|
ਸੰਪਾਦਕੀ |
|
ਪੰਜਾਬ ਵਿਚ ਖੇਡ
ਸਭਿਆਚਾਰ : ਅਜੇ ਦਿੱਲੀ ਖਾਸੀ ਦੂਰ ਹੈ! |
ਪੰਜਾਬ ਦੇ ਲੋਕ ਹਮੇਸ਼ਾ ਤੋਂ ਮਿਹਨਤਕਸ਼ ਰਹੇ ਹਨ। ਕੁਦਰਤ ਨਾਲ ਜੂਝਣ ਅਤੇ ਮਿੱਟੀ ਨਾਲ
ਮਿੱਟੀ ਹੋ ਕੇ ਆਪਣੀ ਰੋਜ਼ੀ ਰੋਟੀ ਕਮਾਉਣ ਸਦਕਾ ਪੰਜਾਬੀਆਂ ਨੂੰ ਖੁੱਲ੍ਹੇ ਸੁਭਾਅ ਅਤੇ
ਭਰਵੇਂ ਜੁੱਸੇ ਵਾਲੀ ਕੌਮ ਵਜੋਂ ਮਾਣਤਾ ਮਿਲੀ ਹੋਈ ਹੈ। ਮਿਹਨਤਕਸ਼ ਹੋਣ ਅਤੇ ਲਗਾਤਾਰ
ਹੁੰਦੇ ਵਿਦੇਸ਼ੀ ਹੱਲਿਆਂ ਨੇ ਵੀ ਪੰਜਾਬੀਆਂ ਨੂੰ ਦਲੇਰੀ ਦਿੱਤੀ ਹੈ। ਗੁਰੂਆਂ ਵਲੋਂ
ਸਾਡੇ ਮਨਾਂ ਵਿਚ ਪਾਏ ਗਏ ਵਿਚਾਰਾਂ ਸਦਕਾ ਪੰਜਾਬੀ ਹਮੇਸ਼ਾ ਅਣਖ ਦੀ ਜ਼ਿੰਦਗੀ ਜਿਊਣ
ਨੂੰ ਤਰਜੀਹ ਦਿੰਦੇ ਹਨ।
ਪੰਜਾਬ ਦੀ ਮਾਂ ਖੇਡ ਕੁਸ਼ਤੀ ਰਹੀ ਹੈ ਅਤੇ ਕੁਸ਼ਤੀ ਜਾਂ ਪਹਿਲਵਾਨੀ ਦੇ ਪਹਿਲਵਾਨਾਂ
ਬਾਰੇ ਅਕਸਰ ਸਾਡੇ ਸਭਿਆਚਾਰ ਵਿਚ ਚਰਚਾ ਹੁੰਦੀ ਹੈ। ਬਹੁਤ ਸਾਰੇ ਨਾਮੀ ਗਰਾਮੀ
ਪਹਿਲਵਾਨਾਂ ਦੇ ਕਿੱਸੇ ਪੀੜ੍ਹੀ ਦਰ ਪੀੜ੍ਹੀ ਅਸੀਂ ਸੁਣਦੇ ਆਏ ਹਾਂ। ਅਜਿਹੇ ਕਿੱਸੇ
ਕਿਸੇ ਵੀ ਹੋਰ ਖੇਡ ਬਾਰੇ ਪ੍ਰਚਲਿਤ ਨਹੀਂ ਹੋ ਸਕੇ। ਪੁਰਾਤਨ ਸਮਿਆਂ ਤੋਂ ਹੀ ਕੁਝ
ਧਨਾਢਾਂ ਜਾਂ ਰਾਜਿਆਂ ਮਹਾਰਾਜਿਆਂ ਵਲੋਂ ਘੋੜੇ ਅਤੇ ਊਠ ਰੱਖਣ ਸਦਕਾ ਊਠਾਂ, ਘੋੜਿਆਂ
ਦੀਆਂ ਦੌੜਾਂ ਅਤੇ ਨੇਜ਼ੇਬਾਜ਼ੀ ਵਰਗੀਆਂ ਯੁੱਧ ਨਾਲ ਸਬੰਧਿਤ ਖੇਡਾਂ ਵੀ ਪ੍ਰਚਲਿਤ ਹੋਈਆਂ
ਜਿਹੜੀਆਂ ਕਿ ਅਜੇ ਤੱਕ ਕੁਝ ਬਦਲਵੇਂ ਰੂਪਾਂ ਵਿਚ ਚੱਲੀਆਂ ਆ ਰਹੀਆਂ ਹਨ।
ਅੰਗਰੇਜ਼ 20ਵੀਂ ਸਦੀ ਦੇ ਸ਼ੁਰੂ ਵਿਚ ਹਾਕੀ ਖੇਡ ਆਪਣੇ ਨਾਲ ਲੈ ਕੇ ਆਏ ਅਤੇ ਪੰਜਾਬੀਆਂ
ਦੀ ਖਿੱਦੋ ਖੂੰਡੀ ਨਾਲ ਰਲਦੀ ਮਿਲਦੀ ਹੋਣ ਕਰਕੇ ਪੰਜਾਬੀਆਂ ਨੇ ਇਸ ਨੂੰ ਅਪਣਾਉਂਦਿਆਂ
ਦੇਰ ਨਹੀਂ ਲਗਾਈ ਅਤੇ ਹਾਕੀ ਦੇ ਖੇਤਰ ਵਿਚ ਬਹੁਤ ਸਾਰੇ ਦੁਨੀਆ ਦੇ ਚੋਟੀ ਦੇ ਖਿਡਾਰੀ
ਪੈਦਾ ਕੀਤੇ। ਜਿਨ੍ਹਾਂ ਤੋਂ ਦੁਨੀਆ ਨੇ ਹਾਕੀ ਸਿੱਖੀ। ਇਹ ਵੱਖਰੀ ਗੱਲ ਹੈ ਕਿ ਬਹੁਤੀ
ਠੰਢ ਵਾਲੇ ਮੁਲਕਾਂ ਨੇ ਆਪਣੀ ਸਹੂਲਤ ਮੁਤਾਬਿਕ ਇਸ ਖੇਡ ਦੇ ਨਿਯਮ, ਸਾਜ਼ੋਸਮਾਨ ਅਤੇ
ਗ੍ਰਾਊਂਡਾਂ ਇਸ ਕਦਰ ਬਦਲ ਦਿੱਤੀਆਂ ਹਨ ਕਿ ਇਹ ਵੀ ਹੁਣ ਗਰੀਬਾਂ ਦੀ ਖੇਡ ਨਹੀਂ ਰਹਿ
ਗਈ। ਦੁਨੀਆ ਦੇ ਸਰਵੋਤਮ ਖਿਡਾਰੀਆਂ ਦੇ ਬਰਾਬਰ ਪਹੁੰਚਣ ਲਈ ਐਸਟਰੋ ਟਰਫ ਵਰਗੇ ਮਹਿੰਗੇ
ਗ੍ਰਾਊਂਡਾਂ ਦੀ ਲੋੜ ਪੈਂਦੀ ਹੈ। ਜਿਹੜੀ ਕਿ ਕਿਸੇ ਹਾਰੀ ਸਾਰੀ ਦੇ ਵੱਸ ਦੀ ਨਹੀਂ।
