Click here For English Version

SPORTS NEWS

May Sports News 2010

ਦੂਸਰਾ ਫੈਡਰੇਸ਼ਨ ਕੱਪ ਫੈਂਸਿੰਗ ਚੈਂਪੀਅਨਸ਼ਿਪ 5 ਤੋਂ

ਜਲੰਧਰ, 31 ਮਈ - ਦੂਜਾ ਫੈਡਰੇਸ਼ਨ ਕੱਪ ਫੈਂਸਿੰਗ ਚੈਂਪੀਅਨਸ਼ਿਪ ਮਰਦਾਂ ਤੇ ਔਰਤਾਂ ਦੇ ਵਰਗ ਵਿਚ 5 ਤੋਂ 7 ਜੂਨ ਤੱਕ ਮਲਟੀਪਰਪਜ਼ ਇੰਡੋਰ ਹਾਲ ਪੰਜਾਬੀ ਯੂਨੀਵਰਸਿਟੀ ਪਟਿਆ 'ਚ ਕਰਵਾਇਆ ਜਾ ਰਿਹਾ ਹੈ। ਇਸ ਕੱਪ ਵਿਚ 300 ਦੇ ਕਰੀਬ ਖਿਡਾਰੀ ਹਿੱਸਾ ਲੈ ਰਹੇ ਹਨ। ਇਸ ਕੱਪ ਵਿਚ ਸਰਵਿਸਿਜ਼, ਸ਼ਾਸਤਰ ਸੀਮਾ ਬਲ, ਏ ਪੀ, ਆਸਾਮ, ਬਿਹਾਰ, ਚੰਡੀਗੜ੍ਹ, ਦਿੱਲੀ, ਪੰਜਾਬ, ਜੰਮੂ-ਕਸ਼ਮੀਰ, ਰਾਜਸਥਾਨ, ਮਨੀਪੁਰ, ਕਰਨਾਟਕਾ, ਕੇਰਲਾ, ਐਮ. ਪੀ., ਛਤੀਸਗੜ੍ਹ, ਪਾਂਡੀਚਰੀ, ਤਾਮਿਲਨਾਡੂ, ਉੱਤਰਾਖੰਡ, ਮਹਾਰਾਸ਼ਟਰ, ਹਰਿਆਣਾ ਤੇ ਨਾਗਾਲੈਂਡ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ।

ਉਲੰਪੀਅਨ ਪ੍ਰਿਥੀਪਲ ਸਿੰਘ ਹਾਕੀ ਲੀਗ ਸਮਾਪਤ

ਲੁਧਿਆਣਾ, 30 ਮਈ  : ਜਰਖੜ ਦੇ ਮਾਤਾ ਸਾਹਿਬ ਕੌਰ ਸਟੇਡੀਅਮ ਵਿਚ ਉਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਲੀਗ ਕਰਵਾਈ ਗਈ। ਜੂਨੀਅਰ ਵਰਗ ਵਿਚ ਮਾਤਾ ਸਾਹਿਬ ਕੌਰ ਜਰਖੜ ਅਕੈਡਮੀ ਨੇ ਅਤੇ ਸੀਨੀਅਰ ਵਰਗ ਵਿਚ ਫਰੈਂਡਜ਼ ਕਲੱਬ ਦੋਰਾਹਾ ਨੇ ਖਿਤਾਬੀ ਜਿੱਤਾਂ ਪ੍ਰਾਪਤ ਕੀਤੀਆਂ। ਜੂਨੀਅਰ ਵਰਗ ਦੇ ਫਾਈਨਲ ਮੁਕਾਬਲੇ ਵਿਚ ਜਰਖੜ ਅਕੈਡਮੀ ਨੇ ਮਾਲਵਾ ਅਕੈਡਮੀ ਲੁਧਿਆਣਾ ਨੂੰ 3-1 ਨਾਲ ਹਰਾਇਆ ਅਤੇ ਚੈਂਪੀਅਨਸ਼ਿਪ 'ਤੇ ਆਪਣਾ ਕਬਜ਼ਾ ਕੀਤਾ। ਇਸ ਤੋਂ ਪਹਿਲਾ ਸਪੋਰਟਸ ਐਕਸੀਲੈਂਸ ਸੈਂਟਰ ਲੁਧਿਆਣਾ ਨੇ ਗਰੇਵਾਲ ਅਕੈਡਮੀ ਕਿਲ੍ਹਾ ਰਾਏਪੁਰ ਨੂੰ 2-1 ਨਾਲ ਹਰਾ ਕੇ ਤੀਜਾ ਦਰਜਾ ਹਾਸਲ ਕੀਤਾ। ਸੀਨੀਅਰ ਵਰਗ ਵਿਚ ਫਰੈਂਡਜ਼ ਕਲੱਬ ਦੋਰਾਹਾ ਨੇ ਲਖਵੀਰ ਇਲੈਵਨ ਜਰਖੜ ਨੂੰ 4-2 ਨਾਲ ਹਰਾਇਆ।

ਟਰੈਕਟਰਾਂ ਦੀਆਂ ਦੌੜਾਂ 'ਚ ਸੁੱਖੇ ਦੀ ਝੰਡੀ ਰਹੀ

ਨਸਰਾਲਾ, 30 ਮਈ - ਪਿੰਡ ਰਾਮਨਗਰ ਢੈਹਾਂ ਵਿਖੇ ਟਰੈਕਟਰਾਂ ਦੀਆਂ ਦੌੜਾਂ ਕਰਵਾਈਆਂ ਗਈਆਂ। ਟਰੈਕਟਰ ਦੌੜ ਦੇ ਪਹਿਲੇ ਨੰਬਰ 'ਤੇ ਆਉਣ ਵਾਲੇ ਜੋਹਨ ਡੀਅਰ ਟ੍ਰੈਕਟਰ ਦੇ ਮਾਲਕ ਸ: ਸੁਖਚੈਨ ਸਿੰਘ ਸੁੱਖਾ ਦਾ 15000 ਰੁਪਏ ਨਕਦ ਤੇ ਟਰਾਫੀ ਦੇ ਨਾਲ ਸਨਮਾਨ ਕੀਤਾ। ਦੂਸਰੇ ਨੰਬਰ ਦੇ ਦੋ ਹੱਕਦਾਰ ਪਿੰਦਰ ਮਹਿਲ ਖੁਰਦ ਬਰਨਾਲਾ ਟ੍ਰੈਕਟਰ ਸਵਰਾਜ, ਗੁਰਪ੍ਰੀਤ ਸਿੰਘ ਮਹਿਲ ਕਲਾਂ ਬਰਨਾਲਾ ਟ੍ਰੈਕਟਰ ਸਵਰਾਜ ਨੂੰ 10-10 ਹਜ਼ਾਰ ਰੁਪਏ ਨਕਦ ਤੇ ਟਰਾਫੀਆਂ ਨਾਲ ਸਨਮਾਨਿਆ। ਬਜ਼ੁਰਗਾਂ ਦੀ ਦੌੜ 'ਚ ਜੇਤੂ ਅਵਤਾਰ ਸਿੰਘ ਢੈਹਾਂ ਦਾ 1100 ਰੁਪਏ ਨਕਦ ਤੇ ਸਿਰਪਾਓ ਦੇ ਨਾਲ ਸਨਮਾਨ ਕੀਤਾ।

ਪੰਜਵਾਂ ਪੰਜਾਬ ਵੁਸ਼ੂ ਐਸੋਸੀਏਸ਼ਨ ਕੱਪ 3 ਤੋਂ

ਜਲੰਧਰ, 26 ਮਈ - ਹੁਸ਼ਿਆਰਪੁਰ ਦੇ ਮਾਤਾ ਸਾਹਿਬ ਕੌਰ ਕਾਲਜ ਟਾਂਡਾ ਵਿਖੇ 3 ਤੋਂ 6 ਜੂਨ ਤੱਕ ਪੰਜਵਾਂ ਪੰਜਾਬ ਵੁਸ਼ੂ ਐਸੋਸੀਏਸ਼ਨ ਕੱਪ ਕਰਵਾਇਆ ਜਾ ਰਿਹਾ ਹੈ। ਇਹ ਕੱਪ ਸਬ ਜੂਨੀਅਰ-ਜੂਨੀਅਰ ਤੇ ਸੀਨੀਅਰ ਲੜਕੇ ਤੇ ਲੜਕੀਆਂ ਦੇ ਵਰਗ ਵਿਚ ਕਰਵਾਇਆ ਜਾਵੇਗਾ। ਇਸ ਕੱਪ ਦੇ ਵਿਚ 15 ਜ਼ਿਲ੍ਹਿਆਂ ਦੇ ਲਗਭਗ 75 ਖਿਡਾਰੀ ਹਿੱਸਾ ਲੈ ਰਹੇ ਹਨ। ਜੇਤੂ ਟੀਮਾਂ ਨੂੰ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਤੇ ਇਸ ਵਿਚੋਂ ਸਬ ਜੂਨੀਅਰ ਨੈਸ਼ਨਲ ਵੁਸ਼ੂ ਚੈਂਪੀਅਨਸ਼ਿਪ ਲਈ ਪੰਜਾਬ ਟੀਮ ਦੀ ਚੋਣ ਕੀਤੀ ਜਾਵੇਗੀ।

ਜੰਡ 'ਚ ਕਬੱਡੀ ਲਈ ਮੁਫ਼ਤ ਕੋਚਿੰਗ ਸੈਂਟਰ ਖੁੱਲ੍ਹਿਆ

ਮੁੱਲਾਂਪੁਰ ਦਾਖਾ, 26 ਮਈ - ਕਬੱਡੀ ਖਿਡਾਰੀਆਂ ਲਈ ਪਿੰਡ ਜੰਡ ਬਲਾਕ ਪੱਖੋਵਾਲ (ਲੁਧਿਆਣਾ) 'ਚ ਕਬੱਡੀ ਸੈਂਟਰ ਖੋਲ੍ਹਿਆ ਗਿਆ ਹੈ। ਜਿਸ ਵਿਚ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਨਾਮਵਾਰ ਕਬੱਡੀ ਜਾਫ਼ੀ ਬਾਜ਼ੀ ਕੈਨੇਡਾ ਤੋਂ ਕਬੱਡੀ ਦੇ ਗੁਣ ਗ੍ਰਹਿਣ ਕਰਨਗੇ। ਜੰਡ ਸੈਂਟਰ ਵਿਚ ਕੋਚਿੰਗ ਲੈਣ ਵਾਲੇ ਹਰ ਕਬੱਡੀ ਖਿਡਾਰੀ ਨੂੰ ਮੁਫ਼ਤ ਕੋਚਿੰਗ ਦੇ ਨਾਲ ਉਸ ਦੀ ਖੁਰਾਕ ਅਤੇ ਪ੍ਰੈਕਟਿਸ ਵਾਲ ਵਧੇਰੇ ਧਿਆਨ ਦਿੱਤਾ ਜਾਂਦਾ ਹੈ। ਬਾਜ਼ੀ ਜੰਡ ਨੇ ਸਕੂਲ ਪੱਧਰ, ਓਪਰ ਸਟੇਟ, ਨੈਸ਼ਨਲ ਕਬੱਡੀ ਖੇਡਣ ਵਾਲੇ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਕੋਚਿੰਗ ਲੈਣ ਦੀ ਇੱਛਾ ਰੱਖਦੇ ਹੋਣ ਤਾਂ ਉਹ ਉਨ੍ਹਾਂ ਨਾਲ ਜਾਂ ਜੰਡ ਕਬੱਡੀ ਸੈਂਟਰ ਦੇ ਸਹਾਇਕ ਕੋਚ ਐਮ. ਪੀ. ਐਡ. ਗੁਰਜੀਤ ਸਿੰਘ ਨਾਲ ਸੰਪਰਕ ਕਰ ਸਕਦੇ ਹਨ।

ਚੰਡੀਗੜ੍ਹ ਹਾਕੀ ਅਕੈਡਮੀ ਦੀ ਟੀਮ ਅੱਵਲ

ਚੰਡੀਗੜ੍ਹ, 25 ਮਈ - ਚੰਡੀਗੜ੍ਹ ਸਟੇਟ ਹਾਕੀ ਚੈਂਪੀਅਨਸ਼ਿਪ ਚੰਡੀਗੜ੍ਹ ਦੇ ਹਾਕੀ ਸਟੇਡੀਅਮ ਵਿਚ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿਚ ਚੰਡੀਗੜ੍ਹ ਹਾਕੀ ਅਕੈਡਮੀ ਦੀ ਟੀਮ ਚੈਂਪੀਅਨ ਬਣੀ। ਫਾਈਨਲ ਮੁਕਾਬਲੇ ਵਿਚ ਚੰਡੀਗੜ੍ਹ ਹਾਕੀ ਅਕੈਡਮੀ ਦੀ ਟੀਮ ਨੇ ਡੀ.ਏ.ਵੀ. ਅਕੈਡਮੀ ਦੀ ਟੀਮ ਨੂੰ 2-1 ਗੋਲਾਂ ਦੇ ਫ਼ਰਕ ਨਾਲ ਪਛਾੜਿਆ।

ਯੂਥ ਉਲੰਪਿਕ ਦੇ ਕੁਆਲੀਫਾਈ ਮੁਕਾਬਲਿਆਂ 'ਚ ਚੁਣੇ ਗਏ ਪੰਜ ਭਾਰਤੀ

ਪਟਿਆਲਾ, 25 ਮਈ - ਸਿੰਗਾਪੁਰ 'ਚ ਪਹਿਲੀਆਂ ਯੂਥ ਉਲੰਪਿਕ ਖੇਡਾਂ ਲਈ ਏਸ਼ੀਅਨ ਖੇਤਰ ਦੇ ਕੁਆਲੀਫਾਇੰਗ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਪੰਜ ਭਾਰਤੀ ਐਥਲੀਟ ਦੁਰਗੇਸ਼ ਕੁਮਾਰ ਪਾਲ, ਅਰਜੁਨ, ਇੰਦਰਜੀਤ ਪਟੇਲ, ਕੁਲਦੀਪ ਤੇ ਖੁਸ਼ਬੀਰ ਕੌਰ ਨੇ ਜਿੱਤਣ ਦਾ ਮਾਣ ਹਾਸਲ ਕੀਤਾ ਹੈ। ਸਿੰਗਾਪੁਰ 'ਚ ਹੋਏ ਕੁਆਲੀਫਾਇੰਗ ਟੂਰਨਾਮੈਂਟ 'ਚ 19 ਭਾਰਤੀ ਅਥਲੀਟਾਂ ਨੇ ਹਿੱਸਾ ਲਿਆ, ਜਿਨ੍ਹਾਂ ਨੇ 3 ਸੋਨ, 1 ਚਾਂਦੀ ਤੇ 5 ਕਾਂਸੀ ਦੇ ਤਗਮੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ। ਇਨ੍ਹਾਂ 'ਚੋਂ ਪੰਜ ਖਿਡਾਰੀਆਂ ਨੇ 14 ਤੋਂ 25 ਅਗਸਤ 2010 ਤੱਕ ਹੋਣ ਵਾਲੀਆਂ ਯੂਥ ਉਲੰਪਿਕ ਖੇਡਾਂ ਲਈ ਕੁਆਲੀਫਾਈ ਕੀਤਾ, ਜਿਨ੍ਹਾਂ 'ਚ ਦੁਰਗੇਸ਼ ਕੁਮਾਰ ਪਾਲ ਨੇ 400 ਮੀਟਰ ਅੜਿੱਕਾ ਦੌੜ 'ਚ 52.04 ਸਕਿੰਟ ਦਾ ਸਮਾਂ ਲੈ ਕੇ ਸੋਨ ਤਗਮਾ, ਅਰਜੁਨ ਨੇ ਡਿਸਕਸ ਸੁੱਟਣ 'ਚ 63.97 ਮੀਟਰ ਥਰੋਅ ਕਰਕੇ ਸੋਨ ਤਗਮਾ, ਇੰਦਰਜੀਤ ਪਟੇਲ ਨੇ 3000 ਮੀਟਰ ਦੌੜ 'ਚ 8:16:26 ਮਿੰਟ ਦਾ ਸਮਾਂ ਲੈ ਕੇ ਸੋਨ, ਕੁਲਦੀਪ ਨੇ 10 ਹਜ਼ਾਰ ਮੀਟਰ ਪੈਦਲ ਚਾਲ 'ਚ 51:39:34 ਮਿੰਟ ਦਾ ਸਮਾਂ ਲੈ ਕੇ ਕਾਂਸੀ ਅਤੇ ਖੁਸ਼ਬੀਰ ਕੌਰ ਨੇ 5000 ਮੀਟਰ ਪੈਦਲ ਚਾਲ ਮੁਕਾਬਲੇ 'ਚ ਹੀ 25:58:37 ਮਿੰਟ ਦਾ ਸਮਾਂ ਲੈ ਕੇ ਚਾਂਦੀ ਦਾ ਤਗਮਾ ਜਿੱਤਣ ਦੇ ਨਾਲ ਨਾਲ ਉਲੰਪਿਕ 'ਚ ਤਿਰੰਗੇ ਦੀ ਸ਼ਾਨ ਵਧਾਉਣ ਦਾ ਮਾਣ ਹਾਸਲ ਕੀਤਾ।

ਰਾਸ਼ਟਰ ਮੰਡਲ ਖੇਡਾਂ 4 ਅਕਤੂਬਰ ਤੋਂ

ਲੁਧਿਆਣਾ, 24 ਮਈ - ਨਵੀਂ ਦਿੱਲੀ 'ਚ 4 ਤੋਂ 14 ਅਕਤੂਬਰ ਤੱਕ ਰਾਸ਼ਟਰ ਮੰਡਲ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਵਿਚ ਮੇਜ਼ਬਾਨ ਭਾਰਤ ਦਾ ਮਰਦਾਂ ਦੇ ਵਰਗ ਵਿਚ ਮੁਢਲਾ ਹਾਕੀ ਮੁਕਾਬਲਾ ਮਲੇਸ਼ੀਆ ਨਾਲ ਹੋਵੇਗਾ, ਜਦਕਿ ਔਰਤਾਂ ਦੇ ਵਰਗ ਵਿਚ ਭਾਰਤੀ ਟੀਮ ਸਕਾਟਲੈਂਡ ਵਿਰੁੱਧ ਆਪਣੀ ਸ਼ੁਰੂਆਤ ਕਰੇਗੀ। ਇਹ ਮੈਚ ਧਿਆਨ ਚੰਦ ਹਾਕੀ ਸਟੇਡੀਅਮ ਵਿਚ ਦੋ ਪਿੱਚਾਂ ਉਪਰ ਹੋਣਗੇ। ਦੋਹਾਂ ਵਰਗਾਂ ਵਿਚ 10-10 ਮੁਲਕਾਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਮਰਦਾਂ ਦੇ ਵਰਗ ਵਿਚ ਭਾਰਤੀ ਟੀਮ ਨੂੰ ਕਾਫੀ ਔਖੇ ਪੂਲ ਦਾ ਸਾਹਮਣਾ ਕਰਨਾ ਪਵੇਗਾ। ਭਾਰਤ ਨੂੰ ਪੂਲ ਏ ਵਿਚ ਵਿਸ਼ਵ ਚੈਂਪੀਅਨ ਆਸਟ੍ਰੇਲੀਆ, ਪਾਕਿਸਤਾਨ, ਮਲੇਸ਼ੀਆ, ਸਕਾਟਲੈਂਡ ਨਾਲ ਰੱਖਿਆ ਗਿਆ ਹੈ। ਪੂਲ ਬੀ ਵਿਚ ਇੰਗਲੈਂਡ, ਨਿਊਜ਼ੀਲੈਂਡ, ਕੈਨੇਡਾ, ਦੱਖਣੀ ਅਫਰੀਕਾ, ਤ੍ਰਿਨੀਦਾਦ ਤੇ ਟੋਬਾਗੋ ਖੇਡਣਗੀਆਂ। ਔਰਤਾਂ ਦੇ ਵਰਗ ਵਿਚ ਪੂਲ ਏ ਵਿਚ ਆਸਟ੍ਰੇਲੀਆ, ਦੱਖਣੀ ਅਫਰੀਕਾ, ਸਕਾਟਲੈਂਡ, ਤ੍ਰਿਨੀਦਾਦ ਤੇ ਟੋਬਾਗੋ ਅਤੇ ਮੇਜ਼ਬਾਨ ਭਾਰਤ ਨੂੰ ਰੱਖਿਆ ਗਿਆ ਹੈ। ਪੂਲ ਬੀ ਵਿਚ ਇੰਗਲੈਂਡ, ਕੈਨੇਡਾ, ਨਿਊਜ਼ੀਲੈਂਡ, ਮਲੇਸ਼ੀਆ, ਵੇਲਜ਼ ਨੂੰ ਰੱਖਿਆ ਹੈ। ਔਰਤਾਂ ਦੇ ਮੁਕਾਬਲੇ 4 ਅਕਤੂਬਰ ਤੋਂ ਸ਼ੁਰੂ ਹੋਣਗੇ, ਜਦਕਿ ਮਰਦਾਂ ਦੇ ਮੁਕਾਬਲੇ 5 ਅਕਤੂਬਰ ਤੋਂ ਸ਼ੁਰੂ ਹੋਣਗੇ।
ਮਰਦਾਂ ਦੇ ਮੈਚਾਂ ਦਾ ਪ੍ਰੋਗਰਾਮ :
5 ਅਕਤੂਬਰ : ਪਾਕਿਸਤਾਨ ਬਨਾਮ ਸਕਾਟਲੈਂਡ 10.30 ਵਜੇ, ਨਿਊਜ਼ੀਲੈਂਡ ਬਨਾਮ ਤ੍ਰਿਨੀਦਾਦ ਤੇ ਟੋਬਾਗੋ 2 ਵਜੇ ਕੈਨੇਡਾ ਬਨਾਮ ਦੱਖਣੀ ਅਫਰੀਕਾ 4.30 ਵਜੇ, ਭਾਰਤ ਬਨਾਮ ਮਲੇਸ਼ੀਆ 7 ਵਜੇ ।
6 ਅਕਤੂਬਰ : ਆਸਟ੍ਰੇਲੀਆ ਬਨਾਮ ਸਕਾਟਲੈਂਡ ਸਵੇਰੇ 8.30 ਵਜੇ, ਇੰਗਲੈਂਡ ਬਨਾਮ ਤ੍ਰਿਨੀਦਾਦ ਟੋਬਾਗੋ ਸਵੇਰੇ 3.30 ਵਜੇ, ਨਿਊਜ਼ੀਲੈਂਡ ਬਨਾਮ ਦੱਖਣੀ ਅਫਰੀਕਾ 6.30 ਵਜੇ, ਪਾਕਿਸਤਾਨ ਬਨਾਮ ਮਲੇਸ਼ੀਆ 8.30 ਵਜੇ।
7 ਅਕਤੂਬਰ : ਭਾਰਤ ਬਨਾਮ ਆਸਟ੍ਰੇਲੀਆ 4 ਵਜੇ, ਕੈਨੇਡਾ ਬਨਾਮ ਇੰਗਲੈਂਡ 6 ਵਜੇ।
8 ਅਕਤੂਬਰ : ਦੱਖਣੀ ਅਫਰੀਕਾ ਬਨਾਮ ਤ੍ਰਿਨੀਦਾਦ ਟੋਬਾਗੋ 3.30 ਵਜੇ, ਮਲੇਸ਼ੀਆ ਬਨਾਮ ਸਕਾਟਲੈਂਡ ਰਾਤ 8.30 ਵਜੇ।
9 ਅਕਤੂਬਰ : ਇੰਗਲੈਂਡ ਬਨਾਮ ਨਿਊਜ਼ੀਲੈਂਡ ਸਵੇਰੇ 8.30 ਵਜੇ, ਪਾਕਿਸਤਾਨ ਬਨਾਮ ਆਸਟ੍ਰੇਲੀਆ 10.30 ਵਜੇ, ਤ੍ਰਿਨੀਦਾਦ ਟੋਬਾਗੋ ਬਨਾਮ ਕੈਨੇਡਾ 4 ਵਜੇ, ਭਾਰਤ ਬਨਾਮ ਸਕਾਟਲੈਂਡ 7 ਵਜੇ।
10 ਅਕਤੂਬਰ : ਇੰਗਲੈਂਡ ਬਨਾਮ ਦੱਖਣੀ ਅਫਰੀਕਾ 12 ਵਜੇ, ਨਿਊਜ਼ੀਲੈਂਡ ਬਨਾਮ ਕਨੇਡਾ 2 ਵਜੇ, ਆਸਟ੍ਰੇਲੀਆ ਬਨਾਮ ਮਲੇਸ਼ੀਆ 4.30 ਵਜੇ, ਪਾਕਿਸਤਾਨ ਬਨਾਮ ਭਾਰਤ 7 ਵਜੇ।
ਸੈਮੀਫਾਈਨਲ ਮੁਕਾਬਲੇ 12 ਅਕਤੂਬਰ ਨੂੰ ਕਰਵਾਏ ਜਾਣਗੇ ਅਤੇ ਫਾਈਨਲ 14 ਅਕਤੂਬਰ ਨੂੰ ਖੇਡਿਆ ਜਾਵੇਗਾ।
ਔਰਤਾਂ ਦੇ ਮੈਚਾਂ ਦਾ ਵੇਰਵਾ :
4 ਅਕਤੂਬਰ : ਨਿਊਜ਼ੀਲੈਂਡ ਬਨਾਮ ਵੇਲਜ਼ 10.30 ਵਜੇ, ਦੱਖਣੀ ਅਫਰੀਕਾ ਬਨਾਮ ਤ੍ਰਿਨੀਦਾਦ ਟੋਬਾਗੋ 1 ਵਜੇ, ਕੈਨੇਡਾ ਬਨਾਮ ਮਲੇਸ਼ੀਆ 4 ਵਜੇ, ਭਾਰਤ ਬਨਾਮ ਸਕਾਟਲੈਂਡ ਸ਼ਾਮ 6 ਵਜੇ।
5 ਅਕਤੂਬਰ : ਇੰਗਲੈਂਡ ਬਨਾਮ ਵੇਲਜ਼ ਸਵੇਰੇ 8.30 ਵਜੇ, ਆਸਟ੍ਰੇਲੀਆ ਬਨਾਮ ਤ੍ਰਿਨੀਦਾਦ ਟੋਬਾਗੋ 1 ਵਜੇ, ਨਿਊਜ਼ੀਲੈਂਡ ਬਨਾਮ ਮਲੇਸ਼ੀਆ 4 ਵਜੇ, ਦੱਖਣੀ ਅਫਰੀਕਾ ਬਨਾਮ ਸਕਾਟਲੈਂਡ ਰਾਤ 9 ਵਜੇ।
6 ਅਕਤੂਬਰ : ਕੈਨੇਡਾ ਬਨਾਮ ਇੰਗਲੈਂਡ ਸਵੇਰੇ 11 ਵਜੇ, ਭਾਰਤ ਬਨਾਮ ਆਸਟ੍ਰੇਲੀਆ 1.30 ਵਜੇ।
7 ਅਕਤੂਬਰ : ਸਕਾਟਲੈਂਡ ਬਨਾਮ ਤ੍ਰਿਨੀਦਾਦ ਟੋਬਾਗੋ ਸਵੇਰੇ 11 ਵਜੇ, ਮਲੇਸ਼ੀਆ ਬਨਾਮ ਵੇਲਜ਼ ਦੁਪਹਿਰੇ 1 ਵਜੇ।
8 ਅਕਤੂਬਰ : ਦੱਖਣੀ ਅਫਰੀਕਾ ਬਨਾਮ ਆਸਟ੍ਰੇਲੀਆ ਸਵੇਰੇ 8.30 ਵਜੇ, ਭਾਰਤ ਬਨਾਮ ਤ੍ਰਿਨੀਦਾਦ ਟੋਬਾਗੋ ਸਵੇਰੇ 10.30 ਵਜੇ, ਨਿਊਜ਼ੀਲੈਂਡ ਬਨਾਮ ਇੰਗਲੈਂਡ 1.30 ਵਜੇ, ਕੈਨੇਡਾ ਬਨਾਮ ਵੇਲਜ਼ ਸ਼ਾਮ 6.30 ਵਜੇ।
9 ਅਕਤੂਬਰ : ਆਸਟ੍ਰੇਲੀਆ ਬਨਾਮ ਸਕਾਟਲੈਂਡ 1.30 ਵਜੇ, ਇੰਗਲੈਂਡ ਬਨਾਮ ਮਲੇਸ਼ੀਆ 2 ਵਜੇ, ਨਿਊਜ਼ੀਲੈਂਡ ਬਨਾਮ ਕੈਨੇਡਾ 4.30 ਵਜੇ, ਦੱਖਣੀ ਅਫਰੀਕਾ ਬਨਾਮ ਭਾਰਤ ਰਾਤ 9 ਵਜੇ।
ਔਰਤਾਂ ਦੇ ਸੈਮੀਫਾਈਨਲ ਮੈਚ 11 ਅਕਤੂਬਰ ਨੂੰ ਅਤੇ ਫਾਈਨਲ ਮੈਚ 13 ਅਕਤੂਬਰ ਨੂੰ ਖੇਡਿਆ ਜਾਵੇਗਾ।

