|
ਧਰੁਵ ਪਾਂਡਵ ਕਾਨਫਰੰਸ ਹਾਲ 'ਚ ਪੀ.ਸੀ.ਏ. ਦੀ ਮੀਟਿੰਗ ਅੱਜ
ਅਜੀਤ ਨਗਰ, 31 ਜੁਲਾਈ - ਧਰੁਵ ਪਾਂਡਵ ਕਾਨਫਰੰਸ ਹਾਲ ਪੀ.ਸੀ.ਏ. ਕ੍ਰਿਕਟ ਸਟੇਡੀਅਮ ਮੁਹਾਲੀ ਵਿਖੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਮੀਟਿੰਗ ਅੱਜ 11 ਵਜੇ ਹੋਵੇਗੀ। ਇਸ ਮੀਟਿੰਗ ਵਿੱਚ ਰਣਜੀ ਟਰਾਫੀ ਲਈ ਸਾਲ 2009-10 ਵਿੱਚ ਹੋਣ ਵਾਲੇ ਕ੍ਰਿਕਟ ਮੈਚਾਂ ਬਾਰੇ ਵਿਚਾਰਾਂ ਕੀਤੀਆਂ ਜਾਣਗੀਆਂ। ਰਣਜੀ ਟਰਾਫੀ ਦੇ ਹੋਣ ਵਾਲੇ ਮੈਚਾਂ ਵਿੱਚ 3 ਤੋਂ 6 ਨਵੰਬਰ ਤੱਕ ਪੰਜਾਬ ਅਤੇ ਮੁੰਬਈ, 10 ਤੋਂ 13 ਨੰਵਬਰ ਤੱਕ ਪੰਜਾਬ ਅਤੇ ਹੈਦਰਾਬਾਦ, 17 ਤੋਂ 20 ਨਵੰਬਰ ਤੱਕ ਪੰਜਾਬ ਅਤੇ ਤਾਮਿਲਨਾਡੂ, 24 ਤੋਂ 27 ਨਵੰਬਰ ਤੱਕ ਪੰਜਾਬ ਅਤੇ ਗੁਜਰਾਤ, 1 ਤੋਂ 4 ਦਸੰਬਰ ਤੱਕ ਪੰਜਾਬ ਅਤੇ ਹਿਮਾਚਲ ਪ੍ਰਦੇਸ, 8 ਤੋਂ 11 ਦਸੰਬਰ ਤੱਕ ਪੰਜਾਬ ਅਤੇ ਉੜੀਸਾ ਵਿਚਕਾਰ ਮੈਚ ਖੇਡੇ ਜਾਣਗੇ। ਉਨ੍ਹਾ ਦੱਸਿਆ ਕਿ 2 ਅਕਤੂਬਰ ਨੂੰ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਹੋਣ ਵਾਲੇ ਮੈਚ ਦੀਆਂ ਤਿਆਰੀਆਂ ਬਾਰੇ ਵੀ ਵਿਚਾਰਾਂ ਕੀਤੀਆਂ ਜਾਣਗੀਆਂ।
ਅਕਾਸ਼ਦੀਪ ਨੂੰ ਮਿਲੀ 50 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ
ਲਹਿਰਾਗਾਗਾ, 31 ਜੁਲਾਈ - ਅੰਤਰ ਰਾਸ਼ਟਰੀ ਚੈਪੀਅਨਸ਼ਿਪ ਜੋ ਕਿ ਸਾਲ 2008 'ਚ ਨੇਪਾਲ ਵਿਖੇ ਕਰਵਾਈ ਗਈ ਸੀ। ਇਸ ਚੈਂਪੀਅਨਸ਼ਿਪ ਵਿਚ ਲਹਿਰਾਗਾਗਾ ਦੇ ਰਹਿਣ ਵਾਲੇ ਸੀਬਾ ਪਬਲਿਕ ਸਕੂਲ ਦੇ ਵਿਦਿਆਰਥੀ ਅਕਾਸ਼ਦੀਪ ਸਿੰਘ ਨੇ ਸੋਨ ਤਗਮਾ ਪ੍ਰਾਪਤ ਕੀਤਾ ਸੀ। ਇਸ ਲਈ ਪੰਜਾਬ ਸਰਕਾਰ ਨੇ ਉਸ ਨੂੰ 50 ਹਜ਼ਾਰ ਰੁਪਏ ਦਾ ਚੈਕ ਸਹਾਇਤਾ ਵਜੋਂ ਭੇਜਿਆ ਹੈ। ਉਕਤ ਵਿਦਿਆਰਥੀ ਵੁਸ਼ੂ ਦਾ ਖਿਡਾਰੀ ਹੈ। ਇਸ ਦੀ ਪ੍ਰਾਪਤੀ ਤੋਂ ਖੁਸ਼ ਹੋ ਕੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਲਹਿਰਾਗਾਗਾ ਫੇਰੀ ਦੌਰਾਨ ਅਕਾਸ਼ਦੀਪ ਸਿੰਘ ਦਾ ਸਨਮਾਨ ਕਰਦੇ ਹੋਏ 50 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਸੀ। ਅਕਾਲੀ ਦਲ ਦੇ ਸਕੱਤਰ ਜਨਰਲ ਸ: ਸੁਖਦੇਵ ਸਿੰਘ ਢੀਂਡਸਾ ਦੇ ਯਤਨਾਂ ਸਦਕਾ ਇਹ ਚੈੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਅਤੇ ਕੌਂਸਲਰ ਦਵਿੰਦਰ ਨੀਟੂ ਰਾਹੀਂ ਬੱਚੇ ਨੂੰ ਮਿਲਿਆ।
ਸਿੱਧਸਰ ਸਾਹਿਬ ਕਬੱਡੀ ਕੱਪ 19 ਤੋਂ
ਪਾਇਲ, 31 ਜੁਲਾਈ - ਸਿੱਧਸਰ ਸਾਹਿਬ ਦੇ ਕਾਲਜ ਗਰਾਊਂਡ 'ਚ 19-20 ਅਗਸਤ ਨੂੰ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਵਿਚ ਕਲੱਬ ਵੱਲੋਂ ਕਬੱਡੀ ਖਿਡਾਰੀ ਬਿੱਟੂ ਜਸਪਾਲ ਬਾਂਗਰ ਤੇ ਵਾਲੀਬਾਲ ਖਿਡਾਰੀ ਸੈਕਟਰੀ ਜਗਤਾਰ ਸਿੰਘ ਸਿਹੌੜਾ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਖੇਡ ਮੇਲੇ 'ਚ 19 ਅਗਸਤ ਨੂੰ 70 ਕਿਲੋ ਦੇ ਮੁਕਾਬਲੇ ਹੋਣਗੇ ਤੇ 20 ਅਗਸਤ ਨੂੰ ਇਕ ਪਿੰਡ ਓਪਨ ਦੇ ਮੁਕਾਬਲੇ ਕਰਵਾਏ ਜਾਣਗੇ।
ਹਰਿਆਣਾ ਨੇ ਖੇਡ ਐਵਾਰਡਾਂ 'ਚ ਪੰਜਾਬ ਨੂੰ ਕੀਤਾ ਮਾਤ
ਜਲੰਧਰ, 31 ਜੁਲਾਈ - ਹਰਿਆਣਾ ਪਹਿਲਾਂ ਖੇਡਾਂ ਦੇ ਖੇਤਰ ਵਿਚ ਪੰਜਾਬ ਨਾਲੋਂ ਅੱਗੇ ਸੀ ਪਰ ਹੁਣ ਐਵਾਰਡਾਂ ਵਿਚ ਵੀ ਅੱਗੇ ਪਹੁੰਚ ਗਿਆ ਹੈ। ਕਦੇ ਪੰਜਾਬ ਦੀ ਇਨ੍ਹਾਂ ਐਵਾਰਡਾਂ ਵਿਚ ਤੂਤੀ ਬੋਲਦੀ ਸੀ ਤੇ ਕਈ-ਕਈ ਐਵਾਰਡ ਪੰਜਾਬੀ ਹਾਸਿਲ ਕਰਦੇ ਸਨ ਪਰ ਇਸ ਵਾਰੀ ਇਕ ਅਰਜੁਨ ਐਵਾਰਡ ਤੇ ਇਕ ਧਿਆਨ ਚੰਦ ਐਵਾਰਡ ਨਾਲ ਹੀ ਸਬਰ ਕਰਨਾ ਪਿਆ ਹੈ। ਇਸ ਵਾਰੀ ਹਰਿਆਣਾ ਨੇ ਮੁੱਕੇਬਾਜ਼ੀ ਵਿਚ ਵਿਜੇਂਦਰ ਨੇ ਖੇਲ ਰਤਨ ਐਵਾਰਡ, ਹਾਕੀ ਦੇ ਕੋਚ ਬਲਦੇਵ ਸਿੰਘ ਨੇ ਦਰੋਣਾਚਾਰੀਆ ਐਵਾਰਡ, ਹਾਕੀ ਖਿਡਾਰਨ ਸੁਰਿੰਦਰ ਕੌਰ ਨੂੰ ਅਰਜੁਨ ਐਵਾਰਡ ਤੇ ਸਾਇਨਾ ਨੇਹਵਾਲ ਬੈਡਮਿੰਟਨ ਦੀ ਖਿਡਾਰਣ ਦਾ ਪਿਛੋਕੜ ਵੀ ਹਰਿਆਣਾ ਨਾਲ ਹੈ, ਇਸ ਨੇ ਵੀ ਅਰਜੁਨ ਐਵਾਰਡ ਹਾਸਿਲ ਕੀਤਾ ਹੈ ਪਰ ਜੇ ਅਸੀਂ ਪੰਜਾਬ ਦੀ ਕਾਰਗੁਜਾਰੀ 'ਤੇ ਨਜ਼ਰ ਮਾਰੀਏ ਤੇ ਨਿਸ਼ਾਨੇਬਾਜ਼ੀ 'ਚ ਰੰਜਨ ਸੋਢੀ ਨੇ ਅਰਜੁਨਾ ਐਵਾਰਡ ਤੇ ਈਸ਼ਰ ਸਿੰਘ ਦਿਓਲ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਧਿਆਨ ਚੰਦ ਐਵਾਰਡ ਹੀ ਹਾਸਿਲ ਹੋਇਆ ਹੈ। ਇਸ ਤੋਂ ਪਹਿਲਾਂ ਹਰਿਆਣਾ ਨੇ ਖਿਡਾਰੀਆਂ ਨੂੰ ਇਨਾਮੀ ਰਾਸ਼ੀ ਵੀ ਵੰਡਣ ਵਿਚ ਪਹਿਲ ਕੀਤੀ ਹੈ ਤੇ ਚੋਟੀ ਦੇ ਖਿਡਾਰੀਆਂ ਨੂੰ ਜਿੱਤ ਦੇ ਨਾਲ-ਨਾਲ ਨਗਦ ਇਨਾਮ ਦੇ ਕੇ ਨਵੀਂ ਪਿਰਤ ਪਾਈ ਹੈ ਪਰ ਇਸ ਦੇ ਉਲਟ ਪੰਜਾਬ ਸਰਕਾਰ ਨੇ ਸਾਲ 2007-08 ਤੇ 2008-09 ਲਈ ਖਿਡਾਰੀਆਂ ਤੋਂ ਅਰਜ਼ੀਆਂ ਮੰਗੀਆਂ ਹਨ ਕਿ ਇਨ੍ਹਾਂ ਨੂੰ ਨਗਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ ਪਰ ਸਰਕਾਰ ਕੋਲ ਇਨ੍ਹਾਂ ਨੂੰ ਇਨਾਮ ਦੇਣ ਦੀ ਵਿਹਲ ਨਹੀਂ ਮਿਲੀ। ਕਈਸਾਲਾਂ ਤੋਂ ਘੁੰਮਣਘੇਰੀ ਵਿਚ ਫਸੀ ਪੰਜਾਬ ਦੀ ਖੇਡ ਨੀਤੀ ਵੀ ਬਾਹਰ ਨਹੀਂ ਆਈ ਜੇ ਅਜਿਹਾ ਹਾਲ ਪੰਜਾਬ ਦੀਆਂ ਖੇਡਾਂ ਦਾ ਰਿਹਾ ਤਾਂ ਆਉਣ ਵਾਲੇ ਸਮੇਂ ਵਿਚ ਪੰਜਾਬ ਖੇਡਾਂ ਵਿਚ ਬੁਰੀ ਤਰ੍ਹਾਂ ਨਾਲ ਪਛੜ ਜਾਵੇਗਾ ਜਿਸ ਨੂੰ ਸੰਭਾਲਣਾ ਮੁਸ਼ਕਿਲ ਹੋ ਜਾਵੇਗਾ।
ਏਸ਼ੀਅਨ ਚੈਂਪੀਅਨ ਨਵਜੋਤ ਕੌਰ ਦਾ 51 ਸੌ ਰੁਪਏ ਨਾਲ ਸਨਮਾਨ
ਪਟਿਆਲਾ, 31 ਜੁਲਾਈ - ਜੂਨੀਅਰ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਪਿਛਲੇ ਦਿਨੀਂ ਕਰਵਾਈ ਗਈ। ਜਿਸ ਚੈਂਪੀਅਨਸ਼ਿਪ ਵਿਚ ਪੰਜਾਬ ਦੀ ਖਿਡਾਰਣ ਨਵਜੋਤ ਕੌਰ ਨੇ ਸੋਨ ਤਗਮਾ ਜਿੱਤਿਆ ਸੀ। ਇਸ ਪ੍ਰਾਪਤੀ ਦਾ ਮੁੱਲ ਆਖਿਰਕਾਰ ਐਨ.ਆਰ.ਆਈ. ਸਪੋਰਟਸ ਕਲੱਬ ਨੇ ਪਾਉਣ ਦੀ ਪਹਿਲਕਦਮੀ ਕੀਤੀ ਹੈ। ਇਸ ਕਲੱਬ ਵੱਲੋਂ ਅੱਜ ਅਰਬਨ ਅਸਟੇਟ ਵਿਖੇ ਕੌਮਾਂਤਰੀ ਫੁੱਟਬਾਲ ਖਿਡਾਰਨ ਜਗਦੀਪ ਕੌਰ ਬੁਟਾਹਰੀ ਨੂੰ ਸਪਾਂਸਰਸ਼ਿਪ ਸ਼ੁਰੂ ਕਰਨ ਦਾ ਐਲਾਨ ਵੀ ਕੀਤਾ। ਕਲੱਬ ਦੇ ਮੁੱਖ ਸੇਵਾਦਾਰ ਸ: ਗੁਰਿੰਦਰਜੀਤ ਸਿੰਘ ਗੁਰਾਇਆ ਕੈਨੇਡਾ ਦੀ ਪ੍ਰਧਾਨਗੀ 'ਚ ਹੋਏ ਸਮਾਗਮ 'ਚ ਉਚੇਚੇ ਤੌਰ 'ਤੇ ਕਲੱਬ ਦੀ ਯੂਰਪ ਇਕਾਈ ਦੇ ਪ੍ਰਧਾਨ ਸ੍ਰੀ ਜਸਵਿੰਦਰ ਸਿੰਘ ਕਾਹਲੋਂ ਪੁੱਜੇ। ਉਨ੍ਹਾਂ ਇਸ ਮੌਕੇ ਸ: ਕਾਹਲੋਂ ਵੱਲੋਂ ਭੇਂਟ ਕੀਤੀ 51 ਸੌ ਰੁਪਏ ਦੀ ਰਾਸ਼ੀ ਨਾਲ ਨਵਜੋਤ ਕੌਰ ਦਾ ਸਨਮਾਨ ਕੀਤਾ ਅਤੇ ਜਲਦ ਹੀ ਸਪਾਂਸਰਸ਼ਿਪ ਦੇਣ ਦਾ ਵਾਅਦਾ ਕੀਤਾ। ਉਨ੍ਹਾਂ ਨੇ ਜਗਦੀਪ ਕੌਰ ਫੁੱਟਬਾਲਰ ਨੂੰ ਸ: ਕੁਲਦੀਪ ਸਿੰਘ ਸਹੋਤਾ, ਸਕਾਈ ਕਿਚਨ ਕੈਬਨਿਟ ਬਰੈਮਪਟਨ ਕੈਨੇਡਾ ਵੱਲੋਂ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੀ ਸਪਾਂਸਰਸ਼ਿਪ ਦੇਣੀ ਆਰੰਭ ਕੀਤੀ ਅਤੇ ਪਹਿਲੀ ਕਿਸ਼ਤ ਵਜੋਂ ਪੰਜ ਹਜ਼ਾਰ ਰੁਪਏ ਭੇਂਟ ਕੀਤੇ। ਉਨ੍ਹਾਂ ਕਿਹਾ ਕਿ ਵਿਸ਼ਵ ਚੈਂਪੀਅਨਸ਼ਿਪ ਲਈ ਚੁਣੇ ਗਏ ਪੰਜਾਬੀ ਮੁੱਕੇਬਾਜ਼ ਮਨਪ੍ਰੀਤ ਸਿੰਘ, ਰਾਸ਼ਟਰਮੰਡਲ ਖੇਡਾਂ ਦੇ ਕੋਰ ਗਰੁੱਪ 'ਚ ਸ਼ਾਮਿਲ ਮੁੱਕੇਬਾਜ਼ ਰਾਮ ਸਿੰਘ ਨੈਣਾਂਕੌਂਤ ਤੇ ਅਮਨਦੀਪ ਸਿੰਘ ਸੰਗਰੂਰ ਨੂੰ ਵੀ ਜਲਦ ਹੀ ਸਪਾਂਸਰ ਕਰ ਦਿੱਤਾ ਜਾਵੇਗਾ। ਬਲਾਕ ਪੱਧਰੀ ਪੰਚਾਇਤੀ ਟੂਰਨਾਮੈਂਟ 3 ਤੋਂ ਲੁਧਿਆਣਾ, 30 ਜੁਲਾਈ - 3 ਅਗਸਤ ਤੋਂ ਪੰਚਾਇਤ ਯੁਵਾ ਕਰੀੜਾ ਖੇਡ ਅਭਿਆਨ 2009-10 ਦੇ ਸ਼ੈਸ਼ਨ ਤਹਿਤ ਵੱਖ ਵੱਖ ਬਲਾਕ ਪੱਧਰਾਂ ਦੇ ਪੰਚਾਇਤੀ ਟੂਰਨਾਮੈਂਟ ਅੰਡਰ-18 ਸਾਲ (ਮੁੰਡੇ ਅਤੇ ਕੁੜੀਆਂ) ਕੇਂਦਰ ਸਰਕਾਰ ਵੱਲੋਂ ਕਰਵਾਏ ਜਾ ਰਹੇ ਹਨ। ਪੰਜਾਬ ਖੇਡ ਵਿਭਾਗ ਦੇ ਡਾਇਰੈਕਟਰ ਸ: ਪਰਗਟ ਸਿੰਘ ਅਤੇ ਜ਼ਿਲ੍ਹਾ ਲੁਧਿਆਣਾ ਦੇ ਖੇਡ ਅਧਿਕਾਰੀ ਜਸਵਿੰਦਰ ਸਿੰਘ ਢੰਡਾਰੀ ਨੇ ਦੱਸਿਆ ਕਿ ਇਸ ਖੇਡ ਅਭਿਆਨ ਤਹਿਤ 10 ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ, ਜਿਨ੍ਹਾਂ ਵਿਚ ਹਰ ਬਲਾਕ ਨੂੰ 5 ਖੇਡਾਂ ਕਰਵਾਉਣਾ ਲਾਜ਼ਮੀ ਹੋਵੇਗਾ। ਇਨ੍ਹਾਂ ਖੇਡਾਂ ਵਿਚ ਐਥਲੈਟਿਕਸ, ਹਾਕੀ, ਫੁੱਟਬਾਲ, ਬਾਸਕਟਬਾਲ, ਖੋ-ਖੋ, ਕਬੱਡੀ ਨੈਸ਼ਨਲ ਸਟਾਈਲ, ਵਾਲੀਬਾਲ, ਜੂਡੋ ਆਦਿ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ। ਇਨ੍ਹਾਂ ਖੇਡਾਂ ਵਿਚ ਬਲਾਕ ਡੇਹਲੋਂ ਦੀਆਂ ਖੇਡਾਂ 3 ਅਤੇ 4 ਅਗਸਤ ਨੂੰ ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਵਿਖੇ, ਬਲਾਕ ਪੱਖੋਵਾਲ ਦੀਆਂ ਖੇਡਾਂ ਗੁੱਜਰਵਾਲ ਵਿਖੇ 5 ਤੋਂ 6 ਅਗਸਤ ਨੂੰ, ਬਲਾਕ ਰਾਏਕੋਟ ਦੀਆਂ ਖੇਡਾਂ ਤਲਵੰਡੀ ਰਾਏ ਵਿਖੇ 6 ਅਤੇ 7 ਅਗਸਤ ਨੂੰ, ਸੁਧਾਰ ਬਲਾਕ ਦੀਆਂ ਖੇਡਾਂ ਸੁਧਾਰ ਵਿਖੇ 10 ਅਤੇ 11 ਅਗਸਤ ਨੂੰ, ਖੰਨਾ ਬਲਾਕ ਦੀਆਂ ਖੇਡਾਂ ਜਰਗ ਵਿਖੇ 10 ਅਤੇ 11 ਅਗਸਤ ਨੂੰ, ਲੁਧਿਆਣਾ ਟੂ ਬਲਾਕ ਦੀਆਂ ਖੇਡਾਂ ਕੋਟ ਗੰਗੂ ਰਾਏ ਵਿਖੇ 18 ਅਤੇ 19 ਅਗਸਤ ਨੂੰ, ਸਮਰਾਲਾ ਬਲਾਕ ਦੀਆਂ ਖੇਡਾਂ ਪਿੰਡ ਮਾਣਕੀ ਵਿਖੇ 17 ਅਤੇ 18 ਅਗਸਤ ਨੂੰ, ਮਾਛੀਵਾੜਾ ਬਲਾਕ ਦੀਆਂ ਖੇਡਾਂ ਹੰਬੋਵਾਲ ਵਿਖੇ 18 ਅਤੇ 19 ਨੂੰ, ਜਗਰਾਉਂ ਬਲਾਕ ਦੀਆਂ ਖੇਡਾਂ ਮਾਣੂਕੇ ਵਿਖੇ 19 ਅਤੇ 20 ਨੂੰ, ਸਿਧਵਾਂ ਬੇਟ ਦੀਆਂ ਖੇਡਾਂ ਗਿੱਦੜਪਿੰਡੀ ਵਿਖੇ 19 ਅਤੇ 20 ਨੂੰ, ਦੋਰਾਹਾ ਬਲਾਕ ਦੀਆਂ ਖੇਡਾਂ ਘਲੋਟੀ ਵਿਖੇ 12 ਅਤੇ 13 ਅਗਸਤ ਨੂੰ, ਲੁਧਿਆਣਾ 1 ਬਲਾਕ ਦੀਆਂ ਖੇਡਾਂ ਬੱਦੋਵਾਲ ਵਿਖੇ 20 ਅਤੇ 21 ਅਗਸਤ ਨੂੰ ਹੋਣਗੀਆਂ। ਵਿਸ਼ਵ ਜੂਨੀਅਰ ਸਕੂਐਸ਼ ਚੈਂਪੀਅਨਸ਼ਿਪ ਚੇਨਈ, 30 ਜੁਲਾਈ - 13ਵੀਂ ਵਿਸ਼ਵ ਜੂਨੀਅਰ ਸਕੂਐਸ਼ ਚੈਂਪੀਅਨਸ਼ਿਪ ਚੱਲ ਰਹੀ ਹੈ। ਇਸ ਦੇ ਪ੍ਰੀ ਕੁਆਰਟਰ ਫਾਈਨਲ ਗੇੜ 'ਚ ਭਾਰਤ ਦੀ ਮਹਿਲਾ ਖਿਡਾਰਨ ਦੀਪਿਕਾ ਪੱਲੀਕਲ ਅਨਵੇਸ਼ਾ ਰੈੱਡੀ ਪਹੁੰਚ ਗਈਆਂ ਹਨ। ਪਹਿਲੇ ਗੇੜ 'ਚ ਬਾਈ ਪ੍ਰਾਪਤ ਕਰਕੇ ਦੂਜੇ ਗੇੜ 'ਚ ਅਮਰੀਕਾ ਦੀ ਨਤਾਸ਼ਾ ਕਿੰਗਸ਼ਾਟ ਨੂੰ 11-2, 11-3, 11-1 ਅੰਕਾਂ ਨਾਲ ਹਰਾਉਣ ਵਾਲੀ 17 ਸਾਲਾ ਦੀਪਿਕਾ ਨੇ ਤੀਜੇ ਗੇੜ 'ਚ ਨਿਊਜ਼ੀਲੈਂਡ ਦੀ ਲਾਨਾ ਹੈਰੀਸਨ ਨੂੰ ਮਹਿਜ 19 ਮਿੰਟਾਂ 'ਚ ਹੀ ਧੂੜ ਚਟਾ ਦਿੱਤੀ। ਦੀਪਿਕਾ ਨੇ ਇਹ ਮੈਚ 11-1, 11-7, 11-7 ਅੰਕਾਂ ਨਾਲ ਜਿੱਤਿਆ। ਇਸ ਤੋਂ ਇਲਾਵਾ ਦੂਜੇ ਗੇੜ 'ਚ ਕੈਨੇਡਾ ਦੀ ਡੈਨੀਅਲ ਲੋਟੋਉਨੇਓ ਨੂੰ 11-6, 7-11, 12-10, 11-5 ਅੰਕਾਂ ਨਾਲ ਹਰਾਉਣ ਵਾਲੀ ਅਨਵੇਸ਼ਾ ਨੇ ਤੀਜੇ ਗੇੜ 'ਚ ਇੰਗਲੈਂਡ ਦੀ ਕੈਰੀ ਰੇਮਸੇ ਨੂੰ 11-6, 11-8, 8-11, 11-4 ਅੰਕਾਂ ਨਾਲ ਹਰਾਇਆ। ਅਗਲੇ ਗੇੜਾਂ 'ਚ ਦੀਪਿਕਾ ਦਾ ਮੁਕਾਬਲਾ ਮਿਸਰ ਦੇ ਯਾਥਰੇਬ ਅਦੇਲ ਨਾਲ ਹੋਵੇਗਾ ਜਦਕਿ ਅਨਵੇਸ਼ਾ ਅਗਲੇ ਗੇੜ 'ਚ ਮਿਸਰ ਦੀ ਹੀ ਹੇਵਾ ਅਲ ਟਰਕੀ ਨਾਲ ਭਿੜੇਗੀ। ਰਾਸ਼ਟਰੀ ਸਾਫਟਬਾਲ ਚੈਂਪੀਅਨਸ਼ਿਪ 'ਚ ਪੰਜਾਬ ਦੀ ਬੱਲੇ ਬੱਲੇ ਲੁਧਿਆਣਾ, 30 ਜੁਲਾਈ - ਡਾ. ਜਗੀਰ ਸਿੰਘ ਦੀ ਯਾਦ ਨੂੰ ਸਮਰਪਿਤ ਉਤਰ ਜ਼ੋਨ ਰਾਸ਼ਟਰੀ ਸਾਫਟਬਾਲ ਚੈਂਪੀਅਨਸ਼ਿਪ ਕਰਵਾਈ ਗਈ। ਇਸ ਚੈਂਪੀਅਨਸ਼ਿਪ 'ਚ ਪੰਜਾਬ ਨੇ ਮੁੰਡੇ ਅਤੇ ਕੁੜੀਆਂ ਦੇ ਵਰਗਾਂ ਵਿਚ ਚੈਂਪੀਅਨ ਬਨਣ ਦਾ ਮਾਣ ਹਾਸਿਲ ਕੀਤਾ ਹੈ। ਅੰਮ੍ਰਿਤਸਰ ਵਿਖੇ ਹੋਈ ਇਸ ਕੌਮੀ ਚੈਂਪੀਅਨਸ਼ਿਪ ਵਿਚ ਪੰਜਾਬ ਨੇ ਮੁੰਡਿਆਂ ਦੇ ਵਰਗ ਵਿਚ ਦਿੱਲੀ ਨੂੰ 10-6 ਨਾਲ ਹਰਾ ਕੇ ਖਿਤਾਬੀ ਜਿੱਤ ਹਾਸਿਲ ਕੀਤੀ ਜਦਕਿ ਕੁੜੀਆਂ ਦੇ ਵਰਗ ਵਿਚ ਪੰਜਾਬ ਨੇ ਦਿੱਲੀ ਨੂੰ ਫਾਈਨਲ ਵਿਚ 13-7 ਨਾਲ ਹਰਾਇਆ। ਏਅਰਟੈੱਲ ਬਣਿਆ ਟਾਈਟਲ ਸਪਾਂਸਰ ਨਵੀਂ ਦਿੱਲੀ, 30 ਜੁਲਾਈ - ਏਸ਼ੀਆ ਦੀ ਸਰਬੋਤਮ ਦੂਰ ਸੰਚਾਰ ਕੰਪਨੀ ਏਅਰਟੈੱਲ ਨੇ ਈ. ਐੱਸ. ਪੀ. ਐੱਨ. ਸਟਾਰ ਸਪੋਰਟਸ ਨਾਲ ਆਗਾਮੀ ਟਵੈਂਟੀ-20 ਚੈਂਪੀਅਨਜ਼ ਲੀਗ ਲਈ ਪੰਜ ਸਾਲ ਦਾ ਟਾਈਟਲ ਸਪਾਂਸਰਸ਼ਿਪ ਦਾ ਇਕਰਾਰਨਾਮਾ ਕੀਤਾ ਹੈ। ਇਸ ਇਕਰਾਰਨਾਮੇ ਤਹਿਤ ਕਰੀਬ 170 ਕਰੋੜ ਦਾ ਕਰਾਰ ਕੀਤਾ ਗਿਆ ਹੈ। ਅਗਲੇ ਪੰਜ ਸਾਲਾਂ ਦੌਰਾਨ ਏਅਰਟੈੱਲ ਕ੍ਰਿਕਟ ਮੈਦਾਨ 'ਤੇ ਟੂਰਨਾਮੈਂਟ ਦੇ ਲੋਗੋ ਸਹਿਤ ਆਪਣੇ ਨਾਮ ਦੀ ਮਸ਼ਹੂਰੀ ਕਰ ਸਕੇਗਾ। ਅਧਿਕਾਰਕ ਤੌਰ 'ਤੇ ਪਤਾ ਲੱਗਾ ਹੈ ਕਿ ਏਅਰਟੈੱਲ ਅਤੇ ਈ. ਐੱਸ. ਪੀ. ਐੱਨ. ਨੇ ਚੈਂਪੀਅਨਜ਼ ਲੀਗ ਲਈ ਵਪਾਰਕ ਤੌਰ 'ਤੇ ਆਪਣਾ ਨਾਤਾ ਜੋੜ ਲਿਆ ਹੈ। ਦੋਵਾਂ ਵੱਲੋਂ ਕੀਤੇ ਕਰਾਰ ਦੀ ਰਾਸ਼ੀ ਬਾਰੇ ਪਤਾ ਨਹੀਂ ਲੱਗ ਸਕਿਆ ਹੈ। ਇਸੇ ਸਾਲ 8 ਅਕਤੂਬਰ ਤੋਂ ਭਾਰਤ ਦੇ ਤਿੰਨ ਸ਼ਹਿਰਾਂ ਬੰਗਲੌਰ, ਨਵੀਂ ਦਿੱਲੀ ਅਤੇ ਹੈਦਰਾਬਾਦ 'ਚ ਸ਼ੁਰੂ ਹੋਣ ਵਾਲੇ ਇਸ ਟੂਰਨਾਮੈਂਟ 'ਚ 12 ਟੈਸਟ ਕ੍ਰਿਕਟ ਖੇਡਣ ਵਾਲੀਆਂ ਵੱਖ-ਵੱਖ ਦੇਸ਼ਾਂ ਦੀਆਂ ਕ੍ਰਿਕਟ ਟੀਮਾਂ ਭਾਗ ਲੈਣਗੀਆਂ। 16 ਦਿਨ ਚੱਲਣ ਵਾਲੇ ਇਸ ਟੂਰਨਾਮੈਂਟ ਨੂੰ ਹੁਣ ਏਅਰਟੈੱਲ ਚੈਂਪੀਅਨਜ਼ ਲੀਗ ਟਵੈਂਟੀ-20 ਟੂਰਨਾਮੈਂਟ ਨਾਂਅ ਨਾਲ ਜਾਣਿਆ ਜਾਵੇਗਾ। ਓਪਨ ਕਬੱਡੀ 'ਚ ਕਰੇਮੋਨਾ ਅਤੇ 70 ਕਿਲੋ 'ਚ ਬੈਰਗਾਮੋ ਜੇਤੂ ਬਰੇਸ਼ੀਆ (ਇਟਲੀ), 27 ਜੁਲਾਈ - ਕਰੇਮੋਨਾ ਦੇ ਸ਼ਹਿਰ ਪੈਸ਼ੀਲਾ ਕਰੇਮੋਨੇਜੇ ਵਿਖੇ ਪਹਿਲਾ ਖੇਡ ਮੇਲਾ ਕਰਵਾਇਆ ਗਿਆ। ਇਸ ਕਬੱਡੀ ਖੇਡ ਮੇਲੇ 'ਚ ਓਪਨ ਕਬੱਡੀ ਮੈਚਾਂ ਵਿਚ ਇਕ ਵਾਰ ਫਿਰ ਇੰਡੀਅਨ ਇਟਾਲੀਅਨ ਸਪੋਰਟਸ ਕਲੱਬ, ਕਰੇਮੋਨਾ ਪਾਰਮਾ ਨੇ ਬਾਜ਼ੀ ਮਾਰੀ ਜਦਕਿ ਸ਼ੇਰੇ-ਪੰਜਾਬ ਸਪੋਰਟਸ ਕਲੱਬ, ਵਿਚੈਂਸਾ ਦੀ ਟੀਮ ਰਨਰ ਅੱਪ ਰਹੀ। ਓਪਨ ਕਬੱਡੀ ਵਿਚੋਂ ਬੈਸਟ ਧਾਵੀ ਸ਼ੀਰਾ ਜਰਗੜੀ ਅਤੇ ਬੈਸਟ ਜਾਫੀ ਮਨੂੰ ਘਲੋਟੀ ਨੂੰ ਐਲਾਨਿਆ ਗਿਆ। 70 ਕਿਲੋ ਵਰਗ ਵਿਚ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ, ਬੈਰਗਾਮੋ ਦੀ ਟੀਮ ਲਗਾਤਾਰ ਤੀਸਰੀ ਵਾਰ ਜੇਤੂ ਰਹੀ ਅਤੇ ਕਰੇਮੋਨਾ ਪਾਰਮਾ ਨੂੰ ਦੂਜਾ ਸਥਾਨ ਮਿਲਿਆ। ਰੱਸਾਕਸ਼ੀ ਦੀਆਂ ਟੀਮਾਂ ਵਿਚਕਾਰ ਹੋਏ ਮੁਕਾਬਲਿਆਂ ਉਪਰੰਤ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ, ਵੀਆਦਾਨਾ ਦੀ ਟੀਮ ਨੇ ਜੇਤੂ ਮੁਹਿੰਮ ਜਾਰੀ ਰੱਖੀ ਅਤੇ ਬੈਰਗਾਮੋ ਦੀ ਟੀਮ ਵੀ ਲਗਾਤਾਰ ਚੌਥੀ ਵਾਰ ਦੂਸਰੇ ਸਥਾਨ 'ਤੇ ਰਹੀ। ਬੱਚਿਆਂ ਦੀਆਂ ਦੌੜਾਂ ਦੌਰਾਨ ਜੇਤੂ ਬੱਚਿਆਂ ਨੂੰ ਵੀ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਗਤਕਾ ਅਕੈਡਮੀ, ਬਨਿਆਉਲੋ ਮੇਲਾ ਦੇ ਸਿੰਘਾਂ ਨੇ ਭਾਈ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਗਤਕੇ ਦੇ ਹੈਰਾਨੀਜਨਕ ਜੌਹਰ ਦਿਖਾਏ, ਜਿਨ੍ਹਾਂ ਦੀ ਦਰਸ਼ਕਾਂ ਵੱਲੋਂ ਭਰਪੂਰ ਸਰਾਹਨਾ ਕੀਤੀ ਗਈ। ਸ਼ਹਿਰ ਦੇ ਮੇਅਰ ਵੱਲੋਂ ਪ੍ਰਸ਼ਾਸਨਿਕ ਅਤੇ ਖੇਡ ਅਧਿਕਾਰੀਆਂ ਨਾਲ ਖੇਡ ਮੇਲੇ ਵਿਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ ਅਤੇ ਲੰਬਾ ਸਮਾਂ ਉਨ੍ਹਾਂ ਕਬੱਡੀ ਮੈਚਾਂ ਦਾ ਆਨੰਦ ਮਾਣਿਆ। ਕੁਮੈਂਟਰੀ ਸ: ਨਰਿੰਦਰ ਸਿੰਘ ਤਾਜਪੁਰੀ ਅਤੇ ਜਿੰਦਰ ਢੰਡਾਰੀ ਵੱਲੋਂ ਕੀਤੀ ਗਈ। ਸ: ਸੁਖਦੇਵ ਸਿੰਘ (ਅਪਨਾ ਗਰੁੱਪ), ਸ: ਨਛੱਤਰ ਸਿੰਘ ਸੁਧਾਰ ਅਤੇ ਬਾਬਾ ਗੁਰਨਾਮ ਸਿੰਘ ਦਾ ਸੋਨੇ ਦੀਆਂ ਮੁੰਦਰੀਆਂ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਵਿਜੇਂਦਰ ਨੇ ਰਾਜੀਵ ਗਾਂਧੀ ਖੇਡ ਰਤਨ ਐਵਾਰਡ ਅਤੇ ਜੈਦੇਵ ਬਿਸ਼ਟ ਨੇ ਦਰੋਣਾਚਾਰੀਆਂ ਐਵਾਰਡ ਜਿੱਤਿਆ ਪਟਿਆਲਾ, 29 ਜੁਲਾਈ - ਵਿਜੇਂਦਰ ਮੁੱਕੇਬਾਜ਼ ਨੂੰ ਰਾਜੀਵ ਗਾਂਧੀ ਖੇਡ ਰਤਨ ਐਵਾਰਡ ਅਤੇ ਕੌਮੀ ਟੀਮ ਦੇ ਕੋਚਾਂ ਵਿਚ ਸ਼ਾਮਿਲ ਜੈਦੇਵ ਬਿਸ਼ਟ ਨੂੰ ਦਰੋਣਾਚਾਰੀਆਂ ਐਵਾਰਡ ਦਿੱਤਾ ਗਿਆ। ਐਨ.ਆਈ.ਐਸ. ਵਿਖੇ ਅਭਿਆਸ ਕਰ ਰਹੇ ਵਿਜੇਂਦਰ ਨੇ ਦੱਸਿਆ ਕਿ ਉਸ ਲਈ ਇਹ ਸ਼ੁਭ ਘੜੀ ਹੈ, ਪਰ ਉਹ ਇਨ੍ਹਾਂ ਮਾਣ ਸਨਮਾਨ ਮਿਲਣ ਦੇ ਬਾਵਜੂਦ ਵੀ ਇਕ ਮੁੱਕੇਬਾਜ਼ ਦੇ ਤੌਰ 'ਤੇ ਵਿਚਰਦਾ ਹੈ, ਨਾ ਕਿ ਸਟਾਰ ਦੇ ਤੌਰ 'ਤੇ। ਉਸ ਨੇ ਕਿਹਾ ਕਿ ਇਹ ਐਵਾਰਡ ਸਮੁੱਚੇ ਭਾਰਤ ਦੇ ਮੁੱਕੇਬਾਜ਼ਾਂ ਲਈ ਮਾਣ ਅਤੇ ਪ੍ਰੇਰਨਾ ਸਰੋਤ ਹੈ। ਉਸ ਨੇ ਆਪਣੇ ਕੋਚਾਂ, ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ ਤੇ ਖੇਡ ਮੰਤਰਾਲੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਨੂੰ ਮਾਣ ਹੈ ਕਿ ਇਨ੍ਹਾਂ ਸਭ ਦੀ ਬਦੌਲਤ ਮੈਂ ਉਲੰਪਿਕ ਵਿਚ ਦੇਸ਼ ਦਾ ਝੰਡਾ ਬਲੁੰਦ ਕਰਨ ਵਿਚ ਸਫਲ ਰਿਹਾ। ਇਸ ਮੌਕੇ 'ਤੇ ਮੁੱਖ ਕੌਮੀ ਕੋਚ ਸ: ਗੁਰਬਖਸ਼ ਸਿੰਘ ਸੰਧੂ ਨੇ ਕਿਹਾ ਕਿ ਭਾਰਤੀ ਖੇਡ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਮੁੱਕੇਬਾਜ਼ ਨੂੰ ਖੇਡ ਰਤਨ ਐਵਾਰਡ ਮਿਲਿਆ ਹੈ। ਸ: ਸੰਧੂ ਨੇ ਕਿਹਾ ਕਿ ਅੱਜ ਉਹ ਬਹੁਤ ਹੀ ਫਖ਼ਰ ਮਹਿਸੂਸ ਕਰ ਰਹੇ ਹਨ ਜਦੋਂ ਇਕੋ ਵੇਲੇ ਚਾਰ ਮੁੱਕੇਬਾਜ਼ਾਂ ਨੂੰ ਕੌਮੀ ਐਵਾਰਡ ਮਿਲੇ ਹਨ। ਦਰੋਣਾਚਾਰੀਆ ਐਵਾਰਡ ਜੇਤੂ ਸ੍ਰੀ ਜੈਦੇਵ ਬਿਸ਼ਟ ਨੇ ਦੱਸਿਆ ਕਿ ਉਨ੍ਹਾਂ ਲਈ ਸ: ਗੁਰਬਖਸ਼ ਸਿੰਘ ਸੰਧੂ ਹੀ ਸਭ ਤੋਂ ਵੱਡੇ ਪ੍ਰੇਰਨਾ ਸਰੋਤ ਸਨ। ਉਨ੍ਹਾਂ ਨੇ ਹੀ ਮੈਨੂੰ ਮੁੱਕੇਬਾਜ਼ੀ ਕਰਨ ਤੋਂ ਬਾਅਦ ਕੋਚਿੰਗ ਦੇ ਖੇਤਰ ਵਿਚ ਦਰੋਣਾਚਾਰੀਆ ਐਵਾਰਡ ਦਾ ਨਿਸ਼ਾਨਾ ਦਿਖਾਇਆ ਸੀ। ਜਿਸ ਦੀ ਬਦੌਲਤ ਅੱਜ ਮੈਂ ਇਸ ਮੁਕਾਮ 'ਤੇ ਪੁੱਜਿਆ ਹਾਂ। ਜ਼ਿਕਰਯੋਗ ਹੈ ਕਿ ਜੈਦੇਵ (ਪੌੜੀ ਗੜਵਾਲ) ਉਤਰਾਂਚਲ ਦਾ ਵਸਨੀਕ ਹੈ, ਜੋ ਰੇਲਵੇ ਵਿਚ ਮੁਲਾਜ਼ਮ ਹੈ। ਉਹ ਹੁਣ ਤੱਕ ਲੰਮਾ ਸਮਾਂ ਕੌਮਾਂਤਰੀ ਟੂਰਨਾਮੈਂਟਾਂ ਵਿਚ ਤਗਮੇ ਜਿੱਤਣ ਤੋਂ ਇਲਾਵਾ 1998 ਤੋਂ ਕੌਮੀ ਟੀਮ ਨਾਲ ਜੁੜਿਆ ਹੋਇਆ ਹੈ ਅਤੇ 22 ਦੇ ਕਰੀਬ ਕੌਮਾਂਤਰੀ ਟੂਰਨਾਮੈਂਟਾਂ ਵਿਚ ਕੌਮੀ ਟੀਮ ਨੂੰ ਸਿਖਲਾਈ ਦੇ ਚੁੱਕਿਆ ਹੈ। 43ਵੀਂ ਏਸ਼ੀਅਨ ਬਾਡੀ ਬਿਲਡਿੰਗ ਚੈਂਪੀਅਨਸ਼ਿਪ 'ਚ ਵਰਿੰਦਰ ਘੁੰਮਣ ਦੀ ਬੱਲੇ ਬੱਲੇ ਜਲੰਧਰ, 29 ਜੁਲਾਈ - ਔਰੰਗਾਬਾਦ ਵਿਖੇ 43ਵੀਂ ਏਸ਼ੀਅਨ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਜੋ ਕਿ 24 ਤੋਂ 28 ਜੁਲਾਈ ਤੱਕ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿਚੋਂ ਪੰਜਾਬ ਦੇ ਨਾਮੀ ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਨੇ ਹੈਵੀ ਵੇਟ ਵਰਗ ਵਿਚੋਂ ਚਾਂਦੀ ਦਾ ਤਗਮਾ ਹਾਸਿਲ ਕੀਤਾ। ਇਸ ਮੌਕੇ 'ਤੇ ਡਾ: ਹਸਧੀਰ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿਚ 16 ਦੇਸ਼ਾਂ ਨੇ ਭਾਗ ਲਿਆ ਤੇ ਪੰਜਾਬ ਦੇ ਦੋ ਖਿਡਾਰੀਆਂ ਨੇ ਤਗਮੇ ਜਿੱਤੇ ਜਿਨ੍ਹਾਂ ਵਿਚ ਜਗਦੀਸ਼ ਕੁਮਾਰ ਵੀ ਸ਼ਾਮਿਲ ਹੈ ਜਿਸ ਨੇ ਕਾਂਸੀ ਦਾ ਤਗਮਾ ਜਿੱਤਿਆ। ਇਸ ਮੌਕੇ 'ਤੇ ਵਰਿੰਦਰ ਸਿੰਘ ਘੁੰਮਣ ਨੇ ਦੱਸਿਆ ਕਿ ਉਸ ਨੂੰ ਇਸ ਜਿੱਤ 'ਤੇ ਬਹੁਤ ਖੁਸ਼ੀ ਹੋਈ ਹੈ ਤੇ ਆਉਣ ਵਾਲੇ ਸਮੇਂ ਦੇ ਵਿਚ ਉਹ ਯੂ. ਕੇ. ਵਿਖੇ (ਟੀ ਐਲ ਏ) ਟੋਟਲ ਨਾਨ ਸਟਾਪ ਐਕਸ਼ਨ ਕੁਸ਼ਤੀ ਮੁਕਾਬਲੇ ਦੇ ਵਿਚ ਹਿੱਸਾ ਲੈਣ ਲਈ ਜਾਵੇਗਾ। 