ਘਾਹ ਵਾਲੇ ਮੈਦਾਨ ਦੁਨੀਆ ਤਾਂ ਕੀ ਮੁਲਕ ਪੱਧਰ ਤੱਕ ਦੇ ਖਿਡਾਰੀ ਵੀ ਪੈਦਾ ਨਹੀਂ ਕਰ
ਸਕਦੇ। ਪੰਜਾਬ ਦੇ ਖੇਡ ਸਭਿਆਚਾਰ ਨੂੰ ਦਰਪੇਸ਼ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਅਤੇ
ਵਰਤਾਰਿਆਂ ਬਾਰੇ ਜੇ ਇਕ ਪੰਛੀ ਝਾਤ ਮਾਰੀਏ ਤਾਂ ਕੁਝ ਅਜਿਹੇ ਮੁੱਦੇ ਮਨ ਵਿਚ ਆਉਂਦੇ
ਹਨ। ਇਨ੍ਹਾਂ ਨੂੰ ਇਸ ਐਡੀਟੋਰੀਅਲ ਰਾਹੀਂ ਤੁਹਾਡੇ ਸਨਮੁਖ ਰੱਖ ਰਿਹਾ ਹਾਂ।
ਪੰਜਾਬੀਆਂ ਨੇ ਕਦੇ ਵੀ ਆਪਣੇ ਨਿਆਣਿਆਂ ਨੂੰ ਖੇਡਾਂ ਵੱਲ ਸਮਰਪਿਤ ਨਹੀਂ ਕੀਤਾ ਅਤੇ
ਹਮੇਸ਼ਾ ਹੀ ਪੜ੍ਹਾਈ ਨੂੰ ਖੇਡਾਂ ਦੇ ਉਪਰ ਤਰਜੀਹ ਦਿੱਤੀ ਹੈ। ਸ਼ਾਇਦ ਇਸੇ ਵਰਤਾਰੇ ਕਰਕੇ
ਖੇਡਾਂ ਨੂੰ ਸਾਡੀ ਲੋਕ ਧਾਰਾ ਵਿਚ ਵੀ ਗਵਾਰਾਂ ਵਜੋਂ ਵਕਤ ਬਰਬਾਦੀ ਕਰਨੀ ਹੀ ਸਮਝਿਆ
ਜਾਂਦਾ ਰਿਹਾ ਹੈ। ਬਹੁਤੀਆਂ ਖੇਡਾਂ ਵਿਚ ਇੰਨਾ ਪੈਸਾ ਨਹੀਂ ਹੈ ਕਿ ਕੋਈ ਵੀ ਜਣਾ
ਸਿਰਫ਼ ਖੇਡਾਂ ਦੇ ਸਿਰ ਤੇ ਹੀ ਆਪਣੀ ਰੋਜ਼ੀ ਰੋਟੀ ਚਲਾ ਸਕੇ। ਇਸੇ ਸਦਕਾ ਸਾਬਕਾ ਅਤੇ
ਮੌਜੂਦਾ ਬਹੁਤੇ ਖਿਡਾਰੀ ਫੌਜ ਜਾਂ ਪੁਲੀਸ ਵਰਗੇ ਮਹਿਕਮਿਆਂ ਕਰਕੇ ਹੀ ਚੱਲ ਰਹੇ ਹਨ
ਕਿਉਂਕਿ ਇਹ ਅਦਾਰੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਜਾਣੇ ਜਾਂਦੇ ਹਨ ਅਤੇ ਖਿਡਾਰੀਆਂ
ਨੂੰ ਖੇਡਦਿਆਂ ਹੋਇਆਂ ਵੀ ਤਨਖਾਹ ਮਿਲਣ ਸਦਕਾ ਭਵਿੱਖ ਦੀ ਚਿੰਤਾ ਨਹੀਂ ਰਹਿੰਦੀ।
ਜਿਵੇਂ ਸਿੱਖਿਆ ਵਾਸਤੇ ਕੋਈ ਨੀਤੀ ਨਹੀਂ ਉਵੇਂ ਹੀ ਖੇਡਾਂ ਬਾਰੇ ਵੀ ਨਾ ਤਾਂ ਕੇਂਦਰ
ਸਰਕਾਰ ਅਤੇ ਨਾ ਹੀ ਰਾਜ ਸਰਕਾਰ ਦੀ ਕੋਈ ਠੋਸ ਭਵਿੱਖਮੁਖੀ ਨੀਤੀ ਹੈ। ਜੇ ਸਹੀ ਅਰਥਾਂ
ਵਿਚ ਇਹ ਕਿਹਾ ਜਾਵੇ ਕਿ ਖੇਡ ਸਭਿਆਚਾਰ ਨੂੰ ਉਤਸ਼ਾਹਿਤ ਕਰਨਾ ਸਰਕਾਰ ਦੇ ਏਜੰਡੇ ਤੇ
ਨਹੀਂ ਤਾਂ ਕੋਈ ਗਲਤ ਗੱਲ ਨਹੀਂ ਹੋਵੇਗੀ। ਦਰਅਸਲ ਸਰਕਾਰੀ ਸਕੂਲਾਂ ਵਿਚ ਜਿਹੜੇ
ਥੋੜ੍ਹੇ ਬਹੁਤੇ ਬੱਚੇ ਇਸ ਵੇਲੇ ਪੜ੍ਹ ਰਹੇ ਹਨ ਉਨ੍ਹਾਂ ਵਿਚ ਜ਼ਿਆਦਾ ਪਰਵਾਸੀਆਂ ਦੇ
ਹਨ ਅਤੇ ਉਹ ਬੜੇ ਸ਼ੌਕ ਨਾਲ ਪੰਜਾਬੀ ਲਿਖਣ ਪੜ੍ਹਨ ਲੱਗ ਗਏ ਹਨ। ਸਰਦੇ ਪੁੱਜਦੇ ਪੰਜਾਬੀ
ਪ੍ਰਾਈਵੇਟ ਅੰਗਰੇਜ਼ੀ ਸਕੂਲਾਂ ਵਿਚ ਆਪਣੇ ਬੱਚੇ ਪੜ੍ਹਾਉਂਦੇ ਹਨ ਜਿਥੇ ਸਿਰਫ਼ 'ਪੜ੍ਹਾਈ'
ਕਰਾਉਣ ਲਈ ਹੀ ਬੱਚੇ ਪਾਏ ਜਾਂਦੇ ਹਨ ਨਾ ਕਿ ਖੇਡਾਂ ਖੇਡਣ ਲਈ।
ਕਬੱਡੀ ਅੱਜ ਪੰਜਾਬੀਆਂ ਦੀ ਮਨਭਾਉਂਦੀ ਖੇਡ ਬਣੀ ਹੋਈ ਹੈ ਅਤੇ ਇਹ ਟਵਿੰਟੀ -ਟਵਿੰਟੀ
