|
-ਜੂਨੀਅਰ ਵਰਲਡ ਕੱਪ ਹਾਕੀ 2009-
ਜਰਮਨੀ ਨੇ ਹਾਲੈਂਡ ਨੂੰ ਹਰਾ ਕੇ ਕੱਪ 'ਤੇ ਕਬਜ਼ਾ ਕੀਤਾ
ਆਸਟ੍ਰੇਲੀਆ ਤੀਸਰੇ ਤੇ ਭਾਰਤ 9ਵੇਂ ਨੰਬਰ 'ਤੇ ਰਿਹਾ
21 ਜੂਨ 2009 : ਸਿੰਗਾਪੁਰ : ਜੂਨੀਅਰ ਵਰਲਡ ਕੱਪ ਹਾਕੀ 2009 ਦੇ ਅੱਜ ਹੋਏ
ਫਾਈਨਲ ਮੁਕਾਬਲੇ ਵਿਚ ਜਰਮਨੀ ਨੇ ਤੇਜ਼ ਤਰਾਰ ਹਾਕੀ ਖੇਡਦੇ ਹੋਏ ਹਾਲੈਂਡ ਦੀ ਟੀਮ ਨੂੰ 3-1 ਗੋਲਾਂ
ਦੇ ਫਰਕ ਨਾਲ ਹਰਾ ਕੇ ਜੂਨੀਅਰ ਵਰਲਡ ਕੱਪ ਹਾਕੀ 2009 ਆਪਣੇ ਨਾਮ ਕਰਵਾ ਲਿਆ।
ਮਲੇਸ਼ੀਆ ਦੇ ਸ਼ਹਿਰ ਜ਼ੋਹਰਬਾਰੂ ਵਿਖੇ ਹੋਏ ਫਾਈਨਲ ਮੁਕਾਬਲੇ ਵਿਚ ਜਰਮਨੀ ਨੇ ਚੈਂਪੀਅਨ ਬਨਣ ਦਾ ਇਕ
ਇਤਿਹਾਸਕ ਪੰਨਾ ਲਿਖਦਿਆਂ ਪੰਜਵੀਂ ਵਾਰ ਖ਼ਿਤਾਬ ਤੇ ਕਬਜਾ ਕੀਤਾ। ਫਾਈਨਲ ਮੁਕਾਬਲੇ ਵਿਚ ਜਰਮਨੀ ਨੇ
ਹਾਲੈਂਡ ਨੂੰ 3-1 ਨਾਲ ਹਰਾਇਆ ਦੋਵੇਂ ਟੀਮਾਂ 1985 ਵਿਸ਼ਵ ਕੱਪ ਤੋਂ ਬਾਅਦ ਫ਼ਾਈਨਲ ਵਿਚ ਪੁੱਜੀਆਂ ਸਨ।
ਮੈਚ ਦੇ 22ਵੇਂ ਮਿੰਟ ਵਿਚ ਹਾਲੈਂਡ ਦੇ ਮਿਕ ਵੈਂਨ ਡਰ ਨੇ ਪਨੈਲਟੀ ਕਾਰਨਰ ਜਰੀਏ ਗੋਲ ਕਰਕੇ ਆਪਣੀ
ਟੀਮ ਨੂੰ ਬੜ੍ਹਤ ਦਵਾਈ, ਪਰ ਜਰਮਨ ਦੇ ਮਾਰਕੋ ਨੇ 24ਵੇਂ ਮਿੰਟ ਵਿਚ ਮੈਦਾਨੀ ਗੋਲ ਜਰੀਏ ਸਕੋਰ
ਇਕ-ਇਕ ਦੀ ਬਰਾਬਰੀ ਦੇ ਲਿਆਦਾਂ। ਪਹਿਲੇ ਅੱਧ ਤੱਕ ਦੋਵੇਂ ਟੀਮਾਂ 1-1 ਬਰਾਬਰੀ ਤੇ ਖੇਡੀਆਂ ਦੂਸਰੇ
ਅੱਧ ਦੇ 57ਵੇਂ ਮਿੰਟ ਵਿਚ ਜਰਮਨੀ ਦੇ ਫਲੋਰੀਅਨ ਪੁਚ ਨੇ 57ਵੇਂ ਮਿੰਟ ਵਿਚ ਗੋਲ ਕਰਕੇ ਆਪਣੀ ਟੀਮ
ਨੂੰ 2-1 ਨਾਲ ਅੱਗੇ ਕੀਤਾ, ਜਦਕਿ 61ਵੇਂ ਮਿੰਟ ਵਿਚ ਜੇਨ ਸਲੈਕ ਹਾਵ ਨੇ ਮੈਦਾਨੀ ਗੋਲ ਕਰਕੇ ਜਰਮਨ
ਦੀ ਚੈਂਪੀਅਨ ਜਿੱਤ ਪੱਕੀ ਕੀਤੀ। ਇਸ ਤੋਂ ਪਹਿਲਾ ਆਸਟੇਰਲੀਆ ਨੇ ਨਿਊਜੀਲੈਂਡ ਨੂੰ 4-1 ਨਾਲ ਹਰਾ ਕੇ
ਕਾਂਸੀ ਦਾ ਤਗ਼ਮਾ ਜਿੱਤਿਆ।
ਇਸ ਵੇਲੇ ਸਭ ਤੋਂ ਚੰਗੀ ਗੱਲ ਜੋ ਦੇਖਣ ਵਿਚ ਆਈ ਉਹ ਇਹ ਸੀ ਕਿ ਭਾਂਵੇਂ ਭਾਰਤੀ ਟੀਮ ਅੰਤਰ ਰਾਸ਼ਟਰੀ
ਪੱਧਰ 'ਤੇ ਬਹੁਤ ਕੁਝ ਜ਼ਿਆਦਾ ਨਹੀਂ ਕਰ ਰਹੀ, ਪਰ ਫਿਰ ਵੀ ਭਾਰਤੀ ਲੋਕਾਂ ਦੇ ਦਿਲਾਂ ਵਿਚ ਹਾਕੀ ਦਾ
ਪਿਆਰ ਅੱਜ ਵੀ ਉਸੇ ਤਰ੍ਹਾਂ ਹੀ ਬਰਕਰਾਰ ਹੈ। ਇਸ ਦੀ ਤਾਜ਼ਾ ਮਿਸਾਲ ਉਦੋਂ ਦੇਖਣ ਨੂੰ ਮਿਲੀ, ਜਦੋਂ
ਜੂਨੀਅਰ ਵਰਲਡ ਕੱਪ 2009 ਦੇ ਫਾਈਨਲ ਵਿਚ ਭਾਵੇਂ ਭਾਰਤ ਨਹੀਂ ਖੇਡ ਰਿਹਾ ਸੀ, ਪਰ ਫਿਰ ਵੀ ਖਚਾਖਚ
ਭਰੇ ਸਟੇਡੀਅਮ ਵਿਚ ਬਹੁ ਗਿਣਤੀ ਭਾਰਤੀਆਂ ਖਾਸ ਕਰ ਕੇ ਪੰਜਾਬੀਆਂ ਦੀ ਹੀ ਸੀ, ਜਿਨ੍ਹਾਂ ਨੇ ਸਿਰਾਂ
'ਤੇ ਇੰਡੀਆ ਵਾਲੇ ਬੈਂਡ ਵਾਲੇ ਪਾ ਕੇ ਟੀਮ ਨੂੰ ਹੱਲਾਸ਼ੇਰੀ ਦੇ ਰਹੇ ਸਨ।
ਇਸ ਤੋਂ ਪਹਿਲਾ ਜਰਮਨੀ ਨੇ 1982, 1985, 1889, 1993 ਵਿਚ ਲਗਾਤਾਰ ਚਾਰ ਵਾਰ ਇਹ ਖ਼ਿਤਾਬ ਜਿੱਤਿਆ
ਸੀ, ਜਦਕਿ ਪਾਕਿਸਤਾਨ, ਭਾਰਤ, ਆਸਟਰੇਲੀਆ, ਅਰਜਨ ਟਾਈਨਾ ਇਕ-ਇਕ ਵਾਰ ਚੈਂਪੀਅਨ ਬਣ ਚੁੱਕੇ ਹਨ।
ਜੂਨੀਅਰ ਵਿਸ਼ਵ ਕੱਪ ਹਾਕੀ ਦੇ 30 ਸਾਲਾਂ ਇਤਿਹਾਸ ਵਿਚ ਹੁਣ ਤੱਕ ਦੀਆਂ ਜੇਤੂ ਅਤੇ ਉਪ ਜੇਤੂ ਟੀਮਾਂ
ਦਾ ਵੇਰਵਾ ਇਸ ਤਰ੍ਹਾਂ ਹੈ।
| ਸਾਲ
|
ਸਥਾਨ |
ਚੈਂਪੀਅਨ ਟੀਮ |
ਉਪ ਜੇਤੂ |
| 1979 |
ਫਰਾਂਸ |
ਪਾਕਿਸਤਾਨ |
ਪੱਛਮੀ ਜਰਮਨੀ |
| 1982 |
ਕੁਆਲਾਲੰਪਰ |
ਪੱਛਮੀ ਜਰਮਨੀ |
ਆਸਟਰੇਲੀਆ |
| 1985 |
ਵੈਨਕੂਵਰ |
ਪੱਛਮੀ ਜਰਮਨੀ |
ਹਾਲੈਂਡ |
| 1989 |
ਇਪੋਹ |
ਪੱਛਮੀ ਜਰਮਨੀ |
ਆਸਟਰੇਲੀਆ |
| 1993 |
ਟਰੈਸਾ |
ਜਰਮਨੀ |
ਪਾਕਿਸਤਾਨ |
| 1997 |
ਮਿਲਟਨ ਕੈਂਨਜ |
ਆਸਟਰੇਲੀਆ |
ਭਾਰਤ |
| 2001 |
ਹੋਬਰਟ |
ਭਾਰਤ |
ਅਰਜਨ ਟਾਈਨਾ |
| 2004 |
ਰੋਟਰਡਮ |
ਅਰਜਨ ਟਾਈਨਾ |
ਆਸਟਰੇਲੀਆ |
| 2009 |
ਜੋਹਰਬਾਰੂ/ਸਿੰਗਾਪੁਰ
|
ਜਰਮਨੀ |
ਹਾਲੈਂਡ |
-ਜੂਨੀਅਰ ਵਰਲਡ ਕੱਪ ਹਾਕੀ 2009-
ਜਰਮਨੀ, ਆਸਟ੍ਰੇਲੀਆ, ਹਾਲੈਂਡ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਸੈਮੀਫਾਈਨਲ 'ਚ
17 ਜੂਨ 2009 : ਸਿੰਗਾਪੁਰ : ਜੂਨੀਅਰ ਵਰਲਡ ਕੱਪ ਹਾਕੀ 2009 ਦੇ
ਅੱਜ ਹੋਏ ਮੈਚਾਂ ਦੇ ਨਤੀਜਿਆਂ ਤੋਂ ਬਾਅਦ ਜਰਮਨੀ, ਆਸਟ੍ਰੇਲੀਆ, ਹਾਲੈਂਡ ਤੇ ਨਿਊਜ਼ੀਲੈਂਡ ਦੀਆਂ ਟੀਮਾਂ
ਸੈਮੀਫਾਈਨਲ ਵਿਚ ਪਹੁੰਚ ਗਈਆਂ ਹਨ। ਅੱਜ ਹੋਏ ਸਿੰਗਾਪੁਰ ਵਿਚਲੇ ਪਹਿਲੇ ਮੈਚ ਦੌਰਾਨ ਦੱਖਣੀ ਅਫਰੀਕਾ
ਪੋਲੈਂਡ ਤੋਂ 4 ਦੇ ਮੁਕਾਬਲੇ 5 ਗੋਲਾਂ ਨਾਲ ਹਾਰ ਗਈ। ਦੂਸਰੇ ਮੈਚ ਵਿਚ ਭਾਰਤ ਨੇ ਇੰਗਲੈਂਡ ਨੂੰ
ਬੁਰੀ ਤਰ੍ਹਾਂ 9 ਗੋਲਾਂ ਦੇ ਨਾਲ ਹਰਾ ਦਿੱਤਾ। ਇਸ ਵੇਲੇ ਭਾਰਤੀ ਟੀਮ ਦੇ ਸੈਮੀਫਾਈਨਲ ਵਿਚ ਨਾ
ਪਹੁੰਚਣ ਦੇ ਬਾਵਜੂਦ ਭਾਰੀ ਗਿਣਤੀ ਵਿਚ ਪੰਜਾਬੀ ਅਤੇ ਭਾਰਤੀ ਸਿਰਾਂ 'ਤੇ ਇੰਡੀਆ ਵਾਲੇ ਬੈਂਡ ਵਾਲੇ
