|
ਸਕੂਲ ਖੇਡਾਂ 'ਚ ਕਪੂਰਥਲਾ ਤੇ ਫਿਰੋਜ਼ਪੁਰ ਜੇਤੂ ਸੁਲਤਾਨਪੁਰ ਲੋਧੀ, 31 ਅਕਤੂਬਰ - ਪੰਜ ਰੋਜ਼ਾ ਟੂਰਨਾਮੈਂਟ ਗੁਰੂ ਨਾਨਕ ਸਟੇਡੀਅਮ ਸੁਲਤਾਨਪੁਰ ਲੋਧੀ 'ਚ ਕਰਵਾਇਆ ਗਿਆ। ਇਹ ਟੂਰਨਾਮੈਂਟ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸੀ। ਇਸ ਟੂਰਨਾਮੈਂਟ ਦੇ ਚੌਥੇ ਦਿਨ ਕਬੱਡੀ ਸਰਕਲ ਸਟਾਈਲ 19 ਸਾਲ ਲੜਕਿਆਂ ਵਿਚ ਜਲੰਧਰ ਨੇ ਕਪੂਰਥਲਾ ਨੂੰ ਹਰਾ ਕੇ ਪੰਜਾਬ ਚੈਂਪੀਅਨ ਦਾ ਖਿਤਾਬ ਹਾਸਿਲ ਕੀਤਾ। ਕਬੱਡੀ 17 ਸਾਲ ਲੜਕੇ ਵਿਚ ਮੋਗਾ, ਪਟਿਆਲਾ ਅਤੇ ਗੁਰਦਾਸਪੁਰ ਕਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਰਹੇ ਜਦੋਂਕਿ ਲੜਕੀਆਂ ਦੇ ਵਰਗ ਵਿਚ ਫਿਰੋਜ਼ਪੁਰ, ਰੋਪੜ ਤੇ ਬਠਿੰਡਾ ਲਗਾਤਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਰਹੇ। ਥਰੋਬਾਲ 19 ਸਾਲ ਲੜਕਿਆਂ ਵਿਚ ਕਪੂਰਥਲਾ, ਤਰਨਤਾਰਨ ਤੇ ਅੰਮ੍ਰਿਤਸਰ ਪਹਿਲੇ ਦੂਜੇ ਤੇ ਤੀਜੇ ਸਥਾਨ 'ਤੇ ਰਹੇ। ਕੌਮਾਂਤਰੀ ਕੁਸ਼ਤੀ ਟੂਰਨਾਮੈਂਟ ਜਲੰਧਰ, 31 ਅਕਤੂਬਰ - ਸ਼ਹੀਦ ਭਗਤ ਸਿੰਘ ਕੌਮਾਂਤਰੀ ਕੁਸ਼ਤੀ ਟੂਰਨਾਮੈਂਟ ਪੀ.ਏ.ਪੀ. ਇੰਡੋਰ ਸਪੋਰਟਸ ਹਾਲ ਵਿਚ ਕਰਵਾਇਆ ਗਿਆ। ਇਸ ਦੇ ਪਹਿਲੇ ਸ਼ਹੀਦ ਭਗਤ ਸਿੰਘ ਕੌਮਾਂਤਰੀ ਕੁਸ਼ਤੀ ਟੂਰਨਾਮੈਂਟ ਦੇ ਦੂਜੇ ਦਿਨ ਇਰਾਨੀ ਪਹਿਲਵਾਨਾਂ ਨੇ ਕਮਾਲ ਦੀ ਖੇਡ ਵਿਖਾਈ ਤੇ ਜਾਪਾਨੀ ਕੁੜੀਆਂ ਨੇ ਵੀ ਭਾਰਤੀ ਦਰਸ਼ਕਾਂ ਦਾ ਮਨ ਮੋਹ ਲਿਆ। ਕੁਸ਼ਤੀ ਮੁਕਾਬਲਿਆਂ 'ਚ ਭਾਰਤੀ ਪਹਿਲਵਾਨ ਨਰਸਿੰਘ ਯਾਦਵ ਨੂੰ ਵਿਰੋਧ ਅਲੀ ਨੇ ਚਿਤ ਕੀਤਾ। 74 ਕਿਲੋ ਭਾਰ ਵਰਗ ਵਿਚੋਂ ਕੈਨੇਡੀਅਨ ਕਾਲੇ ਪਹਿਲਵਾਨ ਦਲਿਉ ਘਨ ਨਕੂਲੇ ਨੇ ਪਹਿਲੀ ਕੁਸ਼ਤੀ ਵਿਚੋਂ ਕੋਰੀਆ ਤੇ ਦੂਜੀ ਕੁਸ਼ਤੀ ਵਿਚੋਂ ਜਰਮਨ ਦੇ ਪਹਿਲਵਾਨ ਨੂੰ ਚਿਤ ਕਰਕੇ ਫਾਈਨਲ 'ਚ ਪ੍ਰਵੇਸ਼ ਕੀਤਾ, ਜਿਥੇ ਇਸ ਦਾ ਮੁਕਾਬਲਾ ਇਰਾਨੀ ਪਹਿਲਵਾਨ ਮੁਹੰਮਦ ਬਹਾਜੇਨ ਨਾਲ ਹੋਵੇਗਾ। 96 ਕਿਲੋ ਵਰਗ ਵਿਚ ਇਰਾਨੀ ਪਹਿਲਵਾਨ ਅਮੀਰੀ ਨੇ ਭਾਰਤੀ ਪਹਿਲਵਾਨ ਵਰੁਨ ਤੇ ਰਾਕੇਸ਼ ਪਟੇਲ ਨੂੰ ਹਰਾ ਕੇ ਫਾਈਨਲ 'ਚ ਥਾਂ ਬਣਾਈ। 48 ਕਿਲੋ ਭਾਰ ਵਰਗ ਵਿਚੋਂ ਮਨੋਰੀ ਮਕਾਉ ਜਪਾਨ ਨੇ ਨਿਰਮਲਾ ਦੇਵੀ ਭਾਰਤ ਨੂੰ 2-1 ਨਾਲ ਹਰਾ ਕੇ ਸੋਨ ਤਗਮਾ ਹਾਸਿਲ ਕੀਤਾ ਤੇ ਨੇਹਾ ਭਾਰਤ ਨੇ ਕਾਂਸੀ ਦਾ ਤਗਮਾ ਹਾਸਿਲ ਕੀਤਾ। 60 ਕਿਲੋ ਭਾਰ ਵਰਗ ਵਿਚ ਰਜਨੀਸ਼ ਨੇ ਰਾਹੁਲ ਮਾਨ ਨੂੰ ਹਰਾ ਕੇ ਸੋਨ ਤਗਮਾ ਹਾਸਿਲ ਕੀਤਾ ਤੇ ਹਰਦੀਪ ਸਿੰਘ ਪੰਜਾਬ ਪੁਲਿਸ ਤੀਜੇ ਥਾਂ 'ਤੇ ਰਿਹਾ। 72 ਕਿਲੋ ਭਾਰ ਵਰਗ ਵਿਚੋਂ ਜਾਪਾਨ ਸਜੂਕੀ ਨੇ ਭਾਰਤ ਦੀ ਸ਼ਰਨਜੀਤ ਕੌਰ ਨੂੰ ਹਰਾ ਕੇ ਸੋਨ ਤਗਮਾ ਤੋਂ ਭਾਰਤ ਦੀ ਅਨਮੋਲ ਨੇ ਕਾਂਸੀ ਦਾ ਤਗਮਾ ਹਾਸਿਲ ਕੀਤਾ। ਪੰਜਾਬ ਸਕੂਲਜ਼ ਹਾਕੀ ਚੈਪੀਅਨਸ਼ਿਪ ਸਮਾਪਤ ਲੁਧਿਆਣਾ 31 ਅਕਤੂਬਰ - ਪੰਜਾਬ ਸਕੂਲਜ਼ ਹਾਕੀ ਚੈਂਪੀਅਨਸ਼ਿਪ ਅੰਡਰ-19 ਸਾਲ ਦੇ ਮੁੰਡੇ ਤੇ ਕੁੜੀਆਂ ਦੇ ਮੁਕਾਬਲਿਆਂ ਦੇ ਆਖ਼ਰੀ ਦਿਨ ਮੁੰਡਿਆਂ ਦੇ ਵਰਗ 'ਚ ਸਪਰਿੰਗ ਡੇਲ ਅੰਮ੍ਰਿਤਸਰ ਨੇ ਜਿਥੇ ਚੈਂਪੀਅਨ ਬਣਨ ਦਾ ਮਾਣ ਹਾਸਿਲ ਕੀਤਾ ਉਥੇ ਕੁੜੀਆਂ 'ਚ ਕੈਰੋਂ ਵਿੰਗ ਤਰਨਤਾਰਨ ਤੇ ਲੁਧਿਆਣਾ ਚੈਂਪੀਅਨ ਬਣੇ ਜਦਕਿ ਹੈਂਡਬਾਲ ਦੇ ਮੁੰਡਿਆਂ ਤੇ ਕੁੜੀਆਂ ਦੇ ਦੋਹਾਂ ਵਰਗਾਂ 'ਚ ਲੁਧਿਆਣਾ ਚੈਂਪੀਅਨ ਬਣਿਆ। ਜਰਖੜ ਵਿਖੇ ਮੁੰਡਿਆਂ ਦੇ ਹਾਕੀ ਮੁਕਾਬਲਿਆਂ 'ਚ ਸਪਰਿੰਗ ਡੇਲ ਅੰਮ੍ਰਿਤਸਰ ਅਕੈਡਮੀ ਨੇ ਜਰਖੜ ਅਕੈਡਮੀ ਨੂੰ 3-0 ਤੇ ਜ਼ਿਲ੍ਹਾ ਲੁਧਿਆਣਾ ਨੂੰ 4-0 ਨਾਲ ਹਰਾ ਕੇ ਕੁੱਲ 7 ਅੰਕਾਂ ਨਾਲ ਖਿਤਾਬੀ ਜਿੱਤ ਹਾਸਿਲ ਕੀਤੀ ਜਦਕਿ ਕਿਲ੍ਹਾ ਰਾਏਪੁਰ ਨੇ ਜਰਖੜ ਅਕੈਡਮੀ ਤੇ ਜ਼ਿਲ੍ਹਾ ਲੁਧਿਆਣਾ ਨੂੰ ਕ੍ਰਮਵਾਰ 3-1 ਨਾਲ ਹਰਾ ਕੇ ਦੂਸਰਾ ਸਥਾਨ ਹਾਸਿਲ ਕੀਤਾ। ਜ਼ਿਲ੍ਹਾ ਲੁਧਿਆਣਾ ਤੀਸਰੇ ਸਥਾਨ 'ਤੇ ਰਿਹਾ। ਕੁੜੀਆਂ ਦੇ ਹਾਕੀ ਮੁਕਾਬਲੇ 'ਚ ਕੈਰੋਂ ਵਿੰਗ ਤਰਨਤਾਰਨ ਤੇ ਲੁਧਿਆਣਾ ਵਿੰਗ 2-2 ਗੋਲਾਂ 'ਤੇ ਬਰਾਬਰ ਰਹੇ। ਦੋਵੇਂ ਟੀਮਾਂ 7-7 ਅੰਕਾਂ ਨਾਲ ਚੈਂਪੀਅਨ ਬਣੀਆਂ ਤੇ ਜ਼ਿਲ੍ਹਾ ਲੁਧਿਆਣਾ ਤੀਸਰੇ ਸਥਾਨ 'ਤੇ ਰਿਹਾ। ਹੈਂਡਬਾਲ ਦੇ ਸੁਪਰ ਲੀਗ ਦੇ ਆਖਰੀ ਦੌਰ 'ਚ ਮੁੰਡਿਆਂ ਦੇ ਵਰਗ 'ਚ ਲੁਧਿਆਣਾ ਨੇ ਸੰਗਰੂਰ ਨੂੰ 17-10 ਨਾਲ ਹਰਾ ਕੇ ਖਿਤਾਬੀ ਜਿੱਤ ਹਾਸਿਲ ਕੀਤੀ ਜਦਕਿ ਫਰੀਦਕੋਟ ਨਵਾਂਸ਼ਹਿਰ ਨੂੰ ਹਰਾ ਕੇ ਤੀਸਰੇ ਸਥਾਨ 'ਤੇ ਰਿਹਾ। ਹੈਂਡਬਾਲ ਕੁੜੀਆਂ 'ਚ ਲੁਧਿਆਣਾ ਵਿੰਗ ਨੇ ਰੋਪੜ ਨੂੰ 17-12 ਨਾਲ ਹਰਾ ਕੇ ਖਿਤਾਬੀ ਜਿੱਤ ਹਾਸਿਲ ਕੀਤੀ। ਸੰਗਰੂਰ ਕੈਰੋਂ ਵਿੰਗ ਨੂੰ ਹਰਾ ਕੇ ਤੀਸਰੇ ਸਥਾਨ 'ਤੇ ਰਿਹਾ। ਅੰਡਰ 17 ਸਾਲ ਹਾਕੀ 'ਚ ਸੰਗਰੂਰ ਅਕੈਡਮੀ ਨੇ ਪਹਿਲਾ, ਜਰਖੜ ਅਕੈਡਮੀ ਨੇ ਦੂਸਰਾ ਸਥਾਨ ਤੇ ਅੰਮ੍ਰਿਤਸਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਅੰਤਰ ਜ਼ਿਲ੍ਹਾ ਟਵੰਟੀ-20 ਸਟੇਟ ਚੈਂਪੀਅਨਸ਼ਿਪ 'ਚ ਫ਼ਿਰੋਜ਼ਪੁਰ ਦੀ ਬੱਲੇ ਬੱਲੇ ਜੈਤੋ, 31 ਅਕਤੂਬਰ - ਅੰਤਰ ਜ਼ਿਲ੍ਹਾ ਟਵੰਟੀ-20 ਸਟੇਟ ਚੈਂਪੀਅਨਸ਼ਿਪ ਜੈਤੂ ਦੇ ਖੇਡ ਸਟੇਡੀਅਮ 'ਚ ਕਰਵਾਈ ਗਈ। ਇਸ ਚੈਂਪੀਅਨਸ਼ਿਪ 'ਚ ਪੰਜਾਬ ਭਰ ਤੋਂ 26 ਟੀਮਾਂ ਸ਼ਾਮਿਲ ਹੋਈਆਂ। 20-20 ਓਵਰਾਂ ਦੀਆਂ ਦੋ ਪਾਰੀਆਂ 'ਤੇ ਆਧਾਰਿਤ ਫ਼ਾਈਨਲ ਮੈਚ ਜ਼ਿਲ੍ਹਾ ਫ਼ਿਰੋਜ਼ਪੁਰ ਤੇ ਫਗਵਾੜਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਆਖਿਰ ਫ਼ਿਰੋਜ਼ਪੁਰ ਦੀ ਟੀਮ ਨੇ ਇਹ ਚੈਂਪੀਅਨਸ਼ਿਪ ਜਿੱਤ ਲਈ। ਰਾਸ਼ਟਰੀ ਫੁੱਟਬਾਲ ਲੀਗ ਲੁਧਿਆਣਾ, 31 ਅਕਤੂਬਰ - ਰਾਸ਼ਟਰੀ ਫੁੱਟਬਾਲ ਲੀਗ ਜੋ ਕਿ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ 'ਚ ਕਰਵਾਈ ਜਾ ਰਹੀ ਹੈ। ਇਸ ਫੁੱਟਬਾਲ ਲੀਗ ਦੇ ਛੇਵੇਂ ਗੇੜ ਦੇ ਮੁਕਾਬਲੇ 'ਚ ਜੇ. ਸੀ. ਟੀ. ਫੁੱਟਬਾਲ ਕਲੱਬ ਨੇ ਮਹਿੰਦਰਾ ਯੂਨਾਈਟਿਡ ਮੁਬੰਈ ਨੂੰ ਗੋਲ ਰਹਿਤ ਬਰਾਬਰੀ 'ਤੇ ਰੋਕਿਆ। ਇਹ ਮੁਕਾਬਲੇ 'ਚ ਦੋਹਾਂ ਟੀਮਾਂ ਵਿਚਕਾਰ ਜਿੱਤ ਲਈ ਕਾਂਟੇਦਾਰ ਟੱਕਰ ਹੋਈ। ਮੈਚ ਦੇ ਆਖਰੀ ਪਲਾਂ 'ਚ ਦੋਹਾਂ ਟੀਮਾਂ ਨੇ ਇਕ-ਦੂਜੇ ਉਤੇ ਤਾਬੜ ਤੌੜ ਹਮਲੇ ਕੀਤੇ ਪਰ ਕਿਸੇ ਵੀ ਟੀਮ ਨੂੰ ਜਿੱਤ ਨਾ ਨਸੀਬ ਹੋ ਸਕੀ। ਇਸ ਬਰਾਬਰੀ ਨਾਲ ਜੇ. ਸੀ. ਟੀ. ਦੇ ਲੀਗ 'ਚ 9 ਅੰਕ, ਜਦਕਿ ਮਹਿੰਦਰਾ ਯੂਨਾਈਟਿਡ ਦੇ 10 ਅੰਕ ਹੋ ਗਏ ਹਨ। 26ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ 7 ਤੋਂ ਜਲੰਧਰ, 31 ਅਕਤੂਬਰ - 26ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ 7 ਤੋਂ 13 ਨਵੰਬਰ ਤੱਕ ਜਲੰਧਰ ਦੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ 'ਚ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਨੂੰ ਪਿਛਲੇ 20 ਸਾਲਾਂ ਤੋਂ ਇੰਡੀਅਨ ਆਇਲ ਕੰਪਨੀ ਵੱਲੋਂ ਹੀ ਸਪਾਂਸਰ ਕੀਤਾ ਜਾ ਰਿਹਾ ਹੈ। ਇਸ ਵਾਰ ਟੂਰਨਾਮੈਂਟ ਦੀ ਜੇਤੂ ਟੀਮ ਨੂੰ 2.50 ਲੱਖ ਰੁਪਏ ਅਤੇ ਉੱਪ ਜੇਤੂ 1.50 ਲੱਖ ਰੁਪਏ ਅਤੇ ਟੂਰਨਾਮੈਂਟ ਦੇ ਵਧੀਆ ਖਿਡਾਰੀ ਨੂੰ 25000/- ਰੁਪਏ ਨਗਦ ਇਨਾਮ ਦਿੱਤਾ ਜਾਵੇਗਾ। ਮਰਦਾਂ ਦੇ ਵਰਗ ਵਿਚ ਪਿਛਲੇ ਸਾਲ ਦੀ ਜੇਤੂ ਪੰਜਾਬ ਐਂਡ ਸਿੰਧ ਬੈਂਕ ਅਤੇ ਉਪ-ਜੇਤੂ ਜਾਵੇਦ ਹਾਕੀ ਕਲੱਬ ਪਾਕਿਸਤਾਨ ਦੀਆਂ ਟੀਮਾਂ ਤੋਂ ਇਲਾਵਾ ਏਅਰ ਇੰਡੀਆ ਮੁੰਬਈ, ਭਾਰਤ ਪੈਟਰੋਲੀਅਮ ਮੁੰਬਈ, ਇੰਡੀਅਨ ਆਇਲ ਕਾਰਪੋਰੇਸ਼ਨ ਮੁੰਬਈ, ਪੰਜਾਬ ਪੁਲਿਸ ਜਲੰਧਰ, ਇੰਡੀਅਨ ਏਅਰ ਫੋਰਸ ਦਿੱਲੀ, ਨਾਮਧਾਰੀ ਇਲੈਵਨ ਸਰਸਾ, ਬੀ. ਐਸ. ਐਫ. ਜਲੰਧਰ, ਰੇਲ ਕੋਚ ਫੈਕਟਰੀ ਕਪੂਰਥਲਾ, ਈ. ਐਮ. ਈ. ਜਲੰਧਰ, ਕੋਰ ਆਫ ਸਿਗਨਲ ਜਲੰਧਰ, ਪੰਜਾਬ ਨੈਸ਼ਨਲ ਬੈਂਕ ਦਿੱਲੀ ਦੀਆਂ ਟੀਮਾਂ ਭਾਗ ਲੈਣਗੀਆਂ। ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਸਿੱਧ ਪੀ. ਟੀ. ਸੀ. ਪੰਜਾਬੀ ਚੈਨਲ ਸੈਮੀਫਾਈਨਲ ਅਤੇ ਫਾਈਨਲ ਮੈਚਾਂ ਦਾ ਸਿੱਧਾ ਪ੍ਰਸਾਰਣ ਕਰੇਗਾ। ਹਾਕੀ ਮੈਚ ਦੇਖੋ ਮੁਫਤ, ਨਾਲੇ ਲੋ ਜਾਓ ਇਨਾਮ-ਸੁਸਾਇਟੀ ਵੱਲੋਂ ਪਿਛਲੇ ਵਰ੍ਹੇ ਦੀ ਤਰ੍ਹਾਂ ਇਸ ਵਾਰੀ ਵੀ ਦਰਸ਼ਕਾਂ ਲਈ ਲੱਕੀ ਕੂਪਨ ਇਨਾਮੀ ਯੋਜਨਾ ਦੇ ਇਨਾਮਾਂ ਵਿਚ ਵਾਧਾ ਕੀਤਾ ਗਿਆ ਹੈ। ਇਸ ਵਾਰ 2 ਟੀ. ਵੀ. (ਰੰਗਦਾਰ), 2 ਮੋਬਾਈਲ ਸੈੱਟ, 2 ਮਾਈਕਰੋਵੇਵ, 1 ਫਰਿੱਜ, 1 ਵਾਸ਼ਿੰਗ ਮਸ਼ੀਨ ਅਤੇ ਸਪੋਰਟਸ ਕਿੱਟ ਹੋਣਗੇ। ਰੋਜ਼ਾਨਾ ਰੰਗਾ-ਰੰਗ ਪ੍ਰੋਗਰਾਮ, ਪ੍ਰਸਿੱਧ ਪੰਜਾਬੀ ਗਾਇਕ ਹਰਭਜਨ ਮਾਨ ਅਤੇ ਸਤਵਿੰਦਰ ਬਿੱਟੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਣਗੇ। ਇਸ ਟੂਰਨਾਮੈਂਟ ਦਾ ਉਦਘਾਟਨ 7 ਨਵੰਬਰ ਸ਼ਾਮ 5.30 ਵਜੇ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਮਨੋਰੰਜਨ ਕਾਲੀਆ ਕਰਨਗੇ ਅਤੇ 13 ਨਵੰਬਰ ਨੂੰ ਸ਼ਾਮ 5.00 ਵਜੇ ਟੂਰਨਾਮੈਂਟ ਦੇ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ, ਗੈਸਟ ਆਫ ਆਨਰ ਡਾ. ਦਲਜੀਤ ਸਿੰਘ ਚੀਮਾ ਮੁੱਖ ਸਲਾਹਕਾਰ ਮੁੱਖ ਮੰਤਰੀ ਪੰਜਾਬ ਅਤੇ ਸ੍ਰੀ ਆਰ. ਕੇ. ਅਰੋੜਾ ਜਨਰਲ ਮੈਨੇਜਰ ਇੰਡੀਅਨ ਆਇਲ ਕਾਰਪੋਰੇਸ਼ਨ ਹੋਣਗੇ। ਸਾਰੇ ਮੈਚ ਫਲੱਡ ਲਾਈਟਾਂ ਦੀ ਰੌਸ਼ਨੀ ਵਿਚ ਰੋਜ਼ਾਨਾ ਸ਼ਾਮ 4.00 ਵਜੇ ਸ਼ੁਰੂ ਹੋਣਗੇ। ਬੱਲੋਵਾਲ ਦੀਆਂ ਖੇਡਾਂ 24 ਤੋਂ ਜੋਧਾਂ, 31 ਅਕਤੂਬਰ - ਪਿੰਡ ਬੱਲੋਵਾਲ (ਨੇੜੇ ਜੋਧਾਂ) 'ਚ 24 ਤੋਂ 27 ਨਵੰਬਰ ਤੱਕ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ 'ਚ ਬੈਲ ਗੱਡੀਆਂ ਦੀਆਂ ਦੌੜਾਂ, ਕੁੱਤਿਆਂ ਦੀਆਂ ਦੌੜਾਂ, ਕਬੱਡੀ 52 ਕਿਲੋ, 57 ਕਿਲੋ, 62 ਕਿਲੋ ਅ૪ਤੇ ਇਕ ਪਿੰਡ ਓਪਨ ਦੇ ਮੁਕਾਬਲੇ ਤੋਂ ਇਲਾਵਾ ਹੋਰ ਦਿਲਚਸਪ ਮੁਕਾਬਲੇ ਹੋਣਗੇ। ਦਾਉਧਰ ਕਬੱਡੀ ਕੱਪ 13 ਦਸੰਬਰ ਤੋਂ ਕੈਲਗਰੀ, 30 ਅਕਤੂਬਰ - ਦੂਜਾ ਕਬੱਡੀ ਕੱਪ 13 ਦਸੰਬਰ ਨੂੰ ਬਾਬੇ ਕੇ ਸਟੇਡੀਅਮ ਦਾਉਧਰ ਵਿਖੇ ਕਰਵਾਇਆ ਜਾ ਰਿਹਾ ਹੈ। ਹਾਕੀ ਟੂਰਨਾਮੈਂਟ 11 ਅਤੇ 12 ਦਸੰਬਰ ਨੂੰ ਸਵ. ਜਰਨੈਲ ਸਿੰਘ ਸਿੱਧੂ ਦੀ ਯਾਦ ਵਿੱਚ ਕਰਵਾਇਆ ਜਾ ਰਿਹਾ ਹੈ। ਹਾਕੀ ਦਾ ਪਹਿਲਾਂ ਇਨਾਮ 17 ਹਜ਼ਾਰ, ਦੂਜਾ ਇਨਾਮ 15 ਹਜ਼ਾਰ ਰੁਪਏ ਅਤੇ ਸਰਵੋਤਮ ਖਿਡਾਰੀ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਕਬੱਡੀ ਕੱਪ ਵਾਲੇ ਦਿਨ 8 ਨਾਮਵਰ ਅਕੈਡਮੀ ਦੇ ਨਾਮਵਰ ਖਿਡਾਰੀ ਖੇਡ ਦਾ ਪ੍ਰਦਸ਼ਨ ਕਰਨਗੇ। ਕਬੱਡੀ ਕੱਪ ਦਾ ਪਹਿਲਾਂ ਇਨਾਮ 1 ਲੱਖ ਰੁਪਏ ਅਤੇ ਦੂਜਾ ਇਨਾਮ 75 ਹਜ਼ਾਰ ਰੁਪਏ ਦਿੱਤਾ ਜਾਵੇਗਾ। ਕਬੱਡੀ ਕੱਪ ਵਾਲੇ ਦਿਨ ਨਾਮਵਰ ਪੰਜਾਬੀ ਗਾਇਕ ਮਨਮੋਹਣ ਵਾਰਿਸ ਦਾ ਖੁੱਲ੍ਹਾ ਅਖਾੜਾ ਹੋਵੇਗਾ। 16ਵੀਂ ਵਾਲੀਬਾਲ ਚੈਂਪੀਅਨਸ਼ਿਪ ਮੋਗਾ, 29 ਅਕਤੂਬਰ - ਤਿੰਨ ਰੋਜ਼ਾ 16 ਵਾਲੀਬਾਲ ਚੈਂਪੀਅਨਸ਼ਿਪ ਮੋਗਾ ਦੇ ਡਾਕਟਰ ਕਿਚਲੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਈ ਜਾ ਰਹੀ ਹੈ। ਵਾਲੀਬਾਲ ਦੇ ਮੁਕਾਬਲਿਆਂ ਵਿਚ ਕੇ.ਐਲ.ਐਮ. ਇੰਟਰਨੈਸ਼ਨਲ ਸਕੂਲ ਪਠਾਨਕੋਟ ਨੇ ਸੇਂਟ ਫਰੀਦ ਪਬਲਿਕ ਸਕੂਲ ਮੰਡੀ ਗੋਬਿੰਦਗੜ੍ਹ ਨੂੰ, ਸੇਂਟ ਸੋਲਰਜ਼ ਡਵਾਈਨ ਪਬਲਿਕ ਸਕੂਲ ਜਲੰਧਰ ਨੇ ਇਨੋਸੈਂਟ ਹਾਰਟ ਸਕੂਲ ਜਲੰਧਰ ਨੂੰ, ਐਸ.ਕੇ.ਡੀ.ਏ.ਵੀ. ਪਬਲਿਕ ਸਕੂਲ ਅਟਾਰੀ ਨੇ ਡੀ.ਏ.ਵੀ. ਸੈਂਚਰੀ ਪਬਲਿਕ ਸਕੂਲ ਪਠਾਨਕੋਟ ਨੂੰ, ਪੰਜਾਬ ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਜਲੰਧਰ ਨੇ ਆਰਮੀ ਪਬਲਿਕ ਸਕੂਲ ਬਿਆਸ ਨੂੰ, ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ ਨੇ ਸੈਕਰਡ ਹਾਰਡ ਸਕੂਲ ਕਪੂਰਥਲਾ ਨੂੰ, ਡੀ.ਏ.ਵੀ. ਪਬਲਿਕ ਸਕੂਲ ਲੁਧਿਆਣਾ ਨੇ ਈਸ਼ਵਰ ਪਬਲਿਕ ਸਕੂਲ ਰਾੜਾ ਸਾਹਿਬ ਨੂੰ, ਸੈਨਿਕ ਸਕੂਲ ਕਪੂਰਥਲਾ ਨੇ ਮੇਹਰਵਰਡ ਸਕੂਲ ਜਲੰਧਰ ਨੂੰ ਹਰਾਇਆ। ਪੰਜਾਬ ਰਾਜ ਸਕੂਲਜ਼ ਹਾਕੀ ਚੈਂਪੀਅਨਸ਼ਿਪ 'ਚ ਸੰਗਰੂਰ ਜੇਤੂ ਸੰਗਰੂਰ, 29 ਅਕਤੂਬਰ - ਪੰਜਾਬ ਰਾਜ ਸਕੂਲਜ਼ ਹਾਕੀ ਚੈਂਪਿਅਨਸ਼ਿੱਪ ਮੁਕਾਬਲਿਆਂ ਵਿਚ ਸੰਗਰੂਰ ਅਕੈਡਮੀ ਨੇ ਅੰਮ੍ਰਿਤਸਰ ਅਕੈਡਮੀ ਨੂੰ 5-3 ਨਾਲ ਹਰਾਇਆ। ਜਰਖੜ ਅਕੈਡਮੀ ਨੇ ਸਪੋਰਟਸ ਸਕੂਲ ਜਲੰਧਰ ਨੂੰ ਇਕ ਦੇ ਮੁਕਾਬਲੇ 3 ਗੋਲਾਂ ਨਾਲ ਹਰਾਇਆ। ਜਰਖੜ ਅਕੈਡਮੀ ਤੇ ਅੰਮ੍ਰਿਤਸਰ ਇਕ ਹੋਰ ਮੁਕਾਬਲੇ ਵਿਚ 0-0 ਨਾਲ ਬਰਾਬਰ ਰਹੇ। ਪੰਜਾਬ ਮਹਿਲਾ ਖੇਡ ਉਤਸਵ 23 ਤੋਂ ਪਟਿਆਲਾ, 29 ਅਕਤੂਬਰ - ਰਾਜ ਪੱਧਰੀ ਮਹਿਲਾ ਖੇਡ ਉਤਸਵ 23 ਤੋਂ 25 ਨਵੰਬਰ ਤੱਕ ਲੁਧਿਆਣਾ 'ਚ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਅਥਲੈਟਿਕਸ, ਬਾਸਕਟਬਾਲ, ਬੈਡਮਿੰਟਨ, ਹਾਕੀ, ਕਬੱਡੀ, ਖੋ-ਖੋ, ਹੈਂਡਬਾਲ, ਜਿਮਨਾਸਟਿਕ, ਤੈਰਾਕੀ, ਟੇਬਲ ਟੈਨਿਸ, ਲਾਅਨ ਟੈਨਿਸ ਤੇ ਵਾਲੀਬਾਲ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ। ਪਹਿਲਾ ਸਥਾਨ ਹਾਸਲ ਕਰਨ ਵਾਲੀ ਹਰੇਕ ਖਿਡਾਰਨ ਨੂੰ 2 ਹਜ਼ਾਰ ਰੁਪਏ, ਦੂਸਰਾ ਸਥਾਨ ਹਾਸਲ ਕਰਨ ਵਾਲੀ ਨੂੰ 12 ਸੌ ਤੇਂ ਤੀਸਰੇ ਸਥਾਨ ਲਈ 800 ਰੁਪਏ ਦੇ ਨਕਦ ਇਨਾਮ ਪ੍ਰਦਾਨ ਕੀਤੇ ਜਾਣਗੇ। ਸੂਬਾ ਪੱਧਰੀ ਅੰਤਰ ਬਹੁਤਕਨੀਕੀ ਕਾਲਜ ਟੂਰਨਾਮੈਂਟ ਮੋਗਾ, 29 ਅਕਤੂਬਰ - ਸੂਬਾ ਪੱਧਰੀ ਅੰਤਰ ਬਹੁਤਕਨੀਕੀ ਕਾਲਜ ਟੂਰਨਾਮੈਂਟ ਮੋਗਾ ਦੇ ਵਾਈ.ਆਰ.ਐਸ. ਪਾਲੀਟੈਕਨਿਕ ਕਾਲਜ ਵਿਖੇ ਕਰਵਾਇਆ ਜਾ ਰਿਹਾ ਹੈ। ਜ਼ੋਨਲ ਟੂਰਨਾਮੈਂਟ ਵਿਚ ਜੇਤੂ ਰਹਿਣ ਵਾਲੀਆਂ ਟੀਮਾਂ ਦੇ ਸੂਬਾ ਪੱਧਰੀ ਅੰਤਰ ਪਾਲੀਟੈਕਨਿਕ ਕਾਲਜ ਮੁਕਾਬਲੇ ਕਰਵਾਏ ਜਾ ਰਹੇ ਹਨ। ਮੁਕਾਬਲਿਆਂ ਵਿਚ ਪੀ.ਆਈ.ਟੀ.ਟੀ. ਅੰਮ੍ਰਿਤਸਰ ਦੀ ਟੀਮ ਦਾ ਮੁਕਾਬਲਾ ਰਾਮਗੜ੍ਹੀਆ ਪਾਲੀਟੈਕਨਿਕ ਕਾਲਜ ਫਗਵਾੜਾ ਦੀਆਂ ਟੀਮ ਵਿਚਕਾਰ ਹੋਇਆ, ਜਿਸ ਵਿਚ ਰਾਮਗੜ੍ਹੀਆ ਕਾਲਜ ਨੇ ਪੀ.ਆਈ.ਟੀ.ਟੀ. ਅੰਮ੍ਰਿਤਸਰ ਦੀ ਟੀਮ ਨੂੰ 4-1 ਨਾਲ ਹਰਾਇਆ ਜਦਕਿ ਦੂਸਰਾ ਮੈਚ ਬੰਦਾ ਸਿੰਘ ਬਹਾਦਰ ਪਾਲੀਟੈਕਨਿਕ ਕਾਲਜ ਫਤਿਹਗੜ੍ਹ ਸਾਹਿਬ ਅਤੇ ਜੀ.ਟੀ.ਬੀ. ਗੜ੍ਹ ਖਾਲਸਾ ਕਾਲਜ ਮਲੋਟ ਵਿਚਕਾਰ ਹੋਇਆ। ਜਿਸ ਵਿਚ ਜੀ.ਟੀ.ਬੀ. ਖਾਲਸਾ ਕਾਲਜ ਦੀ ਟੀਮ ਨੇ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਦੀ ਟੀਮ ਨੂੰ 3-1 ਨਾਲ ਹਰਾਇਆ। 