|
||||||
|
||||||
| Click here For English Version | ||||||
|
HERO HONDA FIH World Cup 2010 |
|
ਵਿਸ਼ਵ ਕੱਪ ਹਾਕੀ ਦਾ ਮਹਾਂਕੁੰਭ ਸਮਾਪਤ ਨਵੀਂ ਦਿੱਲੀ, 15 ਮਾਰਚ : ਹੀਰੋ ਹਾਂਡਾ ਵਿਸ਼ਵ ਕੱਪ ਹਾਕੀ ਮੁਕਾਬਲਾ 28 ਫਰਵਰੀ ਤੋਂ 13 ਮਾਰਚ ਤੱਕ ਨਵੀਂ ਦਿੱਲੀ ਦੇ ਮੇਜਰ ਧਿਆਨ ਚੰਦ ਹਾਕੀ ਸਟੇਡੀਅਮ ਵਿਚ ਕਰਵਾਇਆ ਗਿਆ। ਆਸਟ੍ਰੇਲੀਆ ਨੇ ਪੂਰੇ 24 ਸਾਲ ਬਾਅਦ ਚੈਂਪੀਅਨ ਬਣਨ ਦਾ ਆਪਣਾ ਸੁਪਨਾ ਸਾਕਾਰ ਕੀਤਾ ਜਦ ਕਿ ਜਰਮਨ ਦੀ ਨੌਜਵਾਨ ਟੀਮ ਨੇ ਲੋਕਾਂ ਦੇ ਮਨ ਜਿੱਤੇ। ਦੋ ਹਫ਼ਤੇ ਵਿਚ ਕੋਈ ਜਿੱਤਿਆ, ਕੋਈ ਹਾਰਿਆ ਪਰ ਸਾਰੀਆਂ ਹੀ ਟੀਮਾਂ, ਖਿਡਾਰੀਆਂ, ਦਰਸ਼ਕਾਂ ਨੇ ਖੇਡ ਭਾਵਨਾ ਦਾ ਅਜਿਹਾ ਸਬੂਤ ਦਿੱਤਾ ਕਿ ਵਿਸ਼ਵ ਕੱਪ ਦੇ 30 ਸਾਲਾ ਇਤਿਹਾਸ ਵਿਚ ਇਸ ਤਰ੍ਹਾਂ ਦਾ ਸਾਫ਼-ਸੁਥਰਾ ਅਤੇ ਹਾਕੀ ਪ੍ਰਤੀ ਖਿੱਚ ਦਾ ਮਾਹੌਲ ਨਹੀਂ ਮਿਲਿਆ। ਵਿਸ਼ਵ ਕੱਪ ਦੀ ਸ਼ੁਰੂਆਤ ਹੀ ਇਸ ਵਾਰ ਵੱਡੇ ਉਲਟ ਫੇਰਾਂ ਨਾਲ ਹੋਈ। ਪਹਿਲੇ ਦਿਨ ਹੀ ਇੰਗਲੈਂਡ ਨੇ ਆਸਟ੍ਰੇਲੀਆ ਨੂੰ ਹਰਾ ਕੇ ਤਹਿਲਕਾ ਮਚਾਇਆ। ਉਸੇ ਦਿਨ ਹੀ ਭਾਰਤੀ ਟੀਮ ਨੇ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ ਹਰਾ ਕੇ ਵਧੀਆ ਜੇਤੂ ਸ਼ੁਰੂਆਤ ਕੀਤੀ, ਭਾਵੇਂ ਕਿ ਬਾਅਦ ਵਿਚ ਭਾਰਤੀ ਟੀਮ ਨੇ ਹਰ ਮੈਚ ਦੇ ਦੌਰਾਨ ਦਰਸ਼ਕਾਂ ਨੂੰ ਨਿਰਾਸ਼ ਕੀਤਾ। ਇਸ ਤੋਂ ਇਲਾਵਾ ਹੋਰ ਹੋਏ ਵੱਡੇ ਉਲਟ-ਫੇਰਾਂ ਵਿਚ ਨਿਊਜ਼ੀਲੈਂਡ ਨੇ ਕੋਰੀਆ ਨੂੰ, ਦੱਖਣੀ ਅਫਰੀਕਾ ਨੇ ਪਾਕਿਸਤਾਨ ਨੂੰ ਅਤੇ ਕੋਰੀਆ ਨੇ ਹਾਲੈਂਡ ਅਤੇ ਕੈਨੇਡਾ ਨੇ ਪਾਕਿਸਤਾਨ ਨੂੰ ਹਰਾ ਕੇ ਸਨਸਨੀ ਪੈਦਾ ਕੀਤੀ। ਆਸਟ੍ਰੇਲੀਆ ਨੇ ਦੱਖਣੀ ਅਫਰੀਕਾ ਨੂੰ 12-0 ਨਾਲ ਹਰਾ ਕੇ ਵਿਸ਼ਵ ਕੱਪ ਇਤਿਹਾਸ ਦੀ ਵੱਡੀ ਜਿੱਤ ਪ੍ਰਾਪਤ ਕੀਤੀ ਜਦ ਕਿ ਕੋਰੀਆ ਬਨਾਮ ਕੈਨੇਡਾ ਮੈਚ ਵਿਚ ਸਭ ਤੋਂ ਵੱਧ 11 ਗੋਲ ਹੋਏ। ਪੂਰੇ ਟੂਰਨਾਮੈਂਟ ਦੌਰਾਨ 199 ਗੋਲ ਹੋਏ। ਆਸਟ੍ਰੇਲੀਆ ਦਾ ਲੁਕ ਡੋਇਨਰ ਅਤੇ ਹਾਲੈਂਡ ਦਾ ਟੀਕੇਮੇ ਟੇਕਾ 8-8 ਗੋਲ ਕਰਕੇ ਸਾਂਝੇ ਸਰਬੋਤਮ ਸਕੋਰਰ ਬਣੇ। ਇਸ ਤੋ ਪਹਿਲਾਂ 2002 ਵਿਸ਼ਵ ਕੱਪ ਵਿਚ ਸੋਹੇਲ ਅਬਾਸ (ਪਾਕਿਸਤਾਨ) ਅਤੇ ਜੋਰਜ ਲੋਂਬੀ (ਅਰਜਨਟਾਈਨਾ) ਨੇ 10-10 ਗੋਲ ਕਰਕੇ ਸਰਬੋਤਮ ਸਕੋਰਰ ਬਣਨ ਦਾ ਮਾਣ ਹਾਸਲ ਕੀਤਾ ਸੀ। ਪੂਰੇ ਟੂਰਨਾਮੈਂਟ ਦੌਰਾਨ ਜਰਮਨੀ ਬਨਾਮ ਕੋਰੀਆ, ਹਾਲੈਂਡ ਬਨਾਮ ਜਰਮਨੀ, ਦੱਖਣੀ ਅਫਰੀਕਾ ਬਨਾਮ ਨਿਊਜ਼ੀਲੈਂਡ ਮੈਚ ਬਰਾਬਰ ਰਹੇ ਜਦਕਿ ਬਾਕੀ ਸਾਰੇ ਮੈਚਾਂ ਵਿਚ ਹਾਰ-ਜਿੱਤ ਦਾ ਫੈਸਲਾ ਹੋਇਆ। ਅਫਰੀਕਾ ਅਤੇ ਨਿਊਜ਼ੀਲੈਂਡ ਮੈਚ ਦਾ ਫੈਸਲਾ ਪੈਨਲਟੀ ਸਟਰੋਕਾਂ 'ਤੇ ਗਿਆ। ਪੈਨਲਟੀ ਸਟੋਰਕਾਂ ਤੋਂ ਵੱਖ-ਵੱਖ ਟੀਮਾਂ ਨੇ ਸਿਰਫ਼ 6 ਗੋਲ ਕੀਤੇ। ਕੁੱਲ 79 ਕੋਲ ਪੈਨਲਟੀ ਕਾਰਨਰਾਂ ਰਾਹੀਂ ਕੀਤੇ ਗਏ ਜਿਸ ਵਿਚ ਲੁਕ ਡੋਇਨਰ ਨੇ ਸਭ ਤੋਂ ਵੱਧ 8 ਗੋਲ ਕੀਤੇ। ਭਾਰਤ ਦੇ ਸੰਦੀਪ ਸਿੰਘ ਨੇ ਆਪਣੀ ਟੀਮ ਵੱਲੋਂ ਸਭ ਤੋਂ ਵੱਧ ਚਾਰ ਗੋਲ ਕੀਤੇ। ਵੱਖ-ਵੱਖ ਟੀਮਾਂ ਦੇ ਖਿਡਾਰੀਆਂ ਨੂੰ 29 ਹਰੇ ਕਾਰਡ ਅਤੇ 23 ਪੀਲੇ ਕਾਰਡਾਂ ਦਾ ਸਾਹਮਣਾ ਕਰਨਾ ਪਿਆ ਜਦ ਕਿ ਰੈੱਡ ਕਾਰਡ ਕਿਸੇ ਵੀ ਖਿਡਾਰੀ ਨੂੰ ਨਹੀਂ ਹੋਇਆ। ਭਾਰਤ ਦੇ ਸ਼ਵਿੰਦਰ ਸਿੰਘ ਅਤੇ ਪਾਕਿਸਤਾਨ ਦੇ ਮੁਹੰਮਦ ਇਮਰਾਨ ਨੂੰ ਮੈਚਾਂ ਦੀ ਮੁਅੱਤਲੀ ਦਾ ਸਾਹਮਣਾ ਕਰਨਾ ਪਿਆ। ਸਭ ਤੋਂ ਵੱਧ ਗੋਲ ਦੱਖਣੀ ਅਫਰੀਕਾ ਨੇ 32 ਅਤੇ ਕੈਨੇਡਾ ਨੇ 30 ਖਾਧੇ ਜਦਕਿ ਸਭ ਤੋਂ ਵੱਧ 27 ਗੋਲ ਆਸਟ੍ਰੇਲੀਆ ਨੇ ਕੀਤੇ ਅਤੇ ਸਭ ਤੋਂ ਘੱਟ 8 ਗੋਲ ਖਾਧੇ। ਪੂਰੇ ਟੂਰਨਾਮੈਂਟ ਦੌਰਾਨ ਸਭ ਤੋਂ ਹਾਸੋਹੀਣੀ ਹਾਲਤ ਪਾਕਿਸਤਾਨ ਦੀ ਹੋਈ ਜੋ ਕੈਨੇਡਾ ਹੱਥੋਂ ਹਾਰ ਕੇ ਫਾਡੀ ਸਥਾਨ 'ਤੇ ਰਿਹਾ। ਟੂਰਨਾਮੈਂਟ ਦਾ ਸਭ ਤੋਂ ਰੋਮਾਂਚਿਕ ਮੈਚ ਭਾਰਤ ਬਨਾਮ ਹਾਲੈਂਡ ਅਤੇ ਆਸਟ੍ਰੇਲੀਆ ਬਨਾਮ ਜਰਮਨੀ ਰਹੇ, ਜੋ ਦਰਸ਼ਕਾਂ ਦੇ ਮਨਾਂ 'ਤੇ ਲੰਬਾ ਸਮਾਂ ਰਾਜ ਕਰਨਗੇ। ਵਿਸ਼ਵ ਕੱਪ ਹਾਕੀ 'ਚ ਹਾਲੈਂਡ ਦਾ ਕਾਂਸੀ ਦੇ ਤਗਮੇ 'ਤੇ ਕਬਜ਼ਾ