11ਵੇਂ ਕਬੱਡੀ ਖੇਡ ਮੇਲੇ 'ਚ ਹਾਲੈਂਡ ਦੀ ਟੀਮ ਜੇਤੂ ਫਰੈਂਕਫਰਟ, 28 ਜੁਲਾਈ - 11ਵਾਂ ਕਬੱਡੀ ਖੇਡ ਮੇਲਾ ਸੰਤ ਪ੍ਰੇਮ ਸਿੰਘ ਮੁਰਾਲੇਵਾਲਿਆਂ ਦੀ ਯਾਦ 'ਚ ਜਰਮਨੀ ਦੇ ਕੌਮਾਂਤਰੀ ਪ੍ਰਸਿੱਧੀ ਵਾਲੇ ਸ਼ਹਿਰ ਫਰੈਂਕਫਰਟ ਕਰਵਾਇਆ ਗਿਆ। ਖੇਡ ਦਾ ਮਹੂਰਤ, ਸ਼ੁਰੂਆਤ ਇਟਲੀ ਕਬੱਡੀ ਫੈਡਰੇਸ਼ਨ (ਲਾਲੀ) ਦੀ ਟੀਮ ਤੇ ਵਿਆਨਾ ਸਪੋਰਟਸ ਕਲੱਬ ਆਸਟਰੀਆ ਦੇ ਖਿਡਾਰੀਆਂ ਦੇ ਦਸਤਪੰਜਿਆਂ ਨਾਲ ਹੋਈ। ਪਹਿਲੀ ਜਿੱਤ ਇਟਲੀ ਨੇ ਦਰਜ ਕਰਵਾਈ। ਦੂਜਾ ਮੈਚ ਸਾਂਝਾ ਪੰਜਾਬ ਸਪੋਰਟਸ ਕਲੱਬ ਜਰਮਨੀ ਤੇ ਸ਼ੇਰੇ ਪੰਜਾਬ ਸਪੋਰਟਸ ਕਲੱਬ ਬੈਲਜੀਅਮ ਦਾ ਮੁਕਾਬਲਾ ਹੋਇਆ ਤੇ ਬੈਲਜੀਅਮ ਸੈਮੀਫਾਈਨਲ ਵਿਚ ਸ਼ਾਮਿਲ ਹੋਇਆ। ਸੈਮੀਫਾਈਨਲ ਮੈਚ ਹਾਲੈਂਡ ਤੇ ਬੈਲਜੀਅਮ ਦੀਆਂ ਟੀਮਾਂ ਵਿਚਕਾਰ ਹੋਇਆ ਤੇ ਹਾਲੈਂਡ ਦੀ ਟੀਮ ਫਾਈਨਲ 'ਚ ਦਾਖਲ ਹੋਈ। ਆਖਰੀ ਭੇੜ 'ਚ ਹਾਲੈਂਡ ਦੀ ਟੀਮ ਨੇ ਇਟਲੀ ਦੀ ਟੀਮ ਨੂੰ ਹਾਰ ਦੇ ਕੇ ਮੇਲੇ ਦੇ ਕੱਪ ਨੂੰ ਚੁੰਮਿਆ। ਪਹਿਲਾ ਇਨਾਮ ਸ: ਤੇਜਾਜਾਨ ਸਿੰਘ ਅਤੇ ਸ: ਭਲਵਿੰਦਰ ਸਿੰਘ ਭੁਗਤਾਨਾ ਨੇ 3100 ਯੂਰੋ ਜੇਤੂ ਹਾਲੈਂਡ ਦੀ ਟੀਮ ਨੂੰ ਦਿੱਤਾ। ਦੂਸਰਾ ਇਨਾਮ ਨੌਜਵਾਨ ਸਭਾ ਹੌਪਟਵਾਖੇ ਵੱਲੋਂ ਦੂਜਾ ਸਥਾਨ ਪ੍ਰਾਪਤ ਕਰਨ ਵਾਲੀ ਇਟਲੀ ਦੀ ਟੀਮ ਨੂੰ 2500 ਯੂਰੋ ਦਾ ਦਿੱਤਾ। ਸ: ਹਰਭਜਨ ਸਿੰਘ ਕੈਰੋਂ, ਬੱਬਾ ਸਿੰਘ ਗਿੱਲ ਤੇ ਗੁਰਮੀਤ ਸਿੰਘ ਘੋਤੜਾ ਨੇ ਵਧੀਆ ਜਾਫੀ ਅਮਨ ਖੁਡੀਆਪੁਰ ਨੂੰ ਸੋਨ ਤਗਮੇ ਨਾਲ ਸਨਮਾਨਿਆ। ਇਸ ਤਰ੍ਹਾਂ ਹੀ ਬੇਹਤਰ ਧਾਵੀ ਲੱਖਾ ਪਰਸਰਾਮਪੁਰ ਨੂੰ ਸ: ਚਰਰੂਪ ਸਿੰਘ ਰੂਬੀ ਦੇ ਪੁੱਤਰਾਂ ਅਨਮੋਲਦੀਪ ਸਿੰਘ ਤੇ ਅਰਸ਼ਦੀਪ ਸਿੰਘ ਵੱਲੋਂ ਸੋਨ ਤਗਮਾ ਦਿੱਤਾ ਗਿਆ। ਲਾਲੋਵਾਲ ਨੇ ਸਿੱਖੀ ਸਰੂਪ 'ਚ ਖੇਡਣ ਵਾਲੇ ਖਿਡਾਰੀ ਰਿੰਕੂ ਦਸੂਹਾ, ਕਰਨੈਲ ਸਿੰਘ ਅਕਬਰਪੁਰ ਤੇ ਗੁਰਨਾਮ ਸਿੰਘ ਬੰਟੀ ਨੂੰ ਵਿਸ਼ੇਸ਼ ਤੌਰ 'ਤੇ ਸੋਨ ਤਗਮੇ ਨਾਲ ਸਨਮਾਨਿਤ ਕੀਤਾ ਗਿਆ। ਖੇਡੇ ਮੇਲੇ 'ਚ ਬੱਚਿਆਂ ਦੀਆਂ ਦੌੜਾਂ, ਗੁੱਟ ਫੜਨਾ ਆਦਿ ਵੀ ਦਿਲਕਸ਼ ਸਨ। ਸ: ਬਲਦੇਵ ਸਿੰਘ ਬਾਜਵਾ ਤੇ ਜਸਵਿੰਦਰ ਸਿੰਘ ਰਾਥ ਨੂੰ ਸੋਨ ਤਗਮਿਆਂ ਨਾਲ ਸਨਮਾਨਿਆ ਗਿਆ। ਬੈਲਜੀਅਮ ਦੀ ਟੀਮ ਨਾਲ ਆਏ ਪੱਤਰਕਾਰ ਅਮਰਜੀਤ ਸਿੰਘ ਭੋਗਲ ਦਾ ਵੀ ਸਨਮਾਨ ਕੀਤਾ ਗਿਆ। ਧਰੁਵ ਪਾਂਡਵ ਟਰਾਫੀ ਦਾ ਫਾਈਨਲ ਮੁਕਾਬਲਾ ਜਲੰਧਰ ਅਤੇ ਪਟਿਆਲਾ ਦੀਆਂ ਟੀਮਾਂ ਵਿਚਕਾਰ ਅਜੀਤ ਨਗਰ, 28 ਜੁਲਾਈ - ਧਰੁਵ ਪਾਂਡਵ ਟਰਾਫੀ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਅਜੀਤ ਨਗਰ ਦੇ ਪੀ. ਸੀ. ਏ. ਕ੍ਰਿਕਟ ਸਟੇਡੀਅਮ ਵਿਚ ਅੱਜ ਜਲੰਧਰ ਅਤੇ ਪਟਿਆਲਾ ਦੀਆਂ ਟੀਮਾ ਵਿਚਕਾਰ ਖੇਡਿਆ ਜਾਵੇਗਾ। ਮੈਚ ਲਈ ਅੰਤਰ ਆਤਮਾ ਸਿੰਘ ਅਤੇ ਬਲਜੀਤ ਸਿੰਘ ਬਾਵਾ ਫੀਲਡ ਅੰਪਾਇਰ ਅਤੇ ਅਰੁਣ ਸ਼ਰਮਾ ਰੈਫਰੀ ਹੋਣਗੇ। ਜੂਨੀਅਰ ਚੋਣ ਕਮੇਟੀ ਵੱਲੋਂ ਕ੍ਰਿਕਟ ਖਿਡਾਰੀਆਂ ਦੀ ਚੋਣ ਕਰੇਗੀ। ਰਾਮ ਸਿੰਘ ਨੈਣਾ ਮੁੱਕੇਬਾਜ਼ ਦੀ ਪੰਜ ਕੌਮਾਂਤਰੀ ਟੂਰਨਾਮੈਂਟ ਤਗਮੇ ਜਿੱਤਣ ਤੋਂ ਬਾਅਦ ਵੀ ਕੋਈ ਪੁੱਛ ਪ੍ਰਤੀਤ ਨਹੀਂ ਪਟਿਆਲਾ, 28 ਜੁਲਾਈ - ਰਾਮ ਸਿੰਘ ਨੈਣਾ ਅਕੌਤ ਜ਼ਿਲ੍ਹਾ ਪਟਿਆਲਾ ਜਿਸ ਨੇ ਬੀਜਿੰਗ ਉਲੰਪਿਕ 'ਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਮੁੱਕੇਬਾਜ਼ ਵੀਜੇਂਦਰ ਕੁਮਾਰ ਨੂੰ ਇਸ ਮੁਕਾਮ 'ਤੇ ਪਹੁੰਚਾਉਣ 'ਚ ਕਾਫੀ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਸੀ ਅਤੇ ਉਸ ਨੇ ਹਮੇਸ਼ਾ ਹੀ ਵੀਜੇਂਦਰ ਨਾਲ ਇਕ ਚੰਗੇ ਦੋਸਤ ਦੇ ਤੌਰ 'ਤੇ ਹਰੇਕ ਦੁੱਖ ਸੁੱਖ ਸਹਾਰਿਆ ਹੈ ਅਤੇ ਉਸ ਨੂੰ ਰਿੰਗ 'ਚ ਤਿਆਰੀ ਲਈ ਮੁਕਾਬਲਾ ਵੀ ਦਿੰਦਾ ਰਿਹਾ ਹੈ। ਇਸ ਤੋਂ ਇਲਾਵਾ ਉਹ ਹੁਣ ਤੱਕ ਪੰਜ ਕੌਮਾਂਤਰੀ ਟੂਰਨਾਮੈਂਟ 'ਚ ਤਗਮੇ ਵੀ ਜਿੱਤ ਚੁੱਕਿਆ ਹੈ। ਇਸ ਦੇ ਬਾਵਜੂਦ ਵੀ ਉਸ ਦੀ ਸਰਕਾਰੇ-ਦਰਬਾਰੇ ਕੋਈ ਪੁੱਛ ਪ੍ਰਤੀਤ ਨਹੀਂ ਹੋਈ। ਪੰਜਾਬ ਪੁਲਿਸ ਦੇ ਮੁਲਾਜ਼ਮ ਰਾਮ ਸਿੰਘ ਪਿਛਲੇ ਪੰਜ ਸਾਲ ਤੋਂ ਕੁਲ ਹਿੰਦ ਪੁਲਿਸ ਖੇਡਾਂ ਦਾ ਚੈਂਪੀਅਨ ਚੱਲਿਆ ਆ ਰਿਹਾ ਹੈ। ਸੁਪਰ ਹੈਵੀਵੇਟ ਦੇ ਇਸ ਮੁੱਕੇਬਾਜ਼ ਨੇ ਸਭ ਤੋਂ ਪਹਿਲਾਂ 2003 'ਚ ਕਜ਼ਾਕਸਤਾਨ ਵਿਖੇ ਹੋਏ ਕੌਮਾਂਤਰੀ ਟਰੇਨਿੰਗ-ਕਮ-ਕੰਪੀਟੀਸ਼ਨ 'ਚੋਂ ਕਾਂਸੀ ਦਾ ਤਗਮਾ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਸੀ। ਇਸ ਉਪਰੰਤ ਉਸ ਨੇ ਏ.ਕੇ. ਮਿਸ਼ਰਾ ਕੌਮਾਂਤਰੀ ਟੂਰਨਾਮੈਂਟ 'ਚੋਂ ਸੋਨ, ਗ੍ਰੀਨਲੈਂਡ ਕੱਪ ਪਾਕਿਸਤਾਨ 2006 'ਚ ਕਾਂਸੀ, ਚੈਕ ਰਿਪਬਲਿਕ 'ਚ ਹੋਏ ਕੌਮਾਂਤਰੀ ਕੱਪ 'ਚ ਵੀ ਕਾਂਸੀ ਅਤੇ ਦਿੱਲੀ ਵਿਖੇ ਹੋਏ ਅੰਤਰਰਾਸ਼ਟਰੀ ਵਾਈ.ਐਮ.ਸੀ. ਕੱਪ 'ਚੋਂ ਚਾਂਦੀ ਦਾ ਤਗਮਾ ਜਿੱਤ ਕੇ ਆਪਣੇ ਦੇਸ਼ ਦਾ ਝੰਡਾ ਬੁਲੰਦ ਕੀਤਾ। ਇਸ ਬੇਕਦਰੀ ਦੇ ਬਾਵਜੂਦ ਅੱਜ ਵੀ ਰਾਮ ਸਿੰਘ ਕੌਮੀ ਟੀਮ ਦਾ ਅਹਿਮ ਹਿੱਸਾ ਬਣਿਆ ਹੋਇਆ ਹੈ। ਭਾਰਤ ਲਈ ਤਗਮੇ ਜਿੱਤਣ ਵਾਲੇ ਕਈ ਖਿਡਾਰੀ ਖੇਡ ਰਤਨ ਤੋਂ ਵਾਂਝੇ ਨਵੀਂ ਦਿੱਲੀ, 28 ਜੁਲਾਈ : ਭਾਰਤ ਦੇ ਕਈ ਪ੍ਰਸਿੱਧ ਖਿਡਾਰੀ ਅਜਿਹੇ ਹਨ ਜਿਨ੍ਹਾਂ ਨੇ ਆਪਣੇ ਦੇਸ਼ ਲਈ ਕਈ ਤਗਮੇ ਜਿੱਤੇ ਹਨ ਪਰ ਉਨ੍ਹਾਂ ਨੂੰ ਖੇਡ ਰਤਨ ਨਹੀਂ ਦਿੱਤਾ ਗਿਆ। ਉਨ੍ਹਾਂ ਖਿਡਾਰੀਆਂ 'ਚ ਜਸਪਾਲ ਰਾਣਾ, ਕ੍ਰਿਕਟ ਖਿਡਾਰੀ ਰਾਹੁਲ ਦਰਾਵਿੜ, ਟੈਨਿਸ ਦੇ ਨਾਇਕ ਮਹੇਸ਼ ਭੂਪਤੀ ਤੇ ਭਾਰਤੀ ਫੁਟਬਾਲ ਦਾ ਪ੍ਰਤੀਕ ਬਾਈਚੁੰਗ ਭੂਟੀਆ ਸ਼ਾਮਿਲ ਹਨ। ਖੇਡ ਸਨਮਾਨ ਰਾਜੀਵ ਗਾਂਧੀ ਖੇਡ ਰਤਨ ਲਈ ਇਸ ਸਮੇਂ ਮੁੱਕੇਬਾਜ਼ ਬੀਬੀ ਐਮ ਸੀ ਮੇਰੀਕੋਮਾ, ਉਲੰਪਿਕ ਤਮਗਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਤੇ ਮੁੱਕੇਬਾਜ਼ ਵਜਿੰਦਰ ਸਿੰਘ ਦੇ ਨਾਂ ਨੂੰ ਲੈ ਕੇ ਜਿਸ ਤਰ੍ਹਾਂ ਦੀ ਰੱਸਾਕਸ਼ੀ ਚਲ ਰਹੀ ਹੈ, ਉਹ ਪਹਿਲਾਂ ਵੀ ਚਲਦੀ ਰਹੀ ਹੈ। ਪਰ ਇਸ ਗੱਲ ਦਾ ਜਵਾਬ ਕਿਸੇ ਕੋਲ ਵੀ ਨਹੀਂ ਹੋਵੇਗਾ ਕਿ ਰਾਣਾ ਜਾਂ ਦਰਾਵਿੜ ਨੂੰ ਕਿਉਂ ਨਜ਼ਰਅੰਦਾਜ਼ ਕੀਤਾ ਗਿਆ । ਰਾਣਾ ਦਾ ਦਾਅਵਾ ਇਸ ਲਈ ਵੀ ਮਜ਼ਬੂਤ ਬਣਦਾ ਸੀ ਕਿ ਉਸ ਨੇ ਕੌਮਾਂਤਰੀ ਮੁਕਾਬਲਿਆਂ ਵਿਚ ਭਾਰਤ ਦਾ ਨਾਂ ਚਮਕਾਇਆ। ਉਸ ਦਾ ਦਾਅਵਾ ਮਜ਼ਬੂਤ ਮੰਨਿਆ ਜਾ ਰਿਹਾ ਸੀ ਪਰ ਭਾਰਤੀ ਰਾਈਫ਼ਲ ਸੰਘ ਨੇ ਨਿਸ਼ਾਨੇਬਾਜ਼ ਮਾਨਵਜੀਤ ਸਿੰਘ ਸੰਧੂ ਦੇ ਨਾਂ ਦੀ ਸਿਫ਼ਾਰਸ਼ ਕੀਤੀ । ਇਸ ਤਰ੍ਹਾਂ ਭੂਪਤੀ ਨੇ ਟੈਨਿਸ ਡਬਲਜ਼ ਵਿਚ ਕੌਮਾਂਤਰੀ ਪੱਧਰ 'ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਦੇ ਨਾਂ ਲੀਏਂਡਰ ਪੇਸ ਨਾਲ ਮਿਲ ਕੇ ਕਈ ਸ਼ਾਨਦਾਰ ਪ੍ਰਦਰਸ਼ਨ ਦਰਜ ਹਨ। ਏਸ਼ੀਆਈ ਖੇਡਾਂ ਦਾ ਸੋਨ ਤਮਗਾ ਵੀ ਉਨ੍ਹਾਂ ਦੇ ਨਾਂ ਦਰਜ ਹੈ। ਪਰ ਇਸ ਦੇ ਬਾਵਜੂਦ ਉਨ੍ਹਾਂ ਦੇ ਨਾਂ ਨਾਲ ਖੇਡ ਰਤਨ ਨਹੀਂ ਜੁੜ ਸਕਿਆ । 2001 ਵਿਚ ਭੂਪਤੀ ਦੇ ਨਾਂ ਦੀ ਖੇਡ ਰਤਨ ਲਈ ਸਿਫ਼ਾਰਸ਼ ਕੀਤੀ ਗਈ ਸੀ ਪਰ ਉਦੋਂ ਉਹ ਅਭਿਨਵ ਬਿੰਦਰਾਂ ਤੋਂ ਦੌੜ ਵਿਚ ਪਛੜ ਗਏ ਸਨ। ਇਸ ਤਰ੍ਹਾਂ 2004 ਵਿਚ ਗਾਂਗੁਲੀ ਦੇ ਨਾਂ ਦੀ ਸਿਫਾਰਸ਼ ਖੇਡ ਰਤਨ ਲਈ ਕੀਤੀ ਗਈ ਸੀ ਪਰ ਉਲੰਪਿਕ 'ਚ ਚਾਂਦੀ ਦਾ ਤਮਗਾ ਜਿੱਤਣ ਵਾਲੇ ਰਾਜਵਰਧਨ ਸਿੰਘ ਰਠੌੜ ਸਾਹਮਣੇ ਉਨ੍ਹਾਂ ਦਾ ਮਾਮਲਾ ਫਿੱਕਾ ਪੈ ਗਿਆ । ਇਸੇ ਤਰ੍ਹਾਂ ਬਾਈਚੁੰਗ ਭੂਟੀਆ ਭਾਰਤੀ ਫੁਟਬਾਲ ਦਾ ਪ੍ਰਤੀਕ ਬਣ ਗਏ ਹਨ। ਉਨ੍ਹਾਂ ਨੇ ਬਾਹਰਲੀਆਂ ਕਈ ਕਲੱਬਾਂ ਵਲੋਂ ਖੇਡ ਕੇ ਵੀ ਭਾਰਤ ਦਾ ਨਾਂ ਰੋਸ਼ਨ ਕੀਤਾ ਹੈ ਪਰ ਖੇਡ ਰਤਨ ਦੇ ਮਾਮਲੇ ਵਿਚ ਉਨ੍ਹਾਂ ਨੂੰ ਵੀ ਅਣਦੇਖਿਆ ਕੀਤਾ ਗਿਆ ਹੈ। ਹੀਰੋ ਹਾਂਡਾ ਐਫ.ਆਈ.ਐਚ.ਵਰਲਡ ਕੱਪ ਮਾਰਚ 2010 ਨੂੰ ਨਵੀਂ ਦਿੱਲੀ, 27 ਜੁਲਾਈ ( ਕੁਲਵੰਤ ਸਿੰਘ ਸੋਹਲ ) - 12ਵਾਂ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਜੋ ਕਿ ਮਾਰਚ 2010 ਨੂੰ ਕਰਵਾਇਆ ਜਾ ਰਿਹਾ ਹੈ। ਇਹ ਹਾਕੀ ਕੱਪ ਟੂਰਨਾਮੈਂਟ ਭਾਰਤ ਦੀ ਮੇਜ਼ਬਾਨੀ ਹੇਠ ਹੋਵੇਗਾ ਅਤੇ ਇਸ ਦਾ ਟਾਈਟਲ ਸਪਾਂਸਰ 'ਹੀਰੋ ਹਾਂਡਾ' ਹੋਵੇਗਾ। ਚਾਰ ਸਾਲਾਂ ਬਾਅਦ ਹੋਣ ਵਾਲੇ ਹਾਕੀ ਵਿਸ਼ਵ ਕੱਪ ਨੂੰ ''ਹੀਰੋ ਹਾਂਡਾ ਐੱਫ. ਆਈ. ਐੱਚ. ਵਰਲਡ ਕੱਪ 2010'' ਦਾ ਨਾਮ ਦਿੱਤਾ ਗਿਆ ਹੈ। ਇਹ ਟਰਾਫੀ ਸਮਾਗਮ ਦੌਰਾਨ ਸਜਾ ਕੇ ਰੱਖੀ ਗਈ ਸੀ। ਇਹ ਐਲਾਨ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ, ਭਾਰਤੀ ਉਲੰਪਿਕ ਐਸੋਸੀਏਸ਼ਨ ਅਤੇ ਹਾਕੀ ਇੰਡੀਆ ਵੱਲੋਂ ਸਾਂਝੇ ਤੌਰ 'ਤੇ ਕਰਵਾਏ ਗਏ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕੀਤਾ ਗਿਆ। ਭਾਰਤ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਦੂਜੀ ਵਾਰ ਪੂਰੇ 28 ਸਾਲ ਬਾਅਦ ਕਰ ਰਿਹਾ ਹੈ। ਇਸ ਤੋਂ ਪਹਿਲਾਂ ਸਾਲ 1982 'ਚ ਮੁੰਬਈ ਵਿਖੇ ਇਹ ਟੂਰਨਾਮੈਂਟ ਖੇਡਿਆ ਗਿਆ ਸੀ। ਇਸ ਮੌਕੇ ਭਾਰਤੀ ਹਾਕੀ ਟੀਮ ਦੇ ਸਾਬਕਾ ਖਿਡਾਰੀ ਅਜੀਤਪਾਲ ਸਿੰਘ, ਐੱਚ. ਜੇ. ਐੱਸ. ਚਿਮਨੀ, ਬੀ. ਪੀ. ਗੋਵਿੰਦਾ, ਅਸ਼ੋਕ ਦੀਵਾਨ, ਹਰਚਰਨ ਸਿੰਘ ਅਤੇ ਵਰਿੰਦਰ ਸਿੰਘ ਆਦਿ ਸ਼ਾਮਿਲ ਸਨ। ਸਮਾਗਮ ਨੂੰ ਸੰਬੋਧਨ ਕਰਦਿਆਂ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਦੇ ਪ੍ਰਧਾਨ ਲੀਏਂਡਰੋ ਨੇਗਰੇ ਨੇ ਕਿਹਾ ਕਿ ਭਾਰਤ ਐੱਫ. ਆਈ. ਐੱਚ. ਦਾ ਮਹੱਤਵਪੂਰਨ ਮੈਂਬਰ ਹੈ। ਹਾਕੀ ਦੀ ਵਿਸ਼ਵ ਵਿਆਪੀ ਤਰੱਕੀ ਲਈ ਭਾਰਤੀ ਹਾਕੀ ਟੀਮ ਦਾ ਉੱਭਰਕੇ ਉਪਰ ਆਉਣਾ ਬਹੁਤ ਹੀ ਜਰੂਰੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਮੇਜ਼ਬਾਨੀ 'ਚ ਕਰਵਾਏ ਜਾਣ ਵਾਲੇ ਇਸ ਟੂਰਨਾਮੈਂਟ ਨਾਲ ਭਾਰਤੀ ਹਾਕੀ ਨੂੰ ਬਹੁਤ ਉਤਸ਼ਾਹ ਮਿਲੇਗਾ। ਨੇਗਰੇ ਨੇ ਕਿਹਾ ਕਿ ਹੀਰੋ ਹਾਂਡਾ ਵਰਗੀ ਕੰਪਨੀ ਦੇ ਹਾਕੀ ਵਿਸ਼ਵ ਕੱਪ ਦੇ ਸਪਾਂਸਰ ਵਜੋਂ ਅੱਗੇ ਆਉਣ ਨਾਲ ਹਾਕੀ ਦੇ ਵਿਕਾਸ ਨੂੰ ਹੁਲਾਰਾ ਮਿਲੇਗਾ। ਵਿਸ਼ਵ ਤੈਰਾਕੀ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਭਾਰਤੀਆਂ ਨੇ ਤਿੰਨ ਨਵੇਂ ਵਿਸ਼ਵ ਰਿਕਾਰਡ ਸਿਰਜੇ ਨਵੀਂ ਦਿੱਲੀ, ਰੋਮ, 27 ਜੁਲਾਈ - ਤੈਰਾਕੀ ਵਿਸ਼ਵ ਚੈਂਪੀਅਨਸ਼ਿਪ ਜੋ ਕਿ ਇਟਲੀ ਦੀ ਰਾਜਧਾਨੀ ਰੋਮ ਵਿਖੇ ਚੱਲ ਰਹੀ ਹੈ। ਇਸ ਦੇ ਪਹਿਲੇ ਦਿਨ ਭਾਰਤੀ ਤੈਰਾਕਾਂ ਨੇ ਵਧੀਆ ਪ੍ਰਦਰਸ਼ਨ ਕੀਤਾ। ਭਾਰਤੀਆਂ ਨੇ ਚਾਰ ਸੋਨ ਤਗਮਿਆਂ ਲਈ ਹੋਏ ਮੁਕਾਬਲਿਆਂ 'ਚ ਤਿੰਨ ਨਵੇਂ ਵਿਸ਼ਵ ਰਿਕਾਰਡ ਵੀ ਸਿਰਜੇ ਗਏ। ਮਰਦਾਂ ਦੇ 100 ਮੀਟਰ ਬਰੈਸਟ ਸਟਰੋਕ ਮੁਕਾਬਲੇ 'ਚ ਭਾਰਤ ਦੇ ਸੰਦੀਪ ਸੇਜਵਾਲ ਨੇ 142 ਤੈਰਾਕਾਂ 'ਚੋਂ 35ਵਾਂ ਸਥਾਨ ਹਾਸਿਲ ਕੀਤਾ। ਉਸਨੇ ਆਪਣੇ ਹੀ ਰਾਸ਼ਟਰੀ ਰਿਕਾਰਡ 1 ਮਿੰਟ 2.19 ਸਕਿੰਟ ਨੂੰ 1 ਮਿੰਟ 1.20 ਸਕਿੰਟ ਦੇ ਸਮੇਂ ਨਾਲ ਤੋੜਿਆ। ਇਸ ਮੁਕਾਬਲੇ 'ਚ ਭਾਰਤ ਦੇ ਜੈਪ੍ਰਕਾਸ਼ ਅਗਨੀਸ਼ਵਰ ਨੇ 1 ਮਿੰਟ 5.07 ਸਕਿੰਟ ਦਾ ਸਮਾਂ ਲਿਆ ਜਦੋਂ ਕਿ ਉਸਦਾ ਇਹ ਸਮਾਂ ਪਹਿਲਾਂ 1 ਮਿੰਟ 6.20 ਸਕਿੰਟ ਸੀ। 50 ਮੀਟਰ ਬਟਰਫਲਾਈ ਮੁਕਾਬਲੇ 'ਚ ਉਲੰਪੀਅਨ ਵਿਰਧਵਲ ਖੜੇ ਨੇ 57ਵਾਂ ਸਥਾਨ ਹਾਸਿਲ ਕੀਤਾ। ਇਸ ਮੁਕਾਬਲੇ 'ਚ 198 ਤੈਰਾਕਾਂ ਨੇ ਭਾਗ ਲਿਆ। ਖੜੇ ਨੇ 200 ਮੀਟਰ ਫ੍ਰੀ ਸਟਾਈਲ ਮੁਕਾਬਲੇ 'ਚ ਹਿੱਸਾ ਲੈਣਾ ਹੈ। ਪਹਿਲੇ ਦਿਨ ਕਈ ਵਿਸ਼ਵ ਰਿਕਾਰਡ ਬਣੇ। ਜਰਮਨੀ ਦੇ ਪਾਲ ਬਿਦੇਰਮਾਨ ਨੇ ਮਰਦਾਂ ਦੇ ਅਤੇ ਇਟਲੀ ਦੀ ਫੇਦੇਰਿਕਾ ਪੇਲੇਗ੍ਰਿਨੀ ਨੇ ਮਹਿਲਾਵਾਂ ਦੇ 400 ਮੀਟਰ ਫ੍ਰੀ ਸਟਾਈਲ ਮੁਕਾਬਲਿਆਂ 'ਚ ਨਵੇਂ ਵਿਸ਼ਵ ਰਿਕਾਰਡ ਬਣਾ ਕੇ ਸੋਨ ਤਗਮੇ ਜਿੱਤੇ। ਬਿਦੇਰਮਾਨ ਨੇ ਇਹ ਮੁਕਾਬਲਾ 3 ਮਿੰਟ 40.7 ਸਕਿੰਟ ਦੇ ਸਮੇਂ ਨਾਲ ਜਿੱਤਿਆ। ਉਸਨੇ ਆਸਟਰੇਲੀਆ ਦੇ ਇਆਨ ਥੋਰਪੇ ਵੱਲੋਂ ਸਾਲ 2002 'ਚ ਬਣਾਏ ਵਿਸ਼ਵ ਰਿਕਾਰਡ ਨੂੰ ਸਕਿੰਟ ਦੇ 100ਵੇਂ ਹਿੱਸੇ ਦੇ ਫਰਕ ਨਾਲ ਤੋੜਿਆ। ਹਾਲੈਂਡ ਦੀ 4×100 ਮੀਟਰ ਫ੍ਰੀ ਸਟਾਈਲ ਮਹਿਲਾਵਾਂ ਦੀ ਰਿਲੇਅ ਟੀਮ ਨੇ ਦੋ ਸਕਿੰਟ ਦੇ ਅੰਤਰ ਨਾਲ ਆਪਣਾ ਹੀ ਵਿਸ਼ਵ ਰਿਕਾਰਡ ਤੋੜਿਆ। ਚੌਥਾ ਸੋਨ ਤਗਮਾ ਅਮਰੀਕਾ ਦੀ ਮਰਦਾਂ ਦੀ ਟੀਮ ਨੇ 4×100 ਮੀਟਰ ਫ੍ਰੀ ਸਟਾਈਲ ਵਰਗ 'ਚ ਜਿੱਤਿਆ। ਇਸ ਮੁਕਾਬਲੇ 'ਚ ਸੁਪਰ ਸਟਾਰ ਮਾਈਕਲ ਫੇਲਪਸ ਨੇ ਵੀ ਹਿੱਸਾ ਲਿਆ। ਇਸ ਤੋਂ ਪਹਿਲਾਂ ਦਿਨ ਦੇ ਪਹਿਲੇ ਫਾਈਨਲ ਮੁਕਾਬਲੇ 'ਚ ਸਵੀਡਨ ਦੀ ਮਹਿਲਾ ਤੈਰਾਕ ਸਾਰਾਹ ਜੋਸਟਰਾਸ ਨੇ 100 ਮੀਟਰ ਬਟਰਫਲਾਈ ਮੁਕਾਬਲੇ 'ਚ ਵਿਸ਼ਵ ਰਿਕਾਰਡ ਬਣਾਇਆ। ਚੰਗਾ ਖੇਡ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਦਿੱਤੇ ਜਾਣ ਵਾਲੇ ਵਜ਼ੀਫੇ 2007-08 ਤੋਂ ਬੰਦ ਜਲੰਧਰ, 27 ਜੁਲਾਈ - ਹਰ ਸਾਲ ਖੇਡਾਂ ਦੇ ਖੇਤਰ ਵਿਚ ਮੱਲਾਂ ਮਾਰਨ ਵਾਲੇ ਤੇ ਵਧੀਆ ਖੇਡ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸਪੋਰਟਸ ਅਥਾਰਟੀ ਆਫ਼ ਇੰਡੀਆ ਵੱਲੋਂ ਵਜ਼ੀਫਾ ਦਿੱਤਾ ਜਾਂਦਾ ਸੀ ਪਰ ਇਹ ਵਜ਼ੀਫਾ ਸਾਲ 2007-08 ਤੋਂ ਭਾਰਤ ਸਰਕਾਰ ਦੇ ਯੂਥ ਸਰਵਿਸਿਜ਼ ਤੇ ਖੇਡ ਵਿਭਾਗ ਵੱਲੋਂ ਬੰਦ ਕਰ ਦਿੱਤਾ ਗਿਆ ਹੈ। ਇਸ ਵਜ਼ੀਫੇ ਨਾਲ ਜਿਥੇ ਖਿਡਾਰੀਆਂ ਨੂੰ ਆਰਥਿਕ ਸਹਾਇਤਾ ਮਿਲਦੀ ਸੀ, ਉਥੇ ਇਕ ਨਿਸ਼ਾਨਾ ਮਿੱਥ ਕੇ ਖਿਡਾਰੀ ਸਾਰਾ ਸਾਲ ਮਿਹਨਤ ਵੀ ਕਰਦਾ ਸੀ। ਇਹ ਖੇਡ ਵਜ਼ੀਫਾ ਮੁੱਖ 21 ਖੇਡਾਂ ਦੇ ਵਿਚ ਦਿੱਤਾ ਜਾਂਦਾ ਸੀ ਤੇ ਇਸ ਤੋਂ ਇਲਾਵਾ ਬੇਸਬਾਲ, ਤਲਵਾਰਬਾਜ਼ੀ, ਘੋੜ ਸਵਾਰੀ, ਕ੍ਰਿਕਟ ਤੇ ਹੋਰ ਖੇਡਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਸੀ। ਇਸ ਵਜ਼ੀਫੇ ਦੇ ਵਿਚ ਰਾਜ ਪੱਧਰ, ਨੈਸ਼ਨਲ ਪੱਧਰ, ਅੰਤਰਰਾਸ਼ਟਰੀ ਪੱਧਰ, ਯੂਨੀਵਰਸਿਟੀ ਦੇ ਖਿਡਾਰੀ ਤੇ ਖੇਡਾਂ ਦੇ ਖੇਤਰ ਵਿਚ ਪੀ. ਐਚ. ਐਡ., ਐਮ. ਪੀ. ਐੱਡ, ਐਮ ਫਿਲ ਤੇ ਐਨ. ਆਈ. ਐਸ. ਦੇ ਕੋਰਸ ਕਰਨ ਵਾਲੀਆਂ ਲੜਕੀਆਂ ਨੂੰ ਵੀ ਸ਼ਾਮਿਲ ਕੀਤਾ ਗਿਆ ਸੀ। ਇਸ ਖੇਡ ਵਜ਼ੀਫੇ ਤਹਿਤ ਰਾਜ ਪੱਧਰ ਦੇ 150 ਖਿਡਾਰੀਆਂ ਤੇ ਯੂ. ਟੀ. ਵਿਚ 100 ਖਿਡਾਰੀਆਂ ਦੀ ਚੋਣ ਕੀਤੀ ਜਾਂਦੀ ਸੀ ਤੇ ਇਨ੍ਹਾਂ ਨੂੰ 6600 ਰੁਪਏ ਸਾਲਾਨਾ ਵਜ਼ੀਫਾ ਦਿੱਤਾ ਜਾਂਦਾ ਸੀ। ਨੈਸ਼ਨਲ ਪੱਧਰ ਤੇ ਪਹਿਲੇ, ਦੂਜੇ ਤੇ ਤੀਜੇ ਥਾਂ 'ਤੇ ਆਉਣ ਵਾਲੇ ਖਿਡਾਰੀ ਨੂੰ 8400 ਰੁਪਏ ਸਾਲਾਨਾ ਖੇਡ ਵਜ਼ੀਫਾ ਦਿੱਤਾ ਜਾਂਦਾ ਸੀ। ਅੰਤਰਰਾਸ਼ਟਰੀ ਖੇਡਾਂ ਵਿਚੋਂ ਜੇਤੂ ਖਿਡਾਰੀ ਨੂੰ 18,000 ਰੁਪਏ ਸਾਲਾਨਾ ਖੇਡ ਵਜ਼ੀਫਾ ਦਿੱਤਾ ਜਾਂਦਾ ਸੀ। ਇਸ ਤੋਂ ਇਲਾਵਾ ਪੀ. ਐਚ. ਡੀ. ਕਰਨ ਵਾਲੀਆਂ 10 ਲੜਕੀਆਂ ਨੂੰ 10 ਹਜ਼ਾਰ ਰੁਪਏ ਸਾਲਾਨਾ ਖੇਡ ਵਜ਼ੀਫਾ, ਐਨ. ਆਈ. ਐਸ. ਕਰਨ ਵਾਲੀਆਂ 20 ਲੜਕੀਆਂ ਨੂੰ 7500 ਰੁਪਏ ਸਾਲਾਨਾ ਖੇਡ ਵਜ਼ੀਫਾ ਦਿੱਤਾ ਜਾਂਦਾ ਸੀ। ਪਰ ਪਿਛਲੇ 2 ਸਾਲ ਤੋਂ ਇਹ ਖੇਡ ਵਜ਼ੀਫਾ ਬੰਦ ਹੋਣ ਨਾਲ ਖਿਡਾਰੀਆਂ 'ਚ ਨਿਰਾਸ਼ਾ ਪਾਈ ਜਾ ਰਹੀ ਹੈ। ਜਿਥੇ ਇਕ ਪਾਸੇ ਤਾਂ ਕੇਂਦਰ ਸਰਕਾਰ ਹਰ ਸਾਲ ਕਰੋੜਾਂ ਰੁਪਏ ਖੇਡਾਂ ਨੂੰ ਹੇਠਲੇ ਪੱਧਰ ਤੋਂ ਉਤਸ਼ਾਹਿਤ ਕਰਨ ਲਈ ਖਰਚ ਰਹੀ ਹੈ ਪਰ ਖਿਡਾਰੀਆਂ ਨੂੰ ਇਸ ਵਜ਼ੀਫੇ ਤੋਂ ਕਿਉਂ ਵਾਂਝੇ ਕਰ ਦਿੱਤਾ ਗਿਆ ਹੈ। ਜੇ ਰਾਜਾਂ ਦੇ ਵਜ਼ੀਫੇ 'ਤੇ ਨਜ਼ਰ ਮਾਰੀ ਜਾਵੇ ਉਹ ਬਹੁਤ ਹੀ ਘੱਟ ਹਨ। ਪੰਜਾਬ ਜੂਡੋ ਐਸੋਸੀਏਸ਼ਨ ਤੇ ਪੰਜਾਬ ਸਰੀਰਕ ਸਿੱਖਿਆ ਅਧਿਆਪਕ ਐਸੋਸੀਏਸ਼ਨ ਨੇ ਭਾਰਤ ਦੇ ਖੇਡ ਮੰਤਰੀ ਡਾ: ਮਨੋਹਰ ਸਿੰਘ ਗਿੱਲ ਤੋਂ ਮੰਗ ਕੀਤੀ ਹੈ ਕਿ ਇਸ ਬੰਦ ਕੀਤੇ ਵਜ਼ੀਫੇ ਨੂੰ ਮੁੜ ਚਾਲੂ ਕੀਤਾ ਜਾਵੇ, ਜਿਸ ਨਾਲ ਖਿਡਾਰੀਆਂ ਨੂੰ ਲਾਭ ਮਿਲ ਸਕੇ। ਵਿਸ਼ਵ ਪੁਲਿਸ ਖੇਡਾਂ 'ਚ ਸ਼ਾਮਿਲ ਹੋਣ ਵਾਲੀ ਪੰਜਾਬ ਪੁਲਿਸ ਦੀ ਟੀਮ ਪਟਿਆਲਾ, 27 ਜੁਲਾਈ - ਵਿਸ਼ਵ ਪੁਲੀਸ ਖੇਡਾਂ ਜੋ ਕਿ ਕੈਨੇਡਾ ਵਿਖੇ 31 ਜੁਲਾਈ ਤੋਂ 9 ਅਗਸਤ ਤੱਕ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਲਈ ਪੰਜਾਬ ਪੁਲੀਸ ਦੀ 28 ਮੈਂਬਰੀ ਟੀਮ ਚੁਣੀ ਗਈ ਹੈ। ਜਿਸ ਵਿਚ 11 ਅਥਲੀਟ, 2 ਭਲਵਾਨ ਤੇ 2 ਜੂਡੋਕਾ ਸ਼ਾਮਿਲ ਹਨ। ਇਸ ਸਬੰਧੀ ਪੰਜਾਬ ਪੁਲਿਸ ਦੇ ਖੇਡ ਸਕੱਤਰ ਸ: ਸ਼ਿਵਦੇਵ ਸਿੰਘ ਨੇ ਦੱਸਿਆ ਕਿ ਪੰਜਾਬ ਪੁਲਿਸ ਇਕ ਸਾਲ ਪਹਿਲਾਂ ਮਿਲੇ ਵਿਸ਼ੇਸ਼ ਸੱਦੇ ਤਹਿਤ ਇਨ੍ਹਾਂ ਖੇਡਾਂ 'ਚ ਵੱਖਰੀ ਟੀਮ ਭੇਜ ਰਹੀ ਹੈ। ਇਸ ਤੋਂ ਇਲਾਵਾ ਭਾਰਤੀ ਪੁਲਿਸ ਦੀ ਟੀਮ ਵਿਚ ਪੰਜਾਬ ਪੁਲਿਸ ਦੇ ਪੰਜ ਖਿਡਾਰੀ ਹਿੱਸਾ ਲੈਣਗੇ। ਜਿਨ੍ਹਾਂ ਵਿਚ ਤਿੰਨ ਅਥਲੀਟ ਤੇ ਦੋ ਪਹਿਲਵਾਨ ਸ਼ਾਮਲ ਹਨ। ਪੰਜਾਬ ਪੁਲਿਸ ਦੇ ਖੇਡ ਦਲ ਨਾਲ ਡੀ.ਆਈ.ਜੀ. ਕਰਤਾਰ ਸਿੰਘ ਉਚੇਚੇ ਤੌਰ 'ਤੇ ਜਾ ਰਹੇ ਹਨ। ਪੰਜਾਬ ਪੁਲਿਸ ਦੀ ਟੀਮ ਦੇ ਅਥਲੈਟਿਕਸ ਦਲ ਵਿਚ ਪਿਛਲੀਆਂ ਵਿਸ਼ਵ ਪੁਲਿਸ ਖੇਡਾਂ 'ਚੋਂ ਦੋ ਤਗਮੇ ਜਿੱਤਣ ਵਾਲਾ ਤੇ ਐਨ.ਆਰ.ਆਈ. ਸਪੋਰਟਸ ਕਲੱਬ ਕੈਨੇਡਾ ਦੁਆਰਾ ਸਪਾਂਸਰ ਕੀਤਾ ਗਿਆ ਖਿਡਾਰੀ ਸੁਖਜਿੰਦਰ ਸਿੰਘ ਤੀਹਰੀ ਤੇ ਲੰਬੀ ਛਾਲ, 4×100 ਮੀਟਰ ਰੀਲੇਅ 'ਚ ਆਪਣੇ ਜ਼ੌਹਰ ਦਿਖਾਏਗਾ। ਇਸ ਤੋਂ ਇਲਾਵਾ ਅਜੇਰਾਜ ਸਿੰਘ 100 ਮੀਟਰ, ਨਵਪ੍ਰੀਤ ਸਿੰਘ ਗੋਲਾ ਸੁੱਟਣ, ਹਰਮਿੰਦਰ ਸਿੰਘ ਜੈਵਲਿਨ ਥਰੋਅ, ਸੱਤਪਾਲ ਸਿੰਘ ਪੋਲ ਵਾਲਟ, ਅਮਨਦੀਪ ਸਿੰਘ 110 ਮੀਟਰ ਅੜਿੱਕਾ ਦੌੜ, ਮਨਿੰਦਰ ਸਿੰਘ 200 ਤੇ 400 ਮੀਟਰ ਦੌੜ, ਕੁਲਵਿੰਦਰ ਕੌਰ ਤੀਹਰੀ ਤੇ ਲੰਬੀ ਛਾਲ, ਨਵਪ੍ਰੀਤ ਕੌਰ ਉੱਚੀ ਛਾਲ, ਸਪਿੰਦਰਪਾਲ ਕੌਰ 400 ਮੀਟਰ ਦੌੜ ਤੇ ਸੁਪਿੰਦਰ ਕੌਰ 400 ਮੀਟਰ ਅੜਿੱਕਾ ਦੌੜ ਸ਼ਾਮਲ ਹਨ। ਇਸ ਟੀਮ ਨਾਲ ਸ: ਰਣਜੀਤ ਸਿੰਘ ਮੁੱਖ ਕੋਚ ਵਜੋਂ ਜਾਣਗੇ। ਪਹਿਲਵਾਨ ਅਮਨਦੀਪ ਸਿੰਘ ਸੌਂਧੀ 96 ਕਿਲੋ ਫਰੀਸਟਾਈਲ ਮੁਕਾਬਲੇ 'ਚ, ਜਤਿੰਦਰ ਸਿੰਘ ਜੂਡੋਕਾ ਵੀ ਇਨ੍ਹਾਂ ਖੇਡਾਂ 'ਚ ਪੰਜਾਬ ਪੁਲਿਸ ਦੀ ਨੁਮਾਇੰਦਗੀ ਕਰੇਗਾ। ਸ: ਹਰਬੰਸ ਸਿੰਘ ਜੂਡੋ ਕੋਚ ਤੇ ਦਵਿੰਦਰ ਸਿੰਘ ਕੁਸ਼ਤੀ ਕੋਚ ਵਜੋਂ ਟੀਮ ਨਾਲ ਜਾਣਗੇ। ਉਧਰ ਭਾਰਤੀ ਪੁਲਿਸ ਦੀ ਟੀਮ 'ਚ ਅੰਮ੍ਰਿਤਪਾਲ ਸਿੰਘ, ਰਣਜੋਧ ਸਿੰਘ, ਨਵਦੀਪ ਕੌਰ ਤਿੰਨ ਅਥਲੈਟਿਕਸ, ਬਿਕਰਮ ਸਿੰਘ ਤੇ ਗੁਰਵਿੰਦਰ ਸਿੰਘ ਪਹਿਲਵਾਨ ਪੰਜਾਬ ਪੁਲਿਸ ਦੀ ਨੁਮਾਇੰਦਗੀ ਕਰਨਗੇ। ਪੰਜਾਬ ਸ਼ਤਰੰਜ ਚੈਂਪੀਅਨਸ਼ਿਪ 1 ਅਗਸਤ ਤੋਂ ਪਟਿਆਲਾ, 27 ਜੁਲਾਈ - ਪਟਿਆਲਾ ਦੇ ਨੌਹਰੀਆ ਵਾਲਾ ਮੰਦਿਰ ਰਾਘੋਮਾਜਰਾ ਵਿਖੇ ਪੰਜਾਬ ਜੂਨੀਅਰ ਸ਼ਤਰੰਜ ਚੈਂਪੀਅਨਸ਼ਿਪ (ਅੰਡਰ 15) 1 ਅਗਸਤ ਤੋਂ ਕਰਵਾਈ ਜਾ ਰਹੀ ਹੈ। ਇਸ ਟੂਰਨਾਮੈਂਟ 'ਚ ਰਾਜ ਦੇ ਸਾਰੇ ਜ਼ਿਲ੍ਹੇ ਹਿੱਸਾ ਲੈਣਗੇ। ਜਿਨ੍ਹਾਂ 'ਚੋਂ ਮੁੰਬਈ ਵਿਖੇ 27 ਅਗਸਤ ਤੋਂ 5 ਸਤੰਬਰ ਤੱਕ ਹੋਣ ਵਾਲੀ ਕੌਮੀ ਚੈਂਪੀਅਨਸ਼ਿਪ ਲਈ 4 ਲੜਕੇ ਤੇ 4 ਲੜਕੀਆਂ 'ਤੇ ਆਧਾਰਿਤ ਪੰਜਾਬ ਦੀ ਟੀਮ ਚੁਣੀ ਜਾਵੇਗੀ। 43ਵੀਂ ਏਸ਼ੀਅਨ ਬੌਡੀਬਿਲਡਿੰਗ ਚੈਂਪੀਅਨਸ਼ਿਪ 'ਚ ਵਰਿੰਦਰ ਘੁੰਮਣ ਅਤੇ ਪੰਜਾਬ ਪੁਲੀਸ ਦੇ ਜਗਦੀਸ਼ ਕੁਮਾਰ ਦੀ ਬੱਲੇ ਬੱਲੇ ਵਰਿੰਦਰ ਘੁੰਮਣ ਵੱਲੋਂ ਚਾਂਦੀ ਦਾ ਅਤੇ ਪੰਜਾਬ ਪੁਲੀਸ ਦੇ ਜਗਦੀਸ਼ ਕੁਮਾਰ ਵੱਲੋਂ 43ਵੀਂ ਏਸ਼ੀਅਨ ਬੌਡੀਬਿਲਡਿੰਗ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਗਮਾ ਜਿੱਤਿਆ ਗਿਆ ਹੈ। ਮਹਾਂਰਾਸ਼ਟਰ ਦੇ ਓਰੰਗਾਬਾਦ ਵਿਚ ਹੋਈ ਇਸ ਚੈਂਪੀਅਨਸ਼ਿਪ ਭਾਰਤ ਵੱਲੋਂ ਇਨ੍ਹਾਂ ਖਿਡਾਰੀਆਂ ਨੇ ਸ਼ਮੂਲੀਅਤ ਕੀਤੀ ਸੀ। ਭਾਰਤੀ ਬੌਡੀਬਿਲਡਿੰਗ ਫੈਡਰੇਸ਼ਨ ਦੇ ਵਾਇਸਪ੍ਰੈਜੀਡੈਂਟ ਡਾ. ਰਣਧੀਰ ਹਸਤਿਰ ਨੇ ਦੋਹਾਂ ਐਥਲੀਟਾਂ ਨੂੰ ਵਧਾਈ ਦਿੱਤੀ ਹੈ। ਗਗਨਜੀਤ ਭੁੱਲਰ ਦਾ ਪਹਿਲਾ ਏਸ਼ੀਅਨ ਟੂਰ ਖ਼ਿਤਾਬ 'ਤੇ ਕਬਜ਼ਾ ਜਕਾਰਤਾ/ਜਲੰਧਰ, 26 ਜੁਲਾਈ - ਇੰਡੋਨੇਸ਼ੀਆ ਵਿਖੇ ਪੰਜਾਬ ਦੇ ਕਪੂਰਥਲਾ 'ਚ ਰਹਿਣ ਵਾਲੇ ਭਾਰਤੀ ਗੌਲਫ਼ ਖਿਡਾਰੀ ਗਗਨਜੀਤ ਭੁੱਲਰ ਨੇ ਪ੍ਰੈਜ਼ੀਡੈਂਟ ਇਨਵੀਟੇਸ਼ਨਲ ਟਾਈਟਲ ਦਾ ਖ਼ਿਤਾਬ ਜਿੱਤਿਆ ਹੈ। ਇਹ ਖਿਤਾਬ ਜਿੱਤਣ ਨਾਲ ਗਗਨਜੀਤ ਨੇ ਏਸ਼ੀਅਨ ਟੂਰ ਜਿੱਤਣ ਦਾ ਮਾਣ ਪ੍ਰਾਪਤ ਕਰ ਲਿਆ। ਪਿਛਲੇ ਮਹੀਨੇ ਬ੍ਰਿਟਿਸ਼ ਓਪਨ 'ਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਗਗਨਜੀਤ ਨੇ ਪਿਛਲੇ ਸਾਲ ਵੀ ਇਸ ਟੂਰਨਾਮੈਂਟ 'ਚ ਵਧੀਆ ਪ੍ਰਦਰਸ਼ਨ ਕੀਤਾ ਸੀ। ਇਸ ਜਿੱਤ ਨਾਲ ਭੁੱਲਰ ਨੂੰ 63,400 ਅਮਰੀਕੀ ਡਾਲਰ ਇਨਾਮੀ ਰਾਸ਼ੀ ਮਿਲੀ। ਇਸ ਜਿੱਤ ਨਾਲ ਹੀ ਭੁੱਲਰ ਸਭ 'ਤੋਂ ਛੋਟੀ ਉਮਰ 'ਚ ਇਹ ਖਿਤਾਬ ਜਿੱਤਣ ਵਾਲੇ ਭਾਰਤੀ ਬਣ ਗਏ ਹਨ। ਭੁੱਲਰ ਨੇ 21 ਸਾਲ ਦੀ ਉਮਰ 'ਚ ਇਹ ਖਿਤਾਬ ਜਿੱਤਿਆ ਹੈ। ਜਦਕਿ ਇਸ ਤੋਂ ਪਹਿਲਾਂ ਜੀਵ ਮਿਲਖਾ ਸਿੰਘ ਤੇ ਸ਼ਿਵ ਕਪੂਰ ਨੇ 23 ਸਾਲ ਦੀ ਉਮਰ 'ਚ ਇਹ ਖਿਤਾਬ ਜਿੱਤਿਆ ਸੀ। ਭੁੱਲਰ ਇਹ ਜਿੱਤ ਹਾਸਲ ਕਰਨ ਵਾਲੇ ਅੱਠਵੇਂ ਭਾਰਤੀ ਖਿਡਾਰੀ ਹਨ। ਇਸ ਤੋਂ ਪਹਿਲਾਂ ਜੀਵ ਮਿਲਖਾ ਸਿੰਘ, ਸ਼ਿਵ ਕਪੂਰ, ਅਰਜਨ ਅਟਵਾਲ, ਗੌਰਵ ਘਈ, ਜੋਤੀ ਰੰਧਾਵਾ, ਰਾਹਿਲ ਗੰਗਜੀ, ਐਸ.