55ਵੀਆਂ ਪੰਜਾਬ ਰਾਜ ਸਕੂਲ ਖੇਡਾਂ ਦੇ ਹੈਂਡਬਾਲ ਮੁਕਾਬਲੇ ਰੂਪਨਗਰ, 28 ਅਕਤੂਬਰ - 55ਵੀਆਂ ਪੰਜਾਬ ਰਾਜ ਸਕੂਲ ਖੇਡਾਂ ਹੈਂਡਬਾਲ 17 ਸਾਲ ਉਮਰ ਵਰਗ ਲੜਕੇ ਅਤੇ ਲੜਕੀਆਂ ਦੇ ਕੁਆਰਟਰ ਫਾਈਨਲ ਮੁਕਾਬਲੇ ਰੂਪਨਗਰ ਦੇ ਖਾਲਸਾ ਸੀ: ਸੈ: ਸਕੂਲ ਦੇ ਖੇਡ ਮੈਦਾਨ ਵਿਚ ਹੋ ਰਹੇ ਹਨ। ਕੁਆਟਰ ਫਾਈਨਲ ਵਿਚ ਪਹੁੰਚਣ ਵਾਲੀਆਂ ਟੀਮਾਂ ਵਿਚ ਲੜਕੇ: ਸੰਗਰੂਰ ਨੇ ਲੁਧਿਆਣਾ ਨੂੰ 21-16 ਨਾਲ, ਮੁਕਤਸਰ ਨੇ ਬਠਿੰਡਾ ਨੂੰ 31-29 ਨਾਲ, ਰੂਪਨਗਰ ਨੇ ਨਵਾਂਸ਼ਹਿਰ ਨੂੰ 16-07 ਨਾਲ ਅਤੇ ਫਰੀਦਕੋਟ ਨੇ ਫਿਰੋਜ਼ਪੁਰ ਨੂੰ 33-23 ਨਾਲ ਹਰਾਇਆ। ਹਾਕੀ ਟੂਰਨਾਮੈਂਟ 6 ਨਵੰਬਰ ਤੋਂ ਫ਼ਿਰੋਜ਼ਪੁਰ, 28 ਅਕਤੂਬਰ - ਫ਼ਿਰੋਜ਼ਪੁਰ ਦੇ ਸ਼ਹੀਦ ਭਗਤ ਸਿੰਘ ਇੰਜੀਨੀਅਰਿੰਗ ਕਾਲਜ 'ਚ 6 ਅਤੇ 7 ਅਕਤੂਬਰ ਨੂੰ ਯੂਨੀਵਰਸਿਟੀ ਅਧੀਨ ਕਾਲਜਾਂ ਦੇ ਹਾਕੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਨਾਕ ਆਉਟ ਟੂਰਨਾਮੈਂਟ ਵਿਚ ਲੜਕਿਆਂ ਦੀਆਂ 25 ਟੀਮਾਂ ਅਤੇ ਲੜਕੀਆਂ ਦੀਆਂ 15 ਟੀਮਾਂ ਆਪਸ ਵਿਚ ਭਿੜਨਗੀਆਂ। ਇਸ ਟੂਰਨਾਮੈਂਟ ਵਿਚ ਗੁਰੂ ਨਾਨਕ ਇੰਜੀ. ਕਾਲਜ ਲੁਧਿਆਣਾ, ਡੀ.ਏ.ਵੀ. ਕਾਲਜ ਜਲੰਧਰ, ਸ: ਬੇਅੰਤ ਸਿੰਘ ਕਾਲਜ ਆਫ ਇੰਜੀ. ਲੁਧਿਆਣਾ, ਬਸਰਾ ਕਾਲਜ, ਸ਼ਹੀਦ ਭਗਤ ਸਿੰਘ ਕਾਲਜ, ਥਾਪਰ ਕਾਲਜ ਪਟਿਆਲਾ ਤੋਂ ਇਲਾਵਾ ਹੋਰ ਵੀ ਦਰਜ਼ਨ ਤੋਂ ਵੱਧ ਨਾਮਵਰ ਕਾਲਜਾਂ ਦੀ ਟੀਮਾਂ ਭਾਗ ਲੈਣਗੀਆਂ। ਪੰਜਾਬ ਸਕੂਲਜ਼ ਹਾਕੀ ਚੈਂਪੀਅਨਸ਼ਿਪ ਲੁਧਿਆਣਾ 28 ਅਕਤੂਬਰ - ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਅਤੇ ਭਾਰਤ ਨਗਰ ਸਕੂਲ ਲੁਧਿਆਣਾ ਵਿਖੇ ਪੰਜਾਬ ਸਕੂਲਜ਼ ਹਾਕੀ ਚੈਪੀਅਨਸ਼ਿਪ ਅੰਡਰ 19 ਸਾਲ ਦੇ ਮੁੰਡੇ ਅਤੇ ਕੁੜੀਆਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਦੇ ਤੀਸਰੇ ਦਿਨ ਖੇਡੇ ਗਏ ਕੁਆਰਟਰ ਫਾਈਨਲ ਮੈਚਾਂ ਵਿਚ ਜਰਖੜ ਹਾਕੀ ਅਕੈਡਮੀ, ਸਪਰਿੰਗ ਡੇਲ ਅਕੈਡਮੀ ਅੰਮ੍ਰਿਤਸਰ, ਲੁਧਿਆਣਾ ਅਤੇ ਸਪੋਰਟਸ ਵਿੰਗ ਕਿਲ੍ਹਾ ਰਾਏਪੁਰ ਨੇ ਜਿੱਤਾਂ ਹਾਸਲ ਕਰਦਿਆਂ ਆਪਣੀ ਜਗ੍ਹਾ ਸੁਪਰ ਲੀਗ ਵਿਚ ਪੱਕੀ ਕੀਤੀ, ਜਦਕਿ ਕੁੜੀਆਂ ਦੇ ਵਰਗ ਵਿਚ ਕੈਰੋਂ ਵਿੰਗ, ਲੁਧਿਆਣਾ ਸਪੋਰਟਸ ਵਿੰਗ, ਜ਼ਿਲ੍ਹਾ ਲੁਧਿਆਣਾ ਅਤੇ ਬਰਨਾਲਾ ਨੇ ਸੁਪਰ ਲੀਗ ਵਿਚ ਆਪਣਾ ਸਥਾਨ ਬਣਾਇਆ। ਜਰਖੜ ਸਟੇਡੀਅਮ ਵਿਚ ਖੇਡੇ ਗਏ ਮੈਚਾਂ ਵਿਚ ਜਰਖੜ ਅਕੈਡਮੀ ਨੇ ਤਰਨਤਾਰਨ ਨੂੰ 5-2 ਨਾਲ, ਸਪਰਿੰਗ ਡੇਲ ਅੰਮ੍ਰਿਤਸਰ ਨੇ ਮੁਕਤਸਰ ਨੂੰ 4-0 ਨਾਲ ਜਦਕਿ ਕੁਆਰਟਰ ਫਾਈਨਲ ਮੈਚਾਂ ਵਿਚ ਸਪਰਿੰਗ ਡੇਲ ਅੰਮ੍ਰਿਤਸਰ ਨੇ ਰੋਪੜ ਨੂੰ 3-1 ਨਾਲ, ਜਰਖੜ ਅਕੈਡਮੀ ਨੇ ਅੰਮ੍ਰਿਤਸਰ ਵਿੰਗ ਨੂੰ 1-0 ਨਾਲ, ਸਪੋਰਟਸ ਵਿੰਗ ਕਿਲ੍ਹਾ ਰਾਏਪੁਰ ਨੇ ਤਰਨਤਾਰਨ ਨੂੰ 4-1 ਨਾਲ, ਲੁਧਿਆਣਾ ਨੇ ਮੁਕਤਸਰ ਨੂੰ 6-0 ਨਾਲ ਹਰਾ ਕੇ ਸੁਪਰ ਲੀਗ ਵਿਚ ਆਪਣਾ ਦਾਖਲਾ ਪੱਕਾ ਕੀਤਾ। ਭਾਰਤ ਨਗਰ ਸਕੂਲ ਵਿਖੇ ਖੇਡੇ ਗਏ ਕੁੜੀਆਂ ਦੇ ਕੁਆਰਟਰ ਫਾਈਨਲ ਮੈਚਾਂ ਵਿਚ ਕੈਰੋਂ ਵਿੰਗ ਤਰਨਤਾਰਨ ਨੇ ਅੰਮ੍ਰਿਤਸਰ ਨੂੰ 5-0 ਨਾਲ, ਲੁਧਿਆਣਾ ਵਿੰਗ ਨੇ ਮਾਨਸਾ ਨੂੰ 6-0 ਨਾਲ, ਜ਼ਿਲ੍ਹਾ ਲੁਧਿਆਣਾ ਨੇ ਮੋਗਾ ਨੂੰ 1-0 ਨਾਲ, ਬਰਨਾਲਾ ਨੇ ਸੰਗਰੂਰ ਨੂੰ 2-1 ਨਾਲ ਹਰਾਇਆ। ਸਵੇਰ ਦੇ ਸ਼ੈਸ਼ਨ ਵਿਚ ਖੇਡੇ ਗਏ ਕਲਾਸਟਰ ਮੈਚਾਂ ਵਿਚ ਬਰਨਾਲਾ ਨੇ ਮਾਨਸਾ ਨੂੰ 2-0 ਨਾਲ, ਲੁਧਿਆਣਾ ਵਿੰਗ ਨੇ ਸੰਗਰੂਰ 6-0 ਨਾਲ, ਮੋਗਾ ਨੇ ਅੰਮ੍ਰਿਤਸਰ ਨੂੰ 4-0 ਨਾਲ, ਕੈਰੋਂ ਵਿੰਗ ਨੇ ਜ਼ਿਲ੍ਹਾ ਲੁਧਿਆਣਾ ਨੂੰ 3-0 ਨਾਲ ਹਰਾਇਆ। ਹੈਂਡਬਾਲ ਵਿਚ ਲੁਧਿਆਣਾ, ਸੰਗਰੂਰ, ਫਰੀਦਕੋਟ ਨੇ ਸੁਪਰ ਲੀਗ ਵਿਚ ਆਪਣਾ ਦਾਖਲਾ ਪੱਕਾ ਕੀਤਾ। ਲੁਧਿਆਣਾ ਨੇ ਪਟਿਆਲਾ ਨੂੰ, ਨਵਾਂਸ਼ਹਿਰ ਨੇ ਮੋਗਾ ਨੂੰ, ਸੰਗਰੂਰ ਨੇ ਮਾਨਸਾ ਨੂੰ ਹਰਾਇਆ। ਜੇ. ਸੀ. ਟੀ. 2-1 ਨਾਲ ਹਾਰ ਲੁਧਿਆਣਾ, 28 ਅਕਤੂਬਰ - ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ 'ਚ ਰਾਸ਼ਟਰੀ ਫੁੱਟਬਾਲ ਲੀਗ ਦੇ ਮੁਕਾਬਲੇ ਹੋ ਰਹੇ ਹਨ। ਜੇ. ਸੀ. ਟੀ. ਸਪੋਰਟਸ ਕਲੱਬ ਨੂੰ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ। ਪੰਜਵੇਂ ਗੇੜ ਦੇ ਇਕ ਅਹਿਮ ਮੁਕਾਬਲੇ ਵਿਚ ਜੇ. ਸੀ. ਟੀ. ਸਾਬਕਾ ਚੈਂਪੀਅਨ ਡੈਂਪੋ ਗੋਆ ਹੱਥੋਂ 1-2 ਨਾਲ ਮੁਕਾਬਲਾ ਹਾਰੀ। ਪਹਿਲੇ ਅੱਧ ਵਿਚ ਮਹਿਮਾਨ ਟੀਮ ਦਾ ਪੱਲੜਾ ਭਾਰੂ ਰਿਹਾ, ਜਦਕਿ ਦੂਸਰੇ ਅੱਧ ਵਿਚ ਜੇ. ਸੀ. ਟੀ. ਦੇ ਖਿਡਾਰੀਆਂ ਨੇ ਡੈਂਪੋ ਗੋਆ 'ਤੇ ਕਈ ਜਵਾਬੀ ਹਮਲੇ ਕੀਤੇ, ਪਰ ਜਿੱਤ ਨਾ ਨਸੀਬ ਹੋਈ। ਜ਼ੋਨ ਪੱਧਰ ਦੇ ਐਥਲੈਟਿਕ ਮੁਕਾਬਲਿਆਂ ਵਿਚ ਸਰਕਾਰੀ ਸਕੂਲ ਚੰਗਾਲ ਜੇਤੂ ਸੰਗਰੂਰ, 28 ਅਕਤੂਬਰ - ਜ਼ੋਨ ਪੱਧਰ ਦੇ ਐਥਲੈਟਿਕਸ ਮੁਕਾਬਲੇ ਸੰਗਰੂਰ ਦੇ ਵਾਰ ਹੀਰੋਜ਼ ਸਟੇਡੀਅਮ ਵਿਖੇ ਕਰਵਾਏ ਗਏ। ਕੁੱਲ 32 ਪੁਜੀਸ਼ਨਾਂ ਪ੍ਰਾਪਤ ਕਰਕੇ ਅੰਡਰ 17 ਸਾਲ ਲੜਕੀਆਂ ਦੀ ਚੈਪੀਅਨਸ਼ਿਪ ਵਿਚ ਪਹਿਲਾਂ ਸਥਾਨ ਪ੍ਰਾਪਤ ਕੀਤੀ। ਸਰਕਾਰੀ ਹਾਈ ਸਕੂਲ ਚੰਗਾਲ ਦੇ ਖਿਡਾਰੀਆਂ ਨੇ ਵੱਖ ਵੱਖ ਈਵੈਂਟਸ ਵਿਚ ਕੁੱਲ 32 ਪੁਜੀਸ਼ਨਾਂ ਪ੍ਰਾਪਤ ਕਰਕੇ ਆਪਣੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਇਨ੍ਹਾਂ ਮੁਕਾਬਲਿਆਂ ਵਿਚ ਅੰਡਰ 19 ਸਾਲ ਵਿਚ ਲੜਕੀਆਂ ਦੇ ਵਰਗ ਵਿਚ ਸੰਦੀਪ ਕੌਰ ਨੇ ਤੀਹਰੀ ਛਾਲ, ਲੰਬੀ ਛਾਲ ਅਤੇ 5 ਕਿਲੋਮੀਟਰ ਪੈਦਲ ਚਾਲ ਵਿਚ ਪਹਿਲਾ ਅਤੇ ਪ੍ਰਨੀਤ ਕੌਰ ਨੇ ਉਚੀ ਛਾਲ ਵਿਚ ਪਹਿਲਾ ਅਤੇ ਪੋਲਵਾਲਟ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ 17 ਸਾਲ ਲੜਕੀਆਂ ਵਿਚ ਦੇਸੋ ਨੇ ਤੀਹਰੀ ਛਾਲ ਅਤੇ ਲੰਬੀ ਛਾਲ ਵਿਚ ਪਹਿਲਾ ਅਤੇ ਪੋਲਵਾਲਟ ਵਿਚ ਦੂਜਾ ਸਥਾਨ, ਕਿਰਨਦੀਪ ਕੌਰ ਨੇ ਪੋਲਵਾਲਟ ਵਿਚ ਪਹਿਲਾ ਸਥਾਨ, ਸਿਮਰਜੀਤ ਕੌਰ ਨੇ ਜੈਵਲਿਨ ਥਰੋ ਵਿਚ ਪਹਿਲਾ ਅਤੇ ਜਸਪ੍ਰੀਤ ਕੌਰ ਨੇ ਦੂਜਾ ਸਥਾਨ, ਜਸਵਿੰਦਰ ਕੌਰ ਨੇ ਸ਼ਾਟ ਪੁੱਟ ਅਤੇ ਡਿਸਕਸ ਥਰੋ ਵਿਚ ਪਹਿਲਾ ਅਤੇ ਪਰਵਿੰਦਰ ਕੌਰ ਨੇ ਸ਼ਾਟ ਪੁੱਟ ਅਤੇ ਡਿਸਕਸ ਥਰੋ ਵਿਚ ਦੂਜਾ ਸਥਾਨ, ਵੀਰਪਾਲ ਕੌਰ ਨੇ ਉਚੀ ਛਾਲ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ 19 ਸਾਲ ਲੜਕਿਆਂ ਵਿਚ ਗੁਰਮੇਲ ਸਿੰਘ ਨੇ ਉਚੀ ਛਾਲ ਅਤੇ ਜੈਵਲਿਨ ਥਰੋ ਵਿਚ ਪਹਿਲਾ, ਹਰਵਿੰਦਰ ਸਿੰਘ ਨੇ ਸ਼ਾਟ ਪੁੱਟ, ਡਿਸਕਸ ਥਰੋ ਵਿਚ ਪਹਿਲਾ ਸਥਾਨ ਅਤੇ ਜੈਵਲਿਨ ਕਰੋ ਵਿਚ ਦੂਜਾ ਸਥਾਨ ਅਤੇ ਗੁਰਸੇਵਕ ਸਿੰਘ ਨੇ ਉਚੀ ਛਾਲ ਅਤੇ ਪੋਲਵਾਲਟ ਵਿਚ ਦੂਜਾ ਸਥਾਨ ਅਤੇ ਗੁਰਪ੍ਰੀਤ ਸਿੰਘ ਨੇ ਪੋਲਵਾਲਟ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ 17 ਸਾਲ ਲੜਕਿਆਂ ਵਿਚ ਗਗਨਦੀਪ ਸਿੰਘ ਨੇ ਪੋਲਵਾਲਟ ਵਿਚ ਪਹਿਲਾ ਅਤੇ ਉਚੀ ਛਾਲ ਵਿਚ ਦੂਜਾ ਅਤੇ ਗੁਰਪ੍ਰੀਤ ਸਿੰਘ ਨੇ ਪੋਲਵਾਲਟ ਵਿਚ ਦੂਜਾ ਸਥਾਨ, ਸਤਿਗੁਰ ਸਿੰਘ ਨੇ ਜੈਵਲਿਨ ਥਰੋ ਵਿਚ ਪਹਿਲਾ ਅਤੇ ਸ਼ਾਟ ਪੁੱਟ ਵਿਚ ਦੂਜਾ ਸਥਾਨ, ਬਿਕਰਮਜੀਤ ਸਿੰਘ ਨੇ ਡਿਸਕਸ ਥਰੋ ਵਿਚ ਪਹਿਲਾ ਸਥਾਨ ਅਤੇ ਸਤਨਾਮ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 14 ਸਾਲ ਲੜਕਿਆਂ ਵਿਚ ਜਗਮੀਤ ਸਿੰਘ ਨੇ ਡਿਸਕਸ ਥਰੋ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ। 27ਵਾਂ ਕਬੱਡੀ ਟੂਰਨਾਮੈਂਟ ਸ਼ੁਰੂ ਮੁਕੇਰੀਆਂ, 28 ਅਕਤੂਬਰ - 27ਵਾਂ ਕਬੱਡੀ ਟੂਰਨਾਮੈਂਟ ਕਸਬਾ ਮਨਸੂਰਪੁਰ ਵਿਖੇ 29-30 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। 29 ਅਕਤੂਬਰ ਨੂੰ ਸਵੇਰੇ 10 ਵਜੇ ਕਬੱਡੀ ਟੂਰਨਾਮੈਂਟ ਦਾ ਉਦਘਾਟਨ ਸ: ਸਰਬਜੋਤ ਸਿੰਘ ਸਾਬੀ ਕੌਮੀ ਮੀਤ ਪ੍ਰਧਾਨ ਯੂਥ ਅਕਾਲੀ ਦਲ ਕਰਨਗੇ ਜਦੋਂਕਿ 30 ਅਕਤੂਬਰ ਨੂੰ ਸ: ਸੰਗਤ ਸਿੰਘ ਗਿਲਜੀਆਂ ਵਿਧਾਇਕ ਟਾਂਡਾ ਇਨਾਮਾਂ ਦੀ ਵੰਡ ਕਰਨਗੇ। 55ਵੀਆਂ ਚਾਰ ਰੋਜ਼ਾ ਪੰਜਾਬ ਸਕੂਲ ਕਬੱਡੀ ਖੇਡਾਂ ਸੁਲਤਾਨਪੁਰ ਲੋਧੀ, 28 ਅਕਤੂਬਰ - 55ਵੀਂਆਂ ਚਾਰ ਰੋਜ਼ਾ ਪੰਜਾਬ ਸਕੂਲ ਕਬੱਡੀ ਖੇਡਾਂ ਗੁਰੂ ਨਾਨਕ ਸਟੇਡੀਅਮ ਸੁਲਤਾਨਪੁਰ ਲੋਧੀ ਵਿਖੇ ਚੱਲ ਰਹੀਆਂ ਹਨ। ਇਨ੍ਹਾਂ ਖੇਡਾਂ ਦੇ ਪਹਿਲੇ ਦਿਨ 17 ਸਾਲ ਤੋਂ ਘੱਟ ਉਮਰ ਵਰਗ ਦੀਆਂ ਲੜਕੀਆਂ ਦੇ ਨੈਸ਼ਨਲ ਸਟਾਈਲ ਕਬੱਡੀ ਮੈਚ ਵਿਚ ਬਠਿੰਡਾ ਨੇ ਮਾਨਸਾ ਨੂੰ, ਬਰਨਾਲਾ ਨੇ ਅੰਮ੍ਰਿਤਸਰ ਨੂੰ, ਰੋਪੜ ਨੇ ਕਪੂਰਥਲਾ ਨੂੰ ਹਰਾਇਆ। 63ਵੀਂ ਸੀਨੀਅਰ ਪੁਰਸ਼ ਵਿਸ਼ਵ ਬਾਡੀ ਬਿਲਡਿੰਗ ਚੈਂਪੀਅਨਸ਼ਿਪ 1 ਤੋਂ 5 ਨਵੰਬਰ ਤੱਕ ਜਲੰਧਰ ਛਾਉਣੀ, 27 ਅਕਤੂਬਰ - 63ਵੀਂ ਸੀਨੀਅਰ ਪੁਰਸ਼ ਵਿਸ਼ਵ ਬਾਡੀ ਬਿਲਡਿੰਗ ਚੈਂਪੀਅਨਸ਼ਿਪ 1 ਤੋਂ 5 ਨਵੰਬਰ ਤੱਕ ਦੋਹਾ ਕਤਰ ਵਿਖੇ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਲਈ ਪੰਜਾਬ ਦੇ ਤਿੰਨ ਖਿਡਾਰੀਆਂ ਦੀ ਚੋਣ ਕੀਤੀ ਗਈ ਹੈ। ਭਾਰਤ ਦੀ 7-ਮੈਂਬਰੀ ਟੀਮ 'ਚ ਉਕਤ ਪੰਜਾਬੀ ਖਿਡਾਰੀਆਂ ਦੀ ਚੋਣ ਸਮੁੱਚੇ ਪੰਜਾਬੀਆਂ ਲਈ ਮਾਣ ਦੀ ਗੱਲ ਹੈ। ਪੰਜਾਬ ਤੋਂ ਚੁਣੇ ਗਏ ਖਿਡਾਰੀਆਂ ਵਿੱਚ ਜਲੰਧਰ ਤੋਂ ਵਰਿੰਦਰ ਘੁੰਮਣ, ਨਵਤੇਜ ਸਿੰਘ ਤੇ ਜਗਜੀਤ ਕੁਮਾਰ ਸ਼ਾਮਿਲ ਹਨ। ਰਾਸ਼ਟਰੀ ਫੁੱਟਬਾਲ ਲੀਗ ਦਾ ਜੇ. ਸੀ. ਟੀ. ਤੇ ਡੈਂਪੋ ਗੋਆ 'ਚ ਮੁਕਾਬਲਾ ਲੁਧਿਆਣਾ, 27 ਅਕਤੂਬਰ - ਰਾਸ਼ਟਰੀ ਫੁੱਟਬਾਲ ਲੀਗ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਚ ਅੱਜ 3 ਵਜੇ ਕਰਵਾਈ ਜਾ ਰਹੀ ਹੈ। ਇਸ ਲੀਗ ਦਾ ਜੇ. ਸੀ. ਟੀ. ਸਪੋਰਟਸ ਕਲੱਬ ਅਤੇ ਡੈਂਪੋ ਗੋਆ ਵਿਚਕਾਰ ਪੰਜਵੇਂ ਗੇੜ ਦਾ ਅਹਿਮ ਮੁਕਾਬਲਾ ਹੋਵੇਗਾ। ਕੌਮੀ ਫੁੱਟਬਾਲ ਲੀਗ ਵਿਚ ਦੋਵੇਂ ਟੀਮਾਂ 8-8 ਅੰਕਾਂ ਨਾਲ ਕ੍ਰਮਵਾਰ ਦੂਸਰੇ ਅਤੇ ਤੀਸਰੇ ਸਥਾਨ 'ਤੇ ਚੱਲ ਰਹੀਆਂ ਹਨ। ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਕੁਸ਼ਤੀ ਟੂਰਨਾਮੈਂਟ 30 ਅਕਤੂਬਰ ਨੂੰ ਜਲੰਧਰ, 27 ਅਕਤੂਬਰ - ਸ਼ਹੀਦ-ਏ-ਆਜ਼ਮ ਭਗਤ ਸਿੰਘ ਅੰਤਰਰਾਸ਼ਟਰੀ ਕੁਸ਼ਤੀ ਟੂਰਨਾਮੈਂਟ ਪੀ. ਏ. ਪੀ. ਜਲੰਧਰ ਦੇ ਇੰਡੋਰ ਸਟੇਡੀਅਮ ਵਿਚ 30 ਅਕਤੂਬਰ ਤੋਂ ਪਹਿਲੀ ਨਵੰਬਰ ਤੱਕ ਕਰਵਾਇਆ ਜਾ ਰਿਹਾ ਹੈ। 29 ਅਕਤੂਬਰ ਨੂੰ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖੜਕੜ੍ਹ ਕਲਾਂ ਤੋਂ ਉੱਚ ਕੋਟੀ ਦੇ ਪਹਿਲਵਾਨ ਤੇ ਕੁਸ਼ਤੀ ਪ੍ਰੇਮੀ ਮਸ਼ਾਲ ਲੈ ਕੇ ਦੇਸ਼ ਭਗਤ ਸਿੰਘ ਹਾਲ ਜਲੰਧਰ ਪਹੁੰਚਣਗੇ। 30 ਅਕਤੂਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 3 ਵਜੇ ਉਦਘਾਟਨ ਕਰਨਗੇ। ਸੀਨੀਅਰ ਰਾਸ਼ਟਰੀ ਬਾਡੀ ਬਿਲਡਿੰਗ ਚੈਂਪੀਅਨਸ਼ਿਪ 'ਚ ਸ਼ਾਮਿਲ ਹੋਣ ਵਾਲੇ ਪੰਜਾਬੀ ਖਿਡਾਰੀ ਲੁਧਿਆਣਾ, 26 ਅਕਤੂਬਰ - ਮੁੰਬਈ 'ਚ 27-28 ਨਵੰਬਰ ਨੂੰ ਸੀਨੀਅਰ ਰਾਸ਼ਟਰੀ ਕਲਾਸਿਕ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ ਅਤੇ ਏਵਨ ਮਿਸਟਰ ਇੰਡੀਆ ਚੈਂਪੀਅਨਸ਼ਿਪ ਜੋ 31 ਅਕਤੂਬਰ ਨੂੰ ਲੁਧਿਆਣਾ ਵਿਖੇ ਹੋ ਰਹੀ ਹੈ ਉਸ ਵਾਸਤੇ ਪੰਜਾਬ ਦੀ ਬਾਡੀ ਬਿਲਡਿੰਗ ਟੀਮ ਦਾ ਐਲਾਨ ਲੁਧਿਆਣਾ ਵਿਖੇ ਕੀਤਾ। ਚੋਣ ਪੈਨਲ ਵਿਚ ਨਾਮਜ਼ਦ ਜੱਜਾਂ ਨੇ 150 ਖਿਡਾਰੀਆਂ ਦੇ ਗਰੁੱਪ ਵਿਚੋਂ ਪੰਜਾਬ ਟੀਮ ਦੀ ਚੋਣ ਕੀਤੀ, ਜਿਨ੍ਹਾਂ ਵਿਚ ਚੁਣੇ ਗਏ ਖਿਡਾਰੀਆਂ ਵਿਚ 55 ਕਿਲੋ ਗਰਾਮ ਵਿਚ ਪ੍ਰਦੀਪ ਕੁਮਾਰ ਅਤੇ ਅਭਿਸ਼ੇਕ ਧੀਰ 60 ਕਿਲੋ ਗਰਾਮ ਵਿਚ ਹਰਪਾਲ ਸਿੰਘ ਲੁਧਿਆਣਾ, ਪਵਨਦੀਪ ਸਿੰਘ ਜਲੰਧਰ, 65 ਕਿਲੋਗਰਾਮ ਵਿਚ ਕੁਲਜਿੰਦਰ ਸਿੰਘ ਅਤੇ ਅਸ਼ੋਕ ਕੁਮਾਰ ਲੁਧਿਆਣਾ, ਭੁਪਿੰਦਰ ਸਿੰਘ ਮੁਕਤਸਰ, 70 ਕਿਲੋਗਰਾਮ ਵਿਚ ਚਰਨਜੀਤ ਸਿੰਘ ਲੁਧਿਆਣਾ, ਮਨਜਿੰਦਰ ਸਿੰਘ ਜਲੰਧਰ, 75 ਕਿਲੋਗਰਾਮ ਵਿਚ ਸੁਖਜੀਤ ਸਿੰਘ ਪਟਿਆਲਾ, ਅਮਨਦੀਪ ਸਿੰਘ ਗੁਰਦਾਸਪੁਰ, ਰਘੂਰਾਜਾ ਲੁਧਿਆਣਾ, 75 ਕਿਲੋ ਤੋਂ ਉਪਰ ਵਰਗ ਵਿਚ ਸੰਦੀਪ ਸਿੰਘ ਲੁਧਿਆਣਾ, ਵਿਨੋਦ ਕੁਮਾਰ ਜਲੰਧਰ ਚੁਣੇ ਗਏ ਹਨ। 55ਵੀਂਆਂ ਪੰਜਾਬ ਰਾਜ ਸਕੂਲ ਖੇਡਾਂ ਦੇ ਲੜਕੀਆਂ ਦੇ ਅੰਤਰ ਜ਼ਿਲ੍ਹਾ ਹਾਕੀ ਟੂਰਨਾਮੈਂਟ ਸ਼ੁਰੂ ਜਲੰਧਰ, 26 ਅਕਤੂਬਰ - ਜਲੰਧਰ 'ਚ 55ਵੀਆਂ ਪੰਜਾਬ ਰਾਜ ਸਕੂਲ ਖੇਡਾਂ ਦੇ ਅੰਡਰ 17 ਸਾਲ ਲੜਕੀਆਂ ਦੇ ਹਾਕੀ ਵਰਗ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਸਾਈ ਟ੍ਰੇਨਿੰਗ ਸੈਂਟਰ ਪਟਿਆਲਾ ਨੇ ਅੰਮ੍ਰਿਤਸਰ ਨੂੰ 7-0 ਨਾਲ, ਸਪੋਰਟਸ ਵਿੰਗ ਨਹਿਰੂ ਗਾਰਡਨ ਨੇ ਪਟਿਆਲਾ ਨੂੰ 5-0 ਨਾਲ, ਮੋਗਾ ਨੇ ਅੰਮ੍ਰਿਤਸਰ ਨੂੰ 5-0 ਨਾਲ, ਮੁਕਤਸਰ ਨੇ ਲੁਧਿਆਣਾ ਨੂੰ 2-0 ਨਾਲ ਤੇ ਗੁਰਦਾਸਪੁਰ ਨੇ ਮਾਨਸਾ ਨੂੰ 2-0 ਨਾਲ ਹਰਾ ਕੇ ਅਗਲੇ ਦੌਰ ਵਿਚ ਪ੍ਰਵੇਸ਼ ਕੀਤਾ। ਮੁੱਕੇਬਾਜ਼ੀ ਚੈਂਪੀਅਨਸ਼ਿਪ 27 ਅਕਤੂਬਰ ਤੋਂ ਪਟਿਆਲਾ, 26 ਅਕਤੂਬਰ - ਮੁੱਕੇਬਾਜ਼ੀ ਚੈਂਪੀਅਨਸ਼ਿਪ ਹੈਦਰਾਬਾਦ 'ਚ 27 ਅਕਤੂਬਰ ਨੂੰ ਕਰਵਾਈ ਜਾ ਰਹੀ ਹੈ। ਨੇੜਲੇ ਪਿੰਡ ਸ਼ਾਦੀਪੁਰ ਦਾ ਜੰਮਪਲ ਕੁਲਦੀਪ ਸਿੰਘ ਤੇ ਸੰਗਰੂਰ ਦਾ ਵਸਨੀਕ ਅਮਨਦੀਪ ਸਿੰਘ ਰੇਲਵੇ ਵੱਲੋਂ ਹਿੱਸਾ ਲੈਣਗੇ। ਕੁਲਦੀਪ ਸਿੰਘ ਮਿਡਲ ਵੇਟ ਵਿਚ ਅਤੇ ਅਮਨਦੀਪ ਸਿੰਘ ਲਾਈਟ ਵੇਟ ਵਿਚ ਆਪਣੇ ਜੌਹਰ ਦਿਖਾਏਗਾ। ਇਹ ਦੋਨੋਂ ਹੀ ਖਿਡਾਰੀ ਪਿਛਲੇ ਕੁਝ ਸਾਲਾਂ ਦੌਰਾਨ ਕਈ ਕੌਮਾਂਤਰੀ ਤੇ ਕੌਮੀ ਟੂਰਨਾਮੈਂਟਾਂ 'ਚ ਤਗਮੇ ਜਿੱਤ ਚੁੱਕੇ ਹਨ। ਸੀਨੀਅਰ ਵਿਸ਼ਵ ਬਾਡੀ ਬਿਲਡਿੰਗ 1 ਨਵੰਬਰ ਤੋਂ ਜਲੰਧਰ, 26 ਅਕਤੂਬਰ - ਸੀਨੀਅਰ ਵਿਸ਼ਵ ਬਾਡੀ ਬਿਲਡਿੰਗ 1 ਤੋਂ 5 ਨਵੰਬਰ ਤੱਕ ਕਰਵਾਈ ਜਾ ਰਹੀ ਹੈ। ਇਸ ਲਈ ਪੰਜਾਬ ਦੇ ਨਾਮੀ ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਦੀ ਚੋਣ ਹੋਈ ਹੈ। ਵਰਿੰਦਰ ਸਿੰਘ ਘੁੰਮਣ ਨੇ ਇਸ ਤੋਂ ਪਹਿਲਾਂ ਏਸ਼ੀਅਨ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਵਿਚੋਂ ਚਾਂਦੀ ਦਾ ਤਗਮਾ ਹਾਸਲ ਕੀਤਾ ਸੀ। ਨਾਰਥ ਜ਼ੋਨ ਇੰਟਰ 'ਵਰਸਿਟੀ ਬਾਸਕਿਟਬਾਲ ਚੈਂਪੀਅਨਸ਼ਿਪ ਜਲੰਧਰ, 26 ਅਕਤੂਬਰ - ਐਨ. ਆਈ. ਟੀ. ਜਲੰਧਰ 'ਚ ਨਾਰਥ ਜ਼ੋਨ ਇੰਟਰ 'ਵਰਸਿਟੀ ਬਾਸਕਿਟਬਾਲ ਚੈਂਪੀਅਨਸ਼ਿਪ ਚੱਲ ਰਹੀ ਹੈ। ਇਸ ਦੇ ਖੇਡ ਨਤੀਜਿਆਂ 'ਚ ਦਿੱਲੀ ਨੇ ਐਮ. ਡੀ. ਯੂ. ਨੂੰ 96-81, ਪੰਜਾਬੀ ਯੂਨੀਵਰਸਿਟੀ ਨੇ ਪੀ. ਟੀ. ਯੂ. ਨੂੰ 70-67 ਨਾਲ, ਪੰਜਾਬ ਯੂਨੀਵਰਸਿਟੀ ਨੇ ਜੀ. ਐਨ. ਡੀ. ਯੂ. ਨੂੰ 76-54 ਨਾਲ, ਜਾਮੀਆ ਮਿਲੀਆ ਇਸਲਾਮੀਆ ਇਸ ਨੇ ਸ੍ਰੀਨਗਰ ਨੂੰ 58-42 ਨਾਲ ਹਰਾ ਕੇ ਅਗਲੇ ਦੌਰ ਵਿਚ ਪ੍ਰਵੇਸ਼ ਕੀਤਾ। ਇਸ ਤੋਂ ਪਹਿਲੇ ਦਿਨ ਐਮ. ਡੀ. ਯੂ. ਰੋਹਤਕ ਨੇ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਸ਼ਿਮਲਾ ਨੂੰ 58-40 ਨਾਲ ਪੀ. ਟੀ. ਯੂ. ਨੇ ਐਨ. ਆਈ. ਟੀ. ਜਲੰਧਰ ਨੂੰ 64-35 ਨਾਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਫੈਜਾਬਾਦ ਨੂੰ 62-19 ਨਾਲ ਜਾਮੀਆ ਦਿੱਲੀ ਨੇ ਸ੍ਰੀਨਗਰ ਨੂੰ 58-42 ਨਾਲ ਤੇ ਪੰਜਾਬ ਯੂਨੀਵਰਸਿਟੀ ਨੇ ਜੀ. ਐਨ. ਡੀ. ਯੂ. ਨੇ 70-67 ਨਾਲ, ਦਿੱਲੀ ਯੂਨੀਵਰਸਿਟੀ ਨੇ ਐਮ. ਡੀ. ਯੂ. ਨੂੰ 96-81 ਨਾਲ ਤੇ ਪੰਜਾਬ ਯੂਨੀਵਰਸਿਟੀ ਨੇ ਜੀ. ਐਨ. ਜੀ. ਯੂ. ਨੂੰ ਹਰਾ ਕੇ ਅਗਲੇ ਦੌਰ ਵਿਚ ਪ੍ਰਵੇਸ਼ ਕੀਤਾ। ਫੁੱਟਬਾਲ ਲੀਗ ਦਾ ਮੈਚ 28 ਨੂੰ ਜਲੰਧਰ, 26 ਅਕਤੂਬਰ - ਓ. ਐਨ. ਜੀ. ਸੀ. ਆਈ. ਫੁੱਟਬਾਲ ਲੀਗ ਦਾ ਮੈਚ 28 ਅਕਤੂਬਰ ਨੂੰ ਸ਼ਾਮ 3 ਵਜੇ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਕਰਵਾਈ ਜਾ ਰਹੀ ਹੈ। ਇਸ ਲੀਗ ਦਾ ਮੈਚ ਜੇ. ਸੀ. ਟੀ. ਤੇ ਡੈਪੂ ਫੁੱਟਬਾਲ ਕਲੱਬ ਸ਼ੋਅ ਦਰਮਿਆਨ ਖੇਡਿਆ ਜਾਵੇਗਾ। ਕਬੱਡੀ ਟੂਰਨਾਮੈਂਟ 3 ਨਵੰਬਰ ਤੋਂ ਭੰਗਾਲਾ, 26 ਅਕਤੂਬਰ - ਕਬੱਡੀ ਟੂਰਨਾਮੈਂਟ 3-4 ਨਵੰਬਰ ਨੂੰ ਉੱਪ ਮੰਡਲ ਮੁਕੇਰੀਆਂ ਦੇ ਪਿੰਡ ਲਾਡਪੁਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟਾਂ ਦੌਰਾਨ ਪੰਜਾਬ ਭਰ ਤੋਂ ਆਈਆਂ ਕਬੱਡੀ ਦੀਆਂ ਟੀਮਾਂ ਭਾਗ ਲੈਣਗੀਆਂ। ਓਪਨ ਕਬੱਡੀ ਦੀ ਜੇਤੂ ਟੀਮ ਨੂੰ 51 ਹਜ਼ਾਰ ਰੁਪਏ, ਜਦਕਿ ਦੂਸਰੇ ਨੰਬਰ 'ਤੇ ਰਹਿਣ ਵਾਲੀ ਟੀਮ ਨੂੰ 31 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਹਾਕੀ ਚੈਂਪੀਅਨਸ਼ਿਪ ਲੁਧਿਆਣਾ, 25 ਅਕਤੂਬਰ - ਗਰੇਵਾਲ ਸਟੇਡੀਅਮ ਕਿਲ੍ਹਾ ਰਾਏਪੁਰ ਅਤੇ ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਵਿਖੇ ਪੰਜਾਬ ਸਕੂਲਜ਼ ਸਿੱਖਿਆ ਵਿਭਾਗ ਵੱਲੋਂ ਪੰਜਾਬ ਸਕੂਲਜ਼ ਅੰਤਰ ਜ਼ਿਲ੍ਹਾ ਅੰਡਰ-19 ਸਾਲ ਮੁੰਡੇ ਅਤੇ ਕੁੜੀਆਂ ਦੀ ਹਾਕੀ ਚੈਂਪੀਅਨਸ਼ਿਪ 26 ਅਕਤੂਬਰ ਤੋਂ 31 ਅਕਤੂਬਰ ਤੱਕ ਕਰਵਾਈ ਜਾ ਰਹੀ ਹੈ। ਇਸ ਰਾਜ ਪੱਧਰੀ ਚੈਂਪੀਅਨਸ਼ਿਪ ਵਿਚ ਪਿਛਲੇ ਸਾਲ ਦੀ ਚੈਂਪੀਅਨ ਮਾਤਾ ਸਾਹਿਬ ਕੌਰ ਅਕੈਡਮੀ ਜਰਖੜ, ਗਰੇਵਾਲ ਅਕੈਡਮੀ ਕਿਲਾ ਰਾਏਪੁਰ, ਸੰਗਰੂਰ ਅਕੈਡਮੀ, ਸੁਰਜੀਤ ਅਕੈਡਮੀ, ਬੈਂਕ ਅਕੈਡਮੀ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਿਆਂ ਦੀਆਂ ਟੀਮਾਂ ਸਪੋਰਟਸ ਵਿੰਗ ਅਤੇ ਹੋਰ ਹਾਕੀ ਅਕੈਡਮੀਆਂ ਸਮੇਤ 26 ਟੀਮਾਂ ਹਿੱਸਾ ਲੈਣਗੀਆਂ। ਇਹ ਚੈਂਪੀਅਨਸ਼ਿਪ ਲੀਗ ਕਮ ਨਾਕ ਆਊਟ ਪ੍ਰਣਾਲੀ ਦੇ ਅਧਾਰ 'ਤੇ ਖੇਡੀ ਜਾਵੇਗੀ। ਪੰਜਾਬ ਰਾਜ ਪੇਂਡੂ ਖੇਡਾਂ 'ਚ ਲੁਧਿਆਣਾ ਦੀਆਂ ਕੁੜੀਆਂ ਜੇਤੂ ਬਠਿੰਡਾ/ਤਲਵੰਡੀ ਸਾਬੋਂ, 23 ਅਕਤੂਬਰ - ਪੰਜਾਬ ਰਾਜ ਪੇਂਡੂ ਖੇਡਾਂ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ 'ਚ ਲੜਕੀਆਂ ਦੀ ਸਮੁੱਚੀ ਟਰਾਫ਼ੀ ਲੁਧਿਆਣਾ ਦੀਆਂ ਕੁੜੀਆਂ ਨੇ 16.5 ਅੰਕਾਂ ਨਾਲ ਜਿੱਤੀ ਜਦੋਂਕਿ ਸਮੁੱਚੀ ਟਰਾਫ਼ੀ ਵਿਚ ਦੂਜੇ ਨੰਬਰ 'ਤੇ ਰਹਿਣ ਵਾਲੀ ਤਰਨਤਾਰਨ ਜ਼ਿਲ੍ਹੇ ਦੀ ਟੀਮ ਨੂੰ 16 ਅੰਕ ਪ੍ਰਾਪਤ ਹੋਏ। ਤੀਜੇ ਨੰਬਰ 'ਤੇ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਕੁੜੀਆਂ ਨੇ 10 ਅੰਕ ਪ੍ਰਾਪਤ ਕੀਤੇ। ਇਹ ਮੈਚ ਪਟਿਆਲਾ ਨੇ ਬਠਿੰਡਾ ਨੂੰ 33-28 ਨਾਲ ਹਰਾ ਕੇ ਜਿੱਤਿਆ। ਸਮੁੱਚੀ ਟਰਾਫ਼ੀ ਦੀਆਂ ਜੇਤੂ ਖਿਡਾਰਨਾਂ ਨੂੰ ਪਹਿਲੀ ਵਾਰ ਨਕਦ ਇਨਾਮਾਂ ਨਾਲ ਨਿਵਾਜਿਆ ਗਿਆ ਤੇ ਲੁਧਿਆਣਾ ਦੀਆਂ ਕੁੜੀਆਂ ਨੂੰ 37000 ਰੁਪਏ ਤਰਨਤਾਰਨ ਨੂੰ 25000 ਅਤੇ ਅੰਮ੍ਰਿਤਸਰ ਨੂੰ 12500 ਰੁਪਏ ਨਗਦ ਇਨਾਮ ਦਿੱਤਾ ਗਿਆ। ਵਿਅਕਤੀਗਤ ਜੇਤੂ ਲੜਕੀਆਂ ਨੂੰ ਕ੍ਰਮਵਾਰ 2000 ਰੁ:, ਦੂਜੇ ਨੰਬਰ ਲਈ 1200 ਰੁ: ਅਤੇ ਤੀਜੇ ਨੰਬਰ ਲਈ 800 ਰੁ: ਵੀ ਮੌਕੇ 'ਤੇ ਹੀ ਦਿੱਤੇ ਗਏ। ਕੁੱਲ 373 ਲੜਕੀਆਂ ਨੂੰ ਨਕਦ ਇਨਾਮ ਦਿੱਤੇ ਗਏ। ਇਥੋਂ ਜਿੱਤਣ ਵਾਲੀਆਂ ਕੁੜੀਆਂ ਜਨਵਰੀ ਵਿਚ ਆਨੰਦਪੁਰ ਸਾਹਿਬ ਵਿਖੇ ਹੋਣ ਵਾਲੀਆਂ ਕੌਮੀ ਖੇਡਾਂ ਵਿਚ ਭਾਗ ਲੈਣਗੀਆਂ। ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਕੁਸ਼ਤੀ ਟੂਰਨਾਮੈਂਟ 30 ਅਕਤੂਬਰ ਤੋਂ ਜਲੰਧਰ, 23 ਅਕਤੂਬਰ - ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਕੁਸ਼ਤੀ ਟੂਰਨਾਮੈਂਟ 30 ਅਕਤੂਬਰ ਤੋਂ 1 ਨਵੰਬਰ ਤੱਕ ਪੀ. ਏ. ਪੀ. ਇੰਡੋਰ ਸਟੇਡੀਅਮ ਵਿਚ ਕਰਵਾਏ ਜਾਣਗੇ। ਇਸ ਵਿਚ ਸੰਸਾਰ ਦੇ ਚੋਟੀ ਦੇ ਪਹਿਲਵਾਨਾਂ ਦੇ ਮੁਕਾਬਲੇ ਵੇਖਣ ਨੂੰ ਮਿਲਣਗੇ। ਆਸਟ੍ਰੇਲੀਆ ਦੇ ਨਾਮਵਾਰ ਪਹਿਲਵਾਨ ਐਮਾ ਚਾਲਮਰਸ, ਕੋਤਸਿਆ ਐਰਮਾਕੋਵਿਚ ਤੇ ਇੰਗਲੈਂਡ ਦੇ ਸਮਨ ਫਕਰੀ, ਜੇਮਜ ਹਿਗ ਅਤੇ ਨਿੱਕ ਪੀਟਰਸਨ ਵਰਗੇ ਪਹਿਲਵਾਨ ਪਹੁੰਚ ਰਹੇ ਹਨ। ਪੰਜਾਬ ਕੁਸ਼ਤੀ ਸੰਸਥਾ ਦੇ ਪ੍ਰਧਾਨ ਤੇ ਭਾਰਤੀ ਕੁਸ਼ਤੀ ਸੰਸਥਾ ਦੇ ਸਕੱਤਰ ਜਨਰਲ ਪਦਮਸ੍ਰੀ ਕਰਤਾਰ ਸਿੰਘ ਆਈ. ਪੀ. ਐਸ. ਨੇ ਦਿੱਤੀ। ਨਾਰਥ ਜ਼ੋਨ ਇੰਟਰ 'ਵਰਸਿਟੀ ਬਾਸਕਿਟਬਾਲ ਚੈਂਪੀਅਨਸ਼ਿਪ ਸ਼ੁਰੂ ਜਲੰਧਰ, 23 ਅਕਤੂਬਰ - ਡਾ. ਬੀ. ਆਰ. ਅੰਬੇਦਕਰ ਐਨ. ਆਈ. ਟੀ ਜਲੰਧਰ ਵਿਖੇ ਨਾਰਥ ਜ਼ੋਨ ਇੰਟਰ 'ਵਰਸਿਟੀ ਬਾਸਕਿਟਬਾਲ ਚੈਂਪੀਅਨਸ਼ਿਪ ਮਰਦਾਂ ਦੇ ਵਰਗ ਵਿਚ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਦੇ ਵਿਚ ਦੇਸ਼ ਦੀਆਂ 32 ਯੂਨੀਵਰਸਿਟੀਆਂ ਹਿੱਸਾ ਲੈ ਰਹੀਆਂ ਹਨ। ਇਸ ਦਾ ਉਦਘਾਟਨੀ ਮੈਚ ਜੰਮੂ ਯੂਨੀਵਰਸਿਟੀ ਤੇ ਐਮ. ਡੀ. ਯੂਨੀਵਰਸਿਟੀ ਰੋਹਤਕ ਦਰਮਿਆਨ ਖੇਡਿਆ ਗਿਆ, ਜਿਸ ਵਿਚ ਰੋਹਤਕ ਨੇ 63-15 ਅੰਕਾਂ ਨਾਲ ਜਿੱਤ ਦਰਜ ਕੀਤੀ। ਇਸ ਚੈਂਪੀਅਨਸ਼ਿਪ ਦਾ ਫਾਈਨਲ ਮੈਚ 28 ਅਕਤੂਬਰ ਨੂੰ ਖੇਡਿਆ ਜਾਵੇਗਾ। 55ਵੀਂਆਂ ਰਾਸ਼ਟਰੀ ਸਕੂਲ ਖੇਡਾਂ ਚੰਡੀਗੜ੍ਹ, 23 ਅਕਤੂਬਰ - 55ਵੀਂਆਂ ਰਾਸ਼ਟਰੀ ਸਕੂਲ ਖੇਡਾਂ ਚੱਲ ਰਹੀਆਂ ਹਨ। ਇਨ੍ਹਾਂ ਖੇਡਾਂ ਦੇ ਦੂਜੇ ਦਿਨ ਸਾਫਟਬਾਲ ਮੁਕਾਬਲਿਆਂ ਵਿਚ ਚੰਡੀਗੜ੍ਹ ਦੇ ਖਿਡਾਰੀਆਂ ਦਾ ਵਧੀਆ ਪ੍ਰਦਰਸ਼ਨ ਜਾਰੀ ਰਿਹਾ। ਸਾਫਟਬਾਲ ਮੁਕਾਬਲੇ 'ਚ ਚੰਡੀਗੜ੍ਹ ਦੀਆਂ ਖਿਡਾਰਨਾਂ ਨੇ ਅੰਡਰ 17 ਸਾਲ ਉਮਰ ਵਰਗ 'ਚ ਹਰਿਆਣਾ ਨੂੰ 11-1 ਵੱਡੇ ਫਰਕ 'ਚ ਪਛਾੜਿਆ ਉਥੇ ਲੜਕਿਆ ਦੇ 19 ਸਾਲ ਵਰਗ 'ਚ ਵੀ ਚੰਡੀਗੜ੍ਹ ਨੇ ਹਰਿਆਣਾ 10-2 ਦੇ ਫਰਕ ਵਿਚ ਹਰਾਇਆ। ਡੋਜ਼ਬਾਲ ਦੇ ਲੀਗ ਮੁਕਾਬਲਿਆਂ ਵਿਚ ਹਰਿਆਣਾ ਨੇ ਉੜੀਸਾ ਨੂੰ 2-0 ਦੇ ਨਾਲ ਅਤੇ ਝਾਰਖੰਡ ਨੇ ਤਾਮਿਲਨਾਡੂ ਨੂੰ ਵੀਖ 2-0 ਦੇ ਫਰਕ 'ਚ ਹਾਰ ਦਿੱਤੀ। ਜਿਮਨਾਸਿਟਕ ਵਿਚ ਅੰਡਰ 14 ਦੇ ਕੁਆਲੀਫਾਈ ਰਾਊਂਡ ਦੇ ਮੁਕਾਬਲੇ ਵੀ ਆਕਰਸ਼ਕ ਰਹੇ। ਚੰਡੀਗੜ੍ਹ 'ਚ 55ਵੀਂਆਂ ਰਾਸ਼ਟਰੀ ਖੇਡਾਂ ਵਿਚ ਭਾਵੇਂ 3000 ਦੇ ਕਰੀਬ ਖਿਡਾਰੀ ਹਿੱਸਾ ਲੈ ਰਹੇ ਹਨ। 55ਵੀਆਂ ਸਕੂਲ ਖੇਡਾਂ ਦੇ ਬਾਸਕਟਬਾਲ ਟੂਰਨਾਮੈਂਟ 26 ਤੋਂ ਫ਼ਰੀਦਕੋਟ, 23 ਅਕਤੂਬਰ - ਪੰਜਾਬ ਦੀਆਂ 55ਵੀਆਂ ਸਕੂਲ ਖੇਡਾਂ ਵਿਚੋਂ 17 ਅਤੇ 19 ਤੋਂ ਘੱਟ ਦੇ ਬਾਸਕਿਟਬਾਲ ਦੇ ਮੁੰਡਿਆਂ ਦੇ ਟੂਰਨਾਮੈਂਟ 26 ਅਕਤੂਬਰ ਤੋਂ 31 ਅਕਤੂਬਰ ਤੱਕ ਕਰਵਾਏ ਜਾ ਰਹੇ ਹਨ। ਇਸ ਟੂਰਨਾਮੈਂਟ ਵਿਚ ਪੰਜਾਬ ਭਰ ਵਿਚੋਂ 23 ਟੀਮਾਂ ਭਾਗ ਲੈ ਰਹੀਆਂ ਹਨ। ਇਹ ਟੂਰਨਾਮੈਂਟ ਕੋਟਕਪੂਰੇ ਦੇ ਡਾ. ਹਰੀ ਸਿੰਘ ਸੇਵਕ ਸੀਨੀਅਰ ਸੈਕੰਡਰੀ ਵਿਚ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਖੇਡਾਂ ਦਾ ਉਦਘਾਟਨ 26 ਅਕਤੂਬਰ ਨੂੰ ਸਵੇਰੇ 9.30 ਵਜੇ ਹੋਵੇਗਾ। ਰਾਸ਼ਟਰੀ ਫੁੱਟਬਾਲ ਲੀਗ ਜੇ. ਸੀ. ਟੀ. ਤੇ ਚਰਚਲ ਬ੍ਰਦਰਜ਼ ਦੀ 1-1 ਨਾਲ ਬਰਾਬਰੀ 'ਤੇ ਸਮਾਪਤੀ ਲੁਧਿਆਣਾ, 23 ਅਕਤੂਬਰ - ਰਾਸ਼ਟਰੀ ਫੁੱਟਬਾਲ ਲੀਗ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਚ ਕਰਵਾਈ ਗਈ। ਇਸ ਲੀਗ ਦੇ ਚੌਥੇ ਗੇੜ ਦੇ ਇਕ ਅਹਿਮ ਮੁਕਾਬਲੇ ਵਿਚ ਜੇ. ਸੀ. ਟੀ. ਫੁੱਟਬਾਲ ਕਲੱਬ ਫਗਵਾੜਾ ਨੂੰ ਚਰਚਲ ਬ੍ਰਦਰਜ਼ ਗੋਆ ਨਾਲ 1-1 ਗੋਲਾਂ ਦੀ ਬਰਾਬਰੀ 'ਤੇ ਸਬਰ ਕਰਨਾ ਪਿਆ। ਇਸ ਬਰਾਬਰੀ ਨਾਲ ਜੇ. ਸੀ. ਟੀ. ਕੌਮੀ ਲੀਗ ਵਿਚ 4 ਮੈਚਾਂ ਬਾਅਦ ਦੋ ਜਿੱਤਾਂ ਅਤੇ 2 ਬਰਾਬਰੀਆਂ ਨਾਲ ਕੁੱਲ 8 ਅੰਕਾਂ ਨਾਲ ਸਿਖਰ 'ਤੇ ਪਹੁੰਚ ਗਈ ਹੈ। ਜੇ. ਸੀ. ਟੀ. ਦੇ ਗੁਰਵਿੰਦਰ ਸਿੰਘ ਨਿੱਕਾ ਨੂੰ 'ਮੈਨ ਆਫ ਦੀ ਮੈਚ' ਵਜੋਂ 5 ਹਜ਼ਾਰ ਰੁਪਏ ਨਾਲ ਸਨਮਾਨਿਤ ਕੀਤੇ। ਜੇ. ਸੀ. ਟੀ. ਦਾ ਅਗਲਾ ਮੈਚ ਡੈਪੋਂ ਗੋਆ ਨਾਲ 28 ਅਕਤੂਬਰ ਨੂੰ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਹੋਵੇਗਾ। ਪੰਜਾਬ ਸਕੂਲ ਤੀਰਅੰਦਾਜ਼ੀ ਖੇਡਾਂ ਸਮਾਪਤ ਅਬੋਹਰ, 22 ਅਕਤੂਬਰ - 55ਵੀਆਂ ਪੰਜਾਬ ਸਕੂਲ ਤੀਰਅੰਦਾਜ਼ੀ ਖੇਡਾਂ ਅਬੋਹਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਦੇ ਚੌਥੇ ਦਿਨ 19 ਸਾਲ ਵਰਗ ਦੇ ਲੜਕੇ-ਲੜਕੀਆਂ ਦੇ ਮੁਕਾਬਲੇ ਹੋਏ। ਇਨ੍ਹਾਂ ਮੁਕਾਬਲਿਆਂ ਵਿਚ ਸਪੋਰਟਸ ਅਥਾਰਿਟੀ ਆਫ਼ ਇੰਡੀਆ ਪਟਿਆਲਾ ਦੇ ਖਿਡਾਰੀਆਂ ਨੇ ਮੱਲਾਂ ਮਾਰੀਆਂ। ਇਨ੍ਹਾਂ ਮੁਕਾਬਲਿਆਂ ਦੇ ਇੰਡੀਅਨ ਗੇੜ ਵਿਚ ਅੰਕੁਸ਼ ਸ਼ਰਮਾ ਪਟਿਆਲਾ ਪਹਿਲੇ, ਅਨੀਸ਼ ਫ਼ਿਰੋਜ਼ਪੁਰ ਦੂਜੇ, ਸਕੀਲ ਪਟਿਆਲਾ ਤੀਜੇ ਸਥਾਨ 'ਤੇ ਰਿਹਾ, ਲੜਕੀਆਂ ਵਿਚ ਕਰਮਯਤਾ ਫ਼ਿਰੋਜ਼ਪੁਰ ਪਹਿਲੇ, ਜਸਲੀਨ ਪਟਿਆਲਾ ਦੂਜੇ ਅਤੇ ਮਨਪ੍ਰੀਤ ਮੁਕਤਸਰ ਤੀਜੇ ਸਥਾਨ 'ਤੇ ਰਹੀ। ਇਸ ਗੇੜ ਵਿਚ ਪਟਿਆਲੇ ਦੀ ਟੀਮ ਪਹਿਲੇ, ਫ਼ਿਰੋਜ਼ਪੁਰ ਦੀ ਟੀਮ ਦੂਜੇ ਸਥਾਨ 'ਤੇ ਰਹੀ ਅਤੇ ਕੁੜੀਆਂ 'ਚ ਫ਼ਿਰੋਜ਼ਪੁਰ ਦੀ ਟੀਮ ਪਹਿਲੇ ਤੇ ਮੁਕਤਸਰ ਦੂਜੇ ਸਥਾਨ 'ਤੇ ਰਹੀ। ਇਸ ਤੋਂ ਇਲਾਵਾ ਰਿਕਰਵ ਵਿਚ ਫ਼ਿਰੋਜ਼ਪੁਰ ਦੇ ਵਿਸ਼ੇਸ਼ ਬੱਤਰਾ ਨੇ 3 ਗੋਲਡ ਮੈਡਲ, ਪਟਿਆਲੇ ਦੇ ਅਚਿਨ ਨੇ 1 ਗੋਲਡ ਮੈਡਲ ਅਤੇ ਕੁੜੀਆਂ ਵਿਚੋਂ ਫ਼ਿਰੋਜ਼ਪੁਰ ਦੀ ਸੋਮਿਆ ਨੇ 1 ਗੋਲਡ ਮੈਡਲ ਹਾਸਲ ਕੀਤਾ। ਇਸ ਤਰ੍ਹਾਂ ਕੰਪਾਊਂਡ ਰਾਊਂਡ ਵਿਚ ਪਟਿਆਲੇ ਦੇ ਮਨਵੀਰ ਨੇ 5 ਗੋਲਡ ਮੈਡਲ, ਹਰਪਿੰਦਰ ਪਟਿਆਲਾ ਨੇ 5 ਸਿਲਵਰ ਮੈਡਲ ਅਤੇ ਕੁੜੀਆਂ 'ਚ ਪਟਿਆਲੇ ਦੀ ਮਨਪ੍ਰੀਤ ਨੇ 5 ਗੋਲਡ ਮੈਡਲ ਪ੍ਰਾਪਤ ਕੀਤੇ ਹਨ। ਇਸ ਮੌਕੇ 'ਤੇ ਸਤਨਾਮ ਦਾਸ ਡੀ. ਪੀ. ਈ, ਰਵੀ ਕੁਮਾਰ, ਬਲਰਾਜ ਸਿੰਘ ਕੋਚ ਪਟਿਆਲਾ, ਕੁਲਵੰਤ ਰਾਏ ਡੀਪੀ, ਕਸ਼ਮੀਰੀ ਲਾਲ ਪ੍ਰਧਾਨ, ਸੁਖਦੇਵ ਸਿੰਘ ਆਰਚਰੀ ਕੋਚ ਮੂਣਕ ਜ਼ਿਲ੍ਹਾ ਸੰਗਰੂਰ, ਸੁਧੀਰ ਕੁਮਾਰ, ਭੁਪਿੰਦਰ ਸਿੰਘ, ਧਰਮਪਾਲ, ਪਰਵਿੰਦਰ ਸਿੰਘ ਤੋਂ ਇਲਾਵਾ ਹੋਰ ਖਿਡਾਰੀ ਹਾਜ਼ਰ ਸਨ। ਮੱਖਣ ਯਾਦਗਾਰੀ ਕਬੱਡੀ ਕੱਪ 20 ਦਸੰਬਰ ਤੋਂ ਮੁੱਲਾਂਪੁਰ-ਦਾਖਾ, 21 ਅਕਤੂਬਰ - 9ਵਾਂ ਅੰਤਰਰਾਸ਼ਟਰੀ ਮੱਖਣ ਯਾਦਗਾਰੀ ਕਨੇਡਾ ਅਮਰੀਕਾ ਕਬੱਡੀ ਕੱਪ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ 'ਚ 20 ਦਸੰਬਰ ਨੂੰ ਕਰਵਾਇਆ ਜਾਵੇਗਾ। ਇਸ ਕਬੱਡੀ ਕੱਪ ਮੌਕੇ ਜਿੱਥੇ ਦਰਸ਼ਕ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੀਆਂ ਟੀਮਾਂ ਵਿਚਕਾਰ ਮੁਕਾਬਲਾ ਨੇੜਿਓਂ ਤੱਕਣਗੇ, ਉਥੇ ਗੁਰਦਾਸ ਮਾਨ ਖੁੱਲ੍ਹੇ ਅਖਾੜੇ ਦੇ ਰੂਪ 'ਚ ਘੰਟਿਆਂ ਬੱਧੀ ਸਰੋਤਿਆਂ ਦੇ ਸਨਮੁੱਖ ਹੋਣਗੇ। ਇਸ ਵਿਚ ਉਪ ਜੇਤੂ ਟੀਮਾਂ ਨੂੰ ਲੱਖਾਂ ਰੁਪਏ ਨਕਦ ਇਨਾਮ ਦੇ ਨਾਲ ਮੱਖਣ ਯਾਦਗਾਰੀ ਕੈਨੇਡਾ-ਅਮਰੀਕਾ ਕਬੱਡੀ ਕੱਪ ਵਿਚ ਹਿੱਸਾ ਲੈਣ ਵਾਲੀ ਹਰ ਟੀਮ ਨੂੰ ਨਕਦ ਇਨਾਮ ਦਿੱਤਾ ਜਾਵੇਗਾ। ਜੂਨੀਅਰ ਪੰਜਾਬ ਬੈੱਡਮਿੰਟਨ ਟੀਮ 'ਚ ਸ਼ਾਮਿਲ ਹੋਣ ਵਾਲੇ ਖਿਡਾਰੀ ਜਲੰਧਰ, 21 ਅਕਤੂਬਰ -ਜੂਨੀਅਰ ਨੈਸ਼ਨਨ ਬੈਡਮਿੰਟਨ ਚੈਂਪੀਅਨਸ਼ਿਪ 1 ਤੋਂ 9 ਨਵੰਬਰ ਤੱਕ ਮਾਂਡੀਆ (ਕਰਨਾਟਕ) ਵਿਖੇ ਕਰਵਾਈ ਜਾ ਰਿਹਾ ਹੈ। ਇਸ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਵਾਲੀ ਜੂਨੀਅਰ ਪੰਜਾਬ ਲੜਕੇ ਤੇ ਲੜਕੀਆਂ ਦੀ ਬੈੱਡਮਿੰਟਨ ਟੀਮ 'ਚ ਜੂਨੀਅਰ ਲੜਕੇ ਵਰਗ ਵਿਚ ਲਵ ਕੁਮਾਰ ਗੁਰਦਾਸਪੁਰ, ਅਭਿਨਵ ਮਨੋਤਾ ਜਲੰਧਰ, ਅਨੰਦ ਤਿਵਾੜੀ ਲੁਧਿਆਣਾ, ਬਾਬੂ ਸ਼ਰਮਾ ਪਟਿਆਲਾ ਤੇ ਲੜਕੀਆਂ ਦੇ ਵਰਗ ਵਿਚ ਸਟੈਫੀ ਕਾਲਾ ਲੁਧਿਆਣਾ, ਦਮਨਪ੍ਰੀਤ ਕੌਰ ਸੰਗਰੂਰ, ਨੀਲਮ ਕੁਮਾਰੀ ਨਵਾਂ ਸ਼ਹਿਰ, ਸੈਲਜੀਜ਼ ਫਿਰੋਜ਼ਪੁਰ ਦੀ ਚੋਣ ਕੀਤੀ ਗਈ ਹੈ। ਲਵਲੀਨ ਕੁਮਾਰ ਨੂੰ ਟੀਮ ਦਾ ਮੈਨੇਜਰ ਤੇ ਕਰਤਾਰ ਸਿੰਘ ਨੂੰ ਟੀਮ ਦਾ ਕੋਚ ਨਿਯੁਕਤ ਕੀਤਾ ਗਿਆ ਹੈ ਰਾਸ਼ਟਰੀ ਸਾਫ਼ਟ ਬਾਲ ਚੈਂਪੀਅਨਸ਼ਿਪ 25 ਅਕਤੂਬਰ ਤੋਂ ਲੁਧਿਆਣਾ, 21 ਅਕਤੂਬਰ -25 ਤੋਂ 30 ਅਕਤੂਬਰ ਤੱਕ ਸੀਨੀਅਰ ਕੌਮੀ ਸਾਫ਼ਟ ਬਾਲ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਉਸ ਵਾਸਤੇ ਮੁੰਡਿਆਂ ਦੇ ਵਰਗ ਵਿਚ ਵਿਕਾਸ ਕੁਮਾਰ, ਅਤੇ ਕੁੜੀਆਂ ਵਿਚ ਲਵਨੀਤ ਕੌਰ ਪੰਜਾਬ ਟੀਮਾਂ ਦੀ ਅਗਵਾਈ ਕਰਨਗੇ। ਮੁੰਡਿਆਂ ਦੇ ਵਰਗ ਵਿਚ ਅੰਮ੍ਰਿਤਸਰ-ਲੁਧਿਆਣਾ ਨੂੰ ਅਤੇ ਕੁੜੀਆਂ ਵਿਚ ਲੁਧਿਆਣਾ-ਜਲੰਧਰ ਨੂੰ ਹਰਾ ਕੇ ਚੈਂਪੀਅਨ ਬਣੇ। ਪੰਜਾਬ ਦੀਆਂ ਦੋਵਾਂ ਟੀਮਾਂ ਦੇ ਖਿਡਾਰੀਆਂ ਦੇ ਨਾਮ ਇਸ ਤਰ੍ਹਾਂ ਹਨ ਮੁੰਡੇ-ਵਿਕਾਸ ਕੁਮਾਰ (ਕਪਤਾਨ), ਰਵੀ ਕੁਮਾਰ, ਗੁਰਪ੍ਰੀਤ ਸਿੰਘ, ਲਵਰਿਸ਼ੀ, ਦਿਲਸ਼ਾਦ ਸਿੰਘ, ਜਗਜੀਤ ਸਿੰਘ (ਸਾਰੇ ਅੰਮ੍ਰਿਤਸਰ ਤੋਂ), ਮਹਿਤਾਬ ਸਿੰਘ, ਰਾਹੁਲ ਸੈਣੀ (ਦੋਵੇਂ ਜਲੰਧਰ ਤੋਂ), ਜੋਬਨਜੀਤ ਸਿੰਘ, ਪਵਨ ਕੁਮਾਰ (ਦੋਵੇਂ ਗੁਰਦਾਸਪੁਰ ਤੋਂ), ਜਤਿੰਦਰ ਸਿੰਘ, ਹਰਮੀਕ ਸਿੰਘ (ਲੁਧਿਆਣਾ ਤੋਂ), ਗੋਰਵ ਬਿਰਦੀ, ਸੁਰਜਣ ਸਿੰਘ, ਗੁਰਪ੍ਰੀਤ ਸਿੰਘ (ਤਿੰਨੇ ਪਟਿਆਲਾ ਤੋਂ)। ਕੁੜੀਆਂ-ਲਵਨੀਤ ਕੌਰ (ਕਪਤਾਨ), ਸੁਰਜੀਤ ਕੌਰ, ਅਰਸ਼ੀ, ਸੰਦੀਪ ਕੌਰ, ਨਵਨੀਤ ਕੌਰ, ਮਨਪ੍ਰੀਤ ਕੌਰ (ਸਾਰੀਆਂ ਲੁਧਿਆਣਾ ਤੋਂ), ਮਮਤਾ, ਮੋਨਿਕਾ, ਰਾਜਵਿੰਦਰ ਕੌਰ, ਰਿਤੂ ਭੱਲਾ, ਅੰਨੂ (ਸਾਰੀਆਂ ਜਲੰਧਰ ਤੋਂ), ਪਰਦੀਪ ਕੌਰ, ਦਵਿੰਦਰ ਕੌਰ, ਕੁਲਰਾਜ ਕੌਰ (ਗੁਰਦਾਸ ਪੁਰ ਤੋਂ), ਅਵਨੀਤ ਕੌਰ (ਅੰਮ੍ਰਿਤਸਰ ਤੋਂ)। 