ਕ੍ਰਿਕਟ ਵਾਂਗ ਕੁਸ਼ਤੀ ਵਿਚੋਂ ਹੀ ਉਪਜੀ ਹੋਈ ਹੈ। ਪਿਛਲੇ 20 ਕੁ ਸਾਲਾਂ ਵਿਚ
ਪਰਵਾਸੀਆਂ ਵਲੋਂ ਇਸ ਖੇਡ ਲਈ ਦਿੱਤੇ ਗਏ ਮਾਇਆ ਦੇ ਗੱਫਿਆਂ ਸਦਕਾ ਇਸ ਖੇਡ ਦਾ ਸੁਭਾਅ
ਬਹੁਤ ਬਦਲ ਗਿਆ ਹੈ। ਅੱਜ ਕਬੱਡੀ ਖੇਡਣ ਦਾ ਮੁੱਖ ਕਾਰਣ ਇਸ ਖੇਡ ਦੇ ਖਿਡਾਰੀਆਂ ਦਾ
ਵਿਦੇਸ਼ਾਂ ਵਿਚ ਕੱਪ ਖੇਡ ਕੇ ਥੋੜ੍ਹੇ ਸਮੇਂ ਵਿਚ ਹੀ ਅਮੀਰ ਹੋਣਾ, ਕਬੂਤਰਬਾਜ਼ੀ ਰਾਹੀਂ
ਬਾਹਰ ਉੱਡ ਜਾਣਾ ਤੇ ਨਵੰਬਰ ਤੋਂ ਲੈ ਕੇ ਮਾਰਚ ਤੱਕ ਹੋਣ ਵਾਲੇ ਪੰਜਾਬ ਵਿਚਲੇ ਛੋਟੇ
ਵੱਡੇ ਕਬੱਡੀ ਕੱਪਾਂ ਰਾਹੀਂ ਮੋਟਾ ਪੈਸਾ ਕਮਾਉਣਾ ਹੈ।
ਐਨ.ਆਰ.ਆਈ. ਵੀਰਾਂ ਨੇ ਆਪਣੀ ਕਮਾਈ ਵਿਚੋਂ ਕਬੱਡੀ ਲਈ ਸਿਰਫ਼ ਇਸ ਕਰਕੇ ਪੈਸਿਆਂ ਦਾ
ਮੂੰਹ ਨਹੀਂ ਖੋਲ੍ਹਿਆ ਕਿ ਉਨ੍ਹਾਂ ਨੂੰ ਕਬੱਡੀ ਨਾਲ ਕੋਈ ਹੇਜ ਹੈ ਜਾਂ ਉਹ ਖ਼ੁਦ ਕਬੱਡੀ
ਖਿਡਾਰੀ ਰਹੇ ਹਨ ਬਲਕਿ ਬਹੁਤ ਸਾਰੇ ਪ੍ਰਮੋਟਰਾਂ ਨੂੰ ਇਸ ਕਰਕੇ ਵੀ ਕੱਪ ਕਰਵਾਉਣੇ
ਪੈਂਦੇ ਹਨ ਕਿਉਂਕਿ ਉਨ੍ਹਾਂ ਦਾ ਕੋਈ ਪੇਂਡੂ ਜਾਂ ਵਿਰੋਧੀ ਕਬੱਡੀ ਕੱਪ ਕਰਵਾ ਕੇ ਆਪਣਾ
ਨਾਮ ਚਮਕਾ ਰਿਹਾ ਹੈ। ਕਈ ਕੱਪਾਂ ਬਾਰੇ ਮਸ਼ਹੂਰ ਹੈ ਕਿ ਉਨ੍ਹਾਂ ਦੇ ਪ੍ਰਬੰਧਕ ਬਾਹਰੋਂ
ਧਨਾਢ ਪੰਜਾਬੀਆਂ ਕੋਲੋਂ ਚੰਦੇ ਵਾਂਗ ਪੈਸਾ ਇਕੱਠਾ ਕਰਕੇ ਪੰਜਾਬ ਵਿਚ ਕੱਪ ਕਰਵਾਉਂਦੇ
ਹਨ ਅਤੇ ਪੰਜਾਬ ਵਿਚ ਬੈਠੇ ਅਫ਼ਸਰਾਂ ਖਾਸ ਕਰਕੇ ਪੁਲੀਸ ਅਫ਼ਸਰਾਂ ਨਾਲ ਆਪਣੀ ਨੇੜਤਾ
ਬਣਾਉਂਦੇ ਹੋਏ ਅਖ਼ਬਾਰਾਂ ਰਾਹੀਂ ਆਪਣੇ ਆਪ ਨੂੰ ਵੱਧ ਉਭਾਰ ਰਹੇ ਹਨ। ਇਸ ਬਾਰੇ ਸਾਰੇ
ਸੁਚੇਤ ਪੰਜਾਬੀਆਂ ਨੂੰ ਪਤਾ ਤਾਂ ਹੈ ਪਰ ਬਹੁਤਾ ਕੋਈ ਬੋਲਦਾ ਨਹੀਂ। ਇਸ ਬਾਰੇ ਗੱਲ
ਕਰਨ ਵਾਲਿਆਂ ਨੂੰ ਬਹੁਤਾ ਚੰਗਾ ਨਹੀਂ ਸਮਝਿਆ ਜਾਂਦਾ ਪਰ ਅਜਿਹੇ ਵੀ ਕੁਝ ਕਬੱਡੀ ਕੱਪ
ਕਰਵਾਉਣ ਵਾਲੇ ਹਨ ਜਿਹੜੇ ਵਾਕਿਆ ਹੀ ਕਬੱਡੀ ਦੀ ਉਨ੍ਹਾਂ ਨੂੰ ਦਿੱਤੀ ਪ੍ਰਸਿੱਧੀ ਜਾਂ
ਰਿਜ਼ਕ ਦਾ ਮੁੱਲ ਮੋੜਨ ਸਦਕਾ ਕਬੱਡੀ ਖੇਡ ਨੂੰ ਵਾਕਿਆ ਹੀ ਕਿਸੇ ਮੁਕਾਮ ਤੱਕ
ਪਹੁੰਚਾਉਣ ਲਈ ਇਹ ਬੀੜਾ ਚੁੱਕ ਰਹੇ ਹਨ। ਇਕ ਗੱਲ ਪੱਕੀ ਹੈ ਕਿ ਜੇ ਐਨ.ਆਰ.ਆਈ. ਵੀਰ
ਕਬੱਡੀ ਵਿਚ ਪੈਸਾ ਨਾ ਲਾਉਣ ਤਾਂ ਕਬੱਡੀ ਕਿਸੇ ਜੋਗੀ ਨਹੀਂ ਰਹਿ ਜਾਵੇਗੀ।
ਇਥੇ ਇਹ ਗੱਲ ਕਰਨੀ ਅਤੇ ਸਮਝਣੀ ਜ਼ਰੂਰ ਬਣਦੀ ਹੈ ਕਿ ਕਬੱਡੀ ਨਾਲ ਜੁੜੇ ਹੋਏ ਕੁਝ
ਕਥਿਤ ਕੋਚ ਜਾਂ ਜਿੰਮ ਉਸੇ ਤਰ੍ਹਾਂ ਖਿਡਾਰੀਆਂ ਨੂੰ ਟੀਕਿਆਂ ਰਾਹੀਂ ਫੁਲਾ ਰਹੇ ਹਨ