ਪਾ ਕੇ ਟੀਮ ਨੂੰ ਹੱਲਾਸ਼ੇਰੀ ਦੇ ਰਹੇ ਸਨ। ਇਸ ਤੋਂ ਪਹਿਲਾਂ ਮੁੱਢਲੇ ਗੇੜ ਵਿਚ ਭਾਰਤ ਨੇ ਮੇਜ਼ਬਾਨ
ਸਿੰਗਾਪੁਰ ਨੂੰ 10-0 ਨਾਲ ਹਰਾ ਕੇ ਵੱਡਾ ਮਾਅਰਕਾ ਮਾਰਿਆ ਸੀ, ਪਰ ਅੰਕਾਂ ਦੇ ਗੇੜ ਵਿਚ ਇਹ ਖਰੇ ਨਹੀਂ
ਉਤਰ ਸਕੇ। ਸਿੰਗਾਪੁਰ ਵਿਚਲੇ ਤੀਸਰੇ ਮੈਚ ਵਿਚ ਰੂਸ ਵਿਰੁੱਧ ਆਪਣੇ ਖਿਡਾਰੀਆਂ ਨੂੰ ਭਿੜਦੇ ਦੇਖਣ ਲਈ
ਸਿੰਗਾਪੁਰਵਾਸੀ ਆਪਣੇ ਨਿਆਣਿਆਂ ਨੂੰ ਲੈ ਕੇ ਬੜੇ ਹੁੰਮ ਹੁੰਮਾ ਕੇ ਪਹੁੰਚੇ ਅਤੇ ਸਿੰਗਾਪੁਰ ਰੂਸ
ਤੋਂ ਸਿਰਫ 1 ਗੋਲ ਨਾਲ ਹੀ ਹਾਰਿਆ। ਦੋਹਾਂ ਟੀਮ ਦੀ ਖੇਡ ਤਾਂ ਠੀਕ ਠੀਕ ਸੀ ਅਤੇ ਇਹ ਸਕੋਰ 4-3 ਰਿਹਾ।
ਸਿੰਗਾਪੁਰ ਦੇ ਸੈਂਗਕੈਂਗ ਸਟੇਡੀਅਮ ਵਿਚਲੇ ਸ਼ਾਮੀਂ ਹੋਏ ਆਖਰੀ ਮੈਚ ਵਿਚ ਆਸਟ੍ਰੇਲੀਆ ਨੇ ਨਿਊਜ਼ੀਲੈਂਡ
ਨੂੰ 2-0 ਦੇ ਨਾਲ ਹਰਾ ਦਿੱਤਾ। ਨਿਊਜ਼ੀਲੈਂਡ ਦੀ ਟੀਮ ਹਾਰਨ ਦੇ ਬਾਵਜੂਦ ਵੀ ਇਸ ਤੋਂ ਪਹਿਲਾਂ
ਪਾਕਿਸਤਾਨ ਨੂੰ 4-2 ਦੇ ਨਾਲ ਹਰਾਉਣ ਅਤੇ ਕੋਰੀਆ ਨਾਲ 3-3 ਦੀ ਬਰਾਬਰੀ 'ਤੇ ਖੇਡਣ ਸਦਕਾ
ਸੈਮੀਫਾਈਨਲ ਵਿਚ ਆਪਣੀ ਜਗ੍ਹਾ ਕਰ ਚੁੱਕੀ ਸੀ।

ਮਲੇਸ਼ੀਆ ਦੇ ਜੌਹਰਬਾਰੂ ਵਿਚ ਖੇਡੇ ਗਏ ਅੱਜ ਦੇ ਪਹਿਲੇ ਮੈਚ ਵਿਚ ਬੈਲਜੀਅਮ
ਨੇ ਜਪਾਨ ਨੂੰ 6-2 ਨਾਲ, ਅਰਜਨਟੀਨਾ ਨੇ ਸਪੇਨ ਨੂੰ 4-1 ਨਾਲ ਅਤੇ ਚਿੱਲੀ ਨੇ ਅਮਰੀਕਾ ਨੂੰ 2-1
ਨਾਲ ਹਰਾ ਦਿੱਤਾ, ਜਦਕਿ ਜੌਹਰਬਾਰੂ ਵਿਚਲੇ ਆਖਰੀ ਮੈਚ ਵਿਚ ਪਾਕਿਸਤਾਨ ਦੇ ਹਮਾਇਤੀਆਂ ਦੇ ਜ਼ੋਰ ਅਤੇ
ਉਨ੍ਹਾਂ ਦੀ ਵਧੀਆ ਖੇਡ ਸਦਕਾ ਉਨ੍ਹਾਂ ਨੇ ਕੋਰੀਆ ਦੀ ਬਰਾਬਰ ਦੀ ਟੀਮ ਨੂੰ ਵੀ 5-1 ਨਾਲ ਹਰਾ ਦਿੱਤਾ,
ਪਰ ਇਸ ਵੱਡੀ ਜਿੱਤ ਦੇ ਬਾਵਜੂਦ ਪਾਕਿਸਤਾਨ ਇਸ ਤੋਂ ਪਹਿਲਾਂ ਨਿਊਜ਼ੀਲੈਂਡ ਤੋਂ ਅਤੇ ਆਸਟ੍ਰੇਲੀਆ ਤੋਂ
ਹਾਰਨ ਸਦਕਾ ਸੈਮੀਫਾਈਨਲ 'ਚੋਂ ਬਾਹਰ ਹੋ ਚੁੱਕਿਆ ਹੈ।
ਆਪਣੇ ਪੂਲਾਂ ਵਿਚੋਂ ਮੁੱਢਲੇ ਮੈਚ ਜਿੱਤ ਕੇ ਅਗਲੇ ਗੇੜ ਵਿਚ ਬਣਾਏ ਗਏ ਦੋ ਪੂਲਾਂ ਈ ਅਤੇ ਐਫ ਵਿਚ
ਚੋਟੀ ਦੀਆਂ ਅੱਠ ਟੀਮਾਂ ਪਹੁੰਚੀਆਂ ਹਨ, ਜਿਨ੍ਹਾਂ ਵਿਚ ਪੂਲ ਈ ਵਿਚ ਹਾਲੈਂਡ ਤੇ ਜਰਮਨੀ ਨੇ 3-3
ਮੈਚ ਖੇਡਣ ਤੋਂ ਬਾਅਦ 7-7 ਅੰਕ ਲੈ ਕੇ ਉਪਰਲੀਆਂ ਪੁਜ਼ੀਸ਼ਨਾਂ 'ਤੇ ਕਬਜ਼ਾ ਕੀਤਾ ਹੋਇਆ ਹੈ ਅਤੇ ਇਸ
ਪੂਲ ਵਿਚੋਂ ਅਰਜਨਟੀਨਾ ਤੇ ਸਪੇਨ ਤੀਜੇ ਤੇ ਚੌਥੇ ਨੰਬਰ 'ਤੇ ਰਹੇ ਹਨ। ਪੂਲ ਐਫ ਵਿਚੋਂ ਆਸਟ੍ਰੇਲੀਆ
9 ਅੰਕਾਂ ਨਾਲ ਸਭ ਤੋਂ ਉਪਰ ਅਤੇ ਨਿਊਜ਼ੀਲੈਂਡ 4 ਅੰਕਾਂ ਨਾਲ ਦੂਸਰੇ ਨੰਬਰ 'ਤੇ ਹੈ। ਪਾਕਿਸਤਾਨ ਦੀ
ਟੀਮ ਲਗਾਤਾਰ ਦੋ ਹਾਰਾਂ ਕਰਕੇ 3 ਨੰਬਰ ਲੈ ਕੇ ਤੀਜੇ ਨੰਬਰ 'ਤੇ ਰਹੀ, ਜਦਕਿ ਕੋਰੀਆ 1 ਨੰਬਰ ਦੇ
ਨਾਲ ਫਾਡੀ ਰਿਹਾ।

9ਵੇਂ ਤੋਂ 16ਵੇਂ ਥਾਂਵਾਂ ਲਈ ਪੂਲ ਜੀ ਵਿਚ ਐਸ ਵੇਲੇ ਭਾਰਤ ਤਿੰਨੇ ਦੇ ਤਿੰਨੇ ਮੈਚ ਜਿੱਤ ਕੇ ਅਤੇ
20 ਗੋਲ ਕਰਕੇ 9 ਅੰਕ ਲੈ ਕੇ ਸਭ ਤੋਂ ਉਪਰ ਹੈ। ਬੈਲਜੀਅਮ ਦੇ 6 ਅਤੇ ਜਾਪਾਨ ਦੇ 3 ਅੰਕ ਹਨ, ਜਦਕਿ
ਇਸ ਪੂਲ ਵਿਚੋਂ ਇੰਗਲੈਂਡ 13 ਗੋਲ ਖਾ ਕੇ ਅਤੇ ਸਿਰਫ 1 ਗੋਲ ਕਰਕੇ ਜੀਰੋ ਆਂਡਾ ਲੈ ਕੇ ਅਖੀਰ 'ਤੇ
ਹੈ। ਪੂਲ ਐਚ ਵਿਚ ਪੋਲੈਂਡ 7 ਅੰਕਾਂ ਨਾਲ ਸਭ ਤੋਂ ਮੋਹਰੀ ਹੈ, ਜਦਕਿ ਇਸ ਤੋਂ ਬਾਅਦ ਮਲੇਸ਼ੀਆ, ਮਿਸਰ
ਅਤੇ ਦੱਖਣੀ ਅਫਰੀਕਾ ਦਾ ਨੰਬਰ ਆਉਂਦਾ ਹੈ।
ਦਿਵਾਕਰ ਹਾਲੇ ਤੱਕ ਟਾਪ ਸਕੋਰਰ : ਹੁਣ ਤੋਂ ਹੋਏ ਮੈਚਾਂ ਵਿਚ ਭਾਰਤੀ ਟੀਮ ਦਾ ਕਪਤਾਨ
ਦਿਵਾਕਰ 11 ਗੋਲ ਕਰਕੇ ਸਭ ਤੋਂ ਉਪਰ ਚੱਲ ਰਿਹਾ ਹੈ, ਜਦਕਿ ਨਿਊਜ਼ੀਲੈਂਡ ਦਾ ਸਾਈਮਨ ਚਾਈਲਡ ਅਤੇ
ਹਾਲੈਂਡ ਦਾ ਮਿੰਕ ਵਰ ਡਨ 10-10 ਗੋਲਾਂ ਨਾਲ ਦੂਸਰੇ ਨੰਬਰ 'ਤੇ ਹਨ। ਤੀਸਰੇ ਨੰਬਰ 'ਤੇ ਪਾਕਿਸਤਾਨ
ਦਾ ਅਬਦੁਲ ਹਸੀਮ ਖਾਨ ਹੈ।
ਭਾਰਤੀ ਹਾਕੀ ਖਿਡਾਰੀਆਂ ਵਿਚ ਆਤਮ
ਵਿਸ਼ਵਾਸ ਦੀ ਘਾਟ-ਜਰਮਨ ਕੋਚ ਫੌਰਸਟਨਰ ਉਲੀ

ਜਰਮਨ ਕੋਚ ਫੌਰਸਟਨਰ ਉਲੀ ਨੇ ਪੰਜਾਬ ਸਪੋਰਟਸ ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ
ਕਰਦਿਆਂ ਦੱਸਿਆ ਕਿ ਭਾਰਤੀ ਖਿਡਾਰੀਆਂ ਵਿਚ ਖੇਡਣ ਵੇਲੇ ਆਤਮ ਵਿਸ਼ਵਾਸ ਦੀ ਬੇਹੱਦ ਘਾਟ ਵੇਖਣ ਨੂੰ
ਮਿਲਦੀ ਹੈ ਅਤੇ ਉਹ ਸਹੀ ਮੂਵ ਬਨਾਉਣ ਵੇਲੇ ਥਿੜਕ ਜਾਂਦੇ ਹਨ। ਆਪਣੇ ਦੇਸ਼ ਦੇ ਹਾਕੀ ਢਾਂਚੇ ਬਾਰੇ ਉਸ
ਦਾ ਕਹਿਣਾ ਸੀ ਕਿ ਉਨ੍ਹਾਂ ਦੇ ਦੇਸ਼ ਵਿਚ ਕੁੱਲ ਮਿਲਾ ਕੇ 5500 ਦੇ ਕਰੀਬ ਹੀ ਬੱਚੇ ਹਾਕੀ ਅਪਣਾਉਂਦੇ
ਹਨ, ਪਰ ਉਹ ਉਨ੍ਹਾਂ ਵਿਚੋਂ ਹੀ ਇਸ ਕਦਰ ਟ੍ਰੇਨਿੰਗ ਦਿੰਦੇ ਹਨ ਕਿ ਵਧੀਆ ਖਿਡਾਰੀ ਆਪਣੇ ਆਪ ਉਭਰ ਕੇ
ਸਾਹਮਣੇ ਆ ਜਾਂਦੇ ਹਨ। ਜਦੋਂ ਉਲੀ ਤੋਂ ਇਹ ਪੁਛਿਆ ਗਿਆ ਕਿ ਉਨ੍ਹਾਂ ਦਾ ਹਾਕੀ ਢਾਂਚਾ ਕਿੰਜ ਕੰਮ
