Click here For English Version

ਖੇਡਾਂ ਵਾਲਾ ਜੋਸ਼ੀਲਾ ਪੰਜਾਬ ਕਿਉ ਬਣ ਗਿਆ ਨਸ਼ੀਲਾ ਪੰਜਾਬ

ਪੰਜਾਬ ਦੀ ਸਰੀਰਕ ਤੰਦਰੁਸਤੀ ਨੇ ਪੂਰੀ ਦੁਨੀਆ ਵਿੱਚ ਆਪਣਾ ਲੋਹਾ ਮਨਵਾਇਆ ਹੈ। ਪੰਜਾਬੀਆਂ ਦੀ ਹਰ ਖੇਡ ਵਿੱਚ ਵੱਡੀ ਧਾਕ ਰਹੀ ਹੈ। ਇਕੱਲੀਆਂ ਖੇਡਾਂ ਹੀ ਨਹੀਂ ਪੰਜਾਬੀਆਂ ਨੇ ਹਰ ਜ਼ੁਲਮ ਦਾ ਟਾਕਰਾ ਕੀਤਾ, ਹਰ ਦੁਸ਼ਮਣ ਤੇ ਮੈਦਾਨ ਜੰਗ ਵਿੱਚ ਫਤਿਹ ਹਾਸਲ ਕੀਤੀ, ਦੇਸ਼ ਦੀ ਆਜ਼ਾਦੀ ਲਈ 90 ਪ੍ਰਤੀਸ਼ਤ ਕੁਰਬਾਨੀਆਂ ਕੀਤੀਆਂ। ਪੰਜਾਬੀ ਉਸ ਕੌਮ ਦੇ ਉਸ ਗੁਰੂ ਦੇ ਵਾਰਿਸ ਹਨ ਜਿਨ੍ਹਾਂ ਨੂੰ ਈਨ ਮੰਨਣ ਨਹੀਂ ਆਉਂਦੀ। ਇਹ ਪੰਜਾਬੀਆਂ ਦੀ ਤੰਦਰੁਸਤੀ ਅਤੇ ਦਲੇਰੀ ਹੀ ਹੈ ਕਿ ਉਹ ਹਰ ਮੈਦਾਨ ਫਤਿਹ ਲਈ ਜੂਝਦੇ ਹਨ। ਇਕ ਸਮਾਂ ਸੀ ਜਦੋਂ ਹਰ ਪੰਜਾਬੀ ਜਵਾਨੀ ਵਿੱਚ ਪੈਰ ਧਰਨ ਤੋਂ ਪਹਿਲਾਂ ਉੱਤਮ ਸਰੀਰ ਨੂੰ ਆਪਣੀ ਜ਼ਿੰਦਗੀ ਦਾ ਖਜਾਨਾ ਸਮਝਦਾ ਉਸ ਵੇਲੇ ਪੰਜਾਬ ਦੇ ਹਰ ਪਿੰਡ ਹਰ ਕਸਬੇ ਤੇ ਹਰ ਸ਼ਹਿਰ ਵਿੱਚ ਸਵੇਰ ਸ਼ਾਮ ਵੇਲੇ ਖੇਡ ਮੈਦਾਨਾਂ ਦੀਆਂ ਰੌਣਕਾਂ ਵੇਖਣ ਵਾਲੀਆਂ ਹੁੰਦੀਆਂ ਸਨ। ਕੋਈ ਕੁਸ਼ਤੀਆਂ ਲੜਦਾ, ਕੋਈ ਕਬੱਡੀ, ਹਾਕੀ, ਫੁੱਟਬਾਲ, ਵਾਲੀਬਾਲ, ਅਥਲੈਟਿਕਸ ਕਰਦਾ ਭਾਵੇਂ ਉਸ ਵੇਲੇ ਖੇਡ ਮੈਦਾਨ ਵਿੱਚ ਜਾ ਕੇ ਆਪਣੀ ਸਰੀਰਕ ਤੰਦਰੁਸਤੀ ਕਾਇਮ ਰੱਖਣ ਲਈ ਆਪਣਾ ਫਰਜ਼ ਸਮਝਦਾ ਸੀ।