ਜਿਸ ਤਰ੍ਹਾਂ ਕੁਝ ਸਬਜ਼ੀਆਂ ਬੀਜਣ ਵਾਲੇ ਮੱਝਾਂ ਚੋਣ ਵਾਲਾ ਟੀਕਾ ਸਵੇਰੇ ਲਗਾ ਕੇ ਸ਼ਾਮ
ਤੱਕ ਭੋਰਾ ਕੁ ਖੀਰੇ ਨੂੰ ਪਾਈਆ ਪੱਕੇ ਦਾ ਬਣਾ ਦਿੰਦੇ ਹਨ। ਕਬੱਡੀ ਵਿਚ ਡੋਪ ਟੈਸਟ
ਜੇ ਛੇਤੀ ਨਾ ਲਾਗੂ ਕੀਤਾ ਗਿਆ ਤਾਂ ਹਾਲੇ ਤਾਂ ਇਕ ਅੱਧ ਖਿਡਾਰੀ ਹੀ ਇਸ ਦੀ ਭੇਂਟ
ਚੜ੍ਹਿਆ ਹੈ ਅਤੇ ਕੁਝ ਕੁ ਹੀ ਸਦਾ ਲਈ ਅਪੰਗ ਹੋਏ ਹਨ, ਆਉਣ ਵਾਲੇ ਸਮੇਂ ਵਿਚ ਇਹ
ਗਿਣਤੀ ਵਧਦੀ ਜਾਵੇਗੀ। ਡੋਪ ਟੈਸਟ ਲਾਗੂ ਕਰਨ ਵਿਚ ਦੇਰੀ ਇਸ ਕਰਕੇ ਵੀ ਹੋ ਰਹੀ ਹੈ
ਕਿਉਂਕਿ ਕਬੱਡੀ ਨੂੰ ਅੰਦਰੋਂ ਜਾਣਨ ਵਾਲੇ ਪੂਰੀ ਤਰ੍ਹਾਂ ਸਮਝਦੇ ਹਨ ਕਿ ਇਸ ਤਰ੍ਹਾਂ
ਕਰਨ ਨਾਲ ਕਈ ਮਸ਼ਹੂਰ ਨਾਮ ਵੀ ਸ਼ੱਕ ਦੇ ਘੇਰੇ ਵਿਚ ਆ ਸਕਦੇ ਹਨ ਪਰ ਸਾਹਮਣੇ ਬੈਠੀ
ਬਿੱਲੀ ਜਦੋਂ ਦਿਸਣ ਲੱਗ ਜਾਵੇ ਤਾਂ ਕਬੂਤਰ ਵਾਂਗ ਅੱਖਾਂ ਮੀਚਣਾ ਲੰਮੇ ਸਮੇਂ ਦੀ
ਸਿਆਣਪ ਨਹੀਂ ਹੁੰਦੀ।
ਕਬੱਡੀ ਵਿਚਲੀ ਅਨੁਸ਼ਾਸਨ ਹੀਣਤਾ ਦੀ ਚਰਚਾ ਵੀ ਅਕਸਰ ਹਰ ਖੇਡ ਮੇਲੇ ਵਿਚ ਦੇਖਣ ਸੁਣਨ
ਨੂੰ ਮਿਲ ਜਾਂਦੀ ਹੈ। ਰਲ ਕੇ ਖੇਡਣਾ, ਗਰਾਊਂਡ ਵਿਚ ਜਾਣ ਬੁੱਝ ਕੇ ਹਨੇਰਾ ਹੋਣ ਤੱਕ
ਆਉਣਾ ਹੀ ਨਾ, ਰੈਫ਼ਰੀਆਂ ਦੇ ਫੈਸਲੇ ਨੂੰ ਲੈ ਕੇ ਧੱਕਾ ਮੁੱਕੀ ਹੁੰਦੇ ਸਾਡੀ ਕਬੱਡੀ
ਦੇ ਹੀਰੋ ਕੀ ਕਹਿਣਾ ਚਾਹੁੰਦੇ ਹਨ, ਇਸ ਦਾ ਉਨ੍ਹਾਂ ਨੂੰ ਹੀ ਵੱਧ ਪਤਾ ਹੋ ਸਕਦਾ ਹੈ।
ਕੀ ਕ੍ਰਿਕਟ ਵਾਂਗ ਅੰਪਾਇਰ ਦੇ ਫੈਸਲੇ ਤੇ ਬੋਲਣਾ ਤਾਂ ਕੀ, ਸਿਰਫ਼ ਨਾ ਖੁਸ਼ੀ ਵਰਗੀ
ਹਰਕਤ ਕਰਨ ਤੇ ਹੀ ਕਈ ਵਾਰ ਖਿਡਾਰੀ ਦੀ ਪੂਰੀ ਦੀ ਪੂਰੀ ਮੈਚ ਫੀਸ ਕੱਟਣ ਜਾਂ ਕਿਸੇ
ਗਲਤ ਵਰਤਾਰੇ ਕਰਕੇ ਕੁਝ ਮੈਚਾਂ ਦੀ ਪਾਬੰਦੀ ਹੋ ਸਕਦੀ ਹੈ? ਇਸ ਦੇ ਲਈ ਕਬੱਡੀ
ਫੈਡਰੇਸ਼ਨਾਂ ਨੂੰ ਸੋਚਣਾ ਪਵੇਗਾ।
ਹਾਕੀ ਲਈ ਪੰਜਾਬ ਵਿਚ ਖੇਡ ਮਹਿਕਮੇ ਅਤੇ ਕੁਝ ਖੇਡ ਕਲੱਬਾਂ ਵਲੋਂ ਅਕੈਡਮੀਆਂ ਚਲਾਉਣਾ
ਕਿਸੇ ਵੀ ਧਰਮ ਕਾਰਜ ਤੇ ਪੈਸੇ ਖ਼ਰਚਣ ਨਾਲੋਂ ਸ਼ਲਾਘਾਯੋਗ ਕਦਮ ਹੈ। ਇੱਕਾ-ਦੁੱਕਾ
ਫੁੱਟਬਾਲ ਅਤੇ ਟੈਨਿਸ ਦੀਆਂ ਅਕੈਡਮੀਆਂ ਵੀ ਸ਼ੁਭ ਸ਼ਗਨ ਹੈ। ਖੇਡ ਮਹਿਕਮੇ ਦੇ
ਡਾਇਰੈਕਟਰ ਪਦਮ ਸ਼੍ਰੀ ਪਰਗਟ ਸਿੰਘ ਦੇ ਖ਼ੁਦ ਹਾਕੀ ਖਿਡਾਰੀ ਅਤੇ ਉਲੰਪੀਅਨ ਹੋਣ ਦਾ
ਪੰਜਾਬ ਦੀਆਂ ਖੇਡਾਂ ਨੂੰ ਇਕ ਵੱਡਾ ਹੁਲਾਰਾ ਤਾਂ ਹੈ ਪਰ ਸਰਕਾਰੀ ਫੰਡਾਂ ਦੀ ਘਾਟ
ਜਾਂ ਸਿਆਸੀ ਦਖ਼ਲ-ਅੰਦਾਜ਼ੀ ਉਡਣੇ ਘੋੜਿਆਂ ਦੀਆਂ ਲੱਤਾਂ ਵਿਚ ਬੰਨ੍ਹੇ ਡਹੇ ਵਰਗਾ ਕੰਮ
