Click here For English Version

ਸਿਤਾਰਾ-ਏ-ਕਬੱਡੀ ਹਰਜੀਤ ਸਿੰਘ ਬਾਜਾਖਾਨਾ

ਆਹ! ਯਾਦਾਂ ਹਰਜੀਤ ਬਰਾੜ ਦੀਆਂ


ਕਬੱਡੀ ਦੇ ਮਹਾਨ ਧਾਵੀ ਮਰਹੂਮ ਹਰਜੀਤ ਬਰਾੜ ਅਤੇ ਉਸ ਤੇ ਤਿੰਨ ਖਿਡਾਰੀ ਸਾਥੀ ਕੇਵਲ ਸਿੰਘ ਲੋਪੋ, ਤਲਵਾਰ ਸਿੰਘ ਕਾਉਂਕੇ, ਕੇਵਲ ਸਿੰਘ ਸੇਖੋਂ ਦੀ ਬੇ-ਵਕਤ ਮੌਤ ਉੱਤੇ ਉਨ੍ਹਾਂ ਦੇ ਪਰਿਵਾਰ, ਦੋਸਤ-ਮਿੱਤਰਾਂ, ਇਕੱਠੇ ਖੇਡਦੇ ਹੋਏ ਹਾਣੀਆਂ ਨਾਲ ਦੁੱਖ ਸਾਂਝਾ ਕਰਦਾ ਹੋਇਆ, ਉਨ੍ਹਾਂ ਦੀ ਯਾਦ ਵਿਚ ਸ਼ਰਧਾਂਜਲੀ ਭੇਂਟ ਕਰਨ ਲਈ ਕੁਝ ਲਫਜ਼ ਲਿਖਣ ਦੀ ਪਾਠਕਾਂ ਤੋਂ ਖੁੱਲ੍ਹ ਚਾਹੁੰਦਾ ਹਾਂ।
20 ਅਪ੍ਰੈਲ, 1998 ਨੂੰ ਸੋਮਵਾਰ ਵਾਲੇ ਦਿਨ ਕੋਈ ਤਿੰਨ ਕੁ ਵਜੇ ਲੇਖਕ ਬਰਿਸਟਲ ਸ਼ਹਿਰ ਤੋਂ ਚਾਰ-ਪੰਜ ਮੀਲ ਦੂਰ ਟੁੱਟੀਆਂ ਹੋਈਆਂ ਲੱਤਾਂ, ਬਾਹਵਾਂ ਅਤੇ ਫੇਫੜਿਆਂ ਦੇ ਸਪੈਸ਼ਲ ਫਿਰੇਂਚੇ ਹਸਪਤਾਲ ਦੇ ਕਮਰਾ ਨੰ : 2 ਵਿੱਚ ਕੁਝ ਖਾਣ ਪੀਣ ਲਈ ਅੰਦਰ ਦਾਖਲ ਹੋਇਆ ਸੀ ਕਿ ਟੈਲੀਫੋਨ ਦੀ ਘੰਟੀ ਖੜਕ ਪਈ। ਫੋਨ ਚੁੱਕਣ ਤੋਂ ਪਹਿਲਾਂ ਹੀ ਇਹ ਅੰਦਾਜ਼ਾ ਲੱਗ ਗਿਆ ਕਿ ਕਾਲ ਨਿਊਯਾਰਕ ਵਾਲੇ ਭੰਵਰਾ ਸਾਹਿਬ ਦੀ ਹੋਣੀ ਚਾਹੀਦੀ ਹੈ, ਕਿਉਂ ਕਿ ਜਦੋਂ ਦਾ ਉਸ ਨੂੰ ਕਾਰਾਂ ਦੀ ਆਹਮੋ-ਸਾਹਮਣੇ ਟੱਕਰ ਹੋ ਜਾਣ ਕਾਰਣ ਮੇਰੇ ਪਰਿਵਾਰ ਦੇ ਐਕਸੀਡੈਂਟ ਦਾ ਪਤਾ ਲੱਗਿਆ ਸੀ, ਉਹ ਹਰ ਰੋਜ਼ ਇਸ ਵੇਲੇ ਹੀ ਰਾਜ਼ੀ ਖੁਸ਼ੀ ਪੁੱਛਣ ਲਈ ਟੈਲੀਫੋਨ ਕਰਦਾ ਹੁੰਦਾ ਸੀ। ਪਰ ਇਹ ਕੀ ਪਤਾ ਸੀ ਕਿ ਸੁੱਖ-ਸਾਂਦ ਪੁੱਛਣ ਲਈ ਆਇਆ ਹੈ ਜਾਂ ਕਿ ਕੋਈ ਸੋਗਮਈ ਜਾਂ ਮਨਹੂਸ ਖ਼ਬਰ ਦੇਣ ਲਈ। ਮੈਂ ਅਜੇ ਟੈਲੀਫੋਨ ਚੁੱਕ ਕੇ ਕੰਨ ਨਾਲ ਲਾਇਆ ਹੀ ਹੋਵੇਗਾ ਕਿ ਇਕਦਮ ਹੀ ਜਸਵੀਰ ਸਿੰਘ ਭਵਰਾ ਨੇ ਆਪਣਾ ਗਲਾ ਭਰ ਕੇ ਕਹਿ ਦਿੱਤਾ, 'ਚੀਮਾ ਜੀ! ਤੁਹਾਨੂੰ ਪਤਾ ਲੱਗਾ ਕਿ ਬਾਜੇਖਾਨੇ ਵਾਲੇ ਦੀ ਮੌਤ ਹੋ ਗਈ?'
ਓਹ ਨੋ....ਓ ਨੋ...ਓਹ, ਮੇਰੀ ਓਹ ਨੋ ਇਸ ਤਰ੍ਹਾਂ ਨਿਕਲੀ ਜਿਸ ਤਰ੍ਹਾਂ ਕੋਈ ਤਿੱਖੀ ਜਿਹੀ ਚੀਖ਼ ਮਾਰਦਾ ਹੋਵੇ। ਮੇਰੀ ਇਹ ਚੀਖ਼ ਸੁਣ ਕੇ ਡੇਵਿਡ ਅਤੇ ਕੈਰਲ ਨੇ ਮੈਨੂੰ ਜੱਫੀ ਵਿੱਚ ਲੈ ਲਿਆ । ਹੋ ਸਕਦਾ ਹੈ ਕਿ ਉਨ੍ਹਾਂ ਨੂੰ ਕੋਈ ਹੋਰ ਸ਼ੱਕ ਪੈ ਗਈ ਹੋਵੇ, ਕਿਉਂ ਕਿ ਏਸ ਸਵੇਰੇ 10 ਵਜੇ ਮੇਰੀ ਧਰਮ ਪਤਨੀ ਦੇ ਇਕ ਫੇਫੜੇ ਦਾ ਅਪਰੇਸ਼ਨ ਆਰੰਭ ਹੋਇਆ ਸੀ, ਪਰ ਹੁਣ ਤਾਂ ਤਿੰਨ ਤੋਂ ਵੀ ਜਿਆਦਾ ਟਾਈਮ ਹੋ ਚੁੱਕਾ ਸੀ। ਇਹ ਗੋਰਾ-ਗੋਰੀ ਵੀ ਮੇਰੇ ਵਾਂਗ ਪਰੇਸ਼ਾਨ ਸਨ ਕਿਉਂ ਕਿ ਇਨ੍ਹਾਂ ਦਾ ਨੌਜਵਾਨ 19 ਸਾਲ ਦਾ ਬੇਟਾ ਵੀ ਇਸੇ ਹਸਪਤਾਲ ਵਿੱਚ ਸੀ ਅਤੇ ਇਨ੍ਹਾਂ ਦਾ ਘਰ ਵੀ ਮੇਰੇ ਵਾਂਗ ਹੀ ਇਥੋਂ ਸੌ ਮੀਲ ਤੋਂ ਵੀ ਦੂਰ ਸੀ। ਇਨ੍ਹਾਂ ਨੇ ਵੀ ਇਸੇ ਹਸਪਤਾਲ ਵਿੱਚ ਹੀ ਕਮਰਾ ਲੈ ਰੱਖਿਆ ਸੀ। ਉਹ ਟੈਲੀਫੋਨ ਨਹੀਂ ਸੀ ਰੱਖਣਾ ਚਾਹੁੰਦਾ। ਆਖਰ ਵੀਹ-ਪੰਚੀ ਮਿੰਟ ਗੱਲ ਕਰਨ ਤੋਂ ਬਾਅਦ ਮੈਂ ਆਪਣੇ ਕਮਰੇ ਵਿੱਚ ਬੈਠ ਗਿਆ ਅਤੇ ਕੁਝ ਵੀ ਤਾਂ ਸਮਝ ਨਹੀਂ ਸੀ ਆ ਰਿਹਾ। ਆਖਰ ਹਰਜੀਤ ਸਿੰਘ ਬਰਾੜ ਨਾਲ ਕਬੱਡੀ ਦੇ ਮੈਦਾਨ ਵਿੱਚ ਕੁਝ ਦੇਰ ਦੀਆਂ ਯਾਦਾਂ, ਉਸ ਦੀ ਕਬੱਡੀ ਨੂੰ ਦੇਣ, ਉਸ ਦੀ ਸ਼ਖਸੀਅਤ, ਇਸ ਸਭ ਕੁਝ ਬਾਰੇ ਮੇਰੇ ਸਿਰ ਵਿੱਚ ਇਕ ਚੱਕਰ ਚੱਲਣਾ ਸ਼ੁਰੂ ਹੋ ਗਿਆ। ਨਾਲ ਹੀ ਮੇਰੇ ਦਿਮਾਗ ਦੇ ਪ੍ਰੋਜੈਕਟਰ ਨੇ 1988 ਤੋਂ ਲੈ ਕੇ ਹੁਣ ਤੱਕ ਇਸ ਧੁਰੰਧਰ ਸਾਹੀ ਦੀ ਕਬੱਡੀ ਦੀ ਜ਼ਿੰਦਗੀ ਦੀ ਫਿਲਮ ਚਾਲੂ ਕਰ ਦਿੱਤੀ।
23 ਮਾਰਚ, 1988 ਨੂੰ ਇਸ ਦੇ ਪਿੰਡ ਬਾਜਾਖਾਨਾ ਦੇ ਸਕੂਲ ਦੀ ਗਰਾਊਂਡ ਵਿੱਚ ਪੰਜਾਬ ਅਤੇ ਇੰਗਲੈਂਡ ਦੀਆਂ ਟੀਮਾਂ ਦਾ ਮੈਚ ਹੋਣਾ ਸੀ। ਉਸ ਵੇਲੇ ਹਰਜੀਤ ਹਾਲੇ ਮੁੱਛ ਫੁੱਟ ਗੱਭਰੂ ਅਤੇ ਨਵੇਂ-ਨਵੇਂ ਖਿੜੇ ਗੁਲਾਬ ਦਾ ਫੁੱਲ ਵਰਗਾ ਜਾਪਦਾ ਸੀ। ਉਮਰ ਪੱਖੋਂ ਉਹ ਆਪਣੇ ਪੰਦ੍ਹਰਵੇਂ ਸੋਲ੍ਹਵੇਂ ਸਾਲ ਦੀ ਪੌੜੀ ਚੜ੍ਹ ਰਿਹਾ ਸੀ। ਇਹ ਆਪਣੇ ਨਾਲ ਦੇ ਖਿਡਾਰੀਆਂ ਨਾਲੋਂ ਆਕਰਾ, ਹੁੰਦੜਹੇਲ ਅਤੇ ਉਮਰ ਦਾ ਵੱਧ ਜਾਪਦਾ ਸੀ। ਇਸ ਦੇ ਗੁੰਦੇ ਹੋਏ ਸਰੀਰ ਦੀ ਬਣਤਰ ਦੇਖ ਕੇ ਮਹਿੰਦਰ ਮੋੜ ਨੇ ਤਾਂ ਉਥੇ ਹੀ ਕਹਿ ਦਿੱਤਾ ਸੀ ਕਿ ਇਹ ਮੁੰਡਾ ਤਾਂ ਇੰਗਲੈਂਡ ਲਿਜਾਣ ਵਾਲਾ ਹੈ। ਕਿਸੇ ਦਿਨ ਇਹ ਦੁਨੀਆ ਦੇ ਜ਼ਾਫੀਆਂ ਦੀਆਂ ਦੁਬੀੜਾਂ ਪੁਆਇਆ ਕਰੇਗਾ। ਹਰਜੀਤ ਸਿੰਘ ਦੀ ਖੇਡ ਕਬੱਡੀ ਦਾ ਦੂਜਾ ਸੁਨਹਿਰੀ ਸੀਨ ਸਿਰ ਵਿੱਚ ਘੁੰਮਣਾ ਸ਼ੁਰੂ ਹੋਇਆ ਸੀ ਕਿ ਮੈਂ ਇਕ ਖ਼ੁਆਬ ਜਿਹਾ ਵੇਖਦਾ ਸਾਊਥਾਲ ਤੋਂ ਨਿਊਯਾਰਕ ਦੇ ਸਟੇਡੀਅਮ ਅਤੇ ਕਬੱਡੀ ਦੀਆਂ ਗਰਾਊਂਡਾਂ ਵਿਚ ਜਾ ਵੜਿਆ, ਜਿਥੇ ਕਬੱਡੀ ਦਾ ਇਹ ਹੀਰਾ ਵਿਰੋਧੀਆਂ ਨੂੰ ਹੱਥ ਲਾ ਕੇ ਨੱਚਦਾ-ਟੱਪਦਾ ਖੁਸ਼ੀ ਵਿੱਚ ਲੁੱਡੀਆਂ ਪਾਉਂਦਾ ਆਉਂਦਾ ਸੀ।
