|
11ਵਾਂ ਹਰਜੀਤ
ਯਾਦਗਾਰੀ ਕਬੱਡੀ ਮੇਲਾ
ਬਾਜਾਖਾਨਾ, 1 ਫਰਵਰੀ -ਗਿਆਰਵਾਂ ਹਰਜੀਤ ਯਾਦਗਾਰੀ
ਅੰਤਰਰਾਸ਼ਟਰੀ ਕਬੱਡੀ ਮੇਲਾ 1 ਤੋਂ 3 ਫ਼ਰਵਰੀ ਤੱਕ ਬਾਜਾਖਾਨਾ ਦੇ ਹਰਜੀਤ ਯਾਦਗਾਰੀ
ਕਬੱਡੀ ਸਟੇਡੀਅਮ 'ਚ ਚੱਲ ਰਿਹਾ ਹੈ। ਇਸ ਦਾ ਉਦਘਾਟਨ ਸ. ਅਵਤਾਰ ਸਿੰਘ ਸਮਾਧ ਭਾਈ
ਕਾਰਜਕਾਰੀ ਪ੍ਰਬੰਧਕ ਪਰਲਜ਼ ਸਿਟੀ ਬਠਿੰਡਾ ਨੇ ਕੀਤਾ। ਪਹਿਲੇ ਦਿਨ ਕਬੱਡੀ 57 ਤੇ 62
ਕਿੱਲੋ ਦੇ ਪਹਿਲੇ ਮੈਚ ਕਰਵਾਏ ਗਏ। 2 ਫਰਵਰੀ ਨੂੰ ਕਬੱਡੀ ਇਕ ਪਿੰਡ ਓਪਨ ਦੇ ਮੈਚ
ਕਰਵਾਏ ਜਾਣਗੇ। ਸ਼ਾਮ ਨੂੰ ਉੱਘੇ ਪੰਜਾਬੀ ਲੋਕ ਗਾਇਕ ਕਲਾਕਾਰ ਹਰਭਜਨ ਮਾਨ, ਹਰਿੰਦਰ
ਸੰਧੂ, ਰਿੰਪੀ ਗਰੇਵਾਲ, ਕਰਤਾਰ ਰਮਲਾ, ਸ਼ਮਾ ਲਵਲੀ, ਰਾਜ ਬਰਾੜ, ਮਿਸ ਪੂਜਾ ਆਦਿ
ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨਗੇ।
ਪਾਕਿਸਤਾਨ 'ਚ ਹੋਣ
ਵਾਲੀ ਚੈਂਪੀਅਨਸ ਟਰਾਫੀ ਕੈਂਸਲ
ਪਰਥ, 1 ਫਰਵਰੀ - ਪਾਕਿਸਤਾਨ ਦੇ ਬਹੁਤ ਹੀ ਨਾਜ਼ੁਕ
ਸੁਰੱਖਿਆ ਹਾਲਾਤਾਂ ਨੂੰ ਦੇਖਦੇ ਹੋਏ ਇਸ ਸਾਲ ਹੋਣ ਵਾਲੀ ਚੈਂਪੀਅਨਸ ਟਰਾਫ਼ੀ
ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਦੇ ਕਾਰਜਕਾਰੀ ਬੋਰਡ ਦੇ ਮੈਂਬਰਾਂ ਨੇ ਕੈਂਸਲ ਕਰ ਦਿੱਤੀ
ਹੈ। ਆਈ. ਸੀ. ਸੀ ਵੱਲੋਂ ਇਸ ਸਬੰਧੀ ਜਾਰੀ ਬਿਆਨ ਅਨੁਸਾਰ ਇਸ ਅੱਠ ਦੇਸ਼ਾਂ ਦੇ
ਟੂਰਨਾਮੈਂਟ ਦੇ ਨਵੇਂ ਸਥਾਨ ਲਈ ਫੈਸਲਾ ਕੌਂਸਲ ਦੀ ਇਸ ਸਾਲ ਅਪ੍ਰੈਲ 'ਚ ਹੋਣ ਵਾਲੀ
ਬੈਠਕ ਤੋਂ ਪਹਿਲਾਂ ਕਰ ਲਿਆ ਜਾਵੇਗਾ। ਇਹ ਫੈਸਲਾ ਇਸ ਕਰਕੇ ਲਿਆ ਗਿਆ ਹੈ ਕਿਉਂਕਿ
ਸੁਰੱਖਿਆ ਕਾਰਨਾਂ ਕਰਕੇ ਕਈ ਟੀਮਾਂ ਨੇ ਇਸ ਟੂਰਨਾਮੈਂਟ 'ਚ ਭਾਗ ਲੈਣ ਤੋਂ ਇਨਕਾਰ ਕਰ
ਦਿੱਤਾ ਸੀ। ਇਥੇ ਇਹ ਗੱਲ ਵਰਣਨਯੋਗ ਹੈ ਕਿ ਪਹਿਲਾਂ ਚੈਂਪੀਅਨਸ ਟਰਾਫ਼ੀ ਪਾਕਿਸਤਾਨ 'ਚ
ਬੀਤੇ ਸਾਲ ਅਕਤੂਬਰ ਵਿਚ ਹੋਈ ਸੀ ਪਰ ਸੁਰੱਖਿਆ ਕਾਰਨਾਂ ਕਰਕੇ ਹੀ, ਇਸ ਨੂੰ ਸਤੰਬਰ
2009 ਤੱਕ ਅੱਗੇ ਪਾ ਦਿੱਤਾ ਸੀ। ਆਈ ਸੀ ਸੀ ਦੇ ਇਸ ਤਾਜ਼ਾ ਫੈਸਲੇ ਤੋਂ ਬਾਅਦ
ਪਾਕਿਸਤਾਨ ਕ੍ਰਿਕਟ ਬੋਰਡ ਨੂੰ ਆਰਥਿਕ ਸੰਕਟ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।
2010 ਦਾ ਟਵੰਟੀ-20 ਵਿਸ਼ਵ ਕੱਪ ਵੈਸਟ ਇੰਡੀਜ਼ 'ਚ-ਆਈ ਸੀ ਸੀ ਨੇ ਸਾਲ 2010 'ਚ ਹੋਣ
ਵਾਲੇ ਟਵੰਟੀ-20 ਵਿਸ਼ਵ ਕੱਪ ਕਰੇਬੀਆਈ ਦੇਸ਼ਾਂ 'ਚ ਕਰਵਾਉਣ ਦਾ ਫੈਸਲਾ ਲਿਆ। ਆਈ ਸੀ
ਸੀ ਦੀ ਅਧਿਕਾਰਿਤ ਵੈਬਸਾਈਟ ਅਨੁਸਾਰ ਬੋਰਡ ਨੇ ਵੈਸਟ ਇੰਡੀਜ਼ ਕ੍ਰਿਕਟ ਬੋਰਡ ਦੀ ਬੇਨਤੀ
ਸਵਿਕਾਰ ਕਰਦਿਆਂ ਬਾਰਬਾਡੋਸ, ਗੁਆਨਾ ਅਤੇ ਸੇਂਟ ਲੂਸੀਆ ਵਿਚ ਟਵੰਟੀ-20 ਵਿਸ਼ਵ ਕੱਪ
ਮੁਕਾਬਲੇ ਕਰਵਾਉਣ ਦਾ ਫੈਸਲਾ ਕੀਤਾ ਹੈ।
ਨਡਾਲ ਦਾ
ਆਸਟ੍ਰੇਲੀਅਨ ਚੈਂਪੀਅਨ 'ਤੇ ਕਬਜ਼ਾ
ਮੈਲਬੌਰਨ, 1 ਫਰਵਰੀ - ਸਪੇਨ ਦੇ ਰਾਫੇਲ ਨਡਾਲ ਨੇ
ਸਾਲ ਦੇ ਪਹਿਲੇ ਗਰੈਂਡ ਸਲੈਮ ਆਸਟ੍ਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਫਾਈਨਲ
'ਚ ਸਵਿਟਜ਼ਰਲੈਂਡ ਦੇ ਰੋਜ਼ਰ ਫੈਡਰਰ ਨੂੰ 7-5, 3-6, 7-6, 3-6 ਤੇ 6-2 ਨਾਲ ਹਰਾਇਆ
ਅਤੇ ਖ਼ਿਤਾਬ ਜਿੱਤਿਆ। ਇਹ ਜਿੱਤ ਕੇ ਬਲਕਿ ਇਸ ਸਵਿਸ ਖਿਡਾਰੀ ਦੇ ਆਪਣੇ ਟੈਨਿਸ ਜੀਵਨ
ਦਾ 14ਵਾਂ ਗਰੈਂਡ ਸਲੈਮ ਖ਼ਿਤਾਬ ਜਿੱਤਣ ਦੇ ਸੁਪਨੇ ਨੂੰ ਵੀ ਚਕਨਾਚੂਰ ਕਰ ਦਿੱਤਾ। ਇਹ
ਮੁਕਾਬਲਾ ਸਾਢੇ ਚਾਰ ਘੰਟੇ ਤੱਕ ਚੱਲਿਆ।
47ਵੇਂ ਪ੍ਰਿੰ.
ਹਰਭਜਨ ਸਿੰਘ ਰਾਸ਼ਟਰੀ ਫੁੱਟਬਾਲ ਟੂਰਨਾਮੈਂਟ 'ਚ ਚੰਡੀਗੜ੍ਹ ਦੀ ਝੰਡੀ
ਮਾਹਿਲਪੁਰ, 1 ਫਰਵਰੀ - 47ਵਾਂ ਪ੍ਰਿੰ. ਹਰਭਜਨ
ਸਿੰਘ ਯਾਦਗਾਰੀ ਰਾਸ਼ਟਰੀ ਫੁੱਟਬਾਲ ਟੂਰਨਾਮੈਂਟ ਚੱਲ ਰਿਹਾ ਹੈ। ਇਸ ਦੇ ਸਕੂਲ ਵਰਗ ਦੇ
ਫੁੱਟਬਾਲ ਮੁਕਾਬਲਿਆਂ ਦੇ ਫੁੱਟਬਾਲ ਅਕੈਡਮੀ ਚੰਡੀਗੜ੍ਹ ਦੇ ਚੱਬੇਵਾਲ ਨੂੰ 2-1 ਗੋਲ
ਦੇ ਫਰਕ ਨਾਲ ਹਰਾਇਆ। ਜਦੋਂ ਕਿ ਕਾਲਜ ਵਰਗ ਦੇ ਸੈਮੀਫਾਇਨਲ 'ਚ ਫੁੱਟਬਾਲ ਅਕੈਡਮੀ
ਮਾਹਿਲਪੁਰ ਨੇ ਗੁਰੂ ਨਾਨਕ ਕਾਲਜ ਫਗਵਾੜਾ ਨੂੰ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ।
ਇਸ ਤੋਂ ਪਹਿਲਾਂ ਕਲੱਬ ਵਰਗ 'ਚ ਪੰਜਾਬ ਪੁਲਿਸ ਨੇ ਬਿਜਲੀ ਬੋਰਡ ਨੂੰ 3-0 ਦੇ ਫਰਕ
ਨਾਲ ਹਰਾਇਆ। ਇਸੇ ਤਰ੍ਹਾਂ ਚੌਥੇ ਦੌਰ ਦੇ ਲੜਕੀਆਂ ਦੇ ਫੁੱਟਬਾਲ ਮੁਕਾਬਲੇ ਵਿਚ ਖਾਲਸਾ
ਸਕੂਲ ਪਾਲਦੀ ਨੇ ਸਰਕਾਰੀ ਸਕੂਲ ਰਾਮਪੁਰ ਨੂੰ 4-0 ਅਤੇ ਬਜਵਾੜਾ ਨੇ ਬੰਬਲੀ ਨੂੰ
ਟਾਈਬਰੇਕਰ ਰਾਹੀਂ ਹਰਾਇਆ।
ਕਬੱਡੀ ਕੱਪ ਪਟਿਆਲਾ
8 ਫਰਵਰੀ ਤੋਂ
ਪਟਿਆਲਾ, 1 ਫਰਵਰੀ - ਡੀ. ਐਮ. ਡਬਲਿਊ ਸਟੇਡੀਅਮ
ਵਿਖੇ ਕਬੱਡੀ ਕੱਪ ਪਟਿਆਲਾ 8-9 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ
ਦੇ ਪਹਿਲੇ ਦਿਨ ਇਕ ਪਿੰਡ ਓਪਨ ਦੇ ਕਬੱਡੀ ਦੇ ਨਾਲ-ਨਾਲ ਲੜਕੀਆਂ ਦੇ ਓਪਨ ਮੁਕਾਬਲੇ
ਕਰਵਾਏ ਜਾਣਗੇ। ਪੰਜਾਬ ਦਾ ਇਹ ਇਕੋ ਇਕ ਟੂਰਨਾਮੈਂਟ ਹੈ ਜਿਥੇ ਲੜਕੀਆਂ ਦੇ ਖੁੱਲ੍ਹੇ
ਮੁਕਾਬਲੇ ਕਰਵਾਏ ਜਾਂਦੇ ਹਨ। ਦੂਸਰੇ ਦਿਨ ਚੋਟੀ ਦੀਆਂ ਅਕੈਡਮੀਆਂ ਦੇ ਕਬੱਡੀ ਮੁਕਾਬਲੇ
ਹੋਣਗੇ। ਦੋਨੋਂ ਦਿਨ ਚੋਟੀ ਦੇ ਪੰਜਾਬੀ ਗਾਇਕ ਦਰਸ਼ਕਾਂ ਦਾ ਮਨੋਰੰਜਨ ਕਰਨਗੇ।
ਟੂਰਨਾਮੈਂਟ ਦੌਰਾਨ ਭਾਰਤੀ ਮੁੱਕੇਬਾਜ਼ੀ ਟੀਮ ਦੇ ਕੋਚ ਸ: ਗੁਰਬਖਸ਼ ਸਿੰਘ ਸੰਧੂ ਤੇ
ਪਹਿਲੀ ਵਾਰ ਵੱਕਾਰੀ ਮੌਲਾਨਾ ਅਬੁਲ ਕਲਾਮ ਟਰਾਫ਼ੀ ਜਿੱਤਣ ਵਾਲੀ ਪੰਜਾਬੀ 'ਵਰਸਿਟੀ ਦੇ
ਖੇਡ ਨਿਰਦੇਸ਼ਕ ਡਾ: ਰਾਜ ਕੁਮਾਰ ਸ਼ਰਮਾ ਨੂੰ 'ਮਾਣ ਪੰਜਾਬ ਦਾ' ਐਵਾਰਡ ਨਾਲ ਸਨਮਾਨਿਤ
ਕੀਤਾ ਜਾਵੇਗਾ।
16ਵਾਂ ਫੁੱਟਬਾਲ
ਟੂਰਨਾਮੈਂਟ 26 ਤੋਂ
ਅੰਮ੍ਰਿਤਸਰ, 1 ਫਰਵਰੀ - 16ਵਾਂ ਫੁੱਟਬਾਲ
ਟੂਰਨਾਮੈਂਟ 26 ਫਰਵਰੀ ਤੋਂ ਜੰਗ ਫਾਰਮਰਜ਼ ਕਲੱਬ ਭੋਏਵਾਲ ਅਤੇ ਗ੍ਰਾਮ ਪੰਚਾਇਤ ਵੱਲੋਂ
ਕਰਵਾਇਆ ਜਾ ਰਿਹਾ ਹੈ। ਇਸ ਵਿਚ ਸ਼ਾਮਿਲ ਹੋਣ ਵਾਲੀਆਂ ਟੀਮਾਂ 25 ਫਰਵਰੀ ਤੱਕ ਆਪਣੀਆਂ
ਐਂਟਰੀਆਂ ਜਮ੍ਹਾਂ ਕਰਵਾ ਸਕਦੀਆਂ ਹਨ।
5ਵਾਂ ਕਬੱਡੀ ਕੱਪ
14 ਫਰਵਰੀ ਤੋਂ
ਜਲੰਧਰ, 1 ਫਰਵਰੀ - 5ਵਾਂ ਅੰਤਰਰਾਸ਼ਟਰੀ ਗੋਲਡ ਕਬੱਡੀ
ਕੱਪ 14 ਫਰਵਰੀ ਨੂੰ ਗੁਰੂ ਨਾਨਕ ਸਟੇਡੀਅਮ (ਕਪੂਰਥਲਾ) ਵਿਖੇ ਕਰਵਾਇਆ ਜਾ ਰਿਹਾ ਹੈ।
ਇਸ ਕਬੱਡੀ ਕੱਪ ਦੌਰਾਨ ਖਿਡਾਰੀਆਂ ਨੂੰ ਤਿੰਨ ਮੋਟਰ-ਸਾਈਕਲ ਦਿੱਤੇ ਜਾਣਗੇ। ਇਸ ਕਬੱਡੀ
ਕੱਪ 'ਚ ਖੇਡ ਪ੍ਰੇਮੀਆਂ ਦਾ ਮਨੋਰੰਜਨ ਪ੍ਰਸਿੱਧ ਅਭਿਨੇਤਾ ਤੇ ਗਾਇਕ ਬੱਬੂ ਮਾਨ ਕਰਨਗੇ।
ਪੰਜਾਬ ਗੋਲਡ ਕੱਪ
ਹਾਕੀ ਟੂਰਨਾਮੈਂਟ
ਚੰਡੀਗੜ੍ਹ, 31 ਜਨਵਰੀ - ਚਾਰ ਦੇਸ਼ਾਂ ਦਾ
ਅੰਤਰਰਾਸ਼ਟਰੀ ਗੋਲਡ ਕੱਪ ਹਾਕੀ ਟੂਰਨਾਮੈਂਟ ਚੰਡੀਗੜ੍ਹ ਦੇ ਹਾਕੀ ਸਟੇਡੀਅਮ ਸੈਕਟਰ 42
ਵਿਖੇ ਚੱਲ ਰਿਹਾ ਹੈ। ਇਸ ਦੇ ਉਦਘਾਟਨੀ ਮੈਚ ਵਿਚ ਭਾਰਤ ਨੇ ਨਿਊਜ਼ੀਲੈਂਡ ਨੂੰ 2-0
ਗੋਲਾਂ ਨਾਲ ਹਰਾਇਆ। ਮੈਚ ਵਿਚ ਭਾਰਤੀ ਟੀਮ ਦੇ ਕਪਤਾਨ ਸੰਦੀਪ ਸਿੰਘ ਨੂੰ 'ਮੈਨ ਆਫ਼
ਦਾ ਮੈਚ' ਐਲਾਨਿਆ ਗਿਆ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ
ਟਰਾਫ਼ੀ ਦੇ ਕੇ ਉਸ ਦਾ ਸਨਮਾਨ ਕੀਤਾ। ਸ: ਬਾਦਲ ਨੇ ਕਿਹਾ ਕਿ ਅੱਗੋਂ ਪੰਜਾਬ ਗੋਲਡ
ਕੱਪ ਹਾਕੀ ਟੂਰਨਾਮੈਂਟ ਲਈ ਵੀ ਸਨਮਾਨਯੋਗ ਇਨਾਮੀ ਰਾਸ਼ੀ ਰੱਖੀ ਜਾਵੇਗੀ ਅਤੇ ਕਬੱਡੀ
ਤੇ ਹਾਕੀ ਨੂੰ ਪ੍ਰਮੋਟ ਕਰਨ ਦਾ ਸਿਲਸਿਲਾ ਨਿਰੰਤਰ ਜਾਰੀ ਰਹੇਗਾ।
ਗੁਰੀ ਕੈਨੇਡਾ
ਯਾਦਗਾਰੀ ਕਬੱਡੀ ਕੱਪ
ਸੰਗਰੂਰ, 31 ਜਨਵਰੀ - ਗੁਰੀ ਕੈਨੇਡਾ ਯਾਦਗਾਰੀ
ਕਬੱਡੀ ਕੱਪ ਵਾਰ ਹੀਰੋਜ਼ ਸਟੇਡੀਅਮ ਵਿਚ ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ
ਕਰਵਾਇਆ ਗਿਆ। ਇਸ ਕਬੱਡੀ ਕੱਪ ਦੇ ਪਹਿਲੇ ਦਿਨ ਧੂਰੀ ਨੇ ਕਾਲਾਝਾੜ, ਝਨੇੜੀ ਨੇ ਨੰਗਲ,
ਸੀਤਲਪੁਰ ਨੇ ਦਿੜ੍ਹਬਾ ਬੀ, ਕਰੀਰ ਸਾਹਿਬ ਨੇ ਬਡਰੁੱਖਾਂ, ਢੰਡੋਰੀ ਖੁਰਦ ਨੇ ਪਮਾਲ,
ਦੋਧਰ ਨੇ ਬਿਜਲਪੁਰ, ਅੱਚਰਵਾਲ ਨੇ ਨਮੋਲ ਅਤੇ ਡਕਾਲਾ ਨੇ ਜਨਾਲ ਨੂੰ ਹਰਾਇਆ। ਇਸ ਮੌਕੇ
ਕਰਵਾਈ ਐਥਲੈਟਿਕ ਮੀਟ ਦੀ 1500 ਮੀਟਰ ਵਿਚ ਮਨਦੀਪ, ਤਰਲੋਚਨ ਅਤੇ ਰਮਨਦੀਪ ਕੁਮਾਰ,
5000 ਮੀਟਰ ਵਿਚ ਟਾਰਜਨ, ਲਖਵਿੰਦਰ ਅਤੇ ਗੁਰਜੀਤ ਅਤੇ 800 ਮੀਟਰ ਵਿਚ ਮਨਦੀਪ,
ਰਮਨਦੀਪ ਅਤੇ ਨੀਰਜ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਸਰੇ ਸਥਾਨ 'ਤੇ ਰਹੇ। ਕਬੱਡੀ
ਮੈਚਾਂ ਵਿਚ ਸੀਰਾ ਪਿੱਥੋਂ ਨੂੰ ਬੈਸਟ ਜਾਫੀ ਅਤੇ ਰਾਜੂ ਨੰਗਲ ਨੂੰ ਬੈਸਟ ਰੈਡਰ ਕਰਾਰ
ਦੇ ਕੇ ਕ੍ਰਮਵਾਰ 31000 ਅਤੇ 21000 ਰੁਪਏ ਨਾਲ ਸਨਮਾਨਿਤ ਕੀਤਾ ਗਿਆ। ਇਹ ਰਾਸ਼ੀ
ਕਲੱਬ ਵੱਲੋਂ ਸ੍ਰੀ ਓਹਰੀ ਨੇ ਖਿਡਾਰੀਆਂ ਨੂੰ ਦਿੱਤੀ। ਸ਼ਾਮ ਨੂੰ ਪੰਜਾਬ ਦੀ ਉੱਘੀ
ਲੋਕ ਗਾਇਕਾ ਤਾਨੀਆ ਗਿੱਲ ਅਤੇ ਪ੍ਰਸਿੱਧ ਗਾਇਕ ਜੋੜੀ ਹਾਕਮ ਬਖਤੜੀ ਵਾਲਾ ਅਤੇ ਦਲਜੀਤ
ਕੌਰ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ।
ਹਰਜੀਤ ਬਾਜਾਖਾਨਾ
ਅੰਤਰਰਾਸ਼ਟਰੀ ਕਬੱਡੀ ਮੇਲੇ 'ਤੇ ਵਿਸ਼ੇਸ਼
ਬਾਜਾਖਾਨਾ - ਕਬੱਡੀ ਖਿਡਾਰੀ ਸਵ. ਹਰਜੀਤ ਸਿੰਘ
ਬਰਾੜ ਦਾ ਜਨਮ 5 ਦਸੰਬਰ 1971 ਨੂੰ ਬਾਜਾਖਾਨਾ ਕਸਬੇ 'ਚ ਪੁਲਿਸ ਇੰਸਪੈਕਟਰ ਸ:
ਬਖਸ਼ੀਸ਼ ਸਿੰਘ ਬਰਾੜ ਦੇ ਘਰ ਮਾਤਾ ਸੁਰਜੀਤ ਕੌਰ ਦੀ ਕੁੱਖੋਂ ਹੋਇਆ। ਹਰਜੀਤ ਨੇ
ਬਾਜਾਖਾਨਾ ਦੇ ਸਰਕਾਰੀ ਸਕੂਲ 'ਚ ਮੁੱਢਲੀ ਸਿੱਖਿਆ ਹਾਸਲ ਕਰਦਿਆਂ ਮੱਖਣ ਸਿੰਘ ਡੀ.
ਪੀ. ਈ. ਤੋਂ ਕਬੱਡੀ ਦੇ ਗੁਰ ਸਿੱਖੇ। ਇਸ ਤੋਂ ਬਾਅਦ ਹਰਜੀਤ ਬਰਾੜ ਸਪੋਰਟਸ ਸਕੂਲ ਤੇ
ਕਾਲਜ ਜਲੰਧਰ ਚਲਾ ਗਿਆ, ਜਿੱਥੇ ਉਹ ਕੋਚ ਅਜੀਤ ਸਿੰਘ ਮਾਲੜੀ ਕੋਲੋਂ ਕਬੱਡੀ ਦੀਆਂ
ਬਾਰੀਕੀਆਂ ਸਿੱਖਣ ਲੱਗਾ। ਸੰਨ 1995 'ਚ ਉਹ ਕੈਨੇਡਾ ਵਿਖੇ ਖੇਡਣ ਚਲਾ ਗਿਆ। ਹਰਜੀਤ
ਦੀ ਖੇਡ ਨੂੰ ਦੇਖਦਿਆਂ ਸੰਨ 1998 'ਚ ਇੰਗਲੈਂਡ ਦੀ ਟੀਮ ਨੇ ਆਪਣੇ ਵੱਲੋਂ ਖਿਡਾਇਆ।
1996 'ਚ ਕੈਨੇਡਾ ਵਾਸੀ ਨਰਿੰਦਰ ਕੌਰ ਨੂੰ ਵਿਆਹਿਆ ਹਰਜੀਤ ਜਦੋਂ ਇਸ ਫਾਨੀ ਸੰਸਾਰ
ਨੂੰ ਅਲਵਿਦਾ ਆਖ ਗਿਆ ਤਾਂ ਉਸ ਵੇਲੇ ਉਸ ਦੀ ਨਵਜੰਮੀ ਬੇਟੀ ਮਹਿਜ਼ 25 ਕੁ ਦਿਨਾਂ ਦੀ
ਸੀ ਤੇ ਹਰਜੀਤ ਨੇ ਆਪਣੀ ਬੱਚੀ ਦਾ ਮੂੰਹ ਵੀ ਨਹੀਂ ਦੇਖਿਆ। ਹਰਜੀਤ ਬਰਾੜ ਨੇ ਆਪਣੀ
ਜ਼ਿੰਦਗੀ ਦਾ ਆਖਰੀ ਟੂਰਨਾਮੈਂਟ ਭਾਰਤ ਤੇ ਪਾਕਿਸਤਾਨ ਵਿਚਕਾਰ ਹੋਈ ਕਬੱਡੀ ਲੜੀ 'ਚ
ਖੇਡਿਆ ਸੀ। ਇਸ ਤੋਂ ਬਾਅਦ 16 ਅਪ੍ਰੈਲ ਨੂੰ ਮੋਰਿੰਡਾ ਨੇੜੇ ਸੜਕ ਹਾਦਸੇ'ਚ ਉਸਦੇ
ਬਾਕੀ ਤਿੰਨ ਸਾਥੀਆਂ ਸਮੇਤ ਜੱਗ ਤੋਂ ਤੁਰ ਜਾਣ 'ਤੇ ਕਬੱਡੀ ਜਗਤ ਨੂੰ ਨਾ ਪੂਰਾ ਹੋਣ
ਵਾਲਾ ਘਾਟਾ ਪਿਆ।
ਅੰਬੀ ਹਠੂਰ
ਅੰਤਰਰਾਸ਼ਟਰੀ ਕੈਨੇਡਾ ਕਬੱਡੀ ਕੱਪ 7 ਫਰਵਰੀ ਨੂੰ
ਹਠੂਰ, 31 ਜਨਵਰੀ - ਚੌਥਾ ਅੰਬੀ ਹਠੂਰ ਇੰਟਰਨੈਸ਼ਨਲ
ਕੈਨੇਡਾ ਕਬੱਡੀ ਕੱਪ 7 ਫਰਵਰੀ ਨੂੰ ਪਿੰਡ ਹਠੂਰ ਵਿਖੇ ਕਰਵਾਇਆ ਜਾ ਰਿਹਾ ਹੈ। ਇਹ
ਕਬੱਡੀ ਕੱਪ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਰਹੂਮ ਅੰਬੀ ਹਠੂਰ ਦੀ ਯਾਦ ਨੂੰ ਸਮਰਪਿਤ
ਹੈ। ਇਸ ਕਬੱਡੀ ਕੱਪ 'ਚ ਅੰਤਰਰਾਸ਼ਟਰੀ ਕਲੱਬਾਂ ਦੇ ਖਿਡਾਰੀਆਂ ਦੇ ਭੇੜ ਹੋਣਗੇ। ਕੱਪ
ਜੇਤੂ ਕਲੱਬ ਨੂੰ ਇਕ ਲੱਖ ਅਤੇ ਉਪ-ਜੇਤੂ ਨੂੰ 75 ਹਜ਼ਾਰ ਰੁਪਏ ਨਗਦ ਇਨਾਮ ਅਤੇ ਟਰਾਫੀ
ਨਾਲ ਸਨਮਾਨਿਤ ਕੀਤਾ ਜਾਵੇਗਾ।
10ਵਾਂ ਮੈਂਗਲ ਸਿੰਘ
ਯਾਦਗਾਰੀ ਆਲ ਇੰਡੀਆ ਵਾਲੀਬਾਲ ਟੂਰਨਾਮੈਂਟ 7 ਤੋਂ
ਜਲੰਧਰ, 31 ਜਨਵਰੀ - ਦਸਵਾਂ ਮੈਂਗਲ ਸਿੰਘ ਯਾਦਗਾਰੀ
ਆਲ ਇੰਡੀਆ ਇਨਵੀਟੇਸ਼ਨ ਵਾਲੀਬਾਲ (ਸਮੈਸਿੰਗ) ਟੂਰਨਾਮੈਂਟ 7-8 ਫਰਵਰੀ ਨੂੰ ਅਮਰਗੜ੍ਹ
ਵਿਖੇ ਕਰਵਾਇਆ ਜਾਵੇਗਾ। ਇਸ ਟੂਰਨਾਮੈਂਟ ਵਿਚ ਭਾਰਤ ਦੀਆਂ ਉਚਕੋਟੀ ਦੀਆਂ ਟੀਮਾਂ ਭਾਗ
ਲੈਣਗੀਆਂ। ਟੂਰਨਾਮੈਂਟ ਦੇ ਸ: ਦਲੇਲ ਸਿੰਘ (ਅਰਜੁਨ ਐਵਾਰਡੀ) ਖੇਡ ਨਿਰਦੇਸ਼ਕ
ਕੁਰੂਕਸ਼ੇਤਰ ਯੂਨੀਵਰਸਿਟੀ ਨੂੰ ਮੈਗਲ ਸਿੰਘ ਯਾਦਗਾਰੀ ਐਵਾਰਡ ਅਤੇ 'ਅਜੀਤ' ਦੇ ਖੇਡ
ਪ੍ਰਤੀਨਿਧ ਜਤਿੰਦਰ ਸਾਬੀ ਨੂੰ ਮਾਸਟਰ ਲਛਮਣ ਸਿੰਘ ਯਾਦਗਾਰੀ ਟਰਾਫ਼ੀ ਨਾਲ ਸਨਮਾਨਿਤ
ਕੀਤਾ ਜਾਵੇਗਾ।
ਚਾਰ ਦੇਸ਼ਾਂ ਦਾ
ਪੰਜਾਬ ਗੋਲਡ ਕੱਪ ਟੂਰਨਾਮੈਂਟ ਅੱਜ ਤੋਂ
ਚੰਡੀਗੜ੍ਹ, 30 ਜਨਵਰੀ - ਚਾਰ ਦੇਸ਼ਾਂ ਦਾ ਪੰਜਾਬ
ਗੋਲਡ ਕੱਪ ਟੂਰਨਾਮੈਂਟ 31 ਜਨਵਰੀ ਤੋਂ ਚੰਡੀਗੜ੍ਹ ਦੇ ਹਾਕੀ ਸਟੇਡੀਅਮ ਸੈਕਟਰ 42
ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿਚ ਪੰਜਾਬ ਦੇ ਉਪ ਮੁੱਖ ਮੰਤਰੀ ਸ:
ਸੁਖਬੀਰ ਸਿੰਘ ਬਾਦਲ ਟੂਰਨਾਮੈਂਟ ਦਾ ਰਸਮੀ ਉਦਘਾਟਨ ਕਰਨਗੇ। ਪੰਜਾਬ ਖੇਡ ਵਿਭਾਗ ਦੇ
ਨਿਰਦੇਸ਼ਕ ਪਦਮ ਸ੍ਰੀ ਪ੍ਰਗਟ ਸਿੰਘ ਦਾ ਕਹਿਣਾ ਹੈ ਕਿ ਚਾਰ ਦੇਸ਼ਾਂ 'ਤੇ ਆਧਾਰਿਤ ਇਸ
ਟੂਰਨਾਮੈਂਟ ਦੀ ਇਹ ਵਿਸ਼ੇਸ਼ਤਾ ਹੈ ਕਿ ਜਰਮਨ ਤੇ ਹਾਲੈਂਡ ਦੀਆਂ ਟੀਮਾਂ 30 ਸਾਲਾਂ ਤੋਂ
ਵੱਧ ਸਮੇਂ ਤੋਂ ਬਾਅਦ ਭਾਰਤ ਦੀ ਜ਼ਮੀਨ 'ਤੇ ਖੇਡ ਰਹੀਆਂ ਹਨ। ਚਾਰ ਦੇਸ਼ਾਂ ਦੇ ਪੰਜਾਬ
ਹਾਕੀ ਗੋਲਡ ਕੱਪ ਦਾ ਉਦਘਾਟਨ 31 ਜਨਵਰੀ ਨੂੰ ਸ਼ਾਮ 4.30 ਵਜੇ ਕੀਤਾ ਜਾਵੇਗਾ ਤੇ
ਉਦਘਾਟਨੀ ਮੈਚ ਭਾਰਤ ਤੇ ਨਿਊਜ਼ੀਲੈਂਡ 'ਚ 5 ਵਜੇ ਖੇਡਿਆ ਜਾਵੇਗਾ ਤੇ ਦੂਜਾ ਮੈਚ
ਹਾਲੈਂਡ ਤੇ ਜਰਮਨੀ 'ਚ ਸ਼ਾਮ 6.45 ਵਜੇ ਖੇਡਿਆ ਜਾਵੇਗਾ, 1 ਫਰਵਰੀ ਨੂੰ ਪਹਿਲਾ ਮੈਚ
ਨਿਊਜ਼ੀਲੈਂਡ ਬਨਾਮ ਜਰਮਨੀ 4.30 ਵਜੇ ਤੇ ਦੂਜਾ ਮੈਚ ਭਾਰਤ ਬਨਾਮ ਹਾਲੈਂਡ 6.30 ਵਜੇ
ਖੇਡਿਆ ਜਾਵੇਗਾ। 2 ਫਰਵਰੀ ਨੂੰ ਅਰਾਮ ਦਾ ਦਿਨ ਹੋਵੇਗਾ। 3 ਫਰਵਰੀ ਨੂੰ ਪਹਿਲਾ ਮੈਚ
ਹਾਲੈਂਡ ਬਨਾਮ ਨਿਊਜ਼ੀਲੈਂਡ 4.30 ਵਜੇ ਤੇ ਦੂਜਾ ਭਾਰਤ ਬਨਾਮ ਜਰਮਨੀ 6.30 ਵਜੇ
ਖੇਡਿਆ ਜਾਵੇਗਾ। 4 ਫਰਵਰੀ ਨੂੰ ਪਹਿਲਾ ਮੈਚ ਨਿਊਜ਼ੀਲੈਂਡ ਬਨਾਮ ਜਰਮਨੀ 4.30 ਵਜੇ ਤੇ
ਦੂਜਾ ਮੈਚ ਭਾਰਤ ਬਨਾਮ ਹਾਲੈਂਡ 6.30 ਵਜੇ ਖੇਡਿਆ ਜਾਵੇਗਾ। 5 ਫਰਵਰੀ ਨੂੰ ਅਰਾਮ ਦਾ
ਦਿਨ ਹੋਵੇਗਾ। 6 ਫਰਵਰੀ ਨੂੰ ਪਹਿਲਾ ਮੈਚ ਹਾਲੈਂਡ ਬਨਾਮ ਨਿਊਜ਼ੀਲੈਂਡ 4.30 ਵਜੇ ਤੇ
ਦੂਜਾ ਮੈਚ ਭਾਰਤ ਬਨਾਮ ਜਰਮਨੀ 6.30 ਵਜੇ ਖੇਡਿਆ ਜਾਵੇਗਾ। 7 ਫਰਵਰੀ ਨੂੰ ਪਹਿਲਾ
ਮੈਚ ਹਾਲੈਂਡ ਬਨਾਮ ਜਰਮਨੀ 4.30 ਵਜੇ ਤੇ ਦੂਜਾ ਭਾਰਤ ਬਨਾਮ ਨਿਊਜ਼ੀਲੈਂਡ 6.30 ਵਜੇ
ਖੇਡਿਆ ਜਾਵੇਗਾ। 8 ਫਰਵਰੀ ਨੂੰ ਆਰਾਮ ਦਾ ਦਿਨ ਹੋਵੇਗਾ ਤੇ 9 ਫਰਵਰੀ ਨੂੰ ਤੀਜੇ ਤੇ
ਚੌਥੇ ਸਥਾਨ ਲਈ 3.30 ਵਜੇ ਫਾਈਨਲ 6.00 ਵਜੇ ਖੇਡਿਆ ਜਾਵੇਗਾ।
17ਵਾਂ ਸੁੱਖੀ
ਯਾਦਗਾਰੀ ਕਬੱਡੀ ਖੇਡ
ਨਾਭਾ, 30 ਜਨਵਰੀ - 17ਵਾਂ ਸੁੱਖੀ ਯਾਦਗਾਰੀ ਕਬੱਡੀ
ਖੇਡ ਮੇਲਾ ਨਾਭਾ ਕਾਲਜ ਸਟੇਡੀਅਮ ਵਿਖੇ ਤਿੰਨ ਰੋਜ਼ਾ 6 ਤੋਂ 8 ਫਰਵਰੀ ਤੱਕ ਕਰਵਾਇਆ
ਜਾ ਰਿਹਾ ਹੈ। ਇਸ ਖੇਡ ਮੇਲੇ ਵਿਚ ਹਰ ਸਾਲ ਦੀ ਤਰ੍ਹਾਂ ਏਸ਼ੀਆ ਦੀਆਂ ਪ੍ਰਸਿੱਧ ਕਬੱਡੀ
ਟੀਮਾਂ ਭਾਗ ਲੈ ਰਹੀਆਂ ਹਨ। ਇਨ੍ਹਾਂ ਤੋਂ ਇਲਾਵਾ ਇੰਗਲੈਂਡ, ਕੈਨੇਡਾ, ਪਾਕਿਸਤਾਨ ਤੇ
ਸਿੰਘਾਪੁਰ ਤੋਂ ਵੀ ਟੀਮਾਂ ਆਉਣ ਦੀ ਆਸ ਹੈ। 6 ਫਰਵਰੀ ਨੂੰ 47, 57, 62 ਕਿਲੋ ਵਜ਼ਨ
ਦੇ ਮੁਕਾਬਲੇ ਕਰਵਾਏ ਜਾਣਗੇ। ਇਕ ਪਿੰਡ ਓਪਨ ਦੇ ਮੁਕਾਬਲੇ, ਕੁਸ਼ਤੀਆਂ ਅਤੇ ਵਾਲੀਬਾਲ
ਦੇ ਮੈਚ 7 ਫਰਵਰੀ ਨੂੰ ਸਵੇਰੇ ਹੀ ਸ਼ੁਰੂ ਹੋ ਜਾਣਗੇ। ਫਾਈਨਲ ਅਤੇ ਇਨਾਮਾਂ ਦੀ ਵੰਡ 8
ਫਰਵਰੀ ਨੂੰ ਸ੍ਰੀਮਤੀ ਪ੍ਰਨੀਤ ਕੌਰ ਸਾਂਸਦ ਪਟਿਆਲਾ ਕਰਨਗੇ। ਕਲੱਬ ਵੱਲੋਂ ਇਕ ਪਿੰਡ
ਓਪਨ ਕਬੱਡੀ ਦੀ ਜੇਤੂ ਟੀਮ ਨੂੰ ਬੰਪਰ ਇਨਾਮ 1 ਲੱਖ ਦਾ ਰੱਖਿਆ ਹੈ। ਦੂਜੇ/ਤੀਜੇ/ਚੌਥੇ
ਨੂੰ ਕ੍ਰਮਵਾਰ 75, 50, 25 ਹਜ਼ਾਰ ਰੁਪਏ ਦੇ ਵੱਡੇ ਇਨਾਮ ਸਮੇਤ 3 ਹਜ਼ਾਰ ਰੁਪਿਆ ਉਕਾ
ਪੁੱਕਾ ਕਿਰਾਇਆ ਦਿੱਤਾ ਜਾਵੇਗਾ। ਬਾਕੀ ਟੀਮਾਂ ਨੂੰ ਆਉਣ ਜਾਣ ਦਾ ਕਿਰਾਇਆ ਅਤੇ ਵਧੀਆ
ਇਨਾਮਾਂ ਨਾਲ ਸਨਮਾਨਿਆ ਜਾਵੇਗਾ। ਖਿਡਾਰੀਆਂ ਲਈ ਦੇਸੀ ਘੀ/ਦੁੱਧ ਦਾ ਖੁੱਲ੍ਹਾ ਲੰਗਰ
ਹੋਵੇਗਾ।
ਕਬੱਡੀ 'ਚ ਬਾਬਾ
ਦੀਪ ਸਿੰਘ ਅਕੈਡਮੀ ਨਾਰਵੇ ਦੀ ਝੰਡੀ
ਅਜੀਤਵਾਲ, 29 ਜਨਵਰੀ - 54ਵਾਂ ਚਾਰ ਦਿਨਾਂ ਖੇਡ
ਮੇਲਾ ਗਦਰੀ ਬਾਬਿਆਂ ਦੇ ਨਗਰ ਢੁੱਡੀਕੇ ਵਿਖੇ ਨਗਰ ਪੰਚਾਇਤ ਵੱਲੋਂ ਖੇਡ-ਮੇਲਾ ਕਮੇਟੀ,
ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਸਮੇਂ ਕਬੱਡੀ ਦੀਆਂ ਅੱਠ
ਵੱਡੀਆਂ ਅਕੈਡਮੀਆਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ । ਅਖੀਰ ਵਿਚ ਬਾਬਾ ਦੀਪ ਸਿੰਘ
ਕਲੱਬ ਨਾਰਵੇ ਦੇ ਚੋਬਰਾਂ ਨੇ ਦਸ਼ਮੇਸ਼ ਕਲੱਬ ਨਕੋਦਰ ਨੂੰ ਹਰਾ ਕੇ ਪਹਿਲਾ ਲੱਖ ਰੁਪਏ
ਦਾ ਇਨਾਮ ਅਤੇ ਸਨਮਾਨ ਹਾਸਲ ਕੀਤਾ। ਖੇਡ ਮੇਲੇ ਦੀ ਕੁਮੈਂਟਰੀ ਪ੍ਰਿੰਸੀਪਲ ਸਰਵਣ
ਸਿੰਘ ਖੇਡ ਲੇਖਕ ਨੇ ਵਧੀਆ ਢੰਗ ਨਾਲ ਕੀਤੀ।
ਕੌਮੀ ਫੁੱਟਬਾਲ ਲੀਗ
'ਚ ਜੇ. ਸੀ. ਟੀ. ਦਾ ਮੁਕਾਬਲਾ ਵਾਸਕੋ ਗੋਆ ਨਾਲ
ਲੁਧਿਆਣਾ 29 ਜਨਵਰੀ - 13ਵੀਂ ਓ. ਐਨ. ਜੀ. ਸੀ.
ਰਾਸ਼ਟਰੀ ਫੁੱਟਬਾਲ ਲੀਗ ਦੇ 13ਵੇਂ ਗੇੜ ਦਾ ਅਹਿਮ ਮੈਚ 31 ਜਨਵਰੀ ਨੂੰ ਦੁਪਹਿਰ 2 ਵਜੇ
ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਜੇ. ਸੀ. ਟੀ. ਫੁੱਟਬਾਲ ਕਲੱਬ ਫਗਵਾੜਾ ਦਾ
ਅਗਲਾ ਮੈਚ ਵਾਸਕੋ ਗੋਆ ਵਿਰੁੱਧ ਹੋਵੇਗਾ। ਇਹ ਫੁੱਟਬਾਲ ਲੀਗ ਭਾਰਤ ਦੇ ਵੱਖ-ਵੱਖ
ਸ਼ਹਿਰਾਂ ਵਿਚ ਚਲ ਰਹੀ ਹੈ। ਰਾਸ਼ਟਰੀ ਲੀਗ ਵਿਚ ਦੋਹਾਂ ਟੀਮਾਂ ਹੁਣ ਤੱਕ ਜੇ. ਸੀ. ਟੀ.