ਐਸ.ਪੀ. ਚੌਰਸੀਆ ਇਹ ਜਿੱਤ ਹਾਸਲ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਗਗਨਜੀਤ ਭੁੱਲਰ ਨੇ ਏਸ਼ੀਅਨ ਗੇਮਜ਼ ਵਿਚ ਵੀ ਭਾਰਤ ਵੱਲੋਂ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ ਸੀ। ਇਸ ਜਿੱਤ ਦੀ ਖੁਸ਼ੀ ਦੇ ਮੌਕੇ 'ਤੇ ਪੰਜਾਬ ਖੇਡ ਵਿਭਾਗ ਦੇ ਡਾਇਰੈਕਟਰ ਪਰਗਟ ਸਿੰਘ ਨੇ ਗਗਨਜੀਤ ਭੁੱਲਰ ਦੇ ਪਿਤਾ ਹਰਭਜਨ ਸਿੰਘ ਭੁੱਲਰ ਅਤੇ ਮਾਤਾ ਸਰਬਜੀਤ ਕੌਰ ਨੂੰ ਪੰਜਾਬ ਸਰਕਾਰ ਵੱਲੋਂ ਵਧਾਈ ਦਿੱਤੀ। ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਸ਼ਾਮਿਲ ਹੋਣ ਵਾਲੀ ਭਾਰਤੀ ਮਹਿਲਾ ਟੀਮ ਪਟਿਆਲਾ, 26 ਜੁਲਾਈ - ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਜੋ ਕਿ ਡੈਨਮਾਰਕ 'ਚ 21 ਤੋਂ 27 ਸਤੰਬਰ ਤੱਕ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਲਈ 7 ਮੈਂਬਰੀ ਭਾਰਤੀ ਟੀਮ ਦੀ ਚੋਣ ਪਟਿਆਲਾ ਦੇ ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਵਿਖੇ ਹੋਈ। ਇਨ੍ਹਾਂ ਟਰਾਇਲਾਂ 'ਚ ਦੇਸ਼ ਦੀਆਂ ਚੋਟੀ ਦੀਆਂ 32 ਖਿਡਾਰਨਾਂ ਨੇ ਕੌਮੀ ਟੀਮ 'ਚ ਥਾਂ ਬਣਾਉਣ ਲਈ ਜ਼ੋਰ ਅਜ਼ਮਾਈ ਕੀਤੀ। ਟੀਮ ਦੇ 48 ਕਿਲੋਗ੍ਰਾਮ ਵਰਗ 'ਚ ਨਿਰਮਲ ਰਾਣੀ ਹਰਿਆਣਾ ਨੇ ਏਸ਼ੀਅਨ ਚੈਂਪੀਅਨਸ਼ਿਪ ਦੀ ਤਗਮਾ ਜੇਤੂ ਨੇਹਾ ਰਾਠੀ ਸਮੇਤ ਤਿੰਨ ਖਿਡਾਰਣਾਂ ਨੂੰ ਪਛਾੜਦੇ ਟੀਮ 'ਚ ਥਾਂ ਬਣਾਈ। ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਦੀ ਚਾਂਦੀ ਦਾ ਤਗਮਾ ਜੇਤੂ ਬਬੀਤਾ ਨੇ 51 ਕਿਲੋ ਭਾਰ ਵਰਗ 'ਚ ਪੰਜ ਖਿਡਾਰਨਾਂ ਨੂੰ ਪਛਾੜ ਕੇ ਟੀਮ 'ਚ ਥਾਂ ਬਣਾਈ। ਇਸ ਤੋਂ ਪਹਿਲਾ ਉਹ ਪਾਸਪੋਰਟ ਗੁਆਚਣ ਕਰਕੇ ਸੀਨੀਅਰ ਤੇ ਜੂਨੀਅਰ ਏਸ਼ੀਅਨ ਚੈਂਪੀਅਨਸ਼ਿਪਾਂ 'ਚ ਖੇਡ ਨਹੀਂ ਸਕੀ ਸੀ। ਬਬੀਤਾ ਦੀ ਭੈਣ ਗੀਤਾ ਨੇ 55 ਕਿਲੋ ਵਰਗ 'ਚ ਤਿੰਨ ਖਿਡਾਰਨਾਂ ਨੂੰ ਪਛਾੜ ਕੇ ਟੀਮ 'ਚ ਥਾਂ ਬਣਾਈ। ਉੱਤਰ ਪ੍ਰਦੇਸ਼ ਦੀ ਅਲਕਾ ਤੋਮਰ ਨੇ ਅਨੀਤਾ ਰਾਣੀ ਨੂੰ ਹਰਾ ਕੇ 59 ਕਿਲੋ ਵਰਗ 'ਚ ਥਾਂ ਬਣਾਈ। ਸੁਮਨ ਕੁੰਡੂ ਨੇ 63 ਕਿਲੋ ਵਰਗ 'ਚ 9 ਖਿਡਾਰਨਾਂ ਨੂੰ ਪਛਾੜਕੇ ਵਿਸ਼ਵ ਚੈਂਪੀਅਨਸ਼ਿਪ ਖੇਡਣ ਦਾ ਹੱਕ ਪ੍ਰਾਪਤ ਕੀਤਾ। ਗੀਤਿਕਾ ਜਾਖੜ ਹਰਿਆਣਾ ਨੇ 67 ਕਿਲੋ 'ਚ ਪੰਜਾਬਦੀ ਨਵਜੋਤ ਕੌਰ ਨੂੰ ਹਰਾ ਕੇ ਅਤੇ ਪੰਜਾਬ ਦੀ ਗੁਰਸਰਨਪ੍ਰੀਤ ਕੌਰ ਨੇ 72 ਕਿਲੋ ਵਰਗ 'ਚ ਤਿੰਨ ਖਿਡਾਰਨਾਂ ਨੂੰ ਪਛਾੜ ਕੇ ਟੀਮ 'ਚ ਥਾਂ ਬਣਾਈ। ਇਸ ਟੀਮ ਨਾਲ ਸ੍ਰੀ ਪੀ.ਆਰ. ਸੌਂਧੀ ਮੁੱਖ ਕੋਚ, ਡੋਬੋ ਕੋਚ, ਮੋਨਿਕਾ ਕੋਚ, ਪੈਰੀਵਿੰਕਲ ਕੌਰ ਫਿਜੀਓਥਰੈਪਿਸਟ ਤੇ ਪੂਨਮ ਰਾਣੀ ਮਾਲਿਸ਼ੀ ਵਜੋਂ ਟੀਮ ਨਾਲ ਜਾਏਗੀ। ਭਾਰਤੀ ਮੁੱਕੇਬਾਜ਼ੀ ਟੀਮ ਹੁਣ ਇੰਗਲੈਂਡ ਨਹੀਂ ਸਗੋਂ ਕਜ਼ਾਕਸਤਾਨ ਜਾਏਗੀ ਪਟਿਆਲਾ, 26 ਜੁਲਾਈ - ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਜੋ ਕਿ ਸਤੰਬਰ ਮਹੀਨੇ ਇਟਨੀ 'ਚ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਲਈ ਤਿਆਰੀ ਵਜੋਂ 1 ਅਗਸਤ ਨੂੰ ਇੰਗਲੈਂਡ ਜਾਣ ਵਾਲੀ ਭਾਰਤੀ ਮੁੱਕੇਬਾਜ਼ੀ ਟੀਮ ਦਾ ਦੌਰਾ ਰੱਦ ਕਰ ਦਿੱਤਾ ਗਿਆ ਹੈ। ਭਾਰਤੀ ਮੁੱਕੇਬਾਜ਼ੀ ਦੀ ਫੈਡਰੇਸ਼ਨ ਦੇ ਜਨਰਲ ਸਕੱਤਰ ਸ੍ਰੀ ਮੁਰਲੀ ਰਾਜਾ ਨੇ ਦੱਸਿਆ ਕਿ ਹੁਣ ਟੀਮ ਦੇ ਕਜ਼ਾਕਸਤਾਨ ਦੌਰੇ ਲਈ ਤਿਆਰੀਆਂ ਆਰੰਭ ਕਰ ਦਿੱਤੀਆਂ ਹਨ। ਰਾਜਾ ਨੇ ਦੱਸਿਆ ਕਿ ਇੰਗਲੈਂਡ ਦੇ ਮੁੱਕੇਬਾਜ਼ੀ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਸਿਖਲਾਈ ਤੇ ਟੂਰਨਾਮੈਂਟ ਲਈ ਸੱਦਿਆ ਗਿਆ ਸੀ ਤੇ ਟੀਮ ਦੀ ਪੂਰੀ ਤਿਆਰੀ ਸੀ। ਇਸ ਟੂਰਨਾਮੈਂਟ 'ਚ ਇੰਗਲੈਂਡ, ਕਜ਼ਾਕਸਤਾਨ ਤੇ ਉਜਬੇਕਿਸਤਾਨ ਆਦਿ ਟੀਮਾਂ ਨੇ ਹਿੱਸਾ ਲੈਣਾ ਸੀ। ਇਸ ਤੋਂ ਪਹਿਲਾ ਕੁਝ ਦਿਨ ਟੀਮ ਨੇ ਇੰਗਲੈਂਡ ਦੀ ਟੀਮ ਨਾਲ ਅਭਿਆਸ ਕਰਨਾ ਸੀ। ਸ੍ਰੀ ਰਾਜਾ ਨੇ ਕਿਹਾ ਕਿ ਹੁਣ ਅਗਲੇ ਦੌਰੇ ਤਹਿਤ 8 ਤੋਂ 18 ਅਗਸਤ ਤੱਕ ਟੀਮ ਕਜ਼ਾਕਸਤਾਨ 'ਚ ਅਭਿਆਸ ਤੇ ਟੂਰਨਾਮੈਂਟ 'ਚ ਹਿੱਸਾ ਲੈਣ ਜਾਵੇਗੀ। ਹਾਕੀ ਇੰਡੀਆ ਦੀ ਵਿਸ਼ੇਸ਼ ਬੈਠਕ ਅੱਜ ਜਲੰਧਰ, 25 ਜੁਲਾਈ ( ਕੁਲਵੰਤ ਸਿੰਘ ਸੋਹਲ ) -- ਵਿਸ਼ਵ ਹਾਕੀ ਕੱਪ ਜੋ ਕਿ 2010 'ਚ ਨਵੀਂ ਦਿੱਲੀ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧ ਵਿਚ ਕੌਮਾਂਤਰੀ ਹਾਕੀ ਫੈਡਰੇਸ਼ਨ ਦੇ ਪ੍ਰਧਾਨ 27 ਜੁਲਾਈ ਨੂੰ ਨਵੀਂ ਦਿੱਲੀ ਵਿਖੇ ਵਿਸ਼ੇਸ਼ ਤੌਰ 'ਤੇ ਪੁੱਜ ਰਹੇ ਹਨ। ਇਸ ਸਬੰਧੀ ਇਕ ਵਿਸ਼ੇਸ਼ ਬੈਠਕ ਨਵੀਂ ਦਿੱਲੀ ਦੇ ਹੋਟਲ ਮੈਰੀਡਨ ਵਿਖੇ 12 ਤੋਂ 4 ਵਜੇ ਤੱਕ ਹੋ ਰਹੀ ਹੈ। ਇਸ ਬੈਠਕ ਵਿਚ ਭਾਰਤੀ ਉਲੰਪਿਕ ਐਸੋਸੀਏਸ਼ਨ ਦੇ ਅਹੁਦੇਦਾਰ ਤੇ ਹਾਕੀ ਇੰਡੀਆ ਦੇ ਅਹੁਦੇਦਾਰਾਂ ਤੋਂ ਇਲਾਵਾ ਵਿਸ਼ਵ ਕੱਪ ਵਿਚ ਭਾਰਤੀ ਹਾਕੀ ਟੀਮ ਦੇ ਸਾਬਕਾ ਪੁਰਾਣੇ ਖਿਡਾਰੀਆਂ ਨੂੰ ਸੱਦਾ ਪੱਤਰ ਭੇਜੇ ਗਏ ਹਨ ਅਤੇ ਇਨ੍ਹਾਂ ਨੂੰ ਨਵੀਂ ਦਿੱਲੀ ਤੋਂ ਉਨ੍ਹਾਂ ਦੇ ਘਰ ਤੱਕ ਆਉਣ-ਜਾਣ ਲਈ ਹਵਾਈ ਜਹਾਜ਼ ਦੀ ਟਿਕਟ ਪਹਿਲਾਂ ਭੇਜੀ ਗਈ ਹੈ ਤਾਂ ਕਿ ਇਹ ਸਮੇਂ ਸਿਰ ਇਸ ਬੈਠਕ ਵਿਚ ਹਿੱਸਾ ਲੈ ਸਕਣ। ਈਸ਼ਰ ਸਿੰਘ ਦਿਓਲ ਦਾ ਧਿਆਨ ਚੰਦ ਐਵਾਰਡ ਨਾਲ ਸਨਮਾਨ ਜਲੰਧਰ, 25 ਜੁਲਾਈ - ਪੰਜਾਬ ਐਥਲੈਟਿਕਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇ ਭਾਰਤੀ ਐਥਲੈਟਿਕਸ ਫੈਡਰੇਸ਼ਨ ਦੀ ਚੋਣ ਕਮੇਟੀ ਦੇ ਉਪ-ਪ੍ਰਧਾਨ ਈਸ਼ਰ ਸਿੰਘ ਦਿਉਲ ਨੂੰ ਭਾਰਤ ਸਰਕਾਰ ਵੱਲੋਂ ਧਿਆਨ ਚੰਦ ਐਵਾਰਡ (ਲਾਈਫ ਟਾਈਮ ਅਚੀਵਮੈਂਟ ਐਵਾਰਡ) ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਐਵਾਰਡ ਈਸ਼ਰ ਸਿੰਘ ਦਿਓਲ ਨੂੰ ਭਾਰਤ ਦੇ ਰਾਸ਼ਟਰਪਤੀ ਵੱਲੋਂ ਰਾਸ਼ਟਰੀ ਖੇਡ ਦਿਵਸ ਦੇ ਮੌਕੇ 'ਤੇ 29 ਅਗਸਤ ਨੂੰ ਰਾਸ਼ਟਰਪਤੀ ਭਵਨ ਨਵੀਂ ਦਿੱਲੀ ਵਿਖੇ ਪ੍ਰਦਾਨ ਕੀਤਾ ਜਾਵੇਗਾ। ਈਸ਼ਰ ਸਿੰਘ ਦਾ ਜਨਮ 7 ਸਤੰਬਰ 1929 ਨੂੰ ਪਿੰਡ ਰੰਗੂਵਾਲ (ਜ਼ਿਲ੍ਹਾ ਲੁਧਿਆਣਾ) ਵਿਖੇ ਸ. ਅੱਤਰ ਸਿੰਘ ਦੇ ਘਰ ਹੋਇਆ। ਇਨ੍ਹਾਂ ਨੇ ਮੁੱਢਲੀ ਵਿੱਦਿਆ ਐਨ. ਏ. ਸੀ. ਹਾਈ ਸਕੂਲ ਆਰਫ ਵਾਲਾ ਜ਼ਿਲ੍ਹਾ ਮਿੰਟਗੁਮਰੀ ਪਾਕਿਸਤਾਨ ਤੋਂ ਬੀ. ਏ. ਖਾਲਸਾ ਕਾਲਜ ਅੰਮ੍ਰਿਤਸਰ ਤੋਂ ਕੀਤੀ ਤੇ ਪੰਜਾਬ ਪੁਲਿਸ ਵਿਚ ਏ. ਐਸ. ਆਈ. ਵੱਲੋਂ ਨੌਕਰੀ ਸ਼ੁਰੂ ਕਰਨ ਉਪਰੰਤ 1960-61 ਵਿਚ ਐਨ. ਆਈ. ਐਨ. ਪਟਿਆਲਾ ਤੋਂ ਕੋਚਿੰਗ ਡਿਪਲੋਮਾ ਪਾਸ ਕਰਨ ਉਪਰੰਤ ਸਪੋਰਟਸ ਕਾਲਜ ਜਲੰਧਰ ਵਿਖੇ ਨੌਕਰੀ ਕੀਤੀ ਤੇ ਇੱਥੋਂ 1987 ਵਿਚ ਸੇਵਾ-ਮੁਕਤ ਹੋਏ। ਇਨ੍ਹਾਂ ਨੇ ਆਪਣੇ ਖੇਡ ਜੀਵਨ ਦੌਰਾਨ ਰਾਸ਼ਟਰੀ ਖੇਡਾਂ ਵਿਚ ਅਨੇਕਾਂ ਸੋਨ ਤਮਗੇ ਡਿਸਕਸ ਤੇ ਸ਼ਾਟਪੁੱਟ ਮੁਕਾਬਲੇ ਵਿਚ ਹਾਸਲ ਕੀਤੇ ਤੇ ਮਨੀਲਾ ਵਿਖੇ ਹੋਈਆਂ ਏਸ਼ੀਅਨ ਖੇਡਾਂ 1954 ਵਿਚੋਂ ਸ਼ਾਟਪੁੱਟ ਮੁਕਾਬਲੇ ਵਿਚੋਂ ਕਾਂਸੀ ਦਾ ਤਗਮਾ, ਕੌਮਾਂਤਰੀ ਐਥਲੈਟਿਕਸ ਮੀਟ ਪਾਕਿਸਤਾਨ ਵਿਖੇ ਸ਼ਾਟਪੁੱਟ ਵਿਚ ਨਵਾਂ ਰਿਕਾਰਡ, ਇੰਡੋ-ਪਾਕਿ ਖੇਡਾਂ ਵਿਚੋਂ ਚਾਂਦੀ ਦਾ ਤਮਗਾ ਤੇ ਏਸ਼ੀਅਨ ਵੈਟਰਨ ਐਥਲੈਟਿਕਸ ਚੈਂਪੀਅਨਸ਼ਿਪ ਸਿੰਘਾਪੁਰ ਵਿਖੇ ਸ਼ਾਟਪੁੱਟ ਮੁਕਾਬਲੇ ਵਿਚੋਂ ਸੋਨ ਤਮਗਾ ਹਾਸਲ ਕੀਤਾ ਤੇ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਟੂਰਨਾਮੈਂਟ ਦੇ ਵਿਚ ਬਤੌਰ ਮੈਨੇਜਰ ਤੇ ਤਕਨੀਕੀ ਅਧਿਕਾਰੀ ਵਜੋਂ ਸੇਵਾ ਨਿਭਾਈ ਤੇ ਇਸ ਤੋਂ ਇਲਾਵਾ ਪੰਜਾਬ ਐਥਲੈਟਿਕਸ ਐਸੋਸੀਏਸ਼ਨ ਦੇ 1980 ਤੋਂ ਲਗਾਤਾਰ ਜਨਰਲ ਸਕੱਤਰ ਤੇ ਪਿਛਲੇ 16 ਸਾਲਾਂ ਤੋਂ ਭਾਰਤੀ ਐਥਲੈਟਿਕਸ ਫੈਡਰੇਸ਼ਨ ਦੇ ਸੰਯੁਕਤ ਸਕੱਤਰ ਚੁਣੇ ਆ ਰਹੇ ਹਨ। ਸਿੰਧ ਬੈਂਕ ਵੱਲੋਂ ਹਾਕੀ ਖਿਡਾਰੀਆਂ ਦੀ ਭਰਤੀ ਜਲੰਧਰ, 25 ਜੁਲਾਈ - ਪਿਛਲੇ ਦਿਨੀਂ ਕੀਤੇ ਗਏ ਹਾਕੀ ਦੇ ਚੋਣ ਟ੍ਰਾਇਲ ਵਿਚ 24 ਖਿਡਾਰੀਆਂ ਦੀ ਚੋਣ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਕੀਤੀ ਗਈ ਸੀ। ਇਨ੍ਹਾਂ ਖਿਡਾਰੀਆਂ ਵਿਚੋਂ ਅੱਜ ਜ਼ੋਨਲ ਦਫ਼ਤਰ ਵਿਖੇ ਸ: ਗੁਰਦੀਪ ਸਿੰਘ ਜ਼ੋਨਲ ਮੈਨੇਜਰ ਨੇ ਨਿਯੁਕਤੀ ਪੱਤਰ ਦਿੱਤੇ। ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਲਈ ਚੁਣੀ ਗਈ ਭਾਰਤੀ ਟੀਮ ਪਟਿਆਲਾ, 24 ਜੁਲਾਈ - ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਜੋ ਕਿ 21 ਤੋਂ 27 ਸਤੰਬਰ ਤੱਕ ਕਰਵਾਈ ਜਾ ਰਹੀ ਹੈ ਇਸ ਦੇ ਲਈ ਭਾਰਤੀ ਟੀਮ ਦੇ ਸੁਪਰ ਹੈਵੀਵੇਟ 'ਚ ਜੂਨੀਅਰ ਏਸ਼ੀਆ ਚੈਂਪੀਅਨਸ਼ਿਪ 'ਚੋਂ ਕਾਂਸੀ ਦਾ ਤਗਮਾ ਜੇਤੂ ਪਹਿਲਵਾਨ ਜੋਗਿੰਦਰ ਕੁਮਾਰ ਨੇ ਦੋ ਉਲੰਪੀਅਨਾਂ ਪਲਵਿੰਦਰ ਸਿੰਘ ਚੀਮਾ ਤੇ ਰਾਜੀਵ ਤੋਮਰ ਨੂੰ ਪਛਾੜ ਕੇ ਸੀਨੀਅਰ ਕੌਮੀ ਟੀਮ 'ਚ ਥਾਂ ਬਣਾਉਣ ਦਾ ਮਾਣ ਹਾਸਿਲ ਕੀਤਾ ਹੈ। ਉਲੰਪੀਅਨ ਯੋਗੇਸ਼ਵਰ ਦੱਤ ਫਿੱਟ ਨਾ ਹੋਣ ਕਾਰਨ ਟੀਮ ਦਾ ਹਿੱਸਾ ਨਹੀਂ ਬਣ ਸਕਿਆ। ਉਹ ਅੱਜ ਕੱਲ੍ਹ ਦੱਖਣੀ ਅਫਰੀਕਾ ਵਿਚ ਆਪਣੀ ਸੱਟ ਦਾ ਇਲਾਜ ਕਰਵਾ ਰਿਹਾ ਹੈ। ਸੋਨੀਪਤ ਵਿਖੇ ਹੋਏ ਟਰਾਇਲਾਂ 'ਚ ਦੱਸਿਆ ਕਿ 55 ਕਿਲੋ ਵਰਗ 'ਚ ਬਲਰਾਜ ਦਿੱਲੀ ਨੇ ਫਸਵੇਂ ਮੁਕਾਬਲੇ 'ਚ ਜੂਨੀਅਰ ਏਸ਼ੀਅਨ ਚੈਂਪੀਅਨ ਰਾਹੁਲ ਨੂੰ ਹਰਾ ਕੇ ਟੀਮ 'ਚ ਥਾਂ ਬਣਾਈ। ਪੰਜਾਬ ਦੇ ਹਰਦੀਪ ਸਿੰਘ ਨੇ 60 ਕਿਲੋਗ੍ਰਾਮ 'ਚ, 66 ਕਿਲੋ ਵਰਗ 'ਚ ਬੀਜਿੰਗ ਉਲੰਪਿਕ 'ਚੋਂ ਕਾਂਸੀ ਦਾ ਤਗਮਾ ਜੇਤੂ ਸੁਸ਼ੀਲ ਕੁਮਾਰ ਰੇਲਵੇ, 74 ਕਿਲੋ 'ਚ ਰਮੇਸ਼ ਕੁਮਾਰ ਰੇਲਵੇ, 84 ਕਿਲੋ 'ਚ ਰਵਿੰਦਰ ਸਿੰਘ ਹਰਿਆਣਾ, 96 ਕਿਲੋ 'ਚ ਅਨਿਲ ਮਾਨ ਰੇਲਵੇ ਤੇ +120 ਕਿਲੋ ਵਰਗ 'ਚ ਜੋਗਿੰਦਰ ਕੁਮਾਰ ਦਿੱਲੀ ਨੇ ਟੀਮ 'ਚ ਥਾਂ ਬਣਾਉਣ ਦਾ ਮਾਣ ਹਾਸਿਲ ਕੀਤਾ। ਸੁਪਰ ਹੈਵੀ ਵਰਗ 'ਚ ਜੋਗਿੰਦਰ ਤੋਂ ਇਲਾਵਾ ਪਲਵਿੰਦਰ ਚੀਮਾ, ਰਾਜੀਵ ਤੋਮਰ ਤੇ ਰੋਹਿਤ ਪਟੇਲ ਦਾ ਮੁਕਾਬਲਾ ਸੀ। ਰਾਜੀਵ ਤੇ ਰੋਹਿਤ ਨੇ ਅਣਫਿੱਟ ਹੋਣ ਕਾਰਨ ਟਰਾਇਲਾਂ 'ਚ ਹਿੱਸਾ ਹੀ ਨਹੀਂ ਲਿਆ। ਗ੍ਰੀਕੋ ਰੋਮਨ ਦੇ 55 ਕਿਲੋ ਵਰਗ 'ਚ ਰਾਜਿੰਦਰ ਰੇਲਵੇ 60 ਕਿਲੋ 'ਚ ਰਵਿੰਦਰ ਰੇਲਵੇ, 66 ਕਿਲੋ 'ਚ ਸੁਨੀਲ ਕੁਮਾਰ, 74 ਕਿਲੋ ਰਾਜਵੀਰ ਸ਼ਿਕਾਰਾ ਰੇਲਵੇ, 84 ਕਿਲੋ 'ਚ ਮਨੋਜ ਕੁਮਾਰ ਸੈਨਾ, 96 ਕਿਲੋ 'ਚ ਅਨਿਲ ਕੁਮਾਰ ਹਰਿਆਣਾ ਤੇ +120 ਕਿਲੋ ਧਰਮਿੰਦਰ ਰੇਲਵੇ ਵਿਸ਼ਵ ਚੈਂਪੀਅਨਸ਼ਿਪ ਭਾਰਤ ਦੀ ਨੁਮਾਇੰਦਗੀ ਕਰਨਗੇ। ਰਾਜ ਪੱਧਰ ਦੇ ਮੁਕਾਬਲਿਆਂ ਲਈ ਚੋਣ ਟਰਾਇਲ 26 ਜੁਲਾਈ ਨੂੰ ਫ਼ਿਰੋਜ਼ਪੁਰ, 23 ਜੁਲਾਈ - 5 ਅਗਸਤ ਨੂੰ ਜ਼ਿਲ੍ਹਾ ਬਰਨਾਲਾ ਵਿਖੇ ਰਾਜ ਪੱਧਰ ਦੇ ਮੁਕਾਬਲੇ 20-20 ਕ੍ਰਿਕਟ ਐਸੋਸੀਏਸ਼ਨ ਪੰਜਾਬ ਵੱਲੋਂ ਕਰਵਾਏ ਜਾਣਗੇ। ਜਿਸ ਵਿਚ ਜ਼ਿਲ੍ਹਾ ਪੱਧਰ ਦੀਆਂ ਟੀਮਾਂ ਸ਼ਾਮਿਲ ਹੋ ਰਹੀਆਂ ਹਨ। ਇਸ ਪ੍ਰਤੀਯੋਗਤਾ ਵਿਚ ਭਾਗ ਲੈਣ ਲਈ ਫ਼ਿਰੋਜ਼ਪੁਰ, ਬਠਿੰਡਾ ਅਤੇ ਤਰਨਤਾਰਨ ਜ਼ਿਲ੍ਹੇ ਦੀਆਂ ਟੀਮਾਂ ਦੀ ਚੋਣ ਸਬੰਧੀ 26 ਜੁਲਾਈ ਦਿਨ ਐਤਵਾਰ ਨੂੰ 11 ਵਜੇ ਸ਼ਹੀਦ ਭਗਤ ਸਿੰਘ ਸਟੇਡੀਅਮ ਫ਼ਿਰੋਜ਼ਪੁਰ ਵਿਖੇ ਟਰਾਇਲ ਲਏ ਜਾਣਗੇ। ਵਧਿਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦੀ ਚੋਣ ਉਪਰੰਤ ਟੀਮ ਤਿਆਰ ਕਰ ਰਾਜ ਪਧਰ ਦੇ ਮੁਕਾਬਲਿਆਂ ਵਿਚ ਭੇਜੀ ਜਾਵੇਗੀ। 43ਵੀਂ ਏਸ਼ੀਅਨ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਸ਼ੁਰੂ ਲੁਧਿਆਣਾ, 23 ਜੁਲਾਈ - ਔਰੰਗਾਬਾਦ ਵਿਖੇ 43ਵੀਂ ਏਸ਼ੀਅਨ ਬਾਡੀ ਬਿਲਡਿੰਗ ਚੈਂਪੀਅਨਸ਼ਿਪ 24 ਤੋਂ 27 ਜੁਲਾਈ ਤੱਕ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਲਈ 14 ਮੈਂਬਰੀ ਭਾਰਤੀ ਟੀਮ ਵਿਚ 6 ਖਿਡਾਰੀ ਪੰਜਾਬ ਦੇ ਸ਼ਾਮਿਲ ਹਨ। ਚੁਣੇ ਗਏ ਪੰਜਾਬ ਦੇ ਖਿਡਾਰੀਆਂ ਵਿਚ ਰਵੀ ਕੁਮਾਰ ਗੋਬਿੰਦਗੜ੍ਹ, ਰਵਿੰਦਰ ਪਾਲ ਸਿੰਘ ਜਲੰਧਰ, ਪ੍ਰਵੇਸ਼ ਕੁਮਾਰ, ਮਨਜੀਤ ਸਿੰਘ, ਜਗਜੀਤ ਸਿੰਘ, ਜਗਦੀਸ਼ ਕੁਮਾਰ ਸਾਰੇ ਪੰਜਾਬ ਪੁਲਿਸ ਤੋਂ ਚੁਣੇ ਗਏ ਹਨ। ਭਾਰਤੀ ਹਾਕੀ ਟੀਮ ਦੀ ਫਲਾਈਟ ਛੁੱਟ ਗਈ ਪੂਨੇ, 23 ਜੁਲਾਈ - ਭਾਰਤ ਦੀ ਸੀਨੀਅਰ ਹਾਕੀ ਟੀਮ ਨੇ ਅੱਜ ਦਿੱਲੀ ਦੇ ਹਵਾਈ ਅੱਡੇ ਤੋਂ ਆਪਣੇ 25 ਦਿਨਾ ਯੂਰਪ ਦੌਰੇ ਲਈ ਰਵਾਨਾ ਹੋਣਾ ਸੀ ਪਰ ਉਨ੍ਹਾਂ ਦੀ ਪੂਨੇ ਤੋਂ ਦਿੱਲੀ ਜਾਣ ਵਾਲੀ ਕਿੰਗਫਿਸ਼ਰ ਫਲਾਈਟ ਖੁੰਝ ਗਈ। ਤੈਅ ਪ੍ਰੋਗਰਾਮ ਅਨੁਸਾਰ ਭਾਰਤੀ ਟੀਮ ਨੇ ਪੂਨੇ ਤੋਂ ਦੇਰ ਰਾਤ ਦਿੱਲੀ ਦੇ ਹਵਾਈ ਅੱਡੇ 'ਤੇ ਪਹੁੰਚਣਾ ਸੀ। ਪਰ ਹਵਾਈ ਕੰਪਨੀ ਦੇ ਸੂਤਰਾਂ ਅਨੁਸਾਰ ਭਾਰਤੀ ਟੀਮ ਦੇ ਖਿਡਾਰੀ ਫਲਾਈਟ ਉੱਡਣ ਤੋਂ ਕੁਝ ਸਮਾਂ ਪਹਿਲਾਂ ਹੀ ਹਵਾਈ ਅੱਡੇ 'ਤੇ ਪਹੁੰਚੇ ਸਨ। ਜਿਸ ਕਾਰਨ ਭਾਰਤੀ ਟੀਮ ਜਹਾਜ਼ 'ਚ ਸਵਾਰ ਹੋਣ ਤੋਂ ਰਹਿ ਗਈ। ਦੂਜੇ ਪਾਸੇ ਟੀਮ ਪ੍ਰਬੰਧਕਾਂ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਹ ਸਮੇਂ ਸਿਰ ਪਹੁੰਚ ਗਏ ਸਨ ਜਦਕਿ ਫਲਾਈਟ ਉਨ੍ਹਾਂ ਦੇ ਆਉਣ ਤੋਂ ਤਕਰੀਬਨ 35 ਮਿੰਟ ਦੇਰੀ ਨਾਲ ਉੱਡੀ ਪਰ ਫਿਰ ਵੀ ਟੀਮ ਦੇ ਕਿਸੇ ਖਿਡਾਰੀ ਨੂੰ ਵੀ ਜਹਾਜ਼ 'ਚ ਦਾਖਲ ਨਾ ਹੋਣ ਦਿੱਤਾ ਗਿਆ। ਏਸ਼ੀਅਨ ਚੈਂਪੀਅਨਸ਼ਿਪ 'ਚ ਨਵਜੋਤ ਕੌਰ ਨੇ ਸੋਨ ਤਗਮੇ 'ਤੇ ਕੀਤਾ ਕਬਜ਼ਾ ਪਟਿਆਲਾ, 23 ਜੁਲਾਈ - ਏਸ਼ੀਅਨ ਜੂਨੀਅਰ ਕੁਸ਼ਤੀ ਚੈਂਪੀਅਨਸ਼ਿਪ ਜੋ ਕਿ ਮਨੀਲਾ 'ਚ ਕਰਵਾਈ ਗਈ। ਇਸ ਚੈਂਪੀਅਨਸ਼ਿਪ 'ਚ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਬਾਗੜੀਆਂ ਦੀ ਜੰਪਪਲ ਨਵਜੋਤ ਕੌਰ 'ਤੇ ਸੋਨ ਤਗਮਾ ਜਿੱਤਿਆ। ਇਹ 19 ਸਾਲ ਮੁਟਿਆਰ ਬਾਬਾ ਬੁੱਢਾ ਸਾਹਿਬ ਕਾਲਜ ਝਬਾਲ ਵਿਖੇ ਬੀ.ਏ. ਭਾਗ ਪਹਿਲਾ ਦੀ ਵਿਦਿਆਰਥਣ ਹੈ ਅਤੇ ਅੱਜ ਕੱਲ੍ਹ ਐਨ.ਆਈ.ਐਸ. ਪਟਿਆਲਾ ਵਿਖੇ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਲਈ ਤਿਆਰੀ ਕਰ ਰਹੀ ਹੈ। ਆਪਣੀ ਵੱਡੀ ਭੈਣ ਨਵਜੀਤ ਕੌਰ ਨੂੰ ਦੇਖ ਕੇ ਅਤੇ ਪਿਤਾ ਦੀ ਤਮੰਨਾ ਅਨੁਸਾਰ ਕੁਸ਼ਤੀ ਦੇ ਖੇਤਰ 'ਚ ਪੈਰ ਧਰਨ ਵਾਲੀ ਨਵਜੋਤ ਕੌਰ ਕੋਚ ਅਸ਼ੋਕ ਕੁਮਾਰ ਤਰਨਤਾਰਨ ਦੀ ਸ਼ਗਿਰਦ ਹੈ। 2005 'ਚ ਕੁਸ਼ਤੀ ਸ਼ੁਰੂ ਕਰਨ ਵਾਲੀ ਨਵਜੋਤ ਕੌਰ ਨੇ ਪਹਿਲੇ ਸਾਲ ਕੌਮੀ ਕੈਡੇਟ ਚੈਂਪੀਅਨਸ਼ਿਪ 'ਚ ਕਾਂਸੀ, 2007 'ਚ ਕੈਡੇਟ ਤੇ ਜੂਨੀਅਰ ਕੌਮੀ ਚੈਂਪੀਅਨਸ਼ਿਪ 'ਚ ਸੋਨ, 2008 'ਚ ਜੂਨੀਅਰ ਨੈਸ਼ਨਲ 'ਚ ਫਿਰ ਸੋਨ ਤਗਮਾ ਜਿੱਤਿਆ ਅਤੇ ਇਸ ਵਰ੍ਹੇ ਸੀਨੀਅਰ ਵਰਗ 'ਚ ਕੈਨੇਡਾ ਵਿਖੇ ਇਕ ਕੌਮਾਂਤਰੀ ਟੂਰਨਾਮੈਂਟ 'ਚ ਦੇਸ਼ ਦੀ ਪ੍ਰਤੀਨਿਧਤਾ ਕਰਕੇ ਚੌਥਾ ਸਥਾਨ ਹਾਸਲ ਕੀਤਾ। ਕੁਝ ਦਿਨ ਪਹਿਲਾਂ ਉਸ ਨੇ ਜੂਨੀਅਰ ਏਸ਼ੀਅਨ ਚੈਂਪੀਅਨਸ਼ਿਪ 'ਚ ਸੋਨ ਤਗਮਾ ਜਿੱਤ ਕੇ ਹੁਣ ਤੱਕ ਵੀ ਸਭ ਤੋਂ ਵੱਡੀ ਪ੍ਰਾਪਤੀ ਕੀਤੀ ਹੈ। ਇਸ ਵੇਲੇ ਨਵਜੋਤ ਕੌਰ 68 ਕਿਲੋ ਵਰਗ 'ਚ ਖੇਡਣ ਵਾਲੀ ਨਵਜੋਤ ਕੌਰ ਦੇ ਭਵਿੱਖ 'ਚ ਸੀਨੀਅਰ ਪਹਿਲਵਾਨ ਗੀਤਿਕਾ ਜਾਖੜ ਤੇ ਸੁਮਨ ਕੁੰਡੂ ਨਾਲ ਹੋਵੇਗਾ। ਉਸ ਦਾ ਨਿਸ਼ਾਨਾ ਵਿਸ਼ਵ ਚੈਂਪੀਅਨ ਬਣਨਾ ਹੈ। ਸ: ਸੁਖਚੈਨ ਸਿੰਘ ਦੀ ਲਾਡਲੀ ਸਪੁੱਤਰੀ ਨਵਜੋਤ ਕੌਰ ਨੂੰ ਇਹ ਪ੍ਰਾਪਤੀ ਕਰਨ ਉਪਰੰਤ ਅਜੇ ਤੱਕ ਕਿਸੇ ਨੇ ਵੀ ਬਣਦਾ ਸਤਿਕਾਰ ਦੇਣਾ ਵਾਜ਼ਬ ਨਹੀਂ ਸਮਝਿਆ। ਰਾਸ਼ਟਰਮੰਡਲ ਖੇਡਾਂ 2010 ਦੀ ਤਿਆਰੀ ਲਈ ਭਾਰਤੀ ਟੀਮ ਦਾ ਯੂਰਪ ਦੌਰਾ 27 ਤੋਂ ਲੁਧਿਆਣਾ/ਜਲੰਧਰ, 22 ਜੁਲਾਈ - ਰਾਸ਼ਟਰਮੰਡਲ ਖੇਡਾਂ ਅਤੇ ਵਿਸ਼ਵ ਕੱਪ ਜੋ ਕਿ 2010 'ਚ ਕਰਵਾਇਆ ਜਾ ਰਿਹਾ ਹੈ। ਇਸ ਦੇ ਲਈ ਭਾਰਤੀ ਟੀਮ ਦੇ ਵਿਦੇਸ਼ੀ ਕੋਚ ਜੋਸ ਮੈਨੂਅਲ ਬਰਾਸਾ ਦੀ ਅਗਵਾਈ ਹੇਠ ਭਾਰਤੀ ਹਾਕੀ ਟੀਮ ਦਾ ਪਹਿਲਾਂ ਯੂਰਪੀਨ ਮੁਲਕਾਂ ਦਾ ਦੌਰਾ 27 ਜੁਲਾਈ ਤੋਂ ਸ਼ੁਰੂ ਹੋਵੇਗਾ। ਇਸ ਦੌਰੇ ਦੌਰਾਨ ਭਾਰਤੀ ਟੀਮ ਇੰਗਲੈਂਡ ਵਿਰੁੱਧ 4 ਬੈਲਜੀਅਮ, ਸਪੇਨ ਵਿਰੁੱਧ 3-3 ਅਤੇ ਹਾਲੈਂਡ ਵਿਰੁੱਧ 2 ਟੈਸਟ ਮੈਚ ਸਮੇਤ ਕੁੱਲ 12 ਮੈਚ ਖੇਡੇਗੀ। ਇਸ 25 ਦਿਨਾਂ ਦੌਰੇ ਦੌਰਾਨ ਭਾਰਤੀ ਟੀਮ ਸੰਦੀਪ ਸਿੰਘ ਦੀ ਅਗਵਾਈ ਹੇਠ ਆਪਣੀ ਜ਼ੋਰ ਅਜ਼ਮਾਈ ਕਰੇਗੀ। ਯਾਦ ਰਹੇ ਇਸ ਤੋਂ ਪਹਿਲਾਂ 1992 ਬਾਰਸੀਲੋਨਾ ਉਲੰਪੀਅਨ ਭਾਰਤੀ ਟੀਮ ਨੇ ਯੂਰਪੀਨ ਮੁਲਕਾਂ ਦਾ ਦੌਰਾ ਕੀਤਾ ਸੀ, ਜਿਸ ਵਿਚ ਭਾਰਤੀ ਟੀਮ ਨੇ ਕੁੱਲ ਖੇਡੇ 11 ਮੈਚਾਂ ਵਿਚੋਂ 9 ਜਿੱਤੇ, ਇਕ ਬਰਾਬਰ ਅਤੇ ਸਿਰਫ਼ ਇਕ ਹਾਰਿਆ ਸੀ, ਪਰ ਇਸ ਜਿੱਤ ਦੇ ਵਾਧੂ ਆਤਮ ਵਿਸ਼ਵਾਸ਼ ਵਿਚ ਡੁੱਬੀ ਭਾਰਤੀ ਟੀਮ ਉਲੰਪਿਕ ਖੇਡਾਂ ਵਿਚ ਦੀਵਾ ਲਾਇਆ ਵੀ ਕਿਤੇ ਨਹੀਂ ਲੱਭੀ ਸੀ। ਇਸ ਮੌਕੇ 'ਤੇ ਭਾਰਤੀ ਟੀਮ ਦੇ ਕਪਤਾਨ ਸੰਦੀਪ ਸਿੰਘ ਨੇ ਆਖਿਆ ਕਿ ਯੂਰਪੀ ਮੁਲਕਾਂ ਦਾ ਦੌਰਾ ਵਿਸ਼ਵ ਕੱਪ ਦੀ ਤਿਆਰੀ ਲਈ ਸਾਡੇ ਲਈ ਕਾਫ਼ੀ ਸਹਾਈ ਹੋਵੇਗਾ। ਭਾਰਤੀ ਖਿਡਾਰੀਆਂ ਦੀ ਇਸ ਦੌਰੇ ਦੌਰਾਨ ਜਿੱਥੇ ਫਿਟਨੈੱਸ ਦੀ ਪਰਖ਼ ਹੋਵੇਗੀ ਉਥੇ ਵੱਡੇ ਟੂਰਨਾਮੈਂਟਾਂ ਦੌਰਾਨ ਅਸੀਂ ਇਨ੍ਹਾਂ ਟੀਮਾਂ ਵਿਰੁੱਧ ਜੋ ਆਮ ਤੌਰ 'ਤੇ ਗਲਤੀਆਂ ਕਰਦੇ ਹਾਂ ਉਨ੍ਹਾਂ ਵਿਚ ਸੁਧਾਰ ਹੋਵੇਗਾ। ਇਸ ਦੌਰੇ ਦਾ ਭਾਰਤੀ ਟੀਮ ਨੂੰ ਇਕ ਵੱਖਰਾ ਹੀ ਅਨੁਭਵ ਮਿਲੇਗਾ ਕਿਉਂਕਿ ਅੱਜ ਦੀ ਘੜੀ ਜੇਕਰ ਦੁਨੀਆਂ ਦੀ ਹਾਕੀ ਵਿਚ ਕਿਸੇ ਮੁਲਕ ਨੇ ਆਪਣੀ ਵਧੀਆਂ ਹੋਂਦ ਨੂੰ ਜਿਤਾਉਣਾ ਹੈ ਤਾਂ ਉਸਨੂੰ ਵੱਧ ਤੋਂ ਵੱਧ ਯੂਰਪੀ ਮੁਲਕਾਂ ਵਿਰੁੱਧ ਹਾਕੀ ਖੇਡਣੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਨਵੇਂ ਕੋਚ ਜੋਸ ਬਰਾਸਾ ਨੇ ਸਾਰੀ ਟੀਮ ਨੂੰ ਇਨ੍ਹਾਂ ਮੁਲਕਾਂ ਵਿਰੁੱਧ ਖੇਡਣ ਦੀ ਨਵੀਂ ਤਕਨੀਕ ਤੋਂ ਜਾਣੂ ਕਰਵਾਇਆ। ਸੰਦੀਪ ਸਿੰਘ ਨੇ ਆਖਿਆ ਕਿ ਭਾਵੇਂ ਇਸ ਦੌਰੇ ਦੌਰਾਨ ਸਾਨੂੰ ਟੀਮ ਦੇ ਸੀਨੀਅਰ ਖਿਡਾਰੀ ਦਲੀਪ ਟਿਰਕੀ ਅਤੇ ਜਖ਼ਮੀ ਹੋਏ ਗੋਲ ਕੀਪਰ ਬਲਜੀਤ ਸਿੰਘ ਦੀ ਘਾਟ ਰੜਕੇਗੀ ਪਰ ਫੇਰ ਵੀ ਸਾਰੇ ਖਿਡਾਰੀਆਂ ਦਾ ਮਨੋਬਲ ਕਾਫ਼ੀ ਉੱਚਾ ਹੈ। ਕਪਤਾਨ ਸੰਦੀਪ ਸਿੰਘ ਤੋਂ ਇਲਾਵਾ ਭਾਰਤੀ ਟੀਮ ਵਿਚ ਗੋਲ ਕੀਪਰ ਐਡਰਿਨ ਡਿਸੂਜਾ, ਪੀ. ਆਰ. ਸ੍ਰੀ ਜੇਸ, ਫੁਲਬਾਇਕ ਬੀ ਰਘੁਨਾਥ, ਗੁਰਵਾਜ ਸਿੰਘ, ਵਿਕਰਮ ਪਿਲੇ, ਅੰਗਨੇਸ਼ ਟਿਰਕੀ, ਪ੍ਰਬੋਦ ਟਿਰਕੀ, ਸਰਦਾਰਾ ਸਿੰਘ ਨਾਮਧਾਰੀ, ਅਜੀਤੇਸ ਰਾਏ, ਬੀ. ਐਸ. ਬੀਨੇ, ਧੰਨਰਾਜ, ਮਹਾਂਧਿਕ, ਫਾਰਵਡਜ਼ ਲਾਇਨ ਵਿਚ ਰਾਜਪਾਲ ਸਿੰਘ ਚੰਡੀਗੜ੍ਹ, ਪ੍ਰਭਜੋਤ ਸਿੰਘ, ਗੁਰਵਿੰਦਰ ਸਿੰਘ ਚੰਦੀ, ਤੁਸ਼ਾਰ ਖੰਡੇਕਰ, ਸ਼ੁਵਿੰਦਰ ਸਿੰਘ, ਅਰਜਨ ਹਲੱਪਾ, ਹਰੀ ਪ੍ਰਸ਼ਾਦ, ਐਸ. ਬੀ. ਸੁਨੀਲ, ਭਾਰਤ ਚਿਤਕਾਰਾ, ਰਵੀਪਾਲ ਸਿੰਘ ਸੰਸਾਰਪੁਰ, ਵਰਿੰਦਰ ਲਾਕੜਾ ਹੋਣਗੇ। ਧਰੁਵ ਪਾਂਡਵ ਅੰਡਰ-19 ਕ੍ਰਿਕਟ ਟਰਾਫੀ ਜਲੰਧਰ, 22 ਜੁਲਾਈ - ਜਲੰਧਰ ਦੇ ਬਰਲਟਨ ਪਾਰਕ ਕ੍ਰਿਕਟ ਸਟੇਡੀਅਮ 'ਚ ਧਰੁਵ ਪਾਂਡਵ ਅੰਡਰ-19 ਕ੍ਰਿਕਟ ਟਰਾਫੀ ਚੱਲ ਰਹੀ ਹੈ। ਇਸ ਦੇ ਸੈਮੀਫਾਈਨਲ ਮੈਚ ਵਿਚ ਚੰਡੀਗੜ੍ਹ ਦੀ ਕ੍ਰਿਕਟ ਟੀਮ ਨੇ ਟਾਸ ਜਿੱਤ ਕੇ ਪਹਿਲੇ ਦਿਨ ਪਹਿਲਾਂ ਬੱਲੇਬਾਜ਼ੀ ਕਰਦਿਆਂ 89.5 ਓਵਰਾਂ ਵਿਚ 314 ਦੌੜਾਂ ਬਣਾ ਕੇ ਆਊਟ ਹੋ ਗਈ। ਇਸ ਵਿਚ ਮੰਨਣ ਵੋਹਰਾ ਨੇ 80, ਸੌਰਵ ਪੁਰੀ ਨੇ 69, ਸੁਰਿੰਦਰ ਸਿੰਘ ਨੇ 56, ਨਵੀਨ ਧੀਮਾਨ ਨੇ 33 ਅਤੇ ਅੰਸ਼ੁਲ ਤ੍ਰਿਪਾਠੀ ਨੇ 31 ਦੌੜਾਂ ਦਾ ਯੋਗਦਾਨ ਪਾਇਆ। ਜਲੰਧਰ ਟੀਮ ਦੇ ਗੇਂਦਬਾਜ਼ ਯੋਗੇਸ਼ ਨੇ 102 ਦੌੜਾਂ ਦੇ ਕੇ 5 ਅਤੇ ਗੁਰਕੀਰਤ ਸਿੰਘ ਨੇ ਵੀ 105 ਦੌੜਾਂ ਦੇ ਕੇ 5 ਖਿਡਾਰੀਆਂ ਨੂੰ ਆਊਟ ਕੀਤਾ। ਖੇਡ ਖਤਮ ਹੋਣ ਤੱਕ ਜਲੰਧਰ ਦੀ ਟੀਮ ਨੇ ਜਵਾਬ ਵਿਚ ਬੱਲੇਬਾਜ਼ੀ ਕਰਦਿਆਂ ਬਿਨਾਂ ਕੋਈ ਵਿਕਟ ਗਵਾਏ 14 ਦੌੜਾਂ ਬਣਾਈਆਂ। ਇਸ ਦੇ ਸਲਾਮੀ ਬੱਲੇਬਾਜ਼ ਹਿਮਾਂਸ਼ੂ, ਸਤਿਅਮ ਅਤੇ ਪਰਗਟ ਸਿੰਘ ਕਰੀਜ਼ 'ਤੇ ਮੌਜੂਦ ਸਨ। 