ਕਰਦੀ ਹੈ। ਖਾਸ ਕਰਕੇ ਉਸ ਵੇਲੇ ਜਦੋਂ ਸਰਕਾਰ ਦੀ ਪਹਿਲ ਤੇ ਖੇਡਾਂ ਹੋਣ ਹੀ ਨਾ।
ਖੇਡਾਂ ਵਿਚ ਕਬੱਡੀ ਤੇ ਹਾਕੀ ਉਸੇ ਤਰ੍ਹਾਂ ਹਨ ਜਿਵੇਂ ਪੜ੍ਹਾਈ ਵਿਚ ਇੰਜੀਨੀਅਰਿੰਗ
ਤੇ ਮੈਡੀਕਲ। ਮਾਪੇ ਆਪਣੇ ਨਿਆਣਿਆਂ ਨੂੰ ਇਨ੍ਹਾਂ ਦੋਹਾਂ ਵੱਲ ਤੋਰ ਕੇ ਵੱਧ ਖੁਸ਼
ਹੁੰਦੇ ਹਨ ਪਰ ਜਿਵੇਂ ਪੜ੍ਹਾਈ ਵਿਚ ਕੈਰੀਅਰ ਬਹੁਤ ਸਾਰੇ ਹੋਰ ਅਦਾਰਿਆਂ ਵਿਚ ਵੀ
ਹੁੰਦਾ ਹੈ ਉਵੇਂ ਹੀ ਇਨ੍ਹਾਂ ਖੇਡਾਂ ਤੋਂ ਸਿਵਾ ਟੀਮ ਗੇਮਾਂ ਵਿਚ ਫੁੱਟਬਾਲ,
ਬਾਸਕਟਬਾਲ, ਵਾਲੀਬਾਲ, ਹੈਂਡਬਾਲ ਵਰਗੀਆਂ ਖੇਡਾਂ ਵਿਚ ਪੰਜਾਬ ਕੁਝ ਚਮਕਣ ਲੱਗਿਆ ਹੈ।
ਨਿਸ਼ਾਨੇਬਾਜ਼ੀ, ਟੈਨਿਸ, ਬੈਡਮਿੰਟਨ, ਸਨੂਕਰ ਤੇ ਸਕੂਐਸ਼ ਵਰਗੀਆਂ ਵਿਅਕਤੀਗਤ ਖੇਡਾਂ ਦਾ
ਪਿੜ ਵੀ ਖਾਸਾ ਖਾਲੀ ਹੈ।
ਪੰਜਾਬ ਵਿਚ ਖੇਡ ਸਭਿਆਚਾਰ ਨਾ ਹੋਣ ਦਾ ਕਾਰਣ ਸਭ ਤੋਂ ਪਹਿਲਾਂ ਬੱਚਿਆਂ ਨੂੰ
ਟੈਲੀਵੀਜ਼ਨ ਵਲੋਂ ਲਗਾਈ ਗਈ ਕਾਰਟੂਨਾਂ ਅਤੇ ਵੀਡੀਓ ਗੇਮਾਂ ਦੀ ਚਾਟ ਰਹੀ ਹੈ। ਮਿਡਲ
ਇਨਕਮ ਗਰੁੱਪ ਵਾਲੇ ਨਵੇਂ ਬਣੇ ਅਮੀਰਾਂ ਦੇ ਨਿਆਣਿਆਂ ਦੇ ਪੈਰ ਖਪਤ ਸਭਿਆਚਾਰ ਸਦਕਾ
ਧਰਾਤਲ ਤੋਂ ਚੁੱਕੇ ਗਏ ਹਨ। ਉਨ੍ਹਾਂ ਦੇ ਨਵੇਂ ਨਕੋਰ ਮੋਟਰਸਾਈਕਲ, ਖੁੱਲ੍ਹੀਆਂ ਚੌੜੇ
ਟਾਇਰਾਂ ਵਾਲੀਆਂ ਸ਼ੌਕੀਨ-ਜੀਪਾਂ ਜਾਂ ਮਹਿੰਗੀਆਂ ਕਾਰਾਂ ਕਿਸੇ ਕਲੱਬ, ਕਿਸੇ ਪੱਬ,
ਕਿਸੇ ਬਾਰ, ਕਿਸੇ ਸ਼ੌਪਿੰਗ ਮਾਲ ਦੇ ਬਾਹਰ ਤਾਂ ਖੜ੍ਹੀਆਂ ਦਿਸ ਸਕਦੀਆਂ ਹਨ ਪਰ ਕਿਸੇ
ਖੇਡ ਮੈਦਾਨ ਜਾਂ ਸਟੇਡੀਅਮ ਦੇ ਬਾਹਰ ਨਹੀਂ। ਵੈਸੇ ਵੀ ਮੌਜੂਦਾ ਪੰਜਾਬੀ ਬਾਬੇ ਨਾਨਕ
ਦੇ ਕਿਰਤ ਕਰੋ ਦੇ ਸੁਨੇਹੇ ਨੂੰ ਭੁੱਲ ਗਿਆ ਹੈ। ਕਾਰੋਬਾਰਾਂ ਦੇ ਨਾਲ-ਨਾਲ ਖੇਤੀ
ਵਿਚਲੀ ਕਿਰਤ ਵੀ ਪਰਵਾਸੀਆਂ ਨੇ ਉਸੇ ਤਰ੍ਹਾਂ ਸਾਂਭ ਲਈ ਹੈ ਜਿਸ ਤਰ੍ਹਾਂ ਪੰਜਾਬੀਆਂ
ਨੇ ਪ੍ਰਵਾਸੀ ਹੋ ਕੇ ਕਨੇਡਾ, ਅਮਰੀਕਾ ਦੀ ਕਿਰਤ ਸਾਂਭ ਲਈ ਹੈ।
ਖੇਡ ਸਭਿਆਚਾਰ ਨੂੰ ਮੁੜ ਤੋਂ ਸੁਰਜੀਤ ਕਰਨ ਲਈ ਛੋਟੇ-ਮੋਟੇ ਨਹੀਂ ਬਲਕਿ ਇਸ ਬਹੁਤ
ਵੱਡੇ ਹੰਭਲੇ ਦੀ ਲੋੜ ਹੈ। ਇਕੱਲੀ ਸਰਕਾਰ ਤੇ ਟੇਕ ਰੱਖਣਾ ਵੀ ਐਵੇਂ ਹਨੇਰੇ ਵਿਚ
ਟੱਕਰਾਂ ਮਾਰਨ ਵਾਲੀ ਗੱਲ ਹੈ। ਛੋਟੀ ਉਮਰ ਤੋਂ ਸਹੀ ਬੱਚਿਆਂ ਦੀ ਸਹੀ ਢੰਗ ਅਤੇ ਨੀਤ
ਨਾਲ ਸਹੀ ਪਛਾਣ ਕਰਕੇ, ਇਵੇਂ ਹੀ ਸਹੀ ਕੋਚਾਂ ਦੀ ਸਹੀ ਪਛਾਣ ਕਰਕੇ ਅਤੇ ਖੇਡਣ ਦੇ
ਰਾਹ ਪਏ ਬੱਚਿਆਂ ਦੀ ਜੀਵਨ ਭਰ ਦੀ ਰੋਜ਼ੀ ਰੋਟੀ ਦਾ ਪੁਖਤਾ ਇੰਤਜ਼ਾਮ ਵਿਓਂਤ ਕੇ ਸਰਕਾਰਾਂ