ਨਵੀਂ ਦਿੱਲੀ, 13 ਮਾਰਚ : ਵਿਸ਼ਵ ਕੱਪ ਹਾਕੀ ਦਿੱਲੀ ਦੇ ਮੇਜਰ ਧਿਆਨ ਚੰਦ ਸਟੇਡੀਅਮ ਵਿਚ ਕਰਵਾਇਆ। ਹਾਲੈਂਡ ਨੇ ਇੰਗਲੈਂਡ ਨੂੰ 4-3 ਨਾਲ ਹਰਾ ਕੇ ਤੀਸਰਾ ਸਥਾਨ ਹਾਸਲ ਕੀਤਾ। ਅੱਜ ਦੇ ਮੈਚ ਦੌਰਾਨ ਪਹਿਲੇ ਅੱਧ ਵਿਚ ਹਾਲੈਂਡ ਗੋਰਿਆਂ ਹੱਥੋਂ 3-1 ਨਾਲ ਪਿੱਛੇ ਚੱਲ ਰਿਹਾ ਸੀ। ਮੈਚ ਦਾ ਪਹਿਲਾ ਗੋਲ ਹਾਲੈਂਡ ਵੱਲੋਂ ਟਿਓਨਡੀਨਾਇਰ ਨੇ 22ਵੇਂ ਮਿੰਟ ਵਿਚ ਕੀਤਾ ਪਰ ਅਗਲੇ ਮਿੰਟ ਵਿਚ ਹੀ ਇੰਗਲੈਂਡ ਦੇ ਬੈਨ ਹਾਕਸ ਨੇ ਮੈਦਾਨੀ ਗੋਲ ਰਾਹੀਂ 1-1 ਦੀ ਬਰਾਬਰੀ ਕੀਤੀ। ਉਸ ਤੋਂ ਬਾਅਦ ਇੰਗਲੈਂਡ ਨੇ ਲਗਾਤਾਰ ਧਾਵਾ ਬੋਲਦਿਆਂ ਪੰਜ ਪੈਨਲਟੀ ਕਾਰਨਰ ਹਾਸਲ ਕੀਤੇ, ਜਿਨ੍ਹਾਂ ਵਿਚੋਂ 29ਵੇਂ ਅਤੇ 33ਵੇਂ ਮਿੰਟ ਵਿਚ ਜੈਕਸਨ ਐਸ਼ਲੇ ਨੇ ਦੋ ਗੋਲ ਕਰਕੇ ਇੰਗਲੈਂਡ ਨੂੰ 3-1 ਨਾਲ ਅੱਗੇ ਕਰ ਦਿੱਤਾ। 55ਵੇਂ ਮਿੰਟ ਵਿਚ ਹਾਲੈਂਡ ਦੇ ਕਲੋਸ ਨੇ ਗੋਲ ਕਰਕੇ 3-3 ਦੀ ਬਰਾਬਰੀ ਕੀਤੀ। ਆਖਰੀ ਪਲਾਂ ਵਿਚ ਮੈਚ ਬਰਾਬਰੀ ਵੱਲ ਨੂੰ ਵਧ ਰਿਹਾ ਸੀ ਤਾਂ ਡਚ ਖਿਡਾਰੀਆਂ ਨੇ ਜਵਾਬੀ ਹਮਲੇ ਦਾ ਲਾਹਾ ਲੈਂਦਿਆਂ ਹਾਫਮੈਨ ਰੋਜਰ ਨੇ ਮੈਦਾਨੀ ਗੋਲ ਕਰਕੇ ਹਾਲੈਂਡ ਦੀ 4-3 ਗੋਲਾਂ ਦੀ ਜਿੱਤ ਪੱਕੀ ਕੀਤੀ। ਹਾਲੈਂਡ ਦੇ ਟਿਓਨਡੀਨਾਇਰ ਨੂੰ ਮੈਨ ਆਫ ਦਾ ਮੈਚ ਵਜੋਂ ਇਕ ਹੀਰੋ ਹਾਂਡਾ ਮੋਟਰਸਾਈਕਲ ਅਤੇ 50 ਹਜ਼ਾਰ ਰੁਪਏ ਨਕਦ ਰਾਸ਼ੀ ਨਾਲ ਅਤੇ ਇੰਗਲੈਂਡ ਦੇ ਬੈਨ ਹਾਕਸ ਨੂੰ ਮੈਨ ਆਫ ਦਾ ਸਟੀਲ ਵਜੋਂ 50 ਹਜ਼ਾਰ ਰੁਪਏ ਨਾਲ ਸਨਮਾਨਿਤ ਕੀਤਾ ਗਿਆ। ਵਿਸ਼ਵ ਕੱਪ ਹਾਕੀ 'ਚ ਆਸਟਰੇਲੀਆ ਬਣਿਆ ਚੈਂਪੀਅਨ
ਨਵੀਂ ਦਿੱਲੀ, 13 ਮਾਰਚ - ਵਿਸ਼ਵ ਕੱਪ ਹਾਕੀ ਨਵੀਂ
ਦਿੱਲੀ ਦੇ ਮੇਜਰ ਧਿਆਨ ਚੰਦ ਹਾਕੀ ਸਟੇਡੀਅਮ 'ਚ ਕਰਵਾਇਆ ਗਿਆ। ਇਸ ਦੇ ਫਾਈਨਲ
ਮੁਕਾਬਲੇ ਵਿਚ ਆਸਟ੍ਰੇਲੀਆ ਨੇ ਜਰਮਨੀ ਨੂੰ 2-1 ਨਾਲ ਹਰਾ ਕੇ 24 ਸਾਲ ਬਾਅਦ ਵਿਸ਼ਵ
ਚੈਂਪੀਅਨ ਬਣਨ ਦਾ ਇਤਿਹਾਸ ਰਚਿਆ। ਅੱਜ ਤੋਂ 24 ਵਰ੍ਹੇ ਪਹਿਲਾਂ 1986 ਵਿਚ ਲੰਦਨ
ਵਿਸ਼ਵ ਕੱਪ ਵਿਚ 17 ਅਕਤੂਬਰ 1986 ਨੂੰ ਆਸਟ੍ਰੇਲੀਆ ਨੇ ਇੰਗਲੈਂਡ ਨੂੰ 2-1 ਨਾਲ ਹਰਾ
ਕੇ ਆਪਣਾ ਪਲੇਠਾ ਖਿਤਾਬ ਜਿੱਤਿਆ ਸੀ। ਜਰਮਨੀ ਜੋ ਇਸ ਤੋਂ ਪਹਿਲਾਂ ਲਗਾਤਾਰ ਦੋ ਵਿਸ਼ਵ
ਕੱਪਾਂ ਵਿਚ ਚੈਂਪੀਅਨ ਬਣਿਆ ਪਰ ਅੱਜ ਉਹ ਆਪਣੀ ਜੇਤੂ ਹੈਟ੍ਰਿਕ ਬਣਾਉਣ ਤੋਂ ਖੁੰਝ
ਗਿਆ। 1982 ਵਿਸ਼ਵ ਕੱਪ ਤੋਂ ਬਾਅਦ ਜਰਮਨੀ ਨੇ ਦੂਜੀ ਵਾਰ ਉਪ ਜੇਤੂ ਰਹਿਣ ਦਾ ਮਾਣ
ਹਾਸਲ ਕੀਤਾ ਹੈ। ਵਿਸ਼ਵ ਕੱਪ ਹਾਕੀ 'ਚ ਭਾਰਤ ਰਿਹਾ ਅੱਠਵੇਂ ਸਥਾਨ 'ਤੇ ਰਿਹਾ
ਨਵੀਂ ਦਿੱਲੀ, 12 ਮਾਰਚ - ਦਿੱਲੀ ਦੇ ਮੇਜਰ ਧਿਆਨ ਚੰਦ ਸਟੇਡੀਅਮ 'ਚ ਹਾਕੀ ਵਿਸ਼ਵ ਕੱਪ ਚੱਲ ਰਿਹਾ ਹੈ। ਇਸ ਵਿਚ ਭਾਰਤ ਫੇਰ ਮਾੜਾ ਪ੍ਰਦਰਸ਼ਨ ਕਰਦਿਆਂ ਅਰਜਨਟੀਨਾ ਹੱਥੋਂ 4-2 ਨਾਲ ਹਾਰ ਕੇ ਅੱਠਵੇਂ ਸਥਾਨ 'ਤੇ ਰਿਹਾ। ਦੱਖਣੀ ਅਫਰੀਕਾ ਨੇ ਬਹੁਤ ਆਹਲਾ ਦਰਜੇ ਦੀ ਹਾਕੀ ਦਾ ਪ੍ਰਦਰਸ਼ਨ ਕਰਦਿਆਂ ਭਾਵੇਂ ਨਿਊਜ਼ੀਲੈਂਡ ਹੱਥੋਂ ਵਰਗੀਕਰਨ ਮੈਚ ਹਾਰ ਕੇ 10ਵਾਂ ਸਥਾਨ ਹਾਸਲ ਕੀਤਾ ਪਰ ਅਫਰੀਕਨ ਖਿਡਾਰੀਆਂ ਨੇ ਆਪਣੀ ਵਧੀਆ ਖੇਡ ਸਦਕਾ ਦਰਸ਼ਕਾਂ ਦੇ ਮਨ ਮੋਹ ਲਏ। ਨਿਰਧਾਰਤ ਸਮੇਂ ਤੱਕ ਦੱਖਣੀ ਅਫਰੀਕਾ ਤੇ ਨਿਊਜ਼ੀਲੈਂਡ 4-4 ਦੀ ਬਰਾਬਰੀ 'ਤੇ ਖੇਡੀਆਂ। ਪੈਨਲਟੀ ਸਟਰੋਕਾਂ ਵਿਚ ਅਫਰੀਕਨ ਖਿਡਾਰੀ 5-4 ਨਾਲ ਮਾਤ ਖਾ ਗਏ। ਵਿਸ਼ਵ ਕੱਪ ਹਾਕੀ ਦਾ ਫਾਈਨਲ ਮੁਕਾਬਲਾ ਭਲਕੇ 13 ਮਾਰਚ ਨੂੰ ਹਾਕੀ ਦੀਆਂ ਦੋ ਸੁਪਰ ਪਾਵਰ ਆਸਟਰੇਲੀਆ ਅਤੇ ਜਰਮਨੀ ਵਿਚਕਾਰ ਖੇਡਿਆ ਜਾਵੇਗਾ। ਦੋਹਾਂ ਮੁਲਕਾਂ ਵਿਚਕਾਰ ਲਗਾਤਾਰ ਤੀਸਰਾ ਫਾਈਨਲ ਮੁਕਾਬਲਾ ਹੋ ਰਿਹਾ ਹੈ। 2002 ਅਤੇ 2006 ਵਿਸ਼ਵ ਕੱਪ ਦੇ ਫਾਈਨਲ ਮੁਕਾਬਲਿਆਂ ਵਿਚ ਦੋਵੇਂ ਵਾਰ ਜਰਮਨ ਜੇਤੂ ਰਿਹਾ ਸੀ। ਜਰਮਨ ਨੇ ਹੁਣ ਤੱਕ ਦੋ ਵਾਰ ਅਤੇ ਆਸਟਰੇਲੀਆ ਨੇ ਇਕ ਵਾਰ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ। ਜਰਮਨ ਨੇ ਲੀਗ ਮੈਚਾਂ ਵਿਚ ਕੋਰੀਆ ਅਤੇ ਹਾਲੈਂਡ ਨਾਲ 2-2 ਦੀ ਬਰਾਬਰੀ ਤੋਂ ਬਾਅਦ ਨਿਊਜ਼ੀਲੈਂਡ ਨੂੰ 5-2, ਅਰਜਨਟੀਨਾ ਨੂੰ 4-3, ਕੈਨੇਡਾ ਨੂੰ 6-0 ਨਾਲ ਸੈਮੀਫਾਈਨਲ ਵਿਚ ਇੰਗਲੈਂਡ ਨੂੰ 4-1 ਨਾਲ ਹਰਾ ਕੇ ਫਾਈਨਲ ਦਾ ਸਫ਼ਰ ਤਹਿ ਕੀਤਾ ਹੈ। ਦੂਜੇ ਪਾਸੇ ਆਸਟਰੇਲੀਆ ਨੇ ਇੰਗਲੈਂਡ ਹੱਥੋਂ ਪਹਿਲਾ ਮੈਚ ਹਾਰਨ ਤੋਂ ਬਾਅਦ ਪਿਛਾਂਹ ਮੁੜ ਕੇ ਨਹੀਂ ਦੇਖਿਆ, ਆਸਟਰੇਲੀਆ ਨੇ ਭਾਰਤ ਨੂੰ 5-2, ਸਪੇਨ ਨੂੰ 2-0, ਦੱਖਣੀ ਅਫਰੀਕਾ ਨੂੰ 12-0, ਪਾਕਿਸਤਾਨ ਨੂੰ 2-1 ਨਾਲ ਅਤੇ ਸੈਮੀਫਾਈਨਲ ਵਿਚ ਹਾਲੈਂਡ ਨੂੰ 2-1 ਨਾਲ ਹਰਾਇਆ। ਭਲਕੇ ਹਾਲੈਂਡ ਅਤੇ ਇੰਗਲੈਂਡ ਵਿਚਕਾਰ ਕਾਂਸੀ ਤਗਮੇ ਲਈ ਮੈਚ 3.34 ਵਜੇ ਖੇਡਿਆ ਜਾਵੇਗਾ ਜਦਕਿ ਫਾਈਨਲ ਮੁਕਾਬਲਾ 6.05 ਵਜੇ ਆਸਟਰੇਲੀਆ ਬਨਾਮ ਜਰਮਨੀ ਖੇਡਿਆ ਜਾਵੇਗਾ। ਵਿਸ਼ਵ ਹਾਕੀ ਕੱਪ 'ਚ ਜਰਮਨੀ ਫਾਈਨਲ 'ਚ
ਨਵੀਂ ਦਿੱਲੀ, 11 ਮਾਰਚ - ਵਿਸ਼ਵ ਕੱਪ ਹਾਕੀ
ਦਿੱਲੀ ਦੇ ਮੇਜਰ ਧਿਆਨ ਚੰਦ ਸਟੇਡੀਅਮ ਵਿਚ ਚੱਲ ਰਿਹਾ ਹੈ। ਇਸ ਹਾਕੀ ਕੱਪ ਦੇ ਪਹਿਲੇ
ਸੈਮੀਫਾਈਨਲ ਮੈਚ 'ਚ ਜਰਮਨੀ ਨੇ ਇੰਗਲੈਂਡ ਨੂੰ 4-1 ਨਾਲ ਹਰਾ ਕੇ ਫਾਈਨਲ 'ਚ ਪੁੱਜਣ
ਦੀ ਹੈਟ੍ਰਿਕ ਜੜ ਦਿੱਤੀ ਹੈ। ਵਿਸ਼ਵ ਕੱਪ ਹਾਕੀ ਦੇ ਇਤਿਹਾਸ 'ਚ ਜਰਮਨੀ ਹੈਟ੍ਰਿਕ
ਮਾਰਨ ਵਾਲਾ ਤੀਸਰਾ ਅਜਿਹਾ ਮੁਲਕ ਹੈ। ਉਹ 2002 ਤੋਂ ਬਾਅਦ ਵਿਸ਼ਵ ਕੱਪ ਦੇ ਫਾਈਨਲ 'ਚ
