਕੀ ਤੇ ਯੂ. ਐਫ.
ਮੈਮਿਨ ਹੱਥੋਂ ਹਾਰ ਗਿਆ।
ਤੀਰ ਅੰਦਾਜ਼ੀ-ਉਲੰਪਿਕ ਗਰੀਨ ਤੀਰਅੰਦਾਜ਼ੀ ਫੀਲਡ ਵਿਚ ਖੇਡੇ ਗਏ ਮਹਿਲਾਵਾਂ ਦੇ
ਵਿਅਕਤੀਗਤ ਮੁਕਾਬਲੇ ਵਿਚ ਭਾਰਤ ਦੀ ਬੀ. ਐਲ. ਦੇਵੀ ਪੋਲੈਂਡ ਦੀ ਈਵੇਲਾ ਮਰਚਿਕਵਿੱਜ
ਹੱਥੋਂ 101-103 ਅੰਕ ਨਾਲ ਹਾਰ ਗਈ। ਇਸੇ ਮੁਕਾਬਲੇ ਵਿਚੋਂ ਕੈਨੇਡਾ ਦੀ ਮੈਰੀਪੀਰ
ਬਾਊਡੈਟ ਨੇ ਭਾਰਤ ਦੀ ਡੋਲ ਬੈਨਰਜ਼ੀ ਨੂੰ 10-8 ਨਾਲ ਹਰਾਇਆ। ਇਸੇ ਮੁਕਾਬਲੇ ਦੇ ਵਿਚੋਂ
ਕੋਰੀਆ ਦੀ ਸਿਲਧੂਨ ਕਵਾਉਨ ਨੇ ਭਾਰਤ ਦੀ ਪਰਨੀਤਾ ਵਰਧਾਨੀ ਨੂੰ 106-99 ਅੰਕਾਂ ਨਾਲ
ਹਰਾਇਆ।
ਰੋਇੰਗ-ਰੋਇੰਗ ਦੇ ਲਾਈਟ ਵੋਟ ਡਬਲਜ਼ ਸਕੇਲਜ਼ ਦੇ ਮੁਕਾਬਲੇ ਵਿਚੋਂ ਭਾਰਤ ਦੇ ਮਨਜੀਤ
ਸਿੰਘ ਤੇ ਦਵਿੰਦਰ ਖਾਡੇਵਾਲ ਦੀ ਜੋੜੀ ਕੁਆਲੀਫੀਕੇਸ਼ਨ ਫਾਰ ਫਾਈਨਲ ਰਾਊਂਡ ਦੇ ਵਿਚੋਂ
ਪੰਜਵੇਂ ਥਾਂ 'ਤੇ ਰਹੀ।
ਭਾਰਤੀ ਪਹਿਲਵਾਨਾਂ ਦੀ ਬੀਜਿੰਗ ਲਈ ਰਵਾਨਗੀ ਅੱਜ
ਪਟਿਆਲਾ, 12 ਅਗਸਤ -ਬੀਜਿੰਗ ਉਲੰਪਿਕ 'ਚ
ਹਿੱਸਾ ਲੈਣ ਲਈ ਭਾਰਤੀ ਪਹਿਲਵਾਨ ਭਲਕੇ ਦਿੱਲੀ ਤੋਂ ਰਵਾਨਾ ਹੋਣਗੇ। ਇਸ ਟੀਮ ਵਿਚ ਫਰੀ
ਸਟਾਈਲ ਕੁਸ਼ਤੀ ਦੇ ਤਿੰਨ ਪਹਿਲਵਾਨ ਰਾਜੀਵ ਤੋਮਰ 120 ਕਿਲੋ, ਯੋਗੇਸ਼ਵਰ ਦੱਤ 60 ਕਿਲੋ
ਤੇ ਸੁਨੀਲ ਕੁਮਾਰ 66 ਕਿਲੋ ਸ਼ਾਮਿਲ ਹਨ। ਇਸ ਟੀਮ ਨੇ ਪਿਛਲੇ ਦਿਨੀਂ ਕਿਊਬਾ ਵਿਖੇ ਇਕ
ਹਫਤੇ ਲਈ ਵਿਸ਼ੇਸ਼ ਸਿਖਲਾਈ ਲਈ ਸੀ ਅਤੇ ਬੀਤੇ ਕੱਲ੍ਹ ਐਨ.ਆਈ.ਐਸ. ਪਟਿਆਲਾ ਤੋਂ ਰਵਾਨਾ
ਹੋਈ ਸੀ।
ਸਾਨੀਆ ਜਖਮੀ ਹੋਣ ਕਾਰਣ ਉਲੰਪਿਕ ਵਿਚੋਂ ਬਾਹਰ
ਬੀਜਿੰਗ, 11 ਅਗਸਤ-ਭਾਰਤ
ਦੀ ਟੈਨਿਸ ਸਨਸਨੀ ਸਾਨੀਆ ਮਿਰਜ਼ਾ ਉਲੰਪਿਕ ਦੇ ਟੈਨਿਸ ਦੇ ਸਿੰਗਲਜ਼ ਵਰਗ ਦੇ ਪਹਿਲੇ
ਗੇੜ 'ਚੋਂ ਜਖ਼ਮੀ ਹੋਣ ਕਾਰਨ ਬਾਹਰ ਹੋ ਗਈ ਜਿਸ ਕਾਰਨ ਸਿੰਗਲਜ਼ ਟੈਨਿਸ 'ਚ ਔਰਤਾਂ ਦੇ
ਵਰਗ 'ਚੋਂ ਸਾਨੀਆ ਅਤੇ ਭਾਰਤ ਦੀ ਚੁਣੌਤੀ ਖਤਮ ਹੋ ਗਈ। ਪਹਿਲੇ ਗੇੜ ਦੇ ਚੈੱਕ ਗਣਰਾਜ
ਦੀ ਇਵੇਟਾ ਬੇਨੇਸੋਵਾ ਵਿਰੁੱਧ ਮੁਕਾਬਲੇ 'ਚ ਸਾਨੀਆ ਨੂੰ ਗੁੱਟ ਦੀ ਸੱਟ ਕਾਰਨ ਮੈਚ
ਤੋਂ ਹਟਣਾ ਪਿਆ।
ਚੀਨ ਖੇਡਾਂ 'ਚ ਸਭ ਤੋਂ ਅੱਗੇ
ਬੀਜਿੰਗ, 11 ਅਗਸਤ- ਉਲੰਪਿਕ ਤਗਮਾ
ਸੂਚੀ ਵਿਚ ਚੀਨ ਦਾ ਦਬਦਬਾ ਅੱਜ ਵੀ ਕਾਇਮ ਰਿਹਾ। ਚੀਨ ਨੇ 8 ਸੋਨੇ ਦੇ 3 ਚਾਂਦੀ ਦੇ
2 ਕਾਂਸੀ ਦੇ ਅਤੇ ਕੁੱਲ 14 ਤਗਮੇ ਹਾਸਲ ਕਰਕੇ ਪਹਿਲੇ ਥਾਂ 'ਤੇ ਆਪਣੀ ਮਜ਼ਬੂਤ ਪਕੜ
ਬਣਾਈ ਹੋਈ ਹੈ। ਕੋਰੀਆ ਨੇ 4 ਸੋਨੇ ਦੇ ਤੇ 4 ਚਾਂਦੀ ਦੇ ਤਗਮੇ ਤੇ ਕੁੱਲ 8 ਤਗਮੇ
ਹਾਸਲ ਕਰਕੇ ਦੂਜੀ ਤੇ ਅਮਰੀਕਾ ਨੇ 3 ਸੋਨੇ ਦੇ 4 ਚਾਂਦੀ ਦੇ ਤੇ 5 ਕਾਂਸੀ ਦੇ ਤਗਮੇ
ਸਮੇਤ 12 ਕੁੱਲ ਤਗਮੇ ਹਾਸਲ ਕਰਕੇ ਤੀਜੀ ਪੁਜੀਸ਼ਨ ਹਾਸਲ ਕਰਨ 'ਚ ਸਫਲਤਾ ਪ੍ਰਾਪਤ ਕੀਤੀ
ਹੈ। ਇਸ ਤੋਂ ਇਲਾਵਾ ਇਟਲੀ ਦੀ ਮਰਦਾਂ ਦੀ ਤੀਰਅੰਦਾਜ਼ੀ ਟੀਮ ਬੀਜਿੰਗ ਉਲੰਪਿਕ ਖੇਡਾਂ
