Click here For English Version

SPORTS NEWS

March Sports News 2010

ਜਲੰਧਰ ਪਹੁੰਚੀ ਪਾਕਿਸਤਾਨ ਕੁਸ਼ਤੀ ਟੀਮ

ਜਲੰਧਰ, 30 ਮਾਰਚ - ਪੰਜਾਬ ਕੁਸ਼ਤੀ ਸੰਸਥਾ ਵੱਲੋਂ ਭਾਰਤ-ਪਾਕਿ ਕੁਸ਼ਤੀ ਦੰਗਲ ਕਰਵਾਏ ਜਾ ਰਿਹਾ ਹੈ। ਇਸ ਵਿਚ ਹਿੱਸਾ ਲੈਣ ਲਈ ਪਾਕਿਸਤਾਨ ਦੀ 9 ਮੈਂਬਰੀ ਟੀਮ ਮੁਹੰਮਦ ਉਸਮਾਨ ਅੰਤਰਰਾਸ਼ਟਰੀ ਪਹਿਲਵਾਨ ਦੀ ਨੁਮਾਇੰਦਗੀ ਹੇਠ ਜਲੰਧਰ ਪਹੁੰਚੀ ਹੈ, ਜਿਸ ਵਿਚ ਮੁਹੰਮਦ ਅਸਾਦ ਬੱਟ, ਜਾਹਿਦ ਸ਼ਹਿਜਾਦ, ਹੁਸੈਨ ਅਲੀ ਖਵਾਜਾ, ਸੁਲੇਮਾਨ ਮਸੀਹ, ਮੁਹੰਮਦ ਖੁਰਮ, ਮਿਰਜ਼ਾ ਸਦਦ ਬੇਗ, ਅਲੀ ਨਾਸਿਰ ਟੀਮ ਦੇ ਨਾਲ ਪਹੁੰਚੇ ਹਨ। ਇਨ੍ਹਾਂ ਦੇ ਕੁਸ਼ਤੀ ਮੁਕਾਬਲੇ 31 ਮਾਰਚ ਨੂੰ ਜਲਾਲਾਬਾਦ ਪੂਰਬੀ, ਮੋਗਾ ਵਿਖੇ ਕਰਵਾਏ ਜਾ ਰਹੇ ਹਨ। ਪੰਜਾਬ ਕੁਸ਼ਤੀ ਸੰਸਥਾ ਦੇ ਪ੍ਰਧਾਨ ਪਦਮਸ੍ਰੀ ਕਰਤਾਰ ਸਿੰਘ ਨੇ ਦੱਸਿਆ ਕਿ ਮੋਗਾ ਵਿਖੇ ਭਾਰਤ ਅਤੇ ਪਾਕਿਸਤਾਨ ਦੇ ਪਹਿਲਵਾਨਾਂ ਦੀ ਟੱਕਰ ਪਹਿਲੀ ਵਾਰ ਹੋ ਰਹੀ ਹੈ।

64ਵਾਂ ਆਲ ਇੰਡੀਆ ਉਬੇਦੁੱਲਾ ਖਾਨ ਗੋਲਡ ਕੱਪ ਹਾਕੀ ਟੂਰਨਾਮੈਂਟ ਏਅਰ ਇੰਡੀਆ ਦੇ ਨਾਮ

ਭੋਪਾਲ, 30 ਮਾਰਚ - 64ਵਾਂ ਆਲ ਇੰਡੀਆ ਉਬੇਦੁੱਲਾ ਖਾਨ ਗੋਲਡ ਕੱਪ ਹਾਕੀ ਟੂਰਨਾਮੈਂਟ ਭੋਪਾਲ ਦੇ ਐਸ਼ਬਾਘ ਸਟੇਡੀਅਮ 'ਚ ਕਰਵਾਇਆ ਗਿਆ। ਇਸ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ 'ਚ ਏਅਰ ਇੰਡੀਆ ਨੇ ਕੱਟੜ ਵਿਰੋਧੀ ਟੀਮ ਬੀ. ਪੀ. ਸੀ. ਐੱਲ. ਨੂੰ 5-0 ਗੋਲਾਂ ਨਾਲ ਹਰਾਇਆ। ਸ਼ਵਿੰਦਰ ਸਿੰਘ ਅਤੇ ਸਮੀਰ ਦਾਦ ਦੀ ਆਪਸੀ ਤਾਲਮੇਲ ਵਾਲੀ ਖੇਡ ਨੇ ਤਿੰਨ ਗੋਲ ਕਰਨ 'ਚ ਸਫਲਤਾ ਹਾਸਲ ਕੀਤੀ। ਇਸ ਤੋਂ ਇਲਾਵਾ ਸਾਬਕਾ ਭਾਰਤੀ ਕਪਤਾਨ ਧੰਨਰਾਜ ਪਿੱਲੇ ਨੇ ਵੀ ਇਕ ਗੋਲ ਕਰਨ 'ਚ ਸਫਲਤਾ ਹਾਸਲ ਕੀਤੀ। ਸ਼ਵਿੰਦਰ ਸਿੰਘ ਨੂੰ ਮੈਨ ਆਫ ਦੀ ਮੈਚ ਅਤੇ ਪਲੇਅਰ ਆਫ ਦੀ ਟੂਰਨਾਮੈਂਟ ਪੁਰਸਕਾਰਾਂ ਨਾਲ ਨਿਵਾਜ਼ਿਆ ਗਿਆ।

ਭਾਰਤ-ਪਾਕਿ ਪਹਿਲਵਾਨਾਂ 'ਚ ਕੁਸ਼ਤੀ ਮੁਕਾਬਲੇ 2 ਨੂੰ

ਗੁਰੂਹਰਸਹਾਏ/ਗੋਲੂ ਕਾ ਮੋੜ, 30 ਮਾਰਚ - ਪਿੰਡ ਕਾਹਨ ਸਿੰਘ ਵਾਲਾ 'ਚ 2 ਅਪ੍ਰੈਲ ਨੂੰ ਭਾਰਤ ਅਤੇ ਪਾਕਿਸਤਾਨ ਦੇ ਪਹਿਲਵਾਨਾਂ 'ਚ ਕੁਸ਼ਤੀ ਦੰਗਲ ਕਰਵਾਇਆ ਜਾ ਰਿਹਾ ਹੈ। ਪਾਕਿਸਤਾਨ ਦੇ ਪਹਿਲਵਾਨ ਪਹੁੰਚ ਗਏ ਹਨ। ਨਵੇਂ ਕੁਸਤੀ ਅਖਾੜੇ ਦਾ ਉਦਘਾਟਨ ਪਹਿਲਵਾਨ ਕਰਤਾਰ ਸਿੰਘ ਡੀ.ਆਈ.ਜੀ. ਪੰਜਾਬ ਪੁਲਿਸ ਕਰਨਗੇ। ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਦੀਆਂ ਲੜਕੀਆਂ ਦੀਆਂ ਕੁਸ਼ਤੀਆਂ ਵੀ ਕਰਵਾਈਆਂ ਜਾ ਰਹੀਆਂ ਹਨ।

19ਵਾਂ ਸੁਲਤਾਨ ਅਜ਼ਲਨ ਸ਼ਾਹ ਹਾਕੀ ਕੱਪ 6 ਤੋਂ

ਨਵੀਂ ਦਿੱਲੀ, 30 ਮਾਰਚ - 19ਵਾਂ ਸੁਲਤਾਨ ਅਜ਼ਲਨ ਸ਼ਾਹ ਹਾਕੀ ਟੂਰਨਾਮੈਂਟ ਇਪੋਹ (ਮੇਲਸ਼ੀਆ) 'ਚ 6 ਮਈ ਤੋਂ 16 ਮਈ ਤੱਕ ਕਰਵਾਇਆ ਜਾ ਰਿਹਾ ਹੈ। ਇਸ ਹਾਕੀ ਟੂਰਨਾਮੈਂਟ 'ਚ ਮੌਜੂਦਾ ਚੈਂਪੀਅਨ ਭਾਰਤੀ ਹਾਕੀ ਟੀਮ ਦਾ ਸ਼ੁਰੂਆਤੀ ਮੈਚ ਚੀਨ ਵਿਰੁਧ ਹੋਵੇਗਾ। ਇਸ ਟੂਰਨਾਮੈਂਟ 'ਚ ਭਾਰਤ ਤੋਂ ਇਲਾਵਾ ਆਸਟਰੇਲੀਆ, ਚੀਨ, ਦੱਖਣੀ ਕੋਰੀਆ, ਪਾਕਿਸਤਾਨ, ਮਿਸਰ ਤੇ ਮਲੇਸ਼ੀਆ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਇਹ ਟੂਰਨਾਮੈਂਟ ਰਾਊਂਡ ਰੋਬਿਨ ਪ੍ਰਣਾਲੀ ਤਹਿਤ ਖੇਡਿਆ ਜਾਵੇਗਾ। ਭਾਰਤ ਨੇ ਇਹ ਮਹੱਤਵਪੂਰਨ ਟੂਰਨਾਮੈਂਟ 1985, 1991, 1995 ਅਤੇ 2009 'ਚ ਜਿੱਤਿਆ ਹੈ।

ਵਿਸ਼ਵ ਕਬੱਡੀ ਕੱਪ 'ਚ ਸ਼ਾਮਿਲ ਹੋਣ ਲਈ ਇੰਗਲੈਂਡ ਕਬੱਡੀ ਟੀਮ ਆਵੇਗੀ 3 ਨੂੰ

ਗੁਰਾਇਆ,30 ਮਾਰਚ - ਪਹਿਲਾ ਵਿਸ਼ਵ ਕਬੱਡੀ ਕੱਪ ਜੋ ਕਿ ਪੰਜਾਬ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ ਵਿਚ ਹਿੱਸਾ ਲੈਣ ਲਈ ਇੰਗਲੈਂਡ ਕਬੱਡੀ ਫੈਡਰੇਸ਼ਨ ਵਲੋਂ ਵੀ ਕਬੱਡੀ ਟੀਮ ਭਾਰਤ ਲਿਆਂਦੀ ਜਾਵੇਗੀ। ਇੰਗਲੈਂਡ ਟੀਮ ਵਿਚ ਚੁਣੇ ਗਏ ਖਿਡਾਰੀਆਂ ਵਿਚ ਧਾਵੀ ਮੰਗਾ ਮਿੱਠਾਪੁਰੀਆ, ਕਿੰਦਾ ਚੱਕ ਢੱਡੇ, ਗੋਪੀ ਹੁਸ਼ਿਆਰਪੁਰੀਆ, ਗਗਨ ਯੂ.ਕੇ., ਹੋਣਗੇ, ਜਦਕਿ ਜਾਫੀ ਸੰਦੀਪ ਨੰਗਲ ਅੰਬੀਆਂ, ਜੌਹਲ ਜਗਤਪੁਰ ਜੱਟਾਂ, ਸੋਨੂੰ ਪਾਸਲਾ, ਜੱਗਾ ਪੱਤਣ, ਗੁੱਕ ਸ਼ੇਰਪੁਰੀਆ ਆਦਿ ਹੋਣਗੇ। ਕੰਮਾ ਔਜਲਾ ਤੇ ਸੱਤਾ ਮੁਠੱਡਾ ਦੀ ਅਗਵਾਈ ਵਿਚ ਆ ਰਹੀ ਇਹ ਟੀਮ 3 ਅਪ੍ਰੈਲ ਨੂੰ ਇਥੇ ਪੁੱਜ ਜਾਵੇਗੀ।

ਸ਼ਹੀਦ ਊਧਮ ਸਿੰਘ ਕਾਲਜ ਸਮੂਹ ਦਾ 21 ਤਗਮਿਆਂ 'ਤੇ ਕਬਜ਼ਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 29 ਮਾਰਚ - ਜਲੰਧਰ ਦੇ ਸੰਤ ਬਾਬਾ ਭਾਗ ਸਿੰਘ ਇੰਜੀਨੀਅਰਿੰਗ ਅਤੇ ਤਕਨੀਕੀ ਕਾਲਜ ਖਿਆਲਾ 'ਚ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੀ ਅਥਲੈਟਿਕ ਪ੍ਰਤੀਯੋਗਤਾ ਕਰਵਾਈ ਗਈ। ਇਨ੍ਹਾਂ ਮੁਕਾਬਲਿਆਂ 'ਚ ਸ਼ਹੀਦ ਊਧਮ ਸਿੰਘ ਦੇ ਕਾਲਜਾਂ ਨੇ 21 ਤਗਮੇ ਜਿੱਤੇ। ਟੈਕਨੀਕਲ ਯੂਨੀਵਰਸਿਟੀ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਜਿੰਨੇ ਵੀ ਖਿਡਾਰੀਆਂ ਨੇ ਪ੍ਰਤੀਯੋਗਤਾ ਵਿਚ ਹਿੱਸਾ ਲਿਆ ਸੀ, ਉਨ੍ਹਾਂ ਨੇ ਓਨੇ ਹੀ ਤਗਮੇ ਜਿੱਤੇ ਹਨ। ਇਸ ਤੋਂ ਇਲਾਵਾ ਇਸ ਪ੍ਰਤੀਯੋਗਤਾ ਵਿਚ ਸ਼ਹੀਦ ਊਧਮ ਸਿੰਘ ਗਰੁੱਪ ਦੇ ਗਗਨਦੀਪ ਸਿੰਘ ਨੇ ਡਿਸਕਸ ਥਰੋ ਅਤੇ ਸੰਗਲੀ ਵਾਲੇ ਗੋਲੇ ਅਤੇ ਵੀਸ਼ਰਮਾ ਨੇ ਗੋਲਾ ਸੁੱਟਣ ਦੇ ਈਵੈਂਟ ਵਿਚ ਤਿੰਨ ਨਵੇਂ ਰਿਕਾਰਡ ਕਾਇਮ ਕੀਤੇ ਹਨ। ਇਸ ਪ੍ਰਤੀਯੋਗਤਾ ਵਿਚ ਸ਼੍ਰੀ ਗੁਰੂ ਗੋਬਿੰਦ ਸਿੰਘ ਇੰਜੀਨੀਅਰਿੰਗ ਤੇ ਤਕਨੀਕੀ ਕਾਲਜ ਤਲਵੰਡੀ ਸਾਬੋ ਨੇ ਸਮੁੱਚੀ ਟਰਾਫੀ ਜਿੱਤਣ ਵਿਚ ਪਹਿਲਾ ਸਥਾਨ ਅਤੇ ਸ਼ਹੀਦ ਊਧਮ ਸਿੰਘ ਗਰੁੱਪ ਦੇ ਕਾਲਜਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ 'ਤੇ ਇਹ ਦੋਵੇਂ ਹੀ ਕਾਲਜ ਇੱਕੋ ਹੀ ਮੈਨੇਜਮੈਂਟ ਵੱਲੋਂ ਚਲਾਏ ਜਾ ਰਹੇ ਹਨ।

ਵਿਸ਼ਵ ਕਬੱਡੀ ਕੱਪ ਲਈ 13 ਖਿਡਾਰੀ ਡੋਪ ਟੈਸਟ 'ਚ ਦੋਸ਼ੀ

ਲੁਧਿਆਣਾ, 29 ਮਾਰਚ - ਵਿਸ਼ਵ ਕਬੱਡੀ ਕੱਪ ਦੀ ਸੰਭਾਵੀ ਟੀਮ ਲਈ 13 ਖਿਡਾਰੀ ਡੋਪ ਟੈਸਟ ਦੀ ਰਿਪੋਰਟ ਵਿਚ ਦੋਸ਼ੀ ਪਾਏ ਗਏ, ਜਦਕਿ 16 ਖਿਡਾਰੀਆਂ ਨੇ ਪਾਸ ਕੀਤਾ। ਡੋਪ ਟੈਸਟ ਪੈਨਲ ਦੇ ਚੇਅਰਮੈਨ ਡਾਕਟਰ ਮਨਮੋਹਨ ਸਿੰਘ ਤੇ ਪਰਗਟ ਸਿੰਘ ਡਾਇਰੈਕਟਰ ਸਪੋਰਟਸ ਪੰਜਾਬ ਨੇ ਦੱਸਿਆ ਕਿ ਲਖਵਿੰਦਰ ਸਿੰਘ ਦਿਓਲ, ਸੰਦੀਪ ਕੁਮਾਰ ਹਰਿਆਣਾ, ਤਲਵਿੰਦਰ ਸਿੰਘ, ਬਚਿੱਤਰ ਸਿੰਘ ਤਰਨਤਾਰਨ, ਹਰਪ੍ਰੀਤ ਸਿੰਘ ਨੋਨਾ ਰੌਣੀ, ਹਰਵਿੰਦਰ ਸਿੰਘ, ਕੇਵਲ ਸਿੰਘ ਭਾਊ ਜੋਤੇਵਾਲਾ, ਹਰਪ੍ਰੀਤ ਸਿੰਘ, ਬਜਿੰਦਰ ਸਿੰਘ ਹਰਿਆਣਾ, ਸੀਲੂ ਹਰਿਆਣਾ, ਅਨਿਲ ਕੁਮਾਰ ਹਰਿਆਣਾ, ਆਤਮਾ ਸਿੰਘ ਦੋਸ਼ੀ ਪਾਏ ਗਏ ਹਨ। ਪ੍ਰਤਾਪ ਸਿੰਘ, ਗੁਰਪ੍ਰੀਤ ਸਿੰਘ ਜਰਗੜੀ, ਅਮ੍ਰਿਤਪਾਲ ਸਿੰਘ, ਗੁਰਦੀਪ ਸਿੰਘ, ਬਲਰਾਜ ਸਿੰਘ ਬਾਜੀ ਜੰਡ ਵੀ ਟੈਸਟ ਨਾ ਕਰਵਾਉਣ ਕਰਕੇ ਕੈਂਪ ਤੋਂ ਬਾਹਰ ਕਰ ਦਿੱਤੇ ਹਨ। ਜੋ ਖਿਡਾਰੀ ਡੋਪ ਟੈਸਟ ਵਿਚੋ ਪਾਸ ਹੋਏ ਹਨ, ਉਨ੍ਹਾਂ ਵਿਚ ਅਜੀਤਪਾਲ ਸਿੰਘ ਲਾਲੀ ਬੁਟਾਹਰੀ, ਜਤਿੰਦਰ ਸਿੰਘ ਬੈਂਸ, ਗੁਰਦਰਸ਼ਨ ਸਿੰਘ ਗੋਲੂ ਗੱਜਣਵਾਲਾ, ਹਰਦੀਪ ਸਿੰਘ ਪੰਡੋਰੀ, ਨਰਮਿੰਦਰ ਸਿੰਘ ਢੰਡਰੀਆ, ਖੁਸ਼ਦੀਪ ਸਿੰਘ ਦਿੜਬਾ, ਮਨਜਿੰਦਰ ਸਿੰਘ ਅਲੀਪੁਰ, ਹਰਮੀਤ ਸਿੰਘ ਗੋਗੀ ਜਰਗੜੀ, ਲਖਵਿੰਦਰ ਸਿੰਘ ਲਾਡੀ ਉਟਾਲਾ, ਗੁਲਜ਼ਾਰ ਸਿੰਘ ਮੂਣਕ, ਮਨਿੰਦਰਜੀਤ ਸਿੰਘ ਵਿੱਕੀ ਘਨੋਰ, ਮਹਿੰਦਰ ਸਿੰਘ ਬਿਦੇਸ਼ਾ, ਮਨਜੋਤ ਸਿੰਘ ਮਾਛੀਵਾੜਾ, ਕਰਤਾਰ ਸਿੰਘ ਨੂੰ ਖੇਡਣ ਯੋਗ ਮੰਨਿਆ ਗਿਆ ਹੈ।

ਤੀਜਾ ਟੈਕਸਸ ਗੋਲਡ ਕੱਪ ਹਾਕੀ ਟੂਰਨਾਮੈਂਟ (ਅਮਰੀਕਾ) 10 ਤੋਂ

ਜਲੰਧਰ, 29 ਮਾਰਚ - 10-11 ਅਪ੍ਰੈਲ ਨੂੰ ਡੈਲਸ ਦੇ ਹਾਕੀ ਸਟੇਡੀਅਮ 'ਚ ਤੀਜਾ ਟੈਕਸਸ ਗੋਲਡ ਕੱਪ ਹਾਕੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿਚ ਪਿਛਲੇ ਸਾਲ ਦੀ ਜੇਤੂ ਐਲ. ਏ. ਟਾਈਗਰ ਸਪੋਰਟਸ ਕਲੱਬ ਅਤੇ ਉਪ ਜੇਤੂ ਪੰਜਾਬ ਡੈਲਸ ਤੋਂ ਇਲਾਵਾ ਟੋਰਾਂਟੋ ਲਾਈਨ ਕੈਨੇਡਾ, ਪੈਂਥਰ ਵੈਨਕੂਵਰ ਕਲੱਬ ਕੈਨੇਡਾ, ਫਰੀਮਾਊਂਟ, ਯੂਬਾ ਸਿਟੀ, ਸੈਕਰਾਮੈਂਟੋ, ਹੂਸਟਨ, ਨਿਊਯਾਰਕ, ਸ਼ਿਕਾਗੋ, ਅਟਲਾਂਟਾ ਅਤੇ ਮੈਕਸੀਕੋ ਦੀਆਂ ਹਾਕੀ ਟੀਮਾਂ ਭਾਗ ਲੈਣਗੀਆਂ। ਇਸ ਟੂਰਨਾਮੈਂਟ ਦੇ ਆਖਰੀ ਦਿਨ, ਕਬੱਡੀ ਦਾ ਇਕ ਸ਼ੋਅ ਮੈਚ ਵੀ ਕਰਵਾਇਆ ਜਾਵੇਗਾ ਅਤੇ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਨਕਦ ਇਨਾਮੀ ਰਾਸ਼ੀ ਪ੍ਰਸਿੱਧ ਪ੍ਰਵਾਸੀ ਖੇਡ ਪ੍ਰਮੋਟਰ ਅਤੇ ਗੋਲਡ ਜਿਮ ਜਲੰਧਰ ਅਤੇ ਮੁਹਾਲੀ ਦੇ ਮਾਲਕ ਅਮੋਲਕ ਸਿੰਘ ਗਾਖਲ ਅਤੇ ਅਮਰੀਕ ਸਿੰਘ ਗਾਖਲ ਦੇ ਪਰਿਵਾਰ ਵੱਲੋਂ ਦਿੱਤਾ ਜਾਵੇਗਾ।

ਪੰਜਾਬ ਵੂਸ਼ੂ ਐਸੋਸੀਏਸ਼ਨ ਵੱਲੋਂ ਖੇਡਾਂ ਦਾ ਐਲਾਨ

ਜਲੰਧਰ, 28 ਮਾਰਚ - 5ਵਾਂ ਪੰਜਾਬ ਵੂਸ਼ੂ ਐਸੋਸੀਏਸ਼ਨ ਕੱਪ (ਓਪਨ) ਸਬ ਜੂਨੀਅਰ, ਜੂਨੀਅਰ ਅਤੇ ਸੀਨੀਅਰ (ਲੜਕੇ-ਲੜਕੀਆਂ) ਮਈ ਵਿਚ ਹੁਸ਼ਿਆਰਪੁਰ ਵਿਖੇ, ਪੰਜਵਾਂ ਇਨਵੀਟੇਸ਼ਨਲ ਵੂਸ਼ੂ ਸਬ ਜੂਨੀਅਰ, ਜੂਨੀਅਰ ਅਤੇ ਸੀਨੀਅਰ (ਲੜਕੇ-ਲੜਕੀਆਂ) ਚੈਂਪੀਅਨਸ਼ਿਪ ਅਗਸਤ ਵਿਚ ਗੁਰਦਾਸਪੁਰ ਵਿਖੇ ਅਤੇ 14ਵੀਂ ਪੰਜਾਬ ਸਟੇਟ ਵੂਸ਼ੂ ਸਬ ਜੂਨੀਅਰ, ਜੂਨੀਅਰ ਤੇ ਸੀਨੀਅਰ (ਲੜਕੇ-ਲੜਕੀਆਂ) ਚੈਂਪੀਅਨਸ਼ਿਪ ਨਵੰਬਰ ਵਿਚ ਪਟਿਆਲਾ ਵਿਖੇ ਕਰਵਾਏ ਜਾਣਗੇ।

ਭਾਰਤ ਅਤੇ ਪਾਕਿਸਤਾਨ ਦੇ ਪਹਿਲਵਾਨਾਂ ਦਾ ਦੰਗਲ 31 ਤੋਂ

ਜਲੰਧਰ, 27 ਮਾਰਚ - ਭਾਰਤ ਅਤੇ ਪਾਕਿਸਤਾਨ ਦੇ ਪਹਿਲਵਾਨਾਂ ਦੇ ਕੁਸ਼ਤੀ ਦੰਗਲ ਮਿਤੀ 31 ਮਾਰਚ ਤੋਂ ਪੰਜਾਬ ਅਤੇ ਭਾਰਤ ਦੇ ਵੱਖ-ਵੱਖ ਰਾਜਾਂ ਦੇ ਸ਼ਹਿਰਾਂ ਵਿਚ ਸ਼ੁਰੂ ਹੋ ਜਾ ਰਹੇ ਹਨ, ਜਿਸ ਵਿਚ 31 ਮਾਰਚ ਨੂੰ ਪਿੰਡ ਜਲਾਲਾਬਾਦ (ਪੂਰਬੀ), ਜ਼ਿਲ੍ਹਾ ਮੋਗਾ ਵਿਖੇ ਪਹਿਲਾ ਦੰਗਲ ਸ਼ੁਰੂ ਹੋਵੇਗਾ। ਇਸ ਤੋਂ ਬਾਅਦ ਦੂਜਾ ਦੰਗਲ 2 ਅਪ੍ਰੈਲ ਨੂੰ ਪਿੰਡ ਕਾਨ ਸਿੰਘ ਵਾਲਾ, ਜ਼ਿਲ੍ਹਾ ਫਿਰੋਜ਼ਪੁਰ ਵਿਖੇ ਹੋਵੇਗਾ। ਇਸੇ ਲੜੀ ਨੂੰ ਅੱਗੇ ਵਧਾਉਂਦੇ ਹੋਏ ਮਹਾਰਾਸ਼ਟਰ, ਯੂ. ਪੀ., ਰਾਜਸਥਾਨ, ਹਰਿਆਣਾ ਅਤੇ ਦਿੱਲੀ ਆਦਿ ਵੱਖ-ਵੱਖ ਸ਼ਹਿਰਾਂ ਵਿਚ ਵੀ ਦੰਗਲ ਕਰਵਾਏ ਜਾਣਗੇ।

ਸਟਰੀਟ ਚਾਈਲਡ ਵਰਲਡ ਕੱਪ ਰੁੜਕਾ ਕਲਾਂ ਫੁੱਟਬਾਲ ਅਕੈਡਮੀ ਦੇ ਨਾਮ

ਜਲੰਧਰ, 27 ਮਾਰਚ - ਬੀਤੇ ਦਿਨੀਂ ਡਰਬਨ ਸਾਊਥ ਅਫਰੀਕਾ 'ਚ ਡੈਲੇਇਟ ਸਟਰੀਟ ਚਾਈਲਡ ਵਰਲਡ ਕੱਪ ਕਰਵਾਇਆ ਗਿਆ। ਇਸ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਵਿਚੋਂ ਭਾਰਤ ਵੱਲੋਂ ਹਿੱਸਾ ਲੈਣ ਗਈ ਪੰਜਾਬ ਦੀ ਸਿਰਕੱਢ ਯੂਥ ਅਤੇ ਖੇਡ ਕਰਮੀ ਸੰਸਥਾ ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਨੇ ਤਨਜਾਨੀਆ ਦੀ ਟੀਮ ਨੂੰ 1-0 ਨਾਲ ਹਰਾ ਕੇ ਜੇਤੂ ਖਿਤਾਬ 'ਤੇ ਕਬਜ਼ਾ ਕੀਤਾ। ਜੇਤੂ ਗੋਲ ਮਨਪ੍ਰੀਤ ਸਿੰਘ ਨੇ 22ਵੇਂ ਮਿੰਟ 'ਚ ਕੀਤਾ।

ਅਜੀਤਵਾਲ ਦੇ ਲੜਕੇ-ਲੜਕੀਆਂ ਦੀ ਬੱਲੇ ਬੱਲੇ

ਬਠਿੰਡਾ 27, ਮਾਰਚ - 39ਵੀਂ ਰਾਜ ਪੱਧਰੀ ਅਥਲੈਟਿਕ ਮੀਟ ਸਰਸਵਤੀ ਬਹੁਤਕਨੀਕੀ ਕਾਲਜ ਬੱਲੂਆਣਾ 'ਚ ਕਰਵਾਈ ਗਈ। ਹਰ ਮੁਕਾਬਲੇ ਵਿੱਚ ਹੂੰਝਾ ਫੇਰਦਿਆਂ ਲਾਲਾ ਲਾਜਪਤ ਰਾਏ ਮੈਮੋਰੀਅਲ ਬਹੁ-ਤਕਨੀਕੀ ਕਾਲਜ ਅਜੀਤਵਾਲ ਦੇ ਲੜਕੇ ਅਤੇ ਲੜਕੀਆਂ ਨੇ ਸਮੁੱਚੀ ਟਰਾਫੀ 'ਤੇ ਕਬਜ਼ਾ ਜਮਾਇਆ ਜਦਕਿ ਲੜਕਿਆਂ ਦੀ ਰਨਰ ਅੱਪ ਟਰਾਫੀ ਆਰ. ਐਮ. ਆਈ. ਟੀ. ਕਾਲਜ ਗੋਬਿੰਦਗੜ੍ਹ ਅਤੇ ਲੜਕੀਆਂ ਦੀ ਸਰਕਾਰੀ ਬਹੁ-ਤਕਨੀਕੀ ਕਾਲਜ ਲੁਧਿਆਣਾ ਦੇ ਹਿੱਸੇ ਆਈ। ਇਸ ਤੋਂ ਇਲਾਵਾ ਲੜਕਿਆਂ ਦੀ ਅਥਲੈਟਿਕ ਚੈਪੀਅਨਸ਼ਿਪ ਟਰਾਫੀ ਵੀ ਐਲ. ਐਲ. ਆਰ. ਐਮ. ਕਾਲਜ ਅਜੀਤਵਾਲ ਦੇ ਨਾਂਅ ਰਹੀ ਜਦੋਕਿ ਰਨਰ ਅੱਪ ਟਰਾਫੀ ਆਰ. ਐਮ. ਆਈ. ਟੀ. ਗੋਬਿੰਦਗੜ੍ਹ ਨੂੰ ਮਿਲੀ ਹੈ। ਲੜਕੀਆਂ ਦੀ ਅਥਲੈਟਿਕ ਟਰਾਫੀ ਐਲ. ਐਲ. ਆਰ. ਐਮ. ਕਾਲਜ ਅਜੀਤਵਾਲ ਅਤੇ ਰਨਰ ਅੱਪ ਟਰਾਫੀ ਗੋਰਮਿੰਟ ਕਾਲਜ ਲੁਧਿਆਣਾ ਨੂੰ ਗਈ ਹੈ। ਲੜਕਿਆਂ ਵਿਚੋ ਅਜੀਤਵਾਲ ਦੇ ਅੰਮ੍ਰਿਤਪਾਲ ਸਿੰਘ ਅਤੇ ਮਨਪ੍ਰੀਤ ਕੌਰ ਨੂੰ ਸਰਵੋਤਕ ਅਥਲੀਟ ਚੁਣਿਆ ਗਿਆ। ਇਸ ਮੌਕੇ ਡਿਸਕਸ ਥਰੋ, 200, 400, 800 ਮੀਟਰ ਦੌੜ, ਟ੍ਰਿਪਲ ਜੰਪ, 4 ਗੁਣਾਂ 100 ਰਿਲੇਅ ਰੇਸ ਅਤੇ ਪੋਲ ਵਾਲਟ ਦਾ ਪਿਛਲਾ ਰਿਕਾਰਡ ਤੋੜਨ ਵਾਲੀ ਅਥਲੀਟ ਅਨੂਪ ਕੌਰ, ਮਨਪ੍ਰੀਤ ਕੌਰ, ਸਿਮਰਤਪਾਲ ਕੌਰ, ਕਿਰਨਦੀਪ ਕੌਰ, ਰਮਨਦੀਪ ਕੌਰ, ਮਨਪ੍ਰੀਤ ਕੌਰ ਅਜੀਤਵਾਲ ਅਤੇ ਜਸਮੇਰ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਅੱਜ ਕਰਵਾਈ ਲੜਕੀਆਂ ਦੀ 100 ਮੀਟਰ ਦੌੜ ਵਿਚ ਅਜੀਤਵਾਲ ਦੀ ਸਿਮਰਤਪਾਲ ਪਹਿਲੇ, ਲੁਧਿਆਣਾ ਦੀ ਜਗਦੀਪ ਕੌਰ ਦੂਜੇ ਅਤੇ ਪਟਿਆਲਾ ਵੀ ਸੁਖਵਿੰਦਰ ਕੌਰ ਤੀਜੇ ਸਥਾਨ ਤੇ ਰਹੀ। ਲੜਕਿਆਂ ਦੀ 100 ਮੀਟਰ ਦੌੜ ਵਿਚ ਅਜੀਤਵਾਲ ਦਾ ਅੰਮ੍ਰਿਤਪਾਲ ਪਹਿਲੇ, ਲੁਧਿਆਣਾ ਦੇ ਨਵਰਾਜ ਸਿੰਘ ਦੂਜੇ ਅਤੇ ਕਪੂਰਥਲਾ ਦੇ ਮੁਕੇਸ਼ ਤੀਜੇ ਥਾ 'ਤੇ ਰਹੇ। ਪੋਲ ਵਾਲਟ ਵਿਚ ਜਸਮੇਰ ਸਿੰਘ ਮੁਕਤਸਰ , ਸਿਮਰਦੀਪ ਸਿੰਘ ਗੋਬਿੰਦਗੜ੍ਹ ਅਤੇ ਰਾਜਿੰਦਰ ਸਿੰਘ ਚੰਡੀਗੜ੍ਹ ਦੇ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਰਹੇ। ਟ੍ਰਿਪਲ ਜੰਪ ਵਿਚ ਸੁਖਜਿੰਦਰ ਸਿੰਘ ਫਰੀਦਕੋਟ, ਜਸਮੇਰ ਸਿੰਘ ਮੁਕਤਸਰ ਅਤੇ ਮੁਕੇਸ਼ ਕੁਮਾਰ ਕਪੂਰਥਲਾ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਰਹੇ। ਟ੍ਰਿਪਲ ਜੰਪ ਲੜਕੀਆਂ ਵਿਚੋਂ ਸਿਮਰਤਪਾਲ ਕੌਰ ਅਜੀਤਵਾਲ, ਜਗਦੀਪ ਕੌਰ ਲੁਧਿਆਣਾ ਤੇ ਪਵਨਪ੍ਰੀਤ ਕੌਰ ਛਾਪਿਆਂਵਾਲੀ, 5000 ਮੀਟਰ ਦੌੜ ਵਿਚ ਗਗਨਦੀਪ ਸਿੰਘ ਗੋਬਿੰਦਗੜ੍ਹ, ਸਨੀ ਨਾਗਪਾਲ ਮੁਕਤਸਰ ਅਤੇ ਸੰਦੀਪ ਸਿੰਘ ਭਿਖੀਵਿੰਡ , 400 ਮੀਟਰ ਦੌੜ ਵਿਚ ਨਾਕੁਲ ਕੁਮਾਰ ਅਜੀਤਵਾਲ, ਨਰਭਿੰਦਰਪਾਲ ਫਗਵਾੜਾ ਅਤੇ ਰਣਦੀਪ ਸਿੰਘ ਕਪੂਰਥਲਾ, 400 ਮੀਟਰ ਵਿਚ ਮਨਪ੍ਰੀਤ ਕੌਰ ਅਜੀਤਵਾਲ, ਕਮਲਪ੍ਰੀਤ ਕੌਰ ਲੁਧਿਆਣਾ ਤੇ ਮਨਇੰਦਰ ਕੌਰ ਪਟਿਆਲਾ, 200 ਮੀਟਰ ਵਿਚ ਅੰਮ੍ਰਿਤਪਾਲ ਸਿੰਘ ਅਜੀਤ ਪਾਲ, ਨਵਰਾਜ ਸਿੰਘ ਲੁਧਿਆਣਾ ਤੇ ਬਲਰਾਜ ਸਿੰਘ ਫਰੀਦਕੋਰਟ ਨੇ ਕ੍ਰਮਵਾਰ ਪਹਿਲੇ , ਦੂਜਾ ਤੇ ਤੀਸਰਾ ਸਕਾਨ ਪ੍ਰਾਪਤ ਕੀਤਾ ਸਿਮਰਤਪਾਲ ਕੌਰ ਅਜੀਤਵਾਲ ਸਭ ਤੋ ਲੰਬੀ ਛਾਲ ਲਾਉਣ ਵਿਚ ਕਾਮਯਾਬ ਰਹੀ । ਜਦਕਿ ਕੋਮਲਪ੍ਰੀਤ ਕੌਰ ਲੁਧਿਆਣਾ ਤੇ ਜੋਤੀ ਜਲੰਧਰ ਦੂਜੇ ਤੇ ਤੀਜੇ ਸਥਾਨ 'ਤੇ ਆਈਆ। ਇਨਾਮਾਂ ਦੀ ਵੰਡ ਨਰੇਸ਼ ਨਾਗਪਾਲ ਸਹਾਇਕ ਡਾਇਰੈਕਟਰ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ, ਪੀ ਟੀ ਆਈ ਐਸ ਦੇ ਪ੍ਰਧਾਨ ਬਲਕਾਰ ਸਿੰਘ ਸਿੱਧੂ, ਪ੍ਰਿੰਸੀਪਲ ਯਾਦਵਿੰਦਰ ਸਿੰਘ ਅਤੇ ਵਿਜੇ ਕਾਲੜਾ ਨੇ ਕੀਤੀ।

ਵਿਸ਼ਵ ਕਬੱਡੀ ਕੱਪ 'ਚ ਸ਼ਾਮਿਲ ਹੋਣ ਵਾਲੇ 16 ਖਿਡਾਰੀ

ਲੁਧਿਆਣਾ, 27 ਮਾਰਚ - ਵਿਸ਼ਵ ਕੱਪ ਕਬੱਡੀ ਟੂਰਨਾਮੈਂਟ ਵਾਸਤੇ ਪੰਜਾਬ ਸਰਕਾਰ ਵੱਲੋਂ ਭਾਰਤੀ ਟੀਮ ਦੀ ਚੋਣ ਲਈ ਲਏ ਗਏ ਦੁਆਰਾ ਚੋਣ ਟਰਾਇਲਾਂ ਲਈ 145 ਖਿਡਾਰੀਆਂ ਵਿਚੋਂ ਅੰਤਿਮ 16 ਖਿਡਾਰੀਆਂ ਦੀ ਚੋਣ ਕੀਤੀ ਗਈ। ਚੋਣ ਕਮੇਟੀ ਬਾਬਾ ਹਰਪ੍ਰੀਤ ਸਿੰਘ, ਗੁਰਦੀਪ ਸਿੰਘ ਮੱਲੀ, ਬਲਵੀਰ ਸਿੰਘ ਬਿੱਟੂ, ਕੋਚ ਦੇਵੀ ਦਿਆਲ, ਪ੍ਰਿੰਸੀਪਲ ਸਰਵਣ ਸਿੰਘ 'ਤੇ ਆਧਾਰਿਤ ਬਣੇ ਚੋਣ ਪੈਨਲ, ਨੇ ਜੋ ਅੰਤਿਮ 14 ਖਿਡਾਰੀ ਚੁਣੇ ਹਨ, ਉਨ੍ਹਾਂ ਵਿਚ ਧਾਵੀਆਂ ਵਿਚ ਸੁਖਬੀਰ ਸਿੰਘ ਸਰਾਣਾ, ਹਰਵਿੰਦਰ ਸਿੰਘ ਸੁਰਖਪੁਰ, ਹਰਿੰਦਰ ਸਿੰਘ ਨਿੱਕਾ ਜਰਗੜੀ, ਸੰਦੀਪ ਸਿੰਘ ਸੁਰਖਪੁਰੀਆ, ਸਤਨਾਮ ਸਿੰਘ ਫਰੀਦਕੋਟ, ਕਾਕਾ ਕਾਹਰੀ ਸਾਰੀ, ਹਰਜਿੰਦਰ ਸਿੰਘ ਭੁੱਟੋ ਤਰਨਤਾਰਨ, ਤਲਵਿੰਦਰ ਸਿੰਘ ਪਰਜੀਆ, ਜਾਫ਼ੀਆ ਵਿਚ ਕਰਮੀ ਬਰੜ ਵਾਨ, ਮੰਗੀ ਬੱਗਾ ਸ਼ਾਹਕੋਟ, ਪਾਲਾ ਜਲਾਲ ਪੁਰੀਆ, ਹਰਜੀਤ ਸਿੰਘ ਚਹਿਲਾ, ਸੁੱਖਾ ਭੰਡਾਲ, ਗੁਰਪਿਆਰ ਸਿੰਘ ਕਲੇਰ, ਜਗਸੀਰ ਸਿੰਘ ਸੀਰਾ, ਗੁਰਜੀਤ ਸਿੰਘ ਰੁੜਕੀ ਨੂੰ ਚੁਣਿਆ ਗਿਆ ਹੈ। ਪਰਗਟ ਸਿੰਘ ਡਾਇਰੈਕਟਰ ਸਪੋਰਟਸ ਪੰਜਾਬ, ਸਿਕੰਦਰ ਸਿੰਘ ਮਲੂਕਾ ਨੇ ਦੱਸਿਆ ਕਿ ਇਨ੍ਹਾਂ ਖਿਡਾਰੀਆਂ ਦਾ ਕੋਚਿੰਗ ਕੈਂਪ 27 ਮਾਰਚ ਤੋਂ ਹੀ ਲੁਧਿਆਣਾ ਵਿਖੇ ਸ਼ੁਰੂ ਹੋ ਗਿਆ ਹੈ ਪਰ ਡੋਪਿੰਗ ਦੇ ਦੋਸ਼ੀਆਂ ਨੂੰ ਤੁਰੰਤ ਕੋਚਿੰਗ ਕੈਂਪ ਵਿਚੋਂ ਕੱਢ ਦਿੱਤਾ ਜਾਵੇਗਾ। ਜੋ 5 ਖਿਡਾਰੀ ਪਹਿਲਾ ਡੋਪ ਟੈਸਟ ਤੋਂ ਡਰਦੇ ਭੱਜ ਗਏ ਸਨ ਉਨ੍ਹਾਂ ਉਪਰ ਵੀ 2 ਸਾਲ ਦੀ ਪਬੰਦੀ ਲੱਗੇਗੀ।
ਰਾਸ਼ਟਰੀ ਕੋਚ ਦੇਵੀ ਦਿਆਲ ਨੂੰ ਵਿਸ਼ਵ ਕਬੱਡੀ ਕੱਪ ਦਾ ਤਕਨੀਕੀ ਡਾਇਰੈਕਟਰ ਬਣਾਇਆ ਹੈ, ਜਦ ਕਿ ਭਾਰਤੀ ਕਬੱਡੀ ਟੀਮ ਦੇ ਸੀਨੀਅਰ ਕੋਚ ਹਰਪ੍ਰੀਤ ਸਿੰਘ ਬਾਬਾ ਬਠਿੰਡਾ ਅਤੇ ਬਲਵੀਰ ਸਿੰਘ ਬਿੱਟੂ ਜਸਪਾਲ ਬਾਂਗਰ ਨੂੰ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਦੀਪ ਸਿੰਘ ਮੱਲੀ ਭਾਰਤੀ ਟੀਮ ਦੇ ਮੈਨੇਜਰ ਹੋਣਗੇ। ਇਸ ਤੋਂ ਇਲਾਵਾ ਪਹਿਲਵਾਨ ਗੁਰਮੇਲ ਸਿੰਘ, ਸੀਨੀਅਰ ਮੀਤ ਪ੍ਰਧਾਨ ਪੰਜਾਬ ਕਬੱਡੀ ਐਸੋ: ਅਤੇ ਸੁਰਿੰਦਰਪਾਲ ਸਿੰਘ ਟੋਨੀ ਕਾਲਖ ਪ੍ਰਧਾਨ ਪੰਜਾਬ ਕਬੱਡੀ ਅਕੈਡਮੀਜ਼ ਐਸੋਸੀਏਸ਼ਨ ਨੂੰ ਵਿਸ਼ਵ ਕੱਪ ਦੀ ਸਵਾਰਥੀ ਕਮੇਟੀ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ।

ਟਵੰਟੀ-20 ਵਿਸ਼ਵ ਕ੍ਰਿਕਟ ਕੱਪ ਲਈ ਚੁਣੀ ਗਈ ਭਾਰਤੀ ਟੀਮ

ਮੁੰਬਈ, 26 ਮਾਰਚ - ਟਵੰਟੀ-20 ਵਿਸ਼ਵ ਕ੍ਰਿਕਟ ਕੱਪ ਟੂਰਨਾਮੈਂਟ ਜੋ ਕਿ ਵੈਸਟ ਇੰਡੀਜ਼ ਦੀ ਧਰਤੀ 'ਤੇ 30 ਅਪ੍ਰੈਲ ਤੋਂ 16 ਮਈ ਤੱਕ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਲਈ 15 ਮੈਂਬਰੀ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ। ਐਲਾਨੀ ਗਈ ਟੀਮ 'ਚ ਕਰਨਾਟਕ ਰਾਜ ਦੇ ਤੇਜ਼ ਗੇਂਦਬਾਜ਼ ਰਘੂਨਾਥ ਵਿਨੇ ਕੁਮਾਰ ਨੂੰ ਨਵੇਂ ਚਿਹਰੇ ਵਜੋਂ ਅਤੇ ਫਿਰਕੀ ਗੇਂਦਬਾਜ਼ ਪਿਊਸ਼ ਚਾਵਲਾ ਨੂੰ ਦੁਬਾਰਾ ਮੌਕਾ ਦਿੱਤਾ ਗਿਆ ਹੈ। ਮਹਿੰਦਰ ਸਿੰਘ ਧੋਨੀ ਨੂੰ ਟੀਮ ਦਾ ਕਪਤਾਨ ਅਤੇ ਵਰਿੰਦਰ ਸਹਿਵਾਗ ਨੂੰ ਉਪ-ਕਪਤਾਨ ਨਿਯੁਕਤ ਕੀਤਾ ਗਿਆ ਹੈ। ਦਿਨੇਸ਼ ਕਾਰਤਿਕ ਨੂੰ ਵਾਧੂ ਵਿਕਟਕੀਪਰ ਵਜੋਂ ਟੀਮ 'ਚ ਸ਼ਾਮਿਲ ਕੀਤਾ ਗਿਆ ਹੈ। ਖਰਾਬ ਫਾਰਮ ਦੇ ਚੱਲਦਿਆਂ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ, ਬੱਲੇਬਾਜ਼ ਵਿਰਾਟ ਕੋਹਲੀ ਅਤੇ ਤੇਜ਼ ਗੇਂਦਬਾਜ਼ ਐੱਸ. ਸ੍ਰੀਸੰਥ ਨੂੰ ਟੀਮ 'ਚ ਜਗ੍ਹਾ ਨਹੀਂ ਦਿੱਤੀ ਗਈ ਹੈ। ਚੁਣੀ ਗਈ ਟੀਮ ਇਸ ਪ੍ਰਕਾਰ ਹੈ-ਮਹਿੰਦਰ ਸਿੰਘ ਧੋਨੀ (ਕਪਤਾਨ), ਵਰਿੰਦਰ ਸਹਿਵਾਗ, ਯੁਵਰਾਜ ਸਿੰਘ, ਵਿਨੇ ਕੁਮਾਰ, ਪਿਊਸ਼ ਚਾਵਲਾ, ਅਸ਼ੀਸ਼ ਨੇਹਰਾ, ਗੌਤਮ ਗੰਭੀਰ, ਹਰਭਜਨ ਸਿੰਘ, ਜ਼ਹੀਰ ਖਾਨ, ਯੂਸਫ ਪਠਾਨ, ਰੋਹਿਤ ਸ਼ਰਮਾ, ਸੁਰੇਸ਼ ਰੈਨਾ, ਦਿਨੇਸ਼ ਕਾਰਤਿਕ, ਰਵਿੰਦਰ ਜਡੇਜਾ ਅਤੇ ਪ੍ਰਵੀਨ ਕੁਮਾਰ।

58ਵੀਂ ਸਰਬ ਭਾਰਤੀ ਪੁਲਿਸ ਹਾਕੀ ਚੈਂਪੀਅਨਸ਼ਿਪ 'ਚ ਬੀ.ਐਸ.ਐਫ. ਜੇਤੂ

ਜਲੰਧਰ, 26 ਮਾਰਚ - ਗੁਹਾਟੀ 'ਚ 19 ਤੋਂ 26 ਮਾਰਚ ਤੱਕ 58ਵੀਂ ਆਲ ਇੰਡੀਆ ਹਾਕੀ ਚੈਂਪੀਅਨਸ਼ਿਪ ਕਰਵਾਈ ਗਈ। ਇਸ ਚੈਂਪੀਅਨਸ਼ਿਪ ਦੇ ਫਾਈਨਲ ਮੁਕਾਬਲੇ ਵਿਚ ਬੀ. ਐਸ. ਐਫ. ਨੇ ਪੰਜਾਬ ਪੁਲਿਸ ਨੂੰ 2-1 ਨਾਲ ਹਰਾ ਕੇ ਜੇਤੂ ਖਿਤਾਬ 'ਤੇ ਕਬਜ਼ਾ ਕੀਤਾ। ਜੇਤੂ ਟੀਮ ਦੇ ਸ਼ਰਨਜੀਤ ਸਿੰਘ ਨੂੰ ਸਰਬੋਤਮ ਖਿਡਾਰੀ ਐਲਾਨਿਆਂ ਗਿਆ ਤੇ ਉਸ ਨੂੰ ਮੋਟਰ ਬਾਈਕ ਇਨਾਮ ਵਜੋਂ ਦੇਣ ਦਾ ਐਲਾਨ ਕੀਤਾ ਗਿਆ।

ਬਹੁ-ਤਕਨੀਕੀ ਕਾਲਜਾਂ ਦੀ ਰਾਜ ਪੱਧਰੀ ਅਥਲੈਟਿਕ ਮੀਟ

ਬਠਿੰਡਾ, 26 ਮਾਰਚ - ਬਹੁ-ਤਕਨੀਕੀ ਕਾਲਜਾਂ ਦੀ 39ਵੀਂ ਰਾਜ ਪੱਧਰੀ ਐਥਲੈਟਿਕ ਮੀਟ ਬਠਿੰਡਾ ਦੇ ਖੇਡ ਸਟੇਡੀਅਮ ਵਿਚ ਕਰਵਾਈ ਜਾ ਰਹੀ ਹੈ। ਉਦਘਾਟਨੀ ਸਮਾਰੋਹ ਦੌਰਾਨ ਲੜਕਿਆਂ ਦੀ 3000 ਮੀਟਰ ਦੌੜ ਕਰਵਾਈ ਗਈ ਜਿਸ ਵਿਚੋਂ ਮੋਹਰੀ ਰਹਿੰਦਿਆਂ ਅਥਲੀਟ ਗਗਨਦੀਪ ਸਿੰਘ ਨੇ ਆਰ.ਆਈ.ਐਸ.ਟੀ. ਕਾਲਜ ਗੋਬਿੰਦਗੜ੍ਹ ਦੀ ਝੋਲੀ ਪਹਿਲਾ ਗੋਲਡ ਮੈਡਲ ਪਾਇਆ ਜਦਕਿ ਸੁਖਵੰਸ਼ ਸਿੰਘ ਯੂ.ਪੀ.ਸੀ. ਭੂਰੇਵਾਲ ਦੂਜੇ ਅਤੇ ਰਮਦੀਪ ਸਿੰਘ ਜੀ.ਪੀ.ਸੀ. ਭਿੱਖੀਵਿੰਡ ਤੀਸਰੇ ਸਥਾਨ 'ਤੇ ਰਿਹਾ। ਲੜਕਿਆਂ ਦੇ ਡਿਸਕਸ ਥਰੋ ਮੁਕਾਬਲੇ ਵਿਚ ਤਰਨਪ੍ਰੀਤ ਸਿੰਘ ਗੋਬਿੰਦਗੜ੍ਹ, ਸਚਦੀਪ ਸਿੰਘ ਜੀ.ਐਨ.ਡੀ.ਪੀ. ਲੁਧਿਆਣਾ ਤੇ ਅਮਰਵੀਰ ਸਿੰਘ ਜੀ.ਪੀ.ਸੀ. ਭਿੱਖੀਵਿੰਡ, ਟ੍ਰਿਪਲ ਜੰਪ ਵਿਚ ਸੁਖਜਿੰਦਰ ਸਿੰਘ ਐਮ.ਪੀ.ਸੀ. ਫਰੀਦਕੋਟ, ਜਸਮੇਰ ਸਿੰਘ ਏ.ਪੀ.ਸੀ. ਮੁਕਤਸਰ ਤੇ ਮੁਕੇਸ਼ ਕੁਮਾਰ ਐਲ.ਕੇ. ਕਪੂਰਥਲਾ, ਹੈਮਰਥਰੋ ਵਿਚ ਹੇਮੰਤ ਕੁਮਾਰ ਫਿਰੋਜ਼ਪੁਰ, ਸਚਦੀਪ ਸਿੰਘ ਲੁਧਿਆਣਾ ਤੇ ਖੁਸ਼ਦੀਪ ਮੁਕਤਸਰ, 1500 ਮੀਟਰ ਵਿਚ ਰਾਜਨ ਕੁਮਾਰ ਸ਼ਰਮਾ ਅਜੀਤਵਾਲ, ਨਵਜੋਤ ਸਿੰਘ ਪੱਟੀ ਤੇ ਰੇਸ਼ਮ ਸਿੰਘ ਕਪੂਰਥਲਾ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਿਆ ਜਦਕਿ ਲੜਕੀਆਂ ਦੀ 800 ਮੀਟਰ ਦੌੜ ਵਿਚੋਂ ਮਨਪ੍ਰੀਤ ਕੌਰ ਐਲ.ਐਲ.ਆਰ.ਐਮ. ਅਜੀਤਵਾਲ, ਕਾਨਿਕਾ ਸਰਕਾਰੀ ਪਾਲੀਟੈਕਨਿਕ ਕਾਲਜ ਜਲੰਧਰ ਤੇ ਜਤਿੰਦਰ ਕੌਰ ਗੌਰਮਿੰਟ ਕਾਲਜ ਪਟਿਆਲਾ ਅਤੇ ਡਿਸਕਸ ਥਰੋ ਵਿਚ ਅਨੂਪ ਕੌਰ ਜੀ.ਪੀ.ਸੀ. ਬਠਿੰਡਾ, ਅਮਨਦੀਪ ਕੌਰ ਜੀ.ਪੀ.ਸੀ.ਜੀ. ਜਲੰਧਰ ਤੇ ਕਮਲਦੀਪ ਕੌਰ ਐਸ.ਆਰ.ਐਸ. ਜੀ.ਪੀ.ਸੀ.ਜੀ. ਲੁਧਿਆਣਾ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਰਹੀਆਂ ਹਨ।

ਪੰਜਾਬ 'ਚ ਹਰ ਸਾਲ ਵਿਸ਼ਵ ਕਬੱਡੀ ਲੀਗ ਹੋਵੇਗੀ

ਲੁਧਿਆਣਾ, 26 ਮਾਰਚ - ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਚੇਅਰਮੈਨ ਨੇ ਫੈਸਲਾ ਕੀਤਾ ਕਿ ਆਈ.ਪੀ.ਐਲ. ਦੀ ਤਰਜ਼ 'ਤੇ ਪੰਜਾਬ 'ਚ ਹਰ ਸਾਲ ਵਿਸ਼ਵ ਕਬੱਡੀ ਲੀਗ ਕਰਵਾਈ ਜਾਵੇਗੀ। ਜਿਥੇ ਪੰਜਾਬ ਸਰਕਾਰ ਨੇ ਕਬੱਡੀ ਦੇ ਵਧੀਆ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਅਤੇ ਹੋਰ ਸਹੂਲਤਾਂ ਦੇਣ ਦੇ ਜਿਥੇ ਉਪਰਾਲੇ ਵਿੱਢੇ ਹਨ, ਉਥੇ ਵਿਸ਼ਵ ਕੱਪ ਕਬੱਡੀ ਵਿਚ ਵੱਡੇ ਰੂਪ ਵਿਚ ਇਨਾਮੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਕਬੱਡੀ ਨੂੰ ਪ੍ਰਮੋਟ ਕਰਨ ਲਈ ਸਾਰੇ ਪਿੰਡਾਂ ਵਿਚ ਹੈਲਥ ਕਲੱਬ ਖੋਲ੍ਹੇ ਜਾਣਗੇ। ਅਗਲੇ ਵਰ੍ਹੇ ਇਨਾਮੀ ਰਾਸ਼ੀ 'ਚ ਚੋਖਾ ਵਾਧਾ ਕੀਤਾ ਜਾਵੇਗਾ। ਕਬੱਡੀ ਵਿਚ ਡਰੱਗ ਮਾਫੀਏ ਨੂੰ ਸਖ਼ਤੀ ਨਾਲ ਨੱਥ ਪਾਈ ਜਾਵੇਗੀ। ਜੋ ਖਿਡਾਰੀ ਕਬੱਡੀ ਦੇ ਨਿਯਮਾਂ ਤੇ ਸਿਧਾਂਤਾਂ ਦੀ ਪਾਲਣਾ ਕਰਨਗੇ ਅਤੇ ਵਧੀਆ ਖੁਰਾਕਾਂ ਨਾਲ ਮੈਦਾਨ ਵਿਚ ਨਿੱਤਰਨਗੇ, ਉਨ੍ਹਾਂ ਦੀ ਹੀ ਪੰਜਾਬ ਸਰਕਾਰ ਕਦਰ ਪਾਵੇਗੀ। ਇਸੇ ਕਰਕੇ ਟੂਰਨਾਮੈਂਟ ਵਿਚ ਦੁਨੀਆਂ ਦੀ ਮਸ਼ਹੂਰ ਏਜੰਸੀ 'ਵਾਡਾ' ਤੋਂ ਖਿਡਾਰੀਆਂ ਦੇ ਡੋਪ ਟੈਸਟ ਕਰਵਾਏ ਗਏ ਹਨ। ਭਾਵੇਂ ਇਕ ਪਾਸੇ ਪੰਜਾਬ ਸਰਕਾਰ ਸਾਫ ਸੁਥਰੀ ਅਤੇ ਨਸ਼ਾ ਰਹਿਤ ਵਿਸ਼ਵ ਕੱਪ ਕਬੱਡੀ ਕਰਵਾਉਣ ਦਾ ਢੰਡੋਰਾ ਪਿੱਟ ਰਹੀ ਹੈ ਪਰ ਦੂਜੇ ਪਾਸੇ ਵਿਸ਼ਵ ਕਬੱਡੀ ਕੱਪ ਵਿਚ ਜੋ 29 ਖਿਡਾਰੀਆਂ ਦਾ ਡੋਪ ਟੈਸਟ ਹੋਇਆ ਹੈ, ਦਾ ਨਤੀਜਾ 23 ਮਾਰਚ ਨੂੰ ਆਉਣਾ ਸੀ ਪਰ ਉਸ ਵਿਚੋਂ ਕਿੰਨੇ ਨਸ਼ੇੜੀ ਹਨ ਤੇ ਕਿੰਨੇ ਸਿਹਤਮੰਦ ਹਨ, ਅਜੇ ਦੋ ਦਿਨ ਹੋਰ ਉਡੀਕ ਕਰਨੀ ਪਵੇਗੀ। ਪੰਜਾਬ ਖੇਡ ਵਿਭਾਗ ਦੇ ਡਾਇਰੈਕਟਰ ਪ੍ਰਗਟ ਸਿੰਘ ਨੇ ਦੱਸਿਆ ਕਿ ਵਾਡਾ ਦੇ ਚੇਅਰਮੈਨ ਡਾ. ਮਨਮੋਹਨ ਸਿੰਘ 28 ਮਾਰਚ ਤੱਕ ਦੱਸਣਗੇ ਕਿ ਕਿੰਨੇ ਖਿਡਾਰੀ ਵਿਸ਼ਵ ਕੱਪ ਕਬੱਡੀ ਖੇਡਣ ਦੇ ਯੋਗ ਹਨ। ਸੂਤਰਾਂ ਮੁਤਾਬਿਕ ਚੁਣੇ ਗਏ 29 ਖਿਡਾਰੀਆਂ ਵਿਚੋਂ 11 ਦੇ ਕਰੀਬ ਡੋਪ ਟੈਸਟ ਦੀ ਲਪੇਟ ਵਿਚ ਆ ਰਹੇ ਹਨ, ਇਸੇ ਕਰਕੇ ਪੰਜਾਬ ਸਰਕਾਰ ਨੂੰ ਭਾਰਤੀ ਕਬੱਡੀ ਟੀਮ ਬਨਾਉਣੀ ਔਖੀ ਹੋ ਰਹੀ ਹੈ। ਭਾਵੇਂ 27 ਮਾਰਚ ਨੂੰ ਟੀਮ ਦੀ ਚੋਣ ਲਈ ਖਿਡਾਰੀਆਂ ਦੇ ਦੁਬਾਰਾ ਚੋਣ ਟਰਾਇਲ ਹੋ ਰਹੇ ਹਨ। ਵਿਸ਼ਵ ਕੱਪ ਕਬੱਡੀ ਨੇ ਸਰਕਾਰ ਦੇ ਕੰਨਾਂ ਨੂੰ ਹੱਥ ਲਵਾ ਦਿੱਤੇ ਹਨ। ਹਰ ਅਧਿਕਾਰੀ ਜੋ ਖੁਦ ਆਪਣੇ ਸਮੇਂ ਦਾ ਕਬੱਡੀ ਖਿਡਾਰੀ ਰਿਹਾ ਹੈ, ਪਰ ਇਸ ਸਮੇਂ ਦੀ ਕਬੱਡੀ ਤੋਂ ਤੌਬਾ ਤੌਬਾ ਕਰ ਰਿਹਾ ਹੈ।

ਵਿਸ਼ਵ ਕਬੱਡੀ ਕੱਪ
ਡੋਪ ਟੈਸਟ ਹੋਣ ਤੋਂ ਬਾਅਦ ਵੀ ਭਾਰਤੀ ਟੀਮ ਹਾਲੇ ਡਾਵਾਂਡੋਲ

ਲੁਧਿਆਣਾ, 25 ਮਾਰਚ - ਵਿਸ਼ਵ ਕਬੱਡੀ ਕੱਪ ਵਾਸਤੇ ਭਾਰਤੀ ਟੀਮ ਦੇ ਚੋਣ ਟਰਾਇਲ 20 ਮਾਰਚ ਨੂੰ ਲੁਧਿਆਣਾ ਵਿਖੇ ਹੋਏ ਸਨ। ਟਰਾਇਲਾਂ ਵਿਚ ਆਏ 94 ਖਿਡਾਰੀਆਂ ਵਿਚੋਂ ਅੰਤਿਮ 34 ਖਿਡਾਰੀ ਚੁਣੇ ਗਏ ਸਨ, ਜਿਨ੍ਹਾਂ ਵਿਚੋਂ 5 ਨਾਮੀ ਖਿਡਾਰੀਆਂ ਨੇ ਡੋਪ ਟੈਸਟ ਦੀ ਲਪੇਟ ਵਿਚ ਆ ਜਾਣ ਦੇ ਡਰ ਤੋਂ ਟੈਸਟ ਹੀ ਨਹੀਂ ਸੀ ਕਰਵਾਇਆ। ਖੇਡ ਡਾਇਰੈਕਟਰ ਪਰਗਟ ਸਿੰਘ ਮੁਤਾਬਿਕ ਡੋਪ ਟੈਸਟ ਦੀ ਰਿਪੋਰਟ 23 ਮਾਰਚ ਨੂੰ ਆਉਣੀ ਸੀ ਪਰ ਅਜੇ ਤੱਕ ਇਹ ਭੇਦ ਬਣੀ ਹੋਈ ਹੈ। ਟੀਮ ਲਈ ਚੁਣੇ 29 ਖਿਡਾਰੀ ਡੋਪ ਟੈਸਟ ਦਾ ਪਹਿਲਾ ਪੜਾਅ ਪਾਸ ਕਰ ਗਏ ਹਨ, ਪਰ ਦੂਸਰੇ ਪਾਸੇ ਪਤਾ ਲੱਗਾ ਹੈ ਕਿ ਕੁੱਝ ਖਿਡਾਰੀ ਡੋਪ ਟੈਸਟ ਦੀ ਲਪੇਟ ਵਿਚ ਆ ਰਹੇ ਹਨ, ਜਿਸ ਨਾਲ ਬਣਨ ਵਾਲੀ ਟੀਮ ਡਾਵਾਂਡੋਲ ਹੋ ਰਹੀ ਹੈ। ਕੁੱਝ ਖਿਡਾਰੀਆਂ ਦੇ 27 ਮਾਰਚ ਨੂੰ ਦੁਬਾਰਾ ਚੋਣ ਟਰਾਇਲ ਲਏ ਜਾਣਗੇ ਅਤੇ ਕੈਂਪ ਵਿਚ ਕੁੱਲ 34 ਖਿਡਾਰੀ ਸ਼ਾਮਿਲ ਕਰਕੇ ਉਸੇ ਦਿਨ ਤੋਂ ਇੰਨ੍ਹਾਂ ਖਿਡਾਰੀਆਂ ਦਾ ਕੋਚਿੰਗ ਕੈਂਪ ਲੁਧਿਆਣਾ ਵਿਖੇ ਲੱਗ ਜਾਵੇਗਾ। ਨਵੇਂ ਖਿਡਾਰੀ ਕੌਣ ਹੋਣਗੇ, ਇੰਨਾਂ ਨੂੰ ਕਿਵੇਂ ਕੋਚਿੰਗ ਕੈਂਪ ਵਿਚ ਸ਼ਾਮਿਲ ਕੀਤਾ ਜਾਵੇਗਾ, ਇਹ ਪ੍ਰਸ਼ਨ ਬਣਿਆ ਹੋਇਆ ਹੈ। ਕੋਚਿੰਗ ਕੈਂਪ ਲਈ ਚੁਣੇ 29 ਖਿਡਾਰੀਆਂ ਵਿਚ ਕੁੱਝ ਨੇ ਆਪਣਾ ਨਾਮ ਨਾ ਦੱਸਣ ਦੀ ਸੂਰਤ ਵਿਚ ਆਖਿਆ ਕਿ ਉਹ ਆਪਣੇ ਖੇਡ ਹੁਨਰ ਸਦਕਾ ਕੋਚਿੰਗ ਕੈਂਪ ਵਿਚ ਆ ਗਏ ਹਨ, ਪਰ ਜੇਕਰ ਉਨ੍ਹਾਂ 'ਤੇ ਸਿਆਸਤ ਅਤੇ ਨਸ਼ੇੜੀ ਖਿਡਾਰੀ ਭਾਰੂ ਪੈ ਗਏ ਤਾਂ ਉਨ੍ਹਾਂ ਦਾ ਟੀਮ ਵਿਚ ਪੱਤਾ ਜ਼ਰੂਰ ਸਾਫ਼ ਹੋਵੇਗਾ, ਇਸ ਨਾਲ ਕਬੱਡੀ ਦਾ ਸੁਧਾਰ ਨਹੀਂ ਹੋਵੇਗਾ, ਸਗੋਂ ਨਸ਼ਿਆਂ ਦਾ ਦੌਰ ਕਬੱਡੀ ਵਿਚ ਹੋਰ ਵਧ ਜਾਵੇਗਾ। ਵਿਸ਼ਵ ਕਬੱਡੀ ਕੱਪ ਵਾਸਤੇ ਕਬੱਡੀ ਖਿਡਾਰੀਆਂ ਦਾ ਡੋਪ ਟੈਸਟ ਹੋਣ ਤੋਂ ਬਾਅਦ ਵੀ ਭਾਰਤੀ ਟੀਮ ਅਜੇ ਹੋਂਦ 'ਚ ਨਹੀਂ ਆਈ ਅਤੇ ਚੁਣੇ ਖਿਡਾਰੀਆਂ ਨੂੰ ਖਦਸ਼ਾ ਹੈ ਕਿ ਕਿਤੇ ਉਹ ਹੁਣ ਸੌੜੀ ਸਿਆਸਤ ਦਾ ਸ਼ਿਕਾਰ ਹੋ ਕੇ ਟੀਮ ਵਿਚੋਂ ਬਾਹਰ ਹੀ ਨਾ ਹੋ ਜਾਣ।

ਵਿਸ਼ਵ ਕੱਪ ਕਬੱਡੀ ਲਈ ਮੁੜ ਟ੍ਰਾਇਲ 27 ਨੂੰ

ਪਟਿਆਲਾ, 25 ਮਾਰਚ - ਵਿਸ਼ਵ ਕੱਪ ਕਬੱਡੀ ਟੂਰਨਾਮੈਂਟ ਲਈ 27 ਮਾਰਚ ਨੂੰ ਸਵੇਰੇ 9 ਵਜੇ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਚ ਭਾਰਤੀ ਟੀਮ ਲਈ ਹੋਰ ਖਿਡਾਰੀ ਚੁਣਨ ਵਾਸਤੇ ਟਰਾਇਲ ਇਕ ਵਾਰੀ ਫਿਰ ਰੱਖੇ ਗਏ ਹਨ। ਕਈ ਪਾਸੇ ਤੋਂ ਮੰਗ ਉਠ ਰਹੀ ਸੀ ਕਿ ਕੁਝ ਖਿਡਾਰੀ ਸਮੇਂ ਸਿਰ ਜਾਣਕਾਰੀ ਨਾ ਮਿਲਣ ਕਰਕੇ ਪਹਿਲਾਂ ਹੋਏ ਟਰਾਇਲਾਂ ਵਿਚ ਹਿੱਸਾ ਨਹੀਂ ਲੈ ਸਕੇ ਜਿਸ ਕਾਰਨ ਉਨ੍ਹਾਂ ਖਿਡਾਰੀਆਂ ਨੂੰ ਇਕ ਹੋਰ ਮੌਕਾ ਦੇਣ ਲਈ ਮਨਸੂਬੇ ਨਾਲ ਇਹ ਟਰਾਇਲ ਰੱਖੇ ਗਏ।

ਪੰਜਾਬ ਬਣਿਆ ਕੌਮੀ ਚੈਂਪੀਅਨ

ਪਟਿਆਲਾ, 25 ਮਾਰਚ - ਨੈਸ਼ਨਲ ਬੈਂਚ ਪ੍ਰੈਸ ਚੈਂਪੀਅਨਸ਼ਿਪ ਪਿਛਲੇ ਦਿਨੀਂ ਜਮਸ਼ੇਦਪੁਰ ਦੇ ਜੇ.ਆਰ.ਡੀ. ਟਾਟਾ ਸਪੋਰਟਸ ਕੰਪਲੈਕਸ ਵਿਚ ਕਰਵਾਈ ਗਈ। ਇਸ ਨੈਸ਼ਨਲ ਬੈਂਚ ਪ੍ਰੈਸ ਚੈਂਪੀਅਨਸ਼ਿਪ ਵਿਚ ਪੰਜਾਬ ਦੇ ਪਾਵਰ ਲਿਫਟਰਾਂ ਦੀ ਸਰਦਾਰੀ ਰਹੀ। ਪੁਰਸ਼ ਵਰਗ ਵਿਚ ਛੇ ਸੋਨੇ, ਦੋ ਚਾਂਦੀ ਅਤੇ ਇਕ ਕਾਂਸੀ ਦਾ ਤਗਮਾ ਜਿੱਤ ਕੇ ਪੰਜਾਬ 64 ਅੰਕਾਂ ਦੇ ਨਾਲ ਪਹਿਲੇ, ਜੰਮੂ ਕਸ਼ਮੀਰ 58 ਅੰਕਾਂ ਨਾਲ ਦੂਜੇ ਅਤੇ ਮਹਾਰਾਸ਼ਟਰ 48 ਅੰਕਾਂ ਨਾਲ ਤੀਜੇ ਸਥਾਨ 'ਤੇ ਰਿਹਾ। ਇਸ ਤੋਂ ਇਲਾਵਾ ਪੰਜਾਬ ਦੇ ਪ੍ਰਦੀਪ ਟੰਡਨ ਨੂੰ ਪੁਰਸ਼ ਵਰਗ ਵਿਚ ਬੈਸਟ ਲਿਫਟਰ ਦੇ ਐਵਾਰਡ ਨਾਲ ਨਿਵਾਜਿਆ ਗਿਆ ਅਤੇ ਸੰਜੀਵ ਕੁਮਾਰ ਦੂਸਰੇ ਸਥਾਨ 'ਤੇ ਰਿਹਾ। ਇਸ ਚੈਂਪੀਅਨਸ਼ਿਪ 'ਚ ਪੰਜਾਬ ਦੇ ਸੰਜੀਵ ਕੁਮਾਰ, ਜਸਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਪ੍ਰਵੀਨ ਕੁਮਾਰ, ਪ੍ਰਦੀਪ ਟੰਡਨ ਅਤੇ ਈਸ਼ਰ ਸਿੰਘ ਨੇ ਸੋਨ, ਰਾਜੇਸ਼ ਕੁਮਾਰ ਤੇ ਗੋਰਵ ਕੁਮਾਰ ਨੇ ਚਾਂਦੀ, ਰਾਜੀਵ ਕੁਮਾਰ ਨੇ ਕਾਂਸੀ ਦਾ ਤਗਮਾ ਜਿੱਤਿਆ।

ਦੋ ਰੋਜ਼ਾ ਪੇਂਡੂ ਖੇਡ ਮੇਲਾ 31 ਤੋਂ

ਸਿੱਧਵਾਂ ਬੇਟ, 25 ਮਾਰਚ - ਦੋ ਰੋਜ਼ਾ ਪੇਂਡੂ ਖੇਡ ਮੇਲਾ 31 ਮਾਰਚ ਨੂੰ ਸਿੱਧਵਾਂ ਬੇਟ ਤੋਂ ਥੋੜ੍ਹੀ ਮੀਲ ਦੂਰ ਪਿੰਡ ਲੀਲਾਂ ਮੇਘ 'ਚ ਕਰਵਾਇਆ ਜਾ ਰਿਹਾ ਹੈ। ਪਹਿਲੇ ਦਿਨ ਕਬੱਡੀ 37 ਕਿਲੋ ਵਰਗ ਅਤੇ 58 ਕਿਲੋ ਵਰਗ ਤੇ ਦੂਜੇ ਦਿਨ ਕਬੱਡੀ 70 ਕਿਲੋ (ਇਕ ਖਿਡਾਰੀ ਬਾਹਰੋਂ), ਕਬੱਡੀ ਓਪਨ (ਇਕ ਖਿਡਾਰੀ ਬਾਹਰੋਂ) ਦੇ ਦਿਲਕਸ਼ ਮੁਕਾਬਲੇ ਹੋਣਗੇ, ਜਦਕਿ ਪ੍ਰਵਾਸੀ ਵੀਰਾਂ ਦੇ ਵਡਮੁੱਲੇ ਸਹਿਯੋਗ ਨਾਲ ਕਬੱਡੀ ਓਪਨ ਦੀ ਜੇਤੂ ਟੀਮ ਨੂੰ 51 ਹਜ਼ਾਰ ਤੇ ਉੱਪ ਜੇਤੂ ਟੀਮ ਨੂੰ 31 ਹਜ਼ਾਰ ਰੁਪਏ ਦੇ ਨਕਦ ਇਨਾਮ ਨਾਲ ਨਿਵਾਜਿਆ ਜਾਵੇਗਾ।

ਹਿੰਦ-ਪਾਕਿ ਦੇ ਪਹਿਲਵਾਨਾਂ 'ਚ ਕੁਸ਼ਤੀ ਮੁਕਾਬਲੇ 2 ਨੂੰ

ਗੁਰੂਹਰਸਹਾਏ, 24 ਮਾਰਚ - ਭਾਰਤ ਅਤੇ ਪਾਕਿਸਤਾਨ ਵਿਚਕਾਰ 2 ਅਪ੍ਰੈਲ ਨੂੰ ਬਲਾਕ ਗੁਰੂਹਰਸਹਾਏ ਦੇ ਪਿੰਡ ਕਾਹਨ ਸਿੰਘ ਵਾਲਾ ਵਿਖੇ ਕੁਸ਼ਤੀ ਦੰਗਲ ਕਰਵਾਏ ਜਾ ਰਹੇ ਹਨ। ਇਹ ਤੀਸਰਾ ਅੰਤਰਰਾਸ਼ਟਰੀ ਕੁਸ਼ਤੀ ਦੰਗਲ ਕਰਵਾਇਆ ਜਾ ਰਿਹਾ ਹੈ। ਦੰਗਲ ਅੰਤਰਰਾਸ਼ਟਰੀ ਗੱਦੇ ਉਪਰ ਉਲਪਿੰਕ ਨਿਯਮਾਂ ਅਨੁਸਾਰ ਹੋਣਗੇ। ਭਾਰਤ ਅਤੇ ਪਾਕਿਸਤਾਨ ਦੀ ਚੋਟੀ ਦੇ ਪਹਿਲਵਾਨਾਂ ਦੀ ਟੱਕਰ ਤੋਂ ਇਲਾਵਾ ਅੰਤਰਰਾਸ਼ਟਰੀ ਪੱਧਰ ਦੀਆਂ ਲੜਕੀਆਂ ਦੇ ਮੁਕਾਬਲੇ ਵੀ ਕਰਵਾਏ ਜਾਣਗੇ।

29 ਭਾਰਤੀ ਖਿਡਾਰੀ ਆਰੰਭਕ ਡੋਪ ਟੈਸਟ 'ਚੋਂ ਪਾਸ

ਪਟਿਆਲਾ, 24 ਮਾਰਚ - ਵਿਸ਼ਵ ਕਬੱਡੀ ਕੱਪ ਜੋ ਕਿ ਪੰਜਾਬ ਦੀ ਧਰਤੀ 'ਤੇ 3 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ। ਇਸ ਲਈ ਭਾਰਤੀ ਟੀਮ ਦੇ ਸੰਭਾਵਿਤ ਖਿਡਾਰੀ ਆਰੰਭਕ ਡੋਪ ਟੈਸਟ ਪਾਸ ਕਰ ਗਏ ਹਨ। ਭਾਰਤੀ ਟੀਮ ਲਈ 34 ਸੰਭਾਵਿਤ ਖਿਡਾਰੀਆਂ ਦੀ ਚੋਣ ਕੀਤੀ ਗਈ ਸੀ, ਜਿਨ੍ਹਾਂ 'ਚੋਂ ਪੰਜ ਖਿਡਾਰੀ ਮੌਕੇ 'ਤੇ ਹੀ ਡੋਪ ਟੈਸਟ ਕਰਾਉਣ ਤੋਂ ਟਾਲਾ ਵੱਟ ਗਏ ਸਨ। ਇਸ ਤਰ੍ਹਾਂ ਬਾਕੀ ਦੇ 29 ਖਿਡਾਰੀਆਂ ਦੇ ਡੋਪ ਟੈਸਟ ਕੀਤੇ ਗਏ, ਜਿਨ੍ਹਾਂ ਦੌਰਾਨ ਉਹ ਕਿਸੇ ਵੀ ਕਿਸਮ ਦੇ ਤਾਕਤ ਵਰਧਕ ਜਾਂ ਨਸ਼ੀਲਾ ਪਦਾਰਥ ਲੈਣ ਤੋਂ ਮੁਕਤ ਕਰਾਰ ਦਿੱਤੇ ਗਏ। ਇਕ ਡੋਪ ਟੈਸਟ 'ਤੇ ਘੱਟੋ ਘੱਟ 12 ਹਜ਼ਾਰ ਖਰਚ ਹੁੰਦੇ ਹਨ। ਇਸ ਤਰ੍ਹਾਂ ਪੂਰੇ ਵਿਸ਼ਵ ਕੱਪ ਦੌਰਾਨ 25 ਤੋਂ 30 ਲੱਖ ਰੁਪਏ ਡੋਪ ਟੈਸਟਾਂ 'ਤੇ ਖਰਚਣ ਲਈ ਰੱਖੇ ਗਏ ਹਨ। ਟੀਮ ਦਾ ਸਿਖਲਾਈ ਕੈਂਪ 26 ਮਾਰਚ ਤੋਂ ਲੁਧਿਆਣਾ ਵਿਖੇ ਸ਼ੁਰੂ ਹੋ ਗਿਆ ਹੈ ਅਤੇ ਟੀਮ ਦੇ ਕੋਚ ਦਾ ਐਲਾਨ ਵੀ ਇਕ ਦੋ ਦਿਨ 'ਚ ਹੀ ਕਰ ਦਿੱਤਾ ਜਾਵੇਗਾ। ਪੂਰੇ ਵਿਸ਼ਵ ਕੱਪ ਦਾ ਲਗਭਗ 5.50 ਕਰੋੜ ਦਾ ਬਜਟ ਹੈ, ਜਿਸ ਵਿਚੋਂ ਅੱਧੀ ਰਾਸ਼ੀ ਵੱਖ-ਵੱਖ ਸਪਾਂਸਰਾਂ ਰਾਹੀਂ ਹਾਸਲ ਕੀਤੀ ਗਈ ਹੈ।

ਉਤਰੀ ਭਾਰਤ ਵੁਸ਼ੂ ਚੈਂਪੀਅਨਸ਼ਿਪ 'ਚ ਮਨਪ੍ਰੀਤ ਕੌਰ ਦਾ ਸੋਨ ਤਗਮੇ 'ਤੇ ਕਬਜ਼ਾ

ਪਟਿਆਲਾ, 24 ਮਾਰਚ - ਉਤਰੀ ਭਾਰਤ ਵੁਸ਼ੂ ਚੈਂਪੀਅਨਸ਼ਿਪ ਜੋ ਕਿ ਸ਼ਿਮਲਾ 'ਚ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿਚ ਸੁਨਾਮ ਸ਼ਹਿਰ ਦੀ ਜੰਮਪਲ ਮਨਪ੍ਰੀਤ ਕੌਰ ਨੇ ਸੋਨ ਤਗਮਾ ਜਿੱਤਣ 'ਚ ਮਾਣ ਹਾਸਲ ਕੀਤਾ ਹੈ। ਸਾਈ ਟ੍ਰੇਨਿੰਗ ਸੈਂਟਰ ਐਨ.ਆਈ.ਐਸ. ਪਟਿਆਲਾ ਦੀ ਸਿਖਿਆਰਥਣ ਮਨਪ੍ਰੀਤ ਨੇ 56 ਕਿਲੋ ਭਾਰ ਵਰਗ 'ਚ ਇਹ ਪ੍ਰਾਪਤੀ ਕੀਤੀ ਹੈ। ਇਹ ਖਿਡਾਰਨ ਓਲਡ ਪੁਲਿਸ ਲਾਈਨ ਸਰਕਾਰੀ ਸੈਕੰਡਰੀ ਸਕੂਲ ਪਟਿਆਲਾ ਵਿਖੇ ਬਾਰਵੀਂ ਜਮਾਤ ਦੀ ਵਿਦਿਆਰਥਣ ਹੈ।

ਭਾਰਤ ਅਤੇ ਜਪਾਨ ਹਾਕੀ ਮੈਚ ਡਰਾਅ

ਕਾਕਾਮੀਗਾਹਰਾ, 24 ਮਾਰਚ - ਕਾਕਾਮੀਗਾਹਰਾ ਦੇ ਗਿਫੂ ਗਰੀਨ ਸਟੇਡੀਅਮ ਵਿਚ ਭਾਰਤ ਅਤੇ ਜਪਾਨ ਦੀਆਂ ਮਹਿਲਾ ਹਾਕੀ ਟੀਮਾਂ ਵਿਚਾਲੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਦੇ ਚੌਥੇ ਅਤੇ ਆਖਰੀ ਮੈਚ 'ਚ ਭਾਰਤ ਅਤੇ ਜਪਾਨ 2-2 ਨਾਲ ਬਰਾਬਰ ਰਹੇ। ਜਪਾਨ ਪਹਿਲੇ ਤਿੰਨੇ ਮੈਚ ਜਿੱਤ ਕੇ ਇਹ ਲੜੀ ਜਿੱਤ ਚੁੱਕਾ ਹੈ। ਦੋਵੇਂ ਟੀਮਾਂ ਅੱਧੇ ਸਮੇਂ ਤੱਕ ਵੀ ਇਕ-ਇਕ ਨਾਲ ਬਰਾਬਰੀ 'ਤੇ ਸਨ। ਹੁਣ ਭਾਰਤੀ ਟੀਮ ਏਸ਼ੀਅਨ ਚੈਂਪੀਅਨ ਚੀਨ ਨਾਲ ਤਿੰਨ ਟੈਸਟ ਮੈਚ ਖੇਡਣ ਜਾਵੇਗੀ। ਭਾਰਤੀ ਮਹਿਲਾ ਹਾਕੀ ਟੀਮ ਅਰਜਨਟੀਨਾ ਵਿਖੇ ਹੋਣ ਵਾਲੇ ਵਿਸ਼ਵ ਕੱਪ, ਜੋ ਕਿ ਜੁਲਾਈ-ਅਗਸਤ 'ਚ ਹੋਣਾ ਹੈ, ਦੀ ਤਿਆਰੀ ਲਈ ਇਸ ਦੌਰੇ 'ਤੇ ਆਈ ਹੋਈ ਹੈ।

ਚੌਥੇ ਹਾਂਗਕਾਂਗ ਹਾਕੀ ਕੱਪ 'ਚ ਏਅਰ ਇੰਡੀਆ ਦੀ ਸਰਦਾਰੀ

ਹਾਂਗਕਾਂਗ, 24 ਮਾਰਚ - ਪਿਛਲੇ ਦਿਨੀਂ ਹਾਂਗਕਾਂਗ 'ਚ ਚੌਥਾ ਹਾਂਗਕਾਂਗ ਹਾਕੀ ਕੱਪ ਕਰਵਾਇਆ ਗਿਆ। ਜਿਸ ਵਿਚ ਚਾਰ ਦੇਸ਼ਾਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਜਿਸ ਭਾਰਤ ਵੱਲੋਂ ਏਅਰ ਇੰਡੀਆ ਦੀ ਟੀਮ, ਚੀਨ, ਹਾਂਗਕਾਂਗ, ਪ੍ਰੈਜ਼ੀਡੈਂਟ ਇਲੈਵਨ ਦੀਆਂ ਟੀਮਾਂ ਨੇ ਭਾਗ ਲਿਆ। ਇਹ ਟੂਰਨਾਮੈਂਟ ਕਿੰਗਜ ਪਾਰਕ ਦੀਆਂ ਗਰਾਊਂਡਾਂ ਵਿਚ ਹੋਇਆ। ਪਹਿਲਾ ਮੈਚ ਚੀਨ ਅਤੇ ਹਾਂਗਕਾਂਗ ਦੀਆਂ ਟੀਮਾਂ ਵਿਚਕਾਰ ਹੋਇਆ ਜੋ ਬਿਨਾਂ ਕਿਸੇ ਫੈਸਲੇ ਦੇ ਖਤਮ ਹੋਇਆ। ਏਅਰ ਇੰਡੀਆ ਨੇ ਹਾਂਗਕਾਂਗ ਟੀਮ ਨੂੰ 1 ਦੇ ਮੁਕਾਬਲੇ 6 ਗੋਲਾਂ 'ਤੇ ਹਰਾਇਆ। ਏਅਰ ਇੰਡੀਆ ਨੇ ਪ੍ਰੈਜ਼ੀਡੈਂਟ ਇਲੈਵਨ ਨੂੰ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਫਾਈਨਲ ਮੁਕਾਬਲਾ ਚੀਨ ਅਤੇ ਏਅਰ ਇੰਡੀਆ ਵਿਚਕਾਰ ਸੀ ਜੋ ਕਿ ਏਅਰ ਇੰਡੀਆ ਨੇ ਆਸਾਨੀ ਨਾਲ 0 ਦੇ ਮੁਕਾਬਲੇ 6 ਗੋਲਾਂ 'ਤੇ ਜਿੱਤ ਲਿਆ। ਏਅਰ ਇੰਡੀਆ ਦੀ ਟੀਮ ਵਿਚ ਧਨਰਾਜ ਪਿਲੇ, ਗੁਰਬਾਜ ਸਿੰਘ, ਸਿਵੇਂਦਰ ਸਿੰਘ, ਸਮੀਰ ਦਾਦ ਵਰਗੇ ਖਿਡਾਰੀ ਖੇਡਣ ਆਏ ਸਨ।

ਗੋਲਡ ਕੱਪ ਹਾਕੀ ਟੂਰਨਾਮੈਂਟ 'ਚ ਭਾਰਤ ਪੈਟਰੋਲੀਅਮ ਮੋਹਰੀ

ਭੋਪਾਲ, 24 ਮਾਰਚ - ਆਲ ਇੰਡੀਆ ਅਬੀਦਉਲਾ ਖਾਨ ਗੋਲਡ ਕੱਪ ਹਾਕੀ ਟੂਰਨਾਮੈਂਟ ਚੱਲ ਰਿਹਾ ਹੈ। ਇਸ ਟੂਰਨਾਮੈਂਟ ਦੇ ਪਹਿਲੇ ਮੈਚ 'ਚ ਭਾਰਤ ਪੈਟਰੋਲੀਅਮ ਦੀ ਟੀਮ ਨੇ ਪੰਜਾਬ ਨੈਸ਼ਨਲ ਬੈਂਕ ਨੂੰ ਉਦਘਾਟਨੀ ਮੈਚ 'ਚ 3-2 ਨਾਲ ਹਰਾ ਦਿੱਤਾ। ਮਿਡ ਫੀਲਡਰ ਬਰਿੰਦਰ ਲਾਕਰਾ ਨੂੰ ਮੈਨ ਆਫ ਦਾ ਮੈਚ ਐਲਾਨਿਆ ਗਿਆ। ਅੱਠ ਸਾਲ ਦੇ ਅਰਸੇ ਪਿਛੋਂ ਹੋ ਰਹੇ ਇਸ ਟੂਰਨਾਮੈਂਟ 'ਚ ਚੋਟੀ ਦੀਆਂ 13 ਟੀਮਾਂ ਭਾਗ ਲੈ ਰਹੀਆਂ ਹਨ, ਜਿਸ ਵਿਚ ਓ. ਐਨ. ਜੀ. ਸੀ., ਏਅਰ ਇੰਡੀਆ, ਇੰਡੀਅਨ ਆਇਲ, ਪੰਜਾਬ ਐਂਡ ਸਿੰਧ ਬੈਂਕ, ਇੰਡੀਅਨ ਆਰਮੀ, ਦੱਖਣੀ ਪੂਰਬੀ ਕੇਂਦਰੀ ਰੇਲਵੇ, ਪੱਛਮੀ ਸੈਂਟਰਲ ਰੇਲਵੇ, ਆਈ ਇਲੈਵਨ, ਦੱਖਣੀ ਕੇਂਦਰੀ ਰੇਲਵੇ, ਮੱਧ ਪ੍ਰਦੇਸ਼ ਹਾਕੀ ਅਕੈਡਮੀ ਅਤੇ ਸੇਲ ਆਦਿ ਮੁੱਖ ਹਨ।

ਪੰਜਾਬ 22 ਤਗਮੇ ਜਿੱਤ ਕੇ ਰਿਹਾ ਦੂਜੇ ਨੰਬਰ 'ਤੇ

ਬਠਿੰਡਾ, 23 ਮਾਰਚ - 6ਵੀਂ ਉਤਰੀ ਭਾਰਤ ਵੂਸ਼ੁ ਚੈਂਪੀਅਨਸ਼ਿਪ ਬਿਲਾਸਪੁਰ (ਹਿਮਾਚਲ ਪ੍ਰਦੇਸ਼) 'ਚ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿਚ 22 ਤਮਗਿਆਂ ਨਾਲ ਪੰਜਾਬ ਦੀ ਟੀਮ ਦੂਸਰੇ ਸਥਾਨ 'ਤੇ ਰਹੀ ਹੈ। ਚੈਂਪੀਅਨਸ਼ਿਪ ਵਿਚ ਸਭ ਤੋਂ ਵੱਧ ਤਗਮੇ ਲਿਜਾਣ ਵਾਲੀ ਹਿਮਾਚਲ ਪ੍ਰਦੇਸ਼ ਦੀ ਟੀਮ ਪਹਿਲੇ ਸਥਾਨ 'ਤੇ ਆਈ ਹੈ। ਚੈਂਪੀਅਨਸ਼ਿਪ ਵਿਚ ਮੇਜ਼ਬਾਨ ਹਿਮਾਚਲ ਪ੍ਰਦੇਸ਼ ਤੋਂ ਇਲਾਵਾ ਪੰਜਾਬ, ਜੰਮੂ-ਕਸ਼ਮੀਰ ਅਤੇ ਚੰਡੀਗੜ੍ਹ ਦੀਆਂ ਟੀਮਾਂ ਨੇ ਭਾਗ ਲਿਆ। ਪੰਜਾਬ ਦੀ ਤਰਫ਼ੋਂ ਪਟਿਆਲਾ ਦੇ 9, ਬਠਿੰਡਾ ਦੇ 4, ਹੁਸ਼ਿਆਰਪੁਰ 2 ਅਤੇ ਬਰਨਾਲਾ ਦੇ ਇਕ ਖਿਡਾਰੀ ਨੇ ਚੈਂਪੀਅਨਸ਼ਿਪ ਵਿਚ ਭਾਗ ਲਿਆ। ਜਿਨ੍ਹਾਂ ਵਿਚ ਪਟਿਆਲਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 12 ਸੋਨੇ ਦੇ, 4 ਚਾਂਦੀ ਤੇ ਇਕ ਕਾਂਸੀ ਦਾ, ਬਠਿੰਡਾ ਦੇ ਖਿਡਾਰੀਆਂ ਨੇ ਇਕ ਚਾਂਦੀ, 3 ਕਾਂਸੀ, ਹੁਸ਼ਿਆਰਪੁਰ 2 ਕਾਸ਼ੀ ਅਤੇ ਬਰਨਾਲਾ ਦਾ ਖਿਡਾਰੀ ਚਾਂਦੀ ਦਾ ਇਕ ਤਮਗਾ ਜਿੱਤਣ ਵਿਚ ਕਾਮਯਾਬ ਰਿਹਾ ਹੈ।

ਮੱਜਵਿੰਡ (ਗੋਪਾਲਪੁਰ) ਦਾ ਪੇਂਡੂ ਖੇਡ ਮੇਲਾ 25 ਤੋਂ

ਰਾਜਾਸਾਂਸੀ, 23 ਮਾਰਚ - ਪਿੰਡ ਮੱਜਵਿੰਡ ਗੋਪਾਲਪੁਰਾ ਦੇ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿਚ 25 ਤੋਂ 27 ਮਾਰਚ ਤੱਕ ਪੇਂਡੂ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਵਿਚ ਹਿੱਸਾ ਲੈਣ ਵਾਲੀਆਂ ਟੀਮਾਂ ਭਲਕੇ ਸ਼ਾਮ ਤੱਕ ਆਪਣਾ ਦਾਖਲਾ ਕਰਾ ਸਕਦੀਆਂ ਹਨ।

ਬਿਲਗਾ 'ਚ ਕਬੱਡੀ ਕੱਪ 26 ਨੂੰ

ਬਿਲਗਾ, 23 ਮਾਰਚ - ਇਕ ਰੋਜ਼ਾ ਪਹਿਲਾ ਕਬੱਡੀ ਕੱਪ 26 ਮਾਰਚ ਨੂੰ ਸ.ਸ.ਸ. ਸਕੂਲ ਬਿਲਗਾ 'ਚ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ 'ਚ ਅੱਠ ਚੋਟੀ ਦੀਆਂ ਕਬੱਡੀ ਕਲੱਬਾਂ ਅਤੇ ਪਿੰਡ ਪੱਧਰ ਦੀਆਂ ਟੀਮਾਂ ਦੇ ਮੈਚ ਕਰਵਾਏ ਜਾ ਰਹੇ ਹਨ।

ਕਬੱਡੀ ਤੇ ਵਾਲੀਬਾਲ ਟੂਰਨਾਮੈਂਟ 27 ਤੋਂ

ਜਲੰਧਰ, 23 ਮਾਰਚ - ਕਬੱਡੀ ਤੇ ਵਾਲੀਬਾਲ ਟੂਰਨਾਮੈਂਟ 27-28 ਮਾਰਚ ਨੂੰ ਪਿੰਡ ਸੰਗਲ ਸੋਹਲ (ਜਲੰਧਰ) 'ਚ ਕਰਵਾਇਆ ਜਾ ਰਿਹਾ ਹੈ। ਇਸ ਵਿਚ ਕਬੱਡੀ ਓਪਨ, 70 ਕਿਲੋ, 55 ਕਿਲੋ, 40 ਕਿਲੋ ਪਿੰਡ ਪੱਧਰ ਦੇ ਕਰਵਾਏ ਜਾਣਗੇ ਤੇ ਵਾਲੀਬਾਲ ਦੇ ਪਿੰਡ ਪੱਧਰ ਓਪਨ ਤੇ ਪਿੰਡ ਪੱਧਰ 60 ਕਿਲੋ ਦੇ ਮੁਕਾਬਲੇ ਕਰਵਾਏ ਜਾਣਗੇ।

ਗ਼ਦਰੀ ਬਾਬਿਆਂ ਦਾ ਕਬੱਡੀ ਟੂਰਨਾਮੈਂਟ 27 ਤੋਂ

ਕਰਤਾਰਪੁਰ, 23 ਮਾਰਚ - ਦੋ ਦਿਨਾਂ ਕਬੱਡੀ ਟੂਰਨਾਮੈਂਟ 27-28 ਮਾਰਚ ਨੂੰ ਪਿੰਡ ਸੰਘਵਾਲ ਦੇ ਸ਼ਹੀਦ ਬੰਤਾ ਸਿੰਘ, ਸ਼ਹੀਦ ਅਰੂ ਸਿੰਘ ਸੰਘਵਾਲ ਸਟੇਡੀਅਮ 'ਚ ਕਰਵਾਇਆ ਜਾ ਰਿਹਾ ਹੈ। ਇਹ ਕਬੱਡੀ ਕੱਪ ਗ਼ਦਰੀ ਬਾਬਿਆਂ ਦੀ ਯਾਦ ਵਿਚ ਕਰਵਾਇਆ ਜਾ ਰਿਹਾ ਹੈ।