ਪਰ ਦੋ ਦਹਾਕੇ ਪਹਿਲਾਂ ਪੰਜਾਬ ਨੂੰ ਇੱਕ ਭੈੜੀ ਨਜ਼ਰ ਲੱਗੀ ਪੰਜਾਬ ਦੀ ਬਹੁਤ ਜਵਾਨੀ ਅੱਤਵਾਦ, ਵੱਖਵਾਦ ਦੀ ਲਹਿਰ ਦੀ ਭੇਂਟ ਚੜ ਗਈ। ਇਸ ਲਹਿਰ ਵਿੱਚ ਨਾ ਕਿਸੇ ਸਰਕਾਰ ਨੇ ਨਾ ਕਿਸੇ ਹੋਰ ਧਿਰ ਕੁੱਝ ਕੱਢਿਆ ਪਾਇਆਂ ਪਰ ਪੰਜਾਬ ਦੀ ਜਵਾਨੀ ਦਾ ਘਾਣ ਹਰ ਪਾਸਿਉਂ ਬੁਰੀ ਤਰ੍ਹਾਂ ਹੋਇਆ ਪੰਜਾਬ ਬੁਰੀ ਤਰ੍ਹਾਂ ਸਤਾਇਆ। ਪੰਜਾਬ ਦੇ ਖੇਡ ਮੈਦਾਨਾਂ ਦੀਆਂ ਰੌਣਕਾਂ ਬੁਰੀ ਤਰ੍ਹਾਂ ਖੁਸ ਗਈਆਂ ਬਹੁਤੇ ਖੇਡ ਮੈਦਾਨ ਡੰਗਰਾਂ ਦੀਆਂ ਚਰਾਗਾਹਾਂ ਬਣ ਕੇ ਰਹਿ ਗਏ ਹਨ। ਅੱਜ ਖੇਡ ਮੈਦਾਨ ਪਹਿਲਾ ਨਾਲੋਂ ਵੀ ਵਧੇਰੇ ਹਨ। ਪੰਜਾਬ ਦੇ ਵਿੱਚ ਪੇਂਡੂ ਖੇਡ ਮੇਲੇ ਹਜ਼ਾਰਾਂ ਦੀ ਗਿਣਤੀ ਵਿਚ ਹੁੰਦੇ ਹਨ। ਇਹ ਖੇਡ ਮੈਦਾਨ ਸਿਰਫ਼ ਖੇਡ ਮੇਲੇ ਦੌਰਾਨ ਦੋ ਜਾਂ ਤਿੰਨ ਦਿਨ ਦੀ ਵਰਤੋ ਬਣ ਕੇ ਰਹਿ ਗਏ ਹਨ। ਪ੍ਰਵਾਸੀ ਵੀਰ ਖੇਡਾਂ ਦੇ ਨਾਮ ਤੇ ਕਰੋੜਾ ਰੁਪਏ ਖਰਚਦੇ ਹਨ ਪਰ ਇਹ ਖੇਡ ਮੇਲੇ, ਇਹ ਖੇਡਾਂ ਸਿਰਫ਼ ਨਿੱਜੀ ਚੌਧਰਾਂ, ਰਾਜਨੀਤਿਕ ਹਿੱਤਾਂ ਅਤੇ ਨਿੱਜੀ ਲਾਲਚਾ ਤੱਕ ਸੀਮਤ ਹੋ ਗਏ ਹਨ। ਦਾਰੂ ਸਿੱਕਾ ਅੱਜ ਦੇ ਖੇਡ ਮੇਲਿਆਂ ਦਾ ਇਕ ਵੱਡਾ ਹਿੱਸਾ ਹੈ ਖੇਡ ਭਾਵਨਾ ਜਾਂ ਖੇਡਾਂ ਦੀ ਤਰੱਕੀ ਲਈ ਕਿਤੇ ਕਿਤੇ ਕੋਈ ਅਲਬੇਲਾ ਹੀ ਯਤਨ ਕਰ ਰਿਹਾ ਹੈ। ਬਾਕੀ ਤਾਂ ਸਭ ਖੇਡਾਂ ਦੇ ਨਾਮ ਤੇ ਕੋਈ ਖੱਟਣ ਦੀ ਤਾਕ ਵਿਚੋਂ ਹੀ ਹੁੰਦੇ ਹਨ।
ਪੰਜਾਬ ਦੇ ਵਿਚ ਚਲੇ ਭਿਆਨਕ ਅੱਤਵਾਦ ਦੇ ਭਿਆਨਕ ਦੌਰ ਦੀ ਸਮਾਪਤੀ ਤੋਂ ਬਾਅਦ ਲੱਗਦਾ ਸੀ ਪੰਜਾਬ ਦੀ ਜਵਾਨੀ ਨੂੰ ਇਕ ਨਵੀਂ ਸੇਧ ਮਿਲੇਗੀ। ਖੇਡ ਮੈਦਾਨਾਂ ਦੀਆਂ ਰੌਣਕਾਂ ਮੁੜ ਪਰਤਣਗੀਆਂ। ਬੰਜਰ ਪਏ ਮੈਦਾਨ ਹਾਕੀ, ਕਬੱਡੀ, ਫੁੱਟਬਾਲ ਆਦਿ ਖੇਡਾਂ ਦੀ ਮਹਿਫਲ ਦਾ ਸਿੰਗਾਰ ਬਣਨਗੇ। ਪੰਜਾਬ ਅੰਦਰ ਕਿਸੇ ਵਧੀਆ ਸਿਹਤਮੰਦ ਯੁਗ ਦੀ ਸ਼ੁਰੂਆਤ ਹੋਵੇਗੀ ਪਰ ਗੋਲੀਆਂ ਨਾਲ ਛਲਨੀ ਹੋਈ ਪੰਜਾਬ ਦੀ ਜਵਾਨੀ ਤੋਂ ਬਾਅਦ ਬਾਕੀ ਬਚਦੀ ਜਵਾਨੀ ਨਸ਼ਿਆਂ ਦੇ ਦੌਰ ਵਿੱਚ ਵਹਿ ਤੁਰੀ ਹੈ। ਪੰਜਾਬ ਦੀ ਪੰਜ ਦਰਿਆਵਾਂ ਦੀ ਧਰਤੀ ਤੇ ਛੇਵਾ ਦਰਿਆ ਨਸ਼ਿਆਂ ਦਾ ਅਜਿਹੇ ਰੂਪ ਵਿੱਚ ਸ਼ੁਰੂ ਹੋ ਗਿਆ ਹੈ ਜੇਕਰ ਹਾਲਾਤ ਇਸੇ ਤਰ੍ਹਾਂ ਅੱਗੇ ਵਧਦੇ ਰਹੇ ਆਉਣ ਵਾਲੇ ਸਮੇਂ ਵਿੱਚ ਨਸ਼ਿਆਂ ਦੇ ਰੁਝਾਨ ਨੂੰ ਠੱਲ੍ਹ ਪਾਉਣੀ ਮੁਸ਼ਕਲ ਹੋ ਜਾਵੇਗੀ।
ਹੁਣ ਜਦੋਂ ਇਹ ਰਿਪੋਰਟਾਂ ਵੀ ਆਮ ਨਸ਼ਰ ਹੋਣੀਆਂ ਸ਼ੁਰੂ ਹੋ ਗਈਆਂ ਹਨ ਕਿ ਸਕੂਲ ਕਾਲਜਾਂ ਦੇ ਵਿਦਿਆਰਥੀਆਂ ਦੇ ਨਾਲ ਨਾਲ ਵਿਦਿਆਰਥਣਾਂ ਵੀ ਨਸ਼ਿਆਂ ਦੀ ਵਰਤੋਂ ਕਰਨ ਲੱਗ ਪਈਆਂ ਹਨ। ਪੰਜਾਬ ਦੇ ਮੁਕਾਮ ਲਈ ਖ਼ਤਰੇ ਦੀ ਵੱਡੀ ਘੰਟੀ ਹੈ ਪੰਜਾਬ ਦੇ ਨੌਜਵਾਨਾਂ ਦੀ ਬਹੁਤਾਤ ਸ਼ਰ੍ਹੇਆਮ ਨਸ਼ਿਆਂ ਵਿੱਚ ×૰ਙ ਹੋ ਚੁੱਕੀ ਹੈ। ਅੱਜ ਦਾ ਨੌਜਵਾਨ ਆਪਣੀ ਵੰਗਾਰ, ਆਪਣੀ ਜ਼ਮੀਰ ਨੂੰ ਆਪਣੀ ਅਣਖ ਨੂੰ ਬੁਰੀ ਤਰ੍ਹਾਂ ਮਾਰ ਰਿਹਾ ਹੈ। ਉਕਾ ਨੇ ਨਸ਼ਾ ਅਹਿਮ ਰਹਿ ਗਿਆ ਹੈ ਮਾਂ-ਬਾਪ, ਸਮਾਜ, ਧਰਮ ਉਸ ਤੋਂ ਬਾਅਦ ਦੀ ਗੱਲ ਹੈ। ਆਮ ਸਕੂਲ ਕਾਲਜਾਂ ਦੀ ਗੱਲ ਛੱਡੇ ਕਿਸੇ ਵਧੀਆ ਸਟੈਂਡਰਡ ਰੱਖਦੇ ਸਕੂਲ ਕਾਲਜਾਂ ਦੇ ਵਿਦਿਆਰਥੀਆਂ ਦੀ ਬੈਠਕ ਕਰਕੇ ਵੇਖੋ ਤੁਹਾਨੂੰ ਪਤਾ ਚੱਲ ਜਾਵੇਗਾ ਕਿ ਪੰਜਾਬ ਦੀ ਜਵਾਨੀ ਕਿੱਧਰ ਨੂੰ ਜਾ ਰਹੀ ਹੈ।