ਵਿਚ ਚਾਂਦੀ ਦਾ ਤਗਮਾ ਜਿੱਤ ਕੇ ਹੁਣ ਤੱਕ ਦੇ ਉਲੰਪਿਕ ਦੇ ਖੇਡ ਇਤਿਹਾਸ ਦੇ ਵਿਚ
500ਵਾਂ ਤਗਮਾ ਜਿੱਤ ਕੇ ਰਿਕਾਰਡ ਕਾਇਮ ਕੀਤਾ ਹੈ। ਬੀਜਿੰਗ ਉਲੰਪਿਕ ਖੇਡਾਂ ਦੇ ਵਿਚ
ਅੱਜ 9 ਨਵੇਂ ਉਲੰਪਿਕ ਰਿਕਾਰਡ ਤੇ 5 ਨਵੇਂ ਵਿਸ਼ਵ ਰਿਕਾਰਡ ਬਣੇ। ਤੈਰਾਕੀ ਦੇ ਵਿਚ
ਜਿੰਮਬਾਬਵੇ ਦੀ ਮਹਿਲਾ ਤੈਰਾਕ ਨੇ 100 ਮੀਟਰ ਬੈਕਸਟਰੋਕ ਵਿਚ 58.77 ਸੈਕਿੰਡ ਨਾਲ
ਨਵਾਂ ਉਲੰਪਿਕ ਰਿਕਾਰਡ ਤੇ ਵਿਸ਼ਵ ਰਿਕਾਰਡ ਕਾਇਮ ਕੀਤਾ। ਜਾਪਾਨ ਦੇ ਕ੍ਰਿਸਟੀ ਕਵੈਟਰੀ
ਨੇ ਮਰਦਾਂ ਦੇ 100 ਮੀਟਰ ਬੈਕ ਸਟਰੋਕ ਵਿਚ 58.91 ਸੈਕਿੰਡ ਸਮਾਂ ਕੱਢ ਕੇ ਨਵਾਂ
ਉਲੰਪਿਕ ਰਿਕਾਰਡ ਤੇ ਵਿਸ਼ਵ ਰਿਕਾਰਡ ਕਾਇਮ ਕੀਤਾ। ਆਸਟਰੇਲੀਆ ਦੇ ਸਟਾਕਲ ਹੈਡਨ ਨੇ
110 ਮੀਟਰ ਬੈਕਸਟਰੋਕ ਮੁਕਾਬਲੇ ਵਿਚ 52.97 ਸੈਕਿੰਡ ਸਮਾਂ ਕੱਢ ਕੇ ਨਵਾਂ ਉਲੰਪਿਕ
ਰਿਕਾਰਡ ਕਾਇਮ ਕੀਤਾ। ਆਸਟਰੇਲੀਆ ਦੇ ਸੁਲੀਵਨ ਈਮੇਨ ਨੇ ਮਰਦਾਂ ਦੇ 100 ਮੀਟਰ ਫ੍ਰੀ
ਸਟਾਈਲ ਮੁਕਾਬਲੇ ਵਿਚੋਂ 47.24 ਸੈਕਿੰਡ ਸਮਾਂ ਕੱਢ ਕੇ ਨਵਾਂ ਵਿਸ਼ਵ ਰਿਕਾਰਡ ਕਾਇਮ
ਕੀਤਾ। ਅਮਰੀਕਾ ਦੀ ਮਰਦਾਂ ਦੀ ਤੈਰਾਕੀ ਟੀਮ ਨੇ 4ਘ100 ਮੀਟਰ ਫ੍ਰੀ ਸਟਾਈਲ ਰੀਲੇਅ
ਮੁਕਾਬਲੇ 'ਚ 3.08.24 ਸੈਕਿੰਡ ਸਮਾਂ ਕੱਢ ਕੇ ਨਵਾਂ ਵਿਸ਼ਵ ਰਿਕਾਰਡ ਤੇ ਉਲੰਪਿਕ
ਰਿਕਾਰਡ ਕਾਇਮ ਕੀਤਾ। ਆਸਟਰੇਲੀਆ ਦੇ ਈਮੋਨ ਸੁਲੀਵਨ ਨੇ 100 ਮੀਟਰ ਫ੍ਰੀ ਸਟਾਈਲ
ਮੁਕਾਬਲੇ ਵਿਚ 47.24 ਸੈਕਿੰਡ ਸਮਾਂ ਕੱਢ ਕੇ ਨਵਾਂ ਉਲੰਪਿਕ ਰਿਕਾਰਡ ਕਾਇਮ ਕੀਤਾ।
ਇਟਲੀ ਦਾ ਮਹਿਲਾ ਤੈਰਾਕ ਨੇ 200 ਮੀਟਰ ਫ੍ਰੀ ਸਟਾਈਲ ਮੁਕਾਬਲੇ 'ਚ 1.55.45 ਸੈਕਿੰਡ
ਨਾਲ ਨਵਾਂ ਉਲੰਪਿਕ ਤੇ ਵਿਸ਼ਵ ਰਿਕਾਰਡ ਕਾਇਮ ਕੀਤਾ। ਵੇਟਲਿਫਟਿੰਗ ਵਿਚੋਂ ਚੀਨ ਦੀ
ਚੇਨ ਜਿਆਂਗ ਨੇ ਔਰਤਾਂ ਦੇ 58 ਕਿਲੋ ਭਾਰ ਵਰਗ ਵਿਚੋਂ ਕਲੀਨ ਐਂਡ ਜਰਕ ਵਿਚ 138 ਕਿਲੋ
ਤੇ ਕੁੱਲ ਭਾਰ 244 ਕਿਲੋ ਚੁੱਕ ਕੇ ਨਵੇਂ ਉਲੰਪਿਕ ਰਿਕਾਰਡ ਕਾਇਮ ਕੀਤੇ। ਤੀਰਅੰਦਾਜ਼ੀ
ਵਿਚ ਕੋਰੀਆ ਦੀ ਮਰਦਾਂ ਦੀ ਟੀਮ ਨੇ 24 ਐਰੋ ਦੇ ਵਿਚ 227 ਅੰਕ ਹਾਸਲ ਕਰਕੇ ਨਵਾਂ
ਉਲੰਪਿਕ ਰਿਕਾਰਡ ਕਾਇਮ ਕੀਤਾ।
ਇਕ ਉਮੀਦ ਦੀ ਕਿਰਨ ਹੋਰ ਭਾਰਤ ਦੇ ਅਭਿਨਵ ਬਿੰਦਰਾ ਵੱਲੋਂ ਸੋਨ ਤਗਮਾ ਜਿੱਤੇ ਜਾਣ
ਉਪਰੰਤ ਭਾਰਤੀ ਬੈਡਮਿੰਟਨ ਦੀ 'ਵੰਡਰ ਗਰਲ' ਵਜੋਂ ਜਾਣੀ ਜਾਂਦੀ ਸਾਇਨਾ ਨੇਹਵਾਲ ਨੇ
ਭਾਰਤ ਲਈ ਇਕ ਹੋਰ ਮੈਡਲ ਦੀ ਆਸ ਉਸ ਵੇਲੇ ਜਗਾ ਦਿੱਤੀ ਜਦੋਂ ਅੱਜ ਉਹ ਵਿਸ਼ਵ ਦੀ
15ਵੇਂ ਨੰਬਰ ਦੀ ਬੈਡਮਿੰਟਨ ਖਿਡਾਰੀ ਹਾਂਗਕਾਂਗ ਦੀ ਵਾਂਗ ਚੇਨ ਨੂੰ 21-19, 11-21
ਅਤੇ 21-11 ਅੰਕਾਂ ਨਾਲ ਹਰਾਉਣ ਵਿਚ ਸਫਲ ਰਹਿ ਕੇ ਕੁਆਰਟਰ ਫਾਈਨਲ ਵਿਚ ਪਹੁੰਚ ਗਈ।
ਸਾਇਨਾ ਨੇਹਵਾਲ ਹੁਣ ਨਿੱਜੀ ਬੈਡਮਿੰਟਨ ਮੁਕਾਬਲੇ ਦੀਆਂ 8 ਅੰਤਿਮ ਖਿਡਾਰਨਾਂ ਵਿਚ
ਸ਼ਾਮਿਲ ਹੋ ਗਈ ਹੈ।
ਅਭਿਨਵ ਬਿੰਦਰਾ ਨੇ ਰਚਿਆ ਇਤਿਹਾਸ