ਆਲ ਇੰਡੀਆ ਸਬ-ਜੂਨੀਅਰ ਨੈੱਟਬਾਲ ਚੈਂਪੀਅਨਸ਼ਿਪ 'ਚ ਪੰਜਾਬ ਜੇਤੂ

ਗੁਰਦਾਸਪੁਰ, 24 ਮਈ - 16ਵੀਂ ਆਲ ਇੰਡੀਆ ਨੈਟਬਾਲ ਸਬ ਜੂਨੀਅਰ ਚੈਂਪੀਅਨਸ਼ਿਪ ਹਿਮਾਚਲ'ਚ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿਚ ਪੰਜਾਬ ਦੀ ਟੀਮ ਨੇ ਚੰਡੀਗੜ੍ਹ ਨੂੰ ਹਰਾਇਆ। ਇਸ ਵਿਚ ਭਾਰਤ ਭਰ 'ਚੋਂ 16 ਸਾਲ (ਲੜਕੇ) ਦੀਆਂ 20 ਟੀਮਾਂ ਨੇ ਭਾਗ ਲਿਆ। ਪੰਜਾਬ ਦੀ ਲੜਕਿਆਂ ਦੀ ਟੀਮ ਵਿਚ ਸਾਰੇ ਹੀ ਖਿਡਾਰੀ ਗੁਰੂ ਰਾਮਦਾਸ ਅਕੈਡਮੀ ਔਜਲਾ (ਗੁਰਦਾਸਪੁਰ) ਦੇ ਹਨ।

ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ 'ਚ ਸ਼ਾਮਿਲ ਹੋਣ ਵਾਲੀ ਭਾਰਤੀ ਟੀਮ

ਪਟਿਆਲਾ, 20 ਮਈ - ਏਸ਼ੀਅਨ ਜੂਨੀਅਰ ਕੁਸ਼ਤੀ ਚੈਂਪੀਅਨਸ਼ਿਪ 10 ਤੋਂ 12 ਜੂਨ ਤੱਕ ਚੀਨ ਵਿਚ ਕਰਵਾਈ ਜਾ ਰਹੀ ਹੈ। ਇਸ ਕੁਸ਼ਤੀ ਚੈਂਪੀਅਨਸ਼ਿਪ ਲਈ ਭਾਰਤੀ ਮਹਿਲਾ ਟੀਮ ਚੁਣ ਲਈ ਗਈ ਹੈ। ਕੌਮੀ ਟੀਮ ਲਈ ਕਵਿਤਾ ਉੱਤਰ ਪ੍ਰਦੇਸ਼ 99 ਕਿਲੋ, ਸੁਮੇਸ਼ ਹਰਿਆਣਾ 48 ਕਿਲੋ, ਪ੍ਰਿਯੰਕਾ 51 ਹਰਿਆਣਾ, ਰਿਤੂ ਮਲਿਕ ਹਰਿਆਣਾ 55 ਕਿਲੋ, ਸਾਕਸ਼ੀ ਮਲਿਕ ਹਰਿਆਣਾ 59 ਕਿਲੋ, ਸੋਨੀਆ ਮੋਰ ਹਰਿਆਣਾ 63 ਕਿਲੋ, ਆਸੂ ਤੋਮਰ ਉਤਰ ਪ੍ਰਦੇਸ਼ 67 ਕਿਲੋ, ਨਿੱਕੀ ਹਰਿਆਣਾ 72 ਕਿਲੋ ਸ਼ਾਮਲ ਕੀਤੀਆਂ ਗਈਆਂ ਹਨ। ਇਸ ਟੀਮ ਨਾਲ ਕੋਚ ਵਜੋਂ ਰਮਨ ਕੁਮਾਰ, ਰਮਨਾ ਚਾਨੂੰ ਤੇ ਸ਼ਿਖਾ ਤ੍ਰਿਪਾਠੀ, ਮਜਾਸਰ ਵਜੋਂ ਲਖਵਿੰਦਰ ਕੌਰ ਨੂੰ ਨਿਯੁਕਤ ਕੀਤਾ ਗਿਆ ਹੈ।

ਵਿਸ਼ਵ ਟੀਮ ਟੇਬਲ ਟੈਨਿਸ ਚੈਂਪੀਅਨਸ਼ਿਪ 'ਚ ਭਾਰਤ ਮੋਹਰੀ

ਨਵੀਂ ਦਿੱਲੀ, 24 ਮਈ - ਵਿਸ਼ਵ ਟੀਮ ਟੇਬਲ ਟੈਨਿਸ ਚੈਂਪੀਅਨਸ਼ਿਪ ਮਾਸਕੋ ਵਿਚ ਚੱਲ ਰਹੀ ਹੈ। ਇਸ ਚੈਂਪੀਅਨਸ਼ਿਪ ਵਿਚ ਭਾਰਤੀ ਪੁਰਸ਼ ਟੀਮ ਨੇ ਲਗਾਤਾਰ ਦੂਜੀ ਜਿੱਤ ਪ੍ਰਾਪਤ ਕੀਤੀ ਹੈ ਪਰ ਮਹਿਲਾ ਟੀਮ ਦਾ ਲੱਚਰ ਪ੍ਰਦਰਸ਼ਨ ਜਾਰੀ ਰਿਹਾ। ਭਾਰਤੀ ਪੁਰਸ਼ ਟੀਮ ਨੇ ਆਪਣੇ ਦੂਸਰੇ ਮੈਚ ਵਿਚ ਕੈਨੇਡਾ ਨੂੰ 3-0 ਨਾਲ ਹਰਾਇਆ ਪਰੰਤੂ ਮਹਿਲਾ ਟੀਮ ਮਲੇਸ਼ੀਆ ਤੋਂ 1-3 ਨਾਲ ਹਾਰ ਗਈ। ਵਿਸ਼ਵ 'ਚ 70ਵੇਂ ਨੰਬਰ ਦੇ ਕਮਲ ਨੇ ਪਿਅਰੇ ਲੁੱਕ ਹਿੰਸੇ ਨੂੰ ਆਸਾਨੀ ਨਾਲ 3-1 ਨਾਲ ਹਰਾਇਆ ਜਦਕਿ ਸੌਮਏਦੀਪ ਰਾਏ ਨੇ ਪ੍ਰਾਦੀਬਨ ਪੀਟਰ ਪਾਲ ਨੂੰ 3-2 ਨਾਲ ਅਤੇ ਸਾਬਕਾ ਰਾਸ਼ਟਰੀ ਚੈਂਪੀਅਨ ਸ਼ੁਭਾਜੀਤ ਸਾਹਾ ਨੇ ਪਿਅਰੇ ਲੁੱਕ ਥੈਰਾਲਟ ਨੂੰ 3-0 ਨਾਲ ਹਰਾਇਆ। ਮਹਿਲਾ ਵਰਗ ਵਿਚ ਰਾਸ਼ਟਰੀ ਚੈਂਪੀਅਨ ਪੋਲੋਮੀ ਘਟਕ ਨੇ ਸੂ ਜਿਨ ਚਿਊ ਨੂੂੰ 3-0 ਨਾਲ ਹਰਾਇਆ ਪਰੰਤੂ ਉਸ ਨੂੰ ਹੋਰਨਾਂ ਖਿਡਾਰਨਾਂ ਦੀ ਮਦਦ ਨਹੀਂ ਮਿਲੀ। ਮੌਮਾ ਦਾਸ ਪਹਿਲੇ ਮੈਚ 'ਚ ਸੋਕ ਖਿਮ ਤੋਂ ਹਾਰ ਗਈ ਅਤੇ ਫਿਰ ਉਸੇ ਨੂੰ ਹੀ ਲੀ ਵੀ ਬੇਹ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਸਾਬਕਾ ਭਾਰਤੀ ਨੰਬਰ ਇਕ ਕੁਮਾਰਸੇਨ ਸ਼ਾਮਿਨੀ ਨੂੰ ਲੀ ਵੀ ਬੇਹ ਹੱਥੋਂ ਹਾਰ ਝੱਲਣੀ ਪਈ। ਭਾਰਤੀ ਪੁਰਸ਼ ਟੀਮ ਨੇ ਪਹਿਲੇ ਦਿਨ ਬੋਸਨੀਆ ਹਰਜ਼ੇਗੋਵੀਨਾ ਨੂੰ 3-2 ਨਾਲ ਹਰਾਇਆ ਸੀ ਜਦਕਿ ਮਹਿਲਾ ਟੀਮ ਡੈਨਮਾਰਕ ਤੋਂ 2-3 ਨਾਲ ਹਾਰ ਗਈ ਸੀ। ਪੁਰਸ਼ ਟੀਮ ਕੱਲ੍ਹ ਅਰਜਨਟੀਨਾ ਜਦਕਿ ਮਹਿਲਾ ਟੀਮ ਤੁਰਕੀ ਨਾਲ ਭਿੜੇਗੀ।

37ਵੇਂ ਸੂਬਾ ਪੱਧਰੀ ਬਾਸਕਿਟਬਾਲ ਮੁਕਾਬਲੇ ਸਮਾਪਤ

ਭਗਤਾ ਭਾਈਕਾ, 23 ਮਈ - 37ਵਾਂ ਡੇ-ਨਾਈਟ ਪੰਜਾਬ ਪੱਧਰੀ ਓਪਨ ਬਾਸਕਿਟਬਾਲ ਟੂਰਨਾਮੈਂਟ ਭਗਤਾ ਭਾਈਕਾ ਦੇ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ ਦੀਆਂ ਗਰਾਊਂਡਾਂ 'ਚ ਕਰਵਾਇਆ ਗਿਆ। ਇਸ ਟੂਰਨਾਮੈਂਟ ਦੌਰਾਨ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਲੜਕੇ-ਲੜਕੀਆਂ ਦੀਆਂ ਬਾਸਕਟਬਾਲ ਅੰਡਰ-14 ਦੀਆਂ 36 ਟੀਮਾਂ ਨੇ ਭਾਗ ਲਿਆ। ਇਸ ਟੂਰਨਾਮੈਂਟ ਵਿਚ 36 ਟੀਮਾਂ ਦੇ ਜ਼ਬਰਦਸਤ ਮੁਕਾਬਲਿਆਂ ਉਪਰੰਤ ਲੜਕਿਆਂ ਵਿਚੋਂ ਮੁਕਤਸਰ ਅਤੇ ਬਠਿੰਡਾ, ਲੜਕੀਆਂ ਦੀਆਂ ਟੀਮਾਂ ਵਿਚੋਂ ਗੁਰਦਾਸਪੁਰ ਅਤੇ ਲੁਧਿਆਣਾ ਦੀਆਂ ਟੀਮਾਂ ਨੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਫਾਈਨਲ ਮੁਕਾਬਲੇ ਦੌਰਾਨ ਗੁਰਦਾਸਪੁਰ ਦੀਆਂ ਲੜਕੀਆਂ ਨੇ 10 ਅੰਕਾਂ ਦੇ ਫ਼ਰਕ ਨਾਲ ਲੁਧਿਆਣਾ ਦੀ ਟੀਮ ਨੂੰ ਮਾਤ ਦਿੱਤੀ ਅਤੇ ਲੜਕਿਆਂ ਦੀ ਬਠਿੰਡਾ ਟੀਮ ਨੇ ਮੁਕਤਸਰ ਦੀ ਟੀਮ ਨੂੰ 15 ਅੰਕਾਂ ਨਾਲ ਹਰਾ ਕੇ ਜਿੱਤ ਦਾ ਤਾਜ ਹਾਸਲ ਕੀਤਾ। ਇਸ ਟੂਰਨਾਮੈਂਟ ਵਿਚ ਲੜਕਿਆਂ ਦੀ ਪਹਿਲੇ ਤੇ ਦੂਜੇ ਨੰਬਰ 'ਤੇ ਆਉਣ ਵਾਲੀ ਟੀਮ ਨੂੰ 51-51 ਸੌ ਰੁਪਏ, ਡਾ: ਪ੍ਰਨੀਤ ਕੌਰ ਦਿਉਲ ਪ੍ਰਧਾਨ ਇਸਤਰੀ ਵਿੰਗ ਨੇ ਲੜਕੀਆਂ ਦੀ ਜੇਤੂ ਟੀਮ ਨੂੰ 5 ਹਜ਼ਾਰ, ਪਰਮਿੰਦਰ ਸਿੰਘ ਮੌੜ ਵੱਲੋਂ ਪ੍ਰਬੰਧਕਾਂ ਨੂੰ 11 ਹਜ਼ਾਰ, ਹਰਗੁਰਪ੍ਰੀਤ ਸਿੰਘ ਗਗਨ ਅਤੇ ਪਰਮਪਾਲ ਸੈਰੀ ਵੱਲੋਂ ਲੜਕੀਆਂ ਦੀਆਂ ਦੋਂਵੇ ਟੀਮਾਂ ਨੂੰ 11-11 ਸੌ ਰੁਪਏ ਦਾ ਇਨਾਮ ਦਿੱਤਾ ਗਿਆ।

ਫੈਡਰੇਸ਼ਨ ਕੱਪ ਲਈ ਚੁਣੀ ਗਈ ਪੰਜਾਬ ਟੀਮ

ਜਲੰਧਰ, 23 ਮਈ - ਵਿਸ਼ਾਖਾਪਟਨਮ 'ਚ ਜੂਨੀਅਰ ਫੈਡਰੇਸ਼ਨ ਕੱਪ ਅਥਲੈਟਿਕਸ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਲਈ ਚੁਣੀ ਗਈ ਪੰਜਾਬ ਅਥਲੈਟਿਕਸ ਟੀਮ ਵਿਚ ਜਸਰਾਜ, ਭਗਵੰਤ, ਗੋਪੀ ਚੰਦ, ਅਜੇ, ਗੁਰਵਿੰਦਰ, ਜਗਦੀਪ ਪ੍ਰਭਜੋਤ, ਅਰਪਿੰਦਰ, ਕੁੰਦਨ-ਕ੍ਰਿਪਾਲ, ਗੁਰਵੰਤ, ਸੁਮਨਦੀਪ, ਅੰਜੂ, ਸੁਖਵਿੰਦਰ, ਨਵਜੋਬਨ ਸ਼ਾਂਤੀ ਦੀ ਚੋਣ ਕੀਤੀ ਗਈ ਹੈ। ਟੀਮ ਦਾ ਮੈਨੇਜਰ ਕੌਰ ਸਿੰਘ ਤੇ ਕੋਚ ਬਲਬੀਰ ਸਿੰਘ ਨੂੰ ਬਣਾਇਆ ਗਿਆ ਹੈ। ਇਹ ਟੀਮ ਜਲੰਧਰ ਤੋਂ 24 ਮਈ ਨੂੰ 12.10 ਵਜੇ ਹੇਮਕੁੰਡ ਐਕਸਪ੍ਰੈੱਸ ਰਾਹੀਂ ਰਵਾਨਾ ਹੋਵੇਗੀ।

ਪੰਜਾਬ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਤੇ ਪਟਿਆਲਾ ਦਾ ਕਾਬਜ਼ਾ

ਪਟਿਆਲਾ, 23 ਮਈ - ਪੰਜਾਬ ਯੂਥ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਪਟਿਆਲਾ ਜ਼ਿਲ੍ਹੇ ਨੇ ਚੈਂਪੀਅਨ ਟਰਾਫੀ 'ਤੇ ਆਪਣਾ ਕਬਜ਼ਾ ਕੀਤਾ। ਇਸ ਟੀਮ ਨੇ ਤਿੰਨ ਸੋਨ, ਇਕ ਚਾਂਦੀ ਤੇ 2 ਕਾਂਸੀ ਦੇ ਤਗਮੇ ਜਿੱਤ ਕੇ 24 ਅੰਕਾਂ ਨਾਲ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ। ਇਸ ਚੈਂਪੀਅਨਸ਼ਿਪ 'ਚ ਅੰਮ੍ਰਿਤਸਰ ਜ਼ਿਲ੍ਹੇ ਨੇ 23 ਅੰਕਾਂ ਨਾਲ ਦੂਸਰਾ ਤੇ ਸੰਗਰੂਰ ਜ਼ਿਲ੍ਹੇ ਨੇ 18 ਅੰਕਾਂ ਨਾਲ ਤੀਸਰਾ ਸਥਾਨ ਹਾਸਿਲ ਕੀਤਾ। ਇਸ ਚੈਂਪੀਅਨਸ਼ਿਪ 'ਚ ਕੰਵਲਪ੍ਰੀਤ ਸਿੰਘ ਪਟਿਆਲਾ ਨੂੰ ਸਰਬੋਤਮ ਮੁੱਕੇਬਾਜ਼ ਐਲਾਨਿਆ ਗਿਆ। ਪਟਿਆਲਾ ਦੇ ਮੁੱਕੇਬਾਜ਼ ਕੰਵਲਪ੍ਰੀਤ ਸਿੰਘ ਨੇ ਲਾਈਟ ਹੈਵੀਵੇਟ 'ਚ ਸੋਨ, ਗਗਨਦੀਪ ਕੁਮਾਰ ਨੇ ਬੈਟਮ ਵੇਟ 'ਚ ਸੋਨ, ਤਰਨਜੋਤ ਸਿੰਘ ਨੇ ਹੈਵੀਵੇਟ 'ਚ ਸੋਨ, ਅਮਰਿੰਦਰ ਸਿੰਘ ਨੇ ਵੈਲਟਰ ਵੇਟ 'ਚ ਚਾਂਦੀ, ਕੰਵਲਪ੍ਰੀਤ ਬੁੱਟਰ ਨੇ ਸੁਪਰ ਹੈਵੀਵੇਟ 'ਚ ਕਾਂਸੀ ਤੇ ਭੁਪਿੰਦਰ ਸਿੰਘ ਨੇ ਮਿਡਲ ਵੇਟ 'ਚ ਕਾਂਸੀ ਦਾ ਤਗਮਾ ਜਿੱਤਿਆ।

ਭਾਰਤੀ ਕੁੜੀਆਂ ਨੇ ਨਿਊਜ਼ੀਲੈਂਡ ਨੂੰ ਕੀਤਾ ਚਿੱਤ

ਵੈਲਿੰਗਟਨ, 22 ਮਈ - ਭਾਰਤੀ ਮਹਿਲਾ ਟੀਮ ਨੇ ਪੰਜ ਟੈਸਟ ਮੈਚਾਂ ਦੀ ਲੜੀ ਦੇ ਚੌਥੇ ਮੈਚ ਵਿਚ ਮੇਜ਼ਬਾਨਾਂ (ਨਿਊਜ਼ੀਲੈਂਡ) ਨੂੰ ਵੈਲਿੰਗਟਨ 'ਚ 3-1 ਨਾਲ ਹਰਾ ਕੇ 2-0 ਦੀ ਅਜੇਤੂ ਬੜ੍ਹਤ ਬਣਾਣੀ ਹੈ। ਲੜੀ ਦਾ ਪੰਜਵਾਂ ਅਤੇ ਆਖ਼ਰੀ ਮੈਚ ਭਲਕੇ ਹੋਣਾ ਹੈ। ਭਾਰਤ ਨੇ ਪਿਛਲੇ ਹਫ਼ਤੇ ਪਾਮਸਰਟਨ ਨਾਰਥ ਵਿਚ ਖੇਡੇ ਗਏ ਲੜੀ ਦੇ ਪਹਿਲੇ ਮੈਚ ਵਿਚ ਜਿੱਤ ਦਰਜ ਕੀਤੀ ਸੀ ਜਦਕਿ ਦੂਸਰਾ ਅਤੇ ਤੀਸਰਾ ਮੈਚ ਬਰਾਬਰ ਰਹੇ ਸਨ।

