Click here For English Version

ਸਿਹਤਮੰਦ ਸਮਾਜ ਦੀ ਉਸਾਰੀ ਵਿਚ ਖੇਡਾਂ ਦਾ ਯੋਗਦਾਨ

ਕੇਹਰ ਸ਼ਰੀਫ਼ (ਜਰਮਨੀ)

ਖੇਡਾਂ ਦਾ ਮਨੁੱਖੀ ਜ਼ਿੰਦਗੀ ਵਿਚ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਮਨੁੱਖੀ ਸਰੀਰ ਭਾਵੇਂ ਕੁਦਰਤੀ ਸਿਸਟਮ ਨਾਲ ਬੱਝਿਆ ਹੁੰਦਾ ਹੈ ਪਰ ਇਸ ਦੀ ਦੇਖ-ਭਾਲ ਤੇ ਚੰਗੇ ਪਾਸੇ ਵਲ ਵਿਕਾਸ ਖੁਦ ਹਰ ਕਿਸੇ ਦੇ ਆਪਣੇ ਹੱਥਾਂ ਵਿਚ ਹੁੰਦਾ ਹੈ। ਜੇ ਵਿਕਾਸ ਵਿਚ ਅਣਗਹਿਲੀ ਹੋ ਜਾਵੇ ਤਾਂ ਅਨਜਾਣੇ ਵਿਚ ਹੀ ਮਨੁੱਖ ਕਈ ਵਾਰ ਉਮਰ ਭਰ ਦੇ ਰੋਗ ਸਹੇੜ ਲੈਂਦਾ ਹੈ। ਫੇਰ ਪਛਤਾਵਾ ਹੀ ਕੀਤਾ ਜਾ ਸਕਦਾ ਹੈ ਹੋਰ ਕੁੱਝ ਵੀ ਨਹੀਂ। ਅਰੋਗ ਮਨੁੱਖ ਹੀ ਚੰਗੇ ਸਮਾਜ ਦੀ ਉਸਾਰੀ ਤੇ ਉਸਦੇ ਸਿਹਤਮੰਦ ਵਿਕਾਸ ਵਿਚ ਸਭ ਤੋਂ ਵੱਡਾ ਯੋਗਦਾਨ ਪਾਉਂਦੇ ਹਨ। ਇਸ ਕਰਕੇ ਹੀ ਜੋਰ ਦਿੱਤਾ ਜਾਂਦਾ ਹੈ ਕਿ ਬੱਚੇ ਦੇ ਜਨਮ ਤੋਂ ਬਾਅਦ ਉਹਦੇ ਪਾਲਣ-ਪੋਸ਼ਣ ਵਿਚ ਕਿਸੇ ਕਿਸਮ ਦੀ ਅਣਗਹਿਲੀ ਨਾ ਹੋਵੇ ਜਾਂ ਘਾਟ ਨਾ ਰਹੇ। ਬੁਨਿਆਦ ਚੰਗੀ ਹੋਵੇ ਤਾਂ ਮਨੁੱਖ ਅੰਦਰ ਸਵੈ ਵਿਸ਼ਵਾਸ ਪੈਦਾ ਹੁੰਦਾ ਹੈ। ਮਨੁੱਖ ਅੰਦਰਲਾ ਸਵੈ ਵਿਸ਼ਵਾਸ ਹੀ ਉਸਦੀਆਂ ਜਿੱਤਾਂ ਦੀ ਜਾਮਨੀ ਬਣ ਜਾਂਦਾ ਹੈ।