23 ਜੁਲਾਈ ਨੂੰ ਦੂਜੇ ਦਿਨ ਦੀ ਖੇਡ ਹੋਵੇਗੀ। ਰਾਜ ਪੱਧਰੀ ਵਾਲੀਬਾਲ ਚੈਂਪੀਅਨਸ਼ਿਪਾਂ ਵੱਖ-ਵੱਖ ਜ਼ਿਲ੍ਹਿਆਂ 'ਚ ਲੁਧਿਆਣਾ, 22 ਜੁਲਾਈ - ਪੰਜਾਬ ਵਾਲੀਬਾਲ ਐਸੋਸੀਏਸ਼ਨ ਦਾ ਸਾਲਾਨਾ ਜਨਰਲ ਇਜਲਾਸ ਪ੍ਰਧਾਨ ਸ੍ਰੀ ਰਾਜਨ ਗੁਪਤਾ ਆਈ. ਪੀ. ਐਸ ਦੀ ਸਰਪ੍ਰਸਤੀ ਹੇਠ ਹੋਇਆ ਜਿਸ ਵਿਚ ਸਾਲ 2008-09 ਦਾ ਲੇਖਾ ਜੋਖਾ ਕੀਤਾ ਗਿਆ। ਇਸ ਤੋਂ ਇਲਾਵਾ ਸਾਲਾਨਾ ਖੇਡ ਕੈਲੰਡਰ ਤਿਆਰ ਕੀਤਾ ਗਿਆ ਅਤੇ ਵੱਖ-ਵੱਖ ਰਾਜ ਪੱਧਰੀਆਂ ਚੈਂਪੀਅਨਸ਼ਿਪਾਂ ਵੱਖ-ਵੱਖ ਜਿਲ੍ਹਿਆਂ ਨੂੰ ਅਲਾਟ ਕੀਤੀਆਂ ਗਈਆਂ। ਇਸ ਸਾਲ ਦੀ ਸੀਨੀਅਰ ਰਾਜ ਪੱਧਰੀ ਵਾਲੀਬਾਲ ਚੈਂਪੀਅਨਸ਼ਿਪ ਨਵੰਬਰ ਮਹੀਨੇ ਖਡੂਰ ਸਾਹਿਬ ਵਿਖੇ ਹੋਵੇਗੀ, ਜਦਕਿ ਸਬ ਜੂਨੀਅਰ ਪਟਿਆਲਾ ਵਿਖੇ ਅਤੇ ਜੂਨੀਅਰ ਚੈਂਪੀਅਨਸ਼ਿਪ ਬਠਿੰਡਾ ਵਿਖੇ ਕਰਵਾਈ ਜਾਵੇਗੀ। ਪਟਿਆਲਾ ਵਿਖੇ ਸਬ ਜੂਨੀਅਰ ਚੈਂਪੀਅਨਸ਼ਿਪ ਦੌਰਾਨ ਸਤੰਬਰ ਮਹੀਨੇ ਪੰਜਾਬ ਦੇ ਰੈਫ਼ਰੀਆਂ ਦਾ ਇਮਤਿਹਾਨ ਵੀ ਲਿਆ ਜਾਵੇਗਾ। ਪਾਸ ਹੋਣ ਵਾਲੇ ਰੈਫ਼ਰੀ ਵਾਲੀਬਾਲ ਫੈਡਰੇਸ਼ਨ ਆਫ ਇੰਡੀਆ ਵੱਲੋਂ ਕਰਵਾਈਆਂ ਜਾਣ ਵਾਲੀਆਂ ਕੌਮੀ ਪੱਧਰ ਦੇ ਰੈਫ਼ਰੀਆਂ ਦੇ ਇਮਤਿਹਾਨ ਲਈ ਕੁਆਲੀਫਾਈ ਕਰਨਗੇ। ਜ਼ਿਲ੍ਹਾ ਪੱਧਰੀ ਗੱਤਕਾ ਅਕੈਡਮੀਆਂ ਖੋਲ੍ਹਣ ਦਾ ਫੈਸਲਾ ਜਲੰਧਰ, 22 ਜੁਲਾਈ - ਪੰਜਾਬ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਪੰਜਾਬ ਵਿਜੀਲੈਂਸ ਵਿਭਾਗ ਦੇ ਜੁਆਇੰਟ ਡਾਇਰੈਕਟਰ ਸ: ਹਰਚਰਨ ਸਿੰਘ ਭੁੱਲਰ ਨੇ ਖਰੜ ਵਿਖੇ ਸ਼ਹੀਦ ਕਾਂਸ਼ੀ ਰਾਮ ਕਾਲਜ ਭਾਗੋਮਾਜਰਾ ਵਿਖੇ ਗੱਤਕਾ ਐਸੋਸੀਏਸ਼ਨ ਵੱਲੋਂ 3 ਦਿਨਾਂ ਗੱਤਕਾ ਰਿਫਰੈਸ਼ਰ ਕੋਰਸ-ਕਮ-ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦੇ ਆਖਰੀ ਦਿਨ ਪ੍ਰਾਪਤ ਕਰਨ ਵਾਲੇ ਕੋਚਾਂ, ਰੈਫਰੀਆਂ ਅਤੇ ਜੱਜਾਂ ਆਦਿ ਨੂੰ ਐਸੋਸੀਏਸ਼ਨ ਵੱਲੋਂ ਵਿਸ਼ੇਸ਼ ਸਨਮਾਨ ਅਤੇ ਸਰਟੀਫਿਕੇਟਾਂ ਦੀ ਵੰਡ ਸਮੇਂ ਕੀਤਾ। ਪੰਜਾਬ ਗੱਤਕਾ ਐਸੋਸੀਏਸ਼ਨ ਵੱਲੋਂ ਐਲਾਨ ਕੀਤਾ ਗਿਆ ਕਿ ਜ਼ਿਲ੍ਹਾ ਪੱਧਰ 'ਤੇ ਗੱਤਕਾ ਅਕੈਡਮੀਆਂ ਸਥਾਪਿਤ ਕੀਤੀਆਂ ਜਾਣਗੀਆਂ ਜਿੱਥੇ ਕਿ ਉਭਰਦੇ ਨੌਜਵਾਨ ਗੱਤਕੇਬਾਜ਼ਾਂ ਨੂੰ ਬਿਹਤਰੀਨ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਮਾਰਸ਼ਲ ਆਰਟਸ ਰਿਸਰਚ ਤੇ ਟ੍ਰੇਨਿੰਗ ਬੋਰਡ (ਮਰਤਬ) ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਦਾ ਮੁੱਖ ਉਦੇਸ਼ ਗੱਤਕਾ ਖੇਡ ਦੀ ਮਕਬੂਲੀਅਤ ਨੂੰ ਵਧਾਉਣਾ ਅਤੇ ਇਸ ਨੂੰ ਪਿੰਡ ਪੱਧਰ 'ਤੇ ਲੈ ਕੇ ਅੰਤਰਰਾਸ਼ਟਰੀ ਪੱਧਰ ਤੱਕ ਹੋਣ ਵਾਲੀਆਂ ਖੇਡਾਂ ਵਿਚ ਸ਼ਾਮਿਲ ਕਰਵਾਉਣਾ ਹੈ। ਹਰਮਨਪ੍ਰੀਤ ਨੇ ਕਰਵਾਈ ਭਾਰਤ ਦੀ ਵਾਹ ਵਾਹ ਮਾਛੀਵਾੜਾ, 22 ਜੁਲਾਈ - ਵਰਲਡ ਯੂਥ ਐਂਡ ਸਟੂਡੈਂਟ ਚੈਂਪੀਅਨਸ਼ਿਪ ਬਲਾਈਂਡ ਖੇਡਾਂ ਜੋ ਕਿ ਅਮਰੀਕਾ ਵਿਚ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਦੌਰਾਨ ਸ਼ਾਟਪੁੱਟ ਵਿੱਚ ਹਰਮਨਪ੍ਰੀਤ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇੱਕ ਸੋਨੇ ਦਾ ਤਗਮਾ ਅਤੇ ਦੌੜ ਵਿੱਚ ਇੱਕ ਕਾਂਸੀ ਦਾ ਤਗਮਾ ਜਿੱਤ ਕੇ ਜਿੱਥੇ ਭਾਰਤ ਦਾ ਨਾਮ ਪੂਰੀ ਦੁਨੀਆਂ 'ਚ ਰੌਸ਼ਨ ਕੀਤਾ ਉੱਥੇ ਇਤਿਹਾਸਕ ਇਲਾਕੇ ਮਾਛੀਵਾੜਾ ਦਾ ਨਾਮ ਵੀ ਚਮਕਾਇਆ ਹੈ। ਵਿਦੇਸ਼ਾਂ 'ਚ ਜਿੱਤ ਦੇ ਝੰਡੇ ਗੱਡਣ ਤੋਂ ਬਾਅਦ ਦੇਸ਼ ਪਰਤੀ ਹਰਮਨਪ੍ਰੀਤ ਕੌਰ ਜਿਉਂ ਹੀ ਮਾਛੀਵਾੜਾ ਵਿੱਚ ਪੁੱਜੀ ਤਾਂ ਇਲਾਕੇ ਦੀਆਂ ਸਮਾਜ ਸੇਵੀ, ਖੇਡ ਕਲੱਬਾਂ ਅਤੇ ਪੰਚਾਇਤਾਂ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਭਰਵਾਂ ਸਵਾਗਤ ਕੀਤਾ ਅਤੇ ਹੋਰ ਅਨੇਕਾਂ ਕਿਸਮ ਦੇ ਤੋਹਫੇ ਦੇ ਕੇ ਉਸਦੀ ਹੌਸਲਾ ਹਫਜਾਈ ਕੀਤੀ। ਹਰਮਨਪ੍ਰੀਤ ਕੌਰ ਦਾ ਸਨਮਾਨ ਕਰਨ ਵਾਲੀਆਂ ਸੰਸਥਾਵਾਂ ਵਿੱਚ ਚੰਡੀਗੜ੍ਹ ਪੰਜਾਬ ਯੂਨੀਅਨ ਆਫ਼ ਜਰਨਲਿਸਟ ਤਹਿਸੀਲ ਸਮਰਾਲਾ, ਪੰਜਾਬੀ ਸੱਭਿਆਚਾਰਕ ਕੇਂਦਰ ਮਾਛੀਵਾੜਾ, ਭ੍ਰਿਸ਼ਟਾਚਾਰ ਵਿਰੋਧੀ ਫਰੰਟ, ਚਰਨ ਕੰਵਲ ਚੌਂਕ ਸ਼ਾਪਕੀਪਰ ਐਸੋਸੀਏਸ਼ਨ, ਇੰਟਰਨੈਸ਼ਨਲ ਸਿੱਖ ਅਜਾਇਬ ਘਰ, ਤਰਕਸ਼ੀਲ ਸੁਸਾਇਟੀ ਮਾਛੀਵਾੜਾ, ਭਾਰਤੀ ਕਿਸਾਨ ਯੂਨੀਅਨ, ਇੰਟਰਨੈਸ਼ਨਲ ਮੀਰੀ ਪੀਰੀ ਗੱਤਕਾ ਅਖਾੜਾ, ਇੰਟਰਨੈਸ਼ਨਲ ਗਨੀ ਖਾਂ ਨਬੀ ਖਾਂ ਸੇਵਾ ਸੁਸਾਇਟੀ ਆਦਿ ਜਿਕਰਯੋਗ ਹਨ। ਉੱਤਰ ਜ਼ੋਨ ਸਾਫਟਬਾਲ ਚੈਂਪੀਅਨਸ਼ਿਪ ਲਈ ਪੰਜਾਬ ਦੀਆਂ ਟੀਮਾਂ ਦਾ ਐਲਾਨ ਲੁਧਿਆਣਾ, 22 ਜੁਲਾਈ - ਅੰਮ੍ਰਿਤਸਰ ਵਿਖੇ ਉਤਰ ਜ਼ੋਨ ਸਾਫ਼ਟਬਾਲ ਚੈਂਪੀਅਨਸ਼ਿਪ 24-26 ਜੁਲਾਈ ਤੱਕ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਲਈ ਪੰਜਾਬ ਦੇ ਮੁੰਡਿਆਂ ਅਤੇ ਕੁੜੀਆਂ ਦੀਆਂ ਟੀਮਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਮੁੰਡਿਆਂ ਦੇ ਵਰਗ ਵਿਚ ਪੰਜਾਬ ਟੀਮ ਦੀ ਅਗਵਾਈ ਅੰਮ੍ਰਿਤਸਰ ਦੇ ਸ੍ਰੀ ਵਿਕਾਸ ਕੁਮਾਰ ਅਤੇ ਕੁੜੀਆਂ ਵਿਚ ਜਲੰਧਰ ਦੀ ਮਮਤਾ ਟੀਮ ਦੀ ਕਪਤਾਨੀ ਕਰੇਗੀ। ਦੋਵਾਂ ਟੀਮਾਂ ਦੇ ਖਿਡਾਰੀਆਂ ਦੇ ਨਾਮ ਇਸ ਤਰ੍ਹਾਂ ਹਨ। ਮੁੰਡੇ-ਵਿਕਾਸ ਕੁਮਾਰ (ਕਪਤਾਨ), ਗੁਰਪ੍ਰੀਤ ਸਿੰਘ, ਜਗਜੀਤ ਸਿੰਘ, ਲਵਰਿਸ਼ੀ, ਦਿਲਸ਼ਾਦ ਸਿੰਘ ਸੰਧੂ, ਸੰਜੀਵ ਕੁਮਾਰ (ਸਾਰੇ ਅੰਮ੍ਰਿਤਸਰ ਤੋਂ), ਪਵਨ ਕੁਮਾਰ ਅਤੇ ਜੋਬਨਜੀਤ ਸਿੰਘ (ਦੋਵੇਂ ਗੁਰਦਾਸਪੁਰ ਤੋਂ), ਰਾਹੁਲ ਸੈਣੀ, ਦਿਨੇਸ਼ ਕੁਮਾਰ, ਮਹਿਤਾਬ ਸਿੰਘ (ਸਾਰੇ ਜਲੰਧਰ ਤੋਂ), ਅਰੁਣ ਕੁਮਾਰ, ਦੀਪਕ ਕੁਮਾਰ, ਵਿਕਰਮ (ਤਿੰਨੇ ਲੁਧਿਆਣਾ ਤੋਂ), ਗੁਰਪ੍ਰੀਤ ਸਿੰਘ ਪਟਿਆਲਾ, ਟੀਮ ਦੇ ਕੋਚ ਇੰਦਰਬੀਰ ਸਿੰਘ ਅਤੇ ਚਮਕੌਰ ਸਿੰਘ ਹੋਣਗੇ, ਜਦਕਿ ਟੀਮ ਦੇ ਮੈਨੇਜਰ ਉਂਕਾਰ ਸਿੰਘ ਹੋਣਗੇ। ਕੁੜੀਆਂ-ਮਮਤਾ (ਕਪਤਾਨ), ਮੋਨਿਕਾ, ਰੀਨਾ, ਰੇਖਾ, ਜਗਦੀਪ ਕੌਰ, ਨੇਹਾ (ਸਾਰੀਆਂ ਜਲੰਧਰ ਤੋਂ), ਸੁਖਜੀਤ ਕੌਰ, ਲਵਨੀਤ ਕੌਰ, ਅਰਸ਼ੀ, ਅਮਨਦੀਪ ਕੌਰ ਭੁੱਲਰ, ਸੰਦੀਪ ਕੌਰ, ਨਵਨੀਤ ਕੌਰ, ਨਿਰਮਤਾ ਸਿੰਘ, ਨਿਰਮਲ ਕੌਰ (ਸਾਰੀਆਂ ਲੁਧਿਆਣਾ ਤੋਂ), ਦਵਿੰਦਰ ਕੌਰ ਗੁਰਦਾਸਪੁਰ, ਟੀਮ ਦੇ ਕੋਚ ਸ੍ਰੀਮਤੀ ਰੁਪਿੰਦਰ ਕੌਰ, ਸਤੀਸ਼ ਕੁਮਾਰ ਅਤੇ ਟੀਮ ਦੇ ਮੈਨੇਜਰ ਦਲਜੀਤ ਕੌਰ ਹੋਣਗੇ। ਪੰਜਾਬ ਚੈਂਪੀਅਨਸ਼ਿਪ ਅਕਤੂਬਰ 'ਚ ਰਾਮਪੁਰਾ ਫੂਲ, 21 ਜੁਲਾਈ - ਅਮੈਚਿਓਰ ਕਬੱਡੀ ਫੈਡਰੇਸ਼ਨ ਆਫ ਇੰਡੀਆ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੂੰ ਸਰਕਲ ਸਟਾਈਲ ਕਬੱਡੀ ਦਾ ਚੀਫ ਪੈਟਰਨ ਅਤੇ ਸਾਬਕਾ ਬਿਜਲੀ ਮੰਤਰੀ ਅਤੇ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸ: ਸਿਕੰਦਰ ਸਿੰਘ ਮਲੂਕਾ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਪੰਜਾਬ ਕਬੱਡੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ: ਗੁਰਦੀਪ ਸਿੰਘ ਮੱਲੀ ਨੂੰ ਫੈਡਰੇਸ਼ਨ ਦਾ ਸੰਗਠਨ ਸਕੱਤਰ ਨਾਮਜ਼ਦ ਕੀਤਾ ਗਿਆ ਹੈ। ਸਰਕਲ ਸਟਾਈਲ ਅਤੇ ਨੈਸ਼ਨਲ ਸਟਾਈਲ ਕਬੱਡੀ ਦੀ ਪੰਜਾਬ ਚੈਂਪੀਅਨਸ਼ਿਪ ਅਕਤੂਬਰ ਮਹੀਨੇ 'ਚ ਰਾਮਪੁਰਾ ਬਲਾਕ ਵਿਚ ਅਮੈਚਿਓਰ ਕਬੱਡੀ ਫੈਡਰੇਸ਼ਨ ਆਫ਼ ਇੰਡੀਆ ਵੱਲੋਂ ਕਰਵਾਈ ਜਾਵੇਗੀ। ਸਤੰਬਰ ਮਹੀਨੇ ਵਿਚ 32 ਅਕੈਡਮੀਆਂ ਦੇ ਮੈਚ ਕਰਵਾਏ ਜਾਣਗੇ। ਐਸੋਸੀਏਸ਼ਨ ਵੱਲੋਂ ਬਾਬਾ ਫਰੀਦ ਮੇਲੇ 'ਤੇ ਪਹਿਲਾਂ ਮੈਚ ਕਰਵਾਏ ਜਾਣ ਦੀ ਯੋਜਨਾ ਹੈ। ਅਕੈਡਮੀਆਂ ਦੇ ਮੈਚ ਕਰਵਾਏ ਜਾਣ ਦੌਰਾਨ ਹਰ ਖਿਡਾਰੀ ਦਾ ਡੋਪ ਟੈਸਟ ਕਰਵਾਇਆ ਜਾਵੇਗਾ। ਪੰਜਵੇਂ ਸਮਰ ਲੀਡ ਫੁੱਟਬਾਲ ਟੂਰਨਾਮੈਂਟ 'ਤੇ ਖਾਲਸਾ ਸਕੂਲ ਪਾਲਦੀ ਦਾ ਕਬਜ਼ਾ ਮਾਹਿਲਪੁਰ, 21 ਜੁਲਾਈ - ਪੰਜਵਾਂ ਪ੍ਰਿੰਸੀਪਲ ਹਰਭਜਨ ਸਿੰਘ ਸਮਰ ਲੀਗ ਅੰਡਰ-19 ਫੁੱਟਬਾਲ ਟੂਰਨਾਮੈਂਟ ਸੀਨੀਅਰ ਸੈਕੰਡਰੀ ਸਕੂਲ ਮਾਹਿਲਪੁਰ ਵਿਖੇ ਕਰਵਾਇਆ ਗਿਆ। ਫਾਈਨਲ ਵਿਚ ਖਾਲਸਾ ਸੈਕੰਡਰੀ ਸਕੂਲ ਪਾਲਦੀ ਨੇ ਫੁੱਟਬਾਲ ਅਕੈਡਮੀ ਮਾਹਿਲਪੁਰ ਨੂੰ 2-0 ਨਾਲ ਹਰਾ ਕੇ ਟੂਰਨਾਮੈਂਟ ਜਿੱਤਿਆ। 23 ਖੇਡ ਸੰਘ ਵਿੱਤੀ ਸਹਾਇਤਾ ਤੋਂ ਹਨ ਵਾਂਝੇ ਨਵੀਂ ਦਿੱਲੀ, 21 ਜੁਲਾਈ - ਕੇਂਦਰੀ ਖੇਡ ਮੰਤਰੀ ਐਮ. ਐਸ. ਗਿੱਲ ਨੇ ਕਿਹਾ ਹੈ ਕਿ ਚਾਲੂ ਮਾਲੀ ਸਾਲ ਦੌਰਾਨ ਹੁਣ ਤੱਕ ਭਾਰਤੀ ਕ੍ਰਿਕਟ ਕੰਟਰੋਲ ਬੋਰਡ, ਭਾਰਤੀ ਮਹਿਲਾ ਕ੍ਰਿਕਟ ਸੰਘ ਅਤੇ ਕੁਸ਼ਤੀ ਸੰਸਥਾਵਾਂ ਸਮੇਤ 23 ਖੇਡ ਸੰਗਠਨਾਂ ਨੂੰ ਵਿਤੀ ਸਹਾਇਤਾ ਨਹੀਂ ਮਿਲ ਸਕੀ। ਉਨ੍ਹਾਂ ਕਿਹਾ ਕਿ ਵਿਤੀ ਮਦਦ ਤੋਂ ਵਾਂਝੇ ਰਹੇ ਉਕਤ ਸਾਰੇ ਖੇਡ ਸੰਘ ਮਾਲੀ ਸਹਾਇਤਾ ਦੀ ਪੁਰਜ਼ੋਰ ਮੰਗ ਕਰ ਰਹੇ ਹਨ। ਸਰਕਾਰ ਨੇ ਹੁਣ ਤੱਕ ਕੁੱਲ 46 ਖੇਡ ਸੰਘਾਂ ਨੂੰ ਵਿਤੀ ਸਹਾਇਤਾ ਪ੍ਰਦਾਨ ਕੀਤੀ ਹੈ। ਉਕਤ ਮਾਲੀ ਮਦਦ ਪ੍ਰਾਪਤ ਕਰਨ ਵਾਲੇ ਸੰਘਾਂ 'ਚ ਭਾਰਤੀ ਖੇਡ ਸੰਘ ਅਤੇ ਭਾਰਤੀ ਉਲੰਪਿਕ ਸੰਘ ਸ਼ਾਮਿਲ ਹਨ ਜਿਨ੍ਹਾਂ ਨੂੰ ਕਰਮਵਾਰ 7 ਕਰੋੜ ਅਤੇ 46.21 ਲੱਖ ਦੀ ਵਿਤੀ ਸਹਾਇਤਾ ਦਿੱਤੀ ਗਈ ਹੈ। ਸ. ਗਿੱਲ ਅਨੁਸਾਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੂੰ ਪਿੱਛਲੇ ਚਾਰ ਸਾਲਾਂ 'ਚ ਕੋਈ ਸਹਾਇਤਾ ਪ੍ਰਦਾਨ ਨਹੀਂ ਕੀਤੀ ਗਈ। ਜਨਵਰੀ 2006 ਤੋਂ ਹੁਣ ਤੱਕ ਭਾਰਤ ਦੇ ਵੱਖ ਵੱਖ ਖੇਡਾਂ ਦੇ 194 ਖਿਡਾਰੀਆਂ ਨੂੰ ਡੋਪ ਟੈਸਟ ਵਿਚ ਦੋਸ਼ੀ ਪਾਇਆ ਗਿਆ ਹੈ ਅਤੇ ਵਿਸ਼ਵ ਡੋਪ ਵਿਰੋਧੀ ਏਜੰਸੀ ਦੀਆਂ ਸ਼ਿਫਾਰਿਸ਼ਾਂ ਅਨੁਸਾਰ ਐਸੇ ਖਿਡਾਰੀਆਂ ਖਿਲਾਫ ਕਾਰਵਾਈ ਕਰਨ ਦੀ ਸ਼ਿਫਾਰਿਸ਼ ਕੀਤੀ ਗਈ ਹੈ। ਖੇਡ ਦੇ ਨਗਦ ਇਨਾਮਾਂ 'ਚ ਕਬੱਡੀ ਨੂੰ ਕਿਉਂ ਨਹੀਂ ਕੀਤਾ ਸ਼ਾਮਿਲ ਪਟਿਆਲਾ, 21 ਜੁਲਾਈ - ਪੰਜਾਬ ਕਬੱਡੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ. ਗੁਰਦੀਪ ਸਿੰਘ ਮੱਲੀ ਨੇ ਕਿਹਾ ਕਿ ਪਿਛਲੇ ਦਿਨੀਂ ਖੇਡ ਵਿਭਾਗ ਵੱਲੋਂ ਸਾਲ 2008-09 ਲਈ ਨਕਦ ਇਨਾਮਾਂ ਸਬੰਧੀ ਇਸ਼ਤਿਹਾਰ ਜਾਰੀ ਕੀਤੇ ਗਏ ਪਰ ਉਸ ਵਿਚ ਕਬੱਡੀ ਸ਼ਾਮਿਲ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਨੈਸ਼ਨਲ ਸਟਾਇਲ ਕਬੱਡੀ ਇਕ ਅਜਿਹੀ ਖੇਡ ਹੈ ਜੋ ਪੰਜਾਬ ਦੇ ਪ੍ਰਾਇਮਰੀ ਸਕੂਲਾਂ ਤੋਂ ਲੈ ਕੇ ਏਸ਼ੀਅਨ ਖੇਡਾਂ ਤੱਕ ਸ਼ਾਮਿਲ ਹੈ ਅਤੇ ਸਰਕਲ ਸਟਾਇਲ ਕਬੱਡੀ ਪੰਜਾਬ ਸਕੂਲ ਖੇਡਾਂ ਦੇ ਅਤੇ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਖੇਡ ਕੈਲੰਡਰ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਪੰਜਾਬ ਸਰਕਾਰ ਨੇ ਕਬੱਡੀ ਨੂੰ ਪੂਰੀ ਤਰ੍ਹਾਂ ਮਾਨਤਾ ਦੇਣ ਦਾ ਐਲਾਨ ਕੀਤਾ ਸੀ ਪਰ ਉਨ੍ਹਾਂ ਨੂੰ ਉਸ ਵੇਲੇ ਹੈਰਾਨੀ ਹੋਈ ਜਦੋਂ ਖੇਡ ਵਿਭਾਗ ਦੇ ਇਸ਼ਤਿਹਾਰ ਵਿਚ ਕਬੱਡੀ ਦਾ ਨਾਮ ਸ਼ਾਮਿਲ ਨਹੀਂ ਸੀ। ਕਬੱਡੀ ਪੰਜਾਬ ਉਲੰਪਿਕ ਐਸੋਸੀਏਸ਼ਨ ਦੇ ਮੁੱਢ ਤੋਂ ਲੈ ਕੇ ਚੱਲੀਆਂ ਆ ਰਹੀਆਂ ਪਹਿਲਾਂ 10 ਖੇਡਾਂ ਵਿਚ ਸ਼ਾਮਿਲ ਹੈ। ਸ: ਮੱਲੀ ਨੇ ਜ਼ੋਰ ਦੇ ਕੇ ਕਿਹਾ ਕਿ ਕਬੱਡੀ ਖਿਡਾਰੀਆਂ ਨੂੰ ਵੀ ਕੌਮਾਂਤਰੀ ਤੇ ਕੌਮੀ ਪੱਧਰ ਦੀਆਂ ਪ੍ਰਾਪਤੀਆਂ ਬਾਰੇ ਖਿਡਾਰੀਆਂ ਨੂੰ ਦਿੱਤੇ ਜਾਣ ਵਾਲੇ ਇਨਾਮਾਂ ਵਾਲੀ ਸੂਚੀ ਵਿਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਖੇਡ ਵਿਭਾਗ ਵੱਲੋਂ ਪਿਛਲੇ ਦਿਨੀਂ ਜਾਰੀ ਕੀਤੇ ਗਏ ਇਸ਼ਤਿਹਾਰ ਵਿਚ ਵੱਖ ਵੱਖ ਖੇਡਾਂ ਲਈ ਲੱਖਾਂ ਰੁਪਏ ਦੇ ਇਨਾਮਾਂ ਲਈ ਖਿਡਾਰੀਆਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਹਨ। ਫੁੱਟਬਾਲ ਪ੍ਰਤੀਯੋਗਤਾ 24 ਤੋਂ 26 ਤੱਕ ਸੰਤੋਖਗੜ੍ਹ, 21 ਜੁਲਾਈ - ਪਹਿਲੀ ਫੁੱਟਬਾਲ ਪ੍ਰਤੀਯੋਗਤਾ ਸੰਤੋਖ ਗੜ੍ਹ ਵਿਖੇ 24 ਤੋਂ 26 ਜੁਲਾਈ ਤੱਕ ਫੁੱਟਬਾਲ ਵੈਲਫੇਅਰ ਕਲੱਬ ਸੰਤੋਖ ਗੜ੍ਹ (ਊਨਾ) ਵੱਲੋਂ ਕਰਵਾਈ ਜਾ ਰਹੀ ਹੈ। ਇਹ ਪ੍ਰਤੀਯੋਗਤਾ ਸਰਕਾਰੀ ਸੀ: ਸੈ: ਸਕੂਲ (ਲੜਕਿਆਂ) ਦੇ ਖੇਡ ਦੇ ਮੈਦਾਨ ਵਿਚ ਕਰਵਾਈ ਜਾਵੇਗੀ। 40ਵੀਂ ਅੰਤਰ ਰਾਸ਼ਟਰੀ ਫਿਜ਼ਿਕਸ ਉਲੰਪੀਆਡ 'ਚ ਭਾਰਤ ਦੀ ਬੱਲੇ ਬੱਲੇ ਮੁੰਬਈ, 21 ਜੁਲਾਈ - 40ਵੀਂ ਅੰਤਰ ਰਾਸ਼ਟਰੀ ਫਿਜ਼ਿਕਸ ਉਲੰਪੀਅਡ ਮੈਕਸੀਕੋ ਵਿਖੇ ਕਰਵਾਈ ਗਈ। ਇਸ ਵਿਚ ਭਾਰਤ ਨੇ ਚਾਰ ਸੋਨੇ ਅਤੇ ਇਕ ਸਿਲਵਰ ਦਾ ਤਗਮਾ ਪ੍ਰਾਪਤ ਕੀਤਾ ਹੈ। ਇਸ ਹਫਤਾ ਭਰ ਚੱਲਣ ਵਾਲੀ ਉਲੰਪੀਅਡ 'ਚ ਭਾਰਤ ਦੀ ਪ੍ਰਤੀਨਿਧਤਾ ਕਰ ਰਹੇ 5 ਵਿਦਿਆਰਥੀ ਪਹਿਲਾਂ ਇਸੇ ਸਾਲ ਹੋਈ ਆਈ.ਆਈ.ਟੀ-ਜੀ 2009 ਵਿਚ ਸਰਵੋਤਮ ਸਥਾਨ ਪ੍ਰਾਪਤ ਕਰਕੇ ਆਪਣਾ ਸਿੱਕਾ ਜਮਾ ਚੁੱਕੇ ਹਨ। ਉਕਤ ਸਾਰੇ ਵਿਦਿਆਰਥੀ ਭਾਰਤ ਦੇ ਹੋਣਹਾਰ ਭੌਤਿਕ ਵਿਗਿਆਨ ਦੇ ਵਿਦਿਆਰਥੀ ਹਨ। ਪਹਿਲਾਂ ਉਨ੍ਹਾਂ ਨੇ ਰਾਸ਼ਟਰੀ ਪੱਧਰ 'ਤੇ ਮੱਲਾਂ ਮਾਰੀਆਂ ਸਨ ਜਦੋਂ ਕੇ ਵਿਸ਼ਵ ਪੱਧਰ 'ਤੇ ਚਾਰ ਸੋਨ ਤਗਮੇ ਜਿੱਤ ਕੇ ਅੰਤਰਰਾਸ਼ਟਰੀ ਪੱਧਰ 'ਤੇ ਨਾਮਣਾ ਖੱਟਿਆ ਹੈ। ਭਾਰਤ ਲਈ ਭੌਤਿਕ ਵਿਗਿਆਨ ਦੀ ੳਲੰਪੀਅਡ 'ਚ ਸੋਨ ਤਗਮੇ ਜਿੱਤਣ ਵਾਲਿਆਂ 'ਚ ਗੋਪੀ ਸਿਵਾਕਾਂਥ ਯੇਲਸਵਰਮ (ਆਂਧਰਾ ਪ੍ਰਦੇਸ਼), ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ ਤੋਂ ਨਿਤਿਨ ਜੈਨ, ਮੁੰਬਈ ਤੋਂ ਪ੍ਰਿਆਂਕ ਪ੍ਰਦੀਪ ਪਾਰਿਖ, ਅਤੇ ਰਾਜਸਥਾਨ ਦੇ ਜੋਧਪੁਰ ਸ਼ਹਿਰ ਸ਼ੁਭਮ ਤੁਲਸੀਆਨੀ ਸ਼ਾਮਿਲ ਹਨ। ਦੂਜੇ ਪਾਸੇ ਸਿਲਵਰ ਮੈਡਲ ਜੇਤੂ ਦਾ ਨਾਮ ਪੂਣੇ ਤੋਂ ਵਿਨਿਤ ਅਟਲ ਹੈ ਜਿਸਦਾ ਆਈ ਆਈ ਟੀ-ਜ਼ੀ 'ਚ 90ਵਾਂ ਸਥਾਨ ਸੀ। ਸਬ ਜੂਨੀਅਰ ਨੈਸ਼ਨਲ ਜੂਡੋ ਚੈਂਪੀਅਨਸ਼ਿਪ 'ਚ ਜਲੰਧਰ ਜੂਡੋ ਸੈਂਟਰ ਦੇ ਖਿਡਾਰੀਆਂ ਦੀ ਬੱਲੇ ਬੱਲੇ ਜਲੰਧਰ, 20 ਜੁਲਾਈ - ਇੰਦੌਰ (ਮੱਧ ਪ੍ਰਦੇਸ਼) 'ਚ 12 ਤੋਂ 15 ਜੁਲਾਈ ਤੱਕ ਸਬ-ਜੂਨੀਅਰ ਨੈਸ਼ਨਲ ਜੂਡੋ ਚੈਂਪੀਅਨਸ਼ਿਪ ਕਰਵਾਈ ਗਈ। ਇਸ ਵਿਚ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ, ਜਲੰਧਰ ਦੇ ਜੂਡੋ ਸੈਂਟਰ ਦੇ ਖਿਡਾਰੀਆਂ ਨੇ ਨੈਸ਼ਨਲ ਪੱਧਰ 'ਚ ਬਹੁਤ ਚੰਗੀ ਖੇਡ ਦਾ ਪ੍ਰਦਰਸ਼ਨ ਕੀਤਾ। ਹੈਪੀ ਨੇ ਗੋਲਡ ਮੈਡਲ, ਕਰਨ ਹੰਸ ਨੇ ਕਾਂਸੇ ਦਾ ਮੈਡਲ, ਵਰਿੰਦਰ ਕੁਮਾਰ ਨੇ ਭਾਗ ਲਿਆ ਤੇ ਪੂਜਾ ਨੇ ਸਿਲਵਰ ਮੈਡਲ ਜਿੱਤ ਕੇ ਸਰਕਾਰੀ (ਗ) ਸੈਕੰਡਰੀ ਸਕੂਲ ਦਾ ਮਾਣ ਵਧਾਇਆ। ਫੁੱਟਬਾਲ ਹਿੰਸਾ 'ਚ ਬ੍ਰਾਜ਼ੀਲ ਪਹਿਲੇ ਸਥਾਨ 'ਤੇ ਰੀਓ ਡੀ ਜਨੇਰੀਓ, 20 ਜੁਲਾਈ - ਬਰਾਜ਼ੀਲ ਨੂੰ ਫੁੱਟਬਾਲ ਖੇਡ ਦਾ ਵੱਡਾ ਗੜ੍ਹ ਮੰਨਿਆ ਜਾਂਦਾ ਹੈ ਪਰ ਇਸ ਨਾਲ ਜੁੜੇ ਹਿੰਸੇ ਦੇ ਮਾਮਲੇ 'ਚ ਕੀਤੇ ਸਰਵੇਖਣ ਮੁਤਾਬਿਕ ਪਿਛਲੇ ਇਕ ਦਹਾਕੇ ਦੌਰਾਨ 42 ਵਿਅਕਤੀਆਂ ਦੀ ਜਾਨ ਫੁੱਟਬਾਲ ਨਾਲ ਜੁੜੀ ਹਿੰਸਾ ਨਾਲ ਹੀ ਗਈ ਹੈ। ਇਸ ਸਰਵੇਖਣ ਨੂੰ ਰੀਓ ਡੀ ਜਨੇਰੀਓ ਰਾਜ ਯੂਨੀਵਰਸਿਟੀ ਦੇ ਮੈਰੀਸਿਓ ਮੁਰਾਡ ਨੇ ਕਰਵਾਇਆ। ਇਸ ਸਰਵੇਖਣ ਨੂੰ ''ਏ ਸੈਡ, ਪਰਵਰਸ ਅਚੀਵਮੈਂਟ'' ਦਾ ਨਾਮ ਦਿੱਤਾ ਗਿਆ ਹੈ ਅਤੇ ਇਸ 'ਚ ਸਾਲ 1998 ਤੋਂ 2008 ਤੱਕ ਦੀਆਂ ਫੁੱਟਬਾਲ ਖੇਡ ਨਾਲ ਜੁੜੀਆਂ ਘਟਨਾਵਾਂ ਦਾ ਅਧਿਐਨ ਕੀਤਾ ਗਿਆ। ਮੁਰਾਡ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਇਸ ਸਰਵੇਖਣ ਦੀ ਸ਼ੁਰੂਆਤ ਕੀਤੀ ਸੀ ਤਾਂ ਬਰਾਜ਼ੀਲ ਤੀਜੇ ਸਥਾਨ 'ਤੇ ਸੀ ਜਦਕਿ ਇਟਲੀ ਪਹਿਲੇ ਅਤੇ ਅਰਜਨਟੀਨਾ ਦੂਜੇ ਸਥਾਨ 'ਤੇ ਸਨ। ਪਰ 10 ਸਾਲ ਦੇ ਇਸ ਸਰਵੇਖਣ ਦੌਰਾਨ ਬਰਾਜ਼ੀਲ ਪਹਿਲੇ ਸਥਾਨ 'ਤੇ ਪਹੁੰਚ ਗਿਆ। ਉਨ੍ਹਾਂ ਨੇ ਕਿਹਾ ਕਿ ਸਾਲ 2014 'ਚ ਹੋਣ ਵਾਲੇ ਫੁੱਟਬਾਲ ਵਿਸ਼ਵ ਕੱਪ ਦੀ ਮੇਜ਼ਬਾਨੀ ਦੇ ਸੰਦਰਭ 'ਚ ਬਰਾਜ਼ੀਲ ਲਈ ਇਹ ਖ਼ਤਰੇ ਦੀ ਘੰਟੀ ਸਾਬਿਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਫੁੱਟਬਾਲ 'ਚ ਦਿਨੋ ਦਿਨ ਹਿੰਸਾ ਵਧ ਰਹੀ ਹੈ। ਪੂਰੇ ਬਰਾਜ਼ੀਲ 'ਚ ਹਿੰਸਾ ਵਧੀ ਹੋਈ ਹੈ ਕਿਉਂਕਿ ਅਪਰਾਧਾਂ ਅਤੇ ਭ੍ਰਿਸ਼ਟਾਚਾਰੀਆਂ ਨੂੰ ਸਜਾ ਨਹੀਂ ਦਿੱਤੀ ਜਾਂਦੀ ਹੈ। ਸ਼ਾਹਬਾਦ ਮਾਰਕੰਡਾ ਹਾਕੀ ਸੈਂਟਰ ਨੂੰ ਮਿਲੇ ਕੌਮੀ ਪੱਧਰ ਦੇ ਇਕੋ ਵੇਲੇ ਦੋ ਐਵਾਰਡ ਲੁਧਿਆਣਾ, 20 ਜੁਲਾਈ - ਹਾਕੀ ਦੇ ਕੋਚ ਬਲਦੇਵ ਸਿੰਘ ਸ਼ਾਹਬਾਦ ਮਾਰਕੰਡਾ (ਡਿਪਟੀ ਡਾਇਰੈਕਟਰ ਸਪੋਰਟਸ ਹਰਿਆਣਾ) ਨੂੰ ਭਾਰਤ ਸਰਕਾਰ ਨੇ ਦਰੋਣਾਚਾਰੀਆ ਐਵਾਰਡ ਅਤੇ ਉਸ ਦੀ ਸਿਖਿਆਰਤੀ ਤੇ ਹੁਣੇ-ਹੁਣੇ ਚੈਂਪੀਅਨਜ਼ ਚੈਲੇਂਜ ਕੱਪ ਦੀ ਜੇਤੂ ਭਾਰਤੀ ਟੀਮ ਦੀ ਕਪਤਾਨ ਸੁਰਿੰਦਰ ਕੌਰ ਨੂੰ ਅਰਜਨ ਐਵਾਰਡ ਦੇਣ ਦਾ ਐਲਾਨ ਕੀਤਾ। ਪਿਛਲੇ ਤਿੰਨ ਦਹਾਕਿਆਂ ਤੋਂ ਇਹ ਸਖ਼ਤ ਮਿਹਨਤ ਕਰ ਰਹੇ ਸਨ। ਕੇਂਦਰੀ ਖੇਡ ਮੰਤਰੀ ਡਾ: ਮਨੋਹਰ ਸਿੰਘ ਗਿੱਲ ਨੇ ਦਰੁਣਾਚਾਰੀਆ ਅਤੇ ਅਰੁਜਨਾ ਐਵਾਰਡ ਦੇਣ ਸਬੰਧੀ ਹੋਈ ਮੀਟਿੰਗ ਵਿਚ ਬਲਦੇਵ ਸਿੰਘ ਅਤੇ ਉਸ ਦੇ ਸੈਂਟਰ ਦੀਆਂ ਪ੍ਰਾਪਤੀਆਂ ਨੂੰ ਦੇਖਦਿਆਂ ਹੋਇਆ ਦੂਸਰੀਆਂ ਹੋਰ ਦਾਅਵੇਦਾਰੀਆਂ ਨੂੰ ਪਰੇ ਕਰਦਿਆਂ ਬਲਦੇਵ ਸਿੰਘ ਨੂੰ ਦਰੁਣਾਚਾਰੀਆ ਐਵਾਰਡ ਅਤੇ ਸੁਰਿੰਦਰ ਕੌਰ ਨੂੰ ਅਰੁਜਨਾ ਐਵਾਰਡ ਦੇਣ ਦਾ ਫ਼ੈਸਲਾ ਕੀਤਾ। ਇਹ ਪਹਿਲਾ ਮੌਕਾ ਹੈ ਜਦੋਂ ਸ਼ਾਹਬਾਦ ਮਾਰਕੰਡਾ ਹਾਕੀ ਸੈਂਟਰ ਨੂੰ ਕੌਮੀ ਪੱਧਰ ਦੇ ਇਕੋਂ ਵੇਲੇ ਦੋ ਐਵਾਰਡ ਮਿਲੇ ਹਨ। ਇਹ ਐਵਾਰਡ ਭਾਰਤ ਸਰਕਾਰ ਵੱਲੋਂ ਕੌਮੀ ਖੇਡ ਦਿਵਸ 29 ਅਗਸਤ (ਹਾਕੀ ਦੇ ਜਾਦੂਗਰ ਧਿਆਨਚੰਦ) ਦੇ ਜਨਮ ਦਿਨ ਦੇ ਮੌਕੇ 'ਤੇ ਦਿੱਤੇ ਜਾਣਗੇ। ਸੀਨੀਅਰ ਨੈਸ਼ਨਲ ਪਾਵਰਲਿਫਟਿੰਗ ਚੈਂਪੀਅਨਸ਼ਿਪ ਲਈ ਚੁਣੀ ਗਈ ਪੰਜਾਬ ਦੀ ਟੀਮ ਪਟਿਆਲਾ, 20 ਜੁਲਾਈ - ਸੀਨੀਅਰ ਨੈਸ਼ਨਲ ਪਾਵਰਲਿਫਟਿੰਗ ਚੈਂਪੀਅਨਸ਼ਿਪ ਜੋ ਕਿ 12 ਤੋਂ 17 ਅਗਸਤ ਤੱਕ ਚੰਡੀਗੜ੍ਹ ਵਿਖੇ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਲਈ ਪੰਜਾਬ ਦੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਟੀਮ ਦੇ ਪੁਰਸ਼ਵਰਗ 'ਚ ਵਿਪਨ ਕੁਮਾਰ ਪਟਿਆਲਾ, ਸੁਨੀਲ ਕੁਮਾਰ ਤੇ ਗੁਰਦੀਪ ਸਿੰਘ ਫਤਹਿਗੜ੍ਹ ਸਾਹਿਬ, ਰਾਜਦੀਪ ਸਿੰਘ, ਮੋਹਿਤ ਢੰਡ ਤੇ ਗੌਰਵ ਸਾਰੇ ਲੁਧਿਆਣਾ ਤੋਂ, ਜਸਪ੍ਰੀਤ ਸਿੰਘ, ਜਸਵਿੰਦਰ ਕੁਮਾਰ ਤੇ ਗੁਰਪ੍ਰੀਤ ਸਿੰਘ ਕਪੂਰਥਲਾ ਤੋਂ, ਭੁਪਿੰਦਰਜੀਤ ਸਿੰਘ ਫਗਵਾੜਾ ਸ਼ਾਮਿਲ ਹਨ। ਮਹਿਲਾ ਵਰਗ ਚ ਮਨਦੀਪ ਕੌਰ, ਕਮਲਜੀਤ ਕੌਰ, ਰਜਨੀ ਬਾਲਾ, ਅਣੂ ਬਾਲਾ, ਸੁਮਨ ਸੀਮਾ ਰਾਣੀ ਤੇ ਗਗਨਦੀਪ ਕੌਰ ਲੁਧਿਆਣਾ ਤੋਂ, ਪੁੰਨਾ ਬਠਿੰਡਾ ਤੇ ਮਨਜੀਤ ਕੌਰ ਸੰਗਰੂਰ ਤੋਂ ਸ਼ਾਮਿਲ ਹਨ। ਧਰੁਵ ਪਾਂਡਵ ਟਰਾਫੀ ਜਲੰਧਰ, 20 ਜੁਲਾਈ - ਜਲੰਧਰ ਦੇ ਬਰਲਟਨ ਪਾਰਕ ਕ੍ਰਿਕਟ ਸਟੇਡੀਅਮ ਵਿਚ ਪੰਜਾਬ ਰਾਜ ਅੰਤਰ ਜ਼ਿਲ੍ਹਾ ਕ੍ਰਿਕਟ ਟੂਰਨਾਮੈਂਟ ਦਾ ਧਰੁਵ ਪਾਂਡਵ ਟਰਾਫੀ ਅੰਡਰ-19 ਲਈ ਸੈਮੀਫਾਈਨਲ ਮੈਚ ਕਰਵਾਇਆ ਜਾ ਰਿਹਾ ਹੈ। ਇਹ ਜਲੰਧਰ ਅਤੇ ਚੰਡੀਗ਼ੜ੍ਹ ਦੀਆਂ ਟੀਮਾਂ ਵਿਚ 21 ਜੁਲਾਈ ਤੋਂ ਖੇਡਿਆ ਜਾਵੇਗਾ। ਇਸ ਦੋ ਦਿਨਾ ਸੈਮੀਫਾਈਨਲ ਮੈਚ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਸਵ: ਠਾਕੁਰ ਗਣਪਤ ਰਾਏ ਯਾਦਗਾਰੀ 20-20 ਕ੍ਰਿਕਟ ਟੂਰਨਾਮੈਂਟ ਸਮਾਪਤ ਜਲੰਧਰ, 19 ਜੁਲਾਈ - ਪਹਿਲਾ ਸਵ. ਠਾਕੁਰ ਗਣਪਤ ਰਾਏ ਯਾਦਗਾਰੀ 20-20 ਕ੍ਰਿਕਟ ਟੂਰਨਾਮੈਂਟ ਜਲੰਧਰ ਦੇ ਬਰਲਟਨ ਪਾਰਕ ਕ੍ਰਿਕਟ ਸਟੇਡੀਅਮ ਵਿਚ ਕਰਵਾਇਆ ਗਿਆ। ਇਸ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ਬੱਤਰਾ ਇਲੈਵਨ ਨੇ ਇਕਤਰਫਾ ਫਾਈਨਲ ਮੈਚ ਪੀ. ਏ. ਪੀ. ਕ੍ਰਿਕਟ ਅਕੈਡਮੀ ਨੂੰ 7 ਵਿਕਟਾਂ ਨਾਲ ਹਰਾ ਕੇ ਜੇਤੂ ਟਰਾਫੀ 'ਤੇ ਕਬਜ਼ਾ ਜਮਾ ਲਿਆ। ਖੇਡੇ ਗਏ ਫਾਈਨਲ ਮੈਚ ਵਿਚ ਪੀ. ਏ. ਪੀ. ਅਕੈਡਮੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 19.4 ਓਵਰਾਂ ਵਿਚ ਟੀ. ਪੀ. ਸਿੰਘ ਦੀਆਂ 41, ਰੌਕੀ 11 ਅਤੇ ਸੋਨੂੰ ਮਿਨਹਾਰ ਦੀਆਂ 10 ਦੌੜਾਂ ਸਦਕਾ ਕੇਵਲ 95 ਦੌੜਾਂ ਹੀ ਬਣਾ ਸਕੀ। ਬੱਤਰਾ ਇਲੈਵਨ ਦੇ ਗੇਂਦਬਾਜ਼ ਅਮਨਇੰਦਰ ਨੇ 10 ਦੌੜਾਂ ਦੇ ਕੇ ਤਿੰਨ, ਰੌਕੀ ਨੇ 18 ਦੌੜਾਂ ਦੇ ਕੇ ਤਿੰਨ, ਸਿਲਕੀ ਨੇ 20 ਦੌੜਾਂ ਦੇ ਕੇ ਦੋ ਜਦਕਿ ਅਮਰਜੀਤ ਤੇ ਅਸੀਮ ਤੁਲੀ ਨੇ 1-1 ਵਿਕਟ ਉਖਾੜੇ। ਜਵਾਬ ਵਿਚ ਬੱਲੇਬਾਜ਼ੀ ਕਰਦਿਆਂ 11.4 ਓਵਰਾਂ ਵਿਚ 3 ਵਿਕਟਾਂ ਦੇ ਨੁਕਸਾਨ 'ਤੇ 98 ਦੌੜਾਂ ਬਣਾ ਕੇ ਅਸਾਨੀ ਨਾਲ ਮੈਚ ਆਪਣੀ ਝੋਲੀ ਪਾ ਲਿਆ। ਇਸ ਵਿਚ ਸੂਰਜ ਨੇ 27 ਦੌੜਾਂ, ਹਿਮਾਂਸ਼ੂ ਨੇ ਅਜੇਤੂ 29, ਅਮਰਜੀਤ ਨੇ 17 ਅਤੇ ਰੌਕੀ ਨੇ 11 ਦੌੜਾਂ ਦਾ ਯੋਗਦਾਨ ਪਾਇਆ। ਵਿਰੋਧੀ ਕਲੱਬ ਪੀ. ਏ. ਪੀ. ਅਕੈਡਮੀ ਦੇ ਗੇਂਦਬਾਜ਼ ਟੀ. ਪੀ. ਸਿੰਘ, ਸੋਨੂੰ ਮਿਨਹਾਸ ਤੇ ਰੌਕੀ ਨੇ 1-1 ਖਿਡਾਰੀ ਨੂੰ ਆਊਟ ਕੀਤਾ। ਟੂਰਨਾਮੈਂਟ ਦੀ ਜੇਤੂ ਬੱਤਰਾ ਇਲੈਵਨ ਨੂੰ 31000 ਰੁਪਏ ਨਕਦ ਤੇ ਜੇਤੂ ਟਰਾਫੀ ਅਤੇ ਉਪ ਜੇਤੂ ਪੀ. ਏ. ਪੀ. ਕ੍ਰਿਕਟ ਅਕੈਡਮੀ ਨੂੰ 21000 ਰੁਪਏ ਨਕਦ ਤੇ ਟਰਾਫੀ ਪ੍ਰਦਾਨ ਕੀਤੀ ਗਈ। ਇਸ ਤੋਂ ਇਲਾਵਾ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਸੂਰਜ (ਬੱਤਰਾ ਇਲੈਵਨ) ਨੂੰ 5100 ਰੁਪਏ ਨਕਦ, ਇਸ਼ਾਨ ਡੋਗਰਾ ਨੂੰ ਸਰਵੋਤਮ ਬੱਲੇਬਾਜ਼ ਲਈ 2500 ਰੁਪਏ ਨਗਦ ਅਤੇ ਸਰਵੋਤਮ ਗੇਂਦਬਾਜ਼ ਗੁਰਕੀਰਤ ਸਿੰਘ ਨੂੰ 2500 ਰੁਪਏ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਪੰਜਾਬੀ ਮੁੱਕੇਬਾਜ਼ ਅਮਨਦੀਪ ਸਿੰਘ ਤੇ ਮਨਪ੍ਰੀਤ ਸਿੰਘ ਨੂੰ ਕਿਸੇ ਸਨਮਾਨ ਦੇਣਾ ਵਾਜਬ ਨਹੀਂ ਸਮਝਿਆ ਪਟਿਆਲਾ, 19 ਜੁਲਾਈ - ਕੌਮਾਂਤਰੀ ਟੂਰਨਾਮੈਂਟ ਜੋ ਕਿ ਰੂਸ ਵਿਚ ਇਸੇ ਹਫ਼ਤੇ ਕਰਵਾਇਆ ਗਿਆ। ਇਸ ਟੂਰਨਾਮੈਂਟ 'ਚ ਦੋ ਪੰਜਾਬੀ ਮੁੱਕੇਬਾਜ਼ ਅਮਨਦੀਪ ਸਿੰਘ ਸੰਗਰੂਰ ਅਤੇ ਮਨਪ੍ਰੀਤ ਸਿੰਘ ਪਿੰਡ ਪਲਾਸੌਰ ਖੁਰਦ ਜ਼ਿਲ੍ਹਾ ਤਰਨਤਾਰਨ ਨੇ ਚਾਂਦੇ ਦੇ ਤਗਮੇ ਜਿੱਤੇ। ਪਟਿਆਲਾ 'ਚ ਐਨ.ਆਈ.ਐਸ. ਵਿਖੇ ਵਿਸ਼ਵ ਚੈਂਪੀਅਨਸ਼ਿਪ 'ਚ ਸ਼ਾਮਿਲ ਇਨ੍ਹਾਂ ਮੁੱਕੇਬਾਜ਼ਾਂ ਨੇ ਉਦਾਸ ਹੋ ਕੇ ਕਿਹਾ ਕਿ ਉਹ ਕਈ ਵਾਰ ਕੌਮਾਂਤਰੀ ਟੂਰਨਾਮੈਂਟਾਂ 'ਚੋਂ ਤਗਮੇ ਜਿੱਤ ਕੇ ਲਿਆਏ ਹਨ ਪਰ ਅੱਜ ਤੱਕ ਕਿਸੇ ਨੇ ਵੀ ਉਨ੍ਹਾਂ ਨੂੰ ਫੁੱਲਾਂ ਦਾ ਹਾਰ ਤੱਕ ਨਹੀਂ ਪਹਿਨਾਇਆ। ਹੋਰ ਸਨਮਾਨ ਦੇਣਾ ਤਾਂ ਦੂਰ ਦੀ ਗੱਲ। ਜ਼ਿਕਰਯੋਗ ਹੈ ਕਿ ਉਪਰੋਕਤ ਟੂਰਨਾਮੈਂਟ 'ਚ ਦਿੱਲੀ ਦੇ ਅਕਸ਼ੈ ਕੁਮਾਰ ਨੇ ਕਾਂਸੀ ਦਾ ਤਗਮਾ ਜਿੱਤਿਆ ਸੀ ਤੇ ਉਸ ਨੂੰ ਵੀ ਅਜਿਹਾ ਹੀ ਸਤਿਕਾਰ ਮਿਲਿਆ ਸੀ। ਅਮਨਦੀਪ ਸਿੰਘ ਸੰਗਰੂਰ ਸ਼ਹਿਰ ਦਾ ਜੰਮਪਲ ਹੈ। ਇਸ ਤੋਂ ਪਹਿਲਾਂ ਉਹ ਏਸ਼ੀਅਨ ਚੈਂਪੀਅਨਸ਼ਿਪ 'ਚੋਂ ਕਾਂਸੀ ਦਾ ਤਗਮਾ ਜਿੱਤਕੇ ਸੁਰਖੀਆਂ 'ਚ ਆਇਆ ਸੀ। ਥਾਈਲੈਂਡ ਵਿਖੇ ਹੋਏ ਉਲੰਪਿਕ ਕੁਆਲੀਫਾਇੰਗ ਮੁਕਾਬਲੇ 'ਚ ਉਸ ਨੇ ਏਸ਼ੀਆ ਖੇਡਾਂ ਦੇ ਸੋਨ ਤਗਮਾ ਜੇਤੂ ਨੂੰ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ ਸੀ। ਪੰਜਾਬ ਪੁਲਿਸ 'ਚ ਬਤੌਰ ਸਿਪਾਹੀ ਤੈਨਾਤ ਅਮਨਦੀਪ ਸਿੰਘ ਨੇ ਕਮਲੇਸ਼ ਸ਼ਰਮਾ ਸੰਗਰੂਰ, ਰਾਜ ਕੁਮਾਰ ਤੇ ਬਲਵੀਰ ਸਿੰਘ ਸਾਈ ਸੈਂਟਰ ਮਸਤੂਆਣਾ ਤੋਂ ਮੁੱਕੇਬਾਜ਼ੀ ਦੇ ਗੁਰ ਸਿੱਖੇ ਸਨ। ਹੁਣ ਤੱਕ 8 ਕੌਮਾਂਤਰੀ ਮੁਕਾਬਲਿਆਂ 'ਚ ਹਿੱਸਾ ਲੈ ਚੁੱਕੇ ਇਸ ਪ੍ਰਤਿਭਾਸ਼ਾਲੀ ਮੁੱਕੇਬਾਜ਼ ਨੂੰ ਅੱਜ ਤੱਕ ਨਾ ਹੀ ਵਿਭਾਗ ਨੇ ਤਰੱਕੀ ਦਿੱਤੀ ਹੈ ਅਤੇ ਨਾ ਹੀ ਸਰਕਾਰ ਨੇ ਕੋਈ ਸਨਮਾਨ। ਇਸ ਤਰ੍ਹਾਂ ਭਾਰਤੀ ਸੈਨਾ 'ਚ ਭਰਤੀ ਹੋ ਕੇ 19 ਸਾਲ ਦੀ ਉਮਰ 'ਚ ਮੁੱਕੇਬਾਜ਼ੀ ਸ਼ੁਰੂ ਕਰਨ ਵਾਲਾ ਮਨਪ੍ਰੀਤ ਸਿੰਘ ਪਿਛਲੇ ਤਿੰਨ ਸਾਲ ਤੋਂ ਹੈਵੀ ਵੇਟ 'ਚ ਕੌਮੀ ਚੈਂਪੀਅਨ ਹੈ ਅਤੇ 9 ਕੌਮਾਂਤਰੀ ਟੂਰਨਾਮੈਂਟ 'ਚ ਹਿੱਸਾ ਲੈ ਚੁੱਕਿਆ ਹੈ। ਏਸ਼ੀਅਨ ਚੈਂਪੀਅਨਸ਼ਿਪ ਉਲੰਪਿਕ ਕੁਆਲੀਫਾਇੰਗ ਤੇ ਜਰਮਨੀ 'ਚੋਂ ਕਾਂਸੀ, ਵਿਸ਼ਵ ਸੈਨਿਕ ਮੁੱਕੇਬਾਜ਼ੀ ਚੈਂਪੀਅਨਸ਼ਿਪ ਤੇ ਹਾਲ ਹੀ 'ਚ ਰੂਸ 'ਚੋਂ ਚਾਂਦੀ ਦਾ ਤਗਮਾ ਜਿੱਤਕੇ ਪਰਤੇ ਮਨਪ੍ਰੀਤ ਸਿੰਘ ਨੂੰ ਵੀ ਅੱਜ ਤੱਕ ਕਿਸੇ ਸਰਕਾਰੀ ਜਾਂ ਗੈਰ ਸਰਕਾਰੀ ਸੰਸਥਾ ਨੇ ਸਨਮਾਨ ਦੇਣਾ ਵਾਜਬ ਨਹੀਂ ਸਮਝਿਆ ਪਰ ਫਿਰ ਵੀ ਇਹ ਮੁੱਕੇਬਾਜ਼ ਤਿਰੰਗੇ ਦੀ ਸ਼ਾਨ ਵਧਾਉਣ ਲਈ ਖੂਨ ਪਸੀਨਾ ਵਹਾ ਰਿਹਾ ਹੈ। ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਸ਼ਾਮਿਲ ਹੋਣ ਵਾਲੀ ਭਾਰਤੀ ਟੀਮ ਪਟਿਆਲਾ, 18 ਜੁਲਾਈ - ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਜੋ ਕਿ ਮਿਲਾਨ ਵਿਖੇ 1 ਤੋਂ 13 ਸਤੰਬਰ ਤੱਕ ਕਰਵਾਈ ਜਾ ਰਹੀ ਹੈ। ਇਸ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਲਈ 9 ਮੈਂਬਰੀ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਪਟਿਆਲਾ ਦੇ ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਵਿਖੇ ਕਰਵਾਏ ਗਏ ਟਰਾਇਲਾਂ ਦੌਰਾਨ ਦੇਸ਼ ਦੇ ਚੋਟੀ ਦੇ 31 ਮੁੱਕੇਬਾਜ਼ਾਂ 'ਚੋਂ ਵਧੀਆ ਵਧੀਆ ਕਾਰਗੁਜ਼ਾਰੀ ਵਾਲੇ 9 ਮੈਂਬਰਾਂ ਦੀ ਚੋਣ ਕੀਤੀ ਗਈ ਹੈ। ਜਦੋਂਕਿ +91 ਤੇ 69 ਕਿਲੋ ਭਾਰ ਵਰਗ ਵਾਲੇ ਮੁੱਕੇਬਾਜ਼ਾਂ ਨੂੰ ਮਿਆਰਾਂ 'ਤੇ ਖਰੇ ਨਾ ਉਤਰਨ ਕਰਕੇ ਟੀਮ 'ਚ ਸ਼ਾਮਲ ਨਹੀਂ ਕੀਤਾ ਗਿਆ। ਭਾਰਤੀ ਮੁੱਕੇਬਾਜ਼ੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ੍ਰੀ ਮੁਰਲੀਧਰਨ ਰਾਜਾ ਦੀ ਅਗਵਾਈ 'ਚ ਚੋਣ ਕਮੇਟੀ ਦੁਆਰਾ ਲਏ ਗਏ ਟਰਾਇਲਾਂ ਦੌਰਾਨ 48 ਕਿਲੋ ਭਾਰ ਵਰਗ 'ਚ ਨਨਾਉ ਸਿੰਘ ਦੀ ਚੋਣ ਕੀਤੀ ਗਈ ਜੋ ਕਿ ਜੂਨੀਅਰ ਵਿਸ਼ਵ ਚੈਂਪੀਅਨ ਹੈ। 51 ਕਿਲੋ ਵਰਗ 'ਚ ਸੈਨਾ ਦਾ ਹਾਲ ਹੀ ਵਿਚ ਏਸ਼ੀਅਨ ਚੈਂਪੀਅਨ ਬਣਿਆ ਸਰੰਜੋ ਸਿੰਘ ਵਿਸ਼ਵ ਚੈਂਪੀਅਨਸ਼ਿਪ ਖੇਡਣ ਦਾ ਹੱਕਦਾਰ ਬਣਿਆ, 54 ਕਿਲੋ ਭਾਰ ਵਰਗ 'ਚ ਉਲੰਪੀਅਨ ਤੇ ਵਿਸ਼ਵ ਕੱਪ ਕਾਂਸੀ ਦਾ ਤਗਮਾ ਜੇਤੂ ਜਤਿੰਦਰ ਕੁਮਾਰ ਚੁਣਿਆ ਗਿਆ। 57 ਕਿਲੋ ਵਰਗ 'ਚ ਉਲੰਪੀਅਨ ਅਖਿਲ ਕੁਮਾਰ ਹੱਥ ਦੀ ਸੱਟ ਠੀਕ ਹੋਣ ਤੋਂ ਬਾਅਦ ਪਹਿਲੀ ਵਾਰ ਕੌਮਾਂਤਰੀ ਮੰਚ 'ਤੇ ਖੇਡਣ ਲਈ ਟੀਮ 'ਚ ਚੁਣਿਆ ਗਿਆ ਹੈ। 60 ਕਿਲੋ ਵਰਗ 'ਚ ਭਾਰਤੀ ਪੁਲਿਸ ਦਾ ਜੈ ਭਗਵਾਨ ਚੁਣਿਆ ਗਿਆ ਹੈ, 64 ਕਿਲੋ ਵਰਗ 'ਚ ਰੇਲਵੇ ਦਾ ਮਨੋਜ ਕੁਮਾਰ, 75 ਕਿਲੋ 'ਚ ਉਲੰਪਿਕ ਤਗਮਾ ਜੇਤੂ ਵੀਜੇਂਦਰ ਕੁਮਾਰ, 81 ਕਿਲੋ 'ਚ ਭਾਰਤੀ ਪੁਲਿਸ ਦਾ ਦਿਨੇਸ਼ ਕੁਮਾਰ, 91 ਕਿਲੋ ਵਰਗ 'ਚ ਸੈਨਾ ਦਾ ਮਨਪ੍ਰੀਤ ਸਿੰਘ ਦੇਸ਼ ਦੀ ਨੁਮਾਇੰਦਗੀ ਕਰਨਗੇ। ਗ੍ਰੈਂਡ ਪ੍ਰਿਕਸ ਟੂਰਨਾਮੈਂਟ 'ਚ ਫ਼ਰੀਦਕੋਟ ਦੇ ਪਹਿਲਵਾਨ ਹਰੀ ਕ੍ਰਿਸ਼ਨ ਦੀ ਝੰਡੀ ਫ਼ਰੀਦਕੋਟ, 18 ਜੁਲਾਈ - ਗ੍ਰੈਂਡ ਪ੍ਰਿਕਸ ਟੂਰਨਾਮੈਂਟ ਜੋ ਕਿ ਇਸ ਹਫ਼ਤੇ ਸਪੇਨ ਦੀ ਰਾਜਧਾਨੀ ਮੈਡਰਿਡ ਵਿਖੇ ਕਰਵਾਇਆ ਗਿਆ। ਇਸ ਟੂਰਨਾਮੈਂਟ 'ਚ ਵਰਲਡ ਪੱਧਰੀ ਮੁਕਾਬਲੇ ਵਿਚੋਂ ਬਾਬਾ ਫ਼ਰੀਦ ਕੁਸ਼ਤੀ ਅਖਾੜੇ ਫ਼ਰੀਦਕੋਟ ਦੇ ਤੇਜ਼-ਤਰਾਰ ਪਹਿਲਵਾਨ ਹਰੀ ਕ੍ਰਿਸ਼ਨ ਨੇ ਕਾਂਸੀ ਦਾ ਤਮਗਾ ਜਿੱਤ ਕੇ ਭਾਰਤ, ਪੰਜਾਬ ਅਤੇ ਬਾਬਾ ਫ਼ਰੀਦ ਕੁਸ਼ਤੀ ਅਖਾੜਾ ਫ਼ਰੀਦਕੋਟ ਦਾ ਨਾਂਅ ਰੋਸ਼ਨ ਕੀਤਾ ਹੈ। ਉਸ ਨੇ ਜ਼ੋਰਦਾਰ ਮੁਕਾਬਲੇ ਵਿਚ ਸਪੇਨ ਦੇ ਪਹਿਲਵਾਨ ਭਾਨਾ ਸ਼ਿਵਾਲਾ ਨੂੰ ਹਰਾ ਕੇ ਇਹ ਤਮਗਾ ਜਿੱਤਿਆ। ਬਾਬਾ ਫ਼ਰੀਦ ਕੁਸ਼ਤੀ ਕੌਂਸਲ ਫ਼ਰੀਦਕੋਟ ਦੇ ਪ੍ਰਧਾਨ ਸ: ਗੁਰਮੀਤ ਸਿੰਘ ਬਰਾੜ ਅਤੇ ਭਾਰਤੀ ਕੁਸ਼ਤੀ ਟੀਮ ਦੇ ਚੀਫ ਕੋਚ ਹਰਗੋਬਿੰਦ ਸਿੰਘ ਸੰਧੂ ਨੇ ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਹਰੀ ਕ੍ਰਿਸ਼ਨ ਅਗਲੇ ਸਾਲ ਭਾਰਤ ਵਿਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਲਈ ਜ਼ੋਰਦਾਰ ਤਿਆਰੀ ਕਰ ਰਿਹਾ ਹੈ। ਉਹ ਸੋਨ ਤਮਗਾ ਜਿੱਤਣ ਲਈ ਪੂਰੀ ਮਿਹਨਤ ਕਰ ਰਿਹਾ ਹੈ। ਹਰੀ ਕ੍ਰਿਸ਼ਨ ਤੋਂ ਇਲਾਵਾ ਬਾਬਾ ਫ਼ਰੀਦ ਕੁਸ਼ਤੀ ਅਖਾੜੇ ਦੇ 5 ਹੋਰ ਪਹਿਲਵਾਨ ਲੜਕੇ ਅਤੇ ਇਕ ਪਹਿਲਵਾਨ ਲੜਕੀ ਵੀ ਨੈਸ਼ਨਲ ਕੈਂਪ ਵਿਚ ਆਪਣੀ ਪੂਰੀ ਤਿਆਰੀ ਕਰ ਰਹੇ ਹਨ। ਉਲੰਪੀਅਨ ਗੁਰਬਿੰਦਰ ਸਿੰਘ ਵੀ ਰਾਸ਼ਟਰਮੰਡਲ ਖੇਡਾਂ ਵਿਚੋਂ ਸੋਨ ਤਮਗਾ ਜਿੱਤਣ ਲਈ ਤਿਆਰੀ ਕਰ ਰਿਹਾ ਹੈ। ਪਹਿਲਵਾਨ ਕੁਲਵੰਤ ਸਿੰਘ ਵੀ ਸੀਨੀਅਰ ਕੈਂਪ ਵਿਚ ਹੈ। ਅਖਾੜੇ ਦੇ ਤਿੰਨ ਪਹਿਲਵਾਨ ਹਰਪ੍ਰੀਤ ਸਿੰਘ, ਧਰਮਿੰਦਰ ਸਿੰਘ ਅਤੇ ਸੁਨੀਲ ਕੁਮਾਰ ਬੰਟੀ ਸਬ ਜੂਨੀਅਰ ਨੈਸ਼ਨਲ ਕੈਂਪ ਵਿਚ ਹਨ। ਇਨ੍ਹਾਂ ਵਿਚੋਂ ਹਰਪ੍ਰੀਤ ਸਿੰਘ ਪੂਨਾ ਵਿਖੇ ਹੋਣ ਵਾਲੀ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਵਿਚ ਭਾਗ ਲੈਣ ਲਈ ਭਾਰਤੀ ਕੁਸ਼ਤੀ ਟੀਮ ਵਿਚ ਸਲੈਕਟ ਹੋ ਚੁੱਕਾ ਹੈ। ਅਖਾੜੇ ਦੀ ਲੜਕੀ ਵੀਰਪਾਲ ਕੌਰ ਵੀ ਨੈਸ਼ਨਲ ਕੈਂਪ ਵਿਚ ਭਾਰਤੀ ਟੀਮ ਵਿਚ ਚੋਣ ਹੋਣ ਲਈ ਮਿਹਨਤ ਕਰ ਰਹੀ ਹੈ। ਕੌਮਾਂਤਰੀ ਕਬੱਡੀ ਕਪਤਾਨ ਬਚਿੱਤਰ ਸੇਰੋਂ ਦਾ ਹੋਇਆ ਗੁਰਜ ਨਾਲ ਸਨਮਾਨ ਫਤਿਆਬਾਦ, 18 ਜੁਲਾਈ - ਕੌਮਾਂਤਰੀ ਕਬੱਡੀ ਖਿਡਾਰੀ ਬਚਿੱਤਰ ਸਿੰਘ ਢਿੱਲੋਂ ਨੇ ਭਾਰਤੀ ਕਬੱਡੀ ਟੀਮ ਦੀ ਇੰਗਲੈਂਡ, ਜਰਮਨ, ਪਾਕਿਸਤਾਨ ਅਤੇ ਹੋਰ ਦੇਸ਼ਾਂ ਵਿਚ ਕਪਤਾਨੀ ਕਰਕੇ ਆਪਣੇ ਦੇਸ਼ ਦਾ ਨਾਮ ਵਿਦੇਸ਼ਾਂ ਵਿਚ ਰੌਸ਼ਨ ਕੀਤਾ ਹੈ। ਇਸ ਕਰਕੇ ਖਿਡਾਰੀ ਬਚਿੱਤਰ ਸਿੰਘ ਢਿੱਲੋਂ ਰੱਖ ਸੇਰੋਂ ਦਾ ਬਾਬਾ ਗਾਹਰਾ ਸ਼ਾਹ ਦੀ ਦਰਗਾਹ 'ਤੇ ਕਰਵਾਈ ਛਿੰਝ ਦੌਰਾਨ ਬਚਿੱਤਰ ਸੇਰੋਂ ਨੂੰ ਵਧੀਆ ਰੇਡਰ ਅਤੇ ਵਧੀਆ ਕਪਤਾਨ ਵਜੋਂ ਗੁਰਜ ਦੇ ਕੇ ਸਨਮਾਨਿਤ ਕੀਤਾ ਗਿਆ। ਨਿਸ਼ਾਨੇਬਾਜ਼ ਅਮਨਪ੍ਰੀਤ ਸਿੰਘ ਨੇ ਸੈਫ ਖੇਡਾਂ 'ਚ 2 ਸੋਨ ਤਗਮੇ ਜਿੱਤੇ ਜਲੰਧਰ, 18 ਜੁਲਾਈ - ਪਿਛਲੇ ਦਿਨੀਂ ਬੰਗਲਾਦੇਸ਼ ਦੇ ਢਾਕਾ ਸ਼ਹਿਰ ਵਿਖੇ ਸੈਫ ਖੇਡਾਂ ਦੇ 15 ਐਮ.ਐਮ. ਪਿਸਟਲ ਸ਼ੂਟਿੰਗ ਮੁਕਾਬਲੇ ਕਰਵਾਏ ਗਏ। ਜਿਸ ਵਿਚ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਨਿਸ਼ਾਨੇਬਾਜ਼ ਅਮਨਪ੍ਰੀਤ ਸਿੰਘ ਨੇ ਵਿਅਕਤੀਗਤ ਸੋਨ ਤਗਮਾ ਅਤੇ 50 ਐਮ. ਐਮ. ਪਿਸਟਲ ਮੁਕਾਬਲੇ ਵਿਚ ਟੀਮ ਨੂੰ ਸੋਨ ਤਗਮਾ ਦਿਵਾ ਕੇ ਦੋ ਸੋਨ ਤਗਮੇ ਜਿੱਤ ਕੇ ਸੰਸਥਾ ਦਾ ਮਾਣ ਵਧਾਇਆ। ਇਹ ਨਿਸ਼ਾਨੇਬਾਜ਼ ਪਹਿਲਾਂ ਵੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਸ਼ੂਟਿੰਗ ਮੁਕਾਬਲਿਆਂ 'ਚ ਕਈ ਰਿਕਾਰਡ ਸਥਾਪਿਤ ਕਰ ਚੁੱਕਾ ਹੈ। ਇਸ ਮਾਣਮੱਤੀ ਪ੍ਰਾਪਤੀ 'ਤੇ ਕਾਲਜ ਦੀ ਪ੍ਰਬੰਧਕੀ ਕਮੇਟੀ ਨੇ 21 ਹਜ਼ਾਰ ਰੁਪਏ ਦੇ ਕੇ ਇਸ ਦਾ ਵਿਸ਼ੇਸ਼ ਸਨਮਾਨ ਕੀਤਾ ਤੇ ਇਸ ਜਿੱਤ 'ਤੇ ਵਧਾਈ ਦਿੱਤੀ। ਇਸ ਤੋਂ ਪਹਿਲਾਂ ਵੀ ਕਾਲਜ ਵੱਲੋਂ ਇਸ ਖਿਡਾਰੀ ਨੂੰ 51 ਹਜ਼ਾਰ ਰੁਪਏ ਦੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਸਾਈ ਸੈਂਟਰ ਤਰਨਤਾਰਨ ਵਿਖੇ ਹਾਕੀ ਦੇ ਚੋਣ ਟ੍ਰਾਇਲ 22 ਤੋਂ ਜਲੰਧਰ, 18 ਜੁਲਾਈ - ਭਾਰਤ ਦੇ ਖੇਡ ਮੰਤਰੀ ਡਾ: ਮਨੋਹਰ ਸਿੰਘ ਗਿੱਲ ਦੇ ਯਤਨਾਂ ਨਾਲ ਬਣਾਏ ਗਏ ਸ੍ਰੀ ਗੁਰੂ ਅਰਜਨ ਦੇਵ ਸ. ਸ. ਸ. ਸਕੂਲ ਲੜਕੀਆਂ ਤਰਨਤਾਰਨ ਵਿਖੇ ਸਾਈ ਸੈਂਟਰ ਦੇ ਹਾਕੀ ਲੜਕੀਆਂ ਦੇ ਚੋਣ ਟ੍ਰਾਇਲ 22 ਤੇ 23 ਜੁਲਾਈ ਨੂੰ ਕਰਵਾਏ ਜਾ ਰਹੇ ਹਨ। ਇਨ੍ਹਾਂ ਚੋਣ ਟ੍ਰਾਇਲਾਂ ਨੂੰ ਸਫਲ ਬਣਾਉਣ ਲਈ ਸਾਈ ਹਾਕੀ ਕੋਚ ਬਲਜੀਤ ਕੌਰ ਤੇ ਸਾਈ ਹਾਕੀ ਕੋਚ ਮੋਹਨ ਸਿੰਘ ਦੀ ਡਿਊਟੀ ਲਗਾਈ ਗਈ ਹੈ। ਸਿਕਸ ਏ ਸਾਈਡ ਹਾਕੀ ਲੀਗ ਦਾ ਫਾਈਨਲ ਮੁਕਾਬਲਾ ਅੱਜ ਲੁਧਿਆਣਾ, 17 ਜੁਲਾਈ - 18 ਜੁਲਾਈ ਸ਼ਾਮ 6 ਵਜੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਦਮ ਸ੍ਰੀ ਪ੍ਰਿਥੀਪਾਲ ਸਿੰਘ ਹਾਕੀ ਸਟੇਡੀਅਮ ਵਿਖੇ ਗਰਮ ਰੁੱਤ ਸਿਕਸ-ਏ-ਸਾਈਡ ਹਾਕੀ ਲੀਗ ਦਾ ਫਾਈਨਲ ਮੁਕਾਬਲਾ ਕਰਵਾਇਆ ਜਾਵੇਗਾ। ਇਹ ਫਾਈਨਲ ਮੁਕਾਬਲਾ ਕਿੰਗਜ਼ ਇਲੈਵਨ ਅਤੇ ਲੁਧਿਆਣਾ ਹਾਕਸ ਵਿਚਕਾਰ ਖੇਡਿਆ ਜਾਵੇਗਾ। ਇਸ ਮੌਕੇ 'ਤੇ ਸ: ਸੁਖਚੈਨ ਸਿੰਘ ਗਿੱਲ ਐਸ. ਐਸ. ਪੀ. ਲੁਧਿਆਣਾ ਮੁੱਖ ਮਹਿਮਾਨ ਵਜੋਂ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕਰਨਗੇ। ਪੰਜਾਬ ਸ਼ਤਰੰਜ ਚੈਂਪੀਅਨਸ਼ਿਪ 1 ਅਗਸਤ ਤੋਂ ਪਟਿਆਲਾ, 17 ਜੁਲਾਈ - ਪਟਿਆਲਾ ਦੇ ਸਰਕਾਰੀ ਮਹਿੰਦਰਾ ਕਾਲਜ ਵਿਖੇ 1-2 ਅਗਸਤ ਨੂੰ ਪੰਜਾਬ ਸ਼ਤਰੰਜ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ, ਜਿਸ ਵਿਚ ਅੰਡਰ-15 ਉਮਰ ਗੁੱਟ ਦੇ ਲੜਕੇ ਤੇ ਲੜਕੀਆਂ ਹਿੱਸਾ ਲੈਣਗੇ। ਇਸ ਟੂਰਨਾਮੈਂਟ 'ਚੋਂ ਕੌਮੀ ਚੈਂਪੀਅਨਸ਼ਿਪ ਲਈ ਖਿਡਾਰੀਆਂ ਦੀ ਚੋਣ ਕੀਤੀ ਜਾਵੇਗੀ। ਰਾਸ਼ਟਰਮੰਡਲ ਖੇਡਾਂ ਅਪ੍ਰੈਲ 2020 ਨੂੰ ਲੁਧਿਆਣਾ, 17 ਜੁਲਾਈ - ਕੇਂਦਰੀ ਖੇਡ ਮੰਤਰੀ ਸ. ਮਨੋਹਰ ਸਿੰਘ ਗਿੱਲ ਨੇ ਕਿਹਾ ਰਾਸ਼ਟਰਮੰਡਲ ਖੇਡਾਂ ਦੇ ਹੋਣ ਨਾਲ ਹਿੰਦੁਸਤਾਨ ਦੀ ਪਹਿਚਾਣ ਅੰਤਰਰਾਸ਼ਟਰੀ ਖੇਡ ਜਗਤ 'ਤੇ ਜਾਵੇਗੀ। ਹੁਣ ਤੱਕ ਰਾਸ਼ਟਰਮੰਡਲ ਖੇਡਾਂ ਦਾ ਆਯੋਜਨ ਗੋਰਿਆਂ ਦੇ ਮੁਲਕਾਂ ਵਿਚ ਹੀ ਹੁੰਦਾ ਸੀ ਪਰ ਇਹ ਪਹਿਲਾ ਮੌਕਾ ਹੈ ਜਦੋਂ ਸਾਡੇ ਮੁਲਕ ਨੂੰ ਮੇਜ਼ਬਾਨੀ ਮਿਲੀ ਹੈ। ਰਾਸ਼ਟਰਮੰਡਲ ਖੇਡਾਂ ਦੇ ਆਯੋਜਨ ਨਾਲ ਜਿਥੇ ਸਾਡੇ ਅੰਤਰਰਾਸ਼ਟਰੀ ਪੱਧਰ ਦੇ ਖੇਡ ਸਟੇਡੀਅਮ ਦਾ ਢਾਂਚਾ ਉਸਾਰਿਆ ਜਾਵੇਗਾ ਉਥੇ ਤਗਮਿਆਂ ਦੀ ਪ੍ਰਾਪਤੀ ਵਿਚ ਵੀ ਸਾਡੇ ਖਿਡਾਰੀ ਪ੍ਰਾਪਤੀਆਂ ਕਰਨ ਲਈ ਅੱਗੇ ਵਧਣਗੇ। ਉਨ੍ਹਾਂ ਕਿਹਾ ਖੇਡ ਸਟੇਡੀਅਮ ਦੀ ਉਸਾਰੀ ਵਿਚ ਭਾਂਵੇ ਅਸੀਂ ਕਾਫ਼ੀ ਲੇਟ ਹਾਂ ਪਰ ਫਿਰ ਵੀ ਸਮੇਂ ਤੋਂ ਪਹਿਲਾਂ ਸਭ ਕੁਝ ਮੁਕੰਮਲ ਕਰ ਲਿਆ ਜਾਵੇਗਾ। ਇਨ੍ਹਾਂ ਖੇਡਾਂ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜਨ ਲਈ ਕੇਂਦਰ ਸਰਕਾਰ ਨੇ 3472 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਸਪੋਰਟਸ ਅਥਾਰਟੀ 7 ਵੱਡੇ ਖੇਡ ਸਟੇਡੀਅਮ ਬਣਾਏਗੀ। ਇਸ ਤੋਂ ਇਲਾਵਾ ਸਾਈਕਲਿੰਗ ਵੈਲੋਡਰਮ, ਸੂਟਿੰਗ ਰੇਂਜ, ਤੈਰਾਕੀ ਸਟੇਡੀਅਮ ਜੋ ਕੁਝ ਤਕਨੀਕੀ ਕਾਰਨਾਂ ਕਾਰਨ ਰੁਕੇ ਹੋਏ ਸਨ, ਦੀ ਉਸਾਰੀ ਵੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਦਿੱਲੀ ਡਿਵੈਲਪਮੈਂਟ ਅਥਾਰਟੀ 5 ਵੱਡੇ ਖੇਡ ਸਟੇਡੀਅਮ ਬਣਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦਿੱਲੀ ਡਿਵੈਲਪਮੈਂਟ ਅਥਾਰਟੀ ਵੱਲੋਂ ਜੋ ਸਟੇਡੀਅਮ ਉਸਾਰੇ ਜਾ ਰਹੇ ਹਨ, ਜਿਨ੍ਹਾਂ ਵਿਚ ਖੇਡ ਪਿੰਡ, ਸਵੀਮਿੰਗ ਪੂਲ, ਅਥਲੈਟਿਕਸ ਟਰੈਕ, ਵੇਟਲਿਫਟਿੰਗ ਅਤੇ ਕੁਸ਼ਤੀ ਕੋਰਟ 1 ਜੂਨ 2010 ਤੱਕ ਮੁਕੰਮਲ ਹੋ ਜਾਣਗੇ ਜਦਕਿ ਸ੍ਰੀ ਫੋਰਟ ਸਪੋਰਟਸ ਕੰਪਲੈਕਸ ਜਿਸ ਵਿਚ ਬੈਡਮਿੰਟਨ, ਸਕੂਐਸ਼, ਟੈਨਿਸ ਕੋਰਟ ਹਨ, 31 ਦਸੰਬਰ 2009 ਤੱਕ ਤਿਆਰ ਹੋ ਜਾਣਗੇ ਅਤੇ ਇਸ ਕੰਪਲੈਕਸ ਵਿਚ ਬਨਣ ਵਾਲਾ ਸਵੀਮਿੰਗ ਪੂਲ 30 ਅਪ੍ਰੈਲ 2010 ਤੱਕ ਮੁਕੰਮਲ ਹੋ ਜਾਵੇਗਾ। ਯਮਨਾ ਸਪੋਰਟਸ ਕੰਪਲੈਕਸ ਵਿਚ ਅਰਚਰੀ, ਫੁੱਟਬਾਲ ਗਰਾਉਂਡ, ਜ਼ਿਮਨਾਸਟਿਕ ਅਤੇ ਲਾਅਨਬੋਵਲਜ਼ ਵੀ 31 ਦਸੰਬਰ ਤੱਕ ਤਿਆਰ ਹੋਣਗੇ। ਮੇਜਰ ਧਿਆਨਚੰਦ ਨੈਸ਼ਨਲ ਹਾਕੀ ਸਟੇਡੀਅਮ ਜੋ ਸਪੋਰਟਸ ਅਥਾਰਟੀ ਆਫ ਇੰਡੀਆ ਵੱਲੋਂ ਬਣਾਇਆ ਜਾ ਰਿਹਾ ਹੈ ਉਹ 30 ਨਵੰਬਰ 2009 ਤੱਕ ਤਿਆਰ ਹੋਵੇਗਾ। ਇਸੇ ਸਟੇਡੀਅਮ ਵਿਚ ਫਰਵਰੀ ਮਹੀਨੇ ਵਿਸ਼ਵ ਕੱਪ ਹਾਕੀ ਮੁਕਾਬਲਾ ਵੀ ਖੇਡਿਆ ਜਾਵੇਗਾ। ਸ: ਗਿੱਲ ਨੇ ਦੱਸਿਆ ਕਿ ਜਵਾਹਰ ਲਾਲ ਨਹਿਰੂ ਸਟੇਡੀਅਮ ਜਿਥੇ ਰਾਸ਼ਟਰ ਮੰਡਲ ਖੇਡਾ ਦਾ ਉਦਘਾਟਨੀ ਅਤੇ ਸਮਾਪਤੀ ਸਮਾਰੋਹ ਹੋਵੇਗਾ ਉਹ 31 ਦਸੰਬਰ 2010 ਤੱਕ ਮੁਕੰਮਲ ਹੋ ਜਾਵੇਗਾ। ਇਸ ਸਟੇਡੀਅਮ ਦਾ ਵੱਡਾ ਪ੍ਰਬੰਧਕੀ ਬਲਾਕ ਜੋ ਪਹਿਲਾਂ ਹੀ ਮੁਕੰਮਲ ਹੋ ਚੁੱਕਾ ਹੈ। ਇਸ ਦਾ ਹੋਸਟਲ ਅਤੇ ਵੇਟਲਿਫਟਿੰਗ ਕੋਰਟ 31 ਦਸੰਬਰ ਤੱਕ ਬਣ ਜਾਵੇਗਾ। ਸ: ਗਿੱਲ ਨੇ ਆਖਿਆ ਕਿ ਮੁਲਕ ਦੇ ਪਿੰਡਾਂ ਵਿਚ ਖੇਡਾਂ ਦੀ ਬੇਹਤਰੀ ਲਈ ਕੇਂਦਰ ਸਰਕਾਰ ਪੰਜ ਸਾਲ ਵਿਚ 15 ਸੌ ਕਰੋੜ ਖਰਚੇਗੀ ਅਤੇ ਹਰ ਸਾਲ 3 ਸੌ ਕਰੋੜ ਖਰਚਣ ਦਾ ਟੀਚਾ ਰੱਖਿਆ ਗਿਆ ਹੈ। ਪੰਜਾਬ ਦੇ ਵਿਚ ਪੇਂਡੂ ਖੇਡਾਂ ਦੀ ਬਿਹਤਰੀ ਲਈ 12 ਕਰੋੜ ਪੰਜਾਬ ਸਰਕਾਰ ਨੂੰ ਭੇਜੇ ਹਨ। ਵਿਸ਼ਵ ਚੈਂਪੀਅਨਸ਼ਿਪ ਲਈ ਹੋਏ ਟਰਾਇਲਾਂ 'ਚ 31 ਮੁੱਕੇਬਾਜ਼ਾਂ ਸ਼ਾਮਿਲ ਪਟਿਆਲਾ, 17 ਜੁਲਾਈ - ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 1 ਤੋਂ 13 ਸਤੰਬਰ ਤੱਕ ਮਿਲਾਨ ਵਿਖੇ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਲਈ ਪਟਿਆਲਾ ਦੇ ਐਨ.ਆਈ.ਐਸ. ਵਿਖੇ ਦੇਸ਼ ਦੇ ਚੋਟੀ ਦੇ ਮੁੱਕੇਬਾਜ਼ਾਂ ਦਾ 11 ਮੈਂਬਰੀ ਟੀਮ 'ਚ ਥਾਂ ਬਣਾਉਣ ਲਈ ਟਰਾਇਲ ਹੋਏ। ਇਹ ਚੋਣ ਟਰਾਇਲ ਭਾਰਤੀ ਮੁੱਕੇਬਾਜ਼ੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ੍ਰੀ ਮੁਰਲੀਧਰ ਰਾਜਾ ਦੀ ਅਗਵਾਈ 'ਚ ਚੋਣ ਕਮੇਟੀ ਦੀ ਦੇਖ ਰੇਖ 'ਚ ਹੋਏ। ਇਨ੍ਹਾਂ ਟਰਾਇਲਾਂ 'ਚ ਦੇਸ਼ ਦੇ ਚੋਟੀ ਦੇ 31 ਮੁੱਕੇਬਾਜ਼ਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚ ਉਲੰਪਿਕ ਤਗਮਾ ਜੇਤੂ ਵੀਜੇਂਦਰ ਕੁਮਾਰ, ਵਿਸ਼ਵ ਚੈਂਪੀਅਨਸ਼ਿਪ 'ਚ ਤਗਮਾ ਜੇਤੂ ਅਖਿਲ ਕੁਮਾਰ, ਜੀਤੇਂਦਰ ਕੁਮਾਰ, ਦਿਨੇਸ਼ ਕੁਮਾਰ ਤੇ ਏ.ਐਲ. ਲਾਕੜਾ ਵੀ ਸ਼ਾਮਲ ਸਨ। ਟਰਾਇਲਾਂ ਦੌਰਾਨ ਖਿਡਾਰੀਆਂ ਦੀ ਚੋਣ ਲਈ ਸ੍ਰੀ ਮੁਰਲੀਧਰਨ ਰਾਜਾ ਤੋਂ ਇਲਾਵਾ ਕੌਮੀ ਕੋਚ ਗੁਰਬਖਸ਼ ਸਿੰਘ ਸੰਧੂ, ਜੈ ਰਾਮ, ਅਲੀ ਕੁਮਾਰ, ਰਾਜਿੰਦਰ ਪ੍ਰਸ਼ਾਦ, ਓ.ਪੀ. ਭਾਰਦਵਾਜ ਤੇ ਮਹਿਤਾਬ ਸਿੰਘ 'ਤੇ ਅਧਾਰਿਤ ਕਮੇਟੀ ਪਹੁੰਚੀ। ਪਹਿਲੀ ਵਾਰ ਐਮਚਿਊਰ ਦੀ ਬਜਾਏ ਆਇਬਾ ਵਿਸ਼ਵ ਚੈਂਪੀਅਨਸ਼ਿਪ ਦੇ ਬੈਨਰ ਹੇਠ ਹੋ ਰਹੀ ਇਸ ਚੈਂਪੀਅਨਸ਼ਿਪ 'ਚ 2-2 ਦੀ ਬਜਾਏ 3-3 ਮਿੰਟਾਂ ਵਾਲੇ ਤਿੰਨ ਤਿੰਨ ਰਾਊਂਡਜ਼ ਵਾਲੇ ਮੁਕਾਬਲੇ ਹੋਣਗੇ ਅਤੇ ਇਸੇ ਪੈਟਰਨ 'ਤੇ ਖਿਡਾਰੀਆਂ ਦੇ ਟਰਾਇਲ 17 ਜੁਲਾਈ ਨੂੰ ਵੀ ਹੋਏ। ਜ਼ਖ਼ਮੀ ਹੋਣ ਕਾਰਨ ਏਸ਼ੀਅਨ ਚੈਂਪੀਅਨਸ਼ਿਪ 'ਚ ਹਿੱਸਾ ਨਾ ਲੈ ਸਕਿਆ ਅਖਿਲ ਕੁਮਾਰ ਪਹਿਲੀ ਵਾਰ 54 ਕਿਲੋ ਤੋਂ ਵਧੇ ਭਾਰ 57 ਕਿਲੋ 'ਚ ਹਿੱਸਾ ਲੈ ਰਿਹਾ ਸੀ। ਇਨ੍ਹਾਂ ਟਰਾਇਲਾਂ ਨੂੰ ਦੇਖਣ ਲਈ ਵੱਡੀ ਗਿਣਤੀ ਵਿਚ ਉਭਰਦੇ ਮੁੱਕੇਬਾਜ਼ ਤੇ ਖੇਡ ਪ੍ਰੇਮੀ ਮੌਜੂਦ ਸਨ। ਏਸ਼ੀਆ ਕੱਪ ਲਈ ਰਵਾਨਾ ਹੋਈ ਭਾਰਤੀ ਮਹਿਲਾ ਹਾਕੀ ਟੀਮ ਪਟਿਆਲਾ, 17 ਜੁਲਾਈ - ਏਸ਼ੀਅਨ ਮਹਿਲਾ ਹਾਕੀ ਕੱਪ ਅੰਡਰ -18 ਜੋ ਕਿ 20 ਤੋਂ 26 ਜੁਲਾਈ ਤੱਕ ਚੀਨ 'ਚ ਕਰਵਾਈ ਜਾ ਰਹੀ ਹੈ। ਇਸ ਲਈ ਭਾਰਤੀ ਟੀਮ ਰਵਾਨਾ ਹੋ ਗਈ ਹੈ। ਭਾਰਤੀ ਹਾਕੀ ਇਤਿਹਾਸ 'ਚ ਪਹਿਲੀ ਵਾਰ ਇਕ ਮਹਿਲਾ ਫਿਜ਼ੀਓਥਰੈਪਿਸਟ ਇਕਸ਼ਾ ਖਰੇ ਕੌਮੀ ਲੜਕੀਆਂ ਦੀ ਟੀਮ ਨਾਲ ਜਾ ਰਹੀ ਹੈ। ਇਸ ਤੋਂ ਪਹਿਲਾਂ ਪੁਰਸ਼ ਹੀ ਇਹ ਜ਼ਿੰਮੇਵਾਰੀ ਨਿਭਾਉਂਦੇ ਆ ਰਹੇ ਸਨ। ਮੁੱਖ ਕੋਚ ਸ: ਗੁਰਦਿਆਲ ਸਿੰਘ ਭੰਗੂ ਦੇ ਘਰੇਲੂ ਕਾਰਨ ਟੀਮ ਨਾਲ ਨਾ ਜਾ ਸਕਣ ਕਰਕੇ ਇਹ ਟੀਮ ਸ੍ਰੀ ਵਾਈ.