ਕਬੱਡੀ ਟੂਰਨਾਮੈਂਟ 27 ਤੋਂ 29 ਤੱਕ

ਜਲੰਧਰ, 22 ਮਈ - 24ਵਾਂ ਸਾਲਾਨਾ ਕਬੱਡੀ ਟੂਰਨਾਮੈਂਟ 27 ਤੋਂ 29 ਮਈ ਤੱਕ ਰਾਮਾ ਮੰਡੀ ਨੇੜਲੇ ਪਿੰਡ ਕੋਟਲੀਥਾਨ ਵਿਚ ਕਰਵਾਇਆ ਜਾ ਰਿਹਾ ਹੈ। ਇਹ ਟੂਰਨਾਮੈਂਟ ਸ਼ਹੀਦ ਬਾਬਾ ਦਿਆਲ ਸਿੰਘ ਦੀ ਯਾਦ ਵਿਚ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ 'ਚ ਕਬੱਡੀ ਓਪਨ ਤੋਂ ਇਲਾਵਾ ਵੱਖ-ਵੱਖ ਭਾਰ ਵਰਗਾਂ ਦੇ ਮੁਕਾਬਲੇ ਵੀ ਕਰਵਾਏ ਜਾਣਗੇ ਅਤੇ ਐਂਟਰੀਆਂ 26 ਮਈ ਤੱਕ ਲਈਆਂ ਜਾਣਗੀਆਂ। ਸ਼ਹੀਦ ਬਾਬਾ ਦਿਆਲ ਸਿੰਘ ਯਾਦਗਾਰੀ ਸ਼ਹੀਦੀ ਜੋੜ ਮੇਲਾ 30 ਮਈ ਨੂੰ ਮਨਾਇਆ ਜਾ ਰਿਹਾ ਹੈ।

ਚਾਰ ਰੋਜ਼ਾ ਸੂਬਾ ਪੱਧਰੀ ਬਾਸਕਟਬਾਲ ਟੂਰਨਾਮੈਂਟ ਸ਼ੁਰੂ

ਮੋਗਾ, 21 ਮਈ - 37ਵਾਂ ਚਾਰ ਰੋਜ਼ਾ ਸੂਬਾ ਪੱਧਰੀ ਬਾਸਕਟਬਾਲ ਟੂਰਨਾਮੈਂਟ ਭਗਤਾ ਭਾਈ ਦੇ ਦੀ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ 'ਚ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਪੰਜਾਬ ਦੇ ਲੜਕਿਆਂ ਦੀਆਂ 14 ਅਤੇ ਲੜਕੀਆਂ 9 ਟੀਮਾਂ ਨੇ ਹਿੱਸਾ ਲਿਆ। ਟੂਰਨਾਮੈਂਟ ਦੇ ਪਹਿਲੇ ਦਿਨ ਲੜਕਿਆਂ ਦੇ ਬਾਸਕਟਬਾਲ ਮੈਚ ਵਿਚ ਪਟਿਆਲਾ, ਮਾਨਸਾ, ਮੁਕਤਸਰ ਨੇ ਜਿੱਤ ਪ੍ਰਾਪਤੀ ਦਾ ਆਗਾਜ਼ ਕਰਕੇ ਦੂਸਰੇ ਦਿਨ ਦੀਆਂ ਟੀਮਾਂ ਨੂੰ ਹੋਰ ਉਤਸ਼ਾਹ ਨਾਲ ਖੇਡਣ ਲਈ ਪ੍ਰੇਰਿਤ ਕੀਤਾ। ਟੂਰਨਾਮੈਂਟ ਦੇ ਦੂਸਰੇ ਦਿਨ ਲੜਕਿਆਂ ਦੇ ਮੈਚ ਵਿਚ ਸੰਗਰੂਰ, ਮੋਗਾ ਅਤੇ ਲੁਧਿਆਣਾ ਅਕੈਡਮੀ ਦੀਆਂ ਟੀਮਾਂ ਨੇ ਕੁਆਰਟਰ ਫਾਈਨਲ ਜਿੱਤਿਆ ਅਤੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਟੂਰਨਾਮੈਂਟ ਦੇ ਦੂਸਰੇ ਦਿਨ ਹਰਵਿੰਦਰ ਕੁਮਾਰ ਤਿਵਾੜੀ ਅਤੇ ਕ੍ਰਿਸ਼ਨਪੁਰੀ ਬਾਸਕਟਬਾਲ ਕੋਚ, ਬਾਸਕਟਬਾਲ ਫੈਡਰੇਸ਼ਨ ਆਫ ਇੰਡੀਆ ਰੈਫਰੀ ਦੀ ਅਗਵਾਈ ਹੇਠ ਮੌਜੂਦਾ ਟੀਮਾਂ ਨੂੰ ਨਾਲ ਲੈ ਕੇ ਭਗਤਾ ਸ਼ਹਿਰ ਵਿਖੇ ਖੇਡਾਂ ਪ੍ਰਤੀ ਚੇਤਨਾ ਮਾਰਚ ਕੀਤਾ ਗਿਆ।

ਉਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਲੀਗ

ਲੁਧਿਆਣਾ, 21 ਮਈ - ਪਿੰਡ ਜਰਖੜ ਦੇ ਮਾਤਾ ਸਾਹਿਬ ਕੌਰ ਸਟੇਡੀਅਮ ਵਿਚ ਪਦਮਸ੍ਰੀ ਉਲੰਪੀਅਨ ਪ੍ਰਿਥੀਪਾਲ ਸਿੰਘ ਦੀ 27ਵੀਂ ਬਰਸੀ ਮੌਕੇ ਜੂਨੀਅਰ ਅਤੇ ਸੀਨੀਅਰ ਵਰਗ ਹਾਕੀ ਲੀਗ ਮੁਕਾਬਲੇ ਕਰਵਾਏ ਗਏ। ਇਸ ਲੀਗ ਦੇ ਦੂਜੇ ਦਿਨ ਐਕਸੀਲੈਂਟ ਸੈਂਟਰ ਲੁਧਿਆਣਾ, ਗਰੇਵਾਲ ਅਕੈਡਮੀ ਕਿਲ੍ਹਾ ਰਾਏਪੁਰ, ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ ਅਤੇ ਮਾਲਵਾ ਅਕੈਡਮੀ ਜੇਤੂ ਰਹੀਆਂ। ਇਸ ਲੀਗ ਦੇ ਪਹਿਲੇ ਮੈਚ ਵਿਚ ਗਰੇਵਾਲ ਅਕੈਡਮੀ ਕਿਲ੍ਹਾ ਰਾਏਪੁਰ ਨੇ ਘਵੱਦੀ ਸਕੂਲ ਨੂੰ 3-0 ਨਾਲ, ਦੂਜੇ ਮੈਚ ਵਿਚ ਸਪੋਰਟਸ ਐਕਸੀਲੈਂਟ ਸੈਂਟਰ ਲੁਧਿਆਣਾ ਨੇ ਜਗਤਾਰ ਇਲੈਵਨ ਜਰਖੜ ਨੂੰ 3-1 ਨਾਲ, ਤੀਜੇ ਮੈਚ ਵਿਚ ਜਰਖੜ ਹਾਕੀ ਅਕੈਡਮੀ ਨੇ ਰਣਧੀਰ ਹਾਕੀ ਅਕੈਡਮੀ ਧਮੋਟ ਨੂੰ 5-0 ਨਾਲ ਅਤੇ ਆਖਰੀ ਮੈਚ ਵਿਚ ਮਾਲਵਾ ਅਕੈਡਮੀ ਲੁਧਿਆਣਾ ਨੇ ਸਪੋਰਟਸ ਵਿੰਗ ਸੁਧਾਰ ਨੂੰ 5-1 ਨਾਲ ਹਰਾਇਆ। ਜਿਸ ਦੇ ਪਹਿਲੇ ਦਿਨ ਜੂਨੀਅਰ ਵਰਗ ਵਿਚ ਮਾਲਵਾ ਅਕੈਡਮੀ ਲੁਧਿਆਣਾ ਅਤੇ ਸੀਨੀਅਰ ਵਰਗ ਵਿਚ ਫ੍ਰੈਡਜ਼ ਕਲੱਬ ਦੋਰਾਹਾ, ਲਖਵੀਰ ਕਲੱਬ ਜਰਖੜ ਨੇ ਆਪੋ ਆਪਣੇ ਮੈਚ ਜਿੱਤ ਕੇ ਆਪਣੇ ਜੇਤੂ ਕਦਮ ਅੱਗੇ ਵਧਾਏ। 22 ਮਈ ਨੂੰ ਇਸ ਲੀਗ ਦੇ ਤਿੰਨ ਮੈਚ ਖੇਡੇ ਜਾਣਗੇ, ਜਿਨ੍ਹਾਂ 'ਚ ਪਹਿਲਾ ਮੈਚ ਜਗਤਾਰ ਇਲੈਵਨ ਅਤੇ ਘਵੱਦੀ ਸਕੂਲ ਵਿਚਕਾਰ ਸਵੇਰੇ 5.30 ਵਜੇ, ਦੂਜਾ ਮੈਚ ਜਰਖੜ ਅਕੈਡਮੀ ਬਨਾਮ ਮਾਲਵਾ ਅਕੈਡਮੀ ਸਵੇਰੇ 6.30 ਵਜੇ, ਤੀਜਾ ਐਕਸੀਲੈਂਟ ਲੁਧਿਆਣਾ ਬਨਾਮ ਕਿਲ੍ਹਾ ਰਾਏਪੁਰ ਵਿਚਕਾਰ ਸਵੇਰੇ 7.30 ਵਜੇ ਖੇਡਿਆ ਜਾਵੇਗਾ।

ਸਕਾਯ ਮਾਰਸ਼ਲ ਆਰਟਸ ਕੌਮੀ ਕੈਂਪ 1 ਤੋਂ 10 ਜੂਨ ਤੱਕ

ਜਲੰਧਰ, 21 ਮਈ - 1 ਤੋਂ 10 ਜੂਨ ਤੱਕ, ਜੰਮੂ-ਕਸ਼ਮੀਰ (ਪਹਿਲਗਾਮ) 'ਚ ਸਕਾਯ ਮਾਰਸ਼ਲ ਆਰਟਸ ਕੌਮੀ ਕੈਂਪ ਲਗਾਇਆ ਜਾ ਰਿਹਾ ਹੈ। ਇਸ ਵਿਚ 10 ਰੋਜ਼ਾ ਕੌਮੀ ਵਿਸ਼ੇਸ਼ ਸਿਖਲਾਈ ਕੈਂਪ, ਮਾਸਟਰ ਕੱਪ, ਇੰਟਰਨੈਸ਼ਨਲ ਸਕਾਯ ਮਾਰਸ਼ਲ ਆਰਟਸ ਰੈਫਰੀ ਸੈਮੀਨਾਰ ਅਤੇ ਬਲੈਕ ਬੈਲਟ ਟੈਸਟ ਦਾ ਆਯੋਜਨ ਜਾਵੇਗਾ। ਕੈਂਪ ਦੇ ਦੌਰਾਨ ਗਰਾਂਡ ਮਾਸਟਰ ਨਜ਼ੀਰ ਅਹਿਮਦ ਮੀਰ, ਇੰਟਰਨੈਸ਼ਨਲ ਪ੍ਰਤਿਯੋਗਤਾਵਾਂ ਵਿਚ ਵਧੀਆ ਪ੍ਰਦਰਸ਼ਨ ਦੇ ਲਈ ਖਿਡਾਰੀਆਂ ਨੂੰ ਵਧੀਆ ਟ੍ਰੇਨਿੰਗ ਦੇਣਗੇ। ਕੈਂਪ ਦੇ ਵਿਚ ਭਾਗ ਲੈਣ ਵਾਲੇ ਸੀਨੀਅਰ ਅਤੇ ਜੂਨੀਅਰ ਚਾਹਵਾਨ ਸਕਾਯ ਮਾਰਸ਼ਲ ਆਰਟ ਖਿਡਾਰੀ ਆਪਣੇ ਨਾਂਅ ਸਕਾਯ ਐਸੋਸੀਏਸ਼ਨ ਆਫ਼ ਪੰਜਾਬ ਨਾਲ ਸੰਬੰਧਿਤ ਖਲੀ ਮਾਰਸ਼ਲ ਆਰਟਸ ਸਕੂਲ ਦੇ ਮੁੱਖ ਦਫ਼ਤਰ ਆਈ ਕੰਪਲੈਕਸ ਸੈਂਟਰਲ ਮਾਰਕੀਟ, ਨੇੜੇ ਬੱਸ ਸਟੈਂਡ ਜਾਂ ਐਸੋਸੀਏਸ਼ਨ ਦੇ ਸਕੱਤਰ ਪਿਊਸ ਬੁਧੀਆ ਕੋਲ ਭੇਜ ਸਕਦੇ ਹਨ।

ਪੰਜਾਬ ਸਬ-ਜੂਨੀਅਰ ਕੁਸ਼ਤੀ ਚੈਂਪੀਅਨਸ਼ਿਪ 21 ਤੋਂ

ਜਲੰਧਰ, 19 ਮਈ - ਪੀ.ਏ.ਪੀ. ਇਨਡੋਰ ਸਟੇਡੀਅਮ ਜਲੰਧਰ 'ਚ 21-22 ਮਈ ਨੂੰ ਪੰਜਾਬ ਸਬ ਜੂਨੀਅਰ ਕੁਸ਼ਤੀ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਚੈਂਪੀਅਨਸ਼ਿਪ 'ਚ 21 ਮਈ ਨੂੰ ਲੜਕੀਆਂ ਅਤੇ ਲੜਕਿਆਂ ਦੇ ਗ੍ਰੀਕੋ ਰੋਮਨ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ 22 ਮਈ ਨੂੰ ਫ੍ਰੀ ਸਟਾਈਲ ਦੇ ਲੜਕਿਆਂ ਦੇ ਮੁਕਾਬਲੇ ਕਰਵਾਏ ਜਾਣਗੇ।

ਪਦਮਸ੍ਰੀ ਉਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਲੀਗ ਸ਼ੁਰੂ

ਲੁਧਿਆਣਾ, 19 ਮਈ - ਉਲੰਪੀਅਨ ਪਦਮਸ੍ਰੀ ਪ੍ਰਿਥੀਪਾਲ ਸਿੰਘ ਦੀ ਯਾਦ 'ਚ ਸਬ ਜੂਨੀਅਰ ਅੰਡਰ-15 ਸਾਲ ਅਤੇ 35 ਸਾਲ ਤੋਂ ਉਪਰ ਵਰਗ ਦੀ ਹਾਕੀ ਲੀਗ 20 ਮਈ ਤੋਂ ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਦੇ ਐਸਟਰੋ ਹਾਕੀ ਮੈਦਾਨ 'ਚ ਕਰਵਾਈ ਜਾ ਰਹੀ ਹੈ। ਪ੍ਰਿਥੀਪਾਲ ਸਿੰਘ ਪੈਨਾਲਟੀ ਕਾਰਨਰ ਦੇ ਬਾਦਸ਼ਾਹ ਅਤੇ 60ਵੇਂ ਦਹਾਕੇ ਦੇ ਦੁਨੀਆ ਦੇ ਪ੍ਰਸਿੱਧ ਖਿਡਾਰੀ ਸਨ। ਇਹ ਲੀਗ ਸਬ ਜੂਨੀਅਰ ਬੱਚਿਆਂ ਦੇ ਹਾਕੀ ਮੁਕਾਬਲਿਆਂ ਤੋਂ ਸ਼ੁਰੂ ਹੋਵੇਗੀ। ਇਸ ਲੀਗ ਵਿਚ ਕੁਲ 12 ਟੀਮਾਂ ਹਿੱਸਾ ਲੈਣਗੀਆਂ।

ਐਫ. ਆਈ. ਐਚ. ਨੇ ਭਾਰਤੀ ਹਾਕੀ ਨੂੰ ਦਿੱਤੀ ਧਮਕੀ

ਲੁਧਿਆਣਾ, 18 ਮਈ - ਐਫ.ਆਈ.ਐਚ. ਨੇ ਕੌਮਾਂਤਰੀ ਹਾਕੀ ਸੰਘ ਭਾਰਤੀ ਹਾਕੀ ਨੂੰ 31 ਮਈ ਤੱਕ ਲੋਕਤੰਰਤ ਤਰੀਕੇ ਨਾਲ ਭਾਰਤੀ ਹਾਕੀ ਦੀ ਚੋਣ ਲਈ ਆਖਰੀ ਸਮਾਂ ਦਿੱਤਾ ਸੀ। ਇਸ ਤੋਂ ਪਹਿਲਾਂ ਪਿਛਲੇ ਦੋ ਸਾਲ ਤੋਂ ਭਾਰਤੀ ਹਾਕੀ ਵਿਚ ਅਹੁਦੇਦਾਰੀਆਂ ਦੀ ਚੱਲਦੀ ਸੋੜੀ ਸਿਆਸਤ ਕਾਰਨ ਭਾਰਤੀ ਹਾਕੀ ਦੀ ਚੋਣ ਸਿਰੇ ਨਾ ਚੜ ਸਕੀ, ਜਦਕਿ ਵਿਸ਼ਵ ਕੱਪ ਤੋਂ ਪਹਿਲਾ ਐਫ. ਆਈ. ਐਚ. ਨੇ ਇਥੋਂ ਤੱਕ ਵੀ ਧਮਕੀ ਦਿੱਤੀ ਕਿ ਜੇਕਰ ਵਿਸ਼ਵ ਕੱਪ ਤੋਂ ਪਹਿਲਾ ਭਾਰਤੀ ਹਾਕੀ ਦੀ ਲੋਕਤੰਤਰੀ ਤਰੀਕੇ ਨਾਲ ਬਾਡੀ ਨਾ ਚੁਣੀ ਗਈ ਤਾਂ ਵਿਸ਼ਵ ਕੱਪ ਹਾਕੀ ਮੁਕਾਬਲੇ ਦੀ ਮੇਜ਼ਬਾਨੀ ਭਾਰਤ ਕੋਲੋਂ ਖੋਹ ਲਈ ਜਾਵੇਗੀ। ਉਹਨੇ ਇਹ ਧਮਕੀ ਦਿੱਤੀ ਕਿ ਜੇਕਰ 31 ਮਈ, 2010 ਤੱਕ ਹਾਕੀ ਇੰਡੀਆ ਦੀ ਮੁਕੰਮਲ ਚੋਣ ਨਾ ਕੀਤੀ ਤਾਂ ਐਫ. ਆਈ. ਐਚ. 'ਚੋਂ ਭਾਰਤੀ ਹਾਕੀ ਦੀ ਮਾਨਤਾ ਰੱਦ ਹੋ ਜਾਵੇਗੀ। ਭਾਰਤੀ ਹਾਕੀ ਦੀ ਕਾਰਜਕਾਰੀ ਪ੍ਰਧਾਨ ਸ੍ਰੀਮਤੀ ਵਿੱਦਿਆ ਸਟ੍ਰੋਕ ਨੇ ਆਖਿਆ ਕਿ ਐਨੇ ਥੋੜੇ ਸਮੇਂ ਵਿਚ ਭਾਰਤੀ ਹਾਕੀ ਦੀ ਚੋਣ ਕਿਸੇ ਵੀ ਤਰੀਕੇ ਸੰਭਵ ਨਹੀਂ ਹੈ। ਜੇਕਰ ਭਾਰਤੀ ਹਾਕੀ ਦੀ ਐਫ. ਆਈ. ਐਚ. ਚੋਣ ਮਾਨਤਾ ਰੱਦ ਹੁੰਦੀ ਹੈ ਤਾਂ ਭਾਰਤੀ ਹਾਕੀ ਲਈ ਜਿਥੇ ਇਕ ਵੱਡਾ ਝਟਕਾ ਹੋਵੇਗਾ ਉਥੇ ਬੀਜਿੰਗ ਓਲੰਪਿਕ ਕੁਆਲੀਫਾਈ ਨਾ ਕਰਨ ਤੋਂ ਬਾਅਦ ਇਹ ਹਾਕੀ ਇਤਿਹਾਸ ਦਾ ਦੂਜਾ ਕਾਲਾ ਦਿਨ ਹੋਵੇਗਾ। ਭਾਰਤੀ ਹਾਕੀ ਦੇ ਸੁਰੇਸ਼ ਕਲਮਾਡੀ ਧੜਾ ਆਪਣੇ ਕਬਜ਼ੇ ਹੇਠ ਰੱਖਣਾ ਚਾਹੁੰਦਾ ਹੈ, ਜਦਕਿ ਦੂਜੇ ਪਾਸੇ ਕੇ. ਪੀ. ਐਸ. ਗਿੱਲ ਸਾਬਕਾ ਪ੍ਰਧਾਨ ਹਾਕੀ ਫੈਡਰੇਸ਼ਨ, ਪ੍ਰਗਟ ਸਿੰਘ (ਸਪੋਰਟਸ ਪੰਜਾਬ), ਸ੍ਰੀਮਤੀ ਵਿੱਦਿਆ ਸਟ੍ਰੋਕ ਇੰਡੀਆ ਹਾਕੀ ਦੀ ਕੁਰਸੀ 'ਤੇ ਕਾਬਜ਼ ਹੋਣ ਦੀਆਂ ਆਪਣੀਆਂ ਵਿਉਂਤਬੰਦੀਆਂ ਬਣਾ ਰਹੇ ਹਨ।

ਕਬੱਡੀ ਮੈਚ 'ਚ ਦੁਬਲੀ ਦੀ ਟੀਮ ਦਾ ਨਾਮ ਚਮਕਿਆ

ਹਰੀਕੇ ਪੱਤਣ, 18 ਮਈ - ਗਿਆਨੀ ਜਰਨੈਲ ਸਿੰਘ ਸਭਰਾਂ ਦੀ ਯਾਦ ਨੂੰ ਸਮਰਪਿਤ ਕਬੱਡੀ ਦਾ ਸ਼ੋਅ ਮੈਚ ਕਸਬਾ ਹਰੀਕੇ ਪੱਤਣ ਤੋਂ ਥੋੜ੍ਹੀ ਦੂਰ ਸਥਿਤ ਇਤਿਹਾਸਕ ਨਗਰ ਸਭਰਾਂ ਦੇ ਖੇਡ ਸਟੇਡੀਅਮ ਵਿਚ ਕਰਵਾਇਆ ਗਿਆ। ਜਿਸ ਵਿਚ ਪਿੰਡ ਸਭਰਾਂ ਅਤੇ ਦੁਬਲੀ ਦੀਆਂ ਟੀਮਾਂ ਵਿਚਕਾਰ ਬਹੁਤ ਹੀ ਫਸਵਾਂ ਮੁਕਾਬਲਾ ਹੋਇਆ। ਇਸ ਤੋਂ ਇਲਾਵਾ ਛੋਟੇ ਬੱਚਿਆਂ ਦੀਆਂ ਕੁਸ਼ਤੀਆਂ ਵੀ ਹੋਈਆਂ ਤੇ ਹੋਰ ਕਲਾਕਾਰਾਂ ਨੇ ਵੀ ਖੇਡ ਕਰਤੱਬ ਦਿਖਾਏ। ਇਸ ਮੈਚ ਵਿਚ ਪਿੰਡ ਦੁਬਲੀ ਦੀ ਟੀਮ ਨੇ ਸਭਰਾਂ ਨੂੰ ਤਿੰਨ ਅੰਕਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ।