6 ਅਗਸਤ, 1995 ਨੂੰ ਵੈਨਕੂਵਰ ਬੀ. ਸੀ ਸਟੇਡੀਅਮ ਨੌਜਵਾਨ ਸਭਾ ਦੇ ਭਜੀ ਗਿੱਲ ਅਤੇ ਉਸ ਦੇ ਸਾਥੀਆਂ ਨੇ ਬੁੱਕ ਕਰ ਰੱਖਿਆ ਸੀ। ਉਸ ਦੀ ਛੱਤ ਥੱਲੇ ਸਟੇਜ 'ਤੇ ਬੈਠੇ ਕਬੱਡੀ ਦੇ ਲੀਡਰ ਅਤੇ ਹਾਕੀ ਦਾ ਬਾਦਸ਼ਾਹ ਬਲਵੀਰ ਪੁਆਦੜਾ ਅਤੇ ਕੱਵਾਲੀ ਅਤੇ ਗਜ਼ਲਾਂ ਦਾ ਸਮਰਾਟ ਨੁਸਰਤ ਅਲੀ ਫਤਹਿ ਅਲੀ ਖਾਂ ਅਤੇ ਉਸ ਦੇ ਸਾਥੀ ਜਿਨ੍ਹਾਂ ਦੇ ਸਾਹਮਣੇ ਤੂੰ ਵਿਰੋਧੀ ਟੀਮ ਦੇ ਜ਼ਾਫੀਆਂ ਨੂੰ ਧੋਲਾਂ ਮਾਰਦਾ ਹੋਇਆ ਕਲੋਲਾਂ ਕਰਦਾ ਜਾਂਦਾ ਸੀ। ਓਏ ਬਾਜੇਖਾਨੇ ਵਲਿਆ ਤੇਰੀ ਉਹ ਵੀ ਯਾਦ ਆਉਂਦੀ ਹੈ ਜਦੋਂ ਇਸ ਤੋਂ ਇਕ ਹਫਤਾ ਬਾਅਦ ਕੁਲਵੰਤ ਅਤੇ ਲੱਛਰ ਭਰਾਵਾਂ ਨੇ ਕੈਲੇਫੋਰਨੀਆਂ ਵਿੱਚ ਇਕ ਬਹੁਤ ਵੱਡਾ ਇੰਟਰਨੈਸ਼ਨਲ ਕਬੱਡੀ ਟੂਰਨਾਮੈਂਟ ਕਰਵਾਇਆ ਸੀ। ਉਥੇ ਤੇਰੀਆਂ ਧੁੰਮਾਂ ਦੇਖ ਕੇ ਢੁਡੀਕੇ ਵਾਲੇ ਪ੍ਰੋ: ਸਰਵਣ ਸਿੰਘ ਨੇ ਐਲਾਨ ਕਰ ਦਿੱਤਾ ਕਿ, ' ਬਾਈ ਜੀ! ਮੇਰੀ ਗੱਲ ਸੁਣੋ। ਹੈ ਏਥੇ ਕੋਈ ਮਾਈ ਦਾ ਲਾਲ, ਜਿਹੜਾ ਹਰਜੀਤ ਨੂੰ ਡੱਕ ਸਕੇ।' ਪਰ ਤੈਨੂੰ ਫੜਨ ਵਾਲਾ ਉਥੇ ਕਿਹੜਾ ਸੀ? ਇਹ ਸੁਣ ਕੇ ਕਬੱਡੀ ਦੇ ਦਾਨੀਆਂ ਨੇ ਤੇਰੇ ਇਕ-ਇਕ ਅੰਕ ਲਈ ਹਜ਼ਾਰ-ਹਜ਼ਾਰ, ਦੋ-ਦੋ ਹਜ਼ਾਰ, ਅਤੇ ਫਿਰ ਪੰਜ ਤੋਂ ਛੇ ਹਜ਼ਾਰ ਡਾਲਰ ਤੱਕ ਲਾ ਦਿੱਤੇ। ਪ੍ਰੋਫੈਸਰ ਸਰਵਣ ਫਿਰ ਬੋਲਿਆ, 'ਜੇ ਇਸ ਧਾਵੀ ਨੂੰ ਕੋਈ ਵੀ ਨਾ ਰੋਕ ਸਕਿਆ ਤਾਂ ਇਸ ਇਨਾਮ ਦਾ ਹੱਕਦਾਰ ਹਰਜੀਤ ਸਿੰਘ ਬਾਜੇਖਾਨੇ ਵਾਲਾ ਹੀ ਹੋਵੇਗਾ।
1988 ਤੋਂ ਬਾਅਦ ਦੂਜੀ ਵਾਰ ਤੇਰੇ ਦਰਸ਼ਨੀ ਅਤੇ ਸੁੰਦਰ ਸਰੀਰ ਨੂੰ 21 ਮਾਰਚ, 94 ਨੂੰ ਲੁਧਿਆਣੇ ਦੀ ਗਰਾਊਂਡ ਵਿੱਚ ਤੱਕਿਆ ਸੀ। ਉਹ ਲੁਧਿਆਣਾ ਜਿਥੋਂ ਦੀ ਤੂੰ ਆਪਣੇ ਸਾਥੀਆਂ ਨਾਲ ਆਖਰੀ ਵਾਲ ਲੰਘਿਆ ਸੀ, ਉਥੇ ਤੂੰ ਇੰਗਲੈਂਡ ਦੀ ਕਬੱਡੀ ਟੀਮ ਦੇ ਵਿਰੁੱਧ ਭਾਰਤੀ ਟੀਮ ਨੂੰ ਲੀਡ ਕਰਦਾ ਹੋਇਆ ਅਤੇ ਥਾਪੀਆਂ ਮਾਰਦਾ ਹੋਇਆ ਮੈਦਾਨ ਵਿਚ ਆ ਕੁੱਦਿਆ ਸੀ। ਉਥੇ ਤੈਨੂੰ ਵੇਖ ਕੇ ਇੰਗਲੈਂਡ ਦੇ ਕਈ ਜ਼ਾਫੀਆਂ ਨੂੰ ਮੁੜ੍ਹਕਾ ਆਉਣ ਲੱਗ ਪਿਆ ਸੀ। ਉਹ ਮੈਚ ਵਿਚ ਆਪਾਂ ਨੂੰ ਗੁੱਟ ਘੜੀਆਂ ਇਨਾਮ ਵਜੋਂ ਮਿਲੀਆਂ ਸਨ। ਕੀ ਤੈਨੂੰ ਯਾਦ ਹੈ? ਕਿ ਜਦੋਂ ਮੈਂ ਤੁਹਾਡੇ ਕੋਲੋਂ ਲੰਘਣ ਲੱਗਾ ਤਾਂ ਤੂੰ ਮੈਨੂੰ ਕਿਹਾ ਕਿ ਅੰਕਲ! ਆਪਣੀ ਘੜੀ ਤਾਂ ਵਿਖਾ ਜ਼ਰਾ। ਤੂੰ ਇਹ ਕਹਿ ਕੇ ਮੇਰੇ ਨਾਲ ਵਟਾ ਲਈ ਸੀ ਕਿ ਇਸ ਦੀ ਚੇਨ ਛੋਟੀ ਹੈ। ਉਹ ਟਾਈਟਨ ਘੜੀ ਅਜੇ ਵੀ ਮੇਰੇ ਗੁੱਟ ਨੂੰ ਲੱਗੀ ਹੋਈ ਹੈ ਅਤੇ ਤੇਰੀ ਇਹ ਨਿਸ਼ਾਨੀ ਮੈਂ ਸੰਭਾਲ ਕੇ ਰੱਖਾਂਗਾ।
ਹਰਜੀਤ ਸਿਹਾਂ! ਤੂੰ ਜਿਹੜੀਆਂ ਗਰਾਊਂਡਾਂ ਵਿੱਚ ਆਪਣੀਆਂ ਨਿਸ਼ਾਨੀਆਂ ਛੱਡ ਗਿਉਂ, ਉਹ ਅਮਿੱਟ ਹਨ। ਪਰ ਇਕ ਗਰਾਊਂਡ ਦੀ ਮਿੱਟੀ ਨੂੰ ਤਾਂ ਤੂੰ ਵੀ ਹਰ ਸਾਲ ਆਪਣੇ ਮੱਥੇ ਦਾ ਤਿਲਕ ਬਣਾਉਂਦਾ ਹੁੰਦਾ ਸੀ, ਉਹ ਵੀ 23 ਮਾਰਚ, 1994 ਹੀ ਸੀ, ਜਦੋਂ ਖੇਡਣ ਤੋਂ ਪਹਿਲਾਂ ਤੂੰ ਦੱਸਿਆ ਸੀ, ਅੰਕਲ ਜੀ! ਜਦੋਂ ਦਾ ਮੈਂ ਪੰਜਾਬ ਲੈਵਲ ਦੀ ਕਬੱਡੀ ਖੇਡਣ ਲੱਗਾ ਹਾਂ, ਅਸੀਂ ਹਰ ਸਾਲ ਖਟਕੜ ਕਲਾਂ ਆ ਕੇ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ। ਕਿੰਨੀ ਚੰਗੀ ਸਿਆਣਪ ਅਤੇ ਤੇਰੇ ਉੱਚੇ ਖਿਆਲਾਤ ਸਨ, ਖਟਕੜ ਕਲਾਂ ਦੀ ਇਕ ਗੱਲ ਹੋਰ ਸੁਣ ਲੈ। ਜਦੋਂ ਤੂੰ ਆਪਣੀ ਛਾਤੀ ਤਾਣ ਕੇ ਇੰਗਲੈਂਡ ਵਾਲੇ ਜ਼ਾਫੀਆਂ ਤੇ ਪਹਿਲਾ ਧਾਵਾ ਬੋਲਿਆ ਤਾਂ ਉਸ ਵੇਲੇ ਪੰਜਾਬ ਦਾ ਮਸ਼ਹੂਰ ਕਲਾਕਾਰ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਸ਼ਹੀਦਾਂ ਦੀਆਂ ਵਾਰਾਂ ਗਾਉਂਦੇ ਸਨ। ਤੇਰੀ ਪਹਿਲੀ ਕੌਡੀ 'ਤੇ ਸਦੀਕ ਨੇ ਇਨ੍ਹਾਂ ਲਕੀਰ ਦੇ ਫਕੀਰਾਂ ਨੂੰ ਸਟੇਜ ਤੇ ਸੱਦ ਕੇ ਕਿਹਾ ਕਿ ਸਾਨੂੰ ਬਾਅਦ ਵਿੱਚ ਵੀ ਟਾਈਮ ਮਿਲ ਜਾਣਾ ਹੈ। ਹੁਣ ਤੁਸੀਂ ਉਸ ਨੌਜਵਾਨ ਬਾਰੇ ਕੁਮੈਂਟਰੀ ਕਰਕੇ ਦੱਸੋ।