ਦੇ ਮਹਿਕਮੇ ਪਹਿਲ ਕਰਨ ਤਾਂ ਘੁੱਪ ਹਨੇਰੇ 'ਚੋਂ ਰੌਸ਼ਨੀ ਦੀ ਕਿਰਨ ਜ਼ਰੂਰ ਫੁੱਟੇਗੀ।
ਪੰਜਾਬ ਸਪੋਰਟਸ ਡਾਟ ਕਾਮ ਵਲੋਂ ਇਸੇ ਆਸ਼ੇ ਨਾਲ ਅਸੀਂ ਅਜਿਹੇ ਸਵਾਲ ਦੁਨੀਆ ਭਰ ਵਿਚ
ਬੈਠੇ ਖੇਡ ਪ੍ਰੇਮੀ ਪੰਜਾਬੀਆਂ ਮੂਹਰੇ ਰੱਖਦੇ ਹਾਂ। ਹੁੰਗਾਰੇ ਦੀ ਉਮੀਦ ਕਰਦੇ ਹਾਂ।

ਪ੍ਰੋ. ਕੰਵਲਜੀਤ ਸਿੰਘ |
|
|
|
ਪੰਜਾਬ ਦਾ ਪਹਿਲਾ ਇੰਟਰਨੈਟ ਖੇਡ ਮੈਗਜ਼ੀਨ : ਪੰਜਾਬ ਸਪੋਰਟਸ ਡਾਟ ਕਾਮ |
|
ਪੰਜਾਬ ਦੇ ਵਿਚ ਖੇਡਾਂ ਦੇ ਮੈਗਜ਼ੀਨ ਨਾ ਦੇ ਬਰਾਬਰ ਹਨ ਅਤੇ ਕੁਝ ਕੁ ਸੌ ਜਾਂ ਕੁਝ
ਹਜ਼ਾਰ ਦੀ ਗਿਣਤੀ ਵਿਚ ਹੀ ਛਪਦੇ ਹਨ। ਇਨ੍ਹਾਂ ਵਿਚੋਂ ਵੀ ਕਈ ਪਰਚੇ ਕਿਸੇ ਖਾਸ ਅਦਾਰੇ
ਵਲੋਂ ਕੱਢੇ ਜਾਂਦੇ ਹਨ ਤੇ ਉਹ ਸਿਰਫ ਇਕ ਪਾਸੜ ਕਵਰੇਜ਼ ਕਰਕੇ ਕਿਸੇ ਧਿਰ ਦੇ ਖੁਸ਼ਾਮਦੀ
ਪਰਚੇ ਹੀ ਬਣੇ ਦਿਸਦੇ ਹਨ। ਦੂਜੇ ਪਾਸੇ ਇੰਟਰਨੈਟ ਅੱਜ ਕੱਲ ਅਜਿਹਾ ਮਾਧਿਅਮ ਹੈ, ਜਿਸ
ਰਾਹੀਂ ਕਿਸੇ ਵੀ ਕਿਸਮ ਦੀਆਂ ਤਸਵੀਰਾਂ, ਜਾਣਕਾਰੀਆਂ, ਰਿਕਾਰਡ ਅਤੇ ਰਿਪੋਰਟਾਂ ਸਦਾ
ਲਈ ਸਾਂਭ ਕੇ ਰੱਖੀਆਂ ਜਾ ਸਕਦੀਆਂ ਹਨ।
ਪੰਜਾਬ ਦੀਆਂ ਖੇਡਾਂ, ਖਾਸ ਤੌਰ 'ਤੇ ਪੰਜਾਬ ਦੇ ਥੱਬਾ ਸਾਰਾ ਹੁੰਦੇ ਪੇਂਡੂ ਖੇਡ ਮੇਲੇ
ਅਕਸਰ ਮੀਡੀਆ ਵਿਚ ਕਵਰੇਜ਼ ਦੀ ਘਾਟ ਕਰਕੇ ਪਿੰਡਾਂ ਤੱਕ ਹੀ ਸੀਮਿਤ ਰਹਿ ਜਾਂਦੇ ਹਨ
ਜਾਂ ਕੁਝ ਅਖਬਾਰਾਂ ਦੇ ਲੋਕਲ ਐਡੀਸ਼ਨਾਂ ਵਿਚ ਉਨ੍ਹਾਂ ਦੀਆਂ ਖਬਰਾਂ ਛਪਣ ਤੋਂ ਬਾਅਦ
ਇਹ ਖਬਰਾਂ ਚਿਰ ਸਥਾਈ ਨਹੀਂ ਰਹਿੰਦੀਆਂ, ਹਾਲਾਂਕਿ ਪਿੰਡਾਂ ਵਿਚ ਆਪਣੇ ਮੇਲੇ ਨੂੰ ਕਦੇ
ਪੇਂਡੂ ਉਲੰਪਿਕ, ਕਦੇ ਮਿੰਨੀ ਉਲੰਪਿਕ ਅਤੇ ਕਦੇ ਆਪਣੇ ਮੁੱਖੋਂ ਹੀ ਨਵੇਂ ਨਵੇਂ ਨਾਮ
ਦੇ ਕੇ ਆਪਣੇ ਆਪ ਨੂੰ ਵਡਿਆ ਲਿਆ ਜਾਂਦਾ ਹੈ।
ਇਸ ਤਰ੍ਹਾਂ ਦੇ ਵਰਤਾਰੇ ਨੂੰ ਧਿਆਨ ਵਿਚ ਰੱਖ ਕੇ ਪੰਜਾਬੀ ਦਾ ਇਹ ਪਹਿਲਾ ਇੰਟਰਨੈਟ
ਉਪਰ ਖੇਡਾਂ ਬਾਰੇ ਆਨਲਾਈਨ ਪਰਚਾ ਪੰਜਾਬ ਸਪੋਰਟਸ ਡਾਟ ਕਾਮ ਸ਼ੁਰੂ ਕੀਤਾ ਜਾ ਰਿਹਾ
ਹੈ। ਨਵੰਬਰ ਮਹੀਨੇ ਤੋਂ ਇਸਦੇ ਪਹਿਲੇ ਅੰਕ ਨੂੰ ਇੰਟਰਨੈਟ ਦੇ ਉਪਰ ਦੁਨੀਆਂ ਭਰ ਵਿਚ
ਬੈਠੇ ਪੰਜਾਬੀ ਅਤੇ ਪੰਜਾਬੀ ਖੇਡਾਂ ਨਾਲ ਮੋਹ ਰੱਖਣ ਵਾਲੇ ਖੇਡ ਪ੍ਰੇਮੀ ਦੇਖ ਸਕਿਆ
ਕਰਨਗੇ। ਇਸਦਾ ਰਸਮੀ ਤੌਰ 'ਤੇ ਰਿਲੀਜ਼ ਸਮਾਰੋਹ ਲੁਧਿਆਣਾ ਦੇ ਗੁਰੂ ਨਾਨਕ ਦੇਵ
ਇੰਜੀਨੀਅਰਿੰਗ ਕਾਲਜ ਦੇ ਕਾਨਫਰੰਸ ਹਾਲ ਵਿਚ 23 ਨਵੰਬਰ ਨੂੰ ਰੱਖਿਆ ਗਿਆ ਹੈ, ਇਸ