ਕਰਦਾ ਹੈ ਤਾਂ ਉਸ ਦਾ ਕਹਿਣਾ ਸੀ ਕਿ ਜਰਮਨੀ ਵਿਚ ਉਹ ਉਮਰ ਦੇ ਆਧਾਰ 'ਤੇ ਹਾਕੀ ਨੂੰ 5 ਵਰਗਾਂ ਵਿਚ
ਵੰਡਦੇ ਹਨ ਅਤੇ ਹਰੇਕ ਵਰਗ ਦਾ ਆਪਣਾ ਆਪਣਾ ਅਲੱਗ ਤਜਰਬੇਦਾਰ ਕੋਚ ਹੁੰਦਾ ਹੈ। ਇਹ ਕੋਚ ਆਪਣੇ ਆਪਣੇ
ਉਮਰ ਵਰਗ ਦੇ ਖਿਡਾਰੀਆਂ ਅਤੇ ਟ੍ਰੇਨਿੰਗ ਬਾਰੇ ਮਹੀਨੇ ਵਿਚ ਇਕ ਵਾਰ ਇਕੱਠੇ ਹੋ ਕੇ ਵਿਚਾਰ ਮਸ਼ਵਰਾ
ਕਰਦੇ ਹਨ। ਇਥੋਂ ਤੱਕ ਕਿ ਛੋਟੀ ਉਮਰ ਵਰਗ ਦੇ ਕਿਸੇ ਵਧੀਆ ਉਭਰਦੇ ਖਿਡਾਰੀ ਬਾਰੇ ਸੀਨੀਅਰ ਕੋਚ ਤੱਕ
ਨੂੰ ਪਹਿਲਾਂ ਹੀ ਜਾਣਕਾਰੀ ਹੁੰਦੀ ਹੈ। ਜਰਮਨ ਵਿਚ ਐਸਟ੍ਰੋਟਰਫਾਂ ਦੀ ਹਾਲਾਂਕਿ ਗੁਆਂਢੀ ਮੁਲਕ
ਹਾਲੈਂਡ ਨਾਲੋਂ ਬੇਹੱਦ ਘਾਟ ਹੈ, ਪਰ ਜਰਮਨੀ ਵਿਚ ਇਕੋ ਹੀ ਗਰਾਊਂਡ ਵਿਚ ਨਾਲੋ ਨਾਲ ਬਹੁਤ ਸਾਰੇ
ਖਿਡਾਰੀਆਂ ਵਲੋਂ ਫੁੱਟਬਾਲ ਤੇ ਹਾਕੀ ਖੇਡਣ ਸਦਕਾ ਉਨ੍ਹਾਂ ਵਿਚ ਮੁਕਾਬਲੇ ਦੀ ਭਾਵਨਾ ਆ ਜਾਂਦੀ ਹੈ।
ਇਕ ਹੋਰ ਸੁਆਲ ਦੇ ਜਵਾਬ ਵਿਚ ਉਨ੍ਹਾਂ ਦੱਸਿਆ ਕਿ ਜਰਮਨੀ ਵਿਚ ਸਿਰਫ ਰਾਸ਼ਟਰੀ ਭਾਵਨਾ ਹੀ ਖਿਡਾਰੀਆਂ
ਵਿਚ ਜ਼ੋਸ਼ ਭਰਦੀ ਹੈ ਅਤੇ ਉਥੇ ਖਿਡਾਰੀਆਂ ਨੂੰ ਕੋਈ ਵਿਸ਼ੇਸ਼ ਰਿਆਇਤਾਂ ਜਾਂ ਨੌਕਰੀਆਂ ਵਿਚ ਗੱਫੇ ਨਹੀਂ
ਦਿੱਤੇ ਜਾਂਦੇ। ਇਸ ਗੱਲ ਦਾ ਪ੍ਰਮਾਣ ਇਥੋਂ ਹੀ ਮਿਲਦਾ ਹੈ ਕਿ ਜਦੋਂ 2002 ਵਾਲਾ ਵਿਸ਼ਵ ਹਾਕੀ ਕੱਪ
ਜਿੱਤਣ ਵਾਲੀ ਜਰਮਨ ਟੀਮ ਦੇ ਕਪਤਾਨ ਫਲੌਰੀਅਨ ਕੁੰਜ਼ ਤੋਂ ਪੰਜਾਬ ਸਪੋਰਟਸ ਨੇ ਹੀ ਜਿੱਤ ਤੋਂ ਬਾਅਦ
ਜਸ਼ਨ ਮਨਾਉਣ ਬਾਰੇ ਸਵਾਲ ਕੀਤਾ ਸੀ ਤਾਂ ਉਸ ਦਾ ਕਹਿਣਾ ਸੀ ਕਿ ਜਸ਼ਨ ਤਾਂ ਬੱਸ ਹੋ ਗਿਆ। ਭਲਕੇ ਨੂੰ
ਵਾਪਸੀ ਹੈ ਤੇ ਪਰਸੋਂ ਨੂੰ ਮੇਰੀ ਬੈਂਕ ਤੋਂ ਲਈ ਛੁੱਟੀ ਖਤਮ ਹੋ ਜਾਣੀ ਹੈ ਅਤੇ ਮੈਂ ਨੌਕਰੀ ਜੁਆਇਨ
ਕਰ ਲਵਾਂਗਾ।
ਜਰਮਨੀ ਦੇ ਕੋਚ ਦਾ ਮੰਨਣਾ ਹੈ ਕਿ ਹਾਕੀ ਨੂੰ ਉਤਸ਼ਾਹਿਤ ਕਰਨ ਬਦਲੇ ਕੁਝ ਕੁ ਮੈਚ ਖੇਡਣ ਤੋਂ ਬਾਅਦ
ਹੀ ਖਿਡਾਰੀਆਂ ਨੂੰ ਵੱਡੇ ਮਾਇਕ ਗੱਫੇ ਦੇਣ ਨਾਲ ਉਹ ਹਾਕੀ ਤੋਂ ਬੇਮੁੱਖ ਹੋ ਕੇ ਆਪਣੇ ਆਪ ਵਿਚ ਹੀ
ਸਿਮਟ ਜਾਂਦੇ ਹਨ। ਸ਼ਾਇਦ ਉਸ ਨੂੰ ਇਹ ਨਹੀਂ ਪਤਾ ਹੋਣਾ ਕਿ ਸਾਡੇ ਮੁਲਕ ਵਿਚ ਬਹੁਤੇ ਖਿਡਾਰੀਆਂ ਦੇ
ਖੇਡਣ ਦਾ ਟੀਚਾ ਵੀ ਇਹੋ ਹੁੰਦਾ ਹੈ ਕਿ ਇਕ ਵਾਰ ਰਾਸ਼ਟਰੀ ਟੀਮ ਵਿਚ ਖੇਡ ਆਓ, ਕਿਸੇ ਨਾ ਕਿਸੇ ਮਹਿਕਮੇ
ਵਿਚ ਨੌਕਰੀ ਮਿਲ ਜਾਵੇਗੀ ਅਤੇ ਫਿਰ ਆਰਾਮ ਨਾਲ ਜ਼ਿੰਦਗੀ ਜਿਊਵਾਂਗੇ। ਪੰਜਾਬ ਪੁਲਿਸ ਅਤੇ ਹੋਰ
ਅਦਾਰਿਆਂ ਵਿਚ ਇਹ ਤੱਥ ਪਹਿਲਾਂ ਹੀ ਉਭਰ ਕੇ ਸਾਹਮਣੇ ਆ ਰਹੇ ਹਨ।
ਭਾਰਤੀ ਹਾਕੀ ਦੇ ਨਿਘਾਰ ਬਾਰੇ ਪੁਛੇ ਜਾਣ 'ਤੇ ਉਸ ਨੇ ਕਿਹਾ ਕਿ ਇਹ ਉਸਦਾ ਨਿੱਜੀ ਵਿਚਾਰ ਹੋ ਸਕਦਾ
ਹੈ ਪਰ ਸਪਸ਼ੱਟ ਤੌਰ 'ਤੇ ਭਾਰਤੀ ਹਾਕੀ ਦਾ ਢਾਂਚਾ ਹੀ ਸਹੀ ਨਹੀਂ ਅਤੇ ਓਹੀ ਖਿਡਾਰੀ ਜੂਨੀਅਰ ਤੋਂ ਲੈ
ਕੇ ਸੀਨੀਅਰ ਵਰਗ ਵਿਚ ਖੇਡੀ ਜਾਂਦੇ ਹਨ। ਕਿਸੇ ਨੂੰ ਪਤਾ ਹੀ ਨਹੀਂ ਲਗਦਾ ਕਿ ਕਿਹੜੇ ਉਮਰ ਵਰਗਾਂ
ਵਿਚ ਭਾਰਤ ਵਿਚ ਖਿਡਾਰੀਆਂ ਨੂੰ ਸਿਖਲਾਈ ਮਿਲਦੀ ਹੈ ਅਤੇ ਉਹ ਮੁਕਾਬਲੇ ਦੀ ਹਾਕੀ ਵੀ ਵੱਡੇ
ਟੂਰਨਾਮੈਂਟਾਂ ਤੋਂ ਕੁਝ ਦੇਰ ਪਹਿਲਾਂ ਹੀ ਖੇਡਦੇ ਹਨ, ਜਦਕਿ ਜਰਮਨ ਵਰਗੇ ਮੁਲਕਾਂ ਵਿਚ ਲਗਨ ਵਾਲੇ
ਖਿਡਾਰੀ ਸਾਰਾ ਸਾਲ ਇਸ ਖੇਡ ਨੂੰ ਮੁੱਖ ਉਦੇਸ਼ ਨਾਲ ਖੇਡਦੇ ਹਨ ਅਤੇ ਸਿਰਫ ਰਾਸ਼ਟਰੀਅਤਾ ਦੀ ਭਾਵਨਾ
ਨਾਲ ਖੇਡਦੇ ਹਨ।
ਛੇਵਾਂ ਦਿਨ
12 ਜੂਨ 2009
ਨਿਊਜ਼ੀਲੈਂਡ ਤੇ ਹਾਲੈਂਡ ਨੇ ਬਰਾਬਰ
ਰਹਿ ਕੇ ਭਾਰਤ ਨੂੰ ਕੀਤਾ ਬਾਹਰ
12 ਜੂਨ 2009 : ਸਿੰਗਾਪੁਰ : ਜੂਨੀਅਰ ਵਰਲਡ ਕੱਪ ਹਾਕੀ 2009 ਦੇ
ਅੱਜ ਛੇਵੇਂ ਦਿਨ ਮਲੇਸ਼ੀਆ ਵਿਖੇ ਚਾਰ ਮੈਚ ਹੋਏ। ਪਹਿਲਾ ਮੈਚ ਕੋਰੀਆ ਤੇ ਇੰਗਲੈਂਡ ਦਰਮਿਆਨ ਹੋਇਆ
ਜਿਸ ਵਿਚ ਦੋਨੋਂ ਟੀਮਾਂ ਬਰਾਬਰੀ 'ਤੇ ਰਹੀਆਂ। ਕੋਰੀਆ ਚੰਗੀ ਫਾਰਮ ਵਿਚ ਚੱਲ ਰਿਹਾ ਸੀ ਅਤੇ ਉਸ ਦੇ
ਮੈਚਾਂ ਨੂੰ ਵੇਖਣ ਵਾਸਤੇ ਭਾਰੀ ਗਿਣਤੀ ਵਿਚ ਲੋਕ ਪਹੁੰਚ ਰਹੇ ਸਨ। ਆਪਣੇ ਪੂਲ ਸੀ ਵਿਚੋਂ ਸਭ ਤੋਂ
ਉਪਰ ਚੱਲ ਰਹੇ ਕੋਰੀਆ ਨੇ ਇਸ ਮੈਚ ਨੂੰ ਬੜੇ ਢਿਲੇ ਢੰਗ ਨਾਲ ਖੇਡਿਆ ਅਤੇ ਦਰਸ਼ਕਾਂ ਨੂੰ ਵੀ ਉਨ੍ਹਾਂ
ਦੀ ਗੇਮ ਦਾ ਕੋਈ ਸੁਆਦ ਨਹੀਂ ਆ ਰਿਹਾ ਸੀ। ਦੂਜੇ ਪਾਸੇ ਇੰਗਲੈਂਡ ਦੀ ਟੀਮ ਨੇ ਆਉਂਦਿਆਂ ਹੀ ਦਿਖਾ
ਦਿੱਤਾ ਕਿ ਚਾਹੇ ਉਹ ਅੰਕਾਂ ਦੇ ਹਿਸਾਬ ਨਾਲ ਕਾਫੀ ਥੱਲੇ ਹਨ, ਪਰ ਇਸ ਮੈਚ ਵਿਚ ਪੂਰੀ ਵਾਹ ਲਾਉਣਗੇ।
ਉਨ੍ਹਾਂ ਨੇ ਕੋਰੀਆ ਸਿਰ ਇਕ ਵੇਲੇ ਤਾਂ ਦੋ ਗੋਲ ਚਾੜ੍ਹ ਦਿੱਤੇ, ਪਰ ਦੂਸਰੇ ਅੱਧ ਵਿਚ ਕੋਰੀਆ ਨੇ
ਆਪਣੀ ਇੱਜ਼ਤ ਬਚਾਉਂਦੇ ਹੋਏ ਆਪਣੀ ਸੁਸਤ ਚਾਲ ਨੂੰ ਥੋੜ੍ਹਾ ਜਿਹਾ ਚੁਸਤ ਕੀਤਾ ਅਤੇ ਹਾਰ ਦੇ ਮੂੰਹ
