|
ਬੇਕਦਰੋਂ ਸੇ ਦੋਸਤੀ,
ਤੂੰ ਕਿਉਂ ਲਗਾ ਲੀ ਹੰਸ! |
|
|
ਤਕਰੀਬਨ ਅੱਜ ਤੋਂ ਤਿੰਨ ਕੁ ਮਹੀਨੇ ਪਹਿਲਾਂ ਜਦੋਂ ਵੱਖ ਵੱਖ ਦੇਸ਼ਾਂ ਵਿਚੋਂ ਲੰਘਦੀ
ਉਲੰਪਿਕ ਮਸ਼ਾਲ 17 ਅਪ੍ਰੈਲ ਨੂੰ ਭਾਰਤ ਪਹੁੰਚੀ ਸੀ ਤਾਂ ਉਸ ਨੂੰ ਲੈ ਕੇ ਖਾਸਾ ਹੋ
ਹੱਲਾ ਹੋਇਆ ਸੀ। ਕਈ ਆਪਣੇ ਆਪ ਨੂੰ ਖੱਬੀ ਖਾਨ ਸਮਝਦੇ ਪਰ ਖੇਡਾਂ ਦੀ ਦੁਨੀਆ ਤੋਂ
ਕੋਹਾਂ ਦੂਰ ਹਸਤੀਆਂ ਨੇ ਇਸ ਪਵਿੱਤਰ ਮਸ਼ਾਲ ਨੂੰ ਹੱਥ ਲਾਉਣ ਤੋਂ ਵੀ ਕਈ ਤਰ੍ਹਾਂ ਦੇ
ਸਿਆਸੀ ਦਾਅ ਪੇਚ ਵਰਤਦਿਆਂ ਇਨਕਾਰ ਕੀਤਾ ਸੀ। ਉਸੇ ਨੂੰ ਧਿਆਨ ਵਿਚ ਰਖਦਿਆਂ ਕੁੱਝ
ਲਿਖਣ ਦਾ ਮਨ ਕੀਤਾ।
ਅਸਲੀਅਤ ਵਿਚ ਸੋਚਿਆ ਜਾਵੇ ਤਾਂ ਇਸ ਸਾਲ ਨੂੰ ਸਾਰੀ ਦੁਨੀਆ ਉਲੰਪਿਕ ਵਰ੍ਹੇ ਵਜੋਂ ਮਨਾ
ਰਹੀ ਹੈ ਅਤੇ ਹਰ ਕੋਈ ਆਪਣੇ ਦੇਸ਼ ਦੀਆਂ ਖੇਡਾਂ 'ਤੇ ਲਗਾਤਾਰ ਧਿਆਨ ਦੇ ਰਹੇ ਹਨ।
ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਉਲੰਪਿਕ ਵਿਚ ਮੈਡਲ ਜਿੱਤਣਾ ਉਨ੍ਹਾਂ ਦੇ ਦੇਸ਼ ਨੂੰ
ਦੁਨੀਆ ਵਿਚ ਸੂਰਜ ਦੀ ਤਰ੍ਹਾਂ ਚਮਕਾ ਕੇ ਰੱਖ ਦੇਵੇਗਾ ਅਤੇ ਚੀਨ ਅਤੇ ਅਮਰੀਕਾ ਵਰਗੇ
ਦੇਸ਼ਾਂ ਨੇ ਤਾਂ ਖੇਡਾਂ ਨੂੰ ਆਪਣੇ ਦੇਸ਼ ਵਿਚ ਸਭ ਤੋਂ ਉਚੀ ਥਾਂ ਦਿੱਤੀ ਹੈ। ਇੱਕ ਅੱਧੇ
ਮੈਡਲ ਦੀ ਗੱਲ ਛੱਡੋ, ਉਹ ਤਾਂ ਪੂਰੀ ਦੁਨੀਆ ਨੂੰ ਜਿੱਤਣ ਲਈ ਸੋਚਦੇ ਹਨ ਅਤੇ ਹਰ ਵਾਰ
ਥੋੜ੍ਹਾ ਜਿਹਾ ਹੀ ਪਿੱਛੇ ਰਹਿ ਜਾਂਦੇ ਹਨ, ਪਰ ਇਸ ਵਾਰ ਉਨ੍ਹਾਂ ਨੇ ਠਾਣ ਲਿਆ ਹੈ ਕਿ