9ਵੀਂਆਂ ਫ਼ਰੀਦਕੋਟ ਰੇਂਜ ਪੁਲਿਸ ਖੇਡਾਂ ਸਮਾਪਤ ਬਠਿੰਡਾ, 21 ਅਕਤੂਬਰ - 9ਵੀਂਆਂ ਪੁਲੀਸ ਖੇਡਾਂ ਬਠਿੰਡਾ ਦੇ ਸਰਕਾਰੀ ਰਾਜਿੰਦਰਾ ਕਾਲਜ ਵਿਖੇ ਕਰਵਾਈਆਂ ਗਈਆਂ। ਇਨ੍ਹਾਂ ਫ਼ਰੀਦਕੋਟ ਰੇਂਜ ਦੀਆਂ 9ਵੀਆਂ ਪੁਲਿਸ ਖੇਡਾਂ ਦੀ ਓਵਰ ਆਲ ਟਰਾਫ਼ੀ ਬਠਿੰਡਾ ਦੇ ਖਿਡਾਰੀਆਂ ਨੇ ਜਿੱਤ ਲਈ ਹੈ। ਇਨ੍ਹਾਂ ਤਿੰਨ ਦਿਨਾਂ ਖੇਡਾਂ ਵਿਚ ਫ਼ਰੀਦਕੋਟ ਦੇ ਅਥਲੀਟ ਦਵਿੰਦਰ ਬਾਬੂ ਅਤੇ ਜਸਵਿੰਦਰ ਕੌਰ ਨੂੰ ਸਰਵੋਤਮ ਐਥਲੀਟ ਐਲਾਨ ਕੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਜੂਡੋ ਮੁਕਾਬਲਿਆਂ ਵਿਚ ਬਠਿੰਡਾ ਦੇ ਖਿਡਾਰੀਆਂ ਨੇ 6 ਸੋਨੇ, 2 ਚਾਂਦੀ ਤੇ 2 ਕਾਂਸੀ ਦੇ ਮੈਡਲ ਲੈ ਕੇ 38 ਅੰਕਾਂ ਨਾਲ ਪਹਿਲਾ ਸਥਾਨ ਪ੍ਰਾਪਤ ਕਰਿਆ ਜਦ ਕਿ ਫ਼ਰੀਦਕੋਟ 2 ਸੋਨੇ ਤੇ 4 ਚਾਂਦੀ ਦੇ ਮੈਡਲ ਨਾਲ 22 ਅੰਕ ਅਤੇ ਮਾਨਸਾ 2 ਚਾਂਦੀ ਦੇ ਮੈਡਲ ਲੈ ਕੇ 6 ਅੰਕਾਂ ਨਾਲ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ 'ਤੇ ਰਹੇ। ਕੁਸ਼ਤੀਆਂ ਵਿਚ ਵੀ ਬਠਿੰਡਾ ਨੇ 37 ਅੰਕਾਂ ਨਾਲ ਆਪਣੀ ਸਰਦਾਰੀ ਕਾਇਮ ਰੱਖੀ ਜਦੋਂ ਕਿ ਫਰੀਦਕੋਟ 13 ਅਤੇ ਮਾਨਸਾ 6 ਅੰਕਾਂ ਨਾਲ ਦੂਸਰੇ ਅਤੇ ਤੀਸਰੇ ਸਥਾਨ 'ਤੇ ਰਹੇ ਹਨ। ਫਰੀ ਸਟਾਈਲ ਕੁਸ਼ਤੀ ਮੁਕਾਬਲਿਆਂ ਵਿਚ 34 ਅੰਕਾਂ ਨਾਲ ਫ਼ਰੀਦਕੋਟ ਵਾਲੇ ਬਾਜ਼ੀ ਮਾਰ ਗਏ ਜਦ ਕਿ ਬਠਿੰਡਾ 20 ਅੰਕਾਂ ਨਾਲ ਦੂਜੇ ਅਤੇ ਮਾਨਸਾ 3 ਅੰਕਾਂ ਨਾਲ ਤੀਜੇ ਸਥਾਨ 'ਤੇ ਰਿਹਾ। ਵਾਲੀਬਾਲ ਤੇ ਬਾਸਕਿਟਬਾਲ ਵਿਚ ਮਾਨਸਾ ਤੇ ਬਠਿੰਡਾ ਕ੍ਰਮਵਾਰ ਪਹਿਲੇ ਤੇ ਦੂਜੇ ਸਥਾਨ ਪ੍ਰਾਪਤ ਕਰਨ ਵਿਚ ਕਾਮਯਾਬ ਰਹੇ। ਹਾਕੀ ਅਤੇ ਕਬੱਡੀ ਵਿਚ ਮਾਨਸਾ ਨੂੰ ਹਰਾਕੇ ਮੇਜ਼ਬਾਨ ਬਠਿੰਡਾ ਚੈਂਪੀਅਨ ਬਣਿਆ। ਹੈਂਡਬਾਲ ਤੇ ਰੱਸਾਕਸੀ ਮੁਕਾਬਲੇ ਵਿਚ ਮਾਨਸਾ ਨੂੰ ਚਿੱਤ ਕੇ ਫ਼ਰੀਦਕੋਟ ਮੋਹਰੀ ਰਿਹਾ। ਇਸ ਦੌਰਾਨ ਹੋਈ 1500 ਮੀਟਰ ਦੌੜ ਵਿਚ ਗੁਰਦੀਪ ਸਿੰਘ ਬਠਿੰਡਾ, ਗੁਰਮੇਲ ਸਿੰਘ ਮਾਨਸਾ ਤੇ ਪ੍ਰਦੀਪ ਕੁਮਾਰ ਮਾਨਸਾ, ਲੜਕੀਆਂ ਦੀ ਦੌੜ ਵਿਚ ਜਸਵਿੰਦਰ ਕੌਰ ਬਠਿੰਡਾ, ਜੋਤਿਸਨਾ ਸ਼ਰਮਾ ਤੇ ਸਰਬਜੀਤ ਕੌਰ ਮਾਨਸਾ, ਮਰਦਾਂ ਦੀ 4×100 ਰਿਲੇਅ ਦੌੜ ਵਿਚ ਬਠਿੰਡਾ, ਮਾਨਸਾ ਤੇ ਫ਼ਰੀਦਕੋਟ, ਲੜਕੀਆਂ ਵਿਚ ਮਾਨਸਾ, ਬਠਿੰਡਾ ਤੇ ਫਰੀਦਕੋਟ, ਜੈਵਲਿਨ ਥਰੋ ਵਿਚ ਵੀਰਪਾਲ ਕੌਰ ਮਾਨਸਾ, ਜਸਵਿੰਦਰ ਕੌਰ ਬਠਿੰਡਾ ਅਤੇ ਛਿੰਦਰਪਾਲ ਕੌਰ ਬਠਿੰਡਾ, ਮਰਦਾਂ ਵਿਚੋਂ ਜਗਦੀਸ਼ ਬਠਿੰਡਾ, ਨਗਿੰਦਰ ਬਠਿੰਡਾ ਤੇ ਸ਼ਿੰਗਾਰਾ ਸਿੰਘ ਮਾਨਸਾ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਿਆ। 100 ਮੀਟਰ ਦੌੜ ਵਿਚ ਬਠਿੰਡਾ ਦੀ ਅੰਤਰਾਸ਼ਟਰੀ ਅਥਲੀਟ ਬੇਅੰਤ ਕੌਰ ਸਭ ਤੋਂ ਤੇਜ਼ ਦੌੜਾਕ ਬਣੀ ਜਦ ਕਿ ਰਾਜਵੀਰ ਕੌਰ ਮਾਨਸਾ ਦੂਜੇ ਅਤੇ ਜਸਵਿੰਦਰ ਕੌਰ ਫ਼ਰੀਦਕੋਟ ਤੀਜੇ ਸਥਾਨ 'ਤੇ ਰਹੀਆਂ। ਮਰਦਾਂ ਵਿਚ ਦਵਿੰਦਰ ਬਾਬੂ ਫ਼ਰੀਦਕੋਟ ਮੋਹਰੀ ਰਿਹਾ ਜਦੋਂ ਕਿ ਗੁਰਮੇਲ ਸਿੰਘ ਮਾਨਸਾ ਤੇ ਅਹਿਮਦ ਹੁਸੈਨ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ 'ਤੇ ਆਏ। 55ਵੀਆਂ ਪੰਜਾਬ ਸਕੂਲ ਤੀਰਅੰਦਾਜ਼ੀ ਖੇਡਾਂ ਸ਼ੁਰੂ ਅਬੋਹਰ, 19 ਅਕਤੂਬਰ - 55ਵੀਆਂ ਪੰਜਾਬ ਸਕੂਲ ਤੀਰਅੰਦਾਜ਼ੀ ਖੇਡਾਂ ਸਰਕਾਰੀ ਮਾਡਲ
ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੇ ਗਰਾਊਂਡ ਵਿਚ ਸ਼ੁਰੂ ਹੋ ਗਈਆਂ ਹਨ। ਇਨ੍ਹਾਂ ਖੇਡਾਂ
ਵਿਚ ਰਾਜ ਦੇ ਫ਼ਿਰੋਜ਼ਪੁਰ, ਫ਼ਰੀਦਕੋਟ, ਸੰਗਰੂਰ, ਪਟਿਆਲਾ, ਮੁਕਤਸਰ, ਅੰਮ੍ਰਿਤਸਰ ਅਤੇ
ਬਠਿੰਡਾ ਆਦਿ ਜ਼ਿਲ੍ਹਿਆਂ ਦੇ 200 ਦੇ ਕਰੀਬ ਬੱਚੇ ਭਾਗ ਲੈ ਰਹੇ
ਹਨ। ਫੁੱਟਬਾਲ ਚੈਂਪੀਅਨਸ਼ਿਪ ਸ਼ੁਰੂ ਮਾਹਿਲਪੁਰ/ਕੋਟਫਤੂਹੀ, 19 ਅਕਤੂਬਰ - 55ਵੀਂ ਪੰਜਾਬ ਸਕੂਲ ਅੰਤਰ ਜ਼ਿਲ੍ਹਾ ਖੇਡ
ਪ੍ਰਤੀਯੋਗਤਾ ਫੁੱਟਾਲ ਅੰਡਰ-17 ਲੜਕੇ ਐਸ.ਏ.ਐਸ. ਖਾਲਸਾ ਸੀਨੀ: ਸੈਕੰਡਰੀ ਸਕੂਲ
ਪਾਲਦੀ ਵਿਖੇ ਸ਼ੁਰੂ ਹੋ ਗਈ। ਇਸ ਫੁੱਟਬਾਲ ਪ੍ਰਤੀਯੋਗਤਾ ਵਿਚ ਪੰਜਾਬ ਭਰ ਤੋਂ
ਜ਼ਿਲ੍ਹਿਆਂ ਸਮੇਤ ਸਪੋਰਟਸ ਵਿੰਗ ਅਤੇ ਫੁੱਟਬਾਲ ਅਕੈਡਮੀਆਂ ਦੀਆਂ 27 ਟੀਮਾਂ ਭਾਗ ਲੈ
ਰਹੀਆਂ ਹਨ। ਕੌਮੀ ਮਹਿਲਾ ਫੁੱਟਬਾਲ ਚੈਂਪੀਅਨਸ਼ਿਪ ਲਈ ਪੰਜਾਬ ਦੀ ਟੀਮ ਗਈ ਸੰਗਰੂਰ, 19 ਅਕਤੂਬਰ - 20 ਤੋਂ 27 ਅਕਤੂਬਰ ਤੱਕ ਛੱਤੀਸਗੜ੍ਹ ਦੇ ਕੋਬਰਾ ਵਿਖੇ ਆਲ
ਇੰਡੀਆ ਮਹਿਲਾ ਫੁੱਟਬਾਲ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਇਸ ਲਈ ਪੰਜਾਬ ਦੀ ਟੀਮ
ਨੂੰ ਸੰਗਰੂਰ ਦੇ ਗੁਰਦੁਆਰਾ ਸਿੰਘ ਸਭਾ ਤੋਂ ਰਵਾਨਾ ਕਰਨ ਦੀ ਰਸਮ ਤਾਲਮੇਲ ਸੁਸਾਇਟੀ
ਦੇ ਪ੍ਰਧਾਨ ਸਵਾਮੀ ਰਾਵਿੰਦਰ ਗੁਪਤਾ ਨੇ ਅਦਾ ਕੀਤੀ। ਇਸ ਟੀਮ ਵਿਚ 14 ਲੜਕੀਆਂ ਸ਼ਾਮਲ
ਹਨ ਜਿਨ੍ਹਾਂ ਵਿਚੋਂ 10 ਲੜਕੀਆਂ ਸੰਗਰੂਰ ਵਿਖੇ ਲੜਕੀਆਂ ਨੂੰ ਫੌਜ, ਪੁਲਿਸ ਅਤੇ ਨੀਮ
ਫੌਜੀ ਦਲਾਂ ਵਿਚ ਭਰਤੀ ਹੋਣ ਲਈ ਸਿਖਲਾਈ ਦੇਣ ਵਾਲੀ ਪ੍ਰਿੰਸ ਅਕੈਡਮੀ ਨਾਲ ਸਬੰਧਤ ਹਨ। ਕਬੱਡੀ ਟੂਰਨਾਮੈਂਟ 22 ਤੋਂ ਸ੍ਰੀ ਹਰਗੋਬਿੰਦਪੁਰ, 19 ਅਕਤੂਬਰ - ਕਬੱਡੀ ਟੂਰਨਾਮੈਂਟ 21 ਤੋਂ 23 ਅਕਤੂਬਰ ਤੱਕ
ਬੋਲੜਵਾਲ ਵਿਖੇ ਕਰਵਾਇਆ ਜਾ ਰਿਹਾ ਹੈ। ਸੰਤ ਸਮਾਗਮ ਤੋਂ ਇਲਾਵਾ ਕਬੱਡੀ ਟੂਰਨਾਮੈਂਟ
22 ਤੇ 23 ਅਕਤੂਬਰ ਨੂੰ ਹੋਵੇਗਾ, ਜਿਸ ਵਿਚ ਖਾਲਸਾ ਕਬੱਡੀ ਕਲੱਬ ਮਾਝਾ ਬਟਾਲਾ,
ਕੈਲੇਫੋਰਨੀਆ ਡੀ.ਏ.ਵੀ. ਜਲੰਧਰ, ਬਾਬਾ ਨਾਮਦੇਵ ਕਲੱਬ ਘੁਮਾਣ, ਦਸਮੇਸ਼ ਸਪੋਰਟਸ
ਅਕੈਡਮੀ ਕਪੂਰਥਲਾ ਦਰਮਿਆਨ ਹੋਵੇਗਾ। ਰੱਸਾ-ਕੱਸ਼ੀ ਦਾ ਮੁਕਾਬਲਾ ਵੀ ਹੋਵੇਗਾ। ਮੈਡੀਕਲ
ਮੁਫ਼ਤ ਕੈਂਪ ਲੱਗੇਗਾ। ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਡੇਰੇ ਦੀ ਮੁੱਖ ਸੇਵਾਦਾਰ
ਸਤਾਮੀ ਗੁਰਬਖਸ਼ ਦੇਵੀ ਨਕਦ ਇਨਾਮ ਤੇ ਟਰਾਫ਼ੀਆਂ ਦੇ ਕੇ ਸਨਮਾਨਿਤ ਕਰਨਗੇ। ਫੁੱਟਬਾਲ ਲੀਗ ਮੈਚ 28 ਅਕਤੂਬਰ ਤੋਂ ਜਲੰਧਰ, 19 ਅਕਤੂਬਰ - ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਚ ਆਈ ਫੁੱਟਬਾਲ ਲੀਗ ਦੇ
ਮੈਚ ਕਰਵਾਏ ਜਾ ਰਹੇ ਹਨ। ਇਸ ਵਿਚ ਅਗਲਾ ਮੈਚ 23 ਅਕਤੂਬਰ ਨੂੰ ਜੇ. ਸੀ. ਟੀ. ਬਨਾਮ
ਚਰਚ ਬ੍ਰਦਰਜ਼ ਗੋਆ ਦਰਮਿਆਨ ਹੋਵੇਗਾ। ਦੂਜਾ ਮੈਚ 28 ਅਕਤੂਬਰ ਨੂੰ ਜੇ. ਸੀ. ਟੀ.
ਬਨਾਮ ਡੇਪੂ ਸਪੋਰਟਸ ਕਲੱਬ ਗੋਆ ਦਰਮਿਆਨ ਹੋਵੇਗਾ। ਤੀਜਾ ਮੈਚ 31 ਅਕਤੂਬਰ ਨੂੰ ਜੇ.
ਸੀ. ਟੀ. ਬਨਾਮ ਮਹਿੰਦਰਾ ਯੂਨਾਈਟਿਡ ਫੁੱਟਬਾਲ ਕਲੱਬ ਮੁੰਬਈ ਦਰਮਿਆਨ ਖੇਡਿਆ ਜਾਵੇਗਾ।
ਇਹ ਸਾਰੇ ਮੈਚ ਸ਼ਾਮ 3 ਵਜੇ ਖੇਡੇ ਜਾਣਗੇ। ਗੁਰੂ ਗੋਬਿੰਦ ਸਿੰਘ ਗੋਲਡ ਕੱਪ 'ਚ ਸ਼ਾਮਿਲ ਹੋਣਗੀਆਂ 8 ਟੀਮਾਂ ਲੁਧਿਆਣਾ, 11 ਅਕਤੂਬਰ - 6ਵਾਂ ਆਲ ਇੰਡੀਆ ਗੁਰੂ
ਗੋਬਿੰਦ ਸਿੰਘ ਗੋਲਡ ਕੱਪ ਹਾਕੀ ਟੂਰਨਾਮੈਂਟ 13 ਤੋਂ 19 ਦਸੰਬਰ ਤੱਕ ਪਦਮਸ੍ਰੀ
ਪ੍ਰਿਥੀਪਾਲ ਸਿੰਘ ਹਾਕੀ ਸਟੇਡੀਅਮ ਪੀ. ਏ. ਯੂ. ਲੁਧਿਆਣਾ ਵਿਖੇ ਕਰਵਾਇਆ ਜਾਵੇਗਾ।
ਇਸ ਟੂਰਨਾਮੈਂਟ ਵਿਚ ਪਾਕਿਸਤਾਨ ਦੀ ਹਾਕੀ ਟੀਮ ਤੋਂ ਇਲਾਵਾ ਕੌਮੀ ਪੱਧਰ ਦੀਆਂ 8 ਟੀਮਾਂ
ਹਿੱਸਾ ਲੈਣਗੀਆਂ। ਇਹ ਟੂਰਨਾਮੈਂਟ ਲੀਗ ਕਮ ਨਾਕਆਊਟ ਪ੍ਰਣਾਲੀ ਦੇ ਅਧਾਰ 'ਤੇ ਖੇਡਿਆ
ਜਾਵੇਗਾ। ਇਸ ਮੌਕੇ 'ਤੇ ਉੱਘੇ ਲੋਕ ਗਾਇਕ ਹਰਭਜਨ ਮਾਨ ਅਤੇ ਜੈਜ਼ੀ ਬੀ ਵੀ ਉਚੇਚੇ ਤੌਰ
'ਤੇ ਪੁੱਜਣਗੇ। ਆਲ ਇੰਡੀਆ ਇੰਟਰ ਰੇਲਵੇ ਬਾਸਕਿਟਬਾਲ ਚੈਂਪੀਅਨਸ਼ਿਪ ਜਲੰਧਰ, 11 ਅਕਤੂਬਰ - ਵੈਸਟਰਨ ਸੈਂਟਰਲ ਰੇਲਵੇ
ਜੱਬਲਪੁਰ ਦੇ ਸਟੇਡੀਅਮ ਵਿਚ ਆਲ ਇੰਡੀਆ ਇੰਟਰ ਰੇਲਵੇ ਬਾਸਕਿਟਬਾਲ ਚੈਂਪੀਅਨਸ਼ਿਪ
ਕਰਵਾਈ ਗਈ। ਇਸ ਚੈਂਪੀਅਨਸ਼ਿਪ ਦੇ ਖੇਡੇ ਗਏ ਕੁਆਟਰ ਫਾਈਨਲ ਮੈਚ ਵਿਚੋਂ ਰੇਲ ਕੋਚ
ਫੈਕਟਰੀ ਕਪੂਰਥਲਾ ਨੇ ਆਰ. ਟੀ. ਸੀ. ਨਖਲਊ ਨੂੰ 40-22 ਅੰਕਾਂ ਨਾਲ ਹਰਾ ਕੇ
ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ। 55ਵੀਂਆਂ ਪੰਜਾਬ ਸਕੂਲ ਖੇਡਾਂ ਦੇ ਕਬੱਡੀ ਮੁਕਾਬਲੇ ਸ਼ੁਰੂ ਪਟਿਆਲਾ, 11 ਅਕਤੂਬਰ - ਪਟਿਆਲਾ ਦੇ ਰਾਜਾ
ਭਾਲਿੰਦਰਾ ਸਿੰਘ ਸਪੋਰਟਸ ਕੰਪਲੈਕਸ 'ਚ 55ਵੀਆਂ ਪੰਜਾਬ ਸਕੂਲ ਖੇਡਾਂ ਦੇ ਅੰਡਰ-19
ਕਬੱਡੀ ਮੁਕਾਬਲੇ (ਲੜਕੇ ਤੇ ਲੜਕੀਆਂ) ਸ਼ੁਰੂ ਹੋ ਰਹੇ ਹਨ। ਸਟੇਟ ਸਕੂਲ ਆਫ ਸਪੋਰਟਸ ਓਵਰਆਲ ਬਣਿਆ ਜਲੰਧਰ, 11 ਅਕਤੂਬਰ - ਸਟੇਟ ਸਕੂਲ ਆਫ ਸਪੋਰਟਸ
ਜਲੰਧਰ 'ਚ 55ਵੀਆਂ ਪੰਜਾਬ ਸਕੂਲ ਖੇਡਾਂ ਅੰਡਰ 14, 17 ਤੋਂ 19 ਸਾਲ ਵਰਗ ਵਿਚ
ਕਰਵਾਈਆਂ ਗਈਆਂ। ਇਨ੍ਹਾਂ ਖੇਡਾ ਦੀ ਜਿਮਨਾਸਟਿਕ ਲੜਕੇ ਅੰਡਰ 19 ਸਾਲ ਵਰਗ ਦੀ ਓਵਰਆਲ
ਚੈਂਪੀਅਨਸ਼ਿਪ ਤੋਂ ਸਟੇਟ ਸਕੂਲ ਆਫ ਸਪੋਰਟਸ ਜਲੰਧਰ ਨੇ ਕਬਜ਼ਾ ਕੀਤਾ। ਜ਼ਿਲ੍ਹਾ ਲੁਧਿਆਣਾ
ਨੇ ਦੂਜਾ ਤੇ ਜ਼ਿਲ੍ਹਾ ਬਠਿੰਡਾ ਨੇ ਤੀਜ਼ਾ ਸਥਾਨ ਹਾਸਿਲ ਕੀਤਾ। ਆਲ ਰਾਊਂਡ ਸਰਵੋਤਮ
ਜਿਮਨਾਸਟ ਦੇ ਮੁਕਾਬਲੇ ਵਿਚ ਮਨਪ੍ਰੀਤ ਸਿੰਘ ਨੇ ਪਹਿਲਾ, ਗੌਰਵ ਸ਼ਰਮਾ ਨੇ ਦੂਜਾ ਤੇ
ਗੁਰਿਜੰਦਰ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰਡਰ 19 ਸਾਲ ਲੜਕੀਆਂ ਦੇ ਵਰਗ ਵਿਚ
ਜ਼ਿਲ੍ਹਾ ਗੁਰਦਾਸਪੁਰ ਨੇ ਪਹਿਲਾ, ਜ਼ਿਲ੍ਹਾ ਪਟਿਆਲਾ ਨੇ ਦੂਜਾ, ਜ਼ਿਲ੍ਹਾ ਜਲੰਧਰ ਨੇ
ਤੀਜਾ ਸਥਾਨ ਹਾਸਿਲ ਕੀਤਾ। ਆਲ ਰਾਊਂਡ ਸਰਵੋਤਮ ਜਿਮਨਾਸਟ ਦੇ ਮੁਕਾਬਲੇ ਵਿਚ ਨਰਿੰਦਰ
ਕੌਰ ਨੇ ਪਹਿਲਾ, ਕੁਲਵਿੰਦਰ ਕੌਰ ਨੇ ਦੂਜਾ, ਸਿਮਰਜੀਤ ਕੌਰ ਨੇ ਤੀਜਾ ਸਥਾਨ ਹਾਸਿਲ
ਕੀਤਾ (ਸਾਰੇ ਗੁਰਦਾਸਪੁਰ)। ਅੰਡਰ 17 ਸਾਲ ਲੜਕੀਆਂ ਦੇ ਵਰਗ ਵਿਚ ਜ਼ਿਲ੍ਹਾ ਜਲੰਧਰ ਨੇ
ਪਹਿਲਾ, ਜ਼ਿਲ੍ਹਾ ਅੰਮ੍ਰਿਤਸਰ ਨੇ ਦੂਜਾ ਤੇ ਜ਼ਿਲ੍ਹਾ ਬਠਿੰਡਾ ਨੇ ਤੀਜਾ ਸਥਾਨ ਹਾਸਲ
ਕੀਤਾ। ਆਲ ਰਾਊਂਡ ਜਿਮਨਾਸਟ ਮੁਕਾਬਲੇ ਵਿਚ ਸੁਨੀਤਾ ਪਟਿਆਲਾ ਨੇ ਪਹਿਲਾ, ਨੀਤੂ ਸ਼ਰਮਾ
ਪਟਿਆਲਾ ਨੇ ਦੂਜਾ ਤੇ ਅਮਨਦੀਪ
ਜਲੰਧਰ ਨੇ ਤੀਜਾ ਸਥਾਨ ਹਾਸਿਲ ਕੀਤਾ। ਪੰਜਾਬ ਰਾਜ ਸ਼ੂਟਿੰਗ ਚੈਂਪੀਅਨਸ਼ਿਪ 'ਚ ਗੁਰਿੰਦਰ ਸਿੰਘ ਦੀ ਬੱਲੇ
ਬੱਲੇ ਅਜੀਤ ਨਗਰ, 11 ਅਕਤੂਬਰ - ਪੰਜਾਬ ਰਾਜ ਸ਼ੂਟਿੰਗ
ਚੈਂਪੀਅਨਸ਼ਿਪ ਦੇ ਮੁਹਾਲੀ ਦੀ ਸ਼ੂਟਿੰਗ ਰੇਂਜ 'ਚ ਹੋਏ ਮੁਕਾਬਲਿਆਂ 'ਚ ਲੁਧਿਆਣਾ ਦੇ
ਹੀ ਰੂਪੇਸ਼ਵਰ ਸੰਧੂ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਚਾਂਦੀ ਦਾ ਅਤੇ ਪੈਰੀ ਮਾਨ
ਸੰਗਰੂਰ ਨੇ ਤੀਜਾ ਸਥਾਨ ਪ੍ਰਾਪਤ ਕਰਦੇ ਹੋਏ ਕਾਂਸੀ ਦਾ ਤਮਗਾ ਹਾਸਲ ਕੀਤਾ ਹੈ।
ਸੀਨੀਅਰ ਓਪਨ ਚੈਂਪੀਅਨਸ਼ਿਪ ਵਿਚ ਸੁਮਿਤ ਸਿੰਘ ਨੇ ਪਹਿਲਾ, ਸੌਰਵ ਗਿੱਲ ਨੇ ਦੂਜਾ ਅਤੇ
ਏ.ਐੱਸ. ਚੀਮਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੂਨੀਅਰ ਚੈਂਪੀਅਨਸ਼ਿਪ ਵਿਚ ਸੁਮਿਤ
ਸਿੰਘ ਸੰਗਰੂਰ ਨੇ ਪਹਿਲਾ, ਜ਼ੋਰਾਵਰ ਸਿੰਘ ਨੇ ਦੂਜਾ, ਟੀਮ ਚੈਂਪੀਅਨਸ਼ਿਪ ਵਿਚ ਪੰਜਾਬ
ਲਾਇਲਜ਼ ਟੀਮ ਨੇ ਸੋਨੇ ਦਾ ਅਤੇ ਪੰਜਾਬ ਟਾਈਗਰਜ਼ ਟੀਮ ਨੇ ਚਾਂਦੀ ਦਾ ਤਮਗਾ ਹਾਸਲ ਕੀਤਾ। ਵਿਮੈਨ ਫੁੱਟਬਾਲ ਚੈਂਪੀਅਨਸ਼ਿਪ 'ਚ ਖਾਲਸਾ ਕਾਲਜ ਸੁਧਾਰ ਦੀ
ਝੰਡੀ ਗੁਰੂਸਰ ਸੁਧਾਰ, 10 ਅਕਤੂਬਰ - ਪੰਜਾਬ
ਯੂਨੀਵਰਸਿਟੀ ਵਿਮੈਨ ਫੁੱਟਬਾਲ ਚੈਂਪੀਅਨਸ਼ਿਪ ਗੁਰੂ ਹਰਗੋਬਿੰਦ ਸਟੇਡੀਅਮ 'ਚ ਕਰਵਾਈ
ਗਈ। ਇਸ ਚੈਂਪੀਅਨਸ਼ਿਪ 'ਤੇ ਜੀ.ਐਚ. ਜੀ. ਖ਼ਾਲਸਾ ਕਾਲਜ ਸੁਧਾਰ ਦੀ ਲੜਕੀਆਂ ਦੀ
ਫੁੱਟਬਾਲ ਟੀਮ ਨੇ ਲਗਾਤਾਰ ਸੱਤਵੀਂ ਵਾਰ ਕਬਜ਼ਾ ਕੀਤਾ। ਇਸ ਚੈਂਪੀਅਨਸ਼ਿੱਪ ਦੇ ਫਾਈਨਲ
ਮੈਚ ਅੰਦਰ ਮੇਜ਼ਬਾਨ ਕਾਲਜ ਸੁਧਾਰ ਨੇ ਸ੍ਰੀ ਗੁਰੂ ਹਰਰਾਏ ਕਾਲਜ ਫਾਰ ਵੁਮੈਨ ਚੱਬੇਵਾਲ
ਹੁਸ਼ਿਆਰਪੁਰ ਦੀ ਟੀਮ ਨੂੰ 7 ਦੇ ਮੁਕਾਬਲੇ 2 ਗੋਲਾਂ ਨਾਲ ਹਰਾ ਕੇ ਇਹ ਖਿਤਾਬ ਆਪਣੀ
ਝੋਲੀ ਪਾਇਆ। 55ਵੀਂ ਪੰਜਾਬ ਰਾਜ ਸਕੂਲ ਅੰਡਰ-19 ਫੁੱਟਬਾਲ ਚੈਂਪੀਅਨਸ਼ਿਪ ਚੱਬੇਵਾਲ, ਹੁਸ਼ਿਆਰਪੁਰ 10 ਅਕਤੂਬਰ - 55 ਵੀਂ
ਪੰਜਾਬ ਰਾਜ ਸਕੂਲ ਅੰਡਰ- 19 (ਲੜਕੇ) ਫੁੱਟਬਾਲ ਚੈਂਪੀਅਨਸ਼ਿਪ ਦੇ ਵੱਖ-ਵੱਖ ਜਿਲ੍ਹਿਆਂ
ਦੀਆਂ ਟੀਮਾਂ ਦੇ ਬਹੁਤ ਹੀ ਫਸਵੇਂ ਮੁਕਾਬਲੇ ਹੋਏ । ਇਹ ਚੈਂਪੀਅਨਸ਼ਿਪ ਸ.ਸ.ਸ.ਸਕੂਲ
ਜਿਆਣ-ਚੱਬੇਵਾਲ ਦੇ ਫੁੱਟਬਾਲ ਸਟੇਡੀਅਮ ਵਿਖੇ ਕਰਵਾਈ ਗਈ। ਇਸ ਚੈਂਪੀਅਨਸ਼ਿਪ 'ਚ
ਵੱਖ-ਵੱਖ ਮੁਕਾਬਲਿਆਂ ਦੌਰਾਨ ਪਟਿਆਲਾ ਅਕੈਡਮੀ ਨੇ ਗੁਰਦਾਸਪੁਰ ਨੂੰ 3-0 ਦੇ ਫਰਕ
ਨਾਲ , ਹੁਸ਼ਿਆਰਪੁਰ ਨੇ ਲੁਧਿਆਣਾ ਨੂੰ 4-0 ਨਾਲ , ਰੋਪੜ ਨੇ ਫਰੀਦਕੋਟ ਨੂੰ 1-0 ਨਾਲ
, ਬਠਿੰਡਾ ਨੇ ਫਿਰੋਜ਼ਪੁਰ ਨੂੰ 2-0 ਨਾਲ , ਹੁਸ਼ਿਆਰਪੁਰ ਨੇ ਮੁਹਾਲੀ ਨੂੰ 3-0 ਨਾਲ ,
ਤਰਨਤਾਰਨ ਨੇ ਮੋਗਾ ਨੂੰ 1-0 ਨਾਲ ਅਤੇ ਜਲੰਧਰ ਨੇ ਫਤਹਿਗੜ੍ਹ ਸਾਹਿਬ ਨੂੰ 1-0 ਦੇ
ਫਰਕ ਨਾਲ ਹਰਾਇਆ। ਅੰਤਰ ਕਾਲਜ ਵਾਲੀਬਾਲ ਮੁਕਾਬਲਿਆਂ
'ਚ ਨਾਰੰਗਵਾਲ ਅੱਵਲ ਸਮਰਾਲਾ, 10 ਅਕਤੂਬਰ - ਸਮਰਾਲਾ ਦੇ ਮਾਤਾ
ਗੁਰਦੇਵ ਕੌਰ ਮੈਮੋਰੀਅਲ ਸ਼ਾਹੀ ਸਪੋਰਟਸ ਕਾਲਜ ਝਕੜੌਦੀ 'ਚ ਪੰਜਾਬ ਯੂਨੀਵਰਸਿਟੀ ਅੰਤਰ
ਕਾਲਜ਼ ਬੀ ਡਵੀਜ਼ਨ ਦੇ ਵਾਲੀਬਾਲ ਮੁਕਾਬਲੇ ਕਰਵਾਏ ਗਏ। ਇਨ੍ਹਾਂ ਵਾਲੀਬਾਲ 'ਚ
ਨਾਰੰਗਵਾਲ ਅਤੇ ਗੜਦੀਵਾਲ ਦੀਆਂ ਟੀਮਾਂ ਨੇ ਸੈਮੀਫ਼ਾਈਨਲ ਵਿਚ ਪ੍ਰਵੇਸ਼ ਕੀਤਾ। ਫ਼ਾਈਨਲ
ਮੈਚ ਦੇ ਰੌਚਿਕ ਮੁਕਾਬਲੇ 'ਚ ਨਾਰੰਗਵਾਲ ਕਾਲਜ ਅਤੇ ਸ਼ਾਹੀ ਸਪੋਰਟਸ ਕਾਲਜ ਦੀਆਂ ਦੋਵੇਂ
ਟੀਮਾਂ ਆਹਮੋ-ਸਾਹਮਣੇ ਹੋਈਆਂ ਜਿਸ ਵਿੱਚ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ
ਨਾਰੰਗਵਾਲ ਦੀ ਟੀਮ ਨੇ ਪਹਿਲਾ ਅਤੇ ਮੇਜ਼ਬਾਨ ਸੰਸਥਾ ਦੀ ਟੀਮ ਨੇ ਦੂਸਰਾ ਸਥਾਨ ਹਾਸਿਲ
ਕੀਤਾ। ਪੰਜਾਬ ਸਕੂਲਜ਼ ਫੁੱਟਬਾਲ ਚੈਂਪੀਅਨਸ਼ਿਪ 'ਚ ਲੁਧਿਆਣਾ, ਖੰਨਾ, ਪਟਿਆਲਾ, ਅੰਮ੍ਰਿਤਸਰ ਤੇ ਸੰਗਰੂਰ ਜੇਤੂ ਲੁਧਿਆਣਾ, 9 ਅਕਤੂਬਰ - ਪੰਜਾਬ ਸਕੂਲਜ਼ ਅੰਤਰ ਜ਼ਿਲ੍ਹਾ ਫੁੱਟਬਾਲ ਚੈਂਪੀਅਨਸ਼ਿਪ (ਅੰਡਰ 19 ਲੜਕੀਆਂ) ਜੋ ਕਿ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਡ ਮੈਦਾਨਾਂ ਵਿਚ ਚੱਲ ਰਹੀ ਹੈ। ਇਸ ਦੇ ਦੂਸਰੇ ਦਿਨ ਲੁਧਿਆਣਾ, ਖੇਡ ਵਿੰਗ ਖੰਨਾ, ਪਟਿਆਲਾ, ਅੰਮ੍ਰਿਤਸਰ, ਸੰਗਰੂਰ ਵਲੋਂ ਵੱਡੀਆਂ ਜਿੱਤਾਂ ਦਰਜ ਕੀਤੀਆਂ ਗਈਆਂ। ਇਸ ਰਾਜ ਪੱਧਰੀ ਚੈਂਪੀਅਨਸ਼ਿਪ ਦੇ ਪਹਿਲੇ ਮੈਚ ਵਿਚ ਖੇਡ ਵਿੰਗ ਖੰਨਾ ਨੇ ਫਰੀਦਕੋਟ ਨੂੰ 15-0 ਨਾਲ ਹਰਾਇਆ, ਲੁਧਿਆਣਾ ਨੇ ਬਠਿੰਡਾ ਨੂੰ 15-0 ਨਾਲ, ਪਟਿਆਲਾ ਨੇ ਜਲੰਧਰ ਨੂੰ 5-0 ਨਾਲ, ਮਾਨਸਾ ਨੇ ਮੋਗਾ ਨੂੰ 2-0 ਨਾਲ, ਸੰਗਰੂਰ ਨੇ ਫਤਿਹਗੜ੍ਹ ਸਾਹਿਬ ਨੂੰ 9-0 ਨਾਲ, ਮੁਕਤਸਰ ਨੇ ਮੋਹਾਲੀ ਨੂੰ 2-0 ਨਾਲ, ਅੰਮ੍ਰਿਤਸਰ ਨੇ ਮੋਗਾ ਨੂੰ 9-0 ਨਾਲ, ਬਠਿੰਡਾ ਨੇ ਫਰੀਦੋਕਟ ਨੂੰ 1-0 ਨਾਲ ਹਰਾਇਆ, ਜਦਕਿ ਮਾਨਸਾ ਅਤੇ ਗੁਰਦਾਸਪੁਰ ਵਿਚਕਾਰ ਖੇਡਿਆ ਗਿਆ ਮੈਚ ਗੋਲ ਰਹਿਤ ਬਰਾਬਰੀ ਤੇ ਲੁਧਿਆਣਾ ਅਤੇ ਖੇਡ ਵਿੰਗ ਖੰਨਾ ਵਿਚਕਾਰ ਖੇਡਿਆ ਗਿਆ ਮੈਚ 1-1 ਗੋਲਾਂ ਦੀ ਬਰਾਬਰੀ 'ਤੇ ਖਤਮ ਹੋਇਆ। 