ਪਦਮਸ੍ਰੀ ਓਲੰਪੀਅਨ ਪ੍ਰਿਥੀਪਾਲ ਸਿੰਘ ਸਬ ਜੂਨੀਅਰ ਯਾਦਗਾਰੀ ਹਾਕੀ ਲੀਗ

ਲੁਧਿਆਣਾ, 18 ਮਈ - ਓਲੰਪੀਅਨ ਪਦਮਸ੍ਰੀ ਪ੍ਰਿਥੀਪਾਲ ਸਿੰਘ ਦੀ ਯਾਦ ਨੂੰ ਸਮਰਪਿਤ ਅੰਡਰ 15 ਸਾਲ ਸਕੂਲਾਂ ਦਾ ਹਾਕੀ ਟੂਰਨਾਮੈਂਟ ਐਸਟਰੋਟਰਫ਼ ਹਾਕੀ ਸਟੇਡੀਅਮ ਜਰਖੜ 'ਚ 20 ਮਈ ਤੋਂ 25 ਮਈ ਤੱਕ ਕਰਵਾਇਆ ਜਾ ਰਿਹਾ ਹੈ। ਪ੍ਰਿਥੀਪਾਲ ਸਿੰਘ 60ਵੇਂ ਦਹਾਕੇ ਦੇ ਦੁਨੀਆ ਦੇ ਚਰਚਿਤ ਖਿਡਾਰੀ ਅਤੇ ਪੈਨਾਲਟੀ ਕਾਰਨਰ ਦੇ ਬਾਦਸ਼ਾਹ ਸਨ। ਸਬ ਜੂਨੀਅਰ ਬੱਚਿਆਂ ਦੇ ਹਾਕੀ ਮੁਕਾਬਲੇ ਸ਼ੁਰੂ ਹੋਣਗੇ। ਇਸ ਟੂਰਨਾਮੈਂਟ ਵਿਚ ਪੂਲ ਏ ਵਿਚ ਮਾਲਵਾ ਅਕੈਡਮੀ ਲੁਧਿਆਣਾ, ਜਰਖੜ ਹਾਕੀ ਅਕੈਡਮੀ, ਸਰਕਾਰੀ ਸਕੂਲ ਘਵੱਦੀ, ਰਣਧੀਰ ਅਕੈਡਮੀ ਧਮੋਟ ਨੂੰ ਰੱਖਿਆ ਹੈ, ਪੂਲ ਬੀ ਵਿਚ ਮਹਿਤਾ ਗੁਰੂਕੁਲ ਅਕੈਡਮੀ ਦੋਰਹਾ, ਜਗਤਾਰ ਇਲੈਵਨ ਜਰਖੜ, ਗਰੇਵਾਲ ਅਕੈਡਮੀ ਕਿਲ੍ਹਾ ਰਾਏਪੁਰ, ਸੁਧਾਰ ਸਪੋਰਟਸ ਵਿੰਗ ਆਦਿ ਟੀਮਾਂ ਹਿੱਸਾ ਲੈਣਗੀਆਂ। ਇਹ ਟੂਰਨਾਮੈਂਟ ਲੀਗ ਕਮ ਨਾਕ ਆਊਟ ਪ੍ਰਣਾਲੀ ਦੇ ਆਧਾਰ 'ਤੇ ਖੇਡਿਆ ਜਾਵੇਗਾ। 20 ਮਈ ਟੂਰਨਾਮੈਂਟ ਦਾ ਉਦਘਾਟਨੀ ਮੈਚ ਮਹਿਤਾ ਗੁਰੂਕਲ ਅਕੈਡਮੀ ਦੋਰਾਹਾ, ਗਰੇਵਾਲ ਅਕੈਡਮੀ ਕਿਲ੍ਹਾ ਰਾਏਪੁਰ ਵਿਚਕਾਰ ਸਵੇਰੇ 7 ਵਜੇ ਸ਼ੁਰੂ ਹੋਵੇਗਾ।

ਖੇਡ ਵਿੰਗਾਂ ਤੇ ਗਰਮ ਰੁੱਤ ਕੈਂਪਾਂ ਲਈ 1036 ਗੱਭਰੂਆਂ ਅਤੇ ਮੁਟਿਆਰਾਂ ਨੇ ਕੀਤੀ ਦਾਅਵੇਦਾਰੀ

ਪਟਿਆਲਾ, 18 ਮਈ - ਪੰਜਾਬੀ ਯੂਨੀਵਰਸਿਟੀ ਪਟਿਆਲਾ ਇਸ ਸਮੇਂ ਖੇਡਾਂ ਦੇ ਖੇਤਰ ਵਿਚ ਦੇਸ਼ ਭਰ 'ਚੋਂ ਪਹਿਲੇ ਨੰਬਰ 'ਤੇ ਹੈ। ਇਸ ਦੇ ਖੇਡ ਵਿੰਗਾਂ ਤੇ ਗਰਮ ਰੁੱਤ ਕੈਂਪਾਂ ਲਈ ਕੌਮਾਂਤਰੀ ਪੱਧਰੀ ਦੇ ਕਈ ਖਿਡਾਰੀਆਂ ਸਣੇ ਲਗਭਗ 1036 ਗੱਭਰੂਆਂ ਅਤੇ ਮੁਟਿਆਰਾਂ ਨੇ ਆਪਣੀ ਦਾਅਵੇਦਾਰੀ ਪੇਸ਼ ਕੀਤੀ। ਡਾ: ਰਾਜ ਕੁਮਾਰ ਸ਼ਰਮਾ ਦੀ ਅਗਵਾਈ 'ਚ ਹੋਏ ਇਨ੍ਹਾਂ ਟਰਾਇਲਾਂ ਦੌਰਾਨ ਜਿੱਥੇ ਬਹੁਤ ਸਾਰੇ ਨਾਮਵਰ ਖੇਡ ਮਾਹਿਰ ਪੁੱਜੇ ਉਥੇ ਕੌਮਾਂਤਰੀ ਨਿਸ਼ਾਨੇਬਾਜ਼ ਹਰਵੀਨ ਸਰਾਓ, ਸਿਕੰਦਰ ਮਾਨ, ਅਕਾਂਸ਼ਾ ਅਰੋੜਾ ਤੇ ਸੁਰਿੰਦਰਪ੍ਰੀਤ ਥਿੰਦ, ਤੀਰ ਅੰਦਾਜ਼ ਅਮਰਿੰਦਰ ਸਿੰਘ, ਸੁਰਿੰਦਰ ਸਿੰਘ, ਅਮਨਦੀਪ ਤੇ ਕਬੱਡੀ ਖਿਡਾਰਨ ਮਨਜੀਤ ਕੌਰ ਆਦਿ ਨੇ ਵਿੰਗ ਲਈ ਟਰਾਇਲ ਦਿੱਤੇ। ਵੱਖ-ਵੱਖ ਖੇਡਾਂ ਦੇ ਟਰਾਇਲਾਂ ਦੌਰਾਨ ਸਭ ਤੋਂ ਵਧੇਰੇ ਖਿਡਾਰੀ ਅਥਲੈਟਿਕਸ ਦੇ ਟਰਾਇਲ ਦੇਣ ਲਈ ਪੁੱਜੇ। ਡਾ: ਜਸਵੀਰ ਸਿੰਘ ਤੇ ਹਰਭਜਨ ਸਿੰਘ ਦੀ ਅਗਵਾਈ 'ਚ ਹੋਏ ਇਨ੍ਹਾਂ ਟਰਾਇਲਾਂ 'ਚ 90 ਦੇ ਕਰੀਬ ਲੜਕੇ ਤੇ 62 ਲੜਕੀਆਂ ਨੇ ਹਿੱਸਾ ਲਿਆ। ਸ: ਦਲਬੀਰ ਸਿੰਘ ਤੇ ਪ੍ਰੋ: ਬਹਾਦਰ ਸਿੰਘ ਦੀ ਅਗਵਾਈ 'ਚ ਹੋਏ ਫੁੱਟਬਾਲ ਦੇ ਟਰਾਇਲ 'ਚ 87 ਗੱਭਰੂਆਂ, ਜਸਵੰਤ ਸਿੰਘ ਦੀ ਦੇਖ-ਰੇਖ 'ਚ ਹੋਏ ਮੁੱਕੇਬਾਜ਼ੀ 'ਚ 13 ਲੜਕੇ ਤੇ 9 ਲੜਕੀਆਂ, ਕੋਚ ਮਿੱਤਰਪਾਲ ਸਿੰਘ ਦੀ ਅਗਵਾਈ 'ਚ ਹੋਏ ਸਾਈਕਲਿੰਗ ਦੇ ਟਰਾਇਲਾਂ ਲਈ 14 ਖਿਡਾਰੀਆਂ ਦੇ ਦਲ ਵਿਚ ਬਰਾੜ ਤੇ ਸਰਦਾਰਾ ਸਿੰਘ ਦੀ ਅਗਵਾਈ 'ਚ ਹੋਏ ਵਾਲੀਬਾਲ ਦੇ ਟਰਾਇਲਾਂ 'ਚ 40 ਲੜਕਿਆਂ ਤੇ 32 ਲੜਕੀਆ, ਸ੍ਰੀ ਮਦਨ ਲਾਲ, ਬਹਾਦਰ ਸਿੰਘ, ਗੁਰਨਾਮ ਕੌਰ ਤੇ ਸਲਿੰਦਰ ਸਿੰਘ ਦੀ ਅਗਵਾਈ 'ਚ ਹੋਏ ਕਬੱਡੀ ਦੇ ਟਰਾਇਲਾਂ 'ਚ 30 ਪੁਰਸ਼ ਤੇ 22 ਮਹਿਲਾ, ਮਹੇਸ਼ ਸ਼ਰਮਾ ਦੀ ਅਗਵਾਈ 'ਚ ਹੋਏ ਬੈਡਮਿੰਟਨ ਟਰਾਇਲਾਂ 'ਚ 8 ਲੜਕੇ ਤੇ 12 ਲੜਕੀਆਂ, ਪ੍ਰਿੰਸਇੰਦਰ ਸਿੰਘ ਦੀ ਅਗਵਾਈ 'ਚ ਟੇਬਲ ਟੈਨਿਸ ਦੇ ਟਰਾਇਲਾਂ 'ਚ 17, ਕੋਚ ਮਨਮੋਹਨ ਸਿੰਘ ਦੀ ਅਗਵਾਈ 'ਚ ਹੋਏ ਬਾਸਕਟਬਾਲ ਦੇ ਟਰਾਇਲਾਂ 'ਚ 44 ਲੜਕੇ ਤੇ 18 ਲੜਕੀਆਂ, ਗੁਰਮੇਲ ਸਿੰਘ ਦੀ ਅਗਵਾਈ 'ਚ ਹੋਏ ਨੈੱਟਬਾਲ ਦੇ ਟਰਾਇਲਾਂ 'ਚ 16 ਲੜਕੀਆਂ ਤੇ 26 ਲੜਕਿਆਂ, ਗੁਰਚਰਨ ਸਿੰਘ ਦੀ ਅਗਵਾਈ 'ਚ ਹੋਏ ਹੈਂਡਬਾਲ ਦੇ ਟਰਾਇਲਾਂ 'ਚ 45 ਖਿਡਾਰੀਆਂ, ਸੂਰਤ ਸਿੰਘ ਤੇ ਤੇਜਿੰਦਰ ਸਿੰਘ ਦੀ ਅਗਵਾਈ 'ਚ ਹੋਏ ਜੂਡੋ ਦੇ ਟਰਾਇਲਾਂ ਲਈ 25 ਲੜਕੇ ਤੇ 18 ਲੜਕੀਆਂ, ਸ: ਪੂਰਨ ਸਿੰਘ ਭੰਗੂ ਦੀ ਦੇਖ ਰੇਖ ਵਿਚ ਹੋਏ ਤਲਵਾਰਬਾਜ਼ੀ ਟਰਾਇਲਾਂ 'ਚ 30, ਕੁਸ਼ਤੀ ਲਈ ਅਵਤਾਰ ਸਿੰਘ ਤੇ ਸੁਭਾਸ਼ ਮਲਿਕ ਦੀ ਦੇਖ ਰੇਖ ਵਿਚ ਹੋਏ ਟਰਾਇਲਾਂ 'ਚ 25 ਲੜਕੇ ਤੇ 20 ਲੜਕੀਆਂ, ਜੀਵਨਜੋਤ ਸਿੰਘ ਤੇਜਾ ਦੀ ਅਗਵਾਈ 'ਚ ਹੋਏ ਤੀਰ ਅੰਦਾਜ਼ੀ ਦੇ ਟਰਾਇਲਾਂ 'ਚ 50 ਲੜਕਿਆਂ ਤੇ 40 ਲੜਕੀਆਂ, ਸਵਰਨਜੀਤ ਕੌਰ ਦੀ ਅਗਵਾਈ 'ਚ ਹੋਏ ਸ਼ੂਟਿੰਗ ਟਰਾਇਲਾਂ 'ਚ 24, ਹਰਪ੍ਰੀਤ ਕੌਰ ਦੀ ਅਗਵਾਈ 'ਚ ਹੋਏ ਕ੍ਰਿਕਟ ਦੇ ਟਰਾਇਲਾਂ 'ਚ 32 ਲੜਕੇ ਤੇ 15 ਲੜਕੀਆਂ, ਸ੍ਰੀ ਵਜੀਰ ਚੰਦ ਅਤੇ ਕੁਲਵੰਤ ਕੌਰ ਦੀ ਅਗਵਾਈ 'ਚ ਹੋਏ ਹਾਕੀ ਦੇ ਟਰਾਇਲਾਂ 'ਚ32 ਲੜਕੀਆਂ ਤੇ 62 ਲੜਕਿਆਂ ਨੇ ਹਿੱਸਾ ਲਿਆ।

ਪ੍ਰੈਜ਼ੀਡੈਂਟ ਕੱਪ ਤੇ ਇੰਗਲੈਂਡ ਦੇ ਕੌਮਾਂਤਰੀ ਟੂਰਨਾਮੈਂਟ ਲਈ ਚੁਣੇ ਗਏ 11-11 ਖਿਡਾਰੀ

ਪਟਿਆਲਾ, 17 ਮਈ - ਕੌਮਾਂਤਰੀ ਟੂਰਨਾਮੈਂਟ ਕਜ਼ਾਕਿਸਤਾਨ ਤੇ ਇੰਗਲੈਂਡ 'ਚ ਕਰਵਾਏ ਜਾਣੇ ਹਨ। ਇਨ੍ਹਾਂ ਟੂਰਨਾਮੈਂਟਾਂ ਲਈ ਪਟਿਆਲਾ ਦੇ ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ 'ਚ ਚੋਣ ਟਰਾਇਲ ਕਰਵਾਏ ਗਏ। ਕਜ਼ਾਕਿਸਤਾਨ 'ਚ ਹੋਣ ਵਾਲੇ ਪ੍ਰੈਜ਼ੀਡੈਂਟ ਕੱਪ ਤੇ ਇੰਗਲੈਂਡ 'ਚ ਹੋਣ ਵਾਲੇ ਕੌਮਾਂਤਰੀ ਟੂਰਨਾਮੈਂਟ ਲਈ ਇਨ੍ਹਾਂ ਟਰਾਇਲਾਂ ਦੌਰਾਨ 11-11 ਖਿਡਾਰੀਆਂ ਦੀ ਚੋਣ ਕੀਤੀ ਗਈ ਹੈ।

ਅਜ਼ਲਾਨ ਸ਼ਾਹ ਇਲੈਵਨ ਲਈ ਚੁਣੇ ਗਏ ਤਿੰਨ ਭਾਰਤੀ ਖਿਡਾਰੀ

ਇਪੋਹ (ਮਲੇਸ਼ੀਆ), 17 ਮਈ - 19ਵਾਂ ਸੁਲਤਾਨ ਅਜ਼ਲਾਨ ਸ਼ਾਹ ਹਾਕੀ ਟੂਰਨਾਮੈਂਟ ਮਲੇਸ਼ੀਆ ਦੇ ਸ਼ਹਿਰ ਇਪੋਹ 'ਚ ਕਰਵਾਇਆ ਗਿਆ। ਇਸ ਦੇ ਸਮਾਪਤ ਹੋਣ ਤੋਂ ਬਾਅਦ ਰਵਾਇਤ ਦੇ ਤੌਰ 'ਤੇ ਚੁਣੀ ਗਈ 11 ਮੈਂਬਰੀ ਸਾਂਝੀ ਟੀਮ ਵਿਚ ਭਾਰਤ ਦੇ ਤਿੰਨ ਖਿਡਾਰੀਆਂ ਨੂੰ ਥਾਂ ਮਿਲੀ ਹੈ। ਭਾਰਤ ਦੇ ਸਰਦਾਰਾ ਸਿੰਘ ਅਤੇ ਗੁਰਬਾਜ ਸਿੰਘ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਰਾਹੀਂ ਇਸ ਇਲੈਵਨ ਵਿਚ ਥਾਂ ਬਣਾਈ ਹੈ। ਸਰਦਾਰਾ ਸਿੰਘ ਨੂੰ 'ਪਲੇਅਰ ਆਫ ਦ ਟੂਰਨਾਮੈਂਟ' ਵੀ ਚੁਣਿਆ ਗਿਆ। ਇਸ ਤੋਂ ਇਲਾਵਾ ਮਿਡਫੀਲਡਰ ਅਰਜੁਲ ਹਲੱਪਾ ਵੀ ਇਸ ਟੀਮ ਵਿਚ ਸ਼ਾਮਿਲ ਹੈ। ਇਸ ਟੀਮ ਵਿਚ ਭਾਰਤ, ਮਲੇਸ਼ੀਆ ਅਤੇ ਦੱਖਣੀ ਕੋਰੀਆ ਦੇ ਤਿੰਨ-ਤਿੰਨ ਖਿਡਾਰੀਆਂ ਨੂੰ ਜਗ੍ਹਾ ਮਿਲੀ ਹੈ। ਇਸ ਤੋਂ ਇਲਾਵਾ ਆਸਟ੍ਰੇਲੀਆ ਅਤੇ ਪਾਕਿਸਤਾਨ ਦੇ ਇਕ-ਇਕ ਖਿਡਾਰੀ ਨੂੰ ਇਸ ਟੀਮ ਵਿਚ ਸਥਾਨ ਮਿਲਿਆ ਹੈ।

ਏਸ਼ੀਆਈ ਕੁਸ਼ਤੀ 'ਚ ਭਾਰਤ ਦੀ ਝੰਡੀ

ਨਵੀਂ ਦਿੱਲੀ, 16 ਮਈ - ਸੀਨੀਅਰ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਨਵੀਂ ਦਿੱਲੀ 'ਚ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿਚ ਭਾਰਤ ਦੇ ਰਜਿੰਦਰ ਕੁਮਾਰ ਨੇ ਮੁਲਕ 'ਚ 55 ਕਿਲੋ ਗ੍ਰੀਕੋ ਰੋਮਨ ਵਰਗ ਵਿਚ ਚਾਂਦੀ ਦਾ ਤਗਮਾ ਹਾਸਲ ਕੀਤਾ ਹੈ, ਜਦਕਿ ਸੁਨੀਲ ਕੁਮਾਰ ਨੇ 66 ਕਿਲੇ ਵਰਗ ਵਿਚ ਕਾਂਸੀ ਦਾ ਤਗਮਾ ਆਪਣੇ ਨਾਂਅ ਕੀਤਾ ਹੈ। ਰਜਿੰਦਰ ਅਤੇ ਸੁਨੀਲ ਦੀਆਂ ਇਨ੍ਹਾਂ ਸਫਲਤਾਵਾਂ ਨਾਲ ਇਸ ਚੈਂਪੀਅਨਸ਼ਿਪ 'ਚ ਪਾਰਤ ਦੇ ਤਗਮਿਆਂ ਦੀ ਗਿਣਤੀ 6 ਹੋ ਗਈ ਹੈ। ਚੈਂਪੀਅਨਸ਼ਿਪ ਦੇ ਚੌਥੇ ਦਿਨ ਗ੍ਰੀਕੋ ਰੋਮਨ ਵਰਗ ਦੇ ਮੁਕਾਬਲਿਆਂ 'ਚ ਚਾਰ ਤਗਮਿਆਂ ਦਾ ਫ਼ੈਸਲਾ ਹੋਇਆ। 84 ਕਿਲੋ ਵਰਗ ਵਿਚ ਮਨੋਜ ਮੁਕਾਰ ਕਾਂਸੀ ਦੇ ਤਗਮੇ ਲਈ ਹੋਏ ਮੁਕਾਬਲੇ 'ਚ ਈਰਾਨ ਦੇ ਦਾਊਦ ਅਬੇਦਿਨਜ਼ਾਦੇ ਤੋਂ ਹਾਰ ਗਏ ਜਦਕਿ 120 ਕਿਲੋ ਵਰਗ 'ਚ ਧਰਮਿੰਦਰ ਦਲਾਲ ਚੀਨ ਦੇ ਲਿਊ ਡੇਲੀ ਤੋਂ ਹਾਰ ਗਏ। ਰਜਿੰਦਰ ਨੇ ਫਾਈਨਲ ਮੁਕਾਬਲੇ 'ਚ ਕੋਰੀਆ ਦੇ ਚੋਈ ਕਿਊਨ ਜਿਨ ਨੂੰ ਸਖ਼ਤ ਟੱਕਰ ਦਿੱਤੀ ਪਰੰਤੂ ਉਹ ਜਿੱਤ ਨਾ ਸਕੇ ਅਤੇ ਚਾਂਦੀ ਦੇ ਤਗਮੇ 'ਤੇ ਹੀ ਸਬਰ ਕਰਨਾ ਪਿਆ। ਦੂਜੇ ਪਾਸੇ ਸੁਨੀਲ ਨੇ ਕਾਂਸੀ ਤਗਮੇ ਲਈ ਮੁਕਾਬਲੇ 'ਚ ਥਾਈਲੈਂਡ ਦੇ ਸੁਤੇਪ ਓਮਚੋਂਪੂ ਨੂੰ ਬੁਰੀ ਤਰ੍ਹਾਂ ਹਰਾਇਆ।

ਭਾਰਤੀ ਹਾਕੀ ਟੀਮ ਅਤੇ ਨਿਊਜ਼ੀਲੈਂਡ ਬਰਾਬਰੀ 'ਤੇ

ਪਾਮਰਸਟਨ ਨਾਰਥ (ਨਿਊਜ਼ੀਲੈਂਡ), 16 ਮਈ - ਭਾਰਤੀ ਮਹਿਲਾ ਹਾਕੀ ਟੂਰਨਾਮੈਂਟ ਚੱਲ ਰਿਹਾ ਹੈ। ਇਸ ਦੇ ਦੂਜੇ ਟੈਸਟ ਵਿਚ ਭਾਰਤੀ ਮਹਿਲਾ ਹਾਕੀ ਟੀਮ ਨੇ ਨਿਊਜ਼ੀਲੈਂਡ ਨਾਲ ਮੈਚ ਖੇਡਿਆ। ਇਸ ਵਿਚ 2-2 ਨਾਲ ਬਰਾਬਰੀ 'ਤੇ ਖੇਡ ਕੇ ਪੰਜ ਮੈਚਾਂ ਦੀ ਹਾਕੀ ਲੜੀ 'ਚ 1-0 ਦੀ ਬੜ੍ਹਤ ਬਰਕਰਾਰ ਰੱਖੀ। ਤੀਸਰਾ ਟੈਸਟ ਨੈਪੀਅਰ 'ਚ ਬੁੱਧਵਾਰ ਨੂੰ ਖੇਡਿਆ ਜਾਵੇਗਾ।