'ਚੋਂ ਨਿਕਲ ਕੇ ਬਰਾਬਰੀ 'ਤੇ ਮੈਚ ਮੁਕਾ ਦਿੱਤਾ।

ਦੂਸਰੇ ਮੈਚ ਵਿਚ ਅਰਜਨਟੀਨਾ ਨੇ ਮਿਸਰ ਦੀ ਟੀਮ ਨਾਲ ਸ਼ੁਰੂ ਵਿਚ ਤਾਂ ਬੜੀ ਜੱਦੋ ਜਹਿਦ ਨਾਲ ਮੈਚ
ਖੇਡਿਆ ਅਤੇ ਪਹਿਲਾ ਗੋਲ 21ਵੇਂ ਮਿੰਟ ਵਿਚ ਸੈਂਟੀਆਗੋ ਮਿੰਟੈਲੀ ਨੇ ਅਰਜਨਟੀਨਾ ਲਈ ਫੱਟਾ ਖੜਕਾ
ਦਿੱਤਾ। ਦੂਜੇ ਪਾਸੇ ਮਿਸਰ ਦੀ ਟੀਮ ਨੇ ਵੀ ਹਮਲੇ ਜਾਰੀ ਰੱਖੇ ਅਤੇ ਹੁਸੈਮ ਗਬਰਾਮ ਨੇ ਜਦੋਂ ਭਾਜੀ
ਮੋੜੀ ਤਾਂ ਸਾਰਾ ਸਟੇਡੀਅਮ ਤਾੜੀਆਂ ਨਾਲ ਗੂੰਜ ਉਠਿਆ। ਪਹਿਲਾ ਅੱਧ 1-1 ਦੀ ਬਰਾਬਰੀ 'ਤੇ ਮੁੱਕਿਆ।
ਇਸ ਤੋਂ ਬਾਅਦ ਅਗਲੇ ਅੱਧ ਵਿਚ ਆਉਂਦੇ ਹੀ ਅਰਜਨਟੀਨਾ ਵਾਲੇ ਪੈ ਨਿਕਲੇ ਅਤੇ ਸੈਂਟੀਆਗੋ ਨੇ ਇਕ ਵਾਰ
ਫਿਰ ਉਸ ਵੇਲੇ ਆਪਣੇ ਨਾਮ ਇਕ ਹੋਰ ਗੋਲ ਕਰ ਲਿਆ ਜਦੋਂ ਰੈਫਰੀ ਨੇ ਉਸ ਦੀ ਟੀਮ ਨੂੰ ਪੈਨਲਟੀ ਸਟ੍ਰੋਕ
ਦੇ ਦਿੱਤਾ। ਉਸ ਨੂੰ ਇਹ ਗੋਲ ਕਰਨ ਲੱਗਿਆ ਕੋਈ ਮੁਸ਼ਕਿਲ ਨਹੀਂ ਆਈ। ਤੀਸਰਾ ਗੋਲ ਲੀਐਂਡਰੋ ਟੋਰੋਨੀ
ਨੇ ਕਰਕੇ ਮੈਚ ਨੂੰ 3-1 ਨਾਲ ਅਰਜਨਟੀਨਾ ਦੀ ਝੋਲੀ ਪਾ ਦਿੱਤਾ। ਅਰਜਨਟੀਨਾ ਦੀ ਟੀਮ ਦੀ ਅੱਖ ਇਸ ਵਾਰ
ਵੀ ਚੋਟੀ ਦੇ ਬੇਰ ਵੱਲ ਹੈ।
ਤੀਜਾ ਮੈਚ ਬੈਲਜੀਅਮ ਅਤੇ ਪਾਕਿਸਤਾਨ ਵਿਚਕਾਰ ਹੋਇਆ ਜਿਸ ਦੌਰਾਨ ਦਰਸ਼ਕਾਂ ਨਾਲ ਭਰਿਆ ਹੋਇਆ ਸਟੇਡੀਅਮ
ਪਾਕਿਸਤਾਨ ਪਾਕਿਸਤਾਨ, ਜੀਵੇ ਪਾਕਿਸਤਾਨ ਦੇ ਨਾਅਰੇ ਲਾ ਰਿਹਾ ਸੀ। ਦਰਸ਼ਕਾਂ ਵਿਚ ਮੌਜੂਦ ਪਾਕਿਸਤਾਨੀ
ਹਮਾਇਤੀ ਪੂਰੇ ਜ਼ੋਰ ਸ਼ੋਰ ਨਾਲ ਪਾਕਿਸਤਾਨ ਦੇ ਹਰੇਕ ਮੈਚ ਵਿਚ ਤਿਆਰੀਆਂ ਕਰਕੇ ਆਉਂਦੇ ਹਨ ਅਤੇ
ਪਾਕਿਸਤਾਨ ਦੇ ਝੰਡੇ ਝੁਲਾਉਂਦੇ ਹਨ। ਮੈਚ ਕਾਫੀ ਫਸਵਾਂ ਸੀ, ਪਰ ਇਸ ਵਿਚ ਉਲਟ ਫੇਰ ਹੋ ਗਿਆ ਅਤੇ ਜਦੋਂ
ਬੈਲਜੀਅਮ ਨੇ ਪਾਕਿਸਤਾਨ ਨੂੰ 2-1 ਨਾਲ ਮਾਤ ਦਿੱਤੀ ਤਾਂ ਪਾਕਿਸਤਾਨੀਆਂ ਦਾ ਜੋਸ਼ ਕੁਝ ਠੰਢਾ ਪੈ ਗਿਆ।
ਸਟੇਡੀਅਮ ਵਿਚ ਜਿਵੇਂ ਚੁੱਪ ਚਾਂ ਛਾ ਗਈ। ਅੱਜ ਦਾ ਚੌਥਾ ਮੈਚ ਜੋ ਕਿ ਸਪੇਨ ਤੇ ਮਲੇਸ਼ੀਆ ਵਿਚਕਾਰ
ਹੋਇਆ, ਉਸ ਵਿਚ ਵੀ ਦਰਸ਼ਕਾਂ ਦੀ ਕੋਈ ਘਾਟ ਨਹੀਂ ਸੀ ਅਤੇ ਮਲੇਸ਼ੀਆ ਵਾਲੇ ਆਪਣੇ ਮੁਲਕ ਨੂੰ ਜਿਤਾਉਣ
ਲਈ ਪੂਰਾ ਰੌਲਾ ਪਾ ਰਹੇ ਸਨ ਅਤੇ ਆਪਣੀ ਭਾਸ਼ਾ ਵਿਚ ਢੋਲ ਵਜਾ ਵਜਾ ਕੇ ਗੀਤ ਗਾ ਰਹੇ ਸਨ। ਦੋਵੇਂ ਟੀਮਾਂ
3-3 ਗੋਲਾਂ ਦੀ ਬਰਾਬਰੀ 'ਤੇ ਰਹੀਆਂ।
ਸਿੰਗਾਪੁਰ ਵਿਖੇ ਹੋਏ ਚਾਰ ਮੈਚਾਂ ਵਿਚ ਪਹਿਲੇ ਮੈਚ ਵਿਚ ਆਸਟ੍ਰੇਲੀਆ ਨੇ ਦੱਖਣੀ ਅਫਰੀਕਾ ਨੂੰ 2-0
ਨਾਲ ਹਰਾ ਦਿੱਤਾ। ਅਫਰੀਕਾ ਨੇ ਜ਼ੋਰ ਤਾਂ ਬਥੇਰਾ ਲਗਾਇਆ, ਪਰ ਆਸਟ੍ਰੇਲੀਆ ਦੀ ਸੀਨੀਅਰ ਟੀਮ ਵਾਂਗ
ਜੂਨੀਅਰ ਟੀਮ ਵਿਚ ਵੀ ਬੜੇ ਘਾਗ ਖਿਡਾਰੀਆਂ ਦੀ ਖੇਡ ਵੇਖਣ ਨੂੰ ਮਿਲੀ ਅਤੇ ਆਸਟ੍ਰੇਲੀਆ ਦੀ ਇਸ ਜਿੱਤ
ਨਾਲ 10 ਅੰਕ ਹੋ ਗਏ ਹਨ। 4 ਮੈਚ ਖੇਡਣ ਤੋਂ ਬਾਅਦ ਉਹ ਹੁਣ ਆਪਣੇ ਪੂਲ ਵਿਚੋਂ ਸਭ ਤੋਂ ਉਪਰ ਚੱਲ
ਰਿਹਾ ਹੈ। ਇਸੇ ਪੂਲ ਬੀ ਦੇ ਦੂਸਰੇ ਮੈਚ ਵਿਚ ਜਰਮਨੀ ਨੇ ਜਾਪਾਨ ਦੀ ਕਾਫੀ ਵਧੀਆ ਖੇਡ ਰਹੀ ਟੀਮ ਨੂੰ
3-1 ਨਾਲ ਹਰਾ ਦਿੱਤਾ ਅਤੇ ਇਸ ਜਿੱਤ ਨਾਲ ਉਸ ਦੇ ਵੀ 10 ਅੰਕ ਹੋ ਗਏ ਹਨ, ਹੁਣ ਦੋਵੇਂ ਆਸਟ੍ਰੇਲੀਆ
ਅਤੇ ਜਰਮਨੀ ਦੋਵੇਂ 13-13 ਗੋਲ ਕਰਕੇ ਅਤੇ 2-2 ਗੋਲ ਖਾ ਕੇ ਆਪਣੇ ਪੂਲ ਵਿਚ ਉਪਰਲੇ ਦਰਜੇ 'ਤੇ
ਬੈਠੀਆਂ ਹਨ ਜਦਕਿ ਨਿਊਜ਼ੀਲੈਂਡ ਅਤੇ ਹਾਲੈਂਡ ਦੀਆਂ ਟੀਮਾਂ ਵਿਚ ਖੇਡਿਆ ਗਿਆ ਮੈਚ 2-2 ਦੀ ਬਰਾਬਰੀ
'ਤੇ ਮੁੱਕਿਆ। ਇਸ ਬਰਾਬਰੀ ਨਾਲ ਨਿਊਜ਼ੀਲੈਂਡ ਦੇ 8 ਅੰਕ ਹੋ ਗਏ ਹਨ ਅਤੇ ਉਹ ਪੂਲ ਡੀ ਵਿਚ ਭਾਰਤ ਨੂੰ
ਤੀਜੇ ਨੰਬਰ 'ਤੇ ਧੱਕ ਕੇ ਆਪ ਦੂਸਰੇ ਨੰਬਰ 'ਤੇ ਪਹੁੰਚ ਗਿਆ ਹੈ। ਇਸ ਬਰਾਬਰੀ ਨਾਲ ਹੀ ਭਾਰਤ
ਟੂਰਨਾਮੈਂਟ ਦੇ ਮੈਡਲ ਦੌੜ ਵਿਚੋਂ ਬਾਹਰ ਆ ਗਿਆ ਹੈ ਅਤੇ ਉਸ ਦਾ ਇਹ ਸੁਪਨਾ ਚਕਨਾਚੂਰ ਹੋ ਗਿਆ ਹੈ।
ਆਪਣੇ ਮੈਚ ਨੂੰ ਚਾਹੇ ਭਾਰਤ ਨੇ ਪੋਲੈਂਡ ਤੋਂ 4-2 ਨਾਲ ਜਿੱਤ ਲਿਆ, ਪਰ ਚਾਹੇ 20 ਗੋਲ ਨਾਲ ਵੀ
ਜਿੱਤਦਾ ਉਸ ਨੂੰ ਇਸ ਦਾ ਕੋਈ ਫਾਇਦਾ ਨਹੀਂ ਹੋਇਆ।
ਪੰਜਵਾਂ ਦਿਨ
11 ਜੂਨ 2009
ਭਾਰਤ ਹਾਲੈਂਡ ਤੋਂ ਹਾਰ ਕੇ ਬਾਹਰ ਹੋਣ ਦੇ ਕਿਨਾਰੇ
ਮਲੇਸ਼ੀਆ ਅਤੇ ਸਿੰਗਾਪੁਰ ਵਿਚ ਚੱਲ ਰਹੇ ਜੂਨੀਅਰ ਵਿਸ਼ਵ ਕੱਪ ਹਾਕੀ
ਟੂਰਨਾਮੈਂਟ ਵਿਚ ਅੱਜ ਅੱਠ ਮੈਚ ਖੇਡੇ ਗਏ। ਗਰੁੱਪ ਡੀ ਦੇ ਆਪਣੇ ਮੈਚ ਵਿਚ ਭਾਰਤ ਹਾਲੈਂਡ ਤੋਂ 3-2
ਗੋਲਾਂ ਦੇ ਨਾਲ ਹਾਰ ਕੇ ਡਾਵਾਂਡੋਲ ਸਥਿਤੀ ਵਿਚ ਪਹੁੰਚ ਗਿਆ ਹੈ ਅਤੇ ਭਲਕੇ ਨੂੰ ਭਾਰਤ ਦਾ ਪੇਚਾ
ਪੋਲੈਂਡ ਦੇ ਨਾਲ ਪੈਣਾ ਹੈ, ਜਿਹੜਾ ਕਿ ਇਕ ਫਸਵਾਂ ਮੈਚ ਹੋ ਸਕਦਾ ਹੈ।