ਮਿੱਲਜ਼ ਫਗਵਾੜਾ 12 ਮੈਚਾਂ ਬਾਅਦ ਕੁੱਲ 15 ਅੰਕਾਂ ਨਾਲ 7ਵੇਂ ਸਥਾਨ 'ਤੇ ਚੱਲ ਰਹੀ
ਹੈ, ਜਦਕਿ ਵਾਸਕੋ ਗੋਆ ਅੱਠ ਅੰਕਾਂ ਨਾਲ 12ਵੇਂ ਸਥਾਨ 'ਤੇ ਚੱਲ ਰਹੀ ਹੈ।
ਝੋਰੜਾਂ ਨੇ ਭਿੰਡਰ
ਕਲਾਂ ਨੂੰ ਕੀਤਾ ਚਿੱਤ
ਜਗਰਾਓਂ, 29 ਜਨਵਰੀ - 62 ਵਾਂ ਆਲ ਇੰਡੀਆ ਕਲਗੀਧਰ
ਟੂਰਨਾਮੈਂਟ 28 ਤੋਂ 31 ਜਨਵਰੀ ਤੱਕ ਪਿੰਡ ਕਾਮਲ ਪੁਰਾ 'ਚ ਕਰਵਾਇਆ ਜਾ ਰਿਹਾ ਹੈ।
ਇਸ ਦੇ ਦੂਜੇ ਦਿਨ ਹਾਕੀ, ਕਬੱਡੀ, ਫੁੱਟਬਾਲ ਅਤੇ ਵਾਲੀਬਾਲ ਦੇ ਮੁਕਾਬਲੇ ਹੋਏ। ਇਨ੍ਹਾਂ
ਮੁਕਾਬਲਿਆਂ 'ਚ ਕਬੱਡੀ 57 ਕਿਲੋਗ੍ਰਾਮ ਦਾ ਫਾਈਨਲ ਝੋਰੜਾਂ ਨੇ ਭਿੰਡਰ ਕਲਾਂ ਨੂੰ ਹਰਾ
ਕੇ ਜਿੱਤਿਆ। ਹਾਕੀ 'ਚ ਸੰਗਰੂਰ ਅਕੈਡਮੀ ਨੇ ਜੱਸੋਵਾਲ, ਰੋਹਤਕ ਕਲੱਬ ਹਰਿਆਣਾ ਨੇ
ਛੱਜਾ ਵਾਲ, ਰੇਲਵੇ ਕੋਚ ਫੈਕਟਰੀ ਕਪੂਰਥਲਾ ਨੇ ਅਕਾਲ ਗੜ੍ਹ ਅਤੇ ਪੰਜਾਬ ਰਾਜ ਬਿਜਲੀ
ਬੋਰਡ ਦੀ ਟੀਮ ਨੇ ਘੋਲੀਆ ਅਤੇ ਢੁਡੀਕੇ ਨੇ ਸੰਸਾਰ ਪੁਰ ਨੂੰ ਹਰਾਇਆ। ਫੁੱਟਬਾਲ 'ਚ
ਬੱਡੂਵਾਲ ਨੇ ਲੰਮਿਆ, ਲਤਾਲਾ ਨੇ ਦਸਮੇਸ਼ ਕਲੱਬ ਕਮਾਲ ਪੁਰਾ, ਪਠਾਨਕੋਟ ਨੇ ਮਾਨਸਾ,
ਘੁਡਾਣੀ ਨੇ ਮਾਲਪੁਰ ਨੂੰ ਹਰਾਇਆ।
ਅੰਤਰ-ਰਾਸ਼ਟਰੀ ਹਾਕੀ
ਟੂਰਨਾਮੈਂਟ ਦਾ ਸਿੱਧਾ ਪ੍ਰਸਾਰਣ ਹੋਵੇਗਾ ਦੂਰਦਰਸ਼ਨ ਤੋਂ
ਅਜੀਤ ਨਗਰ, 29 ਜਨਵਰੀ - 31 ਜਨਵਰੀ ਤੋਂ ਚਾਰ ਦੇਸ਼ਾਂ
ਦੇ ਦਸ ਰੋਜ਼ਾ ਹਾਕੀ ਮੁਕਾਬਲੇ ਪੰਜਾਬ ਸਰਕਾਰ ਦੇ ਖੇਡ ਵਿਭਾਗ ਵਲੋਂ ਕਰਵਾਏ ਜਾ ਰਹੇ
ਹਨ। ਇਹ ਮੁਕਾਬਲੇ ਸੈਕਟਰ 42 ਦੇ ਹਾਕੀ ਸਟੇਡੀਅਮ ਵਿਖੇ ਸ਼ੁਰੂ ਹੋ ਰਹੇ ਹਨ। ਇਨ੍ਹਾਂ
ਵਿਚ ਨਿਊਜ਼ੀਲੈਂਡ, ਹਾਲੈਂਡ, ਸਪੇਨ ਅਤੇ ਮੇਜ਼ਬਾਨ ਭਾਰਤ ਦੀਆਂ ਹਾਕੀ ਟੀਮਾਂ ਦੇ
ਅੰਤਰਰਾਸ਼ਟਰੀ ਮੁਕਾਬਲਿਆਂ ਕਰਵਾਏ ਜਾਣਗੇ। ਇਸ ਦਾ ਸਿੱਧਾ ਪ੍ਰਸਾਰਨ ਦੂਰਦਰਸ਼ਨ ਕਰੇਗਾ।
ਨਿਊਜ਼ੀਲੈਂਡ ਦੇ ਹਾਕੀ ਟੀਮ ਸਮੇਤ ਵੱਖ-ਵੱਖ ਦੇਸ਼ਾਂ ਦੀਆਂ ਹਾਕੀ ਟੀਮਾਂ ਚੰਡੀਗੜ੍ਹ
ਵਿਖੇ ਪਹੁੰਚ ਰਹੀਆਂ ਹਨ। ਭਾਰਤ ਦੀ ਹਾਕੀ ਟੀਮ ਦੇ ਖਿਡਾਰੀ ਵੀ ਪਹੁੰਚ ਚੁੱਕੇ ਹਨ।
ਪੰਜਾਬ ਦੇ ਉਪ-ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਉਪਰਾਲਿਆਂ ਸਦਕਾ ਰਾਜ ਦੇ
ਖ਼ਾਸ ਕਰਕੇ ਪੇਂਡੂ ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਇਹ ਮੁਕਾਬਲੇ
ਦਿਖਾਉਣ ਦਾ ਫ਼ੈਸਲਾ ਕੀਤਾ ਹੈ। ਭਾਰਤੀ ਟੀਮ ਦਾ ਐਲਾਨ-ਚਾਰ ਦੇਸ਼ੀ ਟੂਰਨਾਮੈਂਟ ਲਈ
ਡਰੈਗ ਫਲਿਕਰ ਸੰਦੀਪ ਸਿੰਘ ਨੂੰ ਭਾਰਤੀ ਹਾਕੀ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਚੋਣ
ਕਮੇਟੀ ਦੇ ਚੇਅਰਮੈਨ ਉਲੰਪੀਅਨ ਅਜੀਤ ਪਾਲ ਸਿੰਘ ਨੇ ਹੋਏ ਚੋਣ ਟਰਾਇਲਾਂ ਤੋਂ ਬਾਅਦ
ਭਾਰਤੀ ਟੀਮ ਦਾ ਐਲਾਨ ਕੀਤਾ। ਟੀਮ ਦੇ ਮੈਂਬਰ ਬਲਜੀਤ ਸਿੰਘ ਤੇ ਐਡਰਿਨ ਡੀਸੂਜਾ (ਗੋਲ-ਕੀਪਰ),
ਦਲੀਪ ਟਿਰਕੀ, ਸੰਦੀਪ ਸਿੰਘ, ਰਘੂਨਾਥ (ਫੁੱਲ ਬੈਕ), ਗੁਰ ਬਾਜ਼ ਸਿੰਘ, ਵੀਐਸ ਵਿਨੇ,
ਵਿਕਰਮ ਪਿਲੇ, ਪ੍ਰਬੋਧ ਟਿਰਕੀ, ਇਗਨਿਸ ਟਿਰਕੀ (ਮਿਡਫੀਲਡਰ), ਦੀਪਕ ਠਾਕੁਰ,
ਪ੍ਰਭਜੋਤ ਸਿੰਘ, ਸ਼ਿਵੇਂਦਰ ਸਿੰਘ, ਰਾਜਪਾਲ ਸਿੰਘ, ਅਰਜੁਨ ਹਲੱਪਾ, ਤੁਸ਼ਾਰ ਖਾਂਡੇਕਰ,
ਐਸ ਵੀ ਸੁਨੀਲ, ਭਾਰਤ ਛੀਕਾਰਾ (ਫਾਰਵਰਡ), ਭਾਰਤ ਚੇਤਰੀ, ਅਜੀਤੇਸ਼ ਰਾਏ, ਸਰਦਾਰ
ਸਿੰਘ, ਸਵਰਨ ਜੀਤ ਸਿੰਘ, ਹਰੀ ਪ੍ਰਸਾਦ ਤੇ ਰਵੀ ਪਾਲ (ਰਾਖਵੇਂ)।
ਗੁਰੀ ਕੈਨੇਡਾ ਦੀ
ਯਾਦ 'ਚ ਕਬੱਡੀ ਕੱਪ 31 ਤੋਂ
ਸੰਗਰੂਰ, 29 ਜਨਵਰੀ - ਵਾਰ ਹੀਰੋਜ਼ ਸਟੇਡੀਅਮ
ਸੰਗਰੂਰ ਵਿਖੇ ਗੁਰੀ ਕੈਨੇਡਾ ਦੀ ਯਾਦ ਵਿਚ ਕਬੱਡੀ ਕੱਪ 31 ਜਨਵਰੀ ਤੇ 1 ਫਰਵਰੀ ਤੱਕ
ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਰਜਿ: ਵੱਲੋਂ ਕਰਵਾਇਆ ਜਾ ਰਿਹਾ ਹੈ। ਕੱਪ ਵਿਚ
ਅਕੈਡਮੀਆਂ 'ਚੋਂ ਪਹਿਲਾ ਇਨਾਮ ਇਕ ਲੱਖ ਅਤੇ ਦੂਸਰਾ ਪਝੱਤਰ ਹਜ਼ਾਰ ਰੁਪਏ ਹੋਣਗੇ। ਜਦੋਂ
ਕਿ ਇਕ ਪਿੰਡ ਓਪਨ ਜੇਤੂ ਟੀਮ ਲਈ ਪਹਿਲਾ ਇਨਾਮ ਇਕੱਤੀ ਹਜ਼ਾਰ ਅਤੇ ਦੂਸਰਾ ਇੱਕੀ ਹਜ਼ਾਰ
ਰੁਪਏ ਹੋਵੇਗਾ। ਬੱਬਲ ਕੈਨੇਡਾ ਨੇ ਦੱਸਿਆ ਕਿ ਕੱਪ 'ਤੇ ਲੋਕ ਗਾਇਕ ਬੀਬੀ ਰਣਜੀਤ ਕੌਰ
ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। 31 ਜਨਵਰੀ ਨੂੰ ਪੰਜਾਬੀ ਗਾਇਕ ਹਾਕਮ ਬਖ਼ਤੜੀਵਾਲਾ,
ਗਾਇਕਾ ਤਾਨੀਆ ਗਿੱਲ ਅਤੇ 1 ਫਰਵਰੀ ਨੂੰ ਲੋਕ ਗਾਇਕ ਕਮਲ ਹੀਰ ਆਪਣੀ ਕਲਾ ਦਾ ਮੁਜ਼ਾਹਰਾ
ਕਰਨਗੇ।
ਮਨਜੀਤ ਯਾਦਗਾਰੀ
ਫੁੱਟਬਾਲ ਟੂਰਨਾਮੈਂਟ 6 ਫਰਵਰੀ ਤੋਂ
ਕੋਟਫਤੂਹੀ, 29 ਜਨਵਰੀ - ਪਿੰਡ ਖੈਰੜ ਅੱਛਰਵਾਲ ਦੇ
ਖੇਡ ਮੈਦਾਨ ਵਿਚ 6 ਤੋਂ 10 ਫਰਵਰੀ ਤੱਕ ਫੁੱਟਬਾਲਰ ਮਨਜੀਤ ਸਿੰਘ ਯਾਦਗਾਰੀ ਫੁੱਟਬਾਲ
ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿਚ ਨਿਰੋਲ ਪਿੰਡਾਂ ਦੀਆਂ ਟੀਮਾਂ
ਦੇ ਮੁਕਾਬਲੇ ਕਰਵਾਏ ਜਾਣਗੇ। ਟੂਰਨਾਮੈਂਟ ਦੌਰਾਨ ਕੁੱਤਿਆਂ ਦੀਆਂ ਟਰੈਕ ਦੌੜਾਂ ਅਤੇ
ਬੈਲ ਗੱਡੀਆਂ ਦੀਆਂ ਦੌੜਾਂ ਵੀ ਕਰਵਾਈਆਂ ਜਾਣਗੀਆਂ।
47ਵਾਂ ਰਾਸ਼ਟਰੀ ਫੁੱਟਬਾਲ ਟੂਰਨਾਮੈਂਟ ਸ਼ੁਰੂ
ਮਾਹਿਲਪੁਰ, 28 ਜਨਵਰੀ - ਪ੍ਰਿੰਸੀਪਲ ਹਰਭਜਨ ਸਿੰਘ
ਰਾਸ਼ਟਰੀ ਫੁੱਟਬਾਲ ਟੂਰਨਾਮੈਂਟ ਮਾਹਿਲਪੁਰ ਦੇ ਖਾਲਸਾ ਕਾਲਜ ਵਿਚ ਸ਼ੁਰੂ ਹੋ ਗਿਆ ਹੈ।
ਇਸ ਰਾਸ਼ਟਰੀ ਫੁੱਟਬਾਲ ਟੂਰਨਾਮੈਂਟ ਨੂੰ ਪੰਜਾਬ ਵਿਚ ਫੁੱਟਬਾਲ ਦੇ ਮਹਾਂਕੁੰਭ ਵਜੋਂ
ਜਾਣਿਆ ਜਾਂਦਾ ਹੈ। ਜਿਸ ਦਾ ਉਦਘਾਟਨ ਮੁੱਖ ਸੰਸਦੀ ਸਕੱਤਰ ਪੰਜਾਬ ਸ: ਦੇਸ ਰਾਜ ਸਿੰਘ
ਧੁੱਗਾ ਨੇ ਕੀਤਾ। ਇਸ ਟੂਰਨਾਮੈਂਟ ਦੇ ਕਾਲਜ ਵਰਗ ਦੇ ਮੁਕਾਬਲੇ ਵਿਚ ਖਾਲਸਾ ਕਾਲਜ
ਮਾਹਿਲਪੁਰ ਦੇ ਖਿਡਾਰੀਆਂ ਨੇ ਡੀ. ਏ. ਵੀ. ਕਾਲਜ ਜਲੰਧਰ ਨੂੰ 4-0 ਗੋਲ ਦੇ ਫਰਕ ਨਾਲ
ਹਰਾਇਆ ਜਦੋਂ ਕਿ ਗੁਰੂ ਨਾਨਕ ਕਾਲਜ ਨਰੂਭ ਪਾਛਟਾ ਨੇ ਸਪੋਰਟਿੰਗ ਵਿੰਗ ਨੂੰ 1-0 ਗੋਲ
ਦੇ ਫਰਕ ਨਾਲ ਹਰਾਇਆ। ਤੀਜੇ ਮੈਚ ਵਿਚ ਖਾਲਸਾ ਕਾਲਜ ਗੜ੍ਹਸ਼ੰਕਰ ਨੇ ਲਾਇਲਪੁਰ ਖਾਲਸਾ
ਕਾਲਜ ਜਲੰਧਰ ਨੂੰ 3-2 ਨਾਲ ਅਤੇ ਗੁਰੂ ਨਾਨਕ ਕਾਲਜ ਫਗਵਾੜਾ ਨੇ ਦਲਵੀਰ ਅਕੈਡਮੀ
ਪਟਿਆਲਾ ਨੂੰ 2-0 ਗੋਲ ਦੇ ਫਰਕ ਨਾਲ ਹਰਾਇਆ।
ਭਾਰਤੀ ਮਹਿਲਾ ਕੁਸ਼ਤੀ
ਟੀਮ ਨੂੰ ਸੋਂਧੀ ਵੱਲੋਂ ਟਰੇਟਿੰਗ
ਪਟਿਆਲਾ, 28 ਜਨਵਰੀ - ਪਟਿਆਲਾ 'ਚ 26 ਮੈਂਬਰੀ
ਮਹਿਲਾ ਕੁਸ਼ਤੀ ਟੀਮ ਦਾ ਕੈਂਪ ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਵਿਖੇ
ਚੱਲ ਰਿਹਾ ਹੈ। ਬੀਜਿੰਗ ਉਲੰਪਿਕ 'ਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੀ ਭਾਰਤੀ
ਪੁਰਸ਼ ਕੁਸ਼ਤੀ ਟੀਮ ਦੇ ਮੁੱਖ ਕੋਚ ਸ੍ਰੀ ਪੀ. ਆਰ. ਸੋਂਧੀ ਨੂੰ ਹੁਣ ਕੌਮੀ ਮਹਿਲਾ
ਕੁਸ਼ਤੀ ਟੀਮ ਨੂੰ ਹੋਰ ਬੁਲੰਦੀਆਂ 'ਤੇ ਲੈ ਜਾਣ ਹਿਤ ਮੁੱਖ ਕੋਚ ਲਗਾਇਆ ਗਿਆ ਹੈ। ਇਹ
ਕੈਂਪ ਅਮਰੀਕਾ 'ਚ 5 ਤੋਂ 8 ਫਰਵਰੀ ਤੱਕ ਹੋਣ ਵਾਲੇ ਕੌਮਾਂਤਰੀ ਟੂਰਨਾਮੈਂਟਾਂ ਦੇ
ਸਬੰਧ 'ਚ ਲਗਾਇਆ ਜਾ ਰਿਹਾ ਹੈ। ਇਸ ਕੈਂਪ 'ਚ ਸ੍ਰੀ ਸੌਂਧੀ ਨਾਲ ਜਾਰਜੀਆ ਦੇ ਕੋਚ
ਡੋਬੋ, ਕੈਪਟਨ ਕਮਲ ਸੈਨ ਸਿੰਘ ਤੇ ਮੋਨਿਕਾ ਦੋਨੋਂ ਕੋਚ, ਪੈਰਵਿੰਕਲ ਕੌਰ
ਫਿਜ਼ੀਓਥਰੈਪਿਸਟ ਵੀ ਖਿਡਾਰਨਾਂ ਨੂੰ ਹਰੇਕ ਤਰ੍ਹਾਂ ਦੇ ਗੁਰ ਸਿਖਾ ਰਹੇ ਹਨ।
ਪਾਕਿਸਤਾਨ ਕ੍ਰਿਕਟ
ਬੋਰਡ ਦੇ ਡਾਇਰੈਕਟਰ ਮੀਆਂ ਦਾਦ ਨੇ ਦਿੱਤਾ ਅਸਤੀਫ਼ਾ
ਲਾਹੌਰ, 28 ਜਨਵਰੀ - ਦੋ ਮਹੀਨੇ ਪਹਿਲਾਂ ਹੀ
ਪਾਕਿਸਤਾਨ ਕ੍ਰਿਕਟ ਬੋਰਡ ਦੇ ਡਾਇਰੈਕਟਰ ਜਨਰਲ ਦੇ ਅਹੁਦੇ 'ਤੇ ਨਿਯੁਕਤ ਕੀਤੇ ਗਏ
ਮੀਆਂ ਦਾਦ ਬੋਰਡ 'ਚ ਆਪਣੀ ਭੂਮਿਕਾ ਨੂੰ ਲੈ ਕੇ ਕਾਫੀ ਨਾਰਾਜ਼ ਸਨ। ਉਨ੍ਹਾਂ ਦਾ ਕਹਿਣਾ
ਸੀ ਕਿ ਉਨ੍ਹਾਂ ਨੂੰ ਸੁਤੰਤਰ ਤੌਰ 'ਤੇ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਇਸ ਕਰਕੇ
ਉਨ੍ਹਾਂ ਨੇ ਇਸ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਤੋਂ ਪਹਿਲਾਂ ਤਿੰਨ ਵਾਰ
ਪਾਕਿਸਤਾਨੀ ਟੀਮ ਦੇ ਕੋਚ ਰਹਿ ਚੁੱਕੇ ਮੀਆਂ ਦਾਦ ਨੇ ਕਿਹਾ ਕਿ ਉਨ੍ਹਾਂ ਨੂੰ ਘਰੇਲੂ
ਪੱਧਰ 'ਤੇ ਸੀਮਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਉਹ ਬਤੌਰ ਡਾਇਰੈਕਟਰ ਜਨਰਲ
ਅੰਤਰਰਾਸ਼ਟਰੀ ਮਾਮਲਿਆਂ 'ਚ ਦਖ਼ਲ ਨਹੀਂ ਦੇ ਸਕਦਾ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ
ਆਪਣੇ ਕੰਮ 'ਚ ਕਿਸੇ ਤਰ੍ਹਾਂ ਦੀ ਦਖ਼ਲ-ਅੰਦਾਜ਼ੀ ਮਨਜ਼ੂਰ ਨਹੀਂ ਸੀ। ਇਹੀ ਕਾਰਨ ਹੈ ਕਿ
ਉਨ੍ਹਾਂ ਅਹੁਦਾ ਛੱਡਣ ਦਾ ਫ਼ੈਸਲਾ ਕੀਤਾ।
ਤਾਹਰਪੁਰ ਦੀ ਕਬੱਡੀ
ਟੀਮ ਦੀ ਬੱਲੇ ਬੱਲੇ
ਬਹਿਰਾਮ, 28 ਜਨਵਰੀ - ਪਿੰਡ ਤਾਹਰਪੁਰ-ਸਰਹਾਲ ਮੁੰਡੀ
ਦੀ ਸ਼ਹੀਦ ਊਧਮ ਸਿੰਘ ਯੂਥ ਐਂਡ ਵੈਲਫੇਅਰ ਕਲੱਬ ਵਲੋਂ ਕਬੱਡੀ ਖੇਡ ਮੇਲਾ ਕਰਵਾਇਆ ਗਿਆ।
ਜਿਸ ਵਿਚ ਤਾਹਰਪੁਰ ਦੀ ਓਪਨ ਕਬੱਡੀ ਟੀਮ ਨੇ ਢੰਡਵਾੜ ਦੀ ਟੀਮ ਨੂੰ ਹਰਾ ਕੇ ਟਰਾਫ਼ੀ
ਅਤੇ 51000/-ਰੁਪਏ 'ਤੇ ਕਬਜ਼ਾ ਕਰ ਲਿਆ ਜਦਕਿ ਢੰਡਵਾੜ ਟੀਮ ਨੂੰ 41 ਹਜ਼ਾਰ ਰੁਪਏ ਅਤੇ
ਟਰਾਫ਼ੀ ਨਾਲ ਸਬਰ ਕਰਨ ਪਿਆ। ਇਸ ਦੇ ਹੋਏ ਮੁਕਾਬਲਿਆਂ 'ਚ 42 ਕਿਲੋ ਭਾਰ ਵਰਗ ਵਿਚੋਂ
ਲਿੱਤਰਾਂ ਨੇ ਤਾਹਰਪੁਰ ਨੂੰ, 53 ਕਿਲੋ ਵਰਗ 'ਚ ਮੱਲ੍ਹਾ ਬੇਦੀਆਂ ਨੇ ਤਾਹਰਪੁਰ ਨੂੰ,
60 ਕਿਲੋ 'ਚ ਤਾਹਰਪੁਰ ਨੇ ਝਿੰਗੜਾਂ ਨੂੰ ਹਰਾ ਕੇ ਆਪਣੇ ਪਹਿਲੇ ਇਨਾਮ ਬਰਕਰਾਰ ਰੱਖੇ।
ਇਸ ਮੌਕੇ ਨਵਾਂਸ਼ਹਿਰ ਅਤੇ ਨਾਰਵੇ ਕਲੱਬ ਮੋਗਾ ਦੀਆਂ ਲੜਕੀਆਂ ਦੀਆਂ ਟੀਮਾਂ ਵਿਚਕਾਰ
ਸ਼ਾਨਦਾਰ ਮੁਕਾਬਲਾ ਹੋਇਆ ਜਿਸ ਵਿਚ ਨਾਰਵੇ ਕਲੱਬ ਮੋਗਾ ਨੇ ਬਾਜ਼ੀ ਮਾਰੀ। ਇਸ ਮੌਕੇ
ਅੰਤਰਰਾਸ਼ਟਰੀ ਕਬੱਡੀ ਖਿਡਾਰੀਆਂ ਕਿੰਦਾ ਬਿਹਾਰੀ ਪੁਰੀਆ, ਮੰਮੂਤਾਹਰਪੁਰ ਅਤੇ ਜੱਸੀ
ਲੇਹਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਅੰਤਰਰਾਸ਼ਟਰੀ ਕਬੱਡੀ
ਕੱਪ 'ਚ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਨਾਰਵੇ ਦੀ ਬੱਲੇ ਬੱਲੇ
ਦਿੜ੍ਹਬਾ ਮੰਡੀ, 27 ਜਨਵਰੀ - 36ਵਾਂ ਸ਼ਹੀਦ ਬਚਨ ਸਿੰਘ ਅੰਤਰਰਾਸ਼ਟਰੀ
ਯਾਦਗਾਰੀ ਕਬੱਡੀ ਕੱਪ ਸੋਸ਼ਲ ਯੂਥ ਸਪੋਰਟਸ ਕਲੱਬ ਦਿੜ੍ਹਬਾ ਵੱਲੋਂ ਕਰਵਾਇਆ ਗਿਆ।
ਕਬੱਡੀ ਕੱਪ ਦੇ ਅਖੀਰਲੇ ਦਿਨ ਸਟੇਡੀਅਮ ਵਿਚ ਸਵੇਰੇ 10 ਵਜੇ ਪਹਿਲਾ ਫਾਈਨਲ ਮੈਚ
ਦਿੜ੍ਹਬਾ ਬੀ. ਅਤੇ ਸਿੱਧ ਸਰ ਜਰਗੜੀ ਵਿਚ ਹੋਇਆ ਜਿਸ ਵਿਚ ਦਿੜ੍ਹਬਾ ਬੀ ਨੇ ਜਿੱਤ
ਹਾਸਲ ਕੀਤੀ। ਬਾਜ਼ੀ ਮਾਰੀ ਅਤੇ 31 ਹਜ਼ਾਰ ਦਾ ਨਕਦ ਇਨਾਮ ਜਿੱਤਿਆ ਜਦਕਿ ਸਿੱਧ ਸਰ
ਜਰਗੜੀ ਨੇ ਦੂਜਾ ਸਥਾਨ ਹਾਸਿਲ ਕਰਕੇ 25 ਹਜ਼ਾਰ ਦਾ ਨਕਦ ਇਨਾਮ ਜਿੱਤਿਆ। ਕਬੱਡੀ ਕੱਪ
ਵਿਚ ਪਹੁੰਚੀਆਂ 16 ਨਾਮਵਰ ਕਬੱਡੀ ਅਕੈਡਮੀਆਂ ਵਿਚੋਂ ਦਸਮੇਸ਼ ਕਬੱਡੀ ਕਲੱਬ ਨਕੋਦਰ ਅਤੇ
ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਨਾਰਵੇ ਫਾਈਨਲ ਵਿਚ ਪਹੁੰਚੀਆਂ। ਇਸ ਵਿਚ ਸ਼ਹੀਦ
ਬਾਬਾ ਦੀਪ ਸਿੰਘ ਕਬੱਡੀ ਕਲੱਬ ਨਾਰਵੇਂ ਨੇ ਪਹਿਲਾ ਸਥਾਨ ਹਾਸਲ ਕਰਕੇ ਇਕ ਲੱਖ ਇਕੱਤੀ
ਹਜ਼ਾਰ ਅਤੇ ਦਸਮੇਸ਼ ਕਬੱਡੀ ਕਲੱਬ ਨਕੋਦਰ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਇਕ ਲੱਖ ਰੁਪਏ
ਦਾ ਨਕਦ ਇਨਾਮ ਹਾਸਿਲ ਕੀਤਾ। ਇਸ ਕਬੱਡੀ ਕੱਪ ਦਾ ਪਹਿਲਾ ਇਨਾਮ ਇਕ ਲੱਖ ਇਕੱਤੀ ਹਜ਼ਾਰ
ਰੁਪਏ ਬੱਬਲ ਕੈਨੇਡਾ ਨੇ ਆਪਣੇ ਵੱਲੋਂ ਦਿੱਤਾ। ਇਸ ਮੌਕੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ
ਖ਼ੁਸ਼ ਦੀਪ ਦਿੜ੍ਹਬਾ ਨੂੰ ਕਰਨ ਘੁਮਾਣ ਕੈਨੇਡਾ ਨੇ ਮੋਟਰ-ਸਾਈਕਲ ਨਾਲ ਸਨਮਾਨਿਤ ਕੀਤਾ।
ਇਸ ਕਬੱਡੀ ਕੱਪ ਦਾ ਸਰਬੋਤਮ ਧਾਵੀ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਨਾਰਵੇ ਦੇ
ਖਿਡਾਰੀ ਗੱਗੂ ਰੁੜਕੀ ਨੂੰ ਐਲਾਨਿਆ ਗਿਆ ਜਦ ਕਿ ਸਰਬੋਤਮ ਜਾਫ਼ੀ ਦਸਮੇਸ਼ ਕਬੱਡੀ ਕਲੱਬ
ਨਕੋਦਰ ਦੇ ਖਿਡਾਰੀ ਕੁਲਜੀਤ ਮਲਸੀਆਂ ਨੂੰ ਐਲਾਨਿਆ ਗਿਆ। ਪੰਜਾਬ ਦੇ ਪ੍ਰਸਿੱਧ ਗਾਇਕ
ਗੁਰਦਾਸ ਮਾਨ ਨੇ ਆਪਣੇ ਗੀਤਾਂ ਰਾਹੀਂ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕੀਤਾ।
ਕਿੰਗਜ਼ ਇਲੈਵਨ
ਪੰਜਾਬ ਕ੍ਰਿਕਟ ਕੱਪ ਟੂਰਨਾਮੈਂਟ 28 ਜਨਵਰੀ ਤੋਂ
ਅਜੀਤ ਨਗਰ, 27 ਜਨਵਰੀ - ਪੰਜਾਬ ਕ੍ਰਿਕਟ ਸਟੇਡੀਅਮ
ਮੁਹਾਲੀ ਵਿਖੇ 28 ਜਨਵਰੀ ਤੋਂ 2 ਫਰਵਰੀ ਤੱਕ ਕਿੰਗਜ ਇਲੈਵਨ ਪੰਜਾਬ ਕ੍ਰਿਕਟ ਕੱਪ
ਕਰਵਾਇਆ ਜਾ ਰਿਹਾ ਹੈ। ਫਿਲਮੀ ਅਭਿਨੇਤਰੀ ਅਤੇ ਕਿੰਗਜ਼ ਇਲੈਵਨ ਪੰਜਾਬ ਦੀ ਮਾਲਕ
ਪ੍ਰਿਟੀ ਜ਼ਿੰਟਾ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿਚ ਪੰਜਾਬ , ਹਰਿਆਣਾ, ਜੰਮੂ-ਕਸ਼ਮੀਰ
ਅਤੇ ਹਿਮਾਚਲ ਪ੍ਰਦੇਸ਼ ਦੇ ਨੌਜਵਾਨ ਖਿਡਾਰੀ ਆਪਣੀ-ਆਪਣੀ ਟੀਮਾਂ ਵਿਚ ਭਾਗ ਲੈਣਗੇ।
ਉਨ੍ਹਾਂ ਦੱਸਿਆ ਕਿ ਇਸ ਟੂਰਨਾਮੈਂਟ ਵਿਚ ਪਹਿਲਾ ਸਥਾਨ ਹਾਸਿਲ ਕਰਨ ਵਾਲੇ ਨੂੰ 5 ਲੱਖ
ਰੁਪਏ ਅਤੇ ਦੂਜੇ ਸਥਾਨ 'ਤੇ ਰਹਿਣ ਵਾਲੇ ਨੂੰ 2 ਲੱਖ ਰੁਪਏ ਨਾਲ ਸਨਮਾਨਿਤ ਕੀਤਾ
ਜਾਵੇਗਾ। ਖਿਡਾਰੀਆਂ ਨੂੰ ਕਿੰਗਜ਼ ਇਲੈਵਨ ਪੰਜਾਬ ਟੀਮ ਵਿਚ ਚੁਣਿਆ ਜਾਵੇਗਾ, ਜਿਹੜੇ
ਅਪ੍ਰੈਲ 2009 ਵਿਚ ਹੋਣ ਵਾਲੇ ਆਈ. ਪੀ. ਐਲ. ਟੂਰਨਾਮੈਂਟ ਵਿਚ ਖੇਡਣਗੇ। ਆਈ. ਪੀ.
ਐਲ. ਟੂਰਨਾਮੈਂਟ ਲਈ ਕਿੰਗਜ਼ ਇਲੈਵਨ ਪੰਜਾਬ ਟੀਮ ਦੀ ਚੋਣ 16 ਤੇ 17 ਫਰਵਰੀ ਨੂੰ ਪੀ.
ਸੀ. ਏ. ਕ੍ਰਿਕਟ ਸਟੇਡੀਅਮ ਮੁਹਾਲੀ ਵਿਖੇ ਹੋਵੇਗੀ। 28 ਜਨਵਰੀ ਨੂੰ ਪੀ ਸੀ ਏ
ਕ੍ਰਿਕਟ ਸਟੇਡੀਅਮ ਵਿਖੇ ਪਹਿਲਾਂ ਮੈਚ ਪੀ. ਸੀ. ਏ. ਇਲੈਵਨ ਅਤੇ ਹਿਮਾਚਲ ਪ੍ਰਦੇਸ਼
ਦੀਆਂ ਟੀਮਾਂ ਵਿਚਕਾਰ 10 ਵਜੇ ਸ਼ੁਰੂ ਹੋਵੇਗਾ ਜਦੋਂ ਕਿ ਦੂਜਾ ਮੈਚ ਇਥੇ ਹੀ ਹਰਿਆਣਾ
ਤੇ ਜੰਮੂ-ਕਸ਼ਮੀਰ ਵਿਚਕਾਰ 1.30 ਵਜੇ ਸ਼ੁਰੂ ਹੋਵੇਗਾ। ਇਨ੍ਹਾਂ ਮੈਚਾਂ ਲਈ ਦਾਖ਼ਲਾ
ਮੁਫ਼ਤ ਹੋਵੇਗਾ।
ਜਾਂਗਪੁਰ ਕੇਸਾਧਾਰੀ
ਕਬੱਡੀ ਕੱਪ 'ਚ ਮਾਲਵਾ ਦੀ ਝੰਡੀ
ਮੁੱਲਾਂ ਪੁਰ ਦਾਖਾਂ, 27 ਜਨਵਰੀ - ਧੰਨ-ਧੰਨ ਬਾਬਾ
ਈਸ਼ਰ ਸਿੰਘ ਨਾਨਕ ਸਰ ਕਲੇਰਾਂ ਦੇ ਅਨਿਨ ਸੇਵਕ ਮਾਤਾ ਜੰਗੀਰ ਕੌਰ ਹੰਸਰਾ ਨੂੰ ਸਮਰਪਿਤ
ਪਿੰਡ ਜਾਂਗਪੁਰ ਅੰਤਰਰਾਸ਼ਟਰੀ ਆਲ ਓਪਨ ਸਿੱਖ ਕੇਸਾਧਾਰੀ ਕਬੱਡੀ ਕੱਪ ਕਰਵਾਇਆ ਗਿਆ।
ਪਹਿਲੇ ਸੈਮੀਫਾਈਨਲ ਮੁਕਾਬਲੇ ਵਿਚ ਮਾਲਵਾ ਕੇਸਾਧਾਰੀ ਕਬੱਡੀ ਅਕੈਡਮੀ ਨੇ 36-25 ਅੰਕਾਂ
ਦੇ ਫਰਕ ਨਾਲ ਕੇਸਾਧਾਰੀ ਕਬੱਡੀ ਅਕੈਡਮੀ ਚਮਕੌਰ ਸਾਹਿਬ ਨੂੰ ਹਰਾ ਕੇ ਫਾਈਨਲ ਵਿਚ
ਪ੍ਰਵੇਸ਼ ਕੀਤਾ। ਮਾਲਵੇ ਦੇ ਨਾਮੀ ਕਬੱਡੀ ਕੁਮੈਂਟੇਟਰ ਗੁਰਪ੍ਰੀਤ ਸਿੰਘ ਬੇਰ ਕਲਾਂ,
ਖੇਡ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਢੁੱਡੀਕੇ ਇਕੱਲੇ-ਇਕੱਲੇ ਜੱਫੇ-ਰੇਡ ਨੂੰ ਗਹੁ
ਨਾਲ ਨਾਪ ਰਹੇ ਸਨ। ਦੂਸਰੇ ਸੈਮੀਫਾਈਨਲ ਸੰਤ ਬਾਬਾ ਈਸ਼ਰ ਸਿੰਘ ਨਾਨਕ ਸਰ ਕਬੱਡੀ
ਅਕੈਡਮੀ ਆਲਮ ਵਾਲਾ ਮੋਗਾ ਟੀਮ ਅਤੇ ਕੇਸਾਧਾਰੀ ਦੁਆਬੀਆਂ ਦੀ ਟੀਮ ਦਾ ਆਰੰਭ ਸਾਬਕਾ
ਵਿਧਾਇਕ ਰਣਜੀਤ ਸਿੰਘ ਤਲਵੰਡੀ, ਬੀ. ਕੇ. ਯੂ. ਪ੍ਰਧਾਨ ਬਰਜਿੰਦਰ ਸਿੰਘ ਭੱਪਾ, ਪੰਚ
ਸਤਨਾਮ ਸਿੰਘ ਚੀਮਾ, ਪ੍ਰਿੰਸੀਪਲ ਟਹਿਲ ਸਿੰਘ, ਹਰਜਿੰਦਰ ਸਿੰਘ ਚੀਮਾ ਵੱਲੋਂ ਕਰਵਾਇਆ
ਗਿਆ। ਇਸ ਮੌਕੇ ਸਿੱਖ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਗੁਰਪਾਲ ਸਿੰਘ ਹੰਸਰਾ ਨੇ ਫੋਨ
'ਤੇ ਗੱਲਬਾਤ ਕਰਦੇ ਹੋਏ ਖੇਡ ਗਰਾਊਂਡ 'ਚ ਇਹ ਵੀ ਐਲਾਨ ਕੀਤਾ ਕਿ ਉਹ ਸਿੱਖ ਕਬੱਡੀ
ਖਿਡਾਰੀਆਂ ਅਤੇ ਪਾਕਿਸਤਾਨ ਦੇ ਕਬੱਡੀ ਖਿਡਾਰੀਆਂ ਵਿਚਕਾਰ ਜਲਦ ਹੀ ਮੁਕਾਬਲੇ
ਕਰਵਾਉਣਗੇ। ਇਸ ਮੈਚ 'ਚ 21-13 ਅੰਕਾਂ ਦੇ ਫਰਕ ਨਾਲ ਮਾਲਵਾ ਕੇਸਾਧਾਰੀ ਕਬੱਡੀ
ਅਕੈਡਮੀ ਨੇ ਜਿੱਤ ਪ੍ਰਾਪਤ ਕਰਕੇ ਵੱਕਾਰੀ 71 ਹਜ਼ਾਰ ਰੁਪਏ ਦਾ ਨਕਦ ਇਨਾਮ ਚੁੰਮਿਆ।
ਗੁਰਪਾਲ ਸਿੰਘ ਹੰਸਰਾ ਪ੍ਰਧਾਨ ਸਿੱਖ ਕਬੱਡੀ ਅਮਰੀਕਾ ਵੱਲੋਂ ਚੋਣਵੇਂ 8 ਕੇਸਾਧਾਰੀ
ਕਬੱਡੀ ਕੋਚ ਜਾਫੀ, ਧਾਵੀ ਗੋਲੂ ਝਾੜ ਸਾਹਿਬ, ਕੋਚ ਮਨਜਿੰਦਰ ਸਿੰਘ ਸੀਪਾ ਆਲਮ ਵਾਲਾ,
ਰੇਡਰ ਦੀਪ ਹਿੰਮਤ ਪੁਰ, ਜਾਫੀ ਤੁੰਨਾ ਚਮਿਆਰਾ, ਜਿੰਦਰ ਧਾਂਦੇਵਾਲ, ਰੇਡਰ ਸੁਰਜਨ
ਆਲਮ ਵਾਲਾ, ਜਾਫੀ ਬਿੱਟੂ ਠੀਕਰੀਵਾਲਾ, ਕੋਚ ਮਨਜੀਤ ਸਿੰਘ ਖੌਖਰ ਫੌਜੀਆਂ ਬਟਾਲਾ ਨੂੰ
ਸੋਨੇ ਦੀਆਂ ਮੁੰਦਰੀਆਂ ਭਾਈ ਦਲਜੀਤ ਸਿੰਘ ਬਿੱਟੂ ਪੰਚ ਪ੍ਰਧਾਨੀ ਪ੍ਰੀਜੀਡੀਅਮ,
ਜਸਵੀਰ ਸਿੰਘ ਖੰਡੂਰ, ਜਸਵਿੰਦਰ ਸਿੰਘ ਜੰਡੀ ਵੱਲੋਂ ਦਿੱਤੀਆਂ ਗਈਆਂ।
ਗੋਲਡ ਕਬੱਡੀ ਕੱਪ
'ਚ ਅੰਬੀ ਹਠੂਰ ਮੋਗਾ ਦੀ ਟੀਮ ਦੀ ਝੰਡੀ
ਬਾਘਾ ਪੁਰਾਣਾ, 24 ਜਨਵਰੀ - ਦੂਸਰਾ ਅੰਤਰਰਾਸ਼ਟਰੀ
ਗੋਲਡ ਕਬੱਡੀ ਕੱਪ ਬਾਬਾ ਗੁਰਮੇਲ ਸਿੰਘ ਯਾਦਗਾਰੀ ਖੇਡ ਸਟੇਡੀਅਮ ਬਾਘਾ ਪੁਰਾਣਾ ਵਿਖੇ
ਕਰਵਾਇਆ ਗਿਆ। ਇਸ ਗੋਲਡ ਕਬੱਡੀ ਕੱਪ 'ਚ 8 ਅਕੈਡਮੀਆਂ ਵਿਚੋਂ ਪਹਿਲਾ ਸਥਾਨ ਅੰਬੀ
ਹਠੂਰ ਮੋਗਾ ਮੱਖਣ ਬਰਾੜ ਡੀ. ਪੀ. ਚੜਿੱਕ ਦੀ ਟੀਮ ਨੇ ਤੇ ਦੂਸਰਾ ਇਨਾਮ ਪੱਤੋ ਹੀਰਾ
ਸਿੰਘ ਸਾਧੂ ਸਿੰਘ ਡੀ.ਪੀ. ਦੀ ਟੀਮ ਨੇ ਪ੍ਰਾਪਤ ਕੀਤਾ ਤੇ ਕ੍ਰਮਵਾਰ 1 ਲੱਖ ਰੁਪਏ
ਕਲੱਬ ਵੱਲੋਂ ਅਤੇ 81000 ਰੁਪਏ ਤੇ ਕੱਪ ਜਰਮਲ ਸਿੰਘ ਘੋਲੀਆ ਕੈਲਗਿਰੀ ਕੈਨੇਡਾ
ਪ੍ਰਧਾਨ ਯੂਥ ਅਕਾਲੀ ਦਲ ਵੱਲੋਂ ਪ੍ਰਾਪਤ ਕੀਤੇ। ਇਸ ਕਬੱਡੀ ਕੱਪ 'ਚ ਹੋਏ ਮੁਕਾਬਲਿਆਂ
ਦੌਰਾਨ ਕਬੱਡੀ ਓਪਨ ਵਿਚ ਪਹਿਲਾ ਸਥਾਨ ਸੈਦੋਕੇ, ਦੂਸਰਾ ਲੰਡੇ, ਕਬੱਡੀ 58 ਕਿੱਲੋ
ਪਹਿਲਾ ਬਾਘਾ ਪੁਰਾਣਾ ਏ, ਦੂਸਰਾ ਬਾਘਾ ਪੁਰਾਣਾ ਬੀ, ਕਬੱਡੀ 65 ਕਿੱਲੋ ਵਿਚ ਪਹਿਲਾ
ਇਨਾਮ ਕੰਡਿਆਲ, ਦੂਸਰਾ ਭਿੰਡਰ ਨੇ ਪ੍ਰਾਪਤ ਕੀਤਾ। ਦਸਤਾਰਬੰਦੀ ਮੁਕਾਬਲੇ ਵਿਚ ਛੋਟੇ
ਬੱਚੇ ਰੌਬਨਦੀਪ ਸਿੰਘ ਗਿੱਲ ਟਹਿਣਾ ਤੇ ਸਰਬਾਜ ਸਿੰਘ ਗਿੱਲ ਭੰਗਾਲੀਆ ਨੇ ਵਧੀਆ ਪੱਗ
ਬੰਨ੍ਹੀ।
ਸੰਤ ਮਹਿੰਦਰ ਸਿੰਘ
ਯਾਦਗਾਰੀ ਕਬੱਡੀ ਕੱਪ 27 ਜਨਵਰੀ ਤੋਂ
ਜੌੜੇਪੁਲ ਜਰਗ, 24 ਜਨਵਰੀ - ਸੰਤ ਮਹਿੰਦਰ ਸਿੰਘ
ਯਾਦਗਾਰੀ ਕਬੱਡੀ ਕੱਪ ਪਿੰਡ ਜਰਗ ਦੇ ਖੇਡ ਮੈਦਾਨ 'ਚ 27 ਤੋਂ 29 ਜਨਵਰੀ ਤੱਕ
ਕਰਵਾਇਆ ਜਾ ਰਿਹਾ ਹੈ। ਇਸ 'ਚ 27 ਜਨਵਰੀ ਨੂੰ ਕਬੱਡੀ 70 ਕਿਲੋ, ਬੈਲ ਗੱਡੀਆਂ ਦੀਆਂ
ਦੌੜਾਂ, 28 ਨੂੰ ਕਬੱਡੀ ਇਕ ਪਿੰਡ ਓਪਨ, 29 ਜਨਵਰੀ ਨੂੰ ਪੰਜਾਬ ਦੀਆਂ 8 ਚੋਟੀ ਦੀਆਂ
ਅਕੈਡਮੀਆਂ ਦੇ ਮੈਚ ਅਤੇ ਲੜਕੀਆਂ ਦੀ ਕਬੱਡੀ ਦੇ ਤਿੰਨ ਸ਼ੋਅ ਮੈਚ ਕਰਵਾਏ ਜਾਣਗੇ।
ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜਸਵੀਰ ਸਿੰਘ ਜੱਸੀ ਨੂੰ ਅਲਟੋ ਕਾਰ, ਮਰਹੂਮ ਗੀਤਕਾਰ
ਗੁਰਮੁਖ ਸਿੰਘ ਗਿੱਲ ਜੱਬੋਮਾਜਰਾ ਦੇ ਪਰਿਵਾਰ ਦਾ ਸਨਮਾਨ ਅਤੇ ਪੰਜਾਬੀਆਂ ਦੇ ਮਹਿਬੂਬ
ਗਾਇਕ ਗੁਰਕ੍ਰਿਪਾਲ ਸੂਰਾ ਪੁਰੀ ਦਾ ਸਨਮਾਨ ਕੀਤਾ ਜਾਵੇਗਾ। ਗੁ: ਯਾਦਗਾਰ ਸਾਹਿਬ ਜਰਗ
ਦੇ ਮੁਖੀ ਸੰਤ ਭੁਪਿੰਦਰ ਸਿੰਘ ਵੱਲੋਂ ਕੇਸਧਾਰੀ ਖਿਡਾਰੀਆਂ ਨੂੰ ਵਿਸ਼ੇਸ਼ ਤੌਰ 'ਤੇ
ਸਨਮਾਨਿਤ ਕੀਤਾ ਜਾਵੇਗਾ।
10ਵਾਂ ਸ੍ਰੀ ਗੁਰੂ
ਗੋਬਿੰਦ ਸਿੰਘ ਵਰਲਡ ਕਬੱਡੀ ਕੱਪ 27 ਨੂੰ
ਜਲੰਧਰ, 24 ਜਨਵਰੀ - 10ਵਾਂ ਸ੍ਰੀ ਗੁਰੂ ਗੋਬਿੰਦ
ਸਿੰਘ ਵਰਲਡ ਕਬੱਡੀ ਕੱਪ 27 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਵਿਖੇ
ਕਰਵਾਇਆ ਜਾ ਰਿਹਾ ਹੈ। ਇਹ ਕਬੱਡੀ ਕੱਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 300 ਸਾਲਾ
ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਹੈ। ਇਸ ਕਬੱਡੀ ਕੱਪ 'ਚ ਅਮਰੀਕਨ ਗੋਰੀਆਂ ਦਾ ਸ਼ੋਅ
ਮੈਚ ਮੁੱਖ ਆਕਰਸ਼ਣ ਦਾ ਕੇਂਦਰ ਹੋਵੇਗਾ। ਇਸ ਕਬੱਡੀ ਕੱਪ 'ਚ ਜੇਤੂ ਟੀਮ ਨੂੰ ਪਹਿਲਾ
ਇਨਾਮ ਇਕ ਲੱਖ ਪੰਜਾਹ ਹਜ਼ਾਰ ਰੁਪਏ ਸੁੱਖਾਂ ਸੂਸਾਂ ਵਾਲੇ ਅਤੇ ਦੂਜਾ ਇਨਾਮ ਇਕ ਲੱਖ
ਰੁਪਏ ਗੁਰਦੀਪ ਸਿੰਘ ਜਾਡਾਂ ਜਰਮਨ ਵੱਲੋਂ ਦਿੱਤਾ ਜਾਵੇਗਾ ਅਤੇ ਦਰਸ਼ਕਾਂ ਨੂੰ 10
ਮੋਟਰ ਸਾਈਕਲ ਇਨਾਮ ਵਿਚ ਲੱਕੀ ਡਰਾਅ ਰਾਹੀਂ ਦਿੱਤੇ ਜਾਣਗੇ। ਜੋ ਦਰਸ਼ਕਾਂ ਨੂੰ 12ਵਜੇ
ਤੋਂ ਪਹਿਲਾਂ ਮੁਫ਼ਤ ਦਿੱਤੇ ਜਾਣਗੇ। 10ਵੇਂ ਗੁਰੂ ਗੋਬਿੰਦ ਸਿੰਘ ਵਰਲਡ ਕਬੱਡੀ ਕੱਪ
'ਚ ਦਰਸ਼ਕਾਂ ਨੂੰ ਦਿੱਤੇ ਜਾਣਗੇ
ਮੱਲ੍ਹੇ ਦਾ ਖੇਡ
ਮੇਲਾ 27 ਤੋਂ
ਹਠੂਰ, 24 ਜਨਵਰੀ - ਬਾਬਾ ਜੋਗਿੰਦਰ ਸਿੰਘ ਮੱਲ੍ਹੇ
ਵਾਲਿਆਂ ਦੀ ਯਾਦ ਨੂੰ ਸਮਰਪਿਤ ਖੇਡ ਮੇਲਾ 27 ਤੋਂ 29 ਜਨਵਰੀ ਤੱਕ ਯੂਥ ਇੰਡੀਪੈਂਡੈਟ
ਸਪੋਰਟਸ ਐਂਡ ਵੈਲਫੇਅਰ ਕਲੱਬ ਮੱਲ੍ਹਾ ਵੱਲੋਂ ਗ੍ਰਾਮ ਪੰਚਾਇਤ ਪਿੰਡ ਵਾਸੀ ਅਤੇ
ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।
ਬਾਬਾ ਮਿੱਤ ਸਿੰਘ ਯਾਦਗਾਰੀ ਟੂਰਨਾਮੈਂਟ 'ਚ ਚੂਹੜ ਚੱਕ ਦੀ ਬੱਲੇ ਬੱਲੇ
ਚੌਂਕੀ ਮਾਨ, 24 ਜਨਵਰੀ - ਤਿੰਨ ਦਿਨਾਂ ਖੇਡ ਮੇਲਾ ਪਿੰਡ ਮੰਡੀਆਣੀ ਵਿਖੇ ਹਜ਼ੂਰ
ਸਾਹਿਬ ਦੇ ਸਾਬਕਾ ਸੇਵਾਦਾਰ ਬ੍ਰਹਮ ਗਿਆਨੀ ਬਾਬਾ ਮਿੱਤ ਸਿੰਘ ਨਿਹੰਗ ਦੀ ਯਾਦ 'ਚ
ਕਰਵਾਇਆ ਗਿਆ। ਇਸ 'ਚ ਕਬੱਡੀ 70 ਕਿਲੋ ਦਾ ਮੁਕਾਬਲਾ ਸੰਗਤ ਪੁਰਾ ਦੀ ਟੀਮ ਨੇ ਭਲੂਰ
ਦੀ ਟੀਮ ਨੂੰ ਹਰਾ ਕੇ ਜਿਤਿਆ। ਕਬੱਡੀ ਓਪਨ ਦੀਆਂ ਪਹਿਲੀਆਂ 4 ਟੀਮਾਂ ਨੂੰ ਇਨਾਮ
ਦਿੱਤੇ ਗਏ। ਕਬੱਡੀ ਓਪਨ ਦਾ ਪਹਿਲਾ ਇਨਾਮ 35000 ਰੁਪਏ ਚੂਹੜ ਚੱਕ, ਦੂਸਰਾ ਧੱਲੇਕੇ
ਨੂੰ 25 ਹਜ਼ਾਰ, ਇੰਦਰ ਗੜ੍ਹ ਨੂੰ 15 ਹਜ਼ਾਰ ਤੇ ਗਿੱਦੜਵਿੰਡੀ ਦੀ ਟੀਮ ਨੂੰ 7 ਹਜ਼ਾਰ
ਰੁਪਏ ਨਕਦ ਇਨਾਮ ਦੇ ਕੇ ਨਿਵਾਜਿਆ 'ਤੇ ਟਰਾਫੀਆਂ ਵੀ ਦਿੱਤੀਆਂ।
ਦੁਲੇਅ ਦੀਆਂ ਖੇਡਾਂ
27 ਤੋਂ
ਡੇਹਲੋਂ, 24 ਜਨਵਰੀ - ਗੁਰਦੁਆਰਾ ਫਲਾਹੀ ਸਾਹਿਬ
ਪਿੰਡ ਦੁਲੇਅ ਨੇੜੇ ਡੇਹਲੋਂ ਵਿਖੇ 27 ਤੋਂ 29 ਜਨਵਰੀ ਤੱਕ ਜਥੇ: ਸੰਤੋਖ ਸਿੰਘ
ਮ੍ਰਗਿੰਦ ਸਟੇਡੀਅਮ ਪੇਂਡੂ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਮੇਲੇ 'ਚ ਕਬੱਡੀ,
ਵਾਲੀਬਾਲ ਸ਼ੂਟਿੰਗ, ਬੱਚਿਆਂ ਦੀਆਂ ਦੌੜਾਂ, ਬਦਲਾਂ ਦੀਆਂ ਦੌੜਾਂ, ਘੋੜ ਸਵਾਰ ਦੌੜਾਂ,
ਫੁੱਟਬਾਲ ਅਤੇ ਜੂਨੀਅਰ ਹੈਂਡ ਬਾਲ ਦੇ ਦਿਲਕਸ਼ ਮੁਕਾਬਲੇ ਕਰਵਾਏ ਜਾਣਗੇ।
10ਵਾਂ ਫੁੱਟਬਾਲ
ਟੂਰਨਾਮੈਂਟ 28 ਤੋਂ
ਫਗਵਾੜਾ, 24 ਜਨਵਰੀ - 10ਵਾਂ ਸ਼ਾਨਦਾਰ ਫੁੱਟਬਾਲ
ਟੂਰਨਾਮੈਂਟ ਮਿਤੀ 28 ਤੋਂ ਜਨਵਰੀ ਤੱਕ ਫਗਵਾੜਾ ਤੋਂ ਥੋੜ੍ਹੀ ਦੂਰ ਪਿੰਡ ਨੰਗਲ ਮੱਝਾ
ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਦਾ ਉਦਘਾਟਨ ਸ: ਪ੍ਰਸ਼ੋਤਮ ਸਿੰਘ
ਸ਼ੇਰਗਿੱਲ 28 ਜਨਵਰੀ ਨੂੰ ਕਰਨਗੇ ਅਤੇ ਉਪਨ ਪਿੰਡ ਪੱਧਰ ਦੇ ਮੁਕਾਬਲੇ ਕਰਵਾਏ ਜਾਣਗੇ।
ਇਨਾਮ ਵੰਡ ਸਮਾਰੋਹ 30 ਜਨਵਰੀ ਨੂੰ ਸ਼ਾਮ 4 ਵਜੇ ਹੋਵੇਗਾ।
36ਵਾਂ ਸ਼ਹੀਦ ਬਚਨ
ਸਿੰਘ ਯਾਦਗਾਰੀ ਕਬੱਡੀ ਕੱਪ ਸ਼ੁਰੂ
ਦਿੜ੍ਹਬਾ ਮੰਡੀ, 23 ਜਨਵਰੀ - 36ਵਾਂ ਸ਼ਹੀਦ ਬਚਨ
ਸਿੰਘ ਯਾਦਗਾਰੀ ਅੰਤਰਰਾਸ਼ਟਰੀ ਕਬੱਡੀ ਕੱਪ ਦਿੜ੍ਹਬਾ ਦੇ ਸਟੇਡੀਅਮ ਵਿਖੇ ਕਰਵਾਇਆ ਜਾ
ਰਿਹਾ ਹੈ। ਇਸ ਕਬੱਡੀ ਕੱਪ ਦਾ ਉਦਘਾਟਨ 22 ਜਨਵਰੀ ਨੂੰ ਸਾਬਕਾ ਮੰਤਰੀ ਸ: ਬਲਦੇਵ
ਸਿੰਘ ਮਾਨ ਨੇ ਕੀਤਾ। ਕੱਪ ਦੇ ਪਹਿਲੇ ਦਿਨ ਇਕ ਪਿੰਡ ਓਪਨ ਦੇ ਫਸਵੇਂ ਮੁਕਾਬਲੇ ਹੋਏ
ਜਿਸ ਵਿਚ ਦਿੜ੍ਹਬਾ ਬੀ ਅਤੇ ਸਿਧਸਰ ਜਰਗੜੀ ਫਾਈਨਲ 'ਚ ਪੁੱਜੇ। ਕੱਪ ਦੇ ਵਿਚਕਾਰਲੇ
ਦਿਨ ਪੰਜਾਬ ਦੀਆਂ 16 ਮਾਨਵਰ ਕਬੱਡੀ ਅਕੈਡਮੀਆਂ ਵਿਚੋਂ ਸ਼ਹੀਦ ਬਚਨ ਸਿੰਘ ਦਿੜ੍ਹਬਾ,
ਬਾਬਾ ਲੋਧੀਆਣਾ ਪਰਸਰਾਮਪੁਰਾ ਕਲੱਬ, ਸ਼ਹੀਦ ਬਾਬਾ ਦੀਪ ਸਿੰਘ ਨਾਰਵੇਂ, ਡੀ.ਏ.ਵੀ.