55ਵੀਆਂ ਪੰਜਾਬ ਸਕੂਲ ਖੇਡਾਂ ਜਲੰਧਰ, 9 ਅਕਤੂਬਰ - ਸਟੇਟ ਸਕੂਲ ਆਫ਼ ਸਪੋਰਟਸ ਜਲੰਧਰ 'ਚ 55ਵੀਆਂ ਪੰਜਾਬ ਸਕੂਲ ਖੇਡਾਂ ਦੇ ਜਿਮਨਾਸਟਿਕ ਅੰਡਰ 14, 17, 19 ਨਾਲ ਲੜਕੇ ਤੇ ਲੜਕੀਆਂ ਦੇ ਵਰਗ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਖੇਡ ਮੁਕਾਬਲਿਆਂ ਦੇ ਅੰਡਰ 17 ਸਾਲ ਲੜਕੇ ਵਰਗ ਦੇ ਖੇਡ ਨਤੀਜਿਆਂ ਮੁਤਾਬਿਕ ਟੀਮ ਚੈਂਪੀਅਨਸ਼ਿਪ 'ਚ ਸਟੇਟ ਸਕੂਲ ਆਫ ਸਪੋਰਟਸ ਜਲੰਧਰ ਨੇ 290.40 ਅੰਕਾ ਹਾਸਲ ਕਰਕੇ ਪਹਿਲਾ ਸਥਾਨ ਜ਼ਿਲ੍ਹਾ ਲੁਧਿਆਣਾ ਨੇ 178.20 ਅੰਕ ਹਾਸਲ ਕਰਕੇ ਦੂਜਾ ਸਥਾਨ ਜ਼ਿਲ੍ਹਾ ਪਟਿਆਲਾ ਨੇ 170.40 ਅੰਕ ਹਾਸਲ ਕਰਕੇ ਤੀਜਾ ਸਥਾਨ ਹਾਸਲ ਕੀਤਾ। ਆਲ ਰਾਊਂਡ ਬੈਸਟ ਜਿਮਨਾਸਟਿਕ ਦੇ ਮੁਕਾਬਲੇ ਵਿਚ ਰਮਨਦੀਪ ਸਿੰਘ ਨੇ 61.60 ਅੰਕ ਲੈ ਕੇ ਪਹਿਲਾ ਯੋਗੇਸ਼ ਸਿੰਘ ਨੇ 59.60 ਅੰਕ ਲੈ ਕੇ ਦੂਜਾ ਤੇ ਸਮਸ਼ੇਰ ਸਿੰਘ ਨੇ 59.20 ਅੰਕ ਲੈ ਕੇ ਤੀਜਾ ਸਥਾਨ (ਸਾਰੇ ਸਪੋਰਟਸ ਸਕੂਲ ਜਲੰਧਰ) ਹਾਸਿਲ ਕੀਤਾ। ਬਾਸਕਿਟਬਾਲ ਲੀਗ ਮੁਕਾਬਲੇ 13 ਤੋਂ ਸਵੱਦੀ ਕਲਾਂ, 9 ਅਕਤੂਬਰ - ਬਾਸਕਿਟਬਾਲ ਲੀਗ ਮੁਕਾਬਲੇ 13-16 ਅਕਤੂਬਰ ਤੱਕ ਗੁਰਦਿਆਲ ਸਿੰਘ ਮੱਲ੍ਹੀ ਯਾਦਗਾਰੀ ਖੇਡ ਸਟੇਡੀਅਮ ਗੁੜੇ (ਲੁਧਿਆਣਾ) ਵਿਖੇ ਕਰਵਾਏ ਜਾ ਰਹੇ ਹਨ। ਇਹ ਮੁਕਾਬਲੇ ਭਾਰਤੀ ਬਾਸਕਿਟਬਾਲ ਟੀਮ ਦੇ ਸਾਬਕਾ ਕਪਤਾਨ ਤੇ ਅਰਜਨ ਐਵਾਰਡੀ ਸਵ: ਗੁਰਦਿਆਲ ਸਿੰਘ ਮੱਲ੍ਹੀ ਦੀ ਯਾਦ ਵਿਚ ਕਰਵਾਏ ਜਾਣਗੇ। ਇਹ ਮੁਕਾਬਲੇ ਸ਼ਾਮ ਤਿੰਨ ਵਜੇ ਤੋਂ ਰਾਤ 11 ਵਜੇ ਤੱਕ ਹੋਣਗੇ। ਐਥਲੈਟਿਕਸ ਮੁਕਾਬਲੇ 12 ਤੋਂ ਲੁਧਿਆਣਾ, 9 ਅਕਤੂਬਰ - ਵੱਖ-ਵੱਖ ਅੱਠ ਜ਼ੋਨਾਂ ਦੇ ਐਥਲੈਟਿਕਸ ਪੱਧਰ ਦੇ ਮੁਕਾਬਲੇ 12 ਤੋਂ 15 ਅਕਤੂਬਰ ਤੱਕ ਵੱਖ ਵੱਖ ਜ਼ੋਨਲ ਸਥਾਨ ਸਾਹਨੇਵਾਲ, ਸਮਰਾਲਾ, ਲੁਧਿਆਣਾ ਵਨ, ਲੁਧਿਆਣਾ ਟੂ, ਜਗਰਾਉਂ, ਭੈਣੀ ਦਰੇੜਾਂ, ਕਿਲ੍ਹਾ ਰਾਏਪੁਰ, ਸੁਧਾਰ ਵਿਖੇ ਕਰਵਾਏ ਜਾਣਗੇ, ਜਦਕਿ ਜ਼ਿਲ੍ਹਾ ਪੱਧਰੀ ਐਥਲੈਟਿਕਸ ਮੁਕਾਬਲੇ 19 ਤੋਂ 21 ਅਕਤੂਬਰ ਤੱਕ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਹੋਣਗੇ। ਇਹ ਮੁਕਾਬਲੇ ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਏ ਜਾਣਗੇ। ਕਬੱਡੀ ਮੁਕਾਬਲੇ 12 ਤੋਂ ਜਲੰਧਰ, 9 ਅਕਤੂਬਰ - 12 ਅਕਤੂਬਰ ਤੋਂ ਪਟਿਆਲਾ 'ਚ ਸਿੱਖਿਆ ਵਿਭਾਗ ਪੰਜਾਬ (ਸ) ਸਕੂਲ ਖੇਡਾਂ ਦੇ ਕਬੱਡੀ ਅੰਡਰ 19 ਸਾਲ ਲੜਕੇ ਤੇ ਲੜਕੀਆਂ ਦੇ ਵਰਗ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਕਬੱਡੀ ਖੇਡ ਮੇਲਾ 18 ਨਵੰਬਰ ਤੋਂ ਖੰਨਾ, 9 ਅਕਤੂਬਰ - 18 ਤੋਂ 21 ਨਵੰਬਰ ਤੱਕ ਕਬੱਡੀ ਖੇਡ ਮੇਲਾ ਐਨ. ਆਰ. ਆਈ. ਯੂਨਾਈਟਿਡ ਸਪੋਰਟਸ ਕਲੱਬ ਖੰਨਾ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਵਿਚ ਕਬੱਡੀ 32 ਕਿਲੋ ਤੇ 57 ਕਿਲੋ, 70 ਕਿਲੋ, ਆਲ ਓਪਨ ਕਲੱਬ, ਰੱਸਾ ਕਸੀ, ਕੁੱਤਿਆਂ ਦੀ ਦੌੜ ਆਦਿ ਦੇ ਮੁਕਾਬਲੇ ਹੋਣਗੇ। ਕਲੱਬ ਵੱਲੋਂ ਅੰਤਰ ਰਾਸ਼ਟਰੀ ਕਬੱਡੀ ਖਿਡਾਰੀਆਂ ਘੋਲ ਸੀਹਾਂ ਦੌਦ, ਦੀਪਾ ਨਵਾਂ ਪਿੰਡ ਅਤੇ ਜਗਜੀਵਨ ਬਿਰਧਨੋ ਦਾ ਮੋਟਰ ਸਾਈਕਲਾਂ ਨਾਲ ਸਨਮਾਨ ਕੀਤਾ ਜਾਵੇਗਾ। 178 ਖਿਡਾਰੀਆਂ ਦੇ ਅਹੁਦੇ ਘਟਾਉਣ ਲਈ ਨੋਟਿਸ ਲੁਧਿਆਣਾ, 9 ਅਕਤੂਬਰ - ਹੁਣ ਪੰਜਾਬ ਪੁਲਿਸ ਵਿਚ ਅੰਤਰਰਾਸ਼ਟਰੀ ਪੱਧਰ 'ਤੇ ਵੱਖ-ਵੱਖ ਖੇਡਾਂ 'ਚ ਨਾਮਣਾ ਖੱਟਣ ਵਾਲੇ 178 ਖਿਡਾਰੀਆਂ ਨੂੰ ਹਾਈਕੋਰਟ ਦੇ ਨਿਰਦੇਸ਼ਾਂ 'ਤੇ ਤਰੱਕੀਆਂ ਵਾਪਸ ਲੈਣ ਦੇ ਨੋਟਿਸ ਜਾਰੀ ਹੋਏ ਹਨ। ਇਨ੍ਹਾਂ ਖਿਡਾਰੀਆਂ ਵਿਚ ਡੀ. ਐਸ. ਪੀ. ਅਤੇ ਇੰਸਪੈਕਟਰ ਰੈਂਕ ਤੋਂ ਉਨ੍ਹਾਂ ਦੇ ਅਹੁਦੇ ਘਟਾ ਕੇ ਹੌਲਦਾਰ ਜਾਂ ਸਿਪਾਹੀ ਬਣਾਇਆ ਜਾ ਰਿਹਾ ਹੈ। ਇਸ ਤੋਂ ਕਈ ਵਰ੍ਹੇ ਪਹਿਲਾਂ ਪੀ. ਏ. ਪੀ. ਨਾਲ ਸਬੰਧਿਤ 295 ਖਿਡਾਰੀਆਂ ਦੀ ਨੌਕਰੀ ਦਾ ਦਾਅ 'ਤੇ ਲੱਗੀ ਸੀ, ਪਰ ਉਸ ਵੇਲੇ ਪੰਜਾਬ ਵਿਚ ਕਾਂਗਰਸ ਸਰਕਾਰ ਨੇ ਸਾਲ 2003 ਵਿਚ ਪੰਜਾਬ ਕੈਬਨਿਟ ਵਿਚ ਇਕ ਅਹਿਮ ਫੈਸਲਾ ਲੈ ਕੇ ਉਨ੍ਹਾਂ ਦੀਆਂ ਨੌਕਰੀਆਂ ਅਤੇ ਮਿਲੀਆਂ ਤਰੱਕੀਆਂ ਬਚਾ ਲਈਆਂ ਸਨ, ਪਰ ਹੁਣ ਕੁਝ ਆਮ ਸ਼੍ਰੈਣੀ ਵਿਚ ਭਰਤੀ ਹੋਏ ਪੁਲਿਸ ਮੁਲਾਜ਼ਮਾਂ ਨੇ ਇਹ ਰਿੱਟ ਕੀਤੀ ਕਿ ਅੰਤਰ ਰਾਸ਼ਟਰੀ ਪੱਧਰ ਦੇ ਇਨ੍ਹਾਂ ਖਿਡਾਰੀਆਂ ਨੂੰ ਤਰੱਕੀਆਂ ਗਲਤ ਦਿੱਤੀਆਂ ਗਈਆਂ ਹਨ। ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਿਤ ਇਹ ਖਿਡਾਰੀ, ਜਿਨ੍ਹਾਂ ਵਿਚ 9 ਡੀ. ਐਸ. ਪੀ. ਰੈਂਕ, 15 ਇੰਸਪੈਕਟਰ ਰੈਂਕ, 49 ਸਬ ਇੰਸਪੈਕਟਰ, 67 ਏ. ਐਸ. ਆਈ. ਰੈਂਕ ਅਤੇ 38 ਹੈਡ ਕਾਂਸਟੇਬਲ ਖਿਡਾਰੀ ਸ਼ਾਮਿਲ ਹਨ, ਦੇ ਅਹੁਦੇ ਘਟਾਏ ਜਾ ਰਹੇ ਹਨ। ਇਨ੍ਹਾਂ ਵਿਚ ਪਦਮ ਸ੍ਰੀ ਐਥਲੀਟ ਬਹਾਦਰ ਸਿੰਘ, ਅਰਜਨਾ ਐਵਾਰਡੀ ਕਬੱਡੀ ਸਟਾਰ ਹਰਦੀਪ ਸਿੰਘ, ਅਰਜਨਾ ਐਵਾਡਰੀ ਪਰਮਿੰਦਰ ਸਿੰਘ ਸੀਨੀਅਰ ਬਾਸਕਟਬਾਲਰ ਤੋਂ ਇਲਾਵਾ 25 ਮਹਾਰਾਜਾ ਰਣਜੀਤ ਸਿੰਘ ਐਵਾਰਡ ਜੇਤੂ ਅਤੇ 26 ਅੰਤਰਰਾਸ਼ਟਰੀ ਖਿਡਾਰੀ ਅਤੇ 124 ਦੇ ਕਰੀਬ ਜਿਨ੍ਹਾਂ ਨੇ ਵਰਲਡ ਪੁਲਿਸ, ਆਲ ਇੰਡੀਆ ਪੁਲਿਸ ਅਤੇ ਰਾਸ਼ਟਰੀ ਪੱਧਰ ਤੇ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ, ਦੀ ਨੌਕਰੀ ਦਾਅ 'ਤੇ ਲੱਗ ਗਈ ਹੈ। ਉਕਤ ਤਰੱਕੀਆਂ ਤੋਂ ਪ੍ਰਭਾਵਿਤ ਖਿਡਾਰੀਆਂ ਦੀ ਵਾਰ-ਵਾਰ ਅਪੀਲ ਦੇ ਬਾਵਜੂਦ ਉਨ੍ਹਾਂ ਦੀ ਕੋਈ ਬਾਂਹ ਨਹੀਂ ਫੜ ਰਿਹਾ। ਇਸ ਮੌਕੇ ਪੰਜਾਬ ਬਾਸਕਿਟਬਾਲ ਸੰਘ ਦੇ ਸਕੱਤਰ ਤੇਜਾ ਸਿੰਘ ਧਾਲੀਵਾਲ, ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ, ਸੀਨੀਅਰ ਮੀਤ ਪ੍ਰਧਾਨ ਪਹਿਲਵਾਨ ਗੁਰਮੇਲ ਸਿੰਘ, ਪੰਜਾਬ ਰੂਰਲ ਸਪੋਰਟਸ ਕੌਂਸਲ ਦੇ ਚੇਅਰਮੈਨ ਸ: ਪਰਮਜੀਤ ਸਿੰਘ ਖੱਟੜਾ, ਕੁਲਵੰਤ ਸਿੰਘ, ਸ: ਤਰਲੋਚਨ ਸਿੰਘ ਗਰੇਵਾਲ, ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਬੰਧਕ ਸਕੱਤਰ ਸੁਰਿੰਦਰ ਸਿੰਘ ਰੇਲਵੇ, ਜਰਖੜ ਸਪੋਰਟਸ ਕਲੱਬ ਦੇ ਪ੍ਰਧਾਨ ਐਡਵੋਕੇਟ ਹਰਕੰਵਲ ਸਿੰਘ, ਦਪਿੰਦਰ ਸਿੰਘ ਨੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਪੰਜਾਬ ਪੁਲਿਸ ਦੇ ਉਕਤ 178 ਨਾਮੀ ਖਿਡਾਰੀਆਂ ਦੀਆਂ ਤਰੱਕੀਆਂ ਨਾ ਰੋਕੀਆਂ ਜਾਣ। ਐਚ. ਐਮ. ਵੀ. 16ਵੀਂ ਵਾਰ ਬਣਿਆ ਅੰਤਰ ਕਾਲਜ ਬਾਸਕਿਟਬਾਲ ਚੈਂਪੀਅਨ ਜਲੰਧਰ, 9 ਅਕਤੂਬਰ - ਅੰਮ੍ਰਿਤਸਰ 'ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਅੰਤਰ ਕਾਲਜ ਬਾਸਕਿਟਬਾਲ ਮਹਿਲਾ ਵਰਗ ਦੀ ਚੈਂਪੀਅਨਸ਼ਿਪ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿਚ ਐਚ. ਐਮ. ਵੀ ਕਾਲਜ ਜਲੰਧਰ ਦੀ ਬਾਸਕਿਟਬਾਲ ਲੜਕੀਆਂ ਦੀ ਟੀਮ ਨੇ ਸਰਕਾਰੀ ਕਾਲਜ ਅੰਮ੍ਰਿਤਸਰ ਨੂੰ 111-40 ਅੰਕਾਂ ਨਾਲ ਹਰਾ ਕੇ ਲਗਾਤਾਰ 16ਵੀਂ ਵਾਰੀ ਇਸ ਚੈਂਪੀਅਨਸ਼ਿਪ 'ਤੇ ਕਬਜ਼ਾ ਕੀਤਾ। ਇਹ ਜਾਣਕਾਰੀ ਪਰਜਿੰਦਰ ਸਿੰਘ ਨਿੱਝਰ ਵੱਲੋਂ ਦਿੱਤੀ ਗਈ। ਉਭਰਦੇ ਤੈਰਾਕਾਂ ਨਾਲ ਬੇਇਨਸਾਫ਼ੀ ਲੁਧਿਆਣਾ, 9 ਅਕਤੂਬਰ - ਸਿੱਖਿਆ ਵਿਭਾਗ ਪੰਜਾਬ ਨੇ ਪੰਜਾਬ ਸਟੇਟ ਸਕੂਲ ਤੈਰਾਕੀ ਚੈਂਪੀਅਨਸ਼ਿਪ ਨੂੰ ਅਚਾਨਕ ਸੰਗਰੂਰ ਦੇ 50 ਮੀਟਰ ਦੇ ਪੂਲ ਤੋਂ ਰੋਪੜ ਦੇ 25 ਮੀਟਰ ਦੇ ਪੂਲ 'ਤੇ ਤਬਦੀਲ ਕੀਤਾ ਅਤੇ ਅੰਡਰ 11 ਗਰੁੱਪ ਨੂੰ ਕੈਲੰਡਰ ਵਿਚੋਂ ਕੱਢ ਦਿੱਤਾ ਹੈ। ਕੌਮੀ ਰਿਕਾਰਡ ਹੋਲਡਰ ਜਸ਼ਨਦੀਪ ਸਿੰਘ ਰੋਪੜ, ਰੋਹਿਤ ਜ਼ਾਂਬਾਂ, ਅਮਨ ਘਈ ਜਲੰਧਰ ਮਨਕਿਰਨ ਕੌਰ, ਅਰਪਨ ਕੌਰ, ਹਰਰੂਪ ਸਿੰਘ ਸੰਗਰੂਰ, ਅਭਿਨਵ ਡੁਡੇਜਾ ਅੰਮ੍ਰਿਤਸਰ (ਸਾਰੇ ਨੈਸ਼ਨਲ ਮੈਡਲਿਸਟ) ਅਤੇ ਕੰਵਲਪ੍ਰੀਤ ਕੌਰ, ਅਰਸ਼ਪ੍ਰੀਤ ਕੌਰ ਗਰੇਵਾਲ, ਸੁਹਪਨਪ੍ਰੀਤ ਕੌਰ, ਸ਼ੁੱਭਕਰਮਨ ਧਾਲੀਵਾਲ, ਲੁਧਿਆਣਾ (ਸਾਰੇ ਨੈਸ਼ਨਲ ਫਾਈਨਲਿਸਟ) ਨੇ ਇਸ ਸਾਲ ਜੂਨੀਅਰ ਅਤੇ ਸੀਨੀਅਰ ਪੰਜਾਬ ਤੈਰਾਕੀ ਚੈਂਪੀਅਨਸ਼ਿਪ ਵਿਚ ਕ੍ਰਮਵਾਰ ਲੁਧਿਆਣਾ ਅਤੇ ਸੰਗਰੂਰ ਵਿਖੇ ਆਪਣੇ-ਆਪਣੇ ਇਵੈਂਟਾਂ ਵਿਚ ਰਾਜ ਪੱਧਰ ਦੇ ਨਵੇ ਕੀਰਤੀਮਾਨ ਸਥਾਪਿਤ ਕੀਤੇ ਹਨ। 12 ਤੋਂ 16 ਅਕਤੂਬਰ ਤੱਕ ਕਰਵਾਈ ਜਾ ਰਹੀ ਪੰਜਾਬ ਸਕੂਲ ਤੈਰਾਕੀ ਚੈਂਪੀਅਨਸ਼ਿਪ, ਰੋਪੜ ਵਿਖੇ ਕਰਵਾਉਣ ਨਾਲ ਇਨ੍ਹਾਂ ਸਾਰੇ ਤੈਰਾਕਾਂ ਨਾਲ ਵੱਡਾ ਅਨਿਆਂ ਕੀਤਾ ਜਾ ਰਿਹਾ ਹੈ ਕਿਉਂਕਿ 25 ਮੀਟਰ ਦੇ ਪੂਲ ਦੇ ਰਿਕਾਰਡਾਂ ਨੂੰ ਮਾਨਤਾ ਨਹੀਂ ਦਿੱਤੀ ਜਾ ਸਕਦੀ। ਮਾਪਿਆਂ ਦੇ ਵਿਅਕਤੀਗਤ ਤੌਰ 'ਤੇ ਮਿਲਣ ਨਾਲ ਡਿਪਟੀ ਡਾਇਰੈਕਟਰ ਸਪੋਰਟਸ ਮੈਡਮ ਕੁਲਰਾਜ ਕੌਰ ਰੰਧਾਵਾ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕੇ। ਤੈਰਾਕਾਂ ਦੇ ਮਾਪਿਆਂ ਨੇ ਪੁੱਛਿਆ ਹੈ ਕਿ ਕੀ ਰੋਪੜ ਵਾਲਾ ਪੂਲ ਸਿੱਖਿਆ ਵਿਭਾਗ ਦਾ ਹੈ? ਅਤੇ ਕੀ ਪੰਜਾਬ ਪੱਧਰ ਦੀ ਐਥਲੈਟਿਕਸ ਮੀਟ ਕਦੇ 200 ਮੀ. ਦੇ ਟਰੈਕ ਦੇ ਕਰਵਾਈ ਗਈ ਹੈ ਜਾਂ ਹਾਕੀ ਦਾ ਮੈਚ ਅੱਧੇ ਗਰਾਊਂਡ ਵਿਚ ਕਰਵਾਇਆ ਗਿਆ ਹੈ। ਜੇ ਨਹੀਂ ਤਾਂ ਤੈਰਾਕਾਂ ਨਾਲ ਹੀ ਇਹ ਵਿਤਕਰਾ ਕਿਉਂ? ਇਸੇ ਤਰ੍ਹਾਂ ਹਮੇਸ਼ਾ ਤੋਂ ਹੁੰਦੇ ਆ ਰਹੇ ਅੰਡਰ 11 ਦੇ ਗਰੁੱਪ ਦੇ ਤੈਰਾਕੀ ਮੁਕਾਬਲਿਆਂ ਨੂੰ ਸਾਲ ਦੇ ਸ਼ੁਰੂ ਵਿਚ ਸਿੱਖਿਆ ਵਿਭਾਗ ਦੇ ਕੈਲੰਡਰ ਵਿਚ ਸ਼ਾਮਿਲ ਕੀਤਾ ਗਿਆ ਹੈ ਅਤੇ ਹੁਣ ਜਦੋਂ ਸਤੰਬਰ ਇਮਤਿਹਾਨਾਂ ਦੇ ਬਾਵਜੂਦ ਬੱਚੇ ਲਗਾਤਾਰ ਪ੍ਰੈਕਟਿਸ ਕਰ ਰਹੇ ਹਨ ਤਾਂ ਅਚਾਨਕ ਵਿਭਾਗ ਨੇ ਇਸ ਗਰੁੱਪ ਦੇ ਮੁਕਾਬਲੇ ਕਰਵਾਉਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ, ਜੋ ਕਿ ਮਾਸੂਮ ਬੱਚਿਆਂ ਨਾਲ ਵੱਡਾ ਧੱਕਾ ਹੈ। 55ਵੀਂਆਂ ਪੰਜਾਬ ਸਕੂਲ ਖੇਡਾਂ : ਫੁੱਟਬਾਲ ਚੈਂਪੀਅਨਸ਼ਿਪ ਸ਼ੁਰੂ ਚੱਬੇਵਾਲ , 8 ਅਕਤੂਬਰ - 55 ਵੀਂਆਂ ਪੰਜਾਬ ਰਾਜ ਸਕੂਲ ਖੇਡਾਂ ਦੀ ਅੰਡਰ-19 (ਲੜਕੇ) ਫੁੱਟਬਾਲ ਚੈਂਪੀਅਨਸ਼ਿਪ ਸ.ਸ.ਸ.ਸਕੂਲ ਜਿਆਣ-ਚੱਬੇਵਾਲ (ਹੁਸ਼ਿਆਰਪੁਰ) ਦੇ ਫੁੱਟਬਾਲ ਸਟੇਡੀਅਮ ਵਿਖੇ ਸ਼ੁਰੂ ਹੋ ਗਈ ਹੈ। ਉਦਘਾਟਨੀ ਮੈਚ ਦੌਰਾਨ ਫੁੱਟਬਾਲ ਅਕੈਡਮੀ ਚੱਬੇਵਾਲ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਮੋਗਾ ਦੀ ਟੀਮ ਨੂੰ 2-0 ਦੇ ਫਰਕ ਨਾਲ ਹਰਾਇਆ । ਪੰਦਰਵੀਂ ਕਲਸਟਰ ਫੁੱਟਬਾਲ ਚੈਂਪੀਅਨਸ਼ਿਪ ਸਮਾਪਤ ਖਨੌਰੀ, 8 ਅਕਤੂਬਰ - 15ਵੀਂ ਕਲਸਟਰ ਫੁੱਟਬਾਲ ਚੈਂਪੀਅਨਸ਼ਿਪ ਪਿੰਡ ਬਹਿਰ ਸਾਹਿਬ ਦੇ ਸ੍ਰੀ ਗੁਰੂ ਤੇਗ ਬਹਾਦਰ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਈ ਗਈ। ਇਸ ਚੈਂਪੀਅਨਸ਼ਿਪ 'ਚ ਸ਼ਾਹ ਸਤਿਨਾਮ ਲੜਕੇ ਸਕੂਲ ਸਿਰਸਾ ਨੇ ਗੁਰੂਕੁਲ ਸਕੂਲ ਕੁਰੂਕਸ਼ੇਤਰ ਦੀ ਟੀਮ ਨੂੰ ਫਾਇਨਲ 'ਚ ਹਰਾ ਕੇ ਜਿੱਤ ਲਈ। ਤੀਸਰੇ ਸਥਾਨ ਲਈ ਹੋਏ ਸੰਘਰਸ਼ ਪੂਰਨ ਮੈਚ ਵਿਚ ਐਲਪਾਇਨ ਪਬਲਿਕ ਸਕੂਲ ਭਵਾਨੀਗੜ੍ਹ ਨੇ ਭਾਈ ਰੂਪ ਚੰਦ ਸੀਨੀਅਰ ਸੈਕੰਡਰੀ ਸਕੂਲ ਨੂੰ ਹਰਾਇਆ ਤੇ ਫਾਈਨਲ ਮੈਚ ਵਿਚ ਸ਼ਾਹ ਸਤਨਾਮ ਜੀ ਲੜਕੇ ਸਕੂਲ ਸਿਰਸਾ ਨੇ ਗੁਰੂਕੁਲ ਸਕੂਲ ਕੁਰੂਕਸ਼ੇਤਰ ਨੂੰ 4-1 ਗੋਲਾਂ ਦੇ ਫ਼ਰਕ ਨਾਲ ਹਰਾ ਕੇ ਇਹ ਚੈਂਪੀਅਨਸ਼ਿਪ ਤੇ ਟਰਾਫ਼ੀ ਦਿੱਤੀ। 55ਵੀਆਂ ਪੰਜਾਬ ਸਕੂਲ ਖੇਡਾਂ ਦੇ ਜਿਮਨਾਸਟਿਕ ਮੁਕਾਬਲੇ ਸ਼ੁਰੂ ਜਲੰਧਰ, 8 ਅਕਤੂਬਰ - ਸਪੋਰਟਸ ਸਕੂਲ ਜਲੰਧਰ 'ਚ 55ਵੀਆਂ ਪੰਜਾਬ ਸਕੂਲ ਖੇਡਾਂ ਦੇ ਜਿਮਨਾਸਟਿਕ ਮੁਕਾਬਲੇ ਲੜਕੇ ਤੇ ਲੜਕੀਆਂ ਦੇ ਵਰਗ ਵਿਚ ਅੰਡਰ 14, 17 ਤੇ 19 ਸਾਲ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਹ ਮੁਕਾਬਲੇ 12 ਅਕਤੂਬਰ ਤੱਕ ਜਾਰੀ ਰਹਿਣਗੇ ਤੇ ਪੰਜਾਬ ਟੀਮ ਦੀ ਚੋਣ ਵੀ ਕੀਤੀ ਜਾਵੇਗੀ। ਬਡਾਲਾ ਮਾਹੀ ਦਾ ਕਬੱਡੀ ਟੂਰਨਾਮੈਂਟ ਸ਼ੁਰੂ ਸ਼ਾਮਚੁਰਾਸੀ, 8 ਅਕਤੂਬਰ - 5ਵਾਂ ਵਿਸ਼ਾਲ ਕੱਬਡੀ ਟੂਰਨਾਮੈਂਟ ਪਿੰਡ ਬਡਾਲਾ ਮਾਹੀ ਵਿਖੇ 9,10 ਅਤੇ 11 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਦੌਰਾਨ ਓਪਨ ਕਲੱਬ, ਓਪਨ ਪਿੰਡ ਪੱਧਰ, 70 ਕਿਲੋ, 65 ਕਿਲੋ ਅਤੇ 45 ਕਿਲੋ ਸਾਰੇ ਕਲੱਬ ਪੱਧਰ ਦੇ ਮੁਕਾਬਲੇ ਹੋਣਗੇ। ਓਪਨ ਕਲੱਬ ਜੇਤੂ ਟੀਮ ਨੂੰ 21 ਹਜ਼ਾਰ ਅਤੇ ਉਪ ਵਿਜੇਤਾ ਨੂੰ 15 ਹਜ਼ਾਰ ਦੇ ਨਗਦ ਇਨਾਮ ਤੋਂ ਇਲਾਵਾ ਬਾਕੀ ਵਰਗਾਂ ਦੇ ਸਾਰੀਆਂ ਜੇਤੂ ਟੀਮਾਂ ਨੂੰ ਸ਼ਾਨਦਾਰ ਨਗਦ ਇਨਾਮ ਦਿੱਤੇ ਜਾਣਗੇ। ਜਦਕਿ 45, 65 ਕਿਲੋ ਵਰਗ ਦੇ ਮੈਚ 9 ਅਕਤੂਬਰ ਨੂੰ ਓਪਨ ਪਿੰਡ ਪੱਧਰ ਦੇ 10 ਅਤੇ 70 ਕਿਲੋ ਅਤੇ ਓਪਨ ਕਲੱਬਾਂ ਦੇ ਮੈਚ 11 ਅਕਤੂਬਰ ਨੂੰ ਕਰਵਾਏ ਜਾਣਗੇ। ਅੰਤਰ ਕਾਲਜ ਵਾਲੀਬਾਲ ਮੁਕਾਬਲਿਆਂ 'ਚ ਨਾਰੰਗਵਾਲ ਅੱਵਲ ਸਮਰਾਲਾ, 8 ਅਕਤੂਬਰ -ਸਮਰਾਲਾ ਦੇ ਗੁਰਦੇਵ ਕੌਰ ਮੈਮੋਰੀਅਲ ਸ਼ਾਹੀ ਸਪੋਰਟਸ ਕਾਲਜ ਝਕੜੌਦੀ ਵਿਚ ਪੰਜਾਬ ਯੂਨੀਵਰਸਿਟੀ ਅੰਤਰ ਕਾਲਜ਼ ਬੀ ਡਵੀਜ਼ਨ ਦੇ ਵਾਲੀਬਾਲ ਮੁਕਾਬਲੇ ਕਰਵਾਏ ਗਏ। ਵਾਲੀਬਾਲ ਦੇ ਇਨ੍ਹਾਂ ਫ਼ਸਵੇਂ ਮੁਕਾਬਲਿਆਂ ਵਿਚ ਨਾਰੰਗਵਾਲ ਅਤੇ ਗੜਦੀਵਾਲ ਦੀਆਂ ਟੀਮਾਂ ਨੇ ਸੈਮੀਫ਼ਾਈਨਲ ਵਿਚ ਪ੍ਰਵੇਸ਼ ਕੀਤਾ। ਫ਼ਾਈਨਲ ਮੈਚ ਦੇ ਰੌਚਿਕ ਮੁਕਾਬਲੇ 'ਚ ਨਾਰੰਗਵਾਲ ਕਾਲਜ ਅਤੇ ਸ਼ਾਹੀ ਸਪੋਰਟਸ ਕਾਲਜ ਦੀਆਂ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਈਆਂ ਜਿਸ ਵਿੱਚ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਨਾਰੰਗਵਾਲ ਦੀ ਟੀਮ ਨੇ ਪਹਿਲਾ ਅਤੇ ਮੇਜ਼ਬਾਨ ਸੰਸਥਾ ਦੀ ਟੀਮ ਨੇ ਦੂਸਰਾ ਸਥਾਨ ਹਾਸਿਲ ਕੀਤਾ। ਪੰਜਾਬ ਸਕੂਲ ਕਬੱਡੀ ਚੈਂਪੀਅਨਸ਼ਿਪ 12 ਤੋਂ ਪਟਿਆਲਾ, 8 ਅਕਤੂਬਰ -ਪਟਿਆਲਾ ਦੇ ਰਾਜਾ ਭਾਲਿੰਦਰਾ ਸਿੰਘ ਸਪੋਰਟਸ ਕੰਪਲੈਕਸ ਵਿਚ 55ਵੀਆਂ ਪੰਜਾਬ ਸਕੂਲ ਖੇਡਾਂ ਦੀ ਕਬੱਡੀ ਅੰਡਰ-19 (ਲੜਕੇ ਤੇ ਲੜਕੀਆਂ) ਦੇ ਅੰਤਰ ਜ਼ਿਲ੍ਹਾ ਮੁਕਾਬਲੇ 12 ਤੋਂ 16 ਅਕਤੂਬਰ ਤੱਕ ਕਰਵਾਏ ਜਾਣਗੇ। ਇਹ ਟੂਰਨਾਮੈਂਟ ਪਹਿਲਾ 19 ਅਕਤੂਬਰ ਤੋਂ ਹੋਣਾ ਸੀ ਪਰ ਕੌਮੀ ਸਕੂਲ ਖੇਡਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਹੁਣ ਪਹਿਲਾ ਕਰਵਾਇਆ ਜਾ ਰਿਹਾ ਹੈ। ਸ਼ਹੀਦ ਬਾਬਾ ਦੀਪ ਸਿੰਘ ਕਲੱਬ ਦੀ ਕਬੱਡੀ ਟੀਮ ਚੁਣੀ ਗਈ ਕਪੂਰਥਲਾ, 7 ਅਕਤੂਬਰ - ਚੇਅਰਮੈਨ ਸ: ਜਰਨੈਲ ਸਿੰਘ ਮੈਰੀਪੁਰ ਅਤੇ ਪ੍ਰਧਾਨ ਸ: ਜਸਬੀਰ ਸਿੰਘ ਪੱਤੜ ਦੀ ਅਗਵਾਈ ਹੇਠ ਕਲੱਬ ਦੀ ਟੀਮ ਚੁਣਨ ਲਈ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ ਕਬੱਡੀ ਖਿਡਾਰੀਆਂ ਦੇ ਚੋਣ ਟਰਾਇਲ ਕਰਵਾਏ ਗਏ। ਇਨ੍ਹਾਂ ਟਰਾਇਲਾਂ ਵਿਚ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਉੱਘੇ ਕਬੱਡੀ ਖਿਡਾਰੀਆਂ ਨੇ ਭਾਗ ਲਿਆ। ਇਸ ਮੌਕੇ ਅੰਮ੍ਰਿਤਸਰ, ਗੁਰਦਾਸਪੁਰ, ਜਲੰਧਰ, ਕਪੂਰਥਲਾ ਅਤੇ ਫਿਰੋਜ਼ਪੁਰ ਨਾਲ ਸਬੰਧਿਤ 19 ਖਿਡਾਰੀ ਟੀਮ ਲਈ ਚੁਣੇ ਗਏ। ਇਸ ਚੁਣੀ ਗਈ ਟੀਮ ਦੀ ਸਿਖਲਾਈ ਲਈ ਜਲਦੀ ਹੀ ਕੋਚਿੰਗ ਕੈਂਪ ਲਗਾਇਆ ਜਾਵੇਗਾ। 