ਭਾਰਤ ਨੂੰ ਉਲੰਪਿਕ ਦੇ ਇਤਿਹਾਸ ਵਿਚ ਜਿਤਾਇਆ ਪਹਿਲਾ ਸੋਨ ਤਗਮਾ

ਬੀਜਿੰਗ, 11 ਅਗਸਤ-ਵਿਸ਼ਵ
ਚੈਂਪੀਅਨ ਅਭਿਨਵ ਬਿੰਦਰਾ ਨੇ ਸੋਮਵਾਰ ਨੂੰ ਬੀਜਿੰਗ ਉਲੰਪਿਕ ਖੇਡਾਂ ਵਿਚ ਇਤਿਹਾਸ
ਰਖਦਿਆਂ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿਚ ਭਾਰਤ ਲਈ ਪਹਿਲਾ ਵਿਅਕਤੀਗਤ ਸੋਨ ਦਾ
ਤਗਮਾ ਜਿੱਤਿਆ। ਉਲੰਪਿਕ ਖੇਡਾਂ ਦੇ ਇਤਿਹਾਸ ਵਿਚ ਭਾਰਤ ਦਾ ਇਹ ਪਹਿਲਾ ਵਿਅਕਤੀਗਤ
ਸੋਨ ਤਗਮਾ ਹੈ। 25 ਸਾਲਾ ਇਸ ਭਾਰਤੀ ਨੇ ਕਰੀਬੀ ਮੁਕਾਬਲੇ ਵਿਚ 700.5 ਅੰਕਾਂ (596,
104.5) ਦੇ ਨਾਲ ਸੋਨਾ ਦਾ ਤਗਮਾ ਜਿੱਤਿਆ। ਇਸ ਤੋਂ ਪਹਿਲਾਂ 2004 ਏਥਨਜ਼ ਉਲੰਪਿਕ
ਵਿਚ ਰਾਜਵਰਧਨ ਸਿੰਘ ਰਾਠੌੜ ਨੇ ਡਬਲ ਟਰੈਪ ਵਿਚ ਭਾਰਤ ਲਈ ਪਹਿਲੀ ਵਿਅਕਤੀਗਤ ਚਾਂਦੀ
ਦਾ ਤਗਮਾ ਜਿੱਤਿਆ ਸੀ। ਖੇਡ ਰਤਨ ਪੁਰਸਕਾਰ ਨਾਲ ਸਨਮਾਨਿਤ ਬਿੰਦਰਾ ਨੇ ਇਸ ਤੋਂ ਪਹਿਲਾਂ
2002 ਕਾਮਨਵੈਲਥ ਖੇਡਾਂ ਵਿਚ ਟੀਮ ਮੁਕਾਬਲੇ ਵਿਚ ਸੋਨੇ ਦਾ ਅਤੇ ਵਿਅਕਤੀਗਤ ਮੁਕਾਬਲੇ
ਵਿਚ ਕਾਂਸੀ ਦਾ ਤਗਮਾ ਜਿੱਤਿਆ ਸੀ।
ਇਸ ਤੋਂ ਪਹਿਲਾਂ ਗਗਨ ਨਾਰੰਗ ਇਸ ਮੁਕਾਬਲੇ ਦੇ ਫਾਈਨਲ ਵਿਚ ਪਹੁੰਚਣ ਤੋਂ ਰਹਿ ਗਿਆ
ਸੀ। ਉਹ 600 ਵਿਚੋਂ 595 ਅੰਕ ਹਾਸਿਲ ਕਰਕੇ 9ਵੇਂ ਸਥਾਨ 'ਤੇ ਰਿਹਾ ਸੀ।
ਮਹਿਲਾ ਤੀਰਅੰਦਾਜ਼ੀ 'ਚ ਭਾਰਤ ਦੀ ਟੀਮ ਉਲੰਪਿਕ ਵਿਚੋਂ ਬਾਹਰ
ਬੀਜਿੰਗ-ਭਾਰਤ ਦੀ ਮਹਿਲਾ
ਤੀਰ ਨਿਸ਼ਾਨਚੀਆਂ ਨੇ ਬੀਜਿੰਗ ਉਲੰਪਿਕ 'ਚ ਤਗਮਾ ਜਿੱਤਣ ਦਾ ਮੌਕਾ ਗੁਆ ਲਿਆ ਹੈ।
ਕੁਆਰਟਰ ਫਾਈਨਲ 'ਚ ਚੀਨ ਹੱਥੋਂ ਹੋਈ ਹਾਰ ਸਦਕਾ ਭਾਰਤੀ ਟੀਮ ਦੀ ਚੁਣੌਤੀ ਖਤਮ ਹੋ ਗਈ
ਹੈ। ਚੀਨ ਨੇ ਭਾਰਤੀ ਟੀਮ ਨੂੰ 211-209 ਨਾਲ ਹਰਾਕੇ ਸੈਮੀਫਾਈਨਲ 'ਚ ਥਾਂ ਪੱਕੀ ਕੀਤੀ।
ਭਾਰਤੀ ਟੀਮ 'ਚ ਡੋਲਾ ਬੈਨਰਜੀ, ਬੀ. ਦੇਵੀ ਅਤੇ ਵੀ. ਪ੍ਰਣੀਤਾ ਸ਼ਾਮਿਲ ਸਨ। ਇਕ ਹੋਰ
ਮੁਕਾਬਲੇ 'ਚ ਦੱਖਣੀ ਕੋਰੀਆ ਨੇ ਵਿਸ਼ਵ ਰਿਕਾਰਡ ਨਾਲ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ।
ਕੋਰੀਆ ਦੀ ਟੀਮ ਨੇ ਕੁੱਲ 240 ਅੰਕਾਂ ਵਿਚੋਂ 231 ਅੰਕ ਪ੍ਰਾਪਤ ਕੀਤੇ। ਬਰਤਾਨੀਆ ਅਤੇ
ਫਰਾਂਸ ਦੀਆਂ ਟੀਮਾਂ ਵੀ ਸੈਮੀਫਾਈਨਲ 'ਚ ਪਹੁੰਚ ਚੁੱਕੀਆਂ ਹਨ।
ਭਾਰਤੀ ਮੁੱਕੇਬਾਜ਼ਾਂ ਅਜੇ ਆਸਾਂ ਹਨ
ਭਾਵੇਂ ਭਾਰਤੀ ਨਿਸ਼ਾਨੇਬਾਜ਼ਾਂ ਨੇ
ਨਿਰਾਸ਼ ਕੀਤਾ ਹੈ ਪਰ ਭਾਰਤੀ ਮੁੱਕੇਬਾਜ਼ਾਂ ਤੋਂ ਆਸ ਬਾਕੀ ਹੈ। ਭਾਰਤੀ ਮੁੱਕੇਬਾਜ਼
ਵਿਜੇਂਦਰ ਕੁਮਾਰ ਨੇ 75 ਕਿਲੋਗ੍ਰਾਮ ਭਾਰ ਵਰਗ 'ਚ ਜਾਂਬੀਆ ਦੇ ਮੁੱਕੇਬਾਜ਼ ਜੈਕ ਬਦਊ
ਨੂੰ ਪਹਿਲੇ ਗੇੜ 'ਚ 13 ਅੰਕਾਂ ਨਾਲ ਹਰਾਇਆ। 22 ਸਾਲਾ ਵਿਜੇਂਦਰ ਤੋਂ ਭਾਰਤ ਨੂੰ ਆਸ
ਹੈ, ਉਸਨੇ ਏਸ਼ੀਆਈ ਖੇਡਾਂ 'ਚ ਵੀ ਚਾਂਦੀ ਦਾ ਤਗਮਾ ਜਿੱਤਿਆ ਸੀ। ਉਸਦਾ ਅਗਲਾ ਮੁਕਾਬਲਾ