ਸ਼ੇਰੋਂ ਪੰਜਾਬ ਕੈਲੀਫੋਰਨੀਆ, ਗੁਰੂ ਨਾਨਕ ਕਲੱਬ ਨਕੋਦਰ, ਦਸਮੇਸ਼ ਕਲੱਬ, ਅਲੰਕਾਰ ਟੋਨੀ
ਕੂਬੇ ਅਤੇ ਸ਼ਹੀਦ ਹਾਂਸਾ ਸਿੰਘ ਕਲੱਬ ਬੱਛੂਆਣਾ ਕਬੱਡੀ ਟੀਮਾਂ ਕੁਆਰਟਰ ਫਾਈਨਲ 'ਚ
ਪਹੁੰਚੀਆਂ। 23 ਜਨਵਰੀ ਨੂੰ ਸ਼ਾਮ 5 ਵਜੇ ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਆਪਣੇ
ਖੁੱਲ੍ਹੇ ਅਖਾੜੇ ਰਾਹੀਂ ਕੱਪ ਵਿਚ ਆਉਣਗੇ।
54ਵਾਂ ਲਾਲਾ ਲਾਜਪਤ
ਰਾਏ ਖੇਡ ਮੇਲਾ ਢੁੱਡੀਕੇ ਵਿਖੇ 25 ਤੋਂ
ਮੋਗਾ/ਅਜੀਤਵਾਲ, 23 ਜਨਵਰੀ - 54ਵਾਂ ਲਾਲਾ ਲਾਜਪਤ
ਰਾਏ ਖੇਡ ਮੇਲਾ 25 ਤੋਂ 28 ਜਨਵਰੀ ਤੱਕ ਸਰਕਾਰੀ ਕਾਲਜ ਦੇ ਖੇਡ ਸਟੇਡੀਅਮ ਵਿਖੇ
ਕਰਵਾਇਆ ਜਾ ਰਿਹਾ ਹੈ। 25 ਜਨਵਰੀ ਨੂੰ ਹਾਕੀ ਮੈਚਾਂ ਦਾ ਉਦਘਾਟਨ ਐਨ.ਆਰ.ਆਈ. ਜਗਜੀਤ
ਸਿੰਘ ਰਾਣਾ ਕਰਨਗੇ ਤੇ ਸਮਾਗਮ ਦੇ ਮੁੱਖ ਮਹਿਮਾਨ ਆਰ.ਐਸ. ਗਿੱਲ ਚੀਫ਼ ਇੰਜੀਨੀਅਰ ਮੰਡੀ
ਕਰਨ ਬੋਰਡ ਹੋਣਗੇ। 26 ਜਨਵਰੀ ਨੂੰ ਸਰਪੰਚ ਬਲਜਿੰਦਰ ਕੌਰ ਢੁੱਡੀਕੇ ਝੰਡਾ ਲਹਿਰਾਉਣਗੇ
ਅਤੇ ਜਨਰਲ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਉਤਰੀ ਜ਼ੋਨ ਸਕੂਲੀ ਬੱਚਿਆਂ ਨੂੰ ਇਨਾਮਾਂ ਦੀ
ਵੰਡ ਕਰਨਗੇ। ਇਸ ਮੌਕੇ ਇਕ ਲੱਖ ਰੁਪਏ ਦਾ ਚੈੱਕ ਮੇਲਾ ਕਮੇਟੀ ਨੂੰ ਪੰਜਾਬ ਨੈਸ਼ਨਲ
ਬੈਂਕ ਵੱਲੋਂ ਭੇਟ ਕੀਤਾ ਜਾਵੇਗਾ। 27 ਜਨਵਰੀ ਨੂੰ ਹਾਕੀ ਦੀਆਂ ਟੀਮਾਂ ਤੇ ਨਾਲ ਹੀ
ਕਬੱਡੀ ਓਪਨ ਪਿੰਡ ਵਾਰ ਦੇ ਮੁਕਾਬਲੇ ਕਰਵਾਏ ਜਾਣਗੇ। ਜਗਜੀਤ ਸਿੰਘ ਰਾਣਾ ਵੱਲੋਂ ਆਪਣੇ
ਭਰਾਤਾ ਦੀ ਯਾਦ ਵਿਚ ਤਿੰਨ ਫੁੱਟ ਦਾ ਗੋਲਡ ਕੱਪ ਰਨਿੰਗ ਟਰਾਫ਼ੀ ਦੇ ਤੌਰ 'ਤੇ ਸ਼ੁਰੂ
ਕੀਤਾ ਜਾਵੇਗਾ। 28 ਜਨਵਰੀ ਨੂੰ ਪੰਜਾਬ ਦੀਆਂ ਨਾਮਵਰ ਕਬੱਡੀ ਅਕੈਡਮੀਆਂ ਦੇ ਮੈਚ
ਹੋਣਗੇ। ਜੇਤੂ ਟੀਮ ਇਕ ਲੱਖ ਤੇ ਉਪ ਜੇਤੂ ਨੂੰ 75000 ਰੁਪਏ ਦਾ ਇਨਾਮ ਦਿੱਤਾ ਜਾਵੇਗਾ
ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਲਾਲਾ ਜੀ ਦਾ ਕੈਲੰਡਰ ਜਾਰੀ ਕੀਤਾ ਜਾਵੇਗਾ ਜੋ
ਐਨ. ਆਰ. ਆਈ. ਵੀਰਾਂ ਨੂੰ ਸਮਰਪਿਤ ਹੋਵੇਗਾ।
ਕੋਟਦੁੰਨਾਂ ਦਾ
8ਵਾਂ ਖੇਡ ਮੇਲਾ 26 ਤੋਂ
ਧਨੌਲਾ, 23 ਜਨਵਰੀ - 8ਵਾਂ ਸ਼ਾਨਦਾਰ ਖੇਡ ਮੇਲਾ 26
ਤੋਂ 28 ਜਨਵਰੀ ਨੂੰ ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਦੁੰਨਾਂ ਵਿਖੇ ਬਾਬਾ
ਸਿੱਧ ਸਪੋਰਟਸ ਕਲੱਬ ਰਜਿ: ਕੋਟਦੁੰਨਾਂ ਅਤੇ ਕੋਠੇ ਵਾਹਿਗੁਰੂ ਪੁਰਾ ਵੱਲੋਂ ਕਰਵਾਇਆ
ਜਾ ਰਿਹਾ ਹੈ। ਇਸ ਟੂਰਨਾਮੈਂਟ ਦਾ ਉਦਘਾਟਨ ਬਾਬਾ ਕਿਸ਼ਨ ਦਾਸ ਅਤੇ ਬਾਬਾ ਸਰਵਨ ਦਾਸ
ਵੱਲੋਂ ਕੀਤਾ ਜਾਵੇਗਾ। ਇਨਾਮ ਵੰਡ ਸਮਾਰੋਹ ਮੌਕੇ ਕੈਬਨਿਟ ਮੰਤਰੀ ਸ: ਪਰਮਿੰਦਰ ਸਿੰਘ
ਢੀਂਡਸਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਮੇਲੇ ਦੌਰਾਨ ਫੁਟਬਾਲ ਅਤੇ ਕਬੱਡੀ ਦੇ
ਮੁਕਾਬਲੇ ਕਰਵਾਏ ਜਾਣਗੇ ਅਤੇ ਜੇਤੂਆਂ ਨੂੰ ਸਵਾ ਲੱਖ ਰੁਪਏ ਦੇ ਕਰੀਬ ਨਕਦ ਇਨਾਮ
ਦਿੱਤੇ ਜਾਣਗੇ।
ਸਾਈ ਕੋਚ ਚੰਗੀ
ਮਿਹਨਤ ਕਰਨ
ਕੋਲਕਾਤਾ, 23 ਜਨਵਰੀ - ਕੇਂਦਰੀ ਖੇਡ ਮੰਤਰੀ ਸ.
ਮਨੋਹਰ ਸਿੰਘ ਗਿਲ ਨੇ ਸਪੋਰਟਸ ਅਥਾਰਟੀ ਆਫ਼ ਇੰਡੀਆ (ਸਾਈ) ਦੇ ਕੋਚਾਂ ਨੂੰ ਕਿਹਾ ਕਿ
ਦੇਸ਼ ਦੇ ਖਿਡਾਰੀਆਂ ਵੱਲੋਂ ਵਧੀਆ ਨਤੀਜੇ ਨਾ ਦਿੱਤੇ ਜਾਣ 'ਤੇ ਉਨ੍ਹਾਂ ਨੂੰ ਹੀ
ਜ਼ਿੰਮੇਵਾਰ ਠਹਿਰਾਇਆ ਜਾਵੇਗਾ। ਨਵੇਂ ਖਿਡਾਰੀਆਂ ਨੂੰ ਸਿਖਲਾਈ 'ਚ ਕੋਚਾਂ ਵੱਲੋਂ
ਅਪਣਾਇਆ ਜਾਂਦਾ ਢਿੱਲ-ਮੱਠ ਵਾਲਾ ਵਤੀਰਾ ਸਹਿਣ ਨਹੀਂ ਕੀਤਾ ਜਾਵੇਗਾ ਅਤੇ ਉਨ੍ਹਾਂ ਦੇ
ਮੰਤਰਾਲੇ ਵੱਲੋਂ ਪੇਂਡੂ ਖੇਤਰਾਂ 'ਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਜਾਰੀ ਤਿਆਰੀ
ਦੌਰਾਨ ਕੋਚਾਂ ਨੂੰ ਕਿਤੇ ਵੀ ਭੇਜਿਆ ਜਾ ਸਕਦਾ ਹੈ ਇਸ ਲਈ ਉਨ੍ਹਾਂ ਨੂੰ ਹਰ ਤਰ੍ਹਾਂ
ਨਾਲ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਾਈ ਦੇ ਬੰਗਲੌਰ, ਪਟਿਆਲਾ
ਅਤੇ ਕੋਲਕਾਤਾ ਵਿਖੇ ਜਾਰੀ ਕੇਂਦਰਾਂ 'ਚ ਕੋਚਾਂ ਦੀ ਭਰਤੀ ਤੋਂ ਇਲਾਵਾ ਸਿਖਲਾਈ ਲੈਣ
ਵਾਲੇ ਖਿਡਾਰੀਆਂ ਲਈ ਹੋਰ ਵੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਸ. ਗਿੱਲ ਨੇ
ਸਾਈ ਦੇ ਕੇਂਦਰ ਵਿਖੇ ਇਕ ਤਰਨਤਾਲ ਦਾ ਉਦਘਾਟਨ ਵੀ ਕੀਤਾ।
ਜਰਖੜ ਖੇਡਾਂ 2009
ਵਾਲੀਬਾਲ ਵਿਚ ਪੰਜਾਬ ਪੁਲਿਸ, ਹੈਂਡ ਬਾਲ ਤੇ ਬਾਸਕਟਬਾਲ ਲੁਧਿਆਣਾ ਦੀਆਂ ਟੀਮਾਂ ਦੀ
ਬੱਲੇ ਬੱਲੇ
ਲੁਧਿਆਣਾ 22 ਜਨਵਰੀ - ਪੰਜਾਬ ਰੂਰਲ ਸਪੋਰਟਸ
ਪ੍ਰਮੋਸ਼ਨ ਕੌਂਸਲ ਦੀ ਸਰਪ੍ਰਸਤੀ ਹੇਠ ਪਿੰਡ ਜਰਖੜ ਦੇ ਮਾਤਾ ਸਾਹਿਬ ਕੌਰ ਖੇਡ
ਸਟੇਡੀਅਮ 'ਚ ਮਾਡਰਨ ਪੇਂਡੂ ਮਿੰਨੀ ਪੰਜਾਬ ਉਲੰਪਿਕ ਖੇਡਾਂ ਕਰਵਾਈਆਂ ਜਾ ਰਹੀਆਂ ਹਨ।
ਇਸ ਦੇ ਦੂਸਰੇ ਦਿਨ ਵੱਖ ਵੱਖ ਪੰਜ ਖੇਡਾਂ ਵਿਚ ਫਾਈਨਲ ਮੁਕਾਬਲੇ ਹੋਏ। ਉਨ੍ਹਾਂ ਵਿਚ
ਵਾਲੀਬਾਲ ਮੁੰਡਿਆਂ ਵਿਚ ਪੰਜਾਬ ਪੁਲਿਸ ਤੇ ਹੈਂਡ ਬਾਲ ਮੁੰਡਿਆਂ ਤੇ ਕੁੜੀਆਂ ਵਿਚ
ਲੁਧਿਆਣਾ ਅਤੇ ਬਾਸਕਟਬਾਲ ਕੁੜੀਆਂ ਵਿਚ ਲੁਧਿਆਣਾ ਦੀਆਂ ਟੀਮਾਂ ਚੈਂਪੀਅਨ ਬਣੀਆਂ।
ਬਾਸਕਟਬਾਲ ਕੁੜੀਆਂ ਵਿਚ ਲੁਧਿਆਣਾ ਨੇ ਜਲੰਧਰ ਨੂੰ ਹਰਾ ਕੇ ਬੀਬੀ ਸੁਰਜੀਤ ਕੌਰ
ਯਾਦਗਾਰੀ ਟਰਾਫ਼ੀ 'ਤੇ ਕਬਜ਼ਾ ਕੀਤਾ, ਜਦਕਿ ਹੈਂਡ ਬਾਲ ਲੜਕੀਆਂ ਦੇ ਫਾਈਨਲ ਵਿਚ
ਲੁਧਿਆਣਾ ਨੇ ਰੋਪੜ ਨੂੰ 22-15 ਨਾਲ, ਹੈਂਡ ਬਾਲ ਮੁੰਡਿਆਂ ਵਿਚ ਲੁਧਿਆਣਾ ਨੇ ਪਟਿਆਲਾ
27-19 ਨਾਲ ਹਰਾ ਕੇ ਖ਼ਿਤਾਬੀ ਜਿੱਤ ਹਾਸਲ ਕੀਤੀ। ਹਾਕੀ ਮੁੰਡਿਆਂ ਦੇ ਵਰਗ ਵਿਚ ਜਰਖੜ
ਅਕੈਡਮੀ ਨੇ ਬਹਾਦਰਗੜ੍ਹ ਨੂੰ 2-0, ਸਿੰਧ ਬੈਂਕ ਅਕੈਡਮੀ ਨੇ ਸੰਗਰੂਰ ਅਕੈਡਮੀ ਨੂੰ
3-0 ਨਾਲ, ਚੰਡੀਗੜ੍ਹ ਅਕੈਡਮੀ ਨੇ ਕਿਲ੍ਹਾ ਰਾਏਪੁਰ ਅਕੈਡਮੀ ਨੂੰ 5-0 ਨਾਲ, ਹਰਿਆਣਾ
ਇਲੈਵਨ ਨੇ ਜਗਤਾਰ ਇਲੈਵਨ ਨੂੰ 5-0 ਨਾਲ ਹਰਾ ਕੇ ਸੈਮੀਫਾਈਨਲ ਵਿਚ ਜਗ੍ਹਾ ਪੱਕੀ ਕੀਤੀ।
ਹਾਕੀ ਲੜਕੀਆਂ ਵਿਚ ਹਰਿਆਣਾ ਨੇ ਚੰਡੀਗੜ੍ਹ ਨੂੰ 3-0, ਡੀ. ਏ. ਵੀ. ਅੰਮ੍ਰਿਤਸਰ ਨੇ
ਲੁਧਿਆਣਾ ਨੂੰ 2-0 ਨਾਲ ਹਰਾਇਆ। ਕਬੱਡੀ ਇਕ ਪਿੰਡ ਓਪਨ ਵਿਚ ਲੋਹ ਗੜ੍ਹ ਨੇ ਲਸਾਰਾ
ਨੂੰ 21-20 ਨਾਲ ਹਰਾ ਕੇ ਕਬੱਡੀ ਕੱਪ ਤੇ ਕਬਜ਼ਾ ਕੀਤਾ। ਖੇਡਾਂ ਦੇ ਫਾਈਨਲ ਸਮਾਰੋਹ
'ਤੇ ਕਨੇਡਾ ਦੇ ਮੀਡੀਆ ਦੇ ਚਰਚਿਤ ਪੱਤਰਕਾਰ ਹਰਜਿੰਦਰ ਸਿੰਘ ਥਿੰਦ ਅਤੇ ਸਤਿੰਦਰ ਪਾਲ
ਸਿੰਘ ਸਿਧਵਾਂ ਉਚੇਚੇ ਤੌਰ 'ਤੇ ਪੁੱਜਣਗੇ। 23 ਜਨਵਰੀ ਨੂੰ ਹਰਭਜਨ ਮਾਨ, ਭਗਵੰਤ ਮਾਨ
ਅਤੇ ਮੰਨਾ ਢਿੱਲੋਂ ਦਾ ਖੁੱਲ੍ਹਾ ਅਖਾੜਾ ਲੱਗੇਗਾ, ਉਥੇ ਕਬੱਡੀ ਆਲ ਓਪਨ, ਹਾਕੀ,
ਬਾਸਕਟਬਾਲ ਦੇ ਫਾਈਨਲ ਮੁਕਾਬਲੇ ਵੇਖਣ ਨੂੰ ਮਿਲਣਗੇ। ਇਸ ਤੋਂ ਇਲਾਵਾ ਖੇਡ ਜਗਤ ਦੀਆਂ
ਉੱਘੀਆਂ ਸ਼ਖਸੀਅਤਾਂ ਪ੍ਰਿੰ. ਸਰਵਣ ਸਿੰਘ ਢੁੱਡੀਕੇ, ਸਰਦਾਰਾ ਸਿੰਘ ਨਾਮਧਾਰੀ ਤੇ
ਜਸਜੀਤ ਕੌਰ ਦਾ ਇਸ ਮੌਕੇ ਵਿਸ਼ੇਸ਼ 'ਤੇ ਵਿਸ਼ੇਸ਼ ਸਨਮਾਨ ਹੋਵੇਗਾ। ਜਰਖੜ ਖੇਡਾਂ ਦੇ
ਫਾਈਨਲ ਮੁਕਾਬਲਿਆਂ ਅਤੇ ਹਰਭਜਨ ਮਾਨ ਦੇ ਖੁੱਲ੍ਹੇ ਅਖਾੜੇ ਦਾ ਸਿੱਧਾ ਪ੍ਰਸਾਰਣ ਫਾਸਟ
ਵੇਅ ਟੀ. ਵੀ. ਚੈਨਲ ਵਲੋਂ ਕੀਤਾ ਜਾਵੇਗਾ।
ਜਰਖੜ ਖੇਡਾਂ 'ਤੇ
ਸਨਮਾਨਿਤ ਹੋਣ ਵਾਲੀ ਸਖਸ਼ੀਅਤਾਂ
ਪੰਜਾਬ ਦੀਆਂ ਪੇਂਡੂ ਖੇਡਾਂ ਵਿਚ ਮਾਡਰਨ ਮਿੰਨੀ ਉਲੰਪਿਕ ਖੇਡਾਂ
ਦਾ ਦਰਜਾ ਹਾਸਿਲ ਕਰਨ ਵਾਲੀਆਂ ਜਰਖੜ ਖੇਡਾਂ ਦੀ ਵੱਡੀ ਖਾਸੀਅਤ ਜਿਥੇ ਇਹ ਹੈ ਕਿ
ਕੌਮਾਂਤਰੀ ਪੱਧਰ ਦੀਆਂ ਖੇਡਾਂ ਨੂੰ ਹੀ ਹਰ ਪੱਖੋਂ ਤਰਜੀਹ ਦਿੱਤੀ ਜਾਂਦੀ ਹੈ, ਉਥੇ
ਹਰ ਵਰ੍ਹੇ 5 ਪ੍ਰਮੁੱਖ ਖੇਡ ਐਵਾਰਡ ਜੋ ਦੇਸ਼ ਦੀਆਂ ਉਘੀਆਂ ਖੇਡ ਸ਼ਖਸੀਅਤਾਂ ਨੂੰ ਦਿੱਤੇ
ਜਾਂਦੇ ਹਨ, ਉਹ ਖੇਡਾਂ ਦਾ ਮੁੱਖ ਆਕਰਸ਼ਨ ਹੁੰਦੇ ਹਨ। ਹਰ ਵਰ੍ਹੇ ਖੇਡਾਂ ਦੇ ਫਾਈਨਲ
ਸਮਾਗਮ 'ਤੇ ਇਹ ਐਵਾਰਡ ਸਨਮਾਨਿਤ ਹੋਣ ਵਾਲੀਆਂ ਸਖਸ਼ੀਅਤਾਂ ਨੂੰ ਖੁੱਲ੍ਹੀਆਂ ਜੀਪਾਂ
'ਚ ਦਰਸ਼ਕਾਂ ਦੇ ਰੁਬਰੂ ਕੀਤਾ ਜਾਂਦਾ ਹੈ ਅਤੇ ਫਿਰ ਉਨ੍ਹਾਂ ਦੀਆਂ ਪ੍ਰਾਪਤੀਆਂ ਦਾ
ਜ਼ਿਕਰ ਕਰਕੇ ਨਕਦ ਰਾਸ਼ੀ ਤੇ ਯਾਦਗਾਰੀ ਐਵਾਰਡਾਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਇਸ
ਵਾਰ ਪੰਜਾਬ ਰੂਰਲ ਸਪੋਰਟਸ ਪ੍ਰਮੋਸ਼ਨ ਕੌਂਸਿਲ ਦੀ ਸਰਪ੍ਰਸਤੀ ਹੇਠ ਮਾਤਾ ਸਾਹਿਬ ਕੌਰ
ਸਪੋਰਟਸ ਕਲੱਬ ਵਲੋਂ ਜਰਖੜ ਖੇਡਾਂ ਦੇ ਆਖਰੀ ਦਿਨ ਉਲੰਪੀਅਨ ਸੁਰਜੀਤ ਸਿੰਘ ਰੰਧਾਵਾ
ਐਵਾਰਡ ਹਾਕੀ ਸਟਾਰ ਸਰਦਾਰਾ ਸਿੰਘ, ਉਲੰਪੀਅਨ ਪ੍ਰਿਥੀਪਾਲ ਸਿੰਘ ਐਵਾਰਡ ਹਾਕੀ ਸਟਾਰ
ਜਸਜੀਤ ਕੌਰ ਰੇਲਵੇ, ਅਮਰਜੀਤ ਗਰੇਵਾਲ ਪ੍ਰਮੋਟਰ ਆਫ ਸਪੋਰਟਸ ਐਵਾਰਡ ਪ੍ਰਿੰ. ਸਰਵਣ
ਸਿੰਘ ਢੁੱਡੀਕੇ , ਪੰਜਾਬ ਦਾ ਸਭਿਆਚਾਰ ਦਾ ਮਾਣ ਐਵਾਰਡ ਲੋਕ ਗਾਇਕ ਅਤੇ ਉਘੇ ਫਿਲਮੀ
ਅਦਾਕਾਰ ਹਰਭਜਨ ਮਾਨ ਅਤੇ ਕਾਮੇਡੀ ਦੇ ਕਿੰਗ ਭਗਵੰਤ ਮਾਨ ਨੂੰ ਦਿੱਤਾ ਜਾਵੇਗਾ।
ਹਾਕੀ ਸਟਾਰ, ਸਰਦਾਰਾ
ਸਿੰਘ ਨਾਮਧਾਰੀ

ਸਰਦਾਰਾ ਸਿੰਘ ਨਾਮਧਾਰੀ ਨੇ ਆਪਣੇ ਭਰਾ ਅੰਤਰ ਰਾਸ਼ਟਰੀ ਖਿਡਾਰੀ
ਦੀਦਾਰ ਸਿੰਘ ਤੋਂ ਪ੍ਰੇਰਣਾ ਲੈ ਕੇ ਪਿਤਾ ਗੁਰਨਾਮ ਸਿੰਘ ਦੀ ਛੱਤਰ ਛਾਇਆ ਹੇਠ ਸੰਤ
ਨਗਰ (ਹਰਿਆਣਾ) ਤੋਂ ਹਾਕੀ ਦਾ ਸਫਰ ਸ਼ੁਰੂ ਕੀਤਾ। ਨਾਮਧਾਰੀ ਹਾਕੀ ਇਲੈਵਨ ਅਕੈਡਮੀ
ਵਿਚ ਖੇਡਦਿਆਂ ਕੋਚ ਹਰਮਿੰਦਰਪਾਲ ਸਿੰਘ ਤੋਂ ਹਾਕੀ ਦੇ ਦਾਅ-ਪੇਚ ਸਿੱਖ ਕੇ ਨਾ ਸਿਰਫ
ਆਪਣੇ ਵਧੀਆ ਹਾਕੀ ਹੁਨਰ ਸਦਕਾ ਆਪਣੀ ਪਹਿਚਾਣ ਦੁਨੀਆ ਵਿਚ ਬਣਾਈ। ਸੈਂਟਰ ਆਫ ਦੀ
ਸਾਈਡ 'ਤੇ ਖੇਡਦਿਆਂ ਸਰਦਾਰਾ ਸਿੰਘ ਨੇ ਕਈ ਅੰਤਰ ਰਾਸ਼ਟਰੀ ਮੈਚਾਂ ਵਿਚ ਵਿਸ਼ਵ ਜੇਤੂ
ਕਪਤਾਨ ਅਜੀਤਪਾਲ ਸਿੰਘ ਦੀ ਖੇਡ ਦੀ ਯਾਦ ਨੂੰ ਤਾਜ਼ਾ ਕਰਵਾਇਆ। ਪਿਛਲੇ ਸਾਲ ਸੁਲਤਾਨ
ਅਜਨਾਲ ਸ਼ਾਹ ਹਾਕੀ ਕੱਪ ਵਿਚ ਸਰਦਾਰਾ ਸਿੰਘ ਨੂੰ ਛੋਟੀ ਉਮਰੇ ਕਪਤਾਨੀ ਕਰਨ ਦਾ ਮਾਣ
ਮਿਲਿਆ ਅਤੇ ਉਸ ਦੀ ਕਪਤਾਨੀ ਹੇਠ ਭਾਰਤ ਨੇ 13 ਸਾਲ ਦੇ ਵਕਫੇ ਤੋਂ ਬਾਅਦ ਚਾਂਦੀ ਦਾ
ਤਗਮਾ ਜਿੱਤਿਆ। ਉਸ ਦੀਆਂ ਪ੍ਰਾਪਤੀਆਂ ਨੂੰ ਵੇਖਦਿਆਂ ਪਹਿਲਾਂ ਇੰਡੀਅਨ ਆਇਲ ਨੇ
ਸੀਨੀਅਰ ਅਧਿਕਾਰੀ ਦੀ ਨੌਕਰੀ, ਫਿਰ ਹਰਿਆਣਾ ਸਰਕਾਰ ਨੇ ਡੀ. ਐਸ. ਪੀ. ਦੇ ਅਹੁਦੇ
'ਤੇ ਬਿਰਾਜਮਾਨ ਕੀਤਾ। ਅੰਤਰ ਰਾਸ਼ਟਰੀ ਪੱਧਰ 'ਤੇ ਉਸ ਦੀਆਂ ਹਾਕੀ ਪ੍ਰਾਪਤੀਆਂ ਨੂੰ
ਵੇਖਦਿਆਂ 23ਵੀਆਂ ਜਰਖੜ ਖੇਡਾਂ ਵਿਚ ਉਸ ਨੂੰ ਉਲੰਪੀਅਨ ਸੁਰਜੀਤ ਸਿੰਘ ਰੰਧਾਵਾ
ਐਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ।
ਭਾਰਤੀ ਹਾਕੀ ਸਟਾਰ,
ਜਸਜੀਤ ਕੌਰ

ਸ਼ਾਹਬਾਦ ਮਾਰਕੰਡਾ ਹਾਕੀ ਸੈਂਟਰ ਦੀ ਉਪਜ ਅਤੇ ਸਭ ਤੋਂ ਘੱਟ
ਉਮਰੇ ਹੀ ਅੰਤਰ ਰਾਸ਼ਟਰੀ ਹਾਕੀ ਖੇਡ ਵਿਚ ਆਪਣੀ ਪਹਿਚਾਣ ਸਦਕਾ ਜਸਜੀਤ ਕੌਰ ਦਾ ਨਾਮ
ਕਿਸੇ ਪਛਾਣ ਦਾ ਮੁਥਾਜ ਨਹੀਂ। 2004 ਏਸ਼ੀਆ ਕੱਪ ਦੇ ਫਾਈਨਲ ਵਿਚ ਜਪਾਨ ਵਿਰੁੱਧ ਕੀਤੇ
ਗੋਲ ਸਦਕਾ ਜਸਜੀਤ ਦੁਨੀਆ ਦੀ ਸਟਾਰ ਬਣੀ। ਕੋਚ ਬਲਦੇਵ ਸਿੰਘ ਸ਼ਾਹਬਾਦ ਮਾਰਕੰਡਾ ਦੀ
ਟ੍ਰੇਨੀ ਜਸਜੀਤ ਕੌਰ ਨੇ 14 ਸਾਲ ਦੀ ਉਮਰ ਵਿਚ ਭਾਰਤੀ ਹਾਕੀ ਦੀ ਨੁਮਾਇੰਦਗੀ ਕਰਨ ਦਾ
ਮਾਣ ਹਾਸਲ ਕੀਤਾ। ਭਾਰਤ ਵਲੋਂ ਖੇਡਦਿਆਂ ਜਸਜੀਤ ਕੌਰ ਨੇ ਕਾਮਨਵੈਲਥ ਖੇਡਾਂ, ਐਫਰੋ
ਏਸ਼ੀਅਨ ਖੇਡਾਂ ਅਤੇ ਏਸ਼ੀਆ ਕੱਪ ਨਵੀਂ ਦਿੱਲੀ ਵਿਚ ਸੋਨ ਤਗਮੇ ਜਿੱਤਦਿਆਂ ਕਈ ਹੋਰ
ਵੱਡੀਆਂ ਪ੍ਰਾਪਤੀਆਂ ਕੀਤੀਆਂ। ਉਸ ਦੀਆਂ ਪ੍ਰਾਪਤੀਆਂ ਨੂੰ ਵੇਖਦਿਆਂ ਜਰਖੜ ਖੇਡਾਂ
'ਤੇ ਉਲੰਪੀਅਨ ਪ੍ਰਿਥੀਪਾਲ ਸਿੰਘ ਐਵਾਰਡ ਨਾਲ 23 ਜਨਵਰੀ ਨੂੰ ਸਨਮਾਨਿਆ ਜਾ ਰਿਹਾ
ਹੈ।
ਖੇਡ ਲਿਖਤਾਂ ਦੇ
ਉਲੰਪੀਅਨ ਪ੍ਰਿੰਸੀਪਲ ਸਰਵਣ ਸਿੰਘ ਢੁੱਡੀਕੇ

ਪ੍ਰਿੰ. ਸਰਵਣ ਸਿੰਘ ਢੁੱਡੀਕੇ ਨੇ ਪੰਜਾਬੀ ਜ਼ੁਬਾਨ ਵਿਚ ਖੇਡਾਂ
ਬਾਰੇ ਲਿਖਣ ਸਦਕਾ ਜਿਥੇ ਪੰਜਾਬ ਦੀਆਂ ਖੇਡਾਂ ਦਾ ਇਤਿਹਾਸ ਸਾਂਭਿਆ ਹੈ, ਉਥੇ ਉਨ੍ਹਾਂ
ਦੀ ਲਿਖਤਾਂ ਪੜ੍ਹ ਕੇ ਬਹੁਤ ਸਾਰੇ ਖੇਡ ਲੇਖਕ ਵੀ ਬਣੇ। ਪਿੰਡ ਚੱਕਰ ਤੋਂ ਜ਼ਿੰਦਗੀ ਦਾ
ਸਫਰ ਸ਼ੁਰੂ ਕਰਕੇ ਨਵੀਂ ਦਿੱਲੀ, ਪੰਜਾਬ ਦੇ ਕਈ ਸਕੂਲਾਂ ਕਾਲਜਾਂ ਵਿਚ ਬਤੌਰ ਅਧਿਆਪਕ
ਪੜ੍ਹਾਉਂਦਿਆਂ ਅਤੇ ਖਿਡਾਰੀਆਂ ਦੀਆਂ ਗੱਲਾਂ ਕਰਦਿਆਂ ਪੰਜਾਬ ਦੇ ਖੇਡ ਇਤਿਹਾਸ ਨੂੰ
ਲਿਖਦਿਆਂ, ਸੰਭਾਲਦਿਆਂ ਪੰਜਾਬੀਆਂ ਦੀਆਂ ਚਹੇਤੀਆਂ ਖੇਡਾਂ ਦੀ ਕਵਰੇਜ਼ ਨੂੰ ਅੰਤਰ
ਰਾਸ਼ਟਰੀ ਪੱਧਰ 'ਤੇ ਪਹੁੰਚਾਇਆ। ਮਾਂ ਬੋਲੀ ਪੰਜਾਬੀ ਨੂੰ ਆਪਣੀਆਂ ਲਿਖਤਾਂ ਰਾਹੀਂ
ਹੋਰ ਅਮੀਰ ਬਣਾਉਣ ਦੇ ਨਾਲ ਨਾਲ ਖੇਡਾਂ ਨੂੰ ਇਕ ਵਧੀਆ ਮੁਕਾਮ ਦੇਣ ਲਈ ਹਰ ਪੰਜਾਬੀ
ਆਪ ਨੂੰ ਖੇਡ ਲਿਖਤਾਂ ਦੇ ਉਲੰਪੀਅਨ ਵਜੋਂ ਸਨਮਾਨਦਾ ਹੈ। ਪ੍ਰਿੰ. ਸਰਵਣ ਸਿੰਘ ਦੀਆਂ
ਖੇਡ ਜਗਤ ਪ੍ਰਤੀ ਪ੍ਰਾਪਤੀਆਂ ਨੂੰ ਵੇਖਦਿਆਂ ਜਰਖੜ ਖੇਡਾਂ 'ਤੇ ਖੇਡ ਪ੍ਰਮੋਟਰ
ਅਮਰਜੀਤ ਗਰੇਵਾਲ ਐਵਾਰਡ ਨਾਲ ਸਨਮਾਨਿਆ ਜਾ ਰਿਹਾ ਹੈ।
ਹਰਮਨ ਪਿਆਰੇ ਲੋਕ
ਗਾਇਕ ਅਤੇ ਅਦਾਕਾਰ ਹਰਭਜਨ ਮਾਨ

30 ਦਸੰਬਰ 1965 ਨੂੰ ਪਿੰਡ ਖੇਮੋਆਣਾ ਜ਼ਿਲ੍ਹਾ ਬਠਿੰਡਾ ਪਿਤਾ
ਹਰਨੇਕ ਸਿੰਘ ਮਾਨ ਦੇ ਘਰੋਂ ਜ਼ਿੰਦਗੀ ਦਾ ਸਫਰ ਸ਼ੁਰੂ ਕਰਕੇ ਬਾਪੂ ਕਰਨੈਲ ਸਿੰਘ ਪਾਰਸ
ਦੀ ਪ੍ਰੇਰਣਾ ਸਦਕਾ ਗਾਇਕੀ ਦਾ ਸਫਰ ਸ਼ੁਰੂ ਕਰਕੇ ਹਰਭਜਨ ਮਾਨ ਨੇ ਸਾਫ਼ ਸੁਥਰੀ ਮਨਾਂ
ਨੂੰ ਟੁੰਬਣ ਵਾਲੀ ਬੁਲੰਦ ਆਵਾਜ਼ ਵਾਲੀ ਗਾਇਕੀ ਅਤੇ ਪੰਜਾਬੀਆਂ ਨੂੰ ਸਮਾਜਿਕ ਮੁੱਦਿਆਂ
ਬਾਰੇ ਸਾਫ਼ ਸੁਥਰੀਆਂ ਮਨੋਰੰਜਨ ਭਰਪੂਰ ਫ਼ਿਲਮਾਂ ਦੇਣ ਸਦਕਾ ਜਿਥੇ ਪੰਜਾਬੀ ਮਾਂ ਬੋਲੀ
ਦੀ ਸੇਵਾ ਕੀਤੀ ਹੈ, ਉਥੇ ਬਤੌਰ ਇਨਸਾਨ ਵਧੀਆ ਮਿੱਠੇ ਅਤੇ ਮਿਲਣਸਾਰ ਸੁਭਾਅ ਪੱਖੋਂ
ਆਪਣੀ ਵੱਖਰੀ ਪਹਿਚਾਣ ਕਾਇਮ ਕੀਤੀ ਹੈ। ਹਰਭਜਨ ਮਾਨ ਨੇ ਪੰਜਾਬੀਆਂ ਨੂੰ 5 ਫਿਲਮਾਂ
ਅਤੇ 20 ਦੇ ਕਰੀਬ ਕੈਸੇਟਾਂ ਦਰਸ਼ਕਾਂ ਦੇ ਰੂਬਰੂ ਕੀਤੀਆਂ। ਹਰਭਜਨ ਮਾਨ ਦੀਆਂ
ਸਭਿਆਚਾਰਕ ਖੇਤਰ ਨੂੰ ਮਾਣ ਮੱਤੀਆਂ ਪ੍ਰਾਪਤੀਆਂ ਨੂੰ ਵੇਖਦਿਆਂ ਜਰਖੜ ਖੇਡਾਂ 'ਤੇ
ਹਰਭਜਨ ਮਾਨ ਨੂੰ ਸਭਿਆਚਾਰ ਦਾ ਮਾਣ ਐਵਾਰਡ ਨਾਲ ਸਨਮਾਨਿਆ ਜਾ ਰਿਹਾ ਹੈ।
ਹਰਮਨ ਪਿਆਰੇ ਕਮੇਡੀ
ਕਿੰਗ ਭਗਵੰਤ ਮਾਨ

17 ਅਕਤੂਬਰ 1971 ਨੂੰ ਜਨਮੇ ਭਗਵੰਤ ਮਾਨ ਨੇ ਜ਼ਿੰਦਗੀ ਦਾ
ਸਫਰ ਸੰਗਰੂਰ ਜ਼ਿਲ੍ਹੇ ਤੋਂ ਸ਼ੁਰੂ ਕੀਤਾ ਅਤੇ ਆਪਣੀ ਕਾਮੇਡੀ ਦਾ ਸਫਰ 14 ਅਪ੍ਰੈਲ
1992 ਨੂੰ ਗੋਬਿੰਦਗੜ੍ਹ ਦੇ ਇਕ ਥੀਏਟਰ ਤੋਂ ਸ਼ੁਰੂ ਕਰਕੇ ਸਮਾਜਿਕ ਮੁੱਦਿਆਂ ਨੂੰ ਬੜੇ
ਨਿਵੇਕਲੇ ਢੰਗ ਨਾਲ ਕਾਮੇਡੀ ਰਾਹੀਂ ਉਭਾਰ ਕੇ ਫ਼ਿਲਮਾਂ, ਰਾਸ਼ਟਰੀ ਅਤੇ ਅੰਤਰ ਰਾਸ਼ਟਰੀ
ਟੈਲੀਵੀਜ਼ਨ ਚੈਨਲਾਂ ਅਤੇ ਹੋਰ ਮਾਧਿਅਮਾਂ ਰਾਹੀਂ ਸਾਫ਼ ਸੁਥਰੀ ਕਾਮੇਡੀ ਦੇ ਦੁਨੀਆ ਦੇ
ਇਕ ਵੱਡੇ ਵਰਗ ਨੂੰ ਆਪਣਾ ਮੁਰੀਦ ਬਣਾਇਆ। ਭਗਵੰਤ ਮਾਨ ਨੇ ਪੰਜਾਬੀਆਂ ਨੂੰ ਕੌਮਾਂਤਰੀ
ਪੱਧਰ 'ਤੇ ਵੱਡਾ ਨਾਮਣਾ ਦਿੱਤਾ। 1992 ਤੋਂ ਲੈ ਕੇ 2009 ਤੱਕ ਦੋ ਦਰਜਨ ਦੇ ਕਰੀਬ
ਭਗਵੰਤ ਮਾਨ ਦੀਆਂ ਕੈਸੇਟਾਂ ਨੂੰ ਲੋਕਾਂ ਨੇ ਅਥਾਹ ਪਿਆਰ ਦਿੱਤਾ। ਭਗਵੰਤ ਮਾਨ ਦੀਆਂ
ਸਭਿਆਚਾਰ ਜਗਤ ਪ੍ਰਤੀ ਪ੍ਰਾਪਤੀਆਂ ਨੂੰ ਵੇਖਦਿਆਂ ਜਰਖੜ ਖੇਡਾਂ 'ਤੇ 23 ਜਨਵਰੀ ਨੂੰ
ਸਭਿਆਚਾਰ ਦਾ ਮਾਣ ਐਵਾਰਡ ਨਾਲ ਸਨਮਾਨਿਆ ਜਾ ਰਿਹਾ ਹੈ।
ਕਬੱਡੀ ਓਪਨ 'ਚ
ਸੈਦੋਕੇ ਦੀ ਝੰਡੀ
ਬਾਘਾ ਪੁਰਾਣਾ, 22 ਜਨਵਰੀ - ਗੋਲਡ ਕਬੱਡੀ ਕੱਪ ਬਾਘਾ
ਪੁਰਾਣਾ ਵਿਖੇ ਕੈਲਗਿਰੀ ਕੈਨੇਡਾ ਸਪੋਰਟਸ ਕਲੱਬ ਵੱਲੋਂ ਚੱਲ ਰਿਹਾ ਹੈ। ਇਸ ਦਾ
ਉਦਘਾਟਨ ਸਮਾਗਮ ਮੈਂਬਰ ਪਾਰਲੀਮੈਂਟ ਬੀਬੀ ਪਰਮਜੀਤ ਕੌਰ ਗੁਲਸ਼ਨ ਮੁੱਖ ਮਹਿਮਾਨ ਨੇ
ਕੀਤਾ। ਇਸ ਕਬੱਡੀ ਕੱਪ ਦੇ ਤੀਸਰੇ ਦਿਨ ਕੁਮੈਂਟਰੀ ਸੁੱਖਾ ਕੰਡਿਆਲ, ਬਿੰਦਰ ਮਿਸ਼ਰੀ
ਵਾਲਾ, ਜੀਵਨ ਤਲਵੰਡੀ ਨੇ ਕੀਤੀ। ਰੈਫ਼ਰੀ ਜੀਤਾ ਖੋਸਾ, ਇਕਬਾਲ ਸੈਦੋਕੇ, ਅਜਮੇਰ
ਆਲਮਵਾਲਾ ਸਨ। ਕਲੱਬ ਵੱਲੋਂ ਐਲਾਨ ਕੀਤੇ ਮੁਤਾਬਿਕ ਸਰਪੰਚ ਮੋਠਾ ਘੁਮਿਆਰ ਕਬੱਡੀ
ਖਿਡਾਰੀ ਨੂੰ ਬੁਲਟ ਮੋਟਰ ਸਾਈਕਲ ਨਾਲ ਨੇ ਸਨਮਾਨਿਤ ਕੀਤਾ ਗਿਆ। ਕਬੱਡੀ ਓਪਨ ਵਿਚ
ਪਹਿਲਾ ਸਥਾਨ ਸੈਦੋਕੇ, ਦੂਸਰਾ ਲੰਡੇ, ਕਬੱਡੀ 65 ਕਿਲੋ ਵਿਚ ਪਹਿਲਾ ਕੰਡਿਆਲ ਤੇ
ਦੂਸਰਾ ਭਿੰਡਰ ਨੇ ਪ੍ਰਾਪਤ ਕੀਤਾ।
17ਵਾਂ ਸੁੱਖੀ
ਯਾਦਗਾਰੀ ਕੁਲ ਹਿੰਦ ਕਬੱਡੀ ਟੂਰਨਾਮੈਂਟ 6 ਤੋਂ
ਨਾਭਾ, 22 ਜਨਵਰੀ - 17ਵਾਂ ਸੁੱਖੀ ਯਾਦਗਾਰੀ
ਕੁਲਹਿੰਦ ਕਬੱਡੀ ਟੂਰਨਾਮੈਂਟ ਅਤੇ ਸ: ਗੁਰਦਰਸ਼ਨ ਸਿੰਘ ਮੈਮੋਰੀਅਲ ਵਾਲੀਬਾਲ
ਟੂਰਨਾਮੈਂਟ ਮਿਤੀ 6 ਤੋਂ 8 ਫਰਵਰੀ ਤੱਕ ਕਾਲਜ ਸਟੇਡੀਅਮ ਨਾਭਾ ਵਿਖੇ ਕਰਵਾਇਆ ਜਾ
ਰਿਹਾ ਹੈ। 8 ਫਰਵਰੀ ਨੂੰ ਇਨਾਮ ਵੰਡ ਸਮਾਰੋਹ, ਰੰਗਾਰੰਗ ਪ੍ਰੋਗਰਾਮ, ਆਤਿਸ਼ਬਾਜ਼ੀ ਅਤੇ
ਕੁਸ਼ਤੀਆਂ (ਸੱਦੇ ਅਖਾੜੇ) ਦੇ ਮੁਕਾਬਲੇ ਕਰਵਾਏ ਜਾਣਗੇ।
ਪਿੰਡ ਕਮਾਲ ਪੁਰੇ
'ਚ 62 ਵਾਂ ਕਲਗੀਧਰ ਟੂਰਨਾਮੈਂਟ 28 ਜਨਵਰੀ ਤੋਂ
ਜਗਰਾਓਂ, 22 ਜਨਵਰੀ - 62 ਵਾਂ ਆਲ ਇੰਡੀਆ ਕਲਗੀਧਰ
ਟੂਰਨਾਮੈਂਟ 28 ਤੋਂ 31 ਜਨਵਰੀ ਤੱਕ ਪਿੰਡ ਕਾਮਲ ਪੁਰਾ 'ਚ ਕਰਵਾਇਆ ਜਾ ਰਿਹਾ ਹੈ।
ਇਸ 'ਚ ਕਬੱਡੀ ਅਤੇ ਹਾਕੀ ਦੀਆਂ ਨਾਮਵਰ ਅਕੈਡਮੀਆਂ ਭਿੜਨਗੀਆਂ ਅਤੇ ਮੇਲੇ 'ਚ ਕਬੱਡੀ
ਆਲ ਓਪਨ ਦੇ ਮੁਕਾਬਲਿਆਂ ਦੌਰਾਨ ਕਲੱਬਾਂ ਤੇ ਅਕੈਡਮੀਆਂ ਦੇ ਮੁਕਾਬਲੇ ਹੋਣਗੇ ਅਤੇ
ਜੇਤੂ ਟੀਮ ਨੂੰ 1 ਲੱਖ ਅਤੇ ਦੂਸਰੇ ਸਥਾਨ 'ਤੇ ਰਹੀ ਟੀਮ ਨੂੰ 75 ਹਜ਼ਾਰ ਰੁਪਏ ਦਾ
ਇਨਾਮ ਦਿੱਤਾ ਜਾਵੇਗਾ। ਇਸੇ ਤਰ੍ਹਾਂ ਹਾਕੀ 'ਚ ਕਈ ਨਾਮੀ ਅਕੈਡਮੀਆਂ ਤੇ ਟੀਮਾਂ ਗੋਲ
ਦਾਗਣਗੀਆਂ। ਮੇਲੇ ਦੌਰਾਨ ਫੁੱਟਬਾਲ, ਕਬੱਡੀ 70 ਕਿਲੋ, 57 ਕਿਲੋ, ਵਾਲੀਬਾਲ (ਸ਼ੂਟਿੰਗ),
ਰੱਸਾਕਸ਼ੀ ਤੇ ਕੁੱਤਿਆਂ ਦੀ ਦੌੜਾਂ ਵੀ ਹੋਣਗੀਆਂ।
46ਵਾਂ ਕਬੱਡੀ
ਟੂਰਨਾਮੈਂਟ 29 ਤੋਂ
ਭੰਡਾਲ ਬੇਟ, 22 ਜਨਵਰੀ - 46ਵਾਂ ਕਬੱਡੀ
ਟੂਰਨਾਮੈਂਟ 29 ਤੋਂ 31 ਜਨਵਰੀ ਤੱਕ ਪਿੰਡ ਸੁਦਾਣਾ ਦੀ ਮੈਦਾਨ 'ਚ ਬਾਬਾ ਗੋਬਿੰਦ
ਦਾਸ ਦੀ ਯਾਦ ਵਿਚ ਸਮੂਹ ਪ੍ਰਵਾਸੀ ਭਾਰਤੀਆਂ ਅਤੇ ਨਗਰ ਨਿਵਾਸੀ ਪਿੰਡ ਸੁਦਾਣਾ ਜ਼ਿਲ੍ਹਾ
ਜਲੰਧਰ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਕੈਲਗਰੀ ਕਲੱਬ ਦੇ ਅੰਤਰਰਾਸ਼ਟਰੀ ਕਬੱਡੀ
ਖਿਡਾਰੀ ਸੰਜੀਵ ਪੰਡਿਤ ਸੁਰਖਪੁਰ ਅਤੇ ਇੰਦਰਜੀਤ ਧੁੰਨਾ ਚਮਿਆਰਾ ਨੂੰ ਵਧੀਆ ਖੇਡ ਬਦਲੇ
ਬੁਲਿਟ ਮੋਟਰ ਸਾਈਕਲਾਂ ਨਾਲ 31 ਜਨਵਰੀ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ।
ਜਰਖੜ ਖੇਡ ਮੇਲੇ 'ਚ
ਹਾਕੀ ਸਟਾਰ ਜੁਗਰਾਜ ਸਿੰਘ, ਲੋਕ ਗਾਇਕ ਇੰਦਰ ਜੀਤ ਨਿੱਕੂ ਨੇ ਉਲੰਪਿਕ ਮਸ਼ਾਲ ਜਗਾਈ
ਲੁਧਿਆਣਾ, 21 ਜਨਵਰੀ - ਪੰਜਾਬ ਰੂਰਲ ਸਪੋਰਟਸ
ਪ੍ਰਮੋਸ਼ਨ ਕੌਂਸਲ ਦੀ ਸਰਪ੍ਰਸਤੀ ਹੇਠ ਪਿੰਡ ਜਰਖੜ ਦੇ ਖੇਡ ਸਟੇਡੀਅਮ 'ਚ ਮਾਡਰਨ ਪੇਂਡੂ
ਮਿੰਨੀ ਪੰਜਾਬ ਉਲੰਪਿਕ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਹਾਕੀ ਸਟਾਰ ਜੁਗਰਾਜ ਸਿੰਘ