ਅਜ਼ਲਾਨ ਸ਼ਾਹ ਹਾਕੀ 'ਚ ਭਾਰਤ ਤੇ ਕੋਰੀਆ ਦੋਵੇਂ ਜੇਤੂ

ਇਪੋਹ ਵਿਖੇ ਸੁਲਤਾਨ ਅਜ਼ਲਾਨ ਸ਼ਾਹ ਹਾਕੀ ਟੂਰਨਾਮੈਂਟ 'ਚ ਭਾਰਤ ਅਤੇ ਕੋਰੀਆ ਦੋਵੇਂ ਜੇਤੂ ਐਲਾਨੇ ਗਏ। ਫੋਟੋ 'ਚ ਭਾਰਤੀ ਕਪਤਾਨ ਰਾਜਪਾਲ ਸਿੰਘ ਅਤੇ ਦੱਖਣੀ ਕੋਰੀਆ ਦਾ ਕਿਮ ਯਾਂਗ ਬਾਏ ਦਿੱਸ ਰਹੇ ਹਨ।

ਇਪੋਹ (ਮਲੇਸ਼ੀਆ), 16 ਮਈ - ਅਜ਼ਲਾਨ ਸ਼ਾਹ ਕੱਪ ਹਾਕੀ ਟੂਰਨਾਮੈਂਟ ਇਪੋਹ 'ਚ ਚੱਲ ਰਿਹਾ ਹੈ। ਇਸ ਦੇ ਫਾਈਨਲ ਮੈਚ ਵਿਚ ਪਿਛਲੇ ਚੈਂਪੀਅਨ ਭਾਰਤ ਅਤੇ ਦੱਖਣੀ ਕੋਰੀਆ ਨੂੰ ਮੀਂਹ ਕਰਕੇ ਸਾਂਝੇ ਜੇਤੂ ਐਲਾਨਿਆ ਗਿਆ। ਇਸਦੇ ਨਾਲ ਹੀ ਭਾਰਤ ਨੇ ਆਸਟ੍ਰੇਲੀਆ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਜੋ ਪੰਜ ਵਾਰ ਇਸ ਵੱਕਾਰੀ ਟੂਰਨਾਮੈਂਟ ਦਾ ਖਿਤਾਬ ਜਿੱਤ ਚੁੱਕਾ ਹੈ। ਭਾਰਤ ਨੇ ਫਾਈਨਲ ਤੱਕ ਦੀ ਰਾਹ 'ਚ ਕੇਵਲ ਇਕ ਮੈਚ ਮੇਜ਼ਬਾਨ ਮਲੇਸ਼ੀਆ ਹੱਥੋਂ ਗਵਾਇਆ ਸੀ। ਅਜ਼ਲਾਨ ਸ਼ਾਹ ਕੱਪ ਦੇ ਪਿਛਲੇ 28 ਸਾਲਾਂ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ ਜਦ ਦੋਵਾਂ ਟੀਮਾਂ ਨੂੰ ਸਾਂਝੀਆਂ ਜੇਤੂ ਐਲਾਨਿਆ ਗਿਆ ਹੈ। ਭਾਰਤੀ ਟੀਮ ਪ੍ਰਬੰਧਕ ਐਫ ਆਈ ਐਚ ਟੂਰਨਾਮੈਂਟ ਨਿਰਦੇਸ਼ਕ ਪਾਲ ਰਿਚਰਡਸ ਨੂੰ ਮਿਲੇ ਅਤੇ ਉਨ੍ਹਾਂ ਨੇ ਸੱਤ ਟੀਮਾਂ ਦੇ ਰਾਊਂਡ ਰੌਬਿਨ ਲੀਗ 'ਚ 13 ਅੰਕਾਂ ਨਾਲ ਚੋਟੀ 'ਤੇ ਰਹਿਣ ਅਤੇ ਇਸ ਦੌਰਾਨ ਦੱਖਣੀ ਕੋਰੀਆ 'ਤੇ 3-2 ਦੀ ਜਿੱਤ ਕਾਰਨ ਜੇਤੂ ਟਰਾਫੀ ਭਾਰਤ ਨੂੰ ਸੌਂਪਣ ਦੀ ਮੰਗ ਕੀਤੀ। ਹਾਲਾਂਕਿ ਬਾਅਦ ਵਿਚ ਜੇਤੂ ਕੱਪ ਦੋਵਾਂ ਟੀਮਾਂ ਨੂੰ ਸੌਂਪਣ ਦਾ ਫ਼ੈਸਲਾ ਕੀਤਾ ਗਿਆ। ਇਸ ਤਰ੍ਹਾਂ ਕੁਲ ਛੇ ਵਾਰ ਫਾਈਨਲ 'ਚ ਪਹੁੰਚਣ ਵਾਲੇ ਭਾਰਤ ਨੇ ਪੰਜਵੀਂ ਵਾਰ ਖਿਤਾਬ ਜਿੱਤਣ ਦਾ ਮਾਣ ਪ੍ਰਾਪਤ ਕੀਤਾ। ਦੂਜੇ ਪਾਸੇ ਆਸਟ੍ਰੇਲੀਆ ਨੇ ਮਲੇਸ਼ੀਆ ਨੂੰ 5-3 ਨਾਲ ਹਰਾ ਕੇ ਕਾਂਸੀ ਦਾ ਤਗਮਾ ਹਾਸਲ ਕੀਤਾ ਜਦਕਿ ਪਾਕਿਸਤਾਨ ਚੀਨ ਨੂੰ 6-5 ਨਾਲ ਹਰਾ ਕੇ ਪੰਜਵੇਂ ਸਥਾਨ 'ਤੇ ਰਿਹਾ।

ਪਿੰਡ ਪੰਡੋਰੀ ਦਾ ਦੋ ਰੋਜ਼ਾ ਪੇਂਡੂ ਖੇਡ ਮੇਲਾ 22 ਤੋਂ

ਰਾਏਕੋਟ, 14 ਮਈ - 22-23 ਮਈ ਨੂੰ ਸਾਲਾਨਾ ਪੇਂਡੂ ਖੇਡ ਮੇਲਾ ਪਿੰਡ ਪੰਡੋਰੀ 'ਚ ਕਰਵਾਇਆ ਜਾ ਰਿਹਾ ਹੈ। ਜਿਸ ਦੌਰਾਨ 22 ਮਈ ਨੂੰ ਬਜ਼ੁਰਗਾਂ ਦੀਆਂ ਦੌੜਾਂ, ਸਾਈਕਲ ਰੇਸ, ਅੰਗਹੀਣਾਂ ਦੀ ਸਾਈਕਲ ਰੇਸ, ਮੋਟਰ ਸਾਈਕਲ ਰੇਸ 10 ਸੀ. ਸੀ., ਖੀਰੇ-ਦੁੱਗੇ ਬਲਦਾਂ ਦੀਆਂ ਹੀਟਾਂ ਅਤੇ 23 ਮਈ ਨੂੰ ਮੋਟਰ ਸਾਈਕਲ 150 ਸੀ. ਸੀ. ਅਤੇ ਬੁਲਟ ਮੋਟਰ ਸਾਈਕਲ 350 ਸੀ. ਸੀ. ਦੀਆਂ ਰੇਸਾਂ, ਪੀਟਰ ਰੇਹੜੇ (ਘੜੁੱਕੇ), ਟਰੈਕਟਰ ਬੈਕ ਰੇਸ (ਸਿਰਫ਼ ਸੈਪਜ ਟਰੈਕਟਰ) ਅਤੇ ਖੀਰ-ਦੁੱਗੇ ਬਲਦਾਂ ਦੇ ਫਾਈਨਲ ਮੁਕਾਬਲੇ ਹੋਣਗੇ।

50 ਕਬੱਡੀ ਖਿਡਾਰੀਆਂ ਦੇ ਡੋਪਿੰਗ ਟੈਸਟ ਲਈ ਲਏ ਗਏ ਸੈਂਪਲ

ਜਲੰਧਰ, 14 ਮਈ - 12-14 ਮਈ ਤੱਕ ਫ਼ਤਹਿਗੜ੍ਹ ਸਾਹਿਬ ਵਿਖੇ ਕਬੱਡੀ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਖੇਡ ਮੇਲੇ 'ਚ ਸ਼ਾਮਿਲ ਹੋਣ ਵਾਲੇ ਖਿਡਾਰੀਆਂ ਦੇ 'ਡੋਪਿੰਗ ਟੈਸਟ' ਲਈ ਸੈਂਪਲ ਲਏ ਗਏ ਹਨ। ਇਨ੍ਹਾਂ ਸੈਂਪਲਾਂ ਦੇ ਨਤੀਜੇ ਆਉਣ 'ਤੇ ਜਨਤਕ ਕੀਤੇ ਜਾਣਗੇ ਅਤੇ 'ਪਾਜ਼ੇਟਿਵ' ਪਾਏ ਜਾਣ ਵਾਲੇ ਖਿਡਾਰੀਆਂ ਖਿਲਾਫ਼ 'ਐਂਟੀ ਡੋਪਿੰਗ ਡਸਿਪਲਨਰੀ ਪੈਨਲ' ਨੂੰ ਸੰਬੰਧਤ ਖਿਡਾਰੀ ਦੇ ਖਿਲਾਫ਼ ਢੁਕਵੀਂ ਪਾਬੰਦੀ ਜਾਂ ਹੋਰ ਕਾਰਵਾਈ ਦੀ ਸਿਫ਼ਾਰਿਸ਼ ਕੀਤੀ ਜਾਵੇਗੀ। ਇਕ ਤਕਨੀਕੀ ਟੀਮ ਉਕਤ ਖੇਡ ਮੇਲੇ ਦੌਰਾਨ 'ਸੈਂਪਲ' ਲੈਣ ਲਈ ਫ਼ਤਹਿਗੜ੍ਹ ਸਾਹਿਬ ਭੇਜੀ ਗਈ ਜਿਸ ਨੇ 50 ਕਬੱਡੀ ਖਿਡਾਰੀਆਂ ਦੇ ਪਿਸ਼ਾਬ ਦੇ ਸੈਂਪਲ ਲਏ ਹਨ। 'ਸੈਂਪਲ' 'ਵਰਲਡ ਐਂਟੀ ਡੋਪਿੰਗ ਏਜੰਸੀ' ਵੱਲੋਂ ਪ੍ਰਵਾਨਿਤ ਦਿੱਲੀ ਵਿਖੇ ਬਣਾਈ ਗਈ ਕੌਮਾਂਤਰੀ ਪੱਧਰ ਦੀ 'ਨੈਸ਼ਨਲ ਡੋਪ ਟੈਸਟਿੰਗ ਲੈਬਾਰਟਰੀ' ਵਿਚ ਜਾਂਚੇ ਜਾਣਗੇ ਅਤੇ ਜੋ ਵੀ ਨਤੀਜੇ ਹੋਣਗੇ ਉਹ ਜਨਤਕ ਕੀਤੇ ਜਾਣਗੇ ਤਾਂ ਜੋ ਪੰਜਾਬ ਦੇ ਲੋਕ ਆਪਣੇ ਖਿਡਾਰੀਆਂ ਬਾਰੇ ਜਾਣ ਸਕਣ।

ਐਨ.ਆਈ.ਐਸ. ਨੇ 236 ਕੋਚ ਦੇਸ਼ ਦੀ ਝੋਲੀ ਪਾਏ

ਪਟਿਆਲਾ, 14 ਮਈ - ਭਾਰਤ ਦੀ ਸਿਰਮੌਰ ਖੇਡ ਸੰਸਥਾ ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਨੇ 236 ਕੋਚ ਦੇਸ਼ ਨੂੰ ਦੇ ਦਿੱਤੇ ਹਨ। ਇਨ੍ਹਾਂ ਕੋਚਾਂ ਨੂੰ 'ਡਿਪਲੋਮਾ ਇਨ ਸਪੋਰਟਸ ਕੋਚਿੰਗ' ਪ੍ਰਦਾਨ ਕੀਤਾ। ਵੱਖ-ਵੱਖ 16 ਖੇਡਾਂ ਨਾਲ ਸੰਬੰਧਿਤ ਕੋਚਾਂ 'ਚੋਂ ਸਾਈਕਲਿੰਗ ਦੇ ਜੋਗਿੰਦਰ ਸਿੰਘ ਤੇ ਗੁਰਪ੍ਰੀਤ ਕੌਰ ਨੂੰ ਕ੍ਰਮਵਾਰ ਪੁਰਸ਼ ਤੇ ਮਹਿਲਾ ਵਰਗ ਵਿਚੋਂ ਪਹਿਲੇ ਸਥਾਨ 'ਤੇ ਰਹਿਣ ਦਾ ਮਾਣ ਪ੍ਰਾਪਤ ਕੀਤਾ। ਇਨ੍ਹਾਂ ਨਵੇਂ ਬਣੇ ਕੋਚਾਂ ਵਿਚ ਬੀਜਿੰਗ ਉਲੰਪਿਕ ਵਿਚ ਦੇਸ਼ ਦੀ ਪ੍ਰਤੀਨਿਧਤਾ ਕਰ ਚੁੱਕੀ ਜੂਡੋਕਾ ਦਿਵਿਆ ਵੀ ਸ਼ਾਮਲ ਹੈ, ਜੋ ਜੂਡੋ ਦੇ ਸਿਖਿਆਰਥੀਆਂ ਵਿਚ ਅੱਵਲ ਨੰਬਰ 'ਤੇ ਰਹੀ। ਇਸ ਬੈਚ ਵਿਚ ਕੁਲ 248 ਸਿਖਿਆਰਥੀ ਸਨ, ਜਿਨ੍ਹਾਂ ਵਿਚੋਂ 236 ਪਾਸ ਹੋਏ ਅਤੇ 7 ਸਿਖਿਆਰਥੀ ਕੋਰਸ ਪਾਸ ਕਰਨ ਤੋਂ ਅਸਫਲ ਰਹੇ। ਪਾਸ ਹੋਏ ਸਿਖਿਆਰਥੀਆਂ ਵਿਚੋਂ 35 ਨੇ ਏ, 196 ਨੇ ਬੀ ਅਤੇ 5 ਨੇ ਸੀ ਕਲਾਸ ਵਿਚ ਕੋਚਿੰਗ ਦਾ ਡਿਪਲੋਮਾ ਹਾਸਲ ਕੀਤਾ। ਇਸ ਤਰ੍ਹਾਂ ਐਥਲੈਟਿਕਸ ਵਿਚ 24, ਬਾਸਕਿਟਬਾਲ 'ਚ 14, ਮੁੱਕੇਬਾਜ਼ੀ 'ਚ 13, ਕ੍ਰਿਕਟ 'ਚ 15, ਸਾਈਕਲਿੰਗ 'ਚ 8, ਤਲਵਾਰਬਾਜ਼ੀ 'ਚ 6, ਫੁਟਬਾਲ 'ਚ 23, ਜਿਮਨਾਸਟਿਕ 'ਚ 12, ਹੈਂਡਬਾਲ 'ਚ 18, ਹਾਕੀ 'ਚ 21, ਜੂਡੋ 'ਚ 16, ਟੈਬਲ ਟੇਨਿਸ 'ਚ 4, ਬਾਸਕਟਬਾਲ 'ਚ 17, ਭਾਰ ਤੋਲਨ 'ਚ 10, ਕੁਸ਼ਤੀ 'ਚ 29, ਤੇ ਵੁਸ਼ੂ 'ਚ 5 ਸਿਖਿਆਰਥੀ ਕੋਚ ਬਣਨ ਵਿਚ ਸਫਲ ਸਾਬਤ ਹੋਏ।

ਪੰਜਾਬ ਸਟੇਟ ਯੂਥ ਬਾਸਕਿਟਬਾਲ ਚੈਂਪੀਅਨਸ਼ਿਪ ਸਮਾਪਤ

ਮਾਨਸਾ, 14 ਮਈ - 11ਵੀਂ ਪੰਜਾਬ ਸਟੇਟ ਯੂਥ ਬਾਸਕਿਟਬਾਲ ਚੈਂਪੀਅਨਸ਼ਿਪ ਮਾਨਸਾ ਦੇ ਨੇੜਲੇ ਪਿੰਡ ਭੈਣੀਬਾਘਾ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਂਡ 'ਚ ਕਰਵਾਈ ਗਈ। ਲੜਕਿਆਂ ਦਾ ਫਾਈਨਲ ਮੈਚ ਲੁਧਿਆਣਾ ਅਕੈਡਮੀ ਅਤੇ ਲੁਧਿਆਣਾ ਦੇ ਵਿਚਕਾਰ ਖੇਡਿਆ ਗਿਆ। ਫਸਵੇਂ ਮੁਕਾਬਲੇ ਤੋਂ ਬਾਅਦ ਆਖਿਰਕਾਰ ਲੁਧਿਆਣਾ ਅਕੈਡਮੀ ਦੇ ਚੋਬਰਾਂ ਨੇ 67-57 ਅੰਕਾਂ ਦੇ ਫਰਕ ਨਾਲ ਲੁਧਿਆਣਾ ਨੂੰ ਹਰਾ ਕੇ ਬਾਜ਼ੀ ਮਾਰੀ। ਇਸੇ ਤਰ੍ਹਾਂ ਹੀ ਲੜਕਿਆਂ 'ਚੋਂ ਤੀਜੇ ਸਥਾਨ ਦੀ ਪ੍ਰਾਪਤੀ ਮਾਨਸਾ ਨੇ ਫਿਰੋਜ਼ਪੁਰ ਨੂੰ 36-26 ਅੰਕਾਂ ਦੇ ਫਰਕ ਨਾਲ ਹਰਾ ਕੇ ਹਾਸਲ ਕੀਤੀ। ਇਸੇ ਤਰ੍ਹਾਂ ਲੜਕਿਆਂ 'ਚੋਂ ਕਪੂਰਥਲਾ ਨੇ ਗੁਰਦਾਸਪੁਰ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਲੜਕੀਆਂ ਦੇ ਮੁਕਾਬਲੇ 'ਚੋਂ ਕਪੂਰਥਲਾ ਨੇ ਪਹਿਲਾ, ਗੁਰਦਾਸਪੁਰ ਨੇ ਦੂਜਾ ਤੇ ਲੁਧਿਆਣਾ ਨੇ ਤੀਜਾ ਸਥਾਨ ਹਾਸਲ ਕੀਤਾ।

ਖਾਲਸਾਈ ਖੇਡਾਂ

ਫ਼ਤਹਿਗੜ੍ਹ ਸਾਹਿਬ, 13 ਮਈ - ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ 'ਚ ਖਾਲਸਾਈ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਦੇ ਦੂਜੇ ਦਿਨ ਕਬੱਡੀ ਤੇ ਹਾਕੀ ਦੇ ਨਾਲ- ਨਾਲ ਘੋੜਸਵਾਰੀ, ਗਤਕਾ ਤੇ ਦਸਤਾਰਬੰਦੀ ਦੇ ਮੁਕਾਬਲੇ ਕਰਵਾਏ ਗਏ। ਕਬੱਡੀ ਮੁਕਾਬਲਿਆਂ ਦੌਰਾਨ ਬਾਬਾ ਫਰੀਦ ਕਬੱਡੀ ਕਲੱਬ ਫਰੀਦਕੋਟ ਬਨਾਮ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਬਰਨਾਲਾ 'ਚੋਂ ਬਾਬਾ ਫਰੀਦਕੋਟ ਕਬੱਡੀ ਕਲੱਬ ਜੇਤੂ ਅਤੇ ਸ਼ਹੀਦ ਭਗਤ ਸਿੰਘ ਕਬੱਡੀ ਸਰਕਲ ਮੰਗੇਵਾਲ ਬਨਾਮ ਦਸਮੇਸ਼ ਕਬੱਡੀ ਕਲੱਬ ਦਾਤੇਵਾਸ (ਮਾਨਸਾ) ਦੇ ਮੁਕਾਬਲਿਆਂ 'ਚੋਂ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਮੰਗੇਵਾਲ ਜੇਤੂ ਰਿਹਾ। ਘੋੜ ਸਵਾਰੀ ਕਿੱਲਾ ਪੁੱਟਣ ਦੇ ਮੁਕਾਬਲਿਆਂ 'ਚ ਇੰਸਪੈਕਟਰ ਜਸਵਿੰਦਰ ਸਿੰਘ ਪੰਜਾਬ ਪੁਲਿਸ ਫਿਲੌਰ ਅਕੈਡਮੀ ਪਹਿਲੇ ਸਥਾਨ, ਦੂਜੇ ਸਥਾਨ 'ਤੇ ਸਬ-ਇੰਸਪੈਕਟਰ ਤਲਵਿੰਦਰ ਸਿੰਘ ਪੀ. ਏ. ਪੀ ਜਲੰਧਰ ਅਤੇ ਦਵਿੰਦਰਜੀਤ ਸਿੰਘ ਕ੍ਰਿਪਾਲ ਸਾਗਰ ਅਕੈਡਮੀ ਰਾਹੋਂ ਤੀਜੇ ਸਥਾਨ 'ਤੇ ਰਹੇ। ਸਕੂਲ ਪੱਧਰ 'ਤੇ ਹੋਏ ਦਸਤਾਰ ਸਜਾਉਣ ਦੇ ਮੁਕਾਬਲਿਆਂ 'ਚ ਪਹਿਲਾ ਸਥਾਨ ਸਰਵਨ ਸਿੰਘ ਸ੍ਰੀ ਗੁਰੂ ਰਾਮਦਾਸ ਸੀਨੀ: ਸੈਕੰਡਰੀ ਸਕੂਲ ਅੰਮ੍ਰਿਤਸਰ, ਦੂਜਾ ਸਥਾਨ ਸਰਬਜੀਤ ਸਿੰਘ ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਮਾਹਿਲਪੁਰ, ਸੁਖਰਾਜਬੀਰ ਸਿੰਘ ਬਾਬਾ ਬੁੱਢਾ ਪਬਲਿਕ ਸਕੂਲ ਬੀੜ ਸਾਹਿਬ ਤੀਜੇ ਸਥਾਨ 'ਤੇ ਰਿਹਾ। ਕਾਲਜ ਪੱਧਰ ਦੇ ਮੁਕਾਬਲਿਆਂ 'ਚੋਂ ਪਹਿਲਾ ਸਥਾਨ ਪਰਮਜੀਤ ਸਿੰਘ ਖਾਲਸਾ ਕਾਲਜ ਪਟਿਆਲਾ, ਦੂਸਰਾ ਸਥਾਨ ਪਰਮਜੀਤ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਪੋਲੀਟੈਕਨਿਕ ਕਾਲਜ ਫ਼ਤਹਿਗੜ੍ਹ ਸਾਹਿਬ ਅਤੇ ਪ੍ਰਵੇਜਇੰਦਰ ਸਿੰਘ ਗੁਰੂ ਨਾਨਕ ਕਾਲਜ ਬਟਾਲਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਹਾਕੀ ਮੁਕਾਬਲਿਆਂ ਦੌਰਾਨ ਪੀ. ਏ. ਪੀ ਬਨਾਮ ਆਰ. ਸੀ. ਐਫ. ਕਪੂਰਥਲਾ 'ਚੋਂ ਪੀ. ਏ. ਪੀ. ਜੇਤੂ ਰਹੀ।

2 ਰੋਜ਼ਾ ਹਾਕੀ ਸਿਖਲਾਈ ਕੈਂਪ 15-16 ਨੂੰ

ਜਲੰਧਰ, 13 ਮਈ - ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਜਲੰਧਰ 'ਚ 15-16 ਮਈ ਨੂੰ ਹਾਕੀ ਕੋਚਿੰਗ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੋਚਿੰਗ ਕੈਂਪ ਵਿਚ 80-80 ਗਰੁੱਪਾਂ ਵਿਚ ਹਰੇਕ ਹਾਕੀ ਸੈਂਟਰ ਤੋਂ 2 ਖਿਡਾਰੀ 11 ਸਾਲ ਦੀ ਉਮਰ ਦੇ ਸ਼ਾਮਿਲ ਕੀਤੇ ਜਾਣਗੇ ਤੇ ਇਸ ਤੋਂ ਇਲਾਵਾ ਸਰੀਰਕ ਕਸਰਤਾਂ ਸਬੰਧੀ ਵੀ ਜਾਣਕਾਰੀ ਦਿੱਤੀ ਜਾਵੇਗੀ। ਇਸ ਕੈਂਪ ਵਿਚ 20 ਹਾਕੀ ਕੋਚਾਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ। 15 ਮਈ ਸ਼ਾਮ ਨੂੰ 4.30 ਵਜੇ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਜਲੰਧਰ ਵਿਖੇ ਇਕ ਪ੍ਰੈੱਸ ਕਾਨਫਰੰਸ ਵੀ ਕੀਤੀ ਜਾਵੇਗੀ।