ਅੱਜ ਹੋਏ ਮੈਚਾਂ ਵਿਚ ਮਲੇਸ਼ੀਆ ਦੇ ਜੌਹਰਬਾਰੂ ਵਿਚ ਚਾਰ ਮੈਚ ਖੇਡੇ ਗਏ, ਜਿਨ੍ਹਾਂ ਵਿਚ ਬੈਲਜੀਅਮ ਨੇ
ਰੂਸ ਨੂੰ 6-1 ਨਾਲ ਬੁਰੀ ਤਰ੍ਹਾਂ ਰਗੜ ਦਿੱਤਾ। ਰੂਸ ਨੇ ਹਾਲੇ ਤੱਕ ਕੋਈ ਮੈਚ ਨਹੀਂ ਜਿੱਤਿਆ ਅਤੇ
ਉਹ ਆਪਣੇ ਪੂਲ ਏ ਵਿਚੋਂ ਸਭ ਤੋਂ ਫਾਡੀ ਚੱਲ ਰਿਹਾ ਹੈ। ਬੈਲਜੀਅਮ ਦੀ ਟੀਮ ਸ਼ੁਰੂ ਤੋਂ ਹੀ ਹਾਵੀ ਹੋ
ਗਈ ਅਤੇ 13ਵੇਂ ਮਿੰਟ ਵਿਚ ਪਹਿਲਾਂ ਗੋਲ ਕਰ ਦਿੱਤਾ, ਜਿਸ ਨੂੰ ਕਿ ਰੂਸ ਦੇ ਕਪਤਾਨ ਅਲੈਕਸਾਈ
ਮਿਓਰੋਅ ਨੇ ਬਰਾਬਰ ਕਰ ਦਿੱਤਾ, ਪਰ ਇਸ ਤੋਂ ਬਾਅਦ ਬੈਲਜੀਅਮ ਦੀ ਟੀਮ ਨੇ ਰੂਸ ਦੀ ਟੀਮ ਦੇ ਬਖੀਏ
ਉਧੇੜ ਦਿੱਤੇ ਅਤੇ ਪੰਜ ਗੋਲਾਂ ਦੇ ਵੱਡੇ ਫਰਕ ਨਾਲ ਮੈਚ ਜਿੱਤ ਲਿਆ। ਮਲੇਸ਼ੀਆ ਵਿਚਲੇ ਦੂਸਰੇ ਮੈਚ
ਦੌਰਾਨ ਇੰਗਲੈਂਡ ਨੇ ਆਪਣੇ ਪੂਲ ਸੀ ਦੇ ਮੈਚ ਵਿਚ ਫਾਡੀ ਚੱਲ ਰਹੀ ਅਮਰੀਕਾ ਦੀ ਟੀਮ ਨੂੰ ਵੀ ਬੁਰੀ
ਤਰ੍ਹਾਂ 4-0 ਨਾਲ ਹਰਾ ਦਿੱਤਾ। ਇੰਗਲੈਂਡ ਨੇ 24ਵੇਂ ਮਿੰਟ ਵਿਚ ਬੜ੍ਹਤ ਲਈ ਅਤੇ ਫਿਰ ਹਾਫ ਟਾਈਮ
ਹੋਣ ਦੀ ਸੀਟੀ ਵੱਜਣ ਤੋਂ ਕੁਝ ਪਲ ਪਹਿਲਾਂ ਦੂਸਰਾ ਗੋਲ ਕਰ ਦਿੱਤਾ। ਇੰਗਲੈਂਡ ਵਲੋਂ ਜੌਹਨ ਕਿੰਡਰ
ਨੇ ਦੋ ਫੀਲਡ ਗੋਲ ਕੀਤੇ। ਇਥੇ ਹੀ ਹੋਏ ਤੀਸਰੇ ਮੈਚ ਵਿਚ ਕੋਰੀਆ ਨੇ ਸਪੇਨ ਨੂੰ ਇਕ ਫਸਵੇਂ ਮੁਕਾਬਲੇ
ਵਿਚ 1-0 ਨਾਲ ਹਰਾ ਦਿੱਤਾ, ਜਦਕਿ ਚੌਥੇ ਤੇ ਆਖਰੀ ਮੁਕਾਬਲੇ ਵਿਚ ਪਾਕਿਸਤਾਨ ਤੇ ਅਰਜਨਟੀਨਾ ਦਾ ਮੈਚ
ਦਰਸ਼ਕਾਂ ਦੀ ਖਿੱਚ ਦਾ ਮੁੱਖ ਕੇਂਦਰ ਸੀ। ਚਾਹੇ ਅਰਜਨਟੀਨਾ ਵਿਸ਼ਵ ਚੈਂਪੀਅਨ ਹੈ, ਪਰ ਪਾਕਿਸਤਾਨ ਦੇ
ਹੱਕ ਵਿਚ ਦਰਸ਼ਕ ਜ਼ਿਆਦਾ ਭੁਗਤ ਰਹੇ ਸਨ। ਮਲੇਸ਼ੀਆ ਦਾ ਮੁਸਲਿਮ ਦੇਸ਼ ਹੋਣਾ ਵੀ ਪਾਕਿਸਤਾਨ ਦੀ ਹਰਮਨ
ਪਿਆਰਤਾ ਦਿਖਾ ਰਿਹਾ ਸੀ। ਆਪਣੇ ਪੂਲ ਏ ਵਿਚੋਂ ਪਾਕਿਸਤਾਨ ਹੁਣ ਸਭ ਤੋਂ ਉਪਰ ਆ ਗਿਆ ਹੈ ਅਤੇ ਉਹ
ਮੈਡਲ ਦੀ ਰੇਸ ਵਿਚ ਪਹੁੰਚ ਗਿਆ ਹੈ। ਮੈਚ ਵਿਚ ਅਰਜਨਟੀਨਾ ਨੇ 7ਵੇਂ ਮਿੰਟ ਵਿਚ ਪਹਿਲ ਕਰਦਿਆਂ ਸਕੋਰ
1-0 ਕਰ ਦਿੱਤਾ। ਪਾਕਿਸਤਾਨ ਨੇ ਵੀ ਕਾਫੀ ਹਮਲੇ ਕੀਤੇ, ਪਰ ਅਰਜਨਟੀਨਾ ਦਾ ਗੋਲ ਕੀਪਰ ਫੈਡਰੀਕੋ
ਬੈਰਮੀਜੀਲ ਬੜਾ ਚੁਕੰਨਾ ਸੀ ਅਤੇ ਉਸ ਨੇ ਕਈ ਹਮਲੇ ਬੇਕਾਰ ਕਰ ਦਿੱਤੇ। ਅੱਧ ਤੋਂ ਪਹਿਲਾਂ ਜਦੋਂ 43
ਸਕਿੰਟ ਰਹਿੰਦੇ ਸਨ ਤਾਂ ਪਾਕਿਸਤਾਨ ਵਲੋਂ ਫੀਲਡ ਗੋਲ ਕਰਕੇ ਅੱਬਾਜ਼ ਹੈਦਰ ਨੇ ਪੱਲੜਾ ਬਰਾਬਰ ਕਰ
ਦਿੱਤਾ। ਅਗਲੇ ਅੱਧ ਵਿਚ ਦੋਹਾਂ ਟੀਮਾਂ ਦੇ ਖਿਡਾਰੀਆਂ ਨੂੰ 1-1 ਚੇਤਾਵਨੀ ਵਾਲਾ ਪੀਲਾ ਕਾਰਡ ਵੀ
ਮਿਲਿਆ। ਅਰਜਨਟੀਨਾ ਨੂੰ ਮਿਲੇ ਪੈਨਾਲਟੀ ਕਾਰਨਰ ਦੌਰਾਨ ਮੁਹੰਮਦ ਇਰਫਾਨ ਦੇ ਫਾਊਲ 'ਤੇ ਰੈਫਰੀ ਨੇ
ਪੈਨਾਲਟੀ ਸਟਰੋਕ ਦੇ ਦਿੱਤਾ, ਜਿਸ ਨੂੰ ਸੈਂਟੀਆਗੋ ਮੌਟੈਲੀ ਨੇ ਗੋਲ ਵਿਚ ਬਦਲ ਦਿੱਤਾ। ਇਸ ਨੂੰ
ਫਾਊਲ ਕਰਨ ਵਾਲੇ ਮੁਹੰਮਦ ਇਰਫਾਨ ਨੇ ਹੀ ਲਾਹਿਆ ਅਤੇ ਗੋਲ 2-2 ਦੀ ਬਰਾਬਰੀ 'ਤੇ ਆ ਗਿਆ। ਇਸ ਤੋਂ
ਬਾਅਦ ਮੁਹੰਮਦ ਜ਼ੁਬੈਰ ਨੇ ਇਕ ਹੋਰ ਗੋਲ ਠੋਕ ਕੇ ਪਾਕਿਸਤਾਨ ਦੀ ਜਿੱਤ ਵਾਲਾ ਕਿੱਲਾ ਫੱਟੇ ਵਿਚ ਗੱਡ
ਦਿੱਤਾ।

ਸਿੰਗਾਪੁਰ ਵਿਚ ਖੇਡੇ ਗਏ ਪਹਿਲੇ ਮੈਚ ਵਿਚ ਜਪਾਨ ਨੇ ਤੇਜ ਤਰਾਰ ਖੇਡ ਖੇਡਦਿਆਂ ਚਿੱਲੀ ਨੂੰ 3-1
ਨਾਲ ਹਰਾਇਆ ਜਦਕਿ ਖੇਡੇ ਗਏ ਦੂਸਰੇ ਮੈਚ ਵਿਚ ਹਾਲੈਂਡ ਤੇ ਭਾਰਤ ਦੀ ਤਕੜੀ ਟੱਕਰ ਸੀ। ਇਸ ਨੂੰ ਦੇਖਣ
ਲਈ ਪੰਜਾਬੀ ਅਤੇ ਦੱਖਣੀ ਭਾਰਤੀ ਲੋਕ ਬੜੀ ਵੱਡੀ ਗਿਣਤੀ ਵਿਚ ਭਾਰਤ ਦੇ ਝੰਡੇ ਲੈ ਕੇ ਪਹੁੰਚੇ ਹੋਏ
ਸਨ। ਭਾਰਤ ਆਪਣੇ ਪੂਲ ਡੀ ਵਿਚ ਦੂਸਰੇ ਨੰਬਰ 'ਤੇ ਚੱਲ ਰਿਹਾ ਹੈ। ਨੰਬਰਾਂ ਦੇ ਆਧਾਰ 'ਤੇ ਹਾਲੈਂਡ
ਨੇ ਆਪਣੇ ਤਿੰਨੇ ਦੇ ਤਿੰਨੇ ਮੈਚ ਜਿੱਤ ਕੇ 9 ਨੰਬਰ ਲਏ ਹੋਏ ਹਨ ਅਤੇ ਉਹ ਸਭ ਤੋਂ ਅੱਗੇ ਹੈ, ਜਦਕਿ
ਭਾਰਤ ਦੇ ਤਿੰਨ ਮੈਚਾਂ ਵਿਚ ਇੱਕ ਮੈਚ ਜਿੱਤਣ, ਇਕ ਹਾਰਨ ਅਤੇ ਇਕ ਬਰਾਬਰੀ ਰੱਖਣ ਸਦਕਾ ਸਿਰਫ 4
ਨੰਬਰ ਹਨ। ਹੁਣ ਉਸ ਦਾ ਭਲਕੇ ਪੋਲੈਂਡ ਨਾਲ ਹੋਣ ਵਾਲੇ ਮੈਚ ਤੋਂ ਬਾਅਦ ਹੀ ਨਤਾਰਾ ਹੋਵੇਗਾ।
ਸਿੰਗਾਪੁਰ ਵਿਚ ਹੋਏ ਤੀਸਰੇ ਮੈਚ ਦੌਰਾਨ ਜਰਮਨ ਤੇ ਆਸਟਰੇਲੀਆ ਦੀਆਂ ਟੀਮਾਂ ਆਸ ਮੁਤਾਬਿਕ ਬੜਾ ਫਸਵਾਂ
ਮੁਕਾਬਲਾ ਲੈ ਕੇ ਆਈਆਂ ਅਤੇ ਇਹ ਮੈਚ 1-1 ਗੋਲ ਨਾਲ ਡਰਾਅ ਰਿਹਾ।
ਭਲਕੇ ਨੂੰ ਮਲੇਸ਼ੀਆ ਦੇ ਜੌਹਰਬਾਰੂ ਵਿਚ ਕੋਰੀਆ ਅਤੇ ਇੰਗਲੈਂਡ, ਮਿਸਰ ਤੇ ਅਰਜਨਟੀਨਾ, ਬੈਲਜੀਅਮ ਤੇ
ਪਾਕਿਸਤਾਨ ਅਤੇ ਸਪੇਨ ਤੇ ਮਲੇਸ਼ੀਆ ਦੇ ਵਿਚਾਲੇ ਮੈਚ ਹੋਣਗੇ, ਜਦਕਿ ਸਿੰਗਾਪੁਰ ਵਿਚ ਆਸਟ੍ਰੇਲੀਆ ਤੇ
ਦੱਖਣੀ ਅਫਰੀਕਾ, ਜਰਮਨੀ ਤੇ ਜਾਪਾਨ, ਹਾਲੈਂਡ ਤੇ ਨਿਊਜ਼ੀਲੈਂਡ ਅਤੇ ਭਾਰਤ ਤੇ ਪੋਲੈਂਡ ਦੇ ਵਿਚਾਲੇ