ਤੇ ਲੋਕ ਗਾਇਕ ਇੰਦਰਜੀਤ ਨਿੱਕੂ, ਕੌਮਾਂਤਰੀ ਫੁੱਟਬਾਲ ਸਟਾਰ ਗੁਰਮੀਤ ਕੌਰ ਦੀ ਅਗਵਾਈ
ਹੇਠ ਉਲੰਪਿਕ ਮਸ਼ਾਲ ਗੁਰਦੁਆਰਾ ਆਲਮਗੀਰ ਸਾਹਿਬ ਤੋਂ ਖਿਡਾਰੀਆਂ ਦੇ ਕਾਫ਼ਲੇ ਦੇ ਰੂਪ
'ਚ ਚਲੀ, ਜਿਸ ਦਾ ਪਿੰਡ ਆਲਮਗੀਰ, ਸਰੀਂਹ ਤੇ ਜਰਖੜ ਵਿਖੇ ਸੁਆਗਤ ਕੀਤਾ ਗਿਆ। ਜਰਖੜ
ਸਟੇਡੀਅਮ 'ਚ ਭਾਈ ਨਗਾਹੀਆਂ ਸਿੰਘ ਕਾਲਜ, ਦਸ਼ਮੇਸ਼ ਪਬਲਿਕ ਸਕੂਲ ਕੈਂਡ, ਕਲਗੀਧਰ
ਅਕੈਡਮੀ ਦੁੱਗਰੀ, ਸੇਂਟ ਸੋਲਜਰ ਸਕੂਲ ਸਾਹਨੇਵਾਲ ਤੇ ਜਰਖੜ ਅਕੈਡਮੀ ਤੇ ਵੱਖ ਵੱਖ
ਟੀਮਾਂ ਦੇ ਖਿਡਾਰੀਆਂ ਅਤੇ ਖਿਡਾਰਨਾਂ ਵਲੋਂ ਮਾਰਚ ਪਾਸਟ ਤੋਂ ਮੁੱਖ ਮਹਿਮਾਨ
ਗੁਰਪ੍ਰੀਤ ਸਿੰਘ ਭੁੱਲਰ ਐਸ.ਐਸ.ਪੀ. ਦਿਹਾਤੀ ਲੁਧਿਆਣਾ ਨੇ ਸਲਾਮੀ ਲਈ। ਸਭਿਆਚਾਰਕ
ਪ੍ਰੋਗਰਾਮ ਤੋਂ ਇਲਾਵਾ ਹਾਕੀ ਸਟਾਰ ਜੁਗਰਾਜ ਸਿੰਘ ਉਲੰਪਿਕ ਨੇ ਮਸ਼ਾਲ ਜਗਾਈ। ਇਸ 'ਚ
ਕਰਵਾਏ ਗਏ ਮੁਕਾਬਲਿਆਂ 'ਚ ਹੈਂਡ ਬਾਲ ਦੇ ਲੜਕੀਆਂ ਦੇ ਸੈਮੀਫਾਈਨਲ ਮੈਂਚਾਂ 'ਚ ਰੋਪੜ
ਨੇ ਅੰਮ੍ਰਿਤਸਰ ਨੂੰ ਅਤੇ ਲੁਧਿਆਣਾ ਨੇ ਤਰਨਤਾਰਨ ਨੂੰ ਹਰਾਇਆ। ਹੈਂਡ ਬਾਲ ਮੁੰਡਿਆਂ
'ਚ ਪਟਿਆਲਾ ਨੇ ਫਰੀਦਕੋਟ 24-13 ਨਾਲ, ਲੁਧਿਆਣਾ ਨੇ ਮੁਹਾਲੀ ਨੂੰ 16-8 ਨਾਲ ਹਰਾਇਆ।
ਹਾਕੀ ਮੁੰਡਿਆਂ 'ਚ ਵਰਗ 'ਚ ਜਗਤਾਰ ਇਲੈਵਨ ਨੇ ਕਿਲ੍ਹਾ ਰਾਏ ਪੁਰ ਨੂੰ 4-1 ਨਾਲ
ਹਰਾਇਆ ਜਦ ਕਿ ਸੰਗਰੂਰ ਅਕੈਡਮੀ ਅਤੇ ਜਰਖੜ ਅਕੈਡਮੀ, ਬਹਾਦਰਗੜ੍ਹ ਤੇ ਸੰਗਰੂਰ
ਵਿਚਕਾਰ ਖੇਡਿਆ ਗਿਆ ਮੈਚ ਬਰਾਬਰੀ 'ਤੇ ਖਤਮ ਹੋਇਆ। ਹਾਕੀ ਕੁੜ੍ਹੀਆਂ 'ਚ ਹਰਿਆਣਾ
ਇਲੈਵਨ ਨੇ ਲੁਧਿਆਣਾ ਵਿੰਗ ਨੂੰ 2-1 ਨਾਲ ਹਰਾਇਆ। ਡੀ.ਏ.ਵੀ. ਅੰਮ੍ਰਿਤਸਰ ਨੇ
ਚੰਡੀਗੜ੍ਹ ਅਕੈਡਮੀ ਨੂੰ 3-0 ਨਾਲ ਹਰਾਇਆ। ਬਾਸਕਟਬਾਲ ਲੜਕੀਆਂ 'ਚ ਰੋਪੜ ਨੇ
ਫਿਰੋਜ਼ਪੁਰ ਨੂੰ 57-49 ਨਾਲ ਤੇ ਅੰਮ੍ਰਿਤਸਰ ਨੇ ਹੁਸ਼ਿਆਰਪੁਰ ਨੂੰ 45-40 ਨਾਲ ਹਰਾਇਆ।
ਕੁਸ਼ਤੀਆਂ ਦੇ ਮੁਕਾਬਲਿਆਂ 'ਚ ਝੰਡੀ ਦੀ ਕੁਸ਼ਤੀ ਵਿਚ ਕਰਨ ਆਲਮਗੀਰ ਅਤੇ ਮਨਦੀਪ ਖੰਨਾ
ਵਿਚਕਾਰ ਕੁਸ਼ਤੀ ਬਰਾਬਰ ਰਹੀ, ਜਦਕਿ ਦੂਜੀ ਝੰਡੀ ਦੀ ਕੁਸ਼ਤੀ ਵਿਚ ਸਤੀਸ਼ ਆਲਮਗੀਰ ਨੇ
ਹਰਪ੍ਰੀਤ ਚੱਕਦਾਨਾ ਨੂੰ ਹਰਾਇਆ।
ਸਰਬ ਭਾਰਤੀ ਬਲਵੰਤ
ਸਿੰਘ ਕਪੂਰ ਮੈਮੋਰੀਅਲ ਹਾਕੀ ਟੂਰਨਾਮੈਂਟ
ਜਲੰਧਰ, 21 ਜਨਵਰੀ - ਪੰਜਵਾਂ ਸਰਬ ਭਾਰਤ ਸ. ਬਲਵੰਤ
ਸਿੰਘ ਕਪੂਰ ਮੈਮੋਰੀਅਲ ਹਾਕੀ ਟੂਰਨਾਮੈਂਟ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਜਲੰਧਰ
ਵਿਖੇ ਖੇਡਿਆ ਜਾ ਰਿਹਾ ਹੈ। ਇਸ ਖੇਡੇ ਗਏ ਲੀਗ ਦੇ ਪਹਿਲੇ ਮੈਚ ਵਿਚ ਸੀਨੀਅਰ ਸੈਕੰਡਰੀ
ਸਕੂਲ ਖਡੂਰ ਸਾਹਿਬ ਨੇ ਸੇਂਟ ਹਾਈ ਸਕੂਲ ਨੂੰ 4-0 ਨਾਲ ਹਰਾਇਆ। ਦੂਜੇ ਮੈਚ ਵਿਚ
ਬੀ.ਆਰ.ਸੀ. ਦਾਨਾਪੁਰ ਨੇ ਸਰਕਾਰੀ ਹਾਲੀ ਸਕੂਲ ਜਾਰਸਾ ਗੁੜਗਾਓਂ ਨੇ 3-2 ਨਾਲ ਹਰਾਇਆ,
ਤੀਜੇ ਮੈਚ ਵਿਚ ਬਿਰਨਾਮੰਡਾ ਹਾਕੀ ਸਕੂਲ ਰੁੜਕੇਲਾ ਨੇ ਮਹਿਤਾ ਸਕੂਲ ਦੋਰਾਹਾ ਨੂੰ
5-1 ਨਾਲ ਹਰਾਇਆ।
ਗੋਲਡ ਕਬੱਡੀ ਕੱਪ
ਬਾਘਾ ਪੁਰਾਣਾ, 21 ਜਨਵਰੀ - ਦੂਸਰਾ ਅੰਤਰਰਾਸ਼ਟਰੀ
ਤਿੰਨ ਦਿਨਾਂ ਗੋਲਡ ਕਬੱਡੀ ਕੱਪ ਬਾਬਾ ਗੁਰਮੇਲ ਸਿੰਘ ਯਾਦਗਾਰੀ ਖੇਡ ਸਟੇਡੀਅਮ ਬਾਘਾ
ਪੁਰਾਣਾ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਕਬੱਡੀ ਕੱਪ ਸ਼ਹੀਦ ਭਗਤ ਸਿੰਘ ਤੇ 300 ਸਾਲਾ
ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਬਾਬਾ ਗੁਰਮੇਲ ਸਿੰਘ ਦੀ ਯਾਦ 'ਚ ਹੋ ਰਿਹਾ ਹੈ।
ਦੂਸਰੇ ਦਿਨ ਦੇ ਮੁੱਖ ਮਹਿਮਾਨ ਕੌਮੀ ਯੂਥ ਆਗੂ ਗੁਰਜੰਟ ਸਿੰਘ ਭੁੱਟੋ ਰੋਡੇ ਨੇ
ਉਦਘਾਟਨ ਦੀ ਰਸਮ ਅਦਾ ਕਰਕੇ ਕਲੱਬ ਨੂੰ 11000 ਰੁਪਏ ਦੀ ਨਕਦ ਆਰਥਿਕ ਮਦਦ ਦਿੱਤੀ।
ਇਸ 'ਚ 22 ਜਨਵਰੀ ਨੂੰ 8 ਅਕੈਡਮੀਆਂ ਦੇ ਮੁਕਾਬਲੇ ਹੋਣਗੇ। ਕੁਮੈਂਟਰੀ ਸੁੱਖਾ
ਕੰਡਿਆਲ, ਬਿੰਦਰ ਮਿਸ਼ਰੀ ਵਾਲਾ, ਜੀਵਨ ਤਲਵੰਡੀ ਭੰਗੇਰੀਆਂ ਨੇ ਕੀਤੀ। ਜੀਤਾ ਖੋਸਾ,
ਇਕਬਾਲ ਮੁੱਦੋਕੇ, ਅਜਮੇਰ ਆਲਮਵਾਲਾ ਨੇ ਰੈਫ਼ਰੀ ਦੇ ਫਰਜ਼ ਨਿਭਾਏ।
ਕੌਮੀ ਜਿਮਨਾਸਟਕ
ਚੈਂਪੀਅਨਸ਼ਿਪ 'ਚ ਮੀਨਾਕਸ਼ੀ ਦੀ ਬੱਲੇ ਬੱਲੇ
ਪਟਿਆਲਾ, 21 ਜਨਵਰੀ - 49ਵੀਂ ਸੀਨੀਅਰ ਕੌਮੀ
ਜਿਮਨਾਸਟਕ ਚੈਂਪੀਅਨਸ਼ਿਪ ਜਵਾਹਰ ਲਾਲ ਨਹਿਰੂ ਸਟੇਡੀਅਮ ਵਾਰੰਗਲ ਵਿਖੇ 9 ਤੋਂ 13
ਜਨਵਰੀ ਤੱਕ ਕਰਵਾਈ ਗਈ। ਇਸ 'ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਖਿਡਾਰਨ ਮੀਨਾਕਸ਼ੀ
ਨੇ ਤਿੰਨ ਸੋਨ ਤਗਮੇ ਜਿੱਤ ਕੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ। ਇਸ ਚੈਂਪੀਅਨਸ਼ਿਪ ਦੇ
ਵਿਅਕਤੀਗਤ ਮੁਕਾਬਲੇ 'ਚ ਮੀਨਾਕਸ਼ੀ ਨੇ 52.50 ਅੰਕਾਂ ਨਾਲ ਸੋਨ, ਫਲੋਰ ਐਕਸਾਈਜ਼
ਮੁਕਾਬਲੇ 'ਚ 13.10 ਅੰਕਾਂ ਨਾਲ ਸੋਨ ਤੇ ਬੀਮ ਮੁਕਾਬਲੇ 'ਚ ਉਸ ਨੇ 13.875 ਅੰਕਾਂ
ਨਾਲ ਸੋਨ ਤਗਮਾ ਜਿੱਤਣ ਦਾ ਮਾਣ ਕੀਤਾ। ਇਸ ਖਿਡਾਰਨ ਦਾ ਪੰਜਾਬੀ ਯੂਨੀਵਰਸਿਟੀ ਵਿਖੇ
ਪੁੱਜਣ 'ਤੇ ਖੇਡ ਨਿਰਦੇਸ਼ਕ ਡਾ: ਰਾਜ ਕੁਮਾਰ ਸ਼ਰਮਾ ਤੇ ਸਹਾਇਕ ਨਿਰਦੇਸ਼ਕਾ ਡਾ:
ਗੁਰਦੀਪ ਕੌਰ ਨੇ ਸਵਾਗਤ ਕੀਤਾ।
ਕਬੱਡੀ ਕੱਪ 'ਤੇ
ਦਿੜ੍ਹਬਾ ਅਕੈਡਮੀ ਦਾ ਕਬਜ਼ਾ
ਸਮਰਾਲਾ, 21 ਜਨਵਰੀ - ਅੰਤਰਰਾਸ਼ਟਰੀ ਕਬੱਡੀ ਮੁਕਾਬਲੇ
ਬੌਂਦਲੀ ਕਾਲਜ ਦੇ ਖੇਡ ਸਟੇਡੀਅਮ 'ਚ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ 'ਚ
ਅੰਤਰਰਾਸ਼ਟਰੀ ਕਬੱਡੀ ਅਕੈਡਮੀਆਂ ਦੇ ਭੇੜ 'ਚ ਕਬੱਡੀ ਕਲੱਬ ਦਿੜ੍ਹਬਾ ਨੇ ਕੱਪ 'ਤੇ
ਕਬਜ਼ਾ ਕੀਤਾ। ਸ਼ੇਰੇ ਪੰਜਾਬ ਕਲੱਬ ਦੀ ਟੀਮ ਦੂਜੇ ਨੰਬਰ 'ਤੇ ਰਹੀ। ਕਬੱਡੀ ਕੱਪ ਦੀ
ਜੇਤੂ ਟੀਮ ਨੂੰ ਸਵ: ਅਵਤਾਰ ਸਿੰਘ ਕੋਚ ਰਾਜੇਵਾਲ ਯਾਦਗਾਰੀ ਕਬੱਡੀ ਕੱਪ ਵਿਧਾਇਕ
ਜਗਜੀਵਨ ਸਿੰਘ ਖੀਰਨੀਆਂ ਵੱਲੋਂ ਭੇਟ ਕੀਤਾ ਗਿਆ।
11ਵੇਂ ਹਰਜੀਤ
ਯਾਦਗਾਰੀ ਕਬੱਡੀ ਕੱਪ 1-3 ਫਰਵਰੀ ਤੱਕ
ਬਾਜਾਖਾਨਾ, 21 ਜਨਵਰੀ - 11ਵਾਂ ਹਰਜੀਤ ਯਾਦਗਾਰੀ
ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ 1 ਤੋਂ 3 ਫਰਵਰੀ ਤੱਕ ਹਰਜੀਤ ਸਪੋਰਟਸ ਸਟੇਡੀਅਮ
ਬਾਜਾਖਾਨਾ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਕਬੱਡੀ ਕੱਪ ਅੰਤਰਰਾਸ਼ਟਰੀ ਕਬੱਡੀ ਖਿਡਾਰੀ
ਸਵ: ਹਰਜੀਤ ਸਿੰਘ ਬਰਾੜ ਦੀ ਮਿੱਠੀ ਯਾਦ ਨੂੰ ਸਮਰਪਿਤ ਹੈ। ਇਸ ਦਾ ਰੰਗਦਾਰ ਪੋਸਟਰ
ਮੁੱਖ ਸਪਾਂਸਰ ਅਵਤਾਰ ਸਿੰਘ ਸਮਾਧ ਭਾਈ ਕਾਰਜਕਾਰੀ ਪ੍ਰਬੰਧਕ ਪਰਲ ਸਿਟੀ ਬਠਿੰਡਾ ਤੇ
ਚੇਅਰਮੈਨ ਹਰਪ੍ਰੀਤ ਬਾਬਾ ਦੀ ਪ੍ਰਧਾਨਗੀ ਹੇਠ ਰਿਲੀਜ਼ ਕੀਤਾ ਗਿਆ।
19ਵਾਂ ਪੁਰੇਵਾਲ
ਖੇਡ ਮੇਲਾ 21 ਫਰਵਰੀ ਤੋਂ
ਮੁਕੰਦ ਪੁਰ, 21 ਜਨਵਰੀ -19ਵਾਂ ਪੁਰੇਵਾਲ ਖੇਡ ਮੇਲਾ
ਹਕੀਮਪੁਰ 21-22 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ। ਇਹ ਖੇਡ ਮੇਲਾ ਸਵ: ਹਰਬੰਸ
ਸਿੰਘ ਪੁਰੇਵਾਲ ਸਪੋਰਟਸ ਐਂਡ ਐਜੂਕੇਸ਼ਨਲ ਅਕੈਡਮੀ (ਰਜਿ:) ਹਕੀਮਪੁਰ (ਸ਼ਹੀਦ ਭਗਤ
ਸਿੰਘ ਨਗਰ) ਵੱਲੋਂ ਕਰਵਾਇਆ ਜਾ ਰਿਹਾ ਹੈ।
ਕਬੱਡੀ ਸਟਾਰ ਮੋਠਾ
ਸਰਪੰਚ ਦਾ ਵਿਸ਼ੇਸ਼ ਸਨਮਾਨ
ਮੌ ਸਾਹਿਬ, 21 ਜਨਵਰੀ - ਫਰੀਦਕੋਟ ਤੋਂ ਤਲਵੰਡੀ
ਭਾਈ ਸੜਕ 'ਤੇ ਵਸੇ ਪਿੰਡ ਘੁਮਿਆਰਾ ਦੇ ਸਰਪੰਚ ਰਹਿਣ ਵਾਲੇ ਮੋਠਾ ਸਰਪੰਚ ਨੂੰ ਕਬੱਡੀ
ਆਪਣੇ ਵਿਰਸੇ 'ਚ ਮਿਲੀ ਹੈ। ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦਾ ਜਦੋਂ ਸੰਸਾਰਿਕ
ਪੱਧਰ 'ਤੇ ਜ਼ਿਕਰ ਚਲਦਾ ਹੈ ਤਾਂ ਫਿਰ ਕਬੱਡੀ ਖੇਡ ਮੈਦਾਨਾਂ ਵਿਚ ਨਾਨ-ਸਟਾਪ
ਐਕਸਪ੍ਰੈੱਸ ਵਜੋਂ ਜਾਣੇ ਜਾਂਦੇ ਅੰਤਰਰਾਸ਼ਟਰੀ ਕਬੱਡੀ ਸਟਾਰ ਮੋਠਾ ਸਰਪੰਚ ਦਾ ਜ਼ਿਕਰ
ਆਪ-ਮੁਹਾਰੇ ਹੀ ਸਾਡੇ ਲੋਕ ਬੁੱਲਾਂ 'ਤੇ ਆ ਜਾਂਦਾ ਹੈ। ਕਬੱਡੀ ਦੇ ਪ੍ਰਸਿੱਧ ਕੋਚ
ਗੁਰਦੀਪ ਸਿੰਘ ਮੱਲ੍ਹੀ, ਡੀ. ਪੀ. ਸੁਰਜੀਤ ਸਿੰਘ ਮੰਡਵਾਲਾ ਤੇ ਕਬੱਡੀ ਜਗਤ ਦੀ
ਕ੍ਰਮਵਾਰ ਸ਼ਖਸੀਅਤ ਡੀ. ਪੀ. ਮੱਖਣ ਸਿੰਘ ਚੜਿੱਕ ਦੀ ਅਗਵਾਈ ਵਾਲੀ ਕਬੱਡੀ ਅਕੈਡਮੀ
ਅੰਬੀ ਹਠੂਰ ਇੰਟਰਨੈਸ਼ਨਲ ਕਲੱਬ ਮੋਗਾ ਤੋਂ ਮੋਠਾ ਸਰਪੰਚ ਇਸ ਸਮੇਂ ਖੇਡ ਪ੍ਰਮੋਟਰ
ਸੰਤੋਖ ਸਿੰਘ ਢੇਸੀ ਦੀ ਅਗਵਾਈ ਵਾਲੀ ਬਾਬਾ ਹੰਸਾ ਸਿੰਘ ਕਬੱਡੀ ਅਕੈਡਮੀ ਬੈਛੋਵਾਲ
ਵੱਲੋਂ ਖੇਡ ਰਿਹਾ ਹੈ। ਪਿਛਲੇ ਤਿੰਨ ਸਾਲਾਂ ਤੋਂ ਇੰਗਲੈਂਡ ਦੇ ਖੇਡ ਮੈਦਾਨਾਂ ਵਿਚ 'ਹੇਜ਼
ਕਬੱਡੀ ਕਲੱਬ' ਤੇ ਲੈਸਟਰ ਕਬੱਡੀ ਕਲੱਬ ਲਈ ਖੇਡ ਕੇ ਜਾਫੀਆਂ ਨੂੰ ਵਖਤ ਪਾਉਣ ਵਾਲੇ
ਅਨੇਕਾਂ ਖੇਡ ਮੇਲਿਆਂ ਦੇ ਬੈੱਸਟ ਰੇਡਰ ਰਹਿ ਚੁਕੇ ਮੋਠਾ ਸਰਪੰਚ ਨੂੰ ਉਸ ਦੀਆਂ ਖੇਡ
ਪ੍ਰਾਪਤੀਆਂ ਦੇ ਸਨਮਾਨ ਵਜੋਂ ਬਾਘਾ ਪੁਰਾਣਾ ਦੇ ਖੇਡ ਮੇਲੇ ਵਿਚ ਖੇਡ ਗੁਰਜੰਟ ਸਿੰਘ
ਹੇਜ਼ 'ਤੇ ਜੰਗ ਬਹਾਦਰ ਸਿੰਘ ਸਿੱਧੂ ਕੈਲਗਰੀ ਵੱਲੋਂ ਬੁਲਟ ਮੋਟਰ-ਸਾਈਕਲ ਨਾਲ
ਸਨਮਾਨਿਤ ਕੀਤਾ ਜਾ ਰਿਹਾ ਹੈ।
10ਵਾਂ ਗੁਰੂ
ਗੋਬਿੰਦ ਸਿੰਘ ਕਬੱਡੀ ਕੱਪ 27 ਜਨਵਰੀ ਨੂੰ
ਜਲੰਧਰ, 21 ਜਨਵਰੀ -10ਵਾਂ ਗੁਰੂ ਗੋਬਿੰਦ ਸਿੰਘ
ਕਬੱਡੀ ਕੱਪ 27 ਜਨਵਰੀ ਨੂੰ ਟੋਰਾਂਟੋ ਸਪੋਰਟਸ ਕਲੱਬ ਕੈਨੇਡਾ ਵੱਲੋਂ ਕਰਵਾਇਆ ਜਾ
ਰਿਹਾ ਹੈ। ਇਸ ਵਿਚ ਸੰਸਾਰ ਭਰ ਦੀਆਂ ਚੋਟੀ ਦੀਆਂ ਕਬੱਡੀ ਟੀਮਾਂ ਡੇਢ ਲੱਖ ਰੁਪਏ ਦੀ
ਇਨਾਮੀ ਰਾਸ਼ੀ ਅਤੇ ਗੋਲਡ ਕੱਪ ਲਈ ਭਿੜਨਗੀਆਂ। ਇਸ ਕੱਪ ਦਾ ਪਹਿਲਾ ਇਨਾਮ ਡੇਢ ਲੱਖ
ਸੁੱਖਾ ਸੂਸਾਂ ਦੇ ਵੱਲੋਂ ਦਿੱਤਾ ਜਾਵੇਗਾ। ਇਸ ਵਾਰ ਟੂਰਨਾਮੈਂਟ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਦੇ 300 ਸਾਲਾ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਹੋਵੇਗਾ। ਟੂਰਨਾਮੈਂਟ
ਦੇਖਣ ਆਏ ਦਰਸ਼ਕਾਂ ਨੂੰ ਲੱਕੀ ਡਰਾਅ ਰਾਹੀਂ 10 ਮੋਟਰ-ਸਾਈਕਲ ਦਿੱਤੇ ਜਾਣਗੇ।
ਪੰਜਵਾਂ ਕਬੱਡੀ
ਗੋਲਡ ਕੱਪ 2 ਫਰਵਰੀ ਨੂੰ
ਕਪੂਰਥਲਾ, 21 ਜਨਵਰੀ - ਮੁੰਬਈ ਹਮਲੇ ਦੇ ਸ਼ਹੀਦਾਂ
ਨੂੰ ਸਮਰਪਿਤ 2 ਫਰਵਰੀ ਨੂੰ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ ਕਬੱਡੀ ਗੋਲਡ ਕੱਪ
ਕਰਵਾਇਆ ਜਾ ਰਿਹਾ ਹੈ। ਇਹ ਕਬੱਡੀ ਕੱਪ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਐਂਡ ਕਲਚਰਲ
ਕਲੱਬ (ਰਜਿ:) ਕਪੂਰਥਲਾ ਵੱਲੋਂ ਕਰਵਾਇਆ ਜਾ ਰਿਹਾ ਹੈ। ਟੂਰਨਾਮੈਂਟ ਦੌਰਾਨ ਮੁੰਬਈ
ਵਿਖੇ ਸ਼ਹੀਦ ਹੋਏ ਸ੍ਰੀ ਹੇਮੰਤ ਕਰਕਰੇ, ਸ੍ਰੀ ਅਸ਼ੋਕ ਕਾਮਟੇ ਤੇ ਸ੍ਰੀ ਵਿਜੇ ਸਾਲਸਕਰ
ਦੇ ਨਾਂਅ 'ਤੇ ਇਕ ਵਿਸ਼ੇਸ਼ ਨਗਦ ਐਵਾਰਡ ਸ਼ੁਰੂ ਕੀਤਾ ਜਾ ਰਿਹਾ ਹੈ ਤੇ ਇਸ ਸਾਲ ਦਾ
ਐਵਾਰਡ ਕਪੂਰਥਲਾ ਦੇ ਵਸਨੀਕ ਤੇ ਜੰਮੂ ਕਸ਼ਮੀਰ ਵਿਖੇ ਸ਼ਹੀਦ ਹੋਏ ਬੀ.ਐਸ.ਐਫ. ਦੇ
ਕਮਾਂਡੈਂਟ ਸ੍ਰੀ ਮਹਿੰਦਰ ਰਾਜ ਦੇ ਪਰਿਵਾਰ ਨੂੰ ਦਿੱਤਾ ਜਾਵੇਗਾ।
ਫਗਵਾੜਾ ਗੋਲਡ ਕਬੱਡੀ
ਕੱਪ 3 ਫਰਵਰੀ ਨੂੰ
ਫਗਵਾੜਾ, 21 ਜਨਵਰੀ - ਪਹਿਲਾ ਫਗਵਾੜਾ ਗੋਲਡ ਕਬੱਡੀ
ਕੱਪ ਬਾਈਪਾਸ ਨੇੜੇ ਗੁਰਦੁਆਰਾ ਸੁਖਚੈਨ ਸਾਹਿਬ ਫਗਵਾੜਾ ਵਿਖੇ 3 ਫਰਵਰੀ ਨੂੰ ਕਰਵਾਇਆ
ਜਾ ਰਿਹਾ ਹੈ। ਟੂਰਨਾਮੈਂਟ ਵਿਚ ਇੰਟਰਨੈਸ਼ਨਲ ਟੀਮਾਂ ਜਿਨ੍ਹਾਂ ਵਿਚ ਸ਼ੇਰੇ ਪੰਜਾਬ
ਕਬੱਡੀ ਕਲੱਬ ਅਮਰੀਕਾ, ਬਾਬਾ ਦੀਪ ਸਿੰਘ ਸਪੋਰਟਸ ਕਲੱਬ ਨਾਰਵੇ, ਗੁਰੂ ਗੋਬਿੰਦ ਸਿੰਘ
ਕਬੱਡੀ ਕਲੱਬ ਕੋਟਲੀ ਥਾਨ ਸਿੰਘ, ਲੋਧੀਆਣਾ ਕਬੱਡੀ ਕਲੱਬ ਪਰਸਰਾਮਪੁਰ, ਦਸ਼ਮੇਸ਼ ਕਬੱਡੀ
ਕਲੱਬ ਨਕੋਦਰ, ਬਾਬਾ ਹੰਸਾ ਸਿੰਘ ਕਬੱਡੀ ਅਕੈਡਮੀ ਬੱਸੋਵਾਲ ਤੋਂ ਇਲਾਵਾ ਪ੍ਰਸਿੱਧ
ਅਕੈਡਮੀਆਂ ਸ਼ਾਮਿਲ ਹੋਣਗੀਆਂ ਅਤੇ ਮਾਝੇ ਦੁਆਬੇ ਦੀਆਂ ਕੁੜੀਆਂ ਦੇ ਸ਼ੋਅ ਮੈਚਾਂ ਤੋਂ
ਇਲਾਵਾ ਇਸ ਟੂਰਨਾਮੈਂਟ ਵਿਚ ਮਨੋਰੰਜਨ ਕਰਨ ਲਈ ਚੀਅਰ ਗਰਲਜ਼ ਨੂੰ ਵੀ ਬੁਲਾਇਆ ਜਾਵੇਗਾ।
10ਵਾਂ ਗੁਰੂ
ਗੋਬਿੰਦ ਸਿੰਘ ਕਬੱਡੀ ਕੱਪ 27 ਤੋਂ
ਜਲੰਧਰ, 20 ਜਨਵਰੀ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਦੇ 300 ਸਾਲਾ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ 10ਵਾਂ ਗੁਰੂ ਗੋਬਿੰਦ ਸਿੰਘ ਕਬੱਡੀ
ਕੱਪ 27 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ। ਇਸ ਵਿਚ ਸੰਸਾਰ ਭਰ ਦੀਆਂ ਚੋਟੀ ਦੀਆਂ
ਕਬੱਡੀ ਟੀਮਾਂ ਡੇਢ ਲੱਖ ਰੁਪਏ ਦੀ ਇਨਾਮੀ ਰਾਸ਼ੀ ਅਤੇ ਗੋਲਡ ਕੱਪ ਲਈ ਭਿੜਨਗੀਆਂ। ਇਸ
ਵਾਰ ਦੀ ਉਪ-ਜੇਤੂ ਟੀਮ ਨੂੰ 1 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ ਜਦੋਂ ਕਿ
ਭਾਗ ਲੈਣ ਵਾਲੀ ਹਰ ਟੀਮ ਨੂੰ 30 ਹਜ਼ਾਰ ਰੁਪਏ ਦਾ ਸਨਮਾਨ ਮਿਲੇਗਾ। ਟੂਰਨਾਮੈਂਟ ਦਾ
ਮੁੱਖ ਆਕਰਸ਼ਣ ਲੜਕੀਆਂ ਦੀਆਂ ਕਬੱਡੀ ਟੀਮਾਂ ਦਾ ਸ਼ੋਅ ਮੈਚ ਹੋਵੇਗਾ।
ਦੂਸਰਾ ਗੋਲਡ ਕਬੱਡੀ
ਕੱਪ ਆਰੰਭ
ਬਾਘਾ ਪੁਰਾਣਾ, 20 ਜਨਵਰੀ - ਸੰਤ ਬਾਬਾ ਗੁਰਮੇਲ
ਸਿੰਘ ਯਾਦਗਾਰੀ ਦੂਸਰਾ ਗੋਲਡ ਕਬੱਡੀ ਕੱਪ 20 ਤੋਂ 22 ਜਨਵਰੀ ਤੱਕ ਸ਼ਹੀਦੇ ਆਜ਼ਮ ਭਗਤ
ਸਿੰਘ ਅਤੇ 300 ਸਾਲਾ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਐਡਮੈਂਟਨ ਮਿੰਨੀਪੱਗ ਬੀ.ਸੀ.,
ਯੂ.ਕੇ. ਦੀਆਂ ਸੰਗਤਾਂ, ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਬਾਘਾ ਪੁਰਾਣਾ ਵਿਖੇ
ਚੱਲ ਰਿਹਾ ਹੈ। ਇਸ ਦਾ ਉਦਘਾਟਨ ਕੌਂਸਲਰ ਨੰਦ ਸਿੰਘ ਬਰਾੜ ਨੇ ਕੀਤਾ ਤੇ ਕਲੱਬ ਨੂੰ
11 ਹਜ਼ਾਰ ਰੁਪਏ ਦੀ ਨਕਦ ਆਰਥਿਕ ਮਦਦ ਵੀ ਦਿੱਤੀ। ਪਹਿਲਾ ਉਦਘਾਟਨੀ ਮੈਚ ਬੱਚਿਆਂ ਦਾ
ਕਰਵਾਇਆ ਗਿਆ ਜਿਸ 'ਚ ਬਾਘਾ ਪੁਰਾਣਾ ਨੇ ਪਹਿਲਾ ਤੇ ਕੋਠਾ ਗੁਰੂ ਕਾ ਦੀ ਟੀਮ ਨੇ
ਦੂਸਰਾ ਸਥਾਨ ਹਾਸਿਲ ਕੀਤਾ। ਕਬੱਡੀ 58 ਕਿਲੋ ਦਾ ਦੂਸਰਾ ਮੈਚ ਆਰੰਭਿਆ ਗਿਆ। ਪਹਿਲੇ
ਦਿਨ ਕਬੱਡੀ 58 ਕਿਲੋ ਤੇ ਕਬੱਡੀ 65 ਕਿਲੋ ਦੀਆਂ 32 ਟੀਮਾਂ ਦੇ ਮੁਕਾਬਲੇ ਹੋਏ।
ਪ੍ਰਸਿੱਧ ਕਬੱਡੀ ਕੁਮੈਂਟੇਟਰ ਸੁੱਖਾ ਕੜਿਆਲ, ਬਿੰਦਰ ਮਿਸ਼ਰੀਵਾਲਾ ਤੇ ਜੀਵਨ ਤਲਵੰਡੀ
ਭੰਗੇਰੀਆਂ ਨੇ ਕੁਮੈਂਟਰੀ, ਜੀਤਾ ਖੋਸਾ, ਇਕਬਾਲ ਮੱਦੋਕੇ, ਅਜਮੇਰ ਆਲਮਵਾਲਾ ਨੇ ਰੈਫ਼ਰੀ
ਦੀ ਸੇਵਾ ਕੀਤੀ।
ਕੌਮੀ ਸਕੂਲ
ਬਾਸਕਟਬਾਲ ਟੂਰਨਾਮੈਂਟ 'ਚ ਗੁਰਦੀਪ ਸਿੰਘ ਮੋਹਣੀ ਦੀ ਬੱਲੇ ਬੱਲੇ
ਕੋਟਕਪੂਰਾ - ਕੋਟਕਪੂਰਾ 'ਚ ਸਥਾਪਤ ਕੀਤੇ ਗਏ
ਬਾਸਕਟਬਾਲ ਵਿੰਗ ਨੇ ਲਗਾਤਾਰ ਦੂਜੀ ਵਾਰ ਤਿੰਨਾਂ ਹੀ ਉਮਰ-ਗੁੱਟਾਂ ਵਿਚ ਸੂਬੇ ਭਰ
ਵਿਚ ਜਿੱਤ ਦਾ ਝੰਡਾ ਲਹਿਰਾਇਆ। ਇਹ ਟੂਰਨਾਮੈਂਟ ਪੰਜਾਬ ਦੇ ਸਿਖਿਆ ਵਿਭਾਗ ਵੱਲੋਂ
ਕਰਵਾਇਆ ਗਿਆ। ਪੰਜਾਬ ਜਿੱਤਣ ਪਿੱਛੋਂ ਕੌਮੀ ਖੇਡਾਂ 'ਚ ਇਸ ਵਿੰਗ ਦੇ ਇਕ ਖਿਡਾਰੀ
ਗੁਰਦੀਪ ਸਿੰਘ ਮੋਹਣੀ ਨੇ ਵੱਡਾ ਕ੍ਰਿਸ਼ਮਾ ਕਰ ਵਿਖਾਇਆ। 14 ਤੋਂ ਘੱਟ ਉਮਰ ਗੁੱਟ ਦੇ
ਕੌਮੀ ਮੁਕਾਬਲੇ ਮਹਾਰਾਸ਼ਟਰ ਦੇ ਸਿਤਾਰਾ ਨਗਰ 'ਚ ਹੋਏ। ਕੋਟਕਪੂਰਾ ਵਿੰਗ ਦੇ 4 ਖਿਡਾਰੀ
ਪਹਿਲੇ ਪੰਜ ਖਿਡਾਰੀਆਂ 'ਚ ਖੇਡੇ। ਮੋਹਣੀ ਨੂੰ ਸਮੁੱਚੀ ਟੂਰਨਾਮੈਂਟ ਦਾ ਸਰਵੋਤਮ
ਖਿਡਾਰੀ (ਪ੍ਰਾਪਤ ਸਕੋਰ ਅੰਕਾਂ ਦੇ ਆਧਾਰ 'ਤੇ) ਐਲਾਨਿਆ ਗਿਆ। ਆਰਥਿਕ ਪੱਖੋਂ ਬਹੁਤ
ਹੀ ਕਮਜ਼ੋਰ ਪਰਵਾਰ ਦਾ ਇਹ ਚਿਰਾਗ਼ ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀ ਬਾਘਾ ਦਾ ਜੰਮਪਲ
ਹੈ ਤੇ ਹੁਣ ਇਹ ਕੋਟਕਪੂਰਾ ਵਿੰਗ ਵਿਚ ਸੱਤਵੀਂ ਜਮਾਤ ਦਾ ਵਿਦਿਆਰਥੀ ਹੈ। ਕੌਮੀ ਖੇਡਾਂ
ਵਿਚ ਆਪਣੇ ਪੂਲ ਵਿਚੋਂ ਪਹਿਲੇ ਨੰਬਰ 'ਤੇ ਆਉਣ ਤੋਂ ਬਾਅਦ ਕੁਆਟਰ ਫ਼ਾਈਨਲ ਮੈਚ ਮੱਧ
ਪ੍ਰਦੇਸ਼ ਨਾਲ਼ ਹੋਇਆ ਜਿਸਦਾ ਸਕੋਰ 70-41 ਰਿਹਾ। ਇਸ 'ਚ ਇਕੱਲੇ ਗੁਰਦੀਪ ਸਿੰਘ ਦੇ 23
ਸਕੋਰ ਸਨ।
ਉਲੰਪੀਅਨ ਮੁੱਕੇਬਾਜ਼
ਅਖਿਲ ਨੇ ਦਿੱਤਾ ਅਸਤੀਫ਼ਾ
ਪਟਿਆਲਾ, 20 ਜਨਵਰੀ - ਬੀਜਿੰਗ ਉਲੰਪਿਕ ਤੋਂ ਬਾਅਦ
ਲਗਾਤਾਰ ਰੇਲਵੇ ਅਧਿਕਾਰੀਆਂ ਵੱਲੋਂ ਲਗਾਏ ਜਾ ਰਹੇ ਲਾਰਿਆਂ ਤੋਂ ਤੰਗ ਆਏ ਦੇਸ਼ ਦੇ
ਨਾਮਵਰ ਮੁੱਕੇਬਾਜ਼ ਅਖਿਲ ਕੁਮਾਰ ਅਰਜਨਾ ਐਵਾਰਡ ਨੇ ਨਵੀਂ ਦਿੱਲੀ ਵਿਖੇ ਤਕਨੀਸ਼ੀਅਨ
ਗ੍ਰੇਡ2 ਦੀ ਤੀਸਰਾ ਕਰਜ਼ੇ ਦੀ ਨੌਕਰੀ ਤੋਂ ਅਸਤੀਫ਼ਾ ਦਿੱਤਾ। ਇਸ ਮੁੱਕੇਬਾਜ਼ ਨੇ
ਬੀਜਿੰਗ ਉਲੰਪਿਕ 'ਚ ਵਧੀਆ ਪ੍ਰਦਰਸ਼ਨ ਕੀਤਾ ਵਾਲੇ ਅਤੇ ਮਾਸਕੋ 'ਚ ਹੋਏ ਆਇਬਾ ਵਿਸ਼ਵ
ਕੱਪ 'ਚ ਕਾਂਸੀ ਦਾ ਤਗਮਾ ਜਿਤਿਆ। ਅਖਿਲ ਕੁਮਾਰ ਨੇ ਦੱਸਿਆ ਕਿ ਬੀਜਿੰਗ ਉਲੰਪਿਕ ਤੋਂ
ਬਾਅਦ ਕੇਂਦਰੀ ਰੇਲਵੇ ਮੰਤਰੀ ਸ੍ਰੀ ਲਾਲੂ ਪ੍ਰਸ਼ਾਦ ਯਾਦਵ ਨੇ ਉਸ ਨੂੰ ਤਰੱਕੀ ਦੇ ਕੇ
ਅਫ਼ਸਰ ਰੈਂਕ ਦੇਣ ਦਾ ਐਲਾਨ ਕੀਤਾ ਸੀ ਪਰ ਰੇਲਵੇ ਦੇ ਖੇਡ ਵਿਭਾਗ ਦੇ ਅਧਿਕਾਰੀ ਉਸ
ਨੂੰ ਲਗਾਤਾਰ ਟਾਲਦੇ ਰਹੇ। ਉਨ੍ਹਾਂ ਕਿਹਾ ਕਿ ਉਸ ਨੂੰ ਹਰਿਆਣਾ ਸਰਕਾਰ ਵੱਲੋਂ
ਡੀ.ਐਸ.ਪੀ. ਦੀ ਨੌਕਰੀ ਦੀ ਪੇਸ਼ਕਸ਼ ਆਈ ਹੈ ਤੇ ਉਹ ਜਲਦੀ ਹੀ ਆਪਣੇ ਰਾਜ ਦੇ ਇਸ ਮਹਿਕਮੇ
'ਚ ਜੁਆਇਨ ਕਰ ਲਵੇਗਾ। ਉਨ੍ਹਾਂ ਰੇਲਵੇ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਦੇਸ਼
ਦਾ ਵਿਸ਼ਵ ਪੱਧਰ 'ਤੇ ਨਾਂਅ ਚਮਕਾਉਣ ਵਾਲੇ ਖਿਡਾਰੀਆਂ 'ਤੇ ਤਰਸ ਕਰਨ ਤੇ ਖਿਡਾਰੀਆਂ
ਨੂੰ ਬਣਦੇ ਅਹੁਦੇ ਦੇਣ।
ਮਾਤਾ ਜੰਗੀਰ ਕੌਰ
ਹੰਸਰਾ ਯਾਦਗਾਰੀ ਕੇਸਾਧਾਰੀ ਕਬੱਡੀ ਕੱਪ 26 ਨੂੰ
ਜਗਰਾਓਂ, 20 ਜਨਵਰੀ - ਮਾਤਾ ਜੰਗੀਰ ਕੌਰ ਹੰਸਰਾ
ਯਾਦਗਾਰੀ ਕੇਸਾਧਾਰੀ ਕਬੱਡੀ ਕੱਪ ਸਿੱਖ ਕਬੱਡੀ ਫੈਡਰੇਸ਼ਨ ਅਮਰੀਕਾ ਵੱਲੋਂ 26 ਜਨਵਰੀ
ਨੂੰ ਜਾਂਗਪੁਰ ਦੇ ਮੈਦਾਨ 'ਚ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ 'ਚ ਛੇ
ਕੇਸਾਧਾਰੀ ਕਲੱਬਾਂ ਭਿੜਨਗੀਆਂ। ਇਸ 'ਚ ਜੇਤੂ ਕਲੱਬ ਨੂੰ 75 ਹਜ਼ਾਰ ਤੇ ਦੂਸਰੇ ਸਥਾਨ
'ਤੇ ਰਹਿਣ ਵਾਲੀ ਕਲੱਬ ਨੂੰ 50 ਹਜ਼ਾਰ ਰੁਪਏ ਦਾ ਇਨਾਮ ਦੇਣ ਤੋਂ ਇਲਾਵਾ 8 ਨਿਰੋਲ
ਕੇਸਾਧਾਰੀ ਖਿਡਾਰੀਆਂ ਨੂੰ ਚੁਣ ਕੇ ਸੋਨੇ ਦੀਆਂ ਮੁੰਦਰੀਆਂ ਵੀ ਪਾਉਣ ਦਾ ਐਲਾਨ ਕੀਤਾ
ਗਿਆ ਹੈ।
ਕਬੱਡੀ ਟੂਰਨਾਮੈਂਟ
24 ਨੂੰ
ਰਾਹੋਂ, 20 ਜਨਵਰੀ - ਕਬੱਡੀ ਟੂਰਨਾਮੈਂਟ ਪਿੰਡ
ਭਾਰਟਾ ਖੁਰਦ ਵਿਖੇ 24 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ 'ਚ
ਤਕਰੀਬਨ ਅੱਠ ਅਕੈਡਮੀਆਂ ਤੇ ਇੱਕ ਲੜਕੀਆਂ ਦਾ ਸ਼ੋਅ ਮੈਚ ਹੋਵੇਗਾ।
ਰਾੜਾ ਸਾਹਿਬ ਕਬੱਡੀ
ਕੱਪ 'ਚ ਪੱਤੋਂ ਹੀਰਾ ਅਕੈਡਮੀ ਦੀ ਝੰਡੀ
ਰਾੜਾ ਸਾਹਿਬ, 19 ਜਨਵਰੀ - ਚੌਥਾ ਸੰਤ ਈਸ਼ਰ ਸਿੰਘ
ਯਾਦਗਾਰੀ ਕਬੱਡੀ ਕੱਪ ਰਾੜਾ ਸਾਹਿਬ ਦੇ ਖੇਡ ਸਟੇਡੀਅਮ 'ਚ ਕਰਵਾਇਆ ਗਿਆ। ਇਸ ਦਾ
ਉਦਘਾਟਨ ਬਾਬਾ ਤੇਜਾ ਸਿੰਘ ਤਰਫ਼ੋਂ ਮੁੱਖ ਗ੍ਰੰਥੀ ਭਾਈ ਜਰਨੈਲ ਸਿੰਘ ਰਾੜਾ ਸਾਹਿਬ ਨੇ
ਕੀਤਾ। ਇਸ ਕੱਪ ਵਿਚ ਸ਼ਾਮਿਲ ਹੋਈਆਂ ਅੱਠ ਅਕੈਡਮੀਆਂ ਵਿਚੋਂ ਫਰੈਂਡਜ ਕਲੱਬ ਪੱਤੋਂ
ਹੀਰਾ ਨੇ ਪਹਿਲਾ ਅਤੇ ਅੰਬੀ ਕਲੱਬ ਹਠੂਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਪਹਿਲੇ
ਨੰਬਰ ਵਾਲਿਆਂ ਨੂੰ 1 ਲੱਖ ਦੂਜੇ ਨੂੰ 75000 ਬਾਕੀ ਟੀਮ ਨੂੰ ਵੀ 20-20 ਹਜ਼ਾਰ ਦੇ
ਇਨਾਮ ਦਿੱਤੇ। ਵੈਟਰਨ 40 ਸਾਲਾਂ ਤੋਂ ਉਪਰ ਦੇ ਖਿਡਾਰੀਆਂ ਵਿਚ ਲੁਧਿਆਣਾ ਪਹਿਲੇ ਤੇ
ਮੋਗਾ ਦੂਸਰਾ ਸਥਾਨ 'ਤੇ ਰਿਹਾ। ਇਸ ਤੋਂ ਇਲਾਵਾ ਕੱਪ ਦੇ ਪ੍ਰਬੰਧਕਾਂ ਨੇ ਜਿਥੇ
ਪੁਰਾਣੇ ਖਿਡਾਰੀਆਂ ਕੇਵਲ ਸਿੰਘ ਕੋਡਾ, ਗਾਮਾ ਘਣਗਸ ਮਿੰਦਰ ਸਿੰਘ ਘਲੋਟੀ, ਅੱਛਰਾ
ਸਿੰਘ ਅਕਬਰਪੁਰ ਛੰਨਾ, ਜਬਰ ਸਿੰਘ ਕੂਹਲੀ ਕਲਾਂ, ਹੁਸ਼ਿਆਰ ਸਿੰਘ ਖਹਿਰਾ, ਗੁਰਮੀਤ
ਸਿੰਘ ਮੰਨਵੀ ਅਤੇ ਮ: ਮਦਨ ਲਾਲ ਨਾਭਾ ਨੂੰ ਸਨਮਾਨਿਤ ਕੀਤਾ ਉਥੇ ਕੈਨੇਡਾ ਦੀ ਧਰਤੀ
'ਤੇ ਧਾਕ ਜਮਾਉਣ ਵਾਲੇ ਕਬੱਡੀ ਖਿਡਾਰੀ ਬਲਰਾਜ ਸਿੰਘ ਬਾਜ ਕਾਉਂਕੇ, ਸੰਦੀਪ ਸਿੰਘ ਮਨੂੰ
ਘਲੋਟੀ ਅਤੇ ਭੋਲੂ ਉਟਾਲਾ ਨੂੰ ਬੁਲਿਟ ਮੋਟਰ ਸਾਈਕਲਾਂ ਨਾਲ ਸਨਮਾਨਿਤ ਕੀਤਾ।
ਹੁਸ਼ਿਆਰਪੁਰ 'ਚ ਸ੍ਰੀ
ਗੁਰੂ ਹਰਿਗੋਬਿੰਦ ਸਾਹਿਬ ਵਰਲਡ ਕਬੱਡੀ ਕੱਪ ਸ਼ੁਰੂ
ਹੁਸ਼ਿਆਰਪੁਰ, 19 ਜਨਵਰੀ - ਦੋ ਰੋਜ਼ਾ ਪਹਿਲਾ ਸ੍ਰੀ
ਗੁਰੂ ਹਰਿਗੋਬਿੰਦ ਸਾਹਿਬ ਵਰਲਡ ਕਬੱਡੀ ਕੱਪ ਰੌਸ਼ਨ ਗਰਾਊਂਡ ਹੁਸ਼ਿਆਰਪੁਰ ਵਿਖੇ
ਕਰਵਾਇਆ ਗਿਆ। ਇਸ ਮੌਕੇ ਸ੍ਰੀ ਤੀਕਸ਼ਣ ਸੂਦ ਕੈਬਨਿਟ ਮੰਤਰੀ ਪੰਜਾਬ ਸ: ਦੇਸ ਰਾਜ
ਸਿੰਘ ਧੁੱਗਾ ਮੁੱਖ ਸੰਸਦੀ ਸਕੱਤਰ ਲੋਕ ਨਿਰਮਾਣ ਵਿਭਾਗ ਪੰਜਾਬ ਮੁੱਖ ਮਹਿਮਾਨ ਵਜੋਂ
ਸ਼ਾਮਲ ਹੋਏ ਅਤੇ ਸਾਂਝੇ ਰੂਪ ਵਿਚ ਵਰਲਡ ਕਬੱਡੀ ਕੱਪ ਦਾ ਰਸਮੀ ਉਦਘਾਟਨ ਕੀਤਾ।
ਮੰਡਿਆਣੀ ਖੇਡ ਮੇਲਾ
21 ਜਨਵਰੀ ਨੂੰ
ਚੌਂਕੀ ਮਾਨ, 19 ਜਨਵਰੀ - ਤਿੰਨ ਦਿਨਾਂ ਖੇਡ ਮੇਲਾ
ਬ੍ਰਹਮ ਗਿਆਨੀ ਬਾਬਾ ਮਿੱਤ ਸਿੰਘ ਯਾਦਗਾਰੀ ਪਿੰਡ ਮੰਡਿਆਣੀ (ਲੁਧਿਆਣਾ) ਵਿਖੇ 21
ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ। ਖੇਡ ਮੇਲੇ 'ਚ 2 ਵਜੇ ਘੋੜੀਆਂ ਦੌੜ ਹੋਵੇਗੀ
ਪਹਿਲਾ ਇਨਾਮ 4500 ਰੁਪਏ ਹੋਵੇਗਾ ਤੇ ਪੰਦਰਾਂ ਘੋੜੀਆਂ ਨੂੰ ਇਨਾਮ ਤਕਸੀਮ ਕੀਤੇ
ਜਾਣਗੇ। ਦੂਸਰੇ ਦਿਨ 21 ਨੂੰ ਦੁਪਹਿਰ 1 ਵਜੇ ਕੁੱਤਿਆਂ ਦੀ ਦੌੜ ਕਰਾਈ ਜਾਵੇਗੀ ਪਹਿਲੇ
ਸਥਾਨ 'ਤੇ ਆਉਣ ਵਾਲੇ ਨੂੰ 8000 ਰੁਪਏ ਨਕਦ ਇਨਾਮ ਦਿੱਤਾ ਜਾਵੇਗਾ ਤੇ ਕੇ ਦਸ ਇਨਾਮ
ਦਿੱਤੇ ਜਾਣਗੇ। ਮੇਲੇ 'ਚ ਕਬੱਡੀ 45 ਕਿਲੋ ਤੇ 70 ਕਿਲੋ ਦੇ ਮੁਕਾਬਲੇ ਕਰਵਾਏ ਜਾਣਗੇ।
ਰਾਮ ਪੁਰ ਖੇਡ ਮੇਲਾ
24 ਜਨਵਰੀ ਨੂੰ
ਦੋਰਾਹਾ, 19 ਜਨਵਰੀ - ਬਾਬਾ ਭਾਰਾ ਮੱਲ ਸਪੋਰਟਸ
ਕਲੱਬ ਰਜਿ : ਰਾਮ ਪੁਰ ਦਾ ਖੇਡ ਮੇਲਾ 24 ਤੋਂ 26 ਜਨਵਰੀ ਤੱਕ ਕਰਵਾਇਆ ਜਾ ਰਿਹਾ
ਹੈ।
ਸ੍ਰੀਲੰਕਾ ਦੌਰੇ ਲਈ
ਭਾਰਤੀ ਟੀਮ ਦੀ ਚੋਣ
ਮੁੰਬਈ, 18 ਜਨਵਰੀ - ਮੁੰਬਈ 'ਚ ਭਾਰਤੀ ਕ੍ਰਿਕਟ
ਕੰਟਰੋਲ ਬੋਰਡ ਦੇ ਚੋਣਕਰਤਾਵਾਂ ਦੀ ਮੀਟਿੰਗ ਦੌਰਾਨ 15 ਮੈਂਬਰੀ ਭਾਰਤੀ ਟੀਮ ਦਾ
ਐਲਾਨ ਕੀਤਾ ਗਿਆ। ਭਾਰਤੀ ਟੀਮ 'ਚ ਦੋ ਬਦਲਾਅ ਕੀਤੇ ਗਏ ਹਨ। ਫਿਰਕੀ ਗੇਂਦਬਾਜ਼ ਹਰਭਜਨ
ਸਿੰਘ ਨੂੰ ਮਾਸ ਪੇਸ਼ੀਆਂ ਦੀ ਖਿੱਚ ਕਾਰਨ ਬਾਹਰ ਰੱਖਿਆ ਗਿਆ ਹੈ। ਉਨ੍ਹਾਂ ਦੀ ਜਗ੍ਹਾ
ਪ੍ਰਵੀਣ ਕੁਮਾਰ ਦੀ ਟੀਮ 'ਚ ਵਾਪਸੀ ਹੋਈ ਹੈ। ਵਿਰਾਟ ਕੋਹਲੀ ਨੂੰ ਵੀ ਟੀਮ 'ਚ ਜਗ੍ਹਾ
ਨਹੀਂ ਮਿਲ ਸਕੀ। ਵਿਰਾਟ ਦੀ ਥਾਂ ਚੋਣਕਰਤਾਵਾਂ ਨੇ ਹਰਫ਼ਨ-ਮੌਲਾ ਰਵਿੰਦਰ ਜਡੇਜਾ ਨੂੰ
ਮੌਕਾ ਦਿੱਤਾ ਹੈ। ਘਰੇਲੂ ਕ੍ਰਿਕਟ 'ਚ ਜਡੇਜਾ ਦਾ ਪ੍ਰਦਰਸ਼ਨ ਕਾਫੀ ਵਧੀਆ ਰਿਹਾ ਹੈ।
ਰਣਜੀ ਟਰਾਫ਼ੀ 'ਚ ਜਡੇਜਾ ਨੇ 42 ਵਿਕਟਾਂ ਆਪਣੇ ਨਾਂਅ ਕੀਤੀਆਂ ਹਨ। ਮਹਿੰਦਰ ਸਿੰਘ
ਧੋਨੀ ਹੀ ਭਾਰਤੀ ਟੀਮ ਦੇ ਕਪਤਾਨ ਹੋਣਗੇ ਜਦਕਿ ਵਰਿੰਦਰ ਸਹਿਵਾਗ ਨੂੰ ਉਪ-ਕਪਤਾਨ ਦੀ
ਜ਼ਿੰਮੇਵਾਰੀ ਸੌਂਪੀ ਗਈ ਹੈ। ਜ਼ਿਕਰ ਯੋਗ ਹੈ ਕਿ ਭਾਰਤੀ ਟੀਮ 26 ਜਨਵਰੀ ਨੂੰ ਸ੍ਰੀਲੰਕਾ
ਰਵਾਨਾ ਹੋਵੇਗੀ ਅਤੇ 5 ਇਕ ਦਿਨਾ ਅੰਤਰਰਾਸ਼ਟਰੀ ਮੈਚ ਅਤੇ ਇਕ ਟਵੰਟੀ-20 ਮੈਚ ਖੇਡੇਗੀ।
ਪਹਿਲਾ ਇਕ ਦਿਨਾ ਦਾਮੋਲਾ ਵਿਖੇ 28 ਜਨਵਰੀ ਨੂੰ ਖੇਡਿਆ ਜਾਵੇਗਾ। ਭਾਰਤੀ ਟੀਮ ਇਸ
ਤਰ੍ਹਾਂ ਹੈ : ਮਹਿੰਦਰ ਸਿੰਘ ਧੋਨੀ (ਕਪਤਾਨ), ਵਰਿੰਦਰ ਸਹਿਵਾਗ (ਉਪ-ਕਪਤਾਨ), ਸਚਿਨ
ਤੇਂਦੁਲਕਰ, ਯੁਵਰਾਜ ਸਿੰਘ, ਗੌਤਮ ਗੰਭੀਰ, ਸੁਰੇਸ਼ ਰੈਣਾ, ਯੂਸਫ਼ ਪਠਾਨ, ਮੁਨਾਫ਼ ਪਟੇਲ,
ਜ਼ਹੀਰ ਖ਼ਾਨ, ਇਸ਼ਾਂਤ ਸ਼ਰਮਾ, ਪ੍ਰਗਿਆਨ ਓਝਾ, ਰਵਿੰਦਰ ਜਡੇਜਾ, ਰੋਹਿਤ ਸ਼ਰਮਾ, ਇਰਫਾਨ
ਪਠਾਨ ਅਤੇ ਪ੍ਰਵੀਣ ਕੁਮਾਰ।
ਬੁੰਡਾਲਾ ਮੰਜਕੀ 'ਚ
ਕੌਮਾਂਤਰੀ ਪੱਧਰ ਦਾ ਕਬੱਡੀ ਕੱਪ 21 ਨੂੰ
ਜੰਡਿਆਲਾ ਮੰਜਕੀ, 18 ਜਨਵਰੀ - ਪਹਿਲਾ ਕਬੱਡੀ ਕੱਪ
21 ਜਨਵਰੀ ਦਿਨ ਬੁੱਧਵਾਰ ਨੂੰ ਦੁਆਬੇ ਦੇ ਇਨਕਲਾਬੀ ਪਿੰਡ ਬੁੰਡਾਲਾ ਮੰਜਕੀ ਦੇ ਸ਼ਹੀਦ
ਭਗਤ ਸਿੰਘ ਖੇਡ ਸਟੇਡੀਅਮ ਵਿਚ ਕਰਵਾਇਆ ਜਾ ਰਿਹਾ ਹੈ। ਇਸ ਅੰਤਰਰਾਸ਼ਟਰੀ ਪੱਧਰ ਦੇ
ਪਹਿਲੇ ਕਬੱਡੀ ਕੱਪ ਮੌਕੇ ਵਿਸ਼ਵ ਪੱਧਰ ਦੀਆਂ ਅੱਠ ਕਬੱਡੀ ਟੀਮਾਂ ਹਿੱਸਾ ਲੈਣਗੀਆਂ।
ਲੜਕੀਆਂ ਦੀਆਂ ਦੋ ਪ੍ਰਸਿੱਧ ਟੀਮਾਂ ਦਾ ਵੀ ਮੁਕਾਬਲਾ ਹੋਵੇਗਾ। ਪਹਿਲੇ, ਦੂਜੇ ਤੇ
ਤੀਜੇ ਸਥਾਨ 'ਤੇ ਰਹਿਣ ਵਾਲੀਆਂ ਟੀਮਾਂ ਨੂੰ ਕ੍ਰਮਵਾਰ 71000, 61000 ਤੇ 51000
ਰੁਪਏ ਦੀ ਨਕਦ ਰਾਸ਼ੀ ਅਤੇ ਸਨਮਾਨ ਚਿੰਨ੍ਹ ਦਿੱਤੇ ਜਾਣਗੇ।
ਦਿੜ੍ਹਬਾ ਦਾ 36ਵਾਂ
ਕਬੱਡੀ ਕੱਪ 22 ਤੋਂ
ਦਿੜ੍ਹਬਾ ਮੰਡੀ, 18 ਜਨਵਰੀ - 36ਵਾਂ ਸ਼ਹੀਦ ਬਚਨ
ਸਿੰਘ ਯਾਦਗਾਰੀ ਅੰਤਰਰਾਸ਼ਟਰੀ ਕਬੱਡੀ ਕੱਪ 22-24 ਜਨਵਰੀ ਤੱਕ ਦਿੜ੍ਹਬਾ ਮੰਡੀ ਦੇ
ਸਟੇਡੀਅਮ ਵਿਚ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ ਦੇ ਪਹਿਲੇ ਦਿਨ ਹੀ ਇਕ ਪਿੰਡ
ਓਪਨ ਦੇ ਫਸਵੇਂ ਮੁਕਾਬਲੇ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਹੋਣਗੇ ਅਤੇ ਪਹਿਲੇ ਦਿਨ
ਸਟੇਡੀਅਮ ਵਿਚ ਦਰਸ਼ਕਾਂ ਦੇ ਮਨੋਰੰਜਨ ਲਈ ਪੰਜਾਬ ਦੇ ਮਸ਼ਹੂਰ ਗਾਇਕ ਜੋੜੀ ਭੁਪਿੰਦਰ
ਗਿੱਲ ਅਤੇ ਮਿਸ ਨੀਲਮ ਆਪਣੇ ਹਿੱਟ ਗੀਤਾਂ ਦਾ ਰੰਗ ਬਿਖੇਰਣਗੇ। ਪਹਿਲੇ ਸਥਾਨ 'ਤੇ
ਆਉਣ ਵਾਲੀ ਵਾਲੀ ਅਕੈਡਮੀ ਨੂੰ 1 ਲੱਖ ਇਕੱਤੀ ਹਜ਼ਾਰ ਰੁਪਏ ਦਾ ਨਕਦ ਇਨਾਮ, ਜਦ ਕਿ
ਦੂਜਾ ਸਥਾਨ ਪ੍ਰਾਪਤ ਕਰਨ ਵਾਲੀ ਅਕੈਡਮੀ ਨੂੰ 1 ਲੱਖ ਰੁਪਏ ਦੇ ਨਕਦ ਇਨਾਮ ਨਾਲ
ਨਿਵਾਜਿਆ ਜਾਵੇਗਾ। 24 ਜਨਵਰੀ ਨੂੰ ਸ਼ਾਮ 5 ਵਜੇ ਪੰਜਾਬ ਦੀ ਮਸ਼ਹੂਰ ਆਵਾਜ਼ ਦੇ ਮਾਲਕ
ਗਾਇਕ ਗੁਰਦਾਸ ਮਾਨ ਖੁੱਲ੍ਹੇ ਅਖਾੜੇ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਨਗੇ।
ਪੰਜਵਾਂ ਸਰਬ ਭਾਰਤੀ
ਬਲਵੰਤ ਸਿੰਘ ਕਪੂਰ ਮੈਮੋਰੀਅਲ ਹਾਕੀ ਟੂਰਨਾਮੈਂਟ
ਜਲੰਧਰ, 18 ਜਨਵਰੀ -ਪੰਜਵਾਂ ਸਰਬ ਭਾਰਤੀ ਸ: ਬਲਵੰਤ
ਸਿੰਘ ਕਪੂਰ ਮੈਮੋਰੀਅਲ ਹਾਕੀ ਟੂਰਨਾਮੈਂਟ ਫਾਰ ਸਕੂਲਜ਼ ਅੰਡਰ-17 ਸਾਲ ਉਲੰਪੀਅਨ
ਸੁਰਜੀਤ ਹਾਕੀ ਸਟੇਡੀਅਮ ਬਰਲਟਨ ਪਾਰਕ ਜਲੰਧਰ ਵਿਖੇ ਚੱਲ ਰਿਹਾ ਹੈ। ਇਸ ਦਾ ਉਦਘਾਟਨ
ਮੁੱਖ ਮਹਿਮਾਨ ਜਲੰਧਰ ਦੇ ਡਵੀਜ਼ਨਲ ਕਮਿਸ਼ਨਰ ਸ੍ਰੀ ਐਸ. ਆਰ. ਲੱਧੜ ਨੇ ਕੀਤਾ। ਉਦਘਾਟਨੀ
ਮੈਚ 'ਚ ਲਾਇਲਪੁਰ ਖਾਲਸਾ ਸਕੂਲ ਜਲੰਧਰ ਨੇ ਇੰਟਰ ਕਾਲਜ ਰਾਮਪੁਰ ਨੂੰ 9-0 ਨਾਲ
ਹਰਾਇਆ।
ਖਿਡਾਰੀਆਂ ਦੀ ਗਿਣਤੀ
3 ਹਜ਼ਾਰ ਤੋਂ ਵਧਾ ਕੇ 5 ਹਜ਼ਾਰ ਕਰਨ ਦਾ ਐਲਾਨ
ਚਾਉਕੇ, 17 ਜਨਵਰੀ - 16 ਵਾਂ ਕਬੱਡੀ ਕੱਪ ਚਾਉਕੇ
ਦੇ ਸਰਕਾਰੀ ਸੈਕੰਡਰੀ ਸਕੂਲ ਦੇ ਸਟੇਡੀਅਮ ਵਿਖੇ ਸ਼ਹੀਦ ਬਾਬਾ ਮਹਾਂ ਸਿੰਘ ਯੂਥ
ਵੈਲਫੇਅਰ ਐਂਡ ਸਪੋਰਟਸ ਕਲੱਬ ਚਾਉਕੇ, ਜਵਾਹਰ ਯੂਥ ਕਲੱਬ ਅਤੇ ਗਰਾਮ ਪੰਚਾਇਤ ਪਿੰਡ
ਚਾਉਕੇ ਵੱਲੋਂ ਕਰਵਾਇਆ ਗਿਆ। ਇਸ ਕੱਪ ਦੇ ਨਤੀਜਿਆਂ 'ਚ ਕਬੱਡੀ ਓਪਨ ਅਕੈਡਮੀਆਂ ਦੇ
ਫਾਈਨਲ 'ਚ ਦਸਮੇਸ਼ ਕਲੱਬ ਨਕੋਦਰ ਅਕੈਡਮੀ ਨੇ ਡੀਏਵੀ ਕੈਲਫੋਰਨੀਆਂ ਕਲੱਬ ਜਲੰਧਰ ਨੂੰ
ਹਰਾ ਕੇ ਕੱਪ 'ਤੇ ਕਬਜ਼ਾ ਕੀਤਾ। ਕਬੱਡੀ 70 ਕਿਲੋ 'ਚ ਚਾਉਕੇ ਨੇ ਪਹਿਲਾ, ਰਾਮਪਰਾ
ਪਿੰਡ ਨੇ ਦੂਸਰਾ, 57 ਕਿਲੋ 'ਚ ਪਿੱਥੋ ਨੇ ਪਹਿਲਾ, ਰੂੜੇਕੇ ਕਲਾਂ ਨੇ ਦੂਸਰਾ, 52
ਕਿਲੋ 'ਚ ਜਵਾਹਰ ਕੇ ਨੇ ਪਹਿਲਾ, ਚਾਉਕੇ ਨੇ ਦੂਸਰਾ, ਵਾਲੀਬਾਲ ਸ਼ੂਟਿੰਗ 'ਚ ਬਲਾਹੜ੍ਹ
ਮਹਿਮਾਂ ਨੇ ਪਹਿਲਾ ਅਤੇ ਬੱਲ੍ਹੋ ਦੀ ਟੀਮ ਨੇ ਦੂਸਰਾ, ਕੁੱਤਿਆਂ ਦੀਆਂ ਦੌੜਾਂ 'ਚ
ਨੋਬਲ ਗਰੁੱਪ ਲੁਧਿਆਣਾ ਦੇ ਕੁੱਤੇ ਨੇ ਪਹਿਲਾ, ਭੋਲਾ ਸਿੰਘ ਰੌਲੀ ਦੇ ਕੁੱਤੇ ਨੇ
ਦੂਸਰਾ, ਜਗਦੇਵ ਸਿੰਘ ਧੰਨਾ ਦੇ ਕੁੱਤੇ ਨੇ ਤੀਸਰਾ ਅਤੇ ਮਾਨਵ ਹਰਨਾਮ ਸਿੰਘ ਵਾਲਾ ਦੇ
ਕੁੱਤੇ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਰੱਸਾਕਸ਼ੀ 'ਚ ਬਰਜਦੁੰਨਾ ਨੇ ਪਹਿਲਾ ਅਤੇ
ਉਭਾਵਾਲ ਨੇ ਦੂਸਰਾ ਸਥਾਨ ਹਾਸਲ ਕੀਤਾ। ਮੇਲੇ ਦੇ ਅੰਤਿਮ ਦਿਨ ਮੁੱਖ ਮਹਿਮਾਨ ਵਜੋਂ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਂਸਦ ਸ: ਸੁਖਬੀਰ ਸਿੰਘ ਬਾਦਲ ਨੇ ਸ਼ਮੂਲੀਅਤ
ਕੀਤੀ ਅਤੇ ਸਮਾਗਮ ਦੀ ਪ੍ਰਧਾਨਗੀ ਪੰਜਾਬ ਦੇ ਮੁੱਖ ਸੰਸਦੀ ਸਕੱਤਰ ਸ: ਜਗਦੀਪ ਸਿੰਘ
ਨਕਈ ਨੇ ਕੀਤੀ। ਇਸ ਮੌਕੇ ਖੇਡ ਪ੍ਰੇਮੀਆਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ:
ਬਾਦਲ ਨੇ ਕਿਹਾ ਕਿ ਪੰਜਾਬ ਦੇ ਖੇਡ ਵਿੰਗਾਂ ਵਿਚ ਖਿਡਾਰੀਆਂ ਦੀ ਗਿਣਤੀ 3 ਹਜ਼ਾਰ ਤੋਂ
ਵਧਾ ਕੇ ਇਸੇ ਸਾਲ 5 ਹਜ਼ਾਰ ਕਰ ਦਿੱਤੀ ਜਾਵੇਗੀ ਤਾਂ ਜੋ ਖੇਡਾਂ ਅਤੇ ਖਿਡਾਰੀਆਂ ਨੂੰ
ਹੋਰ ਉਤਸ਼ਾਹਿਤ ਕੀਤਾ ਜਾ ਸਕੇ। ਸ: ਬਾਦਲ ਨੇ ਪਿੰਡ ਚਾਉਕੇ ਵਿਖੇ ਸ਼ਾਨਦਾਰ ਖੇਡ
ਸਟੇਡੀਅਮ ਵੀ ਜਲਦੀ ਬਣਾਉਣ ਦਾ ਐਲਾਨ ਵੀ ਕੀਤਾ।
5ਵਾਂ ਕਬੱਡੀ ਵਰਲਡ
ਕੱਪ 28 ਨੂੰ
ਹੁਸ਼ਿਆਰਪੁਰ, 17 ਜਨਵਰੀ - 33ਵਾਂ ਸਾਲਾਨਾ ਪੇਂਡੂ
ਖੇਡ ਮੇਲਾ 22 ਤੋਂ 28 ਜਨਵਰੀ ਤੱਕ ਫੁੱਗਲਾਣਾ ਵਿਖੇ ਸ਼ੇਰੇ ਪੰਜਾਬ ਸਪੋਰਟਸ ਕਲੱਬ
ਫੁੱਗਲਾਣਾ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਮੇਲੇ 'ਚ 28 ਜਨਵਰੀ ਨੂੰ ਕਬੱਡੀ ਵਰਲਡ
ਕੱਪ ਕਰਵਾਇਆ ਜਾਵੇਗਾ, ਜਿਸ ਵਿਚ ਕੁੱਲ ਇਨਾਮ 4 ਲੱਖ ਰੁਪਏ ਨਕਦ ਅਤੇ ਟਰਾਫੀਆਂ
ਦਿੱਤੀਆਂ ਜਾਣਗੀਆਂ। ਇਸ ਮੌਕੇ ਰਾਜ ਗਾਇਕ ਹੰਸ ਰਾਜ ਹੰਸ ਨੂੰ ਸਨਮਾਨਿਤ ਕੀਤਾ ਜਾਵੇਗਾ
ਅਤੇ ਕਬੱਡੀ ਖਿਡਾਰੀ ਰੂਬੀ ਹਰਖੋਵਾਲੀਆ ਨੂੰ ਬੁਲਟ ਮੋਟਰ ਸਾਈਕਲ ਨਾਲ ਸਨਮਾਨਿਤ ਕੀਤਾ
ਜਾਵੇਗਾ।
ਕੌਮੀ ਖੇਡਾਂ 15
ਫਰਵਰੀ ਦੀ ਥਾਂ ਹੁਣ ਜੂਨ 'ਚ
ਨਵੀਂ ਦਿੱਲੀ, 17 ਜਨਵਰੀ - 34ਵੀਂਆਂ ਕੌਮੀ ਖੇਡਾਂ
ਜੋ ਕਿ ਪਹਿਲਾਂ 15 ਤੋਂ 28 ਫਰਵਰੀ ਤੱਕ ਝਾਰਖੰਡ ਅਤੇ ਰਾਂਚੀ, ਜਮਸ਼ੇਦਪੁਰ ਅਤੇ
ਧਨਬਾਦ ਵਿਖੇ ਕਰਵਾਈਆਂ ਜਾਣੀਆਂ ਸਨ, ਉਹ ਮੁੜ ਮੁਲਤਵੀ ਕਰਕੇ ਜੂਨ ਕਰ ਦਿੱਤੀਆਂ ਗਈਆਂ
ਹਨ। ਅਸਲ ਵਿਚ ਇਹ ਖੇਡਾਂ ਦਾ ਇਹ ਮਹਾਂ ਕੁੰਭ 2007 'ਚ ਕਰਵਾਇਆ ਜਾਣਾ ਸੀ ਪਰ
ਸਟੇਡੀਅਮ ਅਤੇ ਹੋਰ ਲੋੜੀਂਦਾ ਇਮਾਰਤਾਂ ਦੇ ਸਮੇਂ ਸਿਰ ਪੂਰਾ ਨਾ ਹੋਣ ਕਰਕੇ ਇਨ੍ਹਾਂ
ਨੂੰ ਕਈ ਵਾਰ ਅੱਗੇ ਪਾਉਣਾ ਪਿਆ। ਭਾਰਤੀ ਉਲੰਪਿਕ ਐਸੋਸੀਏਸ਼ਨ ਵੱਲੋਂ ਇਸ ਸਬੰਧੀ ਜਾਰੀ
ਬਿਆਨ ਅਨੁਸਾਰ ਇਨ੍ਹਾਂ ਖੇਡਾਂ ਨੂੰ ਇਕ ਵਾਰ ਫੇਰ ਤਿਆਰੀਆਂ ਸਿਰੇ ਨਾ ਚੜ੍ਹਨ ਕਰਕੇ
ਮੁਲਤਵੀ ਕੀਤਾ ਗਿਆ ਹੈ।
11ਵਾਂ ਹਰਜੀਤ ਕਬੱਡੀ
ਕੱਪ 1 ਤੋਂ 3 ਫਰਵਰੀ ਤੱਕ
ਬਾਜਾ ਖਾਨਾ, 17 ਜਨਵਰੀ -11ਵਾਂ ਹਰਜੀਤ ਯਾਦਗਾਰੀ
ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ 1 ਤੋਂ 3 ਫਰਵਰੀ ਤੱਕ ਹਰਜੀਤ ਸਪੋਰਟਸ ਸਟੇਡੀਅਮ
ਬਾਜਾਖਾਨਾ ਵਿਖੇ ਕਰਵਾਇਆ ਜਾਂਦਾ ਹੈ। ਇਹ ਕਬੱਡੀ ਕੱਪ ਅੰਤਰਰਾਸ਼ਟਰੀ ਕਬੱਡੀ ਖਿਡਾਰੀ
ਸਵ: ਹਰਜੀਤ ਸਿੰਘ ਬਰਾੜ ਦੀ ਯਾਦ ਨੂੰ ਸਮਰਪਿਤ ਹੈ। ਇਸ 'ਚ 1, 2 ਫਰਵਰੀ ਨੂੰ
ਸਟੇਡੀਅਮ ਵਿਚ ਕਲਾਕਾਰਾਂ ਦੁਆਰਾ ਰਾਤ ਨੂੰ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ।
ਟੂਰਨਾਮੈਂਟ ਵਿਚ ਵੱਖ-ਵੱਖ ਦੇਸ਼ਾਂ ਦੀਆਂ ਕਬੱਡੀ ਟੀਮਾਂ ਪਹੁੰਚਣਗੀਆਂ।
ਘੱਗਾ ਅੰਤਰਰਾਸ਼ਟਰੀ
ਕਬੱਡੀ ਕੱਪ ਫਰਵਰੀ ਦੇ ਪਹਿਲੇ ਹਫ਼ਤੇ
ਪਾਤੜਾਂ, 17 ਜਨਵਰੀ - ਦੂਜਾ ਘੱਗਾ ਅੰਤਰਰਾਸ਼ਟਰੀ
ਕਬੱਡੀ ਕੱਪ ਫਰਵਰੀ ਦੇ ਪਹਿਲੇ ਹਫਤੇ ਸ਼ਹੀਦ ਨਿਸ਼ਾਨ ਸਿੰਘ ਸਪੋਰਟਸ ਕਲੱਬ ਘੱਗਾ ਵੱਲੋਂ
ਐਨ. ਆਰ. ਆਈਜ਼ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਮੇਲੇ ਵਿਚ ਕਬੱਡੀ ਆਲ
ਓਪਨ, ਇਕ ਪਿੰਡ ਓਪਨ, 65 ਕਿਲੋ, 55 ਕਿਲੋ, 47 ਕਿਲੋ, ਅਤੇ ਕੁੜੀਆਂ ਦੀ ਕਬੱਡੀ,
ਰੱਸਾਕਸ਼ੀ, 40 ਸਾਲ ਤੋਂ ਉਪਰ ਦੇ ਬਜ਼ੁਰਗਾਂ ਦੀ ਕਬੱਡੀ, ਵਾਲੀਬਾਲ ਸਮੈਸ਼ਿੰਗ ਦੇ
ਮੁਕਾਬਲੇ ਹੋਣਗੇ।
ਤੀਸਰਾ ਅੰਤਰਰਾਸ਼ਟਰੀ
ਕਬੱਡੀ ਟੂਰਨਾਮੈਂਟ 16 ਤੋਂ
ਬਾਘਾ ਪੁਰਾਣਾ, 17 ਜਨਵਰੀ - ਤੀਸਰਾ ਅੰਤਰਰਾਸ਼ਟਰੀ
ਕਬੱਡੀ ਟੂਰਨਾਮੈਂਟ 16-17 ਫਰਵਰੀ ਨੂੰ ਮਾਲਵੇ ਦੇ ਪ੍ਰਸਿੱਧ ਧਾਰਮਿਕ ਅਸਥਾਨ
ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਚੰਦ ਪੁਰਾਣਾ (ਮੋਗਾ) ਦੇ ਨਜ਼ਦੀਕ ਕਰਵਾਇਆ ਜਾ
ਰਿਹਾ ਹੈ। ਇਹ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਨਛੱਤਰ ਸਿੰਘ ਵੱਲੋਂ
ਸਮੂਹ ਐਨ.ਆਰ.ਆਈ. ਵੀਰਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ
ਮੇਲੇ 'ਚ ਮੌਜੂਦਾ ਸਰਪੰਚਾਂ ਦੀਆਂ ਦੌੜਾਂ ਵੀ ਕਰਵਾਈਆਂ ਜਾਣਗੀਆਂ।
ਫੁੱਟਬਾਲ ਲੀਗ ਦਾ
ਮੈਚ 23 ਜਨਵਰੀ ਨੂੰ
ਜਲੰਧਰ, 17 ਜਨਵਰੀ - ਓ ਐਨ ਜੀ ਸੀ ਫੁੱਟਬਾਲ ਲੀਗ
ਦੇ ਦੋ ਮੈਚ 23 ਤੇ 30 ਜਨਵਰੀ ਨੂੰ ਡੈਪੋ ਸਪੋਰਟਸ ਕਲੱਬ ਗੋਆ ਦਾ ਜੇ ਸੀ ਟੀ ਦਰਮਿਆਨ
ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ 2 ਵਜੇ ਕਰਵਾਏ ਜਾਣਗੇ।
ਮੁੰਬਈ
ਦਾ 38ਵੀਂ ਵਾਰ ਰਣਜੀ ਟਰਾਫ਼ੀ 'ਤੇ ਕਬਜ਼ਾ
ਹੈਦਰਾਬਾਦ, 16 ਜਨਵਰੀ - ਮੁੰਬਈ ਨੇ ਉਤਰ ਪ੍ਰਦੇਸ਼
ਦੀ ਟੀਮ ਨੂੰ 243 ਦੌੜਾਂ ਨਾਲ ਹੈਦਰਾਬਾਦ 'ਚ ਕਰਾਰੀ ਮਾਤ ਦੇ ਕੇ 38ਵੀਂ ਵਾਰ
ਚੈਂਪੀਅਨਸ਼ਿਪ ਜਿੱਤ ਲਈ। ਮੁੰਬਈ ਨੇ ਰੋਹਿਤ ਸ਼ਰਮਾ ਦੀ ਬਦੌਲਤ ਆਪਣੀ ਪਹਿਲੀ ਪਾਰੀ 'ਚ
402 ਦੌੜਾਂ ਬਣਾਈਆਂ ਸਨ ਜਦਕਿ 7 ਵਿਕਟਾਂ ਲੈਣ ਵਾਲੇ ਜ਼ਹੀਰ ਖਾਨ ਅੱਗੇ ਉੱਤਰ ਪ੍ਰਦੇਸ਼
ਦੀ ਟੀਮ ਪਹਿਲੀ ਪਾਰੀ 'ਚ 245 ਦੌੜਾਂ ਹੀ ਬਣਾ ਸਕੀ ਸੀ। ਪਹਿਲੀ ਪਾਰੀ ਦੇ ਅਧਾਰ 'ਤੇ
ਮੁੰਬਈ ਨੂੰ 157 ਦੌੜਾਂ ਦੀ ਬੜ੍ਹਤ ਮਿਲੀ ਸੀ। ਮੁੰਬਈ ਨੇ ਵਿਨਾਇਕ ਸਾਮੰਤ ਅਤੇ
ਰੋਹਿਤ ਦੇ ਸੈਂਕੜਿਆਂ ਦੀ ਮਦਦ ਨਾਲ ਆਪਣੀ ਦੂਜੀ ਪਾਰੀ 'ਚ 367 ਰਨ ਬਣਾ ਕੇ ਉੱਤਰ
ਪ੍ਰਦੇਸ਼ ਸਾਹਮਣੇ 525 ਦੌੜਾਂ ਦਾ ਅਸੰਭਵ ਨਿਸ਼ਾਨਾ ਰੱਖਿਆ ਸੀ। ਜਵਾਬ 'ਚ ਉੱਤਰ
ਪ੍ਰਦੇਸ਼ ਦੀ ਟੀਮ ਮੈਚ ਦੇ ਪੰਜਵੇਂ ਦਿਨ ਸ਼ੁੱਕਰਵਾਰ ਨੂੰ 281 ਦੌੜਾਂ ਬਣਾ ਕੇ
ਪੈਵੇਲੀਅਨ ਪਰਤ ਗਈ।
ਭਾਰਤੀ ਕ੍ਰਿਕਟ ਟੀਮ
20 ਫਰਵਰੀ ਨੂੰ ਪਹੁੰਚੇਗੀ ਨਿਊਜ਼ੀਲੈਂਡ
ਔਕਲੈਂਡ, 16 ਜਨਵਰੀ - ਨਿਊਜ਼ੀਲੈਂਡ ਦੇ ਵੱਖ ਵੱਖ
ਥਾਂਵਾਂ 'ਤੇ ਕ੍ਰਿਕਟ ਮੈਚ ਕਰਵਾਏ ਜਾ ਰਹੇ ਹਨ। ਇਸ'ਚ ਹਿੱਸਾ ਲੈਣ ਲਈ ਹੁਣ ਭਾਰਤੀ
ਟੀਮ ਨਿਰਧਾਰਤ ਮਿਤੀ ਤੋਂ 8 ਦਿਨ ਪਹਿਲਾਂ 20 ਫਰਵਰੀ ਨੂੰ ਲਗਭਗ ਡੇਢ ਮਹੀਨੇ ਲਈ
ਨਿਊਜ਼ੀਲੈਂਡ ਪਹੁੰਚੇਗੀ। ਇਨ੍ਹਾਂ ਦਿਨਾਂ 'ਚ ਇਹ ਟੀਮ ਨਿਊਜ਼ੀਲੈਂਡ ਦੀ ਟੀਮ (ਬਲੈਕ
ਕੈਪਸ) ਨਾਲ ਵੱਖ-ਵੱਖ ਥਾਂਵਾਂ 'ਤੇ ਦੋ ਮੈਚ ਟਵੰਟੀ-20 ਦੇ ਵੀ ਖੇਡੇਗੀ। ਵਰਣਨਯੋਗ
ਹੈ ਕਿ ਨਿਊਜ਼ੀਲੈਂਡ ਵਿਚ ਭਾਰਤ ਵਿਰੁਧ ਹੋਣ ਵਾਲੇ ਇਨ੍ਹਾਂ ਅੰਤਰਰਾਸ਼ਟਰੀ ਮੈਚਾਂ ਨੂੰ
ਵੇਖਣ ਦਾ ਐਨਾ ਸ਼ੌਕ ਹੈ ਵੱਖ-ਵੱਖ ਸਟੇਡੀਅਮਾਂ ਦੀ ਬਹੁਤ ਸਾਰੀਆਂ ਟਿਕਟਾਂ ਬੁੱਕ ਹੋ
ਚੁੱਕੀਆਂ ਹਨ। ਦੌਰੇ ਵਿਚ ਆਈ ਤਬਦੀਲੀ ਕਰਕੇ ਇਨ੍ਹਾਂ ਟਿਕਟਾਂ ਦੀ ਵਿਕਰੀ ਸੋਮਵਾਰ
ਤੱਕ ਰੋਕ ਦਿੱਤੀ ਗਈ ਹੈ। ਟਿਕਟਾਂ ਦੀ ਕੀਮਤ 40, 35, 25 ਅਤੇ 10 ਨਿਊਜ਼ੀਲੈਂਡ ਡਾਲਰ
ਤੱਕ ਰੱਖੀ ਗਈ ਹੈ। ਔਕਲੈਂਡ ਸ਼ਹਿਰ ਦਾ 'ਈਡਨ ਪਾਰਕ ਸਟੇਡੀਅਮ' ਜਿਥੇ ਕਿ ਨਿਊਜ਼ੀਲੈਂਡ
ਕ੍ਰਿਕਟ ਦਾ ਜਨਮ ਹੋਇਆ ਬਹੁਤ ਹੀ ਮਸ਼ਹੂਰ ਸਟੇਡੀਅਮ ਮੰਨਿਆ ਜਾਂਦਾ ਹੈ।
ਕੌਮੀ ਟਰੈਕ
ਸਾਈਕਲਿੰਗ ਚੈਂਪੀਅਨਸ਼ਿਪ
ਪਟਿਆਲਾ, 16 ਜਨਵਰੀ - 62ਵੀਂ ਸੀਨੀਅਰ, 35ਵੀਂ
ਜੂਨੀਅਰ ਤੇ 25ਵੀਂ ਸਬ ਜੂਨੀਅਰ ਕੌਮੀ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਪੰਜਾਬੀ 'ਵਰਸਿਟੀ
ਦੇ ਰਾਜਾ ਭਾਲਿੰਦਰਾ ਸਿੰਘ ਸਪੋਰਟਸ ਕੰਪਲੈਕਸ ਦੇ ਵੈਲੋਡਰੰਮ ਵਿਖੇ ਚੱਲ ਰਹੀ ਹੈ। ਇਸ
ਦੇ ਚੌਥੇ ਦਿਨ ਵੀ ਪੰਜਾਬ ਦੇ ਖਿਡਾਰੀਆਂ ਨੇ ਦੋ ਸੋਨ, ਦੋ ਚਾਂਦੀ ਤੇ 1 ਕਾਂਸੀ ਦਾ
ਤਗਮਾ ਜਿੱਤ ਕੇ ਆਪਣੀ ਜੇਤੂ ਮੁਹਿੰਮ ਕਾਇਮ ਰੱਖੀ। 16 ਜਨਵਰੀ ਨੂੰ ਹੋਏ ਮੁਕਾਬਲਿਆਂ
'ਚ ਅੰਡਰ 15 ਉਮਰ ਗੁੱਟ ਦੇ 1000 ਮੀਟਰ ਸਕਰੈਚ ਰੇਸ ਮੁਕਾਬਲੇ 'ਚ ਪੰਜਾਬ ਦੇ
ਅਮਨਵੀਰ ਸਿੰਘ ਨੇ ਸੋਨ, ਅਮਰਜੀਤ ਸਿੰਘ ਦਿੱਲੀ ਨੇ ਚਾਂਦੀ ਤੇ ਪੰਜਾਬ ਦੇ ਗਗਨ ਦੀਪ
ਸਿੰਘ ਨੇ ਕਾਂਸੀ, ਅੰਡਰ-17 ਉਮਰ ਗੁੱਟ ਦੀ ਇਸੇ ਦੌੜ 'ਚ ਪੰਜਾਬ ਦੇ ਅਮ੍ਰਿਤ ਸਿੰਘ
ਨੇ ਸੋਨ, ਕਰਨਬੀਰ ਸਿੰਘ ਨੇ ਚਾਂਦੀ ਤੇ ਜੰਮੂ ਕਸ਼ਮੀਰ ਦੇ ਨਗੇਂਦਰ ਕੁਮਾਰ ਨੇ ਕਾਂਸੀ
ਦਾ, ਪੁਰਸ਼ਾਂ ਦੇ 8000 ਮੀਟਰ ਸਕਰੈਚ ਮੁਕਾਬਲੇ 'ਚ ਰੇਲਵੇ ਦੇ ਅਮਨਦੀਪ ਸਿੰਘ ਨੇ ਸੋਨ,
ਪੰਜਾਬ ਪੁਲਿਸ ਦੇ ਪਵਿੱਤਰ ਸਿੰਘ ਨੇ ਚਾਂਦੀ ਤੇ ਸੈਨਾ ਦੇ ਮਨੋਜ ਆਰ.ਐਲ. ਨੇ ਕਾਂਸੀ,
ਅੰਡਰ 15 ਉਮਰ ਗੁਟ ਦੀ 1000 ਮੀਟਰ ਸਕਰੈਚ ਰੇਸ 'ਚ ਕੇਰਲਾ ਦੀ ਲਿੰਡੀਆ ਮੋਲ ਸੁਨੀ
ਨੇ ਸੋਨ, ਮਨੀਪੁਰ ਦੀ ਸੋਨੀਆ ਦੇਵੀ ਨੇ ਚਾਂਦੀ ਤੇ ਕੇਰਲਾ ਦੀ ਚਿੰਜੂ ਜਾਇਨ ਨੇ ਕਾਂਸੀ,
ਮਹਿਲਾ ਵਰਗ 'ਚ ਕੇਰਲਾ ਦੀ ਰਜਨੀ ਨੇ ਸੋਨ, ਮਨੀਪੁਰ ਦੀ ਸੁਚਿਤਰਾ ਦੇਵੀ ਨੇ ਚਾਂਦੀ
ਤੇ ਪੰਜਾਬ ਦੀ ਗੁਰਪ੍ਰੀਤ ਕੌਰ ਨੇ ਕਾਂਸੀ ਦਾ ਤਗਮਾ ਜਿੱਤਿਆ। ਕੁਆਲੀਫਾੲਇੰਗ
ਮੁਕਾਬਲਿਆਂ ਤਹਿਤ 2000 ਮੀਟਰ ਟੀਮ ਪਰਸੂਟ ਰੇਸ ਦੇ ਫਾਈਨਲ ਲਈ ਪੰਜਾਬ ਤੇ ਮਹਾਰਾਸ਼ਟਰ
ਨੇ, 4000 ਮੀਟਰ ਦੇ ਇਸ ਦੌੜ ਦੇ ਅੰਡਰ 19 ਵਰਗ 'ਚ ਪੰਜਾਬ ਤੇ ਕੇਰਲਾ ਦੇ ਲੜਕੇ
ਫਾਈਨਲ 'ਚ ਪੁੱਜ ਗਏ। ਪੁਰਸ਼ ਵਰਗ ਦੀ 4000 ਮੀਟਰ ਪਰਸੂਟ ਰੇਸ ਲਈ ਵੀ ਪੰਜਾਬ ਤੇ
ਰੇਲਵੇ, ਮਹਿਲਾ ਵਰਗ ਦੀ 3000 ਮੀਟਰ ਦੌੜ ਲਈ ਮਨੀਪੁਰ ਤੇ ਕੇਰਲਾ ਦੀਆਂ ਟੀਮਾਂ ਨੇ
ਫਾਈਨਲ 'ਚ ਹਿੱਸਾ ਲੈਣ ਦਾ ਮਾਣ ਪ੍ਰਾਪਤ ਕੀਤਾ।
ਹਰਜੀਤ ਕਬੱਡੀ ਕੱਪ
ਦਾ ਪੋਸਟਰ ਜਾਰੀ
ਮੋਗਾ, 16 ਜਨਵਰੀ - ਪੰਜਵਾਂ ਹਰਜੀਤ ਕਬੱਡੀ ਕੱਪ 24
ਜਨਵਰੀ ਨੂੰ ਦਸਮੇਸ਼ ਸਪੋਰਟਸ ਕਲੱਬ ਸਟੇਡੀਅਮ ਧੱਲੇਕੇ ਵਿਖੇ ਕਰਵਾਇਆ ਜਾ ਰਿਹਾ ਹੈ।
ਇਹ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸਵ: ਹਰਜੀਤ ਬਰਾੜ ਬਾਜਾਖਾਨਾ ਦੀ ਯਾਦ ਨੂੰ ਸਮਰਪਿਤ
ਹੈ। ਇਸ ਕੱਪ ਦਾ ਉਦਘਾਟਨ ਡੀ. ਸੀ. ਸਤਵੰਤ ਸਿੰਘ ਜੌਹਲ ਤੇ ਅਸ਼ੋਕ ਬਾਠ ਐਸ. ਐਸ. ਪੀ.