ਓਪਨ ਨੈਸ਼ਨਲ ਅਥਲੈਟਿਕ ਮੀਟ 15 ਤੋਂ

ਪਟਿਆਲਾ, 13 ਮਈ - ਕੋਚੀਨ 'ਚ 15 ਤੋਂ 18 ਮਈ ਤੱਕ ਓਪਨ ਨੈਸ਼ਨਲ ਅਥਲੈਟਿਕ ਮੀਟ ਕਰਵਾਈ ਜਾ ਰਹੀ ਹੈ। ਜਿਸ ਵਿਚ ਦੇਸ਼ ਦੇ ਚੋਟੀ ਦੇ ਖਿਡਾਰੀ ਸ਼ਾਮਿਲ ਹੋ ਰਹੇ ਹਨ। ਪਿਛਲੇ ਦਿਨੀਂ ਹੋਏ ਕੌਮੀ ਫੈਡਰੇਸ਼ਨ ਕੱਪ ਤੋਂ ਬਾਅਦ ਇਹ ਭਾਰਤੀ ਅਥਲੈਟਿਕ ਸੀਜ਼ਨ ਦੀ ਦੂਸਰੀ ਮੀਟ ਹੈ, ਜਿਸ ਵਿਚ ਸਾਰੇ ਰਾਜਾਂ ਤੇ ਵੱਖ-ਵੱਖ ਸਰਕਾਰੀ ਤੇ ਗੈਰ ਸਰਕਾਰੀ ਅਦਾਰਿਆਂ ਦੇ ਖਿਡਾਰੀ ਹਿੱਸਾ ਲੈਣਗੇ। ਇਹ ਟੂਰਨਾਮੈਂਟ ਜੂਨ ਮਹੀਨੇ 'ਚ ਹੋਣ ਵਾਲੀ ਏਸ਼ੀਅਨ ਗ੍ਰਾ ਪ੍ਰੀ. ਅਥਲੈਟਿਕ ਮੀਟ ਤੋਂ ਪਹਿਲਾਂ ਭਾਰਤੀ ਅਥਲੀਟਾਂ ਲਈ ਤਿਆਰੀ ਦਾ ਸੁਨਹਿਰੀ ਮੌਕਾ ਹੈ। ਇਸ ਮੀਟ 'ਚ ਉਂਝ ਤਾਂ ਸਾਰੇ ਹੀ ਚੋਟੀ ਦੇ ਸੀਨੀਅਰ ਤੇ ਜੂਨੀਅਰ ਅਥਲੀਟ ਹਿੱਸਾ ਲੈ ਰਹੇ ਹਨ ਪਰ ਗੋਲਾ ਸੁਟਾਵਾ ਓਮ ਪ੍ਰਕਾਸ਼ ਤੇ ਡਿਸਕਸ ਥਰੋਅਰ ਕ੍ਰਿਸ਼ਨਾ ਪੂਨੀਆ ਅਮਰੀਕਾ 'ਚ ਸਿਖਲਾਈ ਲੈ ਰਹੇ ਹਨ। ਇਸ ਤੋਂ ਇਲਾਵਾ 4×400 ਮੀਟਰ ਰੀਲੇਅ ਦੀਆਂ ਦੌੜਾਕ ਮਨਜੀਤ ਕੌਰ, ਮਨਦੀਪ ਕੌਰ, ਸਿੰਨੀ ਜੋਸ਼ ਤੇ ਚਿੱਤਰਾ ਕੇ ਸੋਮਨ ਵੀ ਵਿਦੇਸ਼ਾਂ 'ਚ ਸਿਖਲਾਈ ਲੈ ਰਹੀਆਂ ਹਨ। ਏਸ਼ੀਅਨ ਗ੍ਰਾ ਪ੍ਰੀ ਮੀਟ ਤਿੰਨ ਪੜਾਵਾਂ 'ਚ 1 ਜੂਨ ਨੂੰ ਪੁਣੇ, 5 ਜੂਨ ਨੂੰ ਚੇਨਈ ਤੇ 9 ਜੂਨ ਨੂੰ ਬੰਗਲੌਰ ਵਿਖੇ ਹੋਵੇਗੀ ਅਤੇ ਇਸ ਦੇ ਨਾਲ ਹੀ ਭਾਰਤੀ ਗ੍ਰਾ ਪ੍ਰੀ ਅਥਲੈਟਿਕ ਮੀਟ ਵੀ ਹੋਵੇਗੀ।

ਅੰਤਰਰਾਸ਼ਟਰੀ ਜੂਨੀਅਰ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ 'ਚ ਆਸ਼ੇਰ ਨੋਰੀਆ ਦੀ ਬੱਲੇ ਬੱਲੇ

ਨਵੀਂ ਦਿੱਲੀ, 13 ਮਈ - ਅੰਤਰਰਾਸ਼ਟਰੀ ਜੂਨੀਅਰ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਜਰਮਨੀ 'ਚ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿਚ ਭਾਰਤੀ ਨਿਸ਼ਾਨੇਬਾਜ਼ ਆਸ਼ੇਰ ਨੋਰੀਆ ਨੇ ਸੋਨੇ ਦਾ ਤਗਮਾ ਜਿੱਤਿਆ ਹੈ ਜਦੋਂਕਿ ਟੀਮ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ। ਇਹ ਭਾਰਤੀ ਨਿਸ਼ਾਨੇਬਾਜ਼ ਕੁੱਲ 186 ਅੰਕ ਪ੍ਰਾਪਤ ਕਰਕੇ ਪਹਿਲੇ ਸਥਾਨ 'ਤੇ ਰਿਹਾ। ਹੋਰ ਭਾਰਤੀ ਖਿਡਾਰੀਆਂ 'ਚ ਸ਼ਾਨ ਮਸੂਦ ਫਾਈਨਲ ਮੁਕਾਬਲੇ ਦੌਰਾਨ 50 'ਚੋਂ 40 ਅੰਕ ਪ੍ਰਾਪਤ ਕਰਕੇ ਪੰਜਵੇ ਸਥਾਨ 'ਤੇ ਰਿਹਾ। ਭਾਰਤੀ ਟੀਮ ਨੇ ਆਸ਼ੇਰ (140), ਸ਼ਾਨ (140) ਅਤੇ ਅੰਕੁਰ ਮਿੱਤਲ (112) ਦੀ ਸਹਾਇਤਾ ਨਾਲ ਕਾਂਸੀ ਦਾ ਤਗਮਾ ਜਿੱਤਿਆ।

ਖੇਡ ਵਿੰਗ ਅਤੇ ਸਮਰ ਕੈਂਪ ਲਈ ਟ੍ਰਾਇਲ 18 ਨੂੰ

ਪਟਿਆਲਾ, 11 ਮਈ - 18 ਮਈ ਨੂੰ ਗਰਮ ਰੁੱਤ ਦੇ ਕੋਚਿੰਗ ਕੈਂਪ ਅਤੇ ਸਪੋਰਟਸ ਵਿੰਗ ਲਈ ਵੱਖ ਵੱਖ ਖੇਡਾਂ ਦੇ ਟ੍ਰਾਇਲ ਖੇਡ ਵਿਭਾਗ, ਪੰਜਾਬੀ ਯੂਨੀਵਰਸਿਟੀ ਵੱਲੋਂ ਕਰਵਾਏ ਜਾ ਰਹੇ ਹਨ। ਯੂਨੀਵਰਸਿਟੀ ਦੇ ਸਪੋਰਟਸ ਵਿੰਗ ਅਤੇ ਸਮਰ ਕੋਚਿੰਗ ਕੈਂਪਾਂ ਲਈ ਵੱਖੋ-ਵੱਖ ਖੇਡਾਂ ਨਾਲ ਸਬੰਧਤ ਖਿਡਾਰੀਆਂ ਦੇ ਟਰਾਇਲ 18 ਮਈ ਨੂੰ ਸਵੇਰੇ 7 ਵਜੇ ਯੂਨੀਵਰਸਿਟੀ ਕੈਂਪਸ ਵਿਖੇ ਕਰਵਾਏ ਜਾਣੇ ਹਨ। ਸੈਸ਼ਨ 2010-11 ਦੌਰਾਨ ਪੰਜਾਬੀ ਯੂਨੀਵਰਸਿਟੀ ਕੈਂਪਸ ਜਾਂ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਵਿਖੇ ਕਿਸੇ ਵੀ ਕੋਰਸ/ਕਲਾਸ ਵਿਚ ਦਾਖਲਾ ਲੈਣ ਦੇ ਯੋਗ ਖਿਡਾਰੀ/ਖਿਡਾਰਨਾਂ ਇਨ੍ਹਾਂ ਵਿਚ ਭਾਗ ਲੈਣ ਲਈ ਆਪਣੇ ਵਿਦਿਅਕ ਸਰਟੀਫਿਕੇਟ, ਖੇਡਾਂ ਦੇ ਅਸਲ ਸਰਟੀਫਿਕੇਟ ਅਤੇ ਦੋ ਪਾਸਪੋਰਟ ਸਾਈਜ਼ ਫੋਟੋਆਂ ਲੈ ਕੇ ਟਰਾਇਲਾਂ ਲਈ ਸਪੋਰਟਸ ਕੰਪਲੈਕਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪਹੁੰਚਣ।

'ਹਾਕੀ ਇੰਡੀਆ' ਨਾਲ ਮਤਰੇਈ ਮਾਂ ਵਾਲਾ ਸਲੂਕ ਕਿਉਂ ?

ਲੁਧਿਆਣਾ, 11 ਮਈ - 19ਵਾਂ ਸੁਲਤਾਨ ਅਜ਼ਲਾਨ ਹਾਕੀ ਟੂਰਨਾਮੈਂਟ ਜੋ ਕਿ ਮਲੇਸ਼ੀਆ ਦੇ ਸ਼ਹਿਰ ਇਪੋਹ 'ਚ ਕਰਵਾਇਆ ਜਾ ਰਿਹਾ ਹੈ ਪਰ ਹਾਕੀ ਪ੍ਰੇਮੀਆਂ ਦਾ ਕਹਿਣਾ ਹੈ ਕਿ ਹਾਕੀ ਇੰਡੀਆ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਉਹ ਇਸ ਗੱਲ ਤੋਂ ਬੇਹੱਦ ਖਫ਼ਾ ਹਨ ਕਿ ਹਾਕੀ ਟੂਰਨਾਮੈਂਟ ਦਾ ਸਿੱਧਾ ਪ੍ਰਸਾਰਣ ਟੀ.ਵੀ. ਚੈਨਲਾਂ 'ਤੇ ਕਿਉਂ ਨਹੀਂ ਦਿਖਾਇਆ ਜਾ ਰਿਹਾ। ਉਨ੍ਹਾਂ ਨੇ ਭਾਰਤ ਸਰਕਾਰ ਅਤੇ ਭਾਰਤੀ ਉਲੰਪਿਕ ਐਸੋਸੀਏਸ਼ਨ ਤੋਂ ਮੰਗ ਕੀਤੀ ਹੈ ਕਿ ਹਾਕੀ ਮੈਚਾਂ ਦਾ ਸਿੱਧਾ ਪ੍ਰਸਾਰਣ ਟੀ.ਵੀ. ਚੈਨਲਾਂ 'ਤੇ ਦਿਖਾਇਆ ਜਾਵੇ। ਹਾਕੀ ਪ੍ਰੇਮੀਆਂ ਦਾ ਕਹਿਣਾ ਹੈ ਕਿ 'ਹਾਕੀ ਇੰਡੀਆ' ਦੇ ਅਹੁੱਦੇਦਾਰ ਆਪਣੀਆਂ ਕੁਰਸੀਆਂ ਹਾਸਲ ਕਰਨ ਲਈ ਤਾਂ ਲੜ ਰਹੇ ਹਨ ਪਰ ਭਾਰਤੀ ਹਾਕੀ ਨੂੰ ਇਥੋਂ ਤੱਕ ਅਣਗੌਲਿਆਂ ਕਰ ਦਿੱਤਾ ਹੈ ਕਿ ਅੰਤਰਰਾਸ਼ਟਰੀ ਪੱਧਰ ਦੇ ਮੈਚਾਂ ਦਾ ਵੀ ਟੀ.ਵੀ. ਚੈਨਲਾਂ 'ਤੇ ਪ੍ਰਸਾਰਣ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕੇਂਦਰੀ ਖੇਡ ਮੰਤਰੀ ਡਾ. ਐਮ.ਐਸ. ਗਿੱਲ ਤੋਂ ਮੰਗ ਕੀਤੀ ਹੈ ਕਿ ਉਹ ਸਿੱਧਾ ਦਖ਼ਲ ਦੇ ਕੇ ਸੁਲਤਾਨ ਅਜ਼ਲਾਨ ਸ਼ਾਹ ਹਾਕੀ ਮੈਚਾਂ ਦਾ ਪ੍ਰਸਾਰਣ ਕਰਵਾਉਣ ਤਾਂ ਜੋ ਹਾਕੀ ਪ੍ਰੇਮੀ ਕੌਮੀ ਖੇਡ ਦਾ ਆਨੰਦ ਮਾਣ ਸਕਣ।

ਅਜ਼ਲਾਨ ਸ਼ਾਹ ਹਾਕੀ 'ਚ ਭਾਰਤ ਨੇ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਨੂੰ ਵੀ ਕੀਤਾ ਚਿੱਤ

ਇਪੋਹ (ਮਲੇਸ਼ੀਆ), 10 ਮਈ - ਸੁਲਤਾਨ ਅਜ਼ਲਾਨ ਸ਼ਾਹ ਕੱਪ ਹਾਕੀ ਟੂਰਨਾਮੈਂਟ ਵਿਚ ਭਾਰਤ ਨੇ ਮੌਜੂਦਾ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਨੂੰ 4-3 ਨਾਲ ਹਰਾ ਦਿੱਤਾ ਹੈ। ਤੁਸ਼ਾਰ ਖਾਂਡੇਕਰ ਨੂੰ 'ਮੈਨ ਆਫ ਦ ਮੈਚ' ਐਲਾਨਿਆ ਗਿਆ। ਇਸ ਜਿੱਤ ਨੇ ਭਾਰਤ ਨੂੰ ਸੱਤ ਟੀਮਾਂ ਦੀ ਸੂਚੀ ਵਿਚ ਪਹਿਲੇ ਨੰਬਰ 'ਤੇ ਲਿਆ ਦਿੱਤਾ ਹੈ। ਭਾਰਤੀ ਟੀਮ ਨੇ ਚਾਰ ਮੈਚਾਂ ਵਿਚ 10 ਅੰਕ ਜੁਟਾਏ ਹਨ। ਚਾਰ ਵਾਰ ਦੇ ਚੈਂਪੀਅਨ ਰਹੇ ਭਾਰਤ ਨੇ ਲੀਗ ਪੱਧਰ 'ਤੇ ਹਾਲੇ ਦੋ ਹੋਰ ਮੁਕਾਬਲੇ ਖੇਡਣੇ ਹਨ ਅਤੇ ਫਾਈਨਲ 'ਚ ਜਗ੍ਹਾ ਬਣਾਉਣ ਲਈ ਉਸ ਨੂੰ ਅਜੇ ਤਿੰਨ ਅੰਕ ਹੋਰ ਚਾਹੀਦੇ ਹਨ। ਹੁਣ ਉਸ ਦਾ ਮੁਕਾਬਲਾ ਮਲੇਸ਼ੀਆ ਅਤੇ ਮਿਸਰ ਨਾਲ ਹੋਣਾ ਹੈ। ਇਸ ਤੋਂ ਪਹਿਲਾਂ ਏਸ਼ੀਆਈ ਚੈਂਪੀਅਨ ਦੱਖਣੀ ਕੋਰੀਆ ਨੇ ਚੀਨ ਨੂੰ 5-3 ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਕੋਰੀਆਈ ਟੀਮ ਨੇ ਚਾਰ ਮੈਚਾਂ ਤੋਂ 7 ਅੰਕ ਜੁਟਾ ਲਏ ਹਨ ਤੇ ਉਸ ਦੇ ਫਾਈਨਲ 'ਚ ਪਹੁੰਚਣ ਦੀ ਸੰਭਾਵਨਾ ਬਣ ਗਈ ਹੈ।

ਗਰੇਵਾਲ ਹਾਕੀ ਅਕੈਡਮੀ ਕਿਲ੍ਹਾ ਰਾਏਪੁਰ ਦੇ ਟ੍ਰਾਇਲ 12 ਨੂੰ

ਜਲੰਧਰ, 10 ਮਈ - 12 ਮਈ ਨੂੰ 10 ਵਜੇ ਸਵੇਰੇ ਗਰੇਵਾਲ ਸਪੋਰਟਸ ਸਟੇਡੀਅਮ ਵਿਚ ਗਰੇਵਾਲ ਹਾਕੀ ਅਕੈਡਮੀ ਅੰਡਰ 17 ਕਿਲ੍ਹਾ ਰਾਏਪੁਰ ਲਈ ਚੋਣ ਟ੍ਰਾਇਲ ਕਰਵਾਏ ਜਾ ਰਹੇ ਹਨ। ਚੁਣੇ ਜਾਣ ਵਾਲੇ ਖਿਡਾਰੀਆਂ ਦੀ ਰਿਹਾਇਸ਼ ਅਤੇ ਖਾਣੇ ਦਾ ਪ੍ਰਬੰਧ ਅਕੈਡਮੀ ਵੱਲੋਂ ਕੀਤਾ ਜਾਵੇਗਾ ਜਦਕਿ ਖਿਡਾਰੀਆਂ ਨੂੰ ਖੇਡਾਂ ਦਾ ਸਾਮਾਨ ਵੀ ਮੁਫ਼ਤ ਮਿਲੇਗਾ। ਖਿਡਾਰੀ ਆਪਣੀ ਜਨਮ ਮਿਤੀ ਦਾ ਸਰਟੀਫਿਕੇਟ ਨਾਲ ਲੈ ਕੇ ਆਉਣ। ਗਰੇਵਾਲ ਹਾਕੀ ਅਕੈਡਮੀ ਪੰਜਾਬ ਖੇਡ ਵਿਭਾਗ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ।

ਅਜ਼ਲਾਨ ਸ਼ਾਹ ਹਾਕੀ ਟੂਰਨਾਮੈਂਟ 'ਚ ਭਾਰਤ ਦੀ ਫਿਰ ਬੱਲੇ ਬੱਲੇ

ਇਪੋਹ (ਮਲੇਸ਼ੀਆ), 9 ਮਈ - 15ਵਾਂ ਸੁਲਤਾਨ ਅਜ਼ਲਾਨ ਸ਼ਾਹ ਹਾਕੀ ਟੂਰਨਾਮੈਂਟ ਚੱਲ ਰਿਹਾ ਹੈ। ਇਸ ਟੂਰਨਾਮੈਂਟ ਵਿਚ ਭਾਰਤੀ ਟੀਮ ਨੇ ਲਗਾਤਾਰ ਦੂਜੀ ਜਿੱਤ 'ਤੇ ਆਪਣਾ ਕਬਜ਼ਾ ਕਰ ਲਿਆ ਹੈ। ਭਾਰਤੀ ਟੀਮ ਨੇ ਆਪਣੇ ਤੀਜੇ ਮੁਕਾਬਲੇ 'ਚ ਏਸ਼ੀਆਈ ਚੈਂਪੀਅਨ ਦੱਖਣੀ ਕੋਰੀਆ ਨੂੰ 3-2 ਨਾਲ ਹਰਾਇਆ। ਇਸ ਜਿੱਤ ਨੇ ਭਾਰਤੀ ਟੀਮ ਨੂੰ ਸੱਤ ਟੀਮਾਂ ਦੀ ਸੂਚੀ 'ਚ ਸਭ ਤੋਂ ਉਪਰ ਪਹੁੰਚਾ ਦਿੱਤਾ ਹੈ। ਭਾਰਤੀ ਟੀਮ ਨੇ ਤਿੰਨ ਮੈਚਾਂ ਤੋਂ ਸਭ ਤੋਂ ਵੱਧ 7 ਅੰਕ ਜੁਟਾਏ ਹਨ। ਦੱਖਣੀ ਕੋਰੀਆ ਦੇ ਤਿੰਨ ਮੈਚਾਂ ਵਿਚ 4 ਅੰਕ ਹਨ ਜਦਕਿ ਆਸਟ੍ਰੇਲੀਆ ਦੇ ਇਕ ਮੈਚ ਵਿਚ 3 ਅੰਕ ਹਨ। ਭਾਰਤੀ ਟੀਮ ਨੇ ਆਪਣੇ ਦੂਸਰੇ ਲੀਗ ਮੁਕਾਬਲੇ ਵਿਚ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ 4-2 ਨਾਲ ਹਰਾਇਆ ਸੀ ਜਦਕਿ ਪਹਿਲੇ ਮੁਕਾਬਲੇ 'ਚ ਚੀਨ ਨੇ ਉਸ ਨੂੰ 1-1 ਦੀ ਬਰਾਬਰੀ 'ਤੇ ਰੋਕ ਲਿਆ ਸੀ। ਭਾਰਤ ਨੇ ਕੋਰੀਆ ਤੋਂ 2007 ਦੇ ਏਸ਼ੀਆ ਕੱਪ ਫਾਈਨਲ 'ਚ ਮਿਲੀ ਹਾਰ ਦਾ ਹਿਸਾਬ ਵੀ ਬਰਾਬਰ ਕਰ ਲਿਆ।