ਵਰਲਡ ਕੱਪ ਕਬੱਡੀ 2010

ਜਲੰਧਰ, 23 ਮਾਰਚ - ਕਬੱਡੀ ਪੰਜਾਬੀਆਂ ਦੀ ਮਾਂ ਖੇਡ ਹੈ। ਇਸ ਵੇਲੇ ਇਹ ਵਿਸ਼ਵ ਦੇ ਹਰ ਕੋਨੇ ਵਿਚ ਖੇਡੀ ਜਾਂਦੀ ਹੈ। ਪੰਜਾਬ ਸਰਕਾਰ ਨੇ ਪੰਜਾਬ ਦੀ ਧਰਤੀ 'ਤੇ ਵਿਸ਼ਵ ਕੱਪ ਕਬੱਡੀ ਕਰਵਾ ਕੇ ਸਾਰੇ ਵਿਸ਼ਵ ਨੂੰ ਇਕ ਲੜੀ ਵਿਚ ਜੋੜਨ ਦਾ ਉਪਰਾਲਾ ਕੀਤਾ ਹੈ ਅਤੇ ਇਸ ਨੂੰ ਨੇਪਰੇ ਚਾੜ੍ਹਨ ਲਈ ਪਦਮਸ੍ਰੀ ਪ੍ਰਗਟ ਸਿੰਘ ਡਾਇਰੈਕਟਰ ਸਪੋਰਟਸ ਪੰਜਾਬ, ਪੰਜਾਬ ਕਬੱਡੀ ਐਸੋਸੀਏਸ਼ਨ ਤੇ ਹੋਰ ਕਬੱਡੀ ਐਸੋਸੀਏਸ਼ਨਾਂ, ਕਲੱਬਾਂ ਅਤੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਇਸ ਨੂੰ ਸਫਲ ਬਣਾਉਣ ਲਈ ਪੂਰਾ ਜ਼ੋਰ ਲਾ ਰਹੇ ਹਨ। ਜੇ ਇਸ ਵਰਲਡ ਕੱਪ ਕਬੱਡੀ 'ਤੇ ਸਰਸਰੀ ਨਜ਼ਰ ਮਾਰੀਏ ਤਾਂ ਪਤਾ ਲਗਦਾ ਹੈ ਕਿ ਇਹ ਸਭ ਤੋਂ ਵੱਡਾ ਇਨਾਮੀ ਟੂਰਨਾਮੈਂਟ ਹੋਵੇਗਾ, ਜਿਸ ਦਾ ਪਹਿਲਾ ਇਨਾਮ ਇਕ ਕਰੋੜ, ਦੂਜਾ ਇਨਾਮ 51 ਲੱਖ ਤੇ ਤੀਜਾ ਇਨਾਮ 25 ਲੱਖ ਰੁਪਏ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਸਰਬੋਤਮ ਧਾਵੀ ਤੇ ਜਾਫੀ ਨੂੰ ਵੀ ਦਿਲਖਿੱਚਵੇਂ ਇਨਾਮ ਦਿੱਤੇ ਜਾਣਗੇ। ਇਸ ਕਬੱਡੀ ਕੱਪ ਵਿਚ ਭਾਰਤ, ਕੈਨੇਡਾ, ਅਮਰੀਕਾ, ਪਾਕਿਸਤਾਨ, ਇਟਲੀ, ਇੰਗਲੈਂਡ, ਈਰਾਨ, ਸਕਾਟਲੈਂਡ, ਸਪੇਨ, ਤੇ ਆਸਟਰੇਲੀਆ ਦੀਆਂ ਕਬੱਡੀ ਟੀਮਾਂ ਦੇ ਭਾਗ ਲੈਣ ਦੀ ਉਮੀਦ ਹੈ। ਇਨ੍ਹਾਂ ਨੂੰ ਦੋ ਪੂਲਾਂ ਵਿਚ ਵੰਡਿਆ ਜਾਵੇਗਾ। ਦੋਵਾਂ ਪੂਲਾਂ ਵਿਚ 10-10 ਲੀਗ ਮੈਚ ਕਰਵਾਏ ਜਾਣਗੇ। ਦੋ ਸੈਮੀਫਾਈਨਲ ਮੈਚ, ਇਕ ਤੀਜੇ, ਚੌਥੇ ਸਥਾਨ ਲਈ ਤੇ ਇਕ ਫਾਈਨਲ ਮੈਚ ਹੋਵੇਗਾ। ਇਸ ਕਬੱਡੀ ਕੱਪ ਦਾ ਉਦਘਾਟਨ 3 ਅਪ੍ਰੈਲ ਨੂੰ ਪਟਿਆਲਾ ਦੇ ਯਾਦਵਿੰਦਰਾ ਸਟੇਡੀਅਮ ਵਿਚ ਸ਼ਾਨੋ-ਸ਼ੌਕਤ ਨਾਲ ਕੀਤਾ ਜਾਵੇਗਾ। ਇਸ ਮੌਕੇ 'ਤੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ, ਜਿਸ ਦਾ ਟੀ. ਵੀ. ਤੋਂ ਸਿੱਧਾ ਪ੍ਰਸਾਰਣ ਹੋਵੇਗਾ। ਉਦਘਾਟਨੀ ਮੈਚ ਪਟਿਆਲਾ ਵਿਖੇ ਖੇਡਿਆ ਜਾਵੇਗਾ। 4 ਅਪ੍ਰੈਲ ਨੂੰ ਸੰਗਰੂਰ ਵਿਖੇ ਤਿੰਨ ਮੈਚ ਕਰਵਾਏ ਜਾਣਗੇ, 5 ਅਪ੍ਰੈਲ ਨੂੰ ਜਲੰਧਰ ਵਿਖੇ 4 ਮੈਚ ਕਰਵਾਏ ਜਾਣਗੇ, 6 ਅਪ੍ਰੈਲ ਨੂੰ ਹੁਸ਼ਿਆਰਪੁਰ ਵਿਖੇ 4 ਮੈਚ ਖੇਡੇ ਜਾਣਗੇ, 7 ਅਪ੍ਰੈਲ ਗੁਰਦਾਸਪੁਰ ਵਿਖੇ 4 ਮੈਚ ਖਡੇ ਜਾਣਗੇ, 8 ਅਪ੍ਰੈਲ ਨੂੰ ਗੁਰਦਾਸਪੁਰ ਵਿਖੇ 4 ਮੈਚ ਖੇਡੇ ਜਾਣਗੇ, 10 ਅਪ੍ਰੈਲ ਨੂੰ ਦੋਵੇਂ ਸੈਮੀਫਾਈਨਲ ਮੈਚ ਬਠਿੰਡਾ ਕਰਵਾਏ ਜਾਣਗੇ ਤੇ 12 ਅਪ੍ਰੈਲ ਨੂੰ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਤੀਜੀ ਤੇ ਚੌਥੀ ਪੁਜ਼ੀਸ਼ਨ ਤੇ ਪਹਿਲੀ ਤੇ ਦੂਜੀ ਪੁਜ਼ੀਸ਼ਨ ਦੇ ਮੈਚ ਕਰਵਾਏ ਜਾਣਗੇ ਤੇ ਇਥੇ ਹੀ ਇਸ ਵਿਸ਼ਵ ਕਬੱਡੀ ਕੱਪ ਦੀ ਸਮਾਪਤੀ ਕੀਤੀ ਜਾਵੇਗੀ। ਜੇ ਇਸ ਵਿਚ ਟੀਮਾਂ ਦੀ ਪੁਜ਼ੀਸ਼ਨ 'ਤੇ ਨਜ਼ਰ ਮਾਰੀ ਜਾਵੇ ਤਾਂ ਪਤਾ ਲਗਦਾ ਹੈ ਕਿ ਹਰੇਕ ਟੀਮ ਦੇ ਵਿਚ 2 ਧਾਵੀ ਤੇ 7 ਜਾਫੀ ਟੀਮ ਦੇ ਮੈਂਬਰ ਹੋਣਗੇ, ਜਿਨ੍ਹਾਂ ਦੇ ਵਿਚ ਪੰਜ ਧਾਵੀ ਤੇ ਪੰਜ ਜਾਫੀ ਮੈਦਾਨ ਵਿਚ ਖੇਡਣਗੇ। ਇਸ ਤੋਂ ਇਲਾਵਾ ਇਕ ਮੈਚ ਵਿਚ 40-40 ਰੇਡਾਂ ਪਾਈਆਂ ਜਾਣਗੀਆਂ ਤੇ ਹਰੇਕ ਰੇਡਰ (ਧਾਵੀ) ਲਈ ਤਿੰਨ-ਤਿੰਨ ਰੇਡਾਂ ਪਾਉਣੀਆਂ ਜ਼ਰੂਰੀ ਹਨ। ਇਸ ਤੋਂ ਇਲਾਵਾ ਕੋਈ ਵੀ ਧਾਵੀ ਵੱਧ ਤੋਂ ਵੱਧ 10 ਰੇਡਾਂ ਹੀ ਪਾ ਸਕਦਾ ਹੈ। ਜੇ ਮੈਚ ਬਰਾਬਰ ਰਹਿ ਜਾਂਦਾ ਹੈ ਤਾਂ ਪੰਜ-ਪੰਜ ਰੇਡਾਂ ਟੀਮਾਂ ਨੂੰ ਮਿਲਣਗੀਆਂ, ਜੇ ਫਿਰ ਵੀ ਮੈਚ ਬਰਾਬਰ ਰਹਿ ਜਾਂਦਾ ਹੈ ਤਾਂ ਮੈਚ ਦਾ ਫੈਸਲਾ ਸਡਨ ਡੈਥ ਦੀ ਰੇਡ ਨਾਲ ਕੀਤਾ ਜਾਵੇਗਾ। ਪੰਜਾਬ ਸਰਕਾਰ ਨੇ ਇਸ ਕਬੱਡੀ ਕੱਪ ਨੂੰ ਸਫਲ ਬਣਾਉਣ ਲਈ ਪੰਜਾਬ ਦੇ ਪ੍ਰਸਿੱਧ ਗਾਇਕ ਤੇ ਹਾਸਰਸ ਕਲਾਕਾਰਾਂ ਨੂੰ ਵੀ ਸੱਦਾ-ਪੱਤਰ ਦਿੱਤਾ ਗਿਆ ਹੈ, ਜੋ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਮੈਚ ਲਈ ਕੋਈ ਵੀ ਟਿਕਟ ਨਹੀਂ ਲਗਾਈ ਗਈ।

ਠੱਕਰਵਾਲ ਦਾ 9ਵਾਂ ਟੂਰਨਾਮੈਂਟ 27 ਤੋਂ

ਲੁਧਿਆਣਾ, 23 ਮਾਰਚ - ਤਿੰਨ ਰੋਜ਼ਾ ਨੌਵਾਂ ਟੂਰਨਾਮੈਂਟ 27-29 ਮਾਰਚ ਤੱਕ ਪੱਖੋਵਾਲ ਰੋਡ ਸਥਿਤ ਪਿੰਡ ਠੱਕਰਵਾਲ ਦੇ ਨਾਨਕਸਰ ਸਪੋਰਟਸ ਕਲੱਬ ਵੱਲੋਂ ਕਰਵਾਇਆ ਜਾ ਰਿਹਾ ਹੈ। ਟੂਰਨਾਮੈਂਟ ਦੌਰਾਨ ਕਬੱਡੀ, ਤਾਸ਼ ਸੀਪ, ਵਾਲੀਵਾਲ ਸ਼ੂਟਿੰਗ, ਬੈਲਗੱਡੀਆਂ ਦੀਆਂ ਦੌੜਾਂ ਅਤੇ ਕੁੱਤਿਆਂ ਦੀਆਂ ਦੌੜਾਂ ਖੇਡ ਪ੍ਰੇਮੀਆਂ ਦੇ ਆਕਰਸ਼ਣ ਦਾ ਮੁੱਖ ਕੇਂਦਰ ਹੋਣਗੀਆਂ।

ਛਿੰਦਾ ਅਮਲੀ ਯਾਦਗਾਰੀ ਕਬੱਡੀ ਕੱਪ 'ਤੇ ਨਾਨਕਸਰ ਅਕੈਡਮੀ ਦਾ ਕਬਜ਼ਾ

ਨੌਸ਼ਹਿਰਾ ਮੱਝਾ ਸਿੰਘ, 22 ਮਾਰਚ - ਪੰਜਾਬ ਪੱਧਰੀ ਪਹਿਲਾ ਕਬੱਡੀ ਟੂਰਨਾਮੈਂਟ ਪਿੰਡ ਕੈਲੇ ਕਲਾਂ 'ਚ ਕਬੱਡੀ ਖਿਡਾਰੀ ਸੁਰਿੰਦਰ ਸਿੰਘ ਛਿੰਦੇ ਅਮਲੀ ਦੀ ਯਾਦ ਵਿਚ ਕਰਵਾਇਆ ਗਿਆ। ਟੂਰਨਾਮੈਂਟ ਵਿਚ ਸ਼ਾਮਿਲ 10 ਪੰਜਾਬ ਦੀਆਂ ਚੋਟੀ ਦੀਆਂ ਟੀਮਾਂ ਵਿਚ ਹੋਏ ਫਸਵੇਂ ਮੁਕਾਬਲਿਆਂ ਤੋਂ ਬਾਅਦ ਫਾਈਨਲ ਮੈਚ ਨਾਨਕਸਰ ਕਬੱਡੀ ਕਲੱਬ ਗੁਰਦਾਸਪੁਰ ਅਤੇ ਬਾਬਾ ਦੀਪ ਸਿੰਘ ਕਬੱਡੀ ਕਲੱਬ ਕਪੂਰਥਲਾ ਵਿਚਕਾਰ ਖੇਡਿਆ ਗਿਆ। ਨਾਨਕਸਰ ਕਬੱਡੀ ਕਲੱਬ ਗੁਰਦਾਸਪੁਰ ਦੇ ਖਿਡਾਰੀਆਂ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆ ਛਿੰਦੇ ਅਮਲੀ ਯਾਦਗਾਰੀ ਕਬੱਡੀ ਕੱਪ 'ਤੇ ਕਬਜ਼ਾ ਕਰ ਲਿਆ। ਜਥੇ ਸੇਖਵਾਂ ਵੱਲੋਂ ਪਹਿਲੇ ਸਥਾਨ ਵਾਲੀ ਟੀਮ ਨੂੰ 51 ਹਜ਼ਾਰ, ਦੂਸਰੇ ਸਥਾਨ ਵਾਲੀ ਟੀਮ ਨੂੰ 41 ਹਜ਼ਾਰ ਦਾ ਨਕਦ ਇਨਾਮ ਤੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।

ਵਿਸ਼ਵ ਕੱਪ ਕਬੱਡੀ ਲਈ ਚੁਣੇ ਗਏ 34 ਸੰਭਾਵੀ ਖਿਡਾਰੀ

ਲੁਧਿਆਣਾ, 22 ਮਾਰਚ - ਭਾਰਤੀ ਟੀਮ ਦੀ ਚੋਣ ਲਈ ਪੰਜਾਬ ਖੇਡ ਵਿਭਾਗ ਨੇ 34 ਸੰਭਾਵੀ ਖਿਡਾਰੀਆਂ ਦਾ ਐਲਾਨ ਵਿਸ਼ਵ ਕੱਪ ਕਬੱਡੀ ਲਈ ਕੀਤਾ ਹੈ। ਪੰਜਾਬ ਖੇਡਾਂ ਦੇ ਪ੍ਰਿੰਸੀਪਲ ਸਕੱਤਰ ਪੀ. ਐਸ. ਔਜਲਾ, ਪੰਜਾਬ ਕਬੱਡੀ ਐਸੋਸੀਏਸਨ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ, ਪੰਜਾਬ ਖੇਡ ਵਿਭਾਗ ਦੇ ਡਾਇਰੈਕਟਰ ਪਦਮ ਸ੍ਰੀ ਪ੍ਰਗਟ ਸਿੰਘ ਨੇ ਦੱਸਿਆ ਕਿ ਚੁਣੇ ਗਏ 34 ਖਿਡਾਰੀਆਂ ਦਾ ਡੋਪ ਟੈਸਟ ਕੀਤਾ ਗਿਆ ਹੈ, ਜਿਸ ਦੀ ਰਿਪੋਰਟ ਕੱਲ੍ਹ ਤੱਕ ਆਵੇਗੀ। ਜੋ ਖਿਡਾਰੀ ਡੋਪ ਟੈਸਟ ਵਿਚ ਦੋਸ਼ੀ ਪਾਏ ਗਏ ਉਨ੍ਹਾਂ ਨੂੰ ਟੀਮ ਵਿਚ ਨਹੀਂ ਰੱਖਿਆ ਜਾਵੇਗਾ। ਚੁਣੇ ਗਏ 34 ਖਿਡਾਰੀਆਂ ਵਿਚੋਂ ਅੰਤਿਮ 14 ਖਿਡਾਰੀ ਭਾਰਤੀ ਟੀਮ ਲਈ ਚੁਣੇ ਜਾਣਗੇ। ਜੋ ਵਿਸ਼ਵ ਕੱਪ ਵਿੱਚ ਹਿੱਸਾ ਲੈਣਗੇ। ਇਸ ਵੇਲੇ 17 ਧਾਵੀ, 17 ਜਾਫੀ ਚੁਣੇ ਗਏ ਹਨ। ਧਾਵੀਆਂ ਵਿਚ ਅਨਿਲ ਕੁਮਾਰ ਹਰਿਆਣਾ, ਕਰਤਾਰ ਸਿੰਘ ਹਰਿਆਣਾ, ਸੀਲੂ ਹਰਿਆਣਾ, ਸੰਦੀਪ ਕੁਮਾਰ ਹਰਿਆਣਾ, ਪੰਜਾਬ ਤੋਂ ਮੰਨਜੋਤ ਸਿੰਘ, ਗੁਲਜ਼ਾਰ ਸਿੰਘ, ਪ੍ਰਤਾਪ ਸਿੰਘ, ਹਰਪ੍ਰੀਤ ਸਿੰਘ, ਮਨਮਿੰਦਰ ਸਿੰਘ, ਮਹਿੰਦਰਜੀਤ ਸਿੰਘ, ਮਹਿੰਦਰਪਾਲ ਸਿੰਘ, ਅੰਮ੍ਰਿਤਪਾਲ ਸਿੰਘ, ਲਖਵਿੰਦਰ ਸਿੰਘ, ਹਰਪ੍ਰੀਤ ਸਿੰਘ, ਹਰਮੀਤ ਸਿੰਘ, ਲਾਡੀ ਓਟਾਲਾ, ਬਚਿੱਤਰ ਸਿੰਘ, ਜਦਕਿ ਜਾਫੀਆਂ ਵਿੱਚ ਸੁਖਦੀਪ ਸਿੰਘ, ਹਰਦੀਪ ਸਿੰਘ ਢਿੱਲੋਂ, ਬਿਕਰਮ ਸਿੰਘ ਹਰਿਆਣਾ, ਬਜਿੰਦਰ ਸਿੰਘ ਹਰਿਆਣਾ, ਹਰਵਿੰਦਰ ਸਿੰਘ ਬਿੱਲੂ, ਗੁਰਦਰਸ਼ਨ ਸਿੰਘ ਗੋਲੂ, ਕੇਵਲ ਸਿੰਘ ਭਾਊ, ਨਰਪਿੰਦਰ ਸਿੰਘ ਢੱਡਰੀਆਂ, ਜਤਿੰਦਰ ਸਿੰਘ ਬੈਂਸ, ਗੁਰਦੀਪ ਸਿੰਘ ਗੱਗੀ, ਹਰਪ੍ਰੀਤ ਸਿੰਘ ਕਿਸ਼ਨਗੜ, ਪਲਵਿੰਦਰ ਸਿੰਘ ਸੋਨੀ, ਗੁਰਪ੍ਰੀਤ ਸਿੰਘ ਸੋਧੀ, ਮਨਜਿੰਦਰ ਸਿੰਘ, ਆਤਮਾ ਸਿੰਘ, ਅਜੀਤਪਾਲ ਸਿੰਘ ਲਾਲੀ ਬੁਟਹਾਰੀ, ਬਲਰਾਜ ਸਿੰਘ ਬਾਜੀ ਜੰਡ ਲੁਧਿਆਣਾ ਨੂੰ ਰੱਖਿਆ ਗਿਆ ਹੈ। ਇਨ੍ਹਾਂ ਖਿਡਾਰੀਆਂ ਦਾ ਕੋਚਿੰਗ ਕੈਂਪ ਲੁਧਿਆਣਾ ਵਿਖੇ ਲੱਗੇਗਾ।

ਵਿਜੋਲਾ ਨੇ ਧਾਰੀਵਾਲ ਬੇਟ ਨੂੰ ਕੀਤਾ ਚਿੱਤ

ਸੁਭਾਨਪੁਰ, 22 ਮਾਰਚ - ਬਾਬਾ ਵਰਿਆਮ ਸਿੰਘ ਕਬੱਡੀ ਟੂਰਨਾਮੈਂਟ ਪਿੰਡ ਵਿਜੋਲਾ 'ਚ ਕਰਵਾਇਆ ਗਿਆ। ਇਸ ਕਬੱਡੀ ਟੂਰਨਾਮੈਂਟ ਦੌਰਾਨ 40 ਕਿਲੋ ਭਾਰ ਵਰਗ ਦੇ ਫਾਈਨਲ ਵਿਚ ਸੱਧਾ ਸਿੰਘ ਵਾਲਾ ਮੋਗਾ ਨੇ ਮੇਜ਼ਬਾਨ ਵਿਜੋਲਾ ਨੂੰ ਹਰਾ ਕਿ ਪਹਿਲਾ ਇਨਾਮ, 63 ਕਿਲੋ ਵਿਚ ਖੀਰਾਂਵਾਲ ਨੇ ਫਤਿਹ ਜਲਾਲ ਨੂੰ ਹਰਾਇਆ। ਕਬੱਡੀ ਓਪਨ ਵਿਚ 20 ਤੋਂ ਵੱਧ ਟੀਮਾਂ ਨੇ ਹਿੱਸਾ ਲਿਆ। ਜਿਸ ਵਿੱਚ ਫਾਈਨਲ ਮੈਚ ਮੇਜ਼ਬਾਨ ਵਿਜੋਲਾ ਅਤੇ ਧਾਲੀਵਾਲ ਬੇਟ ਦੇ ਗੱਬਰੂਆਂ ਵਿਚਾਲੇ ਖੇਡਿਆ ਗਿਆ। ਇਸ ਫਾਈਨਲ ਮੈਚ ਦਾ ਮੁੱਖ ਆਕਰਸ਼ਨ ਰਹੀਆਂ ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਲਾਡੀ ਵਿਜੋਲਾ ਦੀਆਂ ਰੇਡਾਂ ਰਹੀਆਂ, ਜਿਸ ਨੇ ਆਪਣੀ ਟੀਮ ਨੂੰ ਓਪਨ ਦਾ ਜੇਤੂ ਤਾਜ ਪਹਿਨਾਇਆ ਅਤੇ ਪਹਿਲਾ ਇਨਾਮ 25 ਹਜ਼ਾਰ ਜਿੱਤਿਆ। ਇਸ ਮੌਕੇ ਗੀਤਕਾਰ ਕਾਲਾ ਨਿਜ਼ਾਮਪੁਰੀ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।

ਫੁੱਟਬਾਲ ਅਲੂਣਾ ਮਿਆਣਾ ਜੇਤੂ

ਲੁਧਿਆਣਾ, 22 ਮਾਰਚ - ਰਾਜ ਪੱਧਰੀ ਫੁੱਟਬਾਲ ਟੂਰਨਾਮੈਂਟ ਨੌਜਵਾਨ ਵੈਲਫੇਅਰ ਸਪੋਰਟਸ ਕਲੱਬ ਗੋਬਿੰਦਪੁਰਾ (ਨਵਾਂ ਪਿੰਡ) ਵਲੋਂ ਕਰਵਾਇਆ ਗਿਆ। ਇਸ ਰਾਜ ਪੱਧਰੀ ਫੁੱਟਬਾਲ ਟੂਰਨਾਮੈਂਟ ਵਿਚ 16 ਟੀਮਾਂ ਨੇ ਹਿੱਸਾ ਲਿਆ। ਅਖੀਰ ਫਾਈਨਲ ਵਿਚ ਅਲੂਣਾ ਮਿਆਣਾ ਫੁੱਟਬਾਲ ਕਲੱਬ ਨੇ ਕਮਾਲਪੁਰਾ ਨੂੰ 2-1 ਨਾਲ ਹਰਾ ਕੇ ਚੈਂਪੀਅਨਸ਼ਿਪ ਹਾਸਲ ਕੀਤੀ। ਇਸ ਤੋਂ ਇਲਾਵਾ ਬਜ਼ੁਰਗਾਂ ਦੀਆਂ ਦੌੜਾਂ ਵਿਚ ਨਛੱਤਰ ਸਿੰਘ ਮੰਜੀ ਸਾਹਿਬ ਨੇ ਪਹਿਲਾ ਸਥਾਨ, ਜਸਵੰਤ ਸਿੰਘ ਖਹਿਰਾ ਨੇ ਦੂਜਾ, ਬਖਤੌਰ ਸਿੰਘ ਨੇ ਤੀਜਾ ਸਥਾਨ, ਬੱਚਿਆਂ ਦੀਆਂ ਦੌੜਾਂ ਵਿਚ ਗੋਬਿੰਦਪੁਰਾ ਦੇ ਬਲਰਾਜ ਸਿੰਘ, ਏਕਮ ਪਾਲ ਸਿੰਘ, ਰਾਹੁਲ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਉਘੇ ਲੋਕ ਗਾਇਕ ਜਗਤਾਰ ਸਿੰਘ ਅਤੇ ਬੀਬਾ ਰਾਜਵਿੰਦਰ ਕੌਰ ਨੇ ਦਰਸ਼ਕਾਂ ਦਾ ਦੇਰ ਰਾਤ ਤੱਕ ਲੋਕ ਗਾਇਕੀ ਨਾਲ ਲੋਕਾਂ ਦਾ ਮਨੋਰੰਜਨ ਕੀਤਾ।

ਧਨੌਰੀ ਦੀ ਟੀਮ ਬਣੀ ਚੈਂਪੀਅਨ

ਚਮਕੌਰ ਸਾਹਿਬ, 22 ਮਾਰਚ - ਦੋ ਰੋਜ਼ਾ ਕਬੱਡੀ ਖੇਡ ਮੇਲਾ ਚਮਕੌਰ ਸਾਹਿਬ ਦੇ ਸਟੇਡੀਅਮ 'ਚ ਪੰਜ ਪਿਆਰਿਆਂ ਦੀ ਯਾਦ ਵਿਚ ਕਰਵਾਇਆ ਗਿਆ। ਇਸ ਕਬੱਡੀ ਖੇਡ ਮੇਲੇ ਵਿਚ ਆਲ ਓਪਨ ਕਬੱਡੀ ਦਾ ਮੁਕਾਬਲਾ ਬਾਬਾ ਗਾਜੀ ਦਾਸ ਕਬੱਡੀ ਕਲੱਬ ਧਨੌਰੀ ਨੇ ਖੁੱਡਾ ਅਲੀ ਸ਼ੇਰ ਦੀ ਟੀਮ ਨੂੰ ਹਰਾ ਕੇ 41 ਹਜ਼ਾਰ ਅਤੇ ਟਰਾਫੀ ਤੇ ਕਬਜ਼ਾ ਕੀਤਾ। ਉਪ ਜੇਤੂ ਟੀਮ ਨੂੰ 31 ਹਜ਼ਾਰ ਰੁਪਏ ਇਨਾਮ ਵਜੋਂ ਦਿੱਤੇ ਗਏ। ਇਸ ਦੌਰਾਨ ਪੰਜਾਬ ਭਰ ਤੋਂ ਆਈਆਂ ਟੀਮਾਂ ਨੇ ਹਿੱਸਾ ਲੈਂਦਿਆਂ 47 ਕਿਲੋ ਵਰਗ ਵਿਚ ਨਾਨੋਵਾਲ ਨੇ ਕਾਲਸ ਕਲਾਂ ਨੂੰ 52 ਕਿਲੋ ਵਰਗ ਵਿਚ ਸਹੇੜੀ ਨੇ ਕਾਲਸ ਕਲਾਂ ਨੂੰ 57 ਕਿਲੋ ਵਰਗ ਵਿਚ ਬਾਂਗਰ ਗੁਜਰਾਂ ਨੇ ਜਸਪਾਲ ਬਾਂਗਰ ਨੂੰ ਅਤੇ 65 ਕਿਲੋ ਵਰਗ ਵਿਚ ਬਦਨਪੁਰ ਦੀ ਟੀਮ ਨੇ ਸਮਿਧੀ ਦੀ ਟੀਮ ਨੂੰ ਫਾਈਨਲ ਵਿਚ ਹਰਾ ਕੇ ਆਪਣੇ-ਆਪਣੇ ਵਰਗ ਦੇ ਮੁਕਾਬਲੇ ਆਪਣੇ ਨਾਂਅ ਕਰਵਾਏ। ਆਲ ਓਪਨ ਵਰਗ ਦੇ ਫਾਈਨਲ ਵਿਚ ਬਾਬਾ ਗਾਜੀ ਦਾਸ ਕਬੱਡੀ ਕਲੱਬ ਧਨੌਰੀ ਦੇ ਤੇਜ਼ਤਰਾਰ ਖਿਡਾਰੀ ਨੇ ਖੁੱਡਾ ਅਲੀਸ਼ੇਰ ਨੂੰ ਹਰਾ ਕੇ ਟੂਰਨਾਮੈਂਟ ਆਪਣੇ ਨਾਂਅ ਕਰਵਾਇਆ।

ਵਾਲੀਬਾਲ ਦੇ ਮੁਕਾਬਲਿਆਂ 'ਚ ਫਰੀਦਕੋਟ ਅੱਵਲ

ਫਾਜ਼ਿਲਕਾ, 22 ਮਾਰਚ - ਪਹਿਲਾ ਵਿਰਾਸਤੀ ਪੇਂਡੂ ਖੇਡ ਮੇਲਾ ਫਾਜ਼ਿਲਕਾ ਦੇ ਸਰਕਾਰੀ ਐਮ.ਆਰ.ਕਾਲਜ 'ਚ ਕਰਵਾਇਆ ਗਿਆ। ਇਸ ਵਿਰਾਸਤੀ ਮੇਲੇ ਵਿਚ ਪੰਜਾਬ ਦੇ ਕੋਨੇ-ਕੋਨੇ ਤੋਂ ਕੱਬਡੀ, ਵਾਲੀਬਾਲ ਅਤੇ ਰੱਸਾ ਕੱਸੀ ਦੀਆਂ ਟੀਮਾਂ ਨੇ ਭਾਗ ਲਿਆ। ਵਾਲੀਬਾਲ ਦੇ ਮੁਕਾਬਲਿਆਂ ਵਿਚ ਫਰੀਦਕੋਟ ਦੀ ਟੀਮ ਜੇਤੂ ਰਹੀ।

ਭਾਰਤੀ ਮਹਿਲਾ ਹਾਕੀ ਟੀਮ ਨੂੰ ਲਗਾਤਾਰ ਤੀਸਰੀ ਹਾਰ

ਨਵੀਂ ਦਿੱਲੀ, 22 ਮਾਰਚ - ਭਾਰਤੀ ਮਹਿਲਾ ਹਾਕੀ ਟੀਮ ਜਪਾਲ ਦੌਰੇ 'ਤੇ ਗਈ ਸੀ। ਇਸ ਵਿਚ ਮਹਿਲਾ ਹਾਕੀ ਟੀਮ ਨੂੰ ਚਾਰ ਮੈਚਾਂ ਦੀ ਲੜੀ ਵਿਚ ਲਗਾਤਾਰ ਤੀਜੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ। ਸੋਮਵਾਰ ਨੂੰ ਖੇਡੇ ਗਏ ਤੀਸਰੇ ਮੁਕਾਬਲੇ 'ਚ ਭਾਰਤੀ ਟੀਮ 0-3 ਨਾਲ ਹਾਰ ਗਈ। ਮੇਜ਼ਬਾਨ ਟੀਮ ਨੇ ਸ਼ੁਕਰਵਾਰ ਨੂੰ ਖੇਡੇ ਗਏ ਪਹਿਲੇ ਮੁਕਾਬਲੇ 'ਚ ਭਾਰਤੀ ਟੀਮ ਨੂੰ 3-0 ਨਾਲ ਅਤੇ ਐਤਵਾਰ ਨੂੰ ਹੋਏ ਦੂਸਰੇ ਮੁਕਾਬਲੇ 'ਚ 4-1 ਨਾਲ ਹਰਾਇਆ ਸੀ। ਇਸ ਤਰਾਂ ਮੇਜ਼ਬਾਨ ਟੀਮ ਨੇ ਇਹ ਲੜੀ 3-0 ਨਾਲ ਜਿੱਤ ਲਈ ਹੈ। ਇਸ ਲੜੀ ਦਾ ਚੌਥਾ ਅਤੇ ਆਖਰੀ ਮੈਚ ਬੁੱਧਵਾਰ ਨੂੰ ਹੋਵੇਗਾ, ਇਸ ਤੋਂ ਬਾਅਦ ਭਾਰਤ ਟੀਮ ਸ਼ਿੰਘਾਈ ਰਵਾਨਾ ਹੋ ਜਾਵੇਗੀ, ਜਿੱਥੇ ਉਹ ਏਸ਼ੀਆਈ ਚੈਂਪੀਅਨ ਚੀਨ ਨਾਲ ਤਿੰਨ ਮੈਚ ਖੇਡੇਗੀ।

ਰੁੜਕਾ ਕਲਾਂ ਫੁੱਟਬਾਲ ਅਕੈਡਮੀ ਨੇ ਕੀਤਾ ਫਾਈਨਲ 'ਚ ਪ੍ਰਵੇਸ਼

ਜਲੰਧਰ, 21 ਮਾਰਚ - ਅੰਤਰਰਾਸ਼ਟਰੀ ਡੈਲੋਵਿਟ ਕੱਪ ਜੋ ਕਿ ਦੱਖਣੀ ਅਫ਼ਰੀਕਾ ਵਿਖੇ ਯੂਥ ਫੁੱਟਬਾਲ ਕਲੱਬ ਰੁੜਕਾਂ ਕਲਾਂ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਹੋਏ ਮੈਚ ਵਿਚ ਰੁੜਕਾ ਕਲਾਂ ਨੇ ਇੰਗਲੈਂਡ ਤੋਂ ਆਈ ਟੀਮ ਨੂੰ 3-1 ਨਾਲ ਹਰਾਇਆ। ਮੈਚ ਦੇ ਪੰਜਵੇਂ ਮਿੰਟ ਵਿਚ ਜਤਿੰਦਰ ਸਿੰਘ ਨੇ ਗੋਲ ਕਰਕੇ ਆਪਣੀ ਟੀਮ ਨੂੰ ਬੜ੍ਹਤ ਦੁਆਈ। ਮੈਚ ਦੇ 15ਵੇਂ ਮਿੰਟ ਵਿਚ ਇੰਗਲੈਂਡ ਦੀ ਟੀਮ ਨੇ ਗੋਲ ਕਰਕੇ ਬਰਾਬਰੀ ਹਾਸਿਲ ਕੀਤੀ। ਮੈਚ ਦੇ 20ਵੇਂ ਮਿੰਟ ਵਿਚ ਮਨਪ੍ਰੀਤ ਕੁਮਾਰ ਨੇ ਸ਼ਾਨਦਾਰ ਗੋਲ ਕਰਕੇ ਸਕੋਰ 2-1 ਕਰ ਦਿੱਤਾ। ਦਬਾਅ ਬਣਾਈ ਰੱਖਦੇ ਹੋਏ ਮਨਪ੍ਰੀਤ ਨੇ 30ਵੇਂ ਮਿੰਟ ਵਿਚ ਇਕ ਹੋਰ ਗੋਲ ਕਰਕੇ ਜਿੱਤ ਨੂੰ ਯਕੀਨੀ ਬਣਾ ਦਿੱਤਾ।

ਵਿਸ਼ਵ ਕਬੱਡੀ ਕੱਪ 3 ਅਪ੍ਰੈਲ ਤੋਂ

ਅਜੀਤ ਨਗਰ, 21 ਮਾਰਚ - ਵਿਸ਼ਵ ਕਬੱਡੀ ਕੱਪ ਪੰਜਾਬ ਦੇ ਰਿਆਸਤੀ ਸ਼ਹਿਰ ਪਟਿਆਲਾ ਵਿਚ 3 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ ਵਿਚ ਦੁਨੀਆਂ ਭਰ ਦੀਆਂ ਚੋਟੀ ਦੀਆਂ 10 ਕੌਮਾਂਤਰੀ ਕਬੱਡੀ ਟੀਮਾਂ ਸ਼ਮੂਲੀਅਤ ਕਰ ਰਹੀਆਂ ਹਨ। ਇਸ ਟੂਰਨਾਮੈਂਟ ਲਈ ਇੰਗਲੈਡ, ਅਮਰੀਕਾ , ਕੈਨੇਡਾ , ਪਾਕਿਸਤਾਨ , ਇਰਾਨ , ਆਸਟ੍ਰੇਲੀਆ , ਇਟਲੀ, ਸਪੇਨ ਅਤੇ ਮੇਜਬਾਨ ਦੇਸ਼ ਦੀਆਂ 9 ਟੀਮਾਂ ਨੇ ਆਪਣੀ ਸਹਿਮਤੀ ਭੇਜ ਦਿੱਤੀ ਹੈ ਤੇ ਦਸਵੀਂ ਟੀਮ ਦਾ ਫੈਸਲਾ ਵੀ ਇਕ ਦੋ ਦਿਨਾਂ ਅੰਦਰ ਹੋ ਜਾਵੇਗਾ। ਉਦਘਾਟਨੀ ਮੈਚ ਤਿੰਨ ਅਪ੍ਰੈਲ ਨੂੰ ਪਟਿਆਲਾ ਅਤੇ ਫਾਈਨਲ ਮੈਚ ਤੇ ਸਮਾਪਤੀ ਸਮਾਗਮ 15 ਅਪ੍ਰੈਲ ਨੂੰ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਹੋਵੇਗਾ। ਬਾਕੀ ਮੁਕਾਬਲੇ ਪਟਿਆਲਾ ਵਿਚ ਤਿੰਨ ਅਤੇ ਚਾਰ ਅਪ੍ਰੈਲ, ਸੰਗਰੂਰ ਵਿਚ 5 ਅਪ੍ਰੈਲ, ਮੁਕਤਸਰ ਵਿਚ 7 ਅਪ੍ਰੈਲ, ਬਠਿੰਡਾ ਵਿਚ 8 ਅਪ੍ਰੈਲ, ਅੰਮ੍ਰਿਤਸਰ ਵਿਚ 10 ਅਪ੍ਰੈਲ, ਹੁਸ਼ਿਆਰਪੁਰ ਵਿਚ 11 ਅਪ੍ਰੈਲ ਅਤੇ ਜਲੰਧਰ ਵਿਚ 12 ਅਪ੍ਰੈਲ ਨੂੰ ਹੋਣਗੇ। ਇਸ ਚੈਪੀਅਨਸ਼ਿਪ ਨੂੰ ਜਿੱਤਣ ਵਾਲੀ ਟੀਮ ਨੂੰ ਇਕ ਕਰੋੜ ਰੁਪਏ, ਦੂਸਰੇ ਸਥਾਨ ਤੇ ਆਉਣ ਵਾਲੀ ਟੀਮ ਨੂੰ 51 ਲੱਖ ਅਤੇ ਤੀਸਰੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 25 ਲੱਖ ਇਨਾਮ ਵਜੋਂ ਮਿਲਣਗੇ।

ਪਿੰਡ ਜਲਾਲਦੀਵਾਲ ਦਾ 54ਵਾਂ ਖੇਡ ਮੇਲਾ 25 ਤੋਂ

ਰਾਏਕੋਟ, 21 ਮਾਰਚ - ਪਿੰਡ ਜਲਾਲਦੀਵਾਲ ਦਾ 54ਵਾਂ ਖੇਡ ਮੇਲਾ 25 ਮਾਰਚ ਤੋਂ 29 ਮਾਰਚ ਤੱਕ ਕਰਵਾਇਆ ਜਾ ਰਿਹਾ ਹੈ। 25 ਮਾਰਚ ਨੂੰ ਟੂਰਨਾਮੈਂਟ ਦਾ ਉਦਘਾਟਨ ਤੇ ਕਬੱਡੀ 47, 57 ਕਿਲੋ, ਵਾਲੀਬਾਲ ਸ਼ੂਟਿੰਗ, ਤਾਸ਼ ਸੀਪ, 26 ਮਾਰਚ ਨੂੰ ਕਬੱਡੀ 70 ਕਿਲੋ ਦੇ ਮੁਕਾਬਲੇ ਹੋਣਗੇ, ਜਿਸ 'ਚ ਦੋ ਖਿਡਾਰੀ ਬਾਹਰਲੇ ਖੇਡ ਸਕਦੇ ਹਨ ਅਤੇ ਕਬੱਡੀ ਓਪਨ ਮੁਕਾਬਲੇ 'ਚ ਇਕ ਖਿਡਾਰੀ ਬਾਹਰਲਾ ਖੇਡ ਸਕਦਾ ਹੈ। 28 ਮਾਰਚ ਨੂੰ ਖੀਰੇ-ਦੁੱਗੇ ਬਲਦਾਂ ਦੀਆਂ ਦੌੜਾਂ, 29 ਮਾਰਚ ਨੂੰ ਵੱਡੇ ਬਲਦਾਂ ਦੀਆਂ ਦੌੜਾਂ ਕਰਵਾਈਆਂ ਜਾਣਗੀਆਂ। ਟੂਰਨਾਮੈਂਟ ਵਿਚ ਕਬੱਡੀ 70 ਕਿਲੋ ਅਤੇ ਕਬੱਡੀ ਓਪਨ 'ਚ ਖੇਡਣ ਵਾਲੇ ਕੇਸਾਧਾਰੀ ਵਧੀਆ ਖਿਡਾਰੀਆਂ ਦਾ ਸਨਮਾਨ ਕੇਵਲ ਸਿੰਘ ਪੂਨੀਆ ਚੇਅਰਮੈਨ ਪਸਵਕ ਕਮੇਟੀ ਜਲਾਲਦੀਵਾਲ ਵੱਲੋਂ ਕੀਤਾ ਜਾਵੇਗਾ।

ਜੇ.ਸੀ.ਟੀ. ਦੀ ਬੱਲੇ ਬੱਲੇ

ਲੁਧਿਆਣਾ, 20 ਮਾਰਚ - ਗੁਰੂ ਨਾਨਕ ਸਟੇਡੀਅਮ ਲੁਧਿਆਣਾ 'ਚ ਰਾਸ਼ਟਰੀ ਫੁੱਟਬਾਲ ਲੀਗ ਚੱਲ ਰਹੀ ਹੈ। ਇਸ ਫੁੱਟਬਾਲ ਲੀਗ ਦੇ 17ਵੇਂ ਗੇੜ ਦੇ ਇੱਕ ਅਹਿਮ ਮੁਕਾਬਲੇ ਵਿੱਚ ਮੇਜ਼ਬਾਨ ਜੇ ਸੀ ਟੀ ਨੇ ਮੁੰਬਈ ਫੁੱਟਬਾਲ ਕਲੱਬ ਨੂੰ 1-0 ਨਾਲ ਹਰਾ ਕੇ ਕੁੱਲ ਤਿੰਨ ਅੰਕ ਹਾਸਲ ਕਰਦਿਆਂ ਅੰਕ ਤਾਲਿਕਾ ਵਿੱਚ 22 ਅੰਕਾਂ ਨਾਲ ਸੱਤਵੇਂ ਸਥਾਨ ਤੇ ਪੁੱਜ ਗਈ ਹੈ। ਇਸ ਮੈਚ ਵਿਚ ਜੇ ਸੀ ਟੀ ਦਾ ਪੂਰਾ ਸਮਾਂ ਦਬਦਬਾ ਰਿਹਾ, ਪਰ ਟੀਮ ਨੂੰ ਗੋਲ ਕਰਨ ਦੀ ਸਫਲਤਾ 55ਵੇਂ ਮਿੰਟ ਵਿਚ ਉਸ ਵੇਲੇ ਮਿਲੀ, ਜਦੋਂ ਜੇ ਸੀ ਟੀ ਦੇ ਨਾਈਜੀਰੀਅਨ ਮੂਲ ਦੇ ਖਿਡਾਰੀ ਮੈਨੂਅਲ ਨੇ ਸਿਰ ਮਾਰ ਕੇ ਗੋਲ ਕਰਕੇ ਆਪਣੀ ਟੀਮ 1-0 ਦੀ ਬੜ੍ਹਤ ਦਿਵਾਈ, ਜੋ ਅੰਤ ਵਿੱਚ ਜਿੱਤ ਤੇ ਰੂਪ ਵਿੱਚ ਹੋ ਨਿਬੜੀ, ਜੇ ਸੀ ਟੀ ਨਰਿੰਦਰ ਸਿੰਘ ਨੂੰ ਮੈਨ ਆਫ ਦਾ ਮੈਚ ਵਜੋਂ ਪੰਜ ਹਜ਼ਾਰ ਰੁਪਏ ਦੇ ਇਨਾਮ ਨਾਲ ਸਨਮਾਨਿਤ ਕੀਤਾ। ਜੇ ਸੀ ਟੀ ਦਾ ਅਗਲਾ ਮੈਚ 27 ਮਾਰਚ ਨੂੰ ਡੈਂਪੋ ਗੋਆ ਵਿਖੇ ਹੋਵੇਗਾ।

ਵਿਸ਼ਵ ਕਬੱਡੀ ਕੱਪ ਦੇ ਚੋਣ ਟਰਾਇਲ 'ਚ ਸ਼ਾਮਿਲ ਹੋਏ 95 ਖਿਡਾਰੀ

ਲੁਧਿਆਣਾ, 20 ਮਾਰਚ - ਵਿਸ਼ਵ ਕਬੱਡੀ ਕੱਪ ਲਈ ਭਾਰਤੀ ਟੀਮ ਦੇ ਚੋਣ ਟਰਾਇਲ ਕਰਵਾਏ ਗਏ। ਜਿਸ ਚੋਣ ਟਰਾਇਲ ਲਈ 95 ਦੇ ਕਰੀਬ ਖਿਡਾਰੀ ਪੁੱਜੇ। ਜਿਨ੍ਹਾਂ ਦੇ ਟਰਾਇਲ ਲੈਣ ਤੋਂ ਬਾਅਦ 35 ਖਿਡਾਰੀਆਂ ਨੂੰ ਸੰਭਾਵੀ ਟੀਮ ਲਈ ਚੁਣਿਆ ਗਿਆ। ਇਹ ਚੋਣ ਟਰਾਇਲ ਪੰਜਾਬ ਖੇਡ ਵਿਭਾਗ ਵਲੋਂ ਬਣਾਈ ਗਈ ਚੋਣ ਕਮੇਟੀ ਸ਼ਿਵਦੇਵ ਸਿੰਘ ਖੇਡ ਸਕੱਤਰ ਪੰਜਾਬ ਪੁਲਿਸ, ਪ੍ਰਿੰਸੀਪਲ ਸਰਵਣ ਸਿੰਘ, ਹਰਪ੍ਰੀਤ ਸਿੰਘ ਬਾਬਾ, ਬਲਬੀਰ ਸਿੰਘ ਬਿੱਟੂ, ਕੋਚ ਦੇਵੀ ਦਿਆਲ, ਗੁਰਦੀਪ ਸਿੰਘ ਮੱਲੀ ਨੇ ਲਏ। ਇਨ੍ਹਾਂ ਚੋਣ ਟਰਾਇਲਾਂ ਵਿੱਚ ਪੰਜਾਬ ਤੋਂ ਇਲਾਵਾ ਹਰਿਆਣਾ, ਦਿੱਲੀ, ਝਾਰਖੰਡ, ਰਾਜਸਥਾਨ ਆਦਿ ਸੂਬਿਆਂ ਤੋਂ ਖਿਡਾਰੀ ਸ਼ਾਮਲ ਹੋਏ। ਚੁਣੇ ਗਏ 35 ਖਿਡਾਰੀਆਂ ਦਾ ਵਾਡਾ ਵਲੋਂ ਡੋਪ ਟੈਸਟ ਕੀਤਾ ਜਾਵੇਗਾ, ਜੋ ਖਿਡਾਰੀ ਦੋਸ਼ੀ ਪਾਏ ਗਏ ਉਨ੍ਹਾਂ ਤੇ ਦੋ ਸਾਲ ਖੇਡਣ ਤੇ ਪਾਬੰਦੀ ਲੱਗੇਗੀ। ਇਸ ਤੋਂ ਇਲਾਵਾ ਹਰ ਮੈਚ ਦੌਰਾਨ ਦੋ ਜਾਂ ਤਿੰਨ ਖਿਡਾਰੀਆਂ ਦਾ ਡੋਪ ਟੈਸਟ ਹੋਵੇਗਾ, ਜੇਕਰ ਦੂਸਰੀ ਵਾਰ ਡੋਪ ਟੈਸਟ ਵਿੱਚ ਖਿਡਾਰੀ ਫੜਿਆ ਗਿਆ ਤਾਂ ਉਸ ਤੇ ਖੇਡਣ ਦੀ ਉਮਰ ਭਰ ਦੀ ਪਾਬੰਦੀ ਲੱਗੇਗੀ। ਕਬੱਡੀ ਕੱਪ ਦਾ ਉਦਘਾਟਨੀ ਸਮਾਰੋਹ ਪਟਿਆਲਾ ਵਿਖੇ ਫਲੱਡ ਲਾਈਟਾਂ ਦੀ ਰੌਸ਼ਨੀ ਵਿੱਚ ਹੋਵੇਗਾ। ਚਾਰ ਅਪ੍ਰੈਲ ਨੂੰ ਤਿੰਨ ਮੈਚ ਸੰਗਰੂਰ ਵਿਖੇ, ਪੰਜ ਅਪ੍ਰੈਲ ਨੂੰ ਚਾਰ ਮੈਚ ਜਲੰਧਰ ਵਿਖੇ, ਛੇ ਅਪ੍ਰੈਲ ਨੂੰ ਚਾਰ ਮੈਚ ਹੁਸ਼ਿਆਰਪੁਰ ਵਿਖੇ, ਸੱਤ ਅਪ੍ਰੈਲ ਨੂੰ ਚਾਰ ਮੈਚ ਗੁਰਦਾਸਪੁਰ ਵਿਖੇ, ਅੱਠ ਅਪ੍ਰੈਲ ਨੂੰ ਚਾਰ ਮੈਚ ਅੰਮ੍ਰਿਤਸਰ ਵਿਖੇ, 10 ਅਪ੍ਰੈਲ ਨੂੰ ਦੋਵੇਂ ਸੈਮੀਫਾਈਨਲ ਬਠਿੰਡਾ ਵਿਖੇ ਹੋਣਗੇ, ਅਤੇ 12 ਅਪ੍ਰੈਲ ਨੂੰ ਤੀਸਰੇ ਅਤੇ ਚੌਥੇ ਸਥਾਨ ਵਾਲਾ ਮੈਚ ਅਤੇ ਫਾਈਨਲ ਮੁਕਾਬਲਾ ਰਾਤ 8 ਵਜੇ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਹੋਵੇਗਾ। ਵਿਸ਼ਵ ਕਬੱਡੀ ਕੱਪ ਵਿਚ 10 ਟੀਮਾਂ (ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਇਟਲੀ, ਸਪੇਨ, ਇਰਾਨ, ਪਾਕਿਸਤਾਨ, ਸਕਾਟਲੈਂਡ ਅਤੇ ਭਾਰਤ) ਦੀ ਐਂਟਰੀ ਨਿਸ਼ਚਤ ਹੋ ਗਈ ਹੈ। ਵਿਸ਼ਵ ਕੱਪ ਦੇ ਜੇਤੂ ਰੇਡਰ ਅਤੇ ਜਾਫੀ ਨੂੰ ਨਗਦ ਇਨਾਮ ਤੋਂ ਇਲਾਵਾ ਇੱਕ-ਇੱਕ ਟ੍ਰੈਕਟਰ ਦਿੱਤਾ ਜਾਵੇਗਾ, ਇਸ ਤੋਂ ਇਲਾਵਾ ਕਈ ਹੋਰਨਾਂ ਵਧੀਆ ਖਿਡਾਰੀਆਂ ਨੂੰ ਮੋਟਰਸਾਈਕਲ, ਸਕੂਟਰ ਅਤੇ ਹੋਰ ਕੀਮਤੀ ਤੋਹਫੇ ਮਿਲਣਗੇ।