ਪਹੁੰਚ ਰਿਹਾ ਹੈ। ਇਸ ਤੋਂ ਪਹਿਲਾਂ 1975, 1978 ਅਤੇ 1982 'ਚ ਪਾਕਿਸਤਾਨ ਅਤੇ
1990, 1994 ਤੇ 1998 'ਚ ਹਾਲੈਂਡ ਨੇ ਵਿਸ਼ਵ ਕੱਪ ਹਾਕੀ ਦੇ ਫਾਈਨਲ 'ਚ ਪਹੁੰਚਣ ਦੀ
ਹੈਟ੍ਰਿਕ ਮਾਰੀ ਸੀ। ਵਿਸ਼ਵ ਕੱਪ ਹਾਕੀ ਦੇ ਚਾਰ ਖਿਤਾਬ ਅਤੇ ਅੱਜ ਤੋਂ 16 ਸਾਲ ਪਹਿਲਾਂ
ਚੈਂਪੀਅਨ ਤਾਜ ਪਹਿਨਣ ਵਾਲੀ ਪਾਕਿਸਤਾਨ ਦੀ ਹਾਕੀ ਟੀਮ ਲਈ ਅੱਜ ਦਾ ਦਿਨ ਸਭ ਤੋਂ ਕਾਲਾ
ਦਿਨ ਗਿਣਿਆ ਜਾਵੇਗਾ, ਕਿਉਂਕਿ ਅੱਜ ਪਾਕਿਸਤਾਨ ਕੈਨੇਡਾ ਹੱਥੋਂ 3-2 ਨਾਲ ਹਾਰ ਕੇ
ਵਿਸ਼ਵ ਕੱਪ 2010 'ਚ ਫਾਡੀ ਬਣ ਗਿਆ ਹੈ। ਭਾਰਤ ਤੇ ਪਾਕਿਸਤਾਨ 'ਚ ਹਾਕੀ ਟੈਸਟ ਲੜੀ ਨਵੀਂ ਦਿੱਲੀ, 11 ਮਾਰਚ - ਹਾਕੀ ਇੰਡੀਆ ਦੇ ਸਕੱਤਰ ਨਰਿੰਦਰ ਬਤਰਾ ਅਤੇ ਪਾਕਿਸਤਾਨ ਹਾਕੀ ਫੈਡਰੇਸ਼ਨ ਦੇ ਸਕੱਤਰ ਆਸਿਫ ਬਾਜਵਾ ਨੇ ਸਾਝੇਂ ਬਿਆਨ 'ਚ ਹਾਕੀ ਦੀ ਖੇਡ 'ਚ ਸੁਧਾਰ ਕਰਨ ਲਈ ਭਾਰਤ ਅਤੇ ਪਾਕਿਸਤਾਨ ਨੇ ਹਾਕੀ ਟੈਸਟ ਲੜੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਦੋਵਾਂ ਦੇਸ਼ਾਂ ਦੀਆਂ ਮਰਦ ਅਤੇ ਮਹਿਲਾ ਟੀਮਾਂ ਦੀ ਇਹ ਲੜੀ ਹਰ ਸਾਲ ਕਰਵਾਈ ਜਾਇਆ ਕਰੇਗੀ। ਇਸ 'ਚ ਜੂਨੀਅਰ ਅਤੇ ਸੀਨੀਅਰ ਦੋਵੇਂ ਟੀਮਾਂ ਸ਼ਾਮਿਲ ਹੋਣਗੀਆਂ। ਇਸ ਟੈਸਟ ਲੜੀ ਤੋਂ ਇਲਾਵਾ ਦੋਵਾਂ ਦੇਸ਼ਾਂ ਵੱਲੋਂ 8 ਟੀਮਾਂ ਲੈ ਕੇ ਇਕ ਸਾਂਝੀ ਹਾਕੀ ਲੀਗ ਸ਼ੁਰੂ ਕੀਤੀ ਜਾਵੇਗੀ। ਦੋਵਾਂ ਦੇਸ਼ਾਂ ਦੀਆਂ ਘਰੇਲੂ ਸੀਰੀਜ਼ ਲਈ ਇਕ-ਦੂਜੇ ਦੇਸ਼ ਦੇ ਖਿਡਾਰੀ ਲਏ ਜਾਇਆ ਸਕੇ ਕਰਨਗੇ। ਇਸੇ ਤਰਾਂ ਅੰਪਾਇਰਾਂ ਅਤੇ ਤਕਨੀਕੀ ਅਧਿਕਾਰੀਆਂ ਦਾ ਵੀ ਵਟਾਂਦਰਾ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ। ਛੇਤੀ ਹੀ ਦੋਵਾਂ ਦੇਸ਼ਾਂ ਦੇ ਅਧਿਕਾਰੀ ਉਕਤ ਸਮਝੌਤੇ 'ਤੇ ਦਸਤਖ਼ਤ ਕਰਨਗੇ। ਜਾਂਬੀਆ 'ਚ ਖੇਡੀ ਜਾਵੇਗੀ ਹਾਕੀ ਨਵੀਂ ਦਿੱਲੀ, 11 ਮਾਰਚ - ਅਫਰੀਕਾ ਦੇ ਦੇਸ਼ ਜਾਂਬੀਆ ਦੇ ਸ਼ਹਿਰ ਲੁਸਾਕਾ ਵਿਚ ਐਸਟੋਟਰਫ ਲਗਾਉਣ ਲਈ ਅੰਤਰਰਾਸ਼ਟਰੀ ਹਾਕੀ ਸੰਘ ਦੀ ਸਪਾਂਸਰ ਕੰਪਨੀ ਬੀਡੀਓ ਵੱਲੋਂ ਐਫ. ਆਈ. ਐਚ. ਨੂੰ 20 ਹਜ਼ਾਰ ਡਾਲਰ ਦੀ ਸਹਾਇਤਾ ਰਾਸ਼ੀ ਦਿੱਤੀ ਗਈ ਹੈ। ਇਹ ਰਾਸ਼ੀ ਬੀਡੀਓ ਦੇ ਪ੍ਰਧਾਨ ਪਾਲ ਵਾਨ ਐਲਟਨ ਨੇ ਵਿਸ਼ਵ ਹਾਕੀ ਸੰਘ ਦੇ ਪ੍ਰਧਾਨ ਲੈਂਡਰੇ ਨੇਗਰੇ ਨੂੰ ਭੇਟ ਕੀਤੀ। ਨੇਗਰੇ ਨੇ ਕਿਹਾ ਕਿ ਜਾਂਬੀਆ 'ਚ ਹਾਕੀ ਸੈਂਟਰ ਅਪ੍ਰੈਲ 2010 ਵਿਚ ਸ਼ੁਰੂ ਕਰ ਦਿੱਤਾ ਜਾਵੇਗਾ, ਜਿੱਥੇ ਉਭਰਦੇ ਹਾਕੀ ਖਿਡਾਰੀਆਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ। ਹੀਰੋ ਹਾਂਡਾ ਵਿਸ਼ਵ ਕੱਪ ਹਾਕੀ
ਨਵੀਂ ਦਿੱਲੀ, 10 ਮਾਰਚ - ਹੀਰੋ ਹਾਂਡਾ ਵਿਸ਼ਵ
ਕੱਪ ਹਾਕੀ ਦਿੱਲੀ ਦੇ ਮੇਜਰ ਧਿਆਨ ਚੰਦ ਸਟੇਡੀਅਮ 'ਚ ਚੱਲ ਰਿਹਾ ਹੈ। ਇਸ ਦੇ
ਸੈਮੀਫਾਈਨਲ ਮੁਕਾਬਲੇ ਭਲਕੇ 11 ਮਾਰਚ ਨੂੰ ਖੇਡੇ ਜਾ ਰਹੇ ਹਨ। ਪਹਿਲਾ ਸੈਮੀਫਾਈਨਲ
ਮੁਕਾਬਲਾ ਜਰਮਨੀ ਅਤੇ ਇੰਗਲੈਂਡ ਦੇ ਵਿਚਕਾਰ ਹੋਵੇਗਾ। ਇੰਗਲੈਂਡ ਜੋ ਪੂਰੇ 24 ਸਾਲ
1986 ਲੰਦਨ ਵਿਸ਼ਵ ਕੱਪ ਤੋਂ ਬਾਅਦ ਹੁਣ ਸੈਮੀਫਾਈਨਲ ਵਿਚ ਪੁੱਜੀ ਹੈ, ਉਸ ਵੇਲੇ
ਇੰਗਲੈਂਡ ਨੇ ਜਰਮਨੀ ਨੂੰ 3-2 ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ ਸੀ। ਵਿਸ਼ਵ
ਕੱਪ ਦੇ ਇਤਿਹਾਸ ਵਿਚ ਦੋਵਾਂ ਟੀਮਾਂ ਵਿਚਕਾਰ 5 ਵਾਰ ਮੁਕਾਬਲਾ ਹੋਇਆ ਹੈ, ਜਿਸ ਵਿਚੋਂ
ਜਰਮਨ ਤਿੰਨ ਵਾਰ ਅਤੇ ਇੰਗਲੈਂਡ ਇਕ ਵਾਰ ਜੇਤੂ ਰਿਹਾ ਹੈ। ਜਰਮਨੀ ਟੂਰਨਾਮੈਂਟ ਦੀ ਇਕੋ
ਇਕ ਅਜੇਤੂ ਟੀਮ ਹੈ ਜਿਸ ਨੇ ਕੋਈ ਵੀ ਮੈਚ ਨਹੀਂ ਹਾਰਿਆ। ਪੂਲ ਮੈਚਾਂ ਵਿਚ ਤਿੰਨ
ਜਿੱਤਾਂ ਅਤੇ ਦੋ ਬਰਾਬਰੀ ਨਾਲ ਕੁਲ 11 ਅੰਕਾਂ ਨਾਲ ਪੂਲ ਏ ਵਿਚੋਂ ਪਹਿਲਾਂ ਸਥਾਨ
ਹਾਸਲ ਕਰਦਿਆਂ ਆਖਰੀ ਚਾਰਾਂ ਵਿਚ ਆਪਣੀ ਜਗ੍ਹਾ ਪੱਕੀ ਕੀਤੀ। ਜਰਮਨੀ ਕੋਲ ਪਿਛਲੀ
ਵਿਸ਼ਵ ਕੱਪ ਚੈਂਪੀਅਨ ਬਣੀ ਟੀਮ ਦੇ ਸਿਰਫ ਤਿੰਨ ਖਿਡਾਰੀ ਹੀ ਖੇਡ ਰਹੇ ਹਨ। ਟੀਮ ਦਾ
ਪੂਰਾ ਦਾਰੋਮਦਾਰ ਨਵੇਂ ਉਭਰਦੇ ਨੌਜਵਾਨ ਖਿਡਾਰੀਆਂ 'ਤੇ ਹੈ। ਜਰਮਨੀ ਟੀਮ ਵਿਚ ਬਹੁਤ
ਖਿਡਾਰੀ ਉਹ ਹਨ ਜਿਨ੍ਹਾਂ ਨੇ ਪਿਛਲੇ ਸਾਲ ਸਿੰਗਾਪੁਰ ਵਿਖੇ ਹੋਏ ਜੂਨੀਅਰ ਵਿਸ਼ਵ ਕੱਪ
ਵਿਚ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ। ਜਦਕਿ ਦੂਜੇ ਪਾਸੇ ਇੰਗਲੈਂਡ ਦੀ ਟੀਮ
ਨੇ ਆਪਣੇ ਪੂਲ ਮੈਚਾਂ ਵਿਚ ਖਿਤਾਬ ਦੀ ਪ੍ਰਮੁੱਖ ਦਾਅਵੇਦਾਰ ਆਸਟਰੇਲੀਆ, ਪਾਕਿਸਤਾਨ,
ਭਾਰਤ, ਦੱਖਣੀ ਅਫਰੀਕਾ ਨੂੰ ਹਾਰ ਦਾ ਸਵਾਦ ਚਖਾਇਆ ਹੈ ਭਾਵੇਂ ਆਖਰੀ ਲੀਗ ਮੈਚ ਵਿਚ
ਇੰਗਲੈਂਡ ਸਪੇਨ ਹੱਥੋਂ ਹਾਰ ਗਿਆ ਸੀ ਪਰ ਪਿਛਲੇ ਇਕ ਸਾਲ ਤੋਂ ਯੂਰੋ ਕੱਪ ਜਿੱਤਣ ਤੋਂ
ਬਾਅਦ ਇੰਗਲੈਂਡ ਦੀ ਟੀਮ ਜੋ ਪ੍ਰਦਰਸ਼ਨ ਕਰਦੀ ਆ ਰਹੀ ਹੈ, ਉਸ ਤੋਂ ਲਗਦਾ ਹੈ ਕਿ