55ਵੀਆਂ ਪੰਜਾਬ ਸਕੂਲ ਖੇਡਾਂ ਬਠਿੰਡਾ, 7 ਅਕਤੂਬਰ - 55ਵੀਆਂ ਪੰਜਾਬ ਸਕੂਲ ਖੇਡਾਂ ਦੇ ਦੂਜੇ ਦਿਨ ਤਾਇਕਵਾਂਡੋ ਅਤੇ ਖੋ-ਖੋ ਦੇ ਲੜਕੇ-ਲੜਕੀਆਂ ਦੇ ਮੁਕਾਬਲੇ ਬਠਿੰਡਾ ਦੇ ਖੇਡ ਮੈਦਾਨਾਂ ਵਿਚ ਕਰਵਾਏ ਗਏ। ਇਨ੍ਹਾਂ ਪੰਜ ਦਿਨਾਂ ਖੇਡਾਂ ਵਿਚ ਇਕ ਹਜ਼ਾਰ ਦੇ ਕਰੀਬ ਖਿਡਾਰੀ ਅਤੇ ਅਧਿਕਾਰੀ ਭਾਗ ਲੈ ਰਹੇ ਹਨ। ਨਤੀਜੇ ਇਸ ਪ੍ਰਕਾਰ ਰਹੇ : ਤਾਇਕਵਾਂਡੋ ਲੜਕੀਆਂ 19 ਸਾਲ, 40 ਕਿਲੋ ਭਾਰ ਸੋਨੀਆ ਫਿਰੋਜ਼ਪੁਰ ਸੋਨ ਤਮਗਾ, ਹਿਮਾਨੀ ਜਲੰਧਰ ਦੂਜਾ ਸਥਾਨ ਤੇ ਨਵਪਿੰਦਰ ਕੌਰ ਮੁਕਤਸਰ ਰੁਪਿੰਦਰ ਕੌਰ ਫਰੀਦਕੋਟ ਤੀਜਾ ਸਥਾਨ, 43 ਕਿਲੋ ਸੁਰਭੀ ਬਠਿੰਡਾ ਪਹਿਲਾ ਸਥਾਨ, ਮਨਜੀਤ ਕੌਰ ਲੁਧਿਆਣਾ (2), ਕਿਰੀਤਕਾ ਜਲੰਧਰ ਤੇ ਸੁਮਨ ਅੰਮ੍ਰਿਤਸਰ ਤੀਜਾ ਸਥਾਨ, 46 ਕਿਲੋ ਤੱਕ ਵਿਦਿਆ ਰਾਣੀ ਪਟਿਆਲਾ ਪਹਿਲਾ, ਸਿਮਰਨਪ੍ਰੀਤ ਬਠਿੰਡਾ ਦੂਜਾ, ਸ਼ਿਵਾਂਗੀ ਜਲੰਧਰ, ਮਨਮੀਤ ਅੰਮ੍ਰਿਤਸਰ ਤੀਜਾ ਸਥਾਨ, 50 ਕਿਲੋ ਨੀਲਮ ਰਾਣੀ ਪਟਿਆਲਾ, ਸੁਖਦੀਪ ਕੌਰ ਫਰੀਦਕੋਟ ਦੂਜਾ, ਦੀਪਿਕਾ ਸ਼ਰਮਾ ਜਲੰਧਰ, ਮਨਮੀਤ ਕੌਰ ਅੰਮ੍ਰਿਤਸਰ ਤੀਜਾ ਸਥਾਨ, ਤਾਇਕਵਾਂਡੋ ਲੜਕੇ 14 ਸਾਲ: ਰਣਜੀਤ ਸਿੰਘ ਫਿਰੋਜ਼ਪੁਰ ਪਹਿਲਾ, ਪਲਕਿਤ ਲੁਧਿਆਣਾ ਦੂਜਾ, ਗੁਰਪ੍ਰੀਤ ਫਰੀਦਕੋਟ, ਹਰਮਨਪ੍ਰੀਤ ਸਿੰਘ ਅੰਮ੍ਰਿਤਸਰ ਤੀਜਾ ਸਥਾਨ, 50 ਕਿਲੋ : ਗੁਰਜੰਟ ਸਿੰਘ ਤਰਨਤਾਰਨ ਪਹਿਲਾ, ਰਣਜੀਤ ਸਿੰਘ ਬਠਿੰਡਾ ਦੂਜਾ, ਜਗਮੀਤ ਕੁਮਾਰ ਲੁਧਿਆਣਾ, ਬੇਅੰਤ ਸਿੰਘ ਫਰੀਦਕੋਟ ਤੀਜਾ ਸਥਾਨ, 54 ਕਿਲੋ ਰਜਨੀਸ਼ ਜਲੰਧਰ ਪਹਿਲਾ, ਪਰਦੀਪ ਕੁਮਾਰ ਅੰਮ੍ਰਿਤਸਰ, ਰੋਹਨ ਕੁਮਾਰ ਫਿਰੋਜ਼ਪੁਰ, ਅੰਕੁਸ਼ ਕਸ਼ਿਅਪ ਗੁਰਦਾਸਪੁਰ ਤੀਜਾ ਸਥਾਨ, ਖੋ-ਖੋ 19 ਸਾਲ: ਲੜਕੀਆਂ ਦੇ ਗਹਿਗੱਚ ਮੁਕਾਬਲੇ ਹੋਏ ਜਿਨ੍ਹਾਂ ਵਿਚ ਸੰਗਰੂਰ, ਬਠਿੰਡਾ, ਤਖ਼ਤਗੜ੍ਹ, ਜਲੰਧਰ ਦੀਆਂ ਟੀਮਾਂ ਆਪਣੇ ਪੂਲ ਦੇ ਲੀਗ ਮੈਚਾਂ ਵਿਚੋਂ ਤਿੰਨ-ਤਿੰਨ ਮੈਚ ਜਿੱਤ ਕੇ ਕੁਆਰਟਰ ਫਾਈਨਲ ਦੇ ਨਾਲ ਆਊਟ ਮੁਕਾਬਲੇ ਦੇ ਨੇੜੇ ਪੁੱਜੀਆਂ। ਮੁੰਡਿਆਂ ਦੇ ਵਰਗ ਵਿਚ ਮਾਨਸਾ, ਬਠਿੰਡਾ, ਮੋਗਾ, ਫਤਹਿਗੜ੍ਹ ਸਾਹਿਬ, ਲੁਧਿਆਣਾ, ਜਲੰਧਰ, ਪਟਿਆਲਾ, ਫਿਰੋਜ਼ਪੁਰ, ਬਰਨਾਲਾ, ਸੰਗਰੂਰ, ਕਪੂਰਥਲਾ ਨੇ ਆਪਣੇ ਪੂਲ ਦੇ ਮੁੱਢਲੇ ਮੈਚ ਜਿੱਤੇ। ਲੜਕੀਆਂ ਦੇ ਮੁਕਾਬਲੇ ਵਿਚ ਉਪਰੋਕਤ ਟੀਮਾਂ ਤੋਂ ਇਲਾਵਾ ਮੁਹਾਲੀ, ਲੁਧਿਆਣਾ, ਨਵਾਸ਼ਹਿਰ, ਪਟਿਆਲਾ ਦੀਆਂ ਟੀਮਾਂ ਨੇ ਵੀ ਦੋ-ਦੋ ਪੂਲ ਮੈਚ ਜਿੱਤ ਕੇ ਵਧੀਆ ਕਾਰਗੁਜ਼ਾਰੀ ਵਿਖਾਈ। ਸਹਾਇਕ ਸਿੱਖਿਆ ਅਫ਼ਸਰ ਹਰਨੇਕ ਸਿੰਘ ਵਿਰਕ ਅਨੁਸਾਰ ਖੋ-ਖੋ ਦੇ ਲੜਕੇ-ਲੜਕੀਆਂ ਦੇ ਮੁਕਾਬਲੇ ਵਿਚੋਂ ਏ.ਬੀ.ਸੀ.ਡੀ. ਚਾਰਾਂ ਪੂਲਾਂ ਵਿਚੋਂ ਜੇਤੂ ਦੋ-ਦੋ ਟੀਮਾਂ ਕੁਆਰਟਰ ਫਾਈਨਲ ਦੇ ਨਾਲ ਆਊਟ ਮੁਕਾਬਲੇ ਵਿਚ ਪ੍ਰਵੇਸ਼ ਕਰਨਗੀਆਂ। ਇਹ ਮੁਕਾਬਲੇ 9 ਅਕਤੂਬਰ ਤੱਕ ਚੱਲਣਗੇ। ਸਕੂਲ ਖੇਡਾਂ 'ਚ ਕੈਰੋਂ ਵਿੰਗ ਉਪ ਜੇਤੂ ਜਲੰਧਰ, 7 ਅਕਤੂਬਰ - 55ਵੀਆਂ ਸਕੂਲ ਰਾਜ ਖੇਡਾਂ ਹੈਂਡਬਾਲ ਅੰਡਰ 14 ਸਾਲ ਲੜਕੀਆਂ ਦੇ ਮੁਕਾਬਲੇ ਸੰਗਰੂਰ ਵਿਖੇ ਕਰਵਾਏ ਗਏ। ਇਨ੍ਹਾਂ ਖੇਡਾਂ ਵਿਚ ਸਪੋਰਟਸ ਵਿੰਗ ਕੈਰੋਂ, ਜ਼ਿਲ੍ਹਾ ਤਰਨਤਾਰਨ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਕੁਆਰਟਰ ਫਾਈਨਲ, ਲੁਧਿਆਣਾ ਨੂੰ ਅਤੇ ਸੁਪਰ ਲੀਗ ਵਿਚ ਫਤਹਿਗੜ੍ਹ ਸਾਹਿਬ ਤੇ ਫਿਰੋਜ਼ਪੁਰ ਦੀਆਂ ਟੀਮਾਂ ਨੂੰ ਬਹੁਤ ਭਾਰੀ ਅੰਤਰ ਨਾਲ ਹਰਾਇਆ ਅਤੇ ਫਾਈਨਲ ਮੈਚ ਵਿਚ ਸੰਗਰੂਰ ਨਾਲ ਸਕੋਰ 12 ਦੇ ਮੁਕਾਬਲੇ 14 ਗੋਲ ਸਨ। ਤਾਇਕਵਾਂਡੋ ਵਿਚ ਪਟਿਆਲਾ ਦੀਆਂ ਲੜਕੀਆਂ ਜੇਤੂ ਬਠਿੰਡਾ, 7 ਅਕਤੂਬਰ - 55ਵੀਆਂ ਪੰਜਾਬ ਸਕੂਲ ਖੇਡਾਂ ਜੋ ਕਿ ਬਠਿੰਡਾ 'ਚ ਚੱਲ ਰਹੀਆਂ ਹਨ। ਇਨ੍ਹਾਂ ਖੇਡਾਂ ਦੇ ਤੀਸਰੇ ਦਿਨ ਹੋਏ ਤਾਇਕਵਾਂਡੋ ਮੁਕਾਬਲਿਆਂ ਵਿਚ ਪਟਿਆਲਾ ਦੀਆਂ ਲੜਕੀਆਂ ਨੇ 5 ਸੋਨੇ ਦੇ ਮੈਡਲ ਜਿੱਤੇ ਹਨ, ਜਦਕਿ ਮੇਜਬਾਨ ਬਠਿੰਡਾ ਦੀਆਂ ਖਿਡਾਰਨਾਂ ਨੇ ਵੀ 4 ਸੋਨੇ ਦੇ ਮੈਡਲਾਂ 'ਤੇ ਕਬਜ਼ਾ ਜਮਾਇਆ ਹੈ। ਜਲੰਧਰ ਦੀਆਂ ਖਿਡਾਰੀਆਂ ਚਾਂਦੀ ਦੇ 5 ਅਤੇ 4 ਕਾਂਸੀ ਦੇ ਮੈਡਲ ਜਿੱਤਣ ਵਿਚ ਕਾਮਯਾਬ ਰਹੀਆਂ ਹਨ। ਤਾਇਕਵਾਂਡੋ ਲੜਕੀਆਂ ਦੇ ਅੰਡਰ-14 ਸਾਲਾ ਵਰਗ 18 ਕਿਲੋ ਭਾਰ ਵਰਗ ਵਿਚ ਲੁਧਿਆਣਾ ਦੀ ਤਮੰਨਾ ਅਤੇ 18-20 ਕਿਲੋ ਭਾਰ ਵਰਗ ਵਿਚ ਬਠਿੰਡਾ ਦੀ ਇਸ਼ਪ੍ਰੀਤ ਨੇ ਸੋਨੇ ਦਾ ਮੈਡਲ ਜਿੱਤਿਆ ਜਦਕਿ 20-22 ਕਿਲੋਭਾਰ ਵਰਗ ਵਿਚ ਜਲੰਧਰ ਦੀ ਭਾਵਨਾ ਨੇ ਚਾਂਦੀ ਅਤੇ ਅੰਮ੍ਰਿਤਸਰ ਦੀ ਗੁਰਮੀਤ ਕੌਰ ਨੇ ਕਾਂਸੀ ਦਾ ਮੈਡਲ ਪ੍ਰਾਪਤ ਕੀਤਾ ਹੈ। 22-24 ਕਿਲੋ ਭਾਰ ਵਰਗ ਵਿਚ ਮੁਕਤਸਰ ਦੀ ਗਗਨਦੀਪ ਕੌਰ, ਜਲੰਧਰ ਦੀ ਇਸ਼ੂ ਅਤੇ ਲੁਧਿਆਣਾ ਦੀ ਪ੍ਰਤਿਭਾ ਤੇ ਅੰਮ੍ਰਿਤਸਰ ਦੀ ਸੋਨਮ, 24-26 ਕਿਲੋ ਵਿਚ ਫਰੀਦਕੋਟ ਦੀ ਮਨਪ੍ਰੀਤ ਕੌਰ, ਬਠਿੰਡਾ ਦੀ ਪਰੀਨਾਜ ਮਾਨ ਅਤੇ ਜਲੰਧਰ ਦੀ ਹਰਮਨਦੀਪ ਕੌਰ ਤੇ ਲੁਧਿਆਣਾ ਦ ਨੀਤਿਆ ਸੂਦਾ, 26-29 ਵਿਚ ਫਰੀਦਕੋਟ ਦੀ ਸੁਖਮਨੀ ਕੌਰ, ਜਲੰਧਰ ਦੀ ਸ਼ੁਗਨ ਸ਼ਰਮਾ ਅਤੇ ਪਟਿਆਲਾ ਦੀ ਸੁਧਾਨਾ ਤੇ ਲੁਧਿਆਣਾ ਦੀ ਸੰਜਨਾ, 32-35 ਕਿਲੋ ਵਿਚ ਬਠਿੰਡਾ ਦੀ ਰਤਿੰਦਰ, ਗੁਰਦਾਸਪੁਰ ਦੀ ਰੌਸ਼ਨੀ ਸ਼ੇਰਗਿੱਲ ਅਤੇ ਮੋਗਾ ਦੀ ਸ਼ਮਿੰਦਰ ਪਾਲ ਕੌਰ ਤੇ ਫਰੀਦਕੋਟ ਦੀ ਨਵਜੋਤ ਕੌਰ, 35-38 ਕਿਲੋ ਵਿਚ ਬਠਿੰਡਾ ਦੀ ਪਵਨੀਤ, ਕਪੂਰਥਲਾ ਦੀ ਮਨਪ੍ਰੀਤ ਕੌਰ ਅਤੇ ਮੁਕਤਸਰ ਦੀ ਰਮਨਦੀਪ ਕੌਰ ਤੇ ਸੰਗਰੂਰ ਦੀ ਰਮਨਦੀਪ ਕੌਰ, 38 ਕਿਲੋ ਵਿਚ ਪਟਿਆਲਾ ਦੀ ਮਿਤੋਜ ਕੌਰ, ਲੁਧਿਆਣਾ ਦੀ ਸੇਫ਼ਟੀ ਭਾਟੀਆ ਅਤੇ ਜਲੰਧਰ ਦੀ ਅਮਨਦੀਪ ਕੌਰ ਤੇ ਫਰੀਦਕੋਟ ਦੀ ਜਸਪ੍ਰੀਤ ਕੌਰ, ਅੰਡਰ-19 ਸਾਲਾ ਵਰਗ ਦੇ 50 ਕਿਲੋ ਭਾਰ ਵਰਗ ਵਿਚ ਪਟਿਆਲਾ ਦੀ ਨੀਲਮ ਰਾਣੀ, ਫਰੀਦਕੋਟ ਦੀ ਸੁਖਦੀਪ ਕੌਰ ਅਤੇ ਜਲੰਧਰ ਦੀ ਦੀਪਿਕਾ ਸ਼ਰਮਾ ਅਤੇ ਗੁਰਦਾਸਪੁਰ ਦੀ ਮਨਦੀਪ ਭੱਟੀ, 54 ਕਿਲੋ ਵਿਚ ਪਟਿਆਲਾ ਦੀ ਮਨਦੀਪ ਕੌਰ, ਜਲੰਧਰ ਦੀ ਸਿਮਰੀਤੀ ਅਤੇ ਮੁਕਤਸਰ ਦੀ ਮਨਪ੍ਰੀਤ ਕੌਰ ਤੇ ਗੁਰਦਾਸਪੁਰ ਦੀ ਮਿਨਰਾਲੀ ਥੱਪਾ, 58 ਕਿਲੋ ਵਿਚ ਪਟਿਆਲਾ ਦੀ ਅਰਚਨਾ, ਫਰੀਦਕੋਟ ਦੀ ਦੀਪਿਕਾ, ਅਤੇ ਅੰਮ੍ਰਿਤਸਰ ਦੀ ਸ਼ਾਲੂ ਤੇ ਜਲੰਧਰ ਦੀ ਨੀਲਮ ਅਤੇ 62 ਕਿਲੋ ਭਾਰ ਵਿਚ ਪਟਿਆਲਾ ਦੀ ਪਰਮਿੰਦਰ ਕੌਰ, ਜਲੰਧਰ ਦੀ ਸਿਮਰਨਜੀਤ ਕੌਰ ਅਤੇ ਰੋਪੜ ਦੀ ਮਨਪ੍ਰੀਤ ਕੌਰ ਨੇ ਕ੍ਰਮਵਾਰ ਸੋਨੇ, ਚਾਂਦੀ ਅਤੇ ਕਾਂਸੀ ਦੇ ਮੈਡਲ ਜਿੱਤੇ ਹਨ। ਅੰਡਰ-19 ਸਾਲਾ ਲੜਕਿਆਂ ਦੇ ਖੋ-ਖੋ ਮੁਕਾਬਲਿਆਂ ਵਿਚ ਸੰਗਰੂਰ ਨੇ ਮਾਨਸਾ ਨੂੰ 13-6, ਬਠਿੰਡਾ ਨੇ ਮੋਗਾ ਨੂੰ 10-6 ਅਤੇ ਜਲੰਧਰ ਨੇ ਹੁਸ਼ਿਆਰਪੁਰ ਨੂੰ 13-3 ਦੇ ਫਰਕ ਨਾਲ ਹਰਾਇਆ ਜਦਕਿ ਇਸੇ ਵਰਗ ਦੀਆਂ ਲੜਕੀਆਂ ਦੇ ਮੁਕਾਬਲੇ ਵਿਚ ਸੰਗਰੂਰ ਅਤੇ ਤਖ਼ਤਗੜ੍ਹ ਦੀਆਂ ਟੀਮਾਂ ਜੇਤੂ ਰਹੀਆਂ। 5ਵੇਂ ਰਾਸ਼ਟਰੀ ਮਹਿਲਾ ਖੇਡ ਫੈਸਟੀਵਲ ਲਈ ਪੰਜਾਬ ਟੀਮ ਦੇ ਚੋਣ ਟਰਾਇਲ 9 ਨੂੰ ਜਲੰਧਰ, 6 ਅਕਤੂਬਰ - ਰਾਸ਼ਟਰੀ ਮਹਿਲਾ ਖੇਡ ਫੈਸਟੀਵਲ ਗਰੁੱਪ ਇਕ ਜੋ 21 ਤੋਂ 24 ਅਕਤੂਬਰ ਤੱਕ ਭੁਪਾਲ (ਮੱਧ ਪ੍ਰਦੇਸ਼) ਵਿਖੇ ਤੇ ਗਰੁੱਪ ਦੂਜਾ ਜੋ 11 ਤੋਂ 14 ਨਵੰਬਰ ਤੱਕ ਮਾਰਗੋ ਗੋਆ ਵਿਖੇ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਦੋਵਾਂ ਗਰੁੱਪਾਂ ਦੇ ਚੋਣ ਟ੍ਰਾਇਲ 9 ਅਕਤੂਬਰ ਨੂੰ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਸਵੇਰੇ 9 ਵਜੇ ਕਰਵਾਏ ਜਾਣਗੇ। ਗਰੁੱਪ ਇਕ ਵਿਚ ਬਾਸਕਿਟਬਾਲ, ਹੈਂਡਬਾਲ, ਟੇਬਿਲ ਟੈਨਿਸ, ਤੈਰਾਕੀ, ਗਰੁੱਪ 2 ਦੇ ਵਿਚ ਜਿਮਨਾਸਟਿਕ, ਖੋ-ਖੋ, ਕਬੱਡੀ, ਵਾਲੀਬਾਲ ਖੇਡਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਹ ਨੈਸ਼ਨਲ ਸਪੋਰਟਸ ਮਹਿਲਾ ਖੇਡ ਫੈਸਟੀਵਲ ਭਾਰਤੀ ਖੇਡ ਅਥਾਰਟੀ ਵੱਲੋਂ ਕਰਵਾਇਆ ਜਾ ਰਿਹਾ ਹੈ। ਚੋਣ ਟ੍ਰਾਇਲ ਵਿਚ ਹਿੱਸਾ ਲੈਣ ਵਾਲੀਆਂ ਖਿਡਾਰਨਾਂ ਨੂੰ ਕੋਈ ਟੀ. ਏ./ਡੀ. ਏ. ਨਹੀਂ ਦਿੱਤਾ ਜਾਵੇਗਾ। ਸਬ ਜੂਨੀਅਰ ਰਾਸ਼ਟਰੀ ਹੈਂਡਬਾਲ ਚੈਂਪੀਅਨਸ਼ਿਪ ਲਈ ਚੋਣ ਟਰਾਇਲ 8 ਅਕਤੂਬਰ ਨੂੰ ਲੁਧਿਆਣਾ, 6 ਅਕਤੂਬਰ - ਚੇਨਈ 'ਚ 25 ਤੋਂ 31 ਅਕਤੂਬਰ ਤੱਕ ਸਬ ਜੂਨੀਅਰ ਰਾਸ਼ਟਰੀ ਹੈਂਡਬਾਲ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਉਸ ਵਾਸਤੇ ਪੰਜਾਬ ਦੀ ਮੁੰਡਿਆਂ ਦੀ ਟੀਮ ਦੇ ਚੋਣ ਟਰਾਇਲ 8 ਅਕਤੂਬਰ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਡ ਮੈਦਾਨਾਂ ਵਿਚ ਸਵੇਰੇ 10 ਵਜੇ ਹੋ ਰਹੇ ਹਨ। ਭਾਗ ਲੈਣ ਦੇ ਚਾਹਵਾਨ ਖਿਡਾਰੀ 8 ਅਕਤੂਬਰ ਨੂੰ ਸਵੇਰੇ 9 ਵਜੇ ਪੰਜਾਬ ਹੈਂਡਬਾਲ ਸੰਘ ਦੇ ਸਕੱਤਰ ਬਲਕਾਰ ਸਿੰਘ ਬਰਾੜ ਕੋਲ ਸਵੇਰੇ 9 ਵਜੇ ਆਪਣੀ ਉਮਰ ਦੇ ਸਬੂਤਾਂ ਸਮੇਤ ਰਿਪੋਰਟ ਕਰਨ। ਇਸ ਕੌਮੀ ਚੈਂਪੀਅਨਸ਼ਿਪ 'ਚ 1 ਜਨਵਰੀ 1993 ਤੋਂ ਬਾਅਦ ਦੇ ਜਨਮੇ ਖਿਡਾਰੀ ਹਿੱਸਾ ਲੈ ਸਕਦੇ ਹਨ। ਆਲ ਓਪਨ ਕਬੱਡੀ ਕੱਪ 27 ਅਕਤੂਬਰ ਤੋਂ ਲੁਧਿਆਣਾ, 6 ਅਕਤੂਬਰ - ਆਲ ਓਪਨ ਕਬੱਡੀ ਕੱਪ ਅਤੇ ਖੇਡ ਮੇਲਾ 27-28 ਅਕਤੂਬਰ ਨੂੰ ਪਿੰਡ ਢੰਡਾਰੀ ਕਲਾਂ ਵਿਖੇ। ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਮੇਲੇ ਵਿਚ ਆਲ ਓਪਨ ਕਬੱਡੀ ਮੁਕਾਬਲਿਆਂ ਤੋਂ ਇਲਾਵਾ ਕਬੱਡੀ 70 ਕਿੱਲੋਂ, ਕਬੱਡੀ 52 ਕਿੱਲੋਂ, ਵਾਲੀਬਾਲ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ। ਜਥੇਦਾਰ ਹੀਰਾ ਸਿੰਘ ਗਾਬੜੀਆ ਕੈਬਨਿਟ ਮੰਤਰੀ ਪੰਜਾਬ ਸਰਕਾਰ ਜੇਤੂਆਂ ਨੂੰ ਇਨਾਮਾਂ ਦੀ ਵੰਡ ਕਰਨਗੇ। 62ਵਾਂ ਆਲ ਓਪਨ ਗੋਲਡ ਕੱਪ ਟੂਰਨਾਮੈਂਟ 12 ਨਵੰਬਰ ਨੂੰ ਗੁਰੂਸਰ ਸੁਧਾਰ, 6 ਅਕਤੂਬਰ - 62ਵਾਂ ਆਲ ਓਪਨ ਗੋਲਡ ਕੱਪ ਟੂਰਨਾਮੈਂਟ 12 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਹ ਟੂਰਨਾਮੈਂਟ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦ ਵਿਚ ਕਰਵਾਇਆ ਜਾਵੇਗਾ। 55ਵੀਂਆਂ ਪੰਜਾਬ ਸਕੂਲ ਫੁੱਟਬਾਲ ਚੈਂਪੀਅਨਸ਼ਿਪ 'ਚ ਗੁਰਦਾਸਪੁਰ ਦੀ ਝੰਡੀ ਪਟਿਆਲਾ, 6 ਅਕਤੂਬਰ - 55ਵੀਆਂ ਪੰਜਾਬ ਸਕੂਲ ਖੇਡਾਂ ਦੀ ਫੁੱਟਬਾਲ ਅੰਡਰ-14 (ਲੜਕੇ) ਚੈਂਪੀਅਨਸ਼ਿਪ ਪਟਿਆਲਾ ਦੇ ਰਾਜਾ ਭਾਲਿੰਦਰਾ ਸਿੰਘ ਸਪੋਰਟਸ ਕੰਪਲੈਕਸ ਵਿਖੇ ਕਰਵਾਈ ਗਈ। ਇਹ ਚੈਂਪੀਅਨਸ਼ਿਪ ਗੁਰਦਾਸਪੁਰ ਅਕੈਡਮੀ ਨੇ ਜਿੱਤਣ ਦਾ ਮਾਣ ਹਾਸਲ ਕੀਤਾ। ਇਸ ਦੇ ਫਾਈਨਲ ਮੁਕਾਬਲੇ 'ਚ ਗੁਰਦਾਸਪੁਰ ਅਕੈਡਮੀ ਨੇ ਤਰਨਤਾਰਨ ਅਕੈਡਮੀ ਨੂੰ 3-0 ਨਾਲ ਹਰਾ ਕੇ ਖਿਤਾਬ ਜਿੱਤਣ ਦਾ ਮਾਣ ਪ੍ਰਾਪਤ ਕੀਤਾ। ਝੰਡੀ ਦੀ ਕੁਸ਼ਤੀ ਜੈਸਮੀਨ ਨੇ ਜਿੱਤੀ ਅਜੀਤ ਨਗਰ, 6 ਅਕਤੂਬਰ - 13ਵੇਂ ਸਾਲਾਨਾ ਸਮਾਗਮ ਗੁਰਦੁਆਰਾ ਸਾਹਿਬ ਸਿੰਘ ਸ਼ਹੀਦਾਂ ਲਾਂਡਰਾਂ ਮੁਹਾਲੀ ਵਿਖੇ ਕਰਵਾਇਆ ਗਿਆ। ਇਸ ਮੌਕੇ ਬਾਅਦ ਵਿਚ ਪਹਿਲਵਾਨਾਂ ਦੀਆਂ ਕੁਸ਼ਤੀਆਂ ਵੀ ਕਰਵਾਈਆਂ ਗਈਆਂ , ਜਿਸ ਵਿਚ ਉਚ ਕੋਟੀ ਦੇ ਪਹਿਲਵਾਨਾਂ ਨੇ ਆਪਣੇ ਜੌਹਰ ਦਿਖਾਏ। ਝੰਡੀ ਦੀ ਕੁਸ਼ਤੀ ਬਲਕਾਰ ਸਿੰਘ ਤੇ ਜੈਸਮੀਨ ਵਿਚਕਾਰ ਹੋਈ, ਜਿਸ ਵਿਚ ਜੈਸਮੀਨ ਨੇ ਬਾਜ਼ੀ ਮਾਰੀ। 7ਵਾਂ ਆਲ ਇੰਡੀਆ ਮਹਾਰਾਜਾ ਰਣਜੀਤ ਸਿੰਘ ਜੂਨੀਅਰ ਗੋਲਡ ਕੱਪ ਹਾਕੀ ਟੂਰਨਾਮੈਂਟ\ ਜਲੰਧਰ/ਅੰਮ੍ਰਿਤਸਰ, 6 ਅਕਤੂਬਰ - 7ਵਾਂ ਆਲ ਇੰਡੀਆ ਮਹਾਰਾਜਾ ਰਣਜੀਤ ਸਿੰਘ ਜੂਨੀਅਰ ਗੋਲਡ ਕੱਪ ਹਾਕੀ ਟੂਰਨਾਮੈਂਟ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਸਟਰੋਟਰਫ ਵਿਚ ਕਰਵਾਇਆ ਗਿਆ। ਇਸ ਟੂਰਨਾਮੈਂਟ ਦੇ ਪਹਿਲੇ ਮੈਚ ਵਿਚ ਸੁਰਜੀਤ ਹਾਕੀ ਅਕੈਡਮੀ ਜਲੰਧਰ ਤੇ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਅੰਮ੍ਰਿਤਸਰ ਦੀਆਂ ਟੀਮਾਂ 1-1 ਗੋਲ ਨਾਲ ਬਰਾਬਰ ਰਹੀਆਂ। ਦੂਜਾ ਮੈਚ ਬੰਗਾਲ ਅਕੈਡਮੀ ਤੇ ਸੰਧੂ ਇਲੈਵਲ ਦਰਮਿਆਨ ਖੇਡਿਆ ਗਿਆ। ਜਿਸ ਵਿਚ ਬੰਗਾਲ ਅਕੈਡਮੀ ਨੇ 2-0 ਨਾਲ ਜਿੱਤ ਦਰਜ ਕੀਤੀ। ਤੀਸਰਾ ਮੈਚ ਲੜਕੀਆਂ ਦੇ ਵਰਗ ਵਿਚ ਰੇਲ ਕੋਚ ਫੈਕਟਰੀ ਤੇ ਕੈਰੋਂ ਰੈਡ ਦਰਮਿਆਨ ਖੇਡਿਆ ਗਿਆ ਜਿਸ ਵਿਚ ਰੇਲ ਕੋਚ ਫੈਕਟਰੀ ਕਪੂਰਥਲਾ ਨੇ 6-0 ਨਾਲ ਜਿੱਤ ਦਰਜ ਕੀਤੀ। ਚੌਥਾ ਮੈਚ ਮਦਰਾਸ ਅਕੈਡਮੀ ਤੇ ਜਰਖੜ ਅਕੈਡਮੀ ਦਰਮਿਆਨ ਖੇਡਿਆ ਗਿਆ ਜਿਸ ਵਿਚ ਮਦਰਾ, ਅਕੈਡਮੀ ਨੇ 2-1 ਨਾਲ ਜਿੱਤ ਦਰਜ ਕੀਤੀ। ਪੰਜਵਾਂ ਮੈਚ ਲੜਕੀਆਂ ਦਾ ਦੋ ਵਰਗ ਦਾ ਐਚ. ਐਮ. ਵੀ ਦੇ ਜਲੰਧਰ ਤੇ ਅੰਮ੍ਰਿਤਸਰ ਇਲੈਵਨ ਦਰਮਿਆਨ ਖੇਡਿਆ ਗਿਆ ਜਿਸ ਵਿਚ ਐਚ. ਐਮ. ਵੀ. ਜਲੰਧਰ ਨੇ 2-1 ਨਾਲ ਜਿੱਤ ਦਰਜ ਕਰਕੇ ਅਗਲੇ ਦੌਰ ਵਿਚ ਪ੍ਰਵੇਸ਼ ਕੀਤਾ। 5ਵੀਆਂ ਪੰਜਾਬ ਸਕੂਲ ਖੇਡਾਂ 'ਚ ਮੁਕਤਸਰ ਦੀਆਂ ਕੁੜੀਆਂ ਜੇਤੂ ਮੁਕਤਸਰ, 5 ਅਕਤੂਬਰ - ਮੁਕਤਸਰ ਦੇ ਡੇਰਾ ਭਾਈ ਮਸਤਾਨ ਸਿੰਘ ਪਬਲਿਕ ਸਕੂਲ ਵਿਖੇ 55ਵੀਆਂ ਪੰਜਾਬ ਰਾਜ ਸਕੂਲ ਖੇਡਾਂ ਵਾਲੀਬਾਲ ਅੰਡਰ-14 ਅਤੇ ਅੰਡਰ-17 (ਲੜਕੇ ਤੇ ਲੜਕੀਆਂ) ਕਰਵਾਈਆਂ ਗਈਆਂ। ਇਸ ਦੇ ਅਖੀਰਲੇ ਦਿਨ ਦੋਹਾਂ ਉਮਰ ਵਰਗਾਂ ਵਿਚ ਮੇਜ਼ਬਾਨ ਮੁਕਤਸਰ ਦੀਆਂ ਕੁੜੀਆਂ ਨੇ ਪਹਿਲੀਆਂ ਪੁਜ਼ੀਸ਼ਨਾ ਹਾਸਲ ਕੀਤੀਆਂ ਜਦੋਂਕਿ ਮੁੰਡੇ ਦੋਹਾਂ ਵਰਗਾਂ ਵਿਚ ਦੂਜੇ ਸਥਾਨ 'ਤੇ ਰਹੇ। ਅੰਤਲੇ ਦਿਨ ਦੇ ਖੇਡ ਨਤੀਜਿਆਂ ਅਨੁਸਾਰ ਅੰਡਰ-14 ਸਾਲ ਵਰਗ (ਲੜਕੇ) 'ਚ ਤਰਨਤਾਰਨ ਪਹਿਲੇ, ਮੁਕਤਸਰ ਦੂਜੇ, ਪਟਿਆਲਾ ਤੀਜੇ ਅਤੇ ਰੋਪੜ ਚੌਥੇ ਸਥਾਨ 'ਤੇ ਰਹੇ ਜਦੋਂਕਿ ਲੜਕੀਆਂ ਵਿਚੋਂ ਮੁਕਤਸਰ ਪਹਿਲੇ, ਲੁਧਿਆਣਾ ਦੂਜੇ, ਰੋਪੜ ਤੀਜੇ ਅਤੇ ਮੋਗਾ ਚੌਥੇ ਸਥਾਨ 'ਤੇ ਰਹੇ। ਇਸੇ ਤਰ੍ਹਾਂ ਅੰਡਰ-19 ਸਾਲ ਵਰਗ ਲੜਕੇ 'ਚ ਤਰਨਤਾਰਨ ਪਹਿਲੇ ਮੁਕਤਸਰ ਦੂਜੇ, ਪਟਿਆਲਾ ਤੀਜੇ ਅਤੇ ਸੰਗਰੂਰ ਚੌਥੇ ਸਥਾਨ 'ਤੇ ਰਿਹਾ ਜਦੋਂਕਿ ਕੁੜੀਆਂ ਵਿਚੋਂ ਮੁਕਤਸਰ ਪਹਿਲੇ, ਮੋਗਾ ਦੂਜੇ, ਸੰਗਰੂਰ ਤੀਜੇ ਅਤੇ ਰੋਪੜ ਚੌਥੇ ਸਥਾਨ 'ਤੇ ਰਹੇ। ਦੂਜਾ ਸ੍ਰੀ ਹਰਗੋਬਿੰਦ ਸਾਹਿਬ ਖੇਡ ਮੇਲਾ 24 ਤੋਂ ਜਲੰਧਰ, 5 ਅਕਤੂਬਰ - 24-25 ਅਕਤੂਬਰ ਨੂੰ ਪਿੰਡ ਟਾਂਡੀ (ਜ਼ਿਲ੍ਹਾ ਕਪੂਰਥਲਾ) 'ਚ ਦੂਜਾ ਸ੍ਰੀ ਹਰਗੋਬਿੰਦ ਸਾਹਿਬ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ 'ਚ 24 ਅਕਤੂਬਰ ਨੂੰ 55 ਕਿਲੋ ਭਾਰ ਵਰਗ ਅਤੇ 65 ਕਿਲੋ ਭਾਰ ਵਰਗ ਦੇ ਮੁਕਾਬਲੇ ਹੋਣਗੇ। 55 ਕਿਲੋ ਭਾਰ ਵਰਗ 'ਚ ਪਹਿਲਾ ਇਨਾਮ 2500 ਤੇ ਦੂਜਾ ਇਨਾਮ 2000 ਰੁਪਏ ਹੋਵੇਗਾ। 65 ਕਿਲੋ ਭਾਰ ਵਰਗ 'ਚ ਪਹਿਲਾ ਇਨਾਮ 4000 ਤੇ ਦੂਜਾ ਇਨਾਮ 3000 ਰੁਪਏ ਹੋਣਗੇ। ਇਸ ਖੇਡ ਮੇਲੇ ਦਾ ਮੁੱਖ ਆਕਰਸ਼ਣ 8 ਅਕੈਡਮੀਆਂ ਅਤੇ ਕਲੱਬਾਂ ਦੇ ਕਬੱਡੀ ਮੁਕਾਬਲੇ 25 ਅਕਤੂਬਰ ਨੂੰ ਕਰਵਾਏ ਜਾਣਗੇ। ਜਿਸ 'ਚ ਜੇਤੂ ਰਹਿਣ ਵਾਲੀ ਟੀਮ ਨੂੰ 51 ਹਜ਼ਾਰ ਰੁਪਏ ਅਤੇ ਉਪ-ਜੇਤੂ ਟੀਮ ਨੂੰ 41 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ। ਇਨ੍ਹਾਂ ਮੁਕਾਬਲਿਆਂ 'ਚ ਭਾਗ ਲੈਣ ਵਾਲੀ ਹਰ ਟੀਮ ਨੂੰ 15-15 ਹਜ਼ਾਰ ਰੁਪਏ ਦਿੱਤੇ ਜਾਣਗੇ। ਪੰਜਾਬ ਸਪੋਰਟਸ ਚੈਂਪੀਅਨਸ਼ਿਪ 28 ਨਵੰਬਰ ਤੋਂ ਜਲੰਧਰ, 5 ਅਕਤੂਬਰ - ਪੰਜਾਬ ਸਪੋਰਟਸ ਚੈਂਪੀਅਨਸ਼ਿਪ 28-29 ਨਵੰਬਰ ਨੂੰ ਗੁਰਦੁਆਰਾ ਬਾਬਾ ਲੋਧੀਆਣਾ ਸਾਹਿਬ ਦੇ ਮਾਤਾ ਚੰਨਣ ਕੌਰ ਖੇਡ ਸਟੇਡੀਅਮ ਵਿਖੇ ਕਰਵਾਈ ਜਾ ਰਹੀ ਹੈ। ਇਹ ਚੈਂਪੀਅਨਸ਼ਿਪ ਮਾਤਾ ਚੰਨਣ ਕੌਰ ਧਨੋਆ ਦੀ ਯਾਦ ਨੂੰ ਸਮਰਪਿਤ ਹੋਵੇਗੀ। ਲੜਕੀਆਂ ਦੇ ਫੁੱਟਬਾਲ ਮੁਕਾਬਲੇ 8 ਅਕਤੂਬਰ ਤੋਂ ਲੁਧਿਆਣਾ, 5 ਅਕਤੂਬਰ - ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ 'ਚ 8 ਤੋਂ 12 ਅਕਤੂਬਰ ਤੱਕ ਪੰਜਾਬ ਸਕੂਲਜ਼ ਅੰਤਰ ਜ਼ਿਲ੍ਹਾ ਅੰਡਰ 19 ਲੜਕੀਆਂ ਦੇ ਫੁੱਟਬਾਲ ਮੁਕਾਬਲੇ ਕਰਵਾਏ ਜਾਣਗੇ। ਇਸ ਰਾਜ ਪੱਧਰੀ ਚੈਂਪੀਅਨਸ਼ਿਪ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 18 ਦੇ ਕਰੀਬ ਟੀਮਾਂ ਹਿੱਸਾ ਲੈਣਗੀਆਂ। ਹਿੱਸਾ ਲੈਣ ਵਾਲੀਆਂ ਸਾਰੀਆਂ ਟੀਮਾਂ ਨੂੰ ਖਾਣ-ਪੀਣ ਅਤੇ ਰਹਿਣ-ਸਹਿਣ ਦੀਆਂ ਵਧੀਆਂ ਸਹੂਲਤਾਂ ਮੁਹੱਈਆਂ ਕੀਤੀਆਂ ਜਾਣਗੀਆਂ। ਇਹ ਚੈਂਪੀਅਨਸ਼ਿਪ ਲੀਗ ਕਮ ਨਾਕ ਆਊਟ ਪ੍ਰਣਾਲੀ ਦੇ ਅਧਾਰ ਤੇ ਖੇਡੀ ਜਾਵੇਗੀ। 