ਪੂਲ ਮੈਚ ਖੇਡੇ ਜਾਣਗੇ। 13 ਤਾਰੀਖ ਨੂੰ ਸਾਰੀਆਂ ਟੀਮਾਂ ਲਈ ਛੁੱਟੀ ਦਾ ਦਿਨ ਰਹੇਗਾ।
ਲੇਖਾ ਜੋਖਾ ਕਰੀਏ ਤਾਂ ਹੁਣ ਤੱਕ ਸਾਰੀਆਂ ਟੀਮਾਂ ਨੇ ਘੱਟੋ ਘੱਟ ਤਿੰਨ ਤਿੰਨ ਮੈਚ ਖੇਡ ਲਏ ਹਨ। ਪੂਲ
ਏ ਵਿਚੋਂ ਪਾਕਿਸਤਾਨ 9 ਅੰਕਾਂ ਨਾਲ ਪਹਿਲੇ ਅਤੇ ਅਰਜਨਟੀਨਾ 6 ਅੰਕਾਂ ਨਾਲ ਦੂਸਰੇ ਨੰਬਰ 'ਤੇ ਹੈ।
ਪੂਲ ਬੀ ਵਿਚੋਂ ਆਸਟ੍ਰੇਲੀਆ ਤੇ ਜਰਮਨੀ 7-7 ਅੰਕਾਂ ਨਾਲ ਉਪਰ ਹਨ। ਪੂਲ ਸੀ ਵਿਚੋਂ ਕੋਰੀਆ 9 ਅਤੇ
ਸਪੇਨ 6 ਨੰਬਰਾਂ ਨਾਲ ਜਦਕਿ ਪੂਲ ਡੀ ਵਿਚੋਂ ਹਾਲੈਂਡ 9 ਅਤੇ ਭਾਰਤ 4 ਨੰਬਰਾਂ ਨਾਲ ਪਹਿਲੇ ਤੇ ਦੂਸਰੇ
ਨੰਬਰ 'ਤੇ ਹਨ।
ਪੂਲ ਏ ਵਿਚੋਂ ਰੂਸ, ਬੀ ਵਿਚੋਂ ਚਿੱਲੀ, ਸੀ ਵਿਚੋਂ ਅਮਰੀਕਾ ਅਤੇ ਪੂਲ ਡੀ ਵਿਚੋਂ ਸਿੰਗਾਪੁਰ ਦਾ ਅਜੇ
ਖਾਤਾ ਨਹੀਂ ਖੁੱਲ੍ਹਿਆ ਅਤੇ ਉਹ ਜ਼ੀਰੋ ਆਂਡੇ ਨਾਲ ਸਭ ਤੋਂ ਫਾਡੀ ਹਨ।
ਜੂਨੀਅਰ ਵਰਲਡ ਕੱਪ ਹਾਕੀ 2009
ਵਿਚ ਭਾਰਤ ਆਪਣੇ ਪੂਲ ਵਿਚ ਦੂਜੇ ਸਥਾਨ 'ਤੇ
ਅਰਜਨਟੀਨਾ, ਆਸਟ੍ਰੇਲੀਆ, ਸਪੇਨ, ਤੇ ਹਾਲੈਂਡ ਦੀ
ਆਪਣੇ ਪੂਲਾਂ ਵਿਚ ਝੰਡੀ
ਸਿੰਗਾਪੁਰ ਤੇ ਮਲੇਸ਼ੀਆ ਦੇ ਸ਼ਹਿਰ ਜੌਹਰਬਾਰੂ ਵਿਖੇ ਹੋ ਰਹੇ ਹਾਕੀ ਦਾ
ਮਹਾਂਕੁੰਭ ਜੂਨੀਅਰ ਵਰਲਡ ਕੱਪ 2009 ਵਿਚ ਹੁਣ ਤੱਕ ਵੱਖ ਵੱਖ ਪੂਲਾਂ ਵਿਚ ਖੇਡਣ ਵਾਲੀਆਂ ਟੀਮਾਂ ਦੀ
ਸਥਿਤੀ ਇਸ ਪ੍ਰਕਾਰ ਹੈ।
ਪੂਲ ਏ ਵਿਚ ਅਰਜਨਟਾਈਨਾ ਆਪਣੇ ਦੋਨੋਂ ਮੈਚ ਜਿੱਤ ਕੇ 6 ਅੰਕ ਪ੍ਰਾਪਤ ਕਰਕੇ ਪਹਿਲੇ ਸਥਾਨ 'ਤੇ ਹੈ
ਦੇ ਪਾਕਿਸਤਾਨ ਵਿਚ ਇਸ ਦੀ ਬਰਾਬਰੀ ਕਰ ਰਹੀ ਹੈ, ਜਦਕਿ ਬੈਲਜੀਅਮ ਤੇ ਮਿਸਰ ਦੀਆਂ ਟੀਮਾਂ ਹੁਣ ਤੱਕ
ਹੋਏ ਆਪਣੇ ਦੋ ਮੈਚਾਂ ਵਿਚੋਂ ਇਕ ਹਾਰ ਜਾਣ ਕਰਕੇ ਤਿੰਨ ਤਿੰਨ ਅੰਕਾਂ ਨਾਲ ਪੂਲ ਵਿਚ ਹਨ ਜਦਕਿ ਰੂਸ
ਦੀ ਟੀਮ ਨੇ ਅਜੇ ਤੱਕ ਆਪਣਾ ਖਾਤਾ ਨਹੀਂ ਖੋਲ੍ਹਿਆ।
ਪੂਲ ਬੀ ਵਿਚ ਆਸਟ੍ਰੇਲੀਆ ਤੇ ਜਰਮਨੀ ਆਪਣੇ ਦੋਨੋਂ ਮੈਚ ਜਿੱਤ ਕੇ 6-6 ਅੰਕਾਂ ਨਾਲ ਅੱਗੇ ਹਨ, ਜਦਕਿ
ਦੱਖਣੀ ਅਫਰੀਕਾ ਆਪਣੇ ਤਿੰਨ ਮੈਚਾਂ ਵਿਚੋਂ ਇੱਕ ਮੈਚ ਜਿੱਤ ਕੇ, ਇਕ ਹਾਰ ਕੇ ਤੇ ਇੱਕ ਡਰਾਅ ਹੋ ਜਾਣ
ਕਰਕੇ 4 ਅੰਕਾਂ ਨਾਲ ਦੂਸਰੇ ਨੰਬਰ 'ਤੇ ਹੈ। ਜਾਪਾਨ ਨੇ ਹਾਲੇ ਤੱਕ ਸਿਰਫ਼ 1 ਅੰਕ ਹੀ ਪ੍ਰਾਪਤ ਕੀਤਾ
ਹੈ ਤੇ ਚਿੱਲੀ ਦੀ ਟੀਮ ਤਿੰਨ ਮੈਚ ਖੇਡਣ ਤੋਂ ਬਾਅਦ ਵੀ ਅਜੇ ਤੱਕ ਕੋਈ ਅੰਕ ਹਾਸਲ ਕਰਨ ਵਿਚ ਅਸਫਲ
ਰਹੀ ਹੈ।
ਪੂਲ ਸੀ ਵਿਚ ਸਪੇਨ ਤੇ ਕੋਰੀਆ ਆਪਣੇ ਦੋ ਦੋ ਮੈਚ ਜਿੱਤ ਕੇ 6 ਅੰਕਾਂ ਨਾਲ ਬੜ੍ਹਤ 'ਤੇ ਹਨ ਜਦਕਿ
ਮਲੇਸ਼ੀਆ ਦੀ ਟੀਮ ਆਪਣੇ ਤਿੰਨ ਵਿਚੋਂ ਦੋ ਮੈਚ ਜਿੱਤ ਕੇ ਉਨ੍ਹਾਂ ਦੀ ਬਰਾਬਰੀ 'ਤੇ ਹੀ ਰਹਿ ਗਈ। ਪੂਲ
ਸੀ ਦੀਆਂ ਦੋ ਟੀਮਾਂ ਇੰਗਲੈਂਡ ਨੇ ਦੋ ਤੇ ਅਮਰੀਕਾ ਨੇ ਤਿੰਨ ਮੈਚ ਖੇਡ ਕੇ ਅਜੇ ਤੱਕ ਕੋਈ ਅੰਕ
ਪ੍ਰਾਪਤ ਨਹੀਂ ਕੀਤਾ ਹੈ।
ਪੂਲ ਡੀ ਵਿਚ ਹਾਲੈਂਡ ਦੀ ਟੀਮ ਆਪਣੇ ਦੋਵੇਂ ਮੈਚ ਜਿੱਤ ਕੇ ਪੂਲ ਡੀ ਵਿਚ ਸਭ ਤੋਂ ਅੱਗੇ ਹੈ। ਭਾਰਤ
ਵੀ ਇਸੇ ਪੂਲ ਵਿਚ ਸ਼ਾਮਲ ਹੈ ਤੇ 4 ਅੰਕਾਂ ਨਾਲ ਦੂਜੇ ਸਥਾਨ 'ਤੇ ਹੈ। ਨਿਊਜ਼ੀਲੈਂਡ ਵੀ ਇਕ ਮੈਚ ਜਿੱਤ
ਕੇ ਤੇ ਇਕ ਬਰਾਬਰ ਰਹਿਣ ਕਰਕੇ 4 ਅੰਕਾਂ ਨਾਲ ਭਾਰਤ ਦੇ ਬਰਾਬਰ ਹੈ, ਜਦਕਿ ਪੋਲੈਂਡ ਆਪਣੇ ਤਿੰਨਾਂ
ਮੈਚਾਂ ਵਿਚੋਂ ਇਕ ਜਿੱਤ ਕੇ 3 ਅੰਕਾਂ ਨਾਲ ਚੌਥੇ ਸਥਾਨ 'ਤੇ ਹੈ। ਜਦਕਿ ਸਿੰਗਾਪੁਰ ਨੇ ਅਜੇ ਤੱਕ
ਆਪਣਾ ਖਾਤਾ ਵੀ ਨਹੀਂ ਖੋਲ੍ਹਿਆ।
ਜੂਨੀਅਰ ਵਿਸ਼ਵ ਕੱਪ ਹਾਕੀ ਦੇ ਚੌਥੇ
ਦਿਨ ਮਲੇਸ਼ੀਆ, ਅਫਰੀਕਾ, ਪੋਲੈਂਡ ਅਤੇ ਮਿਸਰ ਦੀ ਝੰਡੀ

ਸਿੰਗਾਪੁਰ,
10 ਜੂਨ : ਸਿੰਗਾਪੁਰ ਅਤੇ ਮਲੇਸ਼ੀਆ ਵਿਚ ਨਾਲੋ ਨਾਲ ਚੱਲ ਰਹੇ ਜੂਨੀਅਰ
ਹਾਕੀ ਦੇ ਮਹਾਂਕੁੰਭ ਦੌਰਾਨ ਚੌਥੇ ਦਿਨ ਸਿੰਗਾਪੁਰ ਤੇ ਮਲੇਸ਼ੀਆ ਵਿਚ ਦੋ ਦੋ ਮੈਚ ਖੇਡੇ ਗਏ। ਮੌਸਮ
ਦੋਹਾਂ ਥਾਂਵਾਂ 'ਤੇ ਕਾਫੀ ਗਰਮ ਤੇ ਹੁੰਮਸ ਭਰਿਆ ਹੈ। ਖਿਡਾਰੀ ਇਸ ਦੌਰਾਨ ਲੋੜ ਤੋਂ ਵੱਧ ਥਕਾਵਟ
ਵਿਚ ਵੇਖੇ ਜਾ ਸਕਦੇ ਹਨ। ਸਿੰਗਾਪੁਰ ਵਿਚ ਅੱਜ ਖੇਡੇ ਗਏ ਪਹਿਲੇ ਮੈਚ ਵਿਚ ਦੱਖਣੀ ਅਫਰੀਕਾ ਨੇ ਚਿੱਲੀ
ਦੀ ਟੀਮ ਨੂੰ 6-1 ਗੋਲਾਂ ਨਾਲ ਚੰਗਾ ਝਟਕਾ ਦਿੱਤਾ। ਅਫਰੀਕਾ ਦੀ ਟੀਮ ਸ਼ੁਰੂ ਤੋਂ ਹੀ ਹਾਵੀ ਹੋ ਗਈ।
ਲੈਅ ਬੱਧ ਤਰੀਕੇ ਨਾਲ ਖੇਡੀ ਅਤੇ ਥੋੜ੍ਹੇ ਥੋੜ੍ਹੇ ਵਕਫੇ ਬਾਅਦ ਗੋਲਾਂ ਦਾ ਢੇਰ ਲਾ ਦਿੱਤਾ। ਉਸ ਨੇ
7ਵੇਂ, 13ਵੇਂ, 20ਵੇਂ, 35ਵੇਂ, 42ਵੇਂ ਤੇ 57ਵੇਂ ਮਿੰਟ ਵਿਚ ਛੇ ਗੋਲ ਕਰ ਦਿੱਤੇ, ਜਦਕਿ ਚਿੱਲੀ
ਨੇ 58ਵੇਂ ਮਿੰਟ ਵਿਚ ਇਕ ਗੋਲ ਲਾਹ ਕੇ ਕਲੀਨ ਸਵੀਪ ਨਹੀਂ ਹੋਣ ਦਿੱਤੀ। ਦਰਸ਼ਕਾਂ ਵਿਚ ਪੰਜਾਬੀ ਅਤੇ