ਪੰਜਾਬ ਦੇ ਸਾਰੇ ਖਿਡਾਰੀਆਂ ਦੀ ਦਰਜਾਬੰਦੀ ਦਾ ਐਲਾਨ

ਨਵੀਂ ਦਿੱਲੀ, 8 ਮਈ - ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਇਹ ਫੈਸਲਾ ਕੀਤਾ ਹੈ ਕਿ ਪੰਜਾਬ ਦੇ ਖੇਡ ਵਿਭਾਗ ਵੱਲੋਂ ਹਰ ਖੇਡ ਅੰਦਰ ਰਾਜ ਦੇ ਚੋਟੀ ਦੇ 100 ਖਿਡਾਰੀਆਂ ਦੀ ਸ਼ਨਾਖਤ ਕਰਨ ਅਤੇ ਉਨ੍ਹਾਂ ਦੇ ਸਨਮਾਨ ਲਈ ਕੌਮਾਂਤਰੀ ਦਰਜਾ ਪ੍ਰਕਿਰਿਆ ਅਨੁਸਾਰ ਉਨ੍ਹਾਂ ਦੀ ਦਰਜਾਬੰਦੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਦਰਜਾਬੰਦੀ ਕਰਨ ਨਾਲ ਜਿਥੇ ਦਰਜਾ ਪ੍ਰਾਪਤ ਖਿਡਾਰੀਆਂ ਨੂੰ ਵੱਖਰੀ ਪਹਿਚਾਣ ਮਿਲੇਗੀ, ਉਥੇ ਉਨ੍ਹਾਂ ਅੰਦਰ ਆਪਣੀ ਦਰਜਾ ਬੰਦੀ ਵਿਚ ਨਿਰੰਤਰ ਸੁਧਾਰ ਲਈ ਹੋਰ ਮਿਹਨਤ ਤੇ ਲਗਨ ਵੀ ਵਧੇਗੀ। ਸ: ਬਾਦਲ ਨੇ ਖੇਡ ਵਿਭਾਗ ਨੂੰ ਕਿਹਾ ਕਿ ਉਲੰਪਿਕ ਤਗਮੇ ਜੇਤੂ ਖਿਡਾਰੀਆਂ ਦੀ ਇਨਾਮੀ ਰਾਸ਼ੀ ਵਿਚ ਜ਼ਿਕਰਯੋਗ ਵਾਧਾ ਕੀਤਾ ਜਾਵੇ। ਉਨ੍ਹਾਂ ਪ੍ਰਸਤਾਵ ਕੀਤਾ ਕਿ ਉਲੰਪਿਕ ਸੋਨ ਤਗਮਾ ਜੇਤੂ ਲਈ ਇਨਾਮੀ ਰਾਸ਼ੀ ਇਕ ਕਰੋੜ ਤੋਂ ਵਧਾ ਕੇ 2.25 ਕਰੋੜ, ਚਾਂਦੀ ਤਗਮੇ ਲਈ 50 ਲੱਖ ਤੋਂ 1.01 ਕਰੋੜ ਅਤੇ ਕਾਂਸੀ ਤਗਮੇ ਲਈ 25 ਲੱਖ ਤੋਂ ਵਧਾ ਕੇ 50 ਲੱਖ ਕੀਤੀ ਜਾਵੇ। ਇਸੇ ਤਰ੍ਹਾਂ ਉਨ੍ਹਾਂ ਮਹਾਰਾਜਾ ਰਣਜੀਤ ਸਿੰਘ ਐਵਾਰਡ ਦੀ ਇਨਾਮੀ ਰਾਸ਼ੀ ਨੂੰ ਇਕ ਕਰੋੜ ਤੋਂ ਵਧਾ ਕੇ ਦੋ ਕਰੋੜ ਕਰਨ ਦਾ ਸੁਝਾਅ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਤਗਮੇ ਜੇਤੂ ਖਿਡਾਰੀਆਂ ਦੇ ਕੋਚਾਂ ਨੂੰ ਖਿਡਾਰੀਆਂ ਨੂੰ ਮਿਲਣ ਵਾਲੀ ਇਨਾਮੀ ਰਾਸ਼ੀ ਦਾ ਘੱਟੋ-ਘੱਟ 10 ਪ੍ਰਤੀਸ਼ਤ ਹਿੱਸਾ ਦਿੱਤਾ ਜਾਵੇ। ਖਿਡਾਰੀਆਂ ਲਈ ਨੌਕਰੀਆਂ ਦੀ ਲੋੜ 'ਤੇ ਜ਼ੋਰ ਦਿੰਦਿਆਂ ਸ: ਬਾਦਲ ਨੇ ਕਿਹਾ ਕਿ ਰਾਜ ਦੇ 9 ਵੱਡੇ ਬੋਰਡਾਂ ਅਤੇ ਨਿਗਮਾਂ ਨੂੰ ਇਕ-ਇਕ ਖਾਸ ਖੇਡ ਦੀ ਟੀਮ ਅਪਣਾਉਣ ਲਈ ਕਿਹਾ ਜਾਵੇਗਾ। ਸ: ਬਾਦਲ ਨੇ ਨਿਰਦੇਸ਼ ਦਿੱਤੇ ਕਿ ਐਸਟਰੋਟਰਫ ਦੀ ਸਹੂਲਤ ਵਾਲੇ ਛੇ ਹਾਕੀ ਸਟੇਡੀਅਮਾਂ ਅੰਦਰ ਫਲੱਡ ਲਾਈਟਾਂ ਲਗਾਉਣ ਦਾ ਕੰਮ ਫਰਵਰੀ 2011 ਵਿਚ ਅੱਠ ਦੇਸ਼ਾਂ ਦੇ ਪੰਜਾਬ ਹਾਕੀ ਗੋਲਡ ਕੱਪ ਤੋਂ ਪਹਿਲਾਂ ਮੁਕੰਮਲ ਕੀਤਾ ਜਾਵੇ ਅਤੇ ਅਗਲੇ ਵਿਸ਼ਵ ਕੱਪ ਕਬੱਡੀ ਕੱਪ ਤੋਂ ਪਹਿਲਾਂ ਰਾਜ ਦੇ ਅੱਠ ਹੋਰ ਸਟੇਡੀਅਮਾਂ ਨੂੰ ਅਪਗਰੇਡ ਕਰਦਿਆਂ ਉਨ੍ਹਾਂ ਵਿਚ ਫਲੱਡ ਲਾਈਟਾਂ ਦੀ ਵਿਵਸਥਾ ਕੀਤੀ ਜਾਵੇ। ਸ: ਬਾਦਲ ਨੇ ਦੱਸਿਆ ਕਿ ਪ੍ਰਸਤਾਵਿਤ ਖੇਡ ਨੀਤੀ ਵਿਚ 9 ਖੇਡਾਂ ਦੀ ਸ਼ਨਾਖਤ ਕੀਤੀ ਗਈ ਹੈ ਅਤੇ ਉਨ੍ਹਾਂ ਦੇ ਪਹਿਲਾਂ ਜ਼ਿਲ੍ਹਾ ਪੱਧਰੀ ਅਤੇ ਫਿਰ ਪੰਜਾਬ ਕੱਪ ਕਰਵਾਏ ਜਾਣਗੇ। ਹਰ ਖੇਡ ਅੰਦਰ 25 ਲੱਖ ਰੁਪਏ ਦੀ ਇਨਾਮ ਰਾਸ਼ੀ ਹੋਵੇਗੀ।

ਅਜ਼ਲਾਨ ਸ਼ਾਹ ਹਾਕੀ ਟੂਰਨਾਮੈਂਟ ਵਿਚ ਭਾਰਤ ਮੋਹਰੀ

ਇਪੋਹ (ਮਲੇਸ਼ੀਆ), 7 ਮਈ - ਸੁਲਤਾਨ ਅਜ਼ਲਾਨ ਸ਼ਾਹ ਕੱਪ ਹਾਕੀ ਟੂਰਨਾਮੈਂਟ ਇਪੋਹ 'ਚ ਚੱਲ ਰਿਹਾ ਹੈ। ਇਸ ਟੂਰਨਾਮੈਂਟ ਵਿਚ ਚਾਰ ਵਾਰ ਦੇ ਚੈਂਪੀਅਨ ਭਾਰਤ ਨੇ ਪਹਿਲਾ ਦਰਜਾ ਪ੍ਰਾਪਤ ਕੀਤਾ ਹੈ। ਭਾਰਤੀ ਟੀਮ ਨੇ ਆਪਣੇ ਦੂਸਰੇ ਲੀਗ ਮੁਕਾਬਲੇ 'ਚ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ 4-2 ਨਾਲ ਹਰਾ ਦਿੱਤਾ। ਪਹਿਲੀ ਲੀਗ ਮੁਕਾਬਲੇ 'ਚ ਭਾਰਤੀ ਟੀਮ ਨੇ ਰਵੀ ਪਾਲਿ ਸਿੰਘ ਦੁਆਰਾ ਆਖ਼ਰੀ ਮਿੰਟ ਵਿਚ ਕੀਤੇ ਗਏ ਸ਼ਾਨਦਾਰ ਗੋਲ ਦੀ ਮਦਦ ਨਾਲ ਚੀਨ ਨੂੰ 1-1 ਦੀ ਬਰਾਬਰੀ 'ਤੇ ਰੋਕਿਆ ਸੀ। ਭਾਰਤ ਦੇ ਹੁਣ ਦੋ ਮੈਚਾਂ ਤੋਂ ਚਾਰ ਅੰਕ ਹਨ। ਇਸ ਤੋਂ ਪਹਿਲਾਂ ਦਿਨ ਦੇ ਪਹਿਲੇ ਮੁਕਾਬਲੇ ਵਿਚ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਨੇ ਜੇਤੂ ਸ਼ੁਰੂਆਤ ਕਰਦਿਆਂ ਮਿਸਰ ਨੂੰ 4-0 ਨਾਲ ਹਰਾ ਦਿੱਤਾ। ਇਸ ਜਿੱਤ ਨੇ ਆਸਟ੍ਰੇਲੀਆ ਦੇ ਖਾਤੇ ਵਿਚ 3 ਅੰਕ ਪਾ ਦਿੱਤੇ ਹਨ। ਮਿਸਰ ਦੀ ਇਹ ਲਗਾਤਾਰ ਦੂਸਰੀ ਹਾਰ ਹੈ। ਉਸ ਨੂੰ ਪਹਿਲੇ ਮੁਕਾਬਲੇ ਵਿਚ ਦੱਖਣੀ ਕੋਰੀਆ ਨੇ 6-0 ਨਾਲ ਹਰਾ ਦਿੱਤਾ ਸੀ।
ਕੌਮੀ ਫੁੱਟਬਾਲ ਲੀਗ

ਜੇ. ਸੀ. ਟੀ. ਦੀ ਈਸਟ ਬੰਗਾਲ ਕੋਲਕਾਤਾ ਨਾਲ ਟੱਕਰ

ਲੁਧਿਆਣਾ, 7 ਮਈ - ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਚ ਕੌਮੀ ਫੁੱਟਬਾਲ ਲੀਗ ਚੱਲ ਰਹੀ ਹੈ। ਇਸ ਲੀਗ ਦੇ 25ਵੇਂ ਗੇੜ ਦੇ ਇਕ ਅਹਿਮ ਮੁਕਾਬਲੇ ਵਿਚ ਜੇ. ਸੀ. ਟੀ. ਫੁੱਟਬਾਲ ਕਲੱਬ ਫਗਵਾੜ੍ਹਾ 9 ਮਈ ਨੂੰ ਈਸਟ ਬੰਗਾਲ ਕੋਲਕਾਤਾ ਵਿਰੁੱਧ ਖੇਡੇਗੀ। ਇਹ ਮੈਚ ਸ਼ਾਮ 4:30 ਵਜੇ ਹੋਵੇਗਾ। ਕੌਮੀ ਫੁੱਟਬਾਲ ਲੀਗ ਵਿਚ ਜੇ. ਸੀ. ਟੀ. 31 ਅੰਕਾਂ ਨਾਲ ਸੱਤਵੇਂ ਸਥਾਨ 'ਤੇ ਚੱਲ ਰਹੀ ਹੈ, ਜਦ ਕਿ ਈਸਟ ਬੰਗਾਲ ਕੋਲਕਾਤਾ 28 ਅੰਕਾਂ ਨਾਲ ਅੱਠਵੇਂ ਸਥਾਨ 'ਤੇ ਚੱਲ ਰਹੀ ਹੈ। ਡੈਂਪੋ ਗੋਆ 50 ਅੰਕਾਂ ਨਾਲ ਖ਼ਿਤਾਬੀ ਜਿੱਤ ਚੁੰਮ ਚੁੱਕੀ ਹੈ। ਹੋਣ ਵਾਲੇ ਮੈਚ ਵਿਚ ਜੇਕਰ ਜੇ. ਸੀ. ਟੀ. ਦਾ ਪੱਲੜਾ ਭਾਰੂ ਰਹਿੰਦਾ ਹੈ ਤਾਂ ਕੌਮੀ ਲੀਗ ਵਿਚ ਉਸਦੀ ਸਥਿਤੀ ਪਹਿਲੀਆਂ ਪੰਜ ਟੀਮਾਂ ਵਿਚ ਆ ਜਾਵੇਗੀ, ਜਦ ਕਿ ਈਸਟ ਬੰਗਾਲ ਕੋਲਕਾਤਾ, ਜਿਸ ਨੇ ਅਜੇ ਲੀਗ ਵਿਚ 4 ਮੈਚ ਖੇਡਣੇ ਬਾਕੀ ਹਨ, ਪੂਰੀ ਤਰ੍ਹਾਂ ਜੇਤੂ ਇਰਾਦਿਆਂ ਨਾਲ ਮੈਦਾਨ ਵਿਚ ਨਿੱਤਰੇਗੀ।

ਗੱਤਕਾ ਵਿਸ਼ਵ ਕੱਪ ਲਈ ਰੈਫਰੀ ਅਤੇ ਜੱਜਾਂ ਦੀ ਚੋਣ

ਜਲੰਧਰ, 7 ਮਈ - ਜਲੰਧਰ ਦੇ ਗੁਰਦੁਆਰਾ ਬਾਬਾ ਲੋਧੀਆਣਾ ਸਾਹਿਬ ਪਿੰਡ ਪਰਸਰਾਮਪੁਰ ਅੱਡਾ ਕੋਟਲੀਥਾਨ ਸਿੰਘ ਵਿਖੇ 7 ਤੋਂ 11 ਮਈ ਤੱਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਗੱਤਕਾ ਵਿਸ਼ਵ ਕੱਪ ਕਰਵਾਇਆ ਜਾ ਰਿਹਾ ਹੈ। ਇਸ ਲਈ ਰੈਫਰੀ ਅਤੇ ਜੱਜਾਂ ਦੀ ਚੋਣ ਕੀਤੀ ਜਾਵੇਗੀ। ਇਨ੍ਹਾਂ ਟਰਾਈਲਾਂ ਵਿਚ ਦੇਸ਼ ਭਰ ਤੋਂ 200 ਦੇ ਕਰੀਬ ਜੱਜ ਅਤੇ ਰੈਫਰੀ ਹਿੱਸਾ ਲੈ ਰਹੇ ਹਨ।

ਸੁਲਤਾਨ ਅਜਲਾਨ ਸ਼ਾਹ ਹਾਕੀ ਟੂਰਨਾਮੈਂਟ 'ਚ ਭਾਰਤ ਦੀ ਰਹਿ ਗਈ ਇਜ਼ਤ

ਇਪੋਹ (ਮਲੇਸ਼ੀਆ), 6 ਮਈ - ਸੁਲਤਾਨ ਅਜਲਾਨ ਸ਼ਾਹ ਹਾਕੀ ਟੂਰਨਾਮੈਂਟ ਚੱਲ ਰਿਹਾ ਹੈ। ਇਸ ਟੂਰਨਾਮੈਂਟ ਵਿਚ ਭਾਰਤ ਨੇ ਆਪਣੇ ਪਹਿਲੇ ਮੁਕਬਾਲੇ 'ਚ ਆਖਰੀ ਸਕਿੰਟਾਂ 'ਚ ਚੀਨ ਨਾਲ ਬਰਾਬਰੀ ਕਰਕੇ ਆਪਣੀ ਇੱਜ਼ਤ ਬਚਾ ਲਈ। ਪਿਛਲੇ ਸਾਲ ਦੀ ਜੇਤੂ ਭਾਰਤੀ ਟੀਮ ਜਦ ਹਾਰ ਦੇ ਕੰਢੇ 'ਤੇ ਸੀ ਤਾਂ ਰਵੀਪਾਲ ਵਲੋਂ ਆਖਰੀ ਪਲਾਂ 'ਚ ਕੀਤੇ ਗੋਲ ਨਾਲ ਮੈਚ 1-1 ਦੀ ਬਰਾਬਰੀ 'ਤੇ ਸਮਾਪਤ ਹੋ ਗਿਆ। ਚੀਨ ਨੇ ਮੈਚ ਦੇ 13 ਵੇਂ ਮਿੰਟ 'ਚ ਹੀ ਬੜ੍ਹਤ ਬਣਾ ਲਈ ਜਦ ਸੁਨ ਤਿਆਨਜੁਨ ਨੇ ਭਾਰਤੀ ਟੀਮ ਦਾ ਗੋਲਪੋਸਟ ਖੜਕਾ ਦਿੱਤਾ। ਪੂਰੇ ਮੈਚ ਦੌਰਾਨ ਭਾਰਤੀ ਟੀਮ ਵਲੋਂ ਗੋਲ ਕਰਨ ਦੇ ਕਈ ਅਹਿਮ ਮੌਕੇ ਗਵਾ ਦਿੱਤੇ ਗਏ। ਦੂਜੇ ਪਾਸੇ ਚੀਨ ਵਲੋਂ 11 ਵੇਂ ਮਿੰਟ 'ਚ ਹੀ ਕੀਤੀ ਗਈ ਸ਼ਾਨਦਾਰ ਕੋਸ਼ਿਸ਼ ਭਾਵੇਂ ਗੋਲਕੀਪਰ ਸ੍ਰੀਜੇਸ਼ ਨੇ ਨਾਕਾਮ ਬਣਾ ਦਿੱਤੀ, ਪਰ ਦੋ ਮਿੰਟ ਬਾਦ ਹੀ ਚੀਨ ਨੇ ਗੋਲ ਦਾਗ ਦਿੱਤਾ। ਭਾਰਤੀ ਟੀਮ ਨੂੰ ਪੂਰੇ ਮੈਚ ਦੌਰਾਨ 5 ਪੈਨਲਟੀ ਕਾਰਨਰ ਮਿਲੇ ਪਰ ਟੀਮ ਕਿਸੇ ਦਾ ਫਾਇਦਾ ਨਾ ਉਠਾ ਸਕੀ। ਜਦ ਭਾਰਤੀ ਟੀਮ ਦੀ ਹਾਰ ਨਿਸ਼ਚਿਤ ਲੱਗ ਰਹੀ ਸੀ ਤਾਂ ਆਖਰਕਾਰ ਇਕ ਕ੍ਰਿਸ਼ਮੇ ਦੀ ਤਰ੍ਹਾਂ ਮੈਚ ਸਮਾਪਤੀ 'ਤੋਂ 11 ਸਕਿੰਟ ਪਹਿਲਾਂ ਮਿਡਫੀਲਡਰ ਰਵੀ ਪਾਲ ਨੇ ਗੋਲ ਕਰਕੇ ਭਾਰਤੀ ਟੀਮ ਨੂੰ ਬਰਾਬਰੀ 'ਤੇ ਲੈ ਆਂਦਾ।

ਮਹਿਲਾ ਵਿਸ਼ਵ ਕੱਪ 'ਚ ਭਾਰਤ ਦਾ ਮੁਕਾਬਲਾ ਨਿਊਜ਼ੀਲੈਂਡ ਨਾਲ

ਸੇਂਟ ਕਿਟਸ, 6 ਮਈ - ਮਹਿਲਾ 20-20 ਵਿਸ਼ਵ ਕੱਪ 'ਚ ਭਾਰਤ ਦਾ ਮੁਕਾਬਲਾ ਨਿਊਜ਼ੀਲੈਂਡ ਨਾਲ ਹੋਵੇਗਾ। ਇਸ ਤੋਂ ਇਲਾਵਾ ਪਾਕਿਸਤਾਨ ਦਾ ਮੁਕਾਬਲਾ ਸ੍ਰੀਲੰਕਾ ਨਾਲ ਹੋਵੇਗਾ। ਵਿਸ਼ਵ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਭਾਰਤੀ ਟੀਮ ਅਭਿਆਸ ਮੈਚ ਇੰਗਲੈਂਡ ਕੋਲੋਂ ਹਾਰ ਚੁੁੱਕੀ ਹੈ ਜਦਕਿ ਦੱਖਣੀ ਅਫਰੀਕਾ ਵਿਰੁੱਧ ਅਭਿਆਸ ਮੈਚ 'ਚ ਭਾਰਤ ਨੂੰ ਜਿੱਤ ਲਈ ਕਰੜੀ ਮਿਹਨਤ ਕਰਨੀ ਪਈ ਸੀ। ਭਾਰਤੀ ਟੀਮ ਦੀ ਵੱਡੀ ਤਾਕਤ ਉਸਦੀ ਵਿਸਫੋਟਕ ਬੱਲੇਬਾਜ਼ੀ ਹੈ। ਮਿਥਾਲੀ ਰਾਜ ਨੇ ਅਭਿਆਸ ਮੈਚ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।

ਸੀਨੀਅਰ ਮਹਿਲਾ ਵਿਸ਼ਵ ਕੱਪ ਹਾਕੀ ਟੂਰਨਾਮੈਂਟ 29 ਅਗਸਤ ਤੋਂ

ਲੁਧਿਆਣਾ, 5 ਮਈ - ਅਰਜਨਟੀਨਾ ਦੇ ਸ਼ਹਿਰ ਰੋਸਾਰੀਓ 'ਚ 29 ਅਗਸਤ ਤੋਂ 11 ਸਤੰਬਰ ਤੱਕ ਸੀਨੀਅਰ ਮਹਿਲਾ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਕਰਵਾਇਟਾ ਜਾ ਰਿਹਾ ਹੈ। ਇਸ ਵਿਸ਼ਵ ਹਾਕੀ ਕੱਪ ਵਿਚ ਦੁਨੀਆ ਦੀਆਂ 12 ਚੋਟੀ ਦੀਆਂ ਟੀਮਾਂ ਸ਼ਾਮਿਲ ਹੋ ਰਹੀਆਂ ਹਨ। ਇਸ ਵਿਚ ਭਾਰਤੀ ਹਾਕੀ ਟੀਮ ਨੂੰ ਔਖੇ ਪੂਲ ਦਾ ਮੁਕਾਬਲਾ ਕਰਨਾ ਪਵੇਗਾ। ਭਾਰਤੀ ਟੀਮ ਨੂੰ ਏਸ਼ੀਆ ਕੱਪ ਵਿਚ ਉਪ-ਜੇਤੂ ਰਹਿਣ ਕਾਰਨ ਵਿਸ਼ਵ ਕੱਪ ਵਿਚ ਦਾਖ਼ਲਾ ਮਿਲਿਆ ਹੈ। ਭਾਰਤੀ ਟੀਮ ਨੂੰ ਪੂਲ ਏ ਵਿਚ ਰੱਖਿਆ ਗਿਆ ਹੈ, ਜਿਸ ਵਿਚ ਵਰਤਮਾਨ ਵਿਸ਼ਵ ਚੈਂਪੀਅਨ ਅਤੇ ਉਲੰਪਿਕ ਜੇਤੂ ਹਾਲੈਂਡ, ਜਰਮਨੀ, ਆਸਟਰੇਲੀਆ, ਜਾਪਾਨ, ਨਿਊਜੀਲੈਂਡ ਅਤੇ ਭਾਰਤ ਦੀਆਂ ਟੀਮਾਂ ਹੋਣਗੀਆਂ, ਜਦ ਕਿ ਪੂਲ ਬੀ ਵਿਚ ਮੇਜ਼ਬਾਨ ਅਰਜਨਟੀਨਾ, ਚੀਨ, ਸਪੇਨ, ਇੰਗਲੈਂਡ, ਕੋਰੀਆ ਅਤੇ ਦੱਖਣੀ ਅਫਰੀਕਾ ਨੂੰ ਰੱਖਿਆ ਗਿਆ। ਹਰ ਪੂਲ ਵਿਚ ਦੋ ਸਰਬੋਤਮ ਟੀਮਾਂ ਸੈਮੀਫਾਈਨਲ ਲਈ ਕੁਆਲੀਫਾਈ ਕਰਨਗੀਆਂ ਅਤੇ ਸੈਮੀਫਾਈਨਲ ਦੀਆਂ ਜੇਤੂ ਟੀਮਾਂ ਖਿਤਾਬ ਲਈ ਖੇਡਣਗੀਆਂ।

ਪੰਜਾਬ ਜੂਨੀਅਰ ਬਾਸਕਿਟਬਾਲ ਚੈਂਪੀਅਨਸ਼ਿਪ 11 ਤੋਂ

ਲੁਧਿਆਣਾ, 5 ਮਈ - ਮਾਨਸਾ 'ਚ 11 ਤੋਂ 14 ਮਈ ਤੱਕ ਪੰਜਾਬ ਜੂਨੀਅਰ ਬਾਸਕਿਟਬਾਲ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਇਸ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਮੁੰਡੇ ਅਤੇ ਕੁੜੀਆਂ ਦੀਆਂ 36 ਦੇ ਕਰੀਬ ਟੀਮਾਂ ਹਿੱਸਾ ਲੈਣਗੀਆਂ। ਇਸ ਰਾਜ ਪੱਧਰੀ ਚੈਂਪੀਅਨਸ਼ਿਪ ਵਿਚ 1 ਜਨਵਰੀ 1994 ਤੋਂ ਬਾਅਦ ਦੇ ਜਨਮੇ ਖਿਡਾਰੀ ਹਿੱਸਾ ਲੈ ਸਕਦੇ ਹਨ। ਲੁਧਿਆਣਾ ਦੀਆਂ ਟੀਮਾਂ ਦੇ ਚੋਣ ਟਰਾਇਲ 8 ਮਈ ਨੂੰ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਹੋਣਗੇ।