21ਵੀਆਂ ਮਾਸਟਰ ਖੇਡਾਂ 'ਚ ਅਸ਼ੋਕ ਪਤਾਰਾ ਦਾ ਨਾਮ ਚਮਕਿਆ

ਜਲੰਧਰ, 18 ਮਾਰਚ - 21ਵੀਆਂ ਮਾਸਟਰ ਖੇਡਾਂ ਨਿਊਜ਼ੀਲੈਂਡ ਦੇ ਡਿਊਡਟ ਸ਼ਹਿਰ ਵਿਚ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਵਿਚੋਂ ਜਲੰਧਰ ਦੇ ਅਸ਼ੋਕ ਪਤਾਰਾ ਨੇ ਲੰਬੀ ਛਾਲ ਮੁਕਾਬਲੇ 'ਚੋਂ ਸੋਨ ਤਗਮੇ ਤੇ 100 ਮੀਟਰ ਦੌੜ ਤੇ ਸ਼ਾਟਪੁੱਟ ਮੁਕਾਬਲੇ 'ਚੋਂ ਚਾਂਦੀ ਦਾ ਤਗਮਾ ਹਾਸਲ ਕੀਤਾ।

ਗਹਿਲੇਵਾਲ ਦਾ 7ਵਾਂ ਪੇਂਡੂ ਖੇਡ ਮੇਲਾ 21 ਤੋਂ

ਸਮਰਾਲਾ, 18 ਮਾਰਚ  - 7ਵਾਂ ਪੇਂਡੂ ਖੇਡ ਮੇਲਾ 21 ਤੋਂ 23 ਮਾਰਚ ਤੱਕ ਸਮਰਾਲਾ ਦੇ ਨੇੜ੍ਹਲੇ ਪਿੰਡ ਗਹਿਲੇਵਾਲ 'ਚ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਵਿਚ ਕਬੱਡੀ 42, 47, 52, 60 ਅਤੇ 70, ਇੱਕ ਪਿੰਡ ਓਪਨ, ਵਾਲੀਵਾਲ, ਖੱਚਰ ਦੌੜ, ਟਰਾਲੀ ਬੈਕ, ਬੈਲ ਗੱਡੀਆਂ ਅਤੇ ਬਜ਼ੁਰਗਾਂ ਦੀਆਂ ਦੌੜਾਂ ਦੇ ਮੁਕਾਬਲੇ ਹੋਣਗੇ। ਇਸ ਖੇਡ ਮੇਲੇ ਦੌਰਾਨ ਡਾ: ਜਨਕ ਸਚਦੇਵਾ, ਜਗਦੇਵ ਸਿੰਘ ਸੁਪਰਡੈਂਟ, ਬਲਵੀਰ ਸਿੰਘ ਗਹਿਲੇਵਾਲ, ਕੁਲਦੀਪ ਸਿੰਘ ਮਾਨ, ਗੋਪੀ ਸੰਗਤਪੁਰਾ, ਹਰਦੀਪ ਘਰਖਣਾ, ਹਰਜੀਤ ਚਹਿਲਾਂ ਆਦਿ ਨੂੰ ਸੋਨੇ ਦੀਆਂ ਮੁੰਦਰੀਆਂ ਨਾਲ ਸਨਮਾਨਿਤ ਕੀਤਾ ਜਾਵੇਗਾ।

ਕੁਸ਼ਤੀ ਅਖਾੜਾ ਲੀਲ੍ਹ 'ਚ ਦੰਗਲ 21 ਨੂੰ

ਸਰਾਭਾ/ਮੁੱਲਾਂਪੁਰ ਦਾਖਾ, 18 ਮਾਰਚ - 6ਵਾਂ ਕੁਸ਼ਤੀ ਦੰਗਲ 21 ਮਾਰਚ ਨੂੰ ਕੁਸ਼ਤੀ ਅਖਾੜਾ ਲੀਲ੍ਹ (ਲੁਧਿਆਣਾ) 'ਚ ਕਰਵਾਇਆ ਜਾ ਰਿਹਾ ਹੈ।

ਚੀਮਾ ਮੰਡੀ ਦੇ ਕੁਸ਼ਤੀ ਦੰਗਲ 'ਚ ਪਰਮਿੰਦਰ ਸਿੰਘ ਡੂੰਮਛੇੜੀ ਦੀ ਸਰਦਾਰੀ

ਚੀਮਾ ਮੰਡੀ, 18 ਮਾਰਚ - ਚੌਥਾ ਕੁਸ਼ਤੀ ਦੰਗਲ ਕੁਸ਼ਤੀ ਅਖਾੜਾ ਚੀਮਾਂ ਮੰਡੀ 'ਚ ਪਹਿਲਵਾਨ ਪੂਰਨ ਸਿੰਘ ਜਖੇਪਲ ਅਤੇ ਪ੍ਰੋ. ਕਰਮ ਸਿੰਘ ਯੌਗੀ ਬਠਿੰਡਾ ਦੀ ਯਾਦ ਵਿਚ ਕਰਵਾਇਆ ਗਿਆ। ਜਿਸ ਵਿਚ ਨਾਮੀ ਪਹਿਲਵਾਨਾਂ ਨੇ ਭਾਗ ਲਿਆ। ਪ੍ਰਮੁੱਖ ਕੁਸ਼ਤੀਆਂ ਦੇ ਨਤੀਜੇ ਇਸ ਪ੍ਰਕਾਰ ਰਹੇ-ਛੋਟੀ ਝੰਡੀ ਵਾਲੀ ਕੁਸ਼ਤੀ (21000 ਰੁਪਏ) ਦੀ ਅਨਿਲ ਦਿੱਲੀ ਅਤੇ ਦੁੱਲਾ ਜ਼ੀਰਕਪੁਰ ਦਰਮਿਆਨ 20 ਮਿੰਟ ਦੀ ਕਸਮਕਸ ਤੋਂ ਬਾਅਦ ਬਰਾਬਰ ਰਹੀ। ਵੱਡੀ ਝੰਡੀ ਵਾਲੀ ਕੁਸ਼ਤੀ 'ਚ (51ਹਜ਼ਾਰ ਰੁਪਏ) ਰੁਸਤਮ-ਏ-ਹਿੰਦ ਪਰਮਿੰਦਰ ਸਿੰਘ ਡੂੰਮਛੇੜੀ ਨੇ ਗੋਲੂ ਚੰਡੀਗੜ੍ਹ ਨੂੰ ਹਰਾ ਕੇ ਆਪਣੀ ਸਰਦਾਰੀ ਕਾਇਮ ਰੱਖੀ। ਇਸ ਤੋਂ ਇਲਾਵਾ ਹਰ ਵਰ੍ਹੇ ਕਸਬੇ ਦੇ ਲੋਕ ਜਿੰਨ੍ਹਾਂ ਘਰ ਪੁੱਤਰ ਦੀ ਦਾਤ ਹੁੰਦੀ ਹੈ, ਵਲੋਂ ਦੋ ਕੁਸ਼ਤੀਆਂ ਕਰਵਾਈਆਂ ਜਾਂਦੀਆਂ ਹਨ। ਇੰਨਾਂ ਵਿਚੋਂ ਜੋ ਕਿ ਸੋਨੂੰ ਚੀਮਾ ਤੇ ਬਿਲਾ ਚੀਮਾਂ ਜੇਤੂ ਰਹੇ। ਇਨ੍ਹਾਂ ਕੁਸ਼ਤੀਆਂ ਵਿਚ ਸਿੱਖੀ ਸਰੂਪ ਵਾਲੇ ਚਾਰ ਪਹਿਲਵਾਨ ਜਸਵੰਤ ਸਿੰਘ, ਹਰਮੰਦਰ ਸਿੰਘ ਹੈਰੀ, ਰਾਜਵਿੰਦਰ ਸਿੰਘ ਰਾਜੂ, ਉਦਾ ਨਾਭਾ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ।

ਭਾਰਤੀ ਜੇਤੂ ਮੁੱਕੇਬਾਜ਼ਾਂ ਨੂੰ ਮਿਲੇ ਨਵੇਂ ਸਪਾਂਸਰ

ਨਵੀਂ ਦਿੱਲੀ, 18 ਮਾਰਚ - ਭਾਰਤ ਮੁੱਕੇਬਾਜ਼ਾਂ ਦੇ ਰਾਸ਼ਟਰਮੰਡਲ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ 6 ਸੋਨ ਤਗਮੇ ਜਿੱਤਣ ਨਾਲ ਉਨ੍ਹਾਂ ਨੂੰ ਕਰੋੜਾਂ ਦੀ ਸਪਾਂਸਰਸ਼ਿਪ ਮਿਲ ਗਈ ਹੈ। ਮੋਨੈਟ ਸਟੀਲ ਗਰੁੱਪ ਨੇ ਮੁੱਕੇਬਾਜ਼ਾਂ ਨਾਲ 'ਟੀਮ ਅਤੇ ਕਿਟ' ਸਪਾਂਸਰ ਲਈ 10 ਲੱਖ ਡਾਲਰ (ਲਗਭਗ 4 ਕਰੋੜ ਰੁਪਏ) ਦਾ ਸਮਝੌਤਾ ਕੀਤਾ ਹੈ। ਵਿਸ਼ਵ ਦੇ ਨੰਬਰ ਇਕ ਮੁੱਕੇਬਾਜ਼ ਵਜੇਂਦਰ ਸਿੰਘ ਨਾਲ ਸਪਾਂਸਰਸ਼ਿਪ ਸਮਝੌਤਾ ਕਰਨ ਵਾਲੀ ਫਰਮ ਪਰਸੈਪਟ ਸਪੋਰਟਸ ਮੈਨੇਜਮੈਂਟ ਨੇ ਪੰਜ ਹੋਰ ਮੁੱਕੇਬਾਜ਼ਾਂ ਸੂਰਨਜੋਇ, ਜੈ, ਦਿਨੇਸ਼ ਅਤੇ ਬਲਵਿੰਦਰ ਨਾਲ ਬਰਾਂਡ ਲਈ ਸਮਝੌਤਾ ਕੀਤਾ ਹੈ ਅਤੇ ਹਰੇਕ ਜੇਤੂ ਮੁੱਕੇਬਾਜ਼ ਨੂੰ 25-25 ਹਜ਼ਾਰ ਰੁਪਏ ਦਿੱਤੇ ਹਨ।

ਕਾਮਨਵੈਲਥ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਭਾਰਤੀਆਂ ਨੇ 6 ਸੋਨ ਤਗਮਿਆਂ 'ਤੇ ਕੀਤਾ ਕਬਜ਼ਾ

ਨਵੀਂ ਦਿੱਲੀ, 17 ਮਾਰਚ - ਨਵੀਂ ਦਿੱਲੀ 'ਚ ਪੰਜਵੀਂ ਕਾਮਨਵੈਲਥ ਮੁੱਕੇਬਾਜ਼ੀ ਚੈਂਪੀਅਨਸ਼ਿਪ ਕਰਵਾਈ ਗਈ। ਜਿਸ ਚੈਂਪੀਅਨਸ਼ਿਪ ਵਿਚ ਭਾਰਤੀ ਮੁੱਕੇਬਾਜ਼ਾਂ ਨੇ 6 ਸੋਨ ਤਗਮੇ ਜਿੱਤ ਕੇ ਤਹਿਲਕਾ ਮਚਾ ਦਿੱਤਾ। ਮੁੱਕੇਬਾਜ਼ੀ ਵਿਚ ਵਿਸ਼ਵ ਭਰ ਵਿਚ ਨੰਬਰ ਇਕ ਭਾਰਤੀ ਖਿਡਾਰੀ ਵਜਿੰਦਰ ਸਿੰਘ , ਤੇ ਏਸ਼ੀਅਨ ਚੈਂਪੀਅਨ ਸਰੰਜੇ ਸਿੰਘ, ਦਿਨੇਸ਼ ਸਿੰਘ ਨੇ ਆਪਣੇ ਵਿਰੋਧੀਆਂ ਨੂੰ ਹਰਾ ਕੇ ਸੋਨ ਤਗਮੇ ਜਿੱਤ ਕੇ ਸਾਰਿਆਂ ਸਾਹਮਣੇ ਆਪਣੀ ਤਾਕਤ ਦਾ ਵਧੀਆ ਪ੍ਰਦਰਸ਼ਨ ਕੀਤਾ । ਇਨ੍ਹਾਂ ਤੋਂ ਇਲਾਵਾ ਪਰਮਜੀਤ ਸਮੋਤਾ, ਅਮਨਦੀਪ, ਜੈ ਭਗਵਾਨ ਤੇ ਦਿਨੇਸ਼ ਕੁਮਾਰ ਨੇ ਆਪਣੇ ਵਿਰੋਧੀ ਮੁੱਕੇਬਾਜ਼ਾਂ ਨੂੰ ਹਰਾ ਕੇ ਜਿੱਤਾਂ ਦਰਜ ਕੀਤੀਆਂ। ਉਲੰਪਿਕ ਵਿਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਵਜਿੰਦਰ ਨੇ 75 ਕਿਲੋਗਰਾਮ ਦੇ ਵਰਗ ਵਿਚ ਆਪਣੇ ਵਿਰੋਧੀ ਇੰਗਲੈਂਡ ਦੇ ਫਰੈਂਕ ਬੁਗਲੀਓਨੀ ਨੂੰ ਹਰਾ ਦਿੱਤਾ। ਭਾਰਤੀ ਮੁੱਕਬਾਜ਼ ਦਿਨੇਸ਼ ਕੁਮਾਰ ਨੇ 81 ਕਿਲੋਗਰਾਮ ਦੇ ਵਰਗ ਵਿਚ ਸਕਾਟਲੈਂਡ ਦੇ ਮੁੱਕੇਬਾਜ਼ ਕਾਲਮ ਜੋਹਨਸਨ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਇਸ ਤਰ੍ਹਾਂ ਜੈ ਭਗਵਾਨ ਨੇ 60 ਕਿਲੋ ਦੇ ਵਰਗ ਵਿਚ ਬਹਿਰੀਨ ਦੇ ਮੁੱਕੇਬਾਜ਼ ਨੋਲਜ਼ ਨੂੰ ਹਰਾ ਦਿੱਤਾ। ਪਰਮਜੀਤ ਸਮੋਤਾ ਨੇ ਨਿਊਜ਼ੀਲੈਂਡ ਦੇ ਮੁੱਕੇਬਾਜ਼ ਜੋਸੇਫ਼ ਪਾਰਕਰ ਨੂੰ ਹਰਾਇਆ। 49 ਕਿਲੋ ਦੇ ਵਰਗ ਵਿਚ ਮੁੱਕੇਬਾਜ਼ ਅਮਨਦੀਪ ਨੇ ਕੀਨੀਆ ਦੇ ਪੀਟਰ ਮੁੰਗਾਈ ਨੂੰ ਹਰਾ ਦਿੱਤਾ।

ਭਾਰਤੀ ਮਹਿਲਾ ਹਾਕੀ ਟੀਮ ਜਾਪਾਨ ਪੁੱਜੀ

ਟੋਕੀਓ, 17 ਮਾਰਚ - ਭਾਰਤੀ ਮਹਿਲਾ ਹਾਕੀ ਟੀਮ ਜਾਪਾਨ ਦੇ ਖਿਲਾਫ਼ 19 ਮਾਰਚ ਨੂੰ ਚਾਰ ਮੈਚਾਂ ਦੀ ਟੈਸਟ ਲੜੀ ਖੇਡਣ ਲਈ ਟੋਕੀਓ ਪੁੱਜ ਗਈ ਹੈ। ਟੋਕੀਓ ਖੇਡਣ ਤੋਂ ਬਾਅਦ ਭਾਰਤੀ ਟੀਮ 25 ਮਾਰਚ ਨੂੰ ਸ਼ੰਘਾਈ ਵਿਚ ਏਸ਼ੀਅਨ ਚੈਂਪੀਅਨ ਚੀਨ ਦੇ ਖਿਲਾਫ਼ ਪੰਜ ਮੈਚ ਖੇਡੇਗੀ। ਭਾਰਤ ਤੇ ਜਾਪਾਨ ਵਿਚਾਲੇ ਬਾਕੀ ਮੈਚ 21 ਤੇ 22 ਮਾਰਚ ਨੂੰ ਖੇਡੇ ਜਾਣਗੇ। ਅਗਸਤ-ਸਤੰਬਰ ਵਿਚ ਹੋਣ ਵਾਲੇ ਮਹਿਲਾ ਹਾਕੀ ਵਿਸ਼ਵ ਕੱਪ ਦੀ ਤਿਆਰੀ ਦੇ ਮੱਦੇਨਜ਼ਰ ਇਹ ਦੌਰਾ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ।

43ਵਾਂ ਪਿੰਡ ਵਲਟੋਹਾ ਦਾ ਕਬੱਡੀ ਟੂਰਨਾਮੈਂਟ ਸਮਾਪਤ

ਮੱਲਾਂਵਾਲਾ/ਖੋਸਾ ਦਲ ਸਿੰਘ, 17 ਮਾਰਚ - 43ਵਾਂ ਸਲਾਨਾ ਜੋੜ ਮੇਲਾ ਅਤੇ ਕਬੱਡੀ ਟੂਰਨਾਮੈਂਟ ਪਿੰਡ ਵਲਟੋਹਾ 'ਚ ਕਰਵਾਇਆ ਗਿਆ। ਇਸ ਮੇਲੇ ਵਿਚ ਕਬੱਡੀ ਦੀਆਂ 80 ਟੀਮਾਂ ਨੇ ਭਾਗ ਲਿਆ। 52 ਕਿਲੋਗ੍ਰਾਮ ਵਰਗ ਵਿਚ ਭਿੰਡਰ ਕਲਾਂ ਦੀ ਟੀਮ ਪਹਿਲੇ ਅਤੇ ਖੋਸਾ ਪਾਂਡੋ ਦੀ ਟੀਮ ਦੂਜੇ ਸਥਾਨ 'ਤੇ ਰਹੀ। 65 ਕਿਲੋਗ੍ਰਾਮ ਵਰਗ ਵਿਚ ਲੋਪੋ ਦੀ ਟੀਮ ਪਹਿਲੇ ਅਤੇ ਧੰਨਾ ਸ਼ਹੀਦ ਦੀ ਟੀਮ ਦੂਜੇ ਸਥਾਨ 'ਤੇ ਰਹੀ। ਓਪਨ ਕਬੱਡੀ ਵਿਚ ਚੂਚਕਵਿੰਡ ਦੀ ਟੀਮ ਪਹਿਲੇ ਅਤੇ ਵਕੀਲਾਂ ਵਾਲੀ ਦੀ ਟੀਮ ਦੂਜੇ ਸਥਾਨ 'ਤੇ ਰਹੀ।

ਲੱਡੂ ਡੂਮਛੇੜੀ ਅਤੇ ਕ੍ਰਿਸ਼ਨਾ ਖੰਨਾ ਬਰਾਬਰ ਰਹੇ

ਮੁਕੰਦਪੁਰ, 16 ਮਾਰਚ - ਮੁਕੰਦਪੁਰ ਦੇ ਨੇੜਲੇ ਪਿੰਡ ਸਮਰਾੜੀ 'ਚ ਛਿੰਝ ਮੇਲਾ ਕਰਵਾਇਆ ਗਿਆ। ਇਸ ਛਿੰਝ ਮੇਲੇ ਵਿਚ 100 ਦੇ ਕਰੀਬ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਵਾਈਆਂ ਗਈਆਂ। ਪਟਕੇ ਦੀ ਕੁਸ਼ਤੀ ਲੱਡੂ ਡੂਮਛੇੜੀ ਅਤੇ ਕ੍ਰਿਸ਼ਨਾ ਖੰਨਾ ਵਿਚਕਾਰ ਹੋਈ। ਮਿਥੇ ਸਮੇਂ ਤੱਕ ਦੋਵੇਂ ਪਹਿਲਵਾਨ ਬਰਾਬਰੀ 'ਤੇ ਰਹੇ। ਦੋਵਾਂ ਪਹਿਲਵਾਨਾਂ ਨੂੰ ਮੋਟਰਸਾਇਕਲਾਂ ਨਾਲ ਸਨਮਾਨਿਤ ਕੀਤਾ ਗਿਆ। ਹੋਰ ਜੇਤੂਆਂ ਨੂੰ ਮੁੰਦਰੀਆਂ, ਘੜੀਆਂ ਅਤੇ ਨਕਦ ਇਨਾਮ ਦਿੱਤੇ ਗਏ।

ਪੰਜਾਬ ਐਥਲੈਟਿਕਸ ਐਸੋਸੀਏਸ਼ਨ ਵੱਲੋਂ ਖੇਡਾਂ ਦੀਆਂ ਤਰੀਕਾਂ ਦਾ ਐਲਾਨ

ਜਲੰਧਰ, 16 ਮਾਰਚ - 22ਵੀਂ ਨਾਰਥ ਜ਼ੋਨ ਐਥਲੈਟਿਕਸ ਚੈਂਪੀਅਨਸ਼ਿਪ ਅਗਸਤ ਮਹੀਨੇ ਵਿਚ ਕਰਵਾਈ ਜਾ ਰਹੀ ਹੈ। ਪੰਜਾਬ ਐਥਲੈਟਿਕਸ ਐਸੋਸੀਏਸ਼ਨ ਵੱਲੋਂ ਇਹ ਕਿਹਾ ਗਿਆ ਕਿ ਇਸ ਸਬੰਧੀ ਸਾਰੇ ਜ਼ਿਲ੍ਹਿਆਂ ਦੇ ਵਿਚ ਜ਼ਿਲ੍ਹਾ ਪੱਧਰ ਦੇ ਐਥਲੈਟਿਕਸ ਮੁਕਾਬਲੇ 1 ਤੋਂ 10 ਅਗਸਤ ਤੱਕ ਮੁਕੰਮਲ ਕਰਵਾ ਲਏ ਜਾਣ। ਸਟੇਟ ਚੈਂਪੀਅਨਸ਼ਿਪ ਮਾਨਸਾ ਵਿਖੇ 17 ਤੇ 18 ਜੁਲਾਈ ਨੂੰ ਕਰਵਾਈ ਜਾ ਰਹੀ ਹੈ ਤੇ ਸੀਨੀਅਰ ਸਟੇਟ ਚੈਂਪੀਅਨਸ਼ਿਪ ਸੰਗਰੂਰ ਵਿਖੇ 24-25 ਜੁਲਾਈ ਨੂੰ ਕਰਵਾਈ ਜਾ ਰਹੀ ਹੈ। ਇਨ੍ਹਾਂ ਤੋਂ ਇਲਾਵਾ ਸਟੇਟ ਕਰਾਸ ਕੰਟਰੀ ਚੈਂਪੀਅਨਸ਼ਿਪ ਕਾਦੀਆਂ ਵਿਖੇ 9 ਜਨਵਰੀ 2011 ਨੂੰ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ਐਥਲੈਟਿਕਸ ਟੀਮ ਦੀ ਚੋਣ 14 ਅਪ੍ਰੈਲ ਨੂੰ ਸਪੋਰਟਸ ਸਕੂਲ ਜਲੰਧਰ ਵਿਖੇ, ਯੂਥ ਨੈਸ਼ਨਲ ਐਥਲੈਟਿਕਸ ਚੈਂਪੀਅਨਸ਼ਿਪ, ਸੀਨੀਅਰ ਫੈਡਰੇਸ਼ਨ ਕੱਪ, ਓਪਨ ਨੈਸ਼ਨਲ ਐਥਲੈਟਿਕਸ ਚੈਂਪੀਅਨਸ਼ਿਪ ਲਈ ਹਿੱਸਾ ਲੈਣ ਲਈ ਕੀਤੀ ਜਾਵੇਗੀ।

ਵੈਨਕੂਵਰ ਪੈਰਾ-ਉਲੰਪਿਕ ਖੇਡਾਂ 'ਚ ਰੂਸ ਦਾ 15 ਤਗਮਿਆਂ 'ਤੇ ਕਬਜ਼ਾ

ਵੈਨਕੂਵਰ, 16 ਮਾਰਚ - ਵੈਨਕੂਵਰ 'ਚ ਉਲੰਪਿਕ ਖੇਡਾਂ ਤੋਂ ਬਾਅਦ ਪੈਰਾ ਉਲੰਪਿਕ ਖੇਡਾਂ ਚੱਲ ਰਹੀਆਂ ਹਨ। ਇਨ੍ਹਾਂ ਖੇਡਾਂ ਵਿਚ ਜਿਸਮਾਨੀ ਤੌਰ 'ਤੇ ਅਪੰਗ-ਅਪਾਹਜ ਜਾਂ ਕਿਸੇ ਕੁਦਰਤੀ ਕਰੋਪੀ ਦੇ ਸ਼ਿਕਾਰ ਖਿਡਾਰੀਆਂ ਵੱਲੋਂ ਬੇਮਿਸਾਲ ਹੌਸਲਾ ਤੇ ਉਤਸ਼ਾਹ ਵਿਖਾਉਂਦਿਆਂ ਦਰਸ਼ਕਾਂ ਨੂੰ ਕੀਲਿਆ ਗਿਆ। ਸਰਦ ਰੁੱਤ ਉਲੰਪਿਕ ਖੇਡਾਂ ਵਿਚ ਬਰਫ਼ 'ਤੇ ਵੱਖ-ਵੱਖ ਖਿਡਾਰੀਆਂ ਵੱਲੋਂ ਵਿਖਾਏ ਗਏ ਜੌਹਰ ਸਰੀਰਕ ਤੌਰ 'ਤੇ ਤਕੜੇ ਲੋਕਾਂ ਨੂੰ ਮੂੰਹ ਵਿਚ ਉਂਗਲਾਂ ਪਾਉਣ ਲਈ ਮਜਬੂਰ ਕਰ ਰਹੇ ਸਨ। ਸੋਮਵਾਰ ਦੇ ਮੁਕਾਬਲੇ ਖਤਮ ਹੋਣ 'ਤੇ ਰੂਸ ਇਨ੍ਹਾਂ ਉਲੰਪਿਕ ਖੇਡਾਂ ਵਿਚ 15 ਤਗਮੇ ਲੈ ਕੇ ਸਭ ਤੋਂ ਅੱਗੇ ਹੈ। ਕੁੱਲ ਸੂਚੀ ਇਸ ਤਰ੍ਹਾਂ ਹੈ-

ਵਿਸ਼ਵ ਕੱਪ ਹਾਕੀ ਦਾ ਮਹਾਂਕੁੰਭ ਸਮਾਪਤ

ਨਵੀਂ ਦਿੱਲੀ, 15 ਮਾਰਚ : ਹੀਰੋ ਹਾਂਡਾ ਵਿਸ਼ਵ ਕੱਪ ਹਾਕੀ ਮੁਕਾਬਲਾ 28 ਫਰਵਰੀ ਤੋਂ 13 ਮਾਰਚ ਤੱਕ ਨਵੀਂ ਦਿੱਲੀ ਦੇ ਮੇਜਰ ਧਿਆਨ ਚੰਦ ਹਾਕੀ ਸਟੇਡੀਅਮ ਵਿਚ ਕਰਵਾਇਆ ਗਿਆ। ਆਸਟ੍ਰੇਲੀਆ ਨੇ ਪੂਰੇ 24 ਸਾਲ ਬਾਅਦ ਚੈਂਪੀਅਨ ਬਣਨ ਦਾ ਆਪਣਾ ਸੁਪਨਾ ਸਾਕਾਰ ਕੀਤਾ ਜਦ ਕਿ ਜਰਮਨ ਦੀ ਨੌਜਵਾਨ ਟੀਮ ਨੇ ਲੋਕਾਂ ਦੇ ਮਨ ਜਿੱਤੇ। ਦੋ ਹਫ਼ਤੇ ਵਿਚ ਕੋਈ ਜਿੱਤਿਆ, ਕੋਈ ਹਾਰਿਆ ਪਰ ਸਾਰੀਆਂ ਹੀ ਟੀਮਾਂ, ਖਿਡਾਰੀਆਂ, ਦਰਸ਼ਕਾਂ ਨੇ ਖੇਡ ਭਾਵਨਾ ਦਾ ਅਜਿਹਾ ਸਬੂਤ ਦਿੱਤਾ ਕਿ ਵਿਸ਼ਵ ਕੱਪ ਦੇ 30 ਸਾਲਾ ਇਤਿਹਾਸ ਵਿਚ ਇਸ ਤਰ੍ਹਾਂ ਦਾ ਸਾਫ਼-ਸੁਥਰਾ ਅਤੇ ਹਾਕੀ ਪ੍ਰਤੀ ਖਿੱਚ ਦਾ ਮਾਹੌਲ ਨਹੀਂ ਮਿਲਿਆ। ਵਿਸ਼ਵ ਕੱਪ ਦੀ ਸ਼ੁਰੂਆਤ ਹੀ ਇਸ ਵਾਰ ਵੱਡੇ ਉਲਟ ਫੇਰਾਂ ਨਾਲ ਹੋਈ। ਪਹਿਲੇ ਦਿਨ ਹੀ ਇੰਗਲੈਂਡ ਨੇ ਆਸਟ੍ਰੇਲੀਆ ਨੂੰ ਹਰਾ ਕੇ ਤਹਿਲਕਾ ਮਚਾਇਆ। ਉਸੇ ਦਿਨ ਹੀ ਭਾਰਤੀ ਟੀਮ ਨੇ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ ਹਰਾ ਕੇ ਵਧੀਆ ਜੇਤੂ ਸ਼ੁਰੂਆਤ ਕੀਤੀ, ਭਾਵੇਂ ਕਿ ਬਾਅਦ ਵਿਚ ਭਾਰਤੀ ਟੀਮ ਨੇ ਹਰ ਮੈਚ ਦੇ ਦੌਰਾਨ ਦਰਸ਼ਕਾਂ ਨੂੰ ਨਿਰਾਸ਼ ਕੀਤਾ। ਇਸ ਤੋਂ ਇਲਾਵਾ ਹੋਰ ਹੋਏ ਵੱਡੇ ਉਲਟ-ਫੇਰਾਂ ਵਿਚ ਨਿਊਜ਼ੀਲੈਂਡ ਨੇ ਕੋਰੀਆ ਨੂੰ, ਦੱਖਣੀ ਅਫਰੀਕਾ ਨੇ ਪਾਕਿਸਤਾਨ ਨੂੰ ਅਤੇ ਕੋਰੀਆ ਨੇ ਹਾਲੈਂਡ ਅਤੇ ਕੈਨੇਡਾ ਨੇ ਪਾਕਿਸਤਾਨ ਨੂੰ ਹਰਾ ਕੇ ਸਨਸਨੀ ਪੈਦਾ ਕੀਤੀ। ਆਸਟ੍ਰੇਲੀਆ ਨੇ ਦੱਖਣੀ ਅਫਰੀਕਾ ਨੂੰ 12-0 ਨਾਲ ਹਰਾ ਕੇ ਵਿਸ਼ਵ ਕੱਪ ਇਤਿਹਾਸ ਦੀ ਵੱਡੀ ਜਿੱਤ ਪ੍ਰਾਪਤ ਕੀਤੀ ਜਦ ਕਿ ਕੋਰੀਆ ਬਨਾਮ ਕੈਨੇਡਾ ਮੈਚ ਵਿਚ ਸਭ ਤੋਂ ਵੱਧ 11 ਗੋਲ ਹੋਏ। ਪੂਰੇ ਟੂਰਨਾਮੈਂਟ ਦੌਰਾਨ 199 ਗੋਲ ਹੋਏ। ਆਸਟ੍ਰੇਲੀਆ ਦਾ ਲੁਕ ਡੋਇਨਰ ਅਤੇ ਹਾਲੈਂਡ ਦਾ ਟੀਕੇਮੇ ਟੇਕਾ 8-8 ਗੋਲ ਕਰਕੇ ਸਾਂਝੇ ਸਰਬੋਤਮ ਸਕੋਰਰ ਬਣੇ। ਇਸ ਤੋ ਪਹਿਲਾਂ 2002 ਵਿਸ਼ਵ ਕੱਪ ਵਿਚ ਸੋਹੇਲ ਅਬਾਸ (ਪਾਕਿਸਤਾਨ) ਅਤੇ ਜੋਰਜ ਲੋਂਬੀ (ਅਰਜਨਟਾਈਨਾ) ਨੇ 10-10 ਗੋਲ ਕਰਕੇ ਸਰਬੋਤਮ ਸਕੋਰਰ ਬਣਨ ਦਾ ਮਾਣ ਹਾਸਲ ਕੀਤਾ ਸੀ। ਪੂਰੇ ਟੂਰਨਾਮੈਂਟ ਦੌਰਾਨ ਜਰਮਨੀ ਬਨਾਮ ਕੋਰੀਆ, ਹਾਲੈਂਡ ਬਨਾਮ ਜਰਮਨੀ, ਦੱਖਣੀ ਅਫਰੀਕਾ ਬਨਾਮ ਨਿਊਜ਼ੀਲੈਂਡ ਮੈਚ ਬਰਾਬਰ ਰਹੇ ਜਦਕਿ ਬਾਕੀ ਸਾਰੇ ਮੈਚਾਂ ਵਿਚ ਹਾਰ-ਜਿੱਤ ਦਾ ਫੈਸਲਾ ਹੋਇਆ। ਅਫਰੀਕਾ ਅਤੇ ਨਿਊਜ਼ੀਲੈਂਡ ਮੈਚ ਦਾ ਫੈਸਲਾ ਪੈਨਲਟੀ ਸਟਰੋਕਾਂ 'ਤੇ ਗਿਆ। ਪੈਨਲਟੀ ਸਟੋਰਕਾਂ ਤੋਂ ਵੱਖ-ਵੱਖ ਟੀਮਾਂ ਨੇ ਸਿਰਫ਼ 6 ਗੋਲ ਕੀਤੇ। ਕੁੱਲ 79 ਕੋਲ ਪੈਨਲਟੀ ਕਾਰਨਰਾਂ ਰਾਹੀਂ ਕੀਤੇ ਗਏ ਜਿਸ ਵਿਚ ਲੁਕ ਡੋਇਨਰ ਨੇ ਸਭ ਤੋਂ ਵੱਧ 8 ਗੋਲ ਕੀਤੇ। ਭਾਰਤ ਦੇ ਸੰਦੀਪ ਸਿੰਘ ਨੇ ਆਪਣੀ ਟੀਮ ਵੱਲੋਂ ਸਭ ਤੋਂ ਵੱਧ ਚਾਰ ਗੋਲ ਕੀਤੇ। ਵੱਖ-ਵੱਖ ਟੀਮਾਂ ਦੇ ਖਿਡਾਰੀਆਂ ਨੂੰ 29 ਹਰੇ ਕਾਰਡ ਅਤੇ 23 ਪੀਲੇ ਕਾਰਡਾਂ ਦਾ ਸਾਹਮਣਾ ਕਰਨਾ ਪਿਆ ਜਦ ਕਿ ਰੈੱਡ ਕਾਰਡ ਕਿਸੇ ਵੀ ਖਿਡਾਰੀ ਨੂੰ ਨਹੀਂ ਹੋਇਆ। ਭਾਰਤ ਦੇ ਸ਼ਵਿੰਦਰ ਸਿੰਘ ਅਤੇ ਪਾਕਿਸਤਾਨ ਦੇ ਮੁਹੰਮਦ ਇਮਰਾਨ ਨੂੰ ਮੈਚਾਂ ਦੀ ਮੁਅੱਤਲੀ ਦਾ ਸਾਹਮਣਾ ਕਰਨਾ ਪਿਆ। ਸਭ ਤੋਂ ਵੱਧ ਗੋਲ ਦੱਖਣੀ ਅਫਰੀਕਾ ਨੇ 32 ਅਤੇ ਕੈਨੇਡਾ ਨੇ 30 ਖਾਧੇ ਜਦਕਿ ਸਭ ਤੋਂ ਵੱਧ 27 ਗੋਲ ਆਸਟ੍ਰੇਲੀਆ ਨੇ ਕੀਤੇ ਅਤੇ ਸਭ ਤੋਂ ਘੱਟ 8 ਗੋਲ ਖਾਧੇ। ਪੂਰੇ ਟੂਰਨਾਮੈਂਟ ਦੌਰਾਨ ਸਭ ਤੋਂ ਹਾਸੋਹੀਣੀ ਹਾਲਤ ਪਾਕਿਸਤਾਨ ਦੀ ਹੋਈ ਜੋ ਕੈਨੇਡਾ ਹੱਥੋਂ ਹਾਰ ਕੇ ਫਾਡੀ ਸਥਾਨ 'ਤੇ ਰਿਹਾ। ਟੂਰਨਾਮੈਂਟ ਦਾ ਸਭ ਤੋਂ ਰੋਮਾਂਚਿਕ ਮੈਚ ਭਾਰਤ ਬਨਾਮ ਹਾਲੈਂਡ ਅਤੇ ਆਸਟ੍ਰੇਲੀਆ ਬਨਾਮ ਜਰਮਨੀ ਰਹੇ, ਜੋ ਦਰਸ਼ਕਾਂ ਦੇ ਮਨਾਂ 'ਤੇ ਲੰਬਾ ਸਮਾਂ ਰਾਜ ਕਰਨਗੇ।

ਵਿਸ਼ਵ ਕੱਪ ਕਬੱਡੀ ਮੁਕਾਬਲਾ 3 ਤੋਂ

ਲੁਧਿਆਣਾ, 15 ਮਾਰਚ - ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿਚ 3 ਤੋਂ 15 ਅਪ੍ਰੈਲ ਤੱਕ ਵਿਸ਼ਵ ਕੱਪ ਕਬੱਡੀ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਵਿਸ਼ਵ ਕਬੱਡੀ ਕੱਪ ਦਾ ਉਦਘਾਟਨੀ ਸਮਾਰੋਹ ਪਟਿਆਲਾ ਵਿਖੇ ਅਤੇ ਸਮਾਪਤੀ ਸਮਾਰੋਹ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਹੋਵੇਗਾ। ਵਿਸ਼ਵ ਕਬੱਡੀ ਕੱਪ ਦੇ ਸਾਰੇ ਮੈਚ ਫਲੱਡ ਲਾਈਟਾਂ ਦੀ ਰੌਸ਼ਨੀ ਵਿਚ ਹੋਣਗੇ। ਵਿਸ਼ਵ ਕੱਪ ਕਬੱਡੀ ਦੇ ਮੈਚ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਬਠਿੰਡਾ, ਹੁਸ਼ਿਆਰਪੁਰ, ਮੁਕਤਸਰ ਜ਼ਿਲ੍ਹਿਆਂ ਦੇ ਪ੍ਰਮੁੱਖ ਸਟੇਡੀਅਮ ਵਿਚ ਹੋਣਗੇ। ਸਾਬਕਾ ਰਾਸ਼ਟਰੀ ਕੋਚ ਦੇਵੀ ਦਿਆਲ ਨੂੰ ਆਸਟਰੇਲੀਆ, ਨਿਊਜੀਲੈਂਡ ਟੀਮਾਂ ਲਈ ਅਬਜ਼ਰਵਰ ਬਣਾਇਆ ਹੈ। ਇਸ ਵਿਚ ਭਾਰਤ ਤੋਂ ਇਲਾਵਾ, ਅਮਰੀਕਾ, ਕੈਨੇਡਾ, ਇੰਗਲੈਂਡ, ਇਟਲੀ, ਨਾਰਵੇ, ਆਸਟਰੇਲੀਆ, ਨਿਊਜੀਲੈਂਡ, ਡੁਬੱਈ, ਪਾਕਿਸਤਾਨ, ਇਰਾਨ ਆਦਿ ਮੁਲਕਾਂ ਦੀਆਂ ਟੀਮਾਂ ਹਿੱਸਾ ਲੈਣਗੀਆਂ। ਚੈਂਪੀਅਨ ਟੀਮ ਨੂੰ ਇਕ ਕਰੋੜ, ਉਪ ਜੇਤੂ ਨੂੰ 50 ਲੱਖ ਤੀਸਰੇ ਸਥਾਨ ਵਾਲੀ ਨੂੰ 25 ਲੱਖ ਦਾ ਜੇਤੂ ਇਨਾਮ ਮਿਲੇਗਾ।

 ਮੀਰੀ-ਪੀਰੀ ਕਲੱਬ ਕਪੂਰਥਲਾ ਦੀ ਝੰਡੀ

ਅੱਚਲ ਸਾਹਿਬ, 15 ਮਾਰਚ - ਪਹਿਲਾ ਕਬੱਡੀ ਗੋਲਡ ਕੱਪ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਬੱਲਪੁਰੀਆਂ ਵਿਖੇ ਕਰਵਾਇਆ ਗਿਆ। ਇਸ ਕਬੱਡੀ ਗੋਲਡ ਕੱਪ ਦੇ ਪਹਿਲੇ ਮੈਚ ਦੌਰਾਨ ਚੜ੍ਹਦੀ ਕਲਾ ਕਬੱਡੀ ਕਲੱਬ ਨੂੰ ਮੀਰੀ-ਪੀਰੀ ਕਲੱਬ ਨੇ ਹਰਾਇਆ। ਅਕੈਡਮੀਆਂ ਦੇ ਫਸਵੇਂ ਮੁਕਾਬਲਿਆਂ ਵਿਚੋਂ ਬਾਬਾ ਦਲੀਪ ਸਿੰਘ ਬੱਲ ਅਕੈਡਮੀ ਨੇ ਅੰਮ੍ਰਿਤਸਰ ਕਬੱਡੀ ਅਕੈਡਮੀ ਨੂੰ 35-15 ਨਾਲ ਹਾਰ ਦਿੱਤੀ ਅਤੇ ਫਾਈਨਲ ਮੁਕਾਬਲਿਆਂ ਦੌਰਾਨ ਮੀਰੀ-ਪੀਰੀ ਕਬੱਡੀ ਕਲੱਬ ਕਪੂਰਥਲਾ ਨੇ ਅੰਬੀ ਹਠੂਰ ਮੋਗਾ ਇੰਟਰਨੈਸ਼ਨਲ ਕਲੱਬ ਨੂੰ 26-45 ਨਾਲ ਹਰਾ ਕੇ 10 ਮੋਟਰ ਸਾਈਕਲ ਅਤੇ ਕਬੱਡੀ ਗੋਲਡ ਕੱਪ ਜਿੱਤਿਆ।

ਵਿਸ਼ਵ ਕੱਪ ਕਬੱਡੀ ਲਈ ਟੀਮ ਦੀ ਚੋਣ 20 ਨੂੰ

ਚੰਡੀਗੜ੍ਹ, 15 ਮਾਰਚ - ਪੰਜਾਬ ਖੇਡ ਵਿਭਾਗ ਵੱਲੋਂ ਵਿਸ਼ਵ ਕੱਪ ਕਬੱਡੀ (ਸਰਕਲ ਸਟਾਈਲ) ਪੰਜਾਬ ਲਈ ਭਾਰਤੀ ਟੀਮ ਚੁਣਨ ਵਾਸਤੇ ਟਰਾਇਲ 20 ਮਾਰਚ ਨੂੰ ਹੋਣਗੇ। ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਇਹ ਟਰਾਇਲ 20 ਮਾਰਚ ਨੂੰ ਸਵੇਰ 9 ਵਜੇ ਲਏ ਜਾਣਗੇ।

ਰਣਜੀਤ ਅਖਾੜਾ ਦੀ ਬੱਲੇ ਬੱਲੇ

ਜੌੜੇਪੁਲ ਜਰਗ, 15 ਮਾਰਚ - ਜਰਗ ਵਿਖੇ ਜਥੇ: ਸੰਤ ਮਹਿੰਦਰ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਗੱਤਕਾ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ਵਿਚ ਪੰਜਾਬ, ਚੰਡੀਗੜ੍ਹ, ਦਿੱਲੀ, ਰਾਜਸਥਾਨ, ਉੜੀਸਾ, ਕਰਨਾਟਕਾ, ਮਹਾਂਰਾਸ਼ਟਰ, ਹਰਿਆਣਾ ਅਤੇ ਯੂ. ਪੀ. ਦੀਆਂ ਗੱਤਕਾ ਅਕੈਡਮੀਆਂ ਦੇ ਖਿਡਾਰੀਆਂ ਨੇ ਜੌਹਰ ਦਿਖਾਏ। ਗੱਤਕਾ ਮੁਕਾਬਲੇ 'ਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਰਜਿ: ਰਣਜੀਤ ਅਖਾੜਾ (ਸਨੌਰ ਰੋਡ) ਪਟਿਆਲਾ ਨੇ ਪਹਿਲਾ ਅਤੇ ਇੰਟਰਨੈਸ਼ਨਲ ਦਸ਼ਮੇਸ਼ ਅਖਾੜਾ ਮਾਛੀਵਾੜਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸ਼ਸ਼ਤਰ ਪ੍ਰਦਰਸ਼ਨੀ 'ਚ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਗੱਤਕਾ ਅਖਾੜਾ ਜੰਡਿਆਲਾ ਗੁਰੂ ਨੇ ਪਹਿਲਾ, ਅਕਾਲ ਖਾਲਸਾ ਸਪੋਰਟਸ ਕਲੱਬ ਜਲੰਧਰ ਨੇ ਦੂਜਾ ਅਤੇ ਮੀਰੀ ਪੀਰੀ ਖਾਲਸਾ ਗੱਤਕਾ ਅਖਾੜਾ ਸਰਹਾਲੀ ਕਲਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਰਾਸ਼ਟਰੀ ਫੁੱਟਬਾਲ ਲੀਗ

ਲੁਧਿਆਣਾ, 15 ਮਾਰਚ - ਗੁਰੂ ਨਾਨਕ ਸਟੇਡੀਅਮ ਲੁਧਿਆਣਾ 'ਚ ਰਾਸ਼ਟਰੀ ਫੁੱਟਬਾਲ ਲੀਗ ਦੇ 16ਵੇਂ ਗੇੜ ਦੇ ਅਹਿਮ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ਮੁਕਾਬਲਿਆਂ 'ਚ ਮੇਜ਼ਬਾਨ ਜੇ. ਸੀ. ਟੀ. ਫਗਵਾੜਾ ਨੇ ਮੋਹਨ ਬਗਾਨ ਕੋਲਕਾਤਾ ਨੂੰ ਗੋਲ ਰਹਿਤ ਬਰਾਬਰੀ 'ਤੇ ਰੋਕਿਆ। ਜੇ. ਸੀ. ਟੀ. ਦੇ ਜਸਵਿੰਦਰ ਸਿੰਘ ਨੂੰ ਮੈਨ. ਆਫ਼ ਦੀ ਮੈਚ ਵਜੋਂ 5 ਹਜ਼ਾਰ ਰੁਪਏ ਨਾਲ ਸਨਮਾਨਿਤ ਕੀਤਾ। ਜੇ. ਸੀ. ਟੀ. ਦਾ ਅਗਲਾ ਮੈਚ 20 ਮਾਰਚ ਨੂੰ ਫੁੱਟਬਾਲ ਕਲੱਬ ਮੁੰਬਈ ਨਾਲ ਸ਼ਾਮ 3:30 ਵਜੇ ਸ਼ੁਰੂ ਹੋਵੇਗਾ।

ਖਿਲਚੀਆਂ ਦੀਆਂ ਖੇਡਾਂ 'ਚ ਸ੍ਰੀ ਗੁਰੂ ਤੇਗ਼ ਬਹਾਦਰ ਕਲੱਬ ਅੱਵਲ

ਖਿਲਚੀਆਂ, 15 ਮਾਰਚ - ਕਸਬਾ ਖਿਲਚੀਆਂ ਦੀਆਂ ਖੇਡਾਂ 'ਚ ਕਰਵਾਏ ਗਏ ਫੁੱਟਬਾਲ ਦੇ ਮੁਕਾਬਲਿਆਂ ਵਿਚ 22 ਟੀਮਾਂ ਨੇ ਭਾਗ ਲਿਆ, ਜਿਸ ਵਿਚ ਛੱਜਲਵੱਡੀ ਦੀ ਟੀਮ ਨੇ ਖ਼ਾਨ ਛਾਪੜੀ ਨੂੰ ਹਰਾ ਕੇ ਪਹਿਲਾ ਇਨਾਮ ਹਾਸਲ ਕੀਤਾ। ਵਾਲੀਵਾਲ ਦੇ ਫਾਈਨਲ ਮੁਕਾਬਲੇ ਵਿਚ ਜਗਦੇਵ ਕਲਾਂ ਦੀ ਟੀਮ ਝਾੜਪੁਰਾ ਕੋਲੋਂ 2 ਨੰਬਰਾਂ ਨਾਲ ਹਾਰ ਗਈ। ਕਬੱਡੀ ਓਪਨ ਦੇ ਸਖ਼ਤ ਮੁਕਾਬਲੇ ਵਿਚ ਸ੍ਰੀ ਗੁਰੂ ਤੇਗ ਬਹਾਦਰ ਕਲੱਬ ਖਿਲਚੀਆਂ (ਅੰੱਿਮਤਸਰ) ਨੇ ਮੂਲੇਵਾਲ ਖ਼ਹਿਰਾਂ (ਗੁਰਦਾਸਪੁਰ) ਨੂੰ ਹਰਾ ਕੇ 31,000 ਰੁਪਏ ਦਾ ਨਗਦ ਇਨਾਮ ਤੇ ਟਰਾਫ਼ੀ ਪ੍ਰਾਪਤ ਕੀਤੀ। ਦਸ ਸਾਲ ਦੀ ਉਮਰ ਦੇ ਬੱਚਿਆਂ ਦੀ ਰੌਚਕ ਕਬੱਡੀ ਦੇ ਮੁਕਾਬਲੇ ਵਿਚ ਬਾਬਾ ਦੀਪ ਸਿੰਘ ਸ਼ਹੀਦ ਕਲੱਬ ਅਤੇ ਬਾਬਾ ਭਾਗ ਦਾਸ ਕਲੱਬ ਵਿਚਕਾਰ ਸਖ਼ਤ ਮੁਕਾਬਲਾ ਹੋਇਆ। ਦੋਵਾਂ ਟੀਮਾਂ ਨੂੰ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸ: ਸ਼ਿਵਚਰਨ ਸਿੰਘ ਜਫ਼ਰਵਾਲ (ਗੁਰਦਾਸਪੁਰ) ਦੀ ਗਤਕਾ ਟੀਮ ਨੇ ਗਤਕੇ ਦੇ ਜੌਹਰ ਦਿਖਾ ਕੇ ਦਰਸ਼ਕਾਂ ਨੂੰ ਨਿਹਾਲ ਕੀਤਾ, ਉਥੇ ਜਲੰਧਰ ਦੀ ਜਿਮਨਾਸਟਿਕ ਟੀਮ ਨੇ ਆਪਣੀਆਂ ਕਲਾ ਬਾਜੀਆਂ ਰਾਹੀਂ ਖ਼ੇਡ ਪ੍ਰੇਮੀਆਂ ਦਾ ਮਨੋਰੰਜਨ ਕੀਤਾ। ਬੱਬੇ ਤਿੰਮੋਵਾਲ ਦੀਆਂ ਘੋੜੀਆਂ ਇਸ ਖ਼ੇਡ ਮੇਲੇ ਦਾ ਖਿੱਚ ਦਾ ਕੇਂਦਰ ਬਣੀਆਂ ਰਹੀਆਂ। ਮੇਜਰ ਹਿੰਦੁਸਤਾਨੀ ਅਤੇ ਉਸ ਦੀ ਸਹਾਇਕਾ ਨੇ ਬੁਲਟ ਮੋਟਰ ਸਾਇਕਲ 'ਤੇ ਕਲਾ ਬਾਜੀਆਂ ਮਾਰ ਕੇ ਦਰਸ਼ਕਾਂ ਦੀ ਵਾਹ-ਵਾਹ ਖੱਟੀ, ਸਟੇਜ ਸੈਕਟਰੀ ਦੀ ਭੂਮਿਕਾ ਮਨਜੀਤ ਸਿੰਘ ਮੰਨਾ (ਧਾਮੀ) ਨੇ ਬਾਖ਼ੂਬੀ ਨਿਭਾਈ।