8 ਅਕਤੂਬਰ ਨੂੰ ਇਸ ਚੈਂਪੀਅਨਸ਼ਿਪ ਦਾ ਉਦਘਾਟਨ ਕੈਬਨਿਟ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ ਕਰਨਗੇ। ਪਹਿਲੀ ਸਾਫ਼ਟ ਟੈਨਿਸ ਵਰਲਡ ਚੈਂਪੀਅਨਸ਼ਿੱਪ ਲਈ ਚੁਣੀ ਗਈ ਭਾਰਤੀ ਟੀਮ ਮੋਗਾ, 5 ਅਕਤੂਬਰ - 19 ਦਸੰਬਰ ਤੋਂ 22 ਦਸੰਬਰ ਤੱਕ ਜਾਪਾਨ ਦੀ ਰਾਜਧਾਨੀ ਟੋਕੀਓ 'ਚ ਪਹਿਲੀ ਸਾਫ਼ਟ ਟੈਨਿਸ ਵਰਲਡ ਚੈਂਪੀਅਨਸ਼ਿੱਪ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿੱਪ ਵਿਚ ਭਾਰਤ ਦੀ ਟੀਮ ਵੀ ਭਾਗ ਲਵੇਗੀ। ਇਸ ਦੇ ਸਬੰਧ ਵਿਚ ਸਾਫ਼ਟ ਟੈਨਿਸ ਫੈਡਰੇਸ਼ਨ ਵੱਲੋਂ ਅਹਿਮਦਾਬਾਦ (ਗੁਜ਼ਰਾਤ) ਵਿਚ ਚੋਣ ਟਰਾਇਲ ਰੱਖੇ ਗਏ ਸੀ ਜਿਸ ਵਿਚ ਪੰਜਾਬ ਦੇ ਤਿੰਨ ਖਿਡਾਰੀਆਂ ਦੀ ਚੋਣ ਕੀਤੀ ਗਈ। ਜਿਸ ਵਿਚ ਐਸ.ਬੀ.ਆਰ.ਐਸ. ਗੁਰੂਕੁਲ ਮਹਿਣਾ (ਮੋਗਾ) ਸਕੂਲ ਦੇ ਦੋ ਖਿਡਾਰੀ ਚੁਣੇ ਗਏ ਜੋ ਕਿ ਜ਼ਿਲ੍ਹਾ ਮੋਗਾ ਲਈ ਮਾਣ ਵਾਲੀ ਗੱਲ ਹੈ। ਚੁਣੇ ਗਏ 45 ਖਿਡਾਰੀਆਂ ਦਾ ਕੈਂਪ ਐਸ.ਬੀ.ਆਰ.ਐਸ. ਗੁਰੂਕੁਲ ਸਕੂਲ ਮਹਿਣਾ (ਮੋਗਾ) ਵਿਖੇ ਨਵੰਬਰ ਦੇ ਅਖੀਰਲੇ ਹਫਤੇ ਲੱਗ ਰਿਹਾ ਹੈ। ਜਿਸ ਵਿਚ ਜਾਪਾਨ ਦੇ ਸਾਫ਼ਟ ਟੈਨਿਸ ਦੇ ਕੋਚ ਖਿਡਾਰੀਆਂ ਨੂੰ ਸਿਖਲਾਈ ਦੇਣ ਲਈ ਪੁੱਜ ਰਹੇ ਹਨ। ਪੰਜਾਬ ਜੂਡੋ ਟੀਮ ਦੇ ਚੋਣ ਟ੍ਰਾਇਲ 10 ਨੂੰ ਜਲੰਧਰ, 5 ਅਕਤੂਬਰ - 34ਵੀਆਂ ਕੌਮੀ ਖੇਡਾਂ ਜੋ ਕਿ 21 ਨਵੰਬਰ ਤੋਂ 5 ਦਸੰਬਰ ਤੱਕ ਰਾਂਚੀ ਵਿਖੇ ਹੋ ਰਹੀਆਂ ਹਨ, ਲਈ ਪੰਜਾਬ ਜੂਡੋ ਟੀਮ ਦੇ ਲੜਕੇ ਅਤੇ ਲੜਕੀਆਂ ਦੀ ਚੋਣ 10 ਅਕਤੂਬਰ ਨੂੰ ਗੁਰੂ ਨਾਨਕ ਇੰਡੋਰ ਸਟੇਡੀਅਮ ਲੁਧਿਆਣਾ ਵਿਚ ਸਵੇਰੇ 9 ਵਜੇ ਕੀਤੀ ਜਾਵੇਗੀ। ਜਿਹੜੇ ਖਿਡਾਰੀ ਇਨ੍ਹਾਂ ਟ੍ਰਾਇਲਾਂ ਵਿਚ ਚੁਣੇ ਜਾਣਗੇ। ਉਨ੍ਹਾਂ ਖਿਡਾਰੀਆਂ ਦਾ ਕੈਂਪ ਲਗਾਇਆ ਜਾਵੇਗਾ। ਸਾਰੇ ਖਿਡਾਰੀ ਸਾਈ ਜੂਡੋ ਕੋਚ ਰਾਕੇਸ਼ ਸਿੰਘ ਕੋਲ ਸਮੇਂ ਸਿਰ ਰਿਪੋਰਟ ਕਰਨਗੇ। ਅੰਤਰ ਕਾਲਜ ਵਾਲੀਬਾਲ ਟੂਰਨਾਮੈਂਟ ਸਮਾਪਤ ਮਸਤੂਆਣਾ ਸਾਹਿਬ, 5 ਅਕਤੂਬਰ - ਪੰਜਾਬੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਅੰਤਰ ਕਾਲਜ ਵਾਲੀਬਾਲ ਟੂਰਨਾਮੈਂਟ ਮਸਤੂਆਣਾ ਦੇ ਅਕਾਲ ਡਿਗਰੀ ਕਾਲਜ ਵਲੋਂ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਦੀ ਟੀਮ ਨੇ ਮੋਦੀ ਕਾਲਜ ਪਟਿਆਲਾ ਨੂੰ ਤਿੰਨ ਸੈੱਟਾਂ ਵਿਚ 25-13, 25-16 ਅਤੇ 25-22 ਨਾਲ ਹਰਾ ਕੇ ਕਾਲਜ ਦਾ ਨਾਮ ਹੀ ਨਹੀਂ ਬਲਕਿ ਪੂਰੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਜਦੋਂਕਿ ਮੋਦੀ ਕਾਲਜ ਪਟਿਆਲਾ ਨੇ ਦੂਸਰਾ ਸਥਾਨ ਅਤੇ ਨੈਸ਼ਨਲ ਕਾਲਜ ਭੀਖੀ ਨੇ ਪੰਜਾਬੀ ਯੂਨੀਵਰਸਿਟੀ ਕੈਂਪਸ ਪਟਿਆਲਾ ਦੀ ਟੀਮ ਨੂੰ ਤਿੰਨ ਸੈਟਾਂ ਵਿਚ 25-18,25-19 ਅਤੇ 25-18 ਦੇ ਫਰਕ ਨਾਲ ਹਰਾ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਜੇ. ਸੀ. ਟੀ. ਅੱਗੇ ਲੁਧਿਆਣਾ, 5 ਅਕਤੂਬਰ - ਗੁਰੂ ਨਾਨਕ ਸਟੇਡੀਅਮ ਲੁਧਿਆਣਾ 'ਚ ਰਾਸ਼ਟਰੀ ਫੁੱਟਬਾਲ ਲੀਗ ਕਰਵਾਈ ਜਾ ਰਹੀ ਹੈ। ਇਸ ਵਿਚ ਜੇ. ਸੀ. ਟੀ. ਨੇ ਸਨਸਨੀ ਖੇਜ਼ ਜਿੱਤ ਹਾਸਿਲ ਕਰਦਿਆਂ ਕੌਮੀ ਲੀਗ ਵਿਚ ਪਹਿਲੀ ਵਾਰ ਹਿੱਸਾ ਲੈ ਰਹੀ ਸਲੌਂਗ, ਲਜੌਂਗ ਫੁੱਟਬਾਲ ਕਲੱਬ ਅਸਾਮ ਨੂੰ 5-1 ਨਾਲ ਹਰਾ ਕੇ ਵਧੀਆ ਜੇਤੂ ਸ਼ੁਰੂਆਤ ਕੀਤੀ। ਇਸ ਮੁੱਢਲੇ ਮੈਚ ਵਿਚ ਜੇ. ਸੀ. ਟੀ. ਦਾ ਪੂਰੇ ਮੈਚ ਦੌਰਾਨ ਪੂਰੀ ਤਰ੍ਹਾਂ ਦਬਦਬਾ ਰਿਹਾ। ਜੇਤੂ ਟੀਮ ਅੱਧੇ ਸਮੇਂ ਤੱਕ 2-0 ਨਾਲ ਅੱਗੇ ਸੀ। ਜੂਨੀਅਰ ਨੈਸ਼ਨਲ ਜੂਡੋ ਚੈਂਪੀਅਨਸ਼ਿਪ ਸਮਾਪਤ ਜਲੰਧਰ, 4 ਅਕਤੂਬਰ - ਭੂਵਨੇਸ਼ਵਰ ਉੜੀਸਾ 'ਚ 29 ਸਤੰਬਰ ਤੋਂ 2 ਅਕਤੂਬਰ ਤੱਕ ਜੂਨੀਅਰ ਨੈਸ਼ਨਲ ਜੂਡੋ ਚੈਂਪੀਅਨਸ਼ਿਪ ਲੜਕੇ ਤੇ ਲੜਕੀਆਂ ਦੇ ਵਰਗ ਵਿਚ ਕਰਵਾਈ ਗਈ। ਇਸ ਚੈਂਪੀਅਨਸ਼ਿਪ 'ਚੋਂ ਪੰਜਾਬ ਦੀ ਟੀਮ ਨੇ ਓਵਰਆਲ ਤੀਜਾ ਸਥਾਨ ਹਾਸਿਲ ਕੀਤਾ। ਅੰਡਰ 17 ਸਾਲ ਲੜਕੇ ਵਰਗ ਦੇ 45 ਕਿਲੋ ਭਾਰ ਵਰਗ ਵਿਚੋਂ ਵਿਜੈ ਕੁਮਾਰ ਨੇ ਕਾਂਸ਼ੀ ਦਾ, 50 ਕਿਲੋ ਭਾਰ ਵਰਗ ਵਿਚੋਂ ਹਰਮੀਤ ਕੁਮਾਰ ਨੇ ਚਾਂਦੀ ਦਾ, 56 ਕਿਲੋ ਵਿਚੋਂ ਅਮਿਤ ਕੁਮਾਰ ਨੇ ਚਾਂਦੀ ਦਾ, 60 ਕਿਲੋ ਭਾਰ ਵਿਚੋਂ ਕਰਨਵੀਰ ਠਾਕੁਰ ਨੇ ਚਾਂਦੀ ਦਾ, 60 ਕਿਲੋ ਭਾਰ ਵਿਚੋਂ ਰਮਨਦੀਪ ਸਿੰਘ ਨੇ ਚਾਂਦੀ ਦਾ ਤਗਮਾ ਹਾਸਿਲ ਕੀਤਾ। ਅੰਡਰ 20 ਸਾਲ ਵਰਗ ਦੇ 60 ਕਿਲੋ ਭਾਰ ਵਰਗ ਵਿਚੋਂ ਹਰਪ੍ਰੀਤ ਸਿੰਘ ਨੇ ਚਾਂਦੀ ਦਾ, 66 ਕਿਲੋ ਭਾਰ ਵਰਗ ਵਿਚੋਂ ਅਜੈ ਕੁਮਾਰ ਨੇ ਕਾਂਸ਼ੀ ਦਾ, 73 ਕਿਲੋ ਭਾਰ ਵਰਗ ਵਿਚੋਂ ਸੁਖਪਾਲ ਸਿੰਘ ਨੇ ਚਾਂਦੀ ਦਾ, 81 ਕਿਲੋ ਭਾਰ ਵਰਗ ਵਿਚੋਂ ਅਵਤਾਰ ਸਿੰਘ ਨੇ ਕਾਂਸ਼ੀ ਦਾ ਤੇ 81 ਕਿਲੋ ਭਾਰ ਵਰਗ ਵਿਚੋਂ ਰਿਸ਼ੀ ਕੁਮਾਰ ਨੇ ਕਾਂਸ਼ੀ ਦਾ ਤਗਮਾ ਹਾਸਿਲ ਕੀਤਾ। ਲੜਕੀਆਂ ਦੇ 40 ਕਿਲੋ ਭਾਰ ਵਰਗ ਵਿਚੋਂ ਅੰਜਲੀ ਨੇ ਕਾਂਸ਼ੀ ਦਾ, 44 ਕਿਲੋ ਵਿਚੋਂ ਪ੍ਰਿਆ ਨੇ ਕਾਂਸ਼ੀ ਦਾ, 52 ਕਿਲੋ ਭਾਰ ਵਰਗ ਵਿਚੋਂ ਵੰਦਨਾ ਨੇ ਕਾਂਸ਼ੀ ਤੇ 57 ਕਿਲੋ ਭਾਰ ਵਰਗ ਵਿਚੋਂ ਅੰਜਲੀ ਨੇ ਕਾਂਸ਼ੀ ਦਾ ਤਗਮਾ ਹਾਸਿਲ ਕੀਤਾ। ਜਿਹੜੇ ਖਿਡਾਰੀਆਂ ਨੇ ਇਨ੍ਹਾਂ ਮੁਕਾਬਲਿਆਂ ਦੇ ਵਿਚੋਂ ਚਾਂਦੀ ਦਾ ਤਗਮਾ ਹਾਸਿਲ ਕੀਤਾ। ਇਨ੍ਹਾਂ ਖਿਡਾਰੀਆਂ ਦੀ ਚੋਣ ਭਾਰਤੀ ਕੋਚਿੰਗ ਕੈਂਪ ਲਈ ਕੀਤੀ ਗਈ ਹੈ। 6ਵੇਂ ਕਬੱਡੀ ਗੋਲਡ ਕੱਪ ਲਈ ਚੋਣ ਟਰਾਇਲ 6 ਨੂੰ ਕਪੂਰਥਲਾ, 4 ਅਕਤੂਬਰ - 6ਵੇਂ ਕਬੱਡੀ ਗੋਲਡ ਕੱਪ ਲਈ ਨਵੀਂ ਟੀਮ ਬਣਾਉਣ ਲਈ ਖਿਡਾਰੀਆਂ ਦੇ ਚੋਣ ਟਰਾਇਲ 6 ਅਕਤੂਬਰ ਨੂੰ ਸਵੇਰੇ 9.00 ਵਜੇ ਕਪੂਰਥਲਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਹੋਣਗੇ। ਟਰਾਇਲ ਦੇਣ ਆਉਣ ਵਾਲੇ ਖਿਡਾਰੀ ਆਪਣੀ ਰਿਹਾਇਸ਼ ਦਾ ਪੱਕਾ ਸਬੂਤ ਨਾਲ ਲੈ ਕੇ ਆਉਣ। 7ਵਾਂ ਆਲ ਇੰਡੀਆ ਮਹਾਰਾਜਾ ਰਣਜੀਤ ਸਿੰਘ ਗੋਲਡ ਕੱਪ ਸ਼ੁਰੂ ਜਲੰਧਰ, 4 ਅਕਤੂਬਰ - 7ਵਾਂ ਆਲ ਇੰਡੀਆ ਮਹਾਰਾਜਾ ਰਣਜੀਤ ਸਿੰਘ ਗੋਲਡ ਕੱਪ ਹਾਕੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ 'ਚ ਪਹਿਲੇ ਦਿਨ ਦਾ ਮੈਚ ਪੰਜਾਬ ਐਂਡ ਸਿੰਧ ਬੈਂਕ ਅਕੈਡਮੀ ਤੇ ਖਾਲਸਾ ਸਕੂਲ ਵਿਚ ਹੋਇਆ। ਇਸ ਮੈਚ ਵਿਚ ਪੰਜਾਬ ਐਂਡ ਸਿੰਧ ਬੈਂਕ ਅਕੈਡਮੀ ਨੂੰ 7 ਪਨੈਲਟੀ ਕਾਰਨਰ ਮਿਲੇ ਜਿਸ ਵਿਚ 2 ਗੋਲ ਕਰਨ ਵਿਚ ਕਾਮਯਾਬ ਰਹੀ ਤੇ ਖਾਲਸਾ ਸਕੂਲ ਮਿਲੇ ਪਨੈਲਟੀ ਕਾਰਨਰ 'ਚ ਉਹ 1 ਗੋਲ ਕਰ ਸਕੀ। ਪੰਜਾਬ ਐਂਡ ਸਿੰਧ ਬੈਂਕ ਅਕੈਡਮੀ ਨੇ 6-1 ਗੋਲ ਕਰਕੇ ਮੈਚ ਜੇਤੂ ਰਹੀ। ਦੂਸਰਾ ਮੈਚ ਸੁਰਜੀਤ ਅਕੈਡਮੀ ਤੇ ਡਾ: ਸੰਧੂ ਇਲੈਵਨ ਵਿਚ ਹੋਇਆ। ਇਸ ਮੈਚ ਵਿਚ ਸੁਰਜੀਤ ਅਕੈਡਮੀ ਇਹ ਮੈਚ 2-0 ਦੇ ਫਰਕ ਨਾਲ ਜਿੱਤਿਆ। ਦਿਨ ਦਾ ਤੀਸਰਾ ਮੈਚ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਤੇ ਬੰਗਾਲ ਅਕੈਡਮੀ ਵਿਚ ਹੋਇਆ। ਇਸ ਮੈਚ ਵਿਚ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਵੱਲੋਂ 3 ਗੋਲ ਕਰਕੇ ਕੰਵਰ ਸੁਬੇਗ ਸਿੰਘ ਨੇ ਹੈਟ੍ਰਿਕ ਬਣਾਈ। ਇਹ ਮੈਚ ਮਹਾਰਾਜਾ ਰਣਜੀਤ ਅਕੈਡਮੀ 5 ਗੋਲ ਕਰਕੇ ਜੇਤੂ ਰਹੀ। 5 ਅਕਤੂਬਰ ਨੂੰ ਹੋਣ ਵਾਲੇ ਮੈਚ, ਜਰਖੜ ਅਕੈਡਮੀ ਬਨਾਮ ਪੰਜਾਬ ਐਂਡ ਸਿੰਧ ਬੈਂਕ ਅਕੈਡਮੀ, ਸੁਰਜੀਤ ਅਕੈਡਮੀ ਬਨਾਮ ਬੰਗਾਲ ਅਕੈਡਮੀ, ਖਾਲਸਾ ਸਕੂਲ ਬਨਾਮ ਮਦਰਾਸ ਅਕੈਡਮੀ, ਐਚ. ਐਮ. ਵੀ. ਬਨਾਮ ਮਨਵੀਨ 11, ਕੇਰੋਂ ਰੈੱਡ ਬਨਾਮ ਕੇਰੋ ਬਲਿਊ ਦਰਮਿਆਨ ਹੋਣਗੇ। ਚੌਥੇ ਕਬੱਡੀ ਟੂਰਨਾਮੈਂਟ 'ਚ ਸੈਦੋਕੇ ਜੇਤੂ ਬਿਲਾਸਪੁਰ, 4 ਅਕਤੂਬਰ - ਚੌਥਾ ਕਬੱਡੀ ਟੂਰਨਾਮੈਂਟ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਧੂੜਕੋਟ ਰਣਸੀਂਹ (ਮੋਗਾ) ਵੱਲੋਂ ਕਰਵਾਇਆ ਗਿਆ। ਜਿਸ ਦੌਰਾਨ ਕਬੱਡੀ ਓਪਨ ਦੇ ਨਤੀਜਿਆਂ ਅਨੁਸਾਰ ਪਿੰਡ ਮਧੇਕੇ ਦੀ ਟੀਮ ਨੂੰ ਹਰਾ ਕੇ ਪਿੰਡ ਸੈਦੋਕੇ ਦੀ ਟੀਮ ਨੇ ਬਾਜ਼ੀ ਮਾਰੀ, 70 ਕਿਲੋ ਵਜ਼ਨ ਵਿਚ ਪਿੰਡ ਚਾਊਕੇ ਦੀ ਟੀਮ ਨੂੰ ਪਿੰਡ ਰਾਊਕੇ, 60 ਕਿਲੋ ਵਿਚ ਅਜਮੇਰ ਕਲੱਬ ਧੂੜਕੋਟ ਰਣਸੀਂਹ ਨੂੰ ਰੂੜੇਕੇ, 38 ਕਿਲੋ ਵਿਚ ਕਲਿਆਣ ਸੁੱਖਾ ਨੂੰ ਭਾਈਰੂਪਾ ਦੀ ਟੀਮ ਨੇ ਹਰਾਇਆ। ਓਪਨ ਦਾ ਸਰਬੋਤਮ ਜਾਫ਼ੀ ਮੱਖਣ ਸਿੰਘ ਸੈਦੋਕੇ, ਬਿਸਟ ਰੇਡਰ ਸੁਖਵੀਰ ਸਿੰਘ ਸਰਾਵਾਂ ਅਤੇ 70 ਕਿਲੋ ਵਿਚ ਬਿਸਟ ਜਾਫ਼ੀ ਬਸੰਤ ਸਿੰਘ ਭਲੂਰ ਅਤੇ ਬਿਸਟ ਰੇਡਰ ਬੇਅੰਤ ਸਿੰਘ ਰਾਊਕੇ ਚੁਣੇ ਗਏ। ਬੀ. ਡੀ. ਏ. ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਜਲੰਧਰ, 4 ਅਕਤੂਬਰ - ਬੀ.ਡੀ.ਏ. ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਦੇ ਤੀਜੇ ਦਿਨ ਖੇਡੇ ਗਏ ਪਹਿਲੇ ਮੈਚ ਵਿਚ ਐਸ. ਐਨ. ਕਾਲਜ ਬੰਗਾ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਫੁੱਟਬਾਲ ਸੁਸਾਇਟੀ ਨੂੰ 3-0 ਨਾਲ ਹਰਾ ਕੇ ਜਿੱਤ ਦਰਜ ਕੀਤੀ। ਦੂਜੇ ਮੈਚ ਵਿਚ ਜੇ. ਸੀ. ਟੀ. ਅਕੈਡਮੀ ਨੇ ਖਾਲਸਾ ਕਾਲਜ ਮਾਹਿਲਪੁਰ ਨੂੰ 1-0 ਨਾਲ ਹਰਾ ਕੇ ਜਿੱਤ ਦਰਜ ਕੀਤੀ। ਇਸ ਦਾ ਫਾਈਨਲ ਮੈਚ 5 ਅਕਤੂਬਰ ਨੂੰ ਐਸ. ਐਨ. ਕਾਲਜ ਬੰਗਾ ਤੇ ਜੇ. ਸੀ. ਟੀ. ਫਗਵਾੜਾ ਦਰਮਿਆਨ 12.30 ਵਜੇ ਖੇਡਿਆ ਜਾਵੇਗਾ। ਪੰਜਾਬ ਸਕੂਲ ਫੁੱਟਬਾਲ ਚੈਂਪੀਅਨਸ਼ਿਪ 'ਚ ਪਟਿਆਲਾ, 4 ਅਕਤੂਬਰ - ਪੰਜਾਬ ਸਕੂਲ ਫੁੱਟਬਾਲ ਚੈਂਪੀਅਨਸ਼ਿਪ ਪਟਿਆਲਾ ਦੇ ਰਾਜਾ ਭਾਲਿੰਦਰਾ ਸਿੰਘ ਸਪੋਰਟਸ ਕੰਪਲੈਕਸ ਵਿਖੇ ਚੱਲ ਰਹੀ ਹੈ। 55ਵੀਆਂ ਪੰਜਾਬ ਸਕੂਲ ਖੇਡਾਂ ਦੇ ਅੰਡਰ-14 ਫੁੱਟਬਾਲ ਮੁਕਾਬਲਿਆਂ 'ਚ ਪਾਲਦੀ, ਗੁਰਦਾਸਪੁਰ ਤੇ ਤਰਨਤਾਰਨ ਦੀਆਂ ਅਕੈਡਮੀਆਂ ਤੇ ਨਵਾਂ ਸ਼ਹਿਰ ਜ਼ਿਲ੍ਹੇ ਦੀ ਟੀਮਾਂ ਨੇ ਸੈਮੀਫਾਈਨਲ 'ਚ ਖੇਡਣ ਦਾ ਹੱਕ ਪ੍ਰਾਪਤ ਕਰ ਲਿਆ ਹੈ। ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਚੱਲਦੇ ਵਿੰਗਾਂ ਤੇ ਅਕੈਡਮੀਆਂ ਦੀਆਂ ਟੀਮਾਂ ਜ਼ਿਲ੍ਹਿਆਂ ਦੀਆਂ ਟੀਮਾਂ 'ਤੇ ਭਾਰੂ ਪੈ ਰਹੀਆਂ ਹਨ। ਕੁਆਰਟਰ ਫਾਈਨਲ ਮੁਕਾਬਲਿਆਂ 'ਚ ਨਵਾਂ ਸ਼ਹਿਰ ਜ਼ਿਲ੍ਹੇ ਦੀ ਟੀਮ ਨੇ ਹੁਸ਼ਿਆਰਪੁਰ ਨੂੰ ਫਸਵੇਂ ਮੁਕਾਬਲੇ 'ਚ ਹਰਾਇਆ। ਦੂਸਰੇ ਮੈਚ 'ਚ ਤਰਨਤਾਰਨ ਅਕੈਡਮੀ ਨੇ ਲੁਧਿਆਣਾ ਨੂੰ 5-0 ਦੇ ਵੱਡੇ ਅੰਤਰ ਨਾਲ ਹਰਾਇਆ। ਤੀਸਰੇ ਮੈਚ 'ਚ ਗੁਰਦਾਸਪਰ ਅਕੈਡਮੀ ਨੇ ਕੁਲਜੀਤ ਅਕੈਡਮੀ ਨੂੰ 3-0 ਨਾਲ ਹਰਾ ਕੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ। ਆਖਰੀ ਕੁਆਰਟਰ ਫਾਈਨਲ 'ਚ ਪਾਲਦੀ ਵਿੰਗ ਨੇ ਮਾਹਿਲਪੁਰ ਅਕੈਡਮੀ ਨੂੰ 1-0 ਨਾਲ ਹਰਾ ਕੇ ਖਿਤਾਬੀ ਦੌੜ 'ਚ ਨਾਮ ਦਰਜ ਕਰਾਇਆ। ਜ਼ੋਨਲ ਟੂਰਨਾਮੈਂਟ 'ਚ ਡਰੋਲੀ ਭਾਈ ਦੀ ਟੀਮ ਜਿੱਤੀ ਮੋਗਾ, 3 ਅਕਤੂਬਰ - ਡਰੋਲੀ ਭਾਈ ਦੇ ਸਟੇਡੀਅਮ 'ਚ ਜ਼ੋਨ ਡਰੋਲੀ ਭਾਈ ਦਾ ਸਰਕਲ ਸਟਾਈਲ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਦੌਰਾਨ ਫਾਈਨਲ ਮੈਚ ਦੀ ਅੰਪਾਰਿੰਗ ਹਰਪ੍ਰਤਾਪ ਸਿੱਧੂ, ਦਵਿੰਦਰ ਸਿੰਘ, ਹਰਪ੍ਰੀਤ ਸਿੰਘ ਨੇ ਕੀਤੀ। ਫਾਈਨਲ ਵਿਚ ਡਰੋਲੀ ਭਾਈ ਦੀ ਟੀਮ ਨੇ ਸਲ੍ਹੀਣਾਂ ਸਕੂਲ ਨੂੰ 24-16 ਦੇ ਅੰਕਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ। ਹਬੀਬ ਵਾਲਾ ਦੀ ਝੰਡੀ ਫ਼ਿਰੋਜ਼ਪੁਰ, 3 ਅਕਤੂਬਰ - ਪਿੰਡ ਹਬੀਬ ਵਾਲਾ ਵਿਖੇ ਪੇਂਡੂ ਖੇਡ ਮੇਲਾ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਇਸ ਵਿਚ ਕਰਵਾਏ ਗਏ ਰੱਸਾ-ਕੱਸੀ ਅਤੇ ਕਬੱਡੀ ਦੇ ਮੁਕਾਬਲਿਆਂ 'ਚ ਬਾਬਾ ਬੰਦਾ ਬਹਾਦਰ ਯੂਥ ਕਲੱਬ ਹਬੀਬ ਵਾਲਾ ਨੇ ਕਬੱਡੀ ਦਾ ਮੈਚ ਜਿੱਤ ਕੇ 2500 ਰੁਪਏ ਦਾ ਨਗਦ ਇਨਾਮ ਜਿਤਿਆ। ਰੱਸਾ-ਕੱਸੀ ਮੁਕਾਬਲੇ ਦੌਰਾਨ ਵੀ ਬਾਬਾ ਬੰਦਾ ਬਹਾਦਰ ਯੂਥ ਕਲੱਬ ਜੇਤੂ ਅਤੇ ਬਾਬਾ ਰਾਣਾ ਸ਼ਾਹ ਯੂਥ ਕਲੱਬ ਮਾਛੀਵਾੜਾ ਉਪ ਜੇਤੂ ਰਿਹਾ। ਦੋਨਾਂ ਕਲੱਬ ਨੇ ਐਲਾਨ ਕੀਤਾ ਕਿ ਸਾਂਝੇ ਤੌਰ 'ਤੇ 15 ਅਕਤੂਬਰ ਨੂੰ ਪਿੰਡ ਮਾਛੀਵਾੜਾ ਵਿਖੇ ਕਬੱਡੀ, ਕੁਸ਼ਤੀ ਦੌੜਾ, ਰੱਸਾ-ਕੱਸੀ ਆਦਿ ਖੇਡਾਂ ਕਰਵਾਈਆਂ ਜਾਣਗੀਆਂ। ਪੰਜਾਬ ਸਕੂਲ ਚੈਂਪੀਅਨਸ਼ਿਪ ਲੁਧਿਆਣਾ, 3 ਅਕਤੂਬਰ - ਪੰਜਾਬ ਸਕੂਲ ਚੈਂਪੀਅਨਸ਼ਿਪ ਪੰਜਾਬ ਸਿੱਖਿਆ ਵਿਭਾਗ ਵੱਲੋਂ ਕਰਵਾਈ ਜਾ ਰਹੀ ਹੈ। ਅੰਡਰ 14 ਸਾਲ ਲੜਕੀਆਂ ਦੀ ਪੰਜਾਬ ਸਕੂਲ ਚੈਂਪੀਅਨਸ਼ਿਪ ਵਿਚ ਸੁਪਰ ਲੀਗ ਦੇ ਦੂਸਰੇ ਗੇੜ ਦੇ ਮੈਚਾਂ ਤੋਂ ਬਾਅਦ ਲੁਧਿਆਣਾ ਅਤੇ ਮੁਕਤਸਰ ਦੀਆਂ ਟੀਮਾਂ ਨੇ ਕੁੱਲ 4-4 ਅੰਕ ਹਾਸਲ ਕਰਕੇ ਆਪਣਾ ਸਫ਼ਰ ਖਿਤਾਬੀ ਜਿੱਤ ਦੇ ਨੇੜੇ ਕਰ ਲਿਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਖੇਡੇ ਗਏ ਸੁਪਰ ਲੀਗ ਮੈਚਾਂ ਵਿਚ ਪਹਿਲੇ ਮੈਚ ਵਿਚ ਲੁਧਿਆਣਾ ਅਤੇ ਮੁਕਤਸਰ ਵਿਚਕਾਰ ਮੈਚ ਗੋਲ ਰਹਿਤ ਬਰਾਬਰੀ 'ਤੇ ਸਮਾਪਤ ਹੋਇਆ, ਜਦ ਕਿ ਦੂਸਰੇ ਮੈਚ ਵਿਚ ਮੋਗਾ ਅਤੇ ਹੁਸ਼ਿਆਰਪੁਰ ਦੀਆਂ ਟੀਮਾਂ ਵੀ ਬਰਾਬਰੀ 'ਤੇ ਰਹੀਆਂ। ਤੀਸਰੇ ਮੈਚ ਵਿਚ ਮੁਕਤਸਰ ਨੇ ਪੰਜਾਬ ਫੁੱਟਬਾਲ ਦਾ ਗੜ੍ਹ ਮੰਨੇ ਜਾਂਦੇ ਹੁਸ਼ਿਆਰਪੁਰ ਨੂੰ 4-0 ਨਾਲ ਕਰਾਰੀ ਮਾਤ ਦਿੱਤੀ, ਜਦ ਕਿ ਆਖਰੀ ਮੈਚ ਵਿਚ ਲੁਧਿਆਣਾਨੇ ਮੋਗਾ ਨੂੰ 3-0 ਨਾਲ ਹਰਾਇਆ। ਭਲਕੇ ਸੁਪਰ ਲੀਗ ਦੇ ਆਖਰੀ ਗੇੜ ਵਿਚ ਮੋਗਾ ਅਤੇ ਮੁਕਤਸਰ ਵਿਚਕਾਰ ਪਹਿਲਾ ਮੁਕਾਬਲਾ ਸਵੇਰੇ 8 ਵਜੇ ਜਦ ਕਿ ਦੂਸਰਾ ਮੈਚ ਲੁਧਿਆਣਾ ਤੇ ਹੁਸ਼ਿਆਰਪੁਰ ਵਿਚਕਾਰ 9 ਵਜੇ ਖੇਡਿਆ ਜਾਵੇਗਾ। ਲੜਕੀਆਂ ਦੇ ਅੰਡਰ 19 ਸਾਲ ਪੰਜਾਬ ਸਕੂਲ 'ਚ ਫੁੱਟਬਾਲ ਚੈਂਪੀਅਨਸ਼ਿਪ 8 ਤੋਂ 12 ਅਕਤੂਬਰ ਤੱਕ ਪੀ. ਏ. ਯੂ. ਲੁਧਿਆਣਾ ਦੇ ਖੇਡ ਮੈਦਾਨਾਂ ਵਿਚ ਹੋਵੇਗੀ। ਇਸ ਰਾਜ ਪੱਧਰੀ ਚੈਂਪੀਅਨਸ਼ਿਪ ਵਿਚ 20 ਜ਼ਿਲ੍ਹਿਆਂ ਦੀਆਂ ਟੀਮਾਂ ਹਿੱਸਾ ਲੈਣਗੀਆਂ। ਇਹ ਚੈਂਪੀਅਨਸ਼ਿਪ ਲੀਗ-ਕਮ-ਨਾਕ-ਆਊਟ ਪ੍ਰਣਾਲੀ ਦੇ ਅਧਾਰ 'ਤੇ ਹੋਵੇਗੀ। ਰਾਸ਼ਟਰ ਮੰਡਲ ਖੇਡਾਂ ਲਈ ਪੁੱਠੀ ਗਿਣਤੀ ਸ਼ੁਰੂ ਨਵੀਂ ਦਿੱਲੀ, 3 ਅਕਤੂਬਰ - 3 ਅਕਤੂਬਰ 2010 ਨੂੰ 75000 ਲੋਕਾਂ ਦੀ ਸਮਰੱਥਾ ਵਾਲੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਸ਼ੁਰੂ ਹੋਣ ਵਾਲੀਆਂ ਇਨ੍ਹਾਂ ਖੇਡਾਂ ਵਿਚ ਇਕ ਵਰ੍ਹਾ ਰਹਿ ਜਾਣ 'ਤੇ ਅੱਜ ਉਲਟੀ ਗਿਣਤੀ ਨੂੰ ਦਰਸਾਉਂਦੇ ਕਲਾਕ ਦਾ ਉਦਘਾਟਨ ਨਵੀਂ ਦਿੱਲੀ 'ਚ ਕੀਤਾ ਗਿਆ। ਇਨ੍ਹਾਂ ਖੇਡਾਂ ਵਿਚ 53 ਦੇਸ਼ਾਂ ਦੇ ਕੋਈ 5000 ਐਥਲੀਟ ਹਿੱਸਾ ਲੈਣ ਲਈ ਪੁੱਜਣਗੇ। 