ਯਾਦਾਂ ਤਾਂ ਤੇਰੀਆਂ ਹਜ਼ਾਰਾਂ ਹਨ, ਜੋ ਕਦੀ ਵੀ ਮੁੱਕ ਨਹੀਂ ਸਕਣੀਆਂ। ਪਰ ਇਹ ਇਤਿਹਾਸਕ ਯਾਦ, ਜੋ ਬਹੁਤ ਹੀ ਮਹੱਤਵਪੂਰਣ ਹੈ ਕਿ ਉਹ ਵੀ 23 ਜੁਲਾਈ, 1995 ਦਾ ਦਿਨ ਹੀ ਸੀ। ਜਦੋਂ ਵਿਸ਼ਵ ਕਬੱਡੀ ਫੈਡਰੇਸ਼ਨ ਦੀ ਮਿਲਵਰਤਣ ਨਾਲ ਉਨਟਾਰੀਓ ਦੀਆਂ ਤਿੰਨ ਖੇਡ ਜਥੇਬੰਦੀਆਂ, ਦੇਸ਼ ਭਗਤ ਸਪੋਰਟਸ ਸੁਸਾਇਟੀ, ਓਨਟਾਰੀਓ ਕਬੱਡੀ ਕਲੱਬ ਅਤੇ ਸ਼ੇਰ-ਏਤ-ਪੰਜਾਬ ਸਪੋਰਟਸ ਕਲੱਬ ਦੇ ਲੀਡਰਾਂ ਨੇ ਦੁਨੀਆ ਦੀ ਸਭ ਤੋਂ ਪਹਿਲੀ ਸਰਕਲ ਸਟਾਈਲ ਕਬੱਡੀ ਚੈਂਪੀਅਨਸ਼ਿਪ ਟਰਾਂਟੋ ਦੇ ਇਨਡੋਰ ਸਟੇਡੀਅਮ ਵਿਖੇ ਕਰਾਈ ਸੀ। ਜਿਸ ਦੇ ਫਾਈਨਲ ਮੈਚ ਦੇ ਇਨਾਮਾਂ ਦੀ ਵੰਡ ਕਰਨ ਲਈ ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਮਿਸਜ਼ ਸ਼ੀਲਾ ਕੁਪਸ ਨੂੰ ਸੱਦਾ ਦਿੱਤਾ ਗਿਆ ਸੀ। ਜਦੋਂ ਫਾਈਨਲ ਮੈਚ ਵਿੱਚ ਪਾਕਿਸਤਾਨ ਦੇ ਖ਼ਿਲਾਫ਼ ਤੂੰ ਕੋਡੀ ਪਾਉਂਦਾ ਹੋਇਆ, ਬਾਹਵਾਂ ਖਿਲਾਰ ਕੇ ਉਨ੍ਹਾਂ ਦੇ ਜ਼ਾਫੀਆਂ 'ਤੇ ਝਪਟ ਮਾਰਦਾ ਤਾਂ ਸਾਰੇ ਦਰਸ਼ਕ ਆਪਣੀਆਂ ਸੀਟਾਂ ਤੋਂ ਉਠ ਕੇ ਤਾਲੀਆਂ ਮਾਰਦੇ ਹੋਏ, ਤੇਰੀ ਇਸ ਅਨੋਖੀ ਖੇਡ ਦੀ ਯਾਦ ਦਿੰਦੇ,'ਉਹ ਬਾਜੇਖਾਨੇ ਦੇ ਦੂਲਿਆ, ਬਰਾੜਾ, ਤੇਰੇ ਡੌਲ਼ਿਆਂ 'ਤੇ ਤਰਦੀਆਂ ਮੱਛੀਆਂ, ਬੇਲਣਾਂ ਵਰਗੇ ਪੱਟ ਅਤੇ ਮੁਧਕਰ ਵਰਗੀ ਧੋਣ ਵੇਖ ਕੇ ਮੇਰੇ ਗੁਰਬਖਸ਼ ਸਿੰਘ ਮੱਲ੍ਹੀ ਅਤੇ ਅਲੀ ਮੁਹੰਮਦ ਖ਼ੁਆਜਾ ਦੇ ਦਰਮਿਆਨ ਸਟੇਜ 'ਤੇ ਬੈਠੀ ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਕਹਿਣ ਲੱਗੀ, 'ਉਸ ਮੁੰਡੇ ਨੂੰ ਦੇਖ ਕੇ ਮੈਨੂੰ ਅਮਰੀਕਾ ਦੇ ਮੁੱਕੇਬਾਜ਼ ਟਾਈਸਨ ਦਾ ਭੁਲੇਖਾ ਪੈਂਦਾ ਹੈ।
ਲੇਖਕ ਦੇ ਖਿਆਲ ਅਨੁਸਾਰ ਤੂੰ ਹਾਕੀ ਦਾ ਸੁਰਜੀਤ, ਰੈਸਲਿੰਗ ਦਾ ਕਰਤਾਰ, ਕ੍ਰਿਕਟ ਦੀ ਦੁਨੀਆ ਦਾ ਕਪਿਲ ਦੇਵ, ਫੁੱਟਬਾਲ ਦਾ ਪੈਲੇ, ਮੁੱਕੇਬਾਜ਼ਾਂ ਦੀ ਦੁਨੀਆ ਦਾ ਮੁਹੰਮਦ ਆਲ਼ੀ, ਪਰ ਬਾਜੇਖਾਨੇ ਦਾ ਹਰਜੀਤ ਤਾਂ ਪੰਜਾਬ ਦੀ ਮਾਂ-ਖੇਡ ਕਬੱਡੀ ਦਾ 'ਰੁਸਤਮੇ ਜਮਾਂ' ਸੀ। ਤੇਰੀ ਖੇਡ ਦੇ ਚਾਹਵਾਨ ਦਰਸ਼ਕਾਂ ਦਾ ਆਪਣਾ ਆਪਣਾ ਖਿਆਲ ਹੈ ਕਿ ਤੈਨੂੰ ਇਸ ਤੋਂ ਵੀ ਚਾਰ ਕੁ ਸਾਲ ਪਹਿਲਾਂ ਇੰਗਲੈਂਡ ਪੁੱਜਣਾ ਚਾਹੀਦਾ ਸੀ, ਪਰ ਕਈ ਵਾਰ ਤੂੰ ਆਪਣੇ ਸਮਕਾਲੀ ਖਿਡਾਰੀਆਂ ਦੀ ਈਰਖਾ ਦਾ ਸ਼ਿਕਾਰ ਬਣਦਾ ਰਿਹਾ। ਤੇਰੇ ਬਾਹਰ ਆਉਣ ਵਿੱਚ ਰੁਕਾਵਟਾਂ ਵੀ ਪਈਆਂ ਤੇ ਤੈਨੂੰ ਗੁੰਮਰਾਹ ਵੀ ਕੀਤਾ ਜਾਂਦਾ ਰਿਹਾ।
ਵੀਜ਼ਾ ਮਿਲਿਆ ਤਾਂ ਤੂੰ ਇੰਗਲੈਂਡ ਪੁੱਜ ਗਿਆ। ਤੈਨੂੰ ਵੇਖਣ ਵਾਲਿਆਂ ਦੀ ਤਮੰਨਾ ਪੂਰੀ ਹੋਈ। ਖੈਰ ਤੈਨੂੰ ਇੰਗਲੈਂਡ ਮੰਗਵਾਉਣ ਵਾਲਿਆਂ ਅਤੇ ਵਿਸ਼ਵ ਕਬੱਡੀ ਫੈਡਰੇਸ਼ਨ ਦੇ ਕਾਰਕੁਨ, ਸੁਰਜਣ ਚੱਠਾ, ਹਰਪਾਲ ਸਿੰਘ ਬਰਾੜ, ਸੀਤਲ ਢਿੱਲੋਂ, ਕਰਨੈਲ ਸਿੰਘ ਖਹਿਰਾ, ਅਲੀ ਮੁਹੰਮਦ ਖੁਆਜ਼ਾ, ਕਾਕਾ ਚੀਮਾ(ਬਾਈ ਦਾ ਭਰਾ) ਆਦਿ। ਪਰ ਤੇਰਾ ਅੰਕਲ ਤੈਨੂੰ ਏਥੇ ਸੱਦਣ ਵਿਚ ਬਹੁਤਾ ਕੁਝ ਹੀ ਕਿ ਜਿਨ੍ਹਾਂ ਦੇਸ਼ਾਂ ਵਿੱਚ ਕਬੱਡੀ ਖੇਡੀ ਜਾਂਦੀ ਹੈ, ਉਨ੍ਹਾਂ ਮੁਲਕਾਂ ਦੀਆਂ ਖੇਡ ਜਥੇਬੰਦੀਆਂ ਦੇ ਪ੍ਰਬੰਧਕਾਂ ਤੋਂ ਵੀਜ਼ੇ ਲਈ ਚਿੱਠੀਆਂ ਮੰਗਾ ਕੇ ਅਤੇ ਇੱਕ ਨਿੱਕੀ ਜਿਹੀ ਫਾਈਲ ਬਣਾ ਕੇ ਸੁਰਜੇ ਨੂੰ ਹੀ ਦੇ ਸਕਿਆ ਸੀ, ਬੱਸ ਇਸ ਤੋਂ ਵੱਧ ਨਹੀਂ।
ਜੇ ਇਹ ਗੱਲ ਠੀਕ ਹੋਵੇ ਤਾਂ ਇਥੇ ਹਸਪਤਾਲ ਵਿੱਚ ਬੈਠੇ ਨੂੰ ਇਹ ਖ਼ਬਰ ਮਿਲੀ ਹੈ ਕਿ ਤੂੰ ਆਪਣੇ ਸਾਥੀ ਖਿਡਾਰੀਆਂ ਨਾਲ ਆਪਣਾ ਪਾਸਪੋਰਟ ਲੈਣ ਲਈ ਚੰਡੀਗੜ੍ਹ ਜਾ ਰਿਹਾ ਸੀ। ਕਿਉਂ ਕਿ ਤੇਰੀਆਂ ਉਡੀਕਾਂ ਦੋਨੋਂ ਪਾਸੀਂ ਹੀ ਰਹਿੰਦੀਆਂ ਸਨ, ਭਾਵ ਕਿ ਤੂੰ ਕੈਨੇਡਾ ਦੇ ਟੂਰਨਾਮੈਂਟਸ ਖੇਡਣ ਅਤੇ ਆਪਣੀ ਧਰਮ ਪਤਨੀ ਨੂੰ ਮਿਲਣ ਲਈ ਟੋਰਾਂਟੋ ਦੀਆਂ ਤਿਆਰੀਆਂ ਵਿੱਚ ਸੀ ਅਤੇ ਨਾਲ ਹੀ ਆਪਣੀ ਢਾਈ-ਤਿੰਨ ਮਹੀਨੇ ਦੀ ਨੰਨ੍ਹੀ-ਮੁੰਨ੍ਹੀ ਬੱਚੀ ਗਗਨ ਪ੍ਰੀਤ ਦਾ ਮੁਖੜਾ ਪਹਿਲੀ ਵਾਰ ਤੱਕਣ ਲਈ ਏਨਾ ਉਤਾਵਲਾ ਸੀ ਕਿ ਹਰਜੀਤ ਕੈਨੇਡਾ ਵਰਗੇ ਦੇਸ਼ਾਂ ਨੂੰ ਜਾਂਦਾ-ਜਾਂਦਾ ਪਤਾ ਨਹੀਂ ਕਿਹੜੇ ਦੂਰ ਦੁਰਾਡੇ ਪ੍ਰਦੇਸਾਂ ਦੇ ਰਾਹ ਟੁਰ ਗਿਉਂ? ਉਏ ਧੰਨ ਤੇਰਾ ਬਾਪੂ ਸਰਦਾਰ ਬਖਸ਼ੀਸ਼ ਸਿੰਘ ਜਿਸ ਨੇ ਪਾਲ ਤੈਨੂੰ ਜਵਾਨ ਕੀਤਾ, ਧਨ ਤੇਰੀ ਮਾਤਾ ਧਨ ਉਸ ਦੀ ਕੁੱਖ ਜਿਸ ਨੇ ਤੈਨੂੰ ਜਨਮ ਦਿੱਤਾ। ਤੇਰੇ ਚਲੇ ਜਾਣ ਤੋਂ ਬਾਅਦ ਲਖਤੇ-ਜਿਗਰ ਦੇ ਟੋਟਿਆਂ, ਤੇਰੇ ਮਾਤਾ-ਪਿਤਾ ਦੇ ਅਰਮਾਨ ਅਤੇ ਸੱਧਰਾਂ ਨੂੰ ਕਿਸ ਤਰ੍ਹਾਂ ਬਿਆਨ ਕਰਾਂ?