ਏਸ਼ੀਅਨ ਪੈਦਲ ਚਾਲ ਚੈਂਪੀਅਨਸ਼ਿਪ 'ਚ ਦੀਪਮਾਲਾ ਦੀ ਸਰਦਾਰੀ

ਪਟਿਆਲਾ, 15 ਮਾਰਚ - ਏਸ਼ੀਅਨ ਪੈਦਲ ਚਾਲ ਚੈਂਪੀਅਨਸ਼ਿਪ ਜਪਾਨ ਦੇ ਸ਼ਹਿਰ ਨੌਮੀ 'ਚ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿਚ ਐਲ. ਦੀਪਮਾਲਾ ਦੇਵੀ ਨੇ 20 ਕਿਲੋਮੀਟਰ ਪੈਦਲ ਚਾਲ ਮੁਕਾਬਲੇ 'ਚ ਨਵਾਂ ਕੌਮੀ ਰਿਕਾਰਡ ਸਿਰਜਿਆ ਹੈ। ਦੀਪਮਾਲਾ ਨੇ 1 ਘੰਟਾ 37 ਮਿੰਟ ਅਤੇ 44 ਸਕਿੰਟ ਦਾ ਸਮਾਂ ਲੈ ਕੇ ਆਪਣਾ ਪੁਰਾਣਾ ਰਿਕਾਰਡ ਤੋੜਿਆ ਅਤੇ ਚੈਂਪੀਅਨਸ਼ਿਪ 'ਚ ਕਾਂਸੀ ਦਾ ਤਗਮਾ ਜਿੱਤਣ ਦਾ ਮਾਣ ਪ੍ਰਾਪਤ ਕੀਤਾ। ਇਸ ਤੋਂ ਪਹਿਲਾਂ 2006 'ਚ ਦੀਪਮਾਲਾ ਨੇ 1 ਘੰਟਾ 39 ਮਿੰਟ ਦਾ ਸਮਾਂ ਲੈ ਕੇ ਨਵਾਂ ਰਿਕਾਰਡ ਸਿਰਜਿਆ ਸੀ। ਪਿਛਲੇ ਪੰਜ ਸਾਲਾਂ ਤੋਂ ਭਾਰਤੀ ਖੇਡ ਜਗਤ ਦੇ ਪੈਦਲ ਚਾਲ ਮੁਕਾਬਲਿਆਂ 'ਚ ਅੱਵਲ ਨੰਬਰ ਚੱਲੀ ਆ ਰਹੀ ਦੀਪਮਾਲਾ ਤੋਂ ਰਾਸ਼ਟਰਮੰਡਲ ਖੇਡਾਂ 'ਚ ਦੇਸ਼ ਨੂੰ ਕਾਫੀ ਆਸਾਂ ਹਨ। ਮੈਲਬੋਰਨ ਵਿਖੇ 2006 'ਚ ਹੋਈਆਂ ਕੌਮੀ ਖੇਡਾਂ 'ਚ ਉਸ ਨੇ 6ਵਾਂ ਸਥਾਨ ਹਾਸਲ ਕੀਤਾ ਸੀ। ਪੁਰਸ਼ ਵਰਗ 'ਚ ਕੌਮੀ ਰਿਕਾਰਡ ਧਾਰਕ ਬਾਬੂ ਲਾਲ ਪਨੇਚਾ ਨੇ 1 ਘੰਟਾ 25 ਮਿੰਟਾਂ 'ਚ ਨਿਰਧਾਰਤ ਦੂਰੀ ਤਹਿ ਕਰਕੇ ਚੌਥਾ ਸਥਾਨ ਹਾਸਲ ਕੀਤਾ ਅਤੇ ਹਰਮਿੰਦਰ ਸਿੰਘ ਨੇ 1 ਘੰਟਾ 26 ਮਿੰਟ 27 ਸਕਿੰਟ ਦਾ ਸਮਾਂ ਲੈ ਕੇ ਪੰਜਵਾਂ ਸਥਾਨ ਹਾਸਲ ਕੀਤਾ। ਉਂਝ ਦੋਨਾਂ ਵਰਗਾਂ 'ਚ ਜਪਾਨੀ ਅਥਲੀਟ ਜੇਤੂ ਰਹੇ।

22ਵੇਂ ਅੰਤਰਰਾਸ਼ਟਰੀ ਕਬੱਡੀ ਕੱਪ 'ਚ ਬਾਬਾ ਫਰੀਦ ਫਰੀਦਕੋਟ ਦੀ ਝੰਡੀ

ਘੱਗਾ, 14 ਮਾਰਚ - 22ਵਾਂ ਅੰਤਰਰਾਸ਼ਟਰੀ ਕਬੱਡੀ ਕੱਪ ਪਟਿਆਲਾ ਜ਼ਿਲ੍ਹੇ ਦੇ ਪਿੰਡ ਕਕਰਾਲਾ ਭਾਈਕਾ 'ਚ ਕਰਵਾਇਆ ਗਿਆ। ਜਿਸ ਵਿੱਚ ਕਬੱਡੀ 65 ਕਿਲੋ ਅਤੇ ਕਬੱਡੀ 70 ਕਿਲੋ ਦੇ ਮੁਕਾਬਲਿਆਂ ਤੋਂ ਇਲਾਵਾ ਅਕੈਡਮੀਆਂ ਦੇ ਮੈਚ ਵੀ ਕਰਵਾਏ ਗਏ। 65 ਕਿਲੋ ਭਾਰ ਵਿੱਚ ਕਕਰਾਲਾ ਭਾਈਕਾ ਨੇ ਪਹਿਲਾ ਅਤੇ ਦੇਧਨਾ ਨੇ ਦੂਜਾ ਸਥਾਨ ਹਾਸਲ ਕੀਤਾ। ਸੱਤਰ ਕਿਲੋ ਭਾਰ ਵਿੱਚ ਝਨੇੜੀ ਨੇ ਪਹਿਲੀ ਅਤੇ ਬਾਠਾਂ ਨੇ ਦੂਜੀ ਥਾਂ ਮੱਲੀ। ਅਕੈਡਮੀਆਂ ਦੇ ਹੋਏ ਮੁਕਾਬਲਿਆਂ ਵਿੱਚ ਬਾਬਾ ਫਰੀਦ ਫਰੀਦਕੋਟ ਨੇ ਮੀਰੀ ਪੀਰੀ ਮਹਿਰਾਜ ਅਕੈਡਮੀ ਨੂੰ ਤਿੰਨ ਅੰਕਾਂ ਨਾਲ ਹਰਾ ਕੇ ਕਬੱਡੀ ਕੱਪ ਚੁੰਮਿਆ। ਕਲੱਬ ਵੱਲੋਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੋਮਾਂ ਘਰਾਚੋਂ, ਬਿੱਟੂ ਦੁਗਾਲ, ਕੁਲਬੀਰ ਕਾਲੀਆ, ਜੋਗੀ ਦੇਧਨਾ, ਗੁਲਜਾਰੀ ਮੂਣਕ ਤੇ ਲਾਖਾ ਦੁਗਾਲ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।

ਵਿਸ਼ਵ ਕੱਪ ਹਾਕੀ 'ਚ ਹਾਲੈਂਡ ਦਾ ਕਾਂਸੀ ਦੇ ਤਗਮੇ 'ਤੇ ਕਬਜ਼ਾ

ਨਵੀਂ ਦਿੱਲੀ, 13 ਮਾਰਚ : ਵਿਸ਼ਵ ਕੱਪ ਹਾਕੀ ਦਿੱਲੀ ਦੇ ਮੇਜਰ ਧਿਆਨ ਚੰਦ ਸਟੇਡੀਅਮ ਵਿਚ ਕਰਵਾਇਆ। ਹਾਲੈਂਡ ਨੇ ਇੰਗਲੈਂਡ ਨੂੰ 4-3 ਨਾਲ ਹਰਾ ਕੇ ਤੀਸਰਾ ਸਥਾਨ ਹਾਸਲ ਕੀਤਾ। ਅੱਜ ਦੇ ਮੈਚ ਦੌਰਾਨ ਪਹਿਲੇ ਅੱਧ ਵਿਚ ਹਾਲੈਂਡ ਗੋਰਿਆਂ ਹੱਥੋਂ 3-1 ਨਾਲ ਪਿੱਛੇ ਚੱਲ ਰਿਹਾ ਸੀ। ਮੈਚ ਦਾ ਪਹਿਲਾ ਗੋਲ ਹਾਲੈਂਡ ਵੱਲੋਂ ਟਿਓਨਡੀਨਾਇਰ ਨੇ 22ਵੇਂ ਮਿੰਟ ਵਿਚ ਕੀਤਾ ਪਰ ਅਗਲੇ ਮਿੰਟ ਵਿਚ ਹੀ ਇੰਗਲੈਂਡ ਦੇ ਬੈਨ ਹਾਕਸ ਨੇ ਮੈਦਾਨੀ ਗੋਲ ਰਾਹੀਂ 1-1 ਦੀ ਬਰਾਬਰੀ ਕੀਤੀ। ਉਸ ਤੋਂ ਬਾਅਦ ਇੰਗਲੈਂਡ ਨੇ ਲਗਾਤਾਰ ਧਾਵਾ ਬੋਲਦਿਆਂ ਪੰਜ ਪੈਨਲਟੀ ਕਾਰਨਰ ਹਾਸਲ ਕੀਤੇ, ਜਿਨ੍ਹਾਂ ਵਿਚੋਂ 29ਵੇਂ ਅਤੇ 33ਵੇਂ ਮਿੰਟ ਵਿਚ ਜੈਕਸਨ ਐਸ਼ਲੇ ਨੇ ਦੋ ਗੋਲ ਕਰਕੇ ਇੰਗਲੈਂਡ ਨੂੰ 3-1 ਨਾਲ ਅੱਗੇ ਕਰ ਦਿੱਤਾ। 55ਵੇਂ ਮਿੰਟ ਵਿਚ ਹਾਲੈਂਡ ਦੇ ਕਲੋਸ ਨੇ ਗੋਲ ਕਰਕੇ 3-3 ਦੀ ਬਰਾਬਰੀ ਕੀਤੀ। ਆਖਰੀ ਪਲਾਂ ਵਿਚ ਮੈਚ ਬਰਾਬਰੀ ਵੱਲ ਨੂੰ ਵਧ ਰਿਹਾ ਸੀ ਤਾਂ ਡਚ ਖਿਡਾਰੀਆਂ ਨੇ ਜਵਾਬੀ ਹਮਲੇ ਦਾ ਲਾਹਾ ਲੈਂਦਿਆਂ ਹਾਫਮੈਨ ਰੋਜਰ ਨੇ ਮੈਦਾਨੀ ਗੋਲ ਕਰਕੇ ਹਾਲੈਂਡ ਦੀ 4-3 ਗੋਲਾਂ ਦੀ ਜਿੱਤ ਪੱਕੀ ਕੀਤੀ। ਹਾਲੈਂਡ ਦੇ ਟਿਓਨਡੀਨਾਇਰ ਨੂੰ ਮੈਨ ਆਫ ਦਾ ਮੈਚ ਵਜੋਂ ਇਕ ਹੀਰੋ ਹਾਂਡਾ ਮੋਟਰਸਾਈਕਲ ਅਤੇ 50 ਹਜ਼ਾਰ ਰੁਪਏ ਨਕਦ ਰਾਸ਼ੀ ਨਾਲ ਅਤੇ ਇੰਗਲੈਂਡ ਦੇ ਬੈਨ ਹਾਕਸ ਨੂੰ ਮੈਨ ਆਫ ਦਾ ਸਟੀਲ ਵਜੋਂ 50 ਹਜ਼ਾਰ ਰੁਪਏ ਨਾਲ ਸਨਮਾਨਿਤ ਕੀਤਾ ਗਿਆ।

ਝੰਡੀ ਦੀ ਕੁਸ਼ਤੀ ਸਤੀਸ਼ 'ਚ ਆਲਮਗੀਰ ਜੇਤੂ

ਡੇਹਲੋਂ, 13 ਮਾਰਚ - ਗੁਰਦੁਆਰਾ ਗੁਰੂਸਰ ਮੰਜੀ ਸਾਹਿਬ ਪਾਤਸ਼ਾਹੀ ਛੇਵੀਂ ਗੁੱਜਰਵਾਲ ਵਿਖੇ ਜੋੜ ਮੇਲੇ ਦੇ ਪਹਿਲੇ ਦਿਨ ਕੁਸ਼ਤੀਆਂ ਦੇ ਮੁਕਾਬਲੇ ਕਰਵਾਏ ਗਏ। ਝੰਡੀ ਦੀ ਕੁਸ਼ਤੀ ਸਤੀਸ਼ ਆਲਮਗੀਰ ਨੇ ਗੋਲੂ ਮੁੱਲਾਂਪੁਰ ਨੂੰ ਹਰਾ ਕੇ 21 ਹਜ਼ਾਰ ਦੀ ਰਾਸ਼ੀ ਜਿੱਤੀ। ਮੁਕਾਬਲਿਆਂ ਦੌਰਾਨ ਮੁਕੇਸ਼ ਨਾਰੰਗਵਾਲ ਨੇ ਗੀਤਾ ਸਿੱਧਵਾ ਬੇਟ ਨੂੰ, ਗਗਨ ਜੱਸੜ ਨੇ ਅਨੀ ਆਲਮਗੀਰ ਨੂੰ, ਸੋਨੀ ਮਲੇਰਕੋਟਲਾ ਨੇ ਪ੍ਰਦੀਪ ਆਲਮਗੀਰ ਨੂੰ, ਹੈਪੀ ਮਾਣੇਮਾਜਰਾ ਨੇ ਇਨਤੀ ਮਲੇਰਕੋਟਲਾ ਨੂੰ, ਕਾਲਾ ਮਾਛੀਵਾੜਾ ਨੇ ਸੁਰਜੀਤ ਪਹਿਲਵਾਨ ਚਮਕੌਰ ਸਾਹਿਬ ਨੂੰ ਲੱਕੀ ਧਾਂਦਰਾ ਨੇ ਸ਼ਿੰਗਾਰਾ ਮੁਸ਼ਕਾਬਾਦ ਨੂੰ, ਜੱਸੀ ਪਹਿਲਵਾਨ ਆਲਮਗੀਰ ਨੇ ਬਿੰਦਰ ਪਹਿਲਵਾਨ ਨਾਰੰਗਵਾਲ ਤੇ ਜਗਦੀਪ ਪਹਿਲਵਾਨ ਆਲਮਗੀਰ ਨੇ ਚਮਕੌਰ ਪਹਿਲਵਾਨ ਬਰੜਵਾਲ ਨੂੰ ਹਰਾ ਕੇ ਕੁਸ਼ਤੀ ਜਿੱਤੀ।

ਪਿੰਡ ਨਾਗਰਾ ਦਾ ਕਬੱਡੀ ਟੂਰਨਾਮੈਂਟ 16 ਨੂੰ

ਮਕਸੂਦਾਂ, 13 ਮਾਰਚ - ਇਕ ਰੋਜ਼ਾ ਕਬੱਡੀ ਟੂਰਨਾਮੈਂਟ 16 ਮਾਰਚ ਨੂੰ ਪਿੰਡ ਨਾਗਰਾ 'ਚ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਦੇਸ਼-ਵਿਦੇਸ਼ ਦੀਆਂ ਕਬੱਡੀ ਅਕੈਡਮੀਆਂ ਭਾਗ ਲੈ ਰਹੀਆਂ ਹਨ। ਇਸ ਮੌਕੇ 'ਤੇ ਸਭਿਆਚਾਰਕ ਪ੍ਰੋਗਰਾਮ ਅਤੇ ਗਿੱਧਾ-ਭੁੰਗੜੇ ਦਾ ਵਿਸ਼ੇਸ਼ ਟੀਮਾਂ ਪਹੁੰਚ ਰਹੀਆਂ ਹਨ।

ਵਿਸ਼ਵ ਕੱਪ ਹਾਕੀ 'ਚ ਆਸਟਰੇਲੀਆ ਬਣਿਆ ਚੈਂਪੀਅਨ

ਨਵੀਂ ਦਿੱਲੀ, 13 ਮਾਰਚ - ਵਿਸ਼ਵ ਕੱਪ ਹਾਕੀ ਨਵੀਂ ਦਿੱਲੀ ਦੇ ਮੇਜਰ ਧਿਆਨ ਚੰਦ ਹਾਕੀ ਸਟੇਡੀਅਮ 'ਚ ਕਰਵਾਇਆ ਗਿਆ। ਇਸ ਦੇ ਫਾਈਨਲ ਮੁਕਾਬਲੇ ਵਿਚ ਆਸਟ੍ਰੇਲੀਆ ਨੇ ਜਰਮਨੀ ਨੂੰ 2-1 ਨਾਲ ਹਰਾ ਕੇ 24 ਸਾਲ ਬਾਅਦ ਵਿਸ਼ਵ ਚੈਂਪੀਅਨ ਬਣਨ ਦਾ ਇਤਿਹਾਸ ਰਚਿਆ। ਅੱਜ ਤੋਂ 24 ਵਰ੍ਹੇ ਪਹਿਲਾਂ 1986 ਵਿਚ ਲੰਦਨ ਵਿਸ਼ਵ ਕੱਪ ਵਿਚ 17 ਅਕਤੂਬਰ 1986 ਨੂੰ ਆਸਟ੍ਰੇਲੀਆ ਨੇ ਇੰਗਲੈਂਡ ਨੂੰ 2-1 ਨਾਲ ਹਰਾ ਕੇ ਆਪਣਾ ਪਲੇਠਾ ਖਿਤਾਬ ਜਿੱਤਿਆ ਸੀ। ਜਰਮਨੀ ਜੋ ਇਸ ਤੋਂ ਪਹਿਲਾਂ ਲਗਾਤਾਰ ਦੋ ਵਿਸ਼ਵ ਕੱਪਾਂ ਵਿਚ ਚੈਂਪੀਅਨ ਬਣਿਆ ਪਰ ਅੱਜ ਉਹ ਆਪਣੀ ਜੇਤੂ ਹੈਟ੍ਰਿਕ ਬਣਾਉਣ ਤੋਂ ਖੁੰਝ ਗਿਆ। 1982 ਵਿਸ਼ਵ ਕੱਪ ਤੋਂ ਬਾਅਦ ਜਰਮਨੀ ਨੇ ਦੂਜੀ ਵਾਰ ਉਪ ਜੇਤੂ ਰਹਿਣ ਦਾ ਮਾਣ ਹਾਸਲ ਕੀਤਾ ਹੈ।
ਟੂਰਨਾਮੈਂਟ ਦੇ ਸਰਵੋਤਮ ਬਣੇ ਖਿਡਾਰੀ : ਸਟਲਮੈਨ ਆਫ ਦਾ ਮੈਚ-ਮਾਰਟਿਨ ਹੈਨਰ (ਜਰਮਨੀ), ਮੈਨ ਆਫ ਦਾ ਫਾਈਨਲ ਮੈਚ-ਲੁਕ ਡੋਇਨਰ (ਆਸਟ੍ਰੇਲੀਆ), ਮੈਨ ਆਫ ਦਾ ਟੂਰਨਾਮੈਂਟ-ਇਨਾਮ ਸਵਾ ਲੱਖ (ਵੋਗਲਸ ਗੂਸ-ਗੋਲਕੀਪਰ ਹਾਲੈਂਡ), ਸਟੀਲਮੈਨ ਆਫ ਦ ਟੂਰਨਾਮੈਂਟ-ਮੈਕਮਿਲਨ ਮੂਲਰ (ਜਰਮਨੀ) ਇਨਾਮ ਸਵਾ ਲੱਖ, ਸਰਵੋਤਮ ਗੋਲਕੀਪਰ-ਵੋਗਲਸ ਗੂਸ (ਹਾਲੈਂਡ), ਸਰਵੋਤਮ ਸਕੋਰਰ-ਟੀਕੇਮੇ ਟੀਕਾ (ਹਾਲੈਂਡ 8 ਗੋਲ), ਲੁਕ ਡੋਇਨਰ (ਆਸਟ੍ਰੇਲੀਆ 8 ਗੋਲ) (ਸਾਂਝੇ ਜੇਤੂ ਇਨਾਮ ਸਵਾ ਲੱਖ ਰੁਪਏ), ਫੇਅਰ ਪਲੇਟ ਟਰਾਫ-ਨਿਊਜ਼ੀਲੈਂਡ।

ਵਿਸ਼ਵ ਕੱਪ ਹਾਕੀ 'ਚ ਭਾਰਤ ਰਿਹਾ ਅੱਠਵੇਂ ਸਥਾਨ 'ਤੇ ਰਿਹਾ

ਨਵੀਂ ਦਿੱਲੀ, 12 ਮਾਰਚ - ਦਿੱਲੀ ਦੇ ਮੇਜਰ ਧਿਆਨ ਚੰਦ ਸਟੇਡੀਅਮ 'ਚ ਹਾਕੀ ਵਿਸ਼ਵ ਕੱਪ ਚੱਲ ਰਿਹਾ ਹੈ। ਇਸ ਵਿਚ ਭਾਰਤ ਫੇਰ ਮਾੜਾ ਪ੍ਰਦਰਸ਼ਨ ਕਰਦਿਆਂ ਅਰਜਨਟੀਨਾ ਹੱਥੋਂ 4-2 ਨਾਲ ਹਾਰ ਕੇ ਅੱਠਵੇਂ ਸਥਾਨ 'ਤੇ ਰਿਹਾ। ਦੱਖਣੀ ਅਫਰੀਕਾ ਨੇ ਬਹੁਤ ਆਹਲਾ ਦਰਜੇ ਦੀ ਹਾਕੀ ਦਾ ਪ੍ਰਦਰਸ਼ਨ ਕਰਦਿਆਂ ਭਾਵੇਂ ਨਿਊਜ਼ੀਲੈਂਡ ਹੱਥੋਂ ਵਰਗੀਕਰਨ ਮੈਚ ਹਾਰ ਕੇ 10ਵਾਂ ਸਥਾਨ ਹਾਸਲ ਕੀਤਾ ਪਰ ਅਫਰੀਕਨ ਖਿਡਾਰੀਆਂ ਨੇ ਆਪਣੀ ਵਧੀਆ ਖੇਡ ਸਦਕਾ ਦਰਸ਼ਕਾਂ ਦੇ ਮਨ ਮੋਹ ਲਏ। ਨਿਰਧਾਰਤ ਸਮੇਂ ਤੱਕ ਦੱਖਣੀ ਅਫਰੀਕਾ ਤੇ ਨਿਊਜ਼ੀਲੈਂਡ 4-4 ਦੀ ਬਰਾਬਰੀ 'ਤੇ ਖੇਡੀਆਂ। ਪੈਨਲਟੀ ਸਟਰੋਕਾਂ ਵਿਚ ਅਫਰੀਕਨ ਖਿਡਾਰੀ 5-4 ਨਾਲ ਮਾਤ ਖਾ ਗਏ। ਵਿਸ਼ਵ ਕੱਪ ਹਾਕੀ ਦਾ ਫਾਈਨਲ ਮੁਕਾਬਲਾ ਭਲਕੇ 13 ਮਾਰਚ ਨੂੰ ਹਾਕੀ ਦੀਆਂ ਦੋ ਸੁਪਰ ਪਾਵਰ ਆਸਟਰੇਲੀਆ ਅਤੇ ਜਰਮਨੀ ਵਿਚਕਾਰ ਖੇਡਿਆ ਜਾਵੇਗਾ। ਦੋਹਾਂ ਮੁਲਕਾਂ ਵਿਚਕਾਰ ਲਗਾਤਾਰ ਤੀਸਰਾ ਫਾਈਨਲ ਮੁਕਾਬਲਾ ਹੋ ਰਿਹਾ ਹੈ। 2002 ਅਤੇ 2006 ਵਿਸ਼ਵ ਕੱਪ ਦੇ ਫਾਈਨਲ ਮੁਕਾਬਲਿਆਂ ਵਿਚ ਦੋਵੇਂ ਵਾਰ ਜਰਮਨ ਜੇਤੂ ਰਿਹਾ ਸੀ। ਜਰਮਨ ਨੇ ਹੁਣ ਤੱਕ ਦੋ ਵਾਰ ਅਤੇ ਆਸਟਰੇਲੀਆ ਨੇ ਇਕ ਵਾਰ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ। ਜਰਮਨ ਨੇ ਲੀਗ ਮੈਚਾਂ ਵਿਚ ਕੋਰੀਆ ਅਤੇ ਹਾਲੈਂਡ ਨਾਲ 2-2 ਦੀ ਬਰਾਬਰੀ ਤੋਂ ਬਾਅਦ ਨਿਊਜ਼ੀਲੈਂਡ ਨੂੰ 5-2, ਅਰਜਨਟੀਨਾ ਨੂੰ 4-3, ਕੈਨੇਡਾ ਨੂੰ 6-0 ਨਾਲ ਸੈਮੀਫਾਈਨਲ ਵਿਚ ਇੰਗਲੈਂਡ ਨੂੰ 4-1 ਨਾਲ ਹਰਾ ਕੇ ਫਾਈਨਲ ਦਾ ਸਫ਼ਰ ਤਹਿ ਕੀਤਾ ਹੈ। ਦੂਜੇ ਪਾਸੇ ਆਸਟਰੇਲੀਆ ਨੇ ਇੰਗਲੈਂਡ ਹੱਥੋਂ ਪਹਿਲਾ ਮੈਚ ਹਾਰਨ ਤੋਂ ਬਾਅਦ ਪਿਛਾਂਹ ਮੁੜ ਕੇ ਨਹੀਂ ਦੇਖਿਆ, ਆਸਟਰੇਲੀਆ ਨੇ ਭਾਰਤ ਨੂੰ 5-2, ਸਪੇਨ ਨੂੰ 2-0, ਦੱਖਣੀ ਅਫਰੀਕਾ ਨੂੰ 12-0, ਪਾਕਿਸਤਾਨ ਨੂੰ 2-1 ਨਾਲ ਅਤੇ ਸੈਮੀਫਾਈਨਲ ਵਿਚ ਹਾਲੈਂਡ ਨੂੰ 2-1 ਨਾਲ ਹਰਾਇਆ। ਭਲਕੇ ਹਾਲੈਂਡ ਅਤੇ ਇੰਗਲੈਂਡ ਵਿਚਕਾਰ ਕਾਂਸੀ ਤਗਮੇ ਲਈ ਮੈਚ 3.34 ਵਜੇ ਖੇਡਿਆ ਜਾਵੇਗਾ ਜਦਕਿ ਫਾਈਨਲ ਮੁਕਾਬਲਾ 6.05 ਵਜੇ ਆਸਟਰੇਲੀਆ ਬਨਾਮ ਜਰਮਨੀ ਖੇਡਿਆ ਜਾਵੇਗਾ।

ਪੰਜਾਬੀ ਖਿਡਾਰਣਾਂ ਅਤੇ ਦਿੱਲੀ ਦੇ ਪੁਰਸ਼ਾਂ ਦੀ ਬੱਲੇ ਬੱਲੇ

ਸਮਾਣਾ, 12 ਮਾਰਚ - ਸੀਨੀਅਰ ਨੈਸ਼ਨਲ ਸਾਫਟਬਾਲ ਚੈਂਪੀਅਨਸ਼ਿਪ ਮੁਕਾਬਲੇ ਪਿੰਡ (ਚੁਪਕੀ) ਦੇ ਨੈਸ਼ਨਲ ਫਿਜ਼ੀਕਲ ਕਾਲਜ ਆਫ਼ ਐਜੂਕੇਸ਼ਨ ਵਿਖੇ ਕਰਵਾਏ ਗਏ, ਜਿਸ ਵਿਚ ਵੱਖ-ਵੱਖ ਰਾਜਾਂ ਦੀ ਮਹਿਲਾ ਅਤੇ ਪੁਰਸ਼ ਟੀਮਾਂ ਨੇ ਹਿੱਸਾ ਲਿਆ। ਫਾਇਨਲ ਮੁਕਾਬਲੇ ਵਿਚ ਮਹਿਲਾਵਾਂ ਦੇ ਮੁਕਾਬਲੇ ਵਿਚ ਪੰਜਾਬ ਦੀ ਮਹਿਲਾਵਾਂ ਦੀ ਟੀਮ ਨੇ ਹਰਿਆਣਾ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ, ਦਿੱਲੀ ਦੀ ਟੀਮ ਤੀਜੇ ਸਥਾਨ 'ਤੇ ਰਹੀ। ਪੁਰਸ਼ਾਂ ਵਿਚ ਦਿੱਲੀ ਦੀ ਟੀਮ ਨੇ ਚੰਡੀਗੜ੍ਹ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ, ਹਰਿਆਣਾ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ।

ਮੋਹਰ ਸਿੰਘ ਵਾਲਾ 'ਚ ਖੇਡ ਮੇਲਾ 14 ਤੋਂ

ਗੋਲੂ ਕਾ ਮੋੜ, 12 ਮਾਰਚ - ਸਾਲਾਨਾ ਜੋੜ ਮੇਲਾ 14-15 ਮਾਰਚ ਨੂੰ ਪਿੰਡ ਕੋਹਰ ਸਿੰਘ ਵਾਲਾ ਵਿਖੇ ਕਰਵਾਇਆ ਜਾ ਰਿਹਾ ਹੈ। 14 ਮਾਰਚ ਨੂੰ 57 ਕਿਲੋ ਕਬੱਡੀ ਦੇ ਮੈਚ ਕਰਵਾਏ ਜਾਣਗੇ। ਇਸ ਤੋਂ ਇਲਾਵਾ ਬਜੁਰਗ ਵੱਲੋਂ ਕੁੱਕੜ ਫੜਨਾ, ਬਜ਼ੁਰਗਾਂ ਦੀ ਦੌੜ ਹੋਵੇਗੀ। 15 ਮਾਰਚ ਨੂੰ ਓਪਨ ਕਬੱਡੀ ਟੀਮਾਂ 'ਚ ਮੈਚ ਹੋਣਗੇ।

ਕੁੱਪ ਖ਼ੁਰਦ ਦਾ ਖੇਡ ਮੇਲਾ 19 ਤੋਂ

ਕੁੱਪ ਕਲਾਂ, 12 ਮਾਰਚ - 19 ਤੋਂ 21 ਮਾਰਚ ਤੱਕ ਪਿੰਡ ਕੁੱਪ ਖ਼ੁਰਦ 'ਚ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਵਿਚ ਇਸ ਵਾਰ ਇਕ ਪਿੰਡ ਓਪਨ ਦੀਆਂ ਨਾਮਵਰ ਪਿੰਡਾਂ ਤੋਂ ਕਬੱਡੀ ਟੀਮਾਂ ਸ਼ਿਰਕਤ ਕਰਨਗੀਆਂ। ਜਿੰਨ੍ਹਾਂ ਵਿਚੋਂ ਜੇਤੂ ਟੀਮ ਨੂੰ 31 ਹਜ਼ਾਰ, ਉਪ ਜੇਤੂ ਨੂੰ 21 ਹਜ਼ਾਰ ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ 8100 ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ।

ਵਿਸ਼ਵ ਹਾਕੀ ਕੱਪ 'ਚ ਜਰਮਨੀ ਫਾਈਨਲ 'ਚ

ਨਵੀਂ ਦਿੱਲੀ, 11 ਮਾਰਚ - ਵਿਸ਼ਵ ਕੱਪ ਹਾਕੀ ਦਿੱਲੀ ਦੇ ਮੇਜਰ ਧਿਆਨ ਚੰਦ ਸਟੇਡੀਅਮ ਵਿਚ ਚੱਲ ਰਿਹਾ ਹੈ। ਇਸ ਹਾਕੀ ਕੱਪ ਦੇ ਪਹਿਲੇ ਸੈਮੀਫਾਈਨਲ ਮੈਚ 'ਚ ਜਰਮਨੀ ਨੇ ਇੰਗਲੈਂਡ ਨੂੰ 4-1 ਨਾਲ ਹਰਾ ਕੇ ਫਾਈਨਲ 'ਚ ਪੁੱਜਣ ਦੀ ਹੈਟ੍ਰਿਕ ਜੜ ਦਿੱਤੀ ਹੈ। ਵਿਸ਼ਵ ਕੱਪ ਹਾਕੀ ਦੇ ਇਤਿਹਾਸ 'ਚ ਜਰਮਨੀ ਹੈਟ੍ਰਿਕ ਮਾਰਨ ਵਾਲਾ ਤੀਸਰਾ ਅਜਿਹਾ ਮੁਲਕ ਹੈ। ਉਹ 2002 ਤੋਂ ਬਾਅਦ ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚ ਰਿਹਾ ਹੈ। ਇਸ ਤੋਂ ਪਹਿਲਾਂ 1975, 1978 ਅਤੇ 1982 'ਚ ਪਾਕਿਸਤਾਨ ਅਤੇ 1990, 1994 ਤੇ 1998 'ਚ ਹਾਲੈਂਡ ਨੇ ਵਿਸ਼ਵ ਕੱਪ ਹਾਕੀ ਦੇ ਫਾਈਨਲ 'ਚ ਪਹੁੰਚਣ ਦੀ ਹੈਟ੍ਰਿਕ ਮਾਰੀ ਸੀ। ਵਿਸ਼ਵ ਕੱਪ ਹਾਕੀ ਦੇ ਚਾਰ ਖਿਤਾਬ ਅਤੇ ਅੱਜ ਤੋਂ 16 ਸਾਲ ਪਹਿਲਾਂ ਚੈਂਪੀਅਨ ਤਾਜ ਪਹਿਨਣ ਵਾਲੀ ਪਾਕਿਸਤਾਨ ਦੀ ਹਾਕੀ ਟੀਮ ਲਈ ਅੱਜ ਦਾ ਦਿਨ ਸਭ ਤੋਂ ਕਾਲਾ ਦਿਨ ਗਿਣਿਆ ਜਾਵੇਗਾ, ਕਿਉਂਕਿ ਅੱਜ ਪਾਕਿਸਤਾਨ ਕੈਨੇਡਾ ਹੱਥੋਂ 3-2 ਨਾਲ ਹਾਰ ਕੇ ਵਿਸ਼ਵ ਕੱਪ 2010 'ਚ ਫਾਡੀ ਬਣ ਗਿਆ ਹੈ।
12 ਮਾਰਚ ਨੂੰ ਹੋਣ ਵਾਲੇ ਮੈਚ
9ਵੇਂ ਅਤੇ 10ਵੇਂ ਸਥਾਨ ਲਈ - ਦੱਖਣੀ ਅਫਰੀਕਾ ਬਨਾਮ ਨਿਊਜ਼ੀਲੈਂਡ 3.35 ਸ਼ਾਮ
7ਵੇਂ ਅਤੇ 8ਵੇਂ ਸਥਾਨ ਲਈ - ਭਾਰਤ ਬਨਾਮ ਅਰਜਨਟੀਨਾ 6. 05 ਸ਼ਾਮ
5ਵੇਂ ਅਤੇ 6ਵੇਂ ਸਥਾਨ ਲਈ - ਸਪੇਨ ਬਨਾਮ ਕੋਰੀਆ 8.35 ਰਾਤ

ਭਾਰਤ ਤੇ ਪਾਕਿਸਤਾਨ 'ਚ ਹਾਕੀ ਟੈਸਟ ਲੜੀ

ਨਵੀਂ ਦਿੱਲੀ, 11 ਮਾਰਚ - ਹਾਕੀ ਇੰਡੀਆ ਦੇ ਸਕੱਤਰ ਨਰਿੰਦਰ ਬਤਰਾ ਅਤੇ ਪਾਕਿਸਤਾਨ ਹਾਕੀ ਫੈਡਰੇਸ਼ਨ ਦੇ ਸਕੱਤਰ ਆਸਿਫ ਬਾਜਵਾ ਨੇ ਸਾਝੇਂ ਬਿਆਨ 'ਚ ਹਾਕੀ ਦੀ ਖੇਡ 'ਚ ਸੁਧਾਰ ਕਰਨ ਲਈ ਭਾਰਤ ਅਤੇ ਪਾਕਿਸਤਾਨ ਨੇ ਹਾਕੀ ਟੈਸਟ ਲੜੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਦੋਵਾਂ ਦੇਸ਼ਾਂ ਦੀਆਂ ਮਰਦ ਅਤੇ ਮਹਿਲਾ ਟੀਮਾਂ ਦੀ ਇਹ ਲੜੀ ਹਰ ਸਾਲ ਕਰਵਾਈ ਜਾਇਆ ਕਰੇਗੀ। ਇਸ 'ਚ ਜੂਨੀਅਰ ਅਤੇ ਸੀਨੀਅਰ ਦੋਵੇਂ ਟੀਮਾਂ ਸ਼ਾਮਿਲ ਹੋਣਗੀਆਂ। ਇਸ ਟੈਸਟ ਲੜੀ ਤੋਂ ਇਲਾਵਾ ਦੋਵਾਂ ਦੇਸ਼ਾਂ ਵੱਲੋਂ 8 ਟੀਮਾਂ ਲੈ ਕੇ ਇਕ ਸਾਂਝੀ ਹਾਕੀ ਲੀਗ ਸ਼ੁਰੂ ਕੀਤੀ ਜਾਵੇਗੀ। ਦੋਵਾਂ ਦੇਸ਼ਾਂ ਦੀਆਂ ਘਰੇਲੂ ਸੀਰੀਜ਼ ਲਈ ਇਕ-ਦੂਜੇ ਦੇਸ਼ ਦੇ ਖਿਡਾਰੀ ਲਏ ਜਾਇਆ ਸਕੇ ਕਰਨਗੇ। ਇਸੇ ਤਰਾਂ ਅੰਪਾਇਰਾਂ ਅਤੇ ਤਕਨੀਕੀ ਅਧਿਕਾਰੀਆਂ ਦਾ ਵੀ ਵਟਾਂਦਰਾ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ। ਛੇਤੀ ਹੀ ਦੋਵਾਂ ਦੇਸ਼ਾਂ ਦੇ ਅਧਿਕਾਰੀ ਉਕਤ ਸਮਝੌਤੇ 'ਤੇ ਦਸਤਖ਼ਤ ਕਰਨਗੇ।

ਜਾਂਬੀਆ 'ਚ ਖੇਡੀ ਜਾਵੇਗੀ ਹਾਕੀ

ਨਵੀਂ ਦਿੱਲੀ, 11 ਮਾਰਚ - ਅਫਰੀਕਾ ਦੇ ਦੇਸ਼ ਜਾਂਬੀਆ ਦੇ ਸ਼ਹਿਰ ਲੁਸਾਕਾ ਵਿਚ ਐਸਟੋਟਰਫ ਲਗਾਉਣ ਲਈ ਅੰਤਰਰਾਸ਼ਟਰੀ ਹਾਕੀ ਸੰਘ ਦੀ ਸਪਾਂਸਰ ਕੰਪਨੀ ਬੀਡੀਓ ਵੱਲੋਂ ਐਫ. ਆਈ. ਐਚ. ਨੂੰ 20 ਹਜ਼ਾਰ ਡਾਲਰ ਦੀ ਸਹਾਇਤਾ ਰਾਸ਼ੀ ਦਿੱਤੀ ਗਈ ਹੈ। ਇਹ ਰਾਸ਼ੀ ਬੀਡੀਓ ਦੇ ਪ੍ਰਧਾਨ ਪਾਲ ਵਾਨ ਐਲਟਨ ਨੇ ਵਿਸ਼ਵ ਹਾਕੀ ਸੰਘ ਦੇ ਪ੍ਰਧਾਨ ਲੈਂਡਰੇ ਨੇਗਰੇ ਨੂੰ ਭੇਟ ਕੀਤੀ। ਨੇਗਰੇ ਨੇ ਕਿਹਾ ਕਿ ਜਾਂਬੀਆ 'ਚ ਹਾਕੀ ਸੈਂਟਰ ਅਪ੍ਰੈਲ 2010 ਵਿਚ ਸ਼ੁਰੂ ਕਰ ਦਿੱਤਾ ਜਾਵੇਗਾ, ਜਿੱਥੇ ਉਭਰਦੇ ਹਾਕੀ ਖਿਡਾਰੀਆਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ।

ਮਿਸਟਰ ਪੰਜਾਬ ਦਾ ਖਿਤਾਬ ਜੈ ਸਿੰਘ ਦੇ ਨਾਮ

ਜਲੰਧਰ, 11 ਮਾਰਚ - ਅੰਮ੍ਰਿਤਸਰ ਦੇ ਸਰਕਾਰੀ ਕਾਲਜ 'ਚ 37ਵੀਂ ਸੀਨੀਅਰ ਪੰਜਾਬ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿਚ ਫਰੀਦਕੋਟ ਦੇ ਜੈ ਸਿੰਘ ਨੇ ਮਿਸਟਰ ਪੰਜਾਬ ਦੇ ਐਵਾਰਡ 'ਤੇ ਕਬਜ਼ਾ ਕੀਤਾ ਤੇ ਇਸ ਤੋਂ ਇਲਾਵਾ ਮਹਿਲਾ ਵਰਗ ਵਿਚੋਂ ਰਾਜਵਿੰਦਰ ਕੌਰ ਨੇ ਪਹਿਲਾ, ਸ਼ਿਵਾਨੀ ਨੇ ਦੂਜਾ ਤੇ ਸ਼ਾਲਨੀ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਕਲਾਸਿਕ ਚੈਂਪੀਅਨਸ਼ਿਪ ਵਿਚੋਂ ਪ੍ਰਵੇਸ਼ ਕੁਮਾਰ ਨੇ ਪਹਿਲਾ, ਜੈ ਸਿੰਘ ਨੇ ਦੂਜਾ ਜਗਮੋਹਨ ਸਿੰਘ ਤੇ ਤੀਜਾ ਸਥਾਨ ਹਾਸਲ ਕੀਤਾ।

ਖਡੂਰ ਸਾਹਿਬ ਕਬੱਡੀ ਕੱਪ 'ਤੇ ਮੀਰੀ ਪੀਰੀ ਅਕੈਡਮੀ ਦਾ ਕਬਜ਼ਾ

ਖਡੂਰ ਸਾਹਿਬ, 11 ਮਾਰਚ - ਖਡੂਰ ਸਾਹਿਬ 'ਚ ਕਬੱਡੀ ਗੋਲਡ ਕੱਪ ਕਰਵਾਇਆ ਗਿਆ। ਇਸ ਕਬੱਡੀ ਗੋਲਡ ਕੱਪ 'ਤੇ ਮੀਰੀ ਪੀਰੀ ਅਕੈਡਮੀ ਨੇ ਕਬਜ਼ਾ ਕੀਤਾ। ਫਾਈਨਲ ਮੈਚ ਵਿਚ ਮੀਰੀ ਪੀਰੀ ਅਕੈਡਮੀ ਨੇ ਚੜ੍ਹਦੀ ਕਲਾ ਅਕੈਡਮੀ ਜਲੰਧਰ ਨੂੰ ਹਰਾ ਕੇ ਇਕ ਲੱਖ ਰੁਪਏ ਦਾ ਨਕਦ ਇਨਾਮ ਜਿੱਤਿਆ। ਤੀਜੇ ਸਥਾਨ 'ਤੇ ਖਡੂਰ ਸਾਹਿਬ ਕਲੱਬ ਰਿਹਾ। ਸੈਮੀਫਾਈਨਲ ਵਿਚ ਚੜ੍ਹਦੀ ਕਲਾ ਅਕੈਡਮੀ ਜਲੰਧਰ ਨੇ ਅੰਬੀ ਹਠੂਰ ਕਲੱਬ ਮੋਗਾ ਨੂੰ 31 ਦੇ ਮੁਕਾਬਲੇ ਸਾਢੇ 33 ਅੰਕਾਂ ਨਾਲ ਹਰਾਇਆ ਅਤੇ ਮੀਰੀ ਪੀਰੀ ਅਕੈਡਮੀ ਨੇ ਖਡੂਰ ਸਾਹਿਬ ਕਲੱਬ ਨੂੰ ਸਾਢੇ 25 ਦੇ ਮੁਕਾਬਲੇ 29 ਅੰਕਾਂ ਨਾਲ ਹਰਾਇਆ। ਕਬੱਡੀ ਮੈਚਾਂ ਤੋਂ ਮਗਰੋਂ ਪੰਜਾਬੀ ਗਾਇਕ ਮਨਮੋਹਨ ਵਾਰਿਸ ਅਤੇ ਕਮਲ ਹੀਰ ਨੇ ਗੀਤਾਂ ਨਾਲ ਚੰਗਾ ਰੰਗ ਬੰਨਿਆ। ਗੁੱਗੂ ਗਿੱਲ ਦੀ ਆਮਦ ਵੀ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣੀ।

ਮੀਰੀ-ਪੀਰੀ ਵਰਲਡ ਕਬੱਡੀ ਕੱਪ 14 ਨੂੰ

ਬਟਾਲਾ, 11 ਮਾਰਚ - 14 ਮਾਰਚ ਨੂੰ ਪਿੰਡ ਔਲਖ 'ਚ ਮੀਰੀ-ਪੀਰੀ ਵਰਲਡ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਇਸ ਅੰਤਰਾਸ਼ਟਰੀ ਕਬੱਡੀ ਕੱਪ ਵਿਚ ਵਿਸ਼ਵ ਪ੍ਰਸਿੱਧ 8 ਅੰਤਰਾਸ਼ਟਰੀ ਕਬੱਡੀ ਅਕੈਡਮੀਆਂ ਹਿੱਸਾ ਲੈਣਗੀਆਂ। ਇਸ ਕਬੱਡੀ ਕੱਪ ਵਿਚ ਉਘੇ ਲੋਕ ਗਾਇਕ ਰਵਿੰਦਰ ਗਰੇਵਾਲ ਅਤੇ ਹਰਜੀਤ ਹਰਮਨ ਦਾ ਖੁੱਲਾ ਅਖਾੜਾ ਲੱਗੇਗਾ। ਜੇਤੂ ਅਕੈਡਮੀ ਨੂੰ ਇਕ ਲੱਖ ਰੁਪਏ, ਦੂਜੇ ਨੰਬਰ 'ਤੇ ਆਉਣ ਵਾਲੀ ਅਕੈਡਮੀ ਨੂੰ 75 ਹਜ਼ਾਰ ਰੁਪਏ ਅਤੇ ਕਬੱਡੀ ਕੱਪ ਵਿਚ ਹਿੱਸਾ ਲੈਣ ਵਾਲੀ ਕਬੱਡੀ ਅਕੈਡਮੀ ਨੂੰ 20-20 ਹਜ਼ਾਰ ਰੁਪਏ ਨਕ ਇਨਾਮ ਵਜੋਂ ਦਿੱਤੇ ਜਾਣਗੇ।