ਐਸ. ਚੌਹਾਨ, ਇੰਦਰਜੀਤ ਸਿੰਘ ਗਿੱਲ ਦੋਨੋਂ ਕੋਚ, ਹੈਲਨ ਸੋਏ ਮੈਨੇਜਰ ਦੀ ਅਗਵਾਈ 'ਚ ਚੀਨ ਜਾ ਰਹੀ ਹੈ। ਭਾਰਤੀ ਟੀਮ ਦੇ ਪੂਲ 'ਚ ਮੇਜ਼ਬਾਨ ਚੀਨ, ਸਿੰਘਾਪੁਰ ਤੇ ਸ੍ਰੀਲੰਕਾ ਦੀਆਂ ਟੀਮਾਂ ਹਨ ਜਦੋਂ ਕਿ ਦੂਸਰੇ ਪੂਲ 'ਚ ਜਪਾਨ, ਦੱਖਣੀ ਕੋਰੀਆ ਤੇ ਪਾਕਿਸਤਾਨ ਦੀਆਂ ਟੀਮਾਂ ਸ਼ਾਮਲ ਹਨ। ਇਸ ਪੂਲ 'ਚ ਸ਼ਾਮਲ ਮਲੇਸ਼ੀਆ ਟੀਮ ਵੱਲੋਂ ਆਖਰੀ ਵਕਤ 'ਤੇ ਨਾਮ ਵਾਪਸ ਲੈਣ ਕਰਕੇ ਹੁਣ ਚੀਨੀ ਤਾਈਪੇ ਦੀ ਟੀਮ ਨੂੰ ਮੌਕਾ ਮਿਲਣ ਦੀ ਸੰਭਾਵਨਾ ਹੈ। ਭਾਰਤੀ ਟੀਮ ਦਾ ਸੈਮੀਫਾਈਨਲ 'ਚ ਪੁੱਜਣਾ ਕਾਫੀ ਆਸਾਨ ਜਾਪਦਾ ਹੈ ਕਿਉਂਕਿ ਉਸ ਦੇ ਪੂਲ 'ਚ ਸਿਰਫ ਚੀਨ ਦੀ ਟੀਮ ਹੀ ਉਸ ਦੇ ਮੁਕਾਬਲੇ ਦੀ ਸਮਝੀ ਜਾਂਦੀ ਹੈ। ਨਾਮਧਾਰੀ ਇਲੈਵਨ ਅਤੇ ਕੈਨੇਡਾ ਦੀ ਕੌਮੀ ਹਾਕੀ ਟੀਮ ਵਿਚਕਾਰ ਮੁਕਾਬਲਾ ਲੁਧਿਆਣਾ, 17 ਜੁਲਾਈ - ਸਰੀ ਦੇ ਟਮੈਅਨੂਅਸ ਹਾਈ ਸਕੂਲ ਦੇ ਹਾਕੀ ਮੈਦਾਨ 'ਚ ਕੈਨੇਡਾ ਦੀ ਕੌਮੀ ਹਾਕੀ ਟੀਮ ਅਤੇ ਨਾਮਧਾਰੀ ਇਲੈਵਨ ਵਿਚਕਾਰ ਦੋਸਤਾਨਾ ਮੈਚ ਕਰਵਾਇਆ ਜਾ ਰਿਹਾ ਹੈ। ਨਾਮਧਾਰੀ ਹਾਕੀ ਇਲੈਵਨ ਕੌਮੀ ਟੀਮ ਤੋਂ ਇਲਾਵਾ ਕਈ ਹੋਰ ਕਲੱਬਾਂ ਨਾਲ ਦੋਸਤਾਨਾ ਮੈਚ ਖੇਡੇਗੀ। ਇਸ ਤੋਂ ਇਲਾਵਾ ਸਰੀ ਵਿਖੇ 24 ਤੋਂ 26 ਜੁਲਾਈ ਤੱਕ ਹੋਣ ਵਾਲੇ ਦੂਸਰੇ ਸਰੀ ਗੋਲਡ ਕੱਪ ਹਾਕੀ ਟੂਰਨਾਮੈਂਟ ਵਿਚ ਹਿੱਸਾ ਲਵੇਗੀ। ਕੈਨੇਡਾ ਦੀ ਕੌਮੀ ਹਾਕੀ ਟੀਮ ਜੋ ਅਗਲੇ ਵਰ੍ਹੇ ਨਵੀਂ ਦਿੱਲੀ ਵਿਖੇ ਹੋਣ ਵਾਲੇ ਵਿਸ਼ਵ ਕੱਪ ਲਈ ਕੁਆਲੀਫਾਈ ਕਰ ਗਈ ਹੈ ਅਤੇ ਵਿਸ਼ਵ ਕੱਪ ਦੀ ਤਿਆਰੀ ਵਜੋਂ ਇਹ ਅਭਿਆਸ ਕਰ ਰਹੀ ਹੈ। ਕੈਨੇਡਾ ਦੀ ਕੌਮੀ ਹਾਕੀ ਟੀਮ ਵਿਚ ਗੋਰਿਆਂ ਤੋਂ ਇਲਾਵਾ ਪੰਜ ਖਿਡਾਰੀ ਪੰਜਾਬੀ ਮੂਲ ਦੇ ਖੇਡ ਰਹੇ ਹਨ। ਇਸ ਮੌਕੇ 'ਤੇ ਪਾਕਿਸਤਾਨ ਹਾਕੀ ਦੇ ਸਾਬਕਾ ਸੁਪਰ ਸਟਾਰ 1978 ਵਿਸ਼ਵ ਕੱਪ ਦੇ ਜੇਤੂ ਕਪਤਾਨ ਮੁਹੰਮਦ ਇਸਲਾਹੁਦੀਨ, ਫੁਲਬੈਕ ਤਾਰਿਕ ਇਮਰਾਨ, ਭਾਰਤੀ ਹਾਕੀ ਦੇ ਸਾਬਕਾ ਸੁਪਰ ਸਟਾਰ ਸੀਨੀਅਰ ਬਲਬੀਰ ਸਿੰਘ ਜੇਤੂ ਕਪਤਾਨ 1956 ਮੈਲਬੋਰਨ ਉਲੰਪਿਕ, ਉਲੰਪੀਅਨ ਬਲਜੀਤ ਸਿੰਘ ਢਿੱਲੋਂ, ਉਲੰਪੀਅਨ ਬਲਦੇਵ ਸਿੰਘ, ਹਰਮਿੰਦਰ ਪਾਲ ਸਿੰਘ ਚੀਫ਼ ਕੋਚ ਜਰਖੜ ਹਾਕੀ ਅਕੈਡਮੀ, ਟੂਰਨਾਮੈਂਟ ਦੇ ਗੈਸਟ ਆਫ਼ ਆਨਰ ਹੋਣਗੇ ਅਤੇ ਇਨ੍ਹਾਂ ਸ਼ਖਸ਼ੀਅਤਾਂ ਨੂੰ ਸਰੀ ਕੈਨੇਡਾ ਹਾਕੀ ਕਲੱਬ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ। ਪੰਜਾਬ ਵਿਚ ਘੱਟੋ ਘੱਟ 12 ਦੇ ਕਰੀਬ ਸਿਕਸ ਏ ਸਾਈਡ ਹਾਕੀ ਮੈਦਾਨ ਬਣਾਏ ਜਾਣਗੇ ਲੁਧਿਆਣਾ, 16 ਜੁਲਾਈ - ਪੰਜਾਬ ਖੇਡ ਵਿਭਾਗ ਨੇ ਇਕ ਸਾਲ ਪਹਿਲਾਂ ਜੋ ਯੋਜਨਾ ਤਿਆਰ ਕੀਤੀ ਸੀ ਉਸਨੂੰ ਫ਼ਲ ਪੈਣਾ ਸ਼ੁਰੂ ਹੋ ਗਿਆ ਹੈ। ਇਸ ਕੜੀ ਤਹਿਤ ਜੋ ਸਿਕਸ-ਏ-ਸਾਈਡ ਹਾਕੀ ਮੈਦਾਨ ਬਣਾਉਣੇ ਸ਼ੁਰੂ ਕੀਤੇ ਹਨ ਉਨ੍ਹਾਂ ਵਿਚ ਫਿਰੋਜ਼ਪੁਰ, ਜਰਖੜ ਹਾਕੀ ਅਕੈਡਮੀ, ਮਹਿਤਾ ਚੌਂਕ, ਚੀਮਾ ਅਕੈਡਮੀ ਬਟਾਲਾ ਅਤੇ ਗੁਰੂਸਰ ਕਾਲਜ ਸੁਧਾਰ ਵਿਖੇ ਮੈਦਾਨਾਂ ਦੀ ਉਸਾਰੀ ਦਾ ਕੰਮ ਲਗਪਗ ਮੁਕੰਮਲ ਜਾ ਅੰਤਿਮ ਪੜਾਅ ਦੇ ਨੇੜੇ ਹੈ। ਆਸ ਹੈ ਕਿ ਇਹ ਮੈਦਾਨ 15 ਅਗਸਤ ਤੋਂ ਪਹਿਲਾਂ ਖਿਡਾਰੀਆਂ ਦੇ ਹਵਾਲੇ ਹੋ ਜਾਣਗੇ। ਪੰਜਾਬ ਖੇਡ ਵਿਭਾਗ ਦੇ ਡਾਇਰੈਕਟਰ ਸ:ਪਰਗਟ ਸਿੰਘ ਨੇ ਦੱਸਿਆ ਕਿ ਉਕਤ 5 ਅਕੈਡਮੀਆਂ ਵਿਚ ਜੋ ਹਾਕੀ ਮੈਦਾਨ ਬਣਾਏ ਹਨ ਉਹ ਨਵੀਂ ਦਿੱਲੀ ਦੇ ਨੈਸ਼ਨਲ ਸਟੇਡੀਅਮ ਤੋਂ ਜੋ ਐਸਟਰੋਟਰਫ਼ ਲਾਹੀ ਸੀ, ਉਸ ਦੇ ਪੰਜ ਹਿੱਸੇ ਬਣਾ ਕੇ ਉਕਤ ਥਾਵਾਂ 'ਤੇ ਪੰਜ ਸਿਕਸ-ਏ-ਸਾਈਡ ਗਰਾਊਂਡਾਂ ਬਣਾਈਆਂ ਹਨ। ਸ: ਪਰਗਟ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਇਹ ਯੋਜਨਾ ਹੈ ਕਿ ਪੰਜਾਬ ਵਿਚ ਘੱਟੋ-ਘੱਟ 12 ਦੇ ਕਰੀਬ ਸਿਕਸ-ਏ-ਸਾਈਡ ਹਾਕੀ ਮੈਦਾਨ ਬਣਾਏ ਜਾਣ। ਅਗਲੇ ਪੜਾਅ ਵਿਚ ਸੰਸਾਰਪੁਰ, ਬਾਬਾ ਬਕਾਲਾ, ਕਿਲਾ ਰਾਏਪੁਰ, ਕੁੱਕੜ, ਚਾਹਲਾਂ (ਗੁਰਦਾਸਪੁਰ), ਰੂਮੀ, ਗੋਇੰਦਵਾਲ ਆਦਿ ਪਿੰਡਾਂ 'ਚ ਸਿਕਸ-ਏ-ਸਾਈਡ ਹਾਕੀ ਮੈਦਾਨ ਬਣਾਏ ਜਾਣਗੇ। ਉਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਬਲਟਨ ਪਾਰਕ ਜਲੰਧਰ ਦੀ ਪੁਰਾਣੀ ਐਸਟਰੋਟਰਫ਼ ਲਾਹ ਕੇ ਨਵੀਂ ਲਾਈ ਜਾ ਰਹੀ ਹੈ। ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਵੀ ਨਵੀਂ ਐਸਟਰੋਟਰਫ਼ ਲੱਗ ਰਹੀ ਹੈ, ਜਦਕਿ ਦੋਵੇਂ ਪੁਰਾਣੀਆਂ ਟਰਫ਼ਾਂ ਨੂੰ ਸਿਕਸ-ਏ-ਸਾਈਡ ਮੈਦਾਨ ਬਣਾ ਕੇ ਉਕਤ ਵੱਖ-ਵੱਖ ਪਿੰਡ ਵਿਚ ਲਗਾਇਆ ਜਾਵੇਗਾ। ਭਾਰਤੀ ਅਕੈਡਮੀਜ਼ ਬਣੀ ਚੈਂਪੀਅਨ ਪਟਿਆਲਾ, 16 ਜੁਲਾਈ - ਕੌਮਾਂਤਰੀ ਅਕੈਡਮੀਜ਼ ਟਵੈਂਟੀ -20 ਕ੍ਰਿਕਟ ਚੈਂਪੀਅਨਸ਼ਿਪ ਮਲੇਸ਼ੀਆ 'ਚ ਕਰਵਾਈ ਗਈ। ਇਸ ਚੈਂਪੀਅਨਸ਼ਿਪ 'ਚ ਭਾਰਤੀ ਅਕੈਡਮੀਜ਼ ਟੀਮ 'ਚ ਸ਼ਾਮਿਲ ਕਸਬਾ ਘੱਗਾ ਦੇ ਦਲਜੀਤ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕਬੱਡੀ ਖਿਡਾਰੀ ਜਗਦੇਵ ਸਿੰਘ ਢਿੱਲੋਂ ਦੇ ਸਪੁੱਤਰ ਦਲਜੀਤ ਨੇ ਇਸ ਟੂਰਨਾਮੈਂਟ 'ਚ ਇੰਡੀਅਨ ਪਾਵਰ ਕ੍ਰਿਕਟ ਅਕੈਡਮੀਜ਼ ਦੀ ਟੀਮ ਵੱਲੋਂ ਹਿੱਸਾ ਲਿਆ। ਪੈਰਾਡਾਈਜ਼ ਇੰਟਰਨੈਸ਼ਨਲ ਸਕੂਲ ਘੱਗਾ ਵਿਖੇ ਨੌਵੀਂ ਜਮਾਤ 'ਚ ਪੜ੍ਹਦੇ ਦਲਜੀਤ ਨੇ ਦੋ ਮੈਚਾਂ 'ਚ ਤੇਜ਼ ਤਰਾਰ 40 ਤੇ 30 ਦੌੜਾਂ ਬਣਾ ਕੇ ਆਪਣੀ ਟੀਮ ਨੂੰ ਚੈਂਪੀਅਨ ਬਣਾਉਣ 'ਚ ਅਹਿਮ ਭੂਮਿਕਾ ਨਿਭਾਈ। ਇਸ ਟੂਰਨਾਮੈਂਟ 'ਚ ਭਾਰਤੀ ਅਕੈਡਮੀਜ਼ ਪਹਿਲੇ, ਪਾਕਿਸਤਾਨ ਦੂਸਰੇ ਤੇ ਮਲੇਸ਼ੀਆ ਤੀਸਰੇ ਸਥਾਨ 'ਤੇ ਰਿਹਾ। ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਸ਼ਾਮਿਲ ਹੋਣ ਵਾਲੀ ਜੂਨੀਅਰ ਭਾਰਤੀ ਟੀਮ ਜਲੰਧਰ, 16 ਜੁਲਾਈ - ਤੁਰਕੀ ਵਿਖੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 4 ਤੋਂ 8 ਅਗਸਤ ਤੱਕ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਵਾਲੀ ਜੂਨੀਅਰ ਗ੍ਰੀਕੋ ਰੋਮਨ ਦੇ ਪਹਿਲਵਾਨ ਦੀ ਚੋਣ ਪੀ. ਏ. ਪੀ. ਇੰਡੋਰ ਕੰਪਲੈਕਸ ਵਿਖੇ ਪਦਮ ਸ੍ਰੀ ਕਰਤਾਰ ਸਿੰਘ ਜਨਰਲ ਸਕੱਤਰ ਭਾਰਤੀ ਕੁਸ਼ਤੀ ਫੈਡਰੇਸ਼ਨ ਦੀ ਦੇਖ-ਰੇਖ ਹੇਠ ਕੀਤੀ ਗਈ। ਟੀਮ ਦੇ 50 ਕਿਲੋ ਭਾਰ ਵਰਗ ਵਿਚ ਮਨਜੀਤ, ਵਿਕਰਮ, 55 ਕਿਲੋ ਮਨੋਜ, ਵਿਸ਼ਵਨਾਥ ਪਾਟਿਲ, 60 ਕਿਲੋ 'ਚ ਸੁਰੇਸ਼, 66 ਕਿਲੋ ਰਵਿੰਦਰ ਤੋਮਰ, ਸਤੀਸ਼, 74 ਕਿਲੋ 'ਚ ਸਤੀਸ਼, ਸਨੀ ਭੋਪਾਲ, 84 ਕਿਲੋ ਅਨਿਲ, ਰਾਜੇਸ਼, 96 ਕਿਲੋ 'ਚ ਰੁਪਿੰਦਰ, ਅਮਿਤ, 120 ਕਿਲੋ 'ਚ ਰਾਕੇਸ਼, ਕਿਸ਼ਨ ਦੀ ਚੋਣ ਕੀਤੀ ਗਈ ਹੈ। ਉੱਤਰੀ ਜ਼ੋਨ ਕੌਮੀ ਚੈਂਪੀਅਨਸ਼ਿਪ ਲਈ ਚੁਣੀ ਗਈ ਪੰਜਾਬ ਦੀ ਐਥਲੈਟਿਕਸ ਟੀਮ ਲੁਧਿਆਣਾ, 16 ਜੁਲਾਈ - ਦੇਹਰਾਦੂਨ ਵਿਖੇ ਉੱਤਰੀ ਜ਼ੋਨ ਐਥਲੈਟਿਕਸ ਕੌਮੀ ਚੈਂਪੀਅਨਸ਼ਿਪ 1 ਤੋਂ 3 ਅਗਸਤ ਤੱਕ ਹੋ ਰਹੀ ਹੈ। ਇਸ ਵਾਸਤੇ ਪੰਜਾਬ ਦੀ ਮੁੰਡੇ ਅਤੇ ਕੁੜੀਆਂ ਦੀ ਐਥਲੈਟਿਕਸ ਟੀਮ ਦਾ ਐਲਾਨ ਕਰ ਦਿੱਤਾ ਹੈ। ਚੁਣੀ ਗਈ ਪੰਜਾਬ ਟੀਮ ਵਿਚ ਮੁੰਡਿਆਂ ਦੇ ਵਰਗ ਵਿਚ ਅੰਡਰ-16 ਸਾਲ ਵਰਗ ਵਿਚ ਸਨੇਹਇੰਦਰ ਸਿੰਘ 200 ਮੀਟਰ ਦੌੜ, ਜਤਿਨ ਜੈਨ 400 ਮੀਟਰ, ਅਨਮੋਲ ਸਿੰਘ 100 ਮੀਟਰ ਅੜਿੱਕਾ ਦੌੜ, ਗੁਰਪ੍ਰੀਤ ਸਿੰਘ, ਹਰਭਜਨ ਸਿੰਘ ਗੋਲਾ ਸੁੱਟਣ, ਵਿਕਰਮ ਸਿੰਘ ਲੰਬੀ ਛਾਲ, ਅੰਡਰ-18 ਸਾਲ ਵਿਚ ਰੁਪਿੰਦਰ ਸਿੰਘ ਲੰਬੀ ਛਾਲ, ਮਨਵੀਰ ਸਿੰਘ 100 ਮੀਟਰ ਦੌੜ, ਪ੍ਰਭਜੋਤ ਸਿੰਘ ਡਿਸਕਸ ਥਰੋ, ਗੁਰਵਿੰਦਰ ਸਿੰਘ ਗੋਲਾ ਸੁੱਟਣ, ਦਲੇਰਬਾਜ 100 ਮੀਟਰ, ਮਨਵੀਰ ਸਿੰਘ 400 ਮੀਟਰ, ਅੰਮ੍ਰਿਤਪਾਲ ਸਿੰਘ ਟਰਿਪਲ ਜੰਪ, ਮਹਾਂਵੀਰ ਸਿੰਘ ਅਤੇ ਗੁਰਪ੍ਰੀਤ ਸਿੰਘ ਲੰਬੀ ਛਾਲ, ਜਗਦੀਪ ਸਿੰਘ ਹੈਮਰ ਥਰੋ, ਦੀਪਕ ਕੁਮਾਰ 100 ਕਿਲੋਮੀਟਰ ਪੈਦਲ ਚਾਲ, ਤਜਿੰਦਰਪਾਲ ਸਿੰਘ ਗੋਲਾ ਸੁੱਟਣ, ਜਸ਼ਨਜੋਤ ਸਿੰਘ 100 ਮੀਟਰ ਅੜਿੱਕਾ ਦੌੜ, ਅੰਡਰ-20 ਸਾਲ ਗਰੁੱਪ ਵਿਚ ਰਵਿੰਦਰ ਸਿੰਘ ਟਰਿਪਲ ਜੰਪ, ਕੁਲਵਿੰਦਰ ਸਿੰਘ, ਸਵਰੂਪ ਸਿੰਘ ਉੱਚੀ ਛਾਲ, ਸੁਖਵਿੰਦਰ ਸਿੰਘ 800 ਮੀਟਰ ਦੌੜ, ਭੁਪਿੰਦਰ ਸਿੰਘ 1500 ਮੀਟਰ ਦੌੜ, ਲਬਦੀਪ ਅਤੇ ਰਣਜੀਤ ਸਿੰਘ ਹੈਮਰ ਥਰੋ, ਗੁਰਦਿੱਤ ਸਿੰਘ ਅਤੇ ਸ਼ਮਸ਼ੇਰ ਸਿੰਘ ਗੋਲਾ ਸੁੱਟਣ, ਯਸ਼ਰਾਜ ਅਤੇ ਭਗਵੰਤ ਸਿੰਘ 100 ਮੀਟਰ ਅਤੇ 200 ਮੀਟਰ ਦੌੜ, ਗੁਰਤੇਜ ਸਿੰਘ 110 ਮੀਟਰ ਅੜਿੱਕਾ ਦੌੜ, ਚੇਤਨਦੀਪ 400 ਮੀਟਰ ਅੜਿੱਕਾ ਦੌੜ, ਕਿਰਪਾਲ ਸਿੰਘ ਅਤੇ ਸੁਖਪਾਲ ਸਿੰਘ ਡਿਸਕਸ ਥਰੋ, ਭੁਪਿੰਦਰ ਸਿੰਘ ਜੈਵਲਨ ਥਰੋ, ਦਵਿੰਦਰ ਸਿੰਘ 400 ਮੀਟਰ ਦੌੜ, ਤਰਲਚੋਨ ਸਿੰਘ 1500 ਮੀਟਰ ਦੌੜ ਆਦਿ ਖਿਡਾਰੀ ਚੁਣੇ ਗਏ ਹਨ। ਕੁੜੀਆਂ ਦੇ ਵਰਗ ਵਿਚ ਅੰਡਰ-20 ਸਾਲ ਵਿਚ ਸਵਰਨਦੀਪ ਕੌਰ 400 ਮੀਟਰ ਦੌੜ, ਰਜਿੰਦਰ ਕੌਰ ਟਰਿਪਲ ਜੰਪ, ਬਕਵੀਰ ਕੌਰ ਲੰਬੀ ਛਾਲ, ਦੀਪਤੀ 100 ਤੇ 200 ਮੀਟਰ ਦੌੜ, ਸਤਿੰਦਰ ਕੌਰ 800 ਅਤੇ 1500 ਮੀਟਰ ਦੌੜ, ਅੰਮ੍ਰਿਤਪਾਲ ਕੌਰ 10 ਕਿਲੋਮੀਟਰ ਪੈਦਲ ਚਾਲ, ਅੰਡਰ-18 ਸਾਲ ਵਿਚ ਜਸਵੀਰ ਕੌਰ ਟਰਿਪਲ ਜੰਪ, ਲਵਪ੍ਰੀਤ ਕੌਰ ਲੰਬੀ ਛਾਲ, ਅਮਨਦੀਪ ਕੌਰ ਜੈਵਲਨ ਥਰੋ, ਸਿਮਰਨ ਕੌਰ 100 ਮੀਟਰ ਅੜਿੱਕਾ ਦੌੜ, ਇੰਦੂ 100 ਤੇ 400 ਮੀਟਰ ਦੌੜ, ਖੁਸ਼ਦੀਪ ਕੌਰ ਅਤੇ ਰਿੰਪੀ ਕੌਰ 5 ਕਿਲੋ ਮੀਟਰ ਪੈਦਲ ਦੌੜ, ਸ਼ਰਨਜੀਤ ਕੌਰ ਹੈਮਰ ਥਰੋ, ਹਰਪ੍ਰੀਤ ਕੌਰ ਜੈਵਲਨ ਥਰੋ, ਅੰਡਰ-16 ਸਾਲ ਵਿਚ ਹਰਮਨਦੀਪ ਕੌਰ ਅਤੇ ਭੂਮਿਕਾ ਕੌਰ ਜੈਵਲਨ ਅਤੇ ਲੰਬੀ ਛਾਲ ਲਈ ਚੁਣੀਆਂ ਗਈਆਂ ਹਨ। ਸੱਲਾ ਸਪੋਰਟਸ ਕਲੱਬ ਦਾ ਪੰਜਵੀਂ ਵਾਰ ਕਬੱਡੀ ਕੱਪ 'ਤੇ ਕਬਜ਼ਾ ਜਲੰਧਰ, 16 ਜੁਲਾਈ - ਈਨੋਰੇਲਾ ਬਰੇਸ਼ੀਆ ਦੇ ਖੇਡ ਸਟੇਡੀਅਮ 'ਚ ਚੌਥਾ ਕਬੱਡੀ ਕੱਪ ਇਟਾਲੀਅਨ ਪੰਜਾਬੀ ਸਪੋਰਟਸ ਕਲੱਬ ਮੌਂਤੀਕਿਆਰੀ (ਇਟਲੀ) ਵੱਲੋਂ ਕਰਵਾਇਆ ਗਿਆ। ਇਸ ਕਬੱਡੀ ਕੱਪ 'ਚ ਸੱਲ੍ਹਾ ਸਪੋਰਟਸ ਕਲੱਬ ਨੇ ਮੀਰੀ ਪੀਰੀ ਸਪੋਰਟਸ ਕਲੱਬ ਨੂੰ ਹਰਾ ਕੇ ਜੇਤੂ ਖਿਤਾਬ 'ਤੇ ਕਬਜ਼ਾ ਕੀਤਾ। ਸੱਲ੍ਹਾ ਸਪੋਰਟਸ ਕਲੱਬ ਵੱਲੋਂ ਚੰਨਾ ਖੀਰਾਂਵਾਲੀ, ਨੀਲਾ ਸੈਦੋਕੇ , ਬਿੱਲੀ ਜੰਡੂਸਿੰਘਾ, ਗੋਰਾ ਬੁੱਲ੍ਹੋਵਾਲ, ਲੰਬੜ ਡੱਫਰ, ਦੀਪ ਗੜ੍ਹੀਬਖਸ਼ਾ, ਜਿੰਦਰ ਮਾਂਗੇਕੀ, ਲੋਗੜ ਬਿੱਲਾ ਤਲਵੰਡੀ, ਮੀਤਾ ਮਾਂਗੇਕੀ ਅਤੇ ਮੀਰੀ ਪੀਰੀ ਸਪੋਰਟਸ ਕਲੱਬ ਵੱਲੋਂ ਸਾਹਬ, ਲੱਕੀ ਕੁਰਾਲੀ, ਗੋਰਾ ਖੀਰਾਂਵਾਲੀ, ਬਿੱਟੀ, ਸਾਬੀ, ਗੁੱਲੂ ਮਨਸੂਰ ਵਾਲੀਆ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਹਾਕੀ ਖਿਡਾਰੀਆਂ ਨੂੰ 16 ਮਰਲੇ ਦਾ ਪਲਾਟ ਪਊਗਾ 40 ਲੱਖ 'ਚ ਜਲੰਧਰ, 16 ਜੁਲਾਈ - ਜੂਨੀਅਰ ਵਿਸ਼ਵ ਹਾਕੀ ਕੱਪ ਦੇ ਜੇਤੂ ਪੰਜਾਬੀ ਖਿਡਾਰੀਆਂ ਨੂੰ ਬਾਦਲ ਸਰਕਾਰ ਨੇ ਆਪਣੇ ਕੀਤੇ ਵਾਅਦੇ ਮੁਤਾਬਿਕ ਪਲਾਟ ਅਲਾਟ ਕਰਕੇ ਜਿਥੇ ਇਕ ਨਵੀਂ ਪਿਰਤ ਪਾਈ ਹੈ ਤੇ ਹਾਕੀ ਖਿਡਾਰੀਆਂ 'ਚ ਖੁਸ਼ੀ ਦੀ ਲਹਿਰ ਹੈ ਪਰ ਸਰਕਾਰ ਵੱਲੋਂ ਡਰਾਅ ਰਾਹੀਂ ਅਲਾਟ ਕੀਤੇ ਗਏ ਮੋਹਾਲੀ ਦੇ ਸੈਕਟਰਾਂ ਵਿਚ ਜੋ ਪਲਾਟ ਹਾਕੀ ਖਿਡਾਰੀਆਂ ਨੂੰ ਦਿੱਤੇ ਜਾਣੇ ਹਨ ਇਹ ਪਲਾਟ ਖਿਡਾਰੀਆਂ ਨੂੰ ਸਰਕਾਰ ਵੱਲੋਂ ਮੁਫ਼ਤ ਨਹੀਂ ਦਿੱਤੇ ਜਾ ਰਹੇ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਹਾਕੀ ਖਿਡਾਰੀਆਂ ਨੂੰ 16 ਮਰਲੇ ਦਾ ਪਲਾਟ 40 ਲੱਖ ਵਿਚ ਮਿਲਣਾ ਹੈ ਅਤੇ ਇਨ੍ਹਾਂ ਨੇ 10-10 ਲੱਖ (25 ਪ੍ਰਤੀਸ਼ਤ ਰਾਸ਼ੀ) ਡਰਾਅ ਤੋਂ ਪਹਿਲਾਂ ਹੀ ਜਮ੍ਹਾਂ ਕਰਵਾਈ ਸੀ ਤੇ ਬਾਕੀ ਦੇ 30-30 ਲੱਖ ਰੁਪਏ ਅਲਾਟਮੈਂਟ ਹੋਣ ਤੋਂ ਬਾਅਦ ਨਿਯਮਾਂ ਰਾਹੀਂ ਜਮ੍ਹਾਂ ਕਰਵਾ ਕੇ ਹੀ ਇਸ ਪਲਾਟ ਦੇ ਮਾਲਕ ਬਣਨਗੇ। ਇਥੇ ਇਹ ਵੀ ਵਰਨਣਯੋਗ ਹੈ ਕਿ ਕਈ ਹਾਕੀ ਖਿਡਾਰੀਆਂ ਨੇ ਇਹ ਮੁਢਲੇ 10 ਲੱਖ ਰੁਪਏ ਵੀ ਬੈਂਕਾਂ ਤੋਂ ਕਰਜ਼ਾ ਲੈ ਕੇ ਜਮ੍ਹਾਂ ਕਰਵਾਏ ਹਨ ਤੇ 40 ਲੱਖ ਦੇਣ ਲਈ ਵੀ ਇਨ੍ਹਾਂ ਨੂੰ ਜੱਦੀ ਜ਼ਮੀਨ ਤੇ ਕੁਝ ਹੋਰ ਜ਼ਮੀਨ ਵੇਚ ਕੇ ਹੀ ਫਿਰ ਕਰਜ਼ਾ ਲੈ ਕੇ ਇਹ ਪਲਾਟ ਹਾਸਿਲ ਹੋ ਸਕਣਗੇ। ਜਿਥੇ ਇਕ ਪਾਸੇ ਤਾਂ ਸਰਕਾਰ ਕ੍ਰਿਕਟ ਖਿਡਾਰੀਆਂ ਨੂੰ ਮੁਫ਼ਤ ਦੇ ਭਾਅ 'ਤੇ ਪਲਾਟ ਅਲਾਟ ਕਰ ਰਹੀ ਹੈ ਉਥੇ ਹਾਕੀ ਖਿਡਾਰੀਆਂ ਤੋਂ ਪੈਸੇ ਲੈ ਕੇ ਪਲਾਟ ਦੇਣ ਦੀ ਗੱਲ ਸਮਝ ਤੋਂ ਬਾਹਰ ਹੈ। ਜੇ ਸਰਕਾਰ ਨੇ ਪਲਾਟ ਦੇਣੇ ਹੀ ਸੀ ਤਾਂ ਇਨ੍ਹਾਂ ਨੂੰ ਮੁਫ਼ਤ ਅਲਾਟ ਕਰਕੇ ਖਿਡਾਰੀਆਂ ਦਾ ਮਾਣ ਵਧਾਇਆ ਜਾ ਸਕਦਾ ਸੀ ਤੇ ਖਿਡਾਰੀ ਵੀ ਖੁਸ਼ੀ ਮਹਿਸੂਸ ਕਰਦੇ। ਇਸ ਵੇਲੇ ਉਨ੍ਹਾਂ ਨੂੰ ਖੁਸ਼ੀ ਘੱਟ ਤੇ ਅਗਲੇ ਪੈਸੇ ਤਾਰਨ ਦੀ ਚਿੰਤਾ ਜ਼ਿਆਦਾ ਸਤਾ ਰਹੀ ਹੈ। ਵੈਸੇ ਹਾਕੀ ਖਿਡਾਰੀਆਂ ਨੇ ਪਲਾਟਾਂ ਵਾਲੇ ਇਲਾਕਿਆਂ ਦੇ ਵਿਚ ਰਸਮੀ ਗੇੜਾ ਜ਼ਰੂਰ ਮਾਰ ਲਿਆ ਹੈ ਤੇ ਅਗਲੀਆਂ ਸਕੀਮਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਪੰਜਾਬੀ 'ਵਰਸਿਟੀ ਨੇ ਖਿਡਾਰੀਆਂ ਨੂੰ 17 ਲੱਖ ਰੁਪਏ ਵੰਡੇ ਪਟਿਆਲਾ, 15 ਜੁਲਾਈ - ਦੇਸ਼ ਦੀ ਵੱਕਾਰੀ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ ਜਿੱਤਣ ਵਾਲੀ ਪੰਜਾਬੀ 'ਵਰਸਿਟੀ ਪਟਿਆਲਾ ਨੇ ਸਾਲ 2008-09 ਦੌਰਾਂਨ ਕੌਮਾਂਤਰੀ, ਕੌਮੀ ਤੇ ਕੁੱਲ ਹਿੰਦ ਅੰਤਰਵਰਸਿਟੀ ਮੁਕਾਬਲਿਆਂ 'ਚ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ। ਇਨ੍ਹਾਂ ਵਿਚ ਵਧੀਆ ਖੇਡ ਖੇਡਣ ਵਾਲੇ ਖਿਡਾਰੀਆਂ ਤੇ ਖੇਡ ਸਖਸ਼ੀਅਤਾਂ ਨੂੰ 'ਵਰਸਿਟੀ ਦੇ ਸਾਇੰਸ ਆਡੀਟੋਰੀਅਮ ਵਿਖੇ ਹੋਏ ਸਮਾਗਮ 'ਚ ਨਕਦ ਇਨਾਮੀ ਰਾਸ਼ੀਆਂ ਨਾਲ ਸਨਮਾਨਿਤ ਕੀਤਾ। ਖੇਡ ਨਿਰਦੇਸ਼ਕ ਡਾ. ਰਾਜ ਕੁਮਾਰ ਸ਼ਰਮਾ ਦੀ ਅਗਵਾਈ 'ਚ ਹੋਏ ਇਸ ਸਮਾਗਮ 'ਚ 215 ਖਿਡਾਰੀਆਂ ਤੇ 51 ਕੋਚ ਅਤੇ ਖੇਡ ਪ੍ਰਬੰਧਕਾਂ ਨੂੰ ਲਗਭਗ 17.30 ਲੱਖ ਰੁਪਏ ਦੀ ਇਨਾਮੀ ਰਾਸ਼ੀ ਤਕਸੀਮ ਕੀਤੀ ਗਈ। ਇਸ ਸਮਾਗਮ 'ਚ ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲ ਤੇ ਹੋਰ ਖੇਡ ਸਖਸ਼ੀਅਤ ਵੀ ਮੌਜੂਦ ਸਨ। ਕੇਂਦਰੀ ਖੇਡ ਮੰਤਰੀ ਸ: ਮਨੋਰਹਰ ਸਿੰਘ ਗਿੱਲ ਨੇ ਇਕ ਵੱਡਾ ਖੇਡ ਪ੍ਰੋਜੈਕਟ ਦੇਣ ਦਾ ਵਾਅਦਾ ਵੀ ਕੀਤਾ ਹੈ। ਡਾ: ਰਾਜ ਕੁਮਾਰ ਸ਼ਰਮਾ ਨੇ ਸਾਲਾਨਾ ਖੇਡ ਰਿਪੋਰਟ ਪੇਸ਼ ਕੀਤੀ। ਇਸ ਮੌਕੇ ਸਪੋਰਟਸ ਅਥਾਰਟੀ ਆਫ਼ ਇੰਡੀਆ 'ਚ ਐਨ.ਆਈ.ਐਸ. ਪਟਿਆਲਾ ਵਿਖੇ ਤੈਨਾਤ ਜਿਮਨਾਸਟਿਕ ਕੋਚ ਡਾ: ਕਲਪਨਾ ਦੇਬਨਾਥ ਨੂੰ 'ਵਾਈਸ-ਚਾਂਸਲਰ ਕੋਚ ਆਫ਼ ਦਾ ਯੀਅਰ' ਐਵਾਰਡ ਸਮੇਤ 21 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਪੰਜਾਬੀ ਵਰਸਿਟੀ ਅੰਤਰ ਕਾਲਜ ਮੁਕਾਬਲਿਆਂ ਦੇ ਪੁਰਸ਼ ਵਰਗ 'ਚ ਅੱਵਲ ਰਹੇ ਕਾਲਜ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਤੇ ਮਹਿਲਾ ਵਰਗ 'ਚ ਐਸ.ਕੇ.ਆਰ. ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ, ਭਾਗੂਮਾਜਰਾ ਨੂੰ ਕ੍ਰਮਵਾਰ ਮਹਾਰਾਜਾ ਯਾਦਵਿੰਦਰ ਸਿੰਘ ਤੇ ਰਾਜ ਕੁਮਾਰੀ ਅਮ੍ਰਿਤ ਕੌਰ ਟਰਾਫੀ ਦਿੱਤੀ ਗਈ। 11ਵੀਂ ਜੂਨੀਅਰ ਵਿਸ਼ਵ ਤੀਰਅੰਦਾਜ਼ੀ 'ਚ ਭਾਰਤੀ ਅੱਗੇ ਕੋਲਕਾਤਾ, 15 ਜੁਲਾਈ - 11ਵੀਂ ਜੂਨੀਅਰ ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ ਜੋ ਕਿ ਅਮਰੀਕਾ ਦੇ ਉਤਾਹ ਪ੍ਰਾਂਤ 'ਚ ਚੱਲ ਰਹੀ ਹੈ। ਇਸ ਚੈਂਪੀਅਨਸ਼ਿਪ ਦੇ ਦੂਜੇ ਦਿਨ ਅੰਡਰ-16 ਕੈਡੇਟ ਵਰਗ 'ਚ ਭਾਰਤੀ ਤੀਰਅੰਦਾਜ਼ਾਂ ਨੇ ਵਧੀਆ ਪ੍ਰਦਰਸ਼ਨ ਕੀਤਾ। ਪਹਿਲੇ ਦਿਨ ਭਾਰਤੀ ਖਿਡਾਰੀਆਂ ਦਾ ਪ੍ਰਦਰਸ਼ਨ ਫਿੱਕਾ ਰਿਹਾ ਸੀ। ਦੂਜੇ ਦਿਨ ਦੱਖਣੀ ਕੋਰੀਆ ਦੇ ਤੀਰਅੰਦਾਜ਼ਾਂ ਨੇ ਤਿੰਨ ਵਿਸ਼ਵ ਰਿਕਾਰਡ ਬਣਾਏ ਜਦਕਿ ਭਾਰਤ ਦੇ ਤਿੰਨ ਤੀਰਅੰਦਾਜ਼ ਵਿਅਕਤੀਗਤ ਮੁਕਾਬਲਿਆਂ ਦੇ ਪਹਿਲੇ 10 ਸਥਾਨਾਂ 'ਚ ਜਗ੍ਹਾ ਬਣਾਉਣ 'ਚ ਕਾਮਯਾਬ ਰਹੇ। ਵਧੀਆ ਪ੍ਰਦਰਸ਼ਨ ਦੇ ਕਾਰਨ ਭਾਰਤੀ ਟੀਮ ਰਿਕਰਵ ਅਤੇ ਕੰਪਾਂਊਂਡ ਵਰਗ 'ਚ ਪਹਿਲੇ ਛੇ ਸਥਾਨ ਹਾਸਿਲ ਕਰਨ 'ਚ ਕਾਮਯਾਬ ਰਹੀ। ਹੁਣ ਭਾਰਤੀ ਟੀਮ ਦਾ ਮੁਕਾਬਲਾ ਪੰਜਵੇਂ ਸਥਾਨ ਵਾਲੀ ਆਸਟਰੇਲੀਆ ਟੀਮ ਨਾਲ ਹੋਵੇਗਾ। ਇਹ ਮੁਕਾਬਲਾ ਜਿੱਤ ਕੇ ਭਾਰਤੀ ਟੀਮ ਪਹਿਲੇ ਸਥਾਨ 'ਤੇ ਕਾਬਜ਼ ਅਮਰੀਕਾ ਦੀ ਟੀਮ ਨਾਲ ਸੈਮੀਫਾਈਨਲ 'ਚ ਭਿੜੇਗੀ। ਦੂਜੇ ਸਥਾਨ ਵਾਲੀ ਮੈਕਸੀਕੋ ਟੀਮ ਦਾ ਮੁਕਾਬਲਾ ਦੂਜੇ ਸੈਮੀਫਾਈਨਲ 'ਚ ਰੂਸ ਨਾਲ ਹੋਵੇਗਾ। ਅੰਤਰਰਾਸ਼ਟੀ ਪੱਧਰ 'ਤੇ ਨਾਮਣਾ ਖੱਟਣ ਵਾਲੇ ਹਾਕੀ ਖਿਡਾਰੀਆਂ ਨੂੰ 16-16 ਮਰਲੇ ਦੇ ਪਲਾਟ ਅਲਾਟ ਅਜੀਤ ਨਗਰ, 15 ਜੁਲਾਈ - ਪੰਜਾਬ ਸਰਕਾਰ ਨੇ ਹਾਕੀ ਖਿਡਾਰੀਆਂ ਦਾ ਮਨੋਬਲ ਉਚਾ ਚੁੱਕਣ ਲਈ ਅੰਤਰਰਾਸ਼ਟਰੀ ਪ੍ਰਸਿੱਧੀ ਖੱਟਣ ਵਾਲੇ ਹਾਕੀ ਖਿਡਾਰੀਆਂ ਨੂੰ ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ 16-16 ਮਰਲੇ ਦੇ ਪਲਾਟ ਦਿੱਤੇ ਹਨ। ਇਸ ਸਬੰਧੀ ਗਮਾਡਾ ਵਿਖੇ ਡਰਾਅ ਆਯੋਜਿਤ ਕੀਤਾ ਗਿਆ। ਇਸ ਸਬੰਧੀ ਇਨ੍ਹਾਂ ਖਿਡਾਰੀਆਂ ਨੂੰ ਜਲਦੀ ਹੀ ਅਲਾਟਮੈਂਟ ਲੈਟਰ ਵੀ ਦੇ ਦਿੱਤ ਜਾਣਗੇ। ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਹ ਬੀੜਾ ਚੁੱਕਿਆ ਸੀ ਕਿ ਪੰਜਾਬ ਦੇ ਹਾਕੀ ਖਿਡਾਰੀਆਂ ਦਾ ਵੀ ਮਾਣ ਸਨਮਾਨ ਬਰਕਰਾਰ ਰੱਖਿਆ ਜਾਵੇਗਾ ਅਤੇ ਵਧੀਆ ਕਾਰਗੁਜ਼ਾਰੀ ਦਿਖਾਕੇ ਪੰਜਾਬ ਦੇ ਮਾਣ ਵਧਾਉਣ ਵਾਲੇ ਹਾਕੀ ਖਿਡਾਰੀਆਂ ਨੂੰ ਵੀ ਵਧੀਆ ਸਹੂਲਤਾਂ ਦਿੱਤੀਆਂ ਜਾਣਗੀਆਂ। ਇਸ ਉਪਰੰਤ 2001 ਵਿਚ ਜੂਨੀਅਰ ਹਾਕੀ ਵਿਸ਼ਵ ਕੱਪ ਜਿੱਤਕੇ ਆਏ ਹਾਕੀ ਖਿਡਾਰੀਆਂ ਦੇ ਸਵਾਗਤ ਲਈ ਮੁੱਖ ਮੰਤਰੀ ਪੰਜਾਬ ਸ੍ਰ. ਪ੍ਰਕਾਸ਼ ਸਿੰਘ ਬਾਦਲ ਖੁਦ ਦਿੱਲੀ ਏਅਰਪੋਰਟ 'ਤੇ ਗਏ ਸਨ ਅਤੇ ਵਾਅਦਾ ਕੀਤਾ ਸੀ ਕਿ ਉਨ੍ਹਾਂ ਨੂੰ ਪੁਲਿਸ ਵਿਚ ਨੌਕਰੀ ਅਤੇ ਮੁਹਾਲੀ ਵਿਖੇ 16-16 ਮਰਲੇ ਦੇ ਮਕਾਨ ਦਿੱਤੇ ਜਾਣਗੇ। ਹਾਕੀ ਖਿਡਾਰੀ ਗਗਨਅਜੀਤ ਸਿੰਘ, ਜੁਗਰਾਜ ਸਿੰਘ, ਕੰਵਲਪ੍ਰੀਤ ਸਿੰਘ, ਤੇਜਬੀਰ ਸਿੰਘ, ਬਿਕਰਮਜੀਤ ਸਿੰਘ, ਰਾਜਪਾਲ ਸਿੰਘ, ਪ੍ਰਭਜੋਤ ਸਿੰਘ, ਇੰਦਰਜੀਤ ਸਿੰਘ, ਦੀਪਕ ਠਾਕੁਰ ਨੂੰ ਮੁਹਾਲੀ ਵਿਖੇ ਇਹ ਪਲਾਟ ਅਲਾਟ ਕੀਤੇ। ਅੱਤਵਾਦੀਆਂ ਦੀ 1 ਮਾਰਚ ਨੂੰ ਸ੍ਰੀਲੰਕਾ ਟੀਮ 'ਤੇ ਹਮਲਾ ਕਰਨ ਦੀ ਯੋਜਨਾ ਸੀ। ਕਰਾਚੀ, 15 ਜੁਲਾਈ - ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਲਾਹੌਰ ਵਿਖੇ ਸ੍ਰੀਲੰਕਾ ਕ੍ਰਿਕਟ ਟੀਮ 'ਤੇ ਹੋਏ ਅੱਤਵਾਦੀ ਹਮਲੇ ਸਬੰਧੀ ਖੁਲਾਸਾ ਕੀਤਾ ਹੈ ਕਿ ਅੱਤਵਾਦੀਆਂ ਨੇ ਸ੍ਰੀਲੰਕਾ ਕ੍ਰਿਕਟ ਟੀਮ 'ਤੇ 13 ਮਾਰਚ ਦੀ ਬਜਾਏ 3 ਮਾਰਚ ਨੂੰ ਹਮਲਾ ਕਰਨ ਦੀ ਯੋਜਨਾ ਬਣਾਈ ਸੀ। ਨੈਸ਼ਨਲ ਅਸੰਬਲੀ ਦੀ ਖੇਡ ਸਬੰਧੀ ਕਮੇਟੀ ਕੋਲ ਪੇਸ਼ ਕੀਤੀ ਗਈ ਜਾਂਚ ਰਿਪੋਰਟ ਅਨੁਸਾਰ ਅੱਤਵਾਦੀ ਲਾਹੌਰ ਟੈਸਟ ਦੇ ਪਹਿਲੇ ਦਿਨ ਅਰਥਾਤ ਇਕ ਮਾਰਚ ਨੂੰ ਟੀਮ 'ਤੇ ਹਮਲਾ ਕਰਨਾ ਚਾਹੁੰਦੇ ਸਨ ਪਰ ਉਹ ਇਸ ਯੋਜਨਾ ਨੂੰ ਅੰਜ਼ਾਮ ਨਾ ਦੇ ਸਕੇ। ਕਿਉਂਕਿ ਸ੍ਰੀਲੰਕਾ ਟੀਮ ਦੀ ਬੱਸ ਗੱਦਾਫੀ ਕ੍ਰਿਕਟ ਸਟੇਡੀਅਮ ਦੇ ਨਜ਼ਦੀਕ ਲਿਬਰਟੀ ਚੌਂਕ ਕੋਲੋਂ ਪਹਿਲਾਂ ਹੀ ਨਿਕਲ ਗਈ ਸੀ। ਜਿਥੇ ਕਿ ਹਮਲੇ ਦੀ ਯੋਜਨਾ ਬਣਾਈ ਗਈ ਸੀ। ਰਿਪੋਰਟ 'ਚ ਕਿਹਾ ਗਿਆ ਹੈ ਕਿ ਹਥਿਆਰਾਂ ਨਾਲ ਲੈੱਸ ਅੱਤਵਾਦੀ ਹਮਲਾ ਕਰਨ ਲਈ ਇਕ ਮਾਰਚ ਨੂੰ ਲਿਬਰਟੀ ਚੌਂਕ ਕੋਲ ਇਕ ਕਾਰ ਅਤੇ ਰਿਕਸ਼ੇ ਰਾਹੀਂ ਗਏ ਸਨ ਪਰ ਉਨ੍ਹਾਂ ਨੂੰ ਉਥੇ ਪਹੁੰਚਣ 'ਚ ਕੁਝ ਦੇਰੀ ਹੋ ਗਈ। ਜਿਸ ਕਾਰਨ ਸ੍ਰੀਲੰਕਾ ਟੀਮ ਦੀ ਬੱਸ ਚੌਂਕ ਲੰਘ ਗਈ। ਅੱਤਵਾਦੀ 3 ਮਾਰਚ ਨੂੰ ਹਮਲਾ ਕਰਨ 'ਚ ਸਫਲ ਰਹੇ। ਜਿਸ 'ਚ 7 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਸ੍ਰੀਲੰਕਾ ਦੇ ਛੇ ਖਿਡਾਰੀ ਅਤੇ ਸਹਾਇਕ ਕੋਚ ਜਖ਼ਮੀ ਹੋ ਗਏ ਸਨ। ਨਿਆਂਇਕ ਜਾਂਚ 'ਚ 11 ਪੁਲਿਸ ਕਰਮੀਆਂ ਨੂੰ ਡਿਊਟੀ ਪ੍ਰਤੀ ਲਾਪਰਵਾਹੀ ਵਰਤਣ ਦਾ ਦੋਸ਼ੀ ਪਾਇਆ ਗਿਆ ਹੈ। 6ਵਾਂ ਜੂਨੀਅਰ ਮਹਿਲਾ ਵਿਸ਼ਵ ਕੱਪ ਹਾਕੀ ਮੁਕਾਬਲਾ 3 ਤੋਂ 16 ਅਗਸਤ ਤੱਕ ਲੁਧਿਆਣਾ, 14 ਜੁਲਾਈ - 6ਵਾਂ ਬੀ. ਡੀ. ਓ. ਜੂਨੀਅਰ ਵਿਸ਼ਵ ਕੱਪ ਹਾਕੀ ਮੁਕਾਬਲਾ ਅਮਰੀਕਾ ਦੇ ਸ਼ਹਿਰ ਬੋਸਟਨ ਵਿਖੇ 3 ਤੋਂ 16 ਅਗਸਤ ਤੱਕ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿਚ ਦੁਨੀਆ ਦੀਆਂ ਕੁਲ 16 ਟੀਮਾਂ ਸ਼ਾਮਿਲ ਹੋਣਗੀਆਂ। ਜ਼ਿਨ੍ਹਾਂ ਨੂੰ ਵੱਖ-ਵੱਖ 4 ਪੂਲਾਂ ਵਿਚ ਵੰਡਿਆਂ ਜਾਵੇਗਾ। ਹਰ ਪੂਲ ਵਿਚੋਂ ਪਹਿਲੇ 2 ਸਰਵੋਤਮ ਸਥਾਨ ਹਾਸਿਲ ਕਰਨ ਵਾਲੀਆਂ ਟੀਮਾਂ ਸੁਪਰ ਲੀਗ ਲਈ ਕੁਆਲੀਫਾਈ ਕਰਨਗੀਆਂ, ਜਦ ਕਿ ਸੁਪਰ ਲੀਗ ਵਿਚ ਜੇਤੂ ਅਤੇ ਉਪ ਜੇਤੂ ਟੀਮਾਂ ਸੈਮੀਫਾਈਨਲ ਖੇਡਣ ਦੇ ਯੋਗ ਹੋਣਗੀਆਂ, ਜਦਕਿ ਮੁਢਲੇ ਦੌਰ ਵਿਚ ਹਰ ਪੂਲ ਵਿਚੋਂ ਤੀਸਰਾ ਅਤੇ ਚੌਥਾ ਸਥਾਨ ਕਰਨ ਵਾਲੀਆਂ ਟੀਮਾਂ 9ਵੇਂ ਤੋਂ 16ਵੇਂ ਸਥਾਨ ਹਾਸਿਲ ਕਰਨ ਲਈ ਵਰਗੀਕਰਨ ਮੈਚ ਖੇਡਣਗੀਆਂ। ਵਿਸ਼ਵ ਕੱਪ ਵਿਚ ਭਾਰਤ ਨੂੰ ਪੂਲ ਡੀ ਵਿਚ ਮੇਜਬਾਨ, ਅਮਰੀਕਾ, ਆਸਟਰੇਲੀਆ ਅਤੇ ਬੇਲਾਰੂਸ ਦੇ ਨਾਲ ਰੱਖਿਆ ਗਿਆ ਹੈ। ਜੂਨੀਅਰ ਵਿਸ਼ਵ ਕੱਪ ਹਾਕੀ ਦਾ ਉਦਘਾਟਨੀ ਮੈਚ 3 ਅਗਸਤ ਨੂੰ ਜ਼ਰਮਨੀ ਅਤੇ ਅਰਜਨਟਾਈਨਾ ਵਿਚਕਾਰ ਖੇਡਿਆ ਜਾਵੇਗਾ, ਜਦ ਕਿ ਭਾਰਤੀ ਟੀਮ ਉਸੇ ਦਿਨ ਆਪਣਾ ਮੁਢਲਾ ਮੈਚ ਵਿਸ਼ਵ ਕੱਪ ਦੀ ਮੁੱਖ ਦਾਅਵੇਦਾਰ ਆਸਟਰੇਲੀਆ ਵਿਰੁੱਧ ਖੇਡੇਗੀ। 