ਆਖਰੀ ਦਰਸ਼ਨ:
ਉਪਰ ਲਿਖੀਆਂ ਇਨ੍ਹਾਂ ਘਟਨਾਵਾਂ ਅਤੇ ਹਰਜੀਤ ਦੀ ਖੇਡ ਕਹਾਣੀ ਦੀ ਫਿਲਮ ਅਜੇ ਮੁੱਕੀ ਨਹੀਂ ਸੀ ਕਿ ਅਚਾਨਕ ਫਗਵਾੜੇ ਦਾ ਖਿਆਲ ਆ ਗਿਆ ਅਤੇ ਦੂਜੀ ਵਾਰ ਟੋਰਾਂਟੋ ਵਾਲੇ ਸੀਤਲ ਢਿੱਲੋਂ ਦਾ ਟੈਲੀਫੋਨ ਫਿਰ ਖੜਕ ਪਿਆ। ਇਸ ਵੇਲੇ ਰਾਤ ਦਾ ਕੋਈ ਡੇਢ ਕੁ ਵੱਜਾ ਹੋਵੇਗਾ। ਪਰ ਨੀਂਦ ਕਿਸ ਨੂੰ ਆਉਣੀ ਸੀ? ਕਿਉਂ ਕਿ ਸੋਹਣ ਚੀਮੇ ਦੀ ਆਸ਼ਕੀ 'ਕਬੱਡੀ' ਦਾ ਹੀਰਾ ਜੋ ਪਤਾਲਾਂ ਵਿੱਚ ਗੁੰਮ ਗਿਆ ਸੀ। ਸੀਤਲ ਕਹਿਣ ਲੱਗਾ, ' ਚੀਮਾ ਜੀ! ਮੇਰੇ ਕੋਲ ਮੱਖਣ ਸਿੰਘ ਬੈਠਾ ਹੈ ਅਤੇ ਉਸ ਨੇ ਹਰਜੀਤ ਦੀ ਖੇਡ ਬਾਰੇ ਕਵਿਤਾ ਲਿਖੀ ਹੈ, ਉਹ ਤੁਹਾਨੂੰ ਪੜ੍ਹ ਕੇ ਸੁਣਾਉਣਾ ਚਾਹੁੰਦਾ ਸੀ। ਪਰ ਕਵਿਤਾ ਸੁਣਨ ਤੋਂ ਪਹਿਲਾਂ ਮੈਂ ਤੁਹਾਨੂੰ ਇਕ ਗੱਲ ਕਹਿਣ ਲੱਗਾ ਹਾਂ, ਤੁਸੀਂ ਵਾਇਦਾ ਕਰੋ ਕਿ ਜਿਹੜਾ ਕੰਮ ਮੈਂ ਤੁਹਾਡੇ ਜ਼ਿੰਮੇ ਲਾਉਣ ਲੱਗਾ ਹਾਂ,ਪੂਰਾ ਕਰੋਗੇ।'
'ਦੱਸ ਤਾਂ ਸਹੀ?'
'ਕੰਮ ਇਹ ਹੈ ਕਿ ਤੁਸੀਂ ਹਰਜੀਤ ਦੇ ਬਹੁਤ ਲਾਗੇ ਰਹੇ ਹੋ ਅਤੇ ਉਸ ਦੀ ਖੇਡਾਂ ਦੀ ਜ਼ਿੰਦਗੀ ਬਾਰੇ ਵੀ ਤੁਹਾਨੂੰ ਕਾਫੀ ਪਤਾ ਹੈ। ਮੇਰੀ ਇਹ ਤਮੰਨਾ ਹੈ ਕਿ ਤੁਸੀਂ ਉਸ ਮਹਾਨ ਖਿਡਾਰੀ ਬਾਰੇ ਇਕ ਲੇਖ ਜਲਦੀ ਤੋਂ ਜਲਦੀ ਲਿਖੋ।'
ਮੈਂ ਸੀਤਲ ਸਿੰਘ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਲਿਖਣਾ, ਖੇਡਣਾ ਅਤੇ ਗਾਉਣਾ ਸਮੇਂ-ਸਮੇਂ ਦੀਆਂ ਗੱਲਾਂ ਹੁੰਦੀਆਂ ਹਨ। ਪਰ ਉਸਨੇ ਅੜੀ ਹੀ ਏਨੀ ਕੀਤੀ ਕਿ ਮੈਨੂੰ ਮੰਨਣਾ ਪਿਆ।
12,13 ਮਾਰਚ, 1998 ਨੂੰ ਪਿਛਲੇ ਸਾਲ ਦੀ ਤਰ੍ਹਾਂ ਸੀਤਲ ਸਿੰਘ ਢਿੱਲੋਂ ਨੇ ਇਸ ਸਾਲ ਵੀ ਕੈਨੇਡਾ ਤੋਂ ਜਾ ਕੇ ਰਾਮਗੜ੍ਹੀਆ ਕਾਲਜ ਫਗਵਾੜਾ, ਕੁਸ਼ਤੀ ਕਬੱਡੀ ਆਦਿ ਖੇਡਾਂ ਦਾ ਉਚੀ ਪੱਧਰ ਦਾ ਟੂਰਨਾਮੈਂਟ ਕੀਤਾ। ਉਸ ਵਿਚ ਹਰਜੀਤ ਸਿੰਘ ਵੀ ਪੁੱਜਿਆ ਹੋਇਆ ਸੀ। ਪਰ ਉਸ ਦੇ ਗੁੱਟ ਉੱਤੇ ਪੱਟੀ ਬੱਝੀ ਹੋਈ ਸੀ। ਪਰ ਜਦੋਂ ਢਿੱਲੋਂ ਸਾਹਿਬ ਨੇ ਲਾਗੇ ਜਾ ਕੇ ਪੁੱਛਿਆ ਕਿ ਕੀ ਅੱਜ ਦੋ ਹੱਥ ਵਿਖਾਵੇਂਗਾ? ਤਾਂ ਹੱਸ ਕੇ ਕਹਿਣ ਲੱਗਾ ਕਿ ਮੈਂ ਜਵਾਬ ਤਾਂ ਨਹੀਂ ਦੇ ਸਕਦਾ ਪਰ ਕੁਝ ਦਿਨ ਪਹਿਲਾਂ ਗੁੱਟ 'ਤੇ ਸੱਟ ਜਿਹੀ ਲੱਗ ਗਈ ਸੀ। ਮੈਂ ਚਾਹੁੰਦਾ ਹਾਂ ਕਿ ਆਰਾਮ ਹੀ ਆ ਜਾਵੇ। ਕਿਉਂ ਕਿ 18-19-20 ਅਪ੍ਰੈਲ 98 ਨੂੰ ਪਾਕਿਸਤਾਨ ਵਿੱਚ ਨਿਵਾਜ਼ ਸ਼ਰੀਫ਼ ਗੋਲਡ ਕਬੱਡੀ ਕੱਪ ਖੇਡਣਾ ਹੈ। ਉਸਦੀ ਇਹ ਗੱਲ ਸੁਣ ਕੇ ਸੀਤਲ ਨੇ ਉਸ ਦੇ ਸਿਰ ਤੇ ਹੱਥ ਫੇਰਦੇ ਹੋਏ ਪਿਆਰ ਜਿਹਾ ਦਿੱਤਾ ਅਤੇ ਕਿਹਾ ਕਿ ਸਾਨੂੰ ਤੇਰੇ ਤੇ ਮਾਣ ਹੈ। ਜਿਉਂਦਾ ਰਹਿ, ਜੇ ਇਹ ਟੂਰਨਾਮੈਂਟ ਨਾ ਵੀ ਖੇਡਿਆ ਤਾਂ ਕੀ ਗੱਲ ਆ। ਸਾਰੀ ਉਮਰ ਖੇਡਣਾ ਹੀ ਆ।
ਅਜੇ ਇਨਾਮਾਂ ਦੀ ਵੰਡ ਸ਼ੁਰੂ ਹੀ ਹੋਈ ਸੀ ਕਿ ਲੇਖਕ ਨੇ ਸੀਤਲ ਢਿੱਲੋਂ ਤੋਂ ਜਾਣ ਦੀ ਆਗਿਆ ਮੰਗੀ ਅਤੇ ਨਾਲ ਹੀ ਉਸਨੂੰ ਤਾਗੀਦ ਕੀਤੀ ਕਿ 23 ਮਾਰਚ ਨੂੰ ਚੰਡੀਗੜ੍ਹ ਮੀਟਿੰਗ ਤੇ ਜ਼ਰੂਰ ਪੁੱਜਣਾ। ਇਹ ਕਹਿ ਕੇ ਅਸੀ ਆਪਣੀ ਗੱਡੀ ਵੱਲ ਨੂੰ ਤੁਰ ਪਏ। ਅਜੇ ਅਸੀਂ ਸਟੇਡੀਅਮ ਦਾ ਗੇਟ ਹੀ ਲੰਘਣ ਲੱਗੇ ਸਾਂ ਕਿ ਪਿੱਛਿਓਂ ਆਵਾਜ਼ ਆਈ, ਅੰਕਲ! ਅੰਕਲ ਚੀਮਾ ਜੀ!! ਚੰਗਾ ਫਿਰ ਅਗਲੇ ਹਫਤੇ ਇਸਲਾਮਾਬਾਦ ਮਿਲਾਂਗੇ। ਇਹ ਆਵਾਜ਼ ਬਾਜਾਖਾਨੇ ਵਾਲੇ ਹਰਜੀਤ ਦੀ ਸੀ। ਉਸ ਨੇ ਆਪਣੇ ਦੋਸਤਾਂ ਨਾਲ ਆਪਣੀ ਕਾਰ ਵੱਲ ਨੂੰ ਜਾਂਦੇ ਹੋਏ, ਸੱਜੀ ਬਾਂਹ ਉੱਤੇ ਨੂੰ ਕਰਕੇ ਉਚੀ ਦੇਣੀ ਕਹੀ।
22 ਮਾਰਚ ਨੂੰ ਕੀਤੇ ਵਾਅਦੇ ਅਨੁਸਾਰ ਲੇਖਕ ਸੁਰਜਣ ਕੋਲ ਜਲੰਧਰ ਪੁੱਜ ਗਿਆ ਸੀ। ਉਸਦੇ ਘਰੋਂ ਹੀ ਸ. ਸੁਖਦੇਵ ਸਿੰਘ ਢੀਂਡਸਾ ਨੂੰ ਫੋਨ ਕੀਤਾ। ਉਨ੍ਹਾਂ ਦੱਸਿਆ ਕਿ ਮੀਟਿੰਗ ਪੱਕੀ ਹੈ ਅਤੇ ਮੁਕੱਰਰ ਕੀਤੇ ਸਮੇਂ ਅਨੁਸਾਰ ਹੀ ਹੋਵੇਗੀ। ਇਹ ਵੀ ਦੱਸਿਆ ਕਿ ਕੱਲ੍ਹ ਨੂੰ ਇਸੇ ਟਾਈਮ ਹੀ ਮੇਰੇ ਪਾਸ ਰੋਜ਼ਾਨਾ 'ਅਜੀਤ' ਅਖ਼ਬਾਰ ਦੇ ਐਡੀਏਟਰ ਸ. ਬਰਜਿੰਦਰ ਸਿੰਘ 'ਹਮਦਰਦ' ਵੀ ਆ ਰਹੇ ਹਨ, ਤੁਸੀਂ ਸਭ ਨੇ ਟਾਈਮ 'ਤੇ ਪਹੁੰਚਣ ਦੀ ਕੋਸ਼ਿਸ਼ ਕਰਨੀ। ਇਸ ਮੀਟਿੰਗ ਵਿਚ ਕਬੱਡੀ ਦੀ ਪ੍ਰਫੁੱਲਤਾ, ਵਿਸ਼ਵ ਕਬੱਡੀ ਫੈਡਰੇਸ਼ਨ ਅਤੇ ਪਾਕਿਸਤਾਨ ਦੀ ਕੌਡੀ ਟੀਮ ਭਾਰਤ ਸੱਦਣ ਬਾਰੇ ਵਿਚਾਰਾਂ ਕਰਨੀਆਂ ਸਨ। ਇਹ ਮੀਟਿੰਗ ਕੁਝ ਦਿਨ ਪਹਿਲਾਂ ਹੋਣੀ ਸੀ ਪਰ ਪਾਕਿਸਤਾਨ ਵਿੱਚ ਹੋ ਰਹੇ ਇੰਟਰਨੈਸ਼ਨਲ ਕਬੱਡੀ ਟੂਰਨਾਮੈਂਟ ਤੇ ਗਏ ਕਰਨੈਲ ਸਿੰਘ ਖਹਿਰਾ, ਹਰਜੀਤ ਬਰਾੜ, ਜੇ ਪੀ ਸ਼ਰਮਾ ਦਾ ਹੀ ਇੰਤਜ਼ਾਰ ਸੀ। ਇਸ ਲਈ ਪਹਿਲੀ ਤਾਰੀਖ਼ ਬਦਲ ਕੇ 23 ਮਾਰਚ ਨੂੰ ਇਹ ਮੀਟਿੰਗ ਚੰਡੀਗੜ੍ਹ ਕਰਨ ਦਾ ਫੈਸਲਾ ਲਿਆ ਗਿਆ ਸੀ। ਟੈਲੀਫੋਨ ਤੋਂ ਬਾਅਦ ਸੁਰਜਣ ਸਿੰਘ ਕਹਿਣ ਲੱਗਾ ਕਿ ਤੂੰ ਅੱਜ ਦੀ ਰਾਤ ਏਥੇ ਮੇਰੇ ਕੋਲ ਟਿਕ ਜਾ, ਕਿਉਂ ਕਿ ਸ਼ਾਮ ਨੂੰ ਏਥੇ ਮੇਰੇ ਕੋਲ ਕਰਨੈਨ ਸਿੰਘ ਖਹਿਰਾ ਅਤੇ ਹਰਜੀਤ ਬਰਾੜ ਹੀ ਚੰਡੀਗੜ੍ਹ ਨੂੰ ਨਿਕਲ ਚੱਲਾਂਗੇ। ਮੈਂ ਉਸਦੀ ਹਾਂ ਵਿਚ ਹਾਂ ਮਿਲਾ ਬੈਠਾ, ਪਰ ਉਸੇ ਪਲ ਹੀ ਇੱਕ ਗਲ ਦਾ ਖਿਆਲ ਆਇਆ ਤਾਂ ਸੁਰਜਣ ਨੂੰ ਦੱਸਿਆ ਕਿ ਅੱਜ ਸ਼ਾਮ ਨੂੰ ਪਿੰਡ ਪਹੁੰਚਣਾ ਮੇਰਾ ਬਹੁਤ ਜ਼ਰੂਰੀ ਹੈ।
ਉਸ ਨੇ ਵਜ੍ਹਾ ਪੁੱਛੀ ਤਾਂ ਕਿਹਾ ਕਿ ਦਾਸ ਆਪਣੇ ਪਿੰਡ ਪਿਤਾ ਬਾਬੂ ਕਰਮ ਸਿੰਘ ਚੀਮਾ ਦੀ ਯਾਦ ਵਿੱਚ ਸਪੋਰਟਸ ਐਂਡ ਕਲਚਰਲ ਹਾਲ ਬਣਾਉਣ ਲੱਗਾ ਹੈ, ਜਿਸ ਵਿਚ ਕੁਸ਼ਤੀ, ਕਬੱਡੀ, ਅੰਦਰ ਹੀ ਵਾਲੀਬਾਲ, ਬਾਸਕਟਬਾਲ, ਆਦਿ ਖੇਡਾਂ ਦਾ ਕੇਂਦਰ ਹੋਵੇਗਾ ਅਤੇ ਅੱਧੇ ਹਾਲ ਦੀ ਉੱਪਰਲੀ ਗੈਲਰੀ ਵਿੱਚ ਦੇਸ਼ ਭਗਤਾਂ ਦੀਆਂ ਫੋਟੋ, ਨਿਸ਼ਾਨੀਆਂ ਸਮੇਤ ਇਕ ਲਾਇਬਰੇਰੀ ਦਾ ਪ੍ਰਬੰਧ ਵੀ ਕੀਤਾ ਹੋਵੇਗਾ। ਨਾਲ ਹੀ ਕੁਸ਼ਤੀ ਕਬੱਡੀ ਦੇ ਪ੍ਰਸਿੱਧ ਲਿਖਾਰੀ ਬਲਬੀਰ ਸਿੰਘ ਕੰਵਲ ਦੀ ਇੱਛਾ ਅਨੁਸਾਰ ਉਸ ਦੀ ਕੁਲੈਕਸ਼ਨ ਦਾ 'ਪੰਜਾਬ ਹੈਰੀਟੇਜ਼ ਸਪੋਰਟਸ ਐਂਡ ਕਲਚਰਲ ਮਿਊਜ਼ੀਅਮ' ਵੀ ਬਣਾਉਣ ਦਾ ਪੱਕਾ ਖਿਆਲ ਹੈ। ਜਿਸ ਵਿੱਚ ਕਬੱਡੀ, ਕੁਸ਼ਤੀ ਅਤੇ ਹੋਰ ਖੇਡਾਂ ਦੇ ਝੰਡਾਬਰਦਾਰ ਖਿਡਾਰੀ ਦੇ ਕਾਰਨਾਮਿਆਂ ਦੀਆਂ ਨਿਸ਼ਾਨੀਆਂ ਹੋਣਗੀਆਂ। ਇਸ ਲਈ ਸ਼ਾਮ ਨੂੰ ਮੇਰਾ ਨਕਸ਼ਾ ਨਵੀਸ ਸ. ਹਰੀ ਸਿੰਘ ਨਗਰ ਵਾਲਾ ਉਸ ਹਾਲ ਦਾ ਨਕਸ਼ਾ ਲੈ ਕੇ ਪਿੰਡ ਆ ਰਿਹਾ ਹੈ। ਤੁਰਨ ਤੋ ਪਹਿਲਾਂ ਮੈਂ ਸੁਰਜਣ ਸਿੰਘ ਨੂੰ ਕਿਹਾ ਕਿ ਕੱਲ੍ਹ ਨੂੰ ਤੁਹਾਨੂੰ ਪੁਰੇ ਤਿੰਨ ਵਜੇ ਢੀਂਡਸਾ ਸਾਹਿਬ ਦੀ ਕੋਠੀ ਚੰਡੀਗੜ੍ਹ ਮਿਲਾਂਗਾ।
ਮੇਰੀ ਮਜਬੂਰੀ ਨੂੰ ਅਨੁਭਵ ਕਰਦਾ ਹੋਇਆ ਉਹ ਮੰਨ ਗਿਆ ਅਤੇ ਆਪਣੇ ਡਰਾਈਵਰ ਨੂੰ ਕਹਿਣ ਲੱਗਾ ਕਿ ਜਾ ਆਪਣੇ ਅੰਕਲ ਨੂੰ ਪਿੰਡ ਛੱਡ ਕੇ ਆ। ਪਿੰਡ ਪੁੱਜ ਕੇ ਸਵੇਰ ਵਾਲੀ ਅਖ਼ਬਾਰ ਅਜੇ ਪੜ੍ਹਨ ਹੀ ਲੱਗਾ ਸੀ ਕਿ ਹਰੀ ਸਿੰਘ ਦੇ ਪਹੁੰਚਣ ਤੋਂ ਪਹਿਲਾਂ ਹੀ ਭਾਣੋਕੀ ਵਾਲਾ ਰਾਣਾ, ਮੇਰਾ ਛੋਟਾ ਭਾਣਜਾ ਆ ਕੇ ਕਹਿਣ ਲੱਗਾ ਕਿ ਮਾਮਾ ਜੀ ਤਿਆਰ ਹੋ ਜਾਉ, ਇੰਗਲੈਂਡ ਤੋਂ ਟੈਲੀਫੋਨ ਆਇਆ ਹੈ, ਇਸ ਲਈ ਹੁਣੇ ਹੀ ਦਿੱਲੀ ਪੁੱਜਣਾ ਪੈਣਾ ਹੈ। ਜਦੋਂ ਮੈਂ ਵਜ੍ਹਾ ਪੁੱਛੀ ਤਾਂ ਕਹਿਣ ਲੱਗਾ ਕਿ ਹਰਜਿੰਦਰ ਪੀਟਰ, ਸੁੱਖੀ ਅਤੇ ਮਾਮੀ ਜੀ ਦਾ ਕਾਰ ਐਕਸੀਡੈਂਟ ਹੋ ਗਿਆ ਹੈ। ਬੱਸ ਫਿਰ ਕੀ ਸੀ, ਦਿੱਲੀ, ਲੰਡਨ ਅਤੇ ਉਥੋਂ ਸਿੱਧਾ ਬਰੈਸਟ, ਫਰੈਂਚੇ ਹਸਪਤਾਲ ਵਿੱਚ ਬੈਠਾ ਸੋਚ ਰਿਹਾ ਹਾਂ ਕਿ ਕਿਸਮਤ ਦੇ ਨਜ਼ਾਰੇ ਵੀ ਨਿਆਰੇ ਹੀ ਹਨ ਕਿ 23 ਮਾਰਚ ਨੂੰ ਆਪਣੇ ਮਹਿਬੂਬ ਖਿਡਾਰੀ ਹਰਜੀਤ ਬਰਾੜ ਦੇ ਆਖਰੀ ਦਰਸ਼ਨ ਵੀ ਨਾ ਹੋ ਸਕੇ।
ਇਕ ਗੱਲ ਲਿਖਣੀ ਭੁੱਲ ਗਿਆ ਕਿ ਜਿਹੜੀ ਸੀਤਲ ਸਿੰਘ ਢਿੱਲੋਂ ਨੇ ਦੂਜੇ ਦਿਨ ਟੈਲੀਫੋਨ ਤੇ ਕਹੀ ਸੀ ਕਿ ਚੀਮਾ ਜੀ, ਹਰਜੀਤ ਕਬੱਡੀ ਦਾ ਚਿਰਾਗ ਸੀ ਜੋ ਬੁਝ ਗਿਆ। ਨਹੀਂ, ਨਹੀਂ, ਇਹ ਗੱਲ ਨਹੀਂ। ਉਹ ਬੁਝਿਆ ਨਹੀਂ, ਬਲਕਿ ਉਸ ਦੀ ਖੇਡ ਦੇ ਕਾਰਨਾਮੇ ਉਸ ਦੀ ਲੋਅ ਅਤੇ ਉਸ ਸ਼ਮ੍ਹਾ ਦੇ ਭਾਂਬੜ ਸਾਡੇ ਦਿਲੋ-ਦਿਮਾਗ ਵਿੱਚ ਹਮੇਸ਼ਾ ਹੀ ਜਗਦੇ ਰਹਿਣਗੇ।