1982 ਵਿਚ ਏਸ਼ੀਆਈ ਖੇਡਾਂ ਦੀ ਮੇਜ਼ਬਾਨੀ ਕਰਨ ਤੋਂ ਬਾਅਦ ਭਾਰਤ ਲਈ ਇਹ ਵੱਕਾਰੀ ਖੇਡਾਂ ਮੰਨੀਆ ਜਾ ਰਹੀਆਂ ਹਨ। ਸਾਈਕਲਿੰਗ ਤੇ ਰਗਬੀ ਨੂੰ ਛੱਡ ਕੇ ਬਾਕੀ ਖੇਡਾਂ ਲਈ ਸਾਰੀਆਂ ਥਾਵਾਂ 'ਤੇ 80 ਫੀਸਦੀ ਤਕ ਤਿਆਰੀਆਂ ਦਾ ਕੰਮ ਇਸ 31 ਦਸੰਬਰ ਤਕ ਸਿਰੇ ਲੱਗ ਜਾਵੇਗਾ ਤੇ ਬਾਕੀ ਕੰਮ ਨਾਲੋਂ-ਨਾਲ ਚੱਲਦਾ ਰਹੇਗਾ। 55ਵੀਆਂ ਰਾਜ ਪੱਧਰੀ ਖੋ-ਖੋ ਖੇਡਾਂ 'ਚ ਸੰਗਰੂਰ ਦੀ ਸਰਦਾਰੀ ਫਤਹਿਗੜ੍ਹ ਸਾਹਿਬ, 3 ਅਕਤੂਬਰ - 55ਵੀਆਂ ਰਾਜ ਪੱਧਰੀ ਖੋ-ਖੋ ਖੇਡਾਂ ਫਤਹਿਗੜ੍ਹ ਸਾਹਿਬ ਵਿੱਚ ਚੱਲ ਰਹੀਆਂ ਹਨ। ਇਨ੍ਹਾਂ ਖੇਡਾਂ ਵਿਚ 17 ਅਤੇ 14 ਸਾਲ ਤੋਂ ਘੱਟ ਉਮਰ ਦੇ ਲੜਕੇ ਅਤੇ ਲੜਕੀਆਂ ਦੇ ਅੱਜ ਚੌਧੇ ਦਿਨ ਕੁਆਟਰ ਫ਼ਾਈਨਲ ਮੁਕਾਬਲਿਆਂ ਵਿੱਚ 17 ਸਾਲ ਤੋਂ ਘੱਟ ਉਮਰ ਦੇ ਲੜਕਿਆਂ ਦੇ ਗਰੁੱਪ ਵਿੱਚ ਸੰਗਰੂਰ ਦੀ ਟੀਮ ਨੇ ਫਤਹਿਗੜ੍ਹ ਸਾਹਿਬ ਦੀ ਟੀਮ ਨੂੰ ਹਰਾਇਆ। ਇਸੇ ਤਰ੍ਹਾਂ ਮੋਹਾਲੀ ਨੇ ਮਾਨਸਾ ਨੂੰ, ਲੁਧਿਅਣਾ ਨੇ ਜਲੰਧਰ ਨੂੰ ਅਤੇ ਪਟਿਆਲਾ ਨੇ ਰੋਪੜ ਦੀ ਟੀਮ ਨੂੰ ਹਰਾ ਕੇ ਸੁਪਰ ਲੀਗ ਵਿੱਚ ਆਪਣੀ ਸ਼ਮੂਲੀਅਤ ਕਰ ਲਈ ਜਦੋਂਕਿ ਲੜਕੀਆਂ ਦੇ ਮੁਕਾਬਲਿਆਂ ਵਿੱਚ ਸੰਗਰੂਰ ਨੇ ਮਾਨਸਾ ਨੂੰ, ਫਿਰੋਜ਼ਪੁਰ ਨੇ ਬਠਿੰਡਾ ਨੂੰ, ਨਵਾਂ ਸ਼ਹਿਰ ਨੇ ਪਟਿਆਲਾ ਨੂੰ, ਲੁਧਿਆਣਾ ਨੇ ਮੋਗਾ ਨੂੰ ਹਰਾਇਆ। 14 ਸਾਲ ਲੜਕਿਆਂ ਦੇ ਮੁਕਾਬਲਿਆਂ ਵਿੱਚ ਲੁਧਿਆਣਾ ਨੇ ਜਲੰਧਰ ਨੂੰ, ਫਿਰੋਜਪੁਰ ਨੇ ਪਟਿਆਲਾ, ਸੰਗਰੂਰ ਨੇ ਮਾਨਸਾ ਅਤੇ ਨਵਾਂ ਸ਼ਹਿਰ ਨੇ ਗੁਰਦਾਸਪੁਰ ਨੂੰ ਹਰਾਇਆ। ਲੜਕੀਆਂ ਦੇ ਮੁਕਾਬਲਿਆਂ ਵਿੱਚ ਸੰਗਰੂਰ ਨੇ ਮਾਨਸਾ ਨੂੰ, ਮੋਹਾਲੀ ਨੇ ਬਠਿੰਡਾ ਨੂੰ, ਤਖਤਗੜ੍ਹ ਵਿੰਗ ਨੇ ਪਟਿਆਲਾ ਨੂੰ ਅਤੇ ਲੁਧਿਆਣਾ ਨੇ ਜਲੰਧਰ ਦੀ ਟੀਮ ਨੂੰ ਹਰਾਇਆ। 55ਵੀਆਂ ਪੰਜਾਬ ਸਕੂਲ ਖੇਡਾਂ ਟੇਬਲ ਟੈਨਿਸ ਚੈਂਪੀਅਨਸ਼ਿਪ 'ਚ ਰੂਪਨਗਰ ਅਵੱਲ ਰੂਪਨਗਰ, 3 ਅਕਤੂਬਰ - 55ਵੀਆਂ ਪੰਜਾਬ ਸਕੂਲ ਖੇਡਾਂ ਟੇਬਲ ਟੈਨਿਸ ਚੈਂਪੀਅਨਸ਼ਿਪ 'ਚ 14 ਸਾਲ ਕੁੜੀਆਂ ਵਰਗ ਵਿਚ ਰੂਪਨਗਰ ਪਹਿਲੇ, ਲੁਧਿਆਣਾ ਦੂਜੇ ਅਤੇ ਮੁਹਾਲੀ ਤੀਜੇ ਨੰਬਰ 'ਤੇ ਰਿਹਾ। ਪਿਛਲੇ 55 ਸਾਲਾਂ ਵਿਚ ਰੂਪਨਗਰ ਨੇ ਪਹਿਲੀ ਵਾਰ 6 ਗੋਲਡ ਮੈਡਲ ਜਿੱਤ ਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇਕ ਵਿਸ਼ੇਸ਼ ਟੀਮ ਤਿਆਰ ਕਰਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਲੱਗਭਗ 600 ਖਿਡਾਰੀਆਂ ਦੇ ਰਹਿਣ ਅਤੇ ਖਾਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਸ ਟੂਰਨਾਮੈਂਟ ਵਿਚ 300 ਲੜਕੀਆਂ ਅਤੇ 300 ਲੜਕਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਜੇਤੂ ਟੀਮਾਂ ਦੇ ਵੇਰਵੇ ਇਸ ਪ੍ਰਕਾਰ ਹਨ-ਅੰਡਰ 19 ਲੜਕਿਆਂ 'ਚ ਰੂਪਨਗਰ ਪਹਿਲੇ, ਲੁਧਿਆਣਾ ਦੂਸਰੇ ਤੇ ਫਤਿਹਗੜ੍ਹ ਸਾਹਿਬ ਤੀਸਰੇ ਅਤੇ ਇਸੇ ਉਮਰ ਵਰਗ 'ਚ ਲੜਕੀਆਂ 'ਚ ਰੂਪਨਗਰ ਪਹਿਲੇ, ਲੁਧਿਆਣਾ ਦੂਸਰੇ ਤੇ ਫਿਰੋਜ਼ਪੁਰ ਤੀਸਰੇ ਸਥਾਨ 'ਤੇ ਰਹੇ। ਅੰਡਰ 17 'ਚ ਲੜਕਿਆਂ 'ਚ ਰੂਪਨਗਰ ਪਹਿਲੇ, ਅੰਮ੍ਰਿਤਸਰ ਦੂਸਰੇ ਤੇ ਜਲੰਧਰ ਤੀਸਰੇ ਅਤੇ ਲੜਕੀਆਂ 'ਚ ਰੂਪਨਗਰ ਪਹਿਲੇ, ਜਲੰਧਰ ਦੂਸਰੇ ਤੇ ਲੁਧਿਆਣਾ ਤੀਸਰੇ ਸਥਾਨ 'ਤੇ ਰਹੇ। ਅੰਡਰ 14 ਲੜਕਿਆਂ 'ਚ ਰੂਪਨਗਰ ਪਹਿਲੇ, ਜਲੰਧਰ ਦੂਸਰੇ ਅਤੇ ਫਿਰੋਜ਼ਪੁਰ ਤੀਸਰੇ ਸਥਾਨ 'ਤੇ ਰਹੇ। ਪੰਜਾਬ ਜੂਡੋ ਟੀਮ ਲਈ ਚੋਣ ਟ੍ਰਾਇਲ 10 ਅਕਤੂਬਰ ਨੂੰ ਜਲੰਧਰ, 3 ਅਕਤੂਬਰ - 34ਵੀਆਂ ਕੌਮੀ ਖੇਡਾਂ ਜੋ ਕਿ 21 ਨਵੰਬਰ ਤੋਂ 5 ਦਸੰਬਰ ਤੱਕ ਰਾਂਚੀ ਵਿਖੇ ਹੋ ਰਹੀਆਂ ਹਨ, ਲਈ ਪੰਜਾਬ ਜੂਡੋ ਟੀਮ ਦੇ ਲੜਕੇ ਅਤੇ ਲੜਕੀਆਂ ਦੀ ਚੋਣ 10 ਅਕਤੂਬਰ ਨੂੰ ਗੁਰੂ ਨਾਨਕ ਇੰਡੋਰ ਸਟੇਡੀਅਮ ਲੁਧਿਆਣਾ ਵਿਚ ਸਵੇਰੇ 9 ਵਜੇ ਕੀਤੀ ਜਾਵੇਗੀ। ਜਿਹੜੇ ਖਿਡਾਰੀ ਇਨ੍ਹਾਂ ਟ੍ਰਾਇਲਾਂ ਵਿਚ ਚੁਣੇ ਜਾਣਗੇ। ਉਨ੍ਹਾਂ ਖਿਡਾਰੀਆਂ ਦਾ ਕੈਂਪ ਲਗਾਇਆ ਜਾਵੇਗਾ। ਸਾਰੇ ਖਿਡਾਰੀ ਸਾਈ ਜੂਡੋ ਕੋਚ ਰਾਕੇਸ਼ ਸਿੰਘ ਕੋਲ ਸਮੇਂ ਸਿਰ ਰਿਪੋਰਟ ਕਰਨਗੇ। ਮਹਾਰਾਜਾ ਰਣਜੀਤ ਸਿੰਘ ਕਬੱਡੀ ਕਲੱਬ ਵੱਲੋਂ ਟਰਾਇਲ 8 ਨੂੰ ਸੁਲਤਾਨਪੁਰ ਲੋਧੀ, 3 ਅਕਤੂਬਰ - ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਬੱਡੀ ਕਲੱਬ ਦੀ ਨਵੀਂ ਟੀਮ ਦੇ ਗਠਨ ਵਾਸਤੇ 8 ਅਕਤੂਬਰ ਨੂੰ ਗੁਰੂ ਨਾਨਕ ਸਟੇਡੀਅਮ ਸੁਲਤਾਨਪੁਰ ਲੋਧੀ ਵਿਖੇ ਟਰਾਇਲ ਸਵੇਰੇ 10.00 ਵਜੇ ਲਏ ਜਾਣਗੇ। ਟਰਾਇਲਾਂ 'ਚ ਸ਼ਾਮਿਲ ਹੋਣ ਵਾਲੇ ਖਿਡਾਰੀਆਂ ਪਾਸੋਂ ਦੋ ਪਾਸਪੋਰਟ ਸਾਈਜ਼ ਫੋਟੋ, ਉਮਰ ਤੇ ਰਿਹਾਇਸ਼ ਸਬੰਧੀ ਦਸਤਾਵੇਜ਼ ਟਰਾਇਲ ਆਰੰਭ ਹੋਣ ਤੋਂ ਪਹਿਲਾਂ ਹਾਸਲ ਕੀਤੇ ਜਾਣਗੇ। ਟਰਾਇਲਾਂ 'ਚ ਸ਼ਾਮਿਲ ਹੋਣ ਵਾਲੇ ਕਬੱਡੀ ਖਿਡਾਰੀ ਦੀ ਉਮਰ 20 ਸਾਲ ਤੋਂ 28 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ। ਇਹ ਸ਼ਰਤਾਂ ਕਲੱਬ ਦੀ ਟੀਮ 'ਚ ਪਹਿਲਾਂ ਖੇਡ ਚੁੱਕੇ ਖਿਡਾਰੀਆਂ ਉੱਪਰ ਵੀ ਲਾਗੂ ਹੋਣਗੀਆਂ। ਉਨ੍ਹਾਂ ਸ਼ੇਰੇ ਪੰਜਾਬ ਕਲੱਬ ਦੇ ਸਾਰੇ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਵੀ ਇਸ ਮੌਕੇ ਹਾਜ਼ਰ ਰਹਿਣ ਦਾ ਸੱਦਾ ਦਿੱਤਾ ਤੇ ਚੁਣੇ ਗਏ ਖਿਡਾਰੀਆਂ ਦੇ ਨਾਵਾਂ ਨੂੰ ਮਨਜ਼ੂਰੀ ਬਾਅਦ ਦੁਪਹਿਰ ਤਿੰਨ ਵਜੇ ਹੋਣ ਵਾਲੀ ਮੀਟਿੰਗ 'ਚ ਦਿੱਤੀ ਜਾਵੇਗੀ। 7ਵਾਂ ਮਹਾਰਾਜਾ ਰਣਜੀਤ ਸਿੰਘ ਗੋਲਡ ਹਾਕੀ ਕੱਪ 4 ਅਕਤੂਬਰ ਤੋਂ ਅੰਮ੍ਰਿਤਸਰ, 2 ਅਕਤੂਬਰ - ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਾਕੀ ਮੈਦਾਨ 'ਚ 4 ਅਕਤੂਬਰ ਤੋਂ 7ਵਾਂ ਓ.ਐਨ.ਜੀ.ਸੀ. ਆਲ ਇੰਡੀਆ ਮਹਾਰਾਜਾ ਰਣਜੀਤ ਸਿੰਘ ਜੂਨੀਅਰ ਗੋਲਡ ਹਾਕੀ ਟੂਰਨਾਮੈਂਟ (ਲੜਕੇ-ਲੜਕੀਆਂ) ਕਰਵਾਇਆ ਜਾ ਰਿਹਾ ਹੈ। 9 ਅਕਤੂਬਰ ਤੱਕ ਹੋਣ ਵਾਲੇ ਇਸ ਟੂਰਨਾਮੈਂਟ 'ਚ ਦੇਸ਼ ਭਰ 'ਚੋਂ 19 ਹਾਕੀ ਟੀਮਾਂ ਭਾਗ ਲੈ ਰਹੀਆਂ ਹਨ, ਜਦ ਕਿ ਇਕ ਟੀਮ ਪਾਕਿਸਤਾਨ ਤੋਂ ਵੀ ਪੁੱਜ ਰਹੀ ਹੈ। ਉਮਰਾਨੰਗਲ ਖੇਡ ਮੇਲਾ 23 ਨਵੰਬਰ ਤੋਂ ਪਟਿਆਲਾ, 2 ਅਕਤੂਬਰ -ਸ਼ਹੀਦ ਸੁਖਦੇਵ ਸਿੰਘ ਨਗਰ (ਅੰਮ੍ਰਿਤਸਰ) ਵਿਖੇ ਉਮਰਾਨੰਗਲ ਖੇਡ ਮੇਲਾ 23-24 ਨਵੰਬਰ ਤੋਂ ਕਰਵਾਇਆ ਜਾ ਰਿਹਾ ਹੈ। ਇਹ ਖੇਡ ਮੇਲਾ ਜਥੇਦਾਰ ਜੀਵਨ ਸਿੰਘ ਉਮਰਾਨੰਗਲ ਤੇ ਸ਼ਹੀਦ ਸੁਖਦੇਵ ਸਿੰਘ ਉਮਰਾਨੰਗਲ ਦੀ ਯਾਦ ਨੂੰ ਸਮਰਪਿਤ ਹੋਵੇਗਾ। ਇਸ ਖੇਡ ਮੇਲੇ ਵਿਚ ਜਿਥੇ ਕਬੱਡੀ ਦੇ ਫਸਵੇਂ ਮੈਚ ਹੋਣਗੇ, ਉਥੇ ਕੁੱਤਿਆਂ ਦੀ ਦੌੜ, ਜਿਮਨਾਸਟਿਕ, ਕੁਸ਼ਤੀਆਂ ਆਦਿ ਵੀ ਸ਼ਾਮਲ ਕੀਤੀਆਂ ਗਈਆਂ ਹਨ। ਦੋਹਾਂ ਦਿਨਾਂ ਵਿਚ ਸਭਿਆਚਾਰਕ ਸਮਾਗਮ ਦੌਰਾਨ ਮਨਮੋਹਨ ਵਾਰਿਸ, ਕਮਲਜੀਤ ਨੀਰੂ, ਗੀਤਾ ਜ਼ੈਲਦਾਰ, ਭਗਵੰਤ ਮਾਨ ਤੇ ਜਗਤਾਰ ਜੱਗੀ, ਭਜਨਾ ਅਮਲੀ ਤੇ ਸੰਤੀ ਆਦਿ ਕਲਾਕਾਰ ਸ਼ਿਰਕਤ ਕਰਨਗੇ। ਹਰ ਸਾਲ ਵਾਂਗ ਇਸ ਵਾਰ ਵੀ ਖਾੜਕੂਵਾਦ ਦੌਰਾਨ ਸ਼ਹੀਦ ਹੋਏ ਪਰਿਵਾਰਾਂ ਦਾ ਸਨਮਾਨ ਕੀਤਾ ਜਾਵੇਗਾ। ਦੋ ਰੋਜ਼ਾ ਕਬੱਡੀ ਕੱਪ ਸ਼ੁਰੂ ਅਮਰਗੜ੍ਹ, 2 ਅਕਤੂਬਰ - ਪਹਿਲਾ ਦੋ ਰੋਜ਼ਾ ਕਬੱਡੀ ਕੱਪ 3-4 ਅਕਤੂਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਟੇਡੀਅਮ ਅਮਰਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਕਬੱਡੀ 55-60-70 ਕਿਲੋ ਵਜ਼ਨੀ ਅਤੇ ਇਕ ਪਿੰਡ ਓਪਨ, ਟਰਾਲੀ ਪਿਛੇ ਕਰਨਾ ਅਤੇ ਤਾਸ਼ ਸੀਪ ਦੇ ਮੁਕਾਬਲੇ ਹੋਣਗੇ। ਇਕ ਪਿੰਡ ਓਪਨ ਕਬੱਡੀ ਦੀ ਜੇਤੂ ਟੀਮ ਨੂੰ ਇਕੱਤੀ ਹਜ਼ਾਰ ਰੁਪਏ ਦੇ ਪਹਿਲੇ ਇਨਾਮ ਅਤੇ ਦੂਸਰਾ ਇੱਕੀ ਹਜ਼ਾਰ ਰੁਪਏ ਹੋਵੇਗਾ। ਜੂਨੀਅਰ ਕਬੱਡੀ ਸਰਕਲ ਅਤੇ ਨੈਸ਼ਨਲ ਸਟਾਈਲ ਚੈਂਪੀਅਨਸ਼ਿਪ 9 ਤੋਂ ਰਾਮਪੁਰਾ ਫੂਲ/ਲਹਿਰਾ ਮੁਹੱਬਤ, 1 ਅਕਤੂਬਰ - ਪਿੰਡ ਜੇਠੂਕੇ ਵਿਖੇ ਜੂਨੀਅਰ ਕਬੱਡੀ ਸਰਕਲ ਅਤੇ ਨੈਸ਼ਨਲ ਸਟਾਈਲ ਚੈਂਪੀਅਨਸ਼ਿਪ 9 ਤੋਂ 11 ਅਕਤੂਬਰ ਤੱਕ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਲਈ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੀਆਂ ਟੀਮਾਂ ਭਾਗ ਲੈਣ ਲਈ ਪਹੁੰਚ ਰਹੀਆਂ ਹਨ। ਬਠਿੰਡੇ ਜ਼ਿਲ੍ਹੇ ਦੀ ਟੀਮ ਦੀ ਫਾਈਨਲ ਚੋਣ ਕਰਨ ਲਈ 3 ਅਕਤੂਬਰ ਤੋਂ ਕੈਂਪ ਲਗਾਇਆ ਜਾ ਰਿਹਾ ਹੈ ਅਤੇ ਇਸ ਕੈਂਪ ਲਈ ਸੰਭਾਵੀ ਖਿਡਾਰੀਆਂ ਦੀ ਚੋਣ ਕਰ ਲਈ ਗਈ ਹੈ। ਕੈਂਪ ਵਿਚ ਭਾਗ ਲੈਣ ਲਈ ਟਰਾਇਲ ਲੈਣ ਉਪਰੰਤ ਚੋਣ ਕਮੇਟੀ ਨੇ ਰਾਜਵਿੰਦਰ ਸਿੰਘ, ਸਤਵੰਤ ਸਿੰਘ, ਗੁਰਪ੍ਰੀਤ ਸਿੰਘ, ਨੈਬ ਸਿੰਘ, ਅਮਰਵੀਰ ਸਿੰਘ, ਧਰਮਵੀਰ ਸਿੰਘ, ਕੁਲਦੀਪ ਸਿੰਘ, ਦਵਿੰਦਰ ਸਿੰਘ, ਰਾਜਵਿੰਦਰ ਸਿੰਘ, ਗੁਰਧਿਆਨ ਸਿੰਘ, ਦਵਿੰਦਰ ਸਿੰਘ, ਗੁਰਬਖ਼ਸ਼ ਸਿੰਘ ਦੀ ਚੋਣ ਕੀਤੀ ਗਈ ਹੈ। ਸਰਕਲ ਸਟਾਇਲ ਲਈ ਚੁਣੇ ਗਏ ਖਿਡਾਰੀਆਂ ਵਿਚ ਗੁਰਜੀਤ ਸਿੰਘ, ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਗੁਰਧਿਆਨ ਸਿੰਘ, ਸੁਖਚੈਨ ਸਿੰਘ, ਅਮਰੀਕ ਸਿੰਘ, ਦਵਿੰਦਰ ਸਿੰਘ, ਗੁਰਬਖ਼ਸ਼ ਸਿੰਘ, ਗੁਰਲਾਲ ਸਿੰਘ, ਬਲਜਿੰਦਰ ਸਿੰਘ, ਹਰਪ੍ਰੀਤ ਸਿੰਘ, ਜਗਤਾਰ ਸਿੰਘ, ਕੁਲਵੰਤ ਸਿੰਘ, ਬਲਜੀਤ ਸਿੰਘ ਦੀ ਚੋਣ ਕੀਤੀ ਗਈ ਹੈ। ਕੈਂਪ ਉਪਰੰਤ ਰਾਜ ਚੈਂਪੀਅਨਸ਼ਿਪ ਲਈ ਟੀਮ ਦੀ ਚੋਣ ਕੀਤੀ ਜਾਵੇਗੀ। ਇਸ ਤੋਂ ਇਲਾਵਾ 9 ਅਕਤੂਬਰ ਨੂੰ ਅਕੈਡਮੀਆਂ ਦੀ ਮੀੰਿਟੰਗ ਜੇਠੂਕੇ ਵਿਖੇ ਰੱਖੀ ਗਈ ਹੈ। ਰਾਸ਼ਟਰੀ ਪੱਧਰ ਦੀ ਸੁਪਰ ਸੈਵਨ ਕ੍ਰਿਕਟ ਚੈਂਪੀਅਨਸ਼ਿਪ 10 ਤੋਂ ਲਹਿਰਾਗਾਗਾ, 1 ਅਕਤੂਬਰ - ਵਿਦਿਆ ਰਤਨ ਪੋਲੀਟੈਕਨਿਕ ਕਾਲਜ ਖੋਖਰ (ਲਹਿਰਾਗਾਗਾ) ਵਿਖੇ 10-12 ਅਕਤੂਬਰ ਤੱਕ ਰਾਸ਼ਟਰੀ ਪੱਧਰ ਦੀ ਸੁਪਰ ਸੈਵਨ ਕ੍ਰਿਕਟ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਜਿਸ ਵਿਚ 20 ਰਾਜਾਂ ਦੇ ਮੁੰਡੇ ਅਤੇ 15 ਰਾਜਾਂ ਦੀਆਂ ਕੁੜੀਆਂ ਦੀਆਂ ਟੀਮਾਂ ਭਾਗ ਲੈਣਗੀਆਂ। ਇਹ ਕ੍ਰਿਕਟ ਟੂਰਨਾਮੈਂਟ ਕਾਲਜ ਖੋਖਰ ਦੇ ਮੈਦਾਨ ਵਿਚ ਕਰਵਾਇਆ ਜਾਵੇਗਾ। ਜਿਸ ਵਿਚ 380 ਖਿਡਾਰੀ ਅਤੇ ਖਿਡਾਰਨਾਂ ਭਾਗ ਲੈਣਗੀਆਂ। ਹਰੇਕ ਮੈਚ 6 ਓਵਰਾਂ ਦਾ ਹੋਵੇਗਾ ਅਤੇ ਕੋਈ ਵੀ ਖਿਡਾਰੀ 42 ਤੋਂ ਵੱਧ ਦੌੜਾਂ ਨਹੀਂ ਬਣਾ ਸਕਦਾ ਅਤੇ ਟੀਮ ਵਿਚ 7 ਖਿਡਾਰੀ ਹੀ ਹੋਣਗੇ। ਵੱਖ-ਵੱਖ ਰਾਜਾਂ ਤੋਂ ਆਉਣ ਵਾਲੇ ਖਿਡਾਰੀ 10 ਅਕਤੂਬਰ ਨੂੰ ਸਵੇਰੇ ਸ਼ਹਿਰ ਵਿਚ ਮਾਰਚ ਵੀ ਕਰਨਗੇ। 55ਵੀਂ ਪੰਜਾਬ ਸਕੂਲ ਫੁੱਟਬਾਲ ਚੈਂਪੀਅਨਸ਼ਿਪ ਪਟਿਆਲਾ, 1 ਅਕਤੂਬਰ - 55ਵੀਂਆਂ ਪੰਜਾਬ ਸਕੂਲ ਖੇਡਾਂ ਦੇ ਅੰਤਰ-14 ਫੁੱਟਬਾਲ ਮੁਕਾਬਲੇ ਚੱਲ ਰਹੇ ਹਨ। ਇਨ੍ਹਾਂ ਖੇਡਾਂ ਦੇ ਪਹਿਲੇ ਦਿਨ ਹੋਏ ਮੁਕਾਬਲਿਆਂ 'ਚ ਤਰਨਤਾਰਨ ਤੇ ਅੰਮ੍ਰਿਤਸਰ ਨੇ ਵੱਡੀਆਂ ਜਿੱਤਾਂ ਦਰਜ ਕੀਤੀਆਂ। ਪੂਲ ਏ ਦੇ ਮੈਚਾਂ 'ਚ ਪਟਿਆਲਾ ਨੇ ਫਿਰੋਜ਼ਪੁਰ ਨੂੰ 2-0, ਮਾਹਿਲਪੁਰ ਨੇ ਪਟਿਆਲਾ ਨੂੰ 3-0 ਅਤੇ ਫਿਰੋਜ਼ਪੁਰ ਨੇ ਰੋਪੜ ਨੂੰ 1-0 ਨਾਲ ਹਰਾਇਆ। ਰੋਪੜ ਨੂੰ ਸਵੇਰ ਵੇਲੇ ਮੋਗੇ ਖਿਲਾਫ ਵਾਕ ਓਵਰ ਮਿਲਿਆ। ਮਹਿਲਪੁਰ ਅਕੈਡਮੀ ਤੇ ਅੰਮ੍ਰਿਤਸਰ ਜ਼ਿਲ੍ਹੇ ਵਿਚਕਾਰ ਮੈਚ 1-1 ਨਾਲ ਬਰਾਬਰ ਰਿਹਾ। ਪੂਲ ਬੀ ਦੇ ਮੈਚਾਂ 'ਚ ਤਰਨਤਾਰਨ ਨੇ ਮਾਨਸਾ 21-0 ਨਾਲ, ਅੰਮ੍ਰਿਤਸਰ ਨੇ ਵੀ ਮਾਨਸਾ ਨੂੰ 9-0 ਨਾਲ, ਨਵਾਂ ਸ਼ਹਿਰ ਨੇ ਜਲੰਧਰ ਨੂੰ 2-0 ਨਾਲ ਹਰਾਇਆ। ਤਰਨਤਾਰਨ ਤੇ ਫਤਹਿਗੜ੍ਹ ਸਾਹਿਬ ਦਰਮਿਆਨ ਮੈਚ 1-1 ਨਾਲ ਬਰਾਬਰ ਰਿਹਾ। ਪੂਲ ਸੀ ਦੇ ਮੈਚ 'ਚ ਗੁਰਦਾਸਪੁਰ ਅਕੈਡਮੀ ਨੇ ਫਰੀਦਕੋਟ ਨੂੰ, ਸੰਗਰੂਰ ਨੇ ਬਰਨਾਲਾ ਨੂੰ ਹਰਾਇਆ। ਗੁਰਦਾਸਪੁਰ ਤੇ ਪਾਲਦੀ ਅਕੈਡਮੀਆਂ ਬਰਾਬਰ ਰਹੀਆਂ। ਬਰਨਾਲੇ ਨੂੰ ਮੋਹਾਲੀ ਖਿਲਾਫ ਤੇ ਪਾਲਦੀ ਅਕੈਡਮੀ ਨੂੰ ਮੋਹਾਲੀ ਖਿਲਾਫ ਵਾਕ ਓਵਰ ਰਾਹੀਂ ਜਿੱਤ ਮਿਲੀ। ਪੂਲ ਡੀ 'ਚ ਮੁਕਤਸਰ ਨੇ ਲੁਧਿਆਣਾ ਨੂੰ ਹਰਾਇਆ। ਹੁਸ਼ਿਆਰਪੁਰ ਨੂੰ ਕਪੂਰਥਲਾ ਖਿਲਾਫ ਵਾਕ ਓਵਰ ਮਿਲਿਆ। ਅੰਤਰ ਜ਼ਿਲ੍ਹਾ ਫੁੱਟਬਾਲ ਚੈਂਪੀਅਨਸ਼ਿਪ 'ਚ ਲੁਧਿਆਣਾ, ਮੁਕਤਸਰ, ਹੁਸ਼ਿਆਰਪੁਰ ਤੇ ਮੋਗਾ ਜੇਤੂ ਲੁਧਿਆਣਾ, 1 ਅਕਤੂਬਰ - ਅੰਤਰ ਜ਼ਿਲ੍ਹਾ ਫੁੱਟਬਾਲ ਚੈਂਪੀਅਨਸ਼ਿਪ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਦੇ ਖੇਡ ਮੈਦਾਨਾਂ 'ਚ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਦੇ ਮੈਚਾਂ ਵਿਚ ਲੁਧਿਆਣਾ ਨੇ ਫਰੀਦਕੋਟ ਨੂੰ, 8-0 ਨਾਲ ਹਰਾਇਆ, ਜਦਕਿ ਦੂਸਰੇ ਮੈਚਾਂ ਵਿਚ ਮੁਕਤਸਰ ਨੇ ਬਰਨਾਲਾ ਨੂੰ 2-0 ਨਾਲ, ਹੁਸ਼ਿਆਰਪੁਰ ਨੇ ਪਟਿਆਲਾ ਨੂੰ 1-0 ਨਾਲ ਅਤੇ ਮੋਗਾ ਨੇ ਸੰਗਰੂਰ ਨੂੰ 2-0 ਨਾਲ ਹਰਾਇਆ। ਇਸ ਰਾਜ ਪੱਧਰੀ ਚੈਂਪੀਅਨਸ਼ਿਪ ਵਿਚ, ਜੋ ਅੰਡਰ 14 ਸਾਲ ਗਰੁੱਪ ਵਿਚ ਪਹਿਲੀ ਵਾਰ ਕਰਵਾਈ ਜਾ ਰਹੀ ਹੈ,ਦੇ ਮੁਕਾਬਲੇ ਲੀਗ ਕਮ ਨਾਕ ਆਊਟ ਦੇ ਆਧਾਰ 'ਤੇ ਖੇਡੀ ਜਾਵੇਗੀ। ਇਸਦੇ ਫਾਈਨਲ ਮੁਕਾਬਲੇ 5 ਅਕਤੂਬਰ ਨੂੰ ਹੋਣਗੇ। ਸਬ ਜੂਨੀਅਰ ਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ 'ਚ ਸ਼ਾਮਿਲ ਹੋਣ ਵਾਲੀ ਪੰਜਾਬ ਦੀ ਟੀਮ ਜਲੰਧਰ, 1 ਅਕਤੂਬਰ - ਜੈਪੁਰ 'ਚ 10-14 ਅਕਤੂਬਰ ਤੱਕ ਸਬ-ਜੂਨੀਅਰ ਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ ਕਰਵਾਈ ਜਾਵੇਗੀ। ਇਸ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਵਾਲੀ ਸਬ-ਜੂਨੀਅਰ ਪੰਜਾਬ ਦੀ ਲੜਕੇ ਤੇ ਲੜਕੀਆਂ ਦੀ ਵਰਗ ਦੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਲੜਕੇ ਅੰਡਰ 16 ਸਾਲ ਵਰਗ ਵਿਚ ਕੰਵਲਦੀਪ ਸਿੰਘ, ਰਮਨਦੀਪ ਸਿੰਘ, ਚੰਨਪ੍ਰੀਤ ਸਿੰਘ, ਅੰਡਰ 13 ਸਾਲ ਵਰਗ ਵਿਚ ਕਸ਼ਿਸ਼, ਸਿਮਰਨਜੀਤ ਸਿੰਘ, ਅਯੂਸ਼ ਦੀ ਚੋਣ ਕੀਤੀ ਗਈ ਹੈ। ਲੜਕੀਆਂ ਦੇ ਅੰਡਰ 16 ਸਾਲ ਵਰਗ ਵਿਚ ਮੁਸਕਾਨ ਸੋਹੀ ਮਰੀਅਮ ਤੇ ਹਰਲਵਲੀਨ ਤੇ ਅੰਡਰ 13 ਸਾਲ ਵਰਗ ਵਿਚ ਮੁਕੇਸ਼ ਸੋਹੀ, ਅਦਿਤੀ ਮਹਾਜਨ, ਤਾਨੀਆ ਉਪਲ ਦੀ ਚੋਣ ਕੀਤੀ ਗਈ ਹੈ। ਲਵਲੀਨ ਕੁਮਾਰ ਨੂੰ ਟੀਮ ਦਾ ਮੈਨੇਜਰ ਤੇ ਹਰਜਿੰਦਰ ਸਿੰਘ ਨੂੰ ਕੋਚ ਨਿਯੁਕਤ ਕੀਤਾ ਗਿਆ ਹੈ।
|