2002 ਬੁਸਾਨ ਏਸੀਅਨ ਖੇਡਾਂ 'ਚ ਸੋਨੇ ਦਾ ਤਗਮਾ ਜਿੱਤਣ ਵਾਲੇ ਥਾਈਲੈਂਡ ਦੇ ਅੰਗਖਾਨ
ਚੋਮਫੁਹੂਆਂਗ ਨਾਲ ਹੈ। 81 ਕਿਲੋਗ੍ਰਾਮ ਵਰਗ 'ਚ ਮੁੱਕੇਬਾਜ ਦਿਨੇਸ਼ ਅਲਜੀਰੀਆ ਦੇ
ਅਬਦੁੱਲ ਹਫੀਜ਼ ਤੋਂ ਹਾਰ ਗਿਆ।
ਜਦੋਂ ਚੀਨ ਦੇ ਮੀਂਹ ਰੋਕਣ ਵਾਲੇ ਰਾਕੇਟ ਕੁਝ ਵੀ ਨਾ ਕਰ ਸਕੇ
ਬੀਜਿੰਗ-ਉਲੰਪਿਕ ਖੇਡਾਂ
'ਚ ਕੋਈ ਰੁਕਾਵਟ ਨਾ ਆਵੇ, ਇਸ ਲਈ ਚੀਨ ਨੇ ਹਜ਼ਾਰਾਂ ਰਾਕੇਟ ਛੱਡੇ, ਪਰ ਇਹ ਐਤਵਾਰ
ਸਵੇਰੇ ਬੇਅਸਰ ਨਜ਼ਰ ਆਏ। ਐਤਵਾਰ ਸਵੇਰੇ ਮੀਂਹ ਪਿਆ, ਜਿਸ ਕਾਰਨ ਉਲੰਪਿਕ ਦੇ ਕੁੱਝ
ਪ੍ਰੋਗਰਾਮ ਰੁੱਕੇ। ਟੇਨਿਸ ਮੁਕਾਬਲਿਆਂ ਨੂੰ ਮੀਂਹ ਕਾਰਨ ਰੋਕਣਾ ਪਿਆ। ਮੀਂਹ ਜ਼ਿਆਦਾ
ਨਾ ਹੋਣ ਕਾਰਨ ਪ੍ਰਬੰਧਕਾਂ ਨੇ ਸੁੱਖ ਦਾ ਸਾਹ ਲਿਆ। ਚੀਨੀ ਮੌਸਮ ਵਿਭਾਗ ਦੇ ਮੁਖੀ
ਗੁਆ ਹੂਆ ਨੇ ਦੱਸਿਆ ਕਿ ਮੀਂਹ ਰੋਕਣ ਲਈ ਸ਼ੁਕਰਵਾਰ ਨੂੰ ਬੀਜਿੰਗ ਦੇ 21 ਇਲਾਕਿਆਂ 'ਚ
1104 ਰਾਕਟ ਦਾਗੇ ਗਏ ਸਨ।
ਹਾਕੀ ਦੇ ਮੁਕਾਬਲੇ ਅੱਜ ਤੋਂ ਸ਼ੁਰੂ
ਬੀਜਿੰਗ, 10 ਅਗਸਤ-29ਵੀਆਂ
ਬੀਜਿੰਗ ਉਲੰਪਿਕ ਖੇਡਾਂ ਵਿਚ ਹਾਕੀ ਦੇ ਮੁਕਾਬਲੇ ਅੱਜ ਤੋਂ ਬੀਜਿੰਗ ਦੇ ਉਲੰਪਿਕ
ਗਰੀਨ ਹਾਕੀ ਸਟੇਡੀਅਮ ਵਿਚ ਸ਼ੁਰੂ ਹੋ ਰਹੇ ਹਨ। ਇਸ ਸਾਲ ਬੀਜਿੰਗ ਵਿਚ ਹਾਕੀ ਦੀ
100ਵੀਂ ਵਰ੍ਹੇਗੰਢ ਵੀ ਐਫ. ਆਈ. ਐਚ. ਵੱਲੋਂ ਮਨਾਈ ਜਾ ਰਹੀ ਹੈ। ਪਰ ਅੱਠ ਵਾਰੀ ਸੋਨ
ਤਗਮਾ ਜਿੱਤਣ ਵਾਲਾ ਭਾਰਤ ਇਸ ਵਾਰੀ ਹਾਕੀ ਦੇ ਖੇਡ ਇਤਿਹਾਸ ਤੋਂ ਗਾਇਬ ਹੈ।
ਉਲੰਪਿਕ 'ਚ 6 ਦਸਤਾਰਧਾਰੀ ਬਣੇ 'ਕੌਮੀ ਦੂਤ'

ਵੈਨਕੂਵਰ, 9 ਅਗਸਤ (ਪ੍ਰੋ.
ਗੁਰਵਿੰਦਰ ਸਿੰਘ ਧਾਲੀਵਾਲ)-2008 ਦੀਆਂ ਬੀਜਿੰਗ ਉਲੰਪਿਕ ਖੇਡਾਂ ਬਹੁਤ ਹੀ
ਧੂਮ-ਧੜੱਕੇ ਨਾਲ ਸ਼ੁਰੂ ਹੋ ਗਈਆਂ ਹਨ। 45 ਅਰਬ ਡਾਲਰ ਤੋਂ ਵੀ ਵੱਧ ਖਰਚੇ ਨਾਲ ਨੇਪਰੇ
ਚੜ੍ਹਨ ਵਾਲੀਆਂ ਇਨ੍ਹਾਂ ਖੇਡਾਂ ਦੀ ਸ਼ੁਰੂਆਤ ਮੌਕੇ ਸਾਰਾ ਬੀਜਿੰਗ ਸ਼ਹਿਰ ਹੀ ਆਤਿਸ਼ਬਾਜ਼ੀ
ਦੇ ਰੰਗ 'ਚ ਰੰਗਿਆ ਗਿਆ। ਬੀਜਿੰਗ ਉਲੰਪਿਕ 'ਚ ਪੁੱਜੇ ਕੈਨੇਡੀਅਨ ਅਥਲੀਟਾਂ 'ਚੋਂ ਸਭ
ਤੋਂ ਵੱਧ ਧਿਆਨ ਦਸਤਾਰਧਾਰੀ ਖਿਡਾਰੀਆਂ ਨੇ ਖਿੱਚਿਆ। ਹਾਕੀ ਖਿਡਾਰੀ ਬਿੰਦੀ ਕੁਲਾਰ,
ਰਵੀ ਕਾਹਲੋਂ, ਰੰਜੀਵ ਦਿਓਲ, ਸੁਖਵਿੰਦਰ ਸਿੰਘ ਗੱਬਰ, ਹਾਕੀ ਕੋਚ ਹਰਗੁਰਨੇਕ ਸਿੰਘ
ਸੰਧੂ ਅਤੇ ਵੇਟ ਲਿਫਟਰ ਜਸਵੀਰ ਸਿੰਘ ਨੇ ਲਾਲ ਦਸਤਾਰਾਂ ਸਜਾਈਆਂ। ਪੱਤਰਕਾਰਾਂ ਵੱਲੋਂ
ਜਦੋਂ ਇਹ ਪੁੱਛਿਆ ਗਿਆ ਕਿ ਕੀ ਉਹ ਕੈਨੇਡਾ ਦੀ ਟੀਮ ਦੇ ਖਿਡਾਰੀ ਹਨ ਜਾਂ ਇੰਡੀਆ ਦੀ
ਟੀਮ ਦੇ, ਜਿਵੇਂ ਕਿ ਉਨ੍ਹਾਂ ਪੱਗਾਂ ਬੰਨ੍ਹੀਆਂ ਹਨ ਤਾਂ ਇਸ ਦੇ ਜਵਾਬ ਵਿਚ ਰਵੀ
ਕਾਹਲੋਂ ਨੇ ਕਿਹਾ ਕਿ ਮੇਰਾ ਮਕਸਦ ਸਿੱਖ ਪਛਾਣ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਚੈਲਿੰਜ
ਕਰਨਾ ਹੈ। ਇਹੀ ਤਾਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਪੱਗ ਸਿੱਖਾਂ ਦੀ ਪਛਾਣ ਹੈ,