ਆਖਰ ਵਿੱਚ ਇਨ੍ਹਾਂ ਝਰੀਟਾਂ ਰਾਹੀਂ ਹਰਜੀਤ ਸਿੰਘ ਬਰਾੜ ਅਤੇ ਉਸ ਦੇ ਸਾਥੀਆਂ ਨੂੰ ਸ਼ਰਧਾਂਜਲੀ ਭੇਂਟ ਕਰਦਾ ਹੋਇਆ, ਇਹ ਵਾਅਦਾ ਕਰਦਾ ਹਾਂ ਕਿ ਜਦੋਂ ਉਹ 'ਚੀਮਾ ਹਾਲ' ਮੁਕੰਮਲ ਹੋ ਗਿਆ, ਤਾਂ ਉਸ ਵਿੱਚ ਇਨ੍ਹਾਂ ਕਬੱਡੀ ਦੇ ਹੀਰਿਆਂ ਦਾ ਇਕ ਅਲੱਗ ਕਮਰਾ ਹੋਵੇਗਾ ਅਤੇ ਦਰਸ਼ਕਾਂ, ਪ੍ਰਬੰਧਕਾਂ ਅਤੇ ਖਿਡਾਰੀਆਂ ਨੂੰ ਵੀ ਅਪੀਲ ਕਰਦਾ ਹਾਂ ਕਿ ਜੇ ਕਿਸੇ ਪਾਸ ਹਰਜੀਤ ਸਿੰਘ ਕਬੱਡੀ ਬਾਰੇ ਫੋਟੋ, ਵੀਡੀਓ ਫਿਲਮਾਂ ਜਾਂ ਹੋਰ ਕਿਸੇ ਕਿਸਮ ਦੀ ਨਿਸ਼ਾਨੀ ਹੋਵੇ ਤਾਂ ਜ਼ਰੂਰ ਸੰਭਾਲ ਕੇ ਰੱਖੀ ਜਾਵੇ ਤਾਂ ਕਿ ਉਹ ਬਲਵੀਰ ਸਿੰਘ 'ਕੰਵਲ' ਦੇ 'ਪੰਜਾਬ ਹੈਰੀਟੇਜ਼ ਮਿਊਜ਼ੀਅਮ' ਵਿੱਚ ਰੱਖੀਆਂ ਜਾਣ।
'ਯਾਦਾਂ ਹਰਜੀਤ ਦੀਆਂ।'

ਦੋ ਮਹੀਨਿਆਂ 'ਚ 100 ਕਬੱਡੀ ਕੱਪ : ਸੇਵਾ ਜਾਂ ਜੁਗਾੜ

ਪ੍ਰੋ. ਕੰਵਲਜੀਤ ਸਿੰਘ ਢੁੱਡੀਕੇ

ਪਿਛਲੇ 6-7 ਵਰ੍ਹਿਆਂ ਤੋਂ ਐਨ. ਆਰ. ਆਈ. ਭਰਾਵਾਂ ਦੀ ਮਿਹਰਬਾਨੀ ਸਦਕਾ ਪੰਜਾਬ ਵਿਚ ਕਬੱਡੀ ਕੱਪ ਹੋਣੇ ਸ਼ੁਰੂ ਹੋਏ ਤਾਂ ਸ਼ੁਰੂ ਸ਼ੁਰੂ ਵਿਚ ਬੜਾ ਗੱਜ ਵੱਜ ਕੇ ਰੌਲਾ ਪਾਇਆ ਜਾਂਦਾ ਕਿ ਫਲਾਣੇ ਕੱਪ ਵਿਚ ਅਮਰੀਕਾ, ਕਨੇਡਾ ਤੇ ਜਰਮਨੀ ਦੀਆਂ ਟੀਮਾਂ ਭਿੜਨਗੀਆਂ। ਇਸ ਤੋਂ ਬਾਅਦ ਨੌਰਵੇ, ਸਪੇਨ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਪਤਾ ਨਹੀਂ ਕਿਹੜੇ ਕਿਹੜੇ ਮੁਲਕਾਂ ਦੀਆਂ ਟੀਮਾਂ ਦੇ ਨਾਮ ਸਾਹਮਣੇ ਆਉਣ ਲੱਗੇ। ਇਕ ਵਾਰ ਤਾਂ ਲੋਕ ਬੌਂਦਲ ਜਿਹੇ ਗਏ ਕਿ ਸ਼ਾਇਦ ਇਨ੍ਹਾਂ ਮੁਲਕਾਂ ਦੇ ਗੋਰੇ-ਗੋਰੀਆਂ ਵੀ ਕਬੱਡੀ ਖੇਡਣ ਲੱਗ ਪਏ ਹਨ। ਉਤੋਂ ਇਨ੍ਹਾਂ ਕੱਪਾਂ ਨੂੰ ਵਿਸ਼ਵ ਕੱਪ, ਅੰਤਰਰਾਸ਼ਟਰੀ ਕੱਪ ਅਤੇ ਕੁਝ ਦੇਸ਼ਾਂ ਦੇ ਨਾਮਾਂ ਉਪਰ ਰੱਖੇ ਹੋਏ ਕੱਪ ਗਰਦਾਨਿਆ ਗਿਆ। ਪਰ, ਜਦ ਕੁਝ ਕੁ ਕਬੱਡੀ ਕੱਪ ਹੋਏ ਤਾਂ ਲੋਕਾਂ ਨੂੰ ਸਮਝ ਆਉਣੀ ਸ਼ੁਰੂ ਹੋ ਗਈ ਕਿ ਨਾ ਤਾਂ ਇਨ੍ਹਾਂ ਮੁਲਕਾਂ ਵਿਚ ਰਹਿੰਦੇ ਪੰਜਾਬੀ ਜਾਂ ਉਥੋਂ ਦੇ ਬਸ਼ਿੰਦੇ ਉਨ੍ਹਾਂ ਟੀਮਾਂ ਵਿਚ ਸ਼ਾਮਲ ਹਨ, ਜਿਨ੍ਹਾਂ ਦੇ ਨਾਮ ਲਏ ਜਾਂਦੇ ਹਨ ਅਤੇ ਨਾ ਹੀ ਇਨ੍ਹਾਂ ਵਿਚੋਂ ਬਹੁਤੇ ਖਿਡਾਰੀ ਉਨ੍ਹਾਂ ਮੁਲਕਾਂ ਨੂੰ ਗਏ ਹਨ, ਜਿਨ੍ਹਾਂ ਦੀਆਂ ਝੱਗੀਆਂ ਪਾ ਕੇ ਇਹ ਗਰਾਊਂਡ ਵਿਚ ਪਹੁੰਚਦੇ ਹਨ। ਜਦੋਂ ਅਸੀਂ ਕੁਝ ਕੁ ਲੋਕਾਂ ਨੇ ਮੀਡੀਆ ਵਿਚ ਇਹ ਪੋਲ ਖੋਲ੍ਹੀ ਅਤੇ ਮੀਡੀਆ ਨੂੰ ਖਬਰਾਂ ਵਿਚ ਕਨੇਡਾ ਜਾਂ ਅਮਰੀਕਾ ਦੀ ਕਬੱਡੀ ਟੀਮ ਦੀ ਥਾਂ 'ਤੇ ਇਹ ਕਹਿਣਾ ਸ਼ੁਰੂ ਕੀਤਾ ਕਿ ਕਨੇਡਾ ਦੇ ਨਾਮ ਹੇਠਾਂ ਖੇਡੀ ਕਪੂਰਥਲੇ ਜਾਂ ਜਲੰਧਰ ਦੀ ਫਲਾਣੀ ਅਕੈਡਮੀ ਦੀ ਟੀਮ ਨੇ ਫਲਾਣੇ ਪਿੰਡ ਦੀ ਟੀਮ ਜੋ ਕਿ ਜਰਮਨੀ ਜਾਂ ਸਪੇਨ ਦੇ ਨਾਮ ਥੱਲੇ ਖੇਡੀ ਨੂੰ ਹਰਾਇਆ ਤਾਂ ਕਬੱਡੀ ਕੱਪ ਕਰਵਾਉਣ ਵਾਲਿਆਂ ਨੂੰ ਅਹਿਸਾਸ ਹੋ ਗਿਆ ਕਿ ਲੋਕਾਂ ਨੂੰ ਪਤਾ ਲਗ ਗਿਆ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਇਹ ਨਾਮ ਵਰਤਣੇ ਬੰਦ ਕਰ ਦਿੱਤੇ ਅਤੇ ਇੰਡੀਆ ਆ ਕੇ ਚੌੜੇ ਬਜ਼ਾਰ ਤੋਂ ਜਰਸੀਆਂ ਲੈ ਕੇ ਉਨ੍ਹਾਂ ਦੇ ਪਿੱਛੇ ਅਲੱਗ ਅਲੱਗ ਮੁਲਕਾਂ ਦੇ ਨਾਮ ਸਕਰੀਨ ਨਾਲ ਪ੍ਰਿੰਟ ਕਰਵਾਉਣੇ ਬੰਦ ਕਰ ਦਿੱਤੇ।
ਪਹਿਲਾਂ ਪਹਿਲਾਂ ਸ਼ੁਰੂ ਹੋਏ ਕਬੱਡੀ ਕੱਪਾਂ ਨੂੰ ਕਰਵਾਉਣ ਵਾਲੇ ਕੁਝ ਵਾਕਿਆ ਹੀ ਸੁਹਿਰਦ ਕਬੱਡੀ ਪ੍ਰੇਮੀਆਂ ਨੇ ਪੰਜਾਬ ਬੈਠੇ ਕਬੱਡੀ ਖਿਡਾਰੀਆਂ ਉਪਰ ਇਸ ਤਰ੍ਹਾਂ ਨੋਟ ਸੁੱਟੇ ਕਿ ਕਬੱਡੀ ਖੇਡਣਾ ਗੱਭਰੂਆਂ ਨੂੰ ਚੰਗਾ ਲੱਗਣ ਲਗ ਪਿਆ। ਵਿਦੇਸ਼ੀ ਟੂਰਨਾਮੈਂਟਾਂ ਵਿਚ ਇਹ ਕਬੱਡੀ ਕੱਪ ਕਰਵਾਉਣ ਵਾਲੇ ਕੁਝ ਕੁ ਖਿਡਾਰੀਆਂ ਨੂੰ ਸ਼ਿਰਕਤ ਵੀ ਕਰਵਾਉਣ ਲੱਗੇ ਤੇ ਕੱਖਾਂ ਵਾਲੀ ਕਬੱਡੀ ਕੁਝ ਹੀ ਸਾਲਾਂ ਵਿਚ ਲੱਖਾਂ ਤੱਕ ਪਹੁੰਚ ਗਈ। ਇਸ ਤੋਂ ਬਾਅਦ ਇਨ੍ਹਾਂ ਪ੍ਰਵਾਸੀਆਂ ਦਾ ਅਖਬਾਰਾਂ ਤੇ ਮੀਡੀਆ ਵਿਚੋਂ ਝਾਕਦਾ ਨਾਮ ਜਦ ਚਮਕਣ ਲੱਗਿਆ ਤਾਂ ਦੂਸਰਿਆਂ ਪਹੁੰਚ ਵਾਲੇ ਬੰਦਿਆਂ ਨੇ ਵੀ ਕਬੱਡੀ ਪ੍ਰਮੋਟਰ ਬਣਨ ਦਾ ਫੈਸਲਾ ਕੀਤਾ ਅਤੇ ਕਮੇਟੀਆਂ ਬਣਾ ਕੇ ਪੰਜਾਹ-ਪੰਜਾਹ ਹਜ਼ਾਰ ਜਾਂ ਲੱਖ-ਲੱਖ ਪਾ ਕੇ ਆਪਣੇ ਪਿੰਡਾਂ, ਇਲਾਕੇ ਜਾਂ ਨੇੜਲੇ ਵੱਡੇ ਸ਼ਹਿਰਾਂ ਵਿਚ ਅੰਤਰਰਾਸ਼ਟਰੀ ਜਾਂ ਵਿਸ਼ਵ ਕੱਪ ਦੇ ਨਾਮ 'ਤੇ ਕਬੱਡੀ ਕੱਪ ਕਰਵਾਉਣੇ ਚਾਲੂ ਕਰ ਦਿੱਤੇ। ਕੁਝ ਜੁਗਾੜੂ ਜਿਹੇ ਪ੍ਰਮੋਟਰਾਂ ਲਈ ਤਾਂ ਇਹ ਪੈਸੇ ਕਮਾਉਣ ਦਾ ਇਕ ਸਾਧਨ ਹੋ ਗਿਆ, ਕਿਉਂਕਿ ਉਹ ਵਧ ਪੈਸੇ ਇਕੱਠੇ ਕਰਕੇ ਪੰਜਾਬ ਵਾਲੇ ਭਾਅ 'ਤੇ ਟੂਰਨਾਮੈਂਟ ਕਰਵਾ ਕੇ ਹਰ ਸਾਲ ਖਾਸੀ ਖੱਟੀ ਕਮਾਈ ਅਲੱਗ ਕਰ ਜਾਂਦੇ ਅਤੇ ਉਪਰੋਂ ਪੰਜਾਬ ਬੈਠੇ ਵੱਡੇ ਮੰਤਰੀਆਂ, ਅਫਸਰਾਂ ਖਾਸ ਕਰਕੇ ਪੁਲਿਸ ਅਫਸਰਾਂ ਨਾਲ ਨੇੜਤਾ ਅਲੱਗ ਬਣਾ ਜਾਂਦੇ।
ਪ੍ਰਵਾਸੀਆਂ ਦੀ ਇਸ ਕਮਜ਼ੋਰੀ ਨੂੰ ਮੀਡੀਆ ਨੇ ਖੂਬ ਕੈਚ ਕੀਤਾ ਅਤੇ ਅਖਬਾਰਾਂ ਵਾਲਿਆਂ ਨੇ ਆਪਣੇ ਪੱਤਰਕਾਰਾਂ ਨੂੰ ਸਿੱਧੀ ਹਦਾਇਤ ਕਰ ਦਿੱਤੀ ਕਿ ਕਿਸੇ ਕਬੱਡੀ ਕੱਪ ਦੀ ਖਬਰ ਬਗੈਰ ਇਸ਼ਤਿਹਾਰ ਤੋਂ ਨਹੀਂ ਲਾਉਣੀ। ਬੱਲੇ ਬੱਲੇ ਕਰਵਾਉਣੀ ਹੈ ਤਾਂ ਪੈਸੇ ਫੈਂਕ, ਤਮਾਸ਼ਾ ਜਿੰਨਾ ਮਰਜ਼ੀ ਦੇਖ। ਇਥੋਂ ਤੱਕ ਕਿ ਹਰੇਕ ਖਬਰ ਦੇ ਵਿਚ ਵੀ 'ਡੱਬੀ' ਲੱਗਣੀ ਜ਼ਰੂਰੀ ਕਰ ਦਿੱਤੀ ਗਈ। ਇਹ ਡੱਬੀ ਛੋਟੀ ਜਿਹੀ ਇਕ ਜਾਂ ਡੇਢ ਕਾਲਮੀ ਹੁੰਦੀ ਹੈ ਅਤੇ ਇਸ ਵਿਚ ਉਨ੍ਹਾਂ ਸੱਜਣਾਂ ਦੀਆਂ ਤਸਵੀਰਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਕਬੱਡੀ ਪ੍ਰਮੋਟਰ ਪੈਸੇ ਲੈ ਕੇ ਚਮਕਾਉਣਾ ਚਾਹੁੰਦੇ ਹਨ। ਪਿੰਡੋਂ ਰੁੜ੍ਹ ਖੁੜ੍ਹ ਕੇ ਮਸਾਂ ਕਨੇਡਾ ਗਏ ਅਤੇ ਉਥੇ ਛੋਟੇ ਮੋਟੇ ਕੰਮ ਧੰਦੇ ਕਰਦੇ ਕੁਝ ਗੱਭਰੂ ਵੀ ਜਦ ਇਧਰ ਅਖਬਾਰ ਵਿਚ ਲੱਗੀ ਆਪਣੀ ਫੋਟੋ ਨੂੰ ਪੇਂਡੂਆਂ ਨੂੰ ਦਿਖਾ ਕੇ ਹਿੱਕ ਚੌੜੀ ਹੁੰਦੀ ਮਹਿਸੂਸ ਕਰਦੇ ਤਾਂ 20-50 ਹਜ਼ਾਰ ਦੇਣਾ ਕੀ ਮਾੜਾ ਹੈ। ਸ਼ਰੀਕਾਂ ਦੀ ਹਿੱਕ 'ਤੇ ਸੱਪ ਤਾਂ ਲਿਟਦਾ ਹੈ।
ਪਿਛਲੇ ਦੋ-ਤਿੰਨ ਸਾਲ ਤੋਂ ਕਬੱਡੀ ਕੱਪਾਂ ਦਾ ਮਾਇਆ ਜਾਲ ਇਸ ਕਦਰ ਫੈਲਿਆ ਹੈ ਕਿ ਪੰਜਾਬ ਵਿਚ ਕਬੱਡੀ ਅਕੈਡਮੀਆਂ ਬਣਾ ਕੇ ਬੈਠੇ ਕਬੱਡੀ ਦੇ ਸਾਬਕਾ ਖਿਡਾਰੀ ਹੁਣ ਕੋਚ ਬਣ ਕੇ ਲੱਖਾਂ ਕਮਾ ਰਹੇ ਹਨ। ਆਮ ਤੌਰ 'ਤੇ ਕਬੱਡੀ ਕੱਪ ਕਰਵਾਉਣ ਵਾਲੇ ਕਿਸੇ 'ਕੋਚ ਸਾਹਿਬ' ਨੂੰ ਹੀ ਜਿੰਮਾ ਦੇ ਦਿੰਦੇ ਹਨ ਕਿ ਅੱਠ ਜਾਂ ਦਸ ਟੀਮਾਂ ਆਉਣੀਆਂ ਚਾਹੀਦੀਆਂ ਹਨ। ਕੋਚ ਕੁਝ ਚੰਗੇ ਅਤੇ ਕੁਝ ਰਲਵੇਂ ਮਿਲਵੇਂ ਖਿਡਾਰੀ ਫਿੱਟ ਕਰਕੇ ਉਸ ਨੂੰ ਮਿਥੇ ਸਮੇਂ 'ਤੇ ਸਾਈ ਮੁਤਾਬਿਕ ਟੀਮਾਂ ਭੇਜ ਦਿੰਦਾ ਹੈ। ਕਈ ਖਿਡਾਰੀ ਗਾਉਣ ਵਾਲਿਆਂ ਵਾਂਗ ਸੀਜ਼ਨ ਲੱਗੇ ਤੋਂ ਕਈ ਕਈ ਪਾਸੇ ਵਾਲੀਆਂ ਟੀਮਾਂ ਵਲੋਂ ਖੇਡ ਜਾਂਦੇ ਹਨ। ਪ੍ਰਵਾਸੀਆਂ ਦੀਆਂ ਜੇਬ੍ਹਾਂ 'ਚੋਂ ਨਿਕਲਦੇ ਨੋਟ ਅਤੇ ਹੁੰਦੀ ਵਾਹ ਵਾਹ ਕਈ ਗੱਭਰੂਆਂ ਨੂੰ ਇਸ ਕਦਰ ਦੀਵਾਨਾ ਬਣਾ ਦਿੰਦੀ ਹੈ ਕਿ ਕੁਝ ਅਖੌਤੀ ਕੋਚ ਉਨ੍ਹਾਂ ਦੀਆਂ ਜਵਾਨੀਆਂ ਨਾਲ ਖੇਡ ਕੇ ਨਸ਼ਿਆਂ ਦੀਆਂ ਗੋਲੀਆਂ ਅਤੇ ਟੀਕੇ ਲਾ ਕੇ ਪਿੰਡ ਦੇ ਮਾੜੇ ਜਿਹੇ ਮੁੰਡੇ ਦੀ ਬੌਡੀ ਸਾਲ ਖੰਡ ਵਿਚ ਹੀ ਇੰਜ ਮਸਲ ਵਾਲੀ ਦਿੱਖ ਵਾਲੀ ਬਣਾ ਦਿੰਦੇ ਹਨ ਕਿ ਉਹ ਸੱਤਵੇਂ ਅਸਮਾਨ 'ਤੇ ਚੜ੍ਹਿਆ ਮਹਿਸੂਸ ਕਰਦਾ ਹੈ। ਜਦਕਿ ਉਸ ਨੂੰ ਪਤਾ ਹੀ ਨਹੀਂ ਲਗਦਾ ਕਿ ਉਸਦਾ ਖੇਡ ਜੀਵਨ ਤਾਂ ਇਕ-ਦੋ ਸਾਲ ਵਿਚ ਹੀ ਇਨ੍ਹਾਂ ਨਸ਼ਿਆਂ ਨੇ ਬਰਬਾਦ ਕਰ ਦੇਣਾ ਹੈ। ਬਹੁਤ ਸਾਰੇ ਕਬੱਡੀ ਖਿਡਾਰੀ ਇਕ ਮੈਚ ਵਿਚ ਹੀਰੋ ਅਤੇ ਦੂਜੇ ਵਿਚ ਜ਼ੀਰੋ ਹੁੰਦੇ ਅਕਸਰ ਦੇਖੇ ਜਾ ਸਕਦੇ ਹਨ।