3 ਤੋਂ 6 ਅਗਸਤ ਤੱਕ ਲੀਗ ਦੌਰ ਦੇ ਮੈਚ ਹੋਣਗੇ, ਜਦ ਕਿ 7 ਅਗਸਤ ਨੂੰ ਆਰਾਮ ਦਾ ਦਿਨ ਹੋਵੇਗਾ ਅਤੇ 8 ਤੋਂ ਲੈ ਕੇ 12 ਅਗਸਤ ਤੱਕ ਸੁਪਰ ਲੀਗ ਦੌਰ ਦੇ ਮੈਚ ਹੋਣਗੇ ਤੇ ਸੈਮੀਫਾਈਨਲ ਮੁਕਾਬਲੇ 14 ਅਗਸਤ ਨੂੰ ਅਤੇ ਫਾਈਨਲ ਮੁਕਾਬਲਾ 16 ਅਗਸਤ ਨੂੰ ਖੇਡਿਆ ਜਾਵੇਗਾ। ਜੂਨੀਅਰ ਵਿਸ਼ਵ ਕੱਪ ਦੀਆਂ ਵੱਖ-ਵੱਖ 4 ਪੂਲਾਂ ਵਿਚ ਟੀਮਾਂ ਦੀ ਵੰਡ ਇਸ ਤਰ੍ਹਾਂ ਕੀਤੀ ਗਈ ਹੈ। ਪਹਿਲਵਾਨ ਅਨਿਲ ਕੁਮਾਰ ਕੁਸ਼ਤੀ ਮੁਕਾਬਲੇ 'ਚ ਜੇਤੂ ਜਲੰਧਰ, 14 ਜੁਲਾਈ - ਗਗਨ ਪ੍ਰੀਮੋ ਦਾ ਇਸਪਾਨਾ ਗਰੀਕੋ ਰੋਮਨ ਕੁਸ਼ਤੀ ਮੁਕਾਬਲੇ ਮੈਡਰਿਡ ਸਪੇਨ ਵਿਖੇ 11 ਤੋਂ 12 ਜੁਲਾਈ ਤੱਕ ਕਰਵਾਏ ਗਏ। ਇਨ੍ਹਾਂ ਕੁਸ਼ਤੀ ਮੁਕਾਬਲਿਆਂ 'ਚ ਭਾਰਤ ਦੇ ਅਨਿਲ ਕੁਮਾਰ ਨੇ 60 ਕਿੱਲੋ ਭਾਰ ਵਰਗ ਵਿਚੋਂ ਸੋਨ ਤਗਮਾ ਜਿੱਤਿਆ ਤੇ ਪਹਿਲਵਾਨ ਹਰੀ ਕ੍ਰਿਸ਼ਨ ਨੇ 55 ਕਿੱਲੋ ਵਰਗ ਵਿਚੋਂ ਕਾਂਸ਼ੀ ਤੇ ਦਵਿੰਦਰ ਸਿੰਘ ਨੇ 120 ਕਿੱਲੋ ਭਾਰ ਵਰਗ ਵਿਚੋਂ ਕਾਂਸੀ ਦਾ ਤਗਮਾ ਹਾਸਲ ਕੀਤਾ। ਕਾਮਨਵੈਲਥ ਖੇਡਾਂ ਅਕਤੂਬਰ 2010 ਨੂੰ ਦਿੱਲੀ 'ਚ ਲੁਧਿਆਣਾ, 14 ਜੁਲਾਈ - ਕਾਮਨਵੈਲਥ ਖੇਡਾਂ ਅਕਤੂਬਰ 2010 'ਚ ਨਵੀਂ ਦਿੱਲੀ ਵਿਖੇ ਹੋਣਗੀਆਂ। ਇਨ੍ਹਾਂ ਖੇਡਾਂ ਬਾਰੇ ਕੇਂਦਰੀ ਖੇਡ ਮੰਤਰੀ ਸ. ਮਨੋਹਰ ਸਿੰਘ ਗਿੱਲ ਦਾ ਕਹਿਣਾ ਹੈ ਕਿ ਖੇਡ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਮੇਰਾ ਮੁੱਖ ਮਕਸਦ ਕਾਮਨਵੈਲਥ ਖੇਡਾਂ ਨੂੰ ਸਫ਼ਲਤਾ ਪੂਰਵਕ ਕਰਵਾਉਣਾ ਅਤੇ ਭਾਰਤ ਨੂੰ 2020 ਉਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਪੇਸ਼ ਕਰਨਾ ਹੈ, ਜੋ ਲੋਕ ਜਾਂ ਵਿਰੋਧੀ ਧਿਰਾਂ ਕਾਮਨਵੈਲਥ ਖੇਡਾਂ ਕਰਵਾਉਣ ਦੀ ਵਿਰੋਧਤਾ ਕਰ ਰਹੀਆਂ ਹਨ ਮੈਂ ਉਨ੍ਹਾਂ ਨੂੰ ਇਕੋ ਸਲਾਹ ਦਿੱਤੀ ਹੈ ਕਿ ਅਸੀਂ 'ਕੁੜੀ ਮੰਗ 'ਤੀ ਹੁਣ ਵਿਆਹ ਕਰਨਾ ਹੀ ਪੈਣਾ' ਹੈ । ਕਾਮਨਵੈਲਥ ਖੇਡਾਂ ਦੇ ਹੋਣ ਨਾਲ ਹਿੰਦੋਸਤਾਨ ਦੀ ਪਹਿਚਾਣ ਅੰਤਰਰਾਸ਼ਟਰੀ ਖੇਡ ਜਗਤ 'ਤੇ ਜਾਵੇਗੀ। ਉਨ੍ਹਾਂ ਆਖਿਆ ਕਿ ਹੁਣ ਤੱਕ ਕਾਮਨਵੈਲਥ ਖੇਡਾਂ ਦਾ ਪ੍ਰਬੰਧ ਗੋਰਿਆਂ ਦੇ ਮੁਲਕਾਂ ਵਿਚ ਹੀ ਹੁੰਦਾ ਸੀ, ਪਰ ਇਹ ਪਹਿਲਾ ਮੌਕਾ ਹੈ ਜਦੋਂ ਸਾਡੇ ਮੁਲਕ ਨੂੰ ਮੇਜਬਾਨੀ ਮਿਲੀ ਹੈ। ਕਾਮਨਵੈਲਥ ਖੇਡਾਂ ਕਰਵਾਉਣ ਨਾਲ ਜਿਥੇ ਸਾਡੇ ਅੰਤਰਰਾਸ਼ਟਰੀ ਪੱਧਰ ਦੇ ਖੇਡ ਸਟੇਡੀਅਮ ਦਾ ਢਾਂਚਾ ਉਸਾਰਿਆ ਜਾਵੇਗਾ ਉਥੇ ਤਗਮਿਆਂ ਦੀ ਪ੍ਰਾਪਤੀ ਵਿਚ ਵੀ ਸਾਡੇ ਖਿਡਾਰੀ ਪ੍ਰਾਪਤੀਆਂ ਕਰਨ ਲਈ ਅੱਗੇ ਵਧਣਗੇ ਅਤੇ ਹਿੰਦੋਸਤਾਨ ਦਾ ਮਕਾਮ ਖੇਡ ਜਗਤ ਵਿਚ ਮਜ਼ਬੂਤ ਹੋਵੇਗਾ। ਸ: ਗਿੱਲ ਨੇ ਦੱਸਿਆ ਕਿ ਖੇਡ ਸਟੇਡੀਅਮ ਦੀ ਉਸਾਰੀ ਵਿਚ ਭਾਂਵੇ ਅਸੀਂ ਕਾਫ਼ੀ ਲੇਟ ਹਾਂ, ਪਰ ਫਿਰ ਵੀ ਸਮੇਂ ਤੋਂ ਪਹਿਲਾਂ ਸਭ ਕੁਝ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਆਖਿਆ ਕਿ ਕਾਮਨਵੈਲਥ ਖੇਡਾਂ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜਨ ਲਈ ਕੇਂਦਰ ਸਰਕਾਰ ਨੇ 3472 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਸਪੋਰਟਸ ਅਥਾਰਟੀ 7 ਵੱਡੇ ਖੇਡ ਸਟੇਡੀਅਮ ਬਣਾਏਗੀ। ਦਿੱਲੀ ਡਿਵੈਲਪਮੈਂਟ ਅਥਾਰਟੀ ਵੱਲੋਂ ਜੋ ਸਟੇਡੀਅਮ ਉਸਾਰੇ ਜਾ ਰਹੇ ਹਨ, 1 ਜੂਨ 2010 ਤੱਕ ਮੁਕੰਮਲ ਹੋ ਜਾਣਗੇ। ਜਵਾਹਰ ਲਾਲ ਨਹਿਰੂ ਸਟੇਡੀਅਮ ਜਿਥੇ ਰਾਸ਼ਟਰ ਮੰਡਲ ਖੇਡਾਂ ਦਾ ਉਦਘਾਟਨੀ ਅਤੇ ਸਮਾਪਤੀ ਸਮਾਰੋਹ ਹੋਵੇਗਾ ਉਹ 31 ਦਸੰਬਰ 2010 ਤੱਕ ਮੁਕੰਮਲ ਹੋ ਜਾਵੇਗਾ। ਉਨ੍ਹਾਂ ਆਖਿਆ ਕਿ ਮੁਲਕ ਦੇ ਪਿੰਡਾਂ ਵਿਚ ਖੇਡਾਂ ਦੀ ਬੇਹਤਰੀ ਲਈ ਕੇਂਦਰ ਸਰਕਾਰ ਪੰਜ ਸਾਲ ਵਿਚ 15 ਸੌ ਕਰੋੜ ਖਰਚੇਗੀ ਅਤੇ ਹਰ ਸਾਲ 3 ਸੌ ਕਰੋੜ ਖਰਚਣ ਦਾ ਟੀਚਾ ਰੱਖਿਆ ਗਿਆ ਹੈ। ਪੰਜਾਬ ਦੇ ਵਿਚ ਪੇਂਡੂ ਖੇਡਾਂ ਦੀ ਬਿਹਤਰੀ ਲਈ 12 ਕਰੋੜ ਪੰਜਾਬ ਸਰਕਾਰ ਨੂੰ ਭੇਜੇ ਹਨ। 25ਵੀਂ ਸਬ-ਜੂਨੀਅਰ ਅਤੇ 34ਵੀਂ ਪੰਜਾਬ ਤੈਰਾਕੀ ਚੈਂਪੀਅਨਸ਼ਿਪ ਸਮਾਪਤ ਲੁਧਿਆਣਾ, 13 ਜੁਲਾਈ - ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ 'ਚ 25ਵੀਂ ਸਬ-ਜੂਨੀਅਰ ਅਤੇ 34ਵੀਂ ਜੂਨੀਅਰ ਤੈਰਾਕੀ ਅਤੇ ਵਾਟਰ ਪੋਲੋ ਚੈਂਪੀਅਨਸ਼ਿਪ ਕਰਵਾਈ ਗਈ। ਇਸ ਵਿਚ ਸੰਗਰੂਰ ਨੇ ਜਿੱਥੇ 230 ਅੰਕ ਲੈ ਕੇ ਮੁੰਡਿਆਂ ਅਤੇ ਕੁੜੀਆਂ ਦੇ ਵਰਗ ਵਿਚ ਓਵਰਆਲ ਚੈਂਪੀਅਨ ਬਨਣ ਦਾ ਮਾਣ ਹਾਸਿਲ ਕੀਤਾ ਉਥੇ ਲੁਧਿਆਣਾ ਨੇ ਤਿੰਨ ਦਹਾਕੇ ਬਾਅਦ ਆਪਣੀ ਸਰਦਾਰੀ ਨੂੰ ਦਰਸਾਉਂਦਿਆਂ ਵਾਟਰ ਪੋਲੋ ਵਿਚ ਖ਼ਿਤਾਬੀ ਜਿੱਤ ਹਾਸਿਲ ਕੀਤੀ। ਮੁੰਡਿਆਂ ਦੇ ਟੀਮ ਚੈਂਪੀਅਨ ਗਰੁੱਪ ਇਕ ਵਿਚ ਜਲੰਧਰ ਨੇ 63 ਅੰਕ ਲੈ ਕੇ ਪਹਿਲਾ ਸਥਾਨ, ਰੋਪੜ ਨੇ 54 ਅੰਕ ਲੈ ਕੇ ਦੂਸਰਾ ਸਥਾਨ ਹਾਸਿਲ ਕੀਤਾ, ਜਦਕਿ ਮੁੰਡਿਆਂ ਦੇ ਗਰੁੱਪ 2 ਵਿਚ ਫਿਰੋਜ਼ਪੁਰ ਦੇ ਤੈਰਾਕ 73 ਅੰਕ ਲੈ ਕੇ ਚੈਂਪੀਅਨ ਬਣੇ ਅਤੇ ਸੰਗਰੂਰ ਨੇ 67 ਅੰਕ ਲੈ ਕੇ ਦੂਸਰਾ ਸਥਾਨ ਹਾਸਿਲ ਕੀਤਾ। ਲੜਕੀਆਂ ਦੇ ਟੀਮ ਚੈਂਪੀਅਨ ਗਰੁੱਪ ਇਕ ਵਿਚ ਸੰਗਰੂਰ ਨੇ 108 ਅੰਕ ਲੈ ਕੇ ਪਹਿਲਾ ਸਥਾਨ, ਲੁਧਿਆਣਾ ਨੇ 75 ਅੰਕ ਲੈ ਕੇ ਦੂਸਰਾ ਸਥਾਨ ਹਾਸਲ ਕੀਤਾ, ਜਦਕਿ ਲੜਕੀਆਂ ਦੇ ਟੀਮ ਚੈਂਪੀਅਨ ਗਰੁੱਪ ਦੋ ਵਿਚ ਲੁਧਿਆਣਾ ਨੇ 89 ਅੰਕ ਲੈ ਕੇ ਪਹਿਲਾ ਸਥਾਨ ਅਤੇ ਸੰਗਰੂਰ ਨੇ 55 ਅੰਕ ਲੈ ਕੇ ਦੂਸਰਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਵਾਟਰਪੋਲੋ ਦੇ ਫਾਈਨਲ ਮੁਕਾਬਲੇ ਵਿਚ ਲੁਧਿਆਣਾ ਨੇ ਸੰਗਰੂਰ ਨੂੰ 6-2 ਨਾਲ ਹਰਾ ਕੇ ਚੈਂਪੀਅਨ ਬਨਣ ਦਾ ਮਾਣ ਹਾਸਿਲ ਕੀਤਾ, ਜਦ ਕਿ ਅੰਮ੍ਰਿਤਸਰ ਅਤੇ ਜਲੰਧਰ ਦੀਆਂ ਟੀਮਾਂ ਤੀਸਰੇ ਸਥਾਨ 'ਤੇ ਰਹੀਆਂ। ਇਸ ਰਾਜ ਪੱਧਰੀ ਚੈਂਪੀਅਨਸ਼ਿਪ ਵਿਚ ਪੰਜਾਬ ਦੇ ਤੈਰਾਕਾਂ ਨੇ 16 ਨਵੇਂ ਕੀਰਤੀਮਾਨ ਰਚੇ ਹਨ। ਏਸ਼ੀਅਨ ਤਲਵਾਰਬਾਜ਼ੀ ਚੈਂਪੀਅਨਸ਼ਿਪ ਲਈ ਚੁਣੀ ਗਈ ਭਾਰਤੀ ਟੀਮ ਪਟਿਆਲਾ, 13 ਜੁਲਾਈ - ਏਸ਼ੀਅਨ ਜੂਨੀਅਰ ਤੇ ਕੈਡੇਟ ਤਲਵਾਰਬਾਜ਼ੀ ਚੈਂਪੀਅਨਸ਼ਿਪ ਜੋ ਕਿ 15 ਤੋਂ 21 ਜੁਲਾਈ ਤੱਕ ਸਿੰਘਾਪੁਰ ਵਿਖੇ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਲਈ 29 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਟੀਮ 'ਚ 20 ਜੂਨੀਅਰ ਤੇ 9 ਕੈਡੇਟ ਖਿਡਾਰੀ ਸ਼ਾਮਿਲ ਹਨ। ਇਸ ਟੀਮ ਦਾ ਕੈਂਪ ਐਨ. ਆਈ. ਐਸ. ਪਟਿਆਲਾ ਵਿਖੇ ਲਗਾਇਆ ਜਾ ਰਿਹਾ ਹੈ। ਇਸ ਟੀਮ ਦੇ ਜੂਨੀਅਰ ਵਰਗ 'ਚ ਬਿੰਦੂ ਦੇਵੀ ਈਡਨ ਚਾਨੂੰ ਲੌਡਮ ਦੇਵੀ, ਅਥੀਰਾ ਰਾਮਾ ਚੰਦਰਨ ਸਾਰੀਆਂ ਫੋਇਲ ਵਿਅਕਤੀਗਤ ਤੇ ਟੀਮ ਵਰਗ ਲਈ, ਦਿਲਨਾ, ਤਰਨੀਤ, ਕਬਿਤਾ ਦੇਵੀ ਸ਼ਮੀਪ੍ਰੀਤ ਸਾਰੀਆਂ ਇੱਪੀ ਵਿਅਕਤੀਗਤ ਤੇ ਟੀਮ ਵਰਗ ਲਈ, ਭਵਾਨੀ ਦੇਵੀ, ਦੇਸਨੀ, ਕਵਲਜੀਤ, ਡਿਆਨਾ ਦੇਵੀ ਸਾਰੀਆਂ ਸੈਬਰ ਵਿਅਕਤੀਗਤ ਤੇ ਟੀਮ ਵਰਗ ਲਈ ਚੁਣੀਆਂ ਗਈਆਂ ਹਨ। ਲੜਕਿਆਂ 'ਚ ਰਬੀ ਕੁਮਾਰ, ਗੋਰਵ ਕੁਮਾਰ, ਘਨਵਿੰਦਰ ਤੇ ਮਾਨਿਕ ਤਿੰਨੋਂ ਫੋਇਲ ਵਿਅਕਤੀਗਤ ਤੇ ਟੀਮ ਵਰਗ ਲਈ, ਅਜਿੰਕਾ ਅਸ਼ੋਕ, ਫਨੇਦਰ, ਅਮਨਦੀਪ ਤੇ ਬਿਜੋਏ ਦਾਸ ਇਪੀ ਵਿਅਕਤੀਗਤ ਤੇ ਟੀਮ ਵਰਗ ਲਈ ਚੁਣੇ ਗਏ ਹਨ। ਲੜਕਿਆਂ ਦੇ ਕੈਡੇਟ ਵਰਗ ਲਈ ਪ੍ਰੇਮੰਦਰਾ ਮਿਤਾਏ, ਨਿਤਿਨ ਵਿਸ਼ਵਰਨ ਤੇ ਬਿਜੋਏ ਦਾਸ ਤਿੰਨੋਂ ਇਪੀ ਵਿਅਕਤੀਗਤ ਵਰਗ ਲਈ, ਰਬੀ ਕੁਮਾਰ ਸਿੰਘ, ਕਵਿਸ਼ ਬਾਵਾ ਫੋਇਲ ਵਿਅਕਤੀਗਤ ਵਰਗ ਲਈ ਤੇ ਸੁਖਨਦੀਪ ਸਿੰਘ ਸੈਬਰ ਵਿਅਕਤੀਗਤ ਵਰਗ ਲਈ ਚੁਣੇ ਗਏ ਹਨ। ਲੜਕੀਆਂ ਦੇ ਕੈਡੇਟ ਵਰਗ 'ਚ ਸਟੈਫਿਥਾ ਚਲੀਲ ਤੇ ਰੇਸ਼ਮ ਮੁਰਲੀ ਦੋਨੋਂ ਇੱਪੀ ਵਿਅਕਤੀਗਤ ਵਰਗ ਲਈ, ਜਸਮੀਨ ਤੇ ਰਾਧਿਕਾ ਪ੍ਰਕਾਸ਼ ਅਵਾਤੀ ਦੋਲੋਂ ਫੋਇਲ ਵਿਅਕਤੀਗਤ ਵਰਗ ਲਈ, ਧਨੇਸ਼ਵਰੀ ਮਹੇਸ਼ ਕੁਮਾਰ ਤੇ ਭਵਾਨੀ ਦੇਵੀ ਸੈਬਰ ਵਿਅਕਤੀਗਤ ਵਰਗ ਲਈ ਚੁਣੀਆਂ ਗਈਆਂ ਹਨ, ਇਨ੍ਹਾਂ ਟੀਮ ਨਾਲ ਸ੍ਰੀ ਅਰੁਨ ਵਿਜ ਟੀਮ ਮੁਖੀ, ਰਣਜੀਤ ਸਿੰਘ ਮੈਨੇਜਰ, ਮੋਹਿਤ, ਸਾਗਰ ਸੁਰੇਸ਼, ਲਲਿਤ ਕੁਮਾਰ ਸਿੰਘ ਤੇ ਰਚਨਾ ਸਾਰੇ ਕੋਚਾਂ ਵਜੋਂ ਜਾਣਗੇ। ਕਲਪਨਾ ਵੈਦਿਆਨਾਥਨ ਦਾ 'ਕੋਚ ਆਫ ਦ ਯੀਅਰ ਐਵਾਰਡ' 'ਤੇ ਕਬਜ਼ਾ ਪਟਿਆਲਾ, 13 ਜੁਲਾਈ - ਪਟਿਆਲਾ 'ਚ ਐਨ. ਆਈ. ਐਸ. ਵਿਖੇ ਪਿਛਲੇ 26 ਸਾਲਾਂ ਤੋਂ ਤੈਨਾਤ ਸਪੋਰਟਸ ਅਥਾਰਟੀ ਆਫ ਇੰਡੀਆ ਦੀ ਜਿਮਨਾਸਟਿਕ ਕੋਚ ਡਾ: ਕਲਪਨਾ ਵੈਦਿਆਨਾਥਨ ਨੇ ਪੰਜਾਬੀ ਯੂਨੀਵਰਸਿਟੀ ਦਾ ਵੱਕਾਰੀ 'ਵਾਈਸ ਚਾਂਸਲਰ ਕੋਚ ਆਫ ਦਾ ਯੀਅਰ ਐਵਾਰਡ 07-08' ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ। 14 ਜੁਲਾਈ ਨੂੰ ਇਹ ਐਵਾਰਡ 21 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਨਾਲ 'ਵਰਸਿਟੀ ਦੇ ਸਾਲਾਨਾ ਖੇਡ ਸਮਾਗਮ ਦੌਰਾਨ ਉਪ ਕੁਲਪਤੀ ਡਾ: ਜਸਪਾਲ ਸਿੰਘ ਵੱਲੋਂ ਪ੍ਰਦਾਨ ਕੀਤਾ ਜਾਵੇਗਾ। ਪੰਜਾਬੀ 'ਵਰਸਿਟੀ ਦੇ ਖੇਡ ਨਿਰਦੇਸ਼ਕ ਡਾ: ਰਾਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਬੀਬੀ ਕਲਪਨਾ ਤੋਂ ਸਿਖਲਾਈ ਪ੍ਰਾਪਤ ਪੰਜਾਬੀ ਯੂਨੀਵਰਸਿਟੀ ਦੀਆਂ ਖਿਡਾਰਨਾਂ ਲੰਬੇ ਅਰਸੇ ਤੋਂ ਕੌਮਾਂਤਰੀ, ਕੌਮੀ ਤੇ ਕੁਲਹਿੰਦ ਅੰਤਰ 'ਵਰਸਿਟੀ ਮੁਕਾਬਲਿਆਂ 'ਚ ਸ਼ਾਨਦਾਰ ਮੱਲ੍ਹਾਂ ਮਾਰ ਰਹੀਆਂ ਹਨ। ਉਨ੍ਹਾਂ ਕਿਹਾ 2007-08 'ਚ ਉਨ੍ਹਾਂ ਦੀ 'ਵਰਸਿਟੀ ਨੇ ਕੁੱਲਹਿੰਦ ਅੰਤਰ ਵਰਸਿਟੀ ਜਿਮਨਾਸਟਿਕ ਮੁਕਾਬਲਿਆਂ 'ਚ ਓਵਰ ਆਲ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ ਸੀ, ਜਿਸ ਵਿਚ ਬੀਬੀ ਕਲਪਨਾ ਦੇ ਸ਼ਗਿਰਦਾਂ ਦਾ ਬਹੁਤ ਵੱਡਾ ਯੋਗਦਾਨ ਸੀ। ਤ੍ਰਿਪੁਰਾ ਦੀ ਜੰਮਪਲ ਡਾ: ਕਲਪਨਾ ਕੌਮੀ ਟੀਮ ਦੀ ਕੋਚ ਵੀ ਰਹਿ ਚੁੱਕੀ ਹੈ। ਪਟਕੇ ਦੀ ਕੁਸ਼ਤੀ 'ਚ ਲਾਲੀ ਕੋਹਾਲੀ ਦੀ ਬੱਲੇ ਬੱਲੇ ਰਾਮ ਤੀਰਥ, 13 ਜੁਲਾਈ - ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਅਵਤਾਰ ਪੁਰਬ ਸਬੰਧੀ ਬਾਬਾ ਦਇਆ ਸਿੰਘ ਸੁਰ ਸਿੰਘ ਵਾਲਿਆਂ ਦੀ ਸਰਪ੍ਰਸਤੀ ਹੇਠ ਪਿੰਡ ਭੁੱਲਰ ਦੇ ਗੁਰਦੁਆਰਾ ਧਰਮਸ਼ਾਲਾ ਬਾਹਰਲੀ ਵਿਖੇ ਸਾਲਾਨਾ ਖੇਡ ਮੇਲਾ ਕਰਵਾਇਆ ਗਿਆ। ਇਸ ਖੇਡ ਮੇਲੇ 'ਚ ਕੁਸ਼ਤੀ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ 'ਚ ਪਟਕੇ ਦੀ ਕੁਸ਼ਤੀ ਲਾਲੀ ਕੋਹਾਲੀ ਅਤੇ ਗੋਲਡੀ ਗੁਰਦਾਸਪੁਰ ਵਿਚਕਾਰ ਹੋਈ, ਜਿਸ ਵਿਚ ਲਾਲੀ ਨੇ ਜਿੱਤ ਹਾਸਲ ਕੀਤੀ। ਹੋਰ ਮੁਕਾਬਲੇ ਵਿਚ ਕਰਨ ਅੰਮ੍ਰਿਤਸਰ ਨੇ ਫਰੀਦ ਕੋਹਾਲੀ ਨੂੰ, ਨਿੰਮਾ ਕੋਹਾਲੀ ਨੇ ਅਰਜਨ ਪਹਿਲਵਾਨ ਨੂੰ, ਮੰਗਾ ਬਰਿਆਣਾ ਨੇ ਧਰਮਿੰਦਰ ਕੋਹਾਲੀ ਨੂੰ, ਜੱਜ ਅੰਮ੍ਰਿਤਸਰ ਨੇ ਸਤਨਾਮ ਮਾਹਵਾ ਨੂੰ, ਸਵਿੰਦਰ ਕੋਹਾਲੀ ਨੇ ਰਾਣਾ ਅੰਮ੍ਰਿਤਸਰ ਨੂੰ, ਗੁਰਪਾਲ ਜਲੰਧਰ ਨੇ ਘੁੱਲਾ ਕੋਹਾਲੀ ਨੂੰ ਚਿੱਤ ਕਰਕੇ ਜਿੱਤਾਂ ਹਾਸਲ ਕੀਤੀਆਂ। ਪੀ. ਏ. ਪੀ. ਅਕੈਂਡਮੀ ਤੇ ਸਰਦੇਵ ਸਿੰਘ ਕਲੱਬ ਅੱਗੇ ਜਲੰਧਰ, 13 ਜੁਲਾਈ - ਜਲੰਧਰ ਦੇ ਬਰਲਟਨ ਪਾਰਕ ਕ੍ਰਿਕਟ ਸਟੇਡੀਅਮ ਵਿਚ ਸਵ. ਠਾਕੁਰ ਗਣਪਤ ਰਾਏ ਯਾਦਗਾਰੀ 20-20 ਕ੍ਰਿਕਟ ਟੂਰਨਾਮੈਂਟ ਚੱਲ ਰਿਹਾ ਹੈ। ਇਸ ਟੂਰਨਾਮੈਂਟ 'ਚ ਪੀ. ਏ. ਪੀ. ਅਕੈਡਮੀ ਅਤੇ ਸਰਦੇਵ ਸਿੰਘ ਕ੍ਰਿਕਟ ਕਲੱਬ ਨੇ ਜਿੱਤ ਹਾਸਲ ਕਰਕੇ ਸੈਮੀਫਾਈਨਲ ਵਿਚ ਦਾਖਲਾ ਲੈ ਲਿਆ ਹੈ। ਇਹ ਮੈਚ ਯੰਗ ਸਟਰ ਕਲੱਬ ਤੇ ਪੀ. ਏ. ਪੀ. ਅਕੈਡਮੀ ਵਿਚ ਖੇਡਿਆ ਗਿਆ, ਜਿਸ ਵਿਚ ਯੰਗਸਟਰ ਕਲੱਬ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 18.5 ਓਵਰਾਂ ਵਿਚ ਮਨਦੀਪ ਸਿੰਘ ਦੀਆਂ 28 ਤੇ ਰਵੀ ਦੀਆਂ 14 ਸਦਕਾ ਕੇਵਲ 113 ਦੌੜਾਂ ਬਣਾ ਕੇ ਆਊਟ ਹੋ ਗਈ। ਅਕੈਡਮੀ ਦੇ ਗੇਂਦਬਾਜ਼ ਰਾਹੁਲ ਕੁਮਾਰ ਨੇ 3/17, ਸੋਨੂੰ ਮਿਨਹਾਸ ਨੇ 2/21 ਅਤੇ ਰਕੇਸ਼ ਸੰਦਲ ਨੇ 2/22 ਵਿਕਟਾਂ ਉਖਾੜੀਆਂ। ਜਵਾਬ ਵਿਚ ਪੀ. ਏ. ਪੀ. ਅਕੈਡਮੀ ਨੇ ਇਹ ਟੀਚਾ 19.4 ਓਵਰਾਂ ਵਿਚ ਇਸ਼ਾਨ ਡੋਗਰਾ ਦੀਆਂ 55 ਤੇ ਸਪਨ ਦੀਆਂ 24 ਦੌੜਾਂ ਸਦਕਾ ਪੰਜ ਖਿਡਾਰੀਆਂ ਪਿੱਛੇ 117 ਦੌੜਾਂ ਬਣਾ ਕੇ ਪੂਰਾ ਕਰ ਲਿਆ ਤੇ ਪੰਜ ਵਿਕਟਾਂ ਨਾਲ ਮੈਚ ਜਿੱਤ ਕੇ ਸੈਮੀਫਾਈਨਲ ਵਿਚ ਦਾਖਲਾ ਲਿਆ। ਦੂਸਰੇ ਮੈਚ ਵਿਚ ਸਪੋਰਟਸ ਕਲੱਬ ਹੁਸ਼ਿਆਰਪੁਰ, ਸਰਦੇਵ ਸਿੰਘ ਕਲੱਬ ਵਿਰੁੱਧ ਪਹਿਲਾਂ ਬੱਲੇਬਾਜ਼ੀ ਕਰਦਿਆਂ 19.1 ਓਵਰਾਂ ਵਿਚ 135 ਦੌੜਾਂ ਬਣਾ ਕੇ ਆਊਟ ਹੋ ਗਈ, ਜਿਸ ਵਿਚ ਰੂਪ ਲਾਲ ਨੇ 41, ਦੀਪਕ ਨੇ 40 ਤੇ ਗੁਰਦਿਆਲ ਨੇ 23 ਦੌੜਾਂ ਦਾ ਯੋਗਦਾਨ ਪਾਇਆ। ਗੁਰਕੀਰਤ ਨੇ 4/19, ਅਭਿਨੰਦਨ ਨੇ 2/15 ਤੇ ਵਿਸ਼ਾਲ ਭਾਟੀਆ ਨੇ 2/33 ਵਿਕਟਾਂ ਉਖਾੜੀਆਂ। ਜਵਾਬ ਵਿਚ ਸਰਦੇਵ ਸਿੰਘ ਕਲੱਬ ਨੇ ਸੰਘਰਸ਼ ਕਰਦੇ ਹੋਏ ਪੂਰੇ 20 ਓਵਰਾਂ ਵਿਚ 136 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਅਮਰਿੰਦਰ ਜੈਜ਼ੀ ਨੇ 65 ਤੇ ਵਿਕਾਸ ਕਲਿਆਣ ਨੇ 16 ਦੌੜਾਂ ਦਾ ਯੋਗਦਾਨ ਪਾਇਆ ਤੇ ਆਪਣੀ ਟੀਮ ਨੂੰ ਸੈਮੀਫਾਈਨਲ ਵਿਚ ਪਹੁੰਚਾਇਆ। ਵਿਰੋਧੀ ਕਲੱਬ ਦੇ ਗੇਂਦਬਾਜ਼ ਹਿਤੇਸ਼ ਤੇ ਗੁਰਦਿਆਲ ਨੇ 2-2 ਵਿਕਟਾਂ ਉਖਾੜੀਆਂ। 14 ਜੁਲਾਈ ਮੰਗਲਵਾਰ ਨੂੰ ਪਹਿਲਾ ਸੈਮੀਫਾਈਨਲ ਮੈਚ ਪੀ. ਏ. ਪੀ. ਅਕੈਡਮੀ ਤੇ ਸੰਧੂ ਕਲੱਬ ਲੁਧਿਆਣਾ ਵਿਚ ਸਵੇਰੇ 7 ਵਜੇ ਅਤੇ ਦੂਸਰਾ ਸੈਮੀਫਾਈਨਲ ਮੈਚ ਸਰਦੇਵ ਸਿੰਘ ਕਲੱਬ ਅਤੇ ਬੱਤਰਾ ਇਲੈਵਨ ਵਿਚ ਸਵੇਰੇ 10 ਵਜੇ ਖੇਡਿਆ ਜਾਵੇਗਾ। ਫਾਈਨਲ ਮੈਚ 15 ਜੁਲਾਈ ਬੁੱਧਵਾਰ ਨੂੰ ਖੇਡਿਆ ਜਾਵੇਗਾ, ਜਿਸ ਦੇ ਜੇਤੂ ਨੂੰ 31000 ਰੁਪਏ ਨਕਦ ਤੇ ਉਪ-ਜੇਤੂ ਨੂੰ 21000 ਰੁਪਏ ਨਕਦ ਤੋਂ ਇਲਾਵਾ ਸਰਬੋਤਮ ਬੱਲੇਬਾਜ਼ੀ, ਗੇਂਦਬਾਜ਼ ਤੇ ਖਿਡਾਰੀ ਨੂੰ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਪੰਜਾਬ ਤੈਰਾਕੀ ਅਤੇ ਵਾਟਰਪੋਲੋ ਚੈਂਪੀਅਨਸ਼ਿਪ 'ਚ ਲੁਧਿਆਣਾ ਦੀ ਕੰਵਲਪ੍ਰੀਤ ਕੌਰ ਨੇ ਸੋਨ ਤਗਮੇ 'ਤੇ ਕੀਤਾ ਕਬਜ਼ਾ ਲੁਧਿਆਣਾ, 12 ਜੁਲਾਈ - 25ਵੀਂ ਸਬ ਜੂਨੀਅਰ ਅਤੇ 34ਵੀਂ ਜੂਨੀਅਰ ਪੰਜਾਬ ਰਾਜ ਪੱਧਰੀ ਤੈਰਾਕੀ ਚੈਂਪੀਅਨਸ਼ਿਪ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਤੈਰਾਕੀ ਪੂਲ ਵਿਚ ਚੱਲ ਰਹੀ ਹੈ। ਇਸ ਦੇ ਤੀਜੇ ਦਿਨ 11 ਹੋਰ ਨਵੇਂ ਰਿਕਾਰਡ ਕਾਇਮ ਹੋਏ ਹਨ। ਉਂਝ ਖਿਤਾਬ ਉਪਰ ਕਬਜ਼ਾ ਕਰਨ ਲਈ ਲੁਧਿਆਣਾ ਅਤੇ ਸੰਗਰੂਰ ਦੇ ਤੈਰਾਕਾਂ ਵਿਚਕਾਰ ਬਰਾਬਰ ਦੀ ਟੱਕਰ ਚੱਲ ਰਹੀ ਹੈ। ਲੁਧਿਆਣਾ ਦੀ ਕੰਵਲਪ੍ਰੀਤ ਕੌਰ ਨੇ 50 ਮੀਟਰ ਬਟਰਫਲਾਈ ਮੁਕਾਬਲੇ ਵਿਚੋਂ 34.78 ਸੈਕਿੰਡ ਦਾ ਸਮਾਂ ਕੱਢ ਕੇ ਇਕ ਹੋਰ ਰਿਕਾਰਡ ਆਪਣੇ ਨਾਂ ਕਰ ਲਿਆ। ਇਸ ਮੁਕਾਬਲੇ ਵਿਚੋਂ ਸੰਗਰੂਰ ਦੀ ਕਾਜਲ ਸੈਣੀ ਨੇ ਦੂਜਾ ਅਤੇ ਪਟਿਆਲਾ ਦੀ ਅਲੀਸ਼ਾ ਸ਼ਰਮਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੁਧਿਆਣਾ ਦੀ ਹੀ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਗਰੁੱਪ-1 ਦੇ 800 ਮੀਟਰ ਫਰੀ ਸਟਾਈਲ ਮੁਕਾਬਲੇ ਵਿਚੋਂ 12 ਮਿੰਟ 07.53 ਸੈਕਿੰਡ ਦਾ ਸਮਾਂ ਕੱਢ ਕੇ ਆਪਣੇ ਹੀ ਰਿਕਾਰਡ ਨੂੰ ਸੁਧਾਰਿਆ, ਸੰਗਰੂਰ ਦੀ ਅਰਪਣਜੀਤ ਕੌਰ ਨੇ ਇਸ ਮੁਕਾਬਲੇ ਵਿਚੋਂ ਦੂਜਾ ਅਤੇ ਲੁਧਿਆਣਾ ਦੀ ਆਰਸ਼ੀ ਗੁਪਤਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਗਰੁੱਪ 2 ਦੀਆਂ ਲੜਕੀਆਂ ਦੇ 50 ਮੀਟਰ ਬਰੈਸਟ ਸਟਰੋਕ ਵਿਚ ਲੁਧਿਆਣਾ ਦੀ ਸੁਹੱਪਣਪ੍ਰੀਤ ਕੌਰ ਨੇ 36.58 ਸੈਕਿੰਡ ਦਾ ਸਮਾਂ ਕੱਢ ਕੇ ਨਵਾਂ ਰਾਜ ਪੱਧਰੀ ਰਿਕਾਰਡ ਕਾਇਮ ਕੀਤਾ। ਇਸ ਮੁਕਾਬਲੇ ਵਿਚੋਂ ਅਜ਼ਲਪ੍ਰੀਤ ਕੌਰ ਨੇ ਦੂਜਾ ਅਤੇ ਅੰਮ੍ਰਿਤਸਰ ਦੀ ਗਾਰਗੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਗਰੁੱਪ-2 ਦੇ 800 ਮੀਟਰ ਫਰੀ ਸਟਾਈਲ ਮੁਕਾਬਲੇ ਵਿਚ ਲੁਧਿਆਣਾ ਦੀ ਸ਼ੁਭਕਰਮਨ ਧਾਲੀਵਾਲ ਨੇ 11 ਮਿੰਟ 49.05 ਸੈਕਿੰਡ ਦਾ ਸਮਾਂ ਕੱਢ ਕੇ ਨਵਾਂ ਰਾਜ ਪੱਧਰੀ ਰਿਕਾਰਡ ਕਾਇਮ ਕੀਤਾ। ਸੰਗਰੂਰ ਦੀ ਤੇਜਮੀਨ ਅਤੇ ਫਿਰੋਜ਼ਪੁਰ ਦੀ ਮਾਨਵੀ ਮੱਤਾ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ 'ਤੇ ਰਹੀਆਂ। ਗਰੁੱਪ-2 ਦੇ 1500 ਮੀਟਰ ਫਰੀ ਸਟਾਈਲ ਮੁਕਾਬਲੇ ਵਿਚੋਂ ਲੁਧਿਆਣਾ ਦੀ ਸ਼ੁਭਕਰਮਨ ਧਾਲੀਵਾਲ ਨੇ 22 ਮਿੰਟ 46.73 ਸੈਕਿੰਟ ਦਾ ਸਮਾਂ ਕੱਢ ਕੇ ਨਵਾਂ ਰਾਜ ਪੱਧਰੀ ਰਿਕਾਰਡ ਕਾਇਮ ਕੀਤਾ। ਇਸ ਮੁਕਾਬਲੇ ਵਿਚੋਂ ਸੰਗਰੂਰ ਦੀ ਰਿਚਾਸ਼ਾ ਨੇ ਦੂਜਾ ਅਤੇ ਗੁਰਦਾਸਪੁਰ ਦੀ ਪ੍ਰਗਤੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਗਰੁੱਪ-1 ਦੇ 50 ਮੀਟਰ ਬਟਰਫਲਾਈ ਮੁਕਾਬਲੇ ਵਿਚੋਂ ਸੰਗਰੂਰ ਦੇ ਮਨੀਕਰਨ ਕੌਰ ਨੇ 34.84 ਸੈਕਿੰਟ ਦਾ ਸਮਾਂ ਕੱਢ ਕੇ ਦੋ ਸਾਲ ਪੁਰਾਣਾ ਰਿਕਾਰਡ ਤੋੜਿਆ, ਲੁਧਿਆਣਾ ਦੀ ਅਰਮਾਨ ਕੌਰ ਅਤੇ ਗੁਰਦਾਸਪੁਰ ਦੀ ਰਜਨੀ ਇਸ ਮੁਕਾਬਲੇ ਵਿਚੋਂ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ 'ਤੇ ਰਹੀਆਂ। ਮਨਕਿਰਨ ਕੌਰ ਨੇ ਇਕ ਹੋਰ ਰਿਕਾਰਡ 200 ਮੀਟਰ ਬਰੈਸਟ ਸਟਰੋਕ ਮੁਕਾਬਲੇ ਵਿਚ ਕਾਇਮ ਕੀਤਾ। ਉਸ ਨੇ 3 ਮਿੰਟ 05.25 ਸੈਕਿੰਡ ਦਾ ਸਮਾਂ ਕੱਢ ਕੇ ਆਪਣੇ ਹੀ ਰਿਕਾਰਡ ਨੂੰ ਸੁਧਾਰਿਆ। ਸੰਗਰੂਰ ਦੀ ਹੀ ਅਰਪਨਜੀਤ ਕੌਰ ਨੇ ਇਸ ਮੁਕਾਬਲੇ ਵਿਚੋਂ ਦੂਜਾ ਅਤੇ ਪਟਿਆਲਾ ਦੀ ਖੁਸ਼ਮਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਮੁੰਡਿਆਂ ਦੇ ਵਰਗ ਵਿਚ ਰੋਪੜ ਦੇ ਜਸ਼ਨਦੀਪ ਸਿੰਘ ਨੇ ਆਪਣੇ ਨਾਂ ਦੋ ਹੋਰ ਰਿਕਾਰਡ ਕਰ ਲਏ। 