ਮੌਕੇ 'ਤੇ ਪੰਜਾਬ ਦੇ ਖੇਡ ਡਾਇਰੈਕਟਰ ਪਦਮਸ਼੍ਰੀ ਪਰਗਟ ਸਿੰਘ ਇਸਦਾ ਰਸਮੀ ਤੌਰ 'ਤੇ
ਉਦਘਾਟਨ ਕਰ ਰਹੇ ਹਨ। ਇਸ ਮੌਕੇ 'ਤੇ ਪੰਜਾਬ ਭਰ ਤੋਂ ਖੇਡਾਂ ਨਾਲ ਜੁੜੀਆਂ ਉਘੀਆਂ
ਸ਼ਖਸੀਅਤਾਂ ਵੀ ਸ਼ਾਮਲ ਹੋ ਰਹੀਆਂ ਹਨ।
ਪੰਜਾਬ ਵਿਚ ਪੰਜਾਬ ਰੂਰਲ ਸਪੋਰਟਸ ਪ੍ਰਮੋਸ਼ਨ ਕੌਂਸਿਲ ਉਹ ਸੰਸਥਾ ਹੈ, ਜਿਸ ਨੇ ਖੇਡਾਂ
ਦੇ ਨਾਮ 'ਤੇ ਹੁੰਦੇ ਵਿਅਕਤੀਗਤ ਕਰਤੱਬਾਂ ਉਪਰ ਰੋਕ ਲਗਾ ਕੇ ਅਜਿਹੀਆਂ ਖੇਡਾਂ ਨੂੰ
ਪੇਂਡੂ ਖੇਡ ਮੇਲਿਆਂ ਵਿਚ ਖਿਡਾਉਣ ਦੀ ਪਿਰਤ ਪਾਈ, ਜਿਨ੍ਹਾਂ ਖੇਡਾਂ ਰਾਹੀਂ ਗੱਭਰੂ
ਉਲੰਪਿਕ ਤੱਕ ਪਹੁੰਚ ਕੇ ਦੇਸ਼, ਪ੍ਰਾਂਤ ਅਤੇ ਪਿੰਡ ਦਾ ਨਾਮ ਰੌਸ਼ਨ ਕਰ ਸਕਦੇ ਹਨ।
ਤਕਰੀਬਨ ਸੱਤ ਸਾਲ ਪਹਿਲਾਂ ਹੋਂਦ ਵਿਚ ਆਈ ਇਹ ਸੰਸਥਾ ਦੇ ਬਾਨੀ ਸਵ. ਅਮਰਜੀਤ ਸਿੰਘ
ਗਰੇਵਾਲ ਦਾ ਇਹ ਸੁਪਨਾ ਸੀ ਕਿ ਪੇਂਡੂ ਖੇਡਾਂ ਦੇ ਜ਼ਰੀਏ ਪੰਜਾਬੀ ਗੱਭਰੂ ਅਤੇ ਮੁਟਿਆਰਾਂ
ਉਹ ਖੇਡਾਂ ਖੇਡਣ, ਜਿਨ੍ਹਾਂ ਰਾਹੀਂ ਉਹ ਆਪਣਾ ਕੈਰੀਅਰ ਬਣਾ ਸਕਣ, ਨਾ ਕਿ ਕਦੇ ਛਾਤੀ
'ਤੇ ਰੱਖ ਕੇ ਪੱਥਰ ਤੁੜਵਾਉਣ, ਕੱਚ ਖਾਣ, ਦੰਦਾਂ ਤੇ ਕੰਨਾਂ ਰਾਹੀਂ ਸਕੂਟਰ-ਕਾਰਾਂ
ਖਿੱਚਣ ਜਾਂ ਆਪਣੇ ਉਪਰ ਦੀ ਟਰੈਕਟਰ ਦਾ ਟਾਇਰ ਲੰਘਵਾ ਕੇ ਫੋਕੀ ਬੱਲੇ ਬੱਲੇ ਖੱਟਣ
ਤੋਂ ਬਾਅਦ ਗਲ ਵਿਚ ਸਾਫਾ ਪਾ ਕੇ ਭੀੜ ਵਿਚ ਮੰਗਤਿਆਂ ਵਾਂਗ ਮੰਗਣ ਤੁਰ ਪੈਣ।
ਪ੍ਰਮੋਸ਼ਨ ਕੌਂਸਿਲ ਨਾਲ ਜੁੜੇ ਕਲੱਬਾਂ ਵਿਚ ਇਹ ਅਜਿਹੇ ਵਿਅਕਤੀਗਤ ਕਰਤੱਬ ਨਹੀਂ
ਕਰਵਾਏ ਜਾਂਦੇ। ਕੌਂਸਿਲ ਨਾਲ ਜੁੜੇ ਕਲੱਬਾਂ ਦੀਆਂ ਖੇਡ ਮੇਲਿਆਂ ਦੀਆਂ ਤਰੀਕਾਂ, ਖੇਡ
ਮੇਲੇ ਦੀਆਂ ਰਿਪੋਰਟਾਂ, ਤਸਵੀਰਾਂ, ਖੇਡ ਕਮੇਟੀਆਂ ਅਤੇ ਖੇਡਾਂ ਬਾਰੇ ਸੰਪਰਕ ਨੰਬਰਾਂ
ਦੇ ਨਾਲ ਨਾਲ, ਉਨ੍ਹਾਂ ਐਨ. ਆਰ. ਆਈ. ਸਪਾਂਸਰਾਂ ਦੀਆਂ ਤਸਵੀਰਾਂ ਅਤੇ ਜਾਣਕਾਰੀਆਂ
ਵੀ ਮੁਹੱਈਆ ਕਰਵਾਈਆਂ ਜਾਣਗੀਆਂ, ਜਿਹੜੇ ਕਿ ਆਪਣੀ ਨੇਕ ਕਮਾਈ ਵਿਚੋਂ ਆਪਣੇ ਪਿੰਡਾਂ
ਵਿਚ ਹੋਣ ਵਾਲੇ ਖੇਡ ਮਹਾਂਕੁੰਭਾਂ ਲਈ ਦਸਵੰਧ ਕੱਢਦੇ ਹਨ। ਇਸ ਲਈ ਸਿਰਫ ਇੰਨੀ ਕੁ ਹੀ
ਲੋੜ ਹੈ ਕਿ ਬਾਹਰ ਬੈਠੇ ਤੁਸੀਂ ਆਪਣੇ ਪੇਂਡੂ ਖੇਡ ਕਮੇਟੀਆਂ ਦੇ ਅਹੁਦੇਦਾਰਾਂ ਨੂੰ
ਇਹ ਜਾਣਕਾਰੀਆਂ ਪੰਜਾਬ ਸਪੋਰਟਸ ਦੇ ਦਫਤਰ ਪਹੁੰਚਦੀਆਂ ਕਰ ਦੇਣ ਲਈ ਆਖ ਦਿਓ। ਇਹ
ਜਾਣਕਾਰੀਆਂ ਆਉਂਦੇ ਵਰ੍ਹਿਆਂ ਤੱਕ ਕਦੇ ਵੀ ਰਿਕਾਰਡ ਦੇ ਤੌਰ 'ਤੇ ਹਮੇਸ਼ਾ ਲਈ ਸਾਂਭੀਆਂ
ਜਾਣਗੀਆਂ।