ਇੰਗਲੈਂਡ ਦੇ ਖਿਡਾਰੀ ਵਿਸ਼ਵ ਕੱਪ ਵਿਚ ਪੂਰੀ ਤਰ੍ਹਾਂ ਜੇਤੂ ਇਰਾਦਿਆਂ ਨਾਲ ਉਤਰੇ ਹਨ।
ਇੰਗਲੈਂਡ ਨੇ ਹੁਣ ਤੱਕ ਵਿਰੋਧੀ ਟੀਮ ਸਿਰ 17 ਗੋਲ ਕੀਤੇ ਹਨ। ਜੈਕਸਨ ਆਸਲੇ 5 ਗੋਲ
ਕਰਕੇ ਇੰਗਲੈਂਡ ਦਾ ਟਾਪ ਸਕੋਰਰ ਚੱਲ ਰਿਹਾ ਹੈ। ਜੇਮਜ਼ ਟਿੰਡਲ ਟੀਮ ਦੇ ਸਭ ਤੋਂ
ਖਤਰਨਾਕ ਖਿਡਾਰੀ ਹਨ ਦੂਜੇ ਪਾਸੇ ਜਰਮਨੀ ਜੋ ਚੈਂਪੀਅਨ ਬਣਨ ਦੇ ਨਾਲ-ਨਾਲ ਜੇਤੂ
ਹੈਟ੍ਰਿਕ ਬਣਾਉਣ ਲਈ ਗੋਰਿਆਂ ਦਾ ਮੁਕਾਬਲਾ ਕਰੇਗੀ। ਫਲੋਰੀਅਨ ਫਚ, ਮਿਥਾਸ ਵਾਸ ਅਤੇ
ਕਪਤਾਨ ਮੂਲਰ, ਓਲੀਵਰ ਹੁਣ ਤੱਕ ਵਿਰੋਧੀ ਟੀਮਾਂ ਲਈ ਖਤਰਾ ਬਣ ਰਹੇ ਹਨ। ਦੋਵਾਂ ਟੀਮਾਂ
ਦੇ ਅੱਧੇ-ਅੱਧੇ ਜਿੱਤਣ ਦੇ ਮੌਕੇ ਹਨ। ਵਿਸ਼ਵ ਹਾਕੀ ਕੱਪ 'ਚ ਜਰਮਨੀ ਅਤੇ ਹਾਲੈਂਡ ਅੱਗੇ
ਨਵੀਂ ਦਿੱਲੀ : ਹਾਕੀ ਵਿਸ਼ਵ ਕੱਪ ਨਵੀਂ ਦਿੱਲੀ ਦੇ ਮੇਜਰ ਧਿਆਨ ਚੰਦ ਸਟੇਡੀਅਮ 'ਚ ਚੱਲ ਰਿਹਾ ਹੈ। 9 ਮਾਰਚ ਨੂੰ ਵਿਸ਼ਵ ਕੱਪ ਹਾਕੀ ਦੇ ਪੂਲ ਏ ਨੇ ਆਖਰੀ ਗੇੜ ਦੇ ਮੈਚਾਂ ਵਿਚ ਹਾਲੈਂਡ ਅਤੇ ਜਰਮਨੀ ਨੇ ਸਰਬੋਤਮ ਸਥਾਨ ਹਾਸਲ ਕਰਦਿਆਂ ਸੈਮੀਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕੀਤੀ। 1998 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਕਿ ਏਸ਼ੀਅਨ ਮਹਾਂਦੀਪ ਦੀ ਮੇਜ਼ਬਾਨੀ ਦੇ ਬਾਵਜੂਦ ਕੋਈ ਵੀ ਟੀਮ ਸੈਮੀਫਾਈਨਲ ਵਿਚ ਕੋਈ ਜਗ੍ਹਾ ਨਹੀਂ ਬਣਾ ਸਕੀ। ਆਖਰੀ ਲੀਗ ਮੈਚ ਵਿਚ ਕੋਰੀਆ ਨੇ ਹਾਲੈਂਡ ਨੂੰ 2-1 ਨਾਲ ਮਾਤ ਦਿੱਤੀ। ਦੋਵਾਂ ਟੀਮਾਂ ਦੇ ਲੀਗ ਵਿਚ 10-10 ਅੰਕ ਹਨ ਪਰ ਗੋਲ ਔਸਤ ਦੇ ਆਧਾਰ 'ਤੇ ਕੋਰੀਆ ਟੀਮ ਸੈਮੀਫਾਈਨਲ ਦੀ ਦੌੜ ਵਿਚੋਂ ਬਾਹਰ ਹੋ ਗਈ। ਪਹਿਲੇ ਮੈਚ ਵਿਖੇ ਜਰਮਨੀ ਨੇ ਨਿਊਜ਼ੀਲੈਂਡ ਨੂੰ 5-2 ਨਾਲ ਹਰਾ ਕੇ ਕੁੱਲ 11 ਅੰਕ ਹਾਸਲ ਕਰਦਿਆਂ ਆਖਰੀ ਚਾਰਾਂ ਅੰਕਾਂ ਵਿਚ ਆਪਣੀ ਜਗ੍ਹਾ ਨਿਸ਼ਚਿਤ ਕੀਤੀ। ਕੋਰੀਆ ਨੇ ਆਪਣੇ ਆਖਰੀ ਲੀਗ ਮੈਚ ਵਿਚ ਪਿਛਲੇ ਕੱਪ 'ਚ ਸਤਵੇਂ ਸਥਾਨ 'ਤੇ ਰਹੇ ਹਾਲੈਂਡ ਨੂੰ 2-1 ਨਾਲ ਮਾਤ ਦਿੱਤੀ। ਹਾਲੈਂਡ ਵੱਲੋਂ ਪਹਿਲੇ 28 ਸੈਕਿੰਡਾਂ ਵਿਚ ਰੋਨਾਲਡ ਬਰੋਅਰ ਨੇ ਗੋਲ ਕਰਕੇ ਜਿੱਤ ਦੇ ਸੁਪਨੇ ਸੰਜੋਏ। ਕੋਰੀਆ ਵੱਲੋਂ 31ਵੇਂ ਮਿੰਟ ਵਿਚ ਨਾਮ ਹਿਊ ਵਿਊ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕੀਤਾ, ਜਦ ਕਿ 45ਵੇਂ ਮਿੰਟ ਵਿਚ ਕਪਤਾਨ ਸਿਊ ਜੋਂਗ ਹੋਂਗ ਨੇ ਜੇਤੂ ਗੋਲ ਕੀਤਾ। ਲੀਗ ਦੌਰ ਦੀ ਸਮਾਪਤੀ ਤੋਂ ਬਾਅਦ ਹਾਲੈਂਡ ਨੇ ਪੰਜ ਮੈਚਾਂ ਬਾਅਦ ਤਿੰਨ ਜਿੱਤਾਂ, ਇਕ ਬਰਾਬਰੀ ਅਤੇ ਇਕ ਹਾਰ ਨਾਲ ਕੁਲ 10 ਅੰਕ ਹਨ। ਹਾਲੈਂਡ ਨੇ 15 ਗੋਲ ਕੀਤੇ ਅਤੇ ਪੰਜ ਖਾਧੇ ਹਨ, ਜਦ ਕਿ ਕੋਰੀਆ ਪੰਜ ਮੈਚਾਂ ਬਾਅਦ ਤਿੰਨ ਜਿੱਤਾਂ, ਇਕ ਬਰਾਬਰੀ ਅਤੇ ਇਕ ਹਾਰ ਨਾਲ ਕੁਲ 10 ਅੰਕ ਹਾਸਲ ਕੀਤੇ। ਕੋਰੀਆ ਨੇ 16 ਗੋਲ ਕੀਤੇ 8 ਖਾਧੇ। ਵਿਸ਼ਵ ਕੱਪ ਦੇ ਸੈਮੀਫਾਈਨਲ ਮੁਕਾਬਲੇ 11 ਮਾਰਚ ਨੂੰ ਪਹਿਲਾ ਸੈਮੀਫਾਈਨਲ ਜਰਮਨੀ ਬਨਾਮ ਇੰਗਲੈਂਡ 6.05 ਵਜੇ ਸ਼ਾਮ ਅਤੇ ਦੂਜਾ ਸੈਮੀਫਾਈਨਲ ਆਸਟਰੇਲੀਆ ਬਨਾਮ ਹਾਲੈਂਡ ਰਾਤ 8.35 ਵਜੇ ਖੇਡਿਆ ਜਾਵੇਗਾ। ਉਸੇ ਦਿਨ ਪਾਕਿਸਤਾਨ ਆਖਰੀ ਸਥਾਨ ਤੋਂ ਬਚਣ ਲਈ ਕੈਨੇਡਾ ਵਿਰੁੱਧ 3.30 ਵਜੇ ਖੇਡੇਗਾ। 10 ਮਾਰਚ ਨੂੰ ਸਾਰੀਆਂ ਟੀਮਾਂ ਲਈ ਆਰਾਮ ਦਾ ਦਿਨ ਹੋਵੇਗਾ। ਭਾਰਤ ਅਤੇ ਦੱਖਣੀ ਅਫਰੀਕਾ ਮੈਚ 'ਚ ਬਰਾਬਰ
ਨਵੀਂ ਦਿੱਲੀ : ਦਿੱਲੀ ਦੇ ਮੇਜਰ ਧਿਆਨ ਚੰਦ
ਸਟੇਡੀਅਮ ਵਿਚ ਹਾਕੀ ਵਿਸ਼ਵ ਕੱਪ ਚੱਲ ਰਿਹਾ ਹੈ। ਇਸ ਦੇ ਪੂਲ ਬੀ ਦੇ ਆਖਰੀ ਮੈਚ 'ਚ
ਮੇਜ਼ਬਾਨ ਭਾਰਤ ਅਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਸਖਤ ਮੁਕਾਬਲੇ ਮਗਰੋਂ 3-3 ਨਾਲ
ਬਰਾਬਰੀ 'ਤੇ ਰਹੀਆਂ। ਪੰਜਵੇਂ ਦੌਰ ਦੇ ਇਸ ਮੈਚ ਤੋਂ ਬਾਅਦ ਭਾਰਤ ਨੇ ਚਾਰ ਅੰਕ
ਪ੍ਰਾਪਤ ਕਰਕੇ ਗੋਲ ਔਸਤ ਦੇ ਅਧਾਰ 'ਤੇ ਪੂਲ 'ਚ ਚੌਥਾ ਸਥਾਨ ਪ੍ਰਾਪਤ ਕਰ ਲਿਆ ਹੈ।
ਇਸ ਤਰਾਂ ਭਾਰਤ ਹੁਣ ਸੱਤਵੇਂ ਸਥਾਨ ਲਈ ਖੇਡੇਗਾ। ਹਾਕੀ ਵਿਸ਼ਵ ਕੱਪ 'ਚ ਇੰਗਲੈਂਡ ਨੂੰ ਸਪੇਨ ਨੇ 2-0 ਨਾਲ ਹਰਾਇਆ