ਕੇਰਲਾ ਦੇ ਕਾਫੀ ਲੋਕ ਸ਼ਾਮਲ ਹੁੰਦੇ ਹਨ ਅਤੇ ਕਾਫੀ ਦਿਲਚਸਪੀ ਦਿਖਾ ਰਹੇ ਹਨ। ਜ਼ਿਆਦਾਤਰ ਲੋਕ ਭਾਰਤ,
ਪਾਕਿਸਤਾਨ ਤੇ ਹਾਲੈਂਡ ਵਰਗੇ ਹਾਕੀ ਨਾਲ ਲੰਬੇ ਸਮੇਂ ਤੋਂ ਜੁੜੇ ਦੇਸ਼ਾਂ ਵਾਲੇ ਮੈਚਾਂ ਦੌਰਾਨ ਆਉਂਦੇ
ਹਨ। ਸਿੰਗਾਪੁਰ ਵਿਚ ਵੀ ਲੋਕਾਂ ਦਾ ਸ਼ੌਂਕ ਹੌਲੀ ਹੌਲੀ ਹਾਕੀ ਵੱਲ ਵੱਧ ਰਿਹਾ ਹੈ।
ਅੱਜ ਦਾ ਦੂਸਰਾ ਮੈਚ ਪੋਲੈਂਡ ਅਤੇ ਸਿੰਗਾਪੁਰ ਦੀ ਟੀਮ ਦਰਮਿਆਨ ਹੋਇਆ, ਜਿਸ ਵਿਚ ਮੈਚ ਕਾਫੀ ਫਸਵਾਂ
ਰਿਹਾ ਅਤੇ ਪਹਿਲੇ ਅੱਧ ਵਿਚ ਕੋਈ ਗੋਲ ਨਹੀਂ ਹੋ ਸਕਿਆ। ਦੂਸਰੇ ਅੱਧ ਵਿਚ ਵੀ ਕਾਫੀ ਦੇਰ ਮਾਮਲਾ
ਲਟਕਿਆ ਰਿਹਾ, ਪਰ ਫਿਰ ਪੋਲੈਂਡ ਦੀ ਟੀਮ ਨੇ 52ਵੇਂ ਮਿੰਟ ਵਿਚ ਗੋਲ ਦਾਗ ਕੇ ਸਕੋਰ ਨੂੰ 1-0 ਕਰ
ਦਿੱਤਾ। ਇਸ ਗੋਲ ਨੂੰ ਸਿੰਗਾਪੁਰ ਨੇ ਜਦੋਂ 10 ਕੁ ਮਿੰਟ ਬਾਅਦ ਲਾਹ ਦਿੱਤਾ ਤਾਂ ਸਿੰਗਾਪੁਰ ਵਾਲਿਆਂ
ਦੇ ਚਿਹਰਿਆਂ 'ਤੇ ਰੌਣਕਾਂ ਆ ਗਈਆਂ। ਇਸ ਤੋਂ ਬਾਅਦ ਮੈਚ ਫਿਰ ਬੜੇ ਜ਼ੋਰ ਵਾਲਾ ਬਣਿਆ ਰਿਹਾ, ਪਰ ਸੀਟੀ
ਵੱਜਣ ਤੋਂ ਕੁਝ ਪਲ ਪਹਿਲਾਂ ਹੀ ਆਖਰੀ ਮਿੰਟ ਦੌਰਾਨ ਪੋਲੈਂਡ ਨੇ ਗੋਲ ਕਰਕੇ ਇਹ ਮੈਚ ਆਪਣੇ ਨਾਮ ਕਰ
ਲਿਆ।

ਮਲੇਸ਼ੀਆ ਵਿਚ ਵੀ ਅੱਜ ਦੋ ਮੈਚ ਖੇਡੇ ਗਏ, ਜਿਸ ਦੌਰਾਨ ਪਹਿਲਾਂ ਮੈਚ ਮਿਸਰ ਤੇ ਰੂਸ ਵਿਚਕਾਰ ਹੋਇਆ।
ਇਹ ਬਹੁਤ ਹੀ ਦਿਲਚਸਪ ਤੇ ਰੋਮਾਂਚ ਭਰਪੂਰ ਰਿਹਾ। ਇਹ ਮੈਚ ਦੋਹਾਂ ਟੀਮਾਂ ਲਈ ਜਿੱਤਣਾ ਬਹੁਤ ਜ਼ਰੂਰ
ਸੀ, ਕਿਉਂਕਿ ਦੋਵੇਂ ਟੀਮਾਂ ਨੇ ਹਾਲੇ ਤੱਕ ਟੂਰਨਾਮੈਂਟ ਵਿਚ ਕੋਈ ਅੰਕ ਪ੍ਰਾਪਤ ਨਹੀਂ ਸਨ ਕੀਤੇ।
ਰੂਸ ਦੀ ਟੀਮ ਨੂੰ ਸ਼ੁਰੂ ਤੋਂ ਹੀ ਕਈ ਮੌਕੇ ਮਿਲੇ, ਪਰ ਮਿਸਰ ਦਾ ਗੋਲ ਕੀਪਰ ਅਹਿਮਦ ਸਈਅਦ ਗੋਲ ਪੋਸਟ
ਵਿਚ ਕੰਧ ਵਾਂਗ ਖੜ੍ਹਾ ਰਿਹਾ ਅਤੇ ਉਸ ਨੇ ਰੂਸ ਦੀ ਟੀਮ ਦੀ ਪੇਸ਼ ਨਹੀਂ ਜਾਣ ਦਿੱਤੀ। ਪਹਿਲੇ ਅੱਧ
ਤੱਕ ਦੋਵੇਂ ਟੀਮਾਂ ਕੋਈ ਵੀ ਗੋਲ ਨਹੀਂ ਕਰ ਸਕੀਆਂ, ਪਰ ਦੂਜੇ ਅੱਧ ਵਿਚ ਮਿਸਰ ਦੀ ਟੀਮ ਨੇ ਹੱਲਾ
ਮਾਰਿਆ ਅਤੇ ਮੈਚ ਨੂੰ 3-0 ਨਾਲ ਜਿੱਤ ਲਿਆ। ਪੂਲ ਏ ਵਿਚ ਹੁਣ ਗਰੀਸ ਚੌਥੇ ਅਤੇ ਰੂਸ ਪੰਜਵੇਂ ਨੰਬਰ
'ਤੇ ਹੋ ਗਿਆ ਹੈ।
ਸਭ ਤੋਂ ਦਿਲਚਸਪ ਮੈਚ ਮਲੇਸ਼ੀਆ ਅਤੇ ਅਮਰੀਕਾ ਦੀਆਂ ਟੀਮਾਂ ਵਿਚਾਲੇ ਹੋਇਆ। ਮਲੇਸ਼ੀਆ ਦੀ ਟੀਮ ਹੋਣ
ਕਰਕੇ ਲੋਕਾਂ ਨੇ ਸਟੇਡੀਅਮ ਨੂੰ ਪੂਰਾ ਭਰ ਛੱਡਿਆ ਸੀ ਅਤੇ ਇਥੋਂ ਤੱਕ ਕਿ ਗਲੀਆਂ ਵਿਚੋਂ ਸਟੇਡੀਅਮ
'ਤੇ ਲੱਗੀਆਂ ਤਾਰਾਂ ਦੇ ਉਪਰ ਦੀ ਵੀ ਲਟਕ ਲਟਕ ਕੇ ਮੈਚ ਦੇਖ ਰਹੇ ਸਨ। ਮਲੇਸ਼ੀਆ ਦੀ ਟੀਮ ਪੂਰੀ ਤਰ੍ਹਾਂ
ਜੋਸ਼ ਨਾਲ ਖੇਡੀ ਅਤੇ ਜਦੋਂ ਪਹਿਲਾ ਗੋਲ 90 ਸਕਿੰਟਾਂ ਵਿਚ ਹੀ ਕਰ ਦਿੱਤਾ ਤਾਂ ਮਲੇਸ਼ੀਅਨਾਂ ਦਾ ਰੌਲਾ
ਅਤੇ ਜੋਸ਼ ਦੇਖਣ ਵਾਲਾ ਸੀ। ਇਸ ਤੋਂ ਬਾਅਦ ਇਕ ਇਕ ਕਰਕੇ ਚਾਰ ਗੋਲ ਪਹਿਲੇ ਅੱਧ ਤੱਕ ਹੀ ਠੁੱਕ ਗਏ
ਤਾਂ ਅਮਰੀਕਨਾਂ ਦਾ ਹੌਂਸਲਾ ਪਸਤ ਹੋ ਗਿਆ। ਅਗਲੇ ਅੱਧ ਵਿਚ ਅਮਰੀਕਾ ਨੇ ਕੁਝ ਢਿੱਲਾ ਖੇਡ ਰਹੇ
ਮਲੇਸ਼ੀਆਈ ਖਿਡਾਰੀਆਂ ਵੱਲ ਦੋ ਗੋਲ ਲਾਹ ਦਿੱਤੇ ਅਤੇ 2-4 ਸਕੋਰ ਕਰ ਦਿੱਤਾ। ਮਲੇਸ਼ੀਆ ਨੇ ਫਿਰ ਆਪਣੇ
ਆਪ ਨੂੰ ਖਿੱਚਿਆ ਅਤੇ ਦੋ ਗੋਲ ਹੋਰ ਕਰਕੇ 6-2 ਨਾਲ ਮੈਚ ਆਪਣੀ ਝੋਲੀ ਪਾ ਲਿਆ।
ਜਨੂੰਨ ਦਾ ਮੁੱਲ ਨਹੀਂ ਹੁੰਦਾ
ਕਹਿੰਦੇ ਨੇ ਕਿਸੇ ਵੀ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ, ਇਹ ਗੱਲ ਉਸ ਵੇਲੇ
ਸਹੀ ਦਿਸੀ ਜਦੋਂ ਮਲੇਸ਼ੀਆ ਦੇ ਜੂਨੀਅਰ ਟੀਮ ਦੇ ਮੈਨੇਜਰ ਮੁਹੰਮਦ ਜੌਹਰੀ ਅਬਦੁੱਲ ਅਜ਼ੀਜ਼ ਦਾ ਜ਼ਿਕਰ
ਆਇਆ। ਉਹ ਅਤੇ ਉਨ੍ਹਾਂ ਦੀ ਘਰਵਾਲੀ ਫਾਹਤੀਲਾ ਪਿਛਲੇ 15 ਸਾਲਾਂ ਤੋਂ ਆਪਣੇ ਖਰਚੇ 'ਤੇ ਹੀ ਟੀਮ ਦੇ
ਨਾਲ ਜਿਥੇ ਵੀ ਮੈਚ ਹੋਵੇ, ਉਥੇ ਜਾਂਦੇ ਹਨ ਅਤੇ ਟੀਮ ਨੂੰ ਸਹੀ ਸਲਾਹ ਮਸ਼ਵਰਾ ਦਿੰਦੇ ਹਨ। ਇਥੋਂ ਤੱਕ
ਕਿ ਉਨ੍ਹਾਂ ਦੇ ਵਿਆਹ ਵੇਲੇ ਫਾਹਤੀਲਾ ਨੇ ਮੁਹੰਮਦ ਅਬਦੁੱਲ ਅਜ਼ੀਜ਼ ਅੱਗੇ ਇਹੀ ਸ਼ਰਤ ਰੱਖੀ ਸੀ ਕਿ ਉਹ
ਉਸ ਨਾਲ ਇਸ ਸ਼ਰਤ 'ਤੇ ਵਿਆਹ ਕਰਵਾਵੇਗੀ ਕਿ ਉਹ ਸਾਰੀ ਉਮਰ ਹਾਕੀ ਨੂੰ ਸਮਰਪਿਤ ਰਹੇਗਾ। ਉਨ੍ਹਾਂ ਨੇ
ਮਲੇਸ਼ੀਆ ਸਰਕਾਰ ਤੋਂ ਇਸ ਕਰਕੇ ਵੀ ਕੁਝ ਲੈਣਾ ਬੰਦ ਕਰ ਦਿੱਤਾ ਕਿਉਂਕਿ ਉਹ ਬਹੁਤ ਘੱਟ ਪੈਸਾ ਦਿੰਦੇ
ਸਨ ਤੇ ਉਸ ਨਾਲੋਂ ਤਾਂ ਚੰਗਾ ਸੀ ਕਿ ਖੁਦ ਹੀ ਆਪਣੇ ਜ਼ੋਰ 'ਤੇ ਹੀ ਹਾਕੀ ਦੀ ਸੇਵਾ ਕੀਤੀ ਜਾਵੇ।
ਫਾਹਤੀਲਾ ਤਾਂ ਟੀਮ ਦੇ ਇਕ ਵਧੀਆ ਬਾਵਰਚੀ ਅਤੇ ਕੌਂਸਲਰ ਦਾ ਕੰਮ ਵੀ ਮਾਂਵਾਂ ਵਾਂਗ ਕਰਦੀ ਹੈ ਅਤੇ
ਸਾਰੇ ਜੂਨੀਅਰ ਖਿਡਾਰੀ ਉਸ ਦੀ ਇੱਜ਼ਤ ਕਰਦੇ ਹਨ।
ਟਾਪ ਸਕੋਰਰ ਦੀ ਰੇਸ ਵਿਚ ਭਾਰਤੀ ਖਿਡਾਰੀ
ਦਿਵਾਕਰ ਵੀ!