ਉਹ ਵਿਸ਼ਵ ਵਿਜੇਤਾ ਬਣ ਕੇ ਹੀ ਰਹਿਣਗੇ ਅਤੇ ਇਸ ਦਾ ਉਲਟ ਸਾਡਾ ਦੇਸ਼ ਜਿਵੇਂ ਗਹਿਰੀ
ਨੀਂਦ ਵਿਚ ਸੌਂ ਰਿਹਾ ਹੋਵੇ ਅਤੇ ਇਸਦੇ ਸਪੋਰਟਸ ਦੇ ਕਰਤਾ ਧਰਤਾ ਅਤੇ ਭਾਰਤੀ ਉਲੰਪਿਕ
ਦੇ ਪ੍ਰਧਾਨ ਸੁਰੇਸ਼ ਕਲਮਾਡੀ ਨੂੰ ਤਾਂ ਜਿਵੇਂ ਉਲੰਪਿਕ ਮਸ਼ਾਲ ਦੀ ਕਦਰ ਹੀ ਨਾ ਹੋਵੇ।
ਜਦੋਂ ਭਾਰਤ ਦਾ ਉਲੰਪਿਕ ਖੇਡਾਂ ਦਾ ਕਰਤਾ ਧਰਤਾ ਨੂੰ ਹੀ ਉਲੰਪਿਕ ਮਸ਼ਾਲ ਬਾਰੇ ਪਤਾ
ਨਾ ਹੋਵੇ ਤਾਂ ਭਾਰਤ ਕਿਵੇਂ ਕੋਈ ਮੈਡਲ ਜਿੱਤ ਸਕੇਗਾ। ਹਾਂ ਜੇ ਕੋਈ ਖਿਡਾਰੀ ਆਪਣੀ
ਮਿਹਨਤ ਨਾਲ ਕੋਈ ਮੈਡਲ ਜਿੱਤ ਕੇ ਦੇਸ਼ ਦੀ ਆਨ ਅਤੇ ਸ਼ਾਨ ਨੂੰ ਬਚਾ ਸਕੇ ਅਤੇ ਕਲਮਾਡੀ
ਨੂੰ ਖੇਡਾਂ ਦੀ ਥਾਂ ਸਿਆਸਤ ਵਿਚ ਹੋਣਾ ਚਾਹੀਦਾ ਹੈ, ਕਿਉਂਕਿ ਬੱਚਿਆਂ ਦੀ ਤਰ੍ਹਾਂ
ਇਨ੍ਹਾਂ ਨੂੰ ਫਿਲਮੀ ਸਿਤਾਰਿਆਂ ਦੇ ਨਾਲ ਅਤੇ ਸਿਆਸਤਦਾਨਾਂ ਨਾਲ ਫੋਟੋ ਖਿਚਵਾਉਣ ਦਾ
ਜ਼ਿਆਦਾ ਹੀ ਸ਼ੌਂਕ ਲਗਦਾ ਹੈ। ਫੋਟੋ ਖਿਚਵਾਉਣ ਦੀ ਚਾਹਤ ਵਿਚ ਇਹ ਭੁੱਲ ਗਏ ਹਨ ਕਿ
ਉਲੰਪਿਕ ਮਸ਼ਾਲ ਦਾ ਕੀ ਮਹੱਤਵ ਹੈ। ਕਦੀ ਪੁੱਛ ਕੇ ਵੇਖੋ ਕਿਸੇ ਖਿਡਾਰੀ ਨੂੰ ਚਾਹੇ ਉਹ
ਸੰਸਾਰ ਦਾ ਕਿੰਨਾ ਹੀ ਵੱਡਾ ਟਾਪਰ ਕਿਉਂ ਨਾ ਹੋਵੇ, ਹਰ ਸਮੇਂ ਉਲੰਪਿਕ ਮਸ਼ਾਲ ਨੂੰ
ਛੂਹਣ ਨੂੰ ਹਜ਼ਾਰਾਂ ਮੈਡਲਾਂ ਜਿੱਤਣ ਤੋਂ ਜ਼ਿਆਦਾ ਮਾਣ ਮਹਿਸੂਸ ਕਰਦੇ ਹਨ ਅਤੇ ਇੱਕ
ਪੁਲਿਸ ਅਫਸਰ ਦਾ ਕਹਿਣਾ ਕਿ ਮੈਂ ਮਸ਼ਾਲ ਨੂੰ ਹੱਥ ਨਹੀਂ ਲਾਵਾਂਗੀ, ਸੂਰਜ ਨੂੰ ਦੀਵਾ