ਇਸਦੇ ਨਾਲ ਹੀ ਪੰਜਾਬ ਸਪੋਰਟਸ ਡਾਟ ਕਾਮ ਰਾਹੀਂ ਤੁਸੀਂ ਆਪਣੇ ਅਗਲੇ ਖੇਡ ਮੇਲੇ ਜਾਂ
ਖੇਡ ਗਤੀਵਿਧੀਆਂ ਦੀਆਂ ਤਸਵੀਰਾਂ ਅਤੇ ਪ੍ਰਾਪਤੀਆਂ ਨੂੰ ਮੁੱਖ ਪੰਨੇ 'ਤੇ ਉਭਾਰ ਵੀ
ਸਕਦੇ ਹੋ। ਇਸ ਇੰਟਰਨੈਟ ਖੇਡ ਮੈਗਜ਼ੀਨ ਵਿਚ ਬਹੁਤ ਸਾਰੀਆਂ ਹੋਰ ਜਾਣਕਾਰੀਆਂ ਵੀ
ਮੁਹੱਈਆ ਹਨ, ਜਿਨ੍ਹਾਂ ਵਿਚ ਪੰਜਾਬ ਭਰ ਦੀ ਟੈਲੀਫੋਨ ਡਾਇਰੈਕਟਰੀ, ਹੁਣ ਤੱਕ ਦੇ
ਪੰਜਾਬੀ ਮੂਲ ਦੇ ਪਦਮਸ਼੍ਰੀ, ਅਰਜੁਨਾ ਐਵਾਰਡੀ, ਉਲੰਪੀਅਨ, ਖੇਡ ਲਿਖਾਰੀ,
ਫੋਟੋਗ੍ਰਾਫਰ, ਕੁਮੈਂਟੇਟਰ ਅਤੇ ਹੋਰ ਪੰਜਾਬ ਭਰ ਦੀਆਂ ਖੇਡਾਂ ਨਾਲ ਜੁੜੀਆਂ ਸ਼ਖਸੀਅਤਾਂ
ਬਾਰੇ ਜਾਣਕਾਰੀ ਵੀ ਇਕੋ ਥਾਂ 'ਤੇ ਕਿਸੇ ਵੀ ਵੇਲੇ ਅਤੇ ਕਿਸੇ ਵੀ ਥਾਂ 'ਤੇ ਮਿਲ
ਸਕਿਆ ਕਰੇਗੀ। ਕਬੱਡੀ ਦੇ ਵੱਖ ਵੱਖ ਹੁੰਦੇ ਕੱਪਾਂ ਬਾਰੇ ਜਾਣਕਾਰੀਆਂ ਵੀ ਜਿਵੇਂ ਜਿਵੇਂ
ਪ੍ਰਬੰਧਕ ਦਿੰਦੇ ਜਾਣਗੇ, ਉਹ ਜੋੜੀਆਂ ਜਾਂਦੀਆਂ ਰਹਿਣਗੀਆਂ। ਇਸ ਮੈਗਜ਼ੀਨ ਦਾ ਇਕ ਖਾਸ
ਪੱਖ ਇਹ ਵੀ ਹੈ ਕਿ ਖੇਡਾਂ ਬਾਰੇ ਤੁਹਾਨੂੰ ਹੋਰ ਕਿਸੇ ਵੀ ਵੈਬਸਾਈਟ ਜਾਂ ਆਨਲਾਈਨ
ਮੈਗਜ਼ੀਨ ਨੂੰ ਖੋਲ੍ਹਣ ਦੀ ਲੋੜ ਨਹੀਂ ਪਵੇਗੀ, ਕਿਉਂਕਿ ਇਸ ਵਿਚ ਉਲੰਪਿਕਸ, ਹਾਕੀ,
ਫੁੱਟਬਾਲ, ਵਾਲੀਬਾਲ, ਕੁਸ਼ਤੀ ਵਗੈਰਾ ਦੀਆਂ ਦੁਨੀਆਂ ਭਰ ਦੀਆਂ ਪ੍ਰਸਿੱਧ ਵੈਬਸਾਈਟਾਂ
ਦੇ ਲਿੰਕ ਵੀ ਮੁਹੱਈਆ ਕਰਵਾਏ ਜਾ ਰਹੇ ਹਨ।
ਪੰਜਾਬ ਸਪੋਰਟਸ ਡਾਟ ਕਾਮ ਦਾ ਪਹਿਲਾ ਅੰਕ ਪੰਜਾਬੀ ਨੌਜਵਾਨਾਂ ਦੀ ਪਹਿਲੀ ਪਸੰਦ ਸ਼ਹੀਦ
ਭਗਤ ਸਿੰਘ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਫੋਟੋ 'ਤੇ ਕਲਿੱਕ
ਕਰਦਿਆਂ ਹੀ ਉਨ੍ਹਾਂ ਦੀ ਜੀਵਨੀ ਬਾਰੇ ਦਸ ਦੇ ਕਰੀਬ ਆਰਟੀਕਲ ਪੜ੍ਹੇ ਜਾ ਸਕਦੇ ਹਨ।
ਖੇਡਾਂ ਬਾਰੇ ਵੱਖ ਵੱਖ ਆਰਟੀਕਲ ਵੀ ਤੁਹਾਨੂੰ ਇਸ ਮੈਗਜ਼ੀਨ ਵਿਚੋਂ ਮਿਲਣਗੇ ਅਤੇ ਤੁਸੀਂ
ਇਨ੍ਹਾਂ ਨੂੰ ਪ੍ਰਿੰਟ ਕਰ ਸਕਦੇ ਹੋ ਜਾਂ ਈਮੇਲ ਰਾਹੀਂ ਅਗਾਂਹ ਦੀ ਅਗਾਂਹ ਭੇਜ ਸਕਦੇ
ਹੋ। ਮੈਗਜ਼ੀਨ ਦੇ ਐਡੀਟਰਾਂ ਦੀ ਇਸ ਆਰਟੀਕਲ ਨੂੰ ਪੜ੍ਹਨ ਵਾਲਿਆਂ ਨੂੰ ਇਹੀ ਗੁਜ਼ਾਰਿਸ਼
ਹੈ ਕਿ ਉਹ ਖੇਡਾਂ ਬਾਰੇ ਕਿਸੇ ਵੀ ਕਿਸਮ ਦੀ ਜਾਣਕਾਰੀ, ਤਸਵੀਰਾਂ, ਆਰਟੀਕਲ ਜਾਂ ਆਪਣੇ
ਪਿੰਡ ਦੀ ਜਾਣਕਾਰੀ ਆਪਣੇ ਪੇਂਡੂਆਂ ਰਾਹੀਂ ਜਾਂ ਖੁਦ ਭੇਜਣ ਅਤੇ ਪੰਜਾਬ ਦੀਆਂ ਖੇਡ
ਗਤੀਵਿਧੀਆਂ ਨੂੰ ਵਧਾਉਣ ਵਲ ਇਕ ਸਾਰਥਿਕ ਕਦਮ ਚੁੱਕਣ।

ਜਗਰੂਪ ਸਿੰਘ ਜਰਖੜ |
|