ਇੰਡੀਆ ਦੀ ਨਹੀਂ ਅਤੇ ਕੈਨੇਡੀਅਨ ਸਿੱਖ ਮਾਣ ਨਾਲ ਪੱਗ ਬੰਨ੍ਹ ਸਕਦੇ ਹਨ। ਪੱਗ ਸਿੱਖਾਂ
ਦਾ ਧਾਰਮਿਕ ਚਿੰਨ੍ਹ ਹੈ ਨਾ ਕਿ ਇੰਡੀਆ ਦਾ ਕੌਮੀ ਚਿੰਨ੍ਹ। ਇਕ ਕੈਨੇਡੀਅਨ ਹੋਣ ਨਾਤੇ
ਉਹ ਕਦੇ ਵੀ ਕੋਈ ਇੰਡੀਅਨ ਚਿੰਨ੍ਹ ਨਹੀਂ ਪਹਿਨੇਗਾ ਪਰ ਇਕ ਸਿੱਖ ਕੈਨੇਡੀਅਨ ਹੋਣ ਦੇ
ਨਾਤੇ ਉਹ ਪੱਗ ਬੰਨ੍ਹ ਕੇ ਮਾਰਚ ਪਾਸਟ 'ਚ ਹਿੱਸਾ ਲੈ ਰਿਹਾ ਹੈ, ਬਿਲਕੁਲ ਉਵੇਂ ਜਿਵੇਂ
ਇਕ ਈਸਾਈ ਕੈਨੇਡੀਅਨ ਕਰਾਸ ਪਾ ਕੇ ਚੱਲ ਰਿਹਾ ਹੈ। ਰਵੀ ਕਾਹਲੋਂ ਨੇ ਕਿਹਾ ਕਿ ਮੇਰੇ
ਪਿਤਾ ਜਦ 1970 ਵਿਚ ਕੈਨੇਡਾ ਆਏ ਤਾਂ ਕੰਮ ਲਈ ਉਨ੍ਹਾਂ ਨੂੰ ਆਪਣੇ ਵਾਲ ਕਟਵਾਉਣੇ ਪਏ
ਪਰ ਹੁਣ ਸਾਡੀ ਮਰਜ਼ੀ ਹੈ, ਸਾਡੇ ਵੱਲੋਂ ਪੱਗ ਬੰਨ੍ਹਣਾ ਜਾਂ ਨਾ ਬੰਨ੍ਹਣਾ ਕਿਸੇ ਦੀ
ਜ਼ਿੰਦਗੀ ਨੂੰ ਪ੍ਰਭਾਵਿਤ ਨਹੀਂ ਕਰਦਾ। ਟੀਮ ਦੇ ਕਪਤਾਨ ਰੌਬਰਟ ਸ਼ੌਰਟ ਨੇ ਉਤਸ਼ਾਹਜਨਕ
ਟਿੱਪਣੀ ਕਰਦਿਆਂ ਕਿਹਾ ਕਿ ਸਾਥੀ ਖਿਡਾਰੀਆਂ ਵੱਲੋਂ ਦਸਤਾਰ ਸਜਾ ਕੇ ਮਾਰਚ ਪਾਸਟ 'ਚ
ਸ਼ਾਮਿਲ ਹੋਣ 'ਤੇ ਉਸ ਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ। ਸਿੱਖਾਂ ਨੇ ਇਸ ਟੀਮ ਲਈ
15,000 ਡਾਲਰ ਇਕੋ ਦਿਨ ਇਕੱਠੇ ਕਰਕੇ ਦਿੱਤੇ, ਇਸ ਲਈ ਸਿੱਖ ਖਿਡਾਰੀਆਂ ਵੱਲੋਂ
ਉਲੰਪਿਕ ਖੇਡ ਸਮਾਗਮ 'ਚ ਦਸਤਾਰਾਂ ਬੰਨ੍ਹ ਕੇ ਸ਼ਾਮਿਲ ਹੋਣ ਦੇ ਲਏ ਫੈਸਲੇ 'ਤੇ ਕਿੰਤੂ
ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਧਰ ਕੈਨੇਡੀਅਨ ਹਾਕੀ ਟੀਮ ਦੇ ਸਹਾਇਕ ਕੋਚ
ਹਰਗੁਰਨੇਕ ਸਿੰਘ ਨੇਕੀ ਸੰਧੂ ਨੇ ਕਿਹਾ ਕਿ ਉਨ੍ਹਾਂ 1986 ਵੇਲੇ ਉਲੰਪਿਕ 'ਚ 'ਜੂੜਾ'
ਬੰਨ੍ਹ ਕੇ ਮੈਚ ਖੇਡੇ ਸਨ, ਚਾਹੇ ਇਸ ਸਮੇਂ ਉਹ ਜਾਂ ਹਾਕੀ ਖਿਡਾਰੀ ਜੂੜਿਆਂ ਵਾਲੇ ਨਹੀਂ,
ਪਰ ਇਸ ਦੇ ਬਾਵਜੂਦ ਸਿੱਖੀ ਸ਼ਾਨ ਦੇ ਕੌਮਾਂਤਰੀ ਪੱਧਰ 'ਤੇ ਚੰਗੇ ਪ੍ਰਗਟਾਵੇ ਅਤੇ
ਦਸਤਾਰ ਬਾਰੇ ਫਰਾਂਸ ਆਦਿ 'ਚ ਲੱਗੀਆਂ ਪਾਬੰਦੀਆਂ 'ਤੇ ਪੈਦਾ ਕੀਤੀਆਂ ਗਈਆਂ
ਗਲਤ-ਫਹਿਮੀਆਂ ਨੂੰ ਦੂਰ ਕਰਨ ਲਈ ਉਨ੍ਹਾਂ ਸੰਸਾਰ ਨੂੰ ਪੱਗ ਦਾ ਮਹੱਤਵ ਦੱਸਣ ਲਈ ਇਹ
ਰਾਹ ਚੁਣਿਆ ਹੈ। ਬੀਜਿੰਗ ਤੋਂ ਗੱਲਬਾਤ ਕਰਦਿਆਂ ਰਵੀ ਕਾਹਲੋਂ ਨੇ ਦੱਸਿਆ ਕਿ ਦਸਤਾਰਾਂ
ਬੰਨ੍ਹ ਕੇ ਜਦ ਉਹ ਟਰੈਕ 'ਤੇ ਤੁਰ ਰਹੇ ਸਨ ਤਾਂ ਬਹੁਤ ਮਾਣ ਮਹਿਸੂਸ ਕਰ ਰਹੇ ਸਨ।
ਕਿਸੇ ਨੇ ਵੀ ਸਾਡੇ ਬਾਰੇ ਕੋਈ ਟੀਕਾ-ਟਿੱਪਣੀ ਨਹੀਂ ਕੀਤੀ ਸਗੋਂ ਬਹੁਤ ਸਾਰੇ ਲੋਕਾਂ
ਨੇ ਆਣ ਕੇ ਸਾਡੇ ਨਾਲ ਤਸਵੀਰਾਂ ਖਿਚਵਾਈਆਂ। ਹੋਰ ਵੀ ਖੁਸ਼ੀ ਦੀ ਗੱਲ ਹੈ ਕਿ ਕੈਨੇਡਾ
ਦੀ ਤਰਫੋਂ ਵੇਟ ਲਿਫਟਿੰਗ 'ਚ ਭਾਗ ਲੈਣ ਵਾਲਾ ਭਾਰਤੋਲਕ ਜਸਵੀਰ ਸਿੰਘ ਵੀ ਮਾਰਚ ਪਾਸਟ
ਵਿਚ ਲਾਲ ਦਸਤਾਰ ਸਜਾ ਕੇ ਸ਼ਾਮਿਲ ਹੋਇਆ।
ਬੀਜਿੰਗ ਉਲੰਪਿਕ ਧੂਮ ਧੜੱਕੇ ਨਾਲ ਸ਼ੁਰੂ
ਚੀਨ ਨੇ ਆਪਣੀ ਤਕਨਾਲੋਜੀ ਨਾਲ ਖੇਡਾਂ ਦੇ ਉਦਘਾਟਨੀ ਸਮਾਗਮ ਨੂੰ ਚਾਰ ਚੰਨ ਲਾਏ