ਦਿਖਾਉਣ ਦੇ ਬਰਾਬਰ ਹੈ।
ਇਸ ਸਭ ਨਿਰਾਦਰ ਦਾ ਦੋਸ਼ ਸੁਰੇਸ਼ ਕਲਮਾਡੀ ਨੂੰ ਹੀ ਜਾਂਦਾ ਹੈ। ਚਾਹੇ ਲੱਖਾਂ ਐਕਟਰ ਇਹ
ਮੰਨਦੇ ਹੋਣ ਕਿ ਉਨ੍ਹਾਂ ਨੂੰ ਦੁਨੀਆ ਚਾਹੁੰਦੀ ਹੈ ਜਾਂ ਕੋਈ ਪੁਲਿਸ ਅਫਸਰ ਕਿੰਨੇ ਹੀ
ਵੱਡੇ ਅਹੁਦੇ 'ਤੇ ਹੋਵੇ, ਪੜ੍ਹ ਲਿਖ ਕੇ ਕੋਈ ਵੀ ਇੱਕ ਨਹੀਂ ਬਹੁਤ ਸਾਰੇ ਅਫਸਰ ਬਣ
ਸਕਦੇ ਹਨ ਅਤੇ ਝੂਠਾ ਹੱਸ ਰੋ ਕੇ ਨਾਟਕ ਕਰਕੇ ਕੋਈ ਵੀ ਐਕਟਰ ਇਸ ਝੂਠ ਨੂੰ ਮੰਨਣ ਵਾਲੇ
ਦੇਸ਼ ਵਿਚ ਨਾਂਅ ਕਰ ਸਕਦੇ ਹਨ। ਕਿਉਂਕਿ ਝੂਠ 'ਤੇ ਇਸ ਦੇਸ਼ ਦੇ ਲੋਕਾਂ ਨੂੰ ਬਹੁਤ ਜਲਦੀ
ਯਕੀਨ ਹੋ ਜਾਂਦਾ ਹੈ।
ਪਿਛਲੇ ਮਹੀਨੇ ਜੁਗਾੜੂ ਕੁਸ਼ਤੀਆਂ ਦਾ ਭਾਰਤੀ ਪਹਿਲਵਾਨ ਜਿਸ ਨੂੰ ਕਿ ਜੁਗਾੜੂ ਕੁਸ਼ਤੀਆਂ
ਦੀ ਕੰਪਨੀ ਡਬਲਿਊ. ਡਬਲਿਊ. ਈ. ਨੇ ਆਪਣੀ ਆਮਦਨ ਵਧਾਉਣ ਲਈ ਭਾਰਤ ਘੱਲਿਆ ਸੀ ਅਤੇ ਉਸ
ਨੂੰ ਸਾਰੇ ਮੀਡੀਆ ਨੇ ਇੰਜ ਅੱਖਾਂ 'ਤੇ ਬਿਠਾਇਆ ਕਿ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ
ਜਿਵੇਂ ਅਸਲੀ ਖੇਡਾਂ ਤੋਂ ਦੂਰ ਕਰਨ ਦਾ ਬੀੜਾ ਚੁੱਕਿਆ ਹੋਵੇ। ਜਦੋਂ ਕਿ ਇਸ ਖਲੀ ਨਾਮ
ਦੇ ਪਹਿਲਵਾਨ ਦੀ ਤਾਕਤ ਸਾਡੇ ਕਿਸੇ ਇੱਕ ਪਹਿਲਵਾਨ ਦੇ ਬਰਾਬਰ ਦੀ ਵੀ ਨਹੀਂ ਹੈ। ਉਸ
ਨੂੰ ਅੱਜ ਤੱਕ ਕਈ ਵਾਰ ਸਾਡੇ ਪੰਜਾਬ ਦੇ ਪਹਿਲਵਾਨਾਂ ਨੇ ਚੈਲੇਂਜ ਕਰ ਰੱਖਿਆ ਹੈ ਕਿ
ਜੇਕਰ ਉਸ ਵਿਚ ਹਿੰਮਤ ਹੋਵੇ ਤਾਂ ਸਾਡੇ ਨਾਲ ਮਿੱਟੀ ਜਾਂ ਮੈਟ ਜਾਂ ਕਿਤੇ ਵੀ ਕਿਸੇ