ਹੈਂਡਬਾਲ ਚੈਂਪੀਅਨਸ਼ਿਪ ਲਈ ਚੋਣ ਟਰਾਇਲ 6 ਮਈ ਨੂੰ

ਲੁਧਿਆਣਾ, 5 ਮਈ - ਲਖਨਊ 'ਚ 21 ਤੋਂ 27 ਮਈ ਤੱਕ ਸਬ ਜੂਨੀਅਰ ਕੌਮੀ ਹੈਂਡਬਾਲ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਲਈ ਲੜਕੇ ਅਤੇ ਲੜਕੀਆਂ ਦੀਆਂ ਪੰਜਾਬ ਦੀਆਂ ਟੀਮਾਂ ਦੇ ਚੋਣ ਟਰਾਇਲ 6 ਮਈ ਨੂੰ ਸਵੇਰੇ 10 ਵਜੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਹੋਣਗੇ। ਇਨ੍ਹਾਂ ਚੋਣ ਟਰਾਇਲਾਂ ਵਿਚ 1 ਜਨਵਰੀ 1995 ਤੋਂ ਬਾਅਦ ਦੇ ਜਨਮੇ ਖਿਡਾਰੀ ਹਿੱਸਾ ਲੈ ਸਕਦੇ ਹਨ। ਚੁਣੀਆਂ ਗਈਆਂ ਟੀਮਾਂ ਦਾ ਕੋਚਿੰਗ ਕੈਂਪ ਵੀ ਲੁਧਿਆਣਾ ਵਿਖੇ ਹੀ ਲੱਗੇਗਾ।

ਬੋਲੇ ਖਿਡਾਰੀਆਂ ਦਾ ਕ੍ਰਿਕਟ ਟੂਰਨਾਮੈਂਟ 19 ਤੋਂ

ਲੁਧਿਆਣਾ, 5 ਮਈ - 19 ਤੋਂ 25 ਮਈ ਤੱਕ ਬੋਲੇ ਖਿਡਾਰੀਆਂ ਦਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਹ ਕ੍ਰਿਕਟ ਟੂਰਨਾਮੈਂਟ ਪੰਜਾਬ ਡੈਫ ਕ੍ਰਿਕਟ ਟੀਮ ਅਤੇ ਨੇਪਾਲ ਡੈਫ ਕ੍ਰਿਕਟ ਟੀਮ ਵਿਚਕਾਰ ਹੋਵੇਗਾ। ਇਸ ਕ੍ਰਿਕਟ ਲੜੀ ਦਾ ਮੁੱਖ ਮਕਸਦ ਬੋਲੇ ਖਿਡਾਰੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨਾ ਹੈ।

ਟਵੰਟੀ 20 ਮਹਿਲਾ ਵਿਸ਼ਵ ਕੱਪ 5 ਮਈ ਤੋਂ

ਸੇਂਟ ਕਿਟਸ, 4 ਮਈ - ਟਵੰਟੀ 20 ਮਹਿਲਾ ਵਿਸ਼ਵ ਕੱਪ 5 ਮਈ ਤੋਂ 16 ਮਈ ਤੱਕ ਕਰਵਾਇਆ ਜਾ ਰਿਹਾ ਹੈ। ਇਸ ਵਿਸ਼ਵ ਕੱਪ ਦੀ ਸ਼ੁਰੂਆਤ ਬਾਸੇਟਰੇ ਦੇ ਵਾਰਨਰ ਪਾਰਕ ਮੈਦਾਨ 'ਤੇ ਵੈਸਟ ਇੰਡੀਜ਼ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡੇ ਜਾਣ ਵਾਲੇ ਗਰੁੱਪ-ਏ ਦੇ ਮੁਕਾਬਲੇ ਦੇ ਨਾਲ ਹੋਵੇਗੀ। ਇਸ ਵਿਚ ਭਾਰਤ ਅਤੇ ਮੇਜ਼ਬਾਨ ਵੈਸਟ ਇੰਡੀਜ਼ ਸਮੇਤ ਕੁਲ ਅੱਠ ਟੀਮਾਂ ਹਿੱਸਾ ਲੈ ਰਹੀਆਂ ਹਨ। ਇਨ੍ਹਾਂ ਟੀਮਾਂ ਨੂੰ ਚਾਰ-ਚਾਰ ਦੇ ਦੋ ਗਰੁੱਪਾਂ ਵਿਚ ਵੰਡਿਆ ਗਿਆ ਹੈ। ਗਰੁੱਪ-ਏ ਵਿਚ ਵੈਸਟ ਇੰਡੀਜ਼ ਤੋਂ ਇਲਾਵਾ ਮੌਜੂਦਾ ਚੈਂਪੀਅਨ ਇੰਗਲੈਂਡ, ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਹਨ ਜਦਕਿ ਗਰੁੱਪ-ਬੀ ਵਿਚ ਨਿਊਜ਼ੀਲੈਂਡ, ਭਾਰਤ, ਸ੍ਰੀਲੰਕਾ ਅਤੇ ਪਾਕਿਸਤਾਨ ਨੂੰ ਰੱਖਿਆ ਗਿਆ ਹੈ। ਇਸ ਵਿਚ 15 ਮੁਕਾਬਲੇ ਕਰਵਾਏ ਜਾਣਗੇ।

ਦ ਗਰੇਟ ਖਲੀ ਖੋਲ੍ਹੇਗਾ ਰੈਸਲਿੰਗ ਅਕੈਡਮੀ

ਜਲੰਧਰ, 4 ਮਈ - ਦ ਗਰੇਟ ਖਲੀ ਉਰਫ਼ ਦਲੀਪ ਸਿੰਘ ਰਾਣਾ ਜੋ ਕਿ ਰੈਸਲਿੰਗ ਦੀ ਦੁਨੀਆ ਵਿਚ ਚੰਗਾ ਨਾਮ ਕਮਾ ਰਿਹਾ ਹੈ। ਉਸ ਨੇ ਕਿਹਾ ਹੈ ਕਿ ਉਹ ਹਾਲੇ 6-7 ਸਾਲ ਰੈਸਲਿੰਗ ਦੀ ਦੁਨੀਆ ਵਿਚ ਹੀ ਰਹੇਗਾ। ਖਲੀ ਬੀਤੇ ਦਿਨੀਂ ਆਪਣੀ ਪਤਨੀ ਤੇ ਐਂਟੀ ਅੱਤਵਾਦੀ ਫਰੰਟ ਦੇ ਪ੍ਰਧਾਨ ਮਨਿੰਦਰਜੀਤ ਸਿੰਘ ਬਿੱਟਾ ਨਾਲ ਪੁੱਜੇ ਜਿੱਥੇ ਇਨ੍ਹਾਂ ਦਾ ਲੋਕਾਂ ਨੇ ਰਵਾਇਤੀ ਤਰੀਕੇ ਨਾਲ ਸ਼ਾਨਦਾਰ ਸਵਾਗਤ ਕੀਤਾ। ਖਲੀ ਨੇ ਕਿਹਾ ਕਿ ਉਹ ਡਬਲਿਊ ਡਬਲਿਊ ਈ ਤੇ ਆਪਣਾ ਧਿਆਨ ਪੂਰੀ ਤਰ੍ਹਾਂ ਨਾਲ ਕੇਂਦਰਿਤ ਕਰਨਾ ਚਾਹੁੰਦਾ ਹੈ, ਇਸ ਲਈ ਭਾਰਤ ਵਿਚ ਰਹਿਣ ਦਾ ਕੋਈ ਇਰਾਦਾ ਨਹੀਂ ਹੈ ਲੇਕਿਨ ਬਾਕੀ ਭਗਵਾਨ ਦੀ ਇੱਛਾ 'ਤੇ ਨਿਰਭਰ ਹੈ। ਉਸ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਨਾਲ ਫਿੱਟ ਹੈ ਤੇ ਉਹ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਵਿਚ ਇਕ ਰੈਸਲਿੰਗ ਅਕੈਡਮੀ ਖੋਲ੍ਹਣਾ ਚਾਹੁੰਦਾ ਹੈ।

ਵਿਸ਼ਵ ਹਾਕੀ ਟੂਰਨਾਮੈਂਟ 'ਚ ਹੋਣ ਵਾਲੇ ਵੱਖ ਵੱਖ ਮੈਚਾਂ ਦੇ ਡਰਾਅ

ਲੁਧਿਆਣਾ, 1 ਮਈ - ਜਰਮਨੀ 'ਚ 31 ਜੁਲਾਈ ਤੋਂ 8 ਅਗਸਤ ਤੱਕ ਵਿਸ਼ਵ ਹਾਕੀ ਦਾ ਵੱਕਾਰੀ ਹਾਕੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਐਫ. ਆਈ. ਐਚ. ਦੇ ਮੀਡੀਆ ਸਕੱਤਰ ਅਰਜੈਨ ਮਾਇਰ ਵੱਲੋਂ ਜਾਰੀ ਪ੍ਰੈੱਸ ਬਿਆਨ ਵਿਚ ਚੈਂਪੀਅਨਜ਼ ਟਰਾਫ਼ੀ ਦੇ ਐਲਾਨੇ ਵੱਖ-ਵੱਖ ਮੈਚਾਂ ਦੇ ਡਰਾਅ ਇਸ ਤਰ੍ਹਾਂ ਹਨ : 31 ਜੁਲਾਈ ਨੂੰ ਜਰਮਨੀ ਬਨਾਮ ਇੰਗਲੈਂਡ, ਆਸਟਰੇਲੀਆ ਬਨਾਮ ਨਿਊਜ਼ੀਲੈਂਡ, ਹਾਲੈਂਡ ਬਨਾਮ ਸਪੇਨ ਵਿਚਕਾਰ ਮੈਚ ਹੋਣਗੇ। ਪਹਿਲੀ ਅਗਸਤ ਨੂੰ ਨਿਊਜ਼ੀਲੈਂਡ ਬਨਾਮ ਜਰਮਨੀ, ਨੀਰਦਲੈਂਡ ਬਨਾਮ ਆਸਟਰੇਲੀਆ, ਸਪੇਨ ਬਨਾਮ ਇੰਗਲੈਂਡ ਵਿਚਕਾਰ ਮੁਕਾਬਲਾ ਹੋਵੇਗਾ। 3 ਅਗਸਤ ਨੂੰ ਆਸਟਰੇਲੀਆ ਬਨਾਮ ਇੰਗਲੈਂਡ, ਨਿਊਜ਼ੀਲੈਂਡ ਬਨਾਮ ਨੀਦਰਲੈਂਡ, ਜਰਮਨੀ ਬਨਾਮ ਸਪੇਨ ਵਿਚਕਾਰ ਮੈਚ ਹੋਵੇਗਾ। 5 ਅਗਸਤ ਨੂੰ ਸਪੇਨ ਬਨਾਮ ਨਿਊਜ਼ੀਲੈਂਡ ਇੰਗਲੈਂਡ ਬਨਾਮ ਨੀਦਰਲੈਂਡ, ਜਰਮਨੀ ਬਨਾਮ ਆਸਟਰੇਲੀਆ ਦੀ ਟੱਕਰ ਹੋਵੇਗੀ। 7 ਅਗਸਤ ਨੂੰ ਇੰਗਲੈਂਡ ਬਨਾਮ ਨਿਊਜ਼ੀਲੈਂਡ, ਨੀਦਰਲੈਂਡ ਬਨਾਮ ਜਰਮਨੀ, ਆਸਟਰੇਲੀਆ ਬਨਾਮ ਸਪੇਨ ਦੇ ਮੈਚ ਖੇਡੇ ਜਾਣਗੇ। 8 ਅਗਸਤ ਨੂੰ ਕਲਾਸੀਫਿਕੇਸ਼ਨ ਮੈਚਾਂ ਤੋਂ ਬਾਅਦ ਫਾਈਨਲ ਮੈਚ ਖੇਡਿਆ ਜਾਵੇਗਾ।

ਕੌਮੀ ਜੂਨੀਅਰ ਹਾਕੀ ਕੈਂਪ ਲਈ ਚੁਣੇ ਗਏ ਦੋ ਪਟਿਆਲਾ ਦੇ ਖਿਡਾਰੀ

ਪਟਿਆਲਾ, 30 ਅਪ੍ਰੈਲ - ਕੌਮੀ ਜੂਨੀਅਰ ਹਾਕੀ ਕੈਂਪ ਜੋ ਕਿ 5 ਮਈ ਨੂੰ ਸ਼ਿਲਾਰੂ (ਹਿਮਾਚਲ ਪ੍ਰਦੇਸ਼) 'ਚ ਲਗਾਇਆ ਜਾ ਰਿਹਾ ਹੈ। ਉਸ ਕੈਂਪ ਲਈ ਸਾਈ ਟ੍ਰੇਨਿੰਗ ਸੈਂਟਰ ਐਨ. ਆਈ. ਐਸ. ਪਟਿਆਲਾ ਦੇ ਦੋ ਖਿਡਾਰੀਆਂ ਸੁਖਦੇਵ ਸਿੰਘ ਤੇ ਬਚਿੱਤਰ ਸਿੰਘ ਦੀ ਚੋਣ ਹੋਈ ਹੈ। ਸੀਨੀਅਰ ਕੋਚ ਇੰਦਰਜੀਤ ਸਿੰਘ ਗਿੱਲ ਦੀ ਅਗਵਾਈ 'ਚ ਚੱਲਦੇ ਇਸ ਸੈਂਟਰ ਦੇ ਕੋਚ ਸ: ਹੀਰਾ ਸਿੰਘ ਦੇ ਸ਼ਗਿਰਦ ਇਨ੍ਹਾਂ ਦੋਨਾਂ ਖਿਡਾਰੀਆਂ ਦਾ ਸਬੰਧ ਅੰਮ੍ਰਿਤਸਰ ਜ਼ਿਲ੍ਹੇ ਨਾਲ ਹੈ। ਇਹ ਦੋਨੋਂ ਖਿਡਾਰੀ ਇਕ ਵਾਰ ਪਹਿਲਾਂ ਪਿਛਲੇ ਵਰ੍ਹੇ ਮੀਆਂਮਾਰ 'ਚ ਹੋਏ ਏਸ਼ੀਆ ਕੱਪ ਅੰਡਰ 18 'ਚ ਵੀ ਦੇਸ਼ ਦੀ ਪ੍ਰਤੀਨਿਧਤਾ ਕਰ ਚੁੱਕੇ ਹਨ। ਬਚਿੱਤਰ ਸਿੰਘ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਅਟਾਰੀ ਦੇ ਵਸਨੀਕ ਸ: ਜਸਵੀਰ ਸਿੰਘ ਦਾ ਸਪੁੱਤਰ ਹੈ। ਉਹ ਕੌਮੀ ਸਕੂਲ ਖੇਡਾਂ ਤੇ ਕੌਮੀ ਜੂਨੀਅਰ ਚੈਂਪੀਅਨਸ਼ਿਪ 'ਚ ਵੀ ਹਿੱਸਾ ਲੈ ਚੁੱਕਿਆ ਹੈ। ਸੰਨ 2007 ਤੋਂ ਉਹ ਕੋਚ ਹੀਰਾ ਸਿੰਘ ਕੋਲੋਂ ਸਿਖਲਾਈ ਲੈ ਰਿਹਾ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਕਾਰਾਬਾਦ ਵਿਖੇ ਸ: ਸਵਿੰਦਰ ਸਿੰਘ ਦੇ ਘਰ ਜਨਮੇ ਸੁਖਦੇਵ ਸਿੰਘ ਨੇ ਵੀ 2008 'ਚ ਸਾਈ ਸੈਂਟਰ ਪਟਿਆਲਾ 'ਚ ਦਾਖਲਾ ਲਿਆ ਸੀ। ਉਹ ਵੀ ਕੌਮੀ ਸਕੂਲ ਖੇਡਾਂ 'ਚ ਪੰਜਾਬ ਦੀ ਪ੍ਰਤੀਨਿਧਤਾ ਕਰ ਚੁੱਕਿਆ ਹੈ। ਇਸ ਤਰ੍ਹਾਂ ਕੋਚ ਗੁਰਮਿੰਦਰ ਸਿੰਘ ਪਿਛਲੇ ਪੰਜ ਸਾਲ ਤੋਂ ਸੈਕਟਰ 42 ਚੰਡੀਗੜ੍ਹ ਦੇ ਹਾਕੀ ਮੈਦਾਨ 'ਚ ਸਿਖਲਾਈ ਲੈ ਰਿਹਾ ਬਾਬਾ ਬਕਾਲਾ ਦਾ ਮਨਮੀਤ ਰਾਜ ਵੀ ਇਸ ਕੈਂਪ ਲਈ ਚੁਣਿਆ ਗਿਆ ਹੈ। ਉਹ ਮਾਡਲ ਸੀਨੀਅਰ ਸੈਕੰਡਰੀ ਸਕੂਲ ਚੰਡੀਗੜ੍ਹ 42 ਦਾ ਵਿਦਿਆਰਥੀ ਹੈ ਅਤੇ ਜੂਨੀਅਰ ਏਸ਼ੀਆ ਕੱਪ ਖੇਡ ਚੁੱਕਿਆ ਹੈ।

2009-10 ਦੇ ਜੇਤੂ ਖਿਡਾਰੀਆਂ ਨੂੰ ਮਿਲਣਗੇ ਨਕਦ ਇਨਾਮ

ਚੰਡੀਗੜ੍ਹ, 30 ਅਪ੍ਰੈਲ - ਜਿਨ੍ਹਾਂ ਖਿਡਾਰੀਆਂ ਨੇ ਸਾਲ 2009-10 ਦੌਰਾਨ ਉਲੰਪਿਕ ਖੇਡਾਂ, ਅਧਿਕਾਰਿਕ ਵਿਸ਼ਵ ਕੱਪ, ਏਸ਼ੀਆਈ ਖੇਡਾਂ, ਕੌਮੀ ਖੇਡਾਂ ਤੇ ਅੰਗਹੀਣਾਂ ਦੀਆਂ ਖੇਡਾਂ 'ਚ ਅੱਵਲ ਦਰਜੇ ਪ੍ਰਾਪਤ ਕੀਤੇ ਹਨ, ਉਨ੍ਹਾਂ ਨੂੰ ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਨਕਦ ਇਨਾਮਾਂ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਉਲੰਪਿਕ ਖੇਡਾਂ ਵਿਚ ਜਿਹੜੇ ਖਿਡਾਰੀਆਂ ਨੇ ਸੋਨ, ਚਾਂਦੀ ਅਤੇ ਕਾਂਸੀ ਦੇ ਤਗਮੇ ਹਾਸਲ ਕੀਤੇ ਹਨ, ਉਨ੍ਹਾਂ ਨੂੰ ਕ੍ਰਮਵਾਰ ਇਕ ਕਰੋੜ, ਪੰਜਾਹ ਲੱਖ ਅਤੇ ਪੱਚੀ ਲੱਖ, ਅਧਿਕਾਰਿਕ ਵਿਸ਼ਵ ਕੱਪ/ਚੈਂਪੀਅਨਸ਼ਿਪ (ਜੋ ਹਰ ਚਾਰ ਸਾਲ ਬਾਅਦ ਹੁੰਦੀ ਹੈ) ਦੇ ਸੋਨ, ਚਾਂਦੀ ਤੇ ਕਾਂਸੀ ਤਗਮਾ ਜੇਤੂ ਖਿਡਾਰੀਆਂ ਨੂੰ ਕ੍ਰਮਵਾਰ 21 ਲੱਖ, 11 ਲੱਖ ਅਤੇ 7 ਲੱਖ ਰੁਪਏ, ਏਸ਼ੀਆਈ/ਰਾਸ਼ਟਰ ਮੰਡਲ ਖੇਡਾਂ ਦੇ ਖਿਡਾਰੀਆਂ ਨੂੰ ਕ੍ਰਮਵਾਰ 7 ਲੱਖ, 5 ਲੱਖ ਅਤੇ 3 ਲੱਖ ਰੁਪਏ, ਵਿਸ਼ਵ ਕੱਪ/ਏਸ਼ੀਆਈ ਚੈਂਪੀਅਨਸ਼ਿਪ (ਜੋ ਹਰ ਸਾਲ ਜਾਂ ਦੋ ਸਾਲ ਬਾਅਦ ਹੁੰਦੀ ਹੈ) ਦੇ ਜੇਤੂ ਖਿਡਾਰੀਆਂ ਨੂੰ ਕ੍ਰਮਵਾਰ 5 ਲੱਖ, 3 ਲੱਖ ਅਤੇ 2 ਲੱਖ ਰੁਪਏ, ਕੌਮੀ ਖੇਡਾਂ/ਐਫਰੋ-ਏਸ਼ੀਅਨ ਖੇਡਾਂ/ਸੈਫ ਖੇਡਾਂ ਦੇ ਜੇਤੂ ਖਿਡਾਰੀਆਂ ਨੂੰ 3 ਲੱਖ, 2 ਲੱਖ ਅਤੇ 1 ਲੱਖ ਰੁਪਏ, ਅੰਗਹੀਣਾਂ ਲਈ ਖੇਡਾਂ (ਕਿਸੇ ਵੀ ਅੰਤਰਰਾਸ਼ਟਰੀ ਮੁਕਾਬਲੇ ਵਿਚ) ਦੇ ਜੇਤੂ ਖਿਡਾਰੀਆਂ ਨੂੰ 5 ਲੱਖ, 3 ਲੱਖ ਅਤੇ 2 ਲੱਖ ਰੁਪਏ ਦੇਣ ਦਾ ਫ਼ੈਸਲਾ ਕੀਤਾ ਹੈ। ਜੂਨੀਅਰ ਵਰਗ ਦੇ ਮੁਕਾਬਲਿਆਂ ਵਿਚ ਤਗਮੇ ਹਾਸਲ ਕਰਨ ਵਾਲਿਆਂ ਨੂੰ ਇਸ ਤੋਂ ਅੱਧੀ ਰਾਸ਼ੀ ਦਿੱਤੀ ਜਾਵੇਗੀ। ਟੀਮ ਮਕਾਬਲੇ ਲਈ ਇਸ ਰਾਸ਼ੀ ਦੀ ਵੰਡ ਦੋ ਮੈਂਬਰਾਂ ਲਈ ਨਕਦ ਇਨਾਮ ਡੇਢ ਗੁਣਾ, ਤਿੰਨ ਤੋਂ ਚਾਰ ਮੈਂਬਰਾਂ ਲਈ ਦੋ ਗੁਣਾ, ਪੰਜ ਤੋਂ ਦਸ ਮੈਂਬਰਾਂ ਲਈ ਤਿੰਨ ਗੁਣਾ ਅਤੇ ਦਸ ਤੋਂ ਵੱਧ ਮੈਂਬਰਾਂ ਲਈ ਪੰਜ ਗੁਣਾ ਦਿੱਤਾ ਜਾਵੇਗਾ। ਨਕਦ ਇਨਾਮ ਹਾਸਲ ਕਰਨ ਵਾਲੇ ਖਿਡਾਰੀਆਂ ਵੱਲੋਂ ਡਾਇਰੈਕਟਰ ਸਪੋਰਟਸ, ਪੰਜਾਬ ਨੂੰ ਹਲਫ਼ੀਆ ਬਿਆਨ ਦੇਣਾ ਹੋਵੇਗਾ ਕਿ ਉਹ ਅਗਲੇ ਪੰਜ ਸਾਲਾਂ ਤੱਕ ਪੰਜਾਬ ਰਾਜ ਦੀ ਪ੍ਰਤੀਨਿਧਤਾ ਕਰਨਗੇ।

Click here to read PREVIOUS Monthly News