50 ਮੀਟਰ ਫਰੀ ਸਟਾਈਲ ਮੁਕਾਬਲੇ ਵਿਚ ਉਸ ਨੇ 25.21 ਸੈਕਿੰਡ ਦਾ ਸਮਾਂ ਕੱਢਦਿਆਂ ਨਵਾਂ ਰਿਕਾਰਡ ਕਾਇਮ੍ਰ ਕੀਤਾ। ਇਸ ਮੁਕਾਬਲੇ ਵਿਚੋਂ ਜਲੰਧਰ ਦੇ ਅਮਨ ਘਈ ਨੇ ਦੂਜਾ ਅਤੇ ਪਟਿਆਲਾ ਦੇ ਰਾਜਨਬਣ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਦੂਜਾ ਰਿਕਾਰਡ ਜਸ਼ਨਦੀਪ ਨੇ 200 ਮੀਟਰ ਬਰੈਸਟ ਸਟਰੋਕ ਵਿਚ ਕਾਇਮ ਕੀਤਾ। ਉਸ ਨੇ ਇਸ ਮੁਕਾਬਲੇ ਵਿਚ 2 ਮਿੰਟ 33.10 ਸੈਕਿੰਟ ਦਾ ਰਿਕਾਰਡ ਸਮਾਂ ਕੱਢਿਆ, ਸੰਗਰੂਰ ਦੇ ਚਰਨਜੀਤ ਸਿੰਘ ਅਤੇ ਬਿਸ਼ਵਜੀਤ ਸਿੰਘ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ਉਪਰ ਰਹੇ। ਗਰੁੱਪ-2 ਦੇ 50 ਮੀਟਰ ਬਰੈਸਟ ਸਟਰੋਕ ਮੁਕਾਬਲੇ ਵਿਚ ਅੰਮ੍ਰਿਤਸਰ ਦੇ ਅਭਿਨਵ ਡੁਡੇਜਾ ਨੇ 32.05 ਸੈਕਿੰਡ ਦਾ ਸਮਾਂ ਕੱਢਕੇ ਨਵਾਂ ਰਿਕਾਰਡ ਕਾਇਮ ਕੀਤਾ। ਇਸ ਮੁਕਾਬਲੇ ਵਿਚੋਂ ਲੁਧਿਆਣਾ ਦੇ ਅਕਸ਼ਿਤ ਬਾਵਾ ਨੇ ਦੂਜਾ ਅਤੇ ਸੰਗਰੂਰ ਦੇ ਜਸਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਗਰੁੱਪ-1 ਦੇ 50 ਮੀਟਰ ਬਟਰਫਲਾਈ ਮੁਕਾਬਲੇ ਵਿਚ ਜਲੰਧਰ ਦੇ ਅਮਨ ਘਈ ਨੇ 28.47 ਸਕਿੰਟ ਦਾ ਸਮਾਂ ਕੱਢਦਿਆਂ ਨਵਾਂ ਰਿਕਾਰਡ ਕਾਇਮ ਕੀਤਾ। ਰੋਪੜ ਦਾ ਪੰਕਤ ਸ਼ਰਮਾ ਅਤੇ ਲੁਧਿਆਣਾ ਦਾ ਅਧੀਰਾਜ ਸ਼ਰਮਾ ਇਸ ਮੁਕਾਬਲੇ ਵਿਚੋਂ ਦੂਜੇ ਅਤੇ ਤੀਜੇ ਸਥਾਨ ਉਪਰ ਰਹੇ। ਬਾਕੀ ਨਤੀਜੇ ਇਸ ਪ੍ਰਕਾਰ ਰਹੇ: ਲੜਕੇ : ਗਰੁੱਪ-3 ਦੇ 200 ਮੀਟਰ ਵਿਅਕਤੀਗਤ ਮੈਡਲੇ ਮੁਕਾਬਲੇ ਵਿਚੋਂ ਫਿਰੋਜ਼ਪੁਰ ਦੇ ਸ਼ਾਹਬਾਜ਼ ਭੁੱਲਰ ਨੇ ਪਹਿਲਾ, ਜਲੰਧਰ ਦੇ ਦੇਸ਼ਦੀਪ ਘਈ ਨੇ ਦੂਜਾ ਅਤੇ ਅੰਮ੍ਰਿਤਸਰ ਦੇ ਕੁਲਵਿੰਦਰ ਨੇ ਤੀਜਾ, 50 ਮੀਟਰ ਬਟਰਫਲਾਈ ਮੁਕਾਬਲੇ ਵਿਚੋਂ ਫਿਰੋਜ਼ਪੁਰ ਦੇ ਅਭਿਨਵ ਮਨਚੰਦਾ ਨੇ ਪਹਿਲਾ, ਅੰਮ੍ਰਿਤਸਰ ਦੇ ਵਿਸ਼ਵਨਪ੍ਰੀਤ ਨੇ ਦੂਜਾ ਅਤੇ ਰੋਪੜ ਦੇ ਗੁਰਵੀਰ ਨੇ ਤੀਜਾ, 50 ਮੀਟਰ ਫਰੀ ਸਟਾਈਲ ਮੁਕਾਬਲੇ ਵਿਚੋਂ ਲੁਧਿਆਣਾ ਦੇ ਮਾਨਵਦੀਪ ਸਿੰਘ ਬੱਲ ਨੇ ਪਹਿਲਾ, ਪਟਿਆਲਾ ਦੇ ਸਾਹਿਲ ਚੋਪੜਾ ਨੇ ਦੂਜਾ ਅਤੇ ਜਲੰਧਰ ਦੇ ਦੇਸ਼ਦੀਪ ਘਈ ਨੇ ਤੀਜਾ, 100 ਮੀਟਰ ਬੈਕ ਸਟਰੋਕ ਵਿਚੋਂ ਸੰਗਰੂਰ ਦੇ ਕਰਨ ਕੁਮਾਰ ਨੇ ਪਹਿਲਾ, ਅੰਮ੍ਰਿਤਸਰ ਦੇ ਉੱਜਵਲ ਨੇ ਦੂਜਾ ਅਤੇ ਸੰਗਰੂਰ ਦੇ ਏਕਜੋਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਭਾਰਤ ਦੇ ਮੁੱਕੇਬਾਜ਼ਾਂ ਦੀ ਬੱਲੇ ਬੱਲੇ ਨਵੀਂ ਦਿੱਲੀ, 12 ਜੁਲਾਈ - ਰੂਸ ਦੇ ਸ਼ਹਿਰ ਮਾਖਾਚਕਾਲਾ 'ਚ ਮੇਗੋਮੇਦ ਸਲਮ ਓਮਾਖਾਨੋਵ ਯਾਦਗਾਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਚੱਲ ਰਹੀ ਹੈ। ਇਸ ਚੈਂਪੀਅਨਸ਼ਿਪ 'ਚ ਭਾਰਤ ਦੇ ਤਿੰਨ ਮੁੱਕੇਬਾਜ਼ਾਂ ਨੇ ਤਿੰਨ ਚਾਂਦੀ ਦੇ ਤਗਮੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ। ਭਾਰਤੀ ਮੁੱਕੇਬਾਜ਼ ਅਮਨਦੀਪ ਸਿੰਘ (48 ਕਿਲੋਗ੍ਰਾਮ), ਅਕਸ਼ੈ ਕੁਮਾਰ (57 ਕਿਲੋਗ੍ਰਾਮ) ਅਤੇ ਮਨਪ੍ਰੀਤ ਸਿੰਘ (91 ਕਿਲੋਗ੍ਰਾਮ) ਨੇ ਕੱਲ੍ਹ ਫਾਈਨਲ 'ਚ ਜਗ੍ਹਾ ਤਾਂ ਪ੍ਰਾਪਤ ਕਰ ਲਈ ਸੀ ਪਰ ਉਹ ਆਖਰੀ ਅੜਿੱਕਾ ਨਾ ਪਾਰ ਕਰ ਸਕੇ। ਅਮਨਦੀਪ ਨੂੰ ਉਲੰਪਿਕ ਖਿਡਾਰੀ ਅਰਮੀਨੀਆ ਦੇ ਡੈਨੀਅਲ ਓਗਾਨੇਸ ਨੇ 5-3 ਅੰਕਾਂ ਨਾਲ, ਅਕਸ਼ੇ ਨੂੰ ਰੂਸ ਦੇ ਪੋਲਿਸਕੀ ਦਮਿੱਤਰੀ ਨੇ 4-1 ਨਾਲ ਜਦਕਿ ਮਨਪ੍ਰੀਤ ਨੂੰ ਜਰਮਨੀ ਦੇ ਖੋਮਾਸਤਰ ਅਰਥਰ ਨੇ ਹਰਾਇਆ। ਪੀ. ਏ. ਪੀ.ਕੈਂਪਸ 'ਚ ਲੱਗੇਗੀ ਹਾਕੀ ਦੀ ਐਸਟਰੋਟਰਫ ਜਲੰਧਰ, 12 ਜੁਲਾਈ - ਹਾਕੀ ਦੀ ਪਹਿਲੀ ਐਸਟਰੋਟਰਫ਼ 2001 'ਚ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਜਲੰਧਰ ਵਿਖੇ ਲਗਾਈ ਗਈ ਸੀ, ਇਸ ਦੇ ਨਾਲ ਹਾਕੀ ਖੇਡ ਨੇ ਕਾਫੀ ਤਰੱਕੀ ਕੀਤੀ ਪਰ ਇਸ ਐਸਟਰੋਟਰਫ 'ਤੇ ਕਾਫੀ ਲੋਡ ਸੀ ਤੇ ਇਹ ਮੰਗ ਕੀਤੀ ਜਾਂਦੀ ਸੀ ਕਿ ਜਲੰਧਰ ਸ਼ਹਿਰ ਵਿਚ ਹੋਰ ਐਸਟਰੋਟਰਫ ਮੈਦਾਨ ਬਣਾਏ ਜਾਣ। ਬੇਸ਼ੱਕ ਪੰਜਾਬ ਸਰਕਾਰ ਨੇ ਸੰਸਾਰਪੁਰ ਵਿਖੇ ਹਾਕੀ ਦਾ ਐਸਟਰੋਟਰਫ ਮੈਦਾਨ ਬਣਾਉਣ ਲਈ ਪਿਛਲੇ ਸਾਲ ਬਜਟ ਵਿਚ 2 ਕਰੋੜ ਰੁਪਏ ਦੀ ਰਾਸ਼ੀ ਰੱਖੀ ਸੀ ਪਰ ਇਹ ਉਪਰਾਲਾ ਅਜੇ ਤੱਕ ਸਿਰੇ ਨਹੀਂ ਚੜ੍ਹ ਸਕਿਆ। ਹੁਣ ਜਲਦੀ ਹੀ ਜਲੰਧਰ ਸ਼ਹਿਰ ਵਿਚ ਇਕ ਹੋਰ ਐਸਟਰੋਟਰਫ ਮੈਦਾਨ ਬਣ ਕੇ ਤਿਆਰ ਹੋ ਜਾਵੇਗਾ। ਭਾਰਤੀ ਖੇਡ ਅਥਾਰਟੀ ਵੱਲੋਂ ਪੀ. ਏ. ਪੀ. ਦੇ ਖੇਡ ਕੰਪਲੈਕਸ ਵਿਖੇ ਇਹ ਐਸਟਰੋਟਰਫ ਲਗਾਈ ਜਾ ਰਹੀ ਹੈ। ਇਸ ਸਬੰਧੀ 'ਸਾਈ' ਨੇ ਸਰਵੇ ਕਰਕੇ ਪੀ. ਏ. ਪੀ. ਦੇ ਬਾਹਰ ਹਾਕੀ ਗਰਾਊਂਡ ਵਿਚ ਇਹ ਮੈਦਾਨ ਬਣਾਉਣ ਲਈ ਪੀ. ਏ. ਪੀ. ਦੇ ਅਧਿਕਾਰੀਆਂ ਨਾਲ ਸਮਝੌਤੇ (ਐਮ. ਓ. ਯੂ.) 'ਤੇ ਦਸਤਖਤ ਕੀਤੇ ਹਨ। ਯਾਦ ਰਹੇ ਇਹ ਹਾਕੀ ਦਾ ਐਸਟਰੋਟਰਫ ਮੈਦਾਨ ਪਹਿਲਾਂ ਸਥਾਨਕ ਲਾਇਲਪੁਰ ਖਾਲਸਾ ਕਾਲਜ ਦੇ ਹਾਕੀ ਦੇ ਖੇਡ ਮੈਦਾਨ ਵਿਚ ਲਗਾਇਆ ਜਾਣਾ ਸੀ ਅਤੇ ਇਸ ਸਬੰਧੀ ਸਰਵੇ ਵੀ ਕੀਤਾ ਜਾ ਚੁੱਕਿਆ ਸੀ ਪਰ ਪਤਾ ਨਹੀਂ ਕਿਉਂ ਜਲਦੀ ਇਹ ਫੈਸਲਾ ਬਦਲੀ ਕਰ ਦਿੱਤਾ ਗਿਆ ਕਿਉਂਕਿ ਸਾਈ ਵੱਲੋਂ ਇਥੇ ਇਕ ਸਿਖਲਾਈ ਕੇਂਦਰ ਖੋਲ੍ਹਣ ਦਾ ਇਰਾਦਾ ਸੀ। ਸਾਈ ਦੇ ਉੱਚ ਅਧਿਕਾਰੀਆਂ ਨੇ ਇਸ ਸਬੰਧੀ ਸਪੱਸ਼ਟੀਕਰਨ ਦਿੰਦਿਆਂ ਦੱਸਿਆ ਕਿ ਕਾਲਜ ਪ੍ਰਬੰਧਕ ਵੱਲੋਂ ਐਲ. ਓ. ਸੀ. (ਇਤਰਾਜ਼ ਹੀਣਤਾ ਸਰਟੀਫਿਕੇਟ) ਦੇਣ ਵਿਚ ਦੇਰੀ ਕਾਰਨ ਇਹ ਫੈਸਲਾ ਬਦਲੀ ਕੀਤਾ ਗਿਆ। ਜਦੋਂ ਇਸ ਸਬੰਧੀ ਕਾਲਜ ਪ੍ਰਬੰਧਕੀ ਕਮੇਟੀ ਦੀ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਕਿਸੇ ਵੀ ਕਿਸਮ ਦੀ ਦੇਰੀ ਨਹੀਂ ਕੀਤੀ ਗਈ ਜੋ ਵੀ ਕਾਗਜ਼ ਮੰਗੇ ਜਾਂਦੇ ਸਨ ਅਸੀਂ ਸਮੇਂ 'ਤੇ ਭੇਜਦੇ ਸੀ। ਉਨ੍ਹਾਂ ਨੇ ਕਿਹਾ ਕਿ ਅਸੀਂ ਖੁਦ ਹੈਰਾਨ ਹਾਂ ਕਿ ਇਹ ਪ੍ਰੋਜੈਕਟ ਕਿਵੇਂ ਪੀ. ਏ. ਪੀ. ਤਬਦੀਲ ਕੀਤਾ ਗਿਆ। ਜਦੋਂ ਇਸ ਸਬੰਧੀ ਐਸ. ਪੀ. ਸ਼ਿਵਦੇਵ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਸਾਡੀ ਕਾਫੀ ਦੇਰ ਤੋਂ ਮੰਗ ਸੀ ਕਿ ਹਾਕੀ ਦਾ ਐਸਟਰੋਟਰਫ ਲੱਗੇ ਕਿਉਂਕਿ ਅਸੀਂ ਇਸ ਦੀ ਸਾਂਭ-ਸੰਭਾਲ ਸਹੀ ਤਰੀਕੇ ਨਾਲ ਕਰ ਸਕਦੇ ਹਾਂ ਤੇ ਸਾਡੇ ਕੋਲ ਸਾਰੇ ਸਾਧਨ ਹਨ ਅਤੇ ਇਸ ਤੋਂ ਇਲਾਵਾ ਜਦੋਂ ਇਹ ਹਾਕੀ ਦਾ ਐਸਟਰੋਟਰਫ ਲੱਗ ਜਾਵੇਗਾ ਅਸੀਂ ਇਸ ਦੀ ਵਰਤੋਂ ਸਕੂਲਾਂ, ਕਾਲਜਾਂ ਤੇ ਹੋਰ ਪ੍ਰੋਫੈਸ਼ਨਲ ਟੀਮਾਂ ਦੇ ਖਿਡਾਰੀਆਂ ਨੂੰ ਕਰਨ ਦੀ ਇਜਾਜ਼ਤ ਸਮੇਂ ਦੇ ਅਨੁਸਾਰ ਵੰਡ ਕਰਕੇ ਦੇਵਾਂਗੇ ਤਾਂ ਜੋ ਹਾਕੀ ਹੋਰ ਉਤਸ਼ਾਹਿਤ ਹੋ ਸਕੇ ਅਤੇ ਹੁਣ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਜੇ ਹਾਕੀ ਦਾ ਤੀਜਾ ਐਸਟਰੋਟਰਫ ਸੰਸਾਰਪੁਰ 'ਚ ਕਾਨੂੰਨੀ ਅੜਚਨ ਕਰਕੇ ਸਿਰੇ ਨਹੀਂ ਚੜ੍ਹ ਸਕਦਾ ਤਾਂ ਇਸ ਨੂੰ ਜਲੰਧਰ ਦੇ ਆਸ-ਪਾਸ ਕਿਸੇ ਹੋਰ ਥਾਂ 'ਤੇ ਲਗਾ ਦੇਵੇ ਤਾਂ ਕਿ ਖਿਡਾਰੀ ਇਸ ਦਾ ਲਾਭ ਲੈ ਸਕਣ ਨਹੀਂ ਤਾਂ ਇਸ ਮਕਸਦ ਲਈ ਜਾਰੀ ਕੀਤਾ 2 ਕਰੋੜ ਸਰਕਾਰੀ ਫਾਈਲਾਂ ਦੀ ਧੂੜ ਚੱਟਦੇ ਰਹਿਣਗੇ। ਸਵ: ਠਾਕੁਰ ਗਣਪਤ ਰਾਏ ਮੈਮੋਰੀਅਲ ਕ੍ਰਿਕਟ ਟੂਰਨਾਮੈਂਟ ਜਲੰਧਰ, 12 ਜੁਲਾਈ - ਸਵਰਗਵਾਸੀ ਠਾਕੁਰ ਗਣਪਤ ਰਾਏ ਮੈਮੋਰੀਅਲ 20-20 ਕ੍ਰਿਕਟ ਟੂਰਨਾਮੈਂਟ ਬਰਲਟਨ ਪਾਰਕ ਕ੍ਰਿਕਟ ਸਟੇਡੀਅਮ ਵਿਖੇ ਹੋ ਰਿਹਾ ਹੈ। ਇਸ ਦੇ ਪਹਿਲੇ ਮੈਚ ਵਿਚੋਂ ਬੱਤਰਾ ਇਲੈਵਨ ਨੇ ਵਿਕਟਰੀ ਕਲੱਬ ਨੂੰ 4 ਵਿਕਟਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ। ਵਿਕਟਰੀ ਕਲੱਬ ਨੇ ਪਹਿਲਾਂ ਖੇਡਦਿਆਂ 120 ਦੌੜਾਂ ਬਣਾਈਆਂ। ਜਵਾਬ ਵਿਚ ਬੱਤਰਾ ਇਲੈਵਨ ਵੱਲੋਂ 19.4 ਓਵਰਾਂ ਵਿਚ 6 ਵਿਕਟਾਂ ਗੁਆ ਕੇ 123 ਦੌੜਾਂ ਬਣਾ ਕੇ 4 ਵਿਕਟਾਂ ਨਾਲ ਜਿੱਤ ਹਾਸਿਲ ਕੀਤੀ। ਦੂਜਾ ਮੈਚ ਪੀ. ਏ. ਪੀ. ਅਕੈਡਮੀ ਤੇ ਕਿੰਗ ਇਲੈਵਨ ਦਸੂਹਾ ਦਰਮਿਆਨ ਖੇਡਿਆ ਗਿਆ। ਪੀ. ਏ. ਪੀ. ਅਕੈਡਮੀ ਨੇ ਪਹਿਲਾਂ ਖੇਡਦਿਆਂ 155 ਦੌੜਾਂ ਬਣਾਈਆਂ ਜਦਕਿ ਕਿੰਗ ਇਲੈਵਨ ਦਸੂਹਾ ਨੇ ਸਿਰਫ 36 ਦੌੜਾਂ ਬਣਾਈਆਂ। ਇਸ ਤਰ੍ਹਾਂ ਨਾਲ ਪੀ. ਏ. ਪੀ. ਨੇ 119 ਦੌੜਾਂ ਨਾਲ ਜਿੱਤ ਹਾਸਿਲ ਕੀਤੀ। ਤੀਜਾ ਮੈਚ ਸੰਧੂ ਇਲੈਵਨ ਲੁਧਿਆਣਾ ਤੇ ਰੀਅਲ ਸਪੋਰਟਸ ਜਲੰਧਰ ਦਰਮਿਆਨ ਖੇਡਿਆ ਗਿਆ। ਰੀਅਲ ਸਪੋਰਟਸ ਜਲੰਧਰ ਦੀ ਟੀਮ 115 ਦੌੜਾਂ ਬਣਾ ਕੇ ਆਲ ਆਊਟ ਹੋਈ। ਇਸ ਦੇ ਜਵਾਬ ਵਿਚ ਸੰਧੂ ਇਲੈਵਨ ਨੇ 6 ਵਿਕਟਾਂ ਗੁਆ ਕੇ 118 ਦੌੜਾਂ ਬਣਾ ਕੇ ਇਸ ਮੈਚ ਵਿਚ ਜਿੱਤ ਹਾਸਿਲ ਕੀਤੀ। ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਭਾਰਤ ਦੀ ਸੰਗੀਤਾ ਦੇਵੀ ਜੇਤੂ ਨਵੀਂ ਦਿੱਲੀ, 12 ਜੁਲਾਈ - ਰੂਸ ਦੇ ਸ਼ਹਿਰ ਪੀਟਰਜ਼ਬਰਗ 'ਚ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਚੱਲ ਰਹੀ ਹੈ। ਇਸ ਚੈਂਪੀਅਨਸ਼ਿਪ ਵਿਚ ਭਾਰਤ ਦੀ ਮਹਿਲਾ ਮੁੱਕੇਬਾਜ਼ੀ ਟੀਮ ਨੇ ਇਕ ਕਾਂਸੀ ਦਾ ਤਗਮਾ ਜਿੱਤਿਆ ਹੈ। ਭਾਰਤ ਲਈ ਸੰਗੀਤਾ ਦੇਵੀ ਨੇ 81 ਕਿਲੋਗ੍ਰਾਮ ਭਾਰ ਵਰਗ 'ਚ ਕਾਂਸੀ ਦਾ ਤਗਮਾ ਜਿੱਤਿਆ। ਸੰਗੀਤਾ ਨੂੰ ਸੈਮੀਫਾਈਨਲ ਮੁਕਾਬਲੇ 'ਚ ਰੂਸ ਦੀ ਐੱਮ. ਯਾਵੋਵਸਕਾਯਾ ਨੇ ਹਰਾਇਆ। ਇਸ ਤੋਂ ਇਲਾਵਾ ਕਲਪਨਾ ਚੌਧਰੀ (48 ਕਿਲੋਗ੍ਰਾਮ), ਚੋਤੋ ਲਾਓਰਾ (51 ਕਿਲੋਗ੍ਰਾਮ), ਸੁਸ਼ਮਾ ਕੁਮਾਰੀ (54 ਕਿਲੋਗ੍ਰਾਮ), ਲਕਸ਼ਮੀ ਪੰਡਿਆ (75 ਕਿਲੋਗ੍ਰਾਮ) ਪਹਿਲੇ ਗੇੜ 'ਚ ਹੀ ਹਾਰ ਗਈਆਂ ਸਨ। ਸੀ. ਆਰ. ਪੀ. ਐਫ. ਇੰਟਰ ਸੈਕਟਰ ਬਾਸਕਿਟਬਾਲ ਤੇ ਵਾਲੀਬਾਲ ਚੈਂਪੀਅਨਸ਼ਿਪ ਸ਼ੁਰੂ ਜਲੰਧਰ, 12 ਜੁਲਾਈ - ਗਰੁੱਪ ਸੈਂਟਰ ਸੀ. ਆਰ. ਪੀ. ਐਫ. ਜਲੰਧਰ ਵਿਖੇ 13 ਤੋਂ 17 ਜੁਲਾਈ ਤੱਕ ਸੀ. ਆਰ. ਪੀ. ਐਫ. ਇੰਟਰ ਸੈਕਟਰ ਬਾਸਕਿਟਬਾਲ ਤੇ ਵਾਲੀਬਾਲ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਵਿਚ ਸਾਊਥ ਸੈਕਟਰ ਹੈਦਰਾਬਾਦ, ਵੈਸਟਰਨ ਸੈਕਟਰ ਮੁੰਬਈ, ਈਸਟਰਨ ਸੈਕਟਰ ਕੋਲਕਾਤਾ, ਨਾਰਥ ਈਸਟਰਨ ਸੈਕਟਰ ਸ਼ਿਲਾਂਗ, ਮਨੀਪੁਰ ਤੇ ਨਾਗਾਲੈਂਡ ਸੈਕਟਰ ਇੰਫਾਲ ਸੈਂਟਰਲ ਸੈਕਟਰ ਲਖਨਊ, ਸਪੈਸ਼ਲ ਸੈਕਟਰ ਨਵੀਂ ਦਿੱਲੀ, ਨਾਰਦਰਨ ਸੈਕਟਰ ਆਰ ਕੇਪੁਰਮ ਨਵੀਂ ਦਿੱਲੀ, ਨਾਰਥ ਵੈਸਟ ਸੈਕਟਰ ਚੰਡੀਗੜ੍ਹ, ਜੰਮੂ ਸੈਕਟਰ ਜੰਮੂ, ਆਰ. ਏ. ਐਫ. ਸੈਕਟਰ ਨਵੀਂ ਦਿੱਲੀ, ਬਿਹਾਰ ਸੈਕਟਰ ਪਟਨਾ, ਸ੍ਰੀਨਗਰ ਸੈਕਟਰ ਸ੍ਰੀਨਗਰ ਤੇ ਤ੍ਰਿਪੁਰਾ ਸੈਕਟਰ ਅਗਰਤਲਾ ਦੀਆਂ ਟੀਮਾਂ ਸ਼ਾਮਿਲ ਹੋ ਰਹੀਆਂ ਹਨ। ਸਿਡਨੀ 'ਚ ਕਬੱਡੀ ਕੱਪ 2 ਸਤੰਬਰ ਨੂੰ ਜਗਰਾਉਂ, 11 ਜੁਲਾਈ - 2 ਸਤੰਬਰ ਨੂੰ ਸਿਡਨੀ 'ਚ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ 'ਚ ਖਿਡਾਰੀ ਰਵਿੰਦਰ ਸਿੰਘ ਪਿੰਦਰੀ (ਬੱਧਨੀ) ਅਤੇ ਕਾਕਾ ਸ਼ੇਖਦੌਲਤ ਹਿੱਸਾ ਲੈ ਰਹੇ ਹਨ। ਇਹ ਖਿਡਾਰੀ ਅੱਜ ਕੱਲ ਆਸਟਰੇਲੀਆ ਦੇ ਖੇਡ ਮੇਲਿਆਂ 'ਚ ਕਬੱਡੀਆਂ ਪਾ ਰਹੇ ਹਨ। ਇਨ੍ਹਾਂ ਦੋਵਾਂ ਖਿਡਾਰੀਆਂ ਨੇ ਪਿਛਲੇ ਦਿਨੀਂ ਸਿਡਨੀ ਵਿਖੇ ਹੋਏ ਖੇਡ ਮੇਲੇ 'ਤੇ ਆਪਣੀ ਖੇਡ ਦਾ ਚੰਗਾ ਪ੍ਰਦਰਸ਼ਨ ਕੀਤਾ। ਕਬੱਡੀ ਖਿਡਾਰੀ ਪਿੰਦਰੀ ਬੱਧਨੀ ਨੇ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਕੈਨੇਡਾ ਵਿਖੇ ਕਬੱਡੀ ਕੱਪ ਖੇਡ ਚੁੱਕਾ ਹੈ ਅਤੇ ਇਸ ਵਾਰ ਉਹ ਆਸਟਰੇਲੀਆ ਤੋਂ ਬਾਅਦ ਨਿਊਜੀਲੈਂਡ ਵਿਖੇ ਕਬੱਡੀ ਕੱਪ ਖੇਡਣ ਉਪਰੰਤ ਪੰਜਾਬ ਦੀ ਧਰਤੀ 'ਤੇ ਸ਼ੁਰੂ ਹੋਣ ਵਾਲੇ ਖੇਡ ਸੀਜਨ ਮੌਕੇ ਵਾਪਸ ਪਰਤੇਗਾ। ਖਿਡਾਰੀ ਪਿੰਦਰੀ ਨੇ ਦੱਸਿਆ ਕਿ ਉਹ ਸਿੱਖ ਯੂਨੀਟਿਡ ਕਲੱਬ ਬਰਿਸਲੀਨ ਵੱਲੋਂ ਖੇਡ ਰਿਹਾ ਅਤੇ ਕਲੱਬ ਦੇ ਪ੍ਰਧਾਨ ਬੰਤ ਸਿੰਘ ਨਿੱਝਰ ਅਤੇ ਜਤਿੰਦਰ ਸਿੰਘ ਨਿੱਝਰ ਵੱਲੋਂ ਉਸ ਨੂੰ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ। ਇਸੇ ਤਰ੍ਹਾਂ ਕਬੱਡੀ ਖਿਡਾਰੀ ਕਾਕਾ ਸ਼ੇਖਦੌਲਤ ਨੇ ਦੱਸਿਆ ਕਿ ਉਹ ਦਸਮੇਸ਼ ਕਲੱਬ ਸਿਡਨੀ ਵੱਲੋਂ ਖੇਡ ਰਿਹਾ ਅਤੇ ਵਿਦੇਸ਼ੀ ਧਰਤੀ 'ਤੇ ਪ੍ਰਵਾਸੀ ਪੰਜਾਬੀਆਂ ਵੱਲੋਂ ਖਿਡਾਰੀਆਂ ਨੂੰ ਵਿਸ਼ੇਸ਼ ਮਾਣ ਸਨਮਾਨ ਦਿੱਤਾ ਜਾ ਰਿਹਾ। ਸਾਊਥ ਏਸ਼ੀਆ ਫੈਡਰੇਸ਼ਨ ਚੈਂਪੀਅਨਸ਼ਿਪ 'ਚ ਅਮਨਦੀਪ ਸਿੰਘ ਨੇ ਜਿੱਤੇ 2 ਸੋਨ ਤਗਮੇ ਜਲੰਧਰ, 10 ਜੁਲਾਈ - ਬੰਗਲਾਦੇਸ਼ ਦੀ ਰਾਜਧਾਨੀ 'ਢਾਕਾ' ਵਿਚ ਸਾਊਥ ਏਸ਼ੀਆ ਫੈਡਰੇਸ਼ਨ ਚੈਂਪੀਅਨਸ਼ਿਪ (ਸੈਫ਼) ਕਰਵਾਈ ਗਈ। ਜਿਸ ਵਿਚ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਖਿਡਾਰੀ ਅਮਨਦੀਪ ਸਿੰਘ ਨੇ ਵਿਅਕਤੀਗਤ ਫ੍ਰੀ ਪਿਸਟਲ 50 ਐਮ ਵਿਚੋਂ ਸੋਨ ਤਗਮਾ ਪ੍ਰਾਪਤ ਕਰਕੇ ਜਿਥੇ ਭਾਰਤ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਉਥੇ ਕਾਲਜ ਨੂੰ ਵੀ ਇਸ ਖਿਡਾਰੀ 'ਤੇ ਮਾਣ ਹੈ। ਅਮਨਦੀਪ ਨੇ ਵਿਅਕਤੀਗਤ ਸੋਨ ਤਮਗੇ ਦੇ ਨਾਲ-ਨਾਲ ਫ੍ਰੀ ਪਿਸਟਲ 50 ਐਮ ਵਿਚ ਟੀਮ ਨੂੰ ਸੋਨ ਤਗਮਾ ਪ੍ਰਾਪਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਕਬੱਡੀ ਟੂਰਨਾਮੈਂਟ 29 ਤੋਂ ਓਸਲੋ (ਨਾਰਵੇ), 11 ਜੁਲਾਈ - ਸਾਂਝੀਵਾਲਤਾ ਸਪੋਰਟਸ ਫੈਡਰੇਸ਼ਨ (ਐਫ. ਐਸ. ਐਫ. ਨਾਰਵੇ) ਵੱਲੋਂ 29-30 ਅਗਸਤ ਨੂੰ ਨਾਰਵੇ ਦੀ ਰਾਜਧਾਨੀ ਓਸਲੋ ਵਿਖੇ ਇੱਕੀਆ ਨਜ਼ਦੀਕ ਗਰਾਊਂਡਾਂ 'ਚ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ 'ਚ ਦੁਨੀਆ ਭਰ ਤੋਂ ਚੋਟੀ ਦੇ ਕਬੱਡੀ ਖਿਡਾਰੀ ਪਹੁੰਚ ਰਹੇ ਹਨ। ਇਸ ਤੋਂ ਇਲਾਵਾ ਬੱਚਿਆਂ ਦੀਆਂ ਫੁੱਟਬਾਲ ਟੀਮਾਂ ਅਤੇ ਵਾਲੀਬਾਲ ਕਲੱਬ ਵਿਚਕਾਰ ਮੈਚ ਵੀ ਮੁੱਖ ਖਿੱਚ ਦਾ ਕੇਂਦਰ ਹੋਣਗੇ। ਪੰਜਾਬ ਕਬੱਡੀ ਐਸੋਸੀਏਸ਼ਨ ਸਰਕਲ ਸਟਾਈਲ ਕਬੱਡੀ ਨੂੰ ਉਲੰਪਿਕ ਖੇਡਾਂ ਤੱਕ ਲਿਜਾਵੇਗੀ -ਮਲੂਕਾ 11 ਜੁਲਾਈ, ਲੁਧਿਆਣਾ - ਪੰਜਾਬ ਕਬੱਡੀ ਐਸੋਸੀਏਸ਼ਨ ਸਰਕਲ ਸਟਾਈਲ ਕਬੱਡੀ ਖੇਡ ਨੂੰ ਜਿਥੇ ਸਕੂਲੀ ਪੱਧਰ 'ਤੇ ਮਜਬੂਤ ਕਰਨ ਦਾ ਬੇੜਾ ਚੁੱਕਿਆ ਹੈ, ਉਥੇ ਅੰਤਰ ਰਾਸ਼ਟਰੀ ਪੱਧਰ 'ਤੇ ਏਸ਼ੀਅਨ ਖੇਡਾਂ ਅਤੇ ਉਲੰਪਿਕ ਖੇਡਾਂ ਦਾ ਕਬੱਡੀ ਨੂੰ ਇਕ ਹਿੱਸਾ ਬਨਾਉਣ ਲਈ ਸਹੀ ਮਾਅਨਿਆਂ ਵਿਚ ਯਤਨ ਕੀਤੇ ਜਾਣਗੇ ਤਾਂ ਜੋ ਇਹ ਖੇਡ ਅੰਤਰ ਰਾਸ਼ਟਰੀ ਪੱਧਰ 'ਤੇ ਪੰਜਾਬੀਆਂ ਦੀ ਇੱਕ ਵਿਲੱਖਣ ਪਹਿਚਾਣ ਬਣਾ ਸਕੇ। ਉਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਕਬੱਡੀ ਐਸੋ. ਦੇ ਪ੍ਰਧਾਨ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕੀਤਾ। ਸ. ਸਿਕੰਦਰ ਸਿੰਘ ਮਲੂਕਾ ਨੇ ਆਖਿਆ ਕਿ ਭਾਵੇਂ ਅਸੀਂ ਕਬੱਡੀ ਦੇ ਨਾਮ 'ਤੇ ਹਰ ਸਾਲ ਸੈਂਕੜੇ ਵਰਲਡ ਕੱਪ ਅਤੇ ਹੋਰ ਕੌਮਾਂਤਰੀ ਪੱਧਰ ਦੇ ਟੂਰਨਾਮੈਂਟ ਕਰਵਾ ਰਹੇ ਹਨ, ਪਰ ਕਰੋੜਾਂ ਰੁਪਏ ਖਰਚਣ ਦੇ ਬਾਵਜੂਦ ਕਬੱਡੀ ਦੀ ਪਹਿਚਾਣ ਪੰਜਾਬ ਅਤੇ ਪੰਜਾਬੀਆਂ ਤੱਕ ਹੀ ਸੀਮਤ ਹੈ। ਬਾਹਰਲੇ ਮੁਲਕਾਂ ਵਿਚ ਵੀ ਕਬੱਡੀ ਦੇ ਚਹੇਤੇ ਪੰਜਾਬੀ ਪ੍ਰਵਾਸੀ ਇਸ ਖੇਡ ਨੂੰ ਆਪਣੇ ਮੂਲ ਨਾਲੋਂ ਅੱਗੇ ਨਹੀਂ ਵਧਾ ਸਕੇ, ਪਰ ਪੰਜਾਬ ਕਬੱਡੀ ਐਸੋਸੀਏਸ਼ਨ ਨੇ ਪੰਜਾਬੀਆਂ ਦੀ ਇਸ ਚਹੇਤੀ ਖੇਡ ਪ੍ਰਤੀ ਸੰਜੀਦਾ ਅਤੇ ਸੁਹਿਰਦ ਯਤਨ ਆਰੰਭੇ ਹਨ। ਉਨ੍ਹਾਂ ਆਖਿਆ ਕਿ ਪੰਜਾਬੀ ਕਬੱਡੀ ਐਸੋ. ਨੇ ਫੈਸਲਾ ਕੀਤਾ ਹੈ ਕਿ ਹਰ ਸਾਲ ਸਬ ਜੂਨੀਅਰ ਤੋਂ ਲੈ ਕੇ ਸੀਨੀਅਰ ਪੱਧਰ ਦੀਆਂ ਰਾਜ ਪੱਧਰੀ ਅਤੇ ਰਾਸ਼ਟਰੀ ਪੱਧਰੀ ਚੈਂਪੀਅਨਸ਼ਿਪਾਂ ਕਰਵਾਈਆਂ ਜਾਣ। ਉਨ੍ਹਾਂ ਆਖਿਆ ਕਿ ਅਸੀਂ ਦੂਸਰੇ ਰਾਜਾਂ ਵਿਚ ਕਬੱਡੀ ਐਸੋਸੀਏਸ਼ਨ ਦੀਆਂ ਇਕਾਈਆਂ ਸਥਾਪਿਤ ਕਰਾਂਗੇ। ਉਸ ਤੋਂ ਬਾਅਦ ਇੰਡੀਅਨ ਉਲੰਪਿਕ ਐਸੋਸੀਏਸ਼ਨ ਵਲੋਂ ਸਰਕਲ ਸਟਾਈਲ ਕਬੱਡੀ ਨੂੰ ਕੌਮੀ ਪੱਧਰ 'ਤੇ ਮਾਨਤਾ ਦੁਆਈ ਜਾਵੇਗੀ। ਸ. ਮਲੂਕਾ ਨੇ ਆਖਿਆ ਕਿ ਭਾਵੇਂ ਪੰਜਾਬ ਸਰਕਾਰ ਨੇ ਆਪਣੇ ਰਾਜ ਵਿਚ ਪਹਿਲਾਂ ਹੀ ਕਬੱਡੀ ਨੂੰ ਇਕ ਮਾਨਤਾ ਪ੍ਰਾਪਤ ਖੇਡ ਦਾ ਦਰਜਾ ਦੇ ਦਿੱਤਾ ਹੈ ਅਤੇ ਇਸ ਨੂੰ ਸਕੂਲਾਂ ਕਾਲਜਾਂ ਦੇ ਖੇਡ ਕੈਲੰਡਰ ਵਿਚ ਵੀ ਸ਼ਾਮਲ ਕਰ ਲਿਆ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਵਿਸ਼ਵ ਕਬੱਡੀ ਲੀਗ ਕਰਾਉਣ ਦੀ ਵੀ ਆਪਣੀ ਵਚਨਬੱਧਤਾ ਦੁਹਰਾਈ ਹੈ। ਸ. ਮਲੂਕਾ ਨੇ ਆਖਿਆ ਕਿ ਕੌਮੀ ਪੱਧਰ 'ਤੇ ਮਾਨਤਾ ਮਿਲਣ ਤੋਂ ਬਾਅਦ ਸਰਕਲ ਸਟਾਈਲ ਕਬੱਡੀ ਨੂੰ ਏਸ਼ੀਅਨ ਖੇਡਾਂ ਵਿਚ ਸ਼ਾਮਲ ਕਰਨ ਦੇ ਲਈ ਯਤਨ ਵਿੱਢੇ ਜਾਣਗੇ। ਏਸ਼ੀਅਨ ਖੇਡਾਂ ਦਾ ਸਰਕਲ ਸਟਾਈਲ ਕਬੱਡੀ ਨੂੰ ਹਿੱਸਾ ਬਨਾਉਣ ਲਈ ਭਾਵੇਂ ਪਾਕਿਸਤਾਨ ਕਬੱਡੀ ਐਸੋਸੀਏਸ਼ਨ ਨੇ ਪਹਿਲਾਂ ਹੀ ਇਹ ਕੋਸ਼ਿਸ਼ਾਂ ਆਰੰਭ ਕਰ ਦਿੱਤੀਆਂ ਹਨ, ਅਸੀਂ ਇਸ ਪੱਖ ਵਿਚ ਪਾਕਿਤਸਾਨ ਨੂੰ ਹਰ ਪੱਖੋਂ ਸਹਾਇਤਾ ਦੇਵਾਂਗੇ। ਏਸ਼ੀਅਨ ਉਲੰਪਿਕ ਕੌਂਸਲ ਨੇ ਕਬੱਡੀ ਨੂੰ ਏਸ਼ੀਅਨ ਖੇਡਾਂ ਦਾ ਹਿੱਸਾ ਬਨਾਉਣ ਲਈ ਭਾਰਤ ਪਾਕਿਸਤਾਨ ਤੋਂ ਇਲਾਵਾ 8 ਮੁਲਕਾਂ ਦੀਆਂ ਟੀਮਾਂ ਦੀ ਸਿਫਾਰਸ਼ ਮੰਗੀ ਹੈ, ਜਿਸ ਲਈ ਸ਼੍ਰੀਲੰਕਾ, ਬੰਗਲਾਦੇਸ਼, ਨੇਪਾਲ, ਸਿੰਗਾਪੁਰ, ਮਲੇਸ਼ੀਆ, ਚੀਨ, ਜਪਾਨ ਆਦਿ ਮੁਲਕਾਂ ਦੀਆਂ ਟੀਮਾਂ ਨੇ ਕਬੱਡੀ ਖੇਡ ਪ੍ਰਤੀ ਆਪਣੀ ਸਹਿਮਤੀ ਜਿਤਾ ਦਿੱਤੀ ਹੈ। ਸ. ਮਲੂਕਾ ਨੇ ਆਖਿਆ ਕਿ ਸਾਡੀ ਇਹ ਕੋਸ਼ਿਸ਼ ਹੋਵੇਗੀ ਕਿ ਅਗਲੇ ਵਰ੍ਹੇ ਹੋਣ ਵਾਲੀਆਂ ਰਾਸ਼ਟਰ ਮੰਡਲ ਖੇਡਾਂ ਅਤੇ ਏਸ਼ੀਅਨ ਖੇਡਾਂ ਵਿਚ ਸਰਕਲ ਸਟਾਈਲ ਕਬੱਡੀ ਦਾ ਭਾਰਤ ਅਤੇ ਪਾਕਿਸਤਾਨ ਵਿਚਕਾਰ ਇਕ ਨੁਮਾਇਸ਼ੀ ਮੈਚ ਕਰਵਾਇਆ ਜਾਵੇ ਤਾਂ ਜੋ 2014 ਵਿਚ ਹੋਣ ਵਾਲੀਆਂ ਏਸ਼ੀਅਨ ਖੇਡਾਂ ਵਿਚ ਸਰਕਲ ਸਟਾਈਲ ਕਬੱਡੀ ਉਨ੍ਹਾਂ ਦਾ ਇਕ ਹਿੱਸਾ ਬਣ ਸਕੇ। ਉਨ੍ਹਾਂ ਆਖਿਆ ਕਿ ਜਦੋਂ ਏਸ਼ੀਅਨ ਖੇਡਾਂ ਵਿਚ ਸਰਕਲ ਸਟਾਈਲ ਕਬੱਡੀ ਦੀ ਐਂਟਰੀ ਪੱਕੀ ਹੋ ਗਈ ਤਾਂ ਨੈਸ਼ਨਲ ਸਟਾਈਲ ਕਬੱਡੀ ਵਾਂਗ ਇਸ ਦਾ ਵਿਸ਼ਵ ਕੱਪ ਕਬੱਡੀ ਮੁਕਾਬਲਾ ਕਰਵਾਇਆ ਜਾਵੇਗਾ। ਉਸ ਤੋਂ ਬਾਅਦ ਅਸੀਂ ਉਲੰਪਿਕ ਖੇਡਾਂ ਵਿਚ ਸਰਕਲ ਸਟਾਈਲ ਕਬੱਡੀ ਨੂੰ ਸ਼ਾਮਲ ਕਰਨ ਲਈ ਆਪਣਾ ਰਾਹ ਪੱਧਰਾ ਕਰਾਂਗੇ। ਸ. ਮਲੂਕਾ ਨੇ ਆਖਿਆ ਕਿ ਜੇਕਰ ਭਾਰਤ ਪਾਕਿਸਤਾਨ ਅਤੇ ਹੋਰਨਾਂ ਮੁਲਕਾਂ ਦੀਆਂ ਕਬੱਡੀ ਫੈਡਰੇਸ਼ਨਾਂ ਆਪਣੇ ਨਿਯਮਾਂ ਤੇ ਸਿਧਾਂਤਾਂ ਪਹਿਰਾ ਦਿੰਦੀਆਂ ਹੋਈਆਂ ਇਸ ਖੇਡ ਦੀ ਬਿਹਤਰੀ ਲਈ ਅੱਗੇ ਤੁਰੀਆਂ ਤਾਂ ਯਕੀਨਨ 2016 ਜਾਂ 2020 ਦੀਆਂ ਉਲੰਪਿਕ ਖੇਡਾਂ ਤੱਕ ਸਰਕਲ ਸਟਾਈਲ ਕਬੱਡੀ ਨਾ ਸਿਰਫ ਅੰਤਰ ਰਾਸ਼ਟਰੀ ਪੱਧਰ 'ਤੇ ਆਪਣੀ ਵੱਡੀ ਪਹਿਚਾਣ ਬਣਾਏਗੀ, ਸਗੋਂ ਉਲੰਪਿਕ ਖੇਡਾਂ ਦਾ ਇਹ ਇਕ ਹਿੱਸਾ ਵੀ ਹੋਵੇਗੀ। ਓਪਨ ਕਬੱਡੀ 'ਚ ਕਰੇਮੋਨਾ ਕਲੱਬ ਜੇਤੂ ਮਨਤੋਵਾ (ਇਟਲੀ), 10 ਜੁਲਾਈ - ਗੋਨਜਾਗਾ ਦੇ ਖੇਡ ਮੈਦਾਨ ਵਿਚ ਚੌਥਾ ਮਨਤੋਵਾ ਖੇਡ ਮੇਲਾ ਕਲਗੀਧਰ ਖ਼ਾਲਸਾ ਸਪੋਰਟਸ ਐਂਡ ਕਲਚਰਲ ਕਲੱਬ, ਮਨਤੋਵਾ ਵੱਲੋਂ ਇਟਲੀ ਕਬੱਡੀ ਫੈਡਰੇਸ਼ਨ (ਢਿੱਲੋਂ) ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਗਿਆ। ਜਿਸ ਵਿਚ ਓਪਨ ਕਬੱਡੀ ਤੋਂ ਇਲਾਵਾ 70 ਕਿਲੋ ਕਬੱਡੀ ਅਤੇ ਰੱਸਾਕਸ਼ੀ ਦੇ ਰੋਮਾਂਚਿਕ ਮੁਕਾਬਲੇ ਕਰਵਾਏ ਗਏ। ਓਪਨ ਕਬੱਡੀ ਵਿਚ ਕਰੇਮੋਨਾ ਦੀ ਟੀਮ ਨੇ ਫਿਰ ਬਾਜ਼ੀ ਮਾਰੀ ਜਦ ਕਿ ਬੈਰਗਾਮੋ ਖੇਡ ਮੇਲੇ ਦੀ ਰਨਰ ਅੱਪ ਟੀਮ ਰਹੀ। 70 ਕਿਲੋ ਵਿਚ ਬੈਰਗਾਮੋ ਫ਼ਸਟ ਅਤੇ ਮਨਤੋਵਾ ਸੈਕੰਡ ਰਹੀ ਜਦ ਕਿ ਰੱਸਾਕਸ਼ੀ ਦੇ ਮੁਕਾਬਲਿਆਂ ਵਿਚ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ, ਵੀਆਦਾਨਾ ਨੇ ਬਾਜ਼ੀ ਮਾਰੀ ਅਤੇ ਪੰਜਾਬ ਸਪੋਰਟਸ ਕਲੱਬ, ਰਿਜੋਈਮੀਲੀਆ ਦੀ ਟੀਮ ਦੂਸਰੇ ਸਥਾਨ 'ਤੇ ਰਹੀ। ਖੇਡੇ ਮੇਲੇ ਵਿਚ ਓਪਨ ਕਬੱਡੀ ਦੀਆਂ 10 ਟੀਮਾਂ, ਰੱਸਾਕਸ਼ੀ ਦੀਆਂ 8 ਟੀਮਾਂ ਅਤੇ 70 ਕਿਲੋ ਦੀਆਂ 5 ਟੀਮਾਂ ਨੇ ਹਿੱਸਾ ਲਿਆ। ਓਪਨ ਕਬੱਡੀ ਦੇ ਸੈਮੀਫਾਈਨਲ ਵਿਚ ਸਬੋਧੀਆ ਅਤੇ ਕਰੇਮੋਨਾ ਦੀਆਂ ਟੀਮਾਂ ਵਿਚਕਾਰ ਮੁਕਾਬਲੇ ਹੋਏ। ਬੱਚਿਆਂ ਦੇ ਵੱਖ-ਵੱਖ ਵਰਗਾਂ ਦੀਆਂ ਦੌੜਾਂ ਵੀ ਕਰਵਾਈਆਂ ਗਈਆਂ ਅਤੇ ਜੇਤੂ ਬੱਚਿਆਂ ਨੂੰ ਦਿਲ ਖਿਚਵੇਂ ਇਨਾਮ ਦਿੱਤੇ ਗਏ। ਜੂਨੀਅਰ ਕੁਸ਼ਤੀ ਚੈਂਪੀਅਨਸ਼ਿਪ 'ਚ ਭਾਰਤੀ ਪਹਿਲਵਾਨਾਂ ਦੀ ਬੱਲੇ ਬੱਲੇ ਜਲੰਧਰ, 10 ਜੁਲਾਈ - ਮਨੀਲਾ (ਫਿਲਪਾਈਨ) ਵਿਖੇ ਜੂਨੀਅਰ ਕੁਸ਼ਤੀ ਚੈਂਪੀਅਨਸ਼ਿਪ ਕਰਵਾਈ ਗਈ। ਇਹ ਕੁਸ਼ਤੀ ਚੈਂਪੀਅਨਸ਼ਿਪ ਗਰੀਕੋ ਰੋਮਨ ਤੇ ਫ੍ਰੀ ਸਟਾਈਲ ਦੇ ਵਰਗ ਵਿਚ ਹੋਈ। ਇਸ ਚੈਂਪੀਅਨਸ਼ਿਪ ਵਿਚੋਂ ਹੁਣ ਤੱਕ ਭਾਰਤੀ ਪਹਿਲਵਾਨਾਂ ਨੇ 2 ਸੋਨੇ ਦੇ, ਇਕ ਚਾਂਦੀ ਸਮੇਤ, 5 ਕਾਂਸੀ ਦੇ ਤਗਮੇ ਹਾਸਿਲ ਕਰਨ ਵਿਚ ਸਫਲਤਾ ਹਾਸਿਲ ਕੀਤੀ। ਗਰੀਕੋ ਰੋਮਨ ਵਰਗ ਵਿਚੋਂ ਸੁਰੇਸ਼ ਯਾਦਵ ਨੇ 60 ਕਿਲੋ ਵਰਗ ਵਿਚੋਂ ਸੋਨ ਤਗਮਾ, ਮਨੋਜ ਨੇ 55 ਕਿਲੋ ਵਰਗ 'ਚ ਕਾਂਸੀ, ਮਨਜੀਤ ਨੇ 50 ਕਿਲੋ ਵਰਗ 'ਚ ਕਾਂਸੀ, ਰੁਪਿੰਦਰ ਨੇ 96 ਕਿਲੋ ਵਰਗ 'ਚ ਕਾਂਸੀ, ਰਾਕੇਸ਼ ਹੁੱਡਾ ਨੇ 120 ਕਿਲੋ ਵਰਗ ਵਿਚੋਂ ਕਾਂਸੀ ਦਾ ਤਗਮਾ ਹਾਸਿਲ ਕੀਤਾ। ਲੜਕੀਆਂ ਦੇ ਵਰਗ ਵਿਚੋਂ ਨਵਜੋਤ ਕੌਰ ਨੇ 72 ਕਿਲੋ ਵਰਗ ਵਿਚੋਂ ਸੋਨ ਤਗਮਾ, ਬਖਸ਼ੀ ਮਲਿਕ ਨੇ 59 ਕਿਲੋ ਵਰਗ ਵਿਚੋਂ ਚਾਂਦੀ ਤੇ ਅੰਜੂ ਚੌਧਰੀ ਨੇ 51 ਕਿਲੋ ਵਰਗ ਵਿਚੋਂ ਕਾਂਸੀ ਦਾ ਤਗਮਾ ਹਾਸਿਲ ਕੀਤਾ। 12 ਖੇਡ ਵਰਗਾਂ ਦੇ ਮੁਕਾਬਲੇ 11 ਤੋਂ 12 ਜੁਲਾਈ ਨੂੰ ਕਰਵਾਏ ਜਾਣਗੇ। ਪਾਵਰ ਲਿਫਟਿੰਗ 'ਚ ਹਰਜੀਤ ਦੀ ਝੰਡੀ |