ਹੀਰੋ ਹਾਂਡਾ ਵਿਸ਼ਵ ਕੱਪ ਹਾਕੀ

ਨਵੀਂ ਦਿੱਲੀ, 10 ਮਾਰਚ - ਹੀਰੋ ਹਾਂਡਾ ਵਿਸ਼ਵ ਕੱਪ ਹਾਕੀ ਦਿੱਲੀ ਦੇ ਮੇਜਰ ਧਿਆਨ ਚੰਦ ਸਟੇਡੀਅਮ 'ਚ ਚੱਲ ਰਿਹਾ ਹੈ। ਇਸ ਦੇ ਸੈਮੀਫਾਈਨਲ ਮੁਕਾਬਲੇ ਭਲਕੇ 11 ਮਾਰਚ ਨੂੰ ਖੇਡੇ ਜਾ ਰਹੇ ਹਨ। ਪਹਿਲਾ ਸੈਮੀਫਾਈਨਲ ਮੁਕਾਬਲਾ ਜਰਮਨੀ ਅਤੇ ਇੰਗਲੈਂਡ ਦੇ ਵਿਚਕਾਰ ਹੋਵੇਗਾ। ਇੰਗਲੈਂਡ ਜੋ ਪੂਰੇ 24 ਸਾਲ 1986 ਲੰਦਨ ਵਿਸ਼ਵ ਕੱਪ ਤੋਂ ਬਾਅਦ ਹੁਣ ਸੈਮੀਫਾਈਨਲ ਵਿਚ ਪੁੱਜੀ ਹੈ, ਉਸ ਵੇਲੇ ਇੰਗਲੈਂਡ ਨੇ ਜਰਮਨੀ ਨੂੰ 3-2 ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ ਸੀ। ਵਿਸ਼ਵ ਕੱਪ ਦੇ ਇਤਿਹਾਸ ਵਿਚ ਦੋਵਾਂ ਟੀਮਾਂ ਵਿਚਕਾਰ 5 ਵਾਰ ਮੁਕਾਬਲਾ ਹੋਇਆ ਹੈ, ਜਿਸ ਵਿਚੋਂ ਜਰਮਨ ਤਿੰਨ ਵਾਰ ਅਤੇ ਇੰਗਲੈਂਡ ਇਕ ਵਾਰ ਜੇਤੂ ਰਿਹਾ ਹੈ। ਜਰਮਨੀ ਟੂਰਨਾਮੈਂਟ ਦੀ ਇਕੋ ਇਕ ਅਜੇਤੂ ਟੀਮ ਹੈ ਜਿਸ ਨੇ ਕੋਈ ਵੀ ਮੈਚ ਨਹੀਂ ਹਾਰਿਆ। ਪੂਲ ਮੈਚਾਂ ਵਿਚ ਤਿੰਨ ਜਿੱਤਾਂ ਅਤੇ ਦੋ ਬਰਾਬਰੀ ਨਾਲ ਕੁਲ 11 ਅੰਕਾਂ ਨਾਲ ਪੂਲ ਏ ਵਿਚੋਂ ਪਹਿਲਾਂ ਸਥਾਨ ਹਾਸਲ ਕਰਦਿਆਂ ਆਖਰੀ ਚਾਰਾਂ ਵਿਚ ਆਪਣੀ ਜਗ੍ਹਾ ਪੱਕੀ ਕੀਤੀ। ਜਰਮਨੀ ਕੋਲ ਪਿਛਲੀ ਵਿਸ਼ਵ ਕੱਪ ਚੈਂਪੀਅਨ ਬਣੀ ਟੀਮ ਦੇ ਸਿਰਫ ਤਿੰਨ ਖਿਡਾਰੀ ਹੀ ਖੇਡ ਰਹੇ ਹਨ। ਟੀਮ ਦਾ ਪੂਰਾ ਦਾਰੋਮਦਾਰ ਨਵੇਂ ਉਭਰਦੇ ਨੌਜਵਾਨ ਖਿਡਾਰੀਆਂ 'ਤੇ ਹੈ। ਜਰਮਨੀ ਟੀਮ ਵਿਚ ਬਹੁਤ ਖਿਡਾਰੀ ਉਹ ਹਨ ਜਿਨ੍ਹਾਂ ਨੇ ਪਿਛਲੇ ਸਾਲ ਸਿੰਗਾਪੁਰ ਵਿਖੇ ਹੋਏ ਜੂਨੀਅਰ ਵਿਸ਼ਵ ਕੱਪ ਵਿਚ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ। ਜਦਕਿ ਦੂਜੇ ਪਾਸੇ ਇੰਗਲੈਂਡ ਦੀ ਟੀਮ ਨੇ ਆਪਣੇ ਪੂਲ ਮੈਚਾਂ ਵਿਚ ਖਿਤਾਬ ਦੀ ਪ੍ਰਮੁੱਖ ਦਾਅਵੇਦਾਰ ਆਸਟਰੇਲੀਆ, ਪਾਕਿਸਤਾਨ, ਭਾਰਤ, ਦੱਖਣੀ ਅਫਰੀਕਾ ਨੂੰ ਹਾਰ ਦਾ ਸਵਾਦ ਚਖਾਇਆ ਹੈ ਭਾਵੇਂ ਆਖਰੀ ਲੀਗ ਮੈਚ ਵਿਚ ਇੰਗਲੈਂਡ ਸਪੇਨ ਹੱਥੋਂ ਹਾਰ ਗਿਆ ਸੀ ਪਰ ਪਿਛਲੇ ਇਕ ਸਾਲ ਤੋਂ ਯੂਰੋ ਕੱਪ ਜਿੱਤਣ ਤੋਂ ਬਾਅਦ ਇੰਗਲੈਂਡ ਦੀ ਟੀਮ ਜੋ ਪ੍ਰਦਰਸ਼ਨ ਕਰਦੀ ਆ ਰਹੀ ਹੈ, ਉਸ ਤੋਂ ਲਗਦਾ ਹੈ ਕਿ ਇੰਗਲੈਂਡ ਦੇ ਖਿਡਾਰੀ ਵਿਸ਼ਵ ਕੱਪ ਵਿਚ ਪੂਰੀ ਤਰ੍ਹਾਂ ਜੇਤੂ ਇਰਾਦਿਆਂ ਨਾਲ ਉਤਰੇ ਹਨ। ਇੰਗਲੈਂਡ ਨੇ ਹੁਣ ਤੱਕ ਵਿਰੋਧੀ ਟੀਮ ਸਿਰ 17 ਗੋਲ ਕੀਤੇ ਹਨ। ਜੈਕਸਨ ਆਸਲੇ 5 ਗੋਲ ਕਰਕੇ ਇੰਗਲੈਂਡ ਦਾ ਟਾਪ ਸਕੋਰਰ ਚੱਲ ਰਿਹਾ ਹੈ। ਜੇਮਜ਼ ਟਿੰਡਲ ਟੀਮ ਦੇ ਸਭ ਤੋਂ ਖਤਰਨਾਕ ਖਿਡਾਰੀ ਹਨ ਦੂਜੇ ਪਾਸੇ ਜਰਮਨੀ ਜੋ ਚੈਂਪੀਅਨ ਬਣਨ ਦੇ ਨਾਲ-ਨਾਲ ਜੇਤੂ ਹੈਟ੍ਰਿਕ ਬਣਾਉਣ ਲਈ ਗੋਰਿਆਂ ਦਾ ਮੁਕਾਬਲਾ ਕਰੇਗੀ। ਫਲੋਰੀਅਨ ਫਚ, ਮਿਥਾਸ ਵਾਸ ਅਤੇ ਕਪਤਾਨ ਮੂਲਰ, ਓਲੀਵਰ ਹੁਣ ਤੱਕ ਵਿਰੋਧੀ ਟੀਮਾਂ ਲਈ ਖਤਰਾ ਬਣ ਰਹੇ ਹਨ। ਦੋਵਾਂ ਟੀਮਾਂ ਦੇ ਅੱਧੇ-ਅੱਧੇ ਜਿੱਤਣ ਦੇ ਮੌਕੇ ਹਨ।
ਵਿਸ਼ਵ ਕੱਪ ਦੇ ਇਤਿਹਾਸ ਵਿਚ ਆਸਟਰੇਲੀਆ ਅਤੇ ਹਾਲੈਂਡ ਵਿਚਕਾਰ ਹਮੇਸ਼ਾ ਹੀ ਮੁਕਾਬਲੇ ਰੋਮਾਂਚਕ ਰਿਹਾ ਹੈ। ਹੁਣ ਤੱਕ ਦੋਵੇਂ ਟੀਮਾਂ ਚਾਰ ਵਾਰ ਸੈਮੀਫਾਈਨਲ ਵਿਚ ਇਕ ਦੂਜੇ ਨਾਲ ਭਿੜੀਆਂ ਹਨ। ਲਗਤਾਰ ਦੋ ਵਿਸ਼ਵ ਕੱਪਾਂ ਵਿਚ ਉਪ ਜੇਤੂ ਬਣਦੀ ਆ ਰਹੀ ਆਸਟਰੇਲੀਆ ਟੀਮ ਇਸ ਵਾਰ ਕਿਸੇ ਵੀ ਤਰੀਕੇ ਹਾਰ ਨਾਲ ਸਮਝੌਤਾ ਨਹੀਂ ਕਰੇਗੀ। ਟੀਮ ਦੇ ਕੋਚ ਜੋ 1986 ਵਿਸ਼ਵ ਕੱਪ ਦੇ ਜੇਤੂ ਕਪਤਾਨ ਰਹੇ ਹਨ, ਇਸ ਵਾਰ ਬਤੌਰ ਕੋਚ ਖਿਤਾਬ ਆਪਣੇ ਨਾਂਅ ਕਰਨਾ ਚਾਹੁੰਦੇ ਹਨ। ਦੋ ਮਹੀਨੇ ਪਹਿਲਾਂ ਚੈਂਪੀਅਨਜ਼ ਟਰਾਫੀ ਮੁਕਾਬਲਾ ਜਿੱਤਣ ਤੋਂ ਬਾਅਦ ਕੰਗਾਰੂ ਵਿਸ਼ਵ ਕੱਪ 'ਤੇ ਖਿਤਾਬ ਦੇ ਸਭ ਤੋਂ ਵੱਡੇ ਦਾਅਵੇਦਾਰ ਹਨ। ਕਪਤਾਨ ਜਿਮੀ ਡਾਇਰ ਤੋਂ ਇਲਾਵਾ ਗੋਲਾਂ ਦੀ ਝੜੀ ਲਾਉਣ ਵਾਲਾ ਲੁਕ ਡਾਨਰ, ਗਰਾਂਟ ਸਟੂਵਰਟ, ਗਲੈਨ ਟਰਨਰ ਅਜਿਹੇ ਖਤਰਨਾਕ ਖਿਡਾਰੀ ਹਨ ਕਿ ਉਹ ਕਿਸੇ ਪਲ ਵੀ ਮੈਚ ਦਾ ਪਾਸਾ ਪਲਟ ਸਕਦੇ ਹਨ। ਜਦਕਿ ਹਾਲੈਂਡ ਦੀਆਂ ਵੱਡੀਆਂ ਆਸਾਂ ਟੀਨਡੁਨਾਇਰ, ਰੋਨਾਲਡ ਬਰੋਅਰ, ਟੀਕਾ ਟੀਕੇਮਾ 'ਤੇ ਰਹਿਣਗੀਆਂ। ਦੋਵਾਂ ਟੀਮਾਂ ਦੀ ਕਾਰਗੁਜ਼ਾਰੀ ਦੇਖ ਕੇ ਆਸਟਰੇਲੀਆ ਦਾ ਪਲੜਾ 60% ਅਤੇ ਡੱਚਾਂ ਦਾ 40% ਪਲੜਾ ਭਾਰੂ ਲਗਦਾ ਹੈ। ਟੀਮ ਭਾਵੇਂ ਕੋਈ ਵੀ ਜਿੱਤੇ ਹਾਕੀ ਪ੍ਰੇਮੀਆਂ ਨੂੰ ਦੋਵਾਂ ਮੈਚਾਂ ਵਿਚ ਤੇਜ਼-ਤਰਾਰ ਅਤੇ ਕਲਾਤਮਕ ਹਾਕੀ ਦੇ ਦਰਸ਼ਨ ਕਰਨ ਨੂੰ ਮਿਲਣਗੇ।

ਇੰਡੀਅਨ ਪ੍ਰੀਮੀਅਰ ਲੀਗ 13 ਮਾਰਚ ਤੋਂ

ਅਜੀਤ ਨਗਰ, 10 ਮਾਰਚ - ਆਈ ਪੀ ਐਲ ਟੀਮ ਕਿੰਗਜ਼ ਇਲੈਵਨ 13 ਮਾਰਚ ਨੂੰ ਕਿੰਗਜ਼ ਇਲੈਵਨ ਪੰਜਾਬ ਅਤੇ ਦਿੱਲੀ ਡੇਅਰਡੇਵਿਲਜ਼ ਵਿਚਕਾਰ ਮੁਹਾਲੀ ਵਿਖੇ, 16 ਮਾਰਚ ਨੂੰ ਕਿੰਗਜ਼ ਇਲੈਵਨ ਪੰਜਾਬ ਅਤੇ ਰੋਇਲ ਚੈਲੰਜਰ ਬੰਗਲੌਰ ਵਿਚਕਾਰ ਬੰਗਲੌਰ ਵਿਚ, 19 ਮਾਰਚ ਨੂੰ ਕਿੰਗਜ਼ ਇਲੈਵਨ ਪੰਜਾਬ ਅਤੇ ਡੇਕਿਨ ਚਾਰਜਰ ਵਿਚਕਾਰ ਕਟਕ ਵਿਚ , 21 ਮਾਰਚ ਨੂੰ ਕਿੰਗਜ਼ ਇਲੈਵਨ ਪੰਜਾਬ ਅਤੇ ਚੇਨਈ ਸੁਪਰ ਕਿੰਗਜ਼ ਵਿਚਕਾਰ ਚੇਨਈ ਵਿਚ, 24 ਮਾਰਚ ਨੂੰ ਕਿੰਗਜ਼ ਇਲੈਵਨ ਪੰਜਾਬ ਅਤੇ ਰਾਜਸਥਾਨ ਰੋਇਲ ਵਿਚਕਾਰ ਮੁਹਾਲੀ ਵਿਖੇ, 27 ਮਾਰਚ ਨੂੰ ਕਿੰਗਜ਼ ਇਲੈਵਨ ਪੰਜਾਬ ਅਤੇ ਕਲਕੱਤਾ ਨਾਈਟ ਰਾਈਡਰਜ਼ ਵਿਚਕਾਰ ਮੁਹਾਲੀ ਵਿਚ, 30 ਮਾਰਚ ਨੂੰ ਕਿੰਗਜ਼ ਇਲੈਵਨ ਪੰਜਾਬ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਮੁੰਬਈ ਵਿਚ, 2 ਅਪ੍ਰੈਲ ਨੂੰ ਕਿੰਗਜ਼ ਇਲੈਵਨ ਪੰਜਾਬ ਅਤੇ ਰੋਇਲ ਚੈਲੰਜਰ ਬੰਗਲੌਰ ਵਿਚਕਾਰ ਮੁਹਾਲੀ ਵਿਚ, 4 ਅਪ੍ਰੈਲ ਨੂੰ ਕਿੰਗਜ਼ ਇਲੈਵਨ ਪੰਜਾਬ ਅਤੇ ਕਲਕੱਤਾ ਨਾਈਟ ਰਾਈਡਰਜ਼ ਵਿਚਕਾਰ ਕਲਕੱਤਾ ਵਿਚ, 7 ਅਪ੍ਰੈਲ ਨੂੰ ਕਿੰਗਜ਼ ਇਲੈਵਨ ਪੰਜਾਬ ਅਤੇ ਰਾਜਸਥਾਨ ਰੋਇਲ ਵਿਚਕਾਰ ਜੈਪੁਰ ਵਿਚ, 9 ਅਪ੍ਰੈਲ ਨੂੰ ਕਿੰਗਜ਼ ਇਲੈਵਨ ਪੰਜਾਬ ਅਤੇ ਮੁੰਬਈ ਇੰਡੀਅਨ ਵਿਚਕਾਰ ਮੁਹਾਲੀ ਵਿਚ, 11 ਅਪ੍ਰੈਲ ਨੂੰ ਕਿੰਗਜ਼ ਇਲੈਵਨ ਪੰਜਾਬ ਅਤੇ ਦਿੱਲੀ ਡੇਅਰਡੇਵਿਲਜ਼ ਵਿਚਕਾਰ ਦਿੱਲੀ ਵਿਚ, 16 ਅਪ੍ਰੈਲ ਨੂੰ ਕਿੰਗਜ਼ ਇਲੈਵਨ ਪੰਜਾਬ ਅਤੇ ਡੈਕਨ ਚਾਰਜਰ ਵਿਚਕਾਰ ਧਰਮਸ਼ਾਲਾ ਵਿਚ, 18 ਅਪ੍ਰੈਲ ਨੂੰ ਕਿੰਗਜ਼ ਇਲੈਵਨ ਪੰਜਾਬ ਅਤੇ ਚੈਨਈ ਸੁਪਰ ਕਿੰਗਜ਼ ਵਿਚਕਾਰ ਮੈਚ ਧਰਮਸ਼ਾਲਾ ਵਿਖੇ ਹੋਵੇਗਾ।\

ਵਿਸ਼ਵ ਹਾਕੀ ਕੱਪ 'ਚ ਜਰਮਨੀ ਅਤੇ ਹਾਲੈਂਡ ਅੱਗੇ

ਨਵੀਂ ਦਿੱਲੀ : ਹਾਕੀ ਵਿਸ਼ਵ ਕੱਪ ਨਵੀਂ ਦਿੱਲੀ ਦੇ ਮੇਜਰ ਧਿਆਨ ਚੰਦ ਸਟੇਡੀਅਮ 'ਚ ਚੱਲ ਰਿਹਾ ਹੈ। 9 ਮਾਰਚ ਨੂੰ ਵਿਸ਼ਵ ਕੱਪ ਹਾਕੀ ਦੇ ਪੂਲ ਏ ਨੇ ਆਖਰੀ ਗੇੜ ਦੇ ਮੈਚਾਂ ਵਿਚ ਹਾਲੈਂਡ ਅਤੇ ਜਰਮਨੀ ਨੇ ਸਰਬੋਤਮ ਸਥਾਨ ਹਾਸਲ ਕਰਦਿਆਂ ਸੈਮੀਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕੀਤੀ। 1998 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਕਿ ਏਸ਼ੀਅਨ ਮਹਾਂਦੀਪ ਦੀ ਮੇਜ਼ਬਾਨੀ ਦੇ ਬਾਵਜੂਦ ਕੋਈ ਵੀ ਟੀਮ ਸੈਮੀਫਾਈਨਲ ਵਿਚ ਕੋਈ ਜਗ੍ਹਾ ਨਹੀਂ ਬਣਾ ਸਕੀ। ਆਖਰੀ ਲੀਗ ਮੈਚ ਵਿਚ ਕੋਰੀਆ ਨੇ ਹਾਲੈਂਡ ਨੂੰ 2-1 ਨਾਲ ਮਾਤ ਦਿੱਤੀ। ਦੋਵਾਂ ਟੀਮਾਂ ਦੇ ਲੀਗ ਵਿਚ 10-10 ਅੰਕ ਹਨ ਪਰ ਗੋਲ ਔਸਤ ਦੇ ਆਧਾਰ 'ਤੇ ਕੋਰੀਆ ਟੀਮ ਸੈਮੀਫਾਈਨਲ ਦੀ ਦੌੜ ਵਿਚੋਂ ਬਾਹਰ ਹੋ ਗਈ। ਪਹਿਲੇ ਮੈਚ ਵਿਖੇ ਜਰਮਨੀ ਨੇ ਨਿਊਜ਼ੀਲੈਂਡ ਨੂੰ 5-2 ਨਾਲ ਹਰਾ ਕੇ ਕੁੱਲ 11 ਅੰਕ ਹਾਸਲ ਕਰਦਿਆਂ ਆਖਰੀ ਚਾਰਾਂ ਅੰਕਾਂ ਵਿਚ ਆਪਣੀ ਜਗ੍ਹਾ ਨਿਸ਼ਚਿਤ ਕੀਤੀ। ਕੋਰੀਆ ਨੇ ਆਪਣੇ ਆਖਰੀ ਲੀਗ ਮੈਚ ਵਿਚ ਪਿਛਲੇ ਕੱਪ 'ਚ ਸਤਵੇਂ ਸਥਾਨ 'ਤੇ ਰਹੇ ਹਾਲੈਂਡ ਨੂੰ 2-1 ਨਾਲ ਮਾਤ ਦਿੱਤੀ। ਹਾਲੈਂਡ ਵੱਲੋਂ ਪਹਿਲੇ 28 ਸੈਕਿੰਡਾਂ ਵਿਚ ਰੋਨਾਲਡ ਬਰੋਅਰ ਨੇ ਗੋਲ ਕਰਕੇ ਜਿੱਤ ਦੇ ਸੁਪਨੇ ਸੰਜੋਏ। ਕੋਰੀਆ ਵੱਲੋਂ 31ਵੇਂ ਮਿੰਟ ਵਿਚ ਨਾਮ ਹਿਊ ਵਿਊ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕੀਤਾ, ਜਦ ਕਿ 45ਵੇਂ ਮਿੰਟ ਵਿਚ ਕਪਤਾਨ ਸਿਊ ਜੋਂਗ ਹੋਂਗ ਨੇ ਜੇਤੂ ਗੋਲ ਕੀਤਾ। ਲੀਗ ਦੌਰ ਦੀ ਸਮਾਪਤੀ ਤੋਂ ਬਾਅਦ ਹਾਲੈਂਡ ਨੇ ਪੰਜ ਮੈਚਾਂ ਬਾਅਦ ਤਿੰਨ ਜਿੱਤਾਂ, ਇਕ ਬਰਾਬਰੀ ਅਤੇ ਇਕ ਹਾਰ ਨਾਲ ਕੁਲ 10 ਅੰਕ ਹਨ। ਹਾਲੈਂਡ ਨੇ 15 ਗੋਲ ਕੀਤੇ ਅਤੇ ਪੰਜ ਖਾਧੇ ਹਨ, ਜਦ ਕਿ ਕੋਰੀਆ ਪੰਜ ਮੈਚਾਂ ਬਾਅਦ ਤਿੰਨ ਜਿੱਤਾਂ, ਇਕ ਬਰਾਬਰੀ ਅਤੇ ਇਕ ਹਾਰ ਨਾਲ ਕੁਲ 10 ਅੰਕ ਹਾਸਲ ਕੀਤੇ। ਕੋਰੀਆ ਨੇ 16 ਗੋਲ ਕੀਤੇ 8 ਖਾਧੇ। ਵਿਸ਼ਵ ਕੱਪ ਦੇ ਸੈਮੀਫਾਈਨਲ ਮੁਕਾਬਲੇ 11 ਮਾਰਚ ਨੂੰ ਪਹਿਲਾ ਸੈਮੀਫਾਈਨਲ ਜਰਮਨੀ ਬਨਾਮ ਇੰਗਲੈਂਡ 6.05 ਵਜੇ ਸ਼ਾਮ ਅਤੇ ਦੂਜਾ ਸੈਮੀਫਾਈਨਲ ਆਸਟਰੇਲੀਆ ਬਨਾਮ ਹਾਲੈਂਡ ਰਾਤ 8.35 ਵਜੇ ਖੇਡਿਆ ਜਾਵੇਗਾ। ਉਸੇ ਦਿਨ ਪਾਕਿਸਤਾਨ ਆਖਰੀ ਸਥਾਨ ਤੋਂ ਬਚਣ ਲਈ ਕੈਨੇਡਾ ਵਿਰੁੱਧ 3.30 ਵਜੇ ਖੇਡੇਗਾ। 10 ਮਾਰਚ ਨੂੰ ਸਾਰੀਆਂ ਟੀਮਾਂ ਲਈ ਆਰਾਮ ਦਾ ਦਿਨ ਹੋਵੇਗਾ।

ਪੰਜਾਬ ਬਾਡੀ ਬਿਲਡਿੰਗ 'ਚ ਸ਼ਾਮਿਲ ਹੋਣ ਵਾਲੇ ਖਿਡਾਰੀ

ਜਲੰਧਰ, 9 ਮਾਰਚ - ਪੰਜਾਬ ਬਾਡੀ ਬਿਲਡਿੰਗ ਦੇ ਚੋਣ ਟਰਾਈਲ ਫਲੈਕਸ ਬਾਡੀ ਲਾਈਨਰਜ਼ ਹੈਲਥ ਕਲੱਬ ਦੁੱਗਰੀ ਲੁਧਿਆਣਾ ਵਿਖੇ ਕਰਵਾਏ ਗਏ। ਜਿਸ ਵਿਚ 55 ਕਿਲੋ ਵਰਗ ਵਿਚ ਰੋਬਿਨ, ਜਰਨੈਲ ਸਿੰਘ, 60 ਕਿਲੋ ਵਿਚ ਜੈ ਨਾਰਾਇਣ ਤੇ ਮਸਮ ਮੱਲ, 65 ਕਿਲੋ ਵਰਗ ਵਿਚ, ਗੁਰਵਿੰਦਰ ਤੇ ਅਮਿਤ ਦੀਪ, 70 ਕਿਲੋ ਵਿਚ ਵਿਵੇਕ ਸ਼ਰਮਾ, ਚਰਨਜੀਤ ਸਿੰਘ, 80 ਕਿਲੋ ਸੁਖਜੀਤ ਸਿੰਘ, ਪੰਕਜ, 85 ਕਿਲੋ ਵਿਚੋਂ ਸੰਦੀਪ ਕੁਮਾਰ ਤੇ ਰਘੂ ਰਾਜ, 90 ਕਿਲੋ ਵਰਗ ਵਿਚ ਦਵਿੰਦਰ ਸਿੰਘ ਤੇ ਹਰਚਰਨ ਸਿੰਘ, 90 ਤੋਂ ਉੱਪਰ ਰਾਮ ਸਰੂਪ ਦੀ ਚੋਣ ਕੀਤੀ ਗਈ ਹੈ। ਇਹ ਚੁਣੀ ਹੋਈ ਟੀਮ 21 ਮਾਰਚ ਨੂੰ ਨਾਰਥ ਇੰਡੀਆ ਫੈਡਰੇਸ਼ਨ ਕੱਪ ਜੋ ਕਿ ਲੁਧਿਆਣਾ ਵਿਖੇ ਤੋਂ 26-27 ਮਾਰਚ ਨੂੰ ਅਸਨਸੋਲ (ਪੱਛਮੀ ਬੰਗਾਲ) ਵਿਖੇ ਕਰਵਾਈ ਜਾ ਰਹੀ ਫੈਡਰੇਸ਼ਨ ਕੱਪ ਬਾਡੀ ਬਿਲਡਿੰਗ ਪ੍ਰਤੀਯੋਗਤਾ ਵਿਚ ਹਿੱਸਾ ਲਵੇਗੀ।

ਪਿੰਡ ਖਲਚੀਆਂ ਦਾ ਖੇਡ ਮੇਲਾ 12 ਤੋਂ

ਰਾਜਾਸਾਂਸੀ, 9 ਮਾਰਚ - 12 ਤੋਂ 14 ਮਾਰਚ ਤੱਕ ਪਿੰਡ ਖਿਲਚੀਆਂ 'ਚ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਵਿਚ ਕਬੱਡੀ, ਫੁੱਟਬਾਲ, ਵਾਲੀਬਾਲ ਦੇ ਮੁਕਾਬਲੇ ਕਰਾਏ ਜਾਣਗੇ। ਕਬੱਡੀ ਓਪਨ ਪਿੰਡ ਪੱਧਰ 'ਚ ਦੋ ਖਿਡਾਰੀ ਬਾਹਰੋਂ ਲਏ ਜਾ ਸਕਦੇ ਹਨ। ਕਬੱਡੀ ਵਿਚ ਪਹਿਲਾ ਤੇ ਦੂਜਾ ਸਥਾਨ ਹਾਸਲ ਕਰਨ ਵਾਲੀਆਂ ਟੀਮਾਂ ਨੂੰ 25 ਤੇ 20 ਹਜ਼ਾਰ ਰੁਪਏ ਦੇ ਇਨਾਮ, ਫੁੱਟਬਾਲ ਵਿਚ ਪਹਿਲੇ ਸਥਾਨਾਂ 'ਤੇ ਆਉਣ ਵਾਲੀ ਟੀਮ ਨੂੰ 15,000, ਦੂਸਰੇ ਸਥਾਨ 'ਤੇ 11000 ਹਜ਼ਾਰ ਅਤੇ ਇਸੇ ਤਰ੍ਹਾਂ ਵਾਲੀਬਾਲ ਵਿਚ 6 ਹਜ਼ਾਰ ਅਤੇ 4 ਹਜ਼ਾਰ ਰੁਪਏ ਦੇ ਇਨਾਮ ਦਿੱਤੇ ਜਾਣਗੇ।

ਪਿੰਡ ਲੱਖਣ ਕੇ ਪੱਡਾ ਦਾ 55ਵਾਂ ਕਬੱਡੀ ਟੂਰਨਾਮੈਂਟ 12 ਤੋਂ

ਨਡਾਲਾ, 9 ਮਾਰਚ - 55ਵਾਂ ਕਬੱਡੀ ਟੂਰਨਾਮੈਂਟ 12 ਤੋਂ 14 ਮਾਰਚ ਤੱਕ ਪਿੰਡ ਲੱਖਣ ਕੇ ਪੱਡਾ ਵਿੱਚ ਕਰਵਾਇਆ ਜਾ ਰਿਹਾ ਹੈ। ਕਬੱਡੀ ਓਪਨ ਪਿੰਡ ਪੱਧਰ, ਕਬੱਡੀ 57, 50, 40 ਤੇ ਕਿਲੋ ਪਿੰਡ ਪੱਧਰ ਦੇ ਫ਼ਸਵੇਂ ਮੁਕਾਬਲੇ ਹੋਣਗੇ। 12 ਮਾਰਚ ਨੂੰ ਵਾਲੀਬਾਲ ਦੇ ਸਾਰੇ ਮੈਚ ਹੋਣਗੇ। 14 ਮਾਰਚ ਨੂੰ ਪ੍ਰਸਿੱਧ ਗਾਇਕ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ।

ਪਿੰਡ ਕੋਹਰ ਸਿੰਘ ਵਾਲਾ 'ਚ ਦੋ ਰੋਜ਼ਾ ਕਬੱਡੀ ਟੂਰਨਾਮੈਂਟ 14 ਤੋਂ

ਗੋਲੂ ਕਾ ਮੋੜ, 9 ਮਾਰਚ - ਦੋ ਰੋਜ਼ਾ ਕਬੱਡੀ ਟੂਰਨਾਮੈਂਟ 14-15 ਮਾਰਚ ਨੂੰ ਪਿੰਡ ਕੋਹਰ ਸਿੰਘ ਵਾਲਾ ਦੇ ਖੇਡ ਸਟੇਡੀਅਮ 'ਚ ਕਰਵਾਇਆ ਜਾ ਰਿਹਾ ਹੈ। ਜਿਸ ਦੌਰਾਨ 14 ਮਾਰਚ ਨੂੰ 57 ਕਿਲੋ ਕਬੱਡੀ ਦੇ ਮੈਚ ਕਰਵਾਏ ਜਾਣਗੇ। 15 ਮਾਰਚ ਨੂੰ ਓਪਨ ਕਬੱਡੀ ਮੈਚ ਕਰਵਾਏ ਜਾਣਗੇ, ਜਿਸ ਦੌਰਾਨ ਓਪਨ ਕਬੱਡੀ ਵਿਚ ਜੇਤੂ ਟੀਮ ਨੂੰ ਪਹਿਲਾ ਇਨਾਮ 17 ਹਜ਼ਾਰ, ਦੂਜਾ ਇਨਾਮ 12 ਹਜ਼ਾਰ ਦਿੱਤਾ ਜਾਵੇਗਾ। 57 ਕਿਲੋ ਵਰਗ ਵਿਚ ਪਹਿਲਾ ਇਨਾਮ 5 ਹਜ਼ਾਰ ਤੇ ਦੂਜਾ ਇਨਾਮ 3 ਹਜ਼ਾਰ ਰੁਪਏ ਦਿੱਤਾ ਜਾਵੇਗਾ। ਕੁੱਕੜ ਫੜਨਾ, ਬਜ਼ੁਰਗਾਂ ਦੀ ਦੌੜ ਵਾਲੀ ਖੇਡ ਵੀ ਕਰਵਾਈ ਜਾਵੇਗੀ।

ਫੁੱਟਬਾਲ ਟੂਰਨਾਮੈਂਟ 'ਚ ਬਾੜੀਆਂ ਦੀ ਝੰਡੀ

ਸੈਲਾਖੁਰਦ, 9 ਮਾਰਚ - ਪਿੰਡ ਮਹਿੰਗਰੋਵਾਲ ਦੁਆਬਾ 'ਚ ਪੇਂਡੂ ਖੇਡ ਮੇਲਾ ਕਰਵਾਇਆ ਗਿਆ। ਫਾਇਨਲ ਮੈਚ ਦੌਰਾਨ ਪਿੰਡ ਬਾੜੀਆਂ ਕਲਾਂ ਅਤੇ ਮਹਿੰਗਰੋਵਾਲ ਦੁਆਬਾ ਵਿਚਕਾਰ ਖੇਡਿਆ ਗਿਆ ਜਿਸ ਵਿਚ ਬਾੜੀਆਂ ਕਲਾਂ ਦੀ ਟੀਮ ਨੇ ਮਹਿੰਗਰੋਵਾਲ ਦੁਆਬਾ ਨੂੰ 1-0 ਦੇ ਫਰਕਨਾਲ ਹਰਾ ਕੇ ਪਹਿਲਾ ਇਨਾਮ ਪੰਦਰਾਂ ਹਜ਼ਾਰ ਪ੍ਰਾਪਤ ਕੀਤਾ ਜਦੋਂ ਕਿ ਮਹਿੰਗਰੋਵਾਲ ਟੀਮ ਦੂਜੇ ਸਥਾਨ 'ਤੇ ਰਹਿ ਕੇ 12 ਹਜ਼ਾਰ ਰੁਪਏ ਅਤੇ ਟਰਾਫੀ ਸਮੇਤ ਸਬਰ ਕਰਨਾ ਪਿਆ। ਇਸ ਤੋਂ ਉਪਰੰਤ ਤੀਜੇ ਸਥਾਨ ਟੀਮ ਮੁੱਗੋਵਾਲ ਨੂੰ 3100 ਰੁਪਏ ਅਤੇ ਤੀਜੇ ਸਥਾਨ ਟੀਮ ਪੈਂਸਰਾਂ ਨੂੰ 2500 ਰੁਪਏ ਸਮੇਤ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। 10 ਸਾਲ ਤੋਂ ਛੋਟੇ ਲੜਕੇ ਅਤੇ ਲੜਕੀਆਂ ਦੀ 100 ਮੀਟਰ ਦੌੜ ਵਿਚ ਜਸਮਾਨ ਸਿੰਘ ਮਹਿੰਗਰੋਵਾਲ ਪਹਿਲਾ ਸਥਾਨ, ਹਰਮਨਜੀਤ ਸਿੰਘ ਮਹਿੰਗਰੋਵਾਲ ਦੂਜਾ ਅਤੇ ਨਿਰਮਲ ਸਿੰਘ ਮਹਿੰਗਰੋਵਾਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਲੜਕੀਆਂ ਵਿਚ ਤਰਨਜੀਤ ਕੌਰ ਪਹਿਲਾ, ਨਿਸ਼ੀ ਦੂਜਾ ਅਤੇ ਨੀਸ਼ਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 100 ਮੀਟਰ ਨੌਜਵਾਨ ਲੜਕਿਆਂ ਵਿਚ ਗੁਰਵਿੰਦਰ ਸਿੰਘ ਪੈਂਸਰਾਂ ਪਹਿਲਾ, ਸੋਨੂੰ ਜੀਵਨਪੁਰ ਜੱਟਾ ਦੂਜਾ ਅਤੇ ਬਾਵਾ ਜੀਵਨਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 400 ਮੀਟਰ ਦੌੜ ਵਿਚ ਇੰਦੂ ਮੇਘੋਵਾਲ ਪਹਿਲਾ, ਅਵਤਾਰ ਸਿੰਘ ਮੇਘੋਵਾਲ ਦੂਜਾ ਅਤੇ ਇਦੋ ਮੁੱਗੋਵਾਲ ਨੇ ਤੀਜਾ ਸਥਾਨ ਹਾਸਲ ਕੀਤਾ। ਸਾਇਕਲ ਰੇਸ ਵਿਚ ਹੈਪੀ ਮੁੱਗੋਵਾਲ ਨੇ ਪਹਿਲਾ ਸਥਾਨ ਅਮਰੀਕ ਸਿੰਘ ਮਹਿੰਗਰੋਵਾਲ ਦੂਜਾ ਅਤੇ ਓਂਕਾਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 50 ਸਾਲ ਤੋਂ ਉਪਰ 100 ਮੀਟਰ ਦੌੜ ਵਿਚ ਸੁਗਲੀ ਭਰੋਵਾਲ ਪਹਿਲਾ ਸਥਾਨ ਕਰਮ ਸਿੰਘ ਫੌਜੀ ਦੂਜਾ ਅਤੇ ਗਿਆਨੀ ਅਜਾਇਬ ਸਿੰਘ ਤੀਜਾ ਸਥਾਨ ਹਾਸਲ ਕੀਤਾ।

ਭਾਰਤ ਅਤੇ ਦੱਖਣੀ ਅਫਰੀਕਾ ਮੈਚ 'ਚ ਬਰਾਬਰ

ਨਵੀਂ ਦਿੱਲੀ : ਦਿੱਲੀ ਦੇ ਮੇਜਰ ਧਿਆਨ ਚੰਦ ਸਟੇਡੀਅਮ ਵਿਚ ਹਾਕੀ ਵਿਸ਼ਵ ਕੱਪ ਚੱਲ ਰਿਹਾ ਹੈ। ਇਸ ਦੇ ਪੂਲ ਬੀ ਦੇ ਆਖਰੀ ਮੈਚ 'ਚ ਮੇਜ਼ਬਾਨ ਭਾਰਤ ਅਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਸਖਤ ਮੁਕਾਬਲੇ ਮਗਰੋਂ 3-3 ਨਾਲ ਬਰਾਬਰੀ 'ਤੇ ਰਹੀਆਂ। ਪੰਜਵੇਂ ਦੌਰ ਦੇ ਇਸ ਮੈਚ ਤੋਂ ਬਾਅਦ ਭਾਰਤ ਨੇ ਚਾਰ ਅੰਕ ਪ੍ਰਾਪਤ ਕਰਕੇ ਗੋਲ ਔਸਤ ਦੇ ਅਧਾਰ 'ਤੇ ਪੂਲ 'ਚ ਚੌਥਾ ਸਥਾਨ ਪ੍ਰਾਪਤ ਕਰ ਲਿਆ ਹੈ। ਇਸ ਤਰਾਂ ਭਾਰਤ ਹੁਣ ਸੱਤਵੇਂ ਸਥਾਨ ਲਈ ਖੇਡੇਗਾ।
ਪੂਲ ਬੀ ਦੇ ਇਕ ਮੈਚ 'ਚ ਆਸਟਰੇਲੀਆ ਨੇ ਪਾਕਿਸਤਾਨ ਨੂੰ ਹਰਾ ਕੇ 12 ਅੰਕਾਂ ਨਾਲ ਸੈਮੀਫਾਈਨਲ 'ਚ ਥਾਂ ਪੱਕੀ ਕਰ ਲਈ ਹੈ। ਇਸ ਪੂਲ 'ਚ ਆਸਟਰੇਲੀਆ ਨੇ ਇੰਗਲੈਂਡ ਨੂੰ ਗੋਲ ਔਸਤ ਦੇ ਅਧਾਰ 'ਤੇ ਇੰਗਲੈਂਡ ਨੂੰ ਵੀ ਪਛਾੜ ਦਿੱਤਾ ਹੈ। ਪਾਕਿਸਤਾਨ ਨੇ ਵੀ ਪਹਿਲੇ ਮੈਚਾਂ ਨਾਲੋਂ ਚੰਗੀ ਖੇਡ ਦਾ ਪ੍ਰਦਰਸ਼ਨ ਕੀਤਾ, ਪਰ ਦੂਜੇ ਅੱਧ 'ਚ ਮਿਲੇ ਮੌਕਿਆਂ ਨੂੰ ਟੀਮ ਸਾਂਭ ਨਾ ਸਕੀ। ਅੱਧੇ ਸਮੇਂ ਤੱਕ ਪਾਕਿਸਤਾਨ 1-0 ਨਾਲ ਅੱਗੇ ਸੀ, ਪਰ 38ਵੇਂ ਅਤੇ 67ਵੇਂ ਮਿੰਟ 'ਚ ਆਸਟਰੇਲੀਆ ਦੇ ਖਿਡਾਰੀਆਂ ਨੇ ਦੋ ਗੋਲ ਕਰਕੇ ਸਕੋਰ 2-1 ਕਰ ਦਿੱਤਾ। ਇਹ ਪਾਕਿਸਤਾਨ ਦੀ ਚੌਥੀ ਹਾਰ ਸੀ। ਪੂਰੇ ਮੈਚ ਦੌਰਾਨ ਆਸਟੇਰਲੀਆ ਨੂੰ 2 ਅਤੇ ਪਾਕਿਸਤਾਨ ਨੂੰ ਚਾਰ ਪੈਨਲਟੀ ਕਾਰਨਰ ਮਿਲੇ। ਇੰਗਲੈਂਡ ਦੀ ਸਪੇਨ ਹੱਥੋਂ ਹੋਈ ਹਾਰ ਨੇ ਭਾਰਤ ਦੀਆਂ ਚੈਪੀਅਨਜ਼ ਟਰਾਫੀ ਵਿਚ ਪੁੱਜਣ ਦੀਆਂ ਆਸਾਂ 'ਤੇ ਪਾਣੀ ਫੇਰ ਦਿੱਤਾ ਹੈ, ਜਦਕਿ ਸਪੇਨ ਦੀਆਂ ਚੈਂਪੀਅਨਜ਼ ਟਰਾਫੀ ਲਈ ਸੰਭਾਵਨਾਵਾਂ ਅਜੇ ਕਾਇਮ ਹਨ। ਬੀਜਿੰਗ ਉਲੰਪਿਕ 'ਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਸਪੇਨ ਦੀ ਹਾਕੀ ਟੀਮ ਨੇ ਹਾਕੀ ਵਿਸ਼ਵ ਕੱਪ ਦੇ ਪੂਲ ਬੀ ਦੇ ਇਕ ਮੁਕਾਬਲੇ 'ਚ ਇੰਗਲੈਂਡ ਨੂੰ 2-0 ਨਾਲ ਹਰਾ ਦਿੱਤਾ।

ਹਾਕੀ ਵਿਸ਼ਵ ਕੱਪ 'ਚ ਇੰਗਲੈਂਡ ਨੂੰ ਸਪੇਨ ਨੇ 2-0 ਨਾਲ ਹਰਾਇਆ

ਨਵੀਂ ਦਿੱਲੀ, 8 ਮਾਰਚ - ਬੀਜਿੰਗ ਉਲੰਪਿਕ 'ਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਸਪੇਨ ਦੀ ਹਾਕੀ ਟੀਮ ਨੇ ਹਾਕੀ ਵਿਸ਼ਵ ਕੱਪ ਦੇ ਪੂਲ ਬੀ ਦੇ ਇਕ ਮੁਕਾਬਲੇ 'ਚ ਇੰਗਲੈਂਡ ਨੂੰ 2-0 ਨਾਲ ਹਰਾ ਦਿੱਤਾ। ਇਸ ਜਿੱਤ ਦੇ ਬਾਵਜੂਦ ਸਪੇਨ ਦੀ ਟੀਮ ਸੈਮੀਫਾਈਨਲ 'ਚ ਨਹੀਂ ਪਹੁੰਚ ਸਕੀ। ਸਪੇਨ ਲਈ ਪਹਿਲਾ ਗੋਲ ਕਵੋਮਾਦਾ ਨੇ 35ਵੇਂ ਮਿੰਟ 'ਚ ਅਤੇ ਦੂਸਰਾ ਐਡਵਰਡ ਤੋਬਾਉ ਨੇ 64ਵੇਂ ਮਿੰਟ 'ਚ ਕੀਤਾ। ਪਹਿਲਾ ਗੋਲ ਪੈਨਲਟੀ ਕਾਰਨਰ ਜ਼ਰੀਏ ਹੋਇਆ ਜਦਕਿ ਦੂਸਰਾ ਫੀਲਡ ਗੋਲ ਸੀ। ਸਪੇਨ ਦੀ ਇਹ ਤੀਸਰੀ ਜਿੱਤ ਹੈ। ਇਸ ਤੋਂ ਪਹਿਲਾਂ ਉਸਨੂੰ ਪਾਕਿਸਤਾਨ ਅਤੇ ਆਸਟਰੇਲੀਆ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਜਿੱਤ ਨਾਲ ਸਪੇਨ ਦੇ 9 ਅੰਕ ਹੋ ਗਏ ਹਨ। ਪੂਲ ਏ 'ਚ ਆਸਟਰੇਲੀਆ ਦੇ ਵੀ 9 ਅੰਕ ਹਨ, ਪਰ ਗੋਲ ਅੰਤਰ ਦੇ ਲਿਹਾਜ ਨਾਲ ਉਸ ਦੀ ਸਥਿਤੀ ਸਪੇਨ ਨਾਲੋਂ ਜ਼ਿਆਦਾ ਚੰਗੀ ਹੈ। ਸਪੇਨ ਨੇ ਦੂਸਰੀਆਂ ਟੀਮਾਂ ਖਿਲਾਫ 12 ਗੋਲ ਕੀਤੇ ਹਨ, ਜਦਕਿ ਚਾਰ ਮੈਚਾਂ ਜ਼ਰੀਏ 21 ਗੋਲ ਕਰਕੇ ਆਸਟਰੇਲੀਆ ਦੀ ਟੀਮ ਸੈਮੀਫਾਈਨਲ 'ਚ ਪਹੁੰਚ ਚੁੱਕੀ ਹੈ।

ਕਿਉਂ ਜਾ ਰਹੀ ਹੈ ਹਾਕੀ ਥੱਲੇ ਵੱਲ ?

ਜਲੰਧਰ, 8 ਮਾਰਚ - ਭਾਰਤ ਦੀ ਹਾਕੀ ਨਿਘਾਰ ਵੱਲ ਕਿਉਂ ਜਾ ਰਹੀ ਹੈ, ਆਖਿਰ ਇਸ ਲਈ ਕੌਣ ਜ਼ਿੰਮੇਵਾਰ ਹਨ, ਕਿਉਂਕਿ ਇਕ ਪਾਸੇ ਤਾਂ ਅਸੀਂ ਯੂਰਪੀ ਮੁਲਕਾਂ ਤੋਂ ਫਿਜ਼ੀਕਲ ਫਿਟਨੈੱਸ ਤੇ ਰਫ਼ਤਾਰ ਵਿਚ ਤਾਂ ਪਛੜੇ ਹੀ ਹਾਂ ਪਰ ਤੇਜ਼ੀ ਨਾਲ ਬਦਲ ਰਹੇ ਹਾਕੀ ਦੇ ਨਿਯਮਾਂ ਕਰਕੇ ਵੀ ਸਾਡੀ ਹਾਕੀ ਦਾ ਬਹੁਤ ਨੁਕਸਾਨ ਹੋਇਆ ਹੈ। ਅਸੀਂ ਇਸ ਨਾਲ ਕਦਮ-ਤਾਲ ਨਹੀਂ ਕਰ ਪਾ ਰਹੇ। ਸਾਡੀ ਹਾਕੀ ਦੀ ਦਸ਼ਾ ਇਸ ਵੇਲੇ ਐਸੀ ਹੋ ਗਈ ਹੈ ਕਿ ਕਾਂ ਚੱਲਿਆ ਹੰਸ ਦੀ ਚਾਲ ਤੇ ਆਪਣੀ ਚਾਲ ਵੀ ਭੁੱਲ ਬੈਠਾ, ਕਿਉਂਕਿ ਅਸੀਂ ਪੱਛਮੀ ਮੁਲਕਾਂ ਦੀ ਨਕਲ ਕਰਦੇ ਆਪਣੀ ਰਵਾਇਤੀ ਹਾਕੀ ਨੂੰ ਭੁੱਲ ਗਏ ਹਾਂ, ਜਿਸ ਨਾਲ ਅਸੀਂ ਨਾ ਇਧਰ ਦੇ ਰਹੇ ਨਾ ਉਧਰ ਦੇ। ਜੇ ਅਸੀਂ ਭਾਰਤੀ ਹਾਕੀ ਟੀਮ 'ਤੇ ਨਜ਼ਰ ਮਾਰੀਏ ਤਾਂ ਇਸ ਦੇ ਵਿਚ ਤਿੰਨ ਡਰੈੱਗ ਫਲਿੱਕਰ ਸਨ ਪਰ ਫਿਰ ਵੀ ਅਸੀਂ ਇਕ ਮੈਚ ਹੀ ਜਿੱਤ ਸਕੇ, ਬਾਕੀ ਤਿੰਨਾਂ ਵਿਚ ਬੁਰੀ ਤਰ੍ਹਾਂ ਹਾਰ ਖਾਧੀ। ਸਾਡੀ ਟੀਮ ਹਮਲੇ ਬੇਸ਼ੱਕ ਕਰਦੀ ਸੀ ਪਰ ਅਸੀਂ ਇਕੱਠੇ ਹੋ ਕੇ ਅਟੈਕ ਨਹੀਂ ਸੀ ਕਰਦੇ। ਲੀਡ ਨੂੰ ਵੀ ਅਸੀਂ ਕਾਇਮ ਨਹੀਂ ਰੱਖ ਸਕੇ ਤੇ ਸਹੀ ਤਰੀਕੇ ਨਾਲ ਸਾਡੀ ਟੀਮ ਇਸ ਵਿਸ਼ਵ ਹਾਕੀ ਕੱਪ ਲਈ ਤਿਆਰ ਨਹੀਂ ਹੋ ਸਕੀ। ਜਿਥੋਂ ਤੱਕ ਕੋਚ ਦਾ ਸਵਾਲ ਹੈ, ਸਾਡੇ ਦੇਸ਼ ਵਿਚ ਕੋਚ ਨੂੰ ਲੰਬੇ ਸਮੇਂ ਤੱਕ ਪਰਖਿਆ ਨਹੀਂ ਜਾਂਦਾ। ਪਹਿਲਾਂ ਕਾਰਵੋਲੋ, ਹਰਿੰਦਰ, ਚਾਹਲ ਸਵਰਥ ਤੇ ਹੁਣ ਬਰਾਸਾ ਨੂੰ ਜ਼ਿੰਮੇਵਾਰੀ ਸੌਂਪੀ ਹੈ ਪਰ ਸਾਡੀ ਲੰਬੇ ਸਮੇਂ ਦੀ ਪਲੈਨਿੰਗ ਨਹੀਂ ਹੈ, ਜਿਹੜਾ ਫੈਡਰੇਸ਼ਨ ਦਾ ਕਹਿਣਾ ਨਹੀਂ ਸੀ ਮੰਨਦਾ ਉਸ ਨੂੰ ਬੁਰੀ ਤਰ੍ਹਾਂ ਜ਼ਲੀਲ ਕਰਕੇ ਬਾਹਰ ਕੱਢ ਦਿੱਤਾ ਜਾਂਦਾ ਸੀ। ਇਸ ਲਈ ਸਾਡੀ ਕੋਚਿੰਗ ਪ੍ਰਣਾਲੀ ਵੀ ਕਾਫੀ ਹੱਦ ਤੱਕ ਜ਼ਿੰਮੇਵਾਰ ਹੈ। ਹਾਕੀ ਵਿਸ਼ਵ ਕੱਪ ਲਈ ਭਾਰਤ ਨੇ ਕੋਈ ਤਿਆਰੀ ਨਹੀਂ ਕੀਤੀ ਕਿ ਇਸ ਦੇ ਵਿਚ ਵਧੀਆ ਪਰਫਾਰਮੈਂਸ ਦੇਣੀ ਹੈ, ਜਿਸ ਤਰ੍ਹਾ ਚੀਨ ਨੇ ਉਲੰਪਿਕ ਖੇਡਾਂ ਲਈ ਤਿਆਰ ਕੀਤੀ ਸੀ ਤੇ ਇੰਗਲੈਂਡ ਦੀ ਹਾਕੀ ਟੀਮ 2012 ਦੀ ਲੰਡਨ ਉਲੰਪਿਕ ਲਈ ਤਿਆਰੀ ਸਬੰਧੀ ਆਪਣਾ ਪ੍ਰਦਰਸ਼ਨ ਇਸ ਵਿਸ਼ਵ ਕੱਪ ਵਿਚ ਕਰ ਰਹੀ ਹੈ ਪਰ ਅਸੀਂ ਮੇਜ਼ਬਾਨ ਹੋਣ ਦੇ ਨਾਤੇ ਵੀ ਇਸ ਦੀ ਤਿਆਰੀ ਨਹੀਂ ਕਰ ਸਕੇ ਜਦ ਕਿ ਰਾਸ਼ਟਰ ਮੰਡਲ ਖੇਡਾਂ ਸਾਡੇ ਸਿਰ 'ਤੇ ਖੜ੍ਹੀਆਂ ਹਨ। ਅਸੀਂ ਇਸ ਲਈ ਵੀ ਗੰਭੀਰ ਨਹੀਂ ਤਾਂ ਇਸ ਦੇ ਵਿਚ ਆਖਿਰ ਕਸੂਰ ਕਿਸਦਾ ਹੈ। ਜਿਥੋਂ ਤੱਕ ਹਾਕੀ ਇੰਡੀਆ ਦਾ ਸਵਾਲ ਹੈ ਇਸ ਨੇ ਅਜੇ ਤੱਕ ਆਪਣੀ ਚੋਣ ਨਹੀਂ ਕਰਵਾਈ। ਹਾਕੀ ਦੇ ਚੌਧਰੀਆਂ ਨੇ ਕੁਰਸੀ ਦੀ ਖਾਤਿਰ ਸਾਡੇ ਦੇਸ਼ ਦੀ ਆਨ ਤੇ ਸ਼ਾਨ ਨੂੰ ਦਾਅ 'ਤੇ ਲਾ ਦਿੱਤਾ ਜਿਸ ਦਾ ਨਤੀਜਾ ਅਸੀਂ ਖਿਡਾਰੀ ਸ਼ਵਿੰਦਰ ਸਿੰਘ ਦੇ ਦੋ ਮੈਚਾਂ ਦੀ ਪਾਬੰਦੀ ਰਾਹੀਂ ਭੁਗਤ ਲਿਆ ਹੈ ਕਿ ਸਾਡਾ ਐਫ. ਆਈ. ਐਚ. ਵਿਚ ਕਿੰਨਾ ਕੁ ਦਬ-ਦਬਾ ਹੈ। ਅਜੇ ਵੀ ਵੇਲਾ ਹੈ ਜੇ ਹਾਕੀ ਨੂੰ ਨਾ ਸਾਂਭਿਆ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਹਾਕੀ ਖੇਡ ਨੂੰ ਖੇਡਣਾ ਤਾਂ ਕੀ, ਦੇਖਣ ਵਾਲੇ ਵੀ ਨਹੀਂ ਮਿਲਣਗੇ।

ਪਿੰਡ ਪੱਬੀਆਂ ਦਾ ਖੇਡ ਮੇਲਾ 14 ਤੋਂ

ਜਗਰਾਉਂ/ਮੁੱਲਾਂਪੁਰ ਦਾਖਾ, 8 ਮਾਰਚ - 39ਵਾਂ ਟੂਰਨਾਮੈਂਟ 14 ਤੋਂ 16 ਮਾਰਚ ਤੱਕ ਪਿੰਡ ਪੱਬੀਆਂ 'ਚ ਕਰਵਾਇਆ ਜਾ ਰਿਹਾ ਹੈ। 14 ਮਾਰਚ ਕਬੱਡੀ 42, 47 ਕਿਲੋ ਭਾਰ ਮੁਕਾਬਲੇ, 15 ਮਾਰਚ ਕਬੱਡੀ 52, 57 ਕਿਲੋ ਵਜ਼ਨੀ ਅਤੇ 16 ਮਾਰਚ ਕਬੱਡੀ 62 ਕਿਲੋ ਭਾਰ ਦੇ ਨਾਲ ਪਿੰਡ ਵਾਰ ਕਬੱਡੀ ਓਪਨ ਦਰਸ਼ਕਾਂ ਦੀ ਖਿੱਚ ਹੋਵੇਗੀ। ਟੂਰਨਾਮੈਂਟ ਦੀ ਕਬੱਡੀ ਓਪਨ ਜੇਤੂ ਟੀਮ ਨੂੰ ਇਕ ਲੱਖ, ਉਪ ਜੇਤੂ ਨੂੰ 21 ਹਜ਼ਾਰ ਨਗਦ ਇਲਾਮ ਹੋਵੇਗਾ। ਪੱਬੀਆਂ ਟੂਰਨਾਮੈਂਟ ਦੀ ਤਿੰਨ ਵਰ੍ਹੇ ਜੇਤੂ ਟੀਮ ਨੂੰ ਇਕ ਲੱਖ ਰੁਪਏ ਯੂ.ਐਸ.ਏ. ਸੈਟਲਡ ਰਵੀ ਸਿੰਘ ਵੱਲੋਂ ਦਿੱਤਾ ਜਾਵੇਗਾ।

ਦੂਜਾ ਇੰਟਰਨੈਸ਼ਨਲ ਇੰਟਰਸਿਟੀ ਕਬੱਡੀ ਟੂਰਨਾਮੈਂਟ ਸਮਾਪਤ

ਕੁਆਲਾਲੰਪੁਰ (ਮਲੇਸ਼ੀਆ), 8 ਮਾਰਚ - ਦੂਜਾ ਇੰਟਰਨੈਸ਼ਨਲ ਇੰਟਰਸਿਟੀ ਕਬੱਡੀ ਟੂਰਨਾਮੈਂਟ ਕੁਆਲਾਲੰਪੁਰ ਦੇ ਟੀਟੀਬਾਂਗਸਾ ਸਟੇਡੀਅਮ 'ਚ ਕਰਵਾਇਆ ਗਿਆ। ਇਸ ਕਬੱਡੀ ਟੂਰਨਾਮੈਂਟ ਦੇ ਪੁਰਸ਼ ਵਰਗ ਵਿਚ ਚੇਨਈ ਅਤੇ ਮਹਿਲਾ ਵਰਗ ਵਿਚ ਕੋਚ ਕੁਲਵਿੰਦਰ ਸਿੰਘ ਦੀ ਅਗਵਾਈ ਵਾਲੀ ਜਗਤਪੁਰਾ ਦੀਆਂ ਟੀਮਾਂ ਨੇ ਖਿਤਾਬੀ ਜਿੱਤਾਂ ਹਾਸਲ ਕੀਤੀਆਂ। ਪੁਰਸ਼ਾਂ ਦੇ ਵਰਗ ਵਿਚ ਫਾਇਨਲ ਮੁਕਾਬਲੇ ਵਿਚ ਚੇਨਈ ਨੇ ਮੇਜ਼ਬਾਨ ਕੁਆਲਾਲੰਪੁਰ ਨੂੰ 21-14 ਨਾਲ ਹਰਾਇਆ। ਇਸ ਵਰਗ ਵਿਚ ਪਟਿਆਲਾ ਦੀ ਟੀਮ ਤੀਸਰੇ ਸਥਾਨ 'ਤੇ ਰਹੀ। ਚੇਨਈ ਦੇ ਕਰਨਮ ਨੂੰ ਸਰਵੋਤਮ ਖਿਡਾਰੀ ਅਤੇ ਸੁੰਦਰ ਮੂਰਤੀ ਨੂੰ ਸਰਵੋਤਮ ਰੇਡਰ ਦਾ ਖਿਤਾਬ ਦਿੱਤਾ ਗਿਆ। ਮਹਿਲਾ ਵਰਗ ਵਿਚ ਜਗਤਪੁਰਾ ਨੇ ਓਸਲੋ ਨੂੰ 52 ਦੇ ਮੁਕਾਬਲੇ 28 ਅੰਕਾਂ ਨਾਲ ਹਰਾਇਆ। ਇਸ ਵਰਗ ਵਿਚ ਕੁਆਲਾਲੰਪੁਰ ਦੀ ਟੀਮ ਤੀਸਰੇ ਸਥਾਨ 'ਤੇ ਰਹੀ। ਲੜਕੀਆਂ ਦੇ ਵਰਗ ਵਿਚ ਮਨਜੀਤ ਬੋਹਾ ਨੂੰ ਸਰਵੋਤਮ ਰੇਡਰ, ਅਨੂ ਨੂੰ ਸਰਵੋਤਮ ਜਾਫੀ ਅਤੇ ਜਸੂ ਨੂੰ ਸਰਵੋਤਮ ਖਿਡਾਰੀ ਦਾ ਖਿਤਾਬ ਦਿੱਤਾ ਗਿਆ।

ਹਾਕੀ ਦੇ ਮਹਾਨ ਖਿਡਾਰੀ 'ਤੇ ਬਣੇਗੀ ਫਿਲਮ 'ਆਈ ਐਮ ਦੇਅਰ'

ਜਲੰਧਰ, 8 ਮਾਰਚ - ਬਾਲੀਵੁਡ ਫ਼ਿਲਮ ਬਣਾਉਣ ਵਾਲੀ ਇਕ ਕੰਪਨੀ ਨੇ ਭਾਰਤ ਦੇ ਮਹਾਨ ਹਾਕੀ ਖਿਡਾਰੀ 'ਤੇ ਇਕ ਫ਼ਿਲਮ ਬਣਾਉਣ ਦਾ ਫੈਸਲਾ ਕੀਤਾ ਹੈ ਜਿਸ ਦੇ ਲਈ ਕੌਮਾਂਤਰੀ ਪੱਧਰ ਦੇ ਨਿਰਦੇਸ਼ਕ ਸ਼ੇਖਰ ਕਪੂਰ ਤੇ ਮਨੋਜ ਸ਼ਿਆਮ ਲਾਲ ਨਾਲ ਗੱਲਬਾਤ ਚੱਲ ਰਹੀ ਹੈ। ਕੰਪਨੀ 'ਕੇ ਸੇਰਾ ਸੇਰਾ' ਨੇ ਫ਼ਿਲਮ ਦਾ ਨਾਂਅ 'ਆਈ ਐਮ ਦੇਅਰ' ਰੱਖਿਆ ਹੈ ਜਿਸ ਦੇ ਵਿਚ ਮਹਾਨ ਹਾਕੀ ਖਿਡਾਰੀ ਦੀ ਜ਼ਿੰਦਗੀ ਦਾ ਖੁਲਾਸਾ ਕੀਤਾ ਜਾਵੇਗਾ ਤੇ ਇਸ ਤੋਂ ਇਲਾਵਾ ਭਾਰਤੀ ਹਾਕੀ ਦੇ ਇਤਿਹਾਸ ਦੇ ਮਹੱਤਵਪੂਰਨ ਯਾਦਗਾਰੀ ਪਹਿਲੂਆਂ ਦੀ ਵੀ ਜਾਣਕਾਰੀ ਦਿੱਤੀ ਜਾਵੇਗੀ। ਬੇਸ਼ੱਕ ਇਸ ਵੇਲੇ ਫ਼ਿਲਮ ਬਣਾਉਣ ਵਾਲਿਆਂ ਨੇ ਖਿਡਾਰੀ ਦੇ ਨਾਂਅ ਦਾ ਖੁਲਾਸਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਲੇਕਿਨ ਸੰਕੇਤ ਮਿਲੇ ਹਨ ਕਿ ਇਹ ਫ਼ਿਲਮ ਸ਼ਾਇਦ ਹਾਕੀ ਦੇ ਮਹਾਨ ਜਾਦੂਗਰ ਮੇਜਰ ਧਿਆਨ ਚੰਦ 'ਤੇ ਹੀ ਬਣੇਗੀ। ਯਾਦ ਰਹੇ ਕਿ ਇਸ ਤੋਂ ਪਹਿਲਾਂ ਹਾਕੀ ਖਿਡਾਰੀ ਮੀਰ ਰੰਜਨ ਨੇਗੀ ਦੀ ਜ਼ਿੰਦਗੀ ਨਾਲ ਛੂੰਹਦੀ 'ਚੱਕ ਦੇ ਇੰਡੀਆ' ਫ਼ਿਲਮ ਬਣੀ ਸੀ ਜੋ ਕਾਫੀ ਸਫਲ ਰਹੀ ਸੀ। ਜੇ ਹੁਣ ਕਿਸੇ ਹਾਕੀ ਖਿਡਾਰੀ ਦੀ ਨਿੱਜੀ ਜ਼ਿੰਦਗੀ 'ਤੇ ਕੋਈ ਫ਼ਿਲਮ ਬਣਦੀ ਹੈ ਤਾਂ ਇਸ ਨੂੰ ਭਾਰਤ ਵਿਚ ਜ਼ਰੂਰ ਕਾਮਯਾਬੀ ਮਿਲੇਗੀ, ਕਿਉਂਕਿ ਹਾਕੀ ਭਾਰਤ ਦੀ ਰਾਸ਼ਟਰੀ ਖੇਡ ਹੈ।

 ਕੋਰੀਆ ਨੇ ਕੈਨੇਡਾ ਨੂੰ ਹਰਾਇਆ

ਨਵੀਂ ਦਿੱਲੀ, 7 ਮਾਰਚ - ਵਿਸ਼ਵ ਹਾਕੀ ਕੱਪ ਨਵੀਂ ਦਿੱਲੀ ਦੇ ਮੇਜਰ ਧਿਆਨ ਚੰਦ ਸਟੇਡੀਅਮ ਵਿਚ ਚੱਲ ਰਿਹਾ ਹੈ। ਇਸ ਵਿਚ ਪਿਛਲੇ ਵਿਸ਼ਵ ਕੱਪ ਦੀ ਚੌਥੇ ਸਥਾਨ 'ਤੇ ਰਹਿਣ ਵਾਲੀ ਕੋਰੀਆ ਦੀ ਟੀਮ ਨੇ ਪੂਲ ਏ ਵਿਚ ਕੈਨੇਡਾ ਨੂੰ 9-2 ਦੇ ਵੱਡੇ ਫਰਕ ਨਾਲ ਹਰਾਇਆ, ਜਦੋਂਕਿ ਜਰਮਨੀ ਤੇ ਹਾਲੈਂਡ ਬਰਾਬਰ ਰਹੇ। ਚੌਥੇ ਗੇੜ ਦੇ ਖੇਡੇ ਗਏ ਮੈਚ ਦੇ ਪਹਿਲੇ ਅੱਧ ਵਿਚ ਕੁਝ ਸੁਸਤ ਖੇਡ ਦੇਖਣ ਨੂੰ ਮਿਲੀ ਪਹਿਲੇ ਅੱਧ ਵਿਚ ਕੋਰੀਆ 2-0 ਨਾਲ ਅੱਗੇ ਸੀ, ਕੋਰੀਆ ਵੱਲੋਂ ਜੰਗ ਜੂਨ ਹੂੰ ਨੇ ਤਿੰਨ ਗੋਲ ਕਰਕੇ ਹੈਟ੍ਰਿਕ ਬਣਾਈ ਜਦਕਿ ਜਿਊ ਹੂੰ ਸਿਕ ਨੇ ਦੋ ਗੋਲ, ਨਾਮ ਹਿਊ ਵੋ ਨੇ ਦੋ, ਲੀ ਨਾਮ ਜਿਊ ਸੁੰਗ ਨੇ ਇਕ ਗੋਲ ਕੀਤਾ। ਜਦਕਿ ਕੈਨੇਡਾ ਵੱਲੋਂ ਦੋਵੇਂ ਗੋਲ ਰਾਇਟ ਫਿਲਿਪ ਨੇ ਕੀਤੇ। ਇਸ ਜਿੱਤ ਨਾਲ ਕੋਰੀਆ ਦੇ ਚਾਰ ਮੈਚਾਂ ਬਾਅਦ 7 ਅੰਕ ਅਤੇ ਕੈਨੇਡਾ ਨੇ ਅਜੇ ਆਪਣਾ ਖਾਤਾ ਨਹੀਂ ਖੋਲ੍ਹਿਆ। ਹਾਲੈਂਡ ਬਨਾਮ ਜਰਮਨੀ ਖੇਡੇ ਗਏ ਮੈਚ ਵਿਚ ਪਹਿਲੇ ਅੱਧ ਵਿਚ ਡੱਚਾਂ ਦਾ ਪੱਲੜਾ ਭਾਰੂ ਰਿਹਾ ਜਦਕਿ ਦੂਜੇ ਅੱਧ ਵਿਚ ਜਰਮਨੀ ਦੇ ਡੱਚਾਂ ਨੇ ਹਾਲੈਂਡ ਦੀ ਚੰਗੀ ਚੱਕਰੀ ਘੁਮਾਈ। ਪਹਿਲੇ ਅੱਧ ਵਿਚ ਹਾਲੈਂਡ ਨੂੰ ਤਿੰਨ ਪੈਨਲਟੀ ਕਾਰਨਰ ਮਿਲੇ ਜਿਸ ਵਿਚੋਂ ਉਨ੍ਹਾਂ ਨੇ ਇਕ ਦਾ ਲਾਹਾ ਲਿਆ ਜਦ ਕਿ ਜਰਮਨੀ ਨੇ ਦੋ ਪੈਨਲਟੀ ਕਾਰਨਰ ਬੇਕਾਰ ਕੀਤੇ। ਹਾਲੈਂਡ ਵੱਲੋਂ ਪਹਿਲਾ ਗੋਲ 22ਵੇਂ ਮਿੰਟ ਵਿਚ ਨਵੇਂ ਉੱਭਰਦੇ ਖਿਡਾਰੀ ਜੌਲੀ ਬੁੱਟਰ ਨੇ ਪੈਨਲਟੀ ਕਾਰਨਰ ਰਾਹੀਂ ਕੀਤਾ। ਪਹਿਲੇ ਅੱਧ ਤੱਕ ਹਾਲੈਂਡ 1-0 ਨਾਲ ਅੱਗੇ ਸੀ। ਦੂਜੇ ਅੱਧ ਵਿਚ ਜਰਮਨ ਖਿਡਾਰੀਆਂ ਨੇ ਬਹੁਤ ਤੇਜ਼ੀ ਨਾਲ ਹਾਲੈਂਡ ਦੇ ਗੋਲਾਂ 'ਤੇ ਹਮਲੇ ਬੋਲੇ। ਜਰਮਨੀ ਨੂੰ ਪਹਿਲੀ ਸਫਲਤਾ 44ਵੇਂ ਮਿੰਟ ਵਿਚ ਮਿਲੀ ਜਦੋਂ ਰਾਈਟ ਸਾਈਡ ਤੋਂ ਆਏ ਕਰਾਸ 'ਤੇ ਉਲੀਵਰ ਕਾਰਨ ਨੇ ਗੋਲ ਕਰਕੇ 1-1 ਦੀ ਬਰਾਬਰੀ ਕੀਤੀ। ਮੈਚ ਦੇ 62ਵੇਂ ਮਿੰਟ ਵਿਚ ਜਰਮਨੀ ਦੇ ਮੋਨਟਾਂਗ ਨੇ ਆਏ ਰਿਬਾਊਂਡ ਦਾ ਫ਼ਾਇਦਾ ਲੈਂਦਿਆਂ ਮੈਦਾਨੀ ਗੋਲ ਰਾਹੀਂ 2-1 ਦੀ ਬੜ੍ਹਤ ਦੁਆਈ। ਦੋ ਮਿੰਟ ਦੇ ਵਕਫ਼ੇ ਬਾਅਦ ਹੀ ਆਪਣਾ 416ਵਾਂ ਮੈਚ ਖੇਡ ਰਹੇ ਸਭ ਤੋਂ ਸੀਨੀਅਰ ਖਿਡਾਰੀ ਟਿਊਨਡੀ ਨਾਇਰ ਨੇ ਗੋਲ ਕਰਕੇ ਮੈਚ ਵਿਚ 2-2 ਦੀ ਬਰਾਬਰੀ ਕਾਇਮ ਕਰਕੇ ਮੈਚ ਨੂੰ ਰੋਮਾਂਚਕ ਸਥਿਤੀ ਵਿਚ ਲੈ ਆਂਦਾ। ਮੈਚ ਦੇ ਬਿਲਕੁਲ ਆਖਰੀ ਪਲਾਂ ਵਿਚ ਜਰਮਨੀ ਜਿੱਤ ਦੇ ਨੇੜੇ ਪਹੁੰਚਿਆ ਜਦੋਂ ਉਸ ਨੂੰ ਹੂਟਰ ਵੱਜਣ ਤੋਂ ਕੁਝ ਸੈਕਿੰਡ ਪਹਿਲਾਂ ਪੈਨਲਟੀ ਕਾਰਨਰ ਮਿਲਿਆ ਪਰ ਡੱਚ ਖਿਡਾਰੀ ਇਸ ਦਾ ਲਾਭ ਨਾ ਲੈ ਸਕੇ। ਇਸ ਮੈਚ ਦੀ ਬਰਾਬਰੀ ਨਾਲ ਅਜੇ ਦੋਵੇਂ ਟੀਮਾਂ ਦਾ ਸੈਮੀਫਾਈਨਲ ਵਿਚ ਪਹੁੰਚਣਾ ਯਕੀਨੀ ਨਹੀਂ ਹੋਇਆ।

ਦੋ-ਦਿਨਾ ਕਬੱਡੀ ਟੂਰਨਾਮੈਂਟ ਸਮਾਪਤ

ਆਦਮਪੁਰ, 7 ਮਾਰਚ - ਦੋ ਦਿਨਾ ਕਬੱਡੀ ਟੂਰਨਾਮੈਂਟ ਅਤੇ ਘੋੜੀਆਂ ਦੀਆਂ ਦੌੜਾਂ ਆਦਮਪੁਰ 'ਚ ਕਰਵਾਈਆਂ ਗਈਆਂ। ਇਸ ਵਿਚ ਕਬੱਡੀ ਓਪਨ ਪਿੰਡ ਪੱਧਰ ਵਿਚ ਲੱਖਣ ਕੇ ਪੱਡੇ ਨੇ ਪਹਿਲਾ ਤੇ ਪਟਿਆਲਾ ਨੇ ਦੂਸਰਾ ਸਥਾਨ ਹਾਸਲ ਕੀਤਾ। 65 ਕਿਲੋ ਕਲੱਬ ਵਿਚ ਚਮਿਆਰਾ ਨੇ ਉਦੇਸੀਆਂ ਨੂੰ ਪਛਾੜਦਿਆਂ ਪਹਿਲਾਂ ਸਥਾਨ ਹਾਸਲ ਕੀਤਾ। 58 ਕਿਲੋ ਕਲੱਬ ਵਿਚ ਫਤਿਹਪੁਰ ਨੇ ਪਹਿਲਾ ਤੇ ਚੋਰਾਹਾਂ ਨੇ ਦੂਜਾ ਸਥਾਨ ਹਾਸਿਲ ਕੀਤਾ।

ਰਮੇਸ਼ ਮੋਰ ਲੜਕੇ ਤੇ ਅਮਨਜੀਤ ਕੌਰ ਲੜਕੀਆਂ ਦੇ ਵਰਗ ਵਿਚੋਂ ਅੱਵਲ ਦੌੜਾਕ

ਜਲੰਧਰ, 7 ਮਾਰਚ - ਜਲੰਧਰ 'ਚ ਸੀ ਟੀ ਗਰੁੱਪ ਵੱਲੋਂ ਤੀਜੀ ਸੀ ਟੀ ਹਾਫ ਮੈਰਾਥਨ ਕਰਵਾਈ ਗਈ। ਇਹ ਦੌੜ 21 ਕਿਲੋਮੀਟਰ ਦਾ ਸਫ਼ਰ ਤਹਿ ਕਰਦੀ ਹੋਈ ਦੁਲਹਨ ਪੈਲੇਸ, ਅਰਬਨ ਅਸਟੇਟ ਫੇਜ਼-2, ਕੂਲ ਰੋਡ, ਮਸੰਦ ਚੌਕ, ਮਿਸ਼ਨ ਚੌਕ, ਨਕੋਦਰ ਚੌਕ, ਫੁੱਟਬਾਲ ਚੌਕ, ਵਰਕਸ਼ਾਪ ਚੌਕ, ਡੀ ਏ ਵੀ ਕਾਲਜ ਤੋਂ ਹੁੰਦੀ ਹੋਈ ਸੀ ਟੀ ਗਰੁੱਪ ਦੇ ਮਕਸੂਦਾਂ ਕੈਂਪਸ ਵਿਖੇ ਸਮਾਪਤ ਹੋਈ। ਇਸ ਦੌੜ ਦੇ ਵਿਚ ਖਿਡਾਰੀਆਂ, ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰਾਂ ਤੇ ਸਮਾਜ ਦੇ ਹੋਰ ਵਰਗਾਂ ਨੇ ਉਤਸ਼ਾਹਪੂਰਬਕ ਹਿੱਸਾ ਲਿਆ। ਇਸ ਦੌੜ ਦੇ ਲੜਕੇ ਵਰਗ ਵਿਚੋਂ ਰਮੇਸ਼ ਮੋਰ ਨੇ ਪਹਿਲਾ, ਤਜਿੰਦਰ ਸਿੰਘ ਨੇ ਦੂਜਾ ਤੇ ਜੁਗਿੰਦਰ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ (ਸਾਰੇ ਰੇਲ ਕੋਚ ਫੈਕਟਰੀ ਕਪੂਰਥਲਾ), ਜਤਿੰਦਰ ਪਾਲ ਨੇ ਚੌਥਾ, ਰਵਿੰਦਰ ਨੇ ਪੰਜਵਾਂ, ਮਨਦੀਪ ਨੇ ਛੇਵਾਂ, ਅਮਨਦੀਪ ਨੇ ਸੱਤਵਾਂ, ਗੁਰਪ੍ਰੀਤ ਨੇ ਅੱਠਵਾਂ, ਪ੍ਰਵੀਨ ਨੇ ਨੌਵਾਂ ਤੇ ਰਵਿੰਦਰ ਨੇ ਦਸਵਾਂ ਸਥਾਨ ਹਾਸਿਲ ਕੀਤਾ। ਲੜਕੀਆਂ ਦੇ ਵਰਗ ਵਿਚੋਂ ਅਮਲਜੀਤ ਕੌਰ ਨੇ ਪਹਿਲਾ, ਗਗਨਦੀਪ ਕੌਰ ਨੇ ਦੂਜਾ, ਈਸ਼ਵਰਜੋਤ ਨੇ ਤੀਜਾ ਸਥਾਨ ਹਾਸਿਲ ਕੀਤਾ। ਜੇਤੂ ਖਿਡਾਰੀ ਨੂੰ 21 ਹਜ਼ਾਰ ਰੁਪਏ, ਉਪ-ਜੇਤੂ ਨੂੰ 11 ਹਜ਼ਾਰ ਤੇ ਤੀਜੇ ਸਥਾਨ 'ਤੇ ਆਉਣ ਵਾਲੇ ਨੂੰ 5100 ਰੁਪਏ ਇਨਾਮ ਵਜੋਂ ਦਿੱਤੇ ਗਏ। ਇਸ ਤੋਂ ਇਲਾਵਾ ਸੱਤ ਸਥਾਨਾਂ 'ਤੇ ਆਉਣ ਵਾਲੇ ਖਿਡਾਰੀਆਂ ਨੂੰ 1100 ਰੁਪਏ ਦੇ ਹੌਸਲਾ-ਅਫ਼ਜ਼ਾਈ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ 'ਤੇ ਸੀ ਟੀ ਸੰਸਥਾਵਾਂ ਦੇ ਸਟਾਫ ਤੇ ਵਿਦਿਆਰਥੀਆਂ ਨੇ 51 ਹਜ਼ਾਰ ਰੁਪਏ ਦਾ ਚੈੱਕ ਪਿੰਗੜਵਾੜਾ ਦੇ ਅਧਿਕਾਰੀ ਹਰਪਾਲ ਸਿੰਘ ਨੂੰ ਦਿੱਤਾ। ਯਾਦ ਰਹੇ ਇਹ ਦੌੜ ਵੀ ਪਿੰਗਲਵਾੜਾ, ਰੈੱਡ ਕਰਾਸ ਤੇ ਹੋਰ ਸੰਸਥਾਵਾਂ ਦੇ ਲਈ ਆਯੋਜਿਤ ਕੀਤੀ ਗਈ ਸੀ। ਇਸ ਦੌੜ ਵਿਚ ਪ੍ਰਯਾਸ ਸਕੂਲ ਦੇ ਅਪਾਹਜ ਬੱਚਿਆਂ ਨੇ ਵੀ ਵਿਸ਼ੇਸ਼ ਤੌਰ 'ਤੇ ਹਿੱਸਾ ਲਿਆ। ਇਸ ਦੀ ਸ਼ੁਰੂਆਤ ਸਵੇਰੇ ਸੀ ਟੀ ਗਰੱਪ ਦੇ ਸ਼ਾਹਪੁਰ ਕੈਂਪਸ ਤੋਂ ਗੁਰਦਾਸ ਮਾਨ ਤੇ ਮਨਮੋਹਨ ਵਾਰਿਸ ਵੱਲੋਂ ਹਰੀ ਝੰਡੀ ਦੇ ਕੇ ਕੀਤੀ ਗਈ ਤੇ ਇਸ ਮੌਕੇ 'ਤੇ ਦਰਸ਼ਕਾਂ ਦਾ ਮਨੋਰੰਜਨ ਗਾਇਕ ਗੁਰਦਾਸ ਮਾਨ ਤੇ ਮਨਮੋਹਨ ਵਾਰਸ ਨੇ ਕੀਤਾ।

ਨਵੀਆਂ ਆਈ. ਪੀ. ਐਲ. ਟੀਮਾਂ ਦਾ ਐਲਾਨ ਹੁਣ 21 ਨੂੰ

ਨਵੀਂ ਦਿੱਲੀ, 7 ਮਾਰਚ - ਆਈ. ਪੀ. ਐੱਲ ਲਈ ਨਵੀਂਆਂ ਦੋ ਟੀਮਾਂ ਦਾ ਐਲਾਨ ਹੁਣ 21 ਮਾਰਚ ਨੂੰ ਹੋਵੇਗਾ। ਜ਼ਿਕਰਯੋਗ ਹੈ ਕਿ ਪਹਿਲਾਂ ਇਸ ਐਲਾਨ ਲਈ 7 ਮਾਰਚ ਦੀ ਮਿਤੀ ਨਿਰਧਾਰਤ ਕੀਤੀ ਗਈ ਸੀ। ਇਸ ਦੇ ਨਾਲ ਹੀ ਆਈ. ਪੀ. ਐੱਲ ਦੇ ਨਿਯਮਾਂ ਵਿਚ ਦੋ ਤਬਦੀਲੀਆਂ ਕੀਤੀਆਂ ਗਈਆਂ ਹਨ। ਪਹਿਲੀ ਮੁਤਾਬਿਕ ਹੁਣ ਨਿਲਾਮੀ ਲਈ ਕੰਪਨੀ ਜਾਂ ਵਿਅਕਤੀ ਨੂੰ ਇਹ ਦਰਸਾਉਣ ਦੀ ਜ਼ਰੂਰਤ ਨਹੀਂ ਹੋਵੇਗੀ ਕਿ ਉਸ ਕੋਲ ਕੁੱਲ ਇਕ ਅਰਬ ਡਾਲਰ ਦੀ ਸੰਪੱਤੀ ਹੈ। ਇਸ ਦੇ ਨਾਲ ਹੀ ਐਡਵਾਂਸ ਗਰੰਟੀ ਦੇ ਤੌਰ 'ਤੇ 10 ਕਰੋੜ ਡਾਲਰ ਵੀ ਜਮ੍ਹਾਂ ਨਹੀਂ ਕਰਨੇ ਪੈਣਗੇ। ਟੀਮਾਂ ਲਈ ਬੋਲੀ ਲਗਾਉਣ ਦੀ ਘੱਟੋ-ਘੱਟ ਰਾਸ਼ੀ ਪਹਿਲਾਂ ਦੀ ਤਰ੍ਹਾਂ 22.5 ਕਰੋੜ ਰੁਪਏ ਰੱਖੀ ਗਈ ਹੈ।

ਵਰਲਡ ਕਬੱਡੀ ਕੱਪ ਗੁਰੂ ਨਾਨਕ ਅਕੈਡਮੀ ਬਟਾਲਾ ਦੇ ਨਾਂਅ

ਬਟਾਲਾ, 6 ਮਾਰਚ - ਬਟਾਲਾ ਦੇ ਗੁਰੂ ਨਾਨਕ ਕਾਲਜ 'ਚ ਅੰਤਰ ਰਾਸ਼ਟਰੀ ਵਰਲਡ ਕਬੱਡੀ ਕੱਪ ਕਰਵਾਇਆ ਗਿਆ। ਜਿਸ ਵਿਚ ਵੱਖ-ਵੱਖ ਅੱਠ ਕਬੱਡੀ ਅਕੈਡਮੀਆਂ ਨੇ ਹਿੱਸਾ ਲਿਆ। ਟੂਰਨਾਮੈਂਟ ਦਾ ਫਾਈਨਲ ਮੈਚ ਸ਼੍ਰੀ ਗੁਰੂ ਨਾਨਕ ਦੇਵ ਅਕੈਡਮੀ ਬਟਾਲਾ ਅਤੇ ਡੀ.ਏ.ਵੀ. ਕੈਲੇਫੋਰਨੀਆ ਜਲੰਧਰ ਦਰਮਿਆਨ ਖੇਡਿਆ ਗਿਆ, ਜਿਸ ਵਿਚ ਸ਼੍ਰੀ ਗੁਰੂ ਨਾਨਕ ਦੇਵ ਅਕੈਡਮੀ ਜੇਤੂ ਰਹੀ। ਦੋਵਾਂ ਟੀਮਾਂ ਵਿਚੋਂ ਬੈਸਟ ਰੇਡਰ ਰਾਜੂ ਅਤੇ ਮੱਲ ਚੋੜਮਧਰਾ ਅਤੇ ਬੈਸਟ ਸਟਾਪਰ ਬਲਕਾਰਾ ਅਤੇ ਮਾਂਜੂ ਔਲਖ ਨੂੰ ਐਲਾਨਿਆ ਗਿਆ। ਪ੍ਰਬੰਧਕਾਂ ਨੇ ਜੇਤੂ ਟੀਮ ਨੂੰ ਇਕ ਲੱਖ ਰੁਪਏ ਅਤੇ ਦੂਸਰੀ ਟੀਮ ਨੂੰ 75 ਹਜ਼ਾਰ ਰੁਪਏ ਨਕਦ ਇਨਾਮ ਦਿੱਤੇ। ਹਰੇਕ ਹਿੱਸਾ ਲੈਣ ਵਾਲੀ ਟੀਮ ਨੂੰ ਵੀ 25-25 ਹਜ਼ਾਰ ਰੁਪਏ ਦਿੱਤੇ ਗਏ।

ਮੇਜ਼ਬਾਨ ਕੋਟ ਕਲਾਂ ਦੀ ਝੰਡੀ

ਜਲੰਧਰ ਛਾਉਣੀ, 6 ਮਾਰਚ - ਪਿੰਡ ਕੋਟ ਕਲਾਂ ਵੱਲੋਂ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਇਸ ਕਬੱਡੀ ਟੂਰਨਾਮੈਂਟ ਦੇ ਦੂਜੇ ਦਿਨ ਮੇਜ਼ਬਾਨ ਕੋਟ ਕਲਾਂ ਦੀ ਝੰਡੀ ਰਹੀ। 35 ਕਿਲੋ ਭਾਰ ਵਰਗ ਦੇ ਮੁਕਾਬਲੇ ਵਿਚ ਕੋਟ ਕਲਾਂ ਨੇ ਚੀਮਾ ਖੁਰਦ ਨੂੰ ਅਤੇ ਇਸੇ ਤਰ੍ਹਾਂ 50 ਕਿਲੋ 'ਚ ਵੀ ਕੋਟ ਕਲਾਂ ਨੇ ਮਾਹਲਾਂ ਨੂੰ ਹਰਾ ਕੇ ਦੋਵੇਂ ਜੇਤੂ ਖਿਤਾਬਾਂ 'ਤੇ ਕਬਜ਼ਾ ਕੀਤਾ। ਇਸ ਮੌਕੇ ਕਬੱਡੀ 70 ਕਿਲੋ (ਓਪਨ ਕਲੱਬ), 60 ਕਿਲੋ ਪਿੰਡ ਪੱਧਰ ਤੇ 50 ਕਿਲੋ ਭਾਰ ਵਰਗ ਦੇ ਮੁਕਾਬਲੇ ਵੀ ਹੋਏ।

 ਇੰਟਰਨੈਸ਼ਨਲ ਇੰਟਰਸਿਟੀ ਕਬੱਡੀ ਚੈਂਪੀਅਨਸ਼ਿਪ

ਕੁਆਲਾਲੰਪੁਰ - ਕੁਆਲਾਲੰਪੁਰ ਦੇ ਟੀਟੀਵਾਂਗਤਾ ਸਟੇਡੀਅਮ ਵਿਚ ਇੰਟਰਨੈਸ਼ਨਲ ਇੰਟਰਸਿਟੀ ਕਬੱਡੀ ਚੈਂਪੀਅਨਸ਼ਿਪ ਚੱਲ ਰਹੀ ਹੈ। ਪਹਿਲੇ ਦਿਨ ਹੋਏ ਆਰੰਭਕ ਮੁਕਾਬਲਿਆਂ ਵਿਚ ਓਸਲੋ, ਪਟਿਆਲਾ, ਕੁਆਲਾਲੰਪੁਰ ਤੇ ਕਪੂਰਥਲਾ ਦੀ ਟੀਮ ਨੇ ਆਪਣੇ ਮੈਚ ਜਿੱਤੇ। ਪੁਰਸ਼ਾਂ ਦੇ ਵਰਗ ਵਿਚ ਹੋਏ ਪਹਿਲੇ ਮੈਚ ਵਿਚ ਚੇਨਈ ਦੀ ਟੀਮ ਨੇ ਪਟਿਆਲਾ ਨੂੰ 39-25 ਨਾਲ ਹਰਾਇਆ। ਦੂਸਰੇ ਮੈਚ ਵਿਚ ਕੁਆਲਾਲੰਪੁਰ ਇਲੈਵਨ ਨੇ ਦਿੱਲੀ ਨੂੰ 41-37 ਨਾਲ ਹਰਾਇਆ। ਇਕ ਹੋਰ ਮੈਚ ਵਿਚ ਕੋਚ ਚਰਨਜੀਤ ਸਿੰਘ ਤੇ ਦਰਸ਼ਨ ਲਾਲ ਦੀ ਅਗਵਾਈ ਵਾਲੀ ਕਪੂਰਥਲਾ ਦੀ ਟੀਮ ਨੇ ਉਤਰਾਜਯ ਨੂੰ 38-28 ਨਾਲ ਹਰਾਇਆ। ਹਰਿੰਦਰਪਾਲ ਸਿੰਘ ਟੀਕਾ ਨਾਰਵੇ ਦੀ ਅਗਵਾਈ ਵਾਲੀ ਓਸਲੋ ਦੀ ਟੀਮ ਨੇ ਦਿੱਲੀ ਨੂੰ 42-12 ਨਾਲ ਹਰਾਇਆ। ਇਕ ਹੋਰ ਮੁਕਾਬਲੇ ਵਿਚ ਪਟਿਆਲਾ ਨੇ ਕਪੂਰਥਲਾ ਨੂੰ 36-17 ਨਾਲ ਹਰਾਇਆ। ਪੁਰਸ਼ਾਂ ਦੇ ਹੋਰਨਾਂ ਮੁਕਾਬਲਿਆਂ ਵਿਚ ਕੁਆਲਾਲੰਪੁਰ ਨੇ ਓਸਲੋ ਨੂੰ 34-29 ਨਾਲ ਹਰਾਇਆ। ਦਿੱਲੀ ਦੀ ਟੀਮ 2 ਮੈਚ ਹਾਰ ਕੇ ਸੈਮੀਫਾਈਨਲ ਦੌਰ ਵਿਚੋਂ ਬਾਹਰ ਹੋ ਗਈ। ਲੜਕੀਆਂ ਦੇ ਮੁਕਾਬਲਿਆਂ ਵਿਚ ਓਸਲੋ ਦੀ ਟੀਮ ਨੇ ਉਤਰਾਜਯ ਨੂੰ 118 ਦੇ ਮੁਕਾਬਲੇ 19 ਅੰਕਾਂ ਨਾਲ ਹਰਾਇਆ।

ਪੰਜਾਬ 'ਚ ਵਿਸ਼ਵ ਕਬੱਡੀ ਕੱਪ 2 ਤੋਂ

ਭਾਦਸੋਂ, 5 ਮਾਰਚ - 2-12 ਅਪ੍ਰੈਲ ਤੱਕ ਪੰਜਾਬ 'ਚ ਵਿਸ਼ਵ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਵਿਸ਼ਵ ਕਬੱਡੀ ਕੱਪ ਸੰਬੰਧੀ ਚਾਰ-ਚਾਰ ਮੈਚ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਅੰਦਰ ਹੋਣਗੇ ਜਿਸ ਦੀ ਸ਼ੁਰੂਆਤ ਪਟਿਆਲਾ ਤੋਂ ਕੀਤੀ ਜਾਵੇਗੀ। ਇਸ ਕੱਪ 'ਚ ਅਮਰੀਕਾ, ਕੈਨੇਡਾ, ਪਾਕਿਸਤਾਨ, ਇਟਲੀ, ਮਲੇਸ਼ੀਆ, ਸ੍ਰੀਲੰਕਾ ਆਦਿ ਦੀਆਂ ਟੀਮਾਂ ਦੇ ਖਿਡਾਰੀਆਂ ਭਾਗ ਲੈਣਗੇ।

ਕੋਟ ਕਲਾਂ ਦਾ ਕਬੱਡੀ ਟੂਰਨਾਮੈਂਟ ਸ਼ੁਰੂ

ਜਲੰਧਰ ਛਾਉਣੀ, 5 ਮਾਰਚ - ਦੂਜਾ ਕਬੱਡੀ ਟੂਰਨਾਮੈਂਟ ਸ਼ਹੀਦ ਭਗਤ ਸਿੰਘ ਮੈਮੋਰੀਅਲ ਸਪੋਰਟਸ ਕਲੱਬ ਪਿੰਡ ਕੋਟ ਕਲਾਂ ਵਲੋਂ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਦੇ ਪਹਿਲੇ ਦਿਨ 35 ਕਿਲੋ ਅਤੇ 50 ਕਿਲੋ ਭਾਰ ਵਰਗ ਦੇ ਮੁਕਾਬਲੇ ਕਰਵਾਏ ਗਏ। 6 ਮਾਰਚ ਨੂੰ ਕਬੱਡੀ 70 ਕਿਲੋ (ਓਪਨ ਕਲੱਬ), 60 ਕਿਲੋ ਪਿੰਡ ਪੱਧਰ ਅਤੇ 50 ਕਿਲੋ ਭਾਰ ਵਰਗ ਦੇ ਮੁਕਾਬਲੇ ਹੋਣਗੇ। 7 ਮਾਰਚ ਨੂੰ ਕੱਬਡੀ ਓਪਨ 'ਚ ਚੋਟੀ ਦੀਆਂ ਕਲੱਬਾਂ ਦੇ ਭੇੜ ਹੋਣਗੇ ਤੇ ਇਸਦੇ ਨਾਲ ਹੀ ਲੜਕੀਆਂ ਦੇ ਮੁਕਾਬਲੇ ਤੇ ਦੌੜਾਂ ਵੀ ਕਰਵਾਈਆਂ ਜਾਣਗੀਆਂ। ਇਸ ਮੌਕੇ ਗਾਇਕ ਸਿਮਰਨ ਗੋਰਾਇਆ ਵਲੋਂ ਰੰਗਾ-ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ।

ਜਾਂਗਪੁਰ 'ਚ ਤਿੰਨ ਰੋਜ਼ਾ ਪੇਂਡੂ ਖੇਡ ਮੇਲਾ ਸ਼ੁਰੂ

ਮੁੱਲਾਂਪੁਰ ਦਾਖਾ, 5 ਮਾਰਚ - ਤਿੰਨ ਰੋਜ਼ਾ ਪੇਂਡੂ ਖੇਡ ਮੇਲਾ ਬਾਬਾ ਸ਼ਹੀਦ ਸਪੋਰਟਸ ਕਲੱਬ ਪਿੰਡ ਜਾਂਗਪੁਰ (ਲੁਧਿਆਣਾ) ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਦੇ ਪਹਿਲੇ ਦਿਨ ਫੁੱਟਬਾਲ ਮੁਕਾਬਲਿਆਂ 'ਚ ਹਿੱਸੋਵਾਲ ਦੀ ਟੀਮ 2-3 ਗੋਲ ਦੇ ਫ਼ਰਕ ਨਾਲ ਮੁੱਲਾਂਪੁਰ ਨੂੰ ਹਰਾਇਆ। ਸਹੌਲੀ ਪਿੰਡ ਟੀਮ 1-3 ਗੋਲਾ ਨਾਲ ਮੁੰਡੀਆਂ ਨੂੰ ਹਰਾਇਆ। 6 ਮਾਰਚ ਨੂੰ ਕਬੱਡੀ 70 ਕਿਲੋ ਵਜ਼ਨੀ ਭਾਰ ਮੁਕਾਬਲੇ ਅਤੇ 7 ਮਾਰਚ ਐਤਵਾਰ ਕਬੱਡੀ ਓਪਨ ਪਿੰਡ ਵਾਰ ਮੁਕਾਬਲੇ ਦਰਸ਼ਕਾਂ ਦੀ ਖਿੱਚ ਹੋਣਗੇ। ਕਬੱਡੀ ਓਪਨ ਜੇਤੂ ਟੀਮ ਲਈ 31 ਹਜ਼ਾਰ ਨਗਦ, ਉਪ ਜੇਤੂ ਲਈ 21 ਹਜ਼ਾਰ ਹੋਵੇਗਾ।

ਭਾਰਤ ਵਿਸ਼ਵ ਕੱਪ ਹਾਕੀ 'ਚੋਂ ਬਾਹਰ

ਨਵੀਂ ਦਿੱਲੀ, 4 ਮਾਰਚ - ਵਿਸ਼ਵ ਕੱਪ ਹਾਕੀ ਵਿਚ ਪਾਕਿਸਤਾਨ ਦੀ ਹਾਰ ਤੋਂ ਬਾਅਦ ਮੇਜ਼ਬਾਨ ਭਾਰਤ ਵੀ ਲਗਭਗ ਖਿਤਾਬੀ ਦੌੜ ਵਿਚੋਂ ਬਾਹਰ ਹੋ ਗਿਆ ਹੈ। ਤੀਜੇ ਦੌਰ ਦੇ ਮੈਚ ਵਿਚ ਸਪੇਨ ਨੇ ਭਾਰਤ ਨੂੰ 5-2 ਗੋਲਾਂ ਨਾਲ ਕਰਾਰੀ ਮਾਤ ਦਿੱਤੀ। ਸਪੇਨ ਮੈਚ ਦੇ ਪਹਿਲੇ ਅੱਧ ਤੱਕ 2-0 ਨਾਲ ਅੱਗੇ ਸੀ। ਭਾਰਤ ਨੂੰ ਮੈਚ ਜਿੱਤਣ ਲਈ ਜਿਥੇ ਮੈਦਾਨੀ ਗੋਲ ਕਰਨ ਦੇ ਸੁਨਹਿਰੀ ਮੌਕੇ ਮਿਲੇ ਉਥੇ 6 ਪੈਨਲਟੀ ਕਾਰਨਰ ਵੀ ਮਿਲੇ ਜਿਨ੍ਹਾਂ ਵਿਚੋਂ ਸੰਦੀਪ ਸਿੰਘ ਇਕ ਦਾ ਹੀ ਲਾਭ ਲੈ ਸਕਿਆ। ਸੈਮੀਫਾਈਨਲ ਦੌੜ ਵਿਚੋਂ ਲਗਭਗ ਭਾਰਤੀ ਟੀਮ ਦਾ ਸਫਾਇਆ ਹੋ ਗਿਆ ਹੈ। ਚੈਂਪੀਅਨ ਟਰਾਫੀ ਵਿਚ ਦਾਖਲਾ ਲੈਣ ਲਈ ਭਾਰਤੀ ਟੀਮ ਨੂੰ ਆਪਣੇ ਬਾਕੀ ਮੈਚ ਹਰ ਹੀਲੇ ਜਿੱਤਣੇ ਪੈਣਗੇ।