ਬੀਜਿੰਗ, 8 ਅਗਸਤ-ਚੀਨ
ਦੀ ਰਾਜਧਾਨੀ ਬੀਜਿੰਗ ਵਿਖੇ 29ਵੀਆਂ ਉਲੰਪਿਕ ਖੇਡਾਂ ਧੂਮ ਧੜੱਕੇ ਨਾਲ ਸ਼ੁਰੂ ਹੋ ਗਈਆਂ
ਹਨ। ਇਨ੍ਹਾਂ ਖੇਡਾਂ ਦੇ ਮਹਾਕੁੰਭ ਦੇ ਉਦਘਾਟਨੀ ਸਮਾਗਮ ਵਿਚ ਜਿਥੇ ਚੀਨ ਨੇ ਆਪਣੀ
ਨਿਵੇਕਲੀ ਤਕਨਾਲੋਜੀ ਨਾਲ ਚਾਰ ਚੰਨ ਲਾਏ, ਉਥੇ ਵਿਸ਼ਵ ਭਰ ਵਿਚ ਅਰਬਾਂ ਲੋਕਾਂ ਨੇ
ਇਨ੍ਹਾਂ ਖੇਡਾਂ ਦੇ ਉਦਘਾਟਨੀ ਸਮਾਗਮ ਦੀ ਆਨੰਦ ਮਾਣਿਆ। ਉਦਘਾਟਨੀ ਸਮਾਰੋਹ ਨੂੰ ਚਾਰ
ਚੰਨ ਲਾਉਣ ਦੀ ਇੱਛਾ ਨਾਲ ਤਿਆਰ ਕੀਤੇ ਗਏ ਚਿੜੀ ਦੇ ਆਲ੍ਹਣੇ ਨੁਮਾ ਨੈਸ਼ਨਲ ਸਟੇਡੀਅਮ
'ਚ ਰੰਗਾ-ਰੰਗ ਸਮਾਰੋਹ ਦੌਰਾਨ ਇਨ੍ਹਾਂ ਖੇਡਾਂ ਦਾ ਆਰੰਭ ਹੋਇਆ। ਦੁਨੀਆ ਭਰ ਦੇ ਚੋਟੀ
ਦੇ ਨੇਤਾਵਾਂ, ਖਿਡਾਰੀਆਂ ਅਤੇ ਅਹਿਮ ਸ਼ਖਸੀਅਤਾਂ ਦੀ ਹਾਜ਼ਰੀ 'ਚ ਤਕਰੀਬਨ 15 ਹਜ਼ਾਰ
ਕਲਾਕਾਰਾਂ ਵੱਲੋਂ ਪੇਸ਼ ਕੀਤੇ ਗਏ ਰੰਗਾ-ਰੰਗ ਪ੍ਰੋਗਰਾਮ ਨੇ ਸਾਰੇ ਵਿਸ਼ਵ ਦੇ ਸਰੋਤਿਆਂ
ਦਾ ਮਨ ਮੋਹ ਲਿਆ। ਇਸ ਸਮਾਰੋਹ 'ਚ ਅਮਰੀਕਾ ਦੇ ਰਾਸ਼ਟਰਪਤੀ ਜਾਰਜ ਬੁਸ਼, ਚੀਨ ਦੇ
ਰਾਸ਼ਟਰਪਤੀ ਹੂ ਜਿੰਤਾਓ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸਮੇਤ 80 ਦੇਸ਼ਾਂ ਦੇ
ਨੇਤਾਵਾਂ ਨੇ ਸ਼ਿਰਕਤ ਕੀਤੀ। ਭਾਰਤ ਵੱਲੋਂ ਕਾਂਗਰਸ ਪਾਰਟੀ ਦੀ ਪ੍ਰਧਾਨ ਅਤੇ ਸਾਂਝੇ
ਪ੍ਰਗਤੀਸ਼ੀਲ ਗਠਜੋੜ ਸਰਕਾਰ ਦੀ ਚੇਅਰਪਰਸਨ ਸ੍ਰੀਮਤੀ ਸੋਨੀਆ ਗਾਂਧੀ ਆਪਣੇ ਪੂਰੇ
ਪਰਿਵਾਰ ਸਮੇਤ ਪਹੁੰਚੀ ਹੋਈ ਸੀ। ਉਨ੍ਹਾਂ ਨਾਲ ਭਾਰਤ ਵੱਲੋਂ ਇਕ ਉੱਚ ਪੱਧਰੀ ਵਫਦ ਵੀ
ਗਿਆ ਹੋਇਆ ਸੀ ਜਿਸ 'ਚ ਕੇਂਦਰੀ ਖੇਡ ਮੰਤਰੀ ਮਨੋਹਰ ਸਿੰਘ ਗਿੱਲ ਅਤੇ ਭਾਰਤੀ ਉਲੰਪਿਕ
ਸੰਘ ਦੇ ਪ੍ਰਧਾਨ ਸੁਰੇਸ਼ ਕਲਮਾਡੀ ਮੌਜੂਦ ਸਨ। ਭਾਰਤ ਦੇ 56 ਮੈਂਬਰੀ ਖਿਡਾਰੀ ਦੇ ਦਲ
ਦੀ ਅਗਵਾਈ ਨਿਸ਼ਾਨੇਬਾਜ਼ ਰਾਜਵਰਧਨ ਸਿੰਘ ਰਾਠੌਰ ਤਿਰੰਗਾ ਲਹਿਰਾ ਕੇ ਕੀਤੀ।

ਚੀਨ ਦੇ ਸਮੇਂ ਅਨੁਸਾਰ ਸ਼ਾਮ ਦੇ 8 ਵੱਜ ਕੇ 8 ਮਿੰਟ ਅਤੇ 8 ਸਕਿੰਟ 'ਤੇ ਸ਼ੁਰੂ ਹੋਏ
ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਹੂ ਜਿੰਤਾਓ ਨੇ ਕਿਹਾ ਕਿ ਇਸ ਇਤਿਹਾਸਕ ਵੇਲੇ
ਦੀ ਚੀਨ ਅਤੇ ਚੀਨ ਦੇ ਲੋਕਾਂ ਨੂੰ ਬੜੇ ਲੰਮੇ ਸਮੇਂ ਤੋਂ ਉਡੀਕ ਸੀ। 29ਵੀਆਂ ਉਲੰਪਿਕ
ਖੇਡਾਂ ਨੂੰ ਸਫਲਤਾ ਪੂਰਬਕ ਨੇਪਰੇ ਚਾੜ੍ਹਨ ਲਈ ਮੇਜ਼ਬਾਨ ਚੀਨ ਦਾ ਪੂਰਾ ਜ਼ੋਰ ਲੱਗਿਆ
ਹੋਇਆ ਹੈ। ਉਹ ਇਨ੍ਹਾਂ ਖੇਡਾਂ ਨੂੰ ਏਸ਼ੀਆ ਦੇ ਖੇਤਰ ਵਿਚ ਇਕ ਚੁਣੌਤੀ ਦੇ ਰੂਪ ਵਿਚ
ਲੈ ਰਿਹਾ ਹੈ ਕਿਉਂਕਿ ਜਿਸ ਤਰੀਕੇ ਨਾਲ ਉਨ੍ਹਾਂ ਦਾ ਵਿਰੋਧ ਤੇ ਅੱਤਵਾਦੀਆਂ ਦੀਆਂ
ਧਮਕੀਆਂ ਮਿਲ ਰਹੀਆਂ ਹਨ, ਇਸ ਲਈ ਚੀਨ ਨੇ ਇਨ੍ਹਾਂ ਖੇਡਾਂ ਦੀ ਸੁਰੱਖਿਆ ਤੇ ਖਿਡਾਰੀਆਂ
ਤੇ ਸੈਲਾਨੀਆਂ ਦੀ ਸੁਰੱਖਿਆ ਲਈ ਲਾ-ਮਿਸਾਲ ਤੇ ਪੁਖਤਾ ਇੰਤਜ਼ਾਮ ਕੀਤੇ ਹਨ। ਏਅਰਪੋਰਟ