ਬਹੁਤੇ ਕਬੱਡੀ ਕੱਪਾਂ ਦੇ ਪ੍ਰਬੰਧਕਾਂ ਨੂੰ ਤੁਸੀਂ ਕਦੇ ਪੁੱਛ ਕੇ ਦੇਖਿਓ ਕੇ ਉਨ੍ਹਾਂ ਦੇ ਕੱਪ ਵਿਚ ਕਿਹੜੀਆਂ ਟੀਮਾਂ ਆਈਆਂ ਸਨ ਜਾਂ ਕਿਹੜੀ ਟੀਮ ਨੇ ਕੱਪ ਜਿੱਤਿਆ ਸੀ ਤਾਂ ਉਨ੍ਹਾਂ ਨੂੰ ਪਤਾ ਨਹੀਂ ਹੋਵੇਗਾ। ਉਨ੍ਹਾਂ ਲਈ ਤਾਂ ਇਹ ਹੀ ਜਿੱਤ ਹੈ ਕਿ ਉਨ੍ਹਾਂ ਦੇ ਕੱਪ ਦੌਰਾਨ ਫਲਾਣੇ ਕੱਪ ਤੋਂ ਕਿੰਨਾ ਵੱਧ ਇਕੱਠ ਹੋਇਆ। ਇਹ ਇਕੱਠ ਕਰਨ ਲਈ ਹੀ ਉਹ ਸਾਰਾ ਜ਼ੋਰ ਲਾਉਂਦੇ ਹਨ, ਗੁਰਦਾਸ ਮਾਨ ਲਈ ਇਹ ਕੱਪ ਵਰਦਾਨ ਸਾਬਤ ਹੋਏ ਹਨ। ਕਈ ਕਰੋੜ ਡੂਢ ਦੋ ਮਹੀਨਿਆਂ ਵਿਚ ਇਕੱਠਾ ਹੋ ਜਾਂਦਾ ਹੈ। ਹੁਣ ਬੱਬੂ ਮਾਨ, ਜੈਜ਼ੀ ਬੀ ਤੇ ਹਰਭਜਨ ਮਾਨ ਦੇ ਅਖਾੜੇ ਵੀ ਕੱਪਾਂ ਵਿਚ ਲੱਗਣੇ ਸ਼ੁਰੂ ਹੋ ਗਏ ਹਨ। ਕੁੱਲ ਮਿਲਾ ਕੇ ਲੋਕਾਂ ਲਈ ਇਹ ਇਕ ਵੱਡੇ ਤਮਾਸ਼ੇ ਤੋਂ ਵੱਧ ਕੁਝ ਨਹੀਂ ਹੁੰਦਾ ਅਤੇ ਪ੍ਰਬੰਧਕਾਂ ਲਈ ਇਹ ਆਪਣਾ ਮੇਲ ਜੋਲ ਵਧਾਉਣ ਅਤੇ ਨੰਬਰ ਬਣਾਉਣ ਤੋਂ ਵੱਧ ਕੁਝ ਨਹੀਂ ਹੁੰਦਾ। ਜਿਥੇ ਪੰਜ ਤੋਂ ਵੱਧ ਪੰਜਾਬੀ ਇਕੱਠੇ ਹੋ ਗਏ, ਉਥੇ ਫੁੱਟ ਪੈਣੀ ਹੀ ਹੁੰਦੀ ਹੈ। ਸੋ, ਹੁਣ ਚਲਦੇ ਬਹੁਤੇ ਕੱਪਾਂ ਦੇ ਪ੍ਰਬੰਧਕ ਪਹਿਲਾਂ ਇਕੱਠੇ ਹੁੰਦੇ ਸਨ ਅਤੇ ਹੁਣ ਵਿਗੜਨ ਕਰਕੇ ਆਪਣੇ ਆਪਣੇ ਕਬੱਡੀ ਕੱਪ ਕਰਵਾਉਣ ਲਗ ਗਏ ਹਨ। ਕੁਝ ਜਾਣਿਆਂ ਨੇ ਆਪਣੇ ਕੱਪ ਕਰਵਾਉਣੇ ਇਸ ਕਰਕੇ ਬੰਦ ਕਰ ਦਿੱਤੇ ਹਨ ਕਿਉਂਕਿ ਉਨ੍ਹਾਂ ਦੇ ਮੁੱਖ ਸਪਾਂਸਰ ਹੁਣ ਉਨ੍ਹਾਂ ਦੇ ਸ਼ਰੀਕਾਂ ਨੇ ਫਾਹ ਲਏ ਹਨ।
ਇਸ ਵਾਰ ਜਦੋਂ ਪਿਛਲੇ ਦੋ ਕੁ ਮਹੀਨਿਆਂ ਵਿਚ 100 ਦੇ ਕਰੀਬ ਕਬੱਡੀ ਕੱਪ ਹੋਣ ਦੀਆਂ ਖਬਰਾਂ ਆਈਆਂ ਤਾਂ ਲੋਕਾਂ ਨੂੰ ਵੀ ਅਤੇ ਇੰਟੈਲੀਜੈਂਸ ਏਜੰਸੀਆਂ ਨੂੰ ਵੀ ਦਾਲ ਵਿਚ ਕੁਝ ਕੁਝ ਕਾਲਾ ਲੱਗਣ ਲਗ ਪਿਆ ਹੈ। ਕੁਝ ਪ੍ਰਵਾਸੀ ਇਧਰ ਆ ਕੇ ਕੁਝ ਜ਼ਿਆਦਾ ਹੀ ਸਮਾਂ ਰਹਿਣ ਲਗ ਪਏ ਹਨ। ਕਈ ਕਬੱਡੀ ਕੱਪਾਂ, ਸਭਿਆਚਾਰਕ ਮੇਲਿਆਂ ਅਤੇ ਹੋਰ ਖੇਡ ਟੂਰਨਾਮੈਂਟਾਂ ਦੇ ਸਪਾਂਸਰਾਂ ਦੇ ਕਿਸੇ ਨਾ ਕਿਸੇ ਫਰਾਡ ਅਤੇ ਝਗੜੇ ਵਿਚ ਉਲਝ ਕੇ ਪੁਲਿਸ ਦੇ ਚੱਕਰਾਂ ਵਿਚ ਪੈਣ ਦੀਆਂ ਖਬਰਾਂ ਵੀ ਕੁਝ ਜ਼ਿਆਦਾ ਹੀ ਛਪਣ ਲਗ ਪਈਆਂ ਹਨ। ਇਨ੍ਹਾਂ ਵਿਚੋਂ ਕਈ ਪ੍ਰਮੋਟਰਾਂ ਵਲੋਂ ਕੁਝ ਮੰਤਰੀਆਂ ਜਾਂ ਵੱਡੇ ਅਫਸਰਾਂ ਨਾਲ ਮੇਲ ਜੋਲ ਵਧਾਉਣ ਨਾਲ ਉਨ੍ਹਾਂ ਦੇ ਪੱਬ ਧਰਤੀ ਤੋਂ ਚੁੱਕੇ ਜਾਂਦੇ ਹਨ ਅਤੇ ਕਈ ਆਪਣੇ ਇਨ੍ਹਾਂ ਜੁਗਾੜੀ ਰਿਸ਼ਤਿਆਂ ਨੂੰ ਆਪਣੇ ਗੋਰਖ ਧੰਦੇ ਚਲਾਉਣ ਲਈ ਵਰਤਣ ਲਗ ਗਏ ਹਨ। ਹਾਲੇ ਤੱਕ ਤਾਂ ਕੁਝ ਕੁ ਪ੍ਰਮੋਟਰਾਂ ਵਲੋਂ ਕਬੱਡੀ ਦੇ ਨਾਮ 'ਤੇ ਬਾਹਰ ਲਿਜਾਈਆਂ ਜਾਂਦੀਆਂ ਟੀਮਾਂ 'ਚੋਂ ਕਬੂਤਰ ਉਡਾਉਣ ਵਰਗੇ ਕਿੱਸੇ ਹੀ ਸਾਹਮਣੇ ਆਉਂਦੇ ਸਨ, ਪਰ ਇਸ ਵਾਰ ਇਹ ਰਿਪੋਰਟ ਉਭਰ ਕੇ ਸਾਹਮਣੇ ਆਈ ਹੈ ਕਿ ਇਨ੍ਹਾਂ ਕਬੱਡੀ ਕੱਪਾਂ ਦੀ ਆੜ ਵਿਚ ਕੁਝ ਅਖੌਤੀ ਖੇਡ ਜਾਂ ਕਬੱਡੀ ਪ੍ਰਮੋਟਰ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਖੇਡ ਦੇ ਨਾਮ 'ਤੇ ਆਪਣੇ ਨਾਲ ਰਲਾ ਰਹੇ ਹਨ ਅਤੇ ਉਨ੍ਹਾਂ ਰਾਹੀਂ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਵੀ ਕਰਵਾ ਰਹੇ ਹਨ। ਕਈ ਭੋਲੇ ਭਾਲੇ ਖਿਡਾਰੀਆਂ ਨੂੰ ਤਾਂ ਪਤਾ ਹੀ ਨਹੀਂ ਲਗਦਾ ਕਿ ਉਨ੍ਹਾਂ ਨੂੰ ਸਮਗਲਿੰਗ ਲਈ ਵਰਤਿਆ ਜਾ ਰਿਹਾ ਹੈ। ਉਹ ਤਾਂ ਇਨ੍ਹਾਂ ਚਮਕ ਦਮਕ ਵਾਲੇ ਮਹਿੰਗੀਆਂ ਗੱਡੀਆਂ ਅਤੇ ਪੁਲਿਸ ਦੀ ਸਰਪ੍ਰਸਤੀ ਦੀ ਛਾਂ ਹੇਠ ਪਲਦੇ ਪ੍ਰਮੋਟਰਾਂ ਦਾ ਕੁਝ ਕੁ ਸਮਾਨ ਇਧਰੋਂ ਉਧਰ ਅਤੇ ਉਧਰੋਂ ਇਧਰ ਲਿਆ ਦਿੰਦੇ ਹਨ। ਖੂਫੀਆ ਰਿਪੋਰਟਾਂ ਮੁਤਾਬਿਕ ਪੰਜਾਬ ਦੇ ਪੁਲਿਸ ਮੁਖੀ ਸ. ਐਨ. ਪੀ. ਐਸ. ਔਲਖ ਨੇ ਇਸ ਸੰਬੰਧੀ ਖਾਸ ਜਾਂਚ ਦੇ ਹੁਕਮ ਦਿੱਤੇ ਹਨ। ਕਬੱਡੀ ਦੇ ਨਾਮ ਨੂੰ ਵਰਤ ਕੇ ਦੇਖੋ, ਲੋਕ ਕੀ ਕੀ ਕਰੀ ਜਾਂਦੇ ਹਨ।
ਮੀਡੀਆ ਵਿਚ ਚਰਚਾ ਸ਼ੁਰੂ ਹੋ ਗਈ ਹੈ ਅਤੇ ਇਸ ਬਾਰੇ ਰਿਪੋਰਟਾਂ ਵੀ ਤਿਆਰ ਹੋ ਰਹੀਆਂ ਹਨ। ਇਹ ਕਦੋਂ ਤੇ ਕਿਵੇਂ ਆਉਣਗੀਆਂ ਇਹ ਤਾਂ ਸਮਾਂ ਹੀ ਦੱਸੇਗਾ, ਪਰ ਦੁਆ ਕਰੋ ਕਿ ਬਹੁਤਾ ਹੇਰਵਾ ਕਰਨ ਵਾਲੇ ਅਤੇ ਕਬੱਡੀ ਦੇ ਨਾਮ ਦੀਆਂ ਸੌਹਾਂ ਚੁੱਕਣ ਵਾਲੇ ਕਿਤੇ ਖੁਦ ਹੀ ਇਸ ਨਿਆਣੇ ਨੂੰ ਚੁੰਮ ਚੁੰਮ ਕੇ ਮਾਰ ਹੀ ਨਾ ਦੇਣ।