ਘੱਟ ਰਹੀ ਹੈ ਹਾਕੀ 'ਚ ਕੇਸਾਧਾਰੀ ਪੰਜਾਬੀਆਂ ਦੀ ਗਿਣਤੀ

ਨਵੀਂ ਦਿੱਲੀ - ਕਦੇ ਅਜਿਹਾ ਸਮਾਂ ਸੀ ਜਦੋਂ ਵਿਸ਼ਵ ਹਾਕੀ ਵਿਚ ਪੰਜਾਬੀਆਂ, ਖਾਸ ਕਰਕੇ ਸਿੱਖ ਖਿਡਾਰੀਆਂ ਦੀ ਸਰਦਾਰੀ ਹੁੰਦੀ ਸੀ। ਉਸ ਵੇਲੇ ਇਕੱਲਾ ਭਾਰਤ ਹੀ ਨਹੀਂ ਸਗੋਂ ਦੂਸਰੇ ਮੁਲਕਾਂ ਦੀਆਂ ਟੀਮਾਂ ਕੀਨੀਆ, ਇੰਗਲੈਂਡ, ਕੈਨੇਡਾ, ਤਨਜਾਨੀਆ, ਯੂਗਾਂਡਾ ਅਤੇ ਅਮਰੀਕਾ ਆਦਿ ਮੁਲਕਾਂ ਵਿਚ ਵੀ ਸਰਦਾਰ ਖਿਡਾਰੀਆਂ ਦਾ ਹਾਕੀ-ਹੁਨਰ ਸਿਰ ਚੜ੍ਹ ਕੇ ਬੋਲਦਾ ਸੀ। 1973 ਦਾ ਐਮਸਟਰਡਮ ਵਿਸ਼ਵ ਕੱਪ ਹਾਕੀ ਮੁਕਾਬਲਾ ਇਕ ਅਜਿਹਾ ਟੂਰਨਾਮੈਂਟ ਸੀ, ਜਿਸ ਵਿਚ ਸਭ ਤੋਂ ਵੱਧ 32 ਸਿੱਖ (ਜੂੜੇ ਵਾਲੇ ਖਿਡਾਰੀ) ਖੇਡੇ ਸਨ। ਇਸ ਟੂਰਨਾਮੈਂਟ ਵਿਚ ਜਿਥੇ ਭਾਰਤ ਦੀ ਟੀਮ ਵਿਚ 7 ਖਿਡਾਰੀ ਜੂੜਿਆਂ ਵਾਲੇ ਸਨ, ਉਥੇ ਕੀਨੀਆ ਦੀ ਸਾਰੀ ਦੀ ਸਾਰੀ ਟੀਮ ਸਿੱਖ ਖਿਡਾਰੀਆਂ ਨਾਲ ਭਰੀ ਪਈ ਸੀ। ਉਸ ਤੋਂ ਪਹਿਲਾਂ 1972 ਮਿਊਨਿਖ ਉਲੰਪਿਕ ਵਿਚ 30 ਸਿੱਖ ਖਿਡਾਰੀ ਖੇਡੇ ਸਨ। ਯਾਦ ਰਹੇ ਸਿੱਖ ਖਿਡਾਰੀਆਂ ਦੀ ਬਦੌਲਤ 1971 ਵਿਚ ਵਿਸ਼ਵ ਕੱਪ ਵਿਚ ਕੀਨੀਆ ਨੇ ਜਰਮਨੀ ਨੂੰ ਹਰਾ ਕੇ ਸੈਮੀਫਾਈਨਲ ਲਈ ਕਵਾਲੀਫਾਈ ਕੀਤਾ ਸੀ ਅਤੇ ਵਿਸ਼ਵ ਹਾਕੀ ਦੇ ਇਤਿਹਾਸ ਵਿਚ ਅਫਰੀਕਨ ਮਹਾਂਦੀਪ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਪਰ ਜਿਉਂ ਹੀ ਐਸਟਰੋਟਰਫ ਹਾਕੀ ਦਾ ਜ਼ਮਾਨਾ ਆਇਆ ਤਾਂ ਯੂਰਪੀਅਨ ਮੁਲਕਾਂ ਦੀ ਸਰਦਾਰੀ ਅੱਗੇ ਆਈ ਅਤੇ ਸਿੱਖ ਖਿਡਾਰੀਆਂ ਦੀ ਆਮਦ ਘਟਣੀ ਸ਼ੁਰੂ ਹੋ ਗਈ। ਅੱਜ ਦੇ ਯੁੱਗ ਵਿਚ ਕੀਨੀਆ, ਯੂਗਾਂਡਾ ਅਤੇ ਤਨਜਾਨੀਆ ਵਰਗੇ ਮੁਲਕ ਤਾਂ ਹਾਕੀ ਵਿਚੋਂ ਆਪਣੀ ਹੋਂਦ ਹੀ ਗਵਾ ਚੁੱਕੇ ਹਨ। ਦੂਸਰੇ ਮੁਲਕਾਂ ਦੀਆਂ ਟੀਮਾਂ ਵਿਚ ਨਾਮਾਤਰ ਸਿੱਖ ਖਿਡਾਰੀ ਰਹਿ ਗਏ ਹਨ। ਭਾਵੇਂ ਬੀਜਿੰਗ ਉਲੰਪਿਕ ਵਿਚ ਕੈਨੇਡਾ ਦੀ ਟੀਮ ਵੱਲੋਂ ਚਾਰ ਸਿੱਖ ਖਿਡਾਰੀਆਂ ਨੇ ਸ਼ਮੂਲੀਅਤ ਕੀਤੀ ਸੀ ਪਰ 12ਵੇਂ ਵਿਸ਼ਵ ਕੱਪ ਹਾਕੀ ਮੁਕਾਬਲੇ ਵਿਚ ਕੈਨੇਡਾ ਵੱਲੋਂ ਸਿਰਫ਼ ਦੋ ਸਿੱਖ ਖਿਡਾਰੀ ਖੇਡ ਰਹੇ ਹਨ ਜਿਨ੍ਹਾਂ ਵਿਚ ਸੁਖਵਿੰਦਰ ਸਿੰਘ ਗੱਬਰ ਅਤੇ ਸੰਜੀਵ ਸਿੰਘ ਦਿਓਲ ਖੇਡ ਰਹੇ ਹਨ। ਜਦਕਿ ਇੰਗਲੈਂਡ, ਜਿਸ ਵਿਚ ਕਿਸੇ ਵੇਲੇ ਕਪਤਾਨ ਸੋਮਾ ਸਿੰਘ, ਕੁਲਬੀਰ ਸਿੰਘ ਭੌਰਾ ਵਰਗੇ ਨਾਮੀ ਖਿਡਾਰੀਆਂ ਨੇ ਸਿੱਖਾਂ ਦੀ ਪਹਿਚਾਣ ਨੂੰ ਕੌਮਾਂਤਰੀ ਪੱਧਰ 'ਤੇ ਦਰਸਾਇਆ ਸੀ, ਹੁਣ ਕੋਈ ਵੀ ਸਿੱਖ ਖਿਡਾਰੀ ਟੀਮ ਵਿਚ ਮੌਜੂਦ ਨਹੀਂ ਹੈ। ਦੂਜੇ ਪਾਸੇ ਪੰਜਾਬੀਆਂ ਦੀ ਇਹ ਖੁਸ਼ਕਿਸਮਤੀ ਹੈ ਕਿ ਭਾਰਤੀ ਟੀਮ ਵਿਚ ਇਸ ਵੇਲੇ 8 ਸਿੱਖ ਖਿਡਾਰੀ ਖੇਡ ਰਹੇ ਹਨ। ਇਸ ਵਿਸ਼ਵ ਕੱਪ ਵਿਚ ਭਾਰਤੀ ਟੀਮ ਦੇ ਕਪਤਾਨ ਰਾਜਪਾਲ ਸਿੰਘ, ਸੰਦੀਪ ਸਿੰਘ, ਸਰਦਾਰਾ ਸਿੰਘ, ਗੁਰਵਿੰਦਰ ਸਿੰਘ ਚੰਦੀ, ਸਵਰਨਜੀਤ ਸਿੰਘ, ਪ੍ਰਭਜੋਤ ਸਿੰਘ ਅਤੇ ਗੁਰਬਾਜ਼ ਸਿੰਘ ਖੇਡ ਰਹੇ ਹਨ, ਜਿਨ੍ਹਾਂ ਵਿਚੋਂ 5 ਖਿਡਾਰੀ ਕੇਸਧਾਰੀ ਹਨ।

ਹੀਰੋ ਹਾਂਡਾ ਵਿਸ਼ਵ ਕੱਪ ਹਾਕੀ ਟੂਰਨਾਮੈਂਟ 'ਚ ਆਸਟਰੇਲੀਆ ਮੋਹਰੀ

ਹੀਰੋ ਹਾਂਡਾ ਵਿਸ਼ਵ ਕੱਪ ਹਾਕੀ ਮੇਜਰ ਧਿਆਨ ਚੰਦ ਹਾਕੀ ਸਟੇਡੀਅਮ ਵਿਚ ਚੱਲ ਰਿਹਾ ਹੈ। ਇਸ ਹਾਕੀ ਟੂਰਨਾਮੈਂਟ ਵਿਚ ਚਾਰ ਵਾਰ ਦੀ ਚੈਂਪੀਅਨ ਪਾਕਿਸਤਾਨ ਟੀਮ ਤੀਸਰੇ ਦੌਰ ਦੇ ਮੈਚ ਵਿਚ 2-5 ਗੋਲਾਂ ਨਾਲ ਹਾਰ ਕੇ ਲਗਭਗ ਸੈਮੀਫਾਈਨਲ ਦੌੜ ਵਿਚੋਂ ਬਾਹਰ ਹੋ ਗਿਆ ਹੈ। ਪਾਕਿਸਤਾਨ ਦੇ ਤਿੰਨ ਮੈਚ ਖੇਡਣ ਤੋਂ ਬਾਅਦ ਇਕ ਜਿੱਤ ਨਾਲ ਸਿਰਫ ਤਿੰਨ ਅੰਕ ਹਨ ਜਦ ਕਿ ਇੰਗਲੈਂਡ ਲਗਾਤਾਰ ਤੀਜੀ ਜਿੱਤ ਹਾਸਲ ਕਰਦਿਆਂ ਕੁੱਲ 9 ਅੰਕਾਂ ਨਾਲ ਪੂਲ ਬੀ ਵਿਚ ਸਿੱਖਰ 'ਤੇ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਪੂਲ ਬੀ ਦੇ ਮੈਚ ਵਿਚ ਆਸਟਰੇਲੀਆ ਨੇ ਦੱਖਣੀ ਅਫਰੀਕਾ ਨੂੰ ਹਰਾਇਆ। ਆਸਟ੍ਰੇਲੀਆ 12-0 ਦੇ ਫਰਕ ਨਾਲ ਜੇਤੂ ਰਿਹਾ।

ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ 7 ਨੂੰ

ਜੰਡਿਆਲਾ ਮੰਜਕੀ, 4 ਮਾਰਚ - ਤੀਜਾ ਇੰਟਰਨੈਸ਼ਨਲ ਕਬੱਡੀ ਟੂਰਨਾਮੈਂਟ ਹੈਡਮਾਸਟਰ ਉਜਾਗਰ ਸਿੰਘ ਸਮਰਾ ਖੇਡ ਸਟੇਡੀਅਮ ਸਮਰਾਏ-ਜੰਡਿਆਲਾ 'ਚ 7 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿਚ ਪਿੰਡਾਂ ਦੀਆਂ ਕਬੱਡੀ ਟੀਮਾਂ ਤੋਂ ਇਲਾਵਾ ਪ੍ਰਸਿੱਧ 8 ਕਬੱਡੀ ਕਲੱਬਾਂ ਦੇ ਮੁਕਾਬਲੇ ਇਸ ਮੌਕੇ ਹੋਣਗੇ।

ਕਬੱਡੀ ਚੈਂਪੀਅਨਸ਼ਿਪ 'ਤੇ ਚਮਕੌਰ ਸਾਹਿਬ ਅਕੈਡਮੀ ਦਾ ਕਬਜ਼ਾ

ਬਾਬਾ ਬਕਾਲਾ, 4 ਮਾਰਚ - ਪੰਜਵਾਂ ਖੇਡ ਮੇਲਾ ਪਿੰਡ ਜੋਧਿਆਂ ਵਿਖੇ ਬਾਬਾ ਗੋਪਾਲ ਦਾਸ ਜੀ ਦੀ ਯਾਦ 'ਚ ਕਰਵਾਇਆ। ਇਸ ਤਿੰਨ ਰੋਜ਼ਾ ਖੇਡ ਮੇਲੇ 'ਚ ਸਾਹਿਬਜ਼ਾਦਾ ਅਜੀਤ ਸਿੰਘ ਜੁਝਾਰ ਸਿੰਘ ਅਕੈਡਮੀ ਚਮਕੌਰ ਸਾਹਿਬ ਦੀ ਕਬੱਡੀ ਟੀਮ ਨੇ ਸਪੋਰਟਸ ਕਲੱਬ ਜਰਗੜੀ ਦੀ ਟੀਮ ਨੂੰ ਕਬੱਡੀ ਚੈਂਪੀਅਨਸ਼ਿਪ ਦੇ ਮੁਕਾਬਲੇ ਵਿਚ 38-34 ਅੰਕਾਂ ਦੇ ਫਰਕ ਨਾਲ ਹਰਾ ਕੇ ਟਰਾਫ਼ੀ 'ਤੇ ਕਬਜ਼ਾ ਕਰ ਲਿਆ ਤੇ ਇਕ ਲੱਖ ਇਕ ਹਜ਼ਾਰ ਰੁਪਏ ਦਾ ਨਕਦ ਇਨਾਮ ਵੀ ਜਿਤਿਆ। ਦੂਜੇ ਨੰਬਰ 'ਤੇ ਰਹਿਣ ਵਾਲੀ ਟੀਮ ਨੂੰ ਕਲੱਬ ਵਲੋਂ 75 ਹਜ਼ਾਰ ਰੁਪਏ ਨਕਦ ਇਨਾਮ ਦਿੱਤਾ ਗਿਆ। ਲੜਕੀਆਂ ਦੇ ਕਬੱਡੀ ਦੇ ਸ਼ੋਅ ਮੈਚ ਵਿਚ ਪੰਜਾਬ ਦੀਆਂ ਮੁਟਿਆਰਾਂ ਨੇ ਹਰਿਆਣੇ ਦੀਆਂ ਛੋਰੀਆਂ ਨੂੰ ਸਾਢੇ 19-16 ਅੰਕਾਂ ਦੇ ਫ਼ਰਕ ਨਾਲ ਹਰਾਇਆ। ਰੱਸਾਕੱਸੀ ਮੈਚ ਦੌਰਾਨ ਜਫ਼ਰਵਾਦ ਟੀਮ ਨੇ ਲੋਹਾਰ ਮਾਜਰਾ ਟੀਮ ਨੂੰ ਹਾਰ ਦਿੱਤੀ। ਪਹਿਲਵਾਨ ਬੁੱਧ ਸਿੰਘ ਕੈਨੇਡੀਅਨ ਦੀ ਘੋੜੀ ਨੇ ਢੋਲ ਦੀ ਤਾਲ 'ਤੇ ਕਰਤੱਬ ਦਿਖਾ ਕੇ ਲੋਕਾਂ ਦਾ ਭਰਪੂਰ ਮਨੋਰੰਜਨ ਕੀਤਾ।

ਕੌਮਾਂਤਰੀ ਕਬੱਡੀ ਟੂਰਨਾਮੈਂਟ ਸ਼ੁਰੂ

ਕੁਆਲਾਲੰਪੁਰ (ਮਲੇਸ਼ੀਆ), 4 ਮਾਰਚ - ਕੁਆਲਾਲੰਪੁਰ ਦੇ ਟਿੱਕੀਵਾਗਸਾ ਸਟੇਡੀਅਮ 'ਚ ਦੂਜਾ ਇੰਟਰਸਿਟੀ ਇੰਟਰਨੈਸ਼ਨਲ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿਚ ਕੁੱਲ 13 ਟੀਮਾਂ ਹਿੱਸਾ ਲੈ ਰਹੀਆਂ ਹਨ। ਜਿਨ੍ਹਾਂ ਵਿਚ 8 ਪੁਰਸ਼ਾਂ ਤੇ 5 ਮਹਿਲਾਵਾਂ ਦੀਆਂ ਟੀਮਾਂ ਸ਼ਾਮਿਲ ਹਨ। ਪੁਰਸ਼ਾਂ ਦੀਆਂ ਟੀਮਾਂ ਨੂੰ ਦੋ ਪੂਲਾਂ ਵਿਚ ਵੰਡਿਆ ਗਿਆ ਹੈ। ਪਹਿਲਾਂ ਲੀਗ ਦੇ ਅਧਾਰ 'ਤੇ ਮੈਚ ਹੋਣਗੇ ਅਤੇ ਫਿਰ ਸੈਮੀਫਾਈਨਲ ਤੇ ਫਾਈਨਲ ਮੁਕਾਬਲੇ ਕਰਵਾਏ ਜਾਣਗੇ। ਪੁਰਸ਼ਾਂ ਦੀਆਂ ਟੀਮਾਂ ਵਿਚ ਓਸਲੋ, ਦਿੱਲੀ, ਕੁਆਲਾਲੰਪੁਰ, ਉਤਰਾਜਯਾ, ਕੁਆਲਾਲੰਪੁਰ ਜੂਨੀਅਰ, ਦਿੱਲੀ, ਚੇਨਈ, ਕਪੂਰਥਲਾ ਤੇ ਪਟਿਆਲਾ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਮਹਿਲਾ ਵਰਗ ਵਿਚ ਓਸਲੋ, ਜਗਤਪੁਰਾ, ਕੁਆਲਾਲੰਪੁਰ, ਦਿੱਲੀ ਤੇ ਉਤਰਾਜਯਾ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ।

ਵਿਸ਼ਵ ਕੱਪ ਹਾਕੀ
ਜਰਮਨੀ ਨੇ ਕੈਨੇਡਾ ਨੂੰ ਕੀਤਾ ਚਿੱਤ

ਵਿਸ਼ਵ ਕੱਪ ਹਾਕੀ ਦੇ ਤੀਸਰੇ ਦਿਨ ਪੂਲ ਵਿਚ ਵਰਤਮਾਨ ਚੈਂਪੀਅਨ ਜਰਮਨੀ ਨੇ ਇਕ ਵਾਰ ਫਿਰ ਆਪਣੀ ਸਰਦਾਰੀ ਨੂੰ ਦਰਸਾਉਂਦਿਆਂ ਕੈਨੇਡਾ ਨੂੰ 6-0 ਨਾਲ ਹਰਾ ਕੇ ਟੂਰਨਾਮੈਂਟ ਦੀ ਵੱਡੀ ਜਿੱਤ ਹਾਸਲ ਕੀਤੀ। ਜਰਮਨੀ ਦੀ ਇਹ ਪਹਿਲੀ ਜਿੱਤ ਸੀ। ਇਸ ਤੋਂ ਪਹਿਲਾਂ ਜਰਮਨੀ ਅਤੇ ਕੋਰੀਆ ਵਿਚਕਾਰ ਖੇਡਿਆ ਗਿਆ ਮੁਕਾਬਲਾ 2-2 'ਤੇ ਬਰਾਬਰ ਰਿਹਾ ਸੀ। ਜਰਮਨੀ ਦੇ ਫਲੋਰੀਅਨ ਫਕਸ ਨੂੰ ਮੈਨ ਆਫ ਦੀ ਮੈਚ, ਕਪਤਾਨ ਮੂਲਰ ਮੈਕਸੀਮਿਲਾਨ ਨੂੰ ਸਰਬੋਤਮ ਡਿਫੈਂਡਰ ਵਜੋਂ ਐਵਾਰਡ ਨਾਲ ਸਨਮਾਨਿਤ ਕੀਤਾ। ਇਸੇ ਦੌਰਾਨ ਪੂਲ ਏ ਦੇ ਇਕ ਹੋਰ ਮੈਚ 'ਚ ਹਾਲੈਂਡ ਨੇ ਨਿਊਜ਼ੀਲੈਂਡ ਨੂੰ 3-1 ਨਾਲ ਹਰਾ ਦਿੱਤਾ। ਹਾਲੈਂਡ ਦੀ ਵਿਸ਼ਵ ਕੱਪ 'ਚ ਇਹ ਦੂਸਰੀ ਜਿੱਤ ਹੈ, ਜਦਕਿ ਨਿਊਜ਼ੀਲੈਂਡ ਦੀ ਇਹ ਪਹਿਲੀ ਹਾਰ ਹੈ।

ਭਾਰਤ ਅਤੇ ਸਪੇਨ ਵਿਚਕਾਰ ਕਰੋ ਜਾਂ ਮਰੋ ਵਾਲਾ ਮੈਚ

ਵਿਸ਼ਵ ਕੱਪ 2010 ਵਿਚ ਪੂਲ ਬੀ ਦੇ ਤੀਸਰੇ ਦੌਰ ਦੇ ਇਕ ਅਹਿਮ ਮੁਕਾਬਲੇ ਵਿਚ ਭਾਰਤ ਅਤੇ ਸਪੇਨ ਦੀਆਂ ਟੀਮਾਂ ਆਹਮਣੇ-ਸਾਹਮਣੇ ਹੋਣਗੀਆਂ ਜੋ ਵੀ ਟੀਮ ਇਹ ਮੈਚ ਜਿੱਤੇਗੀ ਸੈਮੀਫਾਈਨਲ ਵਿਚ ਪੁੱਜਣ ਦਾ ਉਸ ਦਾ ਦਾਅਵਾ ਮਜ਼ਬੂਤ ਹੋਵੇਗਾ। ਇਸ ਲਈ ਦੋਵਾਂ ਟੀਮਾਂ ਲਈ ਇਹ ਮੁਕਾਬਲਾ ਕਰੋ ਜਾਂ ਮਰੋ ਵਾਲਾ ਹੋਵੇਗਾ। ਵਿਸ਼ਵ ਦੀ ਨੰਬਰ 3 ਰੈਂਕਿੰਗ ਵਾਲੀ ਟੀਮ ਸਪੇਨ ਜਿਸ ਨੇ ਮੁੱਢਲੇ ਮੈਚ ਵਿਚ ਦੱਖਣੀ ਅਫਰੀਕਾ ਨੂੰ 4-2 ਨਾਲ ਹਰਾਇਆ ਸੀ ਅਤੇ ਦੂਸਰੇ ਮੈਚ ਵਿਚ ਪਾਕਿਸਤਾਨ ਹੱਥੋਂ 2-1 ਨਾਲ ਹਾਰ ਗਈ ਸੀ। ਵਿਸ਼ਵ ਦੇ ਰੈਂਕਿੰਗ ਨੰਬਰ 12 ਦਾ ਸਥਾਨ ਰੱਖਣ ਵਾਲੀ ਭਾਰਤੀ ਟੀਮ ਦੇ ਖਿਡਾਰੀਆਂ ਲਈ ਤਾਂ ਇਹ ਇਕ ਵੱਡੇ ਇਮਤਿਹਾਨ ਦੀ ਘੜੀ ਹੈ, ਭਾਰਤ ਨੇ ਵੀ ਇਕ ਮੈਚ ਜਿੱਤਿਆ ਅਤੇ ਇਕ ਹਾਰਿਆ ਹੈ। ਵਿਸ਼ਵ ਕੱਪ ਦੇ ਇਤਿਹਾਸ ਵਿਚ ਜੇਕਰ ਦੋਵਾਂ ਟੀਮਾਂ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਵੇਖੀਏ ਤਾਂ ਭਾਰਤ ਨੇ ਦੋ ਵਾਰ 1973 ਅਤੇ 2002 ਵਿਸ਼ਵ ਕੱਪ ਵਿਚ ਸਪੇਨ ਨੂੰ ਹਰਾਇਆ ਹੈ ਜਦ ਕਿ ਸਪੇਨ 1978 ਅਤੇ 1986 ਲੰਡਨ ਵਿਸ਼ਵ ਕੱਪ ਵਿਚ ਦੋ ਵਾਰ ਭਾਰਤ ਨੂੰ ਹਰਾ ਚੁੱਕਾ ਹੈ। ਸਪੇਨ ਦਾ ਕਪਤਾਨ ਪਾਲ ਅਮਾਤ, ਤਬਾਊ ਐਡਗਰਡ, ਕਮਾਦਾ ਪਾਓ, ਰਿਬਾਸ ਐਕਸਵਿਅਰ ਬੇਹੱਦ ਖ਼ਤਰਨਾਕ ਖਿਡਾਰੀ ਹਨ ਜਦ ਕਿ ਭਾਰਤ ਟੀਮ ਦੀਆਂ ਵੱਡੀਆਂ ਆਸਾਂ ਸੰਦੀਪ ਸਿੰਘ, ਪ੍ਰਭਜੋਤ ਸਿੰਘ, ਸਰਦਾਰਾ ਸਿੰਘ, ਹਰਜਨ ਹਲੱਪਾ ਤੇ ਕਪਤਾਨ ਰਾਜਪਾਲ 'ਤੇ ਰਹਿਣਗੀਆਂ। ਸਪੇਨ ਨੂੰ ਹਰਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਜੇਕਰ ਭਾਰਤ ਨੇ ਮੋਰਚਾ ਫਤਿਹ ਕਰਨਾ ਹੈ ਤਾਂ ਪਾਕਿਸਤਾਨ ਵਾਂਗ ਕੋਈ ਅਜਿਹੀ ਨੀਤੀ ਘੜਨੀ ਪਵੇਗੀ ਕਿ ਉਸ ਦੀ ਫਾਰਵਰਡ ਲਾਈਨ ਘੱਟ ਤੋਂ ਘੱਟ ਭਾਰਤ ਡੀ ਵਿਚ ਪ੍ਰਵੇਸ਼ ਕਰੇ। ਭਲਕੇ ਹੋਣ ਵਾਲੇ ਮੈਚ ਇਸ ਤਰ੍ਹਾਂ ਹਨ।

ਹਰਜੀਤ ਤਲਵਾਰ ਕਲੱਬ ਜਗਰਾਉਂ ਦੀ ਝੰਡੀ

ਭਾਦਸੋਂ, 3 ਮਾਰਚ - ਦੂਜੇ ਅੰਤਰਰਾਸ਼ਟਰੀ ਟੌਹੜਾ ਕਬੱਡੀ ਕੱਪ ਵਿਚ ਹਰਜੀਤ ਤਲਵਾਰ ਕਲੱਬ ਜਗਰਾਉਂ ਨੇ ਮਾਲਵਾ ਕਲੱਬ ਮੋਗਾ ਨੂੰ ਹਰਾ ਕੇ ਉਸ 'ਤੇ ਆਪਣਾ ਕਬਜ਼ਾ ਕੀਤਾ। ਪਹਿਲੇ ਸਥਾਨ 'ਤੇ ਰਹੀ ਟੀਮ ਨੂੰ ਇਕ ਲੱਖ ਰੁਪਏ ਅਤੇ ਦੂਜੇ ਸਥਾਨ 'ਤੇ ਆਈ ਟੀਮ ਨੂੰ 75 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ। ਇਸ ਕਬੱਡੀ ਕੱਪ 'ਚ ਪੰਜਾਬ ਕਬੱਡੀ ਅਕੈਡਮੀਜ਼ ਦੀਆਂ 8 ਅਕੈਡਮੀਆਂ ਜਿਸ ਵਿੱਚ ਮੀਰੀ-ਪੀਰੀ ਕਲੱਬ ਅਮਰੀਕਾ, ਹਰਜੀਤ ਕਲੱਬ ਬਾਜਾਖਾਨਾ, ਮਾਲਵਾ ਕਲੱਬ ਅੰਬੀ ਹਠੂਰ ਮੋਗਾ, ਹਰਜੀਤ ਤਲਵਾਰ ਜਗਾਰਓਂ, ਨਿਰਮਲ ਨਿਮਾ ਮਾਨੂੰਪੁਰ, ਸੰਤ ਈਸ਼ਰ ਸਿੰਘ ਕਲੱਬ ਰਾੜਾ ਸਾਹਿਬ, ਵੈਦਵਾਨ ਕੰਬੜਾ ਕਲੱਬ, ਸ਼ੰਕਰਪੁਰੀ ਕਲੱਬ ਸਾਧੂਵਾਲਾ ਆਦਿ ਟੀਮਾਂ ਦੇ ਖਿਡਾਰੀਆਂ ਨੇ ਆਪਣੀ ਕਲਾ ਦੇ ਜੌਹਰ ਵਿਖਾਏ। ਸੰਤ ਈਸ਼ਰ ਸਿੰਘ ਕਲੱਬ ਜਗਰਾਉਂ ਅਤੇ ਖਾਲਸਾ ਆਲਮਾ ਵਾਲਾ ਕਲੱਬ ਦੇ ਗੁਰਸਿੱਖ ਬੱਚਿਆਂ ਦੇ ਕਬੱਡੀ ਸ਼ੋਅ ਮੈਚ ਮੌਕੇ ਸੰਤ ਈਸ਼ਰ ਸਿੰਘ ਕਲੱਬ ਜਗਰਾਉਂ ਨੇ ਪਹਿਲਾ ਸਥਾਨ ਲਿਆ।

ਉਲੰਪਿਕ ਖੇਡਾਂ 'ਚ ਕੈਨੇਡਾ 8ਵੀਂ ਵਾਰ ਬਣਿਆ ਚੈਂਪੀਅਨ

ਵੈਨਕੂਵਰ, 3 ਮਾਰਚ - ਉਲੰਪਿਕ ਖੇਡਾਂ ਬੀ.ਸੀ.ਪੈਲੇਸ ਦੇ ਸੱਭਿਆਚਾਰਕ ਜਸ਼ਨਾਂ ਨਾਲ ਕੈਨੇਡਾ ਦੀ ਧਰਤੀ 'ਤੇ 18 ਦਿਨ ਤੱਕ ਕਰਵਾਈਆਂ ਗਈਆਂ। ਇਨ੍ਹਾਂ ਉਲੰਪਿਕ ਖੇਡਾਂ ਵਿਚ ਆਈਸ ਹਾਕੀ ਦੇ ਫਾਈਨਲ ਮੈਚ ਵਿਚ ਅਮਰੀਕਾ ਨੂੰ 3-2 ਨਾਲ ਹਰਾ ਕੇ ਮੇਜ਼ਬਾਨ ਕੈਨੇਡਾ 8ਵੀਂ ਵਾਰ ਉਲੰਪਿਕ ਚੈਂਪੀਅਨ ਬਣਨ ਵਾਲਾ ਪਹਿਲਾ ਦੇਸ਼ ਹੋ ਨਿਬੜਿਆ ਹੈ। ਉਲੰਪਿਕ ਖੇਡਾਂ ਵਿਚ ਕੈਨੇਡਾ ਦਾ ਬਰਫ਼ 'ਤੇ ਹੋਣ ਵਾਲੀ ਹਾਕੀ ਵਿਚ ਸਭ ਤੋਂ ਵੱਧ ਵਾਰ ਗੋਲਡ ਮੈਡਲ ਜਿੱਤਣ ਦਾ ਉਹੀ ਇਤਿਹਾਸ ਹੈ, ਜੋ ਭਾਰਤ ਦਾ ਘਾਹ 'ਤੇ ਖੇਡੀ ਜਾਣ ਵਾਲੀ ਹਾਕੀ ਵਿਚ ਰਿਹਾ ਹੈ। ਸੰਨ 1920 ਤੋਂ ਚੱਲੇ ਆ ਰਹੇ ਦੋਵੇਂ ਵੱਖ-ਵੱਖ ਹਾਕੀ ਮੁਕਾਬਲਿਆਂ ਨੂੰ ਸਰਦ ਰੁੱਤ ਉਲੰਪਿਕ ਤੇ ਗਰਮ ਰੁੱਤ ਉਲੰਪਿਕ ਖੇਡਾਂ ਵਿਚ ਤਕਸੀਮ ਕੀਤੇ ਜਾਣ ਮਗਰੋਂ, ਕੈਨੇਡਾ ਨੇ ਲਗਾਤਾਰ ਚਾਰ ਵਾਰ 1920, 1924, 1928 ਅਤੇ 1932 ਵਿਚ ਗੋਲਡ ਮੈਡਲ ਹਾਸਿਲ ਕੀਤਾ ਤੇ 1936 ਵਿਚ ਸਿਲਵਰ ਮੈਡਲ ਜਿੱਤਿਆ। ਦੂਜੇ ਵਿਸ਼ਵ ਯੁੱਧ ਕਾਰਨ 1940 ਤੇ 1944 ਵਿਚ ਉਲੰਪਿਕ ਖੇਡਾਂ ਨਹੀਂ ਹੋ ਸਕੀਆਂ, ਪ੍ਰੰਤੂ 1948 ਅਤੇ 1952 ਵਿਚ ਕੈਨੇਡਾ ਮੁੜ ਹਾਕੀ 'ਚ ਉਲੰਪਿਕ ਚੈਂਪੀਅਨ ਬਣਿਆ। ਇਸ ਦੌਰਾਨ ਵੈਨਕੂਵਰ 'ਚ 12 ਤੋਂ 28 ਫਰਵਰੀ ਤੱਕ ਹੋਈਆਂ ਸਰਤ ਰੁੱਤ ਦੀਆਂ ਉਲੰਪਿਕ ਖੇਡਾਂ ਵਿਚ ਸਭ ਤੋਂ ਵੱਧ 14 ਗੋਲਡ ਮੈਡਲ ਕੈਨੇਡਾ ਨੇ ਜਿੱਤੇ ਹਨ, ਜਦਕਿ ਕੁੱਲ ਮੈਡਲਾਂ ਦੀ ਸੂਚੀ ਵਿਚ ਅਮਰੀਕਾ ਦੀ ਝੰਡੀ ਰਹੀ ਹੈ। ਇਸ ਮੌਕੇ 'ਤੇ ਕੈਨੇਡਾ ਦੇ ਪ੍ਰਧਾਨ ਮੰਤਰੀ, ਗਵਰਨਰ ਜਨਰਲ ਤੇ ਬੀ. ਸੀ. ਦੇ ਪ੍ਰੀਮੀਅਰ ਤੋਂ ਇਲਾਵਾ 82 ਦੇਸ਼ਾਂ ਦੇ ਮੁਖੀਆਂ ਸਮੇਤ ਪੰਜਾਹ ਹਜ਼ਾਰ ਤੋਂ ਵੱਧ ਵਿਸ਼ੇਸ਼ ਮਹਿਮਾਨ ਸ਼ਾਮਿਲ ਹੋਏ।

ਪੰਜਾਬ ਐਂਡ ਸਿੰਧ ਬੈਂਕ ਹਾਕੀ ਟੀਮ ਦੇ ਚੋਣ ਟ੍ਰਾਇਲ 5 ਨੂੰ

ਜਲੰਧਰ, 3 ਮਾਰਚ - ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਬਰਲਟਨ ਪਾਰਕ ਜਲੰਧਰ 'ਚ ਪੰਜਾਬ ਐਂਡ ਸਿੰਧ ਬੈਂਕ ਹਾਕੀ ਟੀਮ ਲਈ ਚੋਣ ਟਰਾਈਲ 5 ਮਾਰਚ ਨੂੰ ਸਵੇਰੇ 9 ਵਜੇ ਕਰਵਾਏ ਜਾ ਰਹੇ ਹਨ। ਹਿੱਸਾ ਲੈਣ ਵਾਲੇ ਖਿਡਾਰੀ ਸਮੇਂ ਸਿਰ ਚੋਣ ਕਮੇਟੀ ਕੋਲ ਰਿਪੋਰਟ ਕਰਨ।

ਅੰਤਰਰਾਸ਼ਟਰੀ ਵਰਲਡ ਕਬੱਡੀ ਕੱਪ 6 ਨੂੰ

ਬਟਾਲਾ, 3 ਮਾਰਚ - ਗੁਰੂ ਨਾਨਕ ਕਾਲਜ ਬਟਾਲਾ 'ਚ ਵਰਲਡ ਕਬੱਡੀ ਕੱਪ 6 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ ਵਿਚ ਅੱਠ ਕਬੱਡੀ ਅਕੈਡਮੀਆਂ ਹਿੱਸਾ ਲੈਣਗੀਆਂ। ਇਸ ਵਾਰ ਦਾ ਕਬੱਡੀ ਕੱਪ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਛਿੰਦਾ ਅਮਲੀ ਅਤੇ ਸਵ. ਕਰਮਜੀਤ ਸਿੰਘ ਡੀ.ਪੀ.ਈ. ਰਣਸੀਕੇ ਤਲਾ ਦੀ ਮਿੱਠੀ ਯਾਦ ਨੂੰ ਸਮਰਪਿਤ ਹੋਵੇਗਾ।

ਤੀਜੀ ਸੀ ਟੀ ਹਾਫ ਮੈਰਾਥਨ 7 ਨੂੰ

ਜਲੰਧਰ, 3 ਮਾਰਚ - ਜਲੰਧਰ 'ਚ ਸੀ ਟੀ ਗਰੁੱਪ ਵੱਲੋਂ ਤੀਜੀ ਸੀ ਟੀ ਹਾਫ ਮੈਰਾਥਨ 7 ਮਾਰਚ ਕਰਵਾਈ ਜਾ ਰਹੀ ਹੈ। ਇਹ ਮੈਰਾਥਨ 7 ਮਾਰਚ ਨੂੰ ਸਵੇਰੇ 6.30 ਵਜੇ ਸੀ ਟੀ ਸ਼ਾਹਪੁਰ ਕੈਂਪਸ ਤੋਂ ਸੀ ਟੀ ਮਕਸੂਦਾਂ ਕੈਂਪਸ ਤੱਕ (21 ਕਿਲੋਮੀਟਰ) ਕਰਵਾਈ ਜਾਵੇਗੀ। ਇਸ ਮੈਗਥਨ ਵਿਚ ਇਸ ਵਾਰ ਕਈ ਨਾਮੀਂ ਪੰਜਾਬ ਦੀਆਂ ਹਸਤੀਆਂ ਹਿੱਸਾ ਲੈਣਗੀਆਂ। ਇਹ ਮੈਰਾਥਨ ਸ਼ਾਹਪੁਰ ਕੈਂਪਸ ਤੋਂ ਦੁਹਲਨ ਪੈਲੇਸ, ਅਰਬਨ ਅਸਟੇਟ, ਕੂਲ ਰੋਡ, ਮਸੰਦ ਚੌਕ, ਮਿਸ਼ਨ ਚੌਕ, ਨਕੋਦਰ ਚੌਕ, ਫੁੱਟਬਾਲ ਚੌਕ, ਵਰਕਸ਼ਾਪ ਚੌਕ, ਡੀ.ਏ.ਵੀ. ਕਾਲਜ ਤੋਂ ਹੁੰਦੀ ਹੋਈ ਸੀ.ਟੀ. ਕੈਂਪਸ ਮਕਸੂਦਾਂ ਪੁੱਜੇਗੀ। ਇਸ ਦੇ ਜੇਤੂ ਨੂੰ 21 ਹਜ਼ਾਰ ਰੁਪਏ ਦਾ ਇਨਾਮ ਤੇ ਉਪ-ਜੇਤੂ ਨੂੰ 11 ਹਜ਼ਾਰ ਤੇ ਤੀਜੀ ਪੁਜ਼ੀਸ਼ਨ ਵਾਲੇ ਨੂੰ 5100 ਰੁਪਏ (ਪੁਰਸ਼ ਤੇ ਮਹਿਲਾਵਾਂ) ਨੂੰ ਦਿੱਤੇ ਜਾਣਗੇ। ਹਰ ਇਕ ਹਿੱਸਾ ਲੈਣ ਵਾਲੇ ਖਿਡਾਰੀ ਨੂੰ ਟੀ-ਸ਼ਰਟ ਮੁਫਤ ਦਿੱਤੀ ਜਾਵੇਗੀ। ਖਿਡਾਰੀ ਹਿੱਸਾ ਲੈਣ ਸਬੰਧੀ ਮੋਬਾਈਲ ਨੰਬਰ 99145-04904, 9914504901 'ਤੇ ਸੰਪਰਕ ਕਰ ਸਕਦੇ ਹਨ।

ਬਾਡੀਬਿਲਡਿੰਗ ਮੁਕਾਬਲੇ ਸਮਾਪਤ

ਜਲੰਧਰ, 3 ਮਾਰਚ - ਜਲੰਧਰ ਕਲਾਸਿਕ ਬਾਡੀਬਿਲਡਿੰਗ ਚੈਂਪੀਅਨਸ਼ਿਪ ਦੇਸ਼ ਭਗਤ ਯਾਦਗਾਰ ਹਾਲ ਜਲੰਧਰ 'ਚ ਕਰਵਾਈ ਗਈ। ਇਸ ਬਾਡੀਬਿਲਡਿੰਗ ਚੈਂਪੀਅਨਸ਼ਿਪ ਵਿਚੋਂ ਵਿਕਾਸ ਖੰਨਾ ਨੇ ਦੂਜਾ ਸਥਾਨ ਹਾਸਿਲ ਕੀਤਾ।

ਸੀਨੀਅਰ ਨੈਸ਼ਨਲ ਵੇਟਲਿਫਟਿੰਗ ਚੈਂਪੀਅਨਸ਼ਿਪ 'ਚ ਪੰਜਾਬ ਦੀ ਬੱਲੇ ਬੱਲੇ

ਜਲੰਧਰ, 3 ਮਾਰਚ - ਸੀਨੀਅਰ ਨੈਸ਼ਨਲ ਵੇਟਲਿਫਟਿੰਗ ਚੈਂਪੀਅਨਸ਼ਿਪ ਉਦੇਪੁਰ (ਰਾਜਸਥਾਨ) 'ਚ ਕਰਵਾਈ ਗਈ। ਜਿਸ ਵਿਚ ਪੰਜਾਬ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪੰਜਾਬ ਨੇ ਇੰਟਰ ਸਟੇਟ ਵਿਚ 178 ਅੰਕ ਲੈ ਕੇ ਓਵਰ ਆਲ ਪਹਿਲਾ ਤੇ ਮਹਾਰਾਸ਼ਟਰ ਨੇ 125 ਅੰਕ ਲੈ ਕੇ ਦੂਜਾ ਸਥਾਨ ਹਾਸਿਲ ਕੀਤਾ। ਮਰਦਾਂ ਦੇ 85 ਕਿਲੋ ਵਰਗ ਵਿਚੋਂ ਇੰਦਰਜੀਤ ਨੇ ਦੂਜਾ ਸਥਾਨ, 94 ਕਿਲੋ ਭਾਰ ਵਰਗ ਵਿਚੋਂ ਭੁਪਿੰਦਰ ਸਿੰਘ ਨੇ ਤੀਜਾ ਸਥਾਨ, 105 ਕਿਲੋ ਭਾਰ ਵਰਗ ਵਿਚੋਂ ਬੂਟਾ ਰਾਮ ਨੇ ਦੂਜਾ ਸਥਾਨ ਅਤੇ ਸੁਪਰ ਹੈਵੀ ਵੇਟ ਵਿਚੋਂ ਗੁਰਪ੍ਰੀਤ ਸਿੰਘ ਨੇ ਦੂਜਾ ਸਥਾਨ ਹਾਸਿਲ ਕੀਤਾ। ਲੜਕੀਆਂ ਦੇ ਵਰਗ ਵਿਚੋਂ ਤੀਜਾ ਸਥਾਨ ਹਾਸਿਲ ਕੀਤਾ।

ਕਲਾਨੌਰ ਦਾ ਖੇਡ ਮੇਲਾ 9 ਤੋਂ

ਲੰਧਰ, 3 ਮਾਰਚ - 9-10 ਮਾਰਚ ਨੂੰ ਬਾਬਾ ਕਾਰ ਜੀ ਸਟੇਡੀਅਮ ਕਲਾਨੌਰ (ਗੁਰਦਾਸਪੁਰ) 'ਚ ਬਾਬਾ ਕਾਰ ਜੀ ਯਾਦਗਾਰੀ ਕਬੱਡੀ ਅਤੇ ਕੁਸ਼ਤੀ ਮੁਕਾਬਲੇ ਕਰਵਾਏ ਜਾ ਰਹੇ ਹਨ। ਕਬੱਡੀ ਦੇ ਵਿਚ 14 ਟੀਮਾਂ ਹਿੱਸਾ ਲੈਣਗੀਆਂ ਤੇ ਜੇਤੂ ਟੀਮ ਨੂੰ ਇਕ ਲੱਖ ਇਕ ਹਜ਼ਾਰ ਤੇ ਉਪ ਜੇਤੂ ਟੀਮ ਨੂੰ 75 ਹਜ਼ਾਰ ਰੁਪਏ ਦਾ ਨਗਦ ਇਨਾਮ ਦਿੱਤਾ ਜਾਵੇਗਾ।

ਵਿਸ਼ਵ ਕੱਪ ਹਾਕੀ 'ਚ ਇੰਗਲੈਂਡ ਅਤੇ ਪਾਕਿ ਮੋਹਰੀ

ਨਵੀਂ ਦਿੱਲੀ, 2 ਮਾਰਚ - ਵਿਸ਼ਵ ਕੱਪ ਹਾਕੀ ਟੂਰਨਾਮੈਂਟ ਦਿੱਲੀ ਦੇ ਮੇਜਰ ਧਿਆਨ ਚੰਦ ਹਾਕੀ ਸਟੇਡੀਅਮ 'ਚ ਚੱਲ ਰਿਹਾ ਹੈ। ਇਸ ਟੂਰਨਾਮੈਂਟ ਵਿਚ ਇੰਗਲੈਂਡ ਦੀ ਟੀਮ ਨੇ ਹਾਕੀ ਵਿਸ਼ਵ ਕੱਪ ਵਿਚ ਆਪਣੀ ਲਗਾਤਾਰ ਦੂਸਰੀ ਜਿੱਤ ਦਰਜ ਕੀਤੀ। ਇਸੇ ਤਰ੍ਹਾਂ ਪਾਕਿਸਤਾਨ ਨੇ ਸਪੇਨ ਦੀ ਸ਼ਕਤੀਸ਼ਾਲੀ ਟੀਮ ਨੂੰ ਹਰਾ ਦਿੱਤਾ। ਇੰਗਲੈਂਡ ਲਈ ਰਿਚਰਡ ਮੇਂਟਾਲ, ਐਸ਼ਲੌਕਸਨ, ਨਿਕ ਕਾਟਲਿਨ ਅਤੇ ਇਆਨ ਮੈਕੇ ਨੇ ਗੋਲ ਦਾਗੇ। ਦੂਜੇ ਪਾਸੇ ਦੱਖਣੀ ਅਫਰੀਕਾ ਲਈ ਮਾਰਵਿਨ ਹਾਰਪਰ, ਨੌਰਿਸ ਜੌਂਸ ਅਤੇ ਥਾਰਟਨ ਮੈਕਡੇਡ ਨੇ ਗੋਲ ਕੀਤੇ। ਦੱਖਣੀ ਅਫਰੀਕਾ ਦੀ ਇਹ ਲਗਾਤਾਰ ਦੂਸਰੀ ਹਾਰ ਹੈ।

6ਵਾਂ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ 7 ਤੋਂ

ਸੈਲਾਖੁਰਦ, 2 ਮਾਰਚ - 6ਵਾਂ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ 7-8 ਮਾਰਚ ਨੂੰ ਸਰਕਾਰੀ ਸੀਨੀ. ਸੈਕੰਡਰੀ ਸਕੂਲ ਪੱਦੀ ਸੂਰਾ ਸਿੰਘ ਦੇ ਖੇਡ ਮੈਦਾਨ ਵਿਚ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਦੌਰਾਨ ਪਿੰਡ ਪੱਧਰ ਦੇ ਮੈਚ 7 ਮਾਰਚ ਦਿਨ ਐਤਵਾਰ ਨੂੰ ਹੋਣਗੇ ਅਤੇ ਓਪਨ ਕਲੱਬਾਂ ਦੇ ਮੈਚ 8 ਮਾਰਚ ਦਿਨ ਸੋਮਵਾਰ ਨੂੰ ਹੋਣਗੇ। ਆਲ ਓਪਨ ਕਲੱਬ ਦੀ ਜੇਤੂ ਟੀਮ ਨੂੰ ਪਹਿਲਾ ਇਨਾਮ 5100 ਰੁਪਏ ਅਤੇ ਦੂਜਾ 41 ਹਜ਼ਾਰ ਰੁਪਏ ਹੋਵੇਗਾ। ਓਪਨ ਪਿੰਡ ਭੱਧਰ ਜੇਤੂ ਟੀਮਨੂੰ ਪਹਿਲਾ ਇਨਾਮ 20 ਹਜ਼ਾਰ ਅਤੇ ਦੂਜਾ ਇਨਾਮ 15 ਹਜ਼ਾਰ ਰੁਪਏ ਦਿੱਤਾ ਜਾਵੇਗਾ।

ਵਿਸ਼ਵ ਹਾਕੀ ਕੱਪ

ਨਵੀਂ ਦਿੱਲੀ, 28 ਫਰਵਰੀ - ਨਵੀਂ ਦਿੱਲੀ ਦੇ ਮੇਜਰ ਧਿਆਨ ਚੰਦ ਨੈਸ਼ਨਲ ਹਾਕੀ ਸਟੇਡੀਅਮ 'ਚ 12ਵਾਂ ਹੀਰੋ ਹਾਂਡਾ ਵਿਸ਼ਵ ਕੱਪ ਹਾਕੀ ਮੁਕਾਬਲਾ 28 ਫਰਵਰੀ ਤੋਂ 13 ਮਾਰਚ ਤੱਕ ਕਰਵਾਇਆ ਜਾ ਰਿਹਾ ਹੈ। ਇਸ ਵਿਸ਼ਵ ਹਾਕੀ ਟੂਰਨਾਮੈਂਟ ਦੇ ਉਦਘਾਟਨੀ ਮੈਚ ਵਿਚ ਵਰਤਮਾਨ ਕਾਂਸੀ ਤਗਮਾ ਜੇਤੂ ਸਪੇਨ ਨੇ ਦੱਖਣੀ ਅਫਰੀਕਾ ਨੂੰ 4-2 ਨਾਲ ਹਰਾ ਕੇ ਜੇਤੂ ਸ਼ੁਰੂਆਤ ਕੀਤੀ। ਅੱਧੇ ਸਮੇਂ ਤੱਕ ਦੋਵੇਂ ਟੀਮਾਂ 2-2 'ਤੇ ਬਰਾਬਰ ਸਨ। ਦੂਸਰਾ ਮੈਚ ਆਸਟਰੇਲੀਆ ਅਤੇ ਇੰਗਲੈਂਡ ਵਿਚਕਾਰ ਹੋਇਆ। ਇੰਗਲੈਂਡ ਨੇ ਇਹ ਮੈਚ 3-2 ਨਾਲ ਜਿੱਤਿਆ। ਵਿਸ਼ਵ ਕੱਪ ਦਾ ਇਹ ਸਭ ਤੋਂ ਵੱਡਾ ਉਲਟ ਫੇਰ ਹੈ।

ਕੁੱਪ ਖੁਰਦ ਦਾ 8ਵਾਂ ਪੇਂਡੂ ਖੇਡ ਮੇਲਾ 19 ਤੋਂ

ਕੁੱਪ ਕਲਾਂ, 28 ਫਰਵਰੀ -19 ਤੋਂ 21 ਮਾਰਚ ਤੱਕ ਸਟੇਡੀਅਮ ਕੁੱਪ ਖੁਰਦ 'ਚ 8ਵਾਂ ਪੇਂਡੂ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਕਬੱਡੀ ਇਕ ਪਿੰਡ ਓਪਨ ਦੀ ਜੇਤੂ ਟੀਮ ਨੂੰ 31 ਹਜ਼ਾਰ, ਉਪ ਜੇਤੂ ਨੂੰ 21 ਹਜ਼ਾਰ ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲਾ ਟੀਮ ਨੂੰ 81 ਸੌ ਰੁਪਏ ਦਾ ਨਕਦ ਇਨਾਮ ਦਿੱਤੇ ਜਾਣਗੇ। ਕਬੱਡੀ ਦੇ ਬੈਸਟ ਰੇਡਰ ਤੇ ਜਾਫੀ ਨੂੰ ਗਿਆਰਾਂ-ਗਿਆਰਾਂ ਹਜ਼ਾਰ ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ।

29ਵਾਂ ਪੰਜਾਬ ਕਬੱਡੀ ਕੱਪ ਸਮਾਪਤ

ਬਰਨਾਲਾ, 28 ਫਰਵਰੀ -29ਵਾਂ ਪੰਜਾਬ ਕਬੱਡੀ ਕ