ਵੀ ਮੁਕਾਬਲੇ ਵਿਚ ਲੜ ਕੇ ਤਾਂ ਦੇਖੇਂ ਤਾਂ ਅੱਜ ਤੱਕ ਨਾ ਹੀ ਝੂਠਾ ਖਲੀ ਹੀ ਆਇਆ ਅਤੇ
ਨਾ ਹੀ ਉਸ ਦੇ ਨਾਲ ਦਾ ਕੋਈ ਪਹਿਲਵਾਨ। ਇਥੋਂ ਤੱਕ ਕਿ ਪਲਵਿੰਦਰ ਚੀਮਾ ਦੇ ਇਕ
ਰਿਸ਼ਤੇਦਾਰ ਨੇ ਉਸ ਨੂੰ ਸਿਰਫ ਕੁਸ਼ਤੀ ਲੜਨ ਦੀ ਹਾਂ ਕਰਨ ਲਈ 10 ਲੱਖ ਰੁਪਏ ਦਾ ਇਨਾਮ
ਐਲਾਨਿਆ ਸੀ, ਚਾਹੇ ਉਹ ਕੁਸ਼ਤੀ ਜਿੱਤੇ, ਚਾਹੇ ਹਾਰੇ। ਪਰ ਉਹ ਚੁੱਪ ਹੀ ਰਿਹਾ। ਦਰਅਸਲ
ਅਜਿਹੇ ਝੂਠੇ ਪਹਿਲਵਾਨਾਂ ਅਤੇ ਝੂਠੀਆਂ ਖੇਡਾਂ ਦੇ ਲਈ ਸਾਡੇ ਦੇਸ਼ ਦੀ ਭੋਲੀ ਭਾਲੀ
ਜਨਤਾ ਹਵਨ ਕਰਵਾ ਰਹੀ ਹੈ। ਇਸ ਵਿਚ ਕਸੂਰ ਸਾਡੀ ਜਨਤਾ ਦਾ ਨਹੀਂ ਹੈ, ਕਸੂਰ ਹੈ ਤਾਂ
ਮੀਡੀਆ ਅਤੇ ਅਜਿਹੇ ਖੇਡ ਪ੍ਰਮੋਟਰਾਂ ਦਾ ਜੋ ਆਪਣੇ ਨਿੱਜੀ ਫਾਇਦੇ ਦੇ ਲਈ ਝੂਠ ਨੂੰ
ਸੱਚ ਬਣਾ ਕੇ ਲੋਕਾਂ ਸਾਹਮਣੇ ਪੇਸ਼ ਕਰਦੇ ਹਨ। ਪਤਾ ਨਹੀਂ ਕਿਉਂ ਹੁਣ ਇੰਡੀਆ ਟੀ.ਵੀ.
ਵਾਲਿਆਂ ਨੇ ਇਸਦਾ ਖੁਲਾਸਾ ਕੀਤਾ ਹੈ ਕਿ ਇਹ ਸਭ ਝੂਠ ਹੈ ਜੋ ਕਿ ਕਦੀ ਇਸ ਦੀ ਤਾਰੀਫ
ਕਰਿਆ ਕਰਦੇ ਸਨ ਹੁਣ ਉਹੀ ਇਸ ਨੂੰ ਝੂਠਾ ਦੱਸ ਰਹੇ ਹਨ।
ਦੂਸਰੇ ਪਾਸੇ ਉਲੰਪਿਕ ਦੇ ਲਈ ਪੰਜ ਪਹਿਲਵਾਨ ਕੁਆਲੀਫਾਈ ਕਰ ਗਏ ਹਨ। ਇਹ ਤਾਂ ਜੱਗ
ਜ਼ਾਹਿਰ ਗੱਲ ਹੈ ਕਿ ਉਲੰਪਿਕ ਦੇ ਲਈ ਕੁਆਲੀਫਾਈ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ
ਹੈ। ਇਸ ਵਿਚ ਕਈ ਦੇਸ਼ਾਂ ਦੇ ਵਿਸ਼ਵ ਜੇਤੂ ਪਹਿਲਵਾਨਾਂ ਨਾਲ ਜੂਝਣਾ ਪੈਂਦਾ ਹੈ ਤਾਂ
ਕਿਤੇ ਜਾ ਕੇ ਉਲੰਪਿਕ ਲਈ ਕੁਆਲੀਫਾਈ ਹੋ ਪਾਉਂਦੇ ਹਨ, ਪਰ ਮੀਡੀਆ ਵਾਲਿਆਂ ਜਾਂ ਕਿਸੇ
ਨੇ ਵੀ ਇਨ੍ਹਾਂ ਨੂੰ ਪੁੱਛਿਆ ਤੱਕ ਨਹੀਂ। ਉਲੰਪਿਕ ਮਸ਼ਾਲ ਇਸ ਕ੍ਰਿਕਟ ਪ੍ਰੇਮੀ ਅਤੇ
ਜੁਗਾੜੂ ਖੇਡਾਂ ਦੇ ਦੇਸ਼ ਵਿਚ ਕੀ ਉਮੀਦ ਕਰ ਸਕਦੀ ਹੈ ਕਿ ਕੋਈ ਉਸਦਾ ਸਤਿਕਾਰ ਕਰੇਗਾ।
ਇਸ ਦੇਸ਼ ਵਿਚ ਤਾਂ ਪੁਲਿਸ ਅਫਸਰ ਅਤੇ ਫਿਲਮੀ ਸਟਾਰ ਉਲੰਪਿਕ ਮਸ਼ਾਲ ਤੋਂ ਆਪਣੇ ਆਪ ਨੂੰ
ਵੱਡਾ ਸਮਝਦੇ ਹਨ। ਪਰ ਅਸਲ ਵਿਚ ਉਲੰਪਿਕ ਮਸ਼ਾਲ ਦੇ ਸਾਹਮਣੇ ਇਨ੍ਹਾਂ ਦੀ ਔਕਾਤ ਹੀ ਕੀ
ਹੈ। ਕਦੀ ਸੋਚਿਆ ਹੈ ਕਿੰਨੀ ਸਖਤ ਮਿਹਨਤ ਅਤੇ ਆਪਣੇ ਸਾਰਾ ਜੀਵਨ ਖੇਡਾਂ ਦੇ ਲੇਖੇ ਲਾ
ਕੇ ਵਾਰ ਵਾਰ ਹਾਰ ਜਿੱਤ ਕੇ ਜਦੋਂ ਇਹ ਖਿਡਾਰੀ ਉਲੰਪਿਕ ਦੀ ਤਿਆਰੀ ਕਰਦੇ ਹਨ। ਜੇ
ਇਨ੍ਹਾਂ ਨੂੰ ਕਿਸੇ ਵੀ ਝੂਠੇ ਐਕਟਰ ਜਾਂ ਕਿਰਨ ਬੇਦੀ ਵਰਗੀ ਪੁਲਿਸ ਅਫਸਰ ਨਾਲ ਖੜ੍ਹਾ
ਕਰ ਦਿੱਤਾ ਜਾਵੇ ਤਾਂ ਇਹ ਉਸ ਖਿਡਾਰੀ ਦਾ ਪਸੀਨਾ ਦੇਖ ਕੇ ਹੀ ਬੇਹੋਸ਼ ਹੋ ਜਾਣਗੇ 'ਕਿਥੇ
ਰਾਜ ਭੋਜ, ਕਿਥੇ ਗੰਗੂ ਤੇਲੀ।'
ਜੇ ਕੋਈ ਉਲੰਪਿਕ ਵਿਚ ਮੇੈਡਲ ਜਿੱਤੇ ਤਾਂ ਤੁਸੀਂ ਟੀ.ਵੀ. ਵਿਚ ਦੇਖਿਆ ਹੋਵੇਗਾ, ਜੇ
ਨਹੀਂ ਦੇਖਿਆ ਤਾਂ ਜ਼ਰੂਰ ਦੇਖਿਓ ਕਿ ਕਿਵੇਂ ਜੇਤੂ ਖਿਡਾਰੀ ਜੋ ਚਾਹੇ ਕਿਸੇ ਵੀ ਛੋਟੇ
ਜਿਹੇ ਦੇਸ਼ ਦਾ ਹੋਵੇ ਉਦੋਂ ਉਸਦੇ ਦੇਸ਼ ਦੀ ਰਾਸ਼ਟਰੀ ਧੁਨ ਅਤੇ ਉਸਦੇ ਦੇਸ਼ ਦਾ ਝੰਡਾ