ਜੂਨੀਅਰ ਵਿਸ਼ਵ ਕੱਪ ਦੌਰਾਨ ਟਾਪ ਸਕੋਰਰ ਲਈ ਚਾਰ ਜਣਿਆਂ ਦੇ ਨਾਮ ਉਭਰ ਕੇ ਆ
ਰਹੇ ਹਨ। ਸਭ ਤੋਂ ਉਪਰ ਨਿਊਜ਼ੀਲੈਂਡ ਦਾ ਸਾਈਮਨ ਚਾਈਲਡ ਚੱਲ ਰਿਹਾ ਹੈ। ਉਸ ਦੇ ਪੰਜ ਗੋਲ ਹਨ ਅਤੇ
ਇੰਨੇ ਹੀ ਗੋਲਾਂ ਨਾਲ ਭਾਰਤ ਦਾ ਕਪਤਾਨ ਦਿਵਾਕਰ ਵੀ ਸ਼ਾਮਲ ਹੈ, ਜਿਸ ਨੇ ਸਿੰਗਾਪੁਰ ਦੇ ਵਿਰੁੱਧ
10-0 ਨਾਲ ਜਿੱਤਣ ਵੇਲੇ ਇਹ ਪੰਜੇ ਗੋਲ ਪੈਨਾਲਟੀ ਕਾਰਨਰ ਰਾਹੀਂ ਕੀਤੇ। ਪਾਕਿਤਸਾਨ ਦੇ ਅਬਦੁੱਲ
ਹਸੀਮ ਖਾਨ ਨੇ ਵੀ ਹੁਣ ਤੱਕ ਪੰਜ ਵਾਰ ਫੱਟਾ ਖੜਕਾਇਆ ਹੈ।
ਭਾਰਤੀ ਹਾਕੀ
ਖਿਡਾਰੀ ਮੌਕੇ ਦਾ ਲਾਭ ਨਾ ਲੈ ਸਕੇ
ਸਿੰਗਾਪੁਰ, 9 ਜੂਨ : ਕਹਿੰਦੇ ਹਨ ਕਿ ਜ਼ਿੰਦਗੀ ਵਿਚ ਕਈ ਵਾਰ ਕਿਸਮਤ
ਬੰਦੇ ਦਾ ਦਰਵਾਜ਼ਾ ਖੜਕਾਉਂਦੀ ਹੁੰਦੀ ਹੈ ਪਰ ਜਦੋਂ ਅਸੀਂ ਉਸ ਦੀ ਪਰਵਾਹ ਨਹੀਂ ਕਰਦੇ ਤਾਂ ਉਹ ਸਮਾਂ
ਲੰਘ ਜਾਂਦਾ ਹੈ ਅਤੇ ਮੁੜ ਕੇ ਜਲਦੀ ਨਹੀਂ ਆਉਂਦਾ। ਇਸੇ ਤਰ੍ਹਾਂ ਦਾ ਕੁਝ ਭਾਰਤ ਦੇ ਹਾਕੀ ਖਿਡਾਰੀਆਂ
ਨਾਲ ਹੋਇਆ ਹੈ। ਭਾਰਤ ਦੇ ਗੋਲ ਕਰਨ ਦੇ ਕਈ ਮੌਕੇ ਗੁਆਉਂਦੇ ਹੋਏ ਐਫ.ਆਈ.ਐਚ. ਜੂਨੀਅਰ ਹਾਕੀ ਵਿਸ਼ਵ
ਕੱਪ ਦੇ ਦੂਜੇ ਮੈਚ ਵਿਚ ਨਿਊਜ਼ੀਲੈਂਡ ਨਾਲ 2-2 ਦੀ ਬਰਾਬਰੀ ਕੀਤੀ। ਅੱਧੇ ਸਮੇਂ ਤੱਕ 2-1 ਨਾਲ ਅੱਗੇ
ਚੱਲ ਰਹੀ ਨਿਊਜ਼ੀਲੈਂਡ ਟੀਮ ਨੇ ਭਾਰਤੀ ਡਿਫੈਂਸ ਵਿਚ ਸੰਨ੍ਹ ਮਾਰ ਕੇ ਲਗਾਤਾਰ ਦੋ ਗੋਲ ਕੀਤੇ, ਜਦਕਿ
ਭਾਰਤੀ ਫਾਰਵਰਡਾਂ ਨੇ ਗੋਲ ਕਰਨ ਦੇ ਕਈ ਆਸਾਨ ਮੌਕੇ ਗੁਆਏ। ਕਪਤਾਨ ਦਿਵਾਕਰ ਰਾਮ ਛੇ ਪੈਨਲਟੀ ਕਾਰਨਰਾਂ
ਵਿਚੋਂ ਸਿਰਫ਼ ਇਕ ਨੂੰ ਗੋਲ 'ਚ ਬਦਲ ਸਕਿਆ। ਭਾਰਤ ਵੱਲੋਂ ਦਿਵਾਕਰ ਨੇ 13ਵੇਂ ਤੇ ਪ੍ਰਮੋਦ ਕੁਮਾਰ ਨੇ
37ਵੇਂ ਮਿੰਟ ਵਿਚ ਗੋਲ ਕੀਤੇ ਜਦਕਿ ਨਿਊਜ਼ੀਲੈਂਡ ਵੱਲੋਂ ਸਾਈਮਨ ਤੇ ਮਾਰਕਸ ਚਾਈਲਡ ਨੇ 10ਵੇਂ ਤੇ
32ਵੇਂ ਮਿੰਟਾਂ ਵਿਚ ਗੋਲ ਕੀਤੇ।
ਭਾਰਤ ਤੇ ਨਿਊਜ਼ੀਲੈਂਡ ਦੇ ਦੋ ਮੈਚਾਂ ਵਿਚੋਂ ਚਾਰ ਹੀ ਅੰਕ ਹਨ, ਜਦਕਿ ਹਾਲੈਂਡ ਗਰੁੱਪ ਡੀ ਵਿਚ ਛੇ
ਅੰਕਾਂ ਨਾਲ ਸਭ ਤੋਂ ਉਪਰ ਹੈ। ਭਾਰਤ ਨੇ ਅਗਲਾ ਮੈਚ ਵੀਰਵਾਰ ਨੂੰ ਹਾਲੈਂਡ ਨਾਲ ਖੇਡਣਾ ਹੈ। ਭਾਰਤ
ਨੂੰ 8ਵੇਂ ਮਿੰਟ ਵਿਚ ਹੀ ਗੋਲ ਕਰਨ ਦਾ ਮੌਕਾ ਮਿਲਿਆ। ਪਰ ਫਾਰਵਰਡ ਪ੍ਰਮੋਦ ਕੁਮਾਰ ਖੁੰਝ ਗਿਆ। ਇਕ
ਮਿੰਟ ਮਗਰੋਂ ਰਾਈਟ ਵਿੰਗ ਮਨਦੀਪ ਅੰਟਿਲ ਨੇ ਇਕ ਆਸਾਨ ਮੌਕਾ ਗੁਆ ਦਿੱਤਾ। ਕੀਵੀ ਕਪਤਾਨ ਸਾਈਮਨ
ਚਾਈਲਡ ਨੇ ਦਸਵੇਂ ਮਿੰਟ ਵਿਚ ਆਪਣੀ ਟੀਮ ਨੂੰ ਲੀਡ ਦੁਆਈ। 13ਵੇਂ ਮਿੰਟ ਵਿਚ ਦਿਵਾਕਰ ਰਾਮ ਨੇ ਭਾਰਤ
ਨੂੰ ਬਰਾਬਰੀ 'ਤੇ ਲਿਆਂਦਾ। ਇਸ ਮਗਰੋਂ ਭਾਰਤੀਆਂ ਨੇ ਗਲਤੀਆਂ ਕੀਤੀਆਂ ਤੇ ਤਾਲਮੇਲ ਦੀ ਕਮੀ ਨਜ਼ਰ ਆਈ।
ਪਹਿਲੇ ਅੱਧ ਦੇ ਆਖਰੀ ਮਿੰਟਾਂ ਵਿਚ ਭਾਰਤ ਨੂੰ ਆਪਣੀਆਂ ਗਲਤੀਆਂ ਦਾ ਖਮਿਆਜ਼ਾ ਭੁਗਤਣਾ ਪਿਆ, ਜਦੋਂ
ਸੈਂਟਰ ਮਿਡਫੀਲਡਰ ਅਰੁਣ ਤੋਂ ਗੇਂਦ ਖੋਹ ਕੇ ਮਾਰਕਸ ਨੇ ਦੂਜਾ ਗੋਲ ਕਰ ਦਿੱਤਾ। ਦੂਜੇ ਅੱਧ 'ਚ ਭਾਰਤ
ਨੇ ਤੇਜ਼ ਰਫ਼ਤਾਰ ਨਾਲ ਮੈਚ ਖੇਡਿਆ ਤੇ ਦੂਜੇ ਮਿੰਟ 'ਚ ਬਰਾਬਰੀ ਕਰ ਲਈ। ਇਸ ਮਗਰੋਂ ਭਾਰਤੀਆਂ ਨੇ ਪੰਜ
ਪੈਨਲਟੀ ਕਾਰਨਰ 'ਤੇ ਗੋਲ ਕਰਨ ਦੇ ਮੌਕੇ ਗੁਆਏ। ਇਕ ਹੋਰ ਮੈਚ ਵਿਚ ਪਿਛਲੇ ਚੈਂਪੀਅਨ ਅਰਜਨਟੀਨਾ ਨੇ
ਬੈਲਜੀਅਮ ਨੂੰ 3-0 ਨਾਲ ਹਰਾਇਆ।
|