'ਤੇ ਘੱਟ ਤੋਂ ਘੱਟ ਚਾਰ ਵਾਰੀ ਮਸ਼ੀਨਾਂ ਨਾਲ ਵਿਸ਼ੇਸ਼ ਚੈਕਿੰਗ ਕੀਤੀ ਜਾਂਦੀ ਹੈ ਅਤੇ
ਇਸ ਤੋਂ ਬਾਅਦ ਥਾਂ-ਥਾਂ 'ਤੇ ਵਾਲੰਟੀਅਰ ਵੀ ਲੋਕਾਂ ਦੀ ਸਹੂਲਤ ਲਈ ਤਾਇਨਾਤ ਕੀਤੇ ਗਏ
ਹਨ। ਜਿਥੋਂ ਤੱਕ ਚੀਨ ਤੋਂ ਬਾਹਰ ਦੇ ਨਾਗਰਿਕਾਂ ਦਾ ਸਵਾਲ ਹੈ ਸਿਵਾਏ ਐਕਰੀਡੇਟਿਡ
ਵਿਅਕਤੀ ਦੇ ਕੋਈ ਵਿਰਲਾ ਹੀ ਇਨ੍ਹਾਂ ਨੂੰ ਵੇਖਣ ਵਾਸਤੇ ਆ ਰਿਹਾ ਹੈ। ਸਿਰਫ ਚੀਨ ਦੇ
ਹੀ ਬਸ਼ੰਦੇ ਹਰ ਥਾਂ 'ਤੇ ਵਿਖਾਈ ਦੇ ਰਹੇ ਹਨ, ਉਨ੍ਹਾਂ ਨੂੰ ਵੀ ਸਿਰਫ ਸ਼ਨਾਖਤੀ ਕਾਰਡ
ਰਾਹੀਂ ਖੇਡਾਂ ਵਾਲੀਆਂ ਥਾਵਾਂ 'ਤੇ ਜਾਣ ਦੀ ਇਜਾਜ਼ਤ ਹੈ ਕਿਉਂਕਿ ਚੀਨ ਨੂੰ ਇਹ ਡਰ ਹੈ
ਕਿਤੇ ਕੋਈ ਅਣਸੁਖਾਵੀਂ ਘਟਨਾ ਇਨ੍ਹਾਂ ਖੇਡਾਂ ਦੇ ਦੌਰਾਨ ਨਾ ਵਾਪਰ ਜਾਵੇ, ਇਸ ਲਈ ਇਸ
ਨੇ ਵਿਸ਼ਵ ਦੇ ਦੂਜੇ ਕੋਨੇ ਵਿਚ ਇਨ੍ਹਾਂ ਖੇਡਾਂ ਦਾ ਬਹੁਤ ਜ਼ੋਰ-ਸ਼ੋਰ ਨਾਲ ਪ੍ਰਚਾਰ ਤਾਂ
ਕੀਤਾ ਹੈ ਪਰ ਇਨ੍ਹਾਂ ਖੇਡਾਂ ਨੂੰ ਦੇਖਣ ਲਈ ਬੀਜਿੰਗ ਸ਼ਹਿਰ ਦੇ ਵਿਚ ਸਿਵਾਏ ਚੀਨੀਆਂ
ਤੋਂ ਕੋਈ ਹੋਰ ਵਿਖਾਈ ਨਹੀਂ ਦੇ ਰਿਹਾ। ਖੇਡਾਂ ਵਾਲੀਆਂ ਥਾਵਾਂ ਦੀ ਸੁਰੱਖਿਆ ਲਈ
ਸੂਹੀਆ ਕੁੱਤੇ ਤੇ ਖੁਫੀਆ ਪੁਲਿਸ ਤਾਇਨਾਤ ਕੀਤੀ ਗਈ ਹੈ। ਸ਼ਹਿਰ ਵਿਚ ਪ੍ਰਦੂਸ਼ਨ ਨੂੰ
ਰੋਕਣ ਲਈ ਜ਼ਿਆਦਾ ਸਾਈਕਲ ਚਲਾਉਣ ਦੀ ਹਦਾਇਤ ਦਿੱਤੀ ਗਈ ਹੈ। ਇਸ ਤੋਂ ਇਲਾਵਾ ਏ. ਸੀ.
ਬੱਸਾਂ ਤੇ ਏ. ਸੀ. ਕਾਰਾਂ ਹੀ ਦਿਖਾਈ ਦਿੰਦੀਆਂ ਹਨ। ਬਿਜਲਈ ਬੱਸਾਂ ਤੇ ਬਿਜਲਈ ਰੇਲ
ਗੱਡੀਆਂ ਵੀ ਸ਼ਹਿਰ ਵਿਚ ਚੱਲਦੀਆਂ ਹਨ। ਬੀਜਿੰਗ ਸ਼ਹਿਰ ਵਿਚ ਕੋਈ ਵੀ ਫੈਕਟਰੀ ਚੱਲਦੀ
ਵਿਖਾਈ ਨਹੀਂ ਦੇ ਰਹੀ। ਸ਼ਹਿਰ ਦੇ ਸਾਰੇ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਬੰਦ ਹਨ
ਤਾਂ ਜੋ ਘੱਟ ਭੀੜ ਵਿਖਾਈ ਦੇਵੇ। ਬੀਜਿੰਗ ਸ਼ਹਿਰ ਦੇ ਵਿਚ ਥਾਂ-ਥਾਂ 'ਤੇ ਆਰਟੀਫੀਸ਼ੀਅਲ
ਦਰੱਖਤ ਪੌਦੇ ਤੇ ਸਜਾਵਟ ਵਾਲੇ ਬੂਟੇ ਲਗਾਏ ਗਏ ਹਨ ਤਾਂ ਜੋ ਸਾਰਾ ਸ਼ਹਿਰ ਹਰਿਆ-ਭਰਿਆ
ਵਿਖਾਈ ਦੇ ਸਕੇ। ਚੀਨ ਨੇ ਇਹ ਚੈਲਿੰਜ ਸਵੀਕਾਰ ਕਰਕੇ ਖੇਡਾਂ ਵਿਚ ਵਿਸ਼ਵ ਦਾ ਮੋਹਰੀ
ਦੇਸ਼ ਬਣਨ ਵੱਲ ਕਦਮ ਵਧਾਏ ਹਨ। ਇਸ ਦੌਰਾਨ ਆਤਿਸ਼ਬਾਜੀ ਦਾ ਨਜ਼ਾਰਾ ਦੇਖਣਯੋਗ ਸੀ।
ਪ੍ਰੋਗਰਾਮ ਦੌਰਾਨ ਸਟੇਡੀਅਮ 'ਚ ਇਕ ਵੱਡੀ ਸਕਰੀਨ ਲਗਾਈ ਗਈ ਸੀ ਜਿਸ 'ਤੇ ਉਲੰਪਿਕ ਦੇ
ਪੰਜੇ ਚੱਕਰ ਉੱਕਰੇ ਹੋਏ ਸਨ। 'ਏ ਹਾਈਮਨ ਆਫ਼ ਦ ਮਦਰਲੈਂਡ' ਗੀਤ ਦੇ ਨਾਲ ਸਟੇਡੀਅਮ 'ਚ
ਚੀਨ ਦਾ ਰਾਸ਼ਟਰੀ ਝੰਡਾ ਲਹਿਰਾਇਆ ਗਿਆ। ਜਿਸ ਨੂੰ ਦੇਖ ਕੇ ਹਰੇਕ ਚੀਨ ਵਾਸੀ ਦਾ ਸਿਰ
ਮਾਣ ਨਾਲ ਉੱਚਾ ਹੋ ਗਿਆ।
29ਵੀਆਂ ਉਲੰਪਿਕ ਖੇਡਾਂ
ਬੀਜਿੰਗ, 7 ਅਗਸਤ-
29ਵੀਆਂ ਉਲੰਪਿਕ ਖੇਡਾਂ ਦਾ ਉਦਘਾਟਨ ਹੋ ਗਿਆ ਏ।
ਉਨ੍ਹਾਂ ਲਈ ਲਈ ਵਿਸ਼ੇਸ਼ ਤੌਰ 'ਤੇ ਬਣਾਏ ਉਲੰਪਿਕ ਪਿੰਡ ਦੇ ਵਿਚ 8 ਅਗਸਤ ਨੂੰ ਭਾਰਤੀ
ਖਿਡਾਰੀਆਂ ਦਾ ਰੀਤੀ ਰਿਵਾਜ ਨਾਲ ਸ਼ਾਨਦਾਰ ਸਵਾਗਤ ਹੋਇਆ। ਇਸ ਮੌਕੇ 'ਤੇ ਭਾਰਤੀ ਦਲ
ਦਾ ਸਵਾਗਤ ਬੀਜਿੰਗ ਦੀ ਮੇਅਰ ਨੇ ਕੀਤਾ। ਭਾਰਤੀ ਖਿਡਾਰੀਆਂ ਨੂੰ ਕਾਂਗਰਸ ਪਾਰਟੀ ਦੀ
ਪ੍ਰਧਾਨ ਤੇ ਯੂ. ਪੀ. ਏ. ਦੀ ਚੇਅਰਮੈਨ ਸ੍ਰੀਮਤੀ ਸੋਨੀਆ ਗਾਂਧੀ ਨੇ ਅਸ਼ੀਰਵਾਦ ਦਿੱਤਾ।
ਵੇਟਲਿਫਟਿੰਗ ਦੀ ਖਿਡਾਰਨ ਦੇ ਡੋਪ ਟੈਸਟ ਦੀ ਗੱਲ ਕਰਦਿਆਂ ਕਿਹਾ ਕਿ ਮੈਂ ਇਸ ਮਾਮਲੇ
'ਤੇ ਬਹੁਤ ਸਖ਼ਤ ਹਾਂ ਅਤੇ ਮੈਂ ਇਸ ਸਬੰਧੀ ਇਕ ਉੱਚ-ਪੱਧਰੀ ਜਾਂਚ ਕਮੇਟੀ ਬਣਾਈ ਹੈ ਤੇ
ਉਹ ਇਸ ਸਬੰਧੀ ਫੈਸਲਾ ਕਰੇਗੀ। ਉਨ੍ਹਾਂ ਨੇ ਕਿਹਾ ਕਿ ਸਾਡੇ ਖਿਡਾਰੀਆਂ ਦੇ ਹੌਸਲੇ
ਬੁਲੰਦ ਹਨ।
ਝੰਡਾ ਬਰਦਾਰ ਬਣਨ ਦੀ ਖੁਸ਼ੀ-ਰਾਠੌਰ: ਇਸ ਮੌਕੇ 'ਤੇ ਉਲੰਪਿਕ ਖੇਡਾਂ 'ਚ
ਚਾਂਦੀ ਦਾ ਤਗਮਾ ਜੇਤੂ ਰਾਜ ਵਰਧਨ ਸਿੰਘ ਰਾਠੌੜ ਨੇ ਕਿਹਾ ਕਿ ਮੈਨੂੰ ਭਾਰਤ ਦਾ ਝੰਡਾ
ਬਰਦਾਰ ਬਣ ਕੇ ਬਹੁਤ ਖੁਸ਼ੀ ਹੋਈ ਹੈ। ਉਨ੍ਹਾਂ ਕਿਹਾ ਕਿ ਹਰ ਇਕ ਖਿਡਾਰੀ ਦਾ ਸੁਫਨਾ
ਹੁੰਦਾ ਹੈ ਤੇ ਸਕੂਲ, ਕਾਲਜ ਤੋਂ ਹੀ ਹਰ ਇਕ ਖਿਡਾਰੀ ਇਕ ਸੁਫਨਾ ਲੈਂਦਾ ਹੈ। ਰਾਠੌਰ
ਨੇ ਕਿਹਾ ਉਹ ਆਪਣੀ ਬਿਹਤਰ ਪਰਫਾਰਮੈਂਸ ਦੇਣ ਦਾ ਯਤਨ ਕਰੇਗਾ ਅਤੇ ਜ਼ਰੂਰ ਭਾਰਤ ਲਈ
ਤਗਮਾ ਜਿੱਤੇਗਾ।
ਉਲੰਪਿਕ ਖੇਡ ਪਿੰਡ ਦੇ ਵਿਚ ਟੈਨਿਸ ਸਟਾਰ ਲੀਏਂਡਰ ਪੇਸ ਨੇ ਕਿਹਾ ਕਿ ਮੈਂ ਪੂਰੀ
ਤਰ੍ਹਾਂ ਨਾਲ ਫਿੱਟ ਹੈ ਅਤੇ ਮੇਂ ਜ਼ਰੂਰ ਡਬਲਜ਼ ਦੇ ਵਿਚ ਮੈਡਲ ਜਿੱਤਾਂਗਾ। ਉਨ੍ਹਾਂ ਨੇ
ਮਹੇਸ਼ ਭੂਪਤੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਦੋਵੇਂ ਦੇਸ਼ ਦੇ ਲਈ ਜੀ ਜਾਨ ਲਾ ਕੇ
ਖੇਡਣਗੇ। ਅਵਨੀਤ ਸਿੱਧੂ: ਭਾਰਤੀ ਸ਼ੂਟਿੰਗ ਟੀਮ ਦੀ ਸਟਾਰ ਅਵਨੀਤ ਸਿੱਧੂ ਨੇ ਕਿਹਾ ਕਿ
ਉਸ ਨੂੰ ਅਰਜਨ ਐਵਾਰਡ ਮਿਲਣ ਨਾਲ ਬਹੁਤ ਖੁਸ਼ੀ ਹੋਈ ਹੈ। ਸਿੱਧੂ ਨੇ ਕਿਹਾ ਕਿ ਮੈਂ
ਫਿਲਹਾਲ ਆਪਣਾ ਧਿਆਨ ਉਲੰਪਿਕ 'ਤੇ ਕੇਂਦਰਿਤ ਕਰ ਰਹੀ ਹਾਂ ਅਤੇ ਵਾਪਸ ਜਾ ਕੇ ਇਸ ਖੁਸ਼ੀ
ਨੂੰ ਸਭ ਨਾਲ ਸਾਂਝਾ ਕਰਾਂਗੀ।
ਉਲੰਪਿਕ ਪਿੰਡ 'ਚ ਫੈਡਰਰ ਨੂੰ ਰਹਿਣਾ ਔਖਾ
ਬੀਜਿੰਗ, 7 ਅਗਸਤ -ਸੰਸਾਰ
ਵਿਚ ਪਹਿਲਾ ਦਰਜਾ ਹਾਸਲ ਕਰਨ ਵਾਲੇ ਟੈਨਿਸ ਸਟਾਰ ਸਵਿਟਜ਼ਰਲੈਂਡ ਦੇ ਰੌਜਰ ਫੈਡਰਰ ਨੂੰ
ਉਲੰਪਿਕ ਪਿੰਡ 'ਚ ਰਹਿਣ ਨੂੰ ਔਖਿਆਈ ਆ ਰਹੀ ਹੈ। ਫੈਡਰਰ ਜਿਸਨੇ ਕਿ 8 ਅਗਸਤ ਨੂੰ
ਹੋਣ ਵਾਲੇ ਉਦਘਾਟਨੀ ਸਮਾਰੋਹ 'ਚ ਆਪਣੇ ਦੇਸ਼ ਦੇ ਖਿਡਾਰੀ ਦਲ ਦੀ ਝੰਡਾ ਉਠਾ ਕੇ
ਅਗਵਾਈ ਕਰਨੀ ਹੈ, ਨੇ ਜਿਉਂ ਹੀ ਉਲੰਪਿਕ ਪਿੰਡ 'ਚ ਪ੍ਰਵੇਸ਼ ਪਾਇਆ ਤਾਂ ਵੱਖ-ਵੱਖ ਦੇਸ਼ਾਂ
ਦੇ ਖਿਡਾਰੀਆਂ ਨੇ ਉਸਨੂੰ ਘੇਰਾ ਪਾ ਲਿਆ ਅਤੇ ਪ੍ਰਸੰਸਕਾਂ ਦੀ ਤਰ੍ਹਾਂ ਉਸ ਤੋਂ ਆਟੋ
ਗ੍ਰਾਫ ਲੈਣ ਲੱਗੇ। ਫੈਡਰਰ ਨੇ ਕਿਹਾ ਕਿ ਜੇਕਰ ਇਸੇ ਤਰ੍ਹਾਂ ਉਸਦੇ ਪ੍ਰਸੰਸਕਾਂ ਨੇ
ਉਸਨੂੰ ਘੇਰੀ ਰੱਖਿਆ ਤਾਂ ਉਸਨੂੰ ਤਿਆਰੀ ਕਰਨ 'ਚ ਮੁਸ਼ਕਿਲ ਆਵੇਗੀ।
|