ਬਾਕੀ ਦੂਸਰੀ ਅਤੇ ਤੀਸਰੀ ਪੁਜ਼ੀਸ਼ਨ 'ਤੇ ਰਹਿਣ ਵਾਲਿਆਂ ਦੇ ਨਾਲ ਲਹਿਰਾਇਆ ਜਾਂਦਾ ਹੈ
ਅਤੇ ਉਸ ਜੇਤੂ ਖਿਡਾਰੀ ਦੇ ਦੇਸ਼ ਦਾ ਝੰਡਾ ਸਭ ਤੋਂ ਉਪਰ ਹੁੰਦਾ ਹੈ, ਭਾਵੇਂ ਦੂਸਰੀ
ਪੁਜੀਸ਼ਨ 'ਤੇ ਅਮਰੀਕਾ ਦੀ ਹੀ ਖਿਡਾਰੀ ਕਿਉਂ ਨਾ ਹੋਵੇ ਦੁਨੀਆਂ ਦੀ ਸਭ ਤੋਂ ਵੱਡੀ
ਤਾਕਤ ਵੀ ਉਸ ਦੇ ਅੱਗੇ ਝੁਕ ਜਾਂਦੀ ਹੈ। ਇਕ ਖਿਡਾਰੀ ਨੂੰ ਐਨਾ ਸਨਮਾਨ ਦਿੱਤਾ ਜਾਂਦਾ
ਹੈ ਕਿ ਸਾਰਾ ਸੰਸਾਰ ਉਸ ਦੇ ਅੱਗੇ ਝੁਕ ਜਾਂਦਾ ਹੈ। ਕੀ ਕਦੀ ਕਿਸੇ ਐਕਟਰ ਜਾਂ ਪੁਲਿਸ
ਵਾਲੇ ਨੂੰ ਐਨਾ ਸਨਮਾਨ ਮਿਲਿਆ ਹੈ। ਇਹ ਸਨਮਾਨ ਤਾਂ ਐਨੀ ਮਸ਼ਹੂਰ ਖੇਡ ਕ੍ਰਿਕੇਟ ਜਾਂ
ਕਿਸੇ ਵੀ ਹੋਰ ਖੇਡ ਵਿਚ ਨਹੀਂ ਮਿਲਦਾ ਤਾਂ ਇਨ੍ਹਾਂ ਨੂੰ ਕਿਥੋਂ ਨਸੀਬ ਹੋਵੇਗਾ।
ਸੁਰੇਸ਼ ਕਲਮਾਡੀ ਤੋਂ ਇਹ ਪੁੱਛਣਾ ਚਾਹਾਂਗਾ ਕਿ ਕਦੀ ਫਿਲਮ ਵਾਲਿਆਂ ਨੇ ਕ੍ਰਿਕੇਟ ਨੂੰ
ਛੱਡ ਕੇ ਕਿਸੇ ਹੋਰ ਖੇਡ ਦੇ ਖਿਡਾਰੀਆਂ ਨੂੰ ਬੁਲਾਇਆ ਹੈ ਤਾਂ ਫਿਰ ਅਸੀਂ ਇਨ੍ਹਾਂ
ਨੂੰ ਐਨੀ ਸਨਮਾਨਯੋਗ ਮਸ਼ਾਲ ਦੇ ਲਈ ਕਿਉਂ ਬੁਲਾਉਂਦੇ ਹਾਂ। ਜੋ ਕਿ ਆਪਣੇ ਆਪ ਵਿਚ ਹੀ
ਐਨੀ ਮਹਾਨ ਹੈ। ਜਦੋਂ ਕਿ ਸਾਡੇ ਦੇਸ਼ ਵਿੱਚ ਹੀ ਲੱਖਾਂ ਉਲੰਪੀਅਨਾਂ ਅਤੇ ਅਰਜੁਨ
ਐਵਾਰਡੀ ਖਿਡਾਰੀ ਹਨ। ਉਲੰਪਿਕ ਮਸ਼ਾਲ ਨੂੰ ਤਾਂ ਇਸ ਝੂਠੀ ਪਬਲੀਸਿਟੀ ਦੀ ਜ਼ਰੂਰਤ ਹੀ
ਨਹੀਂ ਹੈ। ਹਾਲਾਂਕਿ ਕਲਮਾਡੀ ਨੂੰ ਇਹ ਗੱਲ ਪਤਾ ਹੋਣੀ ਚਾਹੀਦੀ ਹੈ ਕਿ ਉਲੰਪਿਕ ਮਸ਼ਾਲ