ਕੁਦਰਤੀ ਹੀ ਬੱਚੇ ਦੀ ਸਭ ਤੋਂ ਵੱਧ ਰੁਚੀ ਖੇਡਣ ਵਿਚ ਹੁੰਦੀ ਹੈ। ਜਤਨ ਕਰਨਾ ਚਾਹੀਦਾ ਹੈ ਉਸਦੀ ਇਹ ਰੁਚੀ ਵਿਕਾਸ ਕਰੇ। ਇਸ ਦੇ ਸੁਯੋਗ ਵਾਧੇ ਵਿਚ ਪਹਿਲਾਂ ਮਾਪੇ ਹੀ ਉਸਦੇ ਸਭ ਤੋਂ ਵੱਡੇ ਸਹਾਇਕ ਹੋ ਸਕਦੇ ਹਨ। ਚੜ੍ਹਦੀ ਉਮਰੇ ਹੀ ਮਾਪਿਆ ਨੂੰ ਬੱਚੇ ਦੇ ਸ਼ੌਕ ਦੇਖਦਿਆਂ ਉਸ ਨੂੰ ਉਸਦੇ ਸ਼ੌਕ ਅਨੁਸਾਰ ਖੇਡਾਂ ਵਲ ਤੋਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਥੇ ਕੁੱਝ ਨੁਕਤਿਆਂ ਵਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਕਿ ਬੱਚੇ ਨੂੰ ਖੇਡਾਂ ਵਿਚ ਭੇਜਣ ਤੋਂ ਪਹਿਲਾਂ ਬੱਚੇ ਦੀ ਸਰੀਰਕ ਬਣਤਰ ਅਤੇ ਸੁਭਾਅ/ਸ਼ੌਕ ਮੁਤਾਬਿਕ ਖੇਡਾਂ ਨਾਲ ਸਬੰਧਤ ਕਿਸੇ ਖੇਡ ਮਾਹਿਰ ਅਤੇ ਖੇਡਾਂ ਨਾਲ ਹੀ ਸਬੰਧਤ ਕਿਸੇ ਡਾਕਟਰ ਅਤੇ ਕਿਸੇ ਮਨੋਵਿਗਿਆਨੀ ਨਾਲ ਜ਼ਰੂਰ ਸਲਾਹ ਕਰਨੀ ਚਾਹੀਦੀ ਹੈ ਕਿ ਬੱਚਾ ਜਿਸ ਖੇਡ ਵਿਚ ਰੁਚੀ ਰਖਦਾ ਹੈ ਕੀ ਸ਼ਰੀਰਕ ਪੱਖੋਂ ਉਸਦੇ ਯੋਗ ਵੀ ਹੈ? ਅੱਜ ਦੇ ਜ਼ਮਾਨੇ ਵਿਚ ਇਹੋ ਜਹੇ ਟੈਸਟ ਔਖੇ ਨਹੀਂ ਪਰ ਹਨ ਬੜੇ ਜ਼ਰੂਰੀ। ਜਤਨ ਇਹ ਵੀ ਕਰਨਾ ਚਾਹੀਦਾ ਹੈ ਕਿ ਜੇ ਸੰਭਵ ਹੋ ਸਕੇ ਤਾਂ ਉਸਨੂੰ ਕਿਸੇ ਛੋਟੇ ਖੇਡ ਕਲੱਬ ਵਿਚ ਭੇਜਿਆ ਜਾਵੇ। ਜਿੱਥੇ ਬੱਚਿਆਂ ਨੂੰ ਸਿਖਿਅਤ ਖੇਡ ਮਾਹਿਰਾਂ ਦੀ ਅਗਵਾਈ ਪਰਾਪਤ ਹੁੰਦੀ ਹੈ। ਬੱਚੇ ਹਾਂਅ ਪੱਖੀ ਮੁਕਾਬਲੇ ਰਾਹੀਂ ਵੱਧ ਸਿੱਖਦੇ ਹਨ, ਅਤੇ ਇਨ੍ਹਾਂ ਮੁਕਾਬਲਿਆਂ ਰਾਹੀਂ ਹੋਰ ਵੱਧ ਸਿੱਖਣ ਵਾਸਤੇ ਉਨ੍ਹਾਂ ਨੂੰ ਹੱਲਾਸ਼ੇਰੀ ਭਰਿਆ ਉਤਸ਼ਾਹ ਵੀ ਮਿਲਦਾ ਹੈ। ਇੱਥੇ ਹੀ ਬੱਚਿਆਂ ਅੰਦਰ ਭਾਈਚਾਰਕ ਸਾਂਝ ਦਾ ਵੀ ਵਿਕਾਸ ਹੁੰਦਾ ਹੈ। ਸਾਝਾਂ, ਦੋਸਤੀਆਂ ਵਿਚ ਵਟਦੀਆਂ ਹਨ। ਇਹ ਦੋਸਤ ਹੀ ਹੁੰਦੇ ਹਨ ਜੋ ਮਨੁੱਖ ਨੂੰ ਉਤਸ਼ਾਹ ਦਿੰਦੇ ਹਨ, ਮਾੜੇ ਰਸਤੇ ਜਾਣ ਤੋਂ ਵੀ ਵਾਹ ਲਗਦੀ ਰੋਕਦੇ ਹਨ। ਇਸ ਉਤਸ਼ਾਹ ਨਾਲ ਹੀ ਮਨੁੱਖ ਆਪਣੇ ਆਪ ਨੂੰ ਤਾਕਤਵਰ ਮਹਿਸੂਸ ਕਰਦਾ ਹੈ। ਇਕ, ਇਕ ਤੇ ਦੋ ਗਿਆਰਾਂ ਦੀ ਕਹਾਵਤ ਸੱਚ ਦਾ ਰੂਪ ਧਾਰਦੀ ਹੈ। ਦੂਣੀ ਤਾਕਤ ਦੇ ਆਸਰੇ ਬੱਚੇ ਹੋਰ ਮੱਲਾਂ ਮਾਰਨ ਅਤੇ ਹੋਰ ਜਿੱਤਾਂ ਵਲ ਵਧਦੇ ਹਨ।
ਪੱਛਮੀ ਮੁਲਕਾਂ ਵਲ ਧਿਆਨ ਮਾਰਿਆ ਜਾਵੇ ਤਾਂ ਦੇਖਦੇ ਹਾਂ ਕਿ ਇੱਥੇ ਬੱਚਿਆਂ ਦੇ ਵਿਕਾਸ ਵਲ ਬਹੁਤ ਹੀ ਧਿਆਨ ਦਿੱਤਾ ਜਾਂਦਾ ਹੈ। ਬਾਲ ਕੇਂਦਰਾਂ ਤੋਂ ਹੀ ਬੱਚਿਆਂ ਨੂੰ ਖੇਡਾਂ ਵਲ ਰੁਚਿਤ ਕੀਤਾ ਜਾਂਦਾ ਹੈ। ਸਕੂਲ ਵਿਚ ਪਹੁੰਚਣ 'ਤੇ ਪਹਿਲੀ ਜਮਾਤ ਤੋਂ ਹੀ ਬਾਕੀ ਵਿਸ਼ਿਆਂ ਦੇ ਨਾਲ ਖੇਡਾਂ ਦਾ ਵਿਸ਼ਾ ਵੀ ਹੁੰਦਾ ਹੈ। ਪ੍ਰਾਇਮਰੀ ਸਕੂਲ ਵਿਚ ਵੀ ਖੇਡਾਂ ਨਾਲ ਸਬੰਧਤ ਅਧਿਆਪਕ ਹੁੰਦਾ ਹੈ। ਬੱਚਿਆਂ ਨੂੰ ਇਸ ਵਿਚ ਵੀ ਬਾਕੀ ਵਿਸ਼ਿਆਂ ਜਿੰਨਾ ਹੀ ਧਿਆਨ ਦੇਣਾ ਹੁੰਦਾ ਹੈ। ਸਕੂਲਾਂ ਦੇ ਪੱਧਰ ਦੇ ਹਰ ਸਾਲ ਇਕ ਦੋ ਖੇਡ ਮੁਕਾਬਲੇ/ ਖੇਡ ਮੇਲੇ ਜ਼ਰੂਰ ਹੁੰਦੇ ਹਨ। ਇੱਥੋਂ ਹੀ ਬੱਚੇ ਦੀ ਖੇਡਾਂ ਵਲ ਰੁਚੀ ਵਧਦੀ ਹੈ। ਭਾਰੀ ਗਿਣਤੀ ਵਿਚ ਮਾਪੇ ਆਪਣੇ ਬੱਚਿਆਂ ਨੂੰ ਖੇਡ ਕਲੱਬਾਂ ਵਿਚ ਭੇਜਦੇ ਹਨ। ਪਿੰਡਾਂ ਅਤੇ ਛੋਟੇ ਵੱਡੇ ਸ਼ਹਿਰਾਂ ਵਿਚ ਹਰ ਥਾਵੇਂ ਖੇਡ ਪ੍ਰੇਮੀ ਇਨ੍ਹਾਂ ਕਲੱਬਾਂ ਦਾ ਗਠਨ ਕਰਦੇ ਹਨ। ਛੋਟੀਆਂ ਖੇਡ ਕਲੱਬਾਂ ਨੂੰ ਆਮ ਕਰਕੇ ਟੈਕਸ ਨਹੀਂ ਦੇਣਾ ਪੈਂਦਾ। ਇਹ ਕਲੱਬ ਭਾਵੇਂ ਪ੍ਰਾਈਵੇਟ ਹੀ ਹੁੰਦੇ ਹਨ ਪਰ ਸਰਕਾਰਾਂ ਵੀ ਇਨ੍ਹਾਂ ਦੀ ਮੱਦਦ ਕਰਦੀਆਂ ਹਨ। ਛੋਟੇ ਖੇਡ ਕਲੱਬ ਆਮ ਕਰਕੇ ਆਪਣੇ ਖਰਚੇ ਕਲੱਬ ਦੀ ਮੱਦਦ ਕਰਨ ਵਾਲਿਆਂ ਤੋਂ ਆਏ ਪੈਸੇ ਨਾਲ ਹੀ ਪੂਰੇ ਕਰਦੇ ਹਨ ਜਾਂ ਖਿਡਾਰੀਆਂ ਤੋਂ ਆਉਣ ਵਾਲੀ ਸਾਲਾਨਾ ਫੀਸ ਨਾਲ। ਇਨ੍ਹਾਂ ਕਲੱਬਾਂ ਵਿਚ ਬੱਚਿਆਂ ਨੂੰ ਭੇਜਣ ਦੇ ਥੋੜੇ ਜਹੇ ਪੈਸੇ ਲਗਦੇ ਹਨ। ਪਰ ਇਹ ਮਾਪਿਆਂ ਦੀ ਪਹੁੰਚ ਤੋਂ ਬਾਹਰ ਨਹੀਂ ਕਹੇ ਜਾ ਸਕਦੇ। ਖੇਡ ਕਲੱਬਾਂ ਵਿਚ ਜਾਣ ਦਾ ਬੱਚੇ ਨੂੰ ਫਾਇਦਾ ਬਹੁਤ ਹੁੰਦਾ ਹੈ। ਇੱਥੇ ਬੱਚੇ ਦਾ ਯੋਜਨਾ ਬਧ ਤੇ ਵਿਧੀ ਵਤ (
Planned and Systematically) ਤਰੀਕਿਆਂ ਨਾਲ ਵਿਕਾਸ ਹੁੰਦਾ ਹੈ। ਹੋਣ ਵਾਲੇ ਮੁਕਾਬਲਿਆਂ ਵਿਚ ਵੀ ਸ਼ਾਂਤ ਸੁਭਾਅ ਰਹਿਣ ਦਾ ਉਪਦੇਸ਼ ਦਿੱਤਾ ਜਾਂਦਾ ਹੈ। ਸਾਡੇ ਸਮਾਜ ਵਿਚ ਇਕੋ ਇਕ, ਖੇਡ ਮੈਦਾਨ ਹੀ ਅਜਿਹਾ ਸਥਾਨ ਹੈ ਜਿੱਥੇ ਜਾਣੇ/ਅਨਜਾਣੇ ਗਲਤੀ ਹੋ ਜਾਣ 'ਤੇ ਖਿਡਾਰੀ ਆਪਣੇ ਵਿਰੋਧੀ ਤੋਂ ਤੁਰੰਤ ਮਾਫੀ ਮੰਗ ਲੈਂਦੇ ਹਨ। ਇਸ ਤਰਾ੍ਹਂ ਮਨੁੱਖੀ ਮਨ ਵਿਚ ਨਿਮਰਤਾ ਭਰੇ ਆਚਰਣ ਦਾ ਵਿਕਾਸ ਹੁੰਦਾ ਹੈ।
ਖੇਡ ਕਲੱਬਾਂ ਆਦਿ ਵਿਚ ਜਾਣ ਦਾ ਬੱਚੇ ਦੇ ਸਮੁਚੇ ਵਿਕਾਸ ਤੇ ਬਹੁਤ ਪ੍ਰਭਾਵ ਪੈਂਦਾ ਹੈ। ਆਮ ਕਰਕੇ ਸਮਾਜ ਅੰਦਰਲੀਆਂ ਬੁਰਾਈਆਂ ਦਾ ਵੀ ਇੱਥੇ ਜ਼ਿਕਰ ਹੁੰਦਾ ਹੈ। ਜੇ ਬੱਚਾ ਜਾਗ੍ਰਿਤ ਹੈ ਤਾਂ ਉਹ ਕਿਸੇ ਵੀ ਕਿਸਮ ਦੇ ਨਸ਼ੇ ਆਦਿ ਦੀ ਆਦਤ ਤੋਂ ਬਚ ਰਹਿੰਦਾ ਹੈ। ਇਹ ਨਸ਼ਿਆਂ ਦੀ ਆਦਤ ਹੀ ਹੈ ਜੋ ਬਹੁਤੇ ਮਨੁੱਖਾਂ ਦੀ ਜ਼ਿੰਦਗੀ ਤਬਾਹ ਕਰਦੀ ਹੈ। ਸਮਾਜੀ ਤੇ ਪ੍ਰੀਵਾਰਕ ਜਿੰਦਗੀ ਤੇ ਵੀ ਇਸਦਾ ਭੈੜਾ ਪ੍ਰਭਾਵ ਨਜ਼ਰ ਆਉਂਦਾ ਹੈ। ਬਹੁਤ ਸਾਰੇ ਪ੍ਰੀਵਾਰਾਂ ਦੀ ਟੁੱਟ-ਭੱਜ ਦੇ ਜ਼ਿੰਮੇਵਾਰ ਇਹ ਨਸ਼ੇ ਹੀ ਬਣਦੇ ਹਨ। ਜੇ ਮਾਪਿਆਂ ਨੂੰ ਅਜਿਹੀ ਆਦਤ ਹੋਵੇ ਤਾਂ ਆਮ ਕਰਕੇ ਬੱਚਿਆਂ ਦੇ ਇਸ ਪਾਸੇ ਵਲ ਵਧਣ ਦੇ ਵੱਧ ਮੌਕੇ ਹੁੰਦੇ ਹਨ। ਮਿਸਾਲ ਵਜੋਂ ਸਿਗਰਟ ਤੇ ਸ਼ਰਾਬ ਜਾਂ ਹੋਰ ਨਸ਼ੇ ਆਦਿ ਦੀ ਵਰਤੋਂ ਨੂੰ ਲਿਆ ਜਾ ਸਕਦਾ ਹੈ। ਜੇ ਮਾਪੇ ਖੁਦ ਇਸ ਦੇ ਆਦੀ ਹੋਣਗੇ ਤਾਂ ਇਖਲਾਕੀ ਪੱਖੋਂ ਉਹ ਬੱਚੇ ਨੂੰ ਵਰਜਣ ਤੋਂ ਅਸਮਰਥ ਰਹਿਣਗੇ। ਇਸ ਤਰ੍ਹਾਂ ਉਹ ਮਾਪੇ ਖੁਦ ਹੀ ਬੱਚਿਆਂ ਦੇ ਅਣਦਿਸਦੇ ਦੁਸ਼ਮਣ ਕਹੇ ਜਾ ਸਕਦੇ ਹਨ। ਪਰ ਖੇਡ ਕਲੱਬਾਂ ਅੰਦਰ ਸਿੱਖਿਅਤ ਖੇਡ ਮਾਹਿਰ ਨਸ਼ਿਆਂ ਦੇ ਪੈਣ ਵਾਲੇ ਮਾਰੂ ਪ੍ਰਭਾਵਾਂ ਤੋਂ ਖਿਡਾਰੀਆਂ ਨੂੰ ਜਾਣੂ ਕਰਵਾਂਦੇ ਹਨ/ ਸੁਚੇਤ ਕਰਦੇ ਹਨ। ਇਨ੍ਹਾਂ ਤੋਂ ਬਚਣ , ਅਤੇ ਇਨ੍ਹਾਂ ਦਾ ਸੇਵਨ ਨਾ ਕਰਨ ਦੀ ਮੱਤ ਵੀ ਦਿੰਦੇ ਹਨ।
ਅੱਜ ਦੇ ਭੈੜਾਂ ਭਰੇ ਸਮਾਜ ਨੂੰ ਆਉਣ ਵਾਲੀ ਪੀੜ੍ਹੀ ਤੋਂ ਇਹ ਹੀ ਆਸ ਹੈ ਕਿ ਉਹ ਖੇਡਾਂ ਨੂੰ ਵਿਕਸਤ ਕਰਨ ਵਿਚ ਆਪਣਾ ਯੋਗਦਾਨ ਪਾਉਣ। ਸਿਰਫ ਇਕ ਹੀ 'ਡੰਡਾ ਮਾਰਕਾ' ਖੇਡ ਮਗਰ ਨੱਠੇ ਫਿਰਨਾ ਵੱਡੀਆਂ ਵਪਾਰਕ ਕੰਪਨੀਆਂ ਦੀ ਸੋਚੀ ਸਮਝੀ ਸਾਜਿਸ਼ ਹੈ ਕਿ ਬਾਕੀ ਖੇਡਾਂ ਨੂੰ ਪਛਾੜਿਆਂ ਜਾਵੇ ਹਾਲਾਂਕਿ ਹੋਰ ਦਰਜਣਾਂ ਹੀ ਖੇਡਾਂ ਹਨ ਜਿਨ੍ਹਾਂ ਵਲ ਧਿਆਨ ਦੇਣ ਦੀ ਲੋੜ ਹੈ। ਉਹ ਆਪਣੀ ਮਸ਼ਹੂਰੀ ਵਾਸਤੇ ਅਜਿਹੀ ਖੇਡ ਦੇ ਖਿਡਾਰੀਆਂ ਨੂੰ ਖਰੀਦ ਕੇ ਆਪਣੇ ਮੁਨਾਫੇ ਵਧਾਉਣ ਲਈ ਵਰਤਦੇ ਹਨ। ਸਮਾਜ ਦੇ ਆਗੂਆਂ ਦਾ ਇਹ ਪਹਿਲਾ ਫਰਜ਼ ਹੋਣਾ ਚਾਹੀਦਾ ਹੈ ਕਿ ਸ਼ਹਿਰਾਂ ਦੇ ਨਾਲ ਨਾਲ ਉਹ ਪਿੰਡਾਂ ਵਿਚ ਵੀ ਸ਼ਹਿਰੀ ਸਹੂਲਤਾਂ ਪ੍ਰਦਾਨ ਕਰਨ। ਪੰਚਾਇਤਾਂ ਖੇਡ ਮੁਕਾਬਲੇ ਕਰਾਉਣ ਦਾ ਪ੍ਰਬੰਧ ਕਰਨ ਤੇ ਖੇਡ ਮਹਿਕਮਾਂ (ਰਾਜ ਸਰਕਾਰ) ਇਨ੍ਹਾਂ ਮੁਕਾਬਲਿਆਂ ਦੀ ਭਰਪੂਰ ਪ੍ਰਬੰਧਕੀ ਤੇ ਆਰਥਕ ਮੱਦਦ ਕਰੇ। ਸ਼ਹਿਰਾਂ ਤੇ ਪਿੰਡਾਂ ਵਿਚ ਅੰਤਰਰਾਸ਼ਟਰੀ ਪੱਧਰ ਦੇ ਖੇਡ ਮੈਦਾਨ ਖਾਸ ਕਰਕੇ ਗਰਾਊਂਡ (ਐਸਟਰੋ ਟਰਫ ਵਾਲੇ) ਕਾਇਮ ਕੀਤੇ ਜਾਣ। ਉੱਪਰਲੀ ਪੱਧਰ ਦੇ ਸਾਰੇ ਮੁਕਾਬਲੇ ਅਜਿਹੇ ਗਰਾਊਡਾਂ ਵਿਚ ਹੀ ਹੁੰਦੇ ਹਨ। ਮੁਕਾਬਲੇ ਤਦ ਹੀ ਕੀਤੇ ਜਾ ਸਕਦੇ ਹਨ ਜੇ ਅਭਿਆਸ ਵਾਸਤੇ ਵੀ ਅਜਿਹੇ ਗਰਾਊਂਡ ਹੀ ਵਰਤੇ ਜਾਣ। ਸਰਕਾਰ ਕੋਈ ਸਾਰਥਿਕ ਖੇਡ ਨੀਤੀ ਘੜੇ ਜਿਸ ਨਾਲ ਖੇਡਾਂ ਦਾ ਠੀਕ ਢੰਗ ਨਾਲ ਵਿਕਾਸ ਹੋਵੇ। ਪੰਚਾਇਤਾਂ ਨੂੰ ਦਿੱਤੇ ਜਾਣ ਵਾਲੇ ਵਿਤੀ ਫੰਡਾਂ ਵਿਚੋਂ ਨਿਸਚਤ ਰਾਸ਼ੀ ਖੇਡਾਂ ਤੇ ਖਰਚ ਕਰਨ ਦੀ ਸਖਤ ਹਦਾਇਤ ਹੋਵੇ। ਪਿੰਡਾਂ ਵਿਚ ਘੱਟੋ ਘੱਟ ਮਾਲੀ ਸਾਧਨਾਂ ਦੇ ਹੁੰਦੇ ਹੋਏ ਵੀ ਖੇਡਾਂ ਦੇ ਮੁਕਾਬਲਿਆਂ ਦਾ ਪ੍ਰਬੰਧ ਕਰਨ ਵਾਲੇ ਪ੍ਰਬੰਧਕਾਂ ਨੂੰ ਸੂਬਾਈ ਪੱਧਰ ਉੱਤੇ ਬਿਨਾ ਸਿਆਸੀ ਵਿਤਕਰੇ ਸਨਮਾਨਿਤ ਕਰਕੇ ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਇਸ ਨਾਲ ਖੇਡਾਂ ਖਾਸ ਕਰਕੇ ਪੇਂਡੂ ਖੇਡਾਂ ਨੂੰ ਵੀ ਵਿਕਸਤ ਕੀਤਾ ਜਾ ਸਕਦਾ ਹੈ। ਖੇਡਾਂ ਨਾਲ ਸਬੰਧਤ ਸਾਹਿਤ ਛਾਪਣ ਦੇ ਅਤੇ ਉਹਨੂੰ ਲੋਕਾਂ ਤੱਕ ਪਹੁੰਚਾਉਣ ਦੇ ਵੀ ਵੱਧੋ-ਵੱਧ ਉਪਰਾਲੇ ਹੋਣੇ ਚਾਹੀਦੇ ਹਨ। ਲੋਕਾਂ ਨੂੰ ਚਾਹੀਦਾ ਹੈ ਕਿ ਖੇਡਾਂ ਵੱਲ ਰੁਚਿਤ ਬੱਚਿਆਂ ਨੂੰ ਵੱਧ ਤੋਂ ਵੱਧ ਉਤਸ਼ਾਹਿਤ ਕਰਨ।


 

 

 


ਕੇਹਰ ਸ਼ਰੀਫ਼ (ਜਰਮਨੀ)