ਨ ਵੀਂ ਦਿੱਲੀ, 8 ਮਾਰਚ - ਬੀਜਿੰਗ ਉਲੰਪਿਕ 'ਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਸਪੇਨ ਦੀ ਹਾਕੀ ਟੀਮ ਨੇ ਹਾਕੀ ਵਿਸ਼ਵ ਕੱਪ ਦੇ ਪੂਲ ਬੀ ਦੇ ਇਕ ਮੁਕਾਬਲੇ 'ਚ ਇੰਗਲੈਂਡ ਨੂੰ 2-0 ਨਾਲ ਹਰਾ ਦਿੱਤਾ। ਇਸ ਜਿੱਤ ਦੇ ਬਾਵਜੂਦ ਸਪੇਨ ਦੀ ਟੀਮ ਸੈਮੀਫਾਈਨਲ 'ਚ ਨਹੀਂ ਪਹੁੰਚ ਸਕੀ। ਸਪੇਨ ਲਈ ਪਹਿਲਾ ਗੋਲ ਕਵੋਮਾਦਾ ਨੇ 35ਵੇਂ ਮਿੰਟ 'ਚ ਅਤੇ ਦੂਸਰਾ ਐਡਵਰਡ ਤੋਬਾਉ ਨੇ 64ਵੇਂ ਮਿੰਟ 'ਚ ਕੀਤਾ। ਪਹਿਲਾ ਗੋਲ ਪੈਨਲਟੀ ਕਾਰਨਰ ਜ਼ਰੀਏ ਹੋਇਆ ਜਦਕਿ ਦੂਸਰਾ ਫੀਲਡ ਗੋਲ ਸੀ। ਸਪੇਨ ਦੀ ਇਹ ਤੀਸਰੀ ਜਿੱਤ ਹੈ। ਇਸ ਤੋਂ ਪਹਿਲਾਂ ਉਸਨੂੰ ਪਾਕਿਸਤਾਨ ਅਤੇ ਆਸਟਰੇਲੀਆ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਜਿੱਤ ਨਾਲ ਸਪੇਨ ਦੇ 9 ਅੰਕ ਹੋ ਗਏ ਹਨ। ਪੂਲ ਏ 'ਚ ਆਸਟਰੇਲੀਆ ਦੇ ਵੀ 9 ਅੰਕ ਹਨ, ਪਰ ਗੋਲ ਅੰਤਰ ਦੇ ਲਿਹਾਜ ਨਾਲ ਉਸ ਦੀ ਸਥਿਤੀ ਸਪੇਨ ਨਾਲੋਂ ਜ਼ਿਆਦਾ ਚੰਗੀ ਹੈ। ਸਪੇਨ ਨੇ ਦੂਸਰੀਆਂ ਟੀਮਾਂ ਖਿਲਾਫ 12 ਗੋਲ ਕੀਤੇ ਹਨ, ਜਦਕਿ ਚਾਰ ਮੈਚਾਂ ਜ਼ਰੀਏ 21 ਗੋਲ ਕਰਕੇ ਆਸਟਰੇਲੀਆ ਦੀ ਟੀਮ ਸੈਮੀਫਾਈਨਲ 'ਚ ਪਹੁੰਚ ਚੁੱਕੀ ਹੈ।ਕਿਉਂ ਜਾ ਰਹੀ ਹੈ ਹਾਕੀ ਥੱਲੇ ਵੱਲ ? ਜਲੰਧਰ, 8 ਮਾਰਚ - ਭਾਰਤ ਦੀ ਹਾਕੀ ਨਿਘਾਰ ਵੱਲ ਕਿਉਂ ਜਾ ਰਹੀ ਹੈ, ਆਖਿਰ ਇਸ ਲਈ ਕੌਣ ਜ਼ਿੰਮੇਵਾਰ ਹਨ, ਕਿਉਂਕਿ ਇਕ ਪਾਸੇ ਤਾਂ ਅਸੀਂ ਯੂਰਪੀ ਮੁਲਕਾਂ ਤੋਂ ਫਿਜ਼ੀਕਲ ਫਿਟਨੈੱਸ ਤੇ ਰਫ਼ਤਾਰ ਵਿਚ ਤਾਂ ਪਛੜੇ ਹੀ ਹਾਂ ਪਰ ਤੇਜ਼ੀ ਨਾਲ ਬਦਲ ਰਹੇ ਹਾਕੀ ਦੇ ਨਿਯਮਾਂ ਕਰਕੇ ਵੀ ਸਾਡੀ ਹਾਕੀ ਦਾ ਬਹੁਤ ਨੁਕਸਾਨ ਹੋਇਆ ਹੈ। ਅਸੀਂ ਇਸ ਨਾਲ ਕਦਮ-ਤਾਲ ਨਹੀਂ ਕਰ ਪਾ ਰਹੇ। ਸਾਡੀ ਹਾਕੀ ਦੀ ਦਸ਼ਾ ਇਸ ਵੇਲੇ ਐਸੀ ਹੋ ਗਈ ਹੈ ਕਿ ਕਾਂ ਚੱਲਿਆ ਹੰਸ ਦੀ ਚਾਲ ਤੇ ਆਪਣੀ ਚਾਲ ਵੀ ਭੁੱਲ ਬੈਠਾ, ਕਿਉਂਕਿ ਅਸੀਂ ਪੱਛਮੀ ਮੁਲਕਾਂ ਦੀ ਨਕਲ ਕਰਦੇ ਆਪਣੀ ਰਵਾਇਤੀ ਹਾਕੀ ਨੂੰ ਭੁੱਲ ਗਏ ਹਾਂ, ਜਿਸ ਨਾਲ ਅਸੀਂ ਨਾ ਇਧਰ ਦੇ ਰਹੇ ਨਾ ਉਧਰ ਦੇ। ਜੇ ਅਸੀਂ ਭਾਰਤੀ ਹਾਕੀ ਟੀਮ 'ਤੇ ਨਜ਼ਰ ਮਾਰੀਏ ਤਾਂ ਇਸ ਦੇ ਵਿਚ ਤਿੰਨ ਡਰੈੱਗ ਫਲਿੱਕਰ ਸਨ ਪਰ ਫਿਰ ਵੀ ਅਸੀਂ ਇਕ ਮੈਚ ਹੀ ਜਿੱਤ ਸਕੇ, ਬਾਕੀ ਤਿੰਨਾਂ ਵਿਚ ਬੁਰੀ ਤਰ੍ਹਾਂ ਹਾਰ ਖਾਧੀ। ਸਾਡੀ ਟੀਮ ਹਮਲੇ ਬੇਸ਼ੱਕ ਕਰਦੀ ਸੀ ਪਰ ਅਸੀਂ ਇਕੱਠੇ ਹੋ ਕੇ ਅਟੈਕ ਨਹੀਂ ਸੀ ਕਰਦੇ। ਲੀਡ ਨੂੰ ਵੀ ਅਸੀਂ ਕਾਇਮ ਨਹੀਂ ਰੱਖ ਸਕੇ ਤੇ ਸਹੀ ਤਰੀਕੇ ਨਾਲ ਸਾਡੀ ਟੀਮ ਇਸ ਵਿਸ਼ਵ ਹਾਕੀ ਕੱਪ ਲਈ ਤਿਆਰ ਨਹੀਂ ਹੋ ਸਕੀ। ਜਿਥੋਂ ਤੱਕ ਕੋਚ ਦਾ ਸਵਾਲ ਹੈ, ਸਾਡੇ ਦੇਸ਼ ਵਿਚ ਕੋਚ ਨੂੰ ਲੰਬੇ ਸਮੇਂ ਤੱਕ ਪਰਖਿਆ ਨਹੀਂ ਜਾਂਦਾ। ਪਹਿਲਾਂ ਕਾਰਵੋਲੋ, ਹਰਿੰਦਰ, ਚਾਹਲ ਸਵਰਥ ਤੇ ਹੁਣ ਬਰਾਸਾ ਨੂੰ ਜ਼ਿੰਮੇਵਾਰੀ ਸੌਂਪੀ ਹੈ ਪਰ ਸਾਡੀ ਲੰਬੇ ਸਮੇਂ ਦੀ ਪਲੈਨਿੰਗ ਨਹੀਂ ਹੈ, ਜਿਹੜਾ ਫੈਡਰੇਸ਼ਨ ਦਾ ਕਹਿਣਾ ਨਹੀਂ ਸੀ ਮੰਨਦਾ ਉਸ ਨੂੰ ਬੁਰੀ ਤਰ੍ਹਾਂ ਜ਼ਲੀਲ ਕਰਕੇ ਬਾਹਰ ਕੱਢ ਦਿੱਤਾ ਜਾਂਦਾ ਸੀ। ਇਸ ਲਈ ਸਾਡੀ ਕੋਚਿੰਗ ਪ੍ਰਣਾਲੀ ਵੀ ਕਾਫੀ ਹੱਦ ਤੱਕ ਜ਼ਿੰਮੇਵਾਰ ਹੈ। ਹਾਕੀ ਵਿਸ਼ਵ ਕੱਪ ਲਈ ਭਾਰਤ ਨੇ ਕੋਈ ਤਿਆਰੀ ਨਹੀਂ ਕੀਤੀ ਕਿ ਇਸ ਦੇ ਵਿਚ ਵਧੀਆ ਪਰਫਾਰਮੈਂਸ ਦੇਣੀ ਹੈ, ਜਿਸ ਤਰ੍ਹਾ ਚੀਨ ਨੇ ਉਲੰਪਿਕ ਖੇਡਾਂ ਲਈ ਤਿਆਰ ਕੀਤੀ ਸੀ ਤੇ ਇੰਗਲੈਂਡ ਦੀ ਹਾਕੀ ਟੀਮ 2012 ਦੀ ਲੰਡਨ ਉਲੰਪਿਕ ਲਈ ਤਿਆਰੀ ਸਬੰਧੀ ਆਪਣਾ ਪ੍ਰਦਰਸ਼ਨ ਇਸ ਵਿਸ਼ਵ ਕੱਪ ਵਿਚ ਕਰ ਰਹੀ ਹੈ ਪਰ ਅਸੀਂ ਮੇਜ਼ਬਾਨ ਹੋਣ ਦੇ ਨਾਤੇ ਵੀ ਇਸ ਦੀ ਤਿਆਰੀ ਨਹੀਂ ਕਰ ਸਕੇ ਜਦ ਕਿ ਰਾਸ਼ਟਰ ਮੰਡਲ ਖੇਡਾਂ ਸਾਡੇ ਸਿਰ 'ਤੇ ਖੜ੍ਹੀਆਂ ਹਨ। ਅਸੀਂ ਇਸ ਲਈ ਵੀ ਗੰਭੀਰ ਨਹੀਂ ਤਾਂ ਇਸ ਦੇ ਵਿਚ ਆਖਿਰ ਕਸੂਰ ਕਿਸਦਾ ਹੈ। ਜਿਥੋਂ ਤੱਕ ਹਾਕੀ ਇੰਡੀਆ ਦਾ ਸਵਾਲ ਹੈ ਇਸ ਨੇ ਅਜੇ ਤੱਕ ਆਪਣੀ ਚੋਣ ਨਹੀਂ ਕਰਵਾਈ। ਹਾਕੀ ਦੇ ਚੌਧਰੀਆਂ ਨੇ ਕੁਰਸੀ ਦੀ ਖਾਤਿਰ ਸਾਡੇ ਦੇਸ਼ ਦੀ ਆਨ ਤੇ ਸ਼ਾਨ ਨੂੰ ਦਾਅ 'ਤੇ ਲਾ ਦਿੱਤਾ ਜਿਸ ਦਾ ਨਤੀਜਾ ਅਸੀਂ ਖਿਡਾਰੀ ਸ਼ਵਿੰਦਰ ਸਿੰਘ ਦੇ ਦੋ ਮੈਚਾਂ ਦੀ ਪਾਬੰਦੀ ਰਾਹੀਂ ਭੁਗਤ ਲਿਆ ਹੈ ਕਿ ਸਾਡਾ ਐਫ. ਆਈ. ਐਚ. ਵਿਚ ਕਿੰਨਾ ਕੁ ਦਬ-ਦਬਾ ਹੈ। ਅਜੇ ਵੀ ਵੇਲਾ ਹੈ ਜੇ ਹਾਕੀ ਨੂੰ ਨਾ ਸਾਂਭਿਆ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਹਾਕੀ ਖੇਡ ਨੂੰ ਖੇਡਣਾ ਤਾਂ ਕੀ, ਦੇਖਣ ਵਾਲੇ ਵੀ ਨਹੀਂ ਮਿਲਣਗੇ। ਹਾਕੀ ਦੇ ਮਹਾਨ ਖਿਡਾਰੀ 'ਤੇ ਬਣੇਗੀ ਫਿਲਮ 'ਆਈ ਐਮ ਦੇਅਰ' ਜਲੰਧਰ, 8 ਮਾਰਚ - ਬਾਲੀਵੁਡ ਫ਼ਿਲਮ ਬਣਾਉਣ ਵਾਲੀ ਇਕ ਕੰਪਨੀ ਨੇ ਭਾਰਤ ਦੇ ਮਹਾਨ ਹਾਕੀ ਖਿਡਾਰੀ 'ਤੇ ਇਕ ਫ਼ਿਲਮ ਬਣਾਉਣ ਦਾ ਫੈਸਲਾ ਕੀਤਾ ਹੈ ਜਿਸ ਦੇ ਲਈ ਕੌਮਾਂਤਰੀ ਪੱਧਰ ਦੇ ਨਿਰਦੇਸ਼ਕ ਸ਼ੇਖਰ ਕਪੂਰ ਤੇ ਮਨੋਜ ਸ਼ਿਆਮ ਲਾਲ ਨਾਲ ਗੱਲਬਾਤ ਚੱਲ ਰਹੀ ਹੈ। ਕੰਪਨੀ 'ਕੇ ਸੇਰਾ ਸੇਰਾ' ਨੇ ਫ਼ਿਲਮ ਦਾ ਨਾਂਅ 'ਆਈ ਐਮ ਦੇਅਰ' ਰੱਖਿਆ ਹੈ ਜਿਸ ਦੇ ਵਿਚ ਮਹਾਨ ਹਾਕੀ ਖਿਡਾਰੀ ਦੀ ਜ਼ਿੰਦਗੀ ਦਾ ਖੁਲਾਸਾ ਕੀਤਾ ਜਾਵੇਗਾ ਤੇ ਇਸ ਤੋਂ ਇਲਾਵਾ ਭਾਰਤੀ ਹਾਕੀ ਦੇ ਇਤਿਹਾਸ ਦੇ ਮਹੱਤਵਪੂਰਨ ਯਾਦਗਾਰੀ ਪਹਿਲੂਆਂ ਦੀ ਵੀ ਜਾਣਕਾਰੀ ਦਿੱਤੀ ਜਾਵੇਗੀ। ਬੇਸ਼ੱਕ ਇਸ ਵੇਲੇ ਫ਼ਿਲਮ ਬਣਾਉਣ ਵਾਲਿਆਂ ਨੇ ਖਿਡਾਰੀ ਦੇ ਨਾਂਅ ਦਾ ਖੁਲਾਸਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਲੇਕਿਨ ਸੰਕੇਤ ਮਿਲੇ ਹਨ ਕਿ ਇਹ ਫ਼ਿਲਮ ਸ਼ਾਇਦ ਹਾਕੀ ਦੇ ਮਹਾਨ ਜਾਦੂਗਰ ਮੇਜਰ ਧਿਆਨ ਚੰਦ 'ਤੇ ਹੀ ਬਣੇਗੀ। ਯਾਦ ਰਹੇ ਕਿ ਇਸ ਤੋਂ ਪਹਿਲਾਂ ਹਾਕੀ ਖਿਡਾਰੀ ਮੀਰ ਰੰਜਨ ਨੇਗੀ ਦੀ ਜ਼ਿੰਦਗੀ ਨਾਲ ਛੂੰਹਦੀ 'ਚੱਕ ਦੇ ਇੰਡੀਆ' ਫ਼ਿਲਮ ਬਣੀ ਸੀ ਜੋ ਕਾਫੀ ਸਫਲ ਰਹੀ ਸੀ। ਜੇ ਹੁਣ ਕਿਸੇ ਹਾਕੀ ਖਿਡਾਰੀ ਦੀ ਨਿੱਜੀ ਜ਼ਿੰਦਗੀ 'ਤੇ ਕੋਈ ਫ਼ਿਲਮ ਬਣਦੀ ਹੈ ਤਾਂ ਇਸ ਨੂੰ ਭਾਰਤ ਵਿਚ ਜ਼ਰੂਰ ਕਾਮਯਾਬੀ ਮਿਲੇਗੀ, ਕਿਉਂਕਿ ਹਾਕੀ ਭਾਰਤ ਦੀ ਰਾਸ਼ਟਰੀ ਖੇਡ ਹੈ। ਕੋਰੀਆ ਨੇ ਕੈਨੇਡਾ ਨੂੰ ਹਰਾਇਆ