ਦਾ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਨਾਲ ਉਨ੍ਹਾਂ ਦੀ ਸ਼ੋਹਰਤ ਵੱਧਦੀ ਹੈ ਜੋ ਇਸ ਵਿਚ
ਹਿੱਸਾ ਲੈਂਦੇ ਹਨ।
ਜੇ ਅਸੀਂ ਉਲੰਪਿਕ ਮਸ਼ਾਲ ਦੇ ਮਾਣ ਸਨਮਾਨ ਨੂੰ ਹੀ ਸਮਝ ਨਹੀਂ ਪਾਉਂਦੇ ਤਾਂ ਉਲੰਪਿਕ
ਤੋਂ ਮੈਡਲ ਕਿਥੋਂ ਜਿੱਤ ਸਕਦੇ ਹਾਂ, ਕਿਉਂਕਿ ਅਸੀਂ ਤਾਂ ਅੱਜ ਵੀ ਇਨ੍ਹਾਂ ਝੂਠੇ
ਐਕਟਰਾਂ ਜਾਂ ਖੇਡਾਂ ਦੇ ਪਿੱਛੇ ਭੱਜ ਰਹੇ ਹਾਂ, ਜੋ ਉਲੰਪਿਕ ਤੱਕ ਪਹੁੰਚ ਹੀ ਨਹੀਂ
ਪਾਉਂਦੇ। ਸ੍ਰੀਮਾਨ ਜੀ ਨੇ ਆਪਣੀ ਅਕਲ ਦਾ ਸਭ ਤੋਂ ਵੱਡਾ ਸਬੂਤ ਦੇ ਦਿੱਤਾ ਹੈ ਜਦੋਂ
ਉਨ੍ਹਾਂ ਨੇ ਸਾਡੀ ਰਾਸ਼ਟਰੀ ਖੇਡ ਹਾਕੀ ਨੂੰ ਕਬਰ ਤੱਕ ਪਹੁੰਚਾਉਣ ਵਾਲੇ ਕੇ. ਪੀ. ਐਸ.
ਗਿੱਲ ਦੀ ਤਾਰੀਫ ਕੀਤੀ। ਓ ਭਾਈ ਸਾਰਾ ਦੇਸ਼ ਉਸ 'ਤੇ ਥੂ ਥੂ ਕਰ ਰਿਹਾ ਹੈ ਕਿ ਉਸ ਨੇ
ਸਾਡੇ ਦੇਸ਼ ਦੀ ਸਭ ਤੋਂ ਦਾਅਵੇਦਾਰ ਉਲੰਪਿਕ ਮੈਡਲ ਨੂੰ ਮਿੱਟੀ ਵਿਚ ਮਿਲਾ ਕੇ ਰੱਖ
ਦਿੱਤਾ ਹੈ, ਕਿਉਂਕਿ ਹਾਕੀ ਮੈਡਲ ਦੀ ਪ੍ਰਬਲ ਦਾਅਵੇਦਾਰ ਸੀ। ਅਜਿਹੇ ਭਾਰਤੀ ਉਲੰਪਿਕ
ਪ੍ਰਧਾਨਾਂ ਦੇ ਹੁੰਦਿਆਂ ਹੋਇਆ ਤਾਂ ਭਾਰਤੀ ਖੇਡਾਂ ਦਾ ਰੱਬ ਹੀ ਰਾਖਾ ਹੈ। ਤਾਂ ਅਜਿਹੇ
ਦੇਸ਼ ਵਿਚ ਆ ਕੇ ਉਲੰਪਿਕ ਮਸ਼ਾਲ ਤਾਂ ਕੀ ਖੇਡਾਂ ਨਾਲ ਸੰਬੰਧਤ ਹਰ ਸ਼ੈਅ ਹੀ ਲਗਦਾ ਇਹੀ
ਕਹੇਗੀ-
ਬੇਕਦਰੋਂ ਸੇ ਦੋਸਤੀ, ਤੂੰ ਕਿਉਂ ਲਗਾ ਲੀ ਹੰਸ।
ਤੇਰਾ ਸੂਈ ਸੇ ਮਾਸ ਪਿਰੋ ਲੀਆ, ਤੇਰੇ ਗਲੀ ਮੇਂ ਰੁਲ ਗਏ ਪੰਖ।

By : Harmail Singh Kala |