ਮੋਗਾ ਕਰਨਗੇ ਜਦਕਿ ਕਬੱਡੀ ਕੱਪ ਦੀ ਪ੍ਰਧਾਨਗੀ ਪਰਮ ਗਿੱਲ ਖੇਡ ਪ੍ਰਮੋਟਰ ਤੇ ਐਨ. ਆਰ.
ਆਈ. ਕਰਨਗੇ। ਇਸ ਕੱਪ ਵਿਚ ਦੇਸ਼-ਵਿਦੇਸ਼ ਦੀਆਂ 8 ਅਕੈਡਮੀਆਂ ਆਪਣਾ ਜੌਹਰ ਵਿਖਾਉਣਗੀਆਂ
ਤੇ ਜੇਤੂ ਟੀਮ ਨੂੰ ਇਕ ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਦੂਜਾ ਇਨਾਮ 75
ਹਜ਼ਾਰ ਰੁਪਏ ਦਾ ਦੂਸਰਾ ਨਕਦ ਇਨਾਮ ਦਿੱਤਾ ਜਾਵੇਗਾ।
ਰਾਸ਼ਟਰ-ਮੰਡਲ ਖੇਡਾਂ
ਲਈ ਸਾਈਕਲਿੰਗ ਲਈ 23 ਕਰੋੜ ਰੱਖੇ
ਪਟਿਆਲਾ, 16 ਜਨਵਰੀ - ਦਿੱਲੀ 'ਚ 2010 'ਚ
ਰਾਸ਼ਟਰ-ਮੰਡਲ ਖੇਡਾਂ ਦੀ ਤਿਆਰੀ ਹਿਤ ਭਾਰਤੀ ਸਾਈਕਲਿਸਟਾਂ ਲਈ 23 ਕਰੋੜ ਰੁਪਏ ਰੱਖੇ
ਗਏ ਹਨ। ਇਹ ਜਾਣਕਾਰੀ ਮੈਂਬਰ ਲੋਕ ਸਭਾ ਤੇ ਪ੍ਰਧਾਨ ਭਾਰਤੀ ਸਾਈਕਲਿੰਗ ਫੈਡਰੇਸ਼ਨ ਸ:
ਸੁਖਦੇਵ ਸਿੰਘ ਢੀਂਡਸਾ ਨੇ ਪਟਿਆਲਾ ਪੰਜਾਬੀ 'ਵਰਸਿਟੀ ਵਿਖੇ ਚੱਲ ਰਹੀ ਕੌਮੀ
ਸਾਈਕਲਿੰਗ ਚੈਂਪੀਅਨਸ਼ਿਪ ਦੌਰਾਨ ਦਿੱਤੀ। ਉਨ੍ਹਾਂ ਕਿਹਾ ਕਿ ਕੇਂਦਰੀ ਖੇਡ ਮੰਤਰਾਲੇ
ਵੱਲੋਂ ਖ਼ਰਚੀ ਜਾ ਰਹੀ ਇਸ ਰਾਸ਼ੀ ਨਾਲ ਰਾਸ਼ਟਰ-ਮੰਡਲ ਖੇਡਾਂ ਲਈ ਚੁਣੇ ਗਏ ਸੰਭਾਵਿਤ
ਸਾਈਕਲਿਸਟਾਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ
ਵਿਚ ਮਿਆਰੀ ਸਿਖਲਾਈ, ਖੁਰਾਕ, ਸਾਜੋ ਸਮਾਨ ਤੇ ਹੋਰ ਸਹੂਲਤਾਂ ਸ਼ਾਮਿਲ ਹਨ। ਸ: ਢੀਂਡਸਾ
ਨੇ ਦੱਸਿਆ ਕਿ ਉਨ੍ਹਾਂ ਦੀ ਫੈਡਰੇਸ਼ਨ ਨੇ ਸਪੋਰਟਸ ਅਥਾਰਟੀ ਆਫ਼ ਇੰਡੀਆ ਨੂੰ ਦੋ ਵਿਦੇਸ਼ੀ
ਸਾਈਕਲਿੰਗ ਕੋਚ ਰੱਖਣ ਲਈ ਪੱਤਰ ਲਿਖਿਆ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਜਲਦੀ ਹੀ ਇਹ
ਮੰਗ ਪੂਰੀ ਹੋ ਜਾਵੇਗੀ। ਪੰਜਾਬ ਪੁਲਿਸ ਦੇ ਕੋਚਾਂ ਨੂੰ ਮੁੜ ਪੈਤਰੀ ਵਿਭਾਗ 'ਚ
ਬੁਲਾਏ ਜਾਣ ਸਬੰਧੀ ਉਨ੍ਹਾਂ ਕਿਹਾ ਕਿ ਇਹ ਸਭ ਕੁਝ ਅਦਾਲਤ ਦੇ ਆਦੇਸ਼ ਮੁਤਾਬਿਕ ਕੀਤਾ
ਗਿਆ ਹੈ।
ਦੋਸਤਾਨਾ ਫੁੱਟਬਾਲ
ਮੈਚ
ਹਾਂਗਕਾਂਗ, 16 ਜਨਵਰੀ - ਭਾਰਤ ਤੇ ਹਾਂਗਕਾਂਗ ਦੀਆਂ
ਫੁੱਟਬਾਲ ਟੀਮਾਂ ਵਿਚਕਾਰ ਇਕ ਦੋਸਤਾਨਾ ਮੈਚ ਕਰਵਾਇਆ ਗਿਆ। ਜਿਸ 'ਚ ਮੇਜ਼ਬਾਨ ਟੀਮ ਨੇ
ਦੌਰਾ ਕਰ ਰਹੀ ਟੀਮ ਨੂੰ 2-1 ਨਾਲ ਹਰਾ ਦਿੱਤਾ। ਦੋਵੇਂ ਦੇਸ਼ਾਂ ਦੀਆਂ ਟੀਮਾਂ ਦਰਮਿਆਨ
ਇਹ ਦੋਸਤਾਨਾ ਮੈਚਾਂ ਦੀ ਲੜੀ ਏਸ਼ੀਆ ਕੱਪ ਦੀ ਤਿਆਰੀ ਵੱਜੋਂ ਖੇਡੀ ਜਾ ਰਹੀ ਹੈ।
ਮਾਹਿਲ ਗਹਿਲਾ ਤੇ
ਸੁੱਜੋਂ ਦੀਆਂ ਟੀਮਾਂ ਸੈਮੀਫਾਈਨਲ 'ਚ
ਬੰਗਾ, 16 ਜਨਵਰੀ - ਡਾ : ਸਾਧੂ ਸਿੰਘ ਹਮਦਰਦ
ਯਾਦਗਾਰੀ ਫੁਟਬਾਲ ਟੂਰਨਾਮੈਂਟ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਲਧਾਣਾ ਉੱਚਾ
ਵਿਖੇ ਚੱਲ ਰਿਹਾ ਹੈ। ਇਸ ਦੇ ਤੀਜੇ ਦਿਨ ਦੇ ਪਹਿਲੇ ਮੈਚ 'ਚ ਗੰਡਾਮਾ ਸਪੋਰਟਸ ਕਲੱਬ
ਲਧਾਣਾ ਉੱਚਾ ਨੂੰ ਮਾਹਿਲ ਗਹਿਲਾ ਨੇ ਹਰਾਇਆ। ਦੂਜੇ ਮੈਚ 'ਚ ਸੁੱਜੋਂ ਨੂੰ ਪੱਲੀ
ਝਿੱਕੀ ਅਤੇ ਪਿੰਡ ਪਨਾਮ ਨੂੰ ਬਹਾਵਲਪੁਰ ਨੇ ਵੀ ਟਾਈਬ੍ਰੇਕਰ ਰਾਹੀਂ ਹਰਾਇਆ। 17
ਜਨਵਰੀ ਨੂੰ ਫਾਈਨਲ ਖੇਡਿਆ ਜਾਵੇਗਾ।
ਮਲਕ ਟੂਰਨਾਮੈਂਟ 'ਚ
ਰੂਮੀ ਦੀ ਝੰਡੀ
ਚੌਂਕੀ ਮਾਨ, 16 ਜਨਵਰੀ - ਸਾਲਾਨਾ ਟੂਰਨਾਮੈਂਟ
ਦਸਮੇਸ਼ ਸਪੋਰਟਸ ਐਂਡ ਹਾਕੀ ਕਲੱਬ (ਰਜਿ:) ਪਿੰਡ ਮਲਕ (ਲੁਧਿਆਣਾ) ਵੱਲੋਂ ਕਰਵਾਇਆ
ਗਿਆ। ਜਿਸ ਦੇ ਦੂਸਰੇ ਦਿਨ ਪੰਜਾਬ ਭਰ ਦੀਆਂ ਨਾਮਵਰ ਹਾਕੀ ਕਲੱਬਾਂ ਨੇ ਸ਼ਿਰਕਤ ਕੀਤੀ।
ਹਾਕੀ ਦੀਆਂ 23 ਟੀਮਾਂ ਵਿਚੋਂ ਪਹਿਲੇ 'ਤੇ ਰੂਮੀ, ਦੂਸਰੇ 'ਤੇ ਐਤੀਆਣਾ ਤੀਸਰੇ 'ਤੇ
ਢੁੱਡੀਕੇ ਅਤੇ ਚੌਥੇ ਸਥਾਨ 'ਤੇ ਮਲਕ ਦੀ ਮੇਜ਼ਬਾਨ ਟੀਮ ਰਹੀ। ਜੇਤੂ ਟੀਮ ਨੂੰ ਕਲੱਬ
ਵੱਲੋਂ 21000, ਉਪ ਜੇਤੂ ਨੂੰ 15000, ਤੀਸਰੇ ਤੇ ਚੌਥੇ ਸਥਾਨ 'ਤੇ ਰਹਿਣ ਵਾਲੀਆਂ
ਟੀਮਾਂ ਨੂੰ ਕ੍ਰਮਵਾਰ 5000 ਤੇ 3000 ਰੁਪਏ ਨਕਦ ਅਤੇ ਟਰਾਫੀਆਂ ਦਿੱਤੀਆਂ ਗਈਆਂ।
ਚੋਣ ਟਰਾਇਲ 22 ਨੂੰ
ਲੁਧਿਆਣਾ 16 ਜਨਵਰੀ - 22 ਤੋਂ 24 ਜਨਵਰੀ ਤੱਕ ਗੁਰੂ
ਨਾਨਕ ਸਟੇਡੀਅਮ ਲੁਧਿਆਣਾ ਦੇ ਮਲਟੀਪਰਪਜ਼ ਸਪੋਰਟਸ ਕੰਪਲੈਕਸ ਵਿਖੇ ਸਪੋਰਟਸ ਅਥਾਰਟੀ
ਆਫ਼ ਇੰਡੀਆ ਟਰੇਨਿੰਗ ਸੈਂਟਰ ਲੁਧਿਆਣਾ ਦੀ ਚੋਣ ਲਈ ਟਰਾਇਲ ਹੋਣਗੇ। ਇਨ੍ਹਾਂ ਟ੍ਰਾਇਲਾਂ
ਵਿਚ ਅਥਲੈਟਿਕਸ, ਬਾਸਕਟਬਾਲ, ਜੂਡੋ, ਹੈਂਡ ਬਾਲ, ਵਾਲੀਬਾਲ, ਵੇਟ ਲਿਫਟਿੰਗ (ਮੁੰਡਿਆਂ
ਦਾ ਵਰਗ) ਜੂਡੋ ਤੇ ਵਾਲੀਬਾਲ (ਲੜਕੀਆਂ) ਦੇ ਰਿਹਾਇਸ਼ੀ ਅਤੇ ਗੈਰ-ਰਿਹਾਇਸ਼ੀ ਸਪੋਰਟਸ
ਵਿੰਗਾਂ ਲਈ 14 ਤੋਂ 19 ਸਾਲ ਦੀ ਉਮਰ ਦੇ ਖਿਡਾਰੀਆਂ ਦੇ ਚੋਣ ਟਰਾਇਲ ਹੋਣਗੇ ਇਨ੍ਹਾਂ
ਚੋਣ ਟਰਾਇਲ ਲਈ ਉਹ ਖਿਡਾਰੀ ਯੋਗ ਸਮਝੇ ਜਾਣਗੇ ਜਿਨ੍ਹਾਂ ਨੇ ਰਾਜ ਅਤੇ ਰਾਸ਼ਟਰੀ ਪੱਧਰ
'ਤੇ ਵੱਖ-ਵੱਖ ਖੇਡਾਂ ਵਿਚ ਪਹਿਲੇ ਤਿੰਨ ਸਥਾਨਾਂ 'ਤੇ ਰਿਹਾ ਹੋਵੇ। ਚੁਣੇ ਗਏ
ਖਿਡਾਰੀਆਂ ਨੂੰ ਸਪੋਰਟਸ ਅਥਾਰਟੀ ਆਫ਼ ਇੰਡੀਆ ਵੱਲੋਂ ਦਿੱਤੀਆਂ ਜਾਣ ਵਾਲੀਆਂ ਖੇਡ
ਸਹੂਲਤਾਂ, ਖੇਡਾਂ ਦਾ ਸਮਾਨ, ਖਾਣ ਪੀਣ ਤੇ ਰਹਿਣ ਸਹਿਣ ਦੀ ਸਹੂਲਤ ਦਿੱਤੀ ਜਾਵੇਗੀ।
ਕੌਮੀ
ਕਬੱਡੀ ਚੈਂਪੀਅਨਸ਼ਿਪ 'ਚ ਸ਼ਾਮਿਲ ਹੋਣ ਵਾਲੇ ਖਿਡਾਰੀ
ਰਾਮਪੁਰਾ ਫੂਲ, 15 ਜਨਵਰੀ - ਤਾਮਿਲਨਾਡੂ ਵਿਚ ਹੋਣ
ਵਾਲੀ ਲੜਕਿਆਂ ਦੀ 65 ਕਿੱਲੋ ਅੰਡਰ-20 ਦੀ ਨੈਸ਼ਨਲ ਚੈਂਪੀਅਨਸ਼ਿਪ ਲਈ ਖਿਡਾਰੀਆਂ ਦੀ
ਚੋਣ ਕਰਨ ਲਈ ਸ: ਸੁਖਮੰਦਰ ਸਿੰਘ ਟਾਟਾ ਅਤੇ ਕਬੱਡੀ ਕੋਚ ਹਰਬੰਸ ਸਿੰਘ ਦੀ ਨਿਗਰਾਨੀ
ਹੇਠ 10 ਰੋਜ਼ਾ ਕੈਂਪ ਮਹਿਰਾਜ ਵਿਖੇ ਲਗਾਇਆ ਗਿਆ ਸੀ। ਇਸ 'ਚ ਚੁਣੀ ਗਈ ਟੀਮ ਦਾ
ਕਪਤਾਨ ਲਾਲਦੀਪ ਸਿੰਘ ਗੁਰਦਾਸਪੁਰ ਨੂੰ ਬਣਾਇਆ ਗਿਆ ਹੈ। ਟੀਮ 'ਚ ਪ੍ਰਭਜੀਤ ਸਿੰਘ ਤੇ
ਤੇਜਵੀਰ ਸਿੰਘ ਗੁਰਦਾਸਪੁਰ, ਹਰਦੀਪ ਸਿੰਘ ਤੇ ਲਭਪ੍ਰੀਤ ਸਿੰਘ ਮਾਨਸਾ, ਸੁਖਚੈਨ ਸਿੰਘ
ਸੰਗਰੂਰ, ਰਣਜੀਤ ਸਿੰਘ ਲੁਧਿਆਣਾ, ਮਨਦੀਪ ਸਿੰਘ ਕਪੂਰਥਲਾ, ਹਰਪ੍ਰੀਤ ਸਿੰਘ ਫਰੀਦਕੋਟ,
ਗੁਰਵੀਰਪਾਲ ਰੋਪੜ, ਸੰਦੀਪ ਸਿੰਘ ਤੇ ਲਖਦੀਪ ਸਿੰਘ ਬਠਿੰਡਾ, ਸੁਨੀਲ ਕੁਮਾਰ ਰੋਪੜ
ਨੂੰ ਸ਼ਾਮਿਲ ਕੀਤਾ ਗਿਆ ਹੈ।
10ਵਾਂ ਗੁਰੂ
ਗੋਬਿੰਦ ਸਿੰਘ ਕਬੱਡੀ ਕੱਪ
ਜਲੰਧਰ, 15 ਜਨਵਰੀ - 10ਵਾਂ ਗੁਰੂ ਗੋਬਿੰਦ ਸਿੰਘ
ਵਰਲਡ ਕਬੱਡੀ ਕੱਪ ਗੁਰੂ ਗੋਬਿੰਦ ਸਿੰਘ ਸਟੇਡੀਅਮ, ਜਲੰਧਰ ਵਿਖੇ 27 ਜਨਵਰੀ ਨੂੰ
ਕਰਵਾਇਆ ਜਾ ਰਿਹਾ ਹੈ। ਇਹ ਕਬੱਡੀ ਕੱਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 300 ਸਾਲਾ
ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਹੋਵੇਗਾ। ਇਸ 'ਚ ਕੱਪ ਦੇ ਦਰਸ਼ਕਾਂ ਨੂੰ 10 ਮੋਟਰ
ਸਾਈਕਲ ਇਨਾਮ ਵਿਚ ਲੱਕੀ ਡਰਾਅ ਰਾਹੀਂ ਦਿੱਤੇ ਜਾਣਗੇ।
8ਵਾਂ ਪੇਂਡੂ ਖੇਡ
ਮੇਲਾ 18 ਤੋਂ 20 ਤੱਕ
ਮਹਿਲ ਕਲਾਂ, 15 ਜਨਵਰੀ - 8ਵਾਂ ਪੇਂਡੂ ਖੇਡ ਮੇਲਾ
18 ਤੋਂ 20 ਜਨਵਰੀ ਤੱਕ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੈਦਾਨ ਵਿਚ ਕਲਗੀਧਰ
ਟੂਰਨਾਮੈਂਟ ਕਮੇਟੀ ਪਿੰਡ ਛੀਨੀਵਾਲ ਕਲਾਂ ਵੱਲੋਂ ਗਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ
ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਮੇਲੇ ਵਿਚ 32, 37, 48, 54 ਤੇ 58
ਕਿਲੋ ਸਮੇਤ ਕਬੱਡੀ ਓਪਨ, ਵਾਲੀਬਾਲ ਸ਼ੂਟਿੰਗ ਅਤੇ ਤਾਸ਼ ਸੀਪ ਦੇ ਮੁਕਾਬਲੇ ਕਰਵਾਏ
ਜਾਣਗੇ।
ਕੈਨੇਡਾ ਕਬੱਡੀ ਕੱਪ
31 ਤੋਂ 2 ਫਰਵਰੀ ਤੱਕ
ਸੰਗਰੂਰ, 15 ਜਨਵਰੀ - ਕੈਨੇਡਾ ਕਬੱਡੀ ਕੱਪ 31 ਤੋਂ
2 ਫਰਵਰੀ ਤੱਕ ਸੰਗਰੂਰ ਦੇ ਹੀਰੋਜ਼ ਸਟੇਡੀਅਮ ਵਿਚ ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ
ਵੱਲੋਂ ਕਰਵਾਇਆ ਜਾ ਰਿਹਾ ਹੈ। ਇਹ ਕਬੱਡੀ ਕੱਪ ਸਵਰਗੀ ਗੁਰੀ ਦੀ ਯਾਦ ਵਿਚ ਕਰਵਾਇਆ
ਜਾਵੇਗਾ। ਇਸ ਕਬੱਡੀ ਕੱਪ 'ਚ 8 ਅਕੈਡਮੀ ਟੀਮਾਂ ਹਿੱਸਾ ਲੈਣਗੀਆਂ ਅਤੇ ਲੜਕੀਆਂ ਦਾ
ਪ੍ਰਦਰਸ਼ਨੀ ਮੈਚ ਵੀ ਕਰਵਾਇਆ ਜਾ ਰਿਹਾ ਹੈ। ਇਸ ਮੇਲੇ ਦੌਰਾਨ ਪਹਿਲੇ ਸਥਾਨ ਉੱਤੇ
ਰਹਿਣ ਵਾਲੀ ਟੀਮ ਨੂੰ ਇਕ ਲੱਖ ਅਤੇ ਦੂਜੇ ਲਈ 75 ਹਜ਼ਾਰ ਰੁਪਏ ਦਾ ਇਨਾਮ ਰੱਖਿਆ ਗਿਆ
ਹੈ। ਇਸ ਤੋਂ ਇਲਾਵਾ ਇਕ ਪਿੰਡ ਓਪਨ ਅਧੀਨ 31 ਹਜ਼ਾਰ ਅਤੇ 21 ਹਜ਼ਾਰ ਰੁਪਏ ਦੇ ਇਨਾਮ
ਵੀ ਰੱਖੇ ਗਏ ਹਨ।
ਰਾੜਾ ਸਾਹਿਬ ਕਬੱਡੀ
ਕੱਪ 19 ਜਨਵਰੀ ਨੂੰ
ਰਾੜਾ ਸਾਹਿਬ, 15 ਜਨਵਰੀ - ਸੰਤ ਈਸ਼ਰ ਸਿੰਘ ਯਾਦਗਾਰੀ
ਕਬੱਡੀ ਕੱਪ ਰਾੜਾ ਸਾਹਿਬ ਵਿਖੇ 19 ਜਨਵਰੀ ਨੂੰ
ਕਰਵਾਇਆ ਜਾ ਰਿਹਾ ਹੈ। ਇਹ ਕਬੱਡੀ ਕੱਪ ਇਸ ਦੇ ਮੁੱਖ ਪ੍ਰਬੰਧਕ ਵੈਨਕੂਵਰ ਕਬੱਡੀ
ਫੈਡਰੇਸ਼ਨ ਕੈਨੇਡਾ ਦੇ ਚੇਅਰਮੈਨ ਸੁੱਖ ਪੰਧੇਰ ਅਤੇ ਜਸਵਿੰਦਰ ਸਿੰਘ ਭੋਲਾ ਅਮਰੀਕਾ ਦੀ
ਚੇਅਰਮੈਨ ਸਰਪ੍ਰਸਤੀ ਹੇਠ ਹੋ ਰਿਹਾ ਹੈ।
6ਵਾਂ ਪੇਂਡੂ ਖੇਡ
ਮੇਲਾ 30 ਤੋਂ 1 ਫਰਵਰੀ ਤੱਕ
ਮਹਿਲ ਕਲਾਂ, 15 ਜਨਵਰੀ - 6ਵਾਂ ਪੇਂਡੂ ਖੇਡ ਮੇਲਾ
30 ਤੋਂ 1 ਫਰਵਰੀ ਤੱਕ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਪਿੰਡ ਸਹੌਰ ਵੱਲੋਂ ਗਰਾਮ
ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਰਕਾਰੀ ਸਕੂਲ ਦੇ ਖੇਡ ਸਟੇਡੀਅਮ 'ਚ
ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਕਬੱਡੀ 38, 45, 52, 57, 61 ਕਿਲੋ ਤੋਂ ਇਲਾਵਾ
ਕਬੱਡੀ ਓਪਨ, ਵਾਲੀਬਾਲ ਸ਼ੂਟਿੰਗ, ਰੱਸਾਕਸ਼ੀ ਅਤੇ 60 ਸਾਲਾ ਬਜ਼ੁਰਗਾਂ ਦੀ ਦੌੜ ਦੇ
ਮੁਕਾਬਲੇ ਕਰਵਾਏ ਜਾਣਗੇ।
7ਵਾਂ ਬਾਬਾ ਮਿੱਤ
ਸਿੰਘ ਯਾਦਗਾਰੀ ਟੂਰਨਾਮੈਂਟ 20 ਤੋਂ
ਚੌਂਕੀ ਮਾਨ, 15 ਜਨਵਰੀ - ਬ੍ਰਹਮ ਗਿਆਨੀ ਬਾਬਾ
ਮਿੱਤ ਸਿੰਘ ਨਿਹੰਗ ਯਾਦਗਾਰੀ ਪਿੰਡ ਮੰਡਿਆਣੀ (ਲੁਧਿਆਣਾ) 'ਚ 7ਵਾਂ ਟੂਰਨਾਮੈਂਟ 20
ਤੋਂ 22 ਜਨਵਰੀ ਤੱਕ ਨਗਰ ਪੰਚਾਇਤ ਨਗਰ ਨਿਵਾਸੀਆਂ ਤੇ ਐਨ. ਆਰ. ਆਈ. ਪਰਿਵਾਰਾਂ ਦੇ
ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ 'ਚ 20 ਜਨਵਰੀ ਨੂੰ ਦੋ ਵਜੇ ਘੋੜੀਆਂ ਦੀ
ਦੌੜ, 21 ਨੂੰ 1 ਵਜੇ ਕੁੱਤਿਆਂ ਦੀ ਦੌੜ ਅਤੇ ਨਾਲ ਹੀ ਕਬੱਡੀ 45 ਕਿਲੋ, 70 ਕਿਲੋ
ਦੇ ਮੁਕਾਬਲੇ ਕਰਵਾਏ ਜਾਣਗੇ।
ਲਧਾਣਾ ਉੱਚਾ ਦਾ
ਹਮਦਰਦ ਯਾਦਗਾਰੀ ਟੂਰਨਾਮੈਂਟ
ਬੰਗਾ, 15 ਜਨਵਰੀ - ਡਾ : ਸਾਧੂ ਸਿੰਘ ਹਮਦਰਦ
ਯਾਦਗਾਰੀ ਫੁਟਬਾਲ ਟੂਰਨਾਮੈਂਟ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਲਧਾਣਾ ਉੱਚਾ
ਵਿਖੇ ਚੱਲ ਰਿਹਾ ਹੈ। ਇਸ ਦੇ ਦੂਜੇ ਦਿਨ ਵੱਖ-ਵੱਖ ਟੀਮਾਂ ਦੇ ਦਿਲਚਸਪ ਮੈਚ ਦੇਖਣ
ਨੂੰ ਮਿਲੇ। ਪਹਿਲਾ ਮੈਚ ਪਿੰਡ ਲਧਾਣਾ ਉੱਚਾ ਦੇ ਦਸਮੇਸ਼ ਸਪੋਰਟਸ ਕਲੱਬ ਅਤੇ ਪਿੰਡ
ਜੀਂਦੋਵਾਲ ਸਪੋਰਟਸ ਕਲੱਬ ਦੀਆਂ ਟੀਮਾਂ ਵਿਚਕਾਰ ਹੋਇਆ। ਇਸ ਮੈਚ ਦੇ ਮੁੱਖ ਮਹਿਮਾਨ
ਮਾ : ਸਤੀਸ਼ ਕੁਮਾਰ ਯੂ. ਐਸ. ਏ. ਨੇ ਕਲੱਬ ਨੂੰ ਇੱਕੀ ਹਜ਼ਾਰ ਰੁਪਏ ਦੀ ਨਕਦ ਸਹਾਇਤਾ
ਦਿੱਤੀ। ਮੈਚ ਵਿਚ ਲਧਾਣਾ ਉੱਚਾ ਨੇ ਜੀਂਦੋਵਾਲ ਨੂੰ 3-0, ਦੂਜੇ ਮੈਚ 'ਚ ਪਠਲਾਵਾ
ਨੂੰ ਭੌਰਾ ਦੀ ਟੀਮ ਨੇ 2-0 ਨਾਲ ਮਾਤ ਦਿੱਤੀ। ਮਾਹਿਲ ਗਹਿਲਾ ਨੇ ਦੁਸਾਂਝ ਖੁਰਦ,
ਬਹਿਵਲਪੁਰ ਨੇ ਪੱਲੀਉੱਚੀ, ਮੁਕੰਦਪੁਰ ਨੂੰ ਪੱਲੀਝਿੱਕੀ ਨੇ ਹਰਾਇਆ।
7ਵਾਂ ਅੰਮ੍ਰਿਤਸਰ
ਇੰਟਰਨੈਸ਼ਨਲ ਕਬੱਡੀ ਕੱਪ 15 ਫਰਵਰੀ ਨੂੰ
ਤਰਸਿੱਕਾ, 15 ਜਨਵਰੀ -7ਵਾਂ ਅੰਮ੍ਰਿਤਸਰ
ਇੰਟਰਨੈਸ਼ਨਲ ਕਬੱਡੀ ਕੱਪ 15 ਫਰਵਰੀ ਨੂੰ ਮਹਿਤਾ ਚੌਕ (ਅੰਮ੍ਰਿਤਸਰ) ਵਿਖੇ ਕਰਵਾਇਆ
ਜਾ ਰਿਹਾ ਹੈ। ਇਸ ਮੌਕੇ ਅੱਠ ਚੋਟੀ ਦੀਆਂ ਟੀਮਾਂ ਆਪਣੀ ਖੇਡ ਦੇ ਜਲਵੇ ਦਿਖਾਉਣਗੀਆਂ।
ਭਾਰਤੀ ਹਾਕੀ ਟੀਮ
ਨੇ ਇੰਗਲੈਂਡ ਨੂੰ ਕੀਤਾ ਚਿੱਤ
ਜਲੰਧਰ, 15 ਜਨਵਰੀ - ਆਸਟ੍ਰੇਲੀਆ ਵਿਖੇ ਯੂਥ
ਉਲੰਪਿਕ ਫੈਸਟੀਵਲ 'ਚ ਚਾਰ ਦੇਸ਼ਾਂ ਦੇ ਹਾਕੀ ਮੁਕਾਬਲੇ ਹੋ ਰਹੇ ਹਨ। ਇਸ 'ਚ ਜੂਨੀਅਰ
ਭਾਰਤੀ ਹਾਕੀ ਟੀਮ ਨੇ ਲੜਕੇ ਵਰਗ 'ਚ ਇੰਗਲੈਂਡ ਨੂੰ 6-1 ਨਾਲ ਹਰਾਇਆ। ਲੜਕੀਆਂ ਦੇ
ਵਰਗ ਵਿਚ ਮੇਜ਼ਬਾਨ ਆਸਟ੍ਰੇਲੀਆ ਨੇ ਭਾਰਤੀ ਮਹਿਲਾ ਹਾਕੀ ਟੀਮ ਨੂੰ 3-2 ਨਾਲ ਹਰਾਇਆ।
ਮਰਦਾਂ ਦੀ ਟੀਮ 'ਚ ਅਗਲਾ ਮੁਕਾਬਲਾ 17 ਜਨਵਰੀ ਨੂੰ ਮਲੇਸ਼ੀਆ ਨਾਲ ਹੋਵੇਗਾ ਤੇ ਫਾਈਨਲ
18 ਜਨਵਰੀ ਨੂੰ ਖੇਡਿਆ ਜਾਵੇਗਾ।
ਹਮਦਰਦ ਯਾਦਗਾਰੀ
ਫੁੱਟਬਾਲ ਟੂਰਨਾਮੈਂਟ ਸ਼ੁਰੂ
ਬੰਗਾ, 14 ਜਨਵਰੀ - ਡਾ: ਸਾਧੂ ਸਿੰਘ ਯਾਦਗਾਰੀ
ਫੁੱਟਬਾਲ ਟੂਰਨਾਮੈਂਟ ਲਧਾਣਾ ਉੱਚਾ ਵਿਖੇ ਸ਼ੁਰੂ ਹੋ ਗਿਆ ਹੈ। ਇਸ ਦਾ ਉਦਘਾਟਨ ਮੈਂਬਰ
ਜ਼ਿਲ੍ਹਾ ਪ੍ਰੀਸ਼ਦ ਸ਼ਹੀਦ ਭਗਤ ਸਿੰਘ ਨਗਰ ਸ੍ਰੀ ਕਸ਼ਮੀਰੀ ਲਾਲ ਹੱਪੋਵਾਲ ਨੇ ਕੀਤਾ।
ਉਦਘਾਟਨੀ ਮੈਚ ਪਿੰਡ ਸੁੱਜੋਂ ਤੇ ਡਘਾਮ ਦੇ ਖਿਡਾਰੀਆਂ ਦਰਮਿਆਨ ਹੋਇਆ। ਸੁੱਜੋਂ ਦੇ
ਖਿਡਾਰੀਆਂ ਨੇ ਡਘਾਮ ਦੀ ਟੀਮ ਨੂੰ 2-0 ਦੇ ਫਰਕ ਨਾਲ ਹਰਾਇਆ।
ਸਲੌਦੀ ਦੀਆਂ ਖੇਡਾਂ
ਸਮਾਪਤ
ਖੰਨਾ, 14 ਜਨਵਰੀ - ਚਾਰ ਰੋਜ਼ਾ ਖੇਡ ਮੇਲਾ ਬਾਬਾ
ਸਿੱਧ ਸਪੋਰਟਸ ਐਂਡ ਸੋਸ਼ਲ ਵੈਲਫੇਅਰ ਕਲੱਬ ਰਜਿ: ਵੱਲੋਂ ਇਤਿਹਾਸਿਕ ਨਗਰ ਸਲੌਦੀ ਸਿੰਘਾਂ
ਦੀ ਵਿਖੇ ਕਰਵਾਇਆ ਗਿਆ। ਇਸ ਵਿਚ ਕਬੱਡੀ ਦੀਆਂ 20 ਅਕੈਡਮੀਆਂ ਦੇ ਗਹਿ ਗੱਚ ਮੁਕਾਬਲਾ
ਹੋਏ ਜਿਸ 'ਚੋਂ ਜਰਗੜੀ ਤੇ ਮੁਕੰਦ ਪੁਰ ਫਾਈਨਲ 'ਚ ਪਹੁੰਚੀਆਂ ਤੇ ਜਿਸ ਵਿਚੋਂ ਜਰਗੜੀ
ਨੇ ਕਬੱਡੀ ਕੱਪ 'ਤੇ ਆਪਣਾ ਕਬਜ਼ਾ ਕੀਤਾ। ਦੂਜੇ ਪਾਸੇ ਫੁੱਟਬਾਲ ਕਲੱਬ ਆਲ ਓਪਨ
ਮੁਕਾਬਲਿਆਂ 'ਚ 16 ਕਲੱਬਾਂ ਨੇ ਭਾਗ ਲਿਆ ਜਿਸ 'ਚੋਂ ਫੁੱਟਬਾਲ ਕੱਪ ਕੁਟਾਲਾ ਨੇ
ਜਿੱਤਿਆ ਤੇ ਭੁਮੱਦੀ ਉਪ ਜੇਤੂ ਰਹੀ। ਪਹਿਲੇ ਦਿਨਾਂ 'ਚ ਹੋਏ ਮੁਕਾਬਲਿਆਂ 'ਚ ਕਬੱਡੀ
32 ਕਿੱਲੋ 'ਚ ਬੁਆਣੀ ਪਹਿਲੇ ਤੇ ਕੋਟ ਗੰਗੂਰਾਏ ਦੂਜੇ, ਕਬੱਡੀ 37 ਕਿੱਲੋ 'ਚ ਦਵਾਲਾ
ਪਹਿਲੇ ਤੇ ਹਰਿਓ ਦੂਜੇ ਸਥਾਨ 'ਤੇ ਰਹੇ, ਕਬੱਡੀ 47 ਕਿੱਲੋ 'ਚੋਂ ਲੱਲ ਕਲਾਂ ਜੇਤੂ
ਤੇ ਭਾਦਸੋਂ ਉਪ ਜੇਤੂ ਰਹੇ, ਕਬੱਡੀ 57 ਕਿੱਲੋ 'ਚ ਪਹਿਲੇ ਸਥਾਨ ਢੰਡਾਰੀ ਤੇ ਦੂਜੇ
ਸਥਾਨ 'ਤੇ ਝੋਰੜਾ ਦੀ ਟੀਮ ਰਹੀ। ਕਬੱਡੀ 67 ਕਿੱਲੋ 'ਚੋਂ ਬੈਸਾਂ ਨੂੰ ਖੱਟਰਾ ਨੇ
ਹਰਾਇਆ। ਫੁੱਟਬਾਲ 60 ਕਿੱਲੋ ਵਿਚ ਸਹਿਬਾਣਾ ਜੇਤੂ ਤੇ ਮਾਜਰੀ ਉਪ ਜੇਤੂ ਰਹੇ।
8ਵਾਂ ਸਾਲਾਨਾ ਕਬੱਡੀ
ਟੂਰਨਾਮੈਂਟ 16 ਤੋਂ
ਬੇਗੋਵਾਲ, 14 ਜਨਵਰੀ - 8ਵਾਂ ਸਾਲਾਨਾ ਕਬੱਡੀ
ਟੂਰਨਾਮੈਂਟ 16 ਤੋਂ 18 ਜਨਵਰੀ ਤੱਕ ਬੇਗੋਵਾਲ ਦੇ ਨੇੜਲੇ ਪਿੰਡ ਕਾਲੂਵਾਲ ਤੇ
ਭੀਖੇਸ਼ਾਹ ਅਵਾਨ ਵਿਖੇ ਪੀਰ ਚਿਲ-ਚਿਲ ਸ਼ਾਹ ਖੇਡ ਤੇ ਸੱਭਿਆਚਾਰਕ ਕਲੱਬ ਰਜਿ: ਵੱਲੋਂ
ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਦੇ ਤੀਸਰੇ ਦਿਨ ਮਾਝਾ-ਦੁਆਬਾ ਲੜਕੀਆਂ ਤੇ
ਖਿਡਾਰੀਆਂ ਦੇ ਸ਼ੋਅ ਮੈਚ ਹੋਣਗੇ।
ਜਰਖੜ ਖੇਡਾਂ 20
ਤੋਂ
ਲੁਧਿਆਣਾ 14 ਜਨਵਰੀ - ਜਰਖੜ ਦੇ ਮਾਤਾ ਸਾਹਿਬ ਕੌਰ
ਸਟੇਡੀਅਮ 'ਚ 20 ਤੋਂ 23 ਜਨਵਰੀ ਤੱਕ ਪੰਜਾਬ ਰੂਰਲ ਸਪੋਰਟਸ ਪ੍ਰਮੋਸ਼ਨ ਕੌਂਸਲ ਦੀ
ਸਰਪ੍ਰਸਤੀ ਹੇਠ ਪੰਜਾਬ ਦੀਆਂ ਮਾਡਰਨ ਪੇਂਡੂ ਮਿੰਨੀ ਪੰਜਾਬ ਉਲੰਪਿਕ ਖੇਡਾਂ ਕਰਵਾਈਆਂ
ਜਾ ਰਹੀਆਂ ਹਨ। ਇਹ ਖੇਡਾਂ ਕੈਬਨਿਟ ਮੰਤਰੀ ਜਥੇ. ਹੀਰਾ ਸਿੰਘ ਗਾਬੜੀਆ ਤੇ ਕਲੱਬ ਦੇ
ਸਰਪ੍ਰਸਤ ਰਾਜਦੀਪ ਸਿੰਘ ਗਿੱਲ ਡੀ. ਜੀ. ਪੀ. ਦੀ ਸਰਪ੍ਰਸਤੀ ਹੇਠ ਹੋ ਰਹੀਆਂ ਹਨ।
ਇਨ੍ਹਾਂ ਖੇਡਾਂ 'ਚ 23ਵਾਂ ਏਵਨ ਸਾਈਕਲ ਮਾਤਾ ਸਾਹਿਬ ਕੌਰ ਗੋਲਡ ਕੱਪ ਹਾਕੀ
ਮੁਕਾਬਲਿਆਂ ਤੋਂ ਇਲਾਵਾ ਆਲ ਓਪਨ ਆਲਮਗੀਰ ਕਬੱਡੀ ਕੱਪ, ਧਰਮ ਸਿੰਘ ਯਾਦਗਾਰੀ ਇੱਕ
ਪਿੰਡ ਓਪਨ ਕਬੱਡੀ ਕੱਪ, ਪੰਜਾਬ ਸਟੇਟ ਬਾਸਕਟਬਾਲ ਤੇ ਹੈਂਡ ਬਾਲ ਚੈਂਪੀਅਨਸ਼ਿਪ, ਮਾਤਾ
ਸਵਰਨ ਕੌਰ ਬੋਪਾਰਾਏ ਮਹਿਲਾ ਹਾਕੀ ਕੱਪ, ਵਾਲੀਬਾਲ ਸਮੈਸ਼ਿੰਗ, ਵਾਲੀਬਾਲ ਸ਼ੂਟਿੰਗ ਤੇ
ਜਗਵੰਤ ਸਿੰਘ ਯਾਦਗਾਰੀ ਕੁਸ਼ਤੀਆਂ ਆਦਿ ਹੋਰ ਖੇਡਾਂ ਸਮੇਤ 15 ਵੱਖ-ਵੱਖ ਖੇਡ ਮੁਕਾਬਲੇ
ਹੋਣਗੇ। ਹਾਕੀ ਦੇ ਮਰਦਾਂ ਦੀਆਂ ਜੇਤੂ ਤੇ ਉਪ ਜੇਤੂ ਟੀਮਾਂ ਨੂੰ ਏਵਨ ਸਾਈਕਲ ਕੰਪਨੀ
ਦੇ ਚੇਅਰਮੈਨ ਓਂਕਾਰ ਸਿੰਘ ਪਾਹਵਾ ਵੱਲੋਂ ਸਾਈਕਲਾਂ ਨਾਲ ਸਨਮਾਨਿਆ ਜਾਵੇਗਾ। ਭਾਵੇਂ
ਇਹ ਖੇਡ ਮੁਕਾਬਲੇ 20 ਜਨਵਰੀ ਤੋਂ ਸ਼ੁਰੂ ਹੋਣਗੇ ਪਰ ਖੇਡਾਂ ਦਾ ਰਸਮੀ ਉਦਘਾਟਨ 21
ਜਨਵਰੀ ਨੂੰ ਹੋਵੇਗਾ। ਉਦਘਾਟਨੀ ਸਮਾਰੋਹ 'ਤੇ ਗੁਰਦੁਆਰਾ ਆਲਮਗੀਰ ਸਾਹਿਬ ਤੋਂ
ਉਲੰਪਿਕ ਮਸ਼ਾਲ ਸਾਬਕਾ ਹਾਕੀ ਸਟਾਰ ਗਗਨ ਅਜੀਤ ਦੀ ਅਗਵਾਈ ਹੇਠ ਮਾਤਾ ਸਾਹਿਬ ਕੌਰ ਖੇਡ
ਸਟੇਡੀਅਮ 'ਚ ਖਿਡਾਰੀਆਂ ਦੇ ਕਾਫ਼ਲੇ ਦੇ ਰੂਪ 'ਚ ਪੁੱਜੇਗੀ। ਇਨ੍ਹਾਂ ਖੇਡਾਂ 'ਚ ਜਿੱਥੇ
ਹਾਕੀ ਸਟਾਰ ਜਸਜੀਤ ਕੌਰ ਨੂੰ ਉਲੰਪਿਕ ਸੁਰਜੀਤ ਸਿੰਘ ਰੰਧਾਵਾ ਐਵਾਰਡ, ਖੇਡ ਲੇਖਕ
ਪ੍ਰਿੰ. ਸਰਵਣ ਸਿੰਘ ਢੁੱਡੀਕੇ ਨੂੰ ਪ੍ਰਮੋਟਰ ਆਫ਼ ਸਪਰੋਟਸ ਅਮਰਜੀਤ ਸਿੰਘ ਗਰੇਵਾਲ
ਖੇਡ ਐਵਾਰਡ, ਲੋਕ ਗਾਇਕ ਤੇ ਫਿਲਮੀ ਅਦਾਕਾਰ ਹਰਭਜਨ ਮਾਨ ਤੇ ਕਾਮੇਡੀ ਕਲਾਕਾਰ ਭਗਵੰਤ
ਮਾਨ ਨੂੰ ਪੰਜਾਬ ਦਾ ਸਭਿਆਚਾਰ ਦਾ ਮਾਣ ਐਵਾਰਡ ਵਜੋਂ ਸਨਮਾਨਿਤ ਕੀਤਾ ਜਾਵੇਗਾ, ਉੱਥੇ
ਦੋਵੇਂ ਕਲਾਕਾਰ ਹਰਭਜਨ ਮਾਨ ਤੇ ਭਗਵੰਤ ਮਾਨ ਤੋਂ ਇਲਾਵਾ ਉਭਰਦਾ ਕਲਾਕਾਰ ਮੰਨਾ ਢਿੱਲੋਂ
ਖੁੱਲ੍ਹਾ ਅਖਾੜਾ ਲਾ ਕੇ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਸ ਤੋਂ ਇਲਾਵਾ ਲੋਕ ਗਾਇਕ
ਜੈਜੀ ਬੀ, ਇੰਦਰਜੀਤ ਨਿੱਕੂ ਉਚੇਚੇ ਤੌਰ 'ਤੇ ਪੁੱਜਣਗੇ। ਕਲੱਬ ਦੀ ਅਗਲੀ ਮੀਟਿੰਗ 18
ਜਨਵਰੀ ਨੂੰ ਮਹਿਫਲ ਹੋਟਲ ਲੁਧਿਆਣਾ ਵਿਖੇ ਹੋਵੇਗੀ।
ਸਮਰਾਲੇ 'ਚ ਮਿੰਨੀ
ਉਲੰਪਿਕਸ ਖੇਡਾਂ 16 ਜਨਵਰੀ ਤੋਂ
ਸਮਰਾਲਾ 14 ਜਨਵਰੀ - ਸਮਰਾਲੇ ਦੇ ਮਾਲਵਾ ਕਾਲਜ
ਬੌਂਦਲੀ ਦੇ ਖੇਡ ਸਟੇਡੀਅਮ 'ਚ 16 ਤੋਂ 18 ਜਨਵਰੀ ਤੱਕ ਮਿੰਨੀ ਉਲੰਪਿਕਸ ਖੇਡਾਂ
ਮਾਲਵਾ ਸਪੋਰਟਸ ਐਸੋਸੀਏਸ਼ਨ ਸਮਰਾਲਾ ਵੱਲੋਂ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ
'ਚ 16 ਜਨਵਰੀ ਨੂੰ ਘੋੜਿਆਂ ਦੇ ਹੀਟਸ, ਕੁੱਤਿਆਂ ਦੀਆਂ ਦੌੜਾਂ, ਬੈਲ ਗੱਡੀਆਂ (ਇਕੱਲੀ-ਇਕੱਲੀ)
ਤੇ 18 ਜਨਵਰੀ ਨੂੰ ਬੈਲ-ਗੱਡੀਆਂ ਹੀਟਸ ਮੁਕਾਬਲੇ, ਐਥਲੈਟਿਕਸ ਫ਼ਾਈਨਲ ਮੁਕਾਬਲੇ ਤੇ
ਹਿੰਦੁਸਤਾਨ ਦੀਆਂ 8 ਨਾਮਵਰ ਕਬੱਡੀ ਅਕੈਡਮੀਆਂ ਦੇ ਮੁਕਾਬਲੇ ਕਰਵਾਏ ਜਾਣਗੇ।
ਖਿਡਾਰਣਾਂ ਦੀ ਚੋਣ
20 ਤੋਂ
ਗਿੱਦੜ ਬਾਹਾ, 14 ਜਨਵਰੀ - ਪੰਜਾਬ ਖੇਤਰ ਦੇ ਪਿੰਡ
ਬਾਦਲ ਦੇ ਦਸ਼ਮੇਸ਼ ਗਰਲਜ਼ ਸੀਨੀਅਰ ਸੈਕੰਡਰੀ ਸਕੂਲ 'ਚ ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ
ਸਿਖਲਾਈ ਕੇਂਦਰ 'ਚ ਭਾਰਤੀ ਖੇਡ ਅਥਾਰਟੀ ਵੱਲੋਂ ਮਹਿਲਾ ਖਿਡਾਰੀਆਂ ਦੀ ਚੋਣ 20 ਤੋਂ
22 ਜਨਵਰੀ ਤੱਕ ਕੀਤੀ ਜਾ ਰਹੀ ਹੈ। ਇਸ ਦੌਰਾਨ ਐਥਲੈਟਿਕਸ, ਬਾਸਕਟਬਾਲ, ਹੈਂਡ ਬਾਲ,
ਵਾਲੀਬਾਲ ਤੇ ਹਾਕੀ ਦੀਆਂ ਮਹਿਲਾ ਖਿਡਾਰਣਾਂ ਦੀ ਚੋਣ ਵੀ ਕੀਤੀ ਜਾਵੇਗੀ।
ਰਛੀਨ ਦੀਆਂ ਖੇਡਾਂ
6 ਫਰਵਰੀ ਤੋਂ
ਅਹਿਮਦ ਗੜ੍ਹ, 14 ਜਨਵਰੀ - ਬਾਬਾ ਸੁਰਤ ਰਾਮ ਜੀ
ਯਾਦਗਾਰੀ ਪੇਂਡੂ ਖੇਡ ਮੇਲਾ 6 ਤੋਂ 9 ਫਰਵਰੀ ਤੱਕ ਪਿੰਡ ਰਛੀਨ (ਲੁਧਿਆਣਾ) ਵਿਖੇ
ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ 'ਚ ਕਬੱਡੀ ਓਪਨ ਇਕ ਪਿੰਡ, ਕਬੱਡੀ 70, 62,
55 ਤੇ 45 ਕਿਲੋ, ਘੋੜੇ-ਘੋੜੀਆਂ ਦੀਆਂ ਦੌੜਾਂ ਕਰਵਾਈਆਂ ਜਾਣਗੀਆਂ। ਕਬੱਡੀ ਓਪਨ 'ਚ
ਪਹਿਲਾ ਇਨਾਮ 41 ਹਜ਼ਾਰ ਤੇ ਦੂਸਰਾ ਇਨਾਮ 31 ਹਜ਼ਾਰ ਰੱਖਿਆ ਗਿਆ ਹੈ।
ਹਾਕੀ ਟੀਮ ਦੇ ਚੋਣ
ਟ੍ਰਾਇਲ 20 ਨੂੰ
ਜਲੰਧਰ, 14 ਜਨਵਰੀ - 20 ਜਨਵਰੀ ਨੂੰ 1 ਵਜੇ
ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਬਰਲਟਨ ਪਾਰਕ ਜਲੰਧਰ ਵਿਖੇ ਨੈਸ਼ਨਲ ਗੇਮਜ਼ ਵਿਚ
ਹਿੱਸਾ ਲੈਣ ਵਾਲੀ ਸੀਨੀਅਰ ਪੰਜਾਬ ਹਾਕੀ ਟੀਮ ਦੇ ਚੋਣ ਟ੍ਰਾਇਲ ਕਰਵਾਏ ਜਾ ਰਹੇ ਹਨ।
ਇਸ ਦੀ ਚੋਣ ਟ੍ਰਾਇਲ ਉਪਰੰਤ ਕੋਚਿੰਗ ਕੈਂਪ 21 ਜਨਵਰੀ ਤੋਂ 14 ਫਰਵਰੀ ਤੱਕ ਲਗਾਇਆ
ਜਾਵੇਗਾ।
ਬੈਡਮਿੰਟਨ ਚੈਂਪੀਅਨ 'ਚ ਕਮਲਦੀਪ ਦੀ
ਬੱਲੇ ਬੱਲੇ
ਮਾਲੇਰਕੋਟਲਾ, 13 ਜਨਵਰੀ - ਪੰਚਕੂਲਾ ਤੇ ਨਾਗਪੁਰ
ਵਿਖੇ ਲੰਘੇ ਦੋ ਸਾਲਾਂ ਦੌਰਾਨ ਹੋਈਆਂ 14 ਸਾਲ ਤੋਂ ਘੱਟ ਉਮਰ ਦੇ ਸਕੂਲ ਖਿਡਾਰੀਆਂ
ਦੀਆਂ ਕੌਮੀ ਬੈਡਮਿੰਟਨ ਖੇਡਾਂ 'ਚ ਲਗਾਤਾਰ ਦੂਜੀ ਵਾਰ ਸੋਨੇ ਦੇ ਤਗਮੇ ਹਾਸਲ ਕਰਕੇ
ਮਾਲੇਰਕੋਟਲਾ ਦਾ ਨਾਂਅ ਰੌਸ਼ਨ ਕਰਨ ਵਾਲੇ ਕਮਲਦੀਪ ਸਿੰਘ ਬਾਦਲ ਨੂੰ ਨੰਨ੍ਹਾਂ ਬਾਦਲ
ਦੱਸਦਿਆਂ ਮੁੱਖ ਮੰਤਰੀ ਨੇ ਉਸ ਨੂੰ ਬੁਕਲ ਵਿਚ ਲੈ ਕੇ ਪਿਆਰ ਦਿੱਤਾ। ਇਸ ਮੌਕੇ ਸ:
ਢੀਂਡਸਾ ਨੇ ਕਮਲਦੀਪ ਬਾਦਲ ਨੂੰ ਪੰਜਾਬ ਦੇ ਖੇਡ ਭਵਿੱਖ ਦਾ ਸ਼ਾਨਾਮੱਤਾ ਵਾਰਸ ਦੱਸਦਿਆਂ
ਐਲਾਨ ਕੀਤਾ ਕਿ ਇਸ ਹੋਣਹਾਰ ਖਿਡਾਰੀ ਨੂੰ ਸਰਕਾਰ ਵੱਲੋਂ ਹਰ ਸੰਭਵ ਮਦਦ ਦਿੱਤੀ
ਜਾਵੇਗੀ।
ਹੇਡਨ ਵੱਲੋਂ
ਕ੍ਰਿਕਟ ਨੂੰ ਬਾਏ ਬਾਏ
ਐਡੀਲੇਡ, 13 ਜਨਵਰੀ - ਸੰਸਾਰ ਦੇ ਕ੍ਰਿਕਟ ਬੱਲੇਬਾਜ਼ਾਂ
'ਚ ਸ਼ਾਮਿਲ ਆਸਟਰੇਲੀਆ ਦੇ ਮੈਥਿਊ ਹੇਡਨ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ
ਦਿੱਤਾ ਹੈ। ਸਥਾਨਕ ਗਾਬਾ ਸਟੇਡੀਅਮ ਵਿਖੇ ਬੁਲਾਏ ਗਏ ਪੱਤਰਕਾਰ ਸੰਮੇਲਨ ਦੌਰਾਨ ਹੇਡਨ