ਨਵੀਂ ਦਿੱਲੀ, 7 ਮਾਰਚ - ਵਿਸ਼ਵ ਹਾਕੀ ਕੱਪ ਨਵੀਂ ਦਿੱਲੀ ਦੇ ਮੇਜਰ ਧਿਆਨ ਚੰਦ ਸਟੇਡੀਅਮ ਵਿਚ ਚੱਲ ਰਿਹਾ ਹੈ। ਇਸ ਵਿਚ ਪਿਛਲੇ ਵਿਸ਼ਵ ਕੱਪ ਦੀ ਚੌਥੇ ਸਥਾਨ 'ਤੇ ਰਹਿਣ ਵਾਲੀ ਕੋਰੀਆ ਦੀ ਟੀਮ ਨੇ ਪੂਲ ਏ ਵਿਚ ਕੈਨੇਡਾ ਨੂੰ 9-2 ਦੇ ਵੱਡੇ ਫਰਕ ਨਾਲ ਹਰਾਇਆ, ਜਦੋਂਕਿ ਜਰਮਨੀ ਤੇ ਹਾਲੈਂਡ ਬਰਾਬਰ ਰਹੇ। ਚੌਥੇ ਗੇੜ ਦੇ ਖੇਡੇ ਗਏ ਮੈਚ ਦੇ ਪਹਿਲੇ ਅੱਧ ਵਿਚ ਕੁਝ ਸੁਸਤ ਖੇਡ ਦੇਖਣ ਨੂੰ ਮਿਲੀ ਪਹਿਲੇ ਅੱਧ ਵਿਚ ਕੋਰੀਆ 2-0 ਨਾਲ ਅੱਗੇ ਸੀ, ਕੋਰੀਆ ਵੱਲੋਂ ਜੰਗ ਜੂਨ ਹੂੰ ਨੇ ਤਿੰਨ ਗੋਲ ਕਰਕੇ ਹੈਟ੍ਰਿਕ ਬਣਾਈ ਜਦਕਿ ਜਿਊ ਹੂੰ ਸਿਕ ਨੇ ਦੋ ਗੋਲ, ਨਾਮ ਹਿਊ ਵੋ ਨੇ ਦੋ, ਲੀ ਨਾਮ ਜਿਊ ਸੁੰਗ ਨੇ ਇਕ ਗੋਲ ਕੀਤਾ। ਜਦਕਿ ਕੈਨੇਡਾ ਵੱਲੋਂ ਦੋਵੇਂ ਗੋਲ ਰਾਇਟ ਫਿਲਿਪ ਨੇ ਕੀਤੇ। ਇਸ ਜਿੱਤ ਨਾਲ ਕੋਰੀਆ ਦੇ ਚਾਰ ਮੈਚਾਂ ਬਾਅਦ 7 ਅੰਕ ਅਤੇ ਕੈਨੇਡਾ ਨੇ ਅਜੇ ਆਪਣਾ ਖਾਤਾ ਨਹੀਂ ਖੋਲ੍ਹਿਆ। ਹਾਲੈਂਡ ਬਨਾਮ ਜਰਮਨੀ ਖੇਡੇ ਗਏ ਮੈਚ ਵਿਚ ਪਹਿਲੇ ਅੱਧ ਵਿਚ ਡੱਚਾਂ ਦਾ ਪੱਲੜਾ ਭਾਰੂ ਰਿਹਾ ਜਦਕਿ ਦੂਜੇ ਅੱਧ ਵਿਚ ਜਰਮਨੀ ਦੇ ਡੱਚਾਂ ਨੇ ਹਾਲੈਂਡ ਦੀ ਚੰਗੀ ਚੱਕਰੀ ਘੁਮਾਈ। ਪਹਿਲੇ ਅੱਧ ਵਿਚ ਹਾਲੈਂਡ ਨੂੰ ਤਿੰਨ ਪੈਨਲਟੀ ਕਾਰਨਰ ਮਿਲੇ ਜਿਸ ਵਿਚੋਂ ਉਨ੍ਹਾਂ ਨੇ ਇਕ ਦਾ ਲਾਹਾ ਲਿਆ ਜਦ ਕਿ ਜਰਮਨੀ ਨੇ ਦੋ ਪੈਨਲਟੀ ਕਾਰਨਰ ਬੇਕਾਰ ਕੀਤੇ। ਹਾਲੈਂਡ ਵੱਲੋਂ ਪਹਿਲਾ ਗੋਲ 22ਵੇਂ ਮਿੰਟ ਵਿਚ ਨਵੇਂ ਉੱਭਰਦੇ ਖਿਡਾਰੀ ਜੌਲੀ ਬੁੱਟਰ ਨੇ ਪੈਨਲਟੀ ਕਾਰਨਰ ਰਾਹੀਂ ਕੀਤਾ। ਪਹਿਲੇ ਅੱਧ ਤੱਕ ਹਾਲੈਂਡ 1-0 ਨਾਲ ਅੱਗੇ ਸੀ। ਦੂਜੇ ਅੱਧ ਵਿਚ ਜਰਮਨ ਖਿਡਾਰੀਆਂ ਨੇ ਬਹੁਤ ਤੇਜ਼ੀ ਨਾਲ ਹਾਲੈਂਡ ਦੇ ਗੋਲਾਂ 'ਤੇ ਹਮਲੇ ਬੋਲੇ। ਜਰਮਨੀ ਨੂੰ ਪਹਿਲੀ ਸਫਲਤਾ 44ਵੇਂ ਮਿੰਟ ਵਿਚ ਮਿਲੀ ਜਦੋਂ ਰਾਈਟ ਸਾਈਡ ਤੋਂ ਆਏ ਕਰਾਸ 'ਤੇ ਉਲੀਵਰ ਕਾਰਨ ਨੇ ਗੋਲ ਕਰਕੇ 1-1 ਦੀ ਬਰਾਬਰੀ ਕੀਤੀ। ਮੈਚ ਦੇ 62ਵੇਂ ਮਿੰਟ ਵਿਚ ਜਰਮਨੀ ਦੇ ਮੋਨਟਾਂਗ ਨੇ ਆਏ ਰਿਬਾਊਂਡ ਦਾ ਫ਼ਾਇਦਾ ਲੈਂਦਿਆਂ ਮੈਦਾਨੀ ਗੋਲ ਰਾਹੀਂ 2-1 ਦੀ ਬੜ੍ਹਤ ਦੁਆਈ। ਦੋ ਮਿੰਟ ਦੇ ਵਕਫ਼ੇ ਬਾਅਦ ਹੀ ਆਪਣਾ 416ਵਾਂ ਮੈਚ ਖੇਡ ਰਹੇ ਸਭ ਤੋਂ ਸੀਨੀਅਰ ਖਿਡਾਰੀ ਟਿਊਨਡੀ ਨਾਇਰ ਨੇ ਗੋਲ ਕਰਕੇ ਮੈਚ ਵਿਚ 2-2 ਦੀ ਬਰਾਬਰੀ ਕਾਇਮ ਕਰਕੇ ਮੈਚ ਨੂੰ ਰੋਮਾਂਚਕ ਸਥਿਤੀ ਵਿਚ ਲੈ ਆਂਦਾ। ਮੈਚ ਦੇ ਬਿਲਕੁਲ ਆਖਰੀ ਪਲਾਂ ਵਿਚ ਜਰਮਨੀ ਜਿੱਤ ਦੇ ਨੇੜੇ ਪਹੁੰਚਿਆ ਜਦੋਂ ਉਸ ਨੂੰ ਹੂਟਰ ਵੱਜਣ ਤੋਂ ਕੁਝ ਸੈਕਿੰਡ ਪਹਿਲਾਂ ਪੈਨਲਟੀ ਕਾਰਨਰ ਮਿਲਿਆ ਪਰ ਡੱਚ ਖਿਡਾਰੀ ਇਸ ਦਾ ਲਾਭ ਨਾ ਲੈ ਸਕੇ। ਇਸ ਮੈਚ ਦੀ ਬਰਾਬਰੀ ਨਾਲ ਅਜੇ ਦੋਵੇਂ ਟੀਮਾਂ ਦਾ ਸੈਮੀਫਾਈਨਲ ਵਿਚ ਪਹੁੰਚਣਾ ਯਕੀਨੀ ਨਹੀਂ ਹੋਇਆ। ਭਾਰਤ ਵਿਸ਼ਵ ਕੱਪ ਹਾਕੀ 'ਚੋਂ ਬਾਹਰ
ਨਵੀਂ ਦਿੱਲੀ, 4 ਮਾਰਚ - ਵਿਸ਼ਵ ਕੱਪ ਹਾਕੀ ਵਿਚ ਪਾਕਿਸਤਾਨ ਦੀ ਹਾਰ ਤੋਂ ਬਾਅਦ ਮੇਜ਼ਬਾਨ ਭਾਰਤ ਵੀ ਲਗਭਗ ਖਿਤਾਬੀ ਦੌੜ ਵਿਚੋਂ ਬਾਹਰ ਹੋ ਗਿਆ ਹੈ। ਤੀਜੇ ਦੌਰ ਦੇ ਮੈਚ ਵਿਚ ਸਪੇਨ ਨੇ ਭਾਰਤ ਨੂੰ 5-2 ਗੋਲਾਂ ਨਾਲ ਕਰਾਰੀ ਮਾਤ ਦਿੱਤੀ। ਸਪੇਨ ਮੈਚ ਦੇ ਪਹਿਲੇ ਅੱਧ ਤੱਕ 2-0 ਨਾਲ ਅੱਗੇ ਸੀ। ਭਾਰਤ ਨੂੰ ਮੈਚ ਜਿੱਤਣ ਲਈ ਜਿਥੇ ਮੈਦਾਨੀ ਗੋਲ ਕਰਨ ਦੇ ਸੁਨਹਿਰੀ ਮੌਕੇ ਮਿਲੇ ਉਥੇ 6 ਪੈਨਲਟੀ ਕਾਰਨਰ ਵੀ ਮਿਲੇ ਜਿਨ੍ਹਾਂ ਵਿਚੋਂ ਸੰਦੀਪ ਸਿੰਘ ਇਕ ਦਾ ਹੀ ਲਾਭ ਲੈ ਸਕਿਆ। ਸੈਮੀਫਾਈਨਲ ਦੌੜ ਵਿਚੋਂ ਲਗਭਗ ਭਾਰਤੀ ਟੀਮ ਦਾ ਸਫਾਇਆ ਹੋ ਗਿਆ ਹੈ। ਚੈਂਪੀਅਨ ਟਰਾਫੀ ਵਿਚ ਦਾਖਲਾ ਲੈਣ ਲਈ ਭਾਰਤੀ ਟੀਮ ਨੂੰ ਆਪਣੇ ਬਾਕੀ ਮੈਚ ਹਰ ਹੀਲੇ ਜਿੱਤਣੇ ਪੈਣਗੇ। ਘੱਟ ਰਹੀ ਹੈ ਹਾਕੀ 'ਚ ਕੇਸਾਧਾਰੀ ਪੰਜਾਬੀਆਂ ਦੀ ਗਿਣਤੀ ਨਵੀਂ ਦਿੱਲੀ - ਕਦੇ ਅਜਿਹਾ ਸਮਾਂ ਸੀ ਜਦੋਂ ਵਿਸ਼ਵ ਹਾਕੀ ਵਿਚ ਪੰਜਾਬੀਆਂ, ਖਾਸ ਕਰਕੇ ਸਿੱਖ ਖਿਡਾਰੀਆਂ ਦੀ ਸਰਦਾਰੀ ਹੁੰਦੀ ਸੀ। ਉਸ ਵੇਲੇ ਇਕੱਲਾ ਭਾਰਤ ਹੀ ਨਹੀਂ ਸਗੋਂ ਦੂਸਰੇ ਮੁਲਕਾਂ ਦੀਆਂ ਟੀਮਾਂ ਕੀਨੀਆ, ਇੰਗਲੈਂਡ, ਕੈਨੇਡਾ, ਤਨਜਾਨੀਆ, ਯੂਗਾਂਡਾ ਅਤੇ ਅਮਰੀਕਾ ਆਦਿ ਮੁਲਕਾਂ ਵਿਚ ਵੀ ਸਰਦਾਰ ਖਿਡਾਰੀਆਂ ਦਾ ਹਾਕੀ-ਹੁਨਰ ਸਿਰ ਚੜ੍ਹ ਕੇ ਬੋਲਦਾ ਸੀ। 