ਰਾਜਨੀਤਿਕ ਆਗੂ ਵੀ ਨਹੀਂ ਚਾਹੁੰਦੇ ਕਿ ਉਨ੍ਹਾਂ ਵਾਲੀ ਜੁੱਤੀ ਨੌਜਵਾਨ ਪੀੜੀ ਪਾਵੇ। ਰਾਜਨੀਤਿਕ ਆਗੂ ਜਿੰਨਾਂ ਦੀਆਂ ਲੱਤਾਂ ਸ਼ਮਸ਼ਾਨਘਾਟ ਦੇ ਨੇੜ ਹਨ ਉਹ ਇਹੀ ਚਾਹੁੰਦੇ ਹਨ ਕਿ ਨੌਜਵਾਨ ਪੀੜੀ ਨਸ਼ਿਆਂ ਵਿੱਚ ਗਲਿਆਣ ਰਹੇ ਤਾਂ ਜੋ ਉਨ੍ਹਾਂ ਦੀ ਮੌਤ ਤੱਕ ਉਨ੍ਹਾਂ ਦੀ ਕੁਰਸੀ ਸਲਾਮਤ ਰਹੇਗੀ।
ਕੋਈ ਆਗੂ ਨਹੀਂ ਚਾਹੁੰਦਾ ਕਿ ਅੱਜ ਦਾ ਨੌਜਵਾਨ ਨਸ਼ੇ ਦੀ ਲਾਅਨਤ ਵਿੱਚੋਂ ਨਿਕਲੇ। ਫੇਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਵਿਚਲੇ ਪੰਥਕ ਰਖਵਾਲਿਆਂ ਨੂੰ ਇੰਨਾਂ ਦੀ ਹੋਂਦ ਤੋਂ ਵੱਡਾ ਖਤਰਾ ਹੋਵੇਗਾ ਕੀ ?ਸ਼੍ਰੋਮਣੀ ਕਮੇਟੀ ਦੇ ਆਗੂ ਦੱਸ ਸਕਦੇ ਹਨ ਕਿ ਉਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਧਰਮ ਪ੍ਰਤੀ ਜਾਗਰੂਕ ਕਰਨ ਲਈ ਕਿਸੇ ਨੇ ਧਰਮ ਪ੍ਰਚਾਰਕ ਕੈਂਪ ਲਾਏ ਹਨ ਜਾਂ ਉਨ੍ਹਾਂ ਵਲੋਂ ਚਲਾਏ ਜਾ ਰਹੇ ਸਕੂਲਾਂ, ਕਾਲਜਾਂ ਤੇ ਕਿੰਨੇ ਕੁ ਖੇਡਾਂ ਵਿਚ ਉਲੰਪੀਅਨ ਜਾਂ ਕੌਮਾਂਤਰੀ ਰਾਸ਼ਟਰੀ ਪੈਦਾ ਖੇਡ ਸਿਤਾਰੇ ਪੈਦਾ ਕੀਤੇ ਹਨ। ਕਿੰਨੇ ਕੁ ਆਈ.ਏ.ਐਸ, ਪੀ.ਸੀ.ਐਸ. ਸ਼੍ਰੋਮਣੀ ਕਮੇਟੀ ਸਕੂਲਾਂ, ਕਾਲਜਾਂ ਨੇ ਪੈਦਾ ਕੀਤੇ ਹਨ। ਸ਼੍ਰੋਮਣੀ ਕਮੇਟੀ ਦੇ ਰਾਜ ਵਿੱਚ ਗੁਰਦੁਆਰਿਆਂ ਵਿੱਚ ਪੱਗਾਂ ਲੱਥਣ ਦੀ ਰੀਤ ਆਮ ਪ੍ਰਚਲਤ ਹੋਈ ਹੈ ਪਰ ਬਲਵੀਰ ਸਿੰਘ, ਪ੍ਰਿਥੀਪਾਲ ਸਿੰਘ, ਮਿਲਖਾ ਸਿੰਘ ਪੈਦਾ ਕਰਨ ਦੀ ਰੀਤ ਅਜੇ ਸ਼੍ਰੋਮਣੀ ਕਮੇਟੀ ਦੀ ਸਮਝ ਤੋਂ ਦੂਰ ਹੈ। ਦਰਜਨਾਂ ਵਾਰ ਐਲਾਨ ਹੋਏ ਕਿ ਸ਼੍ਰੋਮਣੀ ਕਮੇਟੀ ਹਾਕੀ ਦੀ ਫਲਾਣੀ ਸਿੰਘਾਂ ਵਾਲੀ ਟੀਮ ਬਣਾਏਗੀ ਪਰ ਅਮਲ ਤੇ ਸੰਜੀਦਾ ਯਤਨ ਕਦੇ ਨਹੀਂ ਹੋਏ। ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਪੰਜਾਬ ਦੀ ਜਵਾਨੀ ਨੂੰ ਪੁੱਠੇ ਰਾਹ ਤੋਂ ਰੋਕਣ ਲਈ ਕੋਈ ਅਮਲ ਜ਼ਰੂਰ ਕਰੇ।
ਦੂਸਰੇ ਪੰਜਾਬ ਦੇ ਹਰ ਖੇਤਰ ਵਿਚ ਜੋਸ਼ੀਲਾ ਪੰਜਾਬ ਨੂੰ ਨਸ਼ੀਲਾ ਪੰਜਾਬ ਰਹੇ। ਨੌਜਵਾਨਾਂ ਨੂੰ ਬਿਨਾਂ ਮੰਗੇ ਇਹੀ ਸਲਾਹ ਹੈ ਕਿ ਤੁਸੀਂ ਉਸ ਕੌਮ ਦੇ ਵਾਰਸ ਹੋ ਜਿਸਦੇ ਗੁਰੂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤੁਹਾਡੀ ਕੌਮ ਦੀ ਜ਼ਮੀਰ ਨੂੰ ਕਾਇਮ ਰੱਖਣ ਲਈ ਆਪਣੇ ਪੁੱਤਰ ਤੇ ਆਪਣੇ ਪਿਉ ਦਾਦੇ ਵਾਰ ਦਿੱਤੇ। ਅਜਿਹੀ ਕੁਰਬਾਨੀ ਦੁਨੀਆ ਵਿੱਚ ਨਾ ਕਿਸੇ ਨੇ ਕੀਤੀ ਹੈ ਨਾ ਹੀ ਭਵਿੱਖ ਵਿੱਚ ਹੋਵੇਗੀ। ਉਹ ਭਟਕੇ ਹੋਏ ਪੰਜਾਬ ਦੇ ਸੂਰਬੀਰ, ਨੌਜਵਾਨੋ ਤੁਸੀਂ ਨਸ਼ਿਆਂ ਦੇ ਵੱਸ ਪੈ ਗਏ ਹੋ ਪਰ ਤੁਹਾਨੂੰ ਪਤਾ ਕਿ ਭਲਕੇ ਤੁਸੀਂ ਹੀ ਇਸ ਦੇਸ਼ ਦੀ ਵਾਗ-ਡੋਰ ਸੰਭਾਲਣੀ ਹੈ। ਤੁਹਾਡੇ ਵਿਚੋਂ ਹੀ ਮਿਲਖਾ ਸਿੰਘ, ਬਲਬੀਰ ਸਿੰਘ, ਸੁਰਜੀਤ, ਗਗਨਅਜੀਤ, ਅਜੀਤਪਾਲ ਫੁੱਟਬਾਲਰ, ਜਰਨੈਲ ਸਿੰਘ, ਸ਼ਹੀਦ ਭਗਤ ਸਿੰਘ, ਊਧਮ ਸਿੰਘ ਕਲਪਨਾ ਚਾਵਲਾ ਵਰਗੇ ਪੈਦਾ ਹੋਣੇ ਹਨ ਪਰ ਜੇਕਰ ਤੁਸੀਂ ਨਸ਼ਿਆਂ ਵਿੱਚ ਨਿਘਰ ਕੇ ਆਪਣੇ ਆਪ ਨੂੰ ਹੀ ਸੰਭਾਲਣ ਜੋਗੇ ਨਾ ਰਹੇ ਤਾਂ ਫੇਰ ਇਹ ਵਤਨ ਪੰਜਾਬ ਦੀ ਵਾਗ-ਡੋਰ ਕੋਣ ਸੰਭਾਲੇਗਾ। ਇਹ ਫੈਸਲਾ ਤੁਹਾਡੇ ਹੱਥ ਵਿੱਚ ਹੈ ਕਿ ਤੁਸੀਂ ਆਪਣੇ ਸੋਹਣੇ ਵਤਨ ਪੰਜਾਬ ਨੂੰ ਜੋਸ਼ੀਲਾ ਪੰਜਾਬ ਬਣਾਉਣਾ ਹੈ ਜਾਂ ਨਸ਼ੀਲਾ ਪੰਜਾਬ।

Prof. Kanwaljit Singh Dhudike