ਨੇ ਇਹ ਐਲਾਨ ਕੀਤਾ। ਆਪਣੇ ਪਰਿਵਾਰ ਦੀ ਮੌਜੂਦਗੀ 'ਚ ਪੱਤਰਕਾਰਾਂ ਨੂੰ ਸੰਬੋਧਨ
ਕਰਦਿਆਂ ਹੇਡਨ ਨੇ ਕਿਹਾ ਕਿ ਮੈਂ ਅੰਤਰਰਾਸ਼ਟਰੀ ਕ੍ਰਿਕਟ ਵਿਚ ਆਸਟਰੇਲੀਆ ਦੇ
ਪ੍ਰਤੀਨਿਧ ਦੇ ਤੌਰ 'ਤੇ ਸੰਨਿਆਸ ਦਾ ਐਲਾਨ ਕਰਦਾ ਹਾਂ। ਮੇਰਾ ਫੈਸਲਾ ਹੁਣ ਤੋਂ ਹੀ
ਲਾਗੂ ਹੋ ਰਿਹਾ ਹੈ। ਮੈਂ ਜਾਣਦਾ ਹਾਂ ਕਿ ਮੇਰਾ ਜਾਣ ਦਾ ਸਮਾਂ ਆ ਗਿਆ ਹੈ ਅਤੇ ਇਹੀ
ਸੋਚ ਕੇ ਮੈਂ ਇਹ ਫੈਸਲਾ ਕੀਤਾ ਹੈ। ਹੇਡਨ ਪਿਛਲੇ ਕੁਝ ਸਮੇਂ ਤੋਂ ਬੇਹੱਦ ਖ਼ਰਾਬ ਫਾਰਮ
ਨਾਲ ਜੂਝ ਰਹੇ ਸਨ। ਭਾਰਤ ਵਿਰੁਧ ਖੇਡੀ ਗਈ ਚਾਰ ਮੈਚਾਂ ਦੀ ਲੜੀ ਦੌਰਾਨ ਉਨ੍ਹਾਂ ਦਾ
ਬੱਲਾ ਬਿਲਕੁਲ ਖਮੋਸ਼ ਰਿਹਾ। ਇਸ ਤੋਂ ਬਾਅਦ ਦੱਖਣੀ ਅਫ਼ਰੀਕਾ ਵਿਰੁੱਧ ਖੇਡੀ ਗਈ ਤਿੰਨ
ਮੈਚਾਂ ਦੀ ਟੈਸਟ ਲੜੀ ਵਿਚ ਵੀ ਉਹ ਕੁਝ ਖਾਸ ਨਹੀਂ ਕਰ ਸਕੇ ਸਨ। ਦੋਵਾਂ ਲੜੀਆਂ 'ਚ
ਆਸਟਰੇਲੀਆ ਦੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਿਛਲੀਆਂ 17 ਪਾਰੀਆਂ 'ਚ
ਹੇਡਨ ਨੇ ਸਿਰਫ਼ ਦੋ ਅਰਧ ਸੈਂਕੜੇ ਹੀ ਬਣਾਏ ਹਨ। ਸਹੀ ਨਾ ਖੇਡ ਸਕਣ ਕਰਕੇ ਉਨ੍ਹਾਂ
ਨੂੰ ਇਕ ਰੋਜ਼ਾ ਤੇ ਟਵੰਟੀ-20 ਟੀਮਾਂ 'ਚ ਸ਼ਾਮਿਲ ਨਹੀਂ ਕੀਤਾ ਗਿਆ ਸੀ॥ ਹੇਡਨ ਨੂੰ
ਆਧੁਨਿਕ ਕ੍ਰਿਕਟ ਦੇ ਮਹਾਨ ਬੱਲੇਬਾਜ਼ਾਂ 'ਚ ਸ਼ਾਮਿਲ ਕੀਤਾ ਜਾਂਦਾ ਹੈ। ਹੇਡਨ ਨੇ 103
ਟੈਸਟਾਂ 'ਚ 50.74 ਦੀ ਵਧੀਆ ਔਸਤ ਨਾਲ 8,625 ਦੌੜਾਂ ਬਣਾਈਆਂ ਹਨ ਜਿਸ 'ਚ 30
ਸੈਂਕੜੇ ਅਤੇ 29 ਅਰਧ ਸੈਂਕੜੇ ਸ਼ਾਮਿਲ ਹਨ। ਸੈਂਕੜੇ ਠੋਕਣ ਦੇ ਮਾਮਲੇ 'ਚ ਵੀ ਉਨ੍ਹਾਂ
ਦਾ ਨਾਂਅ ਦੁਨੀਆ ਦੇ ਸਫਲ ਬੱਲੇਬਾਜ਼ਾਂ ਸ਼ਾਮਿਲ ਹੈ। ਟੈਸਟਾਂ 'ਚ ਉਨ੍ਹਾਂ ਦਾ ਸਰਬੋਤਮ
ਸਕੋਰ 380 ਰਿਹਾ ਹੈ। ਇਕ ਸਮੇਂ ਸਰਬੋਤਮ ਟੈਸਟ ਸਕੋਰ ਦਾ ਰਿਕਾਰਡ ਉਨ੍ਹਾਂ ਦੇ ਹੀ
ਨਾਂਅ ਸੀ ਪਰ ਵੈਸਟ ਇੰਡੀਜ਼ ਦੇ ਸਾਬਕਾ ਕਪਤਾਨ ਬ੍ਰਾਇਨ ਲਾਰਾ ਨੇ 400 ਦੌੜਾਂ ਦੀ
ਅਜੇਤੂ ਪਾਰੀ ਖੇਡ ਕੇ ਉਨ੍ਹਾਂ ਨੂੰ ਪਿੱਛੇ ਛੱਡ ਦਿੱਤਾ। ਇਸ ਤਰ੍ਹਾਂ ਹੁਣ ਉਹ ਇਸ
ਸੂਚੀ 'ਚ ਦੂਜੇ ਸਥਾਨ 'ਤੇ ਹਨ। ਇਖ ਰੋਜ਼ਾ ਮੈਚਾਂ 'ਚ ਹੇਡਨ ਨੇ 161 ਮੈਚਾਂ 'ਚ
43.80 ਦੀ ਔਸਤ ਨਾਲ 6,133 ਦੌੜਾਂ ਬਣਾਈਆਂ ਹਨ। ਇਸ ਵਿਚ 10 ਸੈਂਕੜੇ ਤੇ 36 ਅਰਧ
ਸੈਂਕੜੇ ਸ਼ਾਮਿਲ ਹਨ। ਇਕ ਸਮੇਂ ਹੇਡਨ ਧਮਾਕੇਦਾਰ ਬੱਲੇਬਾਜ਼ੀ ਕਰਨ ਵਾਲੇ ਐਡਮ
ਗਿਲਕ੍ਰਿਸਟ ਨਾਲ ਵਿਸ਼ਵ ਦੀ ਸਭ ਤੋਂ ਹਮਲਾਵਰ ਇਕ ਰੋਜ਼ਾ ਸਲਾਮੀ ਜੋੜੀ ਦਾ ਹਿੱਸਾ ਰਹੇ
ਹਨ। ਇਸ ਦੌਰਾਨ ਹੇਡਨ ਨੇ ਦੱਸਿਆ ਕਿ ਉਸਦੀ ਲੜਕੀ ਗ੍ਰੇਸ ਚਾਹੁੰਦੀ ਸੀ ਕਿ ਮੈਂ ਇਕ
ਸਾਲ ਹੋਰ ਕ੍ਰਿਕਟ ਖੇਡਾਂ। ਉਸਨੇ ਦੱਸਿਆ ਕਿ ਜਦ ਉਨ੍ਹਾਂ ਦੀ ਇਕ ਦਿਨਾਂ ਅੰਤਰਰਾਸ਼ਟਰੀ
ਮੈਚਾਂ ਤੇ ਟਵੰਟੀ-20 ਮੈਚਾਂ 'ਚ ਵਾਪਸੀ ਨਾ ਹੋਈ ਤਾਂ ਉਸਦੀ ਬੇਟੀ ਨੇ ਕਿਹਾ ਕਿ ਉਹ
ਨਿਰਾਸ਼ ਨਾ ਹੋਣ ਤੇ ਇਖ ਸਾਲ ਹੋਰ ਕ੍ਰਿਕਟ ਖੇਡਣ।
ਪਿੰਡ ਧੱਲੇਕੇ ਦਾ
ਹਰਜੀਤ ਕਬੱਡੀ ਕੱਪ 24 ਤੋਂ
ਮੋਗਾ, 13 ਜਨਵਰੀ - ਪੰਜਵਾਂ ਹਰਜੀਤ ਕਬੱਡੀ ਕੱਪ
ਦਸਮੇਸ਼ ਸਪੋਰਟਸ ਸਟੇਡੀਅਮ ਧੱਲੇਕੇ ਵਿਖੇ 24 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ। ਇਹ
ਕਬੱਡੀ ਕੱਪ ਖਿਡਾਰੀ ਸਵਰਗੀ ਹਰਜੀਤ ਬਰਾੜ ਬਾਜਾਖਾਨਾ ਦੀ ਯਾਦ ਨੂੰ ਸਮਰਪਿਤ ਹੈ। ਇਹ
ਹਰਜੀਤ ਇੰਟਰਨੈਸ਼ਨਲ ਸਪੋਰਟਸ ਕਲੱਬ ਕੈਨੇਡਾ ਵੱਲੋਂ ਐਨ.ਆਰ.ਆਈ. ਵੀਰਾਂ ਤੇ ਨਗਰ
ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਕਬੱਡੀ ਕੈਂਪ ਵਿਚ ਦੇਸ਼ ਵਿਦੇਸ਼
ਦੀਆਂ 8 ਅਕੈਡਮੀਆਂ ਦੀਆਂ ਟੀਮਾਂ ਆਪਣੀ ਕਲਾ ਦੇ ਜੌਹਰ ਦਿਖਾਉਣਗੀਆਂ ਤੇ ਜੇਤੂ ਟੀਮ
ਨੂੰ ਇਕ ਲੱਖ ਰੁਪਏ ਦਾ ਨਕਦ ਇਨਾਮ ਦਲਜੀਤ ਮੋਗਾ ਅਤੇ ਭਿੰਦਾ ਗਿੱਲ ਵੱਲੋਂ ਦਿੱਤਾ
ਜਾਵੇਗਾ ਜਦਕਿ ਮੇਜਰ ਗਿੱਲ ਤੇ ਪਰਮ ਗਿੱਲ ਪੁਰਾਣੇ ਵਾਲਾ ਵੱਲੋਂ 75 ਹਜ਼ਾਰ ਰੁਪਏ ਦਾ
ਦੂਸਰਾ ਨਕਦ ਇਨਾਮ ਦਿੱਤਾ ਜਾਵੇਗਾ।
ਸ੍ਰੀ ਗੁਰੂ
ਹਰਿਗੋਬਿੰਦ ਸਾਹਿਬ ਵਰਲਡ ਕਬੱਡੀ ਕੱਪ 19-20 ਨੂੰ
ਹੁਸ਼ਿਆਰਪੁਰ, 13 ਜਨਵਰੀ - ਸ੍ਰੀ ਗੁਰੂ ਹਰਿਗੋਬਿੰਦ
ਸਾਹਿਬ ਵਰਲਡ ਕਬੱਡੀ ਕੱਪ 19-20 ਜਨਵਰੀ ਨੂੰ ਹੁਸ਼ਿਆਰਪੁਰ 'ਚ ਕਰਵਾਇਆ ਜਾ ਰਿਹਾ ਹੈ।
ਇਸ ਕੱਪ 'ਚ ਵਿਸ਼ਵ ਦੀਆਂ ਉਚ ਕੋਟੀ ਦੀਆਂ 8 ਟੀਮਾਂ ਮੀਰੀ ਪੀਰੀ ਕਲੱਬ ਕਪੂਰਥਲਾ,
ਦਸਮੇਸ਼ ਕਲੱਬ ਕਾਲਖ, ਦਸਮੇਸ਼ ਕਲੱਬ ਕਪੂਰਥਲਾ, ਰਾੜਾ ਸਾਹਿਬ ਕਲੱਬ, ਅੰਬੀ ਹਠੂਰ ਕਲੱਬ
ਮੋਗਾ, ਗੜ੍ਹਦੀਵਾਲਾ ਕਲੱਬ ਹਰਜੀਤ ਤਲਵਾਰ ਕਲੱਬ ਜਗਰਾਓਂ, ਪੋਤੋਂ ਹੀਰਾ ਸਿੰਘ ਕਲੱਬ
ਪੁੱਜ ਰਹੀਆਂ ਹਨ। ਪਿੰਡ ਪੱਧਰ ਦੀਆਂ ਚੋਟੀ ਦੀਆਂ 14 ਟੀਮਾਂ ਆਪੋ-ਆਪਣੇ ਜ਼ੋਹਰ ਦਾ
ਪ੍ਰਦਰਸ਼ਨ ਕਰਨਗੀਆਂ। ਜੇਤੂ ਟੀਮ ਨੂੰ 1 ਲੱਖ ਰੁਪਏ ਨਗਦ ਇਨਾਮ ਅਤੇ ਟਰਾਫ਼ੀ ਤੇ ਉਪ
ਜੇਤੂ ਨੂੰ 75 ਹਜ਼ਾਰ ਰੁਪਏ ਨਗਦ ਤੇ ਟਰਾਫ਼ੀ ਦਿੱਤੀ ਜਾਵੇਗੀ। ਪਿੰਡ ਪੱਧਰ ਦੀਆਂ ਟੀਮਾਂ
ਨੂੰ ਕ੍ਰਮਵਾਰ 21 ਹਜ਼ਾਰ ਰੁਪਏ ਪਹਿਲਾ ਤੇ 15 ਹਜ਼ਾਰ ਰੁਪਏ ਦੂਜਾ ਇਨਾਮ ਦਿੱਤਾ ਜਾਵੇਗਾ।
ਪੰਜਾਬ ਤੇ ਹਰਿਆਣਾ ਦੀਆਂ ਟੀਮਾਂ ਦਰਮਿਆਨ ਲੜਕੀਆਂ ਦਾ ਸ਼ੋਅ ਮੈਚ ਵੀ ਖਿੱਚ ਦਾ ਕੇਂਦਰ
ਹੋਵੇਗਾ। ਇਸ ਵਰਲਡ ਕਬੱਡੀ ਕੱਪ ਦੀ ਸਮਾਪਤੀ ਤੇ ਵਿਸ਼ਵ ਪ੍ਰਸਿੱਧ ਪੰਜਾਬ ਗਾਇਕ ਜੈਜੀ
ਬੀ.ਦੇ ਖੁਲ੍ਹੇ ਅਖਾੜੇ ਨਾਲ ਹੋਵੇਗਾ।
ਕੌਮੀ ਖੇਡਾਂ ਲਈ
ਮੁੱਕੇਬਾਜ਼ਾਂ ਦੀ ਚੋਣ
ਪਟਿਆਲਾ, 13 ਜਨਵਰੀ - ਝਾਰਖੰਡ ਦੇ ਸ਼ਹਿਰ ਰਾਂਚੀ
ਵਿਖੇ 20 ਤੋਂ 28 ਫਰਵਰੀ ਤੱਕ ਕੌਮੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕੌਮੀ
ਖੇਡਾਂ ਲਈ ਪੰਜਾਬ ਮੁੱਕੇਬਾਜ਼ੀ ਐਸੋਸੀਏਸ਼ਨ ਨੇ 20 ਪੁਰਸ਼ ਤੇ 20 ਮਹਿਲਾ ਸੰਭਾਵਿਤ
ਮੁੱਕੇਬਾਜ਼ਾਂ ਦੀ ਚੋਣ ਕੀਤੀ ਹੈ। ਪੁਰਸ਼ ਮੁੱਕੇਬਾਜ਼ਾਂ ਦਾ ਸਿਖਲਾਈ ਕੈਂਪ 16 ਜਨਵਰੀ
ਤੋਂ ਸਰਕਾਰੀ ਮਲਟੀਪਰਪਜ਼ ਸੈਕੰਡਰੀ ਸਕੂਲ ਪਟਿਆਲਾ ਤੇ ਮਹਿਲਾਵਾਂ ਦਾ ਕੈਂਪ ਏ. ਐਸ.
ਸੈਕੰਡਰੀ ਸਕੂਲ ਖੰਨਾ ਵਿਖੇ ਲਗਾਇਆ ਜਾਵੇਗਾ। ਪੁਰਸ਼ ਵਰਗ ਦੇ 48 ਕਿਲੋ ਭਾਰ 'ਚ
ਅਮਨਦੀਪ ਸਿੰਘ ਪੰਜਾਬ ਪੁਲਿਸ, ਧੀਰਜ ਕੁਮਾਰ ਪਟਿਆਲਾ, 51 ਕਿਲੋ 'ਚ ਅਸ਼ਵਨੀ ਕੁਮਾਰ
ਪੀ. ਏ.ਪੀ. ਜਲੰਧਰ, 57 ਕਿਲੋ 'ਚ ਮਹਿਮੂਦ ਖਾਨ ਐਸ. ਟੀ.ਸੀ. ਮਸਤੂਆਣਾ, ਨੀਰਜ ਗੋਇਲ
ਜਲੰਧਰ ਤੇ ਗੁਰਵਿੰਦਰ ਸਿੰਘ ਪੰਜਾਬ ਪੁਲਿਸ, 60 ਕਿਲੋ 'ਚ ਸੁਨੀਲ ਕੁਮਾਰ ਪਟਿਆਲਾ,
ਵਿੱਕੀ ਸਿੰਘ ਅੰਮ੍ਰਿਤਸਰ, ਅਮਨਦੀਪ ਸਿੰਘ ਭੱਟੀ ਪੰਜਾਬ ਪੁਲਿਸ, ਅਰੁਨ ਕੁਮਾਰ ਰੇਲਵੇ,
ਨਿਰਪਾਲ ਸਿੰਘ ਰੇਲਵੇ, ਬਘੇਲ ਸਿੰਘ ਖੰਨਾ, 75 ਕਿਲੋ 'ਚ ਕੁਲਦੀਪ ਸਿੰਘ ਪਟਿਆਲਾ,
ਵਰਿੰਦਰ ਸਿੰਘ ਪਟਿਆਲਾ, ਹਰਵਿੰਦਰ ਸਿੰਘ ਪੰਜਾਬ ਪੁਲਿਸ, 81 ਕਿਲੋ 'ਚ ਪਰਮਿੰਦਰ
ਸਿੰਘ ਪਟਿਆਲਾ, ਗੁਰਲਾਲ ਸਿੰਘ ਐਸ. ਟੀ. ਸੀ. ਮਸਤੂਆਣਾ, 91 ਕਿਲੋ 'ਚ ਰਾਮ ਸਿੰਘ
ਪੰਜਾਬ ਪੁਲਿਸ, ਜਸਦੀਪ ਸਿੰਘ ਰੇਲਵੇ, +91 ਕਿਲੋ 'ਚ ਹਰਪ੍ਰੀਤ ਸਿੰਘ ਰੇਲਵੇ ਤੇ
ਭਰਤਪਾਲ ਸਿੰਘ ਪਟਿਆਲਾ ਦੀ ਚੋਣ ਕੀਤੀ ਗਈ ਹੈ। ਇਨ੍ਹਾਂ ਨੂੰ ਕੋਚ ਹਰਪ੍ਰੀਤ ਸਿੰਘ,
ਕੁਲਵਿੰਦਰ ਸਿੰਘ ਤੇ ਕਮਲਦੀਪ ਸਿਖਲਾਈ ਦੇਣਗੇ। ਮਹਿਲਾ ਵਰਗ ਲਈ 48 ਕਿਲੋ ਵਰਗ 'ਚ
ਗੁਰਹਰਕੀਰਤ ਕੌਰ ਮਾਨਸਾ, ਰਿਤੂ ਹੁਸ਼ਿਆਰਪੁਰ, ਗਗਨਦੀਪ ਕੌਰ ਸੰਗਰੂਰ, 52 ਕਿਲੋ 'ਚ
ਸੁਨੀਤਾ ਰਾਣੀ ਸੰਗਰੂਰ, ਪ੍ਰੀਤੀ ਮਹਿਰਾ ਜਲੰਧਰ, ਪੂਜਾ ਬਠਿੰਡਾ ਤੇ ਮਾਫੀਆ ਸੰਗਰੂਰ,
54 ਕਿਲੋ 'ਚ ਮਨਪ੍ਰੀਤ ਕੌਰ ਮੁਕਤਸਰ ਤੇ ਅਮਨਪ੍ਰੀਤ ਕੌਰ ਮਾਨਸਾ, 60 ਕਿਲੋ 'ਚ
ਮੋਨਿਕਾ ਅੰਮ੍ਰਿਤਸਰ, 63 ਕਿਲੋ 'ਚ ਰਜਨੀਸ਼ ਕੌਰ ਲੁਧਿਆਣਾ ਤੇ ਰਾਜਵੀਰ ਕੌਰ
ਗੁਰਦਾਸਪੁਰ, 66 ਕਿਲੋ 'ਚ ਸਿੰਪਲਜੀਤ ਕੌਰ ਸੰਗਰੂਰ ਤੇ ਸੰਦੀਪ ਕੌਰ ਬਠਿੰਡਾ, 75
ਕਿਲੋ 'ਚ ਗੁਰਜੀਤ ਕੌਰ ਲੁਧਿਆਣਾ, ਕਿਰਨਜੀਤ ਕੌਰ ਲੁਧਿਆਣਾ ਤੇ ਇੰਦਰਜੀਤ ਕੌਰ
ਗੁਰਦਾਸਪੁਰ, 80 ਕਿਲੋ 'ਚ ਹਰਪ੍ਰੀਤ ਕੌਰ ਜਲੰਧਰ ਤੇ ਸੰਦੀਪ ਕੌਰ ਪਟਿਆਲਾ, 86 ਕਿਲੋ
'ਚ ਗੁਰਪ੍ਰੀਤ ਕੌਰ ਪਟਿਆਲਾ ਤੇ ਕਿਰਨਦੀਪ ਕੌਰ ਲੁਧਿਆਣਾ ਦੀ ਚੋਣ ਕੀਤੀ ਗਈ ਹੈ।
ਇਨ੍ਹਾਂ ਖਿਡਾਰਨਾਂ ਨੂੰ ਮਿਸ ਲਕਸ਼ਮੀ, ਅਨਿਲ ਕੁਮਾਰ ਤਰਨਤਾਰਨ, ਲਾਭ ਸਿੰਘ ਖੰਨਾ ਤੇ
ਸੋਹਣ ਲਾਲ ਸਿਖਲਾਈ ਦੇਣਗੇ।
ਭਾਰਤੀ ਕ੍ਰਿਕਟ ਟੀਮ
ਸ੍ਰੀਲੰਕਾ ਨਾਲ ਖੇਡੇਗੀ ਅੰਤਰਰਾਸ਼ਟਰੀ ਮੈਚ
ਕੋਲੰਬੋ, 13 ਜਨਵਰੀ - ਭਾਰਤੀ ਕ੍ਰਿਕਟ ਟੀਮ ਜਨਵਰੀ
- ਫਰਵਰੀ ਮਹੀਨੇ 'ਚ ਸ੍ਰੀਲੰਕਾ ਕ੍ਰਿਕਟ ਟੀਮ ਨਾਲ ਪੰਜ ਇਕ ਦਿਨਾਂ ਅੰਤਰਰਾਸ਼ਟਰੀ ਮੈਚ
ਤੇ ਇਕ 20-20 ਕ੍ਰਿਕਟ ਮੈਚ ਖੇਡੇਗੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਤੇ ਸ੍ਰੀਲੰਕਾ
ਕ੍ਰਿਕਟ ਬੋਰਡ ਅਧਿਕਾਰੀਆਂ ਵਿਚਕਾਰ ਹੋਈ ਮੀਟਿੰਗ 'ਚ ਇਹ ਫੈਸਲਾ ਕੀਤਾ ਗਿਆ। ਸੀਰੀਜ
ਸਬੰਧੀ ਪੂਰੀ ਜਾਣਕਾਰੀ ਇਕ-ਦੋ ਦਿਨਾਂ 'ਚ ਦੱਸੀ ਜਾਵੇਗੀ। ਭਾਰਤੀ ਕ੍ਰਿਕਟ ਟੀਮ
ਪਾਕਿਸਤਾਨ ਦੌਰੇ 'ਤੇ ਨਾ ਜਾਣ ਕਰਕੇ ਕ੍ਰਿਕਟ ਬੋਰਡ ਨੂੰ 2.50 ਕਰੋੜ ਡਾਲਰ ਦਾ
ਨੁਕਸਾਨ ਹੋਇਆ ਹੈ। ਇਸੇ ਨੁਕਸਾਨ ਦੀ ਪੂਰਤੀ ਲਈ ਸ੍ਰੀਲੰਕਾ ਨਾਲ ਸੀਰੀਜ ਖੇਡਣ ਦਾ
ਫੈਸਲਾ ਕੀਤਾ ਗਿਆ।
ਦਾਉਧਰ ਗੋਲਡ ਕਬੱਡੀ
ਕੱਪ 'ਚ ਅੰਬੀ ਹਠੂਰ ਕਲੱਬ ਮੋਗਾ ਦੀ ਝੰਡੀ
ਮੋਗਾ, 12 ਜਨਵਰੀ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਦੇ 300 ਸਾਲਾ ਗੁਰਤਾਗਦੀ ਦਿਵਸ ਨੂੰ ਸਮਰਪਿਤ ਕਬੱਡੀ ਕੱਪ ਮੋਗਾ ਜ਼ਿਲ੍ਹੇ ਦੇ ਮਸ਼ਹੂਰ
ਪਿੰਡ ਦਾਉਧਰ ਵਿਖੇ ਕਰਵਾਇਆ ਗਿਆ। ਇਸ ਦੇ ਆਖਰੀ ਦਿਨ 8 ਅਕੈਡਮੀਆਂ ਦੇ ਮੈਚ ਹੋਏ,
ਜਿੰਨ੍ਹਾਂ 'ਚ ਅੰਬੀ ਹਠੂਰ ਇੰਟਰਨੈਸ਼ਨਲ ਕਲੱਬ ਮੋਗਾ, ਹਰਜੀਤ ਕਲੱਬ ਪੱਤੋ ਹੀਰਾ ਸਿੰਘ,
ਹਰਜੀਤ ਤਲਵਾਰ ਕਲੱਬ ਜਗਰਾਓਂ, ਇੰਟਰਨੈਸ਼ਨਲ ਕਲੱਬ ਰੋਪੜ, ਨਿੰਮਾ ਕਲੱਬ ਮਾਣੂੰਪੁਰ,
ਗੁਰੂ ਨਾਨਕ ਕਬੱਡੀ ਕਲੱਬ ਬੱਸੀਆਂ, ਸੰਤ ਬਾਬਾ ਈਸ਼ਰ ਸਿੰਘ ਕਲੱਬ ਰਾੜਾ ਸਾਹਿਬ, ਅੰਬੀ
ਹਠੂਰ ਕਲੱਬ, ਡੀ. ਏ. ਪੀ. ਕਾਲਜ ਬਠਿੰਡਾ ਸ਼ਾਮਿਲ ਸਨ। ਫਾਈਨਲ 'ਚ ਅੰਬੀ ਹਠੂਰ
ਇੰਟਰਨੈਸ਼ਨਲ ਕਲੱਬ ਮੋਗਾ ਨੇ ਬਾਬਾ ਈਸ਼ਰ ਸਿੰਘ ਕਲੱਬ ਰਾੜਾ ਸਾਹਿਬ ਨੂੰ 21 ਦੇ
ਮੁਕਾਬਲੇ ਸਾਢੇ 36 ਅੰਕਾਂ ਨਾਲ ਹਰਾ ਕੇ ਇਕ ਲੱਖ ਰੁਪਏ ਦਾ ਨਕਦ ਇਨਾਮ ਅਤੇ ਟਰਾਫੀ
ਜਿੱਤੀ। ਮੇਲੇ ਦੌਰਾਨ ਮੇਜਰ ਸਿੰਘ ਹਿੰਦੋਸਤਾਨੀ ਨੇ ਮੋਟਰ ਸਾਈਕਲ ਦੇ ਹੈਰਤ ਅੰਗੇਜ਼
ਕਾਰਨਾਮੇ ਵਿਖਾਏ। ਇਸ ਸਮੇਂ ਪ੍ਰੈੱਸ ਕਲੱਬ ਜਲੰਧਰ ਦੇ ਪ੍ਰਧਾਨ ਆਰ. ਐਨ. ਸਿੰਘ ਅਤੇ
ਅੰਤਰਰਾਸ਼ਟਰੀ ਢਾਡੀ ਤਰਲੋਚਨ ਸਿੰਘ ਭਮੱਦੀ ਨੂੰ ਸੋਨ ਤਗਮੇ ਅਤੇ ਹੋਰ ਸ਼ਖਸੀਅਤਾਂ ਨੂੰ
ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ।
ਰਾਜ ਪੱਧਰੀ ਹਾਕੀ
ਲੀਗ 'ਚ ਫਰੈਂਡਜ਼ ਕਲੱਬ ਰੂਮੀ ਬਹਾਦਰਗੜ੍ਹ ਦੀ ਚੜ੍ਹਤ
ਲੁਧਿਆਣਾ 12 ਜਨਵਰੀ - ਕੁਠਾਲੇ ਦੇ ਸ਼ਹੀਦਾਂ ਨੂੰ
ਸਮਰਪਿਤ ਦੂਜੀ ਰਾਜ ਪੱਧਰੀ ਹਾਕੀ ਲੀਗ ਕੁਠਾਲਾਂ ਦੇ ਗਰਾਊਂਡਾਂ ਵਿਚ ਕਰਵਾਈ ਗਈ। ਇਸ
ਵਿਚ ਫਰੈਂਡਜ ਕਲੱਬ ਰੂਮੀ ਨੇ ਬਹਾਦਰਗੜ੍ਹ ਨੂੰ ਹਰਾ ਕੇ ਚੈਂਪੀਅਨ ਬਣਨ ਦਾ ਖਿਤਾਬ
ਹਾਸਲ ਕੀਤਾ। ਇਸ ਲੀਗ ਵਿਚ ਪੰਜਾਬ ਦੀਆਂ ਉੱਘੀਆਂ ਅੱਠ ਅਕੈਡਮੀਆਂ ਨੇ ਹਿੱਸਾ ਲਿਆ।
ਫਾਈਨਲ ਵਿਚ ਫਰੈਂਡਜ ਕਲੱਬ ਰੂਮੀ ਨੇ ਬਹਾਦਰਗੜ੍ਹ ਨੂੰ 2-1 ਨਾਲ ਹਰਾਇਆ, ਜਦਕਿ ਇਸ
ਤੋਂ ਪਹਿਲਾਂ ਖੇਡੇ ਸੈਮੀਫਾਈਨਲ ਵਿਚ ਬਹਾਦਰਗੜ੍ਹ ਨੇ ਜਰਖੜ ਅਕੈਡਮੀ ਨੂੰ 3-1 ਅਤੇ
ਰੂਮੀ ਨੇ ਸੰਗਰੂਰ ਅਕੈਡਮੀ ਨੂੰ 5-1 ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਪਾਇਆ। ਜੇਤੂ
ਟੀਮਾਂ ਨੂੰ ਇਨਾਮਾਂ ਦੀ ਵੰਡ ਮੁਹੰਮਦ ਊਵੈਸ ਐਮ. ਡੀ. ਸਟਾਰ ਕੰਪਕੈਟ ਨੇ ਕੀਤੀ।
ਉਨ੍ਹਾਂ ਚੈਂਪੀਅਨ ਟੀਮ ਰੂਮੀ ਨੂੰ ਜੇਤੂ ਟਰਾਫ਼ੀ ਅਤੇ 21 ਹਜ਼ਾਰ ਰੁਪਏ ਦੀ ਨਕਦ ਰਾਸ਼ੀ
ਨਾਲ ਸਨਮਾਨਿਤ ਕੀਤਾ।
ਕਾਨਾਜਾਫਾ ਕੱਪ 'ਚ
ਪੰਜਾਬੀ ਖਿਡਾਰੀਆਂ ਨੇ 11 ਤਗਮੇ ਜਿੱਤੇ
ਬਠਿੰਡਾ, 12 ਜਨਵਰੀ - ਪਿਛਲੇ ਦਿਨੀਂ ਤਿੰਨ ਦੇਸ਼ਾਂ
ਦੇ ਇੰਟਰਨੈਸ਼ਨਲ ਓਪਨ ਮੁਕਾਬਲੇ ਕਾਠਮੰਡੂ (ਨੇਪਾਲ) ਵਿਖੇ ਕਰਵਾਏ ਗਏ। ਐਸ. ਕੇ. ਆਈ.
ਐਫ. ਕਾਨਾਜਾਫ਼ਾ ਕੱਪ (ਕਰਾਟੇ) ਵਿਚ ਪੰਜਾਬ ਦੇ ਖਿਡਾਰੀਆਂ ਨੇ ਗਿਆਰਾਂ ਤਗਮੇ ਜਿੱਤ
ਕੇ ਭਾਰਤ ਦੀਆਂ ਕਰਾਟੇ ਤੇ ਤਾਇਕਵਾਡੋਂ ਟੀਮ ਨੂੰ ਪਹਿਲਾ ਸਥਾਨ ਦਿਵਾਇਆ। ਇਸ ਕੱਪ
ਵਿਚ ਭਾਰਤ, ਬੰਗਲਾਦੇਸ਼ ਤੇ ਨੇਪਾਲ ਦੀਆਂ ਟੀਮਾਂ ਨੇ ਭਾਗ ਲਿਆ। ਭਾਰਤ ਤੋਂ ਤਕਰੀਬਨ
85 ਖਿਡਾਰੀਆਂ ਨੇ ਇਸ ਕੱਪ ਵਿਚ ਹਿੱਸਾ ਲਿਆ। ਜਿਸ ਵਿਚ ਇਕੱਲੇ ਪੰਜਾਬ ਤੋਂ ਕਰਾਟੇ
ਤੇ ਤਾਇਕਵਾਡੋਂ ਦੇ 32 ਖਿਡਾਰੀਆਂ ਨੇ ਭਾਗ ਲਿਆ। ਜਿਸ 'ਚ ਬਠਿੰਡਾ ਦੇ 20, ਸੰਗਰੂਰ
10 ਅਤੇ ਲੁਧਿਆਣਾ ਤੋਂ 2 ਖਿਡਾਰੀਆਂ ਨੇ ਭਾਰਤੀ ਟੀਮ ਵਿਚ ਸ਼ਿਰਕਤ ਕੀਤੀ। ਟੂਰਨਾਮੈਂਟ
ਵਿਚ ਜਿਥੇ ਸੰਗਰੂਰ ਨੇ 3 ਸੋਨੇ ਦੇ, 1 ਚਾਂਦੀ ਅਤੇ 2 ਕਾਂਸੀ, ਲੁਧਿਆਣਾ ਨੇ ਸੋਨੇ
ਤੇ ਕਾਂਸੀ ਦਾ ਇਕ-ਇਕ ਤਗਮਾ ਜਿੱਤਿਆ ਹੈ, ਉਥੇ ਬਠਿੰਡਾ ਦੇ ਅਦਿੱਤੇ ਕੁਮਾਰ ਨੇ ਸਬ
ਜੂਨੀਅਰ ਵਰਗ ਵਿਚ ਕਾਂਸੀ, ਜੂਨੀਅਰ ਵਰਗ ਵਿਚ ਜਸਵਿੰਦਰ ਸਿੰਘ ਨੇ ਚਾਂਦੀ ਅਤੇ ਕਰਨ
ਸਿੰਘ ਨੇ ਸੀਨੀਅਰ ਵਰਗ ਵਿਚ ਚਾਂਦੀ ਦਾ ਤਗਮਾ ਜਿੱਤਿਆ। ਭਾਰਤੀ ਟੀਮ ਦੇ ਨਾਲ ਕੋਚ ਵਜੋਂ
ਸ਼ਿਵ ਪਚਾਲ ਹਰਿਆਣਾ ਜਨਰਲ ਸਕੱਤਰ ਭਾਰਤੀ ਕਰਾਟੇ ਐਸੋਸੀਏਸ਼ਨ, ਮੈਨੇਜਰ ਗੁਰਸੇਵਕ ਸਿੰਘ
ਸੰਗਰੂਰ, ਲਛਮਣ ਸਿੰਘ ਲੁਧਿਆਣਾ, ਕਰਮ ਸਿੰਘ, ਪ੍ਰਦੀਪ ਸ਼ਰਮਾ ਅਤੇ ਸੁਖਦੇਵ ਸਿੰਘ ਨੇ
ਦੌਰਾ ਕੀਤਾ।
ਗੋਲਡ ਕਬੱਡੀ ਕੱਪ
ਟੂਰਨਾਮੈਂਟ 'ਚ ਕੋਸਾਰਗੜ੍ਹ ਤੇ ਪੰਜਾਬ ਕਲੱਬ ਦੀ ਬੱਲੇ ਬੱਲੇ
ਨਾਗਪੁਰ, 12 ਜਨਵਰੀ - ਗੋਲਡ ਕਬੱਡੀ ਕੱਪ
ਟੂਰਨਾਮੈਂਟ ਮਹਿਲ ਖੇਤਰ 'ਚ ਸਥਿਤ ਚਿਟਨਿਸ ਪਾਰਕ ਸਟੇਡੀਅਮ ਵਿਖੇ ਕਰਵਾਇਆ ਗਿਆ। ਇਸ
'ਚ ਕੋਸਾਰਗੜ੍ਹ ਕਲੱਬ, ਕੇਰਲਾ ਅਤੇ ਪੰਜਾਬ ਸਪੋਰਟਿੰਗ ਕਲੱਬ, ਫ਼ਿਰੋਜ਼ਪੁਰ ਨੇ ਜਿੱਤਾਂ
ਹਾਸਲ ਕੀਤੀਆਂ। ਇਨ੍ਹਾਂ ਨੇ ਸਰਬ ਭਾਰਤੀ ਖਾਸਦਰ ਗੋਲਡ ਕੱਪ ਕਬੱਡੀ ਟੂਰਨਾਮੈਂਟ 'ਚ
ਕ੍ਰਮਵਾਰ ਪੁਰਸ਼ ਤੇ ਔਰਤਾਂ ਦਾ ਖ਼ਿਤਾਬ ਜਿੱਤਿਆ। ਫਾਈਨਲ 'ਚ ਕੋਸਾਰਗੜ੍ਹ ਨੇ ਪਿਛਲੇ
ਸਾਲ ਦੀ ਜੇਤੂ ਚਿਲਾਰ ਕਲੱਬ, ਦਿੱਲੀ ਦੀ ਟੀਮ ਨੂੰ 22 ਦੇ ਮੁਕਾਬਲੇ 24 ਅੰਕਾਂ ਨਾਲ
ਹਰਾਇਆ। ਦੂਜੇ ਪਾਸੇ ਔਰਤਾਂ ਦੇ ਵਰਗ 'ਚ ਪੰਜਾਬ ਸਪੋਰਟਿੰਗ ਕਲੱਬ, ਫ਼ਿਰੋਜ਼ਪੁਰ ਦੀ
ਟੀਮ ਨੇ ਪਾਲਮ ਕਲੱਬ, ਦਿੱਲੀ ਦੀ ਟੀਮ ਨੂੰ ਹਰਾਇਆ।
ਪੰਜਾਬ ਦੀਆਂ
ਕੇਸਾਧਾਰੀ ਕਬੱਡੀ ਕਲੱਬਾਂ ਦੇ ਭੇੜ 26 ਨੂੰ
ਜਗਰਾਓਂ, 12 ਜਨਵਰੀ - ਪਿੰਡ ਜਾਂਗਪੁਰ ਦੇ ਮੈਦਾਨ
'ਚ ਪੰਜਾਬ ਵਿਚ ਕੇਸਾਧਾਰੀ ਕਬੱਡੀ ਖਿਡਾਰੀਆਂ ਦੀਆਂ ਸਥਾਪਤ ਕਲੱਬਾਂ 26 ਜਨਵਰੀ ਨੂੰ
ਭਿੜਨਗੀਆਂ। ਇਹ ਖੇਡ ਮੇਲਾ ਮਾਤਾ ਜੰਗੀਰ ਕੌਰ ਹੰਸਰਾ (ਚਰਨ ਸੇਵਕ ਬਾਬਾ ਈਸ਼ਰ ਸਿੰਘ
ਨਾਨਕਸਰ) ਦੀ ਯਾਦ 'ਚ ਕਰਵਾਇਆ ਜਾ ਰਿਹਾ ਹੈ। ਇਸ 'ਚ ਕੇਸਾਧਾਰੀ ਕਬੱਡੀ ਖਿਡਾਰੀ ਹੀ
ਖੇਡਣਗੇ। ਜੇਤੂ ਟੀਮ ਨੂੰ 75 ਹਜ਼ਾਰ ਤੇ ਉਪ ਜੇਤੂ ਨੂੰ 50 ਹਜ਼ਾਰ ਰੁਪਏ ਦਾ ਇਨਾਮ
ਦਿੱਤਾ ਜਾਵੇਗਾ।
10ਵਾਂ ਗੁਰੂ
ਗੋਬਿੰਦ ਸਿੰਘ ਵਰਲਡ ਕਬੱਡੀ ਕੱਪ 27 ਨੂੰ
ਜਲੰਧਰ, 12 ਜਨਵਰੀ - 10ਵਾਂ ਗੁਰੂ ਗੋਬਿੰਦ ਸਿੰਘ
ਵਰਲਡ ਕਬੱਡੀ ਕੱਪ 27 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਸਟੇਡੀਅਮ, ਜਲੰਧਰ ਵਿਖੇ
ਕਰਵਾਇਆ ਜਾ ਰਿਹਾ ਹੈ। ਇਹ ਕਬੱਡੀ ਕੱਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 300 ਸਾਲਾ
ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਹੈ। ਇਸ ਵਾਰੀ ਕਬੱਡੀ ਕੱਪ ਦੇ ਦਰਸ਼ਕਾਂ ਲਈ 10
ਮੋਟਰ ਸਾਈਕਲ ਇਨਾਮ ਵਿਚ ਲੱਕੀ ਡਰਾਅ ਰਾਹੀਂ ਦਿੱਤੇ ਜਾਣਗੇ।
ਦਾਉਧਰ ਵਿਖੇ ਓਪਨ ਕਬੱਡੀ ਕੱਪ
ਮੋਗਾ, 11 ਜਨਵਰੀ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 300
ਸਾਲਾ ਗੁਰਤਾਗਦੀ ਦਿਵਸ ਨੂੰ ਸਮਰਪਿਤ ਕਬੱਡੀ ਕੱਪ ਮੋਗਾ ਜ਼ਿਲ੍ਹੇ ਦੇ ਮਸ਼ਹੂਰ ਪਿੰਡ
ਦਾਉਧਰ ਵਿਖੇ ਕਰਵਾਇਆ ਗਿਆ। ਪਹਿਲੇ ਦਿਨ ਹਾਕੀ ਟੂਰਨਾਮੈਂਟ 'ਚ 16 ਟੀਮਾਂ ਸ਼ਾਮਿਲ
ਹੋਈਆਂ। ਦੂਸਰੇ ਦਿਨ 40 ਟੀਮਾਂ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿਚ ਰਾਣਾ ਕਲੱਬ ਦੇ
ਸਾਰਿਆਂ ਮੁਕਾਬਲਿਆਂ ਵਿਚ ਚੜ੍ਹਾਈ ਰਹੀ। ਇਸ ਸਮੇਂ ਕਰਵਾਏ ਮੁਕਾਬਲਿਆਂ ਵਿਚ ਰਾਣਾ
ਕਲੱਬ, ਬੱਧਨੀ ਖੁਰਦ, ਹੰਬੜਾ, ਡੱਲਾ, ਲੋਪੋ, ਦੀਆਂ ਟੀਮਾਂ ਨੇ ਜਿੱਤਾਂ ਹਾਸਲ ਕੀਤੀ।
ਓਪਨ ਕਬੱਡੀ ਵਿਚ ਫਾਈਨਲ ਰਾਣਾ ਕਲੱਬ ਦਾਉਧਰ ਨੇ ਕੋਕੇ ਕਲਾਂ ਨੂੰ ਹਰਾਇਆ। 12 ਜਨਵਰੀ
ਨੂੰ ਕਬੱਡੀ ਕੱਪ ਹੋਏਗਾ ਜਿਸ ਵਿਚ ਨਾਮਵਰ ਅਕੈਡਮੀਆਂ ਦੇ ਖਿਡਾਰੀ ਖੇਡ ਦਾ ਪ੍ਰਦਰਸ਼ਨ
ਕਰਨਗੇ। ਇਨਾਮਾਂ ਦੀ ਵੰਡ ਸ: ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ
ਕਰਨਗੇ।
ਲੰਢੇ ਕੇ ਗੋਲਡ
ਕਬੱਡੀ ਕੱਪ 'ਤੇ ਜਗਰਾਓਂ ਕਲੱਬ ਦਾ ਕਬਜ਼ਾ
ਮੋਗਾ, 11 ਜਨਵਰੀ -
ਦੋ ਰੋਜ਼ਾ ਤੀਜਾ ਅੰਤਰਰਾਸ਼ਟਰੀ ਗੋਲਡ
ਕਬੱਡੀ ਕੱਪ ਦਸਮੇਸ਼ ਸਪੋਰਟਸ ਵੈਲਫੇਅਰ ਕਲੱਬ, ਪ੍ਰਵਾਸੀ ਭਾਰਤੀ, ਨਗਰ ਵਾਸੀਆਂ ਵੱਲੋਂ
ਪਿੰਡ ਲੰਢੇਕੇ (ਮੋਗਾ) ਵਿਖੇ ਕਰਵਾਇਆ ਗਿਆ। ਇਹ ਕਬੱਡੀ ਕੱਪ ਬਾਬਾ ਰਾਮ ਸਿੰਘ ਤੇ
ਬਾਬਾ ਸੂਰਤ ਸਿੰਘ ਦੀ ਯਾਦ ਵਿਚ ਹੋਇਆ। ਇਸ 'ਚ ਹਰਜੀਤ ਤਲਵਾੜ ਕਲੱਬ ਜਗਰਾਓਂ ਨੇ ਮੀਰੀ
ਪੀਰੀ ਕਲੱਬ ਕੈਲਫੋਰਨੀਆਂ ਕਪੂਰਥਲਾ ਨੂੰ 27-18 ਅੰਕਾਂ ਦੇ ਵੱਡੇ ਫਰਕ ਨਾਲ ਹਰਾਇਆ
ਅਤੇ ਇਕ ਲੱਖ ਤੇ ਗੋਲਡ ਕੱਪ 'ਤੇ ਆਪਣਾ ਕਬਜ਼ਾ ਕੀਤਾ। ਮੇਲੇ ਵਿਚ ਤੇਜੀ ਜੰਡੀ ਵਾਲਾ
ਟੂਰਨਾਮੈਂਟ ਦਾ ਸਰਵੋਤਮ ਰੇਡਰ (ਧਾਵੀ) ਤੇ ਕੀਪਾ ਅਤੇ ਵਰਿੰਦਰ ਸਾਂਝੇ ਰੂਪ ਵਿਚ
ਸਰਵੋਤਮ ਜਾਫੀ ਐਲਾਨੇ ਗਏ ਅਤੇ ਅੰਤਰਰਾਸ਼ਟਰੀ ਅਰਜਨਾ ਐਵਾਰਡੀ ਐਸ. ਪੀ. ਬਲਵਿੰਦਰ
ਸਿੰਘ ਫਿੱਡੂ, ਲਛਮਣ ਘਾਲੀ, ਗੇਲਾ ਘੋਲੀਆ, ਜਸਵੰਤ ਸਿੰਘ ਗਰੇਵਾਲ, ਮਹਿਤਾ ਧੱਲੇਕੇ,
ਦਰਸ਼ਨ ਕੋਕਰੀ, ਰਾਧਾ ਡਾਲਾ ਆਦਿ ਨੂੰ ਸੋਨ ਤਗਮੇ, ਨਕਦ ਰਾਸ਼ੀ ਤੇ ਯਾਦਗਾਰੀ ਚਿੰਨ੍ਹ
ਦੇ ਕੇ ਸਨਮਾਨਿਤ ਕੀਤਾ ਗਿਆ। ਮੇਲੇ ਵਿਚ ਗੀਤਕਾਰ ਲਖਵਿੰਦਰ ਮਾਨ ਗਗੜਾ ਵਾਲੇ, ਮੱਖਣ
ਬਰਾੜ, ਪੱਤਰਕਾਰ ਜਸਜੀਤ ਸਿੰਘ ਧਾਮੀ ਨੂੰ ਕਲੱਬ ਵੱਲੋਂ ਸਨਮਾਨ ਭੇਂਟ ਕੀਤਾ ਗਿਆ। ਇਸ
ਮੌਕੇ ਕੁਮੈਂਟੇਟਰ ਪ੍ਰੋ: ਮੱਖਣ ਹਕੀਮਪੁਰ, ਬਹਾਦਰ ਡਾਲਵੀ, ਰਿੰਪੀ ਗੱਜਣਵਾਲਾ, ਰਕੇਸ਼
ਸਿਤਾਰਾ, ਬਿੰਦਰ ਮਿਸ਼ਰੀਵਾਲਾ ਨੇ ਕੁਮੈਂਟੇਟਰੀ ਕੀਤੀ।
ਪਿੰਡ ਮੰਡਿਆਣੀ ਦਾ
ਖੇਡ ਮੇਲਾ 20 ਤੋਂ
ਚੌਂਕੀ ਮਾਨ, 10 ਜਨਵਰੀ - 7 ਵਾਂ ਯਾਦਗਾਰੀ ਖੇਡ ਮੇਲਾ ਪਿੰਡ
ਮੰਡਿਆਣੀ ਦੇ ਖੇਡ ਮੈਦਾਨਾਂ 'ਚ 20 ਤੋਂ 22 ਜਨਵਰੀ ਤੱਕ ਕਰਵਾਇਆ ਜਾ ਰਿਹਾ ਹੈ। ਇਹ
ਖੇਡ ਮੇਲਾ ਬ੍ਰਹਮ ਗਿਆਨੀ ਬਾਬਾ ਮਿੱਤ ਸਿੰਘ ਟੂਰਨਾਮੈਂਟ ਕਮੇਟੀ, ਬਾਬਾ ਜੀ ਯਾਦਗਾਰੀ
ਟਰੱਸਟ, ਨਗਰ ਪੰਚਾਇਤ, ਪ੍ਰਵਾਸੀ ਪੰਜਾਬੀ ਵੀਰ ਪਿੰਡ ਮੰਡਿਆਣੀ (ਲੁਧਿਆਣਾ) ਵੱਲੋਂ
ਹੋ ਰਿਹਾ ਹੈ। ਇਸ ਵਿਚ ਕਬੱਡੀ 45 ਕਿਲੋ, 70 ਕਿਲੋ ਤੇ ਕਬੱਡੀ ਓਪਨ ਪਿੰਡ ਵਾਰ ਦੇ
ਮੁਕਾਬਲੇ ਕਰਵਾਏ ਜਾਣਗੇ। 20 ਤੋਂ 21 ਜਨਵਰੀ ਨੂੰ ਘੋੜੀਆਂ ਤੇ ਕੁੱਤਿਆਂ ਦੀਆਂ ਦੌੜਾਂ
ਕਰਵਾਈਆਂ ਜਾਣਗੀਆਂ।
ਭਾਰਤੀ ਟੀਮ ਦਾ
ਕਪਤਾਨ ਬਣਿਆ ਸੰਦੀਪ ਸਿੰਘ
ਨਵੀਂ ਦਿੱਲੀ, 10 ਜਨਵਰੀ -
ਚਾਰ ਦੇਸ਼ਾਂ ਦਾ ਪੰਜਾਬ ਗੋਲਡ
ਕੱਪ 31 ਜਨਵਰੀ ਤੋਂ 9 ਫਰਵਰੀ ਤੱਕ ਅਰਜਨਟੀਨਾ ਤੇ ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ
ਹੈ। ਇਸ ਦੀ ਕਪਤਾਨੀ ਭਾਰਤੀ ਡਰੈਗਫਲਿਕਰ ਸੰਦੀਪ ਸਿੰਘ ਕਰੇਗਾ। ਇਸ ਤੋਂ ਇਲਾਵਾ ਇਨ੍ਹਾਂ
ਦੋਵਾਂ ਟੂਰਨਾਮੈਂਟਾਂ ਲਈ ਤਜਰਬੇਕਾਰ ਖਿਡਾਰੀ ਦਿਲੀਪ ਟਿਰਕੀ ਨੂੰ ਇਸ 18 ਮੈਂਬਰੀ
ਭਾਰਤੀ ਟੀਮ 'ਚ ਵਾਪਸ ਸੱਦਿਆ ਗਿਆ ਹੈ। ਭਾਰਤੀ ਟੀਮ ਅਰਜਨਟੀਨਾ ਵਿਰੁਧ ਚਾਰ ਟੈਸਟਾਂ
ਦੀ ਲੜੀ ਦੌਰਾਨ 18, 19, 21 ਤੇ 22 ਨੂੰ ਮੈਚ ਖੇਡੇਗੀ। ਇਸ ਦੌਰੇ ਲਈ ਭਾਰਤੀ ਟੀਮ
ਦਾ ਮੁਖ ਕੋਚ ਹਰੇਂਦਰ ਸਿੰਘ ਨੂੰ ਬਣਾਇਆ ਗਿਆ ਹੈ। ਇਸ ਦੌਰੇ ਤੋਂ ਬਾਅਦ ਭਾਰਤੀ ਟੀਮ
ਚੰਡੀਗੜ੍ਹ ਵਿਖੇ ਪੰਜਾਬ ਗੋਲਡ ਕੱਪ ਟੂਰਨਾਮੈਂਟ ਖੇਡੇਗੀ ਜਿਸ ਮੇਜ਼ਬਾਨ ਟੀਮ ਤੋਂ
ਇਲਾਵਾ ਉਲੰਪਿਕ ਚੈਂਪੀਅਨ ਜਰਮਨੀ, ਹਾਲੈਂਡ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਭਾਗ ਲੈ
ਰਹੀਆਂ ਹਨ। ਭਾਰਤੀ ਟੀਮ-ਐਡਰਿਨ ਡੀਸੂਜ਼ਾ, ਦਿਲੀਪ ਟਿਰਕੀ, ਵੀ. ਰਘੂਨਾਥ, ਸੰਦੀਪ
ਸਿੰਘ, ਪ੍ਰਬੋਧ ਟਿਰਕੀ, ਪ੍ਰਭਜੋਤ ਸਿੰਘ, ਦੀਪਕ ਠਾਕੁਰ, ਸਰਵਨਜੀਤ ਸਿੰਘ, ਗੁਰਬਾਜ਼
ਸਿੰਘ, ਤੁਸ਼ਾਰ ਖਾਂਡੇਕਰ, ਰਾਜਪਾਲ ਸਿੰਘ, ਬਲਜੀਤ ਸਿੰਘ, ਹਰੀ ਪ੍ਰਸਾਦ, ਸ਼ਿਵੇਂਦਰ
ਸਿੰਘ, ਰਵੀ ਪਾਲ, ਵਿਕਾਸ ਪਿੱਲੇ, ਵੀ. ਐਸ. ਵਿਨੇ ਤੇ ਭਾਰਤ।
ਪੰਜਵਾਂ ਯੂ. ਕੇ.
ਕਬੱਡੀ ਗੋਲਡ ਕੱਪ 15 ਫਰਵਰੀ ਤੋਂ
ਮਾਨਹਾਈਮ, 10 ਜਨਵਰੀ -
ਪੰਜਵਾਂ ਯੂ. ਕੇ. ਕਬੱਡੀ ਗੋਲਡ ਕੱਪ
15-16 ਫਰਵਰੀ ਨੂੰ ਇੰਗਲੈਂਡ ਦੇ ਕਬੱਡੀ ਪ੍ਰਮੋਟਰਾਂ ਵੱਲੋਂ ਜਗਰਾਓਂ ਵਿਖੇ ਕਰਵਾਇਆ
ਜਾ ਰਿਹਾ ਹੈ। ਇਸ ਟੂਰਨਾਮੈਂਟ ਵਿਚ ਪੰਜਾਬ ਦੀਆਂ ਮੰਨੀਆਂ-ਪ੍ਰਮੰਨੀਆਂ ਟੀਮਾਂ ਹਿੱਸਾ
ਲੈ ਰਹੀਆਂ ਹਨ। 15 ਫਰਵਰੀ ਨੂੰ ਪਿੰਡ ਵਾਰ ਅਤੇ 16 ਫਰਵਰੀ ਨੂੰ ਓਪਨ ਕਬੱਡੀ ਮੁਕਾਬਲੇ
ਹੋਣਗੇ। ਦਲਜਿੰਦਰ ਸਿੰਘ ਸਮਰਾ (ਕਾਕੂ) ਵੱਲੋਂ ਲਾਲ ਸਿੰਘ ਲਾਲਾ ਪਿੰਡ ਵਿਰਕ ਨੂੰ
ਗੱਡੀ ਨਾਲ ਸਨਮਾਨਿਤ ਕੀਤਾ ਜਾਵੇਗਾ।
ਕਬੱਡੀ ਖਿਡਾਰੀ
ਸੁੱਖਾ ਨੂੰ ਇਕ ਲੱਖ ਰੁਪਏ ਦੇਣ ਦਾ ਐਲਾਨ
ਡੇਹਲੋਂ, 9 ਜਨਵਰੀ - ਕਬੱਡੀ ਦਾ ਪ੍ਰਸਿੱਧ ਜਾਫ਼ੀ ਜੋ ਹਰਜੀਤ
ਤਲਵਾਰ ਕਲੱਬ ਜਗਰਾਓਂ ਦੀ ਅੀਮ ਵਿਚ ਖੇਡ ਰਿਹਾ ਸੀ ਤਾਂ ਉਸ ਨੂੰ ਸੱਟ ਲੱਗਣ ਕਰਕੇ ਉਸ
ਦੀ ਹਾਲਤ ਖਰਾਬ ਹੈ। ਵੈਸਟਰਨ ਕਬੱਡੀ ਪਲੇਅਰ ਐਂਡ ਐਸੋਸੀਏਸ਼ਨ ਬ੍ਰਿਟਿਸ਼ ਕੋਲੰਬੀਆ (ਕੈਨੇਡਾ)
ਵੱਲੋਂ ਉਸ ਨੂੰ ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਪਿੰਡ ਕਮਾਲ ਪੁਰੇ
'ਚ 62 ਵਾਂ ਕਲਗੀਧਰ ਟੂਰਨਾਮੈਂਟ 28 ਜਨਵਰੀ ਤੋਂ
ਜਗਰਾਓਂ/ਰਾਏ ਕੋਟ, 10 ਜਨਵਰੀ
-62 ਵਾਂ ਆਲ ਇੰਡੀਆ ਕਲਗੀਧਰ
ਟੂਰਨਾਮੈਂਟ 28 ਤੋਂ 31 ਜਨਵਰੀ ਤੱਕ ਪਿੰਡ ਕਾਮਲਪੁਰਾ 'ਚ ਕਰਵਾਇਆ ਜਾ ਰਿਹਾ ਹੈ। ਇਸ
ਟੂਰਨਾਮੈਂਟ 'ਚ ਉਚ ਕੋਟੀ ਦੀਆਂ ਅਕੈਡਮੀਆਂ ਸ਼ਾਮਿਲ ਹੋਣਗੀਆਂ। ਇਸ ਤੋਂ ਇਲਾਵਾ ਕਬੱਡੀ
ਆਲ ਓਪਨ, ਓਪਨ ਪਿੰਡ ਵਾਰ ਕਬੱਡੀ, ਫੁੱਟਬਾਲ, ਰੱਸਾਕਸ਼ੀ, ਹਾਕੀ ਅਤੇ ਕੁੱਤਿਆ ਦੀਆਂ
ਦੌੜਾਂ ਦੇ ਮੁਕਾਬਲੇ ਕਰਵਾਏ ਜਾਣਗੇ।
ਪੰਜਾਬ ਬਾਲ
ਬੈਡਮਿੰਟਨ ਟੀਮ ਦੇ ਚੋਣ ਟ੍ਰਾਇਲ 17 ਨੂੰ
ਜਲੰਧਰ, 10 ਜਨਵਰੀ -
ਪਰਵਾਨੀ (ਮਹਾਰਾਸ਼ਟਰ) ਵਿਖੇ 30 ਜਨਵਰੀ
ਤੋਂ 2 ਫਰਵਰੀ ਤੱਕ ਜੂਨੀਅਰ ਬਾਲ ਬੈਡਮਿੰਟਨ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਇਸ
ਲਈ ਪੰਜਾਬ ਦੇ ਲੜਕੇ ਤੇ ਲੜਕੀਆਂ ਦੀਆਂ ਟੀਮਾਂ ਦੇ ਚੋਣ ਟ੍ਰਾਇਲ 17 ਜਨਵਰੀ ਨੂੰ ਜਨਤਾ
ਕਾਲਜ ਕਰਤਾਰਪੁਰ ਜ਼ਿਲ੍ਹਾ ਜਲੰਧਰ ਵਿਖੇ ਰੱਖੇ ਗਏ ਹਨ। ਜਿਸ ਵਿਚ 1 ਜਨਵਰੀ 1990 ਤੋਂ
ਬਾਅਦ ਦੇ ਪੈਦਾ ਹੋਏ ਖਿਡਾਰ ਭਾਗ ਲੈ ਸਕਦੇ ਹਨ। ਖਿਡਾਰੀ ਟਰਾਇਲਾਂ ਵਿਚ ਜਨਮ ਤਰੀਕ
ਦਾ ਸਬੂਤ ਨਾਲ ਲੈ ਕੇ ਆਉਣ।
ਭਗਤ ਨਾਮਦੇਵ ਜੀ
ਘੁਮਾਣ ਦਾ 31ਵਾਂ ਖੇਡ ਮੇਲਾ 14 ਤੋਂ
ਸ੍ਰੀ ਹਰਗੋਬਿੰਦਪੁਰ/ਘੁਮਾਣ, 10 ਜਨਵਰੀ - ਭਗਤ ਨਾਮਦੇਵ ਜੀ
ਯਾਦਗਾਰੀ 31ਵਾਂ ਖੇਡ ਮੇਲਾ ਘੁਮਾਣ ਵਿਖੇ 14 ਤੋਂ 16 ਜਨਵਰੀ ਤੱਕ ਕਰਵਾਇਆ ਜਾ ਰਿਹਾ
ਹੈ। ਖੇਡ ਮੇਲੇ ਦੇ ਪਹਿਲੇ ਦਿਨ ਲੜਕੇ-ਲੜਕੀਆਂ ਦੀਆਂ ਦੌੜਾਂ 100 ਤੋਂ 1500 ਮੀਟਰ,
ਵਾਲੀਬਾਲ 58 ਕਿ: ਅਤੇ ਓਪਨ ਮੁਕਾਬਲੇ, ਕਬੱਡੀ ਵੱਖ-ਵੱਖ ਵਜ਼ਨਾਂ ਵਿਚ ਕਰਵਾਈ ਜਾਵੇਗੀ।
ਦੂਸਰੇ ਦਿਨ ਲੜਕੀਆਂ ਦਾ ਸ਼ੋਅ ਮੈਚ ਕਬੱਡੀ, ਰੱਸਾਕਸ਼ੀ ਵਜ਼ਨ 6 ਕੁਇੰਟਲ ਤੀਸਰੇ ਤੇ ਆਖਰੀ
ਦਿਨ ਫਾਈਨਲ ਵਿਚ ਪਹੁੰਚੀਆਂ ਟੀਮਾਂ ਦੇ ਫਸਵੇਂ ਮੁਕਾਬਲੇ ਕਰਵਾਏ ਜਾਣਗੇ।
ਮੁੰਬਈ ਹਮਲੇ ਦੇ
ਸ਼ਹੀਦਾਂ ਨੂੰ ਸਮਰਪਿਤ ਕਬੱਡੀ ਗੋਲਡ ਕੱਪ 2 ਫਰਵਰੀ ਨੂੰ
ਕਪੂਰਥਲਾ, 10 ਜਨਵਰੀ - ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ
ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ (ਰਜਿ:) ਕਪੂਰਥਲਾ ਵੱਲੋਂ 2 ਫਰਵਰੀ
ਨੂੰ ਕਬੱਡੀ ਗੋਲਡ ਕੱਪ ਕਰਵਾਇਆ ਜਾ ਰਿਹਾ। ਇਹ ਪੰਜਵਾਂ ਕਬੱਡੀ ਗੋਲਡ ਕੱਪ ਮੁੰਬਈ
ਵਿਖੇ ਵਾਪਰੀ ਅੱਤਵਾਦੀ ਘਟਨਾ ਵਿਚ ਸ਼ਹੀਦ ਹੋਏ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ
ਨੂੰ ਸਮਰਪਿਤ ਹੋਵੇਗਾ।
ਕੁਠਾਲਾ ਰਾਜ ਪੱਧਰੀ
ਹਾਕੀ ਲੀਗ
ਲੁਧਿਆਣਾ, 10 ਜਨਵਰੀ - ਕੁਠਾਲੇ ਦੇ ਸ਼ਹੀਦਾਂ ਨੂੰ ਸਮਰਪਿਤ
ਦੂਸਰੀ ਰਾਜ ਪੱਧਰੀ ਹਾਕੀ ਲੀਗ 'ਚ ਰੂਮੀ, ਜਰਖੜ ਅਕੈਡਮੀ, ਬਹਾਦਰਗੜ੍ਹ ਅਤੇ ਸੰਰਗੂਰ
ਅਕੈਡਮੀ ਨੇ ਸੈਮੀਫਾਈਨਲ ਵਿਚ ਪਹੁੰਚ ਗਈ ਹੈ। ਖੇਡੇ ਮੈਚਾਂ ਵਿਚ ਰੂਮੀ ਨੇ ਜਰਖੜ
ਅਕੈਡਮੀ ਨੂੰ 3-1 ਨਾਲ ਹਾਰਾਇਆ, ਦੋਵੇਂ ਟੀਮਾਂ ਪਹਿਲਾਂ ਹੀ ਸੈਮੀਫਾਈਲ ਵਿਚ ਪੁੱਜ
ਚੁੱਕੀਆਂ ਹਨ, ਦੂਸਰੇ ਮੈਚ ਵਿਚ ਸੰਗਰੂਰ ਅਕੈਡਮੀ ਨੇ ਤਖਾਣਬੱਧ ਨੂੰ 2-1 , ਜਦਕਿ
ਬਹਾਦਰਗੜ੍ਹ ਨੇ ਲੋਪੋ ਨੂੰ 4-2 ਨਾਲ ਹਰਾਇਆ। ਸੈਮੀਫਾਈਨਲ ਜਰਖੜ ਅਕੈਡਮੀ ਤੇ
ਬਹਾਦਰਗੜ੍ਹ ਅਤੇ ਦੂਜਾ ਸੰਗਰੂਰ ਅਕੈਡਮੀ ਤੇ ਰੂਮੀ ਵਿਚਕਾਰ ਹੋਵੇਗਾ।
ਅੰਤਰਰਾਸ਼ਟਰੀ ਕਬੱਡੀ
ਟੂਰਨਾਮੈਂਟ 28 ਤੋਂ
ਮੱਲ੍ਹੀਆਂ ਕਲਾਂ, 10 ਜਨਵਰੀ - 29ਵਾਂ ਅੰਤਰਰਾਸ਼ਟਰੀ ਕਬੱਡੀ
ਟੂਰਨਾਮੈਂਟ 28 ਤੋਂ 30 ਜਨਵਰੀ ਤੱਕ ਰਸੂਲਪੁਰਕ ਕਲਾਂ (ਜਲੰਧਰ) ਵਿਖੇ ਕਰਵਾਇਆ ਜਾ
ਰਿਹਾ ਹੈ। ਇਹ ਟੂਰਨਾਮੈਂਟ ਖਿਡਾਰੀ ਮਰਹੂਮ ਜਗਦੇਵ ਸਿੰਘ ਕਾਹਲੋਂ ਦੀ ਯਾਦ ਨੂੰ
ਸਮਰਪਿਤ ਹੋਵੇਗਾ। ਇਸ ਟੂਰਨਾਮੈਂਟ 'ਚ ਕਬੱਡੀ ਓਪਨ ਨਿਰੋਲ ਪਿੰਡ ਪੱਧਰ, ਕਬੱਡੀ 60
ਕਿਲੋ, ਕਬੱਡੀ 48 ਕਿਲੋ, ਕਬੱਡੀ 40 ਕਿਲੋ ਭਾਰ ਵਰਗ ਦੇ ਮੁਕਾਬਲੇ ਕਰਵਾਏ ਜਾਣਗੇ।
ਪਹਿਲੇ ਅੰਤਰਰਾਸ਼ਟਰੀ ਗੋਲਡ ਕਬੱਡੀ ਕੱਪ 'ਚ ਕਪੂਰਥਲਾ ਦੀ ਬੱਲੇ ਬੱਲੇ
ਬਾਘਾ ਪੁਰਾਣਾ, 9 ਜਨਵਰੀ - ਬਾਘਾ ਪੁਰਾਣਾ ਦੇ ਗੁਰਦੁਆਰਾ
ਹਰਿਗੋਬਿੰਦ ਸਾਹਿਬ ਦੇ ਖੇਡ ਸਟੇਡੀਅਮ 'ਚ ਗੋਲਡ ਕਬੱਡੀ ਕੱਪ ਕਰਵਾਇਆ ਗਿਆ। ਜਿਸ ਦਾ
ਉਦਘਾਟਨ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਕੀਤਾ। ਇਸ ਵਿਚ ਕਰਵਾਏ ਗਏ ਮੁਕਾਬਲਿਆਂ ਵਿਚ
ਸਿੱਖੀ ਸਰੂਪ ਵਿਚ ਪਹਿਲਾ ਸਥਾਨ ਸੰਤ ਬਾਬਾ ਦਰਬਾਰੀ ਦਾਸ ਕਲੱਬ ਵੈਰੋਕੇ, ਦੂਸਰਾ
ਸਥਾਨ ਸੰਤ ਬਾਬਾ ਈਸ਼ਰ ਸਿੰਘ ਕਬੱਡੀ ਕਲੱਬ ਆਲਮਵਾਲਾ, 40 ਸਾਲਾ ਸ਼ੋਅ ਮੈਚ ਵਿਚ ਪਹਿਲਾ
ਸਥਾਨ ਮੋਗਾ ਦੀ ਟੀਮ ਦੂਸਰਾ, ਸੰਤ ਬਾਬਾ ਤੇਗਾ ਸਿੰਘ ਚੰਦ ਪੁਰਾਣਾ, ਕਬੱਡੀ ਓਪਨ
ਪਿੰਡ ਵਾਰ ਪਹਿਲਾ ਸਥਾਨ ਭਗਤਾ ਭਾਈਕਾ, ਦੂਸਰਾ ਜੰਡੀ, ਕਬੱਡੀ ਸ਼ੋਅ ਮੈਚ ਲੜਕੀਆਂ ਵਿਚ
ਪਹਿਲਾ ਸਥਾਨ ਸ਼ਕਤੀ ਦੇਵੀ ਨਾਵਰੇ, ਦੂਸਰਾ ਸ਼ਹੀਦ ਤੀਰਥ ਸਿੰਘ, ਪੰਜਾਬ ਤੇ ਹਰਿਆਣੇ ਦੇ
ਲੜਕਿਆਂ ਵਿਚਲੇ ਸ਼ੋਅ ਮੈਚ ਵਿਚ ਪਹਿਲਾ ਸਥਾਨ ਪੰਜਾਬ ਤੇ ਦੂਸਰਾ ਹਰਿਆਣੇ ਨੇ ਪ੍ਰਾਪਤ
ਕੀਤਾ। 8 ਅਕੈਡਮੀਆਂ 'ਚੋਂ ਪਹਿਲਾ ਸਥਾਨ ਮੀਰੀ ਪੀਰੀ ਸਪੋਰਟਸ ਕਲੱਬ ਕਪੂਰਥਲਾ ਅਤੇ
ਦੂਸਰਾ ਦਸਮੇਸ਼ ਕਲੱਬ ਕਾਲਖ ਨੇ ਪ੍ਰਾਪਤ ਕੀਤਾ। ਸਕੋਰ ਕੀਪਰ ਦੀ ਸੇਵਾ ਗੁਰਮੁੱਖ ਸਿੰਘ
ਸੋਢੀਵਾਲਾ, ਦੇਬੀ ਮਿਲਹਾਰੀ, ਬਖਤੌਰ ਸਿੰਘ ਖੁਖਰਾਣਾ ਨੇ ਕੀਤੀ। ਜੇਤੂ ਟੀਮ ਨੂੰ ਸਵਾ
ਲੱਖ ਰੁਪਏ ਕੱਪ, ਬਿੱਟੂ ਬੁੱਧ ਸਿੰਘ ਵਾਲਾ, ਜੋਰਾ ਨੱਥੂਵਾਲਾ ਵੱਲੋਂ ਦੂਸਰਾ ਇਨਾਮ
ਇਕ ਲੱਖ ਰੁਪਏ ਤੇ ਟਰਾਫ਼ੀ ਬਲਦੇਵ ਸਿੰਘ ਬੁੱਧ ਸਿੰਘ ਵਾਲਾ, ਨਿਰਭੈ ਚੁਪਕੀ ਵੱਲੋਂ
ਦਿੱਤਾ ਗਿਆ। ਵਧੀਆ ਐਲਾਨ ਕੀਤੇ ਬੈੱਸਟ ਰੇਡਰ ਦੁੱਲਾ ਸੁਖਪੁਰੀਆ, ਬੈੱਸਟ ਜਾਫੀ,
ਸੁੱਖਾ ਭੰਡਾਰਾ, ਹਾਕਮ ਚੜਿੱਕ, ਮਾਸਟਰ ਫੰਗਨ ਸਿੰਘ ਡੀ. ਪੀ. ਆਲਮਵਾਲਾ ਨੂੰ ਬੁਲਟ
ਮੋਟਰ ਸਾਈਕਲਾਂ ਨਾਲ, ਰਿੰਪੀ ਬਰਾੜ ਗੱਜਣ ਵਾਲਾ ਨੂੰ ਬੁਲਟ ਮੋਟਰ ਸਾਈਕਲ, 5 ਤੋਲੇ
ਸੋਨੇ ਦਾ ਤਗਮਾ, ਜੱਗਾ ਬਰਾੜ ਵੱਲੋਂ 51000 ਰੁਪਏ, ਜਸਵਿੰਦਰ ਡੁਬਈ ਵੱਲੋਂ 10000
ਰੁਪਏ ਅਤੇ ਇਕ ਤੋਲੇ ਦੀ ਸੋਨੇ ਦੀ ਮੁੰਦਰੀ ਨਾਲ ਸਨਮਾਨਿਤ ਕੀਤਾ ਗਿਆ।
ਪੰਜਾਬ ਦੇ ਖਿਡਾਰੀਆਂ
ਨੂੰ ਨਵੇਂ ਸਾਲ ਦਾ ਤੋਹਫ਼ਾ
ਜਲੰਧਰ, 9 ਜਨਵਰੀ -
ਪੰਜਾਬ ਵਿਚ ਮੰਤਰੀਆਂ, ਵਿਧਾਇਕਾਂ ਤੇ
ਰਾਜਨੀਤਕ ਆਗੂਆਂ ਦੀ ਸੁਰੱਖਿਆ ਲਈ ਤਾਇਨਾਤ ਪੰਜਾਬ ਪੁਲਿਸ ਦੇ ਸੁਰੱਖਿਆ ਕਰਮਚਾਰੀ
ਪਹਿਲਾਂ ਵਾਂਗ ਹੀ ਤਾਇਨਾਤ ਹਨ ਪਰ ਪੰਜਾਬ ਪੁਲਿਸ ਨੇ ਖੇਡ ਵਿਭਾਗ ਨੂੰ ਉਧਾਰ ਦਿੱਤੇ
ਆਪਣੇ 104 ਸੁਰੱਖਿਆ ਕਰਮਚਾਰੀ ਵਾਪਸ ਲੈ ਲਏ ਹਨ। ਇਸ ਤਰ੍ਹਾਂ ਨਾਲ ਪੰਜਾਬ ਦੇ
ਵੱਖ-ਵੱਖ ਜ਼ਿਲ੍ਹਿਆਂ ਵਿਚ ਬਣੇ ਖੇਡ ਵਿੰਗ, ਖੇਡ ਅਕੈਡਮੀਆਂ ਤੇ ਸੈਂਟਰਾਂ ਵਿਚ ਅਭਿਆਸ
ਕਰਦੇ ਖਿਡਾਰੀਆਂ ਦੇ ਸਿਰ ਤੋਂ ਪੰਜਾਬ ਸਰਕਾਰ ਨੇ ਆਪਣੀ ਸੁਰੱਖਿਆ ਵਾਪਸ ਲੈ ਲਈ ਹੈ।
ਪਦਮ ਸ੍ਰੀ ਕਰਤਾਰ ਸਿੰਘ ਜਦੋਂ ਪੰਜਾਬ ਦੇ ਨਿਰਦੇਸ਼ਕ ਖੇਡਾਂ ਬਣੇ ਸਨ ਉਸ ਵੇਲੇ ਉਨ੍ਹਾਂ
ਪੰਜਾਬ ਪੁਲਿਸ ਦੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਖਿਡਾਰੀਆਂ ਨੂੰ ਖੇਡ ਵਿਭਾਗਾਂ ਵਿਚ
ਡੈਪੂਟੇਸ਼ਨ 'ਤੇ ਤਾਇਨਾਤ ਕੀਤਾ ਸੀ ਤੇ ਫਿਰ ਪਦਮ ਸ੍ਰੀ ਪ੍ਰਗਟ ਸਿੰਘ ਨਿਰਦੇਸ਼ਕ ਖੇਡਾਂ
ਪੰਜਾਬ ਨੇ ਵੀ ਹੋਰ ਕੋਚ ਪੰਜਾਬ ਖੇਡ ਵਿਭਾਗ ਵਿਚ ਤਾਇਨਾਤ ਕੀਤੇ। ਪੰਜਾਬ ਸਰਕਾਰ ਨੇ
ਪਿਛਲੇ 25 ਸਾਲਾਂ ਤੋਂ ਕੋਚਾਂ ਦੀ ਭਰਤੀ ਬੰਦ ਕੀਤੀ ਸੀ ਪਰ ਪਿਛਲੇ ਸਾਲ ਸ: ਪ੍ਰਗਟ
ਸਿੰਘ ਦੇ ਉੱਦਮ ਸਦਕਾ 170 ਦੇ ਕਰੀਬ ਠੇਕੇ 'ਤੇ ਕੋਚ ਭਰਤੀ ਕਰਕੇ ਵਿਭਾਗ ਵਿਚ ਨਵੀਂ
ਜਾਨ ਫੂਕੀ ਤੇ ਪੰਜਾਬ ਦੇ ਕਰੀਬ 14 ਹਜ਼ਾਰ ਖਿਡਾਰੀਆਂ ਨੂੰ ਖੇਡਾਂ ਦਾ ਸਾਮਾਨ ਵੰਡ ਕੇ
ਨਵੀਨਤਮ ਤਕਨੀਕਾਂ ਨਾਲ ਸਿਖਲਾਈ ਦੇਣ ਲਈ ਵਿਦੇਸ਼ਾਂ ਤੋਂ ਕੋਚ ਮੰਗਵਾ ਕੇ ਪੰਜਾਬ ਦੇ
ਕੋਚਾਂ ਨੂੰ ਸਿਖਲਾਈ ਦਿੱਤੀ ਤੇ ਇਨ੍ਹਾਂ ਨੂੰ ਪੰਜਾਬ ਦੇ ਵੱਖ-ਵੱਖ ਸੈਂਟਰਾਂ ਵਿਚ
ਤਾਇਨਾਤ ਕੀਤਾ। ਜਦੋਂ ਇਨ੍ਹਾਂ ਕੋਚਾਂ ਨੇ ਆਪਣੀ ਪ੍ਰਤਿਭਾ ਦਿਖਾਉਣੀ ਸੀ ਤਾਂ ਇਨ੍ਹਾਂ
ਨੂੰ ਪੰਜਾਬ ਪੁਲਿਸ ਵਿਚ ਪੰਜਾਬ ਸਰਕਾਰ ਵੱਲੋਂ ਵਾਪਿਸ ਭੇਜਣ ਦੇ ਹੁਕਮ ਜਾਰੀ ਕੀਤੇ
ਗਏ। ਪੰਜਾਬ ਖੇਡ ਵਿਭਾਗ ਨੇ 104 ਪੰਜਾਬ ਪੁਲਿਸ ਦੇ ਕੋਚਾਂ ਵਿਚ ਜਿਹੜੇ ਇਸ ਵੇਲੇ
ਸੈਂਟਰਾਂ 'ਤੇ ਹਾਜ਼ਰ ਸਨ ਇਨ੍ਹਾਂ ਨੂੰ ਰਿਲੀਵ ਕਰਕੇ ਵਾਪਸ ਆਪਣੇ ਪਿਤਰੀ ਵਿਭਾਗ ਨੂੰ
ਤੋਰ ਦਿੱਤਾ ਤੇ ਜਿਹੜੇ ਕੋਚ ਟੀਮਾਂ ਨਾਲ ਬਾਹਰ ਕਿਸੇ ਖੇਡ ਟੂਰਨਾਮੈਂਟ 'ਤੇ ਗਏ ਹੋਏ
ਹਨ, ਉਨ੍ਹਾਂ ਨੂੰ ਵਾਪਸ ਆਉਣ 'ਤੇ ਫ਼ਾਰਗ ਕਰਕੇ ਭੇਜ ਦਿੱਤਾ ਜਾਵੇਗਾ। ਇਸ ਗੱਲ ਦੀ
ਪੁਸ਼ਟੀ ਜਲੰਧਰ ਦੇ ਜ਼ਿਲ੍ਹਾ ਖੇਡ ਅਧਿਕਾਰੀ ਹਰਦੇਵ ਸਿੰਘ ਨੇ ਕੀਤੀ। ਇਕ ਪਾਸੇ ਤਾਂ
ਪੰਜਾਬ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਨਵੀਂ ਖੇਡ ਨੀਤੀ ਬਣਾਉਣ ਦਾ ਐਲਾਨ ਕਰ
ਰਹੀ ਹੈ ਦੂਜੇ ਪਾਸੇ ਪੰਜਾਬ ਦੇ ਖੇਡ ਢਾਂਚੇ ਨੂੰ ਉਖਾੜਨ ਦਾ ਯਤਨ ਕਰ ਰਹੀ ਹੈ। ਕੀ
ਇਸ ਤਰ੍ਹਾਂ ਨਾਲ ਪੰਜਾਬ 'ਚ ਖੇਡਾਂ ਦੀ ਤਰੱਕੀ ਹੋਵੇਗੀ। ਫਰਵਰੀ 2009 ਵਿਚ ਕੌਮੀ
ਖੇਡਾਂ ਕਰਵਾਈਆਂ ਜਾ ਰਹੀਆਂ ਹਨ ਤੇ ਇਸ ਤੋਂ ਇਲਾਵਾ ਕਈ ਨਾਮੀ ਕੌਮਾਂਤਰੀ ਟੂਰਨਾਮੈਂਟ
ਵਿਚ ਪੰਜਾਬ ਦੇ ਖਿਡਾਰੀਆਂ ਨੇ ਹਿੱਸਾ ਲੈਣਾ ਹੈ। ਆਖਿਰ ਪੰਜਾਬ ਦੇ ਖਿਡਾਰੀ ਕੋਚ ਤੋਂ
ਬਗੈਰ ਕਿਸ ਤਰ੍ਹਾਂ ਆਪਣਾ ਅਭਿਆਸ ਜਾਰੀ ਰੱਖ ਸਕਣਗੇ।
ਭਾਰਤ ਨੇ ਆਸਟਰੇਲੀਆ
ਦੀ ਸਰਦਾਰੀ ਕੀਤੀ ਖਤਮ
ਨਵੀਂ ਦਿੱਲੀ, 9 ਜਨਵਰੀ - ਦੱਖਣੀ ਅਫ਼ਰੀਕਾ ਵਿਰੁਧ ਖੇਡੀ ਗਈ
ਘਰੇਲੂ ਲੜੀ 'ਚ ਹਾਰ ਤੋਂ ਬਾਅਦ ਆਸਟਰੇਲੀਆ ਦੀ ਕ੍ਰਿਕਟ ਜਗਤ 'ਚੋਂ ਇਕ ਤਰ੍ਹਾਂ ਨਾਲ
ਸਰਦਾਰੀ ਖਤਮ ਹੋ ਗਈ ਹੈ, ਇਸ ਸਬੰਧੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਤੇਜ਼ ਗੇਂਦਬਾਜ਼
ਜ਼ਹੀਰ ਖਾਨ ਨੇ ਕਿਹਾ ਕਿ ਭਾਰਤ ਨੇ ਹੀ ਕੰਗਾਰੂਆਂ ਦੀ ਵਿਸ਼ਵ ਕ੍ਰਿਕਟ 'ਚੋਂ ਸਰਦਾਰੀ
ਸਮਾਪਤ ਕੀਤੀ ਹੈ। ਇਸ ਖੱਬਚੂ ਗੇਂਦਬਾਜ਼ ਨੇ ਕਿਹਾ ਇਕ ਸਾਡੀ ਟੀਮ ਨੇ ਹੀ ਆਸਟਰੇਲੀਆ
ਦੇ ਪਤਨ ਦੀ ਨੀਂਹ ਰੱਖੀ ਸੀ। ਉਨ੍ਹਾਂ ਕਿਹਾ ਕਿ ਬੇਸ਼ੱਕ ਆਸਟਰੇਲੀਆ ਦੀ ਟੀਮ ਬਹੁਤ
ਵਧੀਆ ਹੈ ਪਰ ਉਸ ਨੂੰ ਵੀ ਹਰਾਇਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਜਿਵੇਂ ਮੈਂ ਸੋਚਦਾ ਹਾਂ ਉਸੇ ਤਰ੍ਹਾਂ ਹੀ ਹੋਰਨਾਂ ਟੀਮਾਂ ਨੇ ਵੀ
ਸੋਚਣਾ ਸ਼ੁਰੂ ਕਰ ਦਿੱਤਾ ਹੈ ਇਸ ਲਈ ਹੁਣ ਆਸਟਰੇਲੀਆ ਲਈ ਆਉਣ ਵਾਲਾ ਸਮਾਂ ਬਹੁਤ
ਚੁਣੌਤੀ ਪੂਰਨ ਹੋਵੇਗਾ।
ਪਿੰਡ ਡਰੋਲੀ ਭਾਈ
ਦਾ ਕਬੱਡੀ ਕੱਪ 12 ਤੋਂ 15 ਜਨਵਰੀ ਤੱਕ
ਨੱਥੂਵਾਲਾ ਗਰਬੀ, 9 ਜਨਵਰੀ -
36ਵਾਂ ਸ੍ਰੀ ਗੁਰੂ
ਹਰਿਗੋਬਿੰਦ ਸਾਹਿਬ ਜੀ ਯਾਦਗਾਰੀ ਕਬੱਡੀ ਕੱਪ ਪਿੰਡ ਡਰੋਲੀ ਭਾਈ (ਮੋਗਾ) ਵਿਖੇ ਸ੍ਰੀ
ਗੁਰੂ ਹਰਿਗੋਬਿੰਦ ਸਪੋਰਟਸ ਕਲੱਬ ਰਜਿ: ਪ੍ਰਵਾਸੀ ਭਾਰਤੀ ਵੀਰਾਂ ਅਤੇ ਗ੍ਰਾਮ ਪੰਚਾਇਤ
ਡਰੋਲੀ ਭਾਈ ਵੱਲੋਂ 12 ਤੋਂ 15 ਜਨਵਰੀ ਤੱਕ ਪਿੰਡ ਦੇ ਖੇਡ ਸਟੇਡੀਅਮ 'ਚ ਕਰਵਾਇਆ ਜਾ
ਰਿਹਾ ਹੈ। ਇਨ੍ਹਾਂ ਖੇਡਾਂ ਦੌਰਾਨ ਆਲ ਓਪਨ ਕਬੱਡੀ, ਕਬੱਡੀ ਓਪਨ (ਨਿਰੋਲ), ਕਬੱਡੀ
62 ਕਿੱਲੋ ਨਿਰੋਲ, ਕਬੱਡੀ 57 ਕਿੱਲੋ, ਵਾਲੀਬਾਲ ਸ਼ੂਟਿੰਗ, ਨੈਸ਼ਨਲ ਕਬੱਡੀ, ਕੁੱਤਿਆਂ
ਦੀਆਂ ਰੇਸਾਂ ਦੇ ਮੁਕਾਬਲੇ ਕਰਵਾਏ ਜਾਣਗੇ।
ਤੀਜਾ ਅੰਤਰਰਾਸ਼ਟਰੀ
ਗੋਲਡ ਕਬੱਡੀ ਕੱਪ ਸ਼ੁਰੂ
ਮੋਗਾ, 9 ਜਨਵਰੀ - ਤੀਸਰਾ ਅੰਤਰਰਾਸ਼ਟਰੀ ਗੋਲਡ ਕਬੱਡੀ ਕੱਪ
ਲੰਢੇਕੇ (ਮੋਗਾ) ਵਿਖੇ ਮਹਿੰਦਰ ਸਿੰਘ ਗੁੱਲੂ ਫਾਰਮ ਸਟੇਡੀਅਮ ਵਿਚ ਸ਼ੁਰੂ ਹੋ ਗਿਆ
ਹੈ। ਇਹ ਕਬੱਡੀ ਕੱਪ ਬਾਬਾ ਸੂਰਤ ਸਿੰਘ ਤੇ ਬਾਬਾ ਰਾਮ ਸਿੰਘ ਦੀ ਯਾਦ ਵਿਚ ਦਸਮੇਸ਼
ਯੂਥ ਵੈਲਫੇਅਰ ਐਂਡ ਸਪੋਰਟਸ ਕਲੱਬ, ਪ੍ਰਵਾਸੀ ਭਾਰਤੀ, ਖੇਡ ਪ੍ਰਮੋਟਰ ਅਤੇ ਨਗਰ
ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਦਾ ਉਦਘਾਟਨ
ਜਗਤਾਰ ਸਿੰਘ ਰਾਜੇਆਣਾ ਚੇਅਰਮੈਨ ਤੇ ਇਨਚਾਰਜ਼ ਹਲਕਾ ਬਾਘਾ ਪੁਰਾਣਾ ਨੇ ਕੀਤਾ। ਇਸ
ਮੌਕੇ 55 ਕਿੱਲੋ ਜੇਤੂ ਟੀਮ ਨੂੰ ਬਰਜਿੰਦਰ ਸਿੰਘ ਬਰਾੜ ਪ੍ਰਧਾਨ ਨਗਰ ਕੌਂਸਲ ਨੇ
ਟਰਾਫ਼ੀ ਅਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ।
ਪੰਜਾਬ ਦਾ ਨਾਂ
ਚਮਕਾਇਆ ਸੌਰਭ ਕਪੂਰ ਨੇ
ਪਟਿਆਲਾ, 9 ਜਨਵਰੀ - 2ਵੀਂ ਜੂਨੀਅਰ ਤੇ ਮਾਸਟਰਜ਼ ਕੌਮੀ ਪਾਵਰ
ਲਿਫਟਿੰਗ ਚੈਂਪੀਅਨਸ਼ਿਪ ਡੀ. ਐਮ. ਡਬਲਿਊ. ਦੇ ਇੰਡੋਰ ਹਾਲ ਵਿਖੇ ਕਰਵਾਈ ਜਾ ਰਹੀ ਹੈ।
ਇਸ ਦੇ ਤੀਜੇ ਦਿਨ ਸੌਰਭ ਕਪੂਰ ਨੇ ਜੂਨੀਅਰ ਵਰਗ 'ਚ ਪੰਜਾਬ ਲਈ ਪਲੇਠਾ ਸੋਨ ਤਗਮਾ
ਜਿੱਤਿਆ। ਇਸ ਮਾਸਟਰਜ ਵਰਗ 'ਚ ਚੈਂਪੀਅਨਸ਼ਿਪ ਪੰਜਾਬ ਦੇ ਦਿਆਲ ਦੱਤ ਨੇ ਵੀ ਸੋਨ ਤਗਮਾ
ਜਿੱਤਣ ਦਾ ਮਾਣ ਪ੍ਰਾਪਤ ਕੀਤਾ। ਇਸ ਦੇ ਕਰਵਾਏ ਗਏ ਮੁਕਾਬਲਿਆਂ 'ਚ ਜੂਨੀਅਰ ਵਰਗ ਦੇ
75 ਕਿਲੋ 'ਚ ਪੰਜਾਬੀ 'ਵਰਸਿਟੀ ਪਟਿਆਲਾ ਦੇ ਕਾਨੂੰਨ ਵਿਭਾਗ ਦੇ ਵਿਦਿਆਰਥੀ ਸੌਰਭ
ਕਪੂਰ ਨੇ 670 ਕਿਲੋ ਭਾਰ ਚੁੱਕ ਕੇ ਸੋਨ, ਤਾਮਿਲਨਾਡੂ ਦੇ ਵੀ. ਵਿਮਲ ਰਾਜ ਨੇ (670
ਕਿਲੋ) ਨੇ ਚਾਂਦੀ ਤੇ ਇਸੇ ਰਾਜ ਦੇ ਕੇ. ਗੋਵਿੰਦ ਰਾਜ ਨੇ (660 ਕਿਲੋ) ਕਾਂਸੀ,
67.5 ਕਿਲੋ 'ਚ ਉਤਰ ਪ੍ਰਦੇਸ਼ ਦੇ ਦੀਪਕ ਕੁਮਾਰ ਨੇ (645 ਕਿਲੋ) ਸੋਨ, ਅਸਾਮ ਦੇ
ਨਿਖਿਲ ਢੀਂਗੀਆ ਨੇ (627.5 ਕਿਲੋ) ਨਾਲ ਚਾਂਦੀ ਤੇ ਤਾਮਿਲਨਾਡੂ ਦੇ ਜਾਨਕੀ ਰਮਨ ਨੇ
(597.5 ਕਿਲੋ) ਨਾਲ ਕਾਂਸੀ, 82.5 ਕਿਲੋ 'ਚ ਉਤਰ ਪ੍ਰਦੇਸ਼ ਦੇ ਪ੍ਰਦੀਪ ਕੁਮਾਰ ਨੇ
(732.5 ਕਿਲੋ) ਨਾਲ ਸੋਨ, ਆਈ.ਪੀ.ਐਫ. ਦੇ ਪ੍ਰਵੀਨ ਕੁਮਾਰ ਨੇ 730 ਕਿਲੋ ਨਾਲ ਚਾਂਦੀ
ਦੇ ਤਾਮਿਲਨਾਡੂ ਦੇ ਕੇ.ਆਰ. ਜਾਨਕੀ ਰਾਮਾ ਨੇ 702.5 ਕਿਲੋ ਨਾਲ ਕਾਂਸੀ, 90 ਕਿਲੋ
'ਚ ਉੱਤਰਾਖੰਡ ਦੇ ਸੰਦੀਪ ਸਿੰਘ ਨੇ 685 ਕਿਲੋ ਨਾਲ ਸੋਨ, ਉਤਰ ਪ੍ਰਦੇਸ਼ ਦੇ ਮੋਹਿਤ
ਕੁਮਾਰ ਨੇ 675 ਕਿਲੋ ਨਾਲ ਚਾਂਦੀ ਤੇ ਮੱਧ ਪ੍ਰਦੇਸ਼ ਦੇ ਅਨੰਦ ਕੁਮਾਰ ਨੇ 640 ਕਿਲੋ
ਨਾਲ ਕਾਂਸੀ ਦਾ ਤਗਮਾ ਜਿੱਤਿਆ। ਮਾਸਟਰਜ ਨੇ +40 ਵਰਗ ਦੇ 67.5 ਕਿਲੋ 'ਚ ਕੇਰਲਾ ਦੇ
ਮ |