1973 ਦਾ ਐਮਸਟਰਡਮ ਵਿਸ਼ਵ ਕੱਪ ਹਾਕੀ ਮੁਕਾਬਲਾ ਇਕ ਅਜਿਹਾ ਟੂਰਨਾਮੈਂਟ ਸੀ, ਜਿਸ ਵਿਚ ਸਭ ਤੋਂ ਵੱਧ 32 ਸਿੱਖ (ਜੂੜੇ ਵਾਲੇ ਖਿਡਾਰੀ) ਖੇਡੇ ਸਨ। ਇਸ ਟੂਰਨਾਮੈਂਟ ਵਿਚ ਜਿਥੇ ਭਾਰਤ ਦੀ ਟੀਮ ਵਿਚ 7 ਖਿਡਾਰੀ ਜੂੜਿਆਂ ਵਾਲੇ ਸਨ, ਉਥੇ ਕੀਨੀਆ ਦੀ ਸਾਰੀ ਦੀ ਸਾਰੀ ਟੀਮ ਸਿੱਖ ਖਿਡਾਰੀਆਂ ਨਾਲ ਭਰੀ ਪਈ ਸੀ। ਉਸ ਤੋਂ ਪਹਿਲਾਂ 1972 ਮਿਊਨਿਖ ਉਲੰਪਿਕ ਵਿਚ 30 ਸਿੱਖ ਖਿਡਾਰੀ ਖੇਡੇ ਸਨ। ਯਾਦ ਰਹੇ ਸਿੱਖ ਖਿਡਾਰੀਆਂ ਦੀ ਬਦੌਲਤ 1971 ਵਿਚ ਵਿਸ਼ਵ ਕੱਪ ਵਿਚ ਕੀਨੀਆ ਨੇ ਜਰਮਨੀ ਨੂੰ ਹਰਾ ਕੇ ਸੈਮੀਫਾਈਨਲ ਲਈ ਕਵਾਲੀਫਾਈ ਕੀਤਾ ਸੀ ਅਤੇ ਵਿਸ਼ਵ ਹਾਕੀ ਦੇ ਇਤਿਹਾਸ ਵਿਚ ਅਫਰੀਕਨ ਮਹਾਂਦੀਪ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਪਰ ਜਿਉਂ ਹੀ ਐਸਟਰੋਟਰਫ ਹਾਕੀ ਦਾ ਜ਼ਮਾਨਾ ਆਇਆ ਤਾਂ ਯੂਰਪੀਅਨ ਮੁਲਕਾਂ ਦੀ ਸਰਦਾਰੀ ਅੱਗੇ ਆਈ ਅਤੇ ਸਿੱਖ ਖਿਡਾਰੀਆਂ ਦੀ ਆਮਦ ਘਟਣੀ ਸ਼ੁਰੂ ਹੋ ਗਈ। ਅੱਜ ਦੇ ਯੁੱਗ ਵਿਚ ਕੀਨੀਆ, ਯੂਗਾਂਡਾ ਅਤੇ ਤਨਜਾਨੀਆ ਵਰਗੇ ਮੁਲਕ ਤਾਂ ਹਾਕੀ ਵਿਚੋਂ ਆਪਣੀ ਹੋਂਦ ਹੀ ਗਵਾ ਚੁੱਕੇ ਹਨ। ਦੂਸਰੇ ਮੁਲਕਾਂ ਦੀਆਂ ਟੀਮਾਂ ਵਿਚ ਨਾਮਾਤਰ ਸਿੱਖ ਖਿਡਾਰੀ ਰਹਿ ਗਏ ਹਨ। ਭਾਵੇਂ ਬੀਜਿੰਗ ਉਲੰਪਿਕ ਵਿਚ ਕੈਨੇਡਾ ਦੀ ਟੀਮ ਵੱਲੋਂ ਚਾਰ ਸਿੱਖ ਖਿਡਾਰੀਆਂ ਨੇ ਸ਼ਮੂਲੀਅਤ ਕੀਤੀ ਸੀ ਪਰ 12ਵੇਂ ਵਿਸ਼ਵ ਕੱਪ ਹਾਕੀ ਮੁਕਾਬਲੇ ਵਿਚ ਕੈਨੇਡਾ ਵੱਲੋਂ ਸਿਰਫ਼ ਦੋ ਸਿੱਖ ਖਿਡਾਰੀ ਖੇਡ ਰਹੇ ਹਨ ਜਿਨ੍ਹਾਂ ਵਿਚ ਸੁਖਵਿੰਦਰ ਸਿੰਘ ਗੱਬਰ ਅਤੇ ਸੰਜੀਵ ਸਿੰਘ ਦਿਓਲ ਖੇਡ ਰਹੇ ਹਨ। ਜਦਕਿ ਇੰਗਲੈਂਡ, ਜਿਸ ਵਿਚ ਕਿਸੇ ਵੇਲੇ ਕਪਤਾਨ ਸੋਮਾ ਸਿੰਘ, ਕੁਲਬੀਰ ਸਿੰਘ ਭੌਰਾ ਵਰਗੇ ਨਾਮੀ ਖਿਡਾਰੀਆਂ ਨੇ ਸਿੱਖਾਂ ਦੀ ਪਹਿਚਾਣ ਨੂੰ ਕੌਮਾਂਤਰੀ ਪੱਧਰ 'ਤੇ ਦਰਸਾਇਆ ਸੀ, ਹੁਣ ਕੋਈ ਵੀ ਸਿੱਖ ਖਿਡਾਰੀ ਟੀਮ ਵਿਚ ਮੌਜੂਦ ਨਹੀਂ ਹੈ। ਦੂਜੇ ਪਾਸੇ ਪੰਜਾਬੀਆਂ ਦੀ ਇਹ ਖੁਸ਼ਕਿਸਮਤੀ ਹੈ ਕਿ ਭਾਰਤੀ ਟੀਮ ਵਿਚ ਇਸ ਵੇਲੇ 8 ਸਿੱਖ ਖਿਡਾਰੀ ਖੇਡ ਰਹੇ ਹਨ। ਇਸ ਵਿਸ਼ਵ ਕੱਪ ਵਿਚ ਭਾਰਤੀ ਟੀਮ ਦੇ ਕਪਤਾਨ ਰਾਜਪਾਲ ਸਿੰਘ, ਸੰਦੀਪ ਸਿੰਘ, ਸਰਦਾਰਾ ਸਿੰਘ, ਗੁਰਵਿੰਦਰ ਸਿੰਘ ਚੰਦੀ, ਸਵਰਨਜੀਤ ਸਿੰਘ, ਪ੍ਰਭਜੋਤ ਸਿੰਘ ਅਤੇ ਗੁਰਬਾਜ਼ ਸਿੰਘ ਖੇਡ ਰਹੇ ਹਨ, ਜਿਨ੍ਹਾਂ ਵਿਚੋਂ 5 ਖਿਡਾਰੀ ਕੇਸਧਾਰੀ ਹਨ। ਹੀਰੋ ਹਾਂਡਾ ਵਿਸ਼ਵ ਕੱਪ ਹਾਕੀ ਟੂਰਨਾਮੈਂਟ 'ਚ ਆਸਟਰੇਲੀਆ ਮੋਹਰੀ ਹੀਰੋ ਹਾਂਡਾ ਵਿਸ਼ਵ ਕੱਪ ਹਾਕੀ ਮੇਜਰ ਧਿਆਨ ਚੰਦ ਹਾਕੀ ਸਟੇਡੀਅਮ ਵਿਚ ਚੱਲ ਰਿਹਾ ਹੈ। ਇਸ ਹਾਕੀ ਟੂਰਨਾਮੈਂਟ ਵਿਚ ਚਾਰ ਵਾਰ ਦੀ ਚੈਂਪੀਅਨ ਪਾਕਿਸਤਾਨ ਟੀਮ ਤੀਸਰੇ ਦੌਰ ਦੇ ਮੈਚ ਵਿਚ 2-5 ਗੋਲਾਂ ਨਾਲ ਹਾਰ ਕੇ ਲਗਭਗ ਸੈਮੀਫਾਈਨਲ ਦੌੜ ਵਿਚੋਂ ਬਾਹਰ ਹੋ ਗਿਆ ਹੈ। ਪਾਕਿਸਤਾਨ ਦੇ ਤਿੰਨ ਮੈਚ ਖੇਡਣ ਤੋਂ ਬਾਅਦ ਇਕ ਜਿੱਤ ਨਾਲ ਸਿਰਫ ਤਿੰਨ ਅੰਕ ਹਨ ਜਦ ਕਿ ਇੰਗਲੈਂਡ ਲਗਾਤਾਰ ਤੀਜੀ ਜਿੱਤ ਹਾਸਲ ਕਰਦਿਆਂ ਕੁੱਲ 9 ਅੰਕਾਂ ਨਾਲ ਪੂਲ ਬੀ ਵਿਚ ਸਿੱਖਰ 'ਤੇ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਪੂਲ ਬੀ ਦੇ ਮੈਚ ਵਿਚ ਆਸਟਰੇਲੀਆ ਨੇ ਦੱਖਣੀ ਅਫਰੀਕਾ ਨੂੰ ਹਰਾਇਆ। ਆਸਟ੍ਰੇਲੀਆ 12-0 ਦੇ ਫਰਕ ਨਾਲ ਜੇਤੂ ਰਿਹਾ।
ਵਿਸ਼ਵ ਕੱਪ ਹਾਕੀ ਵਿਸ਼ਵ ਕੱਪ ਹਾਕੀ ਦੇ ਤੀਸਰੇ ਦਿਨ ਪੂਲ ਵਿਚ ਵਰਤਮਾਨ ਚੈਂਪੀਅਨ ਜਰਮਨੀ ਨੇ ਇਕ ਵਾਰ ਫਿਰ ਆਪਣੀ ਸਰਦਾਰੀ ਨੂੰ ਦਰਸਾਉਂਦਿਆਂ ਕੈਨੇਡਾ ਨੂੰ 6-0 ਨਾਲ ਹਰਾ ਕੇ ਟੂਰਨਾਮੈਂਟ ਦੀ ਵੱਡੀ ਜਿੱਤ ਹਾਸਲ ਕੀਤੀ। ਜਰਮਨੀ ਦੀ ਇਹ ਪਹਿਲੀ ਜਿੱਤ ਸੀ। ਇਸ ਤੋਂ ਪਹਿਲਾਂ ਜਰਮਨੀ ਅਤੇ ਕੋਰੀਆ ਵਿਚਕਾਰ ਖੇਡਿਆ ਗਿਆ ਮੁਕਾਬਲਾ 2-2 'ਤੇ ਬਰਾਬਰ ਰਿਹਾ ਸੀ। ਜਰਮਨੀ ਦੇ ਫਲੋਰੀਅਨ ਫਕਸ ਨੂੰ ਮੈਨ ਆਫ ਦੀ ਮੈਚ, ਕਪਤਾਨ ਮੂਲਰ ਮੈਕਸੀਮਿਲਾਨ ਨੂੰ ਸਰਬੋਤਮ ਡਿਫੈਂਡਰ ਵਜੋਂ ਐਵਾਰਡ ਨਾਲ ਸਨਮਾਨਿਤ ਕੀਤਾ। ਇਸੇ ਦੌਰਾਨ ਪੂਲ ਏ ਦੇ ਇਕ ਹੋਰ ਮੈਚ 'ਚ ਹਾਲੈਂਡ ਨੇ ਨਿਊਜ਼ੀਲੈਂਡ ਨੂੰ 3-1 ਨਾਲ ਹਰਾ ਦਿੱਤਾ। ਹਾਲੈਂਡ ਦੀ ਵਿਸ਼ਵ ਕੱਪ 'ਚ ਇਹ ਦੂਸਰੀ ਜਿੱਤ ਹੈ, ਜਦਕਿ ਨਿਊਜ਼ੀਲੈਂਡ ਦੀ ਇਹ ਪਹਿਲੀ ਹਾਰ ਹੈ। ਭਾਰਤ ਅਤੇ ਸਪੇਨ ਵਿਚਕਾਰ ਕਰੋ ਜਾਂ ਮਰੋ ਵਾਲਾ ਮੈਚ ਵਿਸ਼ਵ ਕੱਪ 2010 ਵਿਚ ਪੂਲ ਬੀ ਦੇ ਤੀਸਰੇ ਦੌਰ ਦੇ ਇਕ ਅਹਿਮ ਮੁਕਾਬਲੇ ਵਿਚ ਭਾਰਤ ਅਤੇ ਸਪੇਨ ਦੀਆਂ ਟੀਮਾਂ ਆਹਮਣੇ-ਸਾਹਮਣੇ ਹੋਣਗੀਆਂ ਜੋ ਵੀ ਟੀਮ ਇਹ ਮੈਚ ਜਿੱਤੇਗੀ ਸੈਮੀਫਾਈਨਲ ਵਿਚ ਪੁੱਜਣ ਦਾ ਉਸ ਦਾ ਦਾਅਵਾ ਮਜ਼ਬੂਤ ਹੋਵੇਗਾ। ਇਸ ਲਈ ਦੋਵਾਂ ਟੀਮਾਂ ਲਈ ਇਹ ਮੁਕਾਬਲਾ ਕਰੋ ਜਾਂ ਮਰੋ ਵਾਲਾ ਹੋਵੇਗਾ। ਵਿਸ਼ਵ ਦੀ ਨੰਬਰ 3 ਰੈਂਕਿੰਗ ਵਾਲੀ ਟੀਮ ਸਪੇਨ ਜਿਸ ਨੇ ਮੁੱਢਲੇ ਮੈਚ ਵਿਚ ਦੱਖਣੀ ਅਫਰੀਕਾ ਨੂੰ 4-2 ਨਾਲ ਹਰਾਇਆ ਸੀ ਅਤੇ ਦੂਸਰੇ ਮੈਚ ਵਿਚ ਪਾਕਿਸਤਾਨ ਹੱਥੋਂ 2-1 ਨਾਲ ਹਾਰ ਗਈ ਸੀ। ਵਿਸ਼ਵ ਦੇ ਰੈਂਕਿੰਗ ਨੰਬਰ 12 ਦਾ ਸਥਾਨ ਰੱਖਣ ਵਾਲੀ ਭਾਰਤੀ ਟੀਮ ਦੇ ਖਿਡਾਰੀਆਂ ਲਈ ਤਾਂ ਇਹ ਇਕ ਵੱਡੇ ਇਮਤਿਹਾਨ ਦੀ ਘੜੀ ਹੈ, ਭਾਰਤ ਨੇ ਵੀ ਇਕ ਮੈਚ ਜਿੱਤਿਆ ਅਤੇ ਇਕ ਹਾਰਿਆ ਹੈ। ਵਿਸ਼ਵ ਕੱਪ ਦੇ ਇਤਿਹਾਸ ਵਿਚ ਜੇਕਰ ਦੋਵਾਂ ਟੀਮਾਂ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਵੇਖੀਏ ਤਾਂ ਭਾਰਤ ਨੇ ਦੋ ਵਾਰ 1973 ਅਤੇ 2002 ਵਿਸ਼ਵ ਕੱਪ ਵਿਚ ਸਪੇਨ ਨੂੰ ਹਰਾਇਆ ਹੈ ਜਦ ਕਿ ਸਪੇਨ 1978 ਅਤੇ 1986 ਲੰਡਨ ਵਿਸ਼ਵ ਕੱਪ ਵਿਚ ਦੋ ਵਾਰ ਭਾਰਤ ਨੂੰ ਹਰਾ ਚੁੱਕਾ ਹੈ। ਸਪੇਨ ਦਾ ਕਪਤਾਨ ਪਾਲ ਅਮਾਤ, ਤਬਾਊ ਐਡਗਰਡ, ਕਮਾਦਾ ਪਾਓ, ਰਿਬਾਸ ਐਕਸਵਿਅਰ ਬੇਹੱਦ ਖ਼ਤਰਨਾਕ ਖਿਡਾਰੀ ਹਨ ਜਦ ਕਿ ਭਾਰਤ ਟੀਮ ਦੀਆਂ ਵੱਡੀਆਂ ਆਸਾਂ ਸੰਦੀਪ ਸਿੰਘ, ਪ੍ਰਭਜੋਤ ਸਿੰਘ, ਸਰਦਾਰਾ ਸਿੰਘ, ਹਰਜਨ ਹਲੱਪਾ ਤੇ ਕਪਤਾਨ ਰਾਜਪਾਲ 'ਤੇ ਰਹਿਣਗੀਆਂ। ਸਪੇਨ ਨੂੰ ਹਰਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਜੇਕਰ ਭਾਰਤ ਨੇ ਮੋਰਚਾ ਫਤਿਹ ਕਰਨਾ ਹੈ ਤਾਂ ਪਾਕਿਸਤਾਨ ਵਾਂਗ ਕੋਈ ਅਜਿਹੀ ਨੀਤੀ ਘੜਨੀ ਪਵੇਗੀ ਕਿ ਉਸ ਦੀ ਫਾਰਵਰਡ ਲਾਈਨ ਘੱਟ ਤੋਂ ਘੱਟ ਭਾਰਤ ਡੀ ਵਿਚ ਪ੍ਰਵੇਸ਼ ਕਰੇ। ਭਲਕੇ ਹੋਣ ਵਾਲੇ ਮੈਚ ਇਸ ਤਰ੍ਹਾਂ ਹਨ। ਵਿਸ਼ਵ ਕੱਪ ਹਾਕੀ 'ਚ ਇੰਗਲੈਂਡ ਅਤੇ ਪਾਕਿ ਮੋਹਰੀ ਨਵੀਂ ਦਿੱਲੀ, 2 ਮਾਰਚ - ਵਿਸ਼ਵ ਕੱਪ ਹਾਕੀ ਟੂਰਨਾਮੈਂਟ ਦਿੱਲੀ ਦੇ ਮੇਜਰ ਧਿਆਨ ਚੰਦ ਹਾਕੀ ਸਟੇਡੀਅਮ 'ਚ ਚੱਲ ਰਿਹਾ ਹੈ। ਇਸ ਟੂਰਨਾਮੈਂਟ ਵਿਚ ਇੰਗਲੈਂਡ ਦੀ ਟੀਮ ਨੇ ਹਾਕੀ ਵਿਸ਼ਵ ਕੱਪ ਵਿਚ ਆਪਣੀ ਲਗਾਤਾਰ ਦੂਸਰੀ ਜਿੱਤ ਦਰਜ ਕੀਤੀ। ਇਸੇ ਤਰ੍ਹਾਂ ਪਾਕਿਸਤਾਨ ਨੇ ਸਪੇਨ ਦੀ ਸ਼ਕਤੀਸ਼ਾਲੀ ਟੀਮ ਨੂੰ ਹਰਾ ਦਿੱਤਾ। ਇੰਗਲੈਂਡ ਲਈ ਰਿਚਰਡ ਮੇਂਟਾਲ, ਐਸ਼ਲੌਕਸਨ, ਨਿਕ ਕਾਟਲਿਨ ਅਤੇ ਇਆਨ ਮੈਕੇ ਨੇ ਗੋਲ ਦਾਗੇ। ਦੂਜੇ ਪਾਸੇ ਦੱਖਣੀ ਅਫਰੀਕਾ ਲਈ ਮਾਰਵਿਨ ਹਾਰਪਰ, ਨੌਰਿਸ ਜੌਂਸ ਅਤੇ ਥਾਰਟਨ ਮੈਕਡੇਡ ਨੇ ਗੋਲ ਕੀਤੇ। ਦੱਖਣੀ ਅਫਰੀਕਾ ਦੀ ਇਹ ਲਗਾਤਾਰ ਦੂਸਰੀ ਹਾਰ ਹੈ। ਵਿਸ਼ਵ ਹਾਕੀ ਕੱਪ ਨਵੀਂ ਦਿੱਲੀ, 28 ਫਰਵਰੀ - ਨਵੀਂ ਦਿੱਲੀ ਦੇ ਮੇਜਰ ਧਿਆਨ ਚੰਦ ਨੈਸ਼ਨਲ ਹਾਕੀ ਸਟੇਡੀਅਮ 'ਚ 12ਵਾਂ ਹੀਰੋ ਹਾਂਡਾ ਵਿਸ਼ਵ ਕੱਪ ਹਾਕੀ ਮੁਕਾਬਲਾ 28 ਫਰਵਰੀ ਤੋਂ 13 ਮਾਰਚ ਤੱਕ ਕਰਵਾਇਆ ਜਾ ਰਿਹਾ ਹੈ। ਇਸ ਵਿਸ਼ਵ ਹਾਕੀ ਟੂਰਨਾਮੈਂਟ ਦੇ ਉਦਘਾਟਨੀ ਮੈਚ ਵਿਚ ਵਰਤਮਾਨ ਕਾਂਸੀ ਤਗਮਾ ਜੇਤੂ ਸਪੇਨ ਨੇ ਦੱਖਣੀ ਅਫਰੀਕਾ ਨੂੰ 4-2 ਨਾਲ ਹਰਾ ਕੇ ਜੇਤੂ ਸ਼ੁਰੂਆਤ ਕੀਤੀ। ਅੱਧੇ ਸਮੇਂ ਤੱਕ ਦੋਵੇਂ ਟੀਮਾਂ 2-2 'ਤੇ ਬਰਾਬਰ ਸਨ। ਦੂਸਰਾ ਮੈਚ ਆਸਟਰੇਲੀਆ ਅਤੇ ਇੰਗਲੈਂਡ ਵਿਚਕਾਰ ਹੋਇਆ। ਇੰਗਲੈਂਡ ਨੇ ਇਹ ਮੈਚ 3-2 ਨਾਲ ਜਿੱਤਿਆ। ਵਿਸ਼ਵ ਕੱਪ ਦਾ ਇਹ ਸਭ ਤੋਂ ਵੱਡਾ ਉਲਟ ਫੇਰ ਹੈ।
ਭਾਰਤ ਨੇ ਪਾਕਿਸਤਾਨ ਨੂੰ 4-1 ਨਾਲ ਦਰੜਿਆ, ਦਰਸ਼ਕਾਂ ਨੂੰ ਫਾਈਨਲ ਜਿੰਨਾ ਸੁਆਦ ਆਇਆ
ਵਿਸ਼ਵ
ਕੱਪ ਹਾਕੀ ਵਿਚ ਭਾਰਤ ਨੇ ਆਪਣੀ ਜੇਤੂ ਮੁਹਿੰਮ ਸ਼ੁਰੂ ਕਰਦਿਆਂ ਪਾਕਿਸਤਾਨ ਨੂੰ 4-1 ਨਾਲ ਹਰਾ ਕੇ
ਵਿਸ਼ਵ ਕੱਪ ਦੇ ਫਾਈਨਲ ਜਿੰਨਾ ਸੁਆਦ ਦੇ ਦਿੱਤਾ। ਪੂਰੇ ਮੈਚ ਦੌਰਾਨ ਦੋਵਾਂ ਟੀਮਾਂ ਨੇ ਵਧੀਆ ਦਰਜੇ
ਦੀ ਹਾਕੀ ਦਾ ਵਿਖਾਵਾ ਕੀਤਾ। ਪਹਿਲੇ ਅੱਧ ਤੱਕ ਭਾਰਤ 2-0 ਨਾਲ ਅੱਗੇ ਸੀ। ਪਹਿਲੇ ਅੱਧ ਵਿਚ ਪੂਰੀ
ਤਰ੍ਹਾਂ ਭਾਰਤ ਦਾ ਦਬਦਬਾ ਰਿਹਾ। ਪੂਰੇ ਮੈਚ ਦੌਰਾਨ ਭਾਰਤ ਨੂੰ 3 ਪੈਨਲਟੀ ਕਾਰਨਰ ਮਿਲੇ ਜਦ ਕਿ
ਪਾਕਿਸਤਾਨ ਨੂੰ 6 ਪੈਨਲਟੀ ਕਾਰਨਰ ਮਿਲੇ ਪਰ ਤਿੰਨੇ ਪੈਨਲਟੀ ਕਾਰਨਰ ਗੋਲਾਂ ਵਿਚ ਬਦਲੇ, ਪਾਕਿਸਤਾਨ
ਨੂੰ ਇਕ ਪੈਨਲਟੀ ਕਾਰਨਰ ਤੋਂ ਹੀ ਸਫਲਤਾ ਮਿਲੀ। ਭਾਰਤ ਵੱਲੋਂ ਪਹਿਲਾ ਗੋਲ ਸਵਿੰਦਰ ਸਿੰਘ ਨੇ ਸੰਦੀਪ
ਸਿੰਘ ਦੁਆਰਾ ਲਗਾਏ ਗਏ ਪਹਿਲੇ ਪੈਨਲਟੀ ਕਾਰਨਰ ਤੋਂ 16ਵੇਂ ਮਿੰਟ ਵਿਚ ਕੀਤਾ, ਫਿਰ 35ਵੇਂ ਮਿੰਟ
ਵਿਚ ਸੰਦੀਪ ਸਿੰਘ ਨੇ ਇਕ ਹੋਰ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲਕੇ 2-0 ਦੀ ਬੜ੍ਹਤ ਕਾਇਮ ਕੀਤੀ।
ਦੂਸਰੇ ਅੱਧ ਦੇ ਵਿਚ ਪ੍ਰਭਜੋਤ ਸਿੰਘ ਨੇ ਇਕ ਮੈਦਾਨੀ ਗੋਲ ਕਰਕੇ ਭਾਰਤ ਨੂੰ 3-0 ਨਾਲ ਅੱਗੇ ਕੀਤਾ,
ਸੰਦੀਪ ਸਿੰਘ ਨੇ ਇਕ ਵਾਰ ਫਿਰ ਆਪਣੀ ਪਨੈਲਟੀ ਕਾਰਨਰ ਮੁਹਾਰਤ ਦਾ ਜਾਦੂ ਵਿਖਾਉਂਦਿਆਂ 56ਵੇਂ ਮਿੰਟ
ਵਿਚ ਗੋਲ ਕਰਕੇ ਸਕੋਰ 